ਬਹੁਤ ਕੁਝ ਸੀ ਘਰ ਵਿੱਚ
ਸੂਰਜ ਵਰਗਾ ਬਾਪ
ਨੀਲੇ ਅਰਸ਼ ਵਰਗੀ ਮਾਂ
ਭੈਣ-ਭਰਾ ਸ਼ਬਦਾਂ ਵਰਗੇ।
ਚੌਂਕੇ ਵਿਚ ਚੁੱਲ੍ਹੇ ਦੁਆਲੇ ਦੁਨੀਆਂ ਵਸਦੀ ਸੀ-
ਵਿਹੜੇ ਵਿਚ ਰੌਣਕ ਨੱਚਦੀ ਸੀ-
ਮਾਸੀ ਵਰਗੀਆਂ ਰਜ਼ਾਈਆਂ ਸੁੰਨ੍ਹੀਆਂ ਹੁਣ
ਭੂਆ ਵਰਗੇ ਚਾਅ ਗੁਆਚ ਗਏ ਨੇ-
ਕਿੱਲੀਆਂ ਜਿਹਨਾਂ ਤੇ ਥਕਾਵਟ ਬਦਲਦੇ ਸਾਂ
ਸੋਹਣੇ 2 ਨਵੇਂ ਸਵਾਏ ਝੱਗੇ ਪਜ਼ਾਮੇ ਟੰਗਦੇ ਸਾਂ
ਸੁੰਨ੍ਹੀਆਂ ਝਾਕਦੀਆਂ ਹਨ-
ਹੁਣ ਪਿਤਾ ਦਾ ਮੰਜਾ ਇਕੱਲਾ ਪਿਆ ਹੈ
ਅਣਵਿਛਿਆ ਤਾਜ਼ ਸਜਿਆ ਉਡੀਕ ਰਿਹਾ ਹੈ ਕਿਸੇ ਨੂੰ
ਸਾਈਕਲ ਖ਼ਬਰੇ ਕੌਣ ਚਲਾਉਂਦਾ ਹੋਵੇਗਾ?
ਜਿਸ 'ਤੇ ਬਾਪੂ ਨੇ
ਧਰਤ ਤਰੀ-ਸੁਬ੍ਹਾ ਸ਼ਾਮ
ਮਾਂ ਦਾ ਚਰਖਾ,
ਸਿਲਾਈ ਮਸ਼ੀਨ, ਆਟੇ ਵਾਲਾ ਢੋਲ
ਜਿਸ 'ਤੇ ਮਾਂ ਦੇ ਪੋਟਿਆਂ ਦੀ ਛੋਹ ਹੈ-
ਤੇ ਲੋਰੀਆਂ ਦੇ ਨਿਸ਼ਾਨ ਹਨ-ਬਿਟ 2 ਦੇਖ ਰਹੇ ਹਨ
ਬੇਰੀ ਨੂੰ ਬੇਰ ਲੱਗਦੇ ਨੇ-
ਪਰ ਤੋਤੇ ਉਡਾਉਣ ਵਾਲੀ ਚੰਨ ਵੱਲ ਤੁਰ ਗਈ
ਪੌਦੇ ਅਜੇ ਵੀ ਫੁੱਲ ਦਿੰਦੇ ਨੇ
ਪਰ ਪਾਣੀ ਪਾਉਣ ਵਾਲੀ ਤੁਰ ਗਈ ਮਾਲਣ
ਖਬਰੇ ਕਿਹੜੇ ਦੇਸ਼ ਚਲੀ ਗਈ-
ਰੀਝਾਂ ਵਰਗੀ, ਮੱਕੀ ਦੇ ਟੁੱਕ ਵਰਗੀ ਲੱਜ਼ਤ
ਜੰਦਰੇ ਲੱਗੇ ਬੂਹਿਆਂ ਉੱਤੇ
ਕਦੋਂ ਕੋਈ ਸੱਦਾ ਦਿੰਦਾ ਹੈ ਗਾਉਣ ਦਾ
ਕੌਣ ਵੰਡਦਾ ਹੈ ਲੱਡੂ ਵਿਆਹ ਦੇ
ਕੌਣ ਲੈਂਦਾ ਹੈ ਅੜ੍ਹ 2 ਲੋਹੜੀਆਂ-
ਭਿਖਾਰੀ ਵੀ ਨਹੀਂ ਰੁਕਦੇ,
ਬੰਦ ਦਰਾਂ ਬੂਹਿਆਂ ਉੱਤੇ-
ਓਦਣ ਦਾ ਨਾ ਤਾਂ ਕਾਂ ਬੋਲਿਆ ਹੈ ਬਨ੍ਹੇਰੇ 'ਤੇ
ਨਾ ਹੀ ਤੋਤੇ ਆਏ ਬੇਰ ਟੁੱਕਣ
ਘਰ ਇਕੱਲਾ ਵੀ ਕੀ 2 ਕਰੇ
ਕਿਹਨੂੰ 2 ਜਾਣੋ ਰੋਕੇ
ਕਿਹਦੀ 2 ਬਾਂਹ ਘੁੱਟ ਫ਼ੜੇ
ਇਹ ਸੱਲ ਲੱਗੇ ਸਦੀਆਂ ਨੂੰ ਬੜੇ-
ਹਰ ਪਿੰਡ ਦਰ੍ਹਾਂ 'ਤੇ ਖੜ੍ਹੇ-
ਕੋਰੇ ਸਫ਼ੇ ਕਿਹੜਾ ਕੋਈ ਪੜ੍ਹੇ -
-0- |