Welcome to Seerat.ca
Welcome to Seerat.ca

ਗਦਰੀ ਬਾਬਿਓ, ਪਰਤ ਕੇ ਵੇਖਿਓ ਜੇ

 

- ਪਸ਼ੌਰਾ ਸਿੰਘ ਢਿਲੋਂ

ਨਾਵਲ ਅੰਸ਼ / ਇੰਗਲਿਸਤਾਨੀ

 

- ਹਰਜੀਤ ਅਟਵਾਲ

ਗੁੰਡਾ

 

- ਰੂਪ ਢਿਲੋਂ

ਭਾਨ ਲੈਣਾ ਦੀਵਾਨ ਵਿਚੋਂ

 

- ਸੰਤੋਖ ਸਿੰਘ

ਸਾਡੇ ਲਈ ਪ੍ਰੇਰਨਾਸ੍ਰੋਤ ਜੁਝਾਰੂ ਇਨਸਾਨ: ਮਾਰਟਿਨ ਲੂਥਰ ਕਿੰਗ

 

- ਮਲਿਕਾ ਮੰਡ

ਮਾਣਕ ਬਨਾਮ ਚਮਕੀਲਾ:‘ਜੀਜਾ ਲੱਕ ਮਿਣ ਲੈ...’

 

- ਐੱਸ ਅਸ਼ੋਕ ਭੌਰਾ

ਸਾਹਿਤਕ ਸਵੈਜੀਵਨੀ / ਆਤਮ-ਮੰਥਨ ਤੇ ‘ਰਾਜਨੀਤਕ ਚੇਤਨਾ’ ਦੀ ਕਹਾਣੀ

 

- ਵਰਿਆਮ ਸਿੰਘ ਸੰਧੂ

ਮੌਤ ਨਾਲ ਗੱਲਾਂ

 

- ਜਰਨੈਲ ਸਿੰਘ ਗਰਚਾ

ਸਭਿਆਚਾਰ ਤੇ ਸਭਿਆਚਾਰਕ ਸਾਮਰਾਜ

 

- ਡਾ. ਨਰਿੰਦਰਪਾਲ ਸਿੰਘ

‘ਹਸੰਦਿਆਂ ਖੇਲੰਦਿਆਂ’ ਨੂੰ ਪੜ੍ਹਕੇ ਚੇਤਾ ਆਇਆ

 

- ਹਰਭਜਨ ਕੌਰ ਗਿੱਲ

‘ਹੱਲੇ ਹੈ ਸੁਰਮਾ ਗੁਆਚ ਗਈ ਸੁਰਮੇਦਾਨੀ‘

 

- ਲਾਡੀ ਸੁਖਜਿੰਦਰ ਕੌਰ ਭੁੱਲਰ

ਘਰ ਦੇ ਜੀਆਂ ਵਰਗੇ ਇੱਕ ਯਾਦ

 

- ਹਰਭਜਨ ਕੌਰ ਗਿੱਲ

ਲਿਖੀ-ਜਾ-ਰਹੀ ਸਵੈ-ਜੀਵਨੀ 'ਬਰਫ਼ ਵਿੱਚ ਉਗਦਿਆਂ' 'ਚੋਂ / ਚੰਗਾ ਬਈ, ਪੰਜਾਬ!

 

- ਇਕਬਾਲ ਰਾਮੂਵਾਲੀਆ

ਹੁੰਗਾਰੇ

 

Online Punjabi Magazine Seerat


ਨਾਵਲ ਅੰਸ਼
ਇੰਗਲਿਸਤਾਨੀ
- ਹਰਜੀਤ ਅਟਵਾਲ

 

ਮਹਾਂਰਾਜੇ ਦਾ ਭਵਿੱਖ ਕੀ ਹੋਵੇਗਾ ਇਸ ਬਾਰੇ ਲੋਕ ਸਪੱਸ਼ਟ ਨਹੀਂ ਸਨ। ਮਹਾਂਰਾਜਾ ਇੰਗਲੈਂਡ ਵਿਚ ਹੀ ਰਹੇਗਾ ਕਿ ਵਾਪਸ ਹਿੰਦੁਸਤਾਨ ਮੁੜ ਜਾਵੇਗਾ; ਹਰ ਕੋਈ ਆਪਣਾ ਆਪਣਾ ਅੰਦਾਜ਼ਾ ਲਗਾਉਂਦਾ। ਅਨੁਭਵੀ ਜਨਰਲ ਜਿਹੜੇ ਪੰਜਾਬ ਵਿਚ ਰਹਿ ਆਏ ਸਨ ਕਹਿ ਰਹੇ ਸਨ ਕਿ ਮਹਾਂਰਾਜੇ ਨੂੰ ਹੁਣ ਇੰਗਲੈਂਡ ਵਿਚ ਹੀ ਰੱਖਿਆ ਜਾਣਾ ਚਾਹੀਦਾ ਹੈ। ਪੰਜਾਬੀ ਲੋਕ ਆਪਣੇ ਖੁੱਸੇ ਹੋਏ ਰਾਜ ਨੂੰ ਹਾਲੇ ਵੀ ਭਾਵੁਕ ਹੋ ਕੇ ਚੇਤੇ ਕਰਦੇ ਸਨ। ਮਹਾਂਰਾਜੇ ਦਾ ਹਿੰਦੁਸਤਾਨ ਵਿਚ ਹੋਣਾ ਖਤਰਨਾਕ ਹੋ ਸਕਦਾ ਸੀ। ਹਿੰਦੁਸਤਾਨ ਵਿਚ ਕਈ ਲੋਕ ਬਗਾਵਤ ਕਰਨ ਦੀ ਕੋਸਿ਼ਸ਼ ਕਰ ਰਹੇ ਸਨ। ਦੂਜੇ ਪਾਸੇ ਮਹਾਂਰਾਜੇ ਦੇ ਮਾਮਲੇ ਵਿਚ ਬ੍ਰਤਾਨਵੀ ਸਰਕਾਰ ਦੀ ਇਕ ਸੋਚ ਪਹਿਲੇ ਦਿਨਾਂ ਤੋਂ ਇਹ ਵੀ ਰਹੀ ਸੀ ਕਿ ਜੇਕਰ ਸਿੱਖ ਬਗਾਵਤ ਕਰਨਗੇ ਤਾਂ ਮਹਾਂਰਾਜੇ ਨੂੰ ਕਠਪੁਤਲੀ ਬਣਾ ਕੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇਗਾ। ਭਾਵੇਂ ਹਾਲੇ ਤਕ ਸਿੱਖ ਵਫਾਦਾਰ ਸਿੱਧ ਹੋ ਰਹੇ ਸਨ ਪਰ ਫਿਰ ਵੀ ਇਹ ਇਕ ਵਧੀਆ ਬਦਲ ਸੀ। ਮਹਾਂਰਾਜਾ ਬ੍ਰਤਾਨਵੀ ਸਰਕਾਰ ਦੇ ਹੱਥਾਂ ਵਿਚ ਹੀ ਰਹਿਣਾ ਚਾਹੀਦਾ ਸੀ।
ਲੌਰਡ ਡਲਹੌਜ਼ੀ ਵੀ ਮਹਾਂਰਾਜੇ ਦੀ ਮਹੱਤਤਾ ਨੂੰ ਸਮਝਦਾ ਸੀ ਪਰ ਉਸ ਤੋਂ ਉਸ ਨੂੰ ਮਹਾਂਰਾਣੀ ਵਲੋਂ ਦਿਤਾ ਜਾ ਰਿਹਾ ਇਹ ਪਿਆਰ ਨਹੀਂ ਸੀ ਸਹਿਆ ਜਾ ਰਿਹਾ। ਉਸ ਨੇ ਉਸ ਦੇ ਅੰਦਰਲੇ ਮਹਾਂਰਾਜੇ ਨੂੰ ਮਾਰਨ ਲਈ ਹੀ ਤਾਂ ਪਹਿਲੀਆਂ ਵਿਚ ਜ਼ਲੀਲ ਕੀਤਾ ਸੀ। ਉਸ ਨੂੰ ਪਤਾ ਸੀ ਕਿ ਉਹ ਬੱਚਾ ਸੀ ਤੇ ਅੰਦਰ ਵੜ ਕੇ ਰੋਣ ਬਿਨਾਂ ਕੁਝ ਹੋਰ ਕਰ ਵੀ ਨਹੀਂ ਸੀ ਸਕਦਾ ਪਰ ਹੁਣ ਮਹਾਂਰਾਣੀ ਉਸ ਨੂੰ ਲੋੜ ਤੋਂ ਜ਼ਰਾ ਜਿ਼ਆਦਾ ਹੀ ਮਹਤੱਵ ਦੇ ਰਹੀ ਸੀ। ਉਹ ਕਈ ਮੰਤਰੀਆਂ ਨਾਲ ਇਹ ਗੱਲ ਸਾਂਝੀ ਕਰ ਚੁੱਕਿਆ ਸੀ ਬਲਕਿ ਸਿ਼ਕਾਇਤ ਕਰ ਚੁੱਕਿਆ ਸੀ ਪਰ ਇਹ ਕਿਸੇ ਦੇ ਅਧਿਕਾਰ-ਖੇਤਰ ਵਿਚ ਆਉਣ ਵਾਲੀ ਗੱਲ ਨਹੀਂ ਸੀ। ਮਹਾਂਰਾਣੀ ਤਕ ਵੀ ਲੌਰਡ ਡਲਹੌਜ਼ੀ ਦੇ ਵਿਚਾਰ ਪੁੱਜ ਰਹੇ ਸਨ ਪਰ ਉਹ ਹੈਰਾਨ ਹੋਣ ਬਿਨਾਂ ਕੁਝ ਨਹੀਂ ਸੀ ਕਰਦੀ। ਉਹ ਸੋਚਦੀ ਕਿ ਇਕ ਅਨਾਥ ਬੱਚੇ ਨਾਲ ਡਲਹੌਜ਼ੀ ਦੀ ਕੀ ਦੁਸ਼ਮਣੀ ਹੋ ਸਕਦੀ ਸੀ। ਸਾਰੀ ਸਥਿਤੀ ਨੂੰ ਦੇਖਣ ਦੀ ਉਸ ਦੀ ਹੋਰ ਅੱਖ ਸੀ। ਕਿਸੇ ਹੱਦ ਤਕ ਮਹਾਂਰਾਣੀ ਦੇ ਮਨ ਵਿਚ ਇਹ ਗੱਲ ਵੀ ਸੀ ਕਿ ਉਸ ਨੂੰ ਦਲੀਪ ਸਿੰਘ ਤੋਂ ਉਸ ਨੂੰ ਵੱਡਾ ਖਜ਼ਾਨਾ ਪ੍ਰਾਪਤ ਹੋਇਆ ਸੀ। ਅਨੇਕਾਂ ਹੀਰੇ-ਜਵਾਹਰਾਤ ਤੇ ਸਭ ਤੋਂ ਉਪਰ ਕੋਹੇਨੂਰ। ਉਹ ਪੰਜਾਬ ਦੇ ਖਜ਼ਾਨੇ ਬਾਰੇ ਕਹਾਣੀਆਂ ਸੁਣਦੀ ਤਾਂ ਹੈਰਾਨ ਰਹਿ ਜਾਂਦੀ ਕਿ ਮਹਾਂਰਾਜਾ ਰਣਜੀਤ ਸਿੰਘ ਨੇ ਏਡਾ ਵੱਡਾ ਖਜ਼ਾਨਾ ਕਿਵੇਂ ਇਕੱਠਾ ਕੀਤਾ ਹੋਵੇਗਾ। ਸੰਨ 1851 ਦੀ ਵੱਡੀ ਨੁਮਾਇਸ਼ ਵਿਚ ਪੰਜਾਬ ਤੋਂ ਆਏ ਕਿੰਨੇ ਹੀਰੇ ਰੱਖੇ ਗਏ ਸਨ ਤੇ ਕਿੰਨੇ ਉਸ ਦੇ ਖਜ਼ਾਨੇ ਵਿਚ ਆ ਗਏ ਸਨ ਇਸ ਸੋਚ ਕੇ ਵੀ ਮਹਾਂਰਾਣੀ ਹੈਰਾਨ ਹੁੰਦੀ ਸੀ। ਉਸ ਨੂੰ ਲੌਰਡ ਡਲਹੌਜ਼ੀ ਦੇ ਗੁੱਸੇ ਦੀ ਕੋਈ ਤੁਕ ਨਜ਼ਰ ਨਹੀਂ ਸੀ ਆਉਂਦੀ। ਉਸ ਨੂੰ ਮਹਾਂਰਾਜੇ ਨਾਲ ਆਪਣੀ ਜਾਂ ਆਪਣੇ ਪਰਿਵਾਰ ਦੀ ਨੇੜਤਾ ਦਾ ਰਤੀ ਜਿੰਨਾ ਪਛਤਾਵਾ ਨਹੀਂ ਸੀ, ਸਗੋਂ ਮਾਣ ਸੀ।
ਕਲਾਕਾਰ ਵਿੰਟਰਹਾਲਟਰ ਦੀ ਬਣਾਈ ਮਹਾਂਰਾਜੇ ਦੀ ਤਸਵੀਰ ਬਹੁਤ ਹੀ ਸੁਹਣੀ ਸੀ। ਬਿਲਕੁਲ ਮਹਾਂਰਾਜੇ ਦਾ ਇੰਨਬਿੰਨ। ਨਵੇਂ ਈਜਾਦ ਹੋਏ ਕੈਮਰੇ ਤੋਂ ਕਿਤੇ ਵਧੀਆ। ਗਲ਼ ਵਿਚ ਪਾਈਆਂ ਮਾਲਾਵਾਂ ਦਾ ਇਕ ਇਕ ਮੋਤੀ ਦਿਸ ਰਿਹਾ ਸੀ। ਪੰਜ ਦੀਆਂ ਪੰਜ ਲੜੀਆਂ ਤੇ ਨਾਲ ਹੀ ਮਹਾਂਰਾਣੀ ਦੀ ਨਿੱਕੀ ਜਿਹੀ ਤਸਵੀਰ ਵੀ ਬਿਲਕੁਲ ਉਵੇਂ ਸੀ। ਅੱਖਾਂ ਦੀ ਚਮਕ ਵੀ ਪੂਰੀ ਦੀ ਪੂਰੀ ਕਾਇਮ ਸੀ, ਇਵੇਂ ਹੀ ਬੁਲ੍ਹਾਂ ਦੀ ਨਮੀ ਵੀ ਜਿਵੇਂ ਹੁਣੇ ਹੀ ਮਹਾਂਰਾਜਾ ਕੋਈ ਗੱਲ ਕਰਨ ਲਗ ਪਵੇਗਾ। ਮਹਾਂਰਾਣੀ ਨੇ ਵਿੰਟਰਹਾਲਟਰ ਨੂੰ ਕੁਝ ਹੋਰ ਤਸਵੀਰਾਂ ਬਣਾਉਣ ਲਈ ਵੀ ਕਿਹਾ। ਖਾਸ ਤੌਰ ‘ਤੇ ਬਿਲਕੁਲ ਅਜਿਹੀ ਤਸਵੀਰ ਕੂਰਗ ਦੀ ਰਾਜਕੁਮਾਰੀ ਦੀ। ਕੂਰਗ ਕਰਨਾਟਕਾ ਦਾ ਇਕ ਹਿੱਸਾ ਜਿਥੋਂ ਦੀ ਇਹ ਰਾਜਕੁਮਾਰੀ ਸੀ। ਉਹ ਵੀ ਮਹਾਂਰਾਣੀ ਵਿਕਟੋਰੀਆ ਦੇ ਕਾਫੀ ਨਜ਼ਦੀਕ ਸੀ। ਜਦ ਰਾਜਕੁਮਾਰੀ ਦੇ ਬੈਪਟਾਈਜ਼ ਸਮੇਂ ਮਹਾਂਰਾਣੀ ਉਸ ਦੀ ਗੌਡਮਦਰ ਬਣੀ ਸੀ। ਮਹਾਂਰਾਣੀ ਨੂੰ ਇਸ ਰਾਜਕੁਮਾਰੀ ਨਾਲ ਪਿਆਰ ਸੀ ਤੇ ਉਸ ਦਾ ਫਿਕਰ ਵੀ ਕਰਦੀ ਸੀ। ਅਜ ਕਲ ਰਾਜਕੁਮਾਰੀ ਗੋਰੈਮਾ ਮਿਸਜ਼ ਡਰੁਮਡ ਦੀ ਦੇਖ ਰੇਖ ਹੇਠ ਸੀ।
ਇਹਨਾਂ ਦਿਨਾਂ ਵਿਚ ਮਹਾਂਰਾਣੀ ਦੇ ਪਰਿਵਾਰ ਨੇ ਆਈਲਜ਼ ਔਫ ਵਾਈਟ ਵਿਚ ਛੁੱਟੀਆਂ ਮਨਾਉਣ ਜਾਣਾ ਸੀ। ਮਹਾਂਰਾਜੇ ਨੂੰ ਸੱਦਾ ਦੇਣਾ ਕੁਦਰਤੀ ਸੀ। ਮਹਾਂਰਾਣੀ ਚਾਹੁੰਦੀ ਸੀ ਕਿ ਮਹਾਂਰਾਜਾ ਉਸ ਦੇ ਪਰਿਵਾਰ ਨੂੰ ਹੋਰ ਜਾਣ ਸਕੇ ਤੇ ਉਸ ਦਾ ਪਰਿਵਾਰ ਮਹਾਂਰਾਜੇ ਨੂੰ। ਮਹਾਂਰਾਣੀ ਨੂੰ ਪਤਾ ਸੀ ਕਿ ਰਾਜਕੁਮਾਰ ਅਲਬਰਟ ਤੇ ਐਲਫਰਡ ਵੀ ਉਸ ਦੇ ਨਾਲ ਬਹੁਤ ਖੁਸ਼ ਰਹਿੰਦੇ ਸਨ। ਆਈਲਜ਼ ਔਫ ਵਾਈਟ ਇੰਗਲੈਂਡ ਦਾ ਛੋਟਾ ਜਿਹਾ ਜਜ਼ੀਰਾ ਹੈ ਜਿਸ ਦਾ ਕਈ ਗੇੜੇ ਇਕ ਦਿਨ ਵਿਚ ਘੋੜੇ ਤੇ ਚੜ੍ਹ ਕੇ ਕੱਢੇ ਜਾ ਸਕਦੇ ਹਨ। ਇਥੇ ਮਹਾਂਰਾਣੀ ਦਾ ਓਸਬੋਰਨ ਮਹੱਲ ਹੈ ਜੋ ਕਿ ਇਟਾਲੀਅਨ ਸ਼ੈਲੀ ਵਿਚ ਬਣਾਇਆ ਹੋਇਆ ਹੈ। ਮਹਾਂਰਾਣੀ ਤੇ ਉਸ ਦਾ ਪਰਿਵਾਰ ਸਾਲ ਵਿਚ ਇਕ ਵਾਰ ਇਥੇ ਜ਼ਰੂਰ ਜਾਂਦੇ ਸਨ। ਇਹ ਛੋਟਾ ਜਿਹਾ ਜਜੀਰਾ ਪੋਰਟਸਮਾਊਥ ਦੇ ਨਾਲ ਲਗਦਾ ਹੈ। ਪੋਰਟਸਮਾਊਥ ਤੇ ਆਈਜ਼ਲ ਔਫ ਵਾਈਟ ਦੇ ਦੁਰਮਿਆਨ ਇਕ ਮੀਲ ਸਮੁੰਦਰ ਪੈਂਦਾ ਹੈ। ਬਹੁਤ ਖੂਬਸੂਰਤ ਜਗਾਹ ਹੈ।
21 ਅਗਸਤ, 1854; ਅਜ ਆਈਜ਼ਲ ਔਫ ਵਾਈਟ ਛੁੱਟੀਆਂ ਤੇ ਜਾਣਾ ਸੀ ਤੇ ਅਜ ਹੀ ਕਰੀਮੀਆਂ ਦੀ ਲੜਾਈ ਹੋਏ ਬ੍ਰਤਾਨਵੀ ਫੌਜ ਦੇ ਨੁਕਸਾਨ ਬਾਰੇ ਖਬਰ ਪੁੱਜ ਗਈ। ਇਹ ਡਾਕ ਸੈਬਸਟੋਲ ਤੋਂ ਲੌਰਡ ਰੈਗਲੈਨ ਨੇ ਭੇਜੀ ਸੀ। ਮਹਾਂਰਾਣੀ ਨੇ ਇਸ ਬਾਰੇ ਡਿਊਕ ਔਫ ਨੀਊਕੈਸਲ ਨਾਲ ਗੱਲਬਾਤ ਵਿਚਾਰੀ ਜੋ ਕਿ ਸੈਕਟਰੀ ਫੌਰ ਵੌਰ ਸੀ ਤੇ ਪਰਿਵਾਰ ਨਾਲ ਸਟੀਮਰ ਵਿਚ ਆਈਜ਼ਲ ਔਫ ਵਾਈਟ ਲਈ ਚਲ ਪਈ। ਸਟੀਮਰ ਵਿਚ ਜਦੋਂ ਹੋਰ ਬੱਚੇ ਖੇਡਦੇ ਫਿਰ ਰਹੇ ਸਨ ਤਾਂ ਮਹਾਂਰਾਜਾ ਮਹਾਂਰਾਣੀ ਦੇ ਕੋਲ ਬੈਠਾ ਸੀ। ਮਹਾਂਰਾਣੀ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿਤੀਆਂ। ਉਸ ਨੇ ਪੁੱਛਿਆ,
“ਮਹਾਂਰਾਜਾ, ਪਰਿਵਾਰ ਵਿਚੋਂ ਕੌਣ ਕੌਣ ਯਾਦ ਏ?”
“ਬੀਬੀ ਜੀ ਯਾਦ ਨੇ ਜੋ ਕਿ ਹੁਣ ਨਿਪਾਲ ਵਿਚ ਨੇ, ਹੀਰਾ ਸਿੰਘ ਯਾਦ ਏ ਜਿਸ ਨੂੰ ਮੇਰੇ ਚਚੇਰੇ ਭਰਾਵਾਂ ਨੇ ਕਤਲ ਕਰ ਦਿਤਾ ਸੀ, ਮੇਰੇ ਬਹੁਤ ਸਾਰੇ ਸਾਥੀ ਵੀ ਜੋ ਮੇਰੇ ਨਾਲ ਖੇਡਦੇ ਸਨ ਤੇ ਹੋਰ ਵੀ...।”
ਮਹਾਂਰਾਣੀ ਨੇ ਮਿਸਜ਼ ਲੋਗਨ ਤੋਂ ਤੇ ਹੋਰਨਾਂ ਤੋਂ ਵੀ ਬਹੁਤ ਸਾਰੀਆਂ ਕਹਾਣੀਆਂ ਸੁਣ ਰੱਖੀਆਂ ਸਨ। ਉਸ ਨੇ ਸਹਿਜ ਸੁਭਾਅ ਹੀ ਕਿਹਾ,
“ਮਹਾਂਰਾਜਾ, ਮੈਨੂੰ ਲਗਦਾ ਏ ਕਿ ਤੁਸੀਂ ਆਪਣੇ ਬਚਪਨ ਵਿਚ ਬਹੁਤ ਔਖਾ ਸਮਾਂ ਦੇਖਿਆ ਏ।”
“ਓ... ਯੋਅਰ ਮੈਜਿਸਟੀ, ਮੈਂ ਬਹੁਤ ਭੈੜਾ ਸਮਾਂ ਦੇਖਿਆ ਏ, ਯਾਦ ਕਰਦਿਆਂ ਈ ਮੈਨੂੰ ਕੰਬਣੀ ਛਿੜਨ ਲਗਦੀ ਏ, ਮੈਨੂੰ ਯਕੀਨ ਏ ਕਿ ਜੇ ਮੈਂ ਓਥੇ ਹੁੰਦਾ ਤਾਂ ਮੈਂਨੂੰ ਵੀ ਕਤਲ ਕਰ ਦਿਤਾ ਗਿਆ ਹੁੰਦਾ।”
ਉਸ ਦੀ ਗੱਲ ਸੁਣ ਕੇ ਮਹਾਂਰਾਣੀ ਦੀ ਮਮਤਾ ਜਿਵੇਂ ਕੁਰਲਾ ਉਠੀ ਹੋਵੇ। ਇਕ ਵਾਰ ਉਸ ਦਾ ਦਿਲ ਕੀਤਾ ਕਿ ਉਸ ਨੂੰ ਗਲ਼ ਨਾਲ ਲਾ ਲਵੇ ਪਰ ਫਿਰ ਉਹ ਰੁਕ ਗਈ ਕਿ ਉਹ ਮਹਾਂਰਾਣੀ ਹੈ ਤੇ ਮਹਾਂਰਾਣੀ ਦਾ ਕੰਮ ਜਜ਼ਬਾਤੀ ਹੋਣਾ ਨਹੀਂ ਹੁੰਦਾ।
22 ਅਗਸਤ; ਸਵੇਰੇ ਸਾਰੇ ਪਰਿਵਾਰ ਨੇ ਇਕੱਠਿਆਂ ਨਾਸ਼ਤਾ ਕੀਤਾ ਤੇ ਫਿਰ ਸਾਰੇ ਖੇਡਣ ਵਿਚ ਰੁਝ ਗਏ। ਮਹਾਂਰਾਜਾ ਉਹਨਾਂ ਦੇ ਨਾਲ ਹੀ ਸੀ। ਮਹਾਂਰਾਣੀ ਦੂਰ ਬੈਠੀ ਉਹਨਾਂ ਨੂੰ ਦੇਖ ਰਹੀ ਸੀ। ਫਿਰ ਉਹਨਾਂ ਸਭ ਨੇ ਫਾਰਮ ਦੇਖਿਆ, ਗਾਈਆਂ ਦੇਖੀਆਂ, ਖੇਤੀ ਕਰਨ ਵਾਲੀ ਮਸ਼ੀਨਰੀ ਦੇਖੀ। ਮਹਾਂਰਾਜਾ ਹਰ ਚੀਜ਼ ਨੂੰ ਬਹੁਤ ਧਿਆਨ ਨਾਲ ਦੇਖ ਰਿਹਾ ਸੀ। ਸ਼ਾਮ ਤਕ ਲੰਡਨ ਤੋਂ ਡਿਊਕ ਔਫ ਨੀਊਕੈਸਲ ਤੇ ਡਾਕਟਰ ਲੋਗਨ ਵੀ ਆ ਗਏ। ਇਹ ਸਾਰੀ ਪਾਰਟੀ ਇਕੱਠੀ ਘੁੰਮਣ ਨੀਡਲ ਪਾਰਕ ਚਲੇ ਗਏ। ਮਹਾਂਰਾਜੇ ਨੇ ਬੰਦੂਕ ਚਲਾਉਣ ਤੇ ਤੀਰ ਅੰਦਾਜ਼ੀ ਦਾ ਕੁਝ ਕੁ ਤਜਰਬਾ ਵੀ ਕੀਤਾ। ਸ਼ਾਮ ਨੂੰ ਮਹਾਂਰਾਣੀ ਦਾ ਫਿਰ ਦਿਲ ਕੀਤਾ ਕਿ ਮਹਾਂਰਾਜੇ ਨਾਲ ਇਕੱਲਿਆਂ ਕੁਝ ਗੱਲਾਂ ਕੀਤੀਆਂ ਜਾਣ। ਉਹ ਗੱਲ ਗੱਲ ‘ਤੇ ਜੀਸਸ ਕਰਾਈਸਟ ਕਹਿਣ ਲਗਦਾ। ਮਹਾਂਰਾਣੀ ਨੇ ਪੁੱਛਿਆ,
“ਮਹਾਂਰਾਜਾ, ਜੀਸਸ ਤੇ ਕਿੰਨਾ ਕੁ ਭਰੋਸਾ ਕਰਦੇ ਹੋ?”
“ਯੋਅਰ ਮੈਜਿਸਟੀ, ਜੀਸਸ ਤੋਂ ਬਿਨਾਂ ਕੁਝ ਹੈ ਹੀ ਹੋਰ ਕੀ।”
“ਤੁਹਾਡਾ ਇਸਾਈ ਬਣਨਾ ਕਿਸੇ ਨੂੰ ਬੁਰਾ ਵੀ ਲਗਿਆ?”
“ਹਾਂ, ਮੇਰੀ ਭਾਬੀ ਜੀ ਨੂੰ?”
“ਕੀ ਮਤਲਬ?”
“ਭਾਬੀ ਜੀ, ਮੇਰੇ ਭਰਾ ਮਹਾਂਰਾਜਾ ਸ਼ੇਰ ਸਿੰਘ ਦੀ ਪਤਨੀ ਜੋ ਕਿ ਮੇਰੇ ਨਾਲ ਹੀ ਫਤਿਹ ਗੜ੍ਹ ਦੇ ਕਿਲੇ ਵਿਚ ਸੀ ਤੇ ਨਾਲ ਹੀ ਮੇਰਾ ਭਤੀਜਾ ਸ਼ਹਿਜ਼ਾਦਾ ਸਿ਼ਵਦੇਵ ਸਿੰਘ ਵੀ ਸੀ।”
“ਕੀ ਕਹਿੰਦੀ ਸੀ ਤੇਰੇ ਭਰਾ ਦੀ ਪਤਨੀ?”
“ਕਹਿੰਦੀ ਸੀ ਕਿ ਇਹ ਗਲਤ ਏ, ਆਪਣਾ ਧਰਮ ਛੱਡ ਕੇ ਪਰਾਇਆ ਧਰਮ ਨਹੀਂ ਸੀ ਅਪਣਾਉਣਾ ਚਾਹੀਦਾ। ਪਹਿਲਾਂ ਉਹ ਮੈਨੂੰ ਹਰ ਰੋਜ਼ ਆਪਣੇ ਬੇਟੇ ਸ਼ਹਿਜ਼ਾਦਾ ਸਿ਼ਵਦੇਵ ਸਿੰਘ ਵਾਂਗ ਹੀ ਚੁੰਮਿਆਂ ਕਰਦੀ ਸੀ ਪਰ ਜਦ ਮੈਂ ਇਸਾਈ ਬਣ ਗਿਆ ਤਾਂ ਸਿਰਫ ਮੇਰਾ ਹੱਥ ਹੀ ਚੁੰਮਦੀ ਤੇ ਬਾਅਦ ਵਿਚ ਨਹਾ ਲੈਂਦੀ।”
“ਤੇ ਜਿਹੜਾ ਸ਼ਹਿਜ਼ਾਦਾ ਸਿ਼ਵਦੇਵ ਸਿੰਘ ਸੀ ਉਹ ਕੀ ਕਹਿੰਦਾ ਸੀ?”
“ਉਹ ਕੁਝ ਨਹੀਂ ਸੀ ਕਹਿੰਦਾ, ਮੈਨੂੰ ਯਕੀਨ ਏ ਕਿ ਇਕ ਦਿਨ ਉਹ ਵੀ ਇਸਾਈ ਬਣ ਜਾਵੇਗਾ।”
ਮਹਾਂਰਾਣੀ ਉਸ ਦੀਆਂ ਗੱਲਾਂ ਤੋਂ ਹੈਰਾਨ ਹੁੰਦੀ ਜਾ ਰਹੀ ਸੀ। ਉਹ ਦੇਖ ਰਹੀ ਸੀ ਕਿ ਮਹਾਂਰਾਜਾ ਕਿੰਨਾ ਸਮਝਦਾਰ ਤੇ ਤੇਜ਼ਦਿਮਾਗ ਸੀ। ਮਹਾਂਰਾਣੀ ਨੇ ਫੇਰ ਪੁੱਛਿਆ,
“ਕੀ ਸੋਚ ਕੇ ਤੁਸੀਂ ਇਸਾਈ ਬਣ ਗਏ?”
“ਮੈਨੂੰ ਕਿਸੇ ਨੇ ਕਿਹਾ ਨਹੀਂ ਪਰ ਜਿਹੜੀਆਂ ਗੱਲਾਂ ਪੰਡਿਤ ਭਜਨ ਲਾਲ ਮੈਨੂੰ ਹਿੰਦੂ ਧਰਮ ਬਾਰੇ ਪੜਾਇਆ ਕਰਦਾ ਸੀ ਮੈਨੂੰ ਬਹੁਤ ਫਜ਼ੂਲ ਲਗਦੀਆਂ, ਉਸ ਦੀਆਂ ਸੁਣਾਈਆਂ ਕਹਾਣੀਆਂ ਸੱਚ ਤੋਂ ਬਹੁਤ ਦੂਰ ਦੀਆਂ ਹੁੰਦੀਆਂ। ਕੋਈ ਗਾਂ ਦੀ ਪੂਛ ਫੜ ਕੇ ਸਵਰਗ ਕਿਵੇਂ ਜਾ ਸਕਦਾ ਏ, ਸੂਰਜ ਨੂੰ ਪਾਣੀ ਕਿਵੇਂ ਦਿਤਾ ਜਾ ਸਕਦਾ ਏ, ਜੇ ਬੁਰੇ ਕੰਮ ਕਰੋਂਗੇ ਤਾਂ ਅਗਲੇ ਜਨਮ ਵਿਚ ਦੈਂਤ ਤੁਹਾਡੇ ਨੌਂਹ ਖਿਚਣਗੇ, ਕਿਸੇ ਬਰਾਹਮਣ ਨੂੰ ਖਾਣਾ ਖਵਾਓ ਤਾਂ ਤੁਹਾਡੇ ਕਿਸੇ ਮਰੇ ਰਿਸ਼ਤੇਦਾਰ ਨੂੰ ਲਗ ਜਾਂਦਾ ਏ, ਸੂਰਜ ਅੱਧਾ ਚੰਦ ਖਾ ਜਾਂਦਾ ਏ, ...ਯੋਅਰ ਮੈਜਿਸਟੀ, ਅਜਿਹੀਆਂ ਗੱਲਾਂ ਮੈਨੂੰ ਇਸਾਈ ਧਰਮ ਵਲ ਖਿਚ ਕੇ ਲੈ ਆਈਆਂ। ਮੈਨੂੰ ਸਰ ਲੋਗਨ ਨੇ ਦਸਿਆ ਕਿ ਧਰਤੀ ਕਿਵੇਂ ਘੁੰਮਦੀ ਏ, ਸੂਰਜ ਚੰਦ ਨੂੰ ਕਦੇ ਨਹੀਂ ਖਾਂਦਾ, ਸਰ ਲੋਗਨ ਨੇ ਦਸਿਆ ਕਿ ਗ੍ਰਹਿਣ ਕਿਵੇਂ ਲਗਦਾ ਏ, ਮਰਨ ਤੋਂ ਬਾਅਦ ਅਸੀਂ ਸਭ ਨੇ ਸਵਰਗ ਵਿਚ ਜਾਣਾ ਏ, ਜੀਸਸ ਨੇ ਸਾਡੇ ਸਾਰੇ ਦੁੱਖ ਹਰ ਲੈਣੇ ਨੇ। ਭਜਨ ਲਾਲ ਹੀ ਮੈਨੂੰ ਇਸਾਈ ਧਰਮ ਬਾਰੇ ਵੀ ਦਸਿਆ ਕਰਦਾ ਸੀ। ਇਕ ਵਾਰ ਜਦ ਉਸ ਨੇ ਮੈਨੂੰ ਅਟੈਕ ਔਫ ਸਟੋਨਿੰਗ ਸੇਂਟ ਸਟੀਫਨ ਸੁਣਾਇਆ ਤਾਂ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ, ਮੈਂ ਸੋਚਿਆ ਕਿ ਇਹ ਹੀ ਸਹੀ ਧਰਮ ਏ।”
ਮਹਾਂਰਾਣੀ ਹੈਰਾਨ ਹੋ ਰਹੀ ਸੀ ਕਿ ਇਹ ਨਿਕਾ ਜਿਹਾ ਮੁੰਡਾ ਇਰਾਦੇ ਦਾ ਕਿੰਨਾ ਮਜ਼ਬੂਤ ਹੈ। ਉਹ ਉਸ ਨਾਲ ਹੋਰ ਗੱਲਾਂ ਨਹੀਂ ਸੀ ਕਰਨੀਆਂ ਚਾਹੁੰਦੀ ਪਰ ਮਹਾਂਰਾਜਾ ਹੁਣ ਆਪ ਹੀ ਕੁਝ ਦੱਸਣਾ ਚਾਹੁੰਦਾ ਸੀ। ਉਸ ਨੇ ਕਿਹਾ,
“ਮੈਨੂੰ ਜਾਤ-ਪਾਤ ਨਾਲ ਨਫਰਤ ਸੀ, ਜੀਸਸ ਕਹਿੰਦਾ ਏ ਕਿ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਹਿੰਦੂ ਧਰਮ ਕੁਝ ਹੋਰ ਕਹਿੰਦਾ ਏ ਜੋ ਕਿ ਗੱਲਤ ਏ, ਮੈਂ ਇਹ ਜਾਤਾਂ ਵਾਲੀ ਗੱਲ ਤੋੜਨ ਦਾ ਫੈਸਲਾ ਕਰ ਲਿਆ ਸੀ ਤੇ ਆਪਣੇ ਅੰਗਰੇਜ਼ ਦੋਸਤ ਟੌਮੀ ਨੂੰ ਵੀ ਦਸ ਦਿਤਾ ਸੀ ਕਿ ਮੈਂ ਇਸਾਈ ਬਣ ਜਾਣਾਂ ਏਂ ਪਰ ਸਰ ਲੋਗਨ ਉਸ ਵਕਤ ਕੱਲਕਤੇ ਗਏ ਹੋਏ ਸਨ, ਮੈਅਮ ਲੋਗਨ ਨੂੰ ਲੈਣ।”
“ਹੋਰ ਕਿਸੇ ਨੇ ਨਹੀਂ ਰੋਕਿਆ ਤੁਹਾਨੂੰ।”
“ਬਹੁਤ ਰੋਕਦੇ ਸੀ ਪਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਮਹਾਂਰਾਜਾ ਵਾਂ, ਮੈਂ ਜੋ ਚਾਹਾਂ ਕਰ ਸਕਦਾਂ।”
ਮਹਾਂਰਾਜਾ ਕੁਝ ਪਲ ਲਈ ਚੁੱਪ ਰਿਹਾ ਤੇ ਫਿਰ ਕਹਿਣ ਲਗਿਆ,
“ਦੋ ਸਿੱਖ ਸਨ, ਦੀਵਾਨ ਸਿੰਘ ਤੇ ਰਾਮ ਸਿੰਘ। ਸ਼ਾਇਦ ਲਕੜੀ ਦਾ ਕੰਮ ਕਰਦੇ ਸਨ, ਮੇਰੇ ਕੋਲ ਆਏ ਸਨ ਕਿ ਮੈਂ ਇਸਾਈ ਨਾ ਬਣਾਂ, ਉਹਨਾਂ ਕੈਪਟਨ ਕੈਂਪਬੈੱਲ ਨੂੰ ਅਰਜ਼ੀ ਵੀ ਦਿਤੀ ਸੀ ਮੇਰੇ ਖਿਲਾਫ ਪਰ ਦੀਵਾਨ ਸਿੰਘ ਪੰਡਤ ਭਜਨ ਲਾਲ ਨੂੰ ਬਹੁਤ ਨਫਰਤ ਕਰਦਾ ਸੀ, ਕਹਿੰਦਾ ਸੀ ਕਿ ਪੰਜਾਬ ਉਤੇ ਹਿੰਦੂਆਂ ਨੇ ਹਮਲਾ ਕੀਤਾ ਅੰਗਰੇਜ਼ਾਂ ਨਾਲ ਰਲ਼ ਕੇ।”
ਮਹਾਂਰਾਣੀ ਉਸ ਦੀਆਂ ਗੱਲਾਂ ਬਹੁਤ ਧਿਆਨ ਨਾਲ ਸੁਣਦੀ ਜਾ ਰਹੀ ਸੀ।
23 ਅਗਸਤ; ਸ਼ਾਹੀ ਪਰਿਵਾਰ ਦੇ ਸਾਰੇ ਬੱਚੇ ਤੇ ਮਹਾਂਰਾਜਾ ਇਕੱਠੇ ਰਲ਼ ਕੇ ਸਾਰਾ ਦਿਨ ਹੀ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਖੇਡਦੇ ਰਹੇ ਜਿਨਾਂ ਵਿਚ ਪਾਣੀ ਦੀਆਂ ਖੇਡਾਂ ਵੀ ਸ਼ਾਮਲ ਸਨ, ਤੇ ਵੀਲ ਬੈਰੋ ਦੌੜ ਵਰਗੀਆਂ ਵੀ। ਮਹਾਂਰਾਜਾ ਛੋਟੇ ਰਾਜਕੁਮਾਰ ਲਿਓਪੋਡ ਨੂੰ ਚੁੱਕੀ ਵੀ ਫਿਰਦਾ ਰਿਹਾ ਜੋ ਕਿ ਹੈਮੋਫੀਲੀਆ ਨਾਲ ਬਿਮਾਰ ਸੀ। ਲਿਓਪੋਡ ਨੂੰ ਤਾਂ ਉਹ ਆਪਣੀ ਪਿੱਠ ਤੇ ਵੀ ਚੁੱਕ ਲੈਂਦਾ। ਮਹਾਂਰਾਣੀ ਨੇ ਇਸਾਈ ਧਰਮ ਬਾਰੇ ਕੁਝ ਹੋਰ ਗੱਲਾਂ ਵੀ ਕੀਤੀਆਂ। ਉਸ ਦੀ ਹੈਰਾਨੀ ਉਸ ਵਕਤ ਹੋਈ ਜਦ ਪਤਾ ਚਲਿਆ ਕਿ ਮਹਾਂਰਾਜੇ ਨੂੰ ਤਾਂ ਕੈਥਲਿਕ ਤੇ ਪਰੋਟੈਸਟੈਂਟ ਧਰਮ ਵਿਚਕਾਰ ਫਰਕ ਬਾਰੇ ਵੀ ਪਤਾ ਹੈ।
24 ਅਗਸਤ; ਅਜ ਵੀ ਸਾਰੇ ਬੱਚੇ ਏਧਰ ਓਧਰ ਖੇਡਦੇ ਰਹੇ। ਅਜ ਸਭ ਨੂੰ ਬਾਗਬਾਨੀ ਵਾਲੇ ਕਰਮਚਾਰੀਆਂ ਨੇ ਪੌਦਿਆਂ ਬਾਰੇ ਤੇ ਫੁਲਾਂ ਬਾਰੇ ਦਸਿਆ। ਮਹਾਂਰਾਜੇ ਨੇ ਆਪਣੇ ਹੱਥੀ ਦਿਓਦਾਰ ਦਾ ਇਕ ਪੌਦਾ ਲਗਾਇਆ। ਆਪਣੇ ਹੱਥੀਂ ਜ਼ਮੀਨ ਵਿਚ ਟੋਆ ਪੁੱਟ ਕੇ ਪੌਦੇ ਨੂੰ ਧਰਤੀ ਵਿਚ ਲਗਾਉਣਾ ਮਹਾਂਰਾਜੇ ਨੂੰ ਬਹੁਤ ਪਸੰਦ ਆ ਰਿਹਾ ਸੀ। ਮਹਾਂਰਾਣੀ ਨੂੰ ਵੀ ਅਜੀਬ ਜਿਹਾ ਚਾਅ ਚੜ੍ਹ ਰਿਹਾ ਸੀ। ਉਹ ਹਰ ਕਿਸੇ ਨਾਲ ਮਹਾਂਰਾਜੇ ਬਾਰੇ ਗੱਲਾਂ ਕਰਨ ਲਗਦੀ। ਹੁਣ ਮਹਾਂਰਾਜੇ ਦਾ ਜਨਮਦਿਨ ਆ ਰਿਹਾ ਸੀ। ਮਹਾਂਰਾਜੇ ਨੇ ਸੋਲਾਂ ਸਾਲ ਦਾ ਹੋ ਜਾਣਾ ਸੀ। ਉਹ ਇਸ ਸਮੇਂ ਮਹਾਂਰਾਜੇ ਲਈ ਕੋਈ ਖਾਸ ਤੋਹਫਾ ਦੇਣਾ ਚਾਹੁੰਦੀ ਸੀ। ਮਹਾਂਰਾਣੀ ਦਾ ਯੂਨੀਅਰ ਸੈਕਟਰੀ ਰੈਮਕਲਿਫ ਕਹਿਣ ਲਗਿਆ,
“ਯੋਅਰ ਹਾਈਨੈੱਸ, ਮਹਾਂਰਾਜਾ ਹੁਣ ਉਸ ਉਮਰ ਵਿਚ ਆ ਜਾਵੇਗਾ ਕਿ ਉਹ ਆਪਣਾ ਰਾਜ ਵਾਪਸ ਮੰਗਣ ਦੀ ਗੱਲ ਕਰ ਸਕਦਾ ਏ।”
“ਸੈਕਟਰੀ, ਮੈਂ ਸਮਝਦੀ ਆਂ ਪਰ ਉਹ ਗੱਲ ਹੁਣ ਬਹੁਤ ਦੂਰ ਰਹਿ ਗਈ ਏ, ਮੈਨੂੰ ਨਹੀਂ ਲਗਦਾ ਕਿ ਸਾਨੂੰ ਕਿਸੇ ਫਿਕਰ ਦੀ ਲੋੜ ਏ।”
ਇਹਨਾਂ ਛੁੱਟੀਆਂ ਵਿਚ ਮਹਾਂਰਾਜੇ ਨੂੰ ਰਾਜਕੁਮਾਰ ਅਲਬਰਟ ਤੇ ਐਲਫਰਡ ਨਾਲ ਦੋਸਤੀ ਨੂੰ ਹੋਰ ਪੱਕੀ ਕਰਨ ਦਾ ਮੌਕਾ ਮਿਲਿਆ। ਉਹ ਬਹੁਤ ਖੁਸ਼ ਸੀ। ਮਹਾਂਰਾਣੀ ਨੇ ਮਹਾਂਰਾਜੇ ਦੇ ਕੁਝ ਸਕਿੱਚ ਆਪਣੇ ਹੱਥੀਂ ਓਸਬੌਰਨ ਮਹੱਲ ਵਿਚ ਬਣਾਏ। ਰਾਜਕੁਮਾਰ ਅਲਬਰਟ ਤੇ ਮਹਾਂਰਾਜੇ ਨੇ ਖੂਬ ਤਸਵੀਰਾਂ ਖਿਚੀਆਂ। ਮਹਾਂਰਾਜੇ ਨੇ ਆਪਣੇ ਸ਼ਾਹੀ ਲਿਬਾਸ, ਜਿਸ ਵਿਚ ਸ਼ਨੀਲ ਦਾ ਸੋਨੇ ਦੀਆਂ ਤਾਰਾਂ ਨਾਲ ਕੱਢਿਆ ਕੋਟ ਤੇ ਯੌਰਪੀਅਨ ਸਟਾਈਲ ਦੀ ਟਰਾਊਜ਼ਰ ਪਾਈ ਹੋਈ ਸੀ, ਵਿਚ ਬਹੁਤ ਸਾਰੀਆਂ ਤਸਵੀਰਾਂ ਖਿਚਵਾਈਆਂ। ਇਹਨਾਂ ਦਿਨਾਂ ਮਹਾਂਰਾਣੀ ਨੂੰ ਮਹਿਸੂਸ ਹੋਣ ਲਗਿਆ ਸੀ ਕਿ ਜਿਵੇਂ ਮਹਾਂਰਾਜਾ ਵੀ ਉਸਦੇ ਆਪਣੇ ਬੱਚਿਆਂ ਵਿਚੋਂ ਹੀ ਇਕ ਹੋਵੇ।
ਲੌਡਰ ਡਲਹੌਜ਼ੀ ਨੂੰ ਮਹਾਂਰਾਜੇ ਦੇ ਓਸਬੌਰਨ ਜਾਣ ਵਾਲੀ ਸਾਰੀ ਰਿਪੋਰਟ ਸਰ ਜੌਰਜ ਕੂਪਰ ਰਾਹੀਂ ਪੁਜਦੀ ਹੋ ਗਈ। ਸਰ ਜੌਰਜ ਕੂਪਰ ਵੀ ਮਹਾਂਰਾਜੇ ਦੀ ਮਹਾਂਰਾਣੀ ਜਾਂ ਸ਼ਾਹੀ ਪਰਿਵਾਰ ਨਾਲ ਏਨੀ ਨੇੜਤਾ ਪਸੰਦ ਨਹੀਂ ਸੀ। ਉਸ ਨੂੰ ਜਾਪਦਾ ਸੀ ਕਿ ਮਹਾਂਰਾਜੇ ਦਾ ਨਕਲੀ ਭੋਲ਼ਾਪਨ ਮਹਾਂਰਾਣੀ ਨੂੰ ਗੁੰਮਰਾਹ ਕਰ ਰਿਹਾ ਹੈ। ਲੌਰਡ ਡਲਹੌਜ਼ੀ ਨੇ ਸਰ ਜੌਰਜ ਕੂਪਰ ਦੀ ਚਿਠੀ ਦੇ ਜਵਾਬ ਵਿਚ ਕਿਹਾ ਕਿ ਜੇ ਏਸ ਮੁੰਡੇ ਨੇ ਇੰਗਲੈਂਡ ਵਿਚ ਹੀ ਜੰਮਣਾ-ਮਰਨਾ ਹੋਵੇ ਤਾਂ ਵੱਖਰੀ ਗੱਲ ਹੈ ਪਰ ਡਰ ਹੈ ਕਿ ਮਹਾਂਰਾਣੀ ਨੇ ਏਸ ਮੁੰਡੇ ਦੇ ਭਵਿੱਖ ਲਈ ਮੁਸੀਬਤਾਂ ਖੜੀਆਂ ਕਰ ਦਿਤੀਆਂ ਹਨ। ਏਨਾ ਮਾਣ-ਸਨਮਾਨ ਮਿਲਣ ਤੋਂ ਬਾਅਦ ਵੀ ਹਿੰਦੁਸਤਾਨ ਗਿਆਂ ਉਸ ਨੂੰ ਗਰਵਨਰ ਜਨਰਲ ਦੇ ਦਫਤਰ ਵਿਚ ਵੜਨ ਲਈ ਜੁੱਤੀ ਉਤਾਰਨੀ ਪੈਣੀ ਹੈ। ਇਹ ਲੜਕਾ ਸਾਡੇ ਵਿਚ ਨਹੀਂ ਰਲ਼ ਸਕਦਾ ਕਿਉਂਕਿ ਇਹ ਹਾਲੇ ਵੀ ਪੱਗ ਬੰਨਦਾ ਹੈ ਜਿਸ ਦਾ ਮਤਲਬ ਹੈ ਕਿ ਹਾਲੇ ਵੀ ਇਹ ਅੰਦਰੋਂ ਸਿੱਖ ਹੀ ਹੈ।
ਇਥੋਂ ਤਕ ਹੀ ਨਹੀਂ ਪ੍ਰਧਾਨ ਮੰਤਰੀ ਲੌਰਡ ਐਬਰਡੀਨ ਦੇ ਵੀ ਮਹਾਂਰਾਜੇ ਦੇ ਖਿਲਾਫ ਕੰਨ ਭਰਨੇ ਸ਼ੁਰੂ ਕਰ ਦਿਤੇ ਗਏ। ਪ੍ਰਧਾਨ ਮੰਤਰੀ ਨੇ ਵੀ ਮਹਾਂਰਾਣੀ ਨੂੰ ਮਹਾਂਰਾਜੇ ਦੇ ਭਲੇ ਲਈ ਉਸ ਤੋਂ ਦੂਰ ਰਹਿਣ ਦੀ ਸਲਾਹ ਦਿਤੀ ਗਈ ਪਰ ਮਹਾਂਰਾਣੀ ਇਹ ਗੱਲਾਂ ਸੁਣਨ ਵਾਲੀ ਨਹੀਂ ਸੀ। ਮਹਾਂਰਾਣੀ ਨੇ ਗੁੱਸੇ ਵਿਚ ਆ ਕੇ ਸਭ ਦਾ ਜਵਾਬ ਵੀ ਦਿਤਾ ਕਿ ਉਹ ਮਹਾਂਰਾਜੇ ਨਾਲ ਕੋਈ ਉਚੇਚ ਨਹੀਂ ਕਰ ਰਹੀ ਹਾਲੇ ਕਿ ਮਹਾਂਰਾਜਾ ਇਸ ਦਾ ਹੱਕਦਾਰ ਹੈ। ਸਾਡਾ ਫਰਜ਼ ਬਣਦਾ ਹੈ ਕਿ ਉਸ ਦੀ ਸੰਭਾਲ ਵਲ ਜਾਂ ਉਸ ਦੀ ਭਲਾਈ ਵਲ ਹੋਰ ਧਿਆਨ ਦੇਈਏ। ਮਹਾਂਰਾਣੀ ਨੇ ਆਪਣੀ ਮਰਜ਼ੀ ਕਰਦਿਆਂ ਮਹਾਂਰਾਜੇ ਨੂੰ ਲੌਰਡ ਹਾਰਡਿੰਗ ਕੋਲ ਭੇਜਿਆ ਤਾਂ ਜੋ ਉਸ ਬਾਰੇ ਅਗਲਾ ਕਦਮ ਉਠਾਇਆ ਜਾਵੇ। ਸਭ ਤੋਂ ਪਹਿਲਾਂ ਤਾਂ ਲੋਗਨ ਜੋੜੇ ਨਾਲ ਇਹ ਪ੍ਰੋਗਰਾਮ ਉਲੀਕਿਆ ਗਿਆ ਕਿ ਮਹਾਂਰਾਜੇ ਨੂੰ ਪਿੰਡਾਂ ਦੇ ਜੀਵਨ ਬਾਰੇ ਜਾਣਕਾਰੀ ਦਿਤੀ ਜਾਵੇ। ਲੌਰਡ ਹਾਰਡਿੰਗ ਉਪਰ ਮਹਾਂਰਾਜੇ ਨੂੰ ਪੂਰਾ ਭਰੋਸਾ ਸੀ। ਉਸ ਨੂੰ ਯਾਦ ਸੀ ਕਿ ਜਦ ਉਹ ਪੰਜਾਬ ਦਾ ਗਵਰਨਰ ਜਨਰਲ ਬਣਿਆਂ ਸੀ ਤਾਂ ਮਹਾਂਰਾਜੇ ਨੂੰ ਤਖਤ ਤੇ ਉਹ ਹੀ ਬੈਠਾਇਆ ਕਰਦਾ ਸੀ ਤੇ ਉਸ ਦੀ ਬਾਂਹ ਤੇ ਕੋਹੇਨੂਰ ਹੀਰਾ ਵੀ ਬੰਨਿਆਂ ਕਰਦਾ ਸੀ ਜਿਵੇਂ ਕਿ ਮਹਾਂਰਾਜਾ ਰਣਜੀਤ ਸਿੰਘ ਬੰਨਦਾ ਰਿਹਾ ਸੀ। ਮਹਾਂਰਾਜੇ ਨੇ ਬ੍ਰਤਾਨੀਆਂ ਭਰ ਦਾ ਟੂਰ ਕੀਤਾ ਤੇ ਇਸ ਟੂਰ ਸਮੇਂ ਉਸ ਨੂੰ ਵੱਡੇ ਵੱਡੇ ਲੋਕਾਂ ਨਾਲ ਰਹਿਣ ਦਾ ਮੌਕਾ ਮਿਲਿਆ। ਸਕੌਟਲੈਂਡ ਗਿਆ ਐਡੰਬਰਾ ਦੇ ਨਜ਼ਦੀਕ ਲੌਰਡ ਡਲਹੌਜ਼ੀ ਦੀਆਂ ਧੀਆਂ ਨਾਲ ਵੀ ਉਹਨਾਂ ਦੇ ਘਰ ਵਿਚ ਠਹਿਰਿਆ ਤੇ ਫਿਰ ਲੌਰਡ ਤੇ ਲੇਡੀ ਮੌਰਟਨ ਨਾਲ ਡੈਲਮੇਹੋ ਵਿਚ ਵੀ। ਇਕ ਹਫਤਾ ਉਸ ਨੇ ਲੌਰਡ ਚਾਰਲਸ ਵੁੱਡ ਨਾਲ ਹਿਕਲਟਨ ਹਾਲ, ਯੌਰਕਸ਼ਾਇਰ ਵਿਚ ਗੁਜ਼ਾਰਿਆ। ੳਰਲ ਫਿਟਸਵਿਲੀਅਮ ਨੇ ਉਸ ਨੂੰ ਨਵੇਂ ਢੰਗ ਦੀ ਖੇਤੀ ਬਾਰੇ ਜਾਣਕਾਰੀ ਵੀ ਦਿਤੀ। ਸਟੈਫੋਰਡਸ਼ਾਇਰ ਵਿਚ ਲੌਰਡ ਹੈਥਰਟਨ ਨੇ ਨਵੇਂ ਤਰੀਕੇ ਦੇ ਈਜਾਦ ਹੋਏ ਸਿੰਚਾਈ ਦੇ ਸਾਧਨਾਂ ਬਾਰੇ ਦੱਸਿਆ। ਇਹ ਮਹਾਂਰਾਜਾ ਦੀ ਇਕ ਕਿਸਮ ਦੀ ਇੰਗਲਿਸਤਾਨੀ ਬਣਨ ਦੀ ਟਰੇਨਿੰਗ ਦਾ ਹਿੱਸਾ ਸੀ। ਮਹਾਂਰਾਣੀ ਦਾ ਵਿਚਾਰ ਸੀ ਕਿ ਇਕ ਦਿਨ ਬ੍ਰਤਾਨਵੀ ਲੌਰਡਾਂ ਵਾਂਗ ਹੀ ਮਹਾਂਰਾਜਾ ਇਥੇ ਹੀ ਸੈਟਲ ਹੋ ਜਾਵੇ। ਮਹਾਂਰਾਜੇ ਦੇ ਇਸ ਟੂਰ ਤੋਂ ਲੌਰਡ ਡਲਹੌਜ਼ੀ ਇਕ ਵਾਰ ਫਿਰ ਭੜਕ ਉਠਿਆ। ਉਸ ਦਾ ਕਹਿਣ ਸੀ ਕਿ ਇਹ ਟੂਰ ਬਿਲਕੁਲ ਫਜ਼ੂਲ ਹੈ ਕਿਉਂਕਿ ਮਹਾਂਰਾਜੇ ਦਾ ਪਿਛੋਕੜ ਲੌਰਡ ਬਣਨ ਵਾਲਾ ਨਹੀਂ ਹੈ, ਉਸ ਦਾ ਪਿਛੋਕੜ ਕਤਲੋ-ਗਾਰਤ ਵਾਲਾ ਹੈ ਜਿਸ ਨਾਲ ਉਸ ਦਾ ਪੰਘੂੜੇ ਵਿਚ ਹੀ ਵਾਹ ਪੈ ਗਿਆ ਸੀ।
ਪਰ ਮਹਾਂਰਾਣੀ ਦਾ ਮਹਾਂਰਾਜੇ ਵਲ ਵਿਸ਼ੇਸ਼ ਧਿਆਨ ਜਾਰੀ ਰਿਹਾ। ਉਸ ਨੇ ਆਪਣੇ ਜਰਨਲ ਵਿਚ ਛਪਣ ਲਈ ਲਿਖਵਾਇਆ;
13 ਨਵੰਬਰ, 1854: ‘ਪਰਿੰਸ ਐਲਬਰਟ ਮਹਾਂਰਾਜੇ ਨੂੰ ਮਿਲਣ ਚਲੇ ਗਿਆ ਜੋ ਹਾਲੇ ਪੁੱਜਾ ਹੀ ਸੀ। ਦੋ ਰਾਤਾਂ ਠਹਿਰੇਗਾ। ਨਾਲ ਡਾਕਟਰ ਲੋਗਨ ਵੀ ਸੀ। ਹੋਰਨਾਂ ਮਹਿਮਾਨਾਂ ਨਾਲ ਖਾਣੇ ਵਕਤ ਮਹਾਂਰਾਜਾ ਮੇਰੇ ਨਾਲ ਹੀ ਬੈਠਾ ਸੀ ਖੂਬਸੂਰਤ ਲਿਬਾਸ ਤੇ ਹੀਰੇ ਮੋਤੀਆਂ ਨਾਲ ਲੱਦਿਆ ਹੋਇਆ। ਉਸ ਦਾ ਐਡੰਬਰਾ ਤੇ ਹੋਰ ਜਗਾਵਾਂ ਦਾ ਟਰਿੱਪ ਬਹੁਤ ਵਧੀਆ ਰਿਹਾ। ਉਸ ਦੀ ਹੋਰ ਪੜ੍ਹਾਈ ਵੀ ਅਗੇ ਵਧ ਰਹੀ ਹੈ...।’
14 ਨਵੰਬਰ: ‘ਮਹਾਂਰਾਜੇ ਨੇ ਸਾਡੇ ਨਾਲ ਨਾਸ਼ਤਾ ਕੀਤਾ ਤੇ ਬਾਅਦ ਵਿਚ ਐਲਬਰਟ ਨਾਲ ਉਸ ਦੀ ਪੜ੍ਹਾਈ ਦੀਆਂ ਗੱਲਾਂ ਕਰਨ ਲਗਿਆ। ਉਹ ਨਵਾਂ ਸਿਖਣ ਲਈ ਬਹੁਤ ਉਤਸੁਕਤ ਹੈ ਖਾਸ ਤੌਰ ਤੇ ਹੁਣ ਜਦੋਂ ਉਹ ਆਪਣੇ ਆਪ ਨੂੰ ਯੌਰਪੀਅਨਾਂ ਨਾਲ ਜੋੜ ਕੇ ਦੇਖ ਰਿਹਾ ਹੈ। ਆਪਣੇ ਮੁਲਕ ਵਿਚ ਮਹਾਂਰਾਜੇ ਨੇ ਕਿਤਾਬਾਂ ਵਿਚੋਂ ਕੁਝ ਨਹੀਂ ਸੀ ਸਿਖਿਆ। ...ਅਸੀਂ ਮਹਾਂਰਾਜੇ ਨੂੰ ‘ਸਟੇਟ ਰੂਮ’ ਲਾਇਬਰੇਰੀ ਤੇ ਆਰਮਰੀ ਵਿਚ ਲੈ ਗਏ। ਉਹ ਹਿੰਦੁਸਤਾਨ ਤੋਂ ਆਈਆਂ ਖਾਸ ਚੀਜ਼ਾਂ ਨੂੰ ਦੇਖ ਕੇ ਖੁਸ਼ ਹੋ ਰਿਹਾ ਸੀ ਪਰ ਅਸੀਂ ਉਸ ਨੂੰ ਪੰਜਾਬ ਤੋਂ ਲੌਰਡ ਗੌਫ ਵਲੋਂ ਲਿਆਂਦੀ ਸਿਖ-ਤੋਪ ਨਹੀਂ ਦੇਖਣ ਦਿਤੀ।’
ਮਹਾਂਰਾਣੀ ਨੂੰ ਮਹਾਂਰਾਜੇ ਦੀ ਪੜ੍ਹਾਈ ਬਾਰੇ ਬਹੁਤ ਫਿਕਰ ਸੀ। ਉਸ ਨੂੰ ਪਤਾ ਸੀ ਕਿ ਉਹ ਹੁਣ ਡਿਗਰੀ ਤਾਂ ਸ਼ਾਇਦ ਨਾ ਲੈ ਸਕੇ ਪਰ ਦੁਨੀਆਂ ਸਮਝਣ ਜੋਗੀ ਪੜ੍ਹਾਈ ਤਾਂ ਜ਼ਰੂਰੀ ਸੀ। ਹੋਰ ਬਹੁਤ ਸਾਰੇ ਲੌਰਡ ਇਸ ਦੇ ਹੱਕ ਵਿਚ ਨਹੀਂ ਸਨ ਪਰ ਮਹਾਂਰਾਣੀ ਨੇ ਆਪਣੇ ਯਤਨ ਜਾਰੀ ਰੱਖੇ। ਵਿੰਸਡਰ ਮਹਿਲ ਤੋਂ ਨਵੇਂ ਸਾਲ ਦੇ ਆਪਣੇ ਜਰਨਲ ਵਿਚ ਮਹਾਂਰਾਣੀ ਨੇ ਲਿਖਵਾਇਆ,
26 ਜਨਵਰੀ 1855: ‘ਮਹਾਂਰਾਜਾ ਐਤਵਾਰ ਰਾਤ ਨੂੰ ਠਹਿਰਿਆ, ਅਸੀਂ ਖਾਣਾ ਖਾਧਾ ਤੇ ਗੱਲਾਂ ਕਰਨ ਲਗੇ। ਉਸ ਨੂੰ ਏਨੀ ਠੰਡ ਓਪਰੀ ਨਹੀਂ ਲਗ ਰਹੀ ਤੇ ਉਹ ਸਕੇਟ ਕਰਨ ਦੀ ਕੋਸਿ਼ਸ਼ ਕਰਦਾ ਰਿਹਾ ਹੈ। ਆਪਣੀ ਸਿਖਿਆ ਵਿਚ ਉਹ ਠੀਕ ਜਾ ਰਿਹਾ ਹੈ। ਉਸ ਨੂੰ ਨਵਾਂ ਟਿਊਟਰ ਮਿਲਿਆ ਹੈ ਜੋ ਬਹੁਤ ਹੁਸਿ਼ਆਰ ਹੈ ਤੇ ਨੌਜਵਾਨ ਵੀ ਇਸ ਲਈ ਉਸ ਨੂੰ ਚੰਗਾ ਸਾਥ ਮਿਲ ਰਿਹਾ ਹੈ।’
27 ਜਨਵਰੀ: ‘ਸਾਡੇ ਨੌਜਵਾਨ ਨੇ ਅਜ ਸਵੇਰੇ ਸਾਡੇ ਨਾਲ ਨਾਸ਼ਤਾ ਕੀਤਾ। ਉਹ ਸਾਡੇ ਮੁੰਡਿਆਂ ਦੇ ਸਬਕ ਬਾਰੇ ਬਹੁਤ ਉਤਸ਼ਾਹ ਨਾਲ ਗੱਲਾਂ ਕਰਦਾ ਰਿਹਾ। ਉਹ ਲਕੜੀ ਦਾ ਕੰਮ ਕਰਕੇ ਬਹੁਤ ਖੁਸ਼ ਹੁੰਦਾ ਹੈ ਜਿਵੇਂ ਕਿ ਲਕੜੀ ਦੀ ਫੈੰਸ ਲਗਾ ਕੇ। ਹਿੰਦੁਸਤਾਨ ਵਿਚ ਉਸ ਨੇ ਇਹ ਕੰਮ ਨਹੀਂ ਕੀਤਾ ਹੋਵੇਗਾ। ....ਐਲਬਰਟ ਮਹਾਂਰਾਜੇ ਨੂੰ ਆਪਣੇ ਨਾਲ ਸ਼ੂੰਟਿੰਗ ਲਈ ਲੈ ਗਿਆ ਤੇ ਸ਼ਾਮ ਨੂੰ ਮਹਾਂਰਾਜਾ ਮੇਰੇ ਨਾਲ ਵੌਕ ਤੇ ਗਿਆ। ਅਸੀਂ ਢਲਾਨ ਤੋਂ ਹੁੰਦੇ ਹੋਏ ਅਡੇਲੇਡ ਕੌਟੇਜ ਤੇ ਫਿਰ ਬਗੀਚੇ ਵਿਚ ਗਏ ਜਿਥੋਂ ਅਸੀਂ ਗਰੀਨਹਾਊਸ ਵਿਚ ਆ ਗਏ। ਮਹਾਂਰਾਜਾ ਬਹੁਤੀਆਂ ਹੀ ਗੱਲਾਂ ਕਰ ਰਿਹਾ ਸੀ। ਉਹ ਦੱਸ ਰਿਹਾ ਸੀ ਕਿ ਉਹ ਹੁਣ ਡਾਂਸ ਸਿਖ ਰਿਹਾ ਹੈ। ਅਗਲੇ ਸਾਲ ਵਾਪਸ ਹਿੰਦੁਸਤਾਨ ਮੁੜਨ ਤੋਂ ਪਹਿਲਾਂ ਉਹ ਇਥੋਂ ਦੀ ਉਪਰਲੀ ਸੁਸਾਇਟੀ ਵਿਚ ਵਿਚਰਨਾ ਚਾਹੁੰਦਾ ਹੈ, ਉਹ ਫਰਾਂਸ, ਜਰਮਨੀ ਤੇ ਇਟਲੀ ਵੀ ਜਾਣਾ ਚਾਹੁੰਦਾ ਹੈ। ...ਉਸ ਨੇ ਆਪਣੀ ਕੁਝ ਸਿਖਣ ਦੀ ਰਫਤਾਰ ਕਾਫੀ ਵਧਾ ਲਈ ਹੈ।’
28 ਜਨਵਰੀ: ‘ਅਜ ਬਹੁਤ ਕੋਰਾ ਪਿਆ ਹੋਇਆ ਹੈ ਨਾਸ਼ਤੇ ਤੋਂ ਬਾਆਦ ਅਸੀਂ ਸਾਰੇ ਬੱਚਿਆਂ ਤੇ ਆਪਣੇ ਹਿੰਦੁਸਤਾਨੀ ਦੋਸਤ ਨਾਲ ਬਾਹਰ ਗਏ। ਗਿਆਰਾਂ ਵਜੇ ਦੀ ਸਰਵਿਸ ਵੇਲੇ ਬਰਫ ਦੇ ਕੁਝ ਫੰਬੇ ਡਿਗੇ। ਮਹਾਂਰਾਜੇ ਲਈ ਇਹ ਸੁਫਨਮਈ ਸੀ, ...ਅਜ ਵਿਚਾਰਾ ਕੁਝ ਨਰਵਸ ਸੀ, ਸ਼ਾਇਦ ਕਤਲੋ-ਗਾਰਤ ਭਰੇ ਆਪਣੇ ਤਜਰਬੇ ਨੇ ਇਸ ਬੱਚੇ ਦੇ ਨਰਮ ਮਨ ਤੇ ਡੂੰਘਾ ਅਸਰ ਛੱਡਿਆ ਹੈ।’
29 ਜਨਵਰੀ: ‘ਰਾਤ ਨੂੰ ਸਭ ਕੁਝ ਜੰਮਿਆਂ ਪਿਆ ਸੀ। ਮਹਾਂਰਾਜਾ ਸਵੇਰੇ ਦਸ ਵਜੇ ਚਲੇ ਗਿਆ ਹੈ। ਵਾਕਿਆ ਹੀ ਉਸ ਦਾ ਚਿਹਰਾ ਬਹੁਤ ਖੂਬਸੂਰਤ ਤੇ ਖੁਸ਼-ਗਵਾਰ ਹੈ।’
ਮਹਾਂਰਾਣੀ ਨੇ ਆਪਣੇ ਮਹਿਲਾਂ ਦੇ ਸੈਕਟਰੀ ਕਰਨਲ ਫਿਪਸ ਦੀ ਤੇ ਡਾਕਟਰ ਲੋਗਨ ਦੀ ਮਹਾਂਰਾਜੇ ਦੀ ਪੜ੍ਹਾਈ ਦੀ ਜਿੰ਼ਮੇਵਾਰੀ ਲਗਾਈ ਹੋਈ ਸੀ। ਵੈਸੇ ਤਾਂ ਮਹਾਂਰਾਣੀ ਨੂੰ ਡਾਕਟਰ ਲੋਗਨ ਨੇ ਜੋ ਕੁਝ ਵੀ ਮਹਾਂਰਾਜੇ ਨੂੰ ਪੜ੍ਹਾਇਆ ਸੀ ਉਸ ਨਾਲ ਤਸੱਲੀ ਸੀ ਪਰ ਉਹ ਚਾਹੁੰਦੀ ਸੀ ਕਿ ਕੁਝ ਹੋਰ ਸਿਖੇ। ਇਹ ਤਾਂ ਪਹਿਲਾਂ ਹੀ ਤਹਿ ਹੋ ਗਿਆ ਸੀ ਕਿ ਮਹਾਂਰਾਜੇ ਲਈ ਸਕੂਲ ਜਾਂ ਯੂਨੀਵਰਸਟੀ ਜਾ ਸਕਣਾ ਹੁਣ ਸੰਭਵ ਨਹੀਂ ਸੀ ਇਸ ਲਈ ਵਖਰੇ ਵਖਰੇ ਵਿਸਿ਼ਆਂ ਲਈ ਟਿਊਟਰ ਰੱਖ ਦਿਤੇ ਗਏ ਸਨ। ਦੋ ਘੰਟੇ ਰੋਜ਼ ਤੇ ਚਾਰ ਦਿਨ ਹਫਤੇ ਵਿਚ ਹਿਸਾਬ ਪੜ੍ਹਦਾ ਸੀ। ਬੌਟਨੀ ਦੇ ਸਬਕ ਵੀ ਲੈਂਦਾ ਸੀ ਦੇ ਹਰਮੋਨੀਅਮ ਵੀ ਸਿਖਦਾ ਸੀ। ਉਸ ਨੇ ਜਰਮਨ ਜ਼ੁਬਾਨ ਵਿਚ ਸਬਕ ਵੀ ਲਏ ਤੇ ਜਲਦੀ ਹੀ ਸਿਖ ਲਈ। ਸਿਖਣ ਵਿਚ ਉਹ ਬਹੁਤ ਤੇਜ਼ ਸੀ। ਉਹ ਯੌਰਪੀਅਨ ਜ਼ੁਬਾਨਾਂ ਸਿਖਣ ਦਾ ਇਸ ਲਈ ਵੀ ਸ਼ੌਕੀਨ ਸੀ ਕਿ ਯੌਰਪ ਵਿਚ ਸੈਰ ਕਰਨੀ ਸੌਖੀ ਰਹੇਗੀ।
ਮੁੜ ਕੇ ਮਹਾਂਰਾਜਾ ਮਹਾਂਰਾਣੀ ਨੂੰ 29 ਮਾਰਚ ਨੂੰ ਮਿਲਿਆ। ਮਹਾਂਰਾਜੇ ਨੇ ਸਦਾ ਵਾਂਗ ਹੀ ਖੂਬਸੂਰਤ ਪਹਿਰਾਵਾ ਪਹਿਨਿਆ ਹੋਇਆ ਸੀ। ਸਦਾ ਵਾਂਗ ਹੀ ਉਸ ਦੇ ਚਿਹਰੇ ‘ਤੇ ਪੂਰਾ ਜਲੌਅ ਸੀ। ਇਸ ਸਮੇਂ ਉਪਰਲੀ ਸੁਸਾਇਟੀ ਦੇ ਵੱਡੇ ਵੱਡੇ ਲੋਕ ਸ਼ਾਮਲ ਸਨ। ਇਥੇ ਵੀ ਕਈਆਂ ਨੂੰ ਉਸ ਦੀ ਹਾਜ਼ਰੀ ਰੜਕਦੀ ਰਹੀ ਸੀ।
ਮਹਾਂਰਾਜਾ ਹੁਣ ਇੰਗਲਿਤਾਨੀ ਬਣਿਆ ਪਿਆ ਸੀ। ਧਰਮ ਵਲੋਂ, ਜ਼ੁਬਾਨ ਵਲੋਂ ਤੇ ਸਮਾਜ ਵਲੋਂ। ਉਸ ਨੂੰ ਆਪਣਾ ਸਭ ਕੁਝ ਹੁਣ ਭੁੱਲ ਚੁੱਕਾ ਸੀ। ਇਸ ਗੱਲ ਦਾ ਹਾਲੇ ਫੈਸਲਾ ਨਹੀਂ ਸੀ ਹੋਇਆ ਕਿ ਉਸ ਨੇ ਵਾਪਸ ਭਾਰਤ ਜਾਣਾ ਹੈ ਕਿ ਇਥੇ ਰਹਿਣਾ ਹੈ। ਪੰਜਾਬ ਦੇ ਹਾਲਤ ਭਾਵੇਂ ਕਾਬੂ ਵਿਚ ਸਨ ਪਰ ਤਿਲਕਵੇਂ ਸਨ। ਇਸ ਲਈ ਮਹਾਂਰਾਜੇ ਦਸ ਵਾਪਸ ਜਾਣਾ ਵਕਤ ਦੀ ਮੰਗ ‘ਤੇ ਛੱਡ ਦਿਤਾ ਹੋਇਆ ਸੀ। ਮਹਾਂਰਾਣੀ ਨਹੀਂ ਚਾਹੁੰਦੀ ਸੀ ਕਿ ਉਹ ਵਾਪਸ ਹਿੰਦੁਸਤਾਨ ਜਾਵੇ। ਮਹਾਂਰਾਜੇ ਦਾ ਐਨੇ ਸਾਲਾਂ ਦਾ ਪਾਲਣ ਪੋਸਣ ਜੋ ਲੋਗਨ ਨੇ ਕੀਤਾ ਸੀ ਮਹਾਂਰਾਣੀ ਉਸ ਤੋਂ ਬਹੁਤ ਖੁਸ਼ ਸੀ। ਉਸ ਦੇ ਸਾਰੇ ਕੰਮ ਦੀ ਕੀਮਤ ਪੈਣੀ ਚਾਹੀਦੀ ਸੀ। ਲੌਰਡ ਡਲਹੌਜ਼ੀ ਭਾਵੇਂ ਬਹੁਤ ਸਾਰੇ ਇੰਤਜ਼ਾਮਾਂ ਨਾਲ ਸਹਿਮਤ ਨਹੀਂ ਸੀ ਪਰ ਡਾਕਟਰ ਲੋਗਨ ਤੋਂ ਉਹ ਵੀ ਖੁਸ਼ ਸੀ। ਡਾਕਟਰ ਲੋਗਨ ਦੀਆਂ ਸੇਵਾਵਾਂ ਬਦਲੇ ਮਹਾਂਰਾਣੀ ਨੇ ਉਸ ਨੂੰ ਇਜ਼ੱਤ ਦਿੰਦਿਆਂ ਨਾਈਟਹੁੱਡ ਬਖਸ਼ ਦਿਤੀ। ਹੁਣ ਡਾਕਟਰ ਲੋਗਨ ਨੂੰ ਸਰ ਲੋਗਨ ਕਿਹਾ ਜਾਣ ਲਗਿਆ। ਮਹਾਂਰਾਜਾ ਤਾਂ ਪਹਿਲਾਂ ਹੀ ਉਸ ਨੂੰ ਸਰ ਕਹਿੰਦਾ ਸੀ। ਉਪਰਲੀ ਸੁਸਾਇਟੀ ਦੇ ਕੁਝ ਲੋਕਾਂ ਨੇ ਸਰ ਲੋਗਨ ਦੀ ਇਸ ਪ੍ਰਾਪਤੀ ‘ਤੇ ਇਕ ਪਾਰਟੀ ਦਾ ਇੰਤਜ਼ਾਮ ਕੀਤਾ। ਬਹੁਤੇ ਲੋਕ ਨਹੀ ਸਨ ਪਰ ਸਨ ਸਾਰੇ ਖਾਸ ਖਾਸ, ਸਰ ਲੋਗਨ ਦੇ ਦੋਸਤ ਹੀ। ਪਾਰਟੀ ਦਾ ਇੰਤਜ਼ਾਮ ਕਰਨ ਵਾਲਾ ਲੌਰਡ ਮੌਲੇਅ ਸੀ। ਉਹ ਤਾਂ ਮਹਾਂਰਾਜੇ ਨੂੰ ਪਹਿਲੇ ਦਿਨ ਤੋਂ ਹੀ ਪਸੰਦ ਨਹੀਂ ਸੀ ਕਰਦਾ ਹੁਣ ਤਾਂ ਉਸ ਨੇ ਉਸ ਨੂੰ ਪਾਰਟੀ ਵਿਚ ਬੁਲਾਉਣਾ ਹੀ ਕੀ ਸੀ, ਲੌਰਡ ਬਰਨਬੀ ਨੇ ਸਾਧਾਰਨ ਹੀ ਇਸ ਬਾਰੇ ਪੁੱਛਿਆ ਤਾਂ ਲੌਰਡ ਮੌਲੇਅ ਕਹਿਣ ਲਗਿਆ,
“ਸਾਡੇ ਵਿਚ ਬੈਠਣ ਦੀ ਉਸ ਦੀ ਔਕਾਤ ਹੀ ਕੀ ਏ, ਉਹ ਤਾਂ ਇਕ ਬੱਚਾ ਏ ਤੇ ਬੱਚਿਆਂ ਵਿਚ ਖੇਡਣ ਦਿਓ।”
ਸਰ ਲੋਗਨ ਦੇ ਸਨਮਾਨ ਵਿਚ ਪਾਰਟੀ ਲੇਟ ਨਾਈਟ ਹੀ ਸ਼ੁਰੂ ਹੋਈ। ਇਸ ਸੁਸਾਇਟੀ ਦੀਆਂ ਬਹੁਤੀਆਂ ਪਾਰਟੀਆਂ ਇਵੇਂ ਦੇਰ ਨਾਲ ਹੀ ਅਰੰਭ ਹੁੰਦੀਆਂ ਸਨ। ਜਦ ਸਭ ਆ ਗਏ ਤਾਂ ਲੌਰਡ ਮੌਲੇਅ ਨੇ ਖੜੇ ਹੋ ਕੇ ਸਭ ਤੋਂ ਪਹਿਲਾਂ ਤਾਂ ਸਰ ਲੋਗਨ ਨੂੰ ਨਾਈਟਹੁੱਡ ਮਿਲਣ ਤੇ ਵਧਾਈਆਂ ਦਿਤੀਆਂ ਤੇ ਫਿਰ ਉਸ ਦੇ ਕੰਮ ਦੀਆਂ ਤਰੀਫਾਂ ਦੇ ਪੁੱਲ ਬੰਨਣੇ ਸ਼ੁਰੂ ਕੀਤੇ ਤੇ ਸਰ ਲੋਗਨ ਨਾਲ ਆਪਣੇ ਪੁਰਾਣੇ ਸਬੰਧਾ ਬਾਰੇ ਵੀ ਤਫਸੀਲ ਨਾਲ ਦਸਿਆ ਤੇ ਫਿਰ ਸਰ ਲੋਗਨ ਨੂੰ ਕਿਹਾ,
“ਸਰ ਲੋਗਨ, ਅਸੀਂ ਸਮਝਦੇ ਹਾਂ ਕਿ ਮਰਦ ਲਈ ਆਮ ਬੱਚੇ ਨੂੰ ਪਾਲਣਾ ਤੇ ਸੰਭਾਲਣਾ ਮੁਸ਼ਕਲ ਹੁੰਦਾ ਹੈ ਤੇ ਤੁਸੀਂ ਤਾਂ ਇਕ ਮਹਾਂਰਾਜੇ ਨੂੰ ਸੰਭਾਲ ਕੇ ਸਿੱਧੇ ਰਸਤੇ ਲਿਆਂਦਾ ਹੈ, ਉਸ ਦੀ ਜਿ਼ੰਦਗੀ ਸੁਧਾਰ ਦਿਤੀ ਹੈ, ਇਹ ਕੰਮ ਕਿਸੇ ਹੋਰ ਦੇ ਵੱਸ ਦਾ ਨਹੀਂ ਸੀ, ਅਸੀਂ ਚਾਹਾਂਗੇ ਕਿ ਤੁਸੀਂ ਆਪਣਾ ਇਹ ਤਜਰਬਾ ਸਾਡੇ ਨਾਲ ਸਾਂਝਾ ਕਰੋ।”
ਸਰ ਲੋਗਨ ਆਪਣੀ ਜਗਾਹ ਤੋਂ ਉਠ ਕੇ ਖੜਾ ਹੋ ਗਿਆ। ਉਸ ਨੇ ਪਹਿਲਾਂ ਮਹਾਂਰਾਣੀ ਵਿਕਟੋਰੀਆ ਦਾ ਧੰਨਵਾਦ ਕੀਤਾ ਜਿਸ ਨੇ ਉਸ ਨੂੰ ਨਾਈਟਹੁੱਡ ਦੀ ਉਪਾਧੀ ਬਖਸ਼ੀ ਸੀ ਤੇ ਫਿਰ ਸਾਰੇ ਦੋਸਤਾਂ ਦਾ ਜਿਹਨਾਂ ਨੇ ਅਜ ਦੇ ਸਮਾਗਮ ਦਾ ਇੰਤਜ਼ਾਮ ਕੀਤਾ ਸੀ ਤੇ ਫਿਰ ਬੋਲਣਾ ਸ਼ੁਰੂ ਕੀਤਾ,
“ਮਾਈ ਡੀਅਰ ਲੌਰਡਜ਼, ਤੁਹਾਡੇ ਵਿਚੋਂ ਬਹੁਤੇ ਜਾਣਦੇ ਨੇ ਕਿ ਮੈਂ ਤਾਂ ਕਿਤੇ ਵਜੋਂ ਮਿਲਟਰੀ ਦਾ ਡਾਕਟਰ ਸਾਂ ਤੇ ਬੰਗਾਲ ਆਰਮੀ ਨਾਲ ਕੰਮ ਕਰ ਰਿਹਾ ਸਾਂ। ਨਾਲ ਨਾਲ ਮੈਂ ਕੁਝ ਇੰਤਜ਼ਾਮੀਆਂ ਕੰਮਾਂ ਦੀ ਦੇਖ ਰੇਖ ਵੀ ਕਰਦਾ ਸਾਂ। ਪੰਜਾਬ ਨੂੰ ਬਾਕੀ ਹਿੰਦੁਸਤਾਨ ਨਾਲ ਰਲਾਉਣ ਵੇਲੇ ਮੈਂ ਪੰਜਾਬ ਆ ਗਿਆ ਸਾਂ। ਫਿਰ ਮੇਰੀ ਡਿਉਟੀ ਮਹਿਰੂਮ ਮਹਾਂਰਾਜਾ ਰਣਜੀਤ ਸਿੰਘ ਦਾ ਤੋਸ਼ਾਖਾਨਾ ਸੰਭਾਲਣ ਦੀ ਲਗਾ ਦਿਤੀ ਗਈ। ਮੈਨੂੰ ਮਹਾਂਰਾਜੇ ਦਾ 6 ਅਪਰੈਲ 1849 ਸੁਪਰਟਿਨਡੈਂਟ ਬਣਾ ਦਿਤਾ ਗਿਆ। ਉਹਨਾਂ ਦਿਨਾਂ ਵਿਚ ਮੇਰੀ ਪਤਨੀ ਲੇਨਾ ਸਿਹਤ ਠੀਕ ਨਾ ਹੋਣ ਕਰਕੇ ਵਾਪਸ ਇੰਗਲੈਂਡ ਚਲੇ ਗਈ ਸੀ ਤੇ ਮੇਰੇ ਬੱਚੇ ਵੀ। ਇਸ ਕਰਕੇ ਮੈਂ ਬੱਚਿਆਂ ਨੂੰ ਯਾਦ ਤਾਂ ਕਰਦਾ ਰਹਿੰਦਾ ਸਾਂ ਪਰ ਕਿਸੇ ਬੱਚੇ ਦੀ ਦੇਖ ਰੇਖ ਦਾ ਜਿ਼ੰਮਾ ਮੇਰਾ ਹੋਵੇਗਾ ਇਸ ਬਾਰੇ ਕਦੇ ਨਹੀਂ ਸੀ ਸੋਚਿਆ। ਮਹਾਂਰਾਜੇ ਨਾਲ ਮੇਰੀ ਪਹਿਲੀ ਮੁਲਕਾਤ ਬਹੁਤ ਸੁਖਾਵੀਂ ਰਹੀ। ਮੈਂ ਉਸ ਨੂੰ ਕੁਝ ਕਿਤਾਬਾਂ ਪੜ੍ਹਨ ਲਈ ਦਿਤੀਆਂ ਤੇ ਕੁਝ ਡਰਾਇੰਗ ਕਰਨ ਲਈ। ਡਰਾਇੰਗ ਕਰਨ ਵਿਚ ਮਹਾਂਰਾਜਾ ਬਹੁਤ ਤੇਜ਼ ਸੀ। ਉਸ ਵੇਲੇ ਉਸ ਦੀ ਪੜ੍ਹਾਈ ਗੁਰਮਖੀ, ਫਾਰਸੀ ਤੇ ਅੰਗਰੇਜ਼ੀ ਦੀ ਚਲ ਰਹੀ ਸੀ ਪਰ ਉਸ ਦਾ ਧਿਆਨ ਅੰਗਰੇਜ਼ੀ ਵਲ ਜਿ਼ਆਦਾ ਸੀ। ਲੌਰਡ ਹਾਰਡਿੰਗ ਸਦਾ ਹੀ ਉਸ ਨੂੰ ਇੰਗਲੈਂਡ ਬਾਰੇ ਗੱਲਾਂ ਸੁਣਾਉਂਦਾ ਰਹਿੰਦਾ ਸੀ ਇਸ ਲਈ ਉਹ ਸਾਡੇ ਮੁਲਕ ਬਾਰੇ ਜਾਨਣ ਲਈ ਹਰ ਵੇਲੇ ਉਤਸੁਕਤ ਰਹਿੰਦਾ ਸੀ। ਸਾਡਾ ਨੈਸ਼ਨਲ ਐਂਥਮ ਵੀ ਸਿਖ ਲਿਆ ਹੋਇਆ ਸੀ। ਸਭ ਕੁਝ ਠੀਕ ਚਲਦਾ ਆ ਰਿਹਾ ਸੀ ਪਰ ਇਕ ਦਿਨ ਉਸ ਨੇ ਮੈਨੂੰ ਉਲਟੀ ਸਥਿਤੀ ਵਿਚ ਪਾ ਦਿਤਾ। ਕੋਈ ਕਲਾਕਾਰ ਉਸ ਦੀ ਤਸਵੀਰ ਬਣਾਉਣ ਲਈ ਆ ਰਿਹਾ ਸੀ ਤੇ ਮੈਂ ਸਹਾਇਕ ਨੂੰ ਕਿਹਾ ਕਿ ਮਹਾਂਰਾਜੇ ਨੂੰ ਵਲਾਇਤੀ ਢੰਗ ਦੇ ਕਪੜੇ ਪਹਿਨਾਏ ਜਾਣ ਕਿਉਂਕਿ ਸਿਖ ਪਹਿਰਾਵੇ ਨਾਲ ਕੁਝ ਦਿਨ ਪਹਿਲਾਂ ਉਸ ਦੀ ਤਸਵੀਰ ਬਣਾਈ ਜਾ ਚੁੱਕੀ ਸੀ। ਜਦ ਮਹਾਂਰਾਜਾ ਤਿਆਰ ਹੋ ਕੇ ਆਇਆ ਤਾਂ ਉਸ ਦਾ ਲਿਬਾਸ ਹਿੰਦੁਸਤਾਨੀ ਢੰਗ ਦਾ ਸੀ ਭਾਵੇਂ ਉਹ ਫਬਦਾ ਸੀ ਪਰ ਮੇਰੇ ਪਸੰਦ ਨਹੀਂ ਸੀ। ਮੈਂ ਜ਼ਰਾ ਗੁੱਸੇ ਨਾਲ ਮੇਰਾ ਕਹਿਣਾ ਨਾ ਮੰਨਣ ਦਾ ਕਾਰਨ ਪੁੱਛਿਆ ਤਾਂ ਮਹਾਂਰਾਜੇ ਨੇ ਕੋਈ ਜਵਾਬ ਦੇਣ ਥਾਂ ਜੇਬ੍ਹਾਂ ਵਿਚ ਹੱਥ ਪਾ ਕੇ ਇਕ ਪਾਸੇ ਨੂੰ ਦੇਖਣ ਲਗ ਪਿਆ ਦੇ ਨਿਰੰਤਰ ਦੇਖਦਾ ਰਿਹਾ। ਮੈਂ ਗੁੱਸੇ ਵਿਚ ਕੁੜਦਾ ਰਿਹਾ ਪਰ ਉਸ ਨੂੰ ਜਿਵੇਂ ਕੋਈ ਪਰਵਾਹ ਹੀ ਨਹੀਂ ਸੀ। ਮੈਨੂੰ ਉਸ ਬਾਰੇ ਪਹਿਲਾਂ ਹੀ ਕਿਸੇ ਨੇ ਕਹਾਣੀ ਸੁਣਾਈ ਹੋਈ ਸੀ ਕਿ ਜਦ ਬ੍ਰਿਟਿਸ਼ ਔਫੀਸ਼ੀਅਲਜ਼ ਤੇਜਾ ਸਿੰਘ ਨੂੰ ਫੌਜ ਦਾ ਕਮਾਂਡਰ ਇਨ ਚੀਫ ਬਣਾਉਣਾ ਚਾਹੁੰਦੇ ਸਨ ਤੇ ਇਹ ਰਸਮ ਮਹਾਂਰਾਜੇ ਨੇ ਉਸ ਦੇ ਮੱਥੇ ‘ਤੇ ਤਿਲਕ ਲਾ ਕੇ ਸਿਰੇ ਚਾੜਨੀ ਸੀ ਤਾਂ ਮਹਾਂਰਾਜਾ ਇਵੇਂ ਹੀ ਜੇਬ੍ਹਾਂ ਵਿਚ ਹੱਥ ਪਾਈ ਖੜਾ ਰਿਹਾ ਸੀ। ਮੈਂ ਉਸ ਵੇਲੇ ਮੌਕਾ ਸੰਭਾਲਿਆ ਤੇ ਉਸੇ ਪੌਸ਼ਾਕ ਵਿਚ ਮੁਸਬੱਰ ਦੇ ਸਾਹਮਣੇ ਜਾ ਲੈਣ ਦਿਤਾ। ਫਿਰ ਇਕ ਦਿਨ ਅਜਿਹੀ ਘਟਨਾ ਉਸ ਦੇ ਬਾਜ਼ ਨੂੰ ਲੈ ਕੇ ਵੀ ਹੋ ਗਈ। ਕੋਈ ਖਾਸ ਸਭਾ ਚਲ ਰਹੀ ਸੀ ਕਿ ਮਹਾਂਰਾਜੇ ਦਾ ਬਾਜ਼ ਏਧਰ ਓਧਰ ਉਡਦਾ ਫਿਰ ਰਿਹਾ ਸੀ। ਬਾਜ਼ ਜਿਵੇਂ ਉਸ ਦੀ ਜਾਨ ਸੀ। ਮੈਂ ਬਾਜ਼ ਨੂੰ ਹਾਲ ਵਿਚੋਂ ਬਾਹਰ ਕੱਢ ਦੇਣ ਦਾ ਹੁੱਕਮ ਦਿਤਾ ਪਰ ਮਹਾਂਰਾਜੇ ਨੇ ਬਾਜ਼ ਨੂੰ ਅਵਾਜ਼ ਮਾਰੀ ਤੇ ਆਪਣੀ ਬਾਂਹ ਉਪਰ ਬੈਠਾ ਲਿਆ। ਮੈਨੂੰ ਚੰਗਾ ਨਹੀਂ ਲਗਿਆ ਪਰ ਮਹਾਂਰਾਜੇ ਨੂੰ ਮੇਰੀ ਪ੍ਰਵਾਹ ਨਹੀਂ ਸੀ। ਇਵੇਂ ਹੀ ਮਹਾਂਰਾਜੇ ਨੂੰ ਬਾਜ਼ ਨਾਲ ਸਿ਼ਕਾਰ ਖੇਡਣ ਦਾ ਸ਼ੌਂਕ ਸੀ ਤੇ ਇਕ ਇਸ਼ਾਰੇ ਤੇ ਬਾਜ਼ ਨਿਕੇ ਜਿਹੇ ਪੰਛੀ ਤੇ ਝਪਕ ਪੈਂਦਾ ਜੋ ਕਿ ਮੈਨੂੰ ਬਹੁਤ ਜ਼ਾਲਮਾਨਾ ਕੰਮ ਲਗਦਾ। ਇਵੇਂ ਕਈ ਵਾਰ ਉਹ ਕਹਿਣਾ ਮੰਨਣੋਂ ਇਨਕਾਰ ਕਰ ਦਿੰਦਾ ਤੇ ਮੈਂ ਸੋਚਣ ਲਗਦਾ ਕਿ ਇਵੇਂ ਕਿਵੇਂ ਕੰਮ ਚਲੇਗਾ।
ਇਕ ਦਿਨ ਤਾਂ ਕਮਾਲ ਹੋ ਗਈ। ਮੈਂ ਤੋਸ਼ੇਖਾਨੇ ਦੇ ਕਿਸੇ ਕੰਮ ਵਿਚ ਬਹੁਤ ਹੀ ਉਲਝਿਆ ਪਿਆ ਸਾਂ ਤੇ ਗਈ ਰਾਤ ਤਕ ਜਾਗਦਾ ਰਿਹਾ ਸਾਂ। ਚੰਨ ਦੀ ਚਾਨਣੀ ਸੀ, ਮੈਂ ਅਚਾਨਕ ਬਾਹਰ ਸ਼ੋਰ ਸੁਣਿਆਂ। ਉਠ ਕੇ ਦੇਖਣ ਗਿਆ ਤਾਂ ਮਹਾਂਰਾਜਾ ਆਪਣੇ ਦੋਸਤਾਂ ਨਾਲ ਕਿਲੇ ਦੇ ਇਕ ਪਾਸੇ ਖੇਡ ਰਿਹਾ ਸੀ ਤੇ ਇਹ ਸਾਰੇ ਮੁੰਡੇ ਲੋਹੜੇ ਦਾ ਸ਼ੋਰ ਮਚਾ ਰਹੇ ਸਨ ਜਦ ਕਿ ਬਾਕੀ ਦਾ ਸਾਰਾ ਕਿਲ੍ਹਾ ਸੁੱਤਾ ਪਿਆ ਸੀ। ਮੈਂ ਉਠ ਕੇ ਹੇਠਾਂ ਗਿਆ ਤੇ ਮਹਾਂਰਾਜਾ ਨੂੰ ਉੱਚੀ ਅਵਾਜ਼ ਵਿਚ ਕਿਹਾ,
“ਯੋਅਰ ਹਾਈਨੈੱਸ, ਤੁਹਾਡੇ ਸੌਣ ਦਾ ਸਮਾਂ ਹੋ ਗਿਆ।”
ਬਾਕੀ ਦੇ ਮੁੰਡੇ ਤਾਂ ਆਪਣਿਆਂ ਕਮਰਿਆਂ ਵਲ ਭੱਜ ਗਏ ਪਰ ਮਹਾਂਰਾਜਾ ਸਦਾ ਵਾਂਗ ਅੜਿਆ ਖੜਾ ਰਿਹਾ। ਮੈਂ ਸੋਚਿਆ ਕਿ ਅਜ ਜਾਂ ਤਾਂ ਉਸ ਨੂੰ ਹਥਿਆਰ ਸੁੱਟਣੇ ਪੈਣਗੇ ਨਹੀਂ ਤਾਂ ਉਹ ਸਦਾ ਲਈ ਮੇਰੇ ਕਿਸੇ ਕਹਿਣੇ ਤੋਂ ਮੁਨਕਰ ਹੋ ਜਾਵੇਗਾ। ਮੈਂ ਹੋਰ ਦ੍ਰਿੜ ਅਵਾਜ਼ ਵਿਚ ਆਪਣੀ ਗੱਲ ਦੁਹਰਾਈ ਤਾਂ ਉਹ ਬੋਲਿਆ,
“ਸਰ ਲੋਗਨ, ਕਿੰਗ ਮੈਂ ਹਾਂ ਨਾ ਕਿ ਤੁਸੀਂ।”
“ਯੌਅਰ ਹਾਈਨੈੱਸ, ਇਸ ਵੇਲੇ ਮੈਂ ਤੁਹਾਡਾ ਸੁਪਰਟਿਨਡੈਂਟ ਹਾਂ ਤੇ ਤੁਹਾਡੇ ਪ੍ਰਤੀ ਮੇਰੀਆਂ ਕੁਝ ਜਿ਼ੰਮੇਵਾਰੀਆਂ ਨੇ।”
“ਟਰੀਟੀ ਵਿਚ ਇਹ ਨਹੀਂ ਲਿਖਿਆ ਕਿ ਮੈਂ ਕਿਸੇ ਦਾ ਹੁਕਮ ਮੰਨਾਂਗਾ।”
“ਯੌਅਰ ਹਾਈਨੈੱਸ, ਇਸੇ ਵੇਲੇ ਜਾਓ ਤੇ ਕਪੜੇ ਬਦਲੋ ਤੇ ਸੌਂ ਜਾਵੋ, ਸਵੇਰੇ ਵੇਲੇ ਸਿਰ ਘੋੜ-ਸਵਾਰੀ ਲਈ ਨਿਕਲਣਾ ਹੋਵੇਗਾ ਤੇ ਫਿਰ ਕੁਝ ਲੋਕ ਮਿਲਣ ਵੀ ਆ ਰਹੇ ਨੇ।”
“ਮੈਂ ਉਹੀ ਕੁਝ ਕਰਾਂਗਾ ਜੋ ਮੇਰਾ ਮਨ ਕਰੇਗਾ।”
“ਤਾਂ ਫੇਰ ਮੈਨੂੰ ਜ਼ਬਰਦਸਤੀ ਕਰਨੀ ਪਵੇਗੀ।”
ਉਹ ਮੇਰੇ ਵਲ ਦੇਖਦਾ ਰਿਹਾ ਤੇ ਮੈਂ ਉਸ ਵਲ। ਮੈਂ ਧਾਰਿਆ ਹੋਇਆ ਸੀ ਕਿ ਅਜ ਮੈਂ ਹਥਿਆਰ ਨਹੀਂ ਸੁਟਾਂਗਾ। ਮੈਂ ਇਕ ਵਾਰ ਫਿਰ ਉਂਗਲ ਦਿਖਾ ਕੇ ਕਿਹਾ,
“ਜਾਓ।”
ਉਹ ਹਾਲੇ ਵੀ ਮੇਰੇ ਵਲ ਦੇਖੀ ਜਾ ਰਿਹਾ ਸੀ ਤੇ ਮੈਂ ਉਸ ਵਲ। ਚਾਨਣੀ ਰਾਤ ਵਿਚ ਉਸ ਦੇ ਚਿਹਰੇ ਦਾ ਗੁੱਸਾ ਸਾਫ ਦਿਸ ਰਿਹਾ ਸੀ। ਫਿਰ ਉਸ ਨੇ ਅੱਖਾਂ ਭਰ ਲਈਆਂ ਤੇ ਕੋਲ ਪਈ ਇਕ ਕੁਰਸੀ ਤੇ ਬੈਠ ਕੇ ਰੋਣ ਲਗ ਪਿਆ। ਰੋਂਦਾ ਹੋਇਆ ਕਹਿੰਦਾ ਜਾ ਰਿਹਾ ਸੀ,
“ਇਹ ਠੀਕ ਨਹੀਂ, ਇਹ ਜਾਇਜ਼ ਨਹੀਂ, ਤੁਸੀਂ ਮੇਰੇ ਨਾਲ ਵਧੀਕੀ ਕਰ ਰਹੇ ਓ।”
ਉਸ ਦਾ ਰੋਣਾ ਰੁਕ ਨਹੀਂ ਸੀ ਰਿਹਾ। ਮੈਂ ਉਸ ਦਾ ਮੋਢ੍ਹਾ ਥਾਪੜਿਆ ਤੇ ਕਲ਼ਾਵੇ ਵਿਚ ਲੈ ਲਿਆ ਤੇ ਨੌਕਰ ਨੂੰ ਇਸ਼ਾਰਾ ਕੀਤਾ ਕਿ ਉਸ ਨੂੰ ਅੰਦਰ ਲੈ ਜਾਵੇ। ਉਹ ਅੱਖਾਂ ਮਲ਼ਦਾ ਨੌਕਰ ਨਾਲ ਆਪਣੇ ਸੌਣ ਕਮਰੇ ਵਲ ਚਲੇ ਗਿਆ। ਉਸ ਤੋਂ ਬਾਅਦ ਮਹਾਂਰਾਜੇ ਨੇ ਮੈਨੂੰ ਕਦੇ ਤਕਲੀਫ ਨਹੀਂ ਦਿਤੀ। ਮੇਰਾ ਹਰ ਕਹਿਣਾ ਮੰਨਦਾ ਏ। ਉਹ ਬਹੁਤ ਚੰਗਾ ਮੁੰਡਾ ਏ। ਮੈਨੂੰ ਆਪਣੇ ਬੱਚਿਆਂ ਵਰਗਾ ਲਗਦਾ ਏ। ਉਸ ਨੂੰ ਚੰਗਾ ਇਨਸਾਨ ਬਣਾਉਣ ਵਿਚ ਜੋ ਮੱਦਦ ਕੀਤੀ ਏ ਆਪਣਾ ਬੱਚਾ ਸਮਝ ਕੇ ਈ ਕੀਤੀ ਏ। ਇਸ ਨਿਕੇ ਜਿਹੇ ਕੰਮ ਲਈ ਮੈਨੂੰ ਏਡਾ ਵੱਡਾ ਸਨਮਾਨ ਮਿਲਿਆ ਏ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਕਿਸਮਤ ਸਮਝਦਾਂ। ਇਕ ਵਾਰ ਫਿਰ ਹਰ ਮੈਜਿਸਟਰੀ ਦਾ ਤੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ।”
ਸਰ ਲੋਗਨ ਦੀਆਂ ਗੱਲਾਂ ਸਭ ਨੇ ਪੂਰੇ ਧਿਆਨ ਨਾਲ ਸੁਣੀਆਂ। ਜਦ ਉਹ ਗੱਲ ਮੁਕਾ ਕੇ ਹਟਿਆ ਤਾਂ ਕਿਸੇ ਨੇ ਸਵਾਲ ਕੀਤਾ,
“ਸਰ ਲੋਗਨ, ਤੁਹਾਡ ਵੱਡਾ ਕੰਮ ਤਾਂ ਮਹਾਂਰਾਜੇ ਨੂੰ ਇਸਾਈ ਬਣਨ ਵਲ ਪ੍ਰੇਰਨਾ ਸੀ, ਇਹ ਦੱਸੋ ਕਿ ਤੁਸੀਂ ਕੰਮ ਕਿਵੇਂ ਨੇਪਰੇ ਚਾੜਿਆ?”
ਸਵਾਲ ਕਰਨ ਵਾਲੇ ਦੀ ਅਵਾਜ਼ ਵਿਚ ਵਿਅੰਗ ਸੀ ਤੇ ਉਹੋ ਵਿਅੰਗ ਸਰ ਲੋਗਨ ਨੇ ਆਪਣੀ ਅਵਾਜ਼ ਵਿਚ ਲਿਆਂਦਾ ਤੇ ਕਹਿਣਾ ਸ਼ੁਰੂ ਕੀਤਾ,
“ਪ੍ਰੇਰਨ ਵਾਲੀ ਕੋਈ ਗੱਲ ਨਹੀਂ, ਸਭ ਆਪਣੇ ਆਪ ਈ ਹੋਇਆ ਏ, ਸਾਰਾ ਰਿਕ੍ਰਾਡ ਸਾਡੇ ਕੋਲ ਪਿਆ ਏ, ਲੌਰਡ ਡਲਹੌਜ਼ੀ ਪ੍ਰੇਰਨ ਦੇ ਹੱਕ ਵਿਚ ਨਹੀਂ ਸਨ, ਹੁਣ ਮਹਾਂਰਾਜਾ ਉਸ ਉਮਰ ਵਿਚ ਜਾ ਚੁੱਕਾ ਸੀ ਕਿ ਆਪਣੀ ਮਰਜ਼ੀ ਕਰ ਸਕਦਾ। ਜਦੋਂ ਮੈਂ ਆਪਣੀ ਪਤਨੀ ਨੂੰ ਲੈ ਕੇ ਕੱਲਕੱਤੇ ਤੋਂ ਵਾਪਸ ਆਇਆ ਤਾਂ ਮਹਾਂਰਾਜਾ ਆਪਣਾ ਮਨ ਧਰਮ ਬਦਲਣ ਲਈ ਬਣਾਈ ਬੈਠਾ ਸੀ। ਮੈਂ ਪੰਜਾਬ ਤੋਂ ਹਿੰਦੂ ਧਰਮ ਦੇ ਤੇ ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਸੱਦਿਆ ਪਰ ਕੋਈ ਸਿੱਖ ਨਾ ਆਇਆ। ਨਾ ਹੀ ਉਹਨਾਂ ਗਰੰਥ ਸਾਹਿਬ ਭੇਜਿਆ। ਜੇ ਮੈਂ ਇਹ ਕਹਾਂ ਕਿ ਸਿੱਖਾਂ ਨੇ ਮਹਾਂਰਾਜੇ ਦਾ ਮੁੜ ਕੇ ਫਿਕਰ ਹੀ ਨਹੀਂ ਕੀਤਾ ਤਾਂ ਗਲਤ ਨਹੀਂ ਹੋਵੇਗਾ। ਮੈਂ ਫਿਰ ਕਹਿੰਦਾ ਹਾਂ ਕਿ ਇਹ ਇਕ ਦਿਨ ਦਾ ਕੰਮ ਨਹੀਂ ਕਈ ਸਾਲ ਸੋਚਣ ਤੋਂ ਬਾਅਦ ਮਹਾਂਰਾਜੇ ਨੂੰ ਬੈਪਟਾਈਜ਼ ਕੀਤਾ ਗਿਆ ਏ। ਅਸਲ ਵਿਚ ਜੋ ਮੈਂ ਸਮਝਦਾਂ ਉਹ ਇਹ ਸੀ ਕਿ ਸਿੱਖ ਸਰਦਾਰਾਂ ‘ਤੇ ਉਸ ਨੂੰ ਕੋਈ ਯਕੀਨ ਨਹੀਂ ਸੀ ਰਿਹਾ, ਸਾਡੇ ਰਹਿਣ ਸਹਿਣ, ਸਾਡੀ ਬੋਲੀ ਵਲ ਨੂੰ ਉਹ ਉਲਾਰ ਹੋ ਰਿਹਾ ਸੀ, ਮੈਂ ਇਕ ਵਾਰ ਫਿਰ ਕਹਿ ਦੇਵਾਂ ਕਿ ਉਸ ਨੂੰ ਇਸਾਈ ਬਣਾਉਣ ਦੀ ਕੋਈ ਸਾਜਿਸ਼ ਨਹੀਂ ਸੀ। ਹਾਂ, ਜਦ ਉਸ ਨੇ ਚਾਹਿਆ ਤਾਂ ਲੌਰਡ ਡਲਹੌਜ਼ੀ ਨੇ ਇਸ ਨੂੰ ਸ਼ੁਭ ਸ਼ਗਨ ਇਵੇਂ ਸਮਝਿਆ ਕਿ ਉਸ ਦੇ ਇਸਾਈ ਬਣ ਜਾਣ ਨਾਲ ਪੰਜਾਬ ਦੇ ਸਿੱਖਾਂ ਵਿਚ ਉਸ ਦੀ ਸ਼ਾਖ ਕਮਜ਼ੋਰ ਪੈ ਜਾਵੇਗੀ।”

(ਤਿਆਰੀ ਅਧੀਨ ਨਾਵਲ; ‘ਸਾਡਾ ਮਹਾਂਰਾਜਾ, ਮਹਾਂਰਾਜਾ ਦਲੀਪ ਸਿੰਘ’ ਵਿਚੋਂ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346