(ਭਾਰਤ ਦਾ ਇਤਿਹਾਸ ਇਸਤਰੀ
ਜਾਤੀ ਦੀਆਂ ਬਹਾਦਰੀਆਂ ਅਤੇ ਕਾਰਨਾਮਿਆਂ ਦੇ ਨਾਲ ਭਰਪੂਰ ਹੈ। ਮੈਂ ਹੇਠਾਂ ਉਸ ਇਸਤਰੀ ਦੀ
ਕਹਾਣੀ ਲਿਖ ਰਿਹਾ ਹਾਂ ਜਿਸ ਦਾ ਸੰਬੰਧ ਆਜ਼ਾਦੀ ਦੀ ਮਿਸ਼ਾਲ ਜਗਾਉਣ ਵਾਲੇ ਜਲ੍ਹਿਆਂ ਵਾਲੇ
ਬਾਗ਼ (ਅੰਮ੍ਰਿਤਸਰ) ਦੀ ਪ੍ਰਸਿੱਧ ਗੋਲੀ-ਕਾਂਡ ਘਟਨਾ ਨਾਲ ਹੈ। ਉਸਦੀ ਕਹਾਣੀ ਜਿਸ ਨੇ ਖ਼ੁਦ
ਪਤੀ ਦੇਵ ਨੂੰ ਬਲੀਦਾਨ ਵਾਸਤੇ ਭੇਜਿਆ ਸੀ। ਉਸਦੀ ਕਹਾਣੀ ਜਿਹੜੀ ਆਪਣੇ ਬੱਚੇ ਨੂੰ ਪੇਟ ਵਿੱਚ
ਛੁਪਾਈ ਖ਼ੂਨ ਦੀਆਂ ਨਦੀਆਂ ਪਾਰ ਕਰਦੀ ਹੋਈ ਆਪਣੇ ਪਤੀ ਦੀ ਲਾਸ਼ ਢੂੰਡ ਕੇ ਘਰ ਲਿਆਈ ਸੀ। ਉਸ
ਦੀ ਕਹਾਣੀ ਜਿਸ ਨੇ ਆਪਣੇ ਬੱਚਿਆਂ ਨੂੰ ਤੰਗ ਹੁੰਦੇ ਵੇਖਿਆ, ਪਰ ਅੰਗਰੇਜ਼ ਸਰਕਾਰ ਵੱਲੋਂ
ਪੇਸ਼ ਕੀਤਾ ਹੋਇਆ 25,000 ਰਪਏ ਦਾ ਮੁਆਵਜ਼ਾ ਇਸ ਲਈ ਠੁਕਰਾ ਦਿੱਤਾ ਸੀ ਕਿ ਭਾਰਤੀ ਨਾਰੀ
ਆਪਣੇ ਪਤੀ ਦੀ ਕੀਮਤ ਲੈ ਕੇ ਦੇਸ਼ ਨੂੰ ਦਾਗ ਼ਨਹੀਂ ਲਾਉਣਾ ਚਾਹੁੰਦੀ।
ਪਤਾ ਜੇ! ਇਹ ਨਾਰੀ ਕੌਣ ਸੀ? ਇਹ ਸੀ ਜਲ੍ਹਿਆਂਵਾਲੇ ਬਾਗ਼ ਦੇ ਸ਼ਹੀਦ ਸ਼੍ਰੀ ਭਾਗ ਮੱਲ
ਭਾਟੀਆ ਦੀ ਪਤਨੀ ਸ੍ਰੀਮਤੀ ਅਤਰ ਕੌਰ।
ਵਿਸਾਖੀ ਵਾਲੇ ਦਿਨ- 13 ਅਪ੍ਰੈਲ, 1919 ਨੂੰ –ਅੰਮ੍ਰਿਤਸਰ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ
ਸਨ, ਲੋਕ ਐਧਰ ਓਧਰ ਫਿ਼ਰ ਰਹੇ ਸਨ। ਸ਼ਾਇਦ ਆਪਣੇ ਆਪ ਨੂੰ ਆਜ਼ਾਦ ਸਮਝ ਰਹੇ ਸਨ, ਪਰ ਇਹ ਗੱਲ
ਕਿਸੇ ਦੀ ਸਮਝ ਵਿੱਚ ਨਹੀਂ ਸੀ ਆ ਰਹੀ ਕਿ ਹੁਣ ਕੀ ਕੀਤਾ ਜਾਵੇ। ਕਿਹੜਾ ਪ੍ਰੋਗਰਾਮ ਅਪਣਾਇਆ
ਜਾਵੇ। ਢੋਲ ਵਾਲਾ ਮੁਨਾਦੀ ਕਰ ਰਿਹਾ ਸੀ, “ਅੱਜ ਸ਼ਾਮ ਦੇ 4 ਵਜੇ ਜਲ੍ਹਿਆਂਵਾਲੇ ਬਾਗ਼ ਵਿੱਚ
ਇੱਕ ਭਾਰੀ ਪਬਲਿਕ ਜਲਸਾ ਹੋਵੇਗਾ ਜਿਸ ਵਿੱਚ ਅਗਲਾ ਪ੍ਰੋਗਰਾਮ ਦੱਸਿਆ ਜਾਵੇਗਾ।”
ਸ੍ਰੀ ਭਾਗ ਮੱਲ ਭਾਟੀਆ ਕੁਝ ਕੁ ਸੌਂ ਕੇ ਉੱਠੇ ਸਨ।। ਉਹਨਾਂ ਆਪਣੀ ਪਤਨੀ ਤੋਂ 700 ਰੁਪਏ ਲਏ
ਤਾਂ ਕਿ ਉਹ ਵਪਾਰੀ ਦਾ ਹੁਦਾਰ ਲਾਹ ਸਕਣ। ਨਾਲ ਹੀ ਕਿਹਾ: “ਮੈਂ ਜਲ੍ਹਿਆਂਵਾਲੇ ਬਾਗ਼ ਦੇ
ਜਲਸੇ ‘ਚੋਂ ਹੋ ਕੇ ਮੁੜਾਂਗਾ।”
ਘਰ ਘਰ ਅੱਜ ਇਹੀ ਚਰਚਾ ਜਾਰੀ ਸੀ ਕਿ ਅੱਜ ਗੋਲੀ ਜ਼ਰੂਰ ਚੱਲੇਗੀ। ਦਿਨ ਦੇ ਚਾਰ ਹੀ ਵੱਜੇ
ਹੋਣਗੇ ਕਿ ਸੱਚਮੁੱਚ ਬਾਗ਼ ਵਿੱਚੋਂ ਠਾਹ ਠਾਹ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਗਲੀ ਵਿੱਚ
ਸਭ ਲੋਕ ਇਕੱਠੇ ਹੋ ਗਏ। ਸ੍ਰੀ ਭਾਗ ਮੱਲ ਦੀ ਗਲੀ ਜਲ੍ਹਿਆਂਵਾਲੇ ਬਾਗ਼ ਦੇ ਨਾਲ ਹੀ ਲੱਗਦੀ
ਸੀ। ਉਹਨਾਂ ਦੀ ਗਲੀ ਵਾਲੇ ਸ੍ਰੀ ਬੂਟਾ ਰਾਮ ਅਤੇ ਸ੍ਰੀ ਸੁੰਦਰ ਦਾਸ ਨੇ ਸ੍ਰੀ ਭਾਗ ਮੱਲ ਦੀ
ਪਤਨੀ ਨੂੰ ਜਲ੍ਹਿਆਂਵਾਲੇ ਬਾਗ਼ ਵਿੱਚ ਗੋਲੀ ਚੱਲਣ ਦੀ ਖ਼ਬਰ ਆਣ ਦਿੱਤੀ। ਉਹਨਾਂ ਦੇ ਆਪਣੇ
ਕੱਪੜੇ ਵੀ ਲਹੂ ਨਾਲ ਲਿੱਬੜੇ ਹੋਏ ਸਨ।
ਸ੍ਰੀਮਤੀ ਅਤਰ ਕੌਰ ਇਕਦਮ ਜਲ੍ਹਿਆਂਵਾਲੇ ਬਾਗ਼ ਨੂੰ ਉੱਠ ਤੁਰੀ। ਬਾਜ਼ਾਰ ਵਿੱਚੋਂ ਲੋਕ ਐਓਂ
ਦੌੜੇ ਆ ਰਹੇ ਸਨ ਜਿਵੇਂ ਖ਼ੂਨ ਦੀਆਂ ਹੋਲੀਆਂ ਖੇਡ ਕੇ ਆ ਰਹੇ ਹੋਣ।
“ਕਿਓਂ ਮਰਨ ਜਾ ਰਹੀ ਏਂ? ਵੇਖਦੀ ਨਹੀਂ ਲੋਕ ਕਿਵੇਂ ਲਹੂ ਵਿੱਚ ਲੱਥ ਪੱਥ ਹੋਏ ਭੱਜੇ ਆ ਰਹੇ
ਹਨ।” ਕਹਿ ਕੇ ਸਾਹਮਣਿਓਂ ਆ ਰਹੇ ਕਈ ਪੁਰਸ਼ਾਂ ਨੇ ਅਤਰ ਕੌਰ ਨੂੰ ਜਲ੍ਹਿਆਂਵਾਲੇ ਬਾਗ਼ ਵੱਲ
ਜਾਣੋਂ ਰੋਕਣ ਦੇ ਯਤਨ ਕੀਤੇ, ਕੋਈ ਵੀ ਕਾਮਯਾਬ ਨਾ ਹੋਇਆ। ਪਰ ਜਿਸ ਦੀ ਦੁਨੀਆਂ ਹੀ ਉੱਜੜਨ
ਵਾਲੀ ਸੀ, ਉਸ ਨੂੰ ਡਰ ਕਿੱਥੇ ਸਮਝ ਵਿੱਚ ਆ ਸਕਦਾ ਸੀ। ਅਤਰ ਕੌਰ ਦੌੜਦੀ ਗਈ ਅਤੇ
ਜਲ੍ਹਿਆਂਵਾਲੇ ਬਾਗ਼ ਵਿੱਚ ਜਾ ਦਾਖ਼ਲ ਹੋਈ।
ਬਾਗ਼ ਵਿੱਚ ਨਰਕ ਦਾ ਦ੍ਰਿਸ਼ ਸੀ। ਅਤਰ ਕੌਰ ਨੇ ਡਿੱਠਾ ਸੈਂਕੜੇ ਫੱਟੜ ਤੜਫ਼ ਰਹੇ ਸਨ। ਕੋਈ
ਬੇਹੋਸ਼ ਪਿਆ ਸੀ ਅਤੇ ਕੋਈ ਪਾਣੀ ਮੰਗ ਰਿਹਾ ਸੀ। ਕੋਈ ‘ਹਾਏ ਮਰ ਗਿਆ’ ‘ਹਾਏ ਮਰ ਗਿਆ’ ਦੀ
ਪੁਕਾਰ ਕਰ ਰਿਹਾ ਸੀ। ਬਹੁਤ ਸਾਰੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਹੱਥ ਪੈਰ ਮਾਰ ਰਹੇ ਸਨ
ਅਤੇ ਦਮ ਤੋੜ ਰਹੇ ਸਨ। ਅਤਰ ਕੌਰ ਭਰੀਆਂ ਹੋਈਆਂ ਅੱਖਾਂ ਨਾਲ ਸਭ ਕੁਝ ਵੇਂਹਦੀ ਰਹੀ ਅਤੇ
ਅੱਗੇ ਤੁਰਦੀ ਗਈ। ਪਤੀ ਦੇਵ ਦੀ ਭਾਲ ਵਿੱਚ ਲਹੂ ਭਰੀਆਂ ਲਾਸ਼ਾਂ ਵਿੱਚ ਦੀ ਗੁਜ਼ਰਦੀ ਗਈ।
ਲੋਕ ਘਰਾਂ ਨੂੰ ਵਾਪਸ ਜਾ ਰਹੇ ਸਨ ਕਿਉਂਕਿ ਮਾਰਸ਼ਲ ਲਾਅ ਲੱਗ ਚੁੱਕਾ ਸੀ ਅਤੇ ਰਾਤ ਦੇ ਅੱਠ
ਵਜੇ ਤੋਂ ਬਾਅਦ ਘਰ ਤੋਂ ਬਾਹਰ ਦਿੱਸਣ ਵਾਲੇ ਨੂੰ ਹਾਕਮਾਂ ਨੇ ਗੋਲੀ ਨਾਲ ਉਡਾ ਦੇਣ ਦਾ ਐਲਾਨ
ਕਰ ਦਿੱਤਾ ਸੀ।
ਅਤਰ ਕੌਰ ਤੇ ਇੱਕ ਹੋਰ ਦੇਵੀ ਰਤਨ ਦੇਈ ਅਤੇ ਇੱਕ ਮਿਸ਼ਰ ਪਾਣੀ ਪਿਲਾਉਣ ਵਾਲਾ ਹੀ
ਜਲ੍ਹਿਆਂਵਾਲੇ ਬਾਗ਼ ਵਿੱਚ ਰਹਿ ਗਏ ਸਨ।
ਅਤਰ ਕੌਰ ਪਤੀ ਦੀ ਤਲਾਸ਼ ਕਰਦੀ ਖੂਹ ਕੋਲ ਚਲੀ ਗਈ, ਜਿਹੜਾ ਉਹਨੀਂ ਦਿਨੀਂ ਵਰਾਨ ਤੇ ਧਰਤੀ
ਦੇ ਬਰੋਬਰ ਸੀ। ਉਸ ਵੇਲੇ ਉਸ ਖੂਹ ਦੇ ਚਾਰੋ ਪਾਸੇ ਕੁਝ ਨਹੀਂ ਹੁੰਦਾ ਸੀ। ਇਹ ਉਹੋ ਖੂਹ ਹੈ
ਜਿਹੜਾ ਅੱਜ ਜੱਲ੍ਹਿਆਂਵਾਲੇ ਬਾਗ਼ ਵਿੱਚ ਟੂਟੀਆਂ, ਗੁਸਲਖ਼ਾਨਿਆਂ ਆਦਿ ਨਾਲ ਉਸਰਿਆ ਹੋਇਆ
ਹੈ। ਖੂਹ ਵਿੱਚ ਐਨੀਆਂ ਲਾਸ਼ਾਂ ਡਿੱਗ ਪਈਆਂ ਸਨ ਕਿ ਖੂਹ ਦਾ ਪਾਣੀ ਉੱਪਰ ਤੱਕ ਆ ਗਿਆ ਸੀ।
ਕੋਈ ਲਾਸ਼ ਹੇਠਾਂ ਚਲੀ ਜਾਂਦੀ ਅਤੇ ਕੋਈ ਲਾਸ਼ ਉੱਪਰ ਤੱਕ ਆ ਜਾਂਦੀ। ਅਤਰ ਕੌਰ ਓਥੇ ਵੀ ਪਤੀ
ਦੇਵ ਨੂੰ ਨਾ ਲੱਭ ਸਕੀ।
ਇੱਕ ਪਾਸੇ ਉਸਨੇ ਵੇਖਿਆ ਕਿ ਛੇ ਪੁਰਖ ਅਤੇ ਚਾਰ ਬੱਚੇ ਇਕੱਠੇ ਮਰੇ ਪਏ ਸਨ। ਤਿੰਨਾਂ
ਪੁਰਸ਼ਾਂ ਦੇ ਕੋਟ ਇੱਕੋ ਜਹੇ ਸਨ। ਸ਼ਾਇਦ ਉਹ ਇੱਕੋ ਪਰਿਵਾਰ ਦੇ ਜੀਅ ਹੋਣ। ਇੱਕ ਦਾ ਪੈਰ
ਇੱਕ ਬੱਚੇ ਦੇ ਮੂੰਹ ਤੇ ਪਿਆ ਹੋਇਆ ਸੀ। ਅਤਰ ਕੌਰ ਨੇ ਉਸਦਾ ਪੈਰ ਬੱਚੇ ਦੇ ਮੂੰਹ ਤੋਂ
ਹਟਾਇਆ। ਬੱਚੇ ਦਾ ਮੂੰਹ ਖੁੱਲ੍ਹਾ ਸੀ ਅਤੇ ਮਾੜਾ ਮਾੜਾ ਸਾਹ ਆ ਰਿਹਾ ਸੀ। ਬੱਚਾ ਬੁੱਲ੍ਹਾਂ
ਉੱਤੇ ਜ਼ਬਾਨ ਫ਼ੇਰ ਰਿਹਾ ਸੀ। ਇਹ ਵੇਖ ਕੇ ਅਤਰ ਕੌਰ ਦੇ ਅੱਥਰੂ ਹੋਰ ਜ਼ੋਰ ਦੀ ਵਗਣੇ ਸ਼ੁਰੂ
ਹੋ ਗਏ ਅਤੇ ਉਸੇ ਪਲ ਬੱਚੇ ਨੇ ਜਾਨ ਦੇ ਦਿੱਤੀ।
ਅਤਰ ਕੌਰ ਦੇ ਪੇਟ ਵਿੱਚ ਉਸ ਵੇਲੇ ਛੇ ਮਹੀਨਿਆਂ ਦਾ ਬੱਚਾ ਸੀ। ਉਹ ਬਦਨਸੀਬ ਬੱਚਾ ਜਿਸ ਨੂੰ
ਆਪਣੇ ਪਿਤਾ ਦੇ ਦਰਸ਼ਨ ਵੀ ਨਸੀਬ ਨਾ ਹੋਏ ਅਤੇ ਜਿਹੜਾ ਪਿੱਛੋਂ ਕੌਮੀ ਲਹਿਰ ਵਿੱਚ ਵਧ ਚੜ੍ਹ
ਕੇ ਹਿੱਸਾ ਲੈਂਦਾ ਰਿਹਾ, ਉਸ ਦਾ ਨਾਮ ਸੋਹਨ ਲਾਲ ਭਾਟੀਆ ਹੈ।
ਅਤਰ ਕੌਰ ਇੱਕ ਅਜੇਹੀ ਥਾਂ ਪੁੱਜੀ, ਜਿੱਥੇ ਉਸਨੂੰ ਲਾਸ਼ਾਂ ਦੇ ਢੇਰ ਦੇ ਉੱਤੋਂ ਦੀ ਲੰਘਣਾ
ਪਿਆ। ਪਹਿਲਾਂ ਉਹ ਹਿੰਮਤ ਕਰ ਕੇ ਅੱਗੇ ਵਧੀ, ਪਰ ਫ਼ੇਰ ਬੇਸੁੱਧ ਹੋ ਕੇ ਡਿੱਗ ਪਈ। ਥੋੜ੍ਹੇ
ਚਿਰ ਉਪਰੰਤ ਹੋਸ਼ ਆਈ ਤਾਂ ਡਿੱਠਾ ਕਿ ਉਸ ਦੀ ਧੌਣ ਅਤੇ ਬਾਹਵਾਂ ਕਿਸੇ ਦੇ ਲਹੂ ਨਾਲ ਗੜੁੱਚ
ਹੋ ਗਈਆਂ ਸਨ। ਅਤਰ ਕੌਰ ਜੀ ਦਾ ਕਹਿਣਾ ਹੈ ਕਿ ਜਿੱਥੇ ਜਿੱਥੇ ਉਹ ਖ਼ੂਨ ਲੱਗਾ ਗਰਮੀਆਂ ਦੇ
ਮੌਸਮ ਵਿੱਚ ਓਥੇ ਅਜੇ ਵੀ ਜ਼ਖ਼ਮ ਹੋ ਜਾਂਦੇ ਹਨ।
ਹਨੇਰਾ ਕਾਫ਼ੀ ਹੋ ਚੁੱਕਾ ਸੀ ਅਤੇ ਤੜਫ਼ਦੀਆਂ ਲਾਸ਼ਾਂ ਠੰਢੀਆਂ ਪੈ ਚੁੱਕੀਆਂ ਸਨ। ਲੋਕਾਂ ਦਾ
ਆਉਣ ਜਾਣ ਬੰਦ ਹੋ ਚੁੱਕਾ ਸੀ ਕਿਉਂਕਿ ਕੋਈ ਵੀ ਮਰਨਾ ਨਹੀਂ ਚਾਹੁੰਦਾ ਸੀ।
ਅਤਰ ਕੌਰ ਸੋਚ ਰਹੀ ਸੀ ਕਿ ਉਹ ਪਤੀ ਨੂੰ ਕਿੱਥੇ ਢੂੰਡੇ। ਇਸ ਸੋਚ ਵਿੱਚ ਕੁਝ ਹੀ ਕਦਮ ਅੱਗੇ
ਗਈ ਸੀ ਕਿ ਸ੍ਰੀ ਭਾਗ ਮੱਲ ਭਾਟੀਆ ਜੀ ਇੱਕ ਕੰਧ ਜਿਹੜੀ ਕੰਬੋਆਂ ਵਾਲੀ ਗਲੀ ਨਾਲ ਲੱਗਦੀ ਹੈ,
ਦੇ ਸਹਾਰੇ ਛਾਤੀ ਤਾਣੀ ਪਏ ਸਨ। ਦੋਵੇਂ ਲੱਤਾਂ ਛਾਨਣੀ ਛਾਨਣੀ ਹੋ ਚੁੱਕੀਆਂ ਸਨ। ਇੱਕ ਕੰਨ
ਵੀ ਉੱਡ ਗਿਆ ਸੀ। ਅੱਖਾਂ ਖੁੱਲ੍ਹੀਆਂ ਸਨ, ਜਿਵੇਂ ਕਿਸੇ ਦਾ ਰਾਹ ਵੇਖ ਰਹੀਆਂ ਹੋਣ। ਅਤਰ
ਕੌਰ ਨੇ ਨਿਓਂ ਕੇ ਪਤੀ ਦੇ ਚਰਨ ਛੋਹੇ, ਪਰ ਉਹ ਠੰਢੇ ਹੋ ਚੁੱਕੇ ਸਨ।
ਅਤਰ ਕੌਰ ਪਤੀ ਦੀ ਲਾਸ਼ ਲੈ ਕੇ ਘਰ ਆ ਗਈ। ਸ਼ਹਿਰ ਵਿੱਚ ਗੱਲਾਂ ਹੋਣ ਲੱਗ ਪਈਆਂ ਕਿ ਅਤਰ
ਕੌਰ ਕਿੰਨੀ ਬਹਾਦਰ ਔਰਤ ਹੈ ਜਿਸ ਨੇ ਮੌਤ ਦੀ ਪਰਵਾਹ ਨਾ ਕਰਿਦਆਂ ਹੋਇਆਂ ਲਾਸ਼ਾਂ ਦੇ ਢੇਰਾਂ
‘ਚੋਂ ਪਤੀ ਦੀ ਲਾਸ਼ ਲੱਭ ਲਿਆਂਦੀ ਹੈ।
ਪੰਜ ਛੇ ਮਹੀਨੇ ਮਗਰੋਂ ਕੁਝ ਸਰਕਾਰੀ ਅਫ਼ਸਰ ਅਤਰ ਕੌਰ ਨੂੰ ਮਿਲੇ, ਉਨਾਂ ਦੇ ਬੱਚਿਆਂ ਵੱਲ
ਇਸ਼ਾਰਾ ਕਰ ਕੇ ਕਹਿਣ ਲੱਗੇ, “ਭੈਣ! ਇਹ ਤੇਰੇ ਬੱਚੇ ਹਨ?”
“ਜੀ ਹਾਂ” ਅਤਰ ਕੌਰ ਨੇ ਉੱਤਰ ਦਿੱਤਾ।
“ਤੁਹਾਨੂੰ ਇਹਨਾਂ ‘ਤੇ ਤਰਸ ਨਹੀਂ ਆਉਂਦਾ?” ਅਫ਼ਸਰਾਂ ਨੇ ਮੁੜ ਕਿਹਾ।
“ਕੀ ਮਤਲਬ?” ਅਤਰ ਕੌਰ ਨੇ ਦਰਿਆਫ਼ਤ ਨਾਲ ਕਿਹਾ।
“ਇਹਨਾਂ ਦੇ ਲੀੜੇ ਕੱਪੜੇ ਤੋਂ ਹੀ ਜਾਪਦਾ ਹੈ ਕਿ ਇਹ ਤੰਗ ਰਹਿੰਦੇ ਹੋਣਗੇ।” ਇੱਕ ਅਫ਼ਸਰ ਨੇ
ਜੁਆਬ ਦਿੱਤਾ।
“ਫ਼ੇਰ ਕੀ ਕਰਾਂ?” ਅਤਰ ਕੌਰ ਨੇ ਜਾਨਣਾ ਚਾਹਿਆ।
ਸਰਕਾਰੀ ਹਾਕਮ- “ਅੰਗਰੇਜ਼ੀ ਸਰਕਾਰ ਨੇ ਇਹਨਾਂ ਬੱਚਿਆਂ ਲਈ 25,000 ਦਾ ਮੁਆਵਜ਼ਾ ਘੱਲਿਆ
ਹੈ, ਉਹ ਲੈ ਕੇ ਗੁਜ਼ਾਰਾ ਕਰੋ।”
“ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੇ ਸ਼ਹੀਦ ਪਤੀ ਦੀ ਕੀਮਤ ਵੱਟ ਕੇ ਆਪਣੇ ਬੱਚਿਆਂ ਦੇ ਮੂੰਹ
ਤੇ ਕਾਲਖ਼ ਲਵਾ ਲਵਾਂ? ਅਤੇ ਆਪਣੇ ਦੇਸ਼ ਦੇ ਇਤਿਹਾਸ ਨੂੰ ਝੂਠਾ ਬਣਾ ਦਿਆਂ? ਮੈਨੂੰ ਤਾਂ ਉਸ
ਵੇਲੇ ਸ਼ਾਂਤੀ ਹੋਵੇਗੀ ਜਦੋਂ ਜਲ੍ਹਿਆਂਵਾਲੇ ਬਾਗ਼ ਵਿੱਚ ਗੋਲੀ ਚਲਾਉਣ ਵਾਲੇ ਹਾਕਮ ਜਨਰਲ
ਡਾਇਰ ਦੀ ਪਤਨੀ ਡਾਇਰ ਦੀ ਲਾਸ਼ ਨੂੰ ਆਪਣੀ ਗੋਦੀ ਵਿੱਚ ਲੈ ਕੇ ਕਹੇਗੀ: ਮੇਰੇ ਬੱਚਿਓ
ਤੁਹਾਡਾ ਪਿਤਾ ਇਸ ਸੰਸਾਰ ਵਿੱਚ ਨਹੀਂ ਰਿਹਾ” ਅਤਰ ਕੌਰ ਨੇ ਅਣਖੀਲਾ ਜਵਾਬ ਦੇ ਕੇ ਭਾਰਤੀ
ਨਾਰੀ ਦਾ ਮਾਣ ਰੱਖ ਲਿਆ।
ਫ਼ਰਵਰੀ 1956 ਨੂੰ ਅੰਮ੍ਰਿਤਸਰ ਕਾਂਗਰਸ ਸੈਸ਼ਨ ਸਮੇਂ ਮੌਲਾਨਾ ਅਬੁਲ ਕਾਲਮ ਆਜ਼ਾਦ ਅਤੇ
ਪੰਡਿਤ ਜਵਾਹਰ ਲਾਲ ਨਹਿਰੂ ਦੇ ਸਹਾਇਤਾ ਪੇਸ਼ ਕਰਨ ‘ਤੇ ਵੀ ਅਤਰ ਕੌਰ ਨੇ ਕਿਹਾ:
“ਮੈਂ ਸਿਰਫ਼ ਦੇਸ਼ ਨੂੰ ਅੱਗੇ ਵਧਦਾ ਵੇਖਣਾ ਚਾਹੁੰਦੀ ਹਾਂ। ਇਹੋ ਮੇਰੀ ਅਤੇ ਮੇਰੇ ਬੱਚਿਆਂ
ਦੀ ਵੱਡੀ ਸਹਾਇਤਾ ਹੈ।”
-0-
|