Welcome to Seerat.ca
Welcome to Seerat.ca

ਗਦਰੀ ਬਾਬਿਓ, ਪਰਤ ਕੇ ਵੇਖਿਓ ਜੇ

 

- ਪਸ਼ੌਰਾ ਸਿੰਘ ਢਿਲੋਂ

ਨਾਵਲ ਅੰਸ਼ / ਇੰਗਲਿਸਤਾਨੀ

 

- ਹਰਜੀਤ ਅਟਵਾਲ

ਗੁੰਡਾ

 

- ਰੂਪ ਢਿਲੋਂ

ਭਾਨ ਲੈਣਾ ਦੀਵਾਨ ਵਿਚੋਂ

 

- ਸੰਤੋਖ ਸਿੰਘ

ਸਾਡੇ ਲਈ ਪ੍ਰੇਰਨਾਸ੍ਰੋਤ ਜੁਝਾਰੂ ਇਨਸਾਨ: ਮਾਰਟਿਨ ਲੂਥਰ ਕਿੰਗ

 

- ਮਲਿਕਾ ਮੰਡ

ਮਾਣਕ ਬਨਾਮ ਚਮਕੀਲਾ:‘ਜੀਜਾ ਲੱਕ ਮਿਣ ਲੈ...’

 

- ਐੱਸ ਅਸ਼ੋਕ ਭੌਰਾ

ਸਾਹਿਤਕ ਸਵੈਜੀਵਨੀ / ਆਤਮ-ਮੰਥਨ ਤੇ ‘ਰਾਜਨੀਤਕ ਚੇਤਨਾ’ ਦੀ ਕਹਾਣੀ

 

- ਵਰਿਆਮ ਸਿੰਘ ਸੰਧੂ

ਮੌਤ ਨਾਲ ਗੱਲਾਂ

 

- ਜਰਨੈਲ ਸਿੰਘ ਗਰਚਾ

ਸਭਿਆਚਾਰ ਤੇ ਸਭਿਆਚਾਰਕ ਸਾਮਰਾਜ

 

- ਡਾ. ਨਰਿੰਦਰਪਾਲ ਸਿੰਘ

‘ਹਸੰਦਿਆਂ ਖੇਲੰਦਿਆਂ’ ਨੂੰ ਪੜ੍ਹਕੇ ਚੇਤਾ ਆਇਆ

 

- ਹਰਭਜਨ ਕੌਰ ਗਿੱਲ

‘ਹੱਲੇ ਹੈ ਸੁਰਮਾ ਗੁਆਚ ਗਈ ਸੁਰਮੇਦਾਨੀ‘

 

- ਲਾਡੀ ਸੁਖਜਿੰਦਰ ਕੌਰ ਭੁੱਲਰ

ਘਰ ਦੇ ਜੀਆਂ ਵਰਗੇ ਇੱਕ ਯਾਦ

 

- ਹਰਭਜਨ ਕੌਰ ਗਿੱਲ

ਲਿਖੀ-ਜਾ-ਰਹੀ ਸਵੈ-ਜੀਵਨੀ 'ਬਰਫ਼ ਵਿੱਚ ਉਗਦਿਆਂ' 'ਚੋਂ / ਚੰਗਾ ਬਈ, ਪੰਜਾਬ!

 

- ਇਕਬਾਲ ਰਾਮੂਵਾਲੀਆ

ਹੁੰਗਾਰੇ

 

Online Punjabi Magazine Seerat


‘ਹਸੰਦਿਆਂ ਖੇਲੰਦਿਆਂ’ ਨੂੰ ਪੜ੍ਹਕੇ ਚੇਤਾ ਆਇਆ
- ਹਰਭਜਨ ਕੌਰ ਗਿੱਲ
 

 

ਸੱਚ ਹੀ ਸਿਆਣਿਆਂ ਨੇ ਕਿਹਾ ਹੈ( ਹੱਸਣੇ ਸੋ ਘਰ ਵੱਸਣੈ) ਪਹਿਲਾਂ ਤਾਂ ਇਸ ਪੁਸਤਕ ਦਾ ਟਾਈਟਲ ਕਵਰ ਦੇਖ ਕੇ ਹੀ ਰੂਹ ਧੁਰ ਤੱਕ ਖੁਸ਼ ਹੋ ਜਾਂਦੀ ਹੈ। ਕਿਉਂਕਿ ਸਰਵਣ ਸਿੰਘ ਹੱਸ ਹੀ ਰੂਹ ਨਾਲ ਰਹੇ ਹਨ।ਇਹੋ ਜਿਹਾ ਹਾਸਾ ਵੀ ਇਨਸਾਨ ਨੂੰ ਕਦੇ ਕਦਾਈਂ ਹੀ ਨਸੀਬ ਹੁੰਦਾ ਹੈ। ਜਦੋ ਹੱਸਦੇ ਹੱਸਦੇ ਅੱਖਾਂ ਚੋਂ ਖੁਸ਼ੀ ਨਾਲ ਅੱਥਰੂ ਵਹਿਣ ਲੱਗਦੇ ਹਨ। ਪਹਿਲੀ ਨਜ਼ਰੇ ਤਾਂ ਇਹ ਸੱਚ ਨਹੀਂ ਆਉਂਦਾ ਕਿ ਇਕ ਸਾਧਾਰਨ ਦਿੱਖ ਵਾਲਾ ਸਰਦਾਰ ਵੀ ਏਨਾ ਡੂੰਘਾ ਲਿਖਾਰੀ ਹੋ ਸਕਦਾ ਹੈ। ਲਿਖਤ ਵਿੱਚ ਏਨੀ ਰਵਾਨੀ ਫਿਰ ਕੋਈ ਬਨਾਵਟੀ ਪਨ ਨਹੀਂ ਹੈ, ਸੱਚੀਆਂ ਸੁੱਚੀਆ ਗੱਲਾਂ ਸਾਧਾਰਨ ਭਾਸ਼ਾ ਵਿੱਚ, ਇਹ ਤਾਂ ਕੋਈ ਪਂੇਡੂੰ ਜੱਟ ਹੀ ਕਰ ਸਕਦਾ ਹੈ। ਇਹ ਸੱਚ ਹੈ ਕਿ “ਪਿੰਡਾਂ ਵਿੱਚ ਰੱਬ ਵੱਸਦਾ” ਪਿੰਡਾਂ ਵਾਲੇ ਜਿਨਾਂ ਮਰਜ਼ੀ ਪੜ੍ਹ ਲਿਖ ਜਾਣ ਪਰ ਉਹ ਬਨਾਵਟੀ ਜੀਵਨ ਜਾਂਚ ਤੋਂ ਦੂਰ ਹੀ ਰਹਿੰਦੇ ਹਨ, ਬਨਾਵਟੀ ਜੀਵਨ ਉਹ ਜੀਅ ਹੀ ਨਹੀਂ ਸਕਦੇ। ਖੁੱਲੀ ਡੁੱਲੀ ਗੱਲ –ਬਾਤ, ਖਾਣ ਪੀਣ, ਖੇਡਣ-ਮੱਲਣ, ਇਹੀ ਪਿੰਡ ਦੇ ਲੋਕਾਂ ਦੀ ਚੰਗੀ ਸਿਹਤ ਦਾ ਰਾਜ਼ ਸੀ। ਚਾਹੇ ਹੁਣ ਬਹੁਤ ਕਮੀਆਂ ਆ ਗਈਆਂ ਹਨ, ਪਰ ਉਹ ਪਹਿਲੇ ਸਮੇਂ ਦਾ ਸੋਚ ਕੇ ਰੂਹ ਸ਼ਰਸ਼ਾਰ ਹੋ ਉੱਠਦੀ ਹੈ। ਸਰਵਣ ਸਿੰਘ ਹੋਰਾਂ ਨੇ ਆਪਣੇ ਬਚਪਨ ਦੇ ਛੱਣ ਛੱਣ ਕਰਦੇ ਸਗਲਿਆਂ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਬਿਰਤਾਂਤ ਬਾਖੂਬੀ ਚਿਤਰਿਆ ਹੈ। ਲਿਖਿਆ ਤਾਂ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣਾ ਜੀਵਨ ਹੈ, ਪਰ ਹਸੰਦਿਆਂ ਖੇਲੰਦਿਆਂ ਕਿਤਾਬ ਪੜ੍ਹਦੇ ਹੋਏ ਇਉਂ ਮਹਿਸੂਸ਼ ਹੁੰਦਾ ਹੈ ਜਿਵੇਂ ਮੈਂ ਆਪਣਾ ਹੀ ਬੀਤਿਆ ਜੀਵਨ ਦੇਖ ਰਹੀਂ ਹੋਵਾਂ। ਉਹ ਪੁਰਾਣੀਆਂ ਯਾਦਾਂ ਮੁੜ ਤਾਜ਼ਾ ਹੋ ਗਈਆਂ ਹਨ । ਮੈਨੁੰ ਯਾਦ ਆ ਰਿਹਾ ਹੈ, ਕਿ ਜਦ ਅਸੀਂ ਸਾਰੀਆਂ ਅਧਿਆਪਿਕਾਵਾਂ ਰਲ ਬੈਠਦੀਆਂ ਸੀ ਤਾਂ ਕੋਈ ਅਜਿਹੀ ਗੱਲ ਹੋ ਜਾਂਦੀ ਸੀ, ਕਿ ਹੱਸਦਿਆਂ ਹੱਸਦਿਆਂ ਅੱਖਾਂ ਵਿਚੋਂ ਅੱਥਰੂ ਵਹਿਣ ਲੱਗ ਜਾਂਦੇ ਸਨ। ਇਹ ਖੇਤੀ ਬਾੜੀ ਦੀਆਂ ਗੱਲਾਂ, ਊਠ, ਘੋੜੀਆਂ, ਮੱਝਾਂ, ਗਾਵਾਂ, ਵਾਲਾ ਬਰਕਤ ਭਰਿਆਂ ਘਰ, ਐਸਾ ਜੀਵਨ ਮੈਂ ਆਪਣੇ ਪੇਕੇ ਘਰ ਜੀਵਿਆ ਹੈ। ਮੈਂ ਅਜੇ ਮਸਾਂ ਅੱਠ ਦੱਸ ਸਾਲ ਦੀ ਹੀ ਹੋਵਾਂਗੀ, ਭਾਪਾ ਜੀ ਕਹਿੰਦੇ ਪੁੱਤ ਜਾਹ ਖੇਤ ਵੀਰ ਨੂੰ ਕਹਿ ਘੋੜੀ ਘਰ ਭੇਜ ਦੇਵੇ, ਮੈਂ ਖਾਲੜੇ ਜਾਣਾ ਹੈ, ਉਸ ਵਕਤ ਲੋਕ ਘੋੜੀਆਂ ਜਾਂ ਸਾਈਕਲਾਂ ਤੇ ਹੀ ਜਾਂਦੇ ਸਨ। ਮੈਂ ਦੌੜੀ ਦੌੜੀ ਖੇਤ ਗਈ, ਹੈ ਤਾਂ ਛੋਟੀ ਸੀ ਪਰ ਕੁਦਰਤ ਵਲੋਂ ਹੀ ਹੋਸਲਾ ਬੁਲੰਦ ਸੀ। ਮੈਂ ਸੋਚਿਆ ਕਿ ਵੀਰ ਨੂੰ ਕੀ ਕਹਿਣਾ ਹੈ, ਘੋੜੀ ਖੂਹ ਦੇ ਚੱਕਰ ਨਾਲ ਬੱਨ੍ਹੀ ਹੋਈ ਸੀ, ਖੇਤਾਂ ਵਿੱਚ ਬਹੁਤ ਵੱਡੇ ਵੱਡੇ ਖੂਹ ਹੋਇਆ ਕਰਦੇ ਸਨ, ਵੱਡੀਆਂ, ਵੱਡੀਆਂ ਟਿੱਡਾਂ, ਬਲਦ ਸਾਰਾ ਦਿਨ ਖੂਹ ਗੇੜਦੇ ਰਹਿੰਦੇ ਸਨ ਤੇ ਪੈਲੀਆਂ ਨੂੰ ਪਾਣੀ ਦਿੱਤੇ ਜਾਂਦੇ ਸਨ। ਸੋ ਮੈਂ ਖੂਹ ਦੇ ਚਕਰ ਤੇ ਚੜ੍ਹ ਕੇ ਹੌਲੀ ਜੇਹੀ ਰੱਸਾ ਖੋਲ੍ਹ ਕੇ ਘੋੜੀ ਦੀ ਪਿੱਠ ਤੇ ਬੈਠ ਗਈ, ਤਾਂ ਘੋੜੀ ਬੜੇ ਆਰਾਮ ਨਾਲ ਮੈਂਨੂੰ ਘਰ ਲੈ ਆਈ, ਉਹੋ ਹੀ ਘੋੜੀ ਕਈ ਬਿਗਾਨੇ ਆਦਮੀਆਂ ਨੂੰ ਸੁੱਟ ਕੇ ਆ ਜਾਂਦੀ ਸੀ, ਉਹ ਘੋੜੀ ਦੀ ਕਾਠੀ ਜਾਂ ਤਾਹਰੂ ਚੁੱਕੀ ਤੁਰੇ ਆਉਂਦੇ ਹੁੰਦੇ ਸੀ। ਜਦ ਮੈਂ ਘਰ ਪਹੁੰਚੀ ਤਾਂ ਭਾਪਾ ਜੀ ਬਹੁਤ ਖੁਸ਼ ਹੋਏ, ਕਹਿੰਦੇ ਕਾਸ਼ ਕਿ ਤੂੰ ਵੀ ਮੇਰਾ ਪੁੱਤ ਹੁੰਦੀ। ਊਠ ਤੇ ਘੋੜੀਆਂ ਉਸ ਸਮੇਂ ਦੀ ਮੁੱਖ ਲੋੜ ਹੁੰਦੀ ਸੀ। ਊਠਾਂ ਤੇ ਕਾਮੇ ਪੱਠੈ ਲਿਆਉਂਦੇ ਤੇ ਘੋੜੀਆਂ ਆਉਣ ਜਾਣ ਦੇ ਕੰਮ ਆਉਂਦੀਆਂ ਸਨ। ਮੈਨੂੰ ਯਾਦ ਹੈ ਜਦ ਸਾਡੀ ਮਾਂ ਨੇ ਪੇਕੇ ਜਾਣਾ ਹੁੰਦਾ ਸੀ ਤਾਂ ਘੋੜੀ ਤੇ ਹੀ ਜਾਂਦੇ ਸਨ ।ਉਨ੍ਹਾਂ ਘੋੜੀ ਤੇ ਬੈਠ ਜਾਣਾ, ਲਾਗੀ ਨੇ ਅੱਗੇ ਅੱਗੇ ਤੁਰੇ ਜਾਣਾ ਤੇ ਘੋੜੀ ਨੇ ਆਪਣੀ ਚਾਲੇ ਪਿੱਛੇ ਪਿੱਛੇ ਤੁਰੀ ਜਾਣਾ। ਘੋੜੀਆਂ ਤਾਂ ਅਜੇ ਵੀ ਘਰੀਂ ਹਨ, ਪਰ ਊਠ ਹੁਣ ਕਿਸੇ ਘਰ ਨਜ਼ਰ ਨਹੀਂ ਆਉਂਦਾ, ਊਠਾਂ ਦਾ ਕੰਮ ਹੁਣ ਗੱਡਿਆਂ ਤੇ ਟਰੈਕਟਰ ਟਰਾਲੀਆਂ ਨੇ ਲੈ ਲਿਆ ਹੈ। ਊਠ ਨੂੰ ਬੋਤਾ ਵੀ ਕਹਿੰਦੇ ਹਨ , ਇਸ ਦੀ ਸਵਾਰੀ ਦਾ ਆਪਣਾ ਹੀ ਮਜ਼ਾ ਹੁੰਦਾ ਸੀ, ਜਿਵੇਂ ਇਕ ਗਾਣੇ ਵਿੱਚ ਨਵ-ਵਿਆਹੀ ਲੜਕੀ ਜੋ ਆਪਣੇ ਘਰਵਾਲੇ ਨਾਲ ਬੋਤੇ ਤੇ ਜਾ ਰਹੀ ਸੀ ਕਹਿੰਦੀ ਹੈ,
ਵੇ ਬੋਤਾ ਹੌਲੀ ਤੋਰ ਮਿੱਤਰਾ,ਮੇਰਾ ਨਰਮ ਕਾਲਜ਼ਾ ਧੜਕੇ,
ਨੀ ਕਾਲਜ਼ੇ ਨੂੰ ਬੈਠ ਫੜਕੇ, ਬੋਤਾ ਹੋਲੀ ਨਾ ਤੁਰਨ ਮੇਰਾ ਜਾਣੇ।
ਮੈਨੂੰ ਯਾਦ ਹੈ ਕਿ ਅੱਜ ਤੋਂ ਕੋਈ ਬਾਈ ਤੇਈਂ ਸਾਲ ਪਹਿਲਾਂ ਮੇਰਾ ਬੇਟਾ ਤੇ ਮੇਰਾ ਭਤੀਜਾ ਊਠ ਤੇ ਬੈਠ ਕੇ ਚਾਂਈ ਚਾਂਈ ਖੇਤਾਂ ਨੂੰ ਜਾਣ ਲੱਗੇ, ਵਾਗੀ ਨੇ ਊਠ ਦੀ ਮੁਹਾਰ ਫੜੀ ਹੋਈ ਸੀ। ਜਦ ਊਠ ਉੱਠਦਾ ਹੈ ਤਾਂ ਬੜਾ ਅਜੀਬ ਜਿਹਾ ਹੁਲਾਰਾ ਵੱਜਦਾ ਹੈ। ਇਕ ਦਮ ਅੱਗੇ ਨੂੰ ਹੋ ਕੇ, ਪਿੱਛੇ ਨੂੰ ਹੋਣਾ। ਜਿਸ ਵੇਲੇ ਊਠ ਉਠਿਆ, ਹੁਲਾਰੇ ਦੇ ਨਾਲ ਦੋਵੇਂ ਬੱਚੇ ਊਠ ਤੋਂ ਥੱਲੇ ਡਿੱਗ ਪਏ, ਇਨਾਂ ਸ਼ੁਕਰ ਕਿ ਦੋਹਾਂ ਨੇ ਮੋਟੇ ਫੁਲਵੇਂ ਜਿਹੇ ਕੋਟ ਪਾਏ ਹੋਏ ਸਨ, ਨਹੀਂ ਤਾਂ ਕੋਈ ਜਿ਼ਆਦਾ ਸੱਟ ਵੀ ਲੱਗ ਸਕਦੀ ਸੀ। ਕਹੋਗੇ ਲਿਖਦੀ ਤਾਂ ਪ੍ਰਿੰਸੀਪਲ ਸਰਵਣ ਦੀ ਕਿਤਾਬ ਬਾਰੇ ਹੈ ਪਰ ਗੱਲਾਂ ਆਪ ਬੀਤੀਆਂ ਕਰੀ ਜਾਂਦੀ ਹੈ।ਪਰ ਇਹ ਕਿਤਾਬ ਵੀ ਅਜੇਹੀਆਂ ਗੱਲਾਂ ਨਾਲ ਭਰੀ ਪਈ ਹੈ ਕਿ ਤੁਹਾਡੀਆਂ ਯਾਦਾ ਵੀ ਨਾਲ ਨਾਲ ਚਲਦੀਆਂ ਹਨ। ਘਰਾਂ ਦੇ ਵਿਹੜਿਆਂ ਵਿੱਚ ਖੂਹੀਆਂ ਹੁੰਦੀਆਂ ਸਨ।ਖ਼ਰਬੂਜਿਆਂ ਦੀ ਰੁੱਤੇ ਜਦ ਖੇਤਾਂ ਵਿਚੋਂ ਖ਼ਰਬੂਜੇ ਆਉਂਦੇ ਤਾਂ ਖੂਹੀਆਂ ਵਿੱਚ ਸੁੱਟ ਦਿੱਤੇ ਜਾਂਦੇ ਕਿ ਸ਼ਾਮ ਵੇਲੇ ਠੰਡੇ ਹੋਣ ਦੇ ਬਾਦ ਖਾਵਾਂਗੇ, ਖਰਬੂਜੇ ਪਾਣੀ ਦੇ ਉਪਰ ਤੇਰਦੇ ਰਹਿੰਦੇ ਸਨ। ਬੱਚੇ ਚਾਂਈ ਚਾਂਈ ਭੌਣੀ ਗੇੜ ਗੇੜ ਕੇ ਪਾਣੀ ਦੇ ਡੋਲ ਭਰ ਭਰ ਕੱਢਦੇ ਸਨ । ਖੂਹੀਆਂ ਸਾਵਣ ਮਹੀਨੇ ਵਿੱਚ ਉਪਰ ਤੱਕ ਪਾਣੀ ਨਾਲ ਭਰ ਜਾਦੀਆਂ ਸਨ, ਉਪਰੋਂ ਹੀ ਪਾਣੀ ਦਾ ਬੁੱਕ ਭਰ ਲਈਦਾ ਸੀ, ਇੱਕ ਵੇਰ ਮੈਂ ਤੇ ਮੇਰੀ ਛੋਟੀ ਭੈਣ ਦੋਵੇਂ ਹੀ ਲਮਕ ਲਮਕ ਕੇ ਪਾਣੀ ਕੱਢ ਰਹੀਆਂ ਸਾਂ, ਕਿ ਮੈਂ ਖੂਹੀ ਵਿੱਚ ਡਿੱਗ ਪਈ, ਛੋਟੀ ਭੈਣ ਨੇ ਡਰਦੀ ਨੇ ਕਿਸੇ ਨੂੰ ਘਰ ਦੱਸਿਆ ਹੀ ਨਾ, ਖੂਹੀ ਹੈ ਤਾਂ ਘਰ ਦੇ ਵਿਹੜੈ ਵਿੱਚ ਹੀ ਸੀ, ਪਰ ਘਰ ਤੋਂ ਕੁਝ ਦੂਰੀ ਡਿਊਢੀ ਵਾਲੇ ਪਾਸੇ ਸੀ, ਕੋਈ ਕੁਦਰਤ ਵਲੋਂ ਹੀ ਅਜੇ ਜਿੰਦਗੀ ਸੀ ਕਿ ਜਦੋਂ ਮੈਂ ਖੂਹੀ ਵਿੱਚ ਡਿੱਗੀ ਤਾਂ ਇਕ ਦਮ ਜਦ ਉਪਰ ਨੂੰ ਆਈ ਤਾਂ ਮੇਰਾ ਹੱਥ ਡੋਲ ਨੂੰ ਪੈ ਗਿਆ, ਮੈਂ ਡੋਲ ਤੇ ਚੜ੍ਹ ਕੇ ਬੈਠ ਗਈ ਤੇ ਉੱਚੀ ਉੱਚੀ ਰੋਣਾ ਸੁਰੂ ਕਰ ਦਿੱਤਾ ਪਰ ਘਰ ਕੋਈ ਆਵਾਜ਼ ਸੁਣੇ ਹੀ ਨਾ। ਕਾਫ਼ੀ ਦੇਰ ਬਾਅਦ ਸ਼ਾਹਸੀਆਂ ਦੀ ਕੁੜੀ ਲੱਸੀ ਲੈਣ ਆਈ ਤਾਂ ਖੂਹੀ ਕੋਲੋ ਲੱਘਦੀ ਨੇ, ਮੇਰੀ ਰੋਂਦੀ ਦੀ ਆਵਾਜ਼ ਸੁਣੀ, ਜਦ ਉਸ ਖੂਹੀ ਵਿੱਚ ਝਾਤੀ ਮਾਰੀ ਤਾਂ ਉਸ ਰੌਲਾ ਪਾਇਆ ਕਿ ਹਾਏ ਬੀਬੀ ਜੀ ਤੁਹਾਡੀ ਕੁੜੀ ਤਾਂ ਖੂਹੀ ਵਿੱਚ ਡਿੱਗੀ ਪਈ ਹੈ ਹਫ਼ੜਾ ਦਫ਼ੜੀ ਮੱਚੀ, ਪਰ ਆਦਮੀ ਕੋਈ ਘਰ ਨਾ, ਫਿ਼ਰ ਸਾਡਾ ਮਹਿਰਾ ਸਿੰਘ ਬੱਚਨ ਸਿੰਘ ਰੱਸਾ ਲੱਕ ਨੂੰ ਬਨ੍ਹ ਕੇ ਖੂਹੀ ਵਿੱਚ ਉਤਰਿਆ ਤੇ ਮੋਢਿਆਂ ਤੇ ਮੈਨੂੰ ਬਿਠਾ ਕੇ ਬਾਹਰ ਕੱਢ ਲਿਆਇਆ, ਨਹੀਂ ਤਾਂ ਬਚਪਨ ਵਿੱਚ ਹੀ ਭੋਗ ਪੈ ਜਾਣਾ ਸੀ ਅੱਜ ਲਿਖਦੀ ਨਾ ਹੁੰਦੀ । ਸੋ ਕਈ ਘਟਨਾਵਾਂ ਮੌਤ ਦੇ ਮੂੰਹ ਵਿੱਚੋਂ ਵੀ ਮੋੜ ਲੈ ਆਉਂਦੀਆਂ ਹਨ ।
ਉਹ ਖੁੱਲੇ ਡੁੱਲੇ ਸੁਭਾਅ, ਉਹ ਖੁੱਲੇ ਡੁੱਲੇ ਜੁੱਸੇ, ਖੁੱਲਾ ਖਾਣ ਪੀਣ, ਸੋਹਣੀ ਡੀਲ ਡੌਲ, ਚਾਰ ਚੁਫੇਰੇ ਹਾਸੇ ਹੀ ਹਾਸੇ, ਅੱਜ ਘੱਟ ਹੀ ਨਜ਼ਰ ਆਉਂਦੇ ਹਨ । ਮੈਂ ਤਿੰਨ ਚਾਰ ਸਾਲ ਦੀ ਸੀ ਮੋਟੀ ਤਾਜ਼ੀ ਤੇ ਮਜ਼ਬੂਤ, ਤਾਇਆ ਜੀ ਦਾ ਲੜਕਾ ਮੇਰਾ ਹਾਣੀ ਸੀ,ਤਾਇਆ ਜੀ ਹੋਰਾਂ ਪਰਾਲੀ ਇੱਕ ਨੁੱਕਰੇ ਸੁੱਟਵਾਈ ਹੋਈ ਸੀ, ਮੈਨੂੰ ਆਵਾਜ਼ ਦੇਣੀ ਕਿ ਆ ਗਾਮਿਆਂ ਹੁਣ ਤੁਹਾਡਾ ਘੋਲ ਹੋਣਾ ਹੈ, ਮੈਂ ਤਾਇਆ ਜੀ ਦੇ ਲੜਕੇ ਨੂੰ ਢਾਹ ਲਂੈਦੀ ਸੀ, ਇਸੇ ਕਰਕੇ ਗਾਮਾ ਗਾਮਾ ਕਹਿ ਕੇ ਮੈਨੂੰ ਮੋਢਿਆਂ ਤੇ ਚੁੱਕੀ ਫਿਰਦੇ ਸਨ। ਇਹ ਤਾਂ ਮੈਨੂੰ ਬਾਦ ਵੱਡੀ ਹੋ ਕੇ ਪਤਾ ਲੱਗਾ ਕਿ ਗਾਮਾ ਲਾਹੌਰ ਵਿੱਚ ਵੱਡਾ ਭਲਵਾਨ ਮਸ਼ਹੂਰ ਸੀ। ਸੋ ਇਹੋ ਜਿਹੇ ਬਚਪਨਾਂ ਦੇ ਖੁੱਲੇ ਡੁੱਲੇ ਮਾਹੋਲ ਦਿਲ ਦਰਿਆਵਾਂ ਨੂੰ ਤ੍ਰਿਪਤ ਕਰਦੇ ਸਨ, ਇੱਕ ਹੂਕ ਜੇਹੀ ਅੰਦਰੋਂ ਉੱਠਦੀ ਹੈ।
ਕਿਥੇ ਗਏ ਅੱਜ ਉਹੋ ਜਿਹੇ ਨਜ਼ਾਰੇ, ਫਿਰਦੇ ਨੇ ਸੱਭੇ ਮਾਰੇ ਹੀ ਮਾਰੇ,
ਨਾ ਰੌਣਕ ਨਾ ਚਿਹਰੇ ਤੇ ਹਾਸਾ, ਲੱਗਦਾ, ਪੈ ਗਿਆ ਪੁੱਠਾ ਹੀ ਪਾਸਾ।
ਇਸ ਮਸ਼ੀਨੀ ਯੁੱਗ ਵਿੱਚ ਕੰਮ ਤਾਂ ਜਲਦੀ ਹੋ ਰਹੇ ਹਨ, ਦਿਮਾਗ ਵੀ ਵੱਡੇ ਹੋ ਗਏ ਹਨ, ਕੁਦਰਤ ਨਾਲ ਖਿ਼ਲਵਾੜ ਵੀ ਬਹੁਤ ਹੋ ਰਿਹਾ ਹੈ, ਜਿਸਦੇ ਨਤੀਜ਼ੇ, ਬੰਦਾ ਭੁਗਤ ਵੀ ਰਿਹਾ ਹੈ, ਪਰ ਉਹ ਚਿਹਰਿਆ ਦਾ ਭੋਲਾ-ਪਨ, ਸੱਚੀ ਸੁੱਚੀ ਜੀਵਨ ਜਾਂਚ ਗੁੰਮ ਹੈ।ਇਹ ਸਭ ਗੱਲਾਂ ਭਾ-ਜੀ ਸਰਵਣ ਸਿੰਘ ਹੋਰਾਂ ਦੀ ਕਿਤਾਬ ਨੇ ਹੀ ਮੈਨੂੰ ਯਾਦ ਕਰਵਾਈਆਂ ਹਨ । ਕਹਿੰਦੇ ਇੱਕ ਚੰਗੇ ਖਿਡਾਰੀ ਕੋਲ ਚੰਗਾ ਖੁੱਲਾ-ਡੁੱਲਾ ਦਿਲ ਤੇ ਉਸਦੀ ਗਲਬਾਤ ਤੇ ਰਹਿਣੀ ਸਹਿਣੀ ਵੀ ਖੁੱਲੀ –ਡੁੱਲੀ ਹੀ ਹੁੰਦੀ ਹੈ।ਪੁਸਤਕ ਪੜ੍ਹਨ ਤੇ ਭਾ-ਜੀ ਵਲੋਂ ਖੇਡਾਂ ਵਿੱਚ ਪਾਏ ਯੋਗਦਾਨ ਦਾ ਵੀ ਪਤਾ ਲਗਦਾ ਹੈ।ਜਿਸ ਪਰਵੀਨ ਕੁਮਾਰ ਦਾ ਭਾਜੀ ਹੋਰਾਂ ਕਿਤਾਬ ਵਿੱਚ ਜਿ਼ਕਰ ਕੀਤਾ ਹੈ,ਉਹ ਵੱਡੀ ਸਰਹਾਲੀ ਤੋਂ ਸੀ ਸਾਡੇ ਕੈਂਰੋ ਪੜ੍ਹਦੇ ਸਮੇਂ ਉਹ ਦੋ ਬਾਰ ਸਾਡੇ ਸਕੂਲ ਵੀ ਕੋਚਿੰਗ ਦੇਣ ਆਇਆ ਸੀ। ਗੋਲਾ ਸੁੱਟਦਾ ਸੀ ਤਾਂ ਦੇਖਦੇ ਰਹਿ ਜਾਈਦਾ ਸੀ ਕਿ ਗੋਲਾ ਕਿਧਰ ਗਿਆ ਉਹ ਆਪ ਵੀ ਤਾਂ ਕੋਠੈ ਜਿੱਡਾ ਜਵਾਨ ਸੀ। ਮੈਂ ਤਾਂ ਇਸ ਸੂਰਜ ਰੂਪੀ ਸੰਸਾਰ ਵਿੱਚ ਜਗਦੇ ਬੁੱਝਦੇ ਇੱਕ ਛੋਟੇ ਜਿਹੇ ਮਾਮੂਲੀ ਜਿਹੇ ਦੀਵੇ ਦੀ ਤਰ੍ਹਾਂ ਹੀ ਹਾਂ। ਪਰ ਪਤਾ ਨਹੀ ਇਹ ਪੁਸਤਕ ਮੈਨੂੰ ਇੱਕ ਛੋਟੀ ਜੇਹੀ ਖਿ਼ਡਾਰਨ ਹੋਣ ਦੇ ਨਾਤੇ ਵੀ ਬਹੁਤ ਪਸੰਦ ਆਈ ਹੈ, ਮਂੈ ਤਾਂ ਸਿਰਫ਼ ਜਿ਼ਲਾਂ ਤੇ ਪੰਜਾਬ ਲੇਵਲ ਦੀਆਂ ਖੇਡਾਂ, ਹਾਕੀ , ਗੋਲਾ ਸੁੱਟਣਾ, ਰੇਸ, ਡਿਸਕਸ ਥਰੋ , ਆਦਿ ਖੇਡੀਆਂ, ਤੇ ਜਿੱਤੀਆਂ। ਪਰ ਭਾ-ਜੀ ਹੋਰਾਂ ਤਾਂ ਕਾਫੀ ਮੱਲਾਂ ਮਾਰੀਆਂ ਤੇ ਖੇਡ ਸੰਸਾਰ ਨੂੰ ਬਾਖੂਬੀ ਦੇਖਿਆ ਤੇ ਮਾਣਿਆਂ ਲੱਗਦਾ ਹੈ। ਇਸ ਪੁਸਤਕ ਤੋਂ ਪਤਾ ਲਗਦਾ ਹੈ ਕਿ ਪਿੰ੍ਰਸੀਪਲ ਸਰਵਣ ਸਿੰਘ ਜੀ ਕਿਸਮਤ ਦੇ ਵੀ ਧਨੀ ਰਹੇ ਹਨ , ਜਾਂਦੇ ਕਿਧਰੇ ਤੇ ਕਿਸਮਤ ਕਿਧਰੇ ਚੰਗੇ ਪਾਸੇ ਹੀ ਮੋੜ, ਮੋੜ ਦਿੰਦੀ ਸੀ। ਸੱਚ ਹੀ ਤਾਂ ਹੈ, “ ਦਾਤੇ ਹੱਥ ਵਡਿਆਈਆਂ, ਜਿਸ ਭਾਵੈ ਤਿਸ ਦੇਹ। ਖੁਸ਼ ਕਿਸਮਤੀ ਨਾਲ ਹੀ ਕੁਦਰਤ ਚੰਗੇ ਮੌਕੇ ਦਿੰਦੀ ਹੈ, ਜੀਵਨ ਵਿੱਚ ਇੱਜਤ ਮਾਨ ਨਾਲ ਅੱਗੇ ਹੀ ਅੱਗੇ ਵੱਧਣ ਦਾ, ਵੀ ਆਪਣਾ ਹੀ ਮਜ਼ਾ ਹੁੰਦਾ ਹੈ। ਦੇਸ਼ ਦੇਸਾਂਤਰਾਂ ਦੀਆਂ ਸੈਰਾਂ ਇਹ ਵੀ ਤਾਂ ਹਰੇਕ ਦੀ ਕਿਸਮਤ ਵਿੱਚ ਨਹੀਂ।
ਉਸ ਵਕਤ ਦੇ ਵਿਆਹ ਸ਼ਾਦੀਆਂ ਵੀ ਸਾਦਾ ਹੀ ਹੁੰਦੇ ਸਨ। ਮੁੰਡਾ ਕੁੜੀ ਇੱਕ ਦੂਜੇ ਦੀ ਸ਼ਕਲ ਵੀ ਵਿਆਹ ਤੋਂ ਬਾਦ ਹੀ ਦੇਖਦੇ ਸੀ ,ਕੋਈ ਚੋਰੀ ਛਿਪੇ ਭਾਵੇਂ ਝਾਤੀ ਮਾਰ ਆਉਂਦਾ ਸੀ। ਹੁਣ ਤਾਂ ਬੱਚਿਆਂ ਦਾ ਮਿਲਣਾ ਜੁਲਣਾ, ਟੁੱਟਣਾ , ਜੁੜਨਾ ਵਿਆਹ ਤੋਂ ਪਹਿਲਾਂ ਦੀ ਕਹਾਣੀ ਹੋ ਗਈ ਹੈ। ਉਸ ਵਕਤ ਬਜੁਰਗਾਂ ਨੇ ਕਹਿਣਾ ਕਿ ਕੱਚੇ ਕੁਵਾਰੇ ਸਾਕਾ ਵਿੱਚ ਬਹੁਤਾ ਨਹੀਂ ਜਾਈਦਾ, ਕੋਈ ਫਿੱਕ ਪੈ ਜਾਵੇਗਾ, ਪਰ ਹੁਣ ਇਨ੍ਹਾਂ ਗੱਲਾਂ ਨੂੰ ਲੋਕਾਂ, ਛਿੱਕੇ ਟੰਗ ਦਿੱਤਾ ਹੈ। ਟੁੱਟਦੇ ਭੱਜਦੇ ਰਿਸ਼ਤੇ ਸਮਾਜਿਕ ਖ਼ਰਾਬੀਆਂ ਪੈਦਾ ਕਰ ਰਹੇ ਹਨ।
ਜਿੰ਼ਮੀਦਾਰਾਂ ਦੀਆਂ ਦੁਸ਼ਵਾਰੀਆਂ ਦਾ ਜਿ਼ਕਰ ਵੀ ਭਾ-ਜੀ ਹੋਰਾਂ ਬਾਖੂਬੀ ਕੀਤਾ ਹੈ ਕਿ ਕਿਵੇਂ ਉਨ੍ਹਾਂ ਨੂੰ ਬੀਜ਼ ਤੇ ਖਾਂਦਾ ਲੈਣ ਲਈ ਖ਼ਜਲ ਖ਼ਰਾਬ ਹੋਣਾ ਪੈਂਦਾ, ਦਰ ਦਰ ਦੀਆਂ ਠੋਕਰਾਂ ਖਾਣੀਆਂ ਤੇ ਬਿਨ੍ਹਾਂ ਜਾਣ ਪਛਾਣ ਦੇ ਮਾਯੂਸ਼ ਹੋ ਕੇ ਘਰਾਂ ਨੂੰ ਮੁੜਨਾ ਪੈਂਦਾ ਆਦਿ। ਜੱਟ ਦੀ ਕਰੜੀ ਹੱਡ –ਭੰਨਵੀਂ ਮਿਹਨਤ ਮੁਸ਼ੱਕਤ ਆਦਿ ਦਾ ਸਾਰਾ ਵੇਰਵਾ ਵੀ ਦੱਸਿਆ ਹੋਇਆ ਹੈ। ਦੇਸ਼ ਦੀ ਵੰਡ ਦੇ ਵਿਛੋੜੇ ਦੇ ਦਰਦ ਨੂੰ ਵੀ ਮੈਂ ਆਪ ਨਨਕਾਣੇ ਸਾਹਿਬ ਵਿਖੇ ਦੋ ਵਾਰ ਦੇਖ ਆਈ ਹਾਂ। ਬਜੁਰਗਾਂ ਦੀਆਂ ਅੱਖੀਆਂ ਵਿੱਚੋਂ ਵੱਗਦੇ ਅੱਥਰੂ, ਜਨਮ- ਭੋਇ ਛੱਡ ਕੇ ਗਏ ਪਿਡਾਂ ਦੀ ਯਾਦ, ਆਪਣੇ ਯਾਰਾਂ ਦੋਸਤਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਤੇ ਸੁੱਖ ਸੁਨੇਹਾ ਪੁੱਛਣ ਬਜੁਰਗ ਨਨਕਾਣੇ ਸਾਹਿਬ ਗੁਰਦਵਾਰੇ ਦੇ ਗੇਟ ਤੇ ਆ ਖੜ੍ਹੇ ਹੁੰਦੇ ਹਨ ਤੇ ਰੋ ਰੋ ਆਪਣੇ ਵਿਛੋੜਿਆਂ ਦੀ ਦਾਸ਼ਤਾਨ ਬਿਆਨ ਕਰਦੇ ਸਨ, ਤੇ ਯਾਦ ਕਰਦੇ ਹਨ। ਇਹ ਵੈਰਾਗ ਵੀ ਵਾਕਿਆਂ ਹੀ ਝੱਲਣਾ ਬਹੁਤ ਔਖਾ ਹੋ ਜਾਂਦਾ ਹੈ। ਲੀਡਰਾਂ ਦੀਆਂ ਚਾਲਾਂ, ਪਰ ਮਨੂੱਖਤਾਂ ਦਾ ਦਰਦ, ਇਹ ਪੱਥਰ ਦਿਲ ਕੀ ਜਾਨਣ।
ਅਤਿਵਾਦ ਦਾ ਸੰਤਾਪ ਵੀ ਯਾਦ ਆਉਂਦਾ ਹੈ, ਤੇ ਪੜ੍ਹ ਕੇ ਯਾਦ ਆਇਆ ਵੀ, ਤੇ ਹੰਢਾਇਆ ਵੀ, ਨਿੱਤ ਮਾਵਾਂ ਦੇ ਮਰਦੇ ਹੀਰੇ ਪੁੱਤ ਭਾਵੇਂ ਸਿੱਖ ਤੇ ਭਾਵੇਂ ਹਿੰਦੂ, ਦੇਖ ਕੇ ਤੇ ਪੜ੍ਹ ਸੁਣ ਕੇ ਦਿਲ ਕੁਰਲਾ ਉੱਠਦਾ ਸੀ। ਮੇਰੇ ਪਿੰਡ ਦਾ ਮੁੰਡਾ ਰਾਮ ਰਛਪਾਲ ਜੋ ਮੇਰੇ ਨਾਲ ਹੀ ਪੜ੍ਹਦਾ ਸੀ, ਵੀ ਇਸ ਅਤਿਵਾਦ ਵਿੱਚ ਮਾਰਿਆ ਗਿਆ, ਜਿਸ ਦੀ ਜਵਾਨ ਔਰਤ ਨਿਰਮਲ ਨੇ ਸਾਰੀ ਉਮਰ ਸੰਤਾਪ ਭੋਗਿਆ,ਕੋਈ ਇਕ ਨਹੀਂ ਹਜਾ਼ਰਾ ਔਰਤਾਂ ਨੇ ਇਹ ਸੰਤਾਪ ਭੋਗੇ ਹਨ। ਜਿਸ ਦਿਨ ਝਬਾਲ ਪਿੰਡ ਵਿੱਚ ਮੁਕਾਬਲਾ ਹੋ ਰਿਹਾ ਸੀ, ਇਨ੍ਹਾਂ ਸਖ਼ਤ ਕਿ ਸਰਕਾਰ ਨੂੰ ਹਦੋਂ ਵੱਧ ਫੋਰਸ ਝੋਕਣੀ ਪਈ ਸੀ। ਵਾਹ। ਲੜਨ ਮਰਨ ਦਾ ਉਹ ਜਜ਼ਬਾ, ਉਸ ਦਿਨ ਦਿਲ ਰੋ ਉੱਠਿਆ ਸੀ’ ਕਿ ਕਾਸ਼ ਇਹ ਹੀਰੇ ਬਚਾ ਕੇ ਸਰਕਾਰ ਆਪਣੀਆਂ ਸਰਹੱਦਾਂ ਦੀ ਰਾਖੀ ਲਈ ਵਰਤਦੀ ਤਾਂ ਦੁਨੀਆਂ ਅੱਸ਼ ਅੱਸ਼ ਕਰ ਉੱਠਦੀ ਤੇ ਕਿਸੇ ਦੀ ਜੁਅਰਤ ਨਾ ਪੈਂਦੀ ਇਸ ਦੇਸ਼ ਦੀਆਂ ਸਰਹੱਦਾਂ ਵੱਲ ਝਾਕਣ ਦੀ।ਉਸ ਵਕਤ ਚੋਰ ਉਚੱਕਿਆਂ ਦੇ ਦਾਅ ਵੀ ਲੱਗੇ, ਪੁਲੀਸ ਵਾਲੇ ਵੀ ਲੁੱਟਣ ਆ ਜਾਂਦੇ ਸਨ। ਇਹ ਪਤਾ ਕਰਨਾ ਔਖਾ ਸੀ ਪੁਲੀਸ ਹੈ ਜਾਂ ਕੋਈ ਹੋਰ। ਚੋਰ ਉਚੱਕੇ ਸਕੂਲਾਂ ਵਿੱਚ ਵੀ ਪੈਸਾ ਲੈਣ ਆ ਜਾਂਦੇ ਸਨ, ਜੋ ਇੱਕ ਵਾਰ ਸਾਨੂੰ ਵੀ ਪੈਸਾ ਦੇਣਾ ਪਿਆ। ਹਫ਼ਤਾ ਪਹਿਲਾਂ ਹੀ ਕਹਿ ਗਏ ਕਿ ਇਸ ਦਿਨ ਪੈਸੇ ਲੈਣ ਆਵਾਂਗੇ, ਸਾਡੀ ਇੱਕ ਟੀਚਰ ਕਹੇ ਕਿ ਪੁਲੀਸ ਬੁਲਾ ਲਈਏ ਪਰ ਅਸੀਂ ਡਰਦੇ ਵੀ ਸੀ ਕਿ ਹੋਰ ਹੀ ਪੰਗਾ ਨਾ ਪੈ ਜਾਵੇ। ਜਿਸ ਦਿਨ ਉਹ ਪੈਸੇ ਲੈਣ ਆਏ ਤਾਂ ਮੈਂ ਕਿਹਾ ਬੈਠ ਜਾਉ ਕੁਰਸੀ ਤੇ ਡਰਦੇ ਕਿਉਂ ਹੋ? ਜਾਨਣਾ ਚਾਹਿਆ ਕਿ ਇਹ ਮੁੰਡੇ ਕੌਣ ਹਨ, ਤਾਂ ਉਸ ਮੁੰਡੇ ਨੇ ਪੰਜਾਮੇ ਦਾ ਪਹੁੰਚਾ ਉਪਰ ਚੁੱਕ ਕੇ ਕਿਹਾ ਡਰਨਾ ਕਿਉਂ ਹੈ ਇਹ ਦੇਖੋ ,ਉਹਦੀ ਲੱਤ ਨਾਲ ਹਥਿਆਰ ਬੰਨ੍ਹੇ ਹੋਏ ਸਨ। ਜੇਕਰ ਸਾਡੇ ਭੈਣਜੀ ਪੁਲੀਸ ਬੁਲਾ ਲੈਂਦੇ ਤਾਂ ਫਿਰ ਸਾਡੀ ਖੈਰ ਨਹੀਂ ਸੀ ,ਇੰਨੀ ਜਿ਼ਆਦਾ ਦਹਿਸ਼ਤ ਸੀ। ਇਹੋ ਜਿਹਾ ਹੀ ਸਭ ਕੁਝ ਪੜ੍ਹ ਕੇ, ਜੋ ਭਾ-ਜੀ ਸਰਵਣ ਸਿੰਘ ਨਾਲ ਵੀ ਬੀਤਿਆ ਹੈ ,ਆਪਣੀ ਹੀ ਕਹਾਣੀ ਮਹਿਸੂਸ਼ ਹੁੰਦੀ ਹੈ।
ਕਿਨ੍ਹਾਂ ਕੁ ਲਿਖਾਂ ਇਹ ਤਾਂ ਇੱਕ ਕਿਤਾਬ ਹੀ ਬਣ ਸਕਦੀਹੈ। ਭਾ-ਜੀ ਸਰਵਣ ਸਿੰਘ ਹੋਰਾਂ ਦੀ ਇਹ ਕਿਤਾਬ ਪੜ੍ਹਣ ਹੀ ਵਾਲੀ ਹੈ, ਹੱਸ ਹੱਸ ਕੇ ਦੂਹਰੇ ਵੀ ਹੋਈ ਦਾ ਹੈ ਤੇ ਜਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ,ਖੁਸ਼ੀਆਂ ਗਮ, ਚੰਗੀ ਸੇਹਤ ਦਾ ਰਾਜ਼, ਜਿ਼ਦਗੀ ਵਿੱਚ ਲੱਖਾਂ ਮੀਲਾਂ ਦੀ ਦੂਰੀ, ਪੈਦਲ ਹੀ ਤਹਿ ਕਰਨਾ, ਲੋਕਾਂ ਦਾ ਮਖੌਲ ਕਿ ਤੇਲ ਦਾ ਸਰਫ਼ਾ, ਪਰ ਇਹ ਸਾਡੇ ਲੋਕਾਂ ਦੀ ਆਦਤ ਹੈ ਕਿ ਸਿਹਤ ਨੂੰ ਤਰਜ਼ੀਹ ਨਾ ਦੇ ਕੇ, ਐਵੇਂ ਫੋਕੀਆਂ ਸ਼ਾਨਾਂ ਨੂੰ ਤਰਜ਼ੀਹ ਦੇਣੀ। ਖ਼ੁਸ਼ ਕਿਸਮਤ ਹਨ ਭਾ-ਜੀ, ਕਿਸਮਤ ਦਾ ਸਾਥ, ਅੱਗੇ ਤੋ ਅੱਗੇ ਵੱਧਣਾ, ਉਨ੍ਹਾਂ ਦੀ ਹਿੰਮਤ ਬਾਰੇ ਪੜ੍ਹ ਕੇ ਮੁਰਦਾ ਬੰਦੇ ਵਿੱਚ ਵੀ ਜਾਨ ਬਖ਼ਸਣ ਦਾ ਼ਬਲ ਮਿਲਦਾ ਹੈ। ਪ੍ਰਮਾਤਮਾ ਭਾਜੀ ਹੋਰਾਂ ਨੂੰ ਲੰਬੀ ਤੇ ਤੰਦਰੁਸ਼ਤ ਉਮਰ ਬਖ਼ਸੇ ਤੇ ਉਹ ਇਹੋ ਜੇਹੀਆਂ ਢੇਰ ਸਾਰੀਆਂ ਪੁਸਤਕਾਂ ਸਾਹਿਤ ਦੀ ਝੋਲੀ ਪਾਉਂਦੇ ਰਹਿਣ। ਸੋ ਭਾ-ਜੀ ਵਲੋਂ ਆਖਿਰੀ ਕਾਂਡ ਵਿੱਚ ਲਿਖੀਆਂ ਸਤਰਾਂ ਕਿ ਹਾਸ਼ਮ ਸ਼ਾਹ ਨੇ ਵੱਸਦੇ ਰੱਸਦੇ ਜ਼ਹਾਨ ਨੂੰ ਇੱਕ ਮੁਸਾਫਿ਼ਰ ਖਾਨਾ ਕਿਹਾ ਹੈ, ਤੇ ਹੈ ਵੀ ਮੁਸਾਫਿ਼ਰ- ਖਾਨਾ ਹੀ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਇਨ੍ਹਾਂ ਸਤਰਾਂ ਨਾਲ ਹੀ ਲਿਖਣਾ ਬੰਦ ਕਰਦੀ ਹਾਂ।
ਇਕਸੇ ਤਾਰ ਬਹਾਰ ਨਾ ਰਹਿੰਦੀ, ਨਹੀਂ ਇਕਸੇ ਤੋਰ ਜ਼ਮਾਨਾ,
ਹਰ ਇਕ ਚਾਲ ਨਹੀਂ ਅਲਬੇਲੀ, ਨਹੀਂ ਹਰ ਦਮ ਜ਼ੋਰ ਜਵਾਨਾ।
ਰੋਵਣ ਸੋਗ ਹਮੇਸ਼ ਨਾ ਹੋਵੇ, ਨਹੀਂ ਨਿੱਤ ਨਿੱਤ ਰਾਗ ਸੁਹਾਣਾ,
ਹਾਸ਼ਮ ਬੈਠ ਗਈਆਂ ਲੱਖ ਡਾਰਾਂ, ਇਹ ਜਗਤ ਮੁਸਾਫਿ਼ਰ –ਖਾਨਾ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346