ਗਦਰੀ ਬਾਬਿਓ ਪਰਤ ਕੇ
ਵੇਖਿਓ ਜੇ, ਵਾਰਿਸ ਤੁਸਾਂ ਦੇ ਜਿਹੜੇ ਮੁਕਾਮ ਪਹੁੰਚੇ!
ਓਹੀ ਜੂਹ ਤੇ ਸ਼ਹਿਰ ਗਰਾਂ ਓਹੀ, ਪੈੜਾਂ ਨਾਪਦੇ, ਕਦਮ ਨਿਸ਼ਾਨ ਪਹੁੰਚੇ।
ਗੂੰਜ ਗਦਰ ਦੀ ਗੂੰਜਦੀ ਰਹੀ ਜਿੱਥੋਂ, ਉਨ੍ਹਾਂ ਰਾਹਾਂ ਨੂੰ ਕਰਨ ਸਲਾਮ ਪਹੁੰਚੇ ।
ਵਣਜੇ ਤੁਸਾਂ ਦੇ ਓਸ ਵਿਉਪਾਰ ਵਿਚੋਂ,ਵੇਖਣ ਆਪਣਾ ਨਫ਼ਾ ਨੁਕਸਾਨ ਪਹੁੰਚੇ ।
ਆਖਣ ਤੁਸਾਂ ਆਜ਼ਾਦੀ ਦੇ ਘੋਲ ਅੰਦਰ, ਕਾਮੇ ਭਾਰਤੀ ‘ਕੱਠਿਆਂ ਕਰੇ ਕੀਕੂੰ?
ਸੋਹਣ ਸਿੰਘ ਤੇ ਲਾਲਾ ਹਰਦਿਆਲ ਵਰਗੇ,ਹੀਰੇ ਚਾਕ-ਦਾਮਨ ਅੰਦਰ ਜੜੇ ਕੀਕੂੰ?
ਆਇਆ ਪੜ੍ਹਨ ਸਰਾਭਾ ਤੇ ਬਰਕਲੇ ਸੀ, ਸਬਕ ਗਦਰ ਵਾਲੇ ਉਨ੍ਹੇ ਪੜ੍ਹੇ ਕੀਕੂੰ ?
ਬਰਕਤਉੱਲਾ ਦੀ ਕਬਰ ਤੇ ਬੈਠ ਰੋਏ, ਏਥੇ ਸੁੱਤਿਆ, ਬੀਤ ਗਏ ਵਰ੍ਹੇ ਕੀਕੂੰ ?
ਚੜ੍ਹੇ ਦੇਸ ਆਜ਼ਾਦੀ ਲਈ ਜੰਞ ਲੈ ਕੇ, ਸੇਹਰੇ ਸਿਰਾਂ ‘ਤੇ ਕਿਸਤਰਾਂ ਧਰੇ ‘ਕੱਠੇ?
ਜ਼ਾਤ -ਪਾਤ ਤੇ ਧਰਮ ਨੂੰ ਰੱਖ ਪਾਸੇ, ਕੀਕਣ ਬਾਬਿਓ ਲੜੇ ਤੇ ਮਰੇ ‘ਕੱਠੇ?
ਢੱਠੇ ਪਿਆਂ ਦੀ ਕਿਸਤਰਾਂ ਪਈ ਹਿੰਮਤ, ਰੱਸੇ ਫ਼ਾਂਸੀਆਂ ਤੇ ਚੜ੍ਹਕੇ ਫੜੇ ‘ਕੱਠੇ?
ਚਸ਼ਮਦੀਦ ਗਵਾਹ ਇਤਿਹਾਸ ਸਾਹਵੇਂ, ਕਬਰੀਂ ਪਏ ਕੱਠੇ ਸਿਵਿਆਂ ਸੜੇ ‘ਕੱਠੇ?
ਅਸੀਂ ਹੋ ਕੇ ਵੀ ਨਹੀਂ ਆਜ਼ਾਦ ਹੋਏ, ਲੋਕੀਂ ਪੁੱਛਦੇ ਫਿਰਨ ਸਵਾਲ ਓਹੀ।
ਉੱਚਾ ਹੋਰ ਉੱਚਾ,ਨੀਵਾਂ ਹੋਰ ਨੀਵਾਂ, ਚਾਹੀ ਤੁਸਾਂ ਕੁਝ ਹੋਰ ਦੀ ਹੋਰ ਹੋਈ।
ਬਦਲੇ ਘੋੜਸਵਾਰ ਹੀ ਘੋੜਿਆਂ ਦੇ, ਚਾਬਿਕ ਰਹੀ, ਲਗ਼ਾਮ ਤੇ ਡੋਰ ਓਹੀ।
ਦਈਏ ਦੋਸ਼ ਹੁਣ ਧਾੜਵੀ ਕਿਹੜਿਆਂ ਨੂੰ,ਡੋਲੀ ਜਦੋਂ ਕਹਾਰਾਂ ਨੇ ਆਪ ਖੋਹੀ।
ਬਾਬੇ ਆਖਦੇ ਹੰਭਲਾ ਮਾਰ ਉੱਠੋ, ਸੁਪਨਾ ਸੁੱਤਿਆਂ ਨੲ੍ਹੀਂ ਸਾਕਾਰ ਹੋਵੇ।
ਤੁਰਦੇ ਦੇਸਵਾਸੀ ਜਦੋਂ ਹੋ ‘ਕੱਠੇ, ਨਾ ਇਹ ਕਾਰਵਾਂ ਫੇਰ ਖਲ੍ਹਿਆਰ ਹੋਵੇ।
ਹੂਕ ਦਿਲਾਂ ਦੀ ਗਦਰ ਤਦ ਗੂੰਜ ਬਣਦੀ, ਆਮ ਆਦਮੀ ਜਦੋਂ ਦੁਸ਼ਵਾਰ ਹੋਵੇ।
ਏਸ ਗੂੰਜ ਅੱਗੇ ਭੋਰਾ ਠਹਿਰਦੀ ਨੲ੍ਹੀਂ, ਨੀਲੀ,ਪੀਲੀ ਜਾਂ ਲਾਲ ਸਰਕਾਰ ਹੋਵੇ।
ਸੰਖੇਪ ਜਾਣਕਾਰੀ:
ਪਸ਼ੌਰਾ ਸਿੰਘ ਢਿਲੋਂ ਦਾ ਜਨਮ ਜ਼ਿਲਾ ਲਾਹੌਰ ਵਿਚ ਹੋਇਆ ਅਤੇ ਪਰਵਰਿਸ਼ ਪਿੰਡ ਭਕਨਾ ਵਿਚ ਗ਼ਦਰ
ਪਾਰਟੀ ਦੇ ਬਾਨੀ ਬਾਬਾ ਸੋਹਨ ਸਿੰਘ ਭਕਨਾ ਦੀ ਦੇਖ-ਰੇਖ ਹੇਠ ਹੋਈ ਸੀ।ਪਸ਼ੌਰਾ ਸਿੰਘ ਬੇਸ਼ਕ
ਲੰਮਾ ਸਮਾਂ ਪੰਜਾਬੋਂ ਬਾਹਿਰ ਰਿਹਾ ਤੇ ਕੈਲੇਫੋਰਨੀਆਂ ਨੂੰ ਹੁਣ ਆਪਣਾ ਘਰ ਆਖਦਾ ਹੈ, ਪੰਜਾਬ
ਉਸਦੀ ਸ਼ਾਇਰੀ ਵਿਚ ਦਿਲ ਦੀ ਧੜਕਣ ਵਾਂਗ ਧੜਕਦਾ ਹੈ ਜੋ ਲਿੰਗ ਬਰਾਬਰੀ, ਵਾਤਾਵਰਨ ਅਤੇ ਮਨੁਖੀ
ਅਧਿਕਾਰਾਂ ਤੇ ਕੇਂਦਰਤ ਹੈ।ਤੁਸੀਂ ਉਸਦੀਆਂ ਕਵਿਤਾਵਾਂ ਦੀ ਪੁਸਤਕ “ਦੀਵਾ ਬਲੇ ਸਮੁੰਦਰੋਂ
ਪਾਰ” ਅਤੇ ਆਡੀਓ ਇਸ ਵੈਬਸਾਈਟ ਤੋਂ ਮੁਫਤ ਡਾਊਨਲੋਡ ਕਰ ਸਕਦੇ ਹੋ:
www.PashauraSinghDhillon.com
-0-
|