ਭਾਵਨਾਵਾਂ ਤੇ ਸੰਵੇਦਨ-ਸ਼ੀਲਤਾ ਹੀ ਹੈ ਜੋ ਮਨੁੱਖ ਨੂੰ ਮਨੁੱਖਤਾ ਨਾਲ
ਬਨ੍ਹੀ ਰੱਖਦੀ ਹੈ। ਜੇ ਇਹ ਭਾਵਨਾਵਾਂ ਮਰ ਜਾਣ ਤਾਂ ਮਨੱਖ ਮਨੁੱਖ ਨਹੀਂ
ਰਹਿੰਦਾ, ਪੱਥਰ-ਦਿਲ ਜਾਂ ਹੈਵਾਨ ਬਣ ਜਾਂਦਾ ਹੈ। ਭਾਵਨਾਵਾਂ ਤਾਂ ਜਾਨਵਰਾਂ
ਅੰਦਰ ਵੀ ਹਨ ਭਾਂਵੇਂ ਉਹ ਬੋਲ ਨਹੀਂ ਸਕਦੇ ਪਰ ਸਮਝ ਉਹਨਾਂ ਦੇ ਅੰਦਰ ਸਾਰੀ
ਹੁੰਦੀ ਹੈ ਉਹ ਵੀ ਪਿਆਰ ਤੇ ਨਫ਼ਰਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਜੇ
ਭਾਵਨਾਵਾਂ ਹਨ ਤਾਂ ਘਰ ਚ’ਰਖੇ ਜਾਨਵਰ ਵੀ ਘਰ ਦੇ ਜੀਅ ਨਜ਼ਰ ਆਉਂਦੇ ਹਨ।
ਉਨ੍ਹਾਂ ਪ੍ਰਤੀ ਵੀ ਪਿਆਰ ਉਮੜ-ਉਮੜ ਪੈਂਦਾ ਹੈ। ਸੀਰਤ ਵਿੱਚ ਕਹਾਣੀ ‘ਘਰ
ਦੇ ਜੀਅ’ ਪੜ੍ਹਕੇ ਮੈਨੂੰ ਮੇਰੇ ਬਚਪਨ ਦੇ ਦਿਨ ਯਾਦ ਆ ਗਏ, ਸਬੱਬੀ ਨਾਮ ਵੀ
ਘਰ ਦੇ ਕੁੱਤੇ ਦਾ ਉਹੋ ਹੀ ਕਾਲੂ ਹੀ ਸੀ। ਕਾਲੂ ਸਾਨੂੰ ਬਹੁਤ ਪਿਆਰਾ ਸੀ,
ਦਰਮਿਆਨੇ ਕੱਦ ਤੇ ਕਾਲੇ ਗੂੜੇ ਰੰਗ ਦਾ ਸੀ ਕਾਲੂ। ਚੱਪਾ-ਚੱਪਾ ਪਿੰਡੇ
ਉੱਤੇ ਮਖ਼ਮਲ ਵਰਗੀ ਚਮਕਦੀ ਕਾਲੀ ਜੱਤ ਸੀ ਕਾਲੂ ਦੇ। ਉਹ ਸਾਡੇ ਲਈ ਖ਼ਾਸ
ਸੀ ਘਰ ਦੇ ਜੀਆਂ ਵਾਂਗ। ਕਾਲੂ ਹਰ ਰੋਜ਼ ਭਾਪਾ ਜੀ ਹੋਰਾਂ ਦੇ ਨਾਲ ਹੀ
ਜੰਗਲ ਪਾਣੀ ਜਾਂਦਾ ਸੀ ਉਸ ਵਕਤ ਘਰਾਂ ਵਿੱਚ ਖ਼ਾਸ ਕਰਕੇ ਪਿੰਡਾਂ ਵਿੱਚ
ਫਲੱਸ਼ ਸਿਸਟਮ ਨਹੀਂ ਸੀ ਹੁੰਦਾ । ਰਾਤ ਦੇ ਵਕਤ ਉਹ ਕਈ ਵਾਰ ਆਪਣਾ ਕੰਬਲ
ਛੱਡ ਕੇ ਭਾਪਾ ਜੀ ਦੇ ਬਿਸਤਰੇ ਵਿੱਚ ਪੈਂਦ ਵੱਲੇ ਜਾ ਵੜਦਾ। ਕਾਲੂ ਸਾਡੇ
ਨਾਲ ਖੇਡਦਾ ਦੌੜਿਆਂ-ਦੌੜਿਆਂ ਪੌੜੀਆਂ ਚੜ੍ਹ ਕੇ ਚੁਬਾਰੇ ਤੇ ਪਏ ਝੋਨੇ ਦੇ
ਢੇਰਾਂ ਵਿੱਚ ਸਾਡੀ ਗੇਂਦ ਲੁਕਾ ਆਉਂਦਾ ਪਿੱਛੇ-ਪਿੱਛੇ ਅਸੀਂ ਦੌੜੇ ਜਾਂਦੇ
ਅਸੀਂ ਗੇਂਦ ਲੱਭਦੇ ਝੋਨੇ ਵਿੱਚ ਹੱਥ ਮਾਰਦੇ ਪਰ ਲੱਭਦੀ ਨਾ। ਕਾਲੂ ਬੜੇ
ਮਾਣ ਨਾਲ ਲਾਗੇ ਖੜਾ ਦੇਖਦਾ ਰਹਿੰਦਾ, ਸ਼ਾਇਦ ਉਹ ਆਪਣੇ ਅੰਦਰ ਕੋਈ ਇਸ
ਜਿੱਤ ਦੀ ਖੁਸ਼ੀ ਮਹਿਸੂਸ਼ ਕਰ ਰਿਹਾ ਹੁੰਦਾ। ਪਰ ਜਦ ਅਸੀਂ ਹਾਰ ਕੇ ਬੈਠ
ਜਾਂਦੇ ਤਾਂ ਉਹ ਸਾਨੂੰ ਪਹੁਚਿਆਂ ਤੋਂ ਖਿੱਚ-ਖਿੱਚ ਕੇ ਝੋਨੇ ਦੇ ਢੇਰ ਕੋਲ
ਜਾਣ ਲਈ ਕਹਿੰਦਾ,ਤੇ ਝੋਨੇ ਦੇ ਢੇਰ ਦੇ ਉਸ ਜਗ੍ਹਾਂ ਬੂਥੀ ਲਗਾ-ਲਗਾ ਕੇ
ਦੱਸਦਾ ਕਿ ਇਥੇ ਗੇਂਦ ਲੁਕਾਈ ਹੈ। ਉਸ ਜਗ੍ਹਾਂ ਕੋਸਿਸ਼ ਕਰਦੇ ਤਾਂ ਗੇਂਦ
ਮਿਲ ਜਾਂਦੀ, ਅਸੀਂ ਬਹੁਤ ਖੁਸ਼ ਹੂੰਦੇ ,ਉਹ ਦੁਬਾਰਾ-ਦੁਬਾਰਾ ਇਹੋ
ਖੇਡ-ਖੇਡਣ ਲਈ ਮਜ਼ਬੂਰ ਕਰਦਾ ਅਸੀਂ ਬੱਚੇ ਵੀ ਇਹੋ ਕੁਝ ਚਾਹੁੰਦੇ ਸੀ।
ਦਗੜ੍ਹ-ਦਗੜ੍ਹ ਚੁਬਾਰਿਆਂ ਤੇ ਚੜ੍ਹਨਾ ਉਤਰਨਾ। ਕਦੇ ਜਦ ਉਹ ਬੀਮਾਰ ਹੋ
ਜਾਂਦਾ ਤਾਂ ਭਾਪਾ ਜੀ ਉਸਨੂੰ ਡਾਕਟਰ ਦੇ ਕੋਲ ਟੀਕਾ ਲਗਵਾਉਣ ਲਈ ਭੇਜ
ਦਿੰਦੇ ਸਨ।ਪਰ ਇੱਕ ਵਾਰ ਉਹ ਐਸਾ ਬੀਮਾਰ ਹੋਇਆ ਕਿ ਇੱਕ ਅਸਹਿ ਸਦਮਾ ਦੇ
ਗਿਆ ਜੋ ਅਜੇ ਵੀ ਸਾਡੀਆਂ ਯਾਂਦਾ ਵਿੱਚ ਵੱਸਦਾ ਹੈ।ਮਰਨਾ ਤਾਂ ਸਭਨਾ ਦੇ
ਹਿੱਸੇ ਆਇਆ ਹੈ ਭਾਪਾ ਜੀ ਚਲੇ ਗਏ ਵੀਰ ਕੁਲਤਾਰ ਤੁਰ ਗਿਆ ਬੀਜੀ ਤੁਰ ਗਏ।
ਲਿਖਣ ਲੱਗਿਆ ਅੱਖਾਂ ਵਿੱਚੋਂ ਅੱਥਰੂ ਵਹਿਣ ਲੱਗ ਪਏ ਹਨ...। ਅੱਖਾਂ ਪੂੰਝ
ਲਈਆਂ ਨੇ, ਦੱਸਦੀ ਹਾਂ ਕੀ ਹੋਇਆ। ਕਾਲੂ ਨੂੰ ਹਲਕਾਅ ਹੋ ਗਿਆ, ਕਿਸੇ ਨੂੰ
ਕੋਈ ਪਤਾ ਨਹੀਂ ਸੀ ਕਿ ਉਸਨੂੰ ਕਿਸੇ ਹਲਕਾਏ ਕੁੱਤੇ ਨੇ ਕੱਟਿਆ ਹੋਵੇ ਜੇ
ਪਹਿਲਾਂ ਪਤਾ ਹੁੰਦਾ ਤਾਂ ਜਰੂਰ ਭਾਪਾ ਜੀ ਉਸਨੂੰ ਟੀਕੇ ਲਗਵਾਉਂਦੇ। ਉਹ
ਜਾਨਵਰਾਂ ਨਾਲ ਬਹੁਤ ਪਿਆਰ ਕਰਦੇ ਸਨ। ਉਹਨਾਂ ਤਾਂ ਘਰ ਵਿੱਚ ਚਾਰ ਪੰਜ
ਬਿੱਲੀਆਂ ਵੀ ਰੱਖੀਆਂ ਹੋਈਆਂ ਸਨ ਉਨ੍ਹਾਂ ਨੂੰ ਚੁੱਕੀ ਫਿਰਨਾ ਕਹਿਣਾ ਇਹ
ਮੇਰੀ ਹਰੋ, ਇਹ ਮੇਰੀ ਸੜੋ, ਇਹ ਮੇਰੀ ਸੇ਼ਰਨੀ, ਇਹ ਮੇਰਾ ਕਾਲੇ ਖਾਂ ।
ਕਾਲੇ ਖਾਂ, ਇਹ ਬਿੱਲਾਂ ਸੀ, ਜਿਸ ਨੂੰ ਵੀ ਆਵਾਜ਼ ਦੇਣੀ ਉਸੇ ਨੇ ਹੀ ਦੌੜੇ
ਆਉਣਾ ਤੇ ਭਾਪਾ ਜੀ ਦੇ ਪੈਰਾਂ ਨਾਲ ਪਿਆਰ ਨਾਲ ਖ਼ਹਿਣ ਲਗ ਜਾਣਾ। ਥਾਲੀ
ਵਿੱਚ ਦੁੱਧ ਪਵਾ ਕੇ ਸਭ ਨੂੰ ਆਵਾਜਾਂ ਦੇਣੀਆਂ ਕਿ ਆਕੇ ਦੁੱਧ ਪੀ ਲਵੋ ਸਭ
ਨੇ ਮਿਆਊ-ਮਿਆਊਂ ਕਰਦੇ ਦੌੜੇ ਆਉਣਾਂ। ਇੱਕ ਵੇਰੀ ਦੀ ਗੱਲ ਹੈ ਸੜੋ ਗੁਆਚ
ਗਈ। ਸੜੋ ਤਾਂ ਕਹਿੰਦੇ ਸੀ ਉਹ ਖਾਂਦੀ ਪੀਂਦੀ ਵੀ ਮਾੜੀ ਜੇਹੀ ਨਜ਼ਰ ਆਉਂਦੀ
ਸੀ। ਬੜਾ ਅਫ਼ਸੋਸ ਲੱਗਾ ਕਿ ਮੇਰੀ ਸੜੋ ਕਿਧਰ ਗਈ, ਕਿਸੇ ਮਾਰ ਨਾ ਦਿੱਤੀ
ਹੋਵੇ। ਕੁਝ ਦਿਨਾਂ ਬਾਦ ਕਿਸੇ ਨੇ ਦੱਸਿਆ ਕਿ ਤੁਹਾਡੀ ਬਿੱਲੀ ਦੂਜੀ ਪੱਤੀ
ਤਰਖਾਣਾਂ ਦੇ ਘਰ ਹੈ। ਭਾਪਾ ਜੀ ਘੋੜੀ ਤੇ ਬੈਠ ਕੇ ਉਧਰ ਗਏ ਗਲੀ ਵਿੱਚ ਜਾ
ਕੇ ਆਵਾਜ਼ ਦਿੱਤੀ ਸੜੋ ਕਿਥੇ ਆਂ! ਤਾਂ ਉਹ ਆਵਾਜ਼ ਪਛਾਣ ਕੇ ਝੱਟ ਦੇਣੀ
ਬਾਹਰ ਆ ਕੇ ਘੋੜੀ ਦੇ ਲਾਗੇ ਘੁੰਮਣ ਲੱਗੀ ਕਿ ਮੈਨੂੰ ਚੁੱਕੋ। ਇੱਕ ਆਦਮੀ
ਨੇ ਚੁੱਕ ਕੇ ਉਪਰ ਭਾਪਾ ਜੀ ਨੂੰ ਫੜ੍ਹਾ ਦਿੱਤੀ ਤਾਂ ਉਸ ਨੂੰ ਘਰ ਲੈ ਆਏ
ਬਹੁਤ ਖੁਸ਼ ਕਹਿਣ ਕਿ ਮੈਂ ਆਪਣੀ ਸੜੋ ਲੱਭ ਲਿਆਇਆ ਹਾਂ।ਕੋਈ ਵੀ ਢਿੱਲ੍ਹਾ
ਜਿਹਾ ਨਜ਼ਰ ਆਉਣਾ ਤਾਂ ਕਾਮਿਆਂ ਨੂੰ ਕਹਿਣਾ ਕਿ ਜਾਉ ਚਰਨ ਡਾਕਟਰ ਦੇ ਜਾਕੇ
ਟੀਕਾ ਕਰਵਾ ਲਿਆਉ।
ਗੱਲ ਕਰ ਰਹੇ ਸਾਂ ਕਾਲੂ ਦੀ ਜਦ ਕਾਲੂ ਨੂੰ ਹਲਕਾਅ ਦਾ ਜ਼ੋਰ ਪੈਂਦਾ ਤਾਂ
ਉਹ ਦੌੜਨ ਦੀ ਕੋਸਿਸ਼ ਕਰਦਾ, ਤਾਂ ਉਸਨੂੰ ਡਿਉੜੀ ਵਿੱਚ ਬੰਦ ਕਰ ਦੇਂਦੇ ਪਰ
ਜਦ ਉਹ ਥੋੜ੍ਹਾਂ ਸਾਂਤ ਹੁੰਦਾ ਤਾਂ ਉਹ ਅੱਥਰੂ ਸੁੱਟ-ਸੁੱਟ ਰੋਂਦਾ ਪਰ
ਜ਼ੋਰ ਪੈਣ ਤੇ ਘਰ ਦੇ ਜੀਆਂ ਨੂੰ ਕੱਟਦਾ ਨਹੀਂ ਸੀ, ਬਾਹਰ ਦੌੜਨ ਦੀ
ਕੋਸਿਸ਼ ਕਰਦਾ। ਲੋਕ ਕਹਿਣ ਸਰਦਾਰ ਜੀ ਗੋਲੀ ਮਾਰ ਦਿਉ , ਪਰ ਉਨ੍ਹਾਂ ਦਾ
ਜ਼ੇਰਾ ਨਹੀਂ ਪਿਆ, ਕਹਿਣ ਮੈਂ ਇਹ ਨਹੀਂ ਕਰ ਸਕਦਾ। ਅਸੀਂ ਸਾਰਾ ਪਰਿਵਾਰ
ਉਪਰ ਚੁਬਾਰਿਆਂ ਵਿੱਚ ਚਲੇ ਗਏ, ਤਾਂ ਇੱਕ ਆਦਮੀ ਨੇ ਡਾਂਗ ਮਾਰ ਕੇ ਕਾਲੂ
ਨੂੰ ਮਾਰ ਦਿੱਤਾ, ਅਸੀਂ ਸਾਰਾ ਪਰਿਵਾਰ ਸਮੇਤ ਭਾਪਾ ਜੀ ਰੋ ਰਹੇ ਸੀ। ਫਿਰ
ਕਾਲੂ ਨੂੰ ਚਿੱਟੇ ਧੜ-ਧੜ ਕਰਦੇ ਰੇਜ਼ੇ ਵਿੱਚ ਲਪੇਟ ਕੇ ਟੋਆ ਕੱਢ ਕੇ
ਉਸਨੂੰ ਰੌੜ੍ਹਾਂ ਵਿੱਚ ਦੱਬ ਆਏ। ਉਸ ਦਿਨ ਕਿਸੇ ਪਰਿਵਾਰ ਦੇ ਜੀਅ ਨੇ ਰੋਟੀ
ਨਾ ਖਾਧੀ। ਵਿੱਛੜ ਗਏ ਘਰ ਦੇ ਜੀਆਂ ਦੀ ਯਾਦ ਤਾਂ ਆਉਂਦੀ ਹੀ ਹੈ ,ਪਰ ਕਾਲੂ
ਦੀ ਯਾਦ ਵੀ ਮੇਰੇ ਦਿਲ ਵਿੱਚ ਵੱਸੀ ਹੋਈ ਹੈ। ਭਾਵੇਂ ਬਾਦ ਵਿੱਚ ਅਲਸੈਸ਼ਨ
ਕੁੱਤੇ ਟੋਮੀ-ਸੋਮੀ ਵੀ ਆਏ ਪਰ ਉਹ ਬਚਪਨ ਵਿੱਚ ਸਾਡੇ ਨਾਲ ਖੇਡਿਆ ਕਾਲੂ
ਆਪਣੀ ਵੱਖਰੀ ਹੀ ਪਹਿਚਾਣ ਛੱਡ ਗਿਆ, ਮੇਰੇ ਦਿਲ ਅੰਦਰ। ਸੋ ਇਹ ਪਾਲੇ ਹੋਏ
ਜਾਨਵਰ ਵੀ ਘਰ ਦੇ ਜੀਆਂ ਤੋਂ ਘੱਟ ਨਹੀਂ ਹੁੰਦੇ, ਅਸੀਂ ਉਨ੍ਹਾਂ ਨੂੰ ਪਿਆਰ
ਕਰਦੇ ਹਾਂ, ਤੇ ਉਹ ਸਾਨੂੰ ਪਿਆਰ ਕਰਦੇ ਹਨ। ਉਨ੍ਹਾਂ ਲਈ ਵੀ ਸਾਡਾ ਵਿਛੋੜਾ
ਅਸਹਿ ਹੁੰਦਾ ਹੈ, ਤੇ ਸਾਡੇ ਦਿਲਾਂ ਅੰਦਰ ਵੀ ਉਨ੍ਹਾਂ ਪ੍ਰਤੀ ਪਿਆਰ ਘਰ ਦੇ
ਜੀਆਂ ਦੀ ਤਰ੍ਹਾਂ ਹੀ ਹੁੰਦਾ ਹੈ।
-0- |