ਇਹਨਾਂ ਸਾਲਾਂ ਵਿੱਚ ਸਿਆਸਤ ਅਤੇ ਸਾਹਿਤ ਨਾਲ ਮੇਰੀ ਰਿਸ਼ਤਗੀ ਵਿੱਚ ਹੌਲੀ ਹੌਲੀ ਤਬਦੀਲੀ
ਵਾਪਰਨ ਲੱਗੀ। ਹੁਣ ਤੱਕ ਮੈਂ ਜਾਣ ਲਿਆ ਸੀ ਕਿ ਲੇਖਕ ਦੀ ‘ਪ੍ਰਤੀਬੱਧਤਾ’ ਕਿਸੇ ਇਕੱਲੀ-ਕਾਰੀ
ਪਾਰਟੀ ਜਾਂ ਗਰੁੱਪ ਤੱਕ ‘ਸੀਮਿਤ’ ਨਹੀਂ ਹੁੰਦੀ। ਸੱਚਾ ਲੇਖਕ ਇਸ ਕਰਕੇ ਸੱਚ ਬੋਲਣੋਂ ਰੁਕ
ਜਾਂ ਉੱਕ ਨਹੀਂ ਸਕਦਾ ਕਿ ਇਹ ਸੱਚ ਉਹਦੇ ਆਪਣੇ ਜਾਂ ਆਪਣਿਆਂ ਦੇ ਨਾਂਹ-ਮੁਖੀ ਕਿਰਦਾਰ ਦੇ ਵੀ
ਬਖੀਏ ਉਧੇੜਣ ਵਾਲਾ ਹੈ। ਲੇਖਕ ਦੀ ਪ੍ਰਤੀਬੱਧਤਾ ਉਹਦੇ ਅੰਦਰਲੇ ਸੱਚ ਨਾਲ ਹੈ। ਇਸ ਸੱਚ ਦੇ
ਕਾਟੇ ਹੇਠ ਉਸਦੀ ਪਾਰਟੀ, ਉਸਦਾ ਸਿਧਾਂਤ, ਉਹਦਾ ਪਰਿਵਾਰ, ਉਹਦਾ ਭਾਈਚਾਰਾ ਜਾਂ ਖ਼ੁਦ ਉਹ ਆਪ
ਵੀ ਕਿਉਂ ਨਾ ਆਉਂਦਾ ਹੋਵੇ, ਉਸਨੂੰ ਸੱਚ ਕਹਿਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।
ਆਪਣੇ ਅੰਦਰਲੇ ਸੱਚ ਅਤੇ ਸੋਚ ਨਾਲ ਪ੍ਰਤੀਬੱਧ ਹੋਣ ਤੋਂ ਮੈਨੂੰ ਜਿੱਥੇ ਇਹ ਚਾਨਣ ਮਿਲਿਆ ਕਿ
ਮੈਂ ਕਿਸੇ ਇੱਕ ਧੜੇ, ਪਾਰਟੀ ਜਾਂ ਸਿੱਧਾਂਤ ਦਾ ਬੁਲਾਰਾ ਨਹੀਂ ਤਾਂ ਓਥੇ ਮੈਨੂੰ ਇਹ ਵੀ
ਅਹਿਸਾਸ ਹੋਇਆ ਕਿ ਫ਼ੌਰੀ ਸਮਾਜਕ ਜਾਂ ਸਿਆਸੀ ਤਬਦੀਲੀ ਲਈ ਸਾਹਿਤ ਨੂੰ ਮੁੱਖ ਹਥਿਆਰ ਦੇ ਤੌਰ
‘ਤੇ ਵਰਤਣਾ ਸ਼ਾਇਦ ਏਨਾ ਵਾਜਬ ਵੀ ਨਹੀਂ। ਸਾਹਿਤ ਵਿਚਲਾ ਪਰਚਾਰ ਏਨਾ ਸਪਸ਼ਟ ਅਤੇ ਸਟੇਜੀ ਨਹੀਂ
ਹੁੰਦਾ। ਇਹ ਪਰਚਾਰ ਬਹੁਤ ਹੀ ਸਹਿਜ, ਸੰਕੇਤਕ ਅਤੇ ਅਛੋਪਲਾ ਹੁੰਦਾ ਹੈ। ਸਮਾਜਕ-ਮਨੁੱਖੀ
ਜੀਵਨ ਦੀ ਉਣਤਰ-ਬਣਤਰ ਦੀਆਂ ਪਿੜੀਆਂ ਉਧੇੜਨੀਆਂ, ਮਨੁੱਖੀ ਆਪੇ ਅਤੇ ਮਨੁੱਖੀ ਰਿਸ਼ਤਿਆਂ ਦੇ
ਲੁਕਵੇਂ ਕੋਨੇ ਰੌਸ਼ਨ ਕਰਕੇ ਕਿਸੇ ਗਤੀਸ਼ੀਲ ਸੱਚ ਦੇ ਲੜ ਲਾਉਣਾ, ਨਿਰਸੰਦੇਹ ਸਾਹਿਤ ਦਾ ਹੀ
ਉਦੇਸ਼ ਹੈ ਪਰ ਇਸ ਉਦੇਸ਼ ਦੀ ਪੂਰਤੀ ਸਾਹਿਤਕ ਢੰਗ ਨਾਲ ਹੀ ਹੋ ਸਕਦੀ ਹੈ। ਇਹ ਉਦੇਸ਼ ਰਚਨਾ ਦੀ
ਸਤਹ ਉੱਤੇ ਹੀ ਨਹੀਂ ਪਿਆ ਹੋਣਾ ਚਾਹੀਦਾ। ਭਾਸ਼ਣੀ-ਸ਼ੈਲੀ ਰਾਹੀਂ ਜਿੱਥੇ ਰਚਨਾ ਦੀ ਸਾਹਿਤਕਤਾ
ਕਤਲ ਹੁੰਦੀ ਹੈ, ਓਥੇ ਇਹ ਵੀ ਜ਼ਰੂਰੀ ਨਹੀਂ ਕਿ ਅੱਜ ਦਾ ਸੁਚੇਤ ਪਾਠਕ ਲੇਖਕ ਦੇ ਦਰਸਾਏ ਜਾਂ
ਸੁਝਾਏ ਸਿੱਧਾਂਤਕ ਜਾਂ ਸਿਆਸੀ ਸੂਤਰ ਨੂੰ ਤੁਰਤ ਮੰਨ ਲਵੇ। ਸਿੱਧਾਂਤ ਜਾਂ ਸਿਆਸੀ ਸੂਤਰ ਵੀ
ਸਮਾਜਕ-ਮਨੁੱਖੀ ਜੀਵਨ ਦੇ ਸਾਹਿਤਕ-ਚਿਤਰਾਂ ਦੇ ਰੂਪ ਵਿੱਚ ਹੀ ਪੇਸ਼ ਹੋ ਸਕਦੇ ਹਨ। ਵੇਲਾ
ਵਿਹਾ ਚੁੱਕੀਆਂ ਕਦਰਾਂ-ਕੀਮਤਾਂ, ਸੋਚਾਂ ਅਤੇ ਖ਼ਿਆਲਾਂ ਨੂੰ ਕਾਰੀ ਜ਼ਰਬ ਲਾਉਣ ਲਈ ਕੀਤਾ ਗਿਆ
ਸਾਹਿਤਕ ਵਾਰ ਜਿੰਨਾਂ ਲੁਕਵਾਂ ਹੋਵੇਗਾ, ਓਨਾ ਹੀ ਤੇਜ਼, ਤਿੱਖਾ ਅਤੇ ਕਾਟਵਾਂ ਹੋਵੇਗਾ; ਵਾਰ
ਜਿੰਨਾਂ ਜ਼ਾਹਿਰਾ ਹੋਵੇਗਾ, ਓਨਾ ਹੀ ਖੁੰਢਾ ਅਤੇ ਬੇਅਸਰ ਹੋਵੇਗਾ।
ਮੇਰੇ ਦੂਜੇ ਕਹਾਣੀ-ਸੰਗ੍ਰਹਿ ‘ਅੰਗ-ਸੰਗ’ ਦੇ ਪ੍ਰਕਾਸ਼ਨ ਨਾਲ ਮੈਂ ‘ਲੋਹੇ ਦੇ ਹੱਥ’ ਵਾਲੇ
ਕਹਾਣੀਕਾਰ ਨਾਲੋਂ ਅਸਲੋਂ ਹੀ ਵੱਖਰੇ ਰੰਗ ਵਾਲੇ ਕਹਾਣੀਕਾਰ ਵਜੋਂ ਸਥਾਪਤ ਹੋ ਗਿਆ।
ਹੁਣ ਮੈਂ ਕਿਸੇ ਸਿੱਧਾਂਤ ਦਾ ਜ਼ਾਹਿਰਾ ਪਰਚਾਰ ਕਰਨ ਤੋਂ ਟੇਢ ਵੱਟ ਲਈ ਅਤੇ ਆਪਣੀਆਂ ਕਹਾਣੀਆਂ
ਵਿੱਚ ਯਥਾਰਥ ਨੂੰ ਆਲੋਚਨਾਤਮਕ ਨਜ਼ਰੀਏ ਤੋਂ ਪੇਸ਼ ਕਰਨ ਦਾ ਪੈਂਤੜਾ ਅਖ਼ਤਿਆਰ ਕੀਤਾ। ਮੇਰੇ
ਚੌਗਿਰਦੇ ਦਾ ਸਮਾਜੀ-ਸਿਆਸੀ ਅਤੇ ਸੱਭਿਆਚਾਰਕ ਜੀਵਨ ਅਜੇ ਵੀ ਮੇਰੀ ਰਚਨਾਤਮਕਤਾ ਦਾ ਪ੍ਰਮੁੱਖ
ਸਰੋਕਾਰ ਸੀ ਪਰ ਮੈਂ ਇਸ ਜੀਵਨ ਨੂੰ ਪਾਤਰਾਂ ਸਥਿਤੀਆਂ ਅਤੇ ਘਟਨਾਵਾਂ ਦੇ ਆਪਸੀ ਟਕਰਾਓ-ਤਣਾਓ
ਵਿੱਚੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦਿਆਂ ਆਪਣੇ ਲੇਖਕੀ ਆਪੇ ਨੂੰ ਰਚਨਾ ਵਿੱਚੋਂ ਜ਼ਾਹਿਰਾ ਤੌਰ
‘ਤੇ ਬੋਲਣੋਂ ਰੋਕ ਲਿਆ। ਹੁਣ ਮੇਰਾ ਦ੍ਰਿਸ਼ਟੀਕੋਣ ਰਚਨਾ ਦੇ ਸਮੁੱਚੇ ਸੰਗਠਨ ਦੀ ਵਿਓਂਤਬੰਦੀ
ਵਿੱਚ ਲੁਪਤ ਸੀ। ਵਿਧਾ ਦੇ ਪੱਖ ਤੋਂ ਜਿੱਥੇ ਮੈਂ ਵਧੇਰੇ ਸੁਚੇਤ ਅਤੇ ਚੇਤੰਨ ਹੋਇਆ ਓਥੇ ਮੈਂ
ਇਹ ਵੀ ਸੋਚਿਆ ਕਿ ਮੈਨੂੰ ਓਸੇ ਜੀਵਨ ਯਥਾਰਥ ਨੂੰ ਪੇਸ਼ ਕਰਨਾ ਚਾਹੀਦਾ ਹੈ ਜੋ ਮੈਂ ਅਤੇ ਮੇਰੇ
ਪਰਿਵਾਰ ਜਾਂ ਨੇੜਲੇ ਸਮਾਜ ਦੇ ਲੋਕ ਭੋਗਦੇ ਪਏ ਸਨ। ਮੈਂ ਨਿਮਨ-ਕਿਰਸਾਣੀ ਸਮਾਜ ਨੂੰ ਬਚਪਨ
ਤੋਂ ਬੜਾ ਨੇੜਿਓਂ ਜਾਣਿਆਂ ਅਤੇ ਜੀਵਿਆ ਸੀ ਇਸ ਲਈ ਮੈਂ ਇਸ ਜੀਵਨ ਦੇ ਸੰਕਟਾਂ, ਲੋੜਾਂ,
ਥੁੜਾਂ ਦੀ ਕਹਾਣੀ ਕਹਿਣ ਦਾ ਮਨ ਬਣਾਇਆ। ਵਸਤੂ ਦੇ ਪੱਧਰ ਤੇ ਜਿੱਥੇ ਮੇਰੀ ਪਹਿਲੇ ਦੌਰ ਦੀ
ਕਹਾਣੀ ਦੀ ਪਛਾਣ ‘ਰਾਜਨੀਤਿਕ ਚੇਤਨਾ ਦੀ ਕਹਾਣੀ’ ਵਾਲੀ ਬਣੀ-ਓਥੇ ਮੇਰੀ ਦੂਜੀ ਪਛਾਣ
‘ਕਿਰਸਾਨੀ ਜੀਵਨ ਦੇ ਕਹਾਣੀਕਾਰ’ ਵਜੋਂ ਬਣੀ। ਰਾਜਨੀਤਿਕ ਚੇਤਨਾ ਅਤੇ ਕਿਰਸਾਨੀ ਜੀਵਨ
ਵਾਲੀਆਂ, ਮੇਰੀਆਂ ਕਹਾਣੀਆਂ ਵਿੱਚ ਮੇਰਾ ਨਿੱਜੀ ਅਤੇ ਪ੍ਰਮਾਣਿਕ ਅਨੁਭਵ ਬੋਲਦਾ ਸੀ। ਇਸਦੇ
ਨਾਲ ਹੀ ਬਦਲ ਰਹੇ ਸਮਾਜਕ-ਸਭਿਆਚਾਰਕ ਅਤੇ ਰਾਜਨੀਤਕ ਜੀਵਨ ਦਾ ਅਕਸ ਵੀ ਮੇਰੀਆਂ ਕਹਾਣੀਆਂ
ਵਿਚੋਂ ਦ੍ਰਿਸ਼ਟੀਗੋਚਰ ਹੁੰਦਾ ਸੀ।
ਰਿਸ਼ਤਿਆਂ ਵਿੱਚ ਪੈਸਾ ਕੀਮਤਾ ਦੇ ਪ੍ਰਵੇਸ਼ ਨਾਲ ਖੂਨ ਦੇ ਰਿਸ਼ਤਿਆਂ ਦਾ ਰੰਗ ਫਿੱਕਾ ਪੈਣਾ ਅਤੇ
ਚਿੱਟਾ ਹੋਣਾ ਸ਼ੁਰੂ ਹੋ ਗਿਆ ਸੀ। ਮੈਂ ਬਿਨਾਂ ਕਿਸੇ ਭਾਵਕ ਉਲਾਰ ਦੇ ਬਦਲ ਰਹੇ ਜੀਵਨ ਦਾ ਇਹ
ਚਿਤਰ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਵਿੱਚ ਸਾਂ। ਪਰਿਵਾਰਾਂ ਦੇ ਤਿੜਕਣ ਅਤੇ
ਰਿਸ਼ਤਿਆਂ ਦੇ ਵਿਗਠਨ ਦਾ ਗੁੰਝਲਦਾਰ ਯਥਾਰਥ ਸਰਲ-ਰੇਖ਼ਾਵੀ ਬਿਰਤਾਂਤ ਵਿੱਚ ਬੰਨ੍ਹਣਾਂ ਸੰਭਵ
ਨਹੀਂ ਸੀ, ਇਸ ਲਈ ਮੇਰੀਆਂ ਕਹਾਣੀਆਂ ਦੀ ਬਿਰਤਾਂਤ ਸਿਰਜਣਾ ਵਿੱਚ ਸਹਿਜ-ਸੁਭਾਵਕ ਹੀ ਇੱਕ
ਤਬਦੀਲੀ ਨਮੂਦਾਰ ਹੋ ਗਈ। ਮੇਰੀ ਕਹਾਣੀ ਦਾ ਬਿਰਤਾਂਤ ਸਰਲ-ਰੇਖ਼ਾਵੀ ਅਤੇ ਇਕਹਿਰਾ ਨਾ ਰਿਹਾ।
ਜਟਿਲ ਯਥਾਰਥ ਦੀ ਪੇਸ਼ਕਾਰੀ ਲਈ ਨਿੱਕੀ ਕਹਾਣੀ ਦੇ ਨਿੱਕੇ ਆਕਾਰ ਦੀ ਕੱਟੜਤਾ ਨਾਲ ਪਾਲਣਾ ਕਰਨ
ਦਾ ਅਕਾਦਮਿਕ ਬੰਧੇਜ ਮੇਰੇ ਕੋਲੋਂ ਸਹਿਵਨ ਹੀ ਟੁੱਟ ਗਿਆ। ਫ਼ਲਸਰੂਪ ਮੇਰੀ ਕਹਾਣੀ ਦਾ ਆਕਾਰ
ਲੰਮਾਂ ਹੋਣਾ ਸ਼ੁਰੂ ਹੋ ਗਿਆ। ਨਵੇਂ ਵਸਤੂ-ਸੰਸਾਰ ਦੀ ਪੇਸ਼ਕਾਰੀ ਦੀਆਂ ਨਵੀਆਂ ਲੋੜਾਂ ਵਿਚੋਂ
ਹੀ ਲੰਮੇਂ ਆਕਾਰ ਤੇ ਜਟਿਲ-ਬਿਰਤਾਂਤ ਵਾਲੀ ਕਹਾਣੀ ਮੇਰੇ ਕੋਲੋਂ ਲਿਖੀ ਗਈ ਸੀ। ਕਹਾਣੀ ਵਿੱਚ
ਵਸਤੂ ਦੀ ਚੋਣ ਅਤੇ ਉਸਦੀ ਪੇਸ਼ਕਾਰੀ ਦੇ ਪੱਖ ਤੋਂ ਮੈਂ ਸਹਿਜ ਸੁਭਾਵਕ ਨਵਾਂ ਤਜਰਬਾ ਕਰ ਰਿਹਾ
ਸਾਂ। ਇਸ ਵਿੱਚ ਕਿਸੇ ਵੀ ਕਿਸਮ ਦੇ ਉਚੇਚ ਦੀ ਦਖ਼ਲ-ਅੰਦਾਜ਼ੀ ਨਹੀਂ ਸੀ ਅਤੇ ਨਾ ਹੀ ਨਵਾਂ ਤੇ
ਵੱਖਰਾ ਦਿਸਣ ਦੀ ਕੋਈ ਲਾਲਸਾ ਸੀ।
‘ਲੋਹੇ ਦੇ ਹੱਥ’ ਤਾਂ ਹੈ ਹੀ ਬਹੁਤਾ ਕਰਕੇ ਰਾਜਨੀਤਕ ਮਸਲਿਆਂ ਨੂੰ ਮੁਖ਼ਾਤਬ ਪਰ ‘ਅੰਗ-ਸੰਗ’
ਵਿੱਚ ਵੀ ‘ਰਾਜਨੀਤਕ ਚੇਤਨਾ’ ਵਾਲੀਆਂ ਕਹਾਣੀਆਂ ਹਾਜ਼ਰ ਸਨ। ਮੇਰੇ ਤੋਂ ਪਹਿਲਾ ਸੰਤ ਸਿੰਘ
ਸੇਖੋਂ, ਸੁਜਾਨ ਸਿੰਘ, ਸੰਤੋਖ ਸਿੰਘ ਧੀਰ ਅਤੇ ਨਵਤੇਜ ਸਿੰਘ ਆਦਿ ਕਹਾਣੀਕਾਰਾਂ ਦੀਆਂ
ਕਹਾਣੀਆਂ ਵਿੱਚ ਵੀ ਰਾਜਨੀਤਕ ਚੇਤਨਾ ਦਾ ਪ੍ਰਗਟਾਵਾ ਬੜੇ ਜ਼ੋਰਦਾਰ ਢੰਗ ਨਾਲ ਹੋਇਆ ਸੀ ਪਰ
ਮੈਂ ਇਹਨਾਂ ਨਾਲੋਂ ਕੁੱਝ ਵੱਖਰਾ ਸਾਂ। ਇਸ ਵੱਖਰੇਪਨ ਨੂੰ ਪਛਾਣਦਿਆਂ ਅਤੇ ਇਸਦੀ ਵਿਆਖਿਆ
ਕਰਦਿਆਂ ਕੁਲਵੰਤ ਸਿੰਘ ਵਿਰਕ ਨੇ ਮੇਰੇ ਕਹਾਣੀ-ਸੰਗ੍ਰਹਿ ‘ਅੰਗ-ਸੰਗ’ ਉੱਤੇ ਹੋਈ ਗੋਸ਼ਟੀ
ਸਮੇਂ ਦਿੱਤੇ ਉਦਘਾਟਣੀ ਭਾਸ਼ਨ ਵਿੱਚ ਕਿਹਾ ਸੀ, “ਜਦੋਂ ਅਸੀਂ ਕਹਾਣੀ ਲਿਖਦੇ ਸਾਂ ਤਾਂ ਲੇਖਕ
ਦਾ ਕਮਿਊਨਿਸਟ ਹੋਣਾ ਜਾਂ ਕਮਿਊਨਿਸਟ ਦਿਸਣਾ ਮਾਣ ਵਾਲੀ ਗੱਲ ਸਮਝਿਆ ਜਾਂਦਾ ਸੀ। ਘੱਟੋ-ਘੱਟ
ਕਮਿਊਨਿਸਟਾਂ ਦਾ ਆਲੋਚਕ ਹੋਣ ਦੀ ਗੱਲ ਤਾਂ ਸੋਚੀ ਵੀ ਨਹੀਂ ਸੀ ਜਾ ਸਕਦੀ। ਪਰ ਇਹ ਪਹਿਲੀ
ਵਾਰ ਹੋਇਆ ਕਿ ਵਰਿਆਮ ਦੀਆਂ ਕਹਾਣੀਆਂ ਕਮਿਊਨਿਸਟਾਂ ਦੀ ਆਲੋਚਨਾ ਵੀ ਕਰਦੀਆਂ ਹਨ……”
ਵਿਰਕ ਦੀ ਇਹ ਗੱਲ ਬਿਲਕੁਲ ਦਰੁਸਤ ਸੀ। ਵਿਰਕ ਦੇ ਲਿਖਣ-ਕਾਲ ਦੇ ਸਿਖ਼ਰ ਵੇਲੇ ਇੱਕੋ ਇੱਕ
ਕਮਿਊਨਿਸਟ ਪਾਰਟੀ ਆਪਣੀਆਂ ਖ਼ੂਬੀਆਂ-ਖ਼ਾਮੀਆਂ ਸਮੇਤ ਇਨਕਲਾਬ ਦੇ ਰਾਹ ਉੱਤੇ ਗ਼ਾਮਜ਼ਨ ਸੀ।
ਅਗਾਂਹ-ਵਧੂ ਲੋਕਾਂ ਅਤੇ ਲੇਖਕਾਂ ਦੀ, ਉਸ ਵਿੱਚ, ਆਸਥਾ ਸੁਭਾਵਕ ਸੀ। ਪਰ ਹੁਣ ਤੱਕ ਸਮੁੱਚੀ
ਕਮਿਊਨਿਸਟ ਲਹਿਰ ਖੱਖੜੀਆਂ-ਖ਼ਰਬੂਜ਼ੇ ਹੋ ਚੁੱਕੀ ਸੀ। ਮੈਨੂੰ ਲੱਗਦਾ ਸੀ ਕਿ ‘ਦੁਸ਼ਮਣ-ਜਮਾਤ’
ਦੀਆਂ ਕਮਜ਼ੋਰੀਆਂ ਅਤੇ ਜਬਰ ਉੱਤੇ ਤਾਂ ਉਂਗਲ ਰੱਖੀ ਹੀ ਜਾਵੇ ਪਰ ‘ਆਪਣੀਆਂ’ ਕਮਜ਼ੋਰੀਆਂ ਕਿਉਂ
ਅੱਖੋਂ ਓਹਲੇ ਕੀਤੀਆਂ ਜਾਣ? ‘ਆਪਣੀ’ ਆਲੋਚਨਾ ਕਿਉਂ ਨਾ ਕੀਤੀ ਜਾਵੇ? ‘ਆਪਣੀਆਂ’ ਘਾਟਾਂ
ਕਿਉਂ ਨਾ ਚਿਤਵੀਆਂ ਜਾਣ? ਸਵੈ-ਆਲੋਚਨਾ ਅਤੇ ਸਵੈ-ਮੁਲਾਂਕਣ ਕੋਈ ਘੱਟ ਜ਼ਰੂਰੀ ਤਾਂ ਨਹੀਂ! ਪਰ
ਕੁੱਝ ਕੱਟੜ ਕਿਸਮ ਦੇ ‘ਪ੍ਰਗਤੀਵਾਦੀ’ ਲੇਖਕਾਂ-ਪਾਠਕਾਂ ਨੇ ਮੇਰੇ ਇਸ ਸੁਹਿਰਦ ਯਤਨ ਨੂੰ
ਕਮਿਊਨਿਸਟ ਲਹਿਰ ਦੇ ਵਿਰੋਧ ਵਜੋਂ ਲਿਆ ਅਤੇ ਮੈਨੂੰ ਇੱਕ ਪ੍ਰਤਿਗਾਮੀ ਲੇਖਕ ਵਜੋਂ ਪਛਾਨਣ ਦਾ
ਭਰਮ ਸਿਰਜ ਲਿਆ। ਪਰ ਮੈਂ ਇਸ ਦੀ ਪਰਵਾਹ ਨਹੀਂ ਕੀਤੀ। ਧੁਰ ਅੰਦਰੋਂ ਮੈਂ ਮਾਰਕਸਵਾਦ ਨਾਲ
ਪਰਣਾਇਆ ਹੋਇਆ ਸਾਂ, ਪਰ ਕਿਸੇ ਇੱਕੋ ਇੱਕ ਪਾਰਟੀ ਨਾਲ ਬੱਝ ਕੇ ਰਹਿਣਾ ਹੁਣ ਮੇਰੇ ਵੱਸ ਵਿੱਚ
ਨਹੀਂ ਸੀ ਰਹਿ ਗਿਆ। ਮੈਂ ਸਮੁੱਚੀ ਕਮਿਊਨਿਸਟ ਲਹਿਰ ਦੀ ਏਕਤਾ ਲੋੜਦਾ ਸਾਂ। ਸਾਰੀ ਕਮਿਊਨਿਸਟ
ਲਹਿਰ ਹੀ ਮੇਰੀ ਆਪਣੀ ਲਹਿਰ ਸੀ ਅਤੇ ਉਹਦੀਆਂ ਕਮਜ਼ੋਰੀਆਂ ਮੇਰੀਆਂ ਆਪਣੀਆਂ ਕਮਜ਼ੋਰੀਆਂ ਸਨ।
ਮੈਂ ‘ਆਪਣੀਆਂ ਕਮਜ਼ੋਰੀਆਂ’ ਉੱਤੇ ਉਂਗਲੀ ਕਿਉਂ ਨਾ ਰੱਖਾਂ?
ਪੰਜਾਬੀ ਸਾਹਿਤ ਵਿੱਚ ਇਹ ਪਹਿਲੀ ਵਾਰ ਸੀ ਕਿ ਮੈਂ ਆਪਣੀਆਂ ਕਹਾਣੀਆਂ ਵਿੱਚ ਖੱਬੇ-ਪੱਖੀਆਂ
ਨੂੰ ਵਿਅੰਗ ਦਾ ਨਿਸ਼ਾਨਾ ਬਣਾਇਆ। ਇਹ ਵਿਅੰਗ ਕਿਸੇ ਦੁਸ਼ਮਣ ਧਿਰ ਵੱਲੋਂ ਕਿਸੇ ਦੂਜੀ ਦੁਸ਼ਮਣ
ਧਿਰ ਨੂੰ ਢਾਹ ਲਾਉਣ ਲਈ ਨਹੀਂ ਸੀ ਕੀਤਾ ਗਿਆ, ਸਗੋਂ ਦੋਸਤ ਧਿਰ ਵੱਲੋਂ ਦੂਜੀ ਦੋਸਤ ਧਿਰ
ਦੀਆਂ ਗ਼ਲਤੀਆਂ ‘ਤੇ ਉਂਗਲ ਧਰਨ ਅਤੇ ਉਹਨਾਂ ਵਿੱਚ ਹੋਇਆ ਸੁਧਾਰ ਵੇਖਣ ਦਾ ਤਲਬਗਾਰ ਸੀ। ਜਦੋਂ
ਮੈਂ ਇਹਨਾਂ ਗ਼ਲਤੀਆਂ ਜਾਂ ਕਮਜ਼ੋਰੀਆਂ ਨੂੰ ਵਿਅੰਗ ਦਾ ਨਿਸ਼ਾਨਾ ਬਣਾ ਰਿਹਾ ਸਾਂ ਤਾਂ ਮੇਰੀ
ਰੀਝ ਇਹੋ ਹੀ ਸੀ ਕਿ ਕਾਸ਼! ਸਾਡੇ ਆਪਣਿਆਂ ਵਿੱਚ ਇਹ ਕਮਜ਼ੋਰੀਆਂ ਨਾ ਹੁੰਦੀਆਂ ਤਾਂ ਸ਼ਾਇਦ
ਅਸੀਂ ਸਿਆਸਤ ਵਿੱਚ ਇੰਜ ਲੋਕ-ਸਾਥ ਤੋਂ ਵਿਰਵੇ ਨਾ ਹੁੰਦੇ। ‘ਡੁੱਬਦਾ ਚੜ੍ਹਦਾ’, ‘ਨਾਇਕ’,
‘ਅਸਲੀ ਅਤੇ ਵੱਡੀ ਹੀਰ’ ਅਤੇ ਪਿੱਛੋਂ ਜਾ ਕੇ ‘ਭੱਜੀਆਂ ਬਾਹੀਂ’, ‘ਦਲਦਲ’ ਅਤੇ ‘ਕੁਰਾਹੀਆ’
ਆਦਿ ਅਜਿਹੀਆਂ ਕਹਾਣੀਆਂ ਹਨ, ਜਿਨ੍ਹਾਂ ਵਿੱਚ ਕਮਿਊਨਿਸਟ ਲਹਿਰ ਦੀਆਂ ਕਮਜ਼ੋਰੀਆਂ ਨੂੰ ਵਿਅੰਗ
ਦਾ ਨਿਸ਼ਾਨਾ ਬਣਾਇਆ ਗਿਆ। ਸਿਆਣੇ ਅਤੇ ਸੁਹਿਰਦ ਮਾਰਕਸਵਾਦੀ ਪਾਠਕਾਂ-ਆਲੋਚਕਾਂ ਵੱਲੋਂ ਮੇਰੀ
ਇਸ ਆਲੋਚਨਾਮਕ ਨਜ਼ਰ ਦੀ ਕੀਤੀ ਵਡਿਆਈ ਨੇ ਤੱਤ-ਭੜੱਤੀ ‘ਪ੍ਰਗਤੀਵਾਦੀ ਆਲੋਚਨਾ’ ਦਾ ਬਹੁਤਾ
ਭਾਰ ਮੇਰੇ ਮਨ ਉੱਤੇ ਪੈਣ ਨਾ ਦਿੱਤਾ ਅਤੇ ਮੈਂ ਕਿਸੇ ‘ਬਾਹਰਲੇ ਦਿਸ਼ਾ-ਸੂਚਕ’ ਤੋਂ ਅਗਵਾਈ
ਲੈਣ ਦੀ ਥਾਂ ਆਪਣੇ ਅੰਦਰਲੇ ਸੱਚ ਦੇ ਆਖੇ ਲੱਗਣਾ ਹੀ ਪਰਵਾਨ ਕੀਤਾ। ਮੇਰੀ ਰਚਨਾ ਦੇ ਸੁਹਿਰਦ
ਆਲੋਚਕਾਂ ਵੱਲੋਂ ਮੇਰੀ ਰਚਨਾ ਦੀ ਮੂਲ ਸੁਰ ਨੂੰ ਸਮਝਣ/ਸਮਝਾਉਣ ਦੇ ਫ਼ਲਸਰੂਪ ਹੌਲੀ ਹੌਲੀ
ਮੇਰੇ ‘ਕਮਿਊਨਿਸਟ ਵਿਰੋਧ’ ਦੀ ਸੱਚਾਈ ਮੇਰੀ ਆਲੋਚਨਾ ਕਰਨ ਵਾਲੇ ਤਿੱਖੇ ‘ਪ੍ਰਗਤੀਵਾਦੀਆਂ’
ਨੂੰ ਵੀ ਪਤਾ ਲੱਗਣਾ ਸ਼ੁਰੂ ਹੋ ਗਈ ਅਤੇ ਉਹਨਾਂ ਦਾ ਵਿਰੋਧ ਵੀ ਮੱਠਾ ਪੈ ਗਿਆ।
ਇਸ ਪ੍ਰਸੰਗ ਵਿੱਚ ਇੱਕ ਦਿਲਚਸਪ ਘਟਨਾ ਦਾ ਵੇਰਵਾ ਕੁਥਾਵਾਂ ਨਹੀਂ ਹੋਵੇਗਾ। ‘ਅਸਲੀ ਅਤੇ
ਵੱਡੀ ਹੀਰ’ ਕਹਾਣੀ ਨਾਲ ਜੁੜੀ ਬਹਿਸ ਮੈਨੂੰ ਹੁਣ ਤੱਕ ਯਾਦ ਹੈ। ਜਿਵੇਂ ਮੈਂ ਪਹਿਲਾਂ ਦੱਸ
ਚੁੱਕਾ ਹਾਂ ਕਿ ਮੈਂ ਇੱਕ ਵਿਸ਼ੇਸ਼ ਰਾਜਸੀ ਵਿਚਾਰਾਂ ਵਾਲੇ ‘ਸਾਹਿਤਕ-ਗਰੁੱਪ’ ਦਾ ਮੈਂਬਰ ਵੀ
ਸਾਂ। ਇਸ ਗਰੁੱਪ ਵਿੱਚ ਹਰਭਜਨ ਹਲਵਾਰਵੀ, ਪਾਸ਼, ਮੇਘ ਰਾਜ, ਸੁਰੇਂਦਰ ਹੇਮਜਯੋਤੀ, ਅਤਰਜੀਤ,
ਅਜਮੇਰ ਔਲਖ, ਚਮਨ ਲਾਲ, ਨਿਰੰਜਨ ਢੇਸੀ, ਸਾਬਿੰਦਰਜੀਤ ਸਾਗਰ ਅਤੇ ਹੋਰ ਵੀ ਇੱਕ ਦੋ ਲੇਖਕ
ਸ਼ਾਮਲ ਸਨ। ਇਹ ਦੋਸਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਵੱਖ ਵੱਖ ਸਮੇਂ ‘ਤੇ ਇਕੱਠੇ ਹੁੰਦੇ
ਅਤੇ ਸਮਕਾਲੀ ਸਾਹਿਤਕ ਮਸਲਿਆਂ, ਨਵੀਆਂ ਛਪੀਆਂ ਮਹੱਤਵਪੂਰਨ ਰਚਨਾਵਾਂ ਅਤੇ ਤਤਕਾਲੀ
ਸਾਹਿਤਕ-ਦ੍ਰਿਸ਼ ਬਾਰੇ ਵਿਚਾਰ-ਚਰਚਾ ਕਰਨ ਤੋਂ ਇਲਾਵਾ ਆਪਣੇ ਗਰੁੱਪ ਦੇ ਲੇਖਕਾਂ ਦੀਆਂ ਨਵੀਆਂ
ਛਪੀਆਂ ਜਾਂ ਛਪਣ ਵਾਲੀਆਂ ਰਚਨਾਵਾਂ ਬਾਰੇ ਵੀ ਚਰਚਾ ਕਰਦੇ ਰਹਿੰਦੇ ਸਨ। ਇਹਨਾਂ ਬੈਠਕਾਂ
ਵਿੱਚ ਹੀ ਪਾਸ਼ ਨੇ ‘ਅਜੇ ਰਾਤੀਂ ਹੀ ਲਿਖੀ’ ਆਪਣੀ ਕਵਿਤਾ ‘ਮਹਿਬੂਬ ਦੇ ਨਾਂ’ ਸੁਣਾਈ ਸੀ ਅਤੇ
ਏਸੇ ਹੀ ਕਿਸੇ ਬੈਠਕ ਵਿੱਚ ਉਸਨੇ ਰੇਲਵੇ ਦੀ ਦੇਸ਼-ਵਿਆਪੀ ਹੜਤਾਲ ਵੇਲੇ ਕੀਤੀ ਜੇਲ੍ਹ-ਯਾਤਰਾ
ਦਾ ਼ਲਿਖਤੀ ਤੇ ਪ੍ਰਭਾਵਸ਼ਾਲੀ ਬਿਰਤਾਂਤ ਵੀ ਪੜ੍ਹ ਕੇ ਸੁਣਾਇਆ ਸੀ। ਅਤਰਜੀਤ ਦੀ ਚਰਚਿਤ
ਕਹਾਣੀ ‘ਬਠਲੂ-ਚਮਿਆਰ’ ਦਾ ਪਹਿਲਾ ਪਾਠ ਵੀ ਕਿਸੇ ਅਜਿਹੀ ਮੀਟਿੰਗ ਵਿੱਚ ਕੀਤਾ ਗਿਆ ਸੀ।
ਅੰਮ੍ਰਿਤਸਰ ਵਿਖੇ ਹੋਈ ਸਾਡੀ ਮੀਟਿੰਗ ਵਿੱਚ ‘ਅਸਲੀ ਤੇ ਵੱਡੀ ਹੀਰ’ ਕਹਾਣੀ ਉੱਤੇ ਹੋਈ ਬਹਿਸ
ਵਿੱਚ ਇੱਕ ਬੜਾ ਦਿਲਚਸਪ ਨੁਕਤਾ ਉੱਭਰਿਆ। ਇਸ ਕਹਾਣੀ ਦਾ ਥੀਮ ਅੱਡੋ-ਪਾਟੀ,
ਖੱਖੜੀਆਂ-ਖ਼ਰਬੂਜ਼ੇ ਹੋਈ ਕਮਿਊਨਿਸਟ ਲਹਿਰ ਨੂੰ ਵਿਅੰਗ ਦਾ ਨਿਸ਼ਾਨਾ ਬਨਾਉਣਾ ਅਤੇ ਇਹ ਦੱਸਣਾ
ਸੀ ਕਿ ਸਾਡੀਆਂ ਇਹ ਸਾਰੀਆਂ ਪਾਰਟੀਆਂ ਮੇਲਿਆਂ ਵਿੱਚ ਵਿਕਦੀ ਰਹੀ ਅਤੇ ਸਭ ਪ੍ਰਕਾਸ਼ਕਾਂ
ਵੱਲੋਂ ‘ਅਸਲੀ ਅਤੇ ਵੱਡੀ’ ਹੋਣ ਦੇ ਦਾਅਵੇ ਨਾਲ ਛਾਪੀ ਗਈ ‘ਅਸਲੀ ਅਤੇ ਵੱਡੀ ਹੀਰ’ ਵਾਂਗ
ਆਪਣੇ ਆਪ ਨੂੰ ‘ਅਸਲੀ ਅਤੇ ਵੱਡੀ ਪਾਰਟੀ’ ਸਾਬਤ ਕਰਨ ਲਈ ਜਾਭਾਂ ਦਾ ਭੇੜ ਭਿੜਦੀਆਂ
ਝੱਗੋ-ਝੱਗ ਹੋ ਰਹੀਆਂ ਹਨ ਜਦ ਕਿ ਆਮ ਜਨ-ਸਧਾਰਨ ਜਾਂ ਪ੍ਰੋਲਤਾਰੀ ਤਾਂ ‘ਰੰਗਾਂ ਦੀ ਪਛਾਣ’
ਕਰਨ ਦੇ ਸਮਰੱਥ ਵੀ ਨਹੀਂ। ‘ਰੰਗਾਂ ਦੀ ਪਛਾਣ’ ਦੇ ਸੰਕੇਤਕ ਅਰਥ ਵੀ ਸਨ। ਕਹਾਣੀ ਇਹ ਸਵਾਲ
ਵੀ ਉਠਾਉਂਦੀ ਸੀ ਕਿ ਅਸੀਂ ਇੱਕ ਹੋਣ ਦੀ ਥਾਂ ਸੱਜੇ, ਖੱਬੇ ਜਾਂ ਨਕਸਬਾੜੀਏ ਕਿਉਂ ਹਾਂ?
ਪ੍ਰਸ਼ਨ ਇਹ ਵੀ ਸੀ ਕਿ ਕੋਈ ਰੂਸ-ਪੱਖੀ ਹੈ ਅਤੇ ਕੋਈ ਚੀਨ-ਪੱਖੀ; ਪਰ ਲੋਕ-ਪੱਖੀ ਕਿਉਂ ਨਹੀਂ?
ਭਾਵ ਇਹ ਸੀ ਕਿ ਅਸੀਂ ਆਪਣੀ ਸੰਸਕ੍ਰਿਤੀ, ਸੱਭਿਅਤਾ ਅਤੇ ਇਤਿਹਾਸ ਨਾਲ ਜੀਵੰਤ-ਨਾਤਾ ਜੋੜ ਕੇ
ਲੋਕ-ਮਨਾਂ ਵਿੱਚ ਆਪਣੀਆਂ ਜੜ੍ਹਾਂ ਲਾਉਣ ਦੀ ਥਾਂ ਉਧਾਰੇ ਅਤੇ ਮਾਂਗਵੇਂ ਵਿਚਾਰਾਂ ਦੇ ਲੜ
ਲੱਗੇ ਹੋਏ ਹਾਂ। ਅਸੀਂ ਬਿਗ਼ਾਨੀ ਧਰਤੀ ਦਾ ਬੂਟਾ ਆਪਣੀ ਜ਼ਮੀਨ ਵਿੱਚ ਗੱਡਣਾ ਲੋਚਦੇ ਹਾਂ ਜਦ
ਕਿ ਹਰੇਕ ਵਿਸ਼ੇਸ਼ ਖਿੱਤੇ ਦੀ ਜ਼ਮੀਨ ਤੇ ਜਲਵਾਯੂ ਦੀਆਂ ਆਪਣੀਆਂ ਜ਼ਰੂਰਤਾਂ ਹੁੰਦੀਆਂ ਹਨ। ਐਨ
ਇੱਕੋ ਜਿਹੇ ਤਰੀਕਿਆਂ ਨਾਲ ‘ਇਨਕਲਾਬ ਦਾ ਬੂਟਾ’ ਇੱਕ ਧਰਤੀ ਤੋਂ ਖੱਗ ਕੇ ਦੂਜੀ ਧਰਤੀ ਤੇ
ਲਾਇਆ ਅਤੇ ਪਾਲਿਆ ਨਹੀਂ ਜਾ ਸਕਦਾ। ਅਸੀਂ ਆਪਣੀ ਧਰਤੀ ਦੇ ਵਿਸ਼ੇਸ਼ ਸੁਭਾ, ਇਤਿਹਾਸ ਅਤੇ
ਰਾਜਨੀਤਕ ਸਭਿਆਚਾਰ ਤੋਂ ਵਿਜੋਗੇ ਹੋਏ ਹਾਂ ਅਤੇ ਸ਼ਾਇਦ ਇਸੇ ਕਾਰਨ ਸਾਡੀ ਲਹਿਰ ਲੋਕ-ਸਾਥ ਤੋਂ
ਵਿਛੁੰਨੀ ਹੈ!
ਮੀਟਿੰਗ ਵਿੱਚ ਸ਼ਾਮਲ ਸਾਰੇ ਦੋਸਤਾਂ ਨੂੰ ਕਮਿਊਨਿਸਟ ਲਹਿਰ ਦੀ ਸੰਕੇਤਕ ਆਲੋਚਨਾ ਕਰਦੀ ਇਹ
ਕਹਾਣੀ ਬਹੁਤ ਹੀ ਮੁੱਲਵਾਨ ਅਤੇ ਕਲਾਤਮਕ ਲੱਗਦੀ ਸੀ ਪਰ ਅਖ਼ੀਰ ਉੱਤੇ ਗੱਲ ਇਸ ਨੁਕਤੇ ਉੱਤੇ
ਅਟਕ ਗਈ ਕਿ ‘ਸੱਜਿਆਂ-ਖੱਬਿਆਂ’ ਦੀ ਆਲੋਚਨਾ ਤਾਂ ਵਾਜਬ ਸੀ ਪਰ ਇਸਦੇ ਬਾਵਜੂਦ ਇਸ ਕਹਾਣੀ
ਵਿੱਚ ਕੁੱਝ ਅਜਿਹਾ ਸੀ, ਜਿਹੜਾ ਉਹਨਾਂ ਨੂੰ ਹਜ਼ਮ ਕਰਨਾ ਔਖਾ ਲੱਗ ਰਿਹਾ ਸੀ। ਸੁਰਿੰਦਰ ‘ਹੇਮ
ਜਯੋਤੀ’ ਤੇ ਕੁੱਝ ਹੋਰ ਦੋਸਤਾਂ ਨੂੰ ਲੱਗਦਾ ਸੀ ਕਿ ‘ਰੂਸ-ਪੱਖੀਆਂ’ ਦੀ ਆਲੋਚਨਾ ਤਾਂ ਠੀਕ
ਸੀ ਪਰ ਲੇਖਕ ਨੂੰ ‘ਚੀਨ-ਪੱਖੀਆਂ’ ਨੂੰ ਤਾਂ ਆਲੋਚਨਾ ਦਾ ਨਿਸ਼ਾਨਾ ਨਹੀਂ ਸੀ ਬਨਾਉਣਾ
ਚਾਹੀਦਾ! ਉਹਨਾਂ ਅਨੁਸਾਰ ਕਹਾਣੀ ਦੀ ਮੂਲ-ਸੁਰ ਬਿਲਕੁਲ ਠੀਕ ਸੀ ਤੇ ਗੱਲ ਭਾਵੇਂ
‘ਚੀਨ-ਪੱਖੀਆਂ’ ‘ਤੇ ਵਿਅੰਗ ਵਾਲੀ ਵੀ ਠੀਕ ਸੀ, ਪਰ ਫ਼ਿਰ ਵੀ ਇਹ ‘ਆਪਣੀ ਗੱਲ’ ਸੀ। ਆਪਣੇ
ਉੱਤੇ ਆਪ ਹੀ ਉਂਗਲ ਕਿਉਂ ਉਠਾਣੀ ਹੋਈ? ਹੋਰ ਤਾਂ ਉਠਾਉਂਦੇ ਹੀ ਹਨ!
ਮੈਨੂੰ ਯਾਦ ਹੈ ਕਿ ਹਰਭਜਨ ਹਲਵਾਰਵੀ ਤੇ ਕੁੱਝ ਹੋਰ ਦੋਸਤਾਂ ਨੇ ਮੇਰੇ ਹੱਕ ਵਿੱਚ ਬੋਲਦਿਆਂ
ਇਸ ਕਹਾਣੀ ਦੇ ਹਵਾਲੇ ਨਾਲ ‘ਲੇਖਕ ਦੀ ਪ੍ਰਤੀਬੱਧਤਾ’ ਦੇ ਮਸਲੇ ਨੂੰ ਨਿਖਾਰਣ ਦੀ ਕੋਸ਼ਿਸ਼
ਕੀਤੀ ਸੀ। ਅੰਤਮ ਤੌਰ ਤੇ ਇੱਕ ਸਾਂਝੀ ਰਾਇ ਇਹ ਬਣੀ ਸੀ ਕਿ ਲੇਖਕ ਦੀ ਪ੍ਰਤੀਬੱਧਤਾ ਕਿਸੇ
ਪਾਰਟੀ ਦੇ ਤਤਕਾਲੀ ਏਜੰਡੇ ਨਾਲ ਨਾ ਹੋ ਕੇ ਸਮੇਂ ਦੇ ਗਤੀਸ਼ੀਲ ਸੱਚ ਅਤੇ ਲੇਖਕ ਦੀ ਅੰਦਰਲੀ
ਈਮਾਨਦਾਰੀ ਨਾਲ ਹੋਣੀ ਚਾਹੀਦੀ ਹੈ। ਇਸ ਸੱਚ ਅਤੇ ਈਮਾਨਦਾਰੀ ਦੇ ਰੂਬਰੂ ਭਾਵੇਂ ਉਸ ਲੇਖਕ ਦੀ
ਪਾਰਟੀ ਹੋਵੇ ਤੇ ਭਾਵੇਂ ਉਸਦਾ ਆਪਣਾ ਪਰਿਵਾਰ ਜਾਂ ਆਪਣਾ ਕਿਰਦਾਰ, ਉਸਨੂੰ ਸੱਚ ਬੋਲਣੋਂ
ਨਹੀਂ ਹਿਚਕਚਾਉਣਾ ਚਾਹੀਦਾ। ਸਗੋਂ ਉਸਦੀ ਲੇਖਕੀ-ਵਡਿਆਈ ਦੀ ਪਛਾਣ ਇਸੇ ਸਾਹਿਤਕ-ਸਿਆਣਪ
ਵਿਚੋਂ ਹੋਵੇਗੀ।
ਮੇਰੀ ਸਾਹਿਤਕ-ਸੋਚ ਵਿੱਚ ਤਬਦੀਲੀ ਤਾਂ ਵਾਪਰ ਰਹੀ ਸੀ ਪਰ ਅਜੇ ਵੀ ਮੈਂ ਸਮਝਦਾ ਸਾਂ ਕਿ
ਹੋਰਨਾਂ ਸਰੋਕਾਰਾਂ ਨਾਲੋਂ ਸਾਹਿਤ ਵਿੱਚ ਰਾਜਸੀ ਸਰੋਕਾਰਾਂ ਨੂੰ ਮੁਖ਼ਾਤਬ ਹੋਣਾ ਵਧੇਰੇ
ਜ਼ਰੂਰੀ ਹੈ। ਸਿਆਸੀ ਤਬਦੀਲੀ ਨਾਲ ਹੀ ਸਮਾਜਕ-ਮਨੁੱਖੀ ਜੀਵਨ ਵਿੱਚ ਵਿਆਪਕ ਤਬਦੀਲੀ ਦਾ
ਵਾਪਰਨਾ ਸੰਭਵ ਹੈ। ਇਸੇ ਲਈ ਜਦੋਂ ਮੈਨੂੰ ਗੁਰਸ਼ਰਨ ਸਿੰਘ ਨੇ ਕਿਹਾ ਕਿ ਮੈਂ ਬਲਰਾਜ ਸਾਹਨੀ
ਯਾਦਗ਼ਾਰੀ ਪੁਸਤਕਾਲੇ ਵਾਸਤੇ ਨਵੀਂ ਲਿਖੀ ਜਾ ਰਹੀ ਕਹਾਣੀ ਦਾ ਸੰਗ੍ਰਹਿ ਸੰਪਾਦਿਤ ਕਰਾਂ ਤਾਂ
ਮੈਂ ਰਾਜਸੀ ਸੁਨੇਹੇ ਵਾਲੀਆਂ ਕਹਾਣੀਆਂ ਦੀ ਚੋਣ ਹੀ ਕੀਤੀ। ‘ਕਰਵਟ’ ਨਾਂ ਦੇ ਇਸ
ਕਹਾਣੀ-ਸੰਗ੍ਰਹਿ ਵਿੱਚ ਛਪਣ ਵਾਲੀਆਂ ਕਹਾਣੀਆਂ ਵਿੱਚ ਮੇਰੇ ਤੋਂ ਸੀਨੀਅਰ ਕਥਾਕਾਰਾਂ ਵਿਚੋਂ
ਜਸਵੰਤ ਸਿੰਘ ਵਿਰਦੀ ਦੀ ‘ਘਰ’, ਗੁਰਬਚਨ ਸਿੰਘ ਭੁੱਲਰ ਦੀ ‘ਤਾਮਰ-ਪੱਤਰ’ ਤੇ ਗੁਰਵੇਲ ਪੰਨੂੰ
ਦੀ ਕਹਾਣੀ ਵੀ ਸੀ ਤੇ ਮੇਰੇ ਸਮਕਾਲੀ ਅਤਰਜੀਤ, ਬੂਟਾ ਰਾਮ ਤੇ ਹੋਰ ਲੇਖਕਾਂ ਦੀਆਂ ਕਹਾਣੀਆਂ
ਵੀ ਸਨ। ਇਹਨਾਂ ਕਹਾਣੀਆਂ ਦੀ ਵਿਸ਼ੇਸ਼ਤਾ ਇਹ ਸੀ ਕਿ ਇਹਨਾਂ ਵਿੱਚ ਸੁਨੇਹੇ ਦੀ ਥਾਂ ਕਲਾ ਦੀ
ਪਰਮੁੱਖਤਾ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ। ਸਿਆਸੀ ਸਰੋਕਾਰਾਂ ਦੇ ਬਾਵਜੂਦ ਇਹ ਕਹਾਣੀਆਂ
ਨਿਪਟ ਪਰਚਾਰ ਕਰਨ ਵਾਲਾ ਨਾਅ੍ਹਰਾ ਨਹੀਂ ਸਨ। ਇਸਤਰ੍ਹਾਂ ਦੀ ਕਹਾਣੀ ਨੂੰ ਪੁਸਤਕ ਰੂਪ ਵਿੱਚ
ਸਾਹਮਣੇ ਲਿਆ ਕੇ ਮੈਂ ਕਹਾਣੀ ਵਿੱਚ ਇੱਕ ਨਵੇਂ ਰੁਝਾਨ ਦੀ ਸ਼ੁਰੂਆਤ ਅਤੇ ਸਥਾਪਤੀ ਦਾ ਤਲਬਗ਼ਾਰ
ਸਾਂ। ਇਸੇ ਕਰਕੇ ਇਸ ਸੰਗ੍ਰਹਿ ਦਾ ਨਾਂ ‘ਕਰਵਟ’ ਰੱਖਿਆ ਗਿਆ। ਇਸ ਵਿੱਚ ਹੀ ਮੇਰੀ ਕਹਾਣੀ
‘ਅਸਲੀ ਤੇ ਵੱਡੀ ਹੀਰ’ ਸ਼ਾਮਲ ਸੀ। ਇਸ ਕਹਾਣੀ ਰਾਹੀਂ ਮੈਂ ਦ੍ਰਿਸ਼ਟੀਗਤ ਪੱਧਰ ‘ਤੇ ਨਵੀਂ
ਕਰਵਟ ਲਈ ਸੀ ਅਤੇ ਵਕਤੀ ਕਿਸਮ ਦੀ ‘ਪਾਰਟੀ ਪ੍ਰਤੀਬੱਧਤਾ’ ਤੋਂ ਉੱਪਰ ਉੱਠ ਕੇ ਵਿਆਪਕ ਅਰਥਾਂ
ਵਾਲੀ ‘ਪ੍ਰਤੀਬੱਧਤਾ’ ਨੂੰ ਹੁੰਗਾਰਾ ਭਰਿਆ ਸੀ।
ਅਜੇ ਵੀ ਮੇਰਾ ਖ਼ਿਆਲ ਸੀ ਕਿ ਨਿਰੋਲ ਮਾਨਸਿਕ ਘੁਣਤਰਾਂ ਵਾਲੀ ਤੇ ਔਰਤ-ਮਰਦ ਸੰਬੰਧਾਂ ਦਵਾਲੇ
ਬੁਣੀ ਮਨੋਵਿਗਿਆਨਕ ਕਿਸਮ ਦੀ ਕਹਾਣੀ ਲਿਖੀ ਜਾਣਾ ਉਸ ਸਮੇਂ ਦੀ ਲੋੜ ਨਹੀਂ ਸੀ।
-0-
|