Welcome to Seerat.ca
Welcome to Seerat.ca

ਗਦਰੀ ਬਾਬਿਓ, ਪਰਤ ਕੇ ਵੇਖਿਓ ਜੇ

 

- ਪਸ਼ੌਰਾ ਸਿੰਘ ਢਿਲੋਂ

ਨਾਵਲ ਅੰਸ਼ / ਇੰਗਲਿਸਤਾਨੀ

 

- ਹਰਜੀਤ ਅਟਵਾਲ

ਗੁੰਡਾ

 

- ਰੂਪ ਢਿਲੋਂ

ਭਾਨ ਲੈਣਾ ਦੀਵਾਨ ਵਿਚੋਂ

 

- ਸੰਤੋਖ ਸਿੰਘ

ਸਾਡੇ ਲਈ ਪ੍ਰੇਰਨਾਸ੍ਰੋਤ ਜੁਝਾਰੂ ਇਨਸਾਨ: ਮਾਰਟਿਨ ਲੂਥਰ ਕਿੰਗ

 

- ਮਲਿਕਾ ਮੰਡ

ਮਾਣਕ ਬਨਾਮ ਚਮਕੀਲਾ:‘ਜੀਜਾ ਲੱਕ ਮਿਣ ਲੈ...’

 

- ਐੱਸ ਅਸ਼ੋਕ ਭੌਰਾ

ਸਾਹਿਤਕ ਸਵੈਜੀਵਨੀ / ਆਤਮ-ਮੰਥਨ ਤੇ ‘ਰਾਜਨੀਤਕ ਚੇਤਨਾ’ ਦੀ ਕਹਾਣੀ

 

- ਵਰਿਆਮ ਸਿੰਘ ਸੰਧੂ

ਮੌਤ ਨਾਲ ਗੱਲਾਂ

 

- ਜਰਨੈਲ ਸਿੰਘ ਗਰਚਾ

ਸਭਿਆਚਾਰ ਤੇ ਸਭਿਆਚਾਰਕ ਸਾਮਰਾਜ

 

- ਡਾ. ਨਰਿੰਦਰਪਾਲ ਸਿੰਘ

‘ਹਸੰਦਿਆਂ ਖੇਲੰਦਿਆਂ’ ਨੂੰ ਪੜ੍ਹਕੇ ਚੇਤਾ ਆਇਆ

 

- ਹਰਭਜਨ ਕੌਰ ਗਿੱਲ

‘ਹੱਲੇ ਹੈ ਸੁਰਮਾ ਗੁਆਚ ਗਈ ਸੁਰਮੇਦਾਨੀ‘

 

- ਲਾਡੀ ਸੁਖਜਿੰਦਰ ਕੌਰ ਭੁੱਲਰ

ਘਰ ਦੇ ਜੀਆਂ ਵਰਗੇ ਇੱਕ ਯਾਦ

 

- ਹਰਭਜਨ ਕੌਰ ਗਿੱਲ

ਲਿਖੀ-ਜਾ-ਰਹੀ ਸਵੈ-ਜੀਵਨੀ 'ਬਰਫ਼ ਵਿੱਚ ਉਗਦਿਆਂ' 'ਚੋਂ / ਚੰਗਾ ਬਈ, ਪੰਜਾਬ!

 

- ਇਕਬਾਲ ਰਾਮੂਵਾਲੀਆ

ਹੁੰਗਾਰੇ

 

Online Punjabi Magazine Seerat

ਗੁੰਡਾ
- ਰੂਪ ਢਿਲੋਂ

 

ਮੇਰੇ ਨਾਂ ਤੋਂ ਕੀ ਲੈਣੈ, ਇੰਨਾ ਈ ਬਥੇਰਾ ਐ ਕਿ ਮੈਂ ਦਾਦੇ ਲਈ ਰਣਜੀਤਪੁਰ ਦੇ ਇੱਕ ਵੇਸ਼ਵਾ ਘਰ‘ਚ ਕੰਮ ਕਰਦੀ ਹਾਂ। ਕਈ ਸਾਮੀਆਂ ਖ਼ੁਸ਼ ਕੀਤੀਆਂ ਨੇ, ਦਾਦੇ ਦੀਆਂ ਮੈਂ। ਬਾਰਾਂ ਸਾਲਾਂ ਦੀ ਉਮਰ ਤੋਂ ਲੈ ਕੇ ਹੁਣ ਤੱਕ ਇਹੀ ਕੁੱਝ ਹੀ ਕੀਤਾ ਹੈ। ਇੱਕ ਦਿਨ ਉਮਰਾ ਜਾਨ ਵਾਂਗ ਮੈਨੂੰ ਕਿਸੇ ਨੇ ਘਰੋਂ ਚੱਕ ਕੇ ਇੱਥੇ ਲੈ ਆਂਦਾ। ਹੁਣ ਤਾਂ ਯਾਦ ਵੀ ਨਹੀਂ ਹੈ ਦੇਸ਼ ਦੇ ਕਿਹੜੇ ਪਾਸਿਓਂ ਚੁੱਕੀ ਸੀ। ਖ਼ੈਰ ਹਰ ਰੋਜ ਮੈਂ ਆਵਦਾ ਮਾਸ ਵੇਚਦੀ ਆਂ। ਅੱਜ ਕੱਲ੍ਹ ਦਾਦੇ ਨੇ ਇੱਕ ਨਵਾਂ ਮੁੰਡਾ…ਨਵਾਂ ਦੱਲਾ ਰੱਖਿਐ; ਉਸਦਾ ਨਾਂ ਹੈ ਦੇਵ। ਹਰ ਰੋਜ਼ ਬੂਹੇ ‘ਚੋਂ ਕੋਈ ਨਵਾਂ ਚਿਹਰਾ ਵੜਦੈ। ਇੰਨ੍ਹੇ ਵੇਖੇ ਨੇ ਕਿ ਸਭ ਦਾ ਮੂੰਹ ਯਾਦ ਹੀ ਨਹੀਂ। ਕਿਉਂ ਯਾਦ ਰੱਖਾਂ? ਮੈਂ ਤਾਂ ਨਿੱਤ ਭੁੱਲਣ ਦੀ ਕੋਸ਼ਿਸ਼ ਕਰਦੀ ਹਾਂ।
ਹੁਣ ਧੁੰਦਲ਼ੇ ਚਿਹਰੇ ਹੀ ਦਿਸਦੇ ਨੇ। ਹਰ ਰੋਜ ਕੋਈ ਨਵਾਂ ਬੰਦਾ ਆਉਂਦਾ ਹੈ। ਕਈ ਬਾਰੀ ਤਾਂ ਮੇਮਾਂ ਵੀ ਆ ਜਾਂਦੀਆਂ ਨੇ। ਮੈਂ ਤਾਂ ਖਿਢੌਣਾ ਹਾਂ, ਉਨ੍ਹਾਂ ਦੀ ਕਾਮ ਵਾਸ਼ਨਾ ਦਾ। ਅੱਜ ਵਾਲ਼ੇ ਮੂੰਹ ਤਾਂ ਯਾਦ ਰਹਿਣੇ ਨੇ, ਕੁੱਝ ਚਿਰ ਲਈ। ਕੱਲ੍ਹ ਤੀਕਣ ਚੇਤਾ ਭੁੱਲ ਜਾਣਾ ਐ।
ਤੜਕੇ ਜਾਗੀ, ਪਹਿਲਾਂ ਹੀ ਰਸਿਕ ਖੜ੍ਹਾ ਸੀ।ਕਮਰੇ ਦਾ ਦਰਵਾਜ਼ਾ ਖੋਲ੍ਹਿਆ, ਸੱਜਣ ਅੰਦਰ ਵੜ ਗਿਆ। ਕਿਹਾ ਆਸ਼ਨਾ! ਉਮਰ ‘ਚ ਪੰਜਾਹ ਦਾ ਬੁੱਢ ਵਰੇਸ ਲਗਦਾ ਸੀ। ਐਨਕ ਗਾਂਧੀ ਵਾਂਗ ਨੱਕ ਤੇ ਟਿਕਾਈ ਸੀ। ਵਾਲ਼ਾਂ ‘ਚ ਚੀਰ ਕੱਢਿਆ ਹੋਇਆ ਸੀ। ਕੁੜਤਾ ਪਜਾਮਾ ਪਾਇਆ ਸੀ, ਚਿੱਟਾ ਦੁੱਧ ਵਰਗਾ। ਮੱਥੇ ਤੇ ਟਿੱਕਾ ਲਾਇਆ ਸੀ। ਮੈਂ ਕਈ ਬਾਰ ਇਸ ਨੂੰ ਟੀਵੀ ਤੇ ਵੇਖਿਆ ਸੀ। ਸਰਕਾਰ ਦਾ ਖਾਸ ਬੰਦਾ ਸੀ। ਜਦ ਉਸਨੇ ਮੇਰੇ ਵੱਲ ਝਾਕਿਆ ਤੇ ਮੂੰਹ ਖੁੱਲ੍ਹਿਆ ਤਾਂ ਉਸਦੇ ਪੀਲ਼ੇ, ਟੁੱਟੇ ਦੰਦ ਦਿਸੇ। ਐਨਕਾਂ ਵਿੱਚ ਮੈਨੂੰ ਆਵਦਾ ਮੁਖੜਾ ਦਿੱਸਿਆ, ਜਿੰਝ ਦੋ ਹੁੰਦੀਆਂ, ਇੱਕ ਸੱਜੀ ਅੱਖ ‘ਚੋਂ ਵਾਪਸ ਝਾਕਦੀ, ਦੂਜੀ ਖੱਬੀ ਵਿੱਚੋਂ। ਮੇਰੇ ਨੇੜੇ ਆ ਗਿਆ। ਉਸਦੇ ਮੂੰਹ ‘ਚੋਂ ਪਾਨ, ਸ਼ਰਾਬ ਅਤੇ ਸੁਲਫ਼ੇ ਦੀ ਹਮਕ ਮੇਰੀਆਂ ਨ੍ਹਾਸਾਂ ‘ਚ ਚੜ੍ਹ ਗਈ। ਉਸਦਾ ਮਹੁਕੇ ਵਾਲ਼ਾ ਨੱਕ ਚੌੜਾ ਜਿਹਾ ਸੀ, ਅਤੇ ਨ੍ਹਾਸਾਂ ‘ਚੋਂ ਵਾਲ਼ ਟਿਭਦੇ ਸਨ। ਉਸਨੇ ਮੈਨੂੰ ਜੱਫੀ ਪਾਈ। ਅਜਗਰ ਵਾਂਗ ਆਵਦੀਆਂ ਬਾਹਾਂ ‘ਚ ਮੈਨੂੰ ਨੱਪਿਆ। ਉਸਦੇ ਬਦਬੂਦਾਰ ਬੁੱਲ੍ਹ ਮੇਰੇ ਹੋਠਾਂ ਨੂੰ ਨਿਗਲ਼ਗੇ। ਫਿਰ ਉਸਨੇ ਮੇਰਾ ਦੁਪੱਟਾ ਭੁੰਜੇ ਸੁੱਟ ਦਿੱਤਾ ਅਤੇ ਮੇਰੀ ਅੰਗੀ ਲਾਹੁਣ ਲੱਗ ਪਿਆ। ਉਸਦੇ ਹੱਥ ਮੱਕੜੀ ਵਾਂਗ ਮੇਰੇ ਪਿੰਡੇ ਉੱਤੇ ਛਾਲ਼ਾਂ ਮਾਰ ਰਹੇ ਸਨ। ਮੈਂ ਆਪਣੇ ਆਪਨੂੰ ਮੂਰਛਿਤ ਕਰਕੇ ਦੁਨੀਆ ਤੋਂ, ਖੁਦ ਤੋਂ ਦੂਰ ਹੋ ਗਈ। ਬੇਕੱਪੜਾ ਮੰਤਰੀ ਇੱਕ ਭਿਆਨਕ ਸੁਪਨਾ ਹੀ ਸੀ। ਇਸ ਵੇਲ਼ੇ ਮੈਂ ਹੋਸ਼ ‘ਚ ਨਹੀਂ ਸੀ। ਜੋ ਕਰਨਾ ਚਾਹੁੰਦਾ ਸੀ, ਉਸਨੂੰ ਕਰਨ ਦਿੱਤਾ। ਘੰਟੇ ਬਾਅਦ ਉਹ ਤਾਂ ਆਵਦੇ ਸਰਕਾਰੀ ਜੱਗ ‘ਚ ਵਾਪਸ ਪੁੱਜ ਗਿਆ, ਸਾਡੇ ਮੁਲਕ ਤੇ ਰਾਜ ਕਰਨ ਲਈ ਤੇ ਸਾਡੇ ਲੋਕਾਂ ਨੂੰ ਇਬਰਤ ਦੇਣ ਲਈ। ਉਸਦੇ ਜਾਣ ਤੋਂ ਬਾਅਦ ਮੈਂ ਕਿੰਨੇ ਹੀ ਚਿਰ ਲਈ ਪਈ ਰਹੀ। ਉਸਦਾ ਮੁਸ਼ਕ ਹਾਲੇ ਵੀ ਮੇਰੇ ਜਿਸਮ ਤੇ ਟੰਗਾਂ ਪਸਾਰ ਰਿਹਾ ਸੀ। ਵੱਡਾ ਆਦਮੀ ਸੀ, ਦਾਦੇ ਦਾ ਖਾਸ ਗਾਹਕ। ਪਰ ਅੱਧੇ ਘੰਟੇ ਬਾਅਦ ਫਿਰ ਦਰਵਾਜ਼ਾ ਖੜਕਿਆ। ਹੁਣ ਇੱਕ ਹੋਰ ਹੂਜ਼ੀ ਆ ਗਿਆ ਸੀ।
ਇਹ ਬੰਦਾ ਵੱਡੇ ਘਰ ਦਾ ਨਹੀਂ ਸੀ, ਬੁੱਢਾ ਵੀ ਨਹੀਂ ਸੀ। ਉਸਨੂੰ ਵੇਖਕੇ ਸਮਝ ਨਹੀਂ ਲਗਦੀ ਸੀ ਕਿਉਂ ਅੱਡੇ ਤੇ ਆਉਂਦਾ ਸੀ। ਪਰ ਕੌਣ ਸਮਝ ਸਕਦਾ ਏ ਆਦਮੀ ਦੇ ਨੀਚੇ ਦਿਮਾਗ ਨੂੰ? ਲੰਬਾ, ਪਤਲਾ ਜਿਹਾ ਸੀ। ਗੋਰਿਆਂ ਵਾਂਗ ਜੀਨ-ਸ਼ੀਨ ਪਾਈ ਸੀ। ਸਜੀਲਾ ਜਵਾਨ ਸੀ, ਮੋਟੀਆਂ ਮੋਟੀਆਂ ਉਕਾਬੀ ਅੱਖਾਂ ਸਨ ਅਤੇ ਚੰਨ ਵਰਗਾ ਮੁਖੜਾ। ਪਰ ਮੇਰਾ ਤਾਂ ਉਸਨੇ ਮੂੰਹ ਕਾਲ਼ਾ ਕਰ ਦਿੱਤਾ ਸੀ। ਪਿੰਡੇ ਨੂੰ ਚੰਡ ਮਾਰੀ ਜਿਵੇਂ ਲੁਹਾਰ ਸੰਦਾਨ‘ਤੇ ਠੋਕਦਾ ਸੀ। ਮੈਂ ਚੀਕਾਂ ਮਾਰੀਆਂ ਪਰ ਮੇਰੀ ਮੱਦਦ ਕਰਨ ਕੋਈ ਨਹੀਂ ਆਇਆ। ਫਰਸ਼ ਤੇ ਡਿੱਗੀ ਪਈ ਰਹਿਣ ਦਿੱਤਾ ਮੈਨੂੰ। ਮਸਾਂ ਉੱਠੀ ਜਦ ਬਾਈ ਨੇ ਗਾਲ਼ ਕੱਢੀ। ਹੌਲ਼ੀ ਹੌਲ਼ੀ ਆਪਣੇ ਆਪਨੂੰ ਸਾਫ ਕਰ ਲਿਆ, ਅਗਲੇ ਮਰਦ ਲਈ। ਉਹ ਬੰਦਾ ਮੰਤਰੀ ਨਹੀਂ ਸੀ, ਬਲਾਤਕਾਰੀ ਨਹੀਂ ਸੀ, ਕਵੀ ਸੀ। ਉਸਦਾ ਵਿਆਹ ਵੀ ਹੋਇਆ ਸੀ, ਬੱਚੇ ਵੀ ਸਨ, ਪਰ ਫਿਰ ਵੀ ਹਰ ਰਾਤ ਅੱਡੇ ਤੇ ਆਉਂਦਾ ਸੀ। ਮੇਰੇ ਨਾਲ਼ ਕਦੀ ਨਹੀਂ ਪਿਆ ਸੀ। ਹਰ ਵੇਲ਼ੇ ਸਾਨੂੰ ਸ਼ਾਇਰੀ ਸੁਣਾਉਂਦਾ ਸੀ। ਮੇਰੇ ਲਈ ਤਾਂ ਸਾਹ ਲੈਣ ਦਾ ਮੌਕਾ ਹੁੰਦਾ ਸੀ। ਪਤਾ ਨਹੀਂ ਅਗਲਾ ਕੌਣ ਹੋਵੇ?
ਬਾਈ ਨੇ ਘੰਟੇ ਲਈ ਮੇਰਾ ਖਹਿੜਾ ਵੀ ਛੱਡ ਦਿੱਤਾ। ਮੈਂ ਪਲੰਘ ਤੇ ਥੋੜ੍ਹੇ ਚਿਰ ਲਈ ਲਿਟ ਗਈ, ਫਿਰ ਨ੍ਹਾਤੀ। ਜਦ ਤੱਕ ਵਾਲ਼ ਵਾਹੇ ਤੇ ਨਵੇਂ ਕੱਪੜੇ ਪਾਏ, ਦਰ ਤੇ ਹੋਰ ਲੋਕ ਪਹੁੰਚ ਗਏ ਸਨ। ਟੋਲਾ ਸੀ ਸ਼ਰਾਬੀ ਮੁੰਡਿਆਂ ਦਾ। ਬਾਈ ਨਾਲ਼ ਗੱਲ ਬਾਤ ਕਰ ਰਹੇ ਸੀ। ਫਿਰ ਕੁੱਝ ਮੁੰਡਿਆਂ ਨੇ ਮੇਰੇ ਕਮਰੇ ਬਾਹਰ ਲਾਈਨ ਲਗਾ ਲਈ, ਕੁੱਝ ਨਾਲ਼ ਦੇ ਕਮਰੇ ਵਾਲ਼ੀ ਦੇ ਬਾਹਰ ਖੜ੍ਹੇ ਹੋ ਗਏ। ਜਿਹੜਾ ਕਿਹੜਾ ਹੋਵੇ ਸਾਨੂੰ ਤਾਂ ਉਨ੍ਹਾਂ ਨੂੰ ਖ਼ੁਸ਼ ਕਰਨਾ ਹੀ ਪੈਣਾ ਸੀ। ਮੈਂ ਅੱਧੀ ਸੁੰਨ ਹੋਈ ਪਈ ਸੀ। ਉੱਪਰ ਪੱਖਾ ਘੁੰਮਦਾ ਸੀ, ਬਾਹਰੋਂ ਸੜਕ ਦੀ ਆਵਾਜ਼ ਚੜ੍ਹਾਈ ਕਰਦੀ ਸੀ, ਕਿਸੇ ਹੋਰ ਕਮਰੇ ‘ਚੋਂ ਗੀਤ ਸੁਣਦਾ ਸੀ। ਸਭ ਕੁੱਝ ਦੂਰ ਲੱਗਿਆ। ਆਪਣੇ ਆਪ ਤੋਂ ਦੂਰ ਸੀ। ਪਹਿਲਾ ਬਘਿਆੜ ਅੰਦਰ ਆਇਆ। ਇੱਕ ਦਮ ਮੇਰੇ ਸਰੀਰ ਉੱਤੇ ਚੜ੍ਹ ਗਿਆ। ਉਸਦਾ ਭਾਰ ਵੀ ਮਹਿਸੂਸ ਨਹੀਂ ਹੋਇਆ। ਬੁੱਤ ਵਾਂਗ ਪਈ ਰਹੀ। ਉਸਦੇ ਸਾਹ ਤੋਂ ਸ਼ਰਾਬ ਦੀ ਬਦਬੋ ਆਉਂਦੀ ਸੀ। ਥੋੜ੍ਹੇ ਚਿਰ ਬਾਅਦ ਤੁਰ ਗਿਆ। ਉਸ ਤੋਂ ਬਾਅਦ ਇੱਕ ਬੇਚੈਨ ਜਿਹਾ ਬੱਚਾ ਅੰਦਰ ਵੜਿਆ, ਲੱਗਦਾ ਕੁਆਰਾ ਹੀ ਸੀ। ਡਰਦਾ ਡਰਦਾ ਮੇਰੇ ਕੋਲ਼ ਆ ਕੇ ਖਲੋ ਗਿਆ। ਮੈਂ ਕਿਉਂ ਬੋਲਾਂ? ਕੁੱਝ ਦੇਰ ਲਈ ਖੜ੍ਹਾ ਰਿਹਾ ਮੇਰੇ ਵੱਲ ਝਾਕਦਾ ਜਿਵੇਂ ਸ਼ਰਮ ਆਉਂਦੀ ਹੋਵੇ। ਹੋ ਸਕਦੈ ਉਸਦੀ ਕੋਈ ਭੈਣ ਹੋਵੇ ਜਿਸ ਦੇ ਸਾਹਮਣੇ ਬਹੁਤ ਹੀ ਸਾਊ ਹੋਵੇਗਾ?
ਗੋਰਿਆਂ ਵਰਗੇ ਕੱਪੜੇ ਪਾਏ ਸੀ। ਸਿਰ ਤੇ ਪੱਗ ਬੰਨ੍ਹੀ ਸੀ ਲਾਲ ਰੰਗ ਦੀ।ਥੋੜਾ ਜਿਹਾ ਭਾਰਾ ਸੀ। ਉਸਨੇ "ਹੈਲੋ", ਕਿਹਾ ਜਿੰਝ ਇਸ ਲਫਜ਼ ਨਾਲ਼ ਸਭ ਕੁੱਝ ਠੀਕ ਹੋ ਜਾਣਾ ਹੋਵੇ, ਜਿਵੇਂ ਇਹ ਆਮ ਗੱਲ ਹੋਵੇ। ਮੈਂ ਚੁੱਪ ਰਹੀ। ਕਿਉਂ ਬੋਲਾਂ? ਫਿਰ ਉਸਨੇ ਆਵਦੀ ਪਤਲੂਣ ਲਾਹ ਦਿੱਤੀ ਤੇ ਮੇਰੇ ਉੱਪਰ ਡਿੱਗ ਪਿਆ, ਇੱਕ ਸੂਰ ਜਿਹੜਾ ਗੰਦੇ ਤਰੀਕੇ ਨਾਲ਼ ਚੁਬੱਚੇ ‘ਚੋਂ ਖਾਂਦਾ ਸੀ। ਮੈਂ ਤਾਂ ਚਸ਼ਮਪੋਸ਼ੀ ਕਰਦੀ ਰਹੀ। ਫਿਰ ਨੀਵੀਆਂ ਅੱਖਾਂ ਨਾਲ਼ ਤੁਰ ਪਿਆ। ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਦਾਖਲ ਹੋਏ। ਬਾਈ ਨੇ ਮੈਨੂੰ ਦੱਸਿਆ ਸਾਰੇ ਚੰਗੇ ਘਰਾਂ ਤੋਂ ਸਨ ਅਤੇ ਉਨ੍ਹਾਂ ਦੀ ਸੇਵਾ ਕਰਨੀ ਬਹੁਤ ਜਰੂਰੀ ਸੀ। ਪੜ੍ਹੇ ਲਿਖੇ ਭੱਦਰ ਮੁੰਡੇ ਸਨ, ਇੰਡੀਆ ਦਾ ਅੱਗਾ ਸਵਾਰਨ ਵਾਲ਼ੇ। ਮੇਰਾ ਤਾਂ ਅੱਗਾ ਬਹੁਤ ਦੇਰ ਪਹਿਲਾਂ ਹੀ ਮਾਰ ਦਿੱਤਾ ਸੀ, ਜਦ ਮਾਂ ਨੇ ਧੀ ਪੈਦਾ ਕੀਤੀ ਸੀ ਉਸੇ ਹੀ ਦਿਨ। ਜਦ ਇਹ ਟੋਲਾ ਗਿਆ, ਮੇਰੀਆਂ ਹੱਡੀਆਂ ਪਸਲ਼ੀਆਂ ਦੁਖ ਰਹੀਆਂ ਸਨ। ਪਰ ਬਾਈ ਤਾਂ ਬੇਕਿਰਕ ਸੀ। ਉਸ ਲਈ ਤਾਂ ਅਸੀਂ ਫੈਕਟਰੀ ‘ਚ ਮਸ਼ੀਨਾਂ ਸਾਂ। ਜੇ ਸਾਤੋਂ ਕੰਮ ਨਹੀਂ ਕਰਾਉਂਦੀ ਤਾਂ ਦੇਵ ਜਾਂ ਦਾਦੇ ਨੇ ਸਾਨੂੰ ਮਰਵਾ ਦੇਣਾ ਸੀ।
ਮੈਂ ਦੇਵ ਤੋਂ ਡਰਦੀ ਸੀ। ਕੁੱਝ ਮਹੀਨੇ ਪਹਿਲਾਂ ਮੇਰੀ ਇੱਕ ਸਹੇਲੀ ਨੂੰ ਮਾਰ ਦਿੱਤਾ ਸੀ ਉਸ ਨੇ, ਜਦ ਕਿਸੇ ਮੰਤਰੀ ਨੂੰ ਫਸਾਉਣਾ ਸੀ। ਇਸ ਲਈ ਡਰਦੀ ਸਾਂ ਕਿ ਹੈ ਤਾਂ ਮੈਂ ਇੱਕ ਚੀਜ਼ ਹੀ, ਬੰਦਾ ਜੋ ਮਰਜੀ ਕਰੇ, ਭਾਵੇਂ ਜਿਊਂਦੀ ਰਹਾਂ ਜਾਂ ਮਰ ਜਾਵਾਂ। ਉਸ ਰਾਤ ਹੋਰ ਬੰਦੇ ਵੀ ਆਏ। ਇੱਕ ਆਦਮੀ ਨੂੰ ਮੈਂ ਪਛਾਣ ਲਿਆ ਸੀ। ਉਸਦਾ ਨਾਂ ਸੰਜੇ ਸੰਘੇੜਾ ਸੀ। ਲੰਬਾ ਪਤਲਾ ਫਿਲਮਾਂ ਦਾ ਸਿਤਾਰਾ ਸੀ। ਕਈ ਵਾਰ ਇਸ ਕੋਠੀ ਪਹਿਲਾਂ ਵੀ ਆਇਆ ਸੀ। ਪਰ ਅੱਜ ਪਹਿਲੀ ਵਾਰ ਮੇਰੀ ਮੰਗ ਕੀਤੀ ਸੀ ਉਸਨੇ।
ਮੇਰੇ ਕਮਰੇ ‘ਚ ਇੱਕ ਪਾਸੇ ਕੁਰਸੀ ਪਈ ਸੀ, ਜਿਸ ਤੇ ਉਹ ਬਹਿ ਗਿਆ। ਉਸ ਦੀਆਂ ਲੱਤਾਂ ਤੇ ਕਲਾਈਆਂ ਦਿਸਦੀਆਂ ਸਨ, ਪਰ ਕੂਹਣੀਆਂ ਤੋਂ ਉਪਰ ਛਾਂ ‘ਚ ਲੁਕਿਆ ਸੀ। ਮੈਂ ਉਸਨੂੰ ਆਖਿਆ, "ਕੀ ਚਾਹੁੰਦੇ ਓ ਹਜ਼ੂਰ।"
"ਨੱਚ", ਘੱਗੇ ਬੋਲ ‘ਚ ਆਦੇਸ਼ ਦਿੱਤਾ। ਮੈਂ ਲੱਕ ਹਲਾਉਣ ਲੱਗ ਪਈ। ਫਿਰ ਉਸਨੇ ਹੱਥ ਨਾਲ ਇਸ਼ਾਰਾ ਕੀਤਾ ਆਪਣੇ ਨੇੜੇ ਆਅਣ ਨੂੰ। ਮੈਂ ਨੱਚਦੀ ਨੱਚਦੀ ਨੇੜੇ ਗਈ ਫਿਰਕੀ ਵਾਂਗ। ਜਦ ਉਸ ਕੋਲ਼ ਪੁੱਜੀ, ਉਸਨੇ ਬਾਂਹ ਫੜ ਲਈ। ਨ੍ਹੇਰੇ ‘ਚੋਂ ਉਸਦੀਆਂ ਅੱਖਾਂ ਮੇਰੇ ਵੱਲ ਤਾੜਦੀਆਂ ਸਨ, ਗਿੱਦੜ ਵਾਂਗ। ਉਸੇ ਹੀ ਪਲ ‘ਚ ਪਤਾ ਲੱਗਾ ਜੋ ਫਿਲਮਾਂ ‘ਚ ਆਦਮੀ ਆਪਣੇ ਆਪਨੂੰ ਵੇਖਾਉਂਦਾ ਹੈ ਅਤੇ ਜੋ ਸਚਾਈ ਵਿੱਚ ਹੈ, ਦੋ ਵੱਖਰੀਆਂ ਗੱਲਾਂ ਹਨ। ਉਸਨੇ ਮੈਨੂੰ ਨ੍ਹੇਰੇ ‘ਚ ਖਿੱਚ ਲਿਆ। ਹੌਲ਼ੀ ਹੌਲ਼ੀ ਮੇਰੇ ਕੱਪੜੇ ਭੁੰਜੇ ਸੁੱਟ ਦਿੱਤੇ। ਬੱਤੀਆਂ ਬੁਝਾਕੇ ਹੀ ਸਭ ਕੁੱਝ ਕੀਤਾ। ਭੁੱਖੜ ਪਿਸ਼ਾਚ ਨੇ ਫਿਰ ਮੈਨੂੰ ਪਲੰਘ ਤੇ ਸੁੱਟ ਦਿੱਤਾ। ਕੋਈ ਬੰਦਾ ਹੈ ਦੁਨੀਆ ‘ਚ ਜਿਹੜਾ ਨਾਰੀ ਨੂੰ ਸ਼ਹਿਵਤ ਠੰਢੇ ਕਰਨ ਵਾਲ਼ੀ ਚੀਜ਼ ਨਹੀਂ ਸਮਝਦਾ? ਖੈਰ, ਇਸ ਰਾਤ ਤੋਂ ਬਾਅਦ ਹਰ ਰਾਤ ਉਹ ਮੇਰੇ ਮੰਜੇ ਤੇ ਆਇਆ ਪੂਰੇ ਮਹੀਨੇ ਲਈ। ਮੈਂ ਉਸਦੇ ਸਰੀਰ ਨੂੰ ਉਸਦੀ ਮਸ਼ਹੂਰ ਵਹੁਟੀ ਤੋਂ ਜਿਆਦਾ ਚੰਗੀ ਤਰਾਂ ਜਾਣ ਗਈ ਸੀ।
ਜਦ ਵੀ ਸੰਘੇੜਾ ਰਣਜੀਤਪੁਰ ਆਉਂਦਾ ਸੀ ਉਸਨੇ ਆਦਤ ਬਣਾ ਲਈ ਸਾਡੀ ਛੱਲ-ਕੋਠੀ ਆਉਣ ਦੀ, ਹਮੇਸ਼ਾ ਮੈਨੂੰ ਮਿਲਣ ਲਈ। ਹਰ ਰਾਤ ਵਾਂਗਰ ਹੀ ਉਹ ਰਾਤ ਸੀ। ਸਾਲ ਬੀਤਦੇ ਗਏ ‘ਤੇ ਮੈਂ ਇਸ ਪਿੰਜਰੇ ਵਿੱਚ ਪਰਿੰਦੇ ਵਾਂਗ ਰਹੀ। ਦਾਦੇ ਨੇ ਦੇਵ ਨੂੰ ਸਾਡੇ ਅੱਡੇ ਦਾ ਚਾਰਜ ਦੇ ਦਿੱਤਾ। ਦੇਵ ਨੂੰ ਬਾਈ ਦੱਸਦੀ ਰਹਿੰਦੀ ਸੀ ਕੌਣ ਕੌਣ ਸਾਡੇ ਕੋਲ਼ ਆਉਂਦਾ ਸੀ। ਇਸਦਾ ਫਾਇਦਾ ਉਸਨੂੰ ਬਹੁਤ ਸੀ। ਉਹ ਵੱਡੇ ਵੱਡੇ ਲੋਕਾਂ ਨੂੰ ਫਸਾ ਸਕਦਾ ਸੀ। ਇਸ ਤਰਾਂ ਉਸਦੀ ਸੰਘੇੜੇ ਤੇ ਅੱਖ ਆ ਗਈ। ਸ਼ਹਿਰ ਦੇ ਵੱਡੇ ਤੋਂ ਲੈ ਕੇ ਬੇਮਾਲੂਮ ਲੋਕ ਆਈ ਗਏ। ਸਮਾਜ ਕਿੱਦਾਂ ਦਾ ਹੈ? ਉੱਪਰੋਂ ਅਣਖ ਜਰੂਰੀ ਹੈ, ਪਰ ਅੰਦਰੋਂ ਕੀ ਕੀ ਕਰਦਾ ਫਿਰਦੈ? ਜੇ ਕਿਸੇ ਨੂੰ ਹੀਰ-ਰਾਂਝੇ ਵਾਂਗਰ ਪਿਆਰ ਹੋ ਜਾਵੇ, ਇਹ ਗੱਲ ਖੱਚ ਕਰਦੀ ਹੈ। ਪਰ ਓਲ੍ਹੇ ਓਲ੍ਹੇ ਕੀ ਕੁੱਝ ਹੁੰਦੈ! ਮੇਰੇ ਖਿਆਲ ‘ਚ ਜੇ ਕਿਸੇ ਨੂੰ ਆਵਦੀ ਮਰਜੀ ਨਾਲ਼ ਪਿਆਰ ਕਰਨ ਦੇਈਏ ਤਾਂ ਐਹ ਪਾਪ ਅੱਧੇ ਹੋ ਜਾਣ।
ਇੱਕ ਬਾਰ ਜਦ ਸਹੇਲੀਆਂ ਨਾਲ਼ ਰਣਜੀਤਪੁਰ ਦੀ ਘੁਮਾਰ ਮੰਡੀ ‘ਚ ਤੁਰੀ ਫਿਰਦੀ ਸੀ, ਰਵੀ ਸਰੋਏ ਦੇ ਮੁੰਡਿਆਂ ਨੇ ਸਾਨੂੰ ਛੇੜਿਆ ਛੂੜਿਆ, ਤੰਗ ਕੀਤਾ। ਸਾਨੂੰ ਪਤਾ ਸੀ ਕਿ ਇਹ ਦਾਦੇ ਦੇ ਵਿਰੋਧੀ ਸਨ, ਇਸ ਲਈ ਲਾ ਕੇ ਗੱਲਾਂ ਕਰਕੇ ਪਰ੍ਹਾਂ ਹੋ ਗਈਆਂ। ਪਰ ਇੱਕ ਮੁੰਡੇ ਦੇ ਨਾਲ਼ ਮੇਰੀ ਅੱਖ ਲੜ ਗਈ। ਸਾਡੀਆਂ ਅੱਖਾਂ ਮਿਲੀਆਂ ਤੇ ਪਹਿਲੀ ਨਜ਼ਰੇ ਹੀ ਪਿਆਰ ਹੋ ਗਿਆ। ਇੱਕ ਬਾਰ ਮੈਂ ਆਨੇ-ਬਹਾਨੇ ਨਾਲ਼ ਕੋਠੀ ‘ਚੋਂ ਬਾਹਰ ਆ ਕੇ ਉਸਨੂੰ ਸੜਕ ਤੇ ਮਿਲੀ ਸੀ। ਉਸਦਾ ਨਾਂ ਮੰਗਤ ਸੀ। ਉਸਨੂੰ ਪੂਰਾ ਪਤਾ ਸੀ ਮੈਂ ਕੀ ਕਰਦੀ ਸੀ, ਫਿਰ ਵੀ ਪ੍ਰੇਮ ਹੋ ਗਿਆ। ਸਮਾਜ ਅਤੇ ਆਪਣੇ ਮਾਲਕਾਂ ਤੋਂ ਲੁਕ ਲੁਕ ਮਿਲਦੇ ਰਹੇ ਅਸੀਂ। ਪਹਿਲਾਂ ਪਹਿਲਾਂ ਮੈਂ ਉਹਨੂੰ ਹੱਥ ਵੀ ਨਹੀਂ ਲਾਉਣ ਦਿੰਦੀ ਸੀ। ਕਾਮ ਕਰੀੜਾ ਖੇਲ੍ਹ ਨੇ ਮੈਨੂੰ ਇੱਕ ਖੋਖਾ ਬਣਾ ਦਿੱਤਾ ਸੀ ਅਤੇ ਸਰੀਰ ਪਿਆਰ ਦਾ ਮੋਹ ਹੀ ਨਹੀਂ ਸੀ ਰਿਹਾ, ਪਰ ਹਿਰਸ ਹਾਲੇ ਵੀ ਸੀ। ਹੌਲ਼ੀ ਹੌਲ਼ੀ ਉਸਨੂੰ ਪਿੰਡੇ ਨੂੰ ਛੂਹਣ ਦਿੱਤਾ। ਮੰਗਤ ਨਾਲ਼ ਸਪਰਸ਼ ਕੁੱਝ ਹੋਰ ਹੀ ਸੀ। ਮੈਂ ਸੁਣਿਐ ਕਿ ਪੱਛਮ ਵਿੱਚ ਲੋਕ ਮਰਜੀ ਨਾਲ਼ ਪਿਆਰ ਕਰ ਸਕਦੇ ਨੇ, ਜਿਸਨੂੰ ਪਸੰਦ ਕਰਦੇ ਨੇ ਉਸੇ ਨਾਲ਼ ਵਿਆਹ ਕਰ ਸਕਦੇ ਨੇ। ਪਰਿਵਾਰ ਦਾ ਕੋਈ ਹੱਕ ਨਹੀਂ ਇਸ ਮਾਮਲੇ ‘ਚ। ਮੇਰਾ ਵੀ ਮਨ ਕਰਦਾ ਸੀ ਮੰਗਤ ਨਾਲ਼ ਤਿੱਤਰ ਹੋ ਜਾਣ ਲਈ ਇਸ ਪਾਪੀ ਦੇਸ਼ ‘ਚੋਂ ਬਾਹਰ। ਪਰ ਇਹ ਤਾਂ ਹੋ ਹੀ ਨਹੀਂ ਸਕਦਾ ਸੀ। ਮੰਗਤ ਤਾਂ ਰਵੀ ਦਾ ਸਿਪਾਹੀ ਸੀ; ਮੈਂ ਸੀ ਦਾਦੇ ਦੀ ਦਾਸੀ।
ਪਿਆਰ ਵੀ ਸਾਡਾ ਤੁਰਸ਼ ਹੋ ਗਿਆ। ਮੰਗਤ ਨੂੰ ਕੇ ਐੱਫ ਸੀ ‘ਚ ਦੇਵ ਦੇ ਗੁੰਡਿਆਂ ਨੇ ਖਤਮ ਕਰ ਦਿੱਤਾ ਰਵੀ ਸਰੋਏ ਨਾਲ਼। ਮੈਂ ਬਦ ਹਾਲ ਹੋ ਗਈ। ਚਿੱਤ ਕੀਤਾ ਜ਼ਹਿਰ ਖਾ ਕੇ ਆਪਣੇ ਆਪਨੂੰ ਖਤਮ ਕਰ ਲਵਾਂ, ਪਰ ਬਾਈ ਨੇ ਰੋਕ ਦਿੱਤਾ। ਇਸ ਵੇਲੇ ਇੱਕ ਹੋਰ ਚੀਜ਼ ਹੋਈ। ਸੰਘੇੜਾ ਤਾਂ ਹਾਲੇ ਵੀ ਮੇਰੇ ਕੋਲ਼ ਆਉਂਦਾ ਸੀ। ਪਰ ਕੁੱਝ ਮਹੀਨਿਆਂ ਲਈ ਰੁਕ ਗਿਆ। ਖਬਰਾਂ ਵਿੱਚ ਉਸਦਾ ਨਾਂ ਅਤੇ ਉਸਦੇ ਬਾਲ ਦਾ ਨਾਂ ਸੀ। ਕਿਸੇ ਨੇ ਉਸਨੂੰ ਘਰੋਂ ਹੀ ਚੁੱਕ ਲਿਆ। ਆਇਆ ਤੇ ਉਂਗਲ਼ੀ ਉੱਠੀ ਤੇ ਉਸਨੇ ਆਤਮਘਾਤ ਕਰ ਲਿਆ। ਸਾਡੇ ਅੱਡੇ ‘ਚ ਸ਼ੋਸ਼ੇ ਛੱਡੇ ਗਏ। ਮੈਤੋਂ ਕਈ ਵਾਰੀ ਬਾਈ ਪੁੱਛਦੀ ਸੀ, "ਅੱਜ ਤੇਰੇ ਐਕਟਰ ਨੇ ਤੈਨੂੰ ਕੀ ਦੱਸਿਐ?" ਮੈਂ ਨਿੱਤਾ-ਪ੍ਰਤੀ ਇਸ ਦਾ ਜਵਾਬ ਦਿੰਦੀ ਰਹੀ। ਦਿਮਾਗ ‘ਚ ਕਦੇ ਇਹ ਸੋਚ ਆਈ ਹੀ ਨਹੀਂ ਕਿ ਭੇਤ ਕੱਢ ਕੱਢ ਕੇ ਉਸਨੂੰ ਕੀ ਮਿਲਦਾ ਹੋਊ। ਆਮ ਜਨਤਾ ਵਾਂਗ ਮੈਂ ਵੀ ਸੋਚਿਆ ਗੋਗੀ ਦੀ ਗੱਲ ਸਹੀ ਹੈ ਅਤੇ ਅਗਵਾਕਾਰ ਪੈਸਿਆਂ ਦੇ ਉਡੀਕ ‘ਚ ਸਨ। ਦਿਨ ਬੀਤੇ, ਮਹੀਨੇ ਬੀਤੇ, ਫਿਰ ਸਾਲ। ਬਾਲ ਬਾਰੇ ਕੁੱਝ ਨਹੀਂ ਪਤਾ ਲੱਗਾ। ਸੰਘੇੜਾ ਵੀ ਵਾਪਸ ਨਹੀਂ ਆਇਆ। ਫਿਰ ਇੱਕ ਰਾਤ ਵੀਹ ਲੱਖ ਦੀ ਮੰਗ ਬਾਅਦ ਸੁਣਿਆ ਕਿ ਸੰਘੇੜਾ ਤੇ ਗੋਗੀ ਇੱਕ ਗੋਰਸਤਾਨ ਗਏ ਅਗਵਾਕਰਾਂ ਨੂੰ ਪੈਸੇ ਦੇਣ ਤੇ ਬਾਲ ਵਾਪਸ ਲੈਣ। ਪੈਸੇ ਦੇ ਦਿੱਤੇ ਪਰ ਬਾਲ ਨਹੀਂ ਮਿਲਿਆ। ਮੇਰਾ ਮੱਥਾ ਠਣਕਿਆ, ਕਿਉਂਕਿ ਮੈਨੂੰ ਜਾਪਣ ਲੱਗ ਪਿਆ ਕਿ ਜੋ ਮੈਂ ਬਾਈ ਨੂੰ ਦੱਸਦੀ ਸੀ ਅਤੇ ਜੋ ਸੰਘੇੜਾ ਮੈਨੂੰ ਦੱਸਦਾ ਸੀ ਅਗਵਾਕਾਰਾਂ ਨੇ ਵਰਤਿਆ ਹੋਵੇਗਾ।
ਮੈਂ ਹੱਕੀ-ਬੱਕੀ ਹੋ ਗਈ ਜਦ ਰਣਜੀਤਪੁਰ ਵਾਪਸ ਆ ਕੇ ਸਾਡੇ ਅੱਡੇ ‘ਚ ਸੰਘੇੜਾ ਸ਼ਰਾਬੀ ਹੋਇਆ ਫਿਰ ਫਿਰਨ ਲੱਗ ਪਿਆ। ਉਡਦੀ ਉਡਦੀ ਖਬਰ ਤੋਂ ਮੈਨੂੰ ਪਤਾ ਲੱਗ ਗਿਆ ਕਿ ਦੇਵ ਅਤੇ ਦਾਦੇ ਦਾ ਹੱਥ ਸੀ ਇਸ ਵਿੱਚ। ਪਰ ਮੈਂ ਡਰਦੀ ਨੇ ਸੰਘੇੜੇ ਨੂੰ ਕੁੱਝ ਨਹੀਂ ਕਿਹਾ। ਮੇਰੇ ਸਾਹਮਣੇ ਦਿਨੋਂ ਦਿਨ ਉਦਾਸ ਹੁੰਦਾ ਜਾਂਦਾ ਸੀ। ਪਤਾ ਨਹੀਂ ਕਿਉਂ ਪਰ ਮੈਂ ਹੌਲ਼ੀ ਹੌਲ਼ੀ ਉਸਨੂੰ ਵੱਖਰੀ ਨਜ਼ਰ ਨਾਲ਼ ਵੇਖਣ ਲੱਗ ਪਈ।
ਮੇਰਾ ਚਿੱਤ ਕਰੇ ਉਸਨੂੰ ਕਹਿਣ ਨੂੰ ਕਿ ਇਹ ਸਭ ਦੇਵ ਹੁਰਾਂ ਨੇ ਕੀਤਾ ਸੀ, ਪਰ ਡਰਦੀ ਡਰਦੀ ਚੁੱਪ ਰਹੀ। ਦੇਵ ਨੂੰ ਬਾਈ ਨੇ ਦੱਸ ਦਿੱਤਾ ਕਿ ਸੰਘੇੜਾ ਵਾਪਸ ਆ ਗਿਐ। ਫਿਰ ਅਖਬਾਰਾਂ ‘ਚ ਦੇਵ ਅਤੇ ਦਾਦੇ ਦੇ ਨਾਂ ਛਪੇ। ਪੁਲ਼ਸ ਦੀ ਤਫਤੀਸ਼ ਨੇ ਕਿਸੇ ਮਦਰਾਸੀ ਦਾ ਪਤਾ ਲਾ ਲਿਆ ਜਿਹੜਾ ਦਾਦੇ ਦਾ ਖਾਸ ਬੰਦਾ ਸੀ। ਪੈਸਿਆਂ ਤੇ ਬਿੰਦੀਆਂ ਲਾਈਆਂ ਗਈਆਂ ਸਨ। ਇਸ ਨਾਲ਼ ਖੋਜ ਨੇ ਰਣਜੀਤਪੁਰ ਵੱਲ ਉਂਗਲ਼ੀ ਕੀਤੀ, ਖਾਸ ਦਾਦੇ ਵੱਲ। ਬਾਈ ਨੇ ਸੰਘੇੜੇ ਨੂੰ ਰੋਕ ਦਿੱਤਾ ਏਥੇ ਆਉਣ ਤੋਂ।ਸੰਘੇੜਾ ਏਥੇ ਆਉਣੋਂ ਹਟ ਗਿਆ। ਮਦਰਾਸੀ ਨੂੰ ਫਾਂਸੀ ਹੋ ਗਈ। ਮੈਨੂੰ ਦੱਸ ਪਈ ਕਿ ਸੰਘੇੜੇ ਦੇ ਖਾਸ ਮਿਤਰਾਂ ਨੇ ਮੰਬਈ ‘ਚੋਂ ਆ ਕੇ ਪੁੱਛ ਪੜਤਾਲ ਕੀਤੀ ਸੀ ਅਤੇ ਇਹ ਵੀ ਪਤਾ ਲਾ ਲਿਆ ਸੀ ਕਿ ਸਾਡਾ ਅੱਡਾ ਦਾਦੇ ਦਾ ਸੀ। ਧਰਮ ਸ਼ਰਮੇ ਨੇ ਦਾਦੇ ਨੂੰ ਬਚਾਉਣ ਦੀ ਹੁਣ ਕਾਫ਼ੀ ਕੋਸ਼ਿਸ਼ ਕੀਤੀ, ਪਰ ਉਸਨੂੰ ਵੀ ਪਤਾ ਸੀ ਕਿ ਗੱਲ ਵਧ ਚੁੱਕੀ ਸੀ। ਹਾਰ ਕੇ ਪਿੱਛੇ ਹਟ ਗਿਆ।
ਦੇਵ ਡਰ ਗਿਆ ਜਦ ਖੂਨ ਖਰਾਬਾ ਸ਼ੁਰੂ ਹੋ ਗਿਆ। ਉਸਨੇ ਇੱਕ ਦਿਨ ਮੇਰੇ ਸਾਹਮਣੇ ਸਭ ਦੇ ਕੰਨ ਸੇਕੇ। ਕਹਿੰਦਾ, "ਤੂੰ ਉਸਨੂੰ ਕੀ ਕਿਹਾ?" ਪਰ ਮੈਂ ਤਾਂ ਉਧਾਲ਼ੇ ਬਾਰੇ ਕੁੱਝ ਨਹੀਂ ਕਿਹਾ ਸੀ। ਸੂਈ ਦੀ ਸੂਲ਼ ਬਣ ਜਾਣ ਤੋਂ ਪਹਿਲਾਂ ਬਾਈ ਨੇ ਬਚਾ ਲਿਆ। ਮੈਨੂੰ ਸੜਕ ਤੇ ਸੁੱਟ ਦਿੱਤਾ, ਗਲ਼ੀ ਵਿੱਚ। ਪੁਲ਼ਸ ਨੇ ਵੱਡੇ ਘਰ ਭੇਜ ਦਿੱਤਾ। ਮੈਂ ਹਰ ਪੁਲ਼ਸੀਏ ਦਾ ਚੇਹਰਾ ਪਛਾਣਦੀ ਸੀ। ਹਰਿੱਕ ਨੇ ਸਾਡੇ ਅੱਡੇ ‘ਚ ਪੈਰ ਰੱਖਿਆ ਸੀ। ਦੋ ਰਾਤਾਂ ਬਾਅਦ ਦਾਦਾ ਮੈਨੂੰ ਮਿਲਣ ਆ ਗਿਆ। ਮੈਨੂੰ ਹੌਲਦਾਰ ਨੇ ਜੋਰ ਦੇਣੀ ਖਿੱਚ ਕੇ ਇੱਕ ਕਮਰੇ ‘ਚ ਦਾਦੇ ਦੇ ਸਾਹਮਣੇ ਲਿਆ ਖੜ੍ਹਾਇਆ।
"ਹੂੰ ਮੇਰੀ ਬੱਚੀ, ਦੱਸ ਤੁੂੰ ਸੰਘੇੜੇ ਨੂੰ ਕੀ ਦੱਸਿਆ?" ਉਸਦੀਆਂ ਅੱਖਾਂ ਮੇਰੇ ਜਿਗਰ ‘ਚ ਚੁਭੀਆਂ।
"ਦਾਦਾ ਜੀ ਮੈਂ ਉਸਨੂੰ ਕੁੱਝ ਨ੍ਹੀਂ ਕਿਹਾ, ਸੱਚ ਮੁੱਚ…ਪੁਲ਼ਸ ਦੀ ਤਫਤੀਸ਼ ਭਾਵੇਂ ਕੁੱਝ ਵੀ ਕਹੇ..ਮੈਂ ਤਾਂ ਸਮਾਂ ਦੇਵ ਲਈ ਉਸਤੋਂ ਭੇਤ ਕੱਢਦੀ ਸੀ..ਆਹੋ!" ਮੈਂ ਗੱਲ ਛੱਡੀ।
"ਮੇਰੀ ਬੱਚੀ, ਜੇ ਤੂੰ ਕੁੱਝ ਕਿਹਾ ਨਹੀਂ ਫਿਰ ਬਾਈ ਨੇ ਬਾਹਰ ਕਾਹਤੋਂ ਸੁੱਟੀ?"
"ਬਾਈ ਨੇ ਦੇਵ ਤੋਂ ਬਚਾਉਣ ਲਈ। ਉਸਨੇ ਮੈਨੂੰ ਕੁੱਟਿਆ…ਤਾਈਂ…ਸੱਚ.."
"ਠੀਕ ਏ…ਆਵਦਾ ਮੂੰਹ ਬੰਦ ਰੱਖਣਾ, ਸਮਝਦੀ ਏ? ਹੂੰ। ਏਥੋਂ ਤੈਨੂੰ ਕੱਢੀਏ। ਇੰਨ੍ਹਾਂ ਸਾਲ਼ਿਆਂ ਦੇ ਸਾਹਮਣੇ ਗਲਤੀ ਨਾਲ਼ ਵੀ ਕੁੱਝ ਨਾ ਬੋਲੀਂ। ਪਰ ਤੂੰ ਹੁਣ ਅੱਡੇ ਵਾਪਸ ਨਹੀਂ ਜਾ ਸਕਦੀ। ਮੈਂ ਇੰਤਜ਼ਾਮ ਕਰਦੈਂ ਤੇਰੇ ਲਈ। ਤੈਨੂੰ ਘੰਟੇ ਕੁ ‘ਚ ਆਦਮੀ ਆ ਕੇ ਏਥੋਂ ਲੈ ਜਾਵੇਗਾ।" ਇਹ ਕਹਿ ਕੇ ਤੁਰ ਪਿਆ। ਪਰ ਮੈਂ ਉਸ ਤੋਂ ਬਾਅਦ ਉਦੋਂ ਹੀ ਦੇਖਿਆ..ਜਦ ਮਿਰਚਾਂ ਤੇ ਪਿਆ ਸੀ, ਲਾਲ ਲਾਲ। ਸੱਚ ਸੀ ਉਸਨੇ ਪੁਲ਼ਸ ਨੂੰ ਪੈਸੇ ਦਿੱਤੇ ਸਨ ਮੈਨੂੰ ਮਾਰਨ ਲਈ। ਪਰ ਕਿਸਮਤ ਵੀ ਇੱਕ ਚੀਜ਼ ਹੈ। ਉਸ ਜੇਲ਼੍ਹ ‘ਚ ਇੱਕ ਮੁੰਡਾ ਸੀ ਜਿਸਦਾ ਬਾਪ ਉਸਨੂੰ ਛਡਾਉਣ ਆਇਆ ਸੀ। ਮੈਂ ਉਸਦੇ ਬਾਪ ਦੀ ਲੱਤ ਫੜ੍ਹ ਲਈ ਤੇ ਜੋਰ ਦੇਣੀ ਉਸਦਾ ਨਾਂ ਲਿਆ; ਉਹ ਬੰਦਾ ਮੈਨੂੰ ਮਿਲਣ ਆਉਂਦਾ ਸੀ। ਉਸਨੂੰ ਮਿੰਨਤਾਂ ਕੀਤੀਆਂ, ਇੱਥੋਂ ਲੈ ਜਾ। ਉਸਨੂੰ ਪਤਾ ਸੀ ਕਿ ਮੈਂ ਕੌਣ ਸਾਂ? ਇੱਕ ਵਾਰੀ ਉਸਨੇ ਸਕੂਟਰ ਪਿੱਛੇ ਮੈਨੂੰ ਵੀ ਘੁਮਾਇਆ ਸੀ ਸੈਕਟਰ ਗਿਆਰਾਂ ‘ਚ। ਇੱਕ ਆਦਮੀ ਨੇ ਹਾਂ ਦਾ ਇਸ਼ਾਰਾ ਦਿੱਤਾ ਸੀ ਅਤੇ ਇਸ ਲਈ ਇੱਕ ਝੁੱਗੀ ‘ਚ ਮੈਨੂੰ ਛੱਡ ਦਿੱਤਾ। ਹੁਣ ਸ਼ਰਮਿੰਦਾ ਜਿਹਾ ਹੋ ਗਿਆ। ਮੇਰਾ ਜੁਰਮਾਨਾ ਦੇ ਦਿੱਤਾ; ਆਵਦੇ ਲਾਲ ਦਾ ਵੀ। ਫਿਰ ਬਾਹਰ ਸੜਕ ਤੇ ਛੱਡ ਦਿੱਤਾ। ਬਾਪ-ਪੁੱਤ ਤੁਰ ਪਏ, ਮੈਂ ਵੀ। ਜਦ ਤੱਕ ਜਿਹੜੇ ਪੁਲ਼ਸੀਏ ਨੇ ਮੈਨੂੰ ਮਾਰਨਾ ਸੀ ਥਾਣੇ ਆਇਆ ਮੈਂ ਤਾਂ ਛੁੱਟ ਗਈ ਸਾਂ। ਮੈਨੂੰ ਇਸ ਬਾਰੇ ਬਾਅਦ ‘ਚ ਪਤਾ ਲੱਗਾ। ਉਸ ਵੇਲੇ ਮੈਂ ਡਰਦੀ ਡਰਦੀ ਮੰਗਤ ਦੇ ਇੱਕ ਮਿੱਤਰ ਦੇ ਘਰ ਪਹੁੰਚੀ। ਉਸਨੂੰ ਕਾਇਲ ਕਰਕੇ ਅੰਦਰ ਗਈ ਤੇ ਇੱਥੇ ਕੁੱਝ ਦਿਨਾਂ ਲਈ ਠਹਿਰੀ।
ਪੰਜਾਂ ਦਿਨਾਂ ਬਾਅਦ ਰਣਜੀਤਪੁਰ ‘ਚ ਇੱਕ ਵੱਡੀ ਲੜਾਈ ਸ਼ੂਰੂ ਹੋ ਗਈ। ਸੰਘੇੜਾ ਇਸ ਵੇਲੇ ਮੰਬਈ ਸੀ, ਪਰ ਉਸਦੇ ਗੁੰਡੇ ਦੋਸਤ ਰਣਜੀਤਪੁਰ ਆ ਗਏ। ਮੁਕਾਮੀ ਕੰਪਨੀ ਦਾ ਸਿਰ ਪਹਿਲਾਂ ਕੱਟਿਆ। ਮੈਂ ਉਸ ਦਿਨ ਮੰਡੀ ‘ਚ ਸੀ ਜਦ ਮੇਰੇ ਸਾਹਮਣੇ ਜਸਵੀਰ ਦੀ ਮਿਰਚਾਂ ਵਾਲ਼ੀ ਛਤਰੀ ਕੋਲ਼ ਦਾਦਾ ਆ ਖੜ੍ਹਿਆ। ਡਰਦੀ ਮੈਂ ਘੁੰਡ ਕੱਢ ਕੇ ਓਲ੍ਹੇ ਹੋ ਗਈ। ਫਿਰ ਕੁੱਝ ਆਦਮੀ ਪਿਛਲੀ ਗੱਡੀ ‘ਚੋਂ ਨਿੱਕਲ਼ੇ, ਹੱਥਾਂ ਵਿੱਚ ਪਸਤੌਲ ਗੋਲ਼ੀਆਂ ਦਾ ਦਛਾਂਦਾ ਦਿੰਦੇ। ਲਾਲ ਲਾਲ ਮਿਰਚਾਂ ਉੱਤੇ ਦਾਦੇ ਨੂੰ ਵੀ ਲਾਲ ਲਾਲ ਕਰ ਦਿੱਤਾ। ਡਰ ਨਾਲ਼ ਮੈਂ ਚੀਕ ਮਾਰੀ। ਅਗਲੇ ਦਿਨਾਂ ਵਿੱਚ ਸਾਰੇ ਸ਼ਹਿਰ ਵਿੱਚ ਇੱਧਰ ਉੱਧਰ ਗੋਲ਼ੀਆਂ ਚੱਲੀਆਂ। ਐਰਾ ਕੱਢਣ ਵਾਲ਼ੇ ਮਾਰ ਦਿੱਤੇ। ਹਰ ਰੋਜ ਖਬਰਾਂ ‘ਚ ਕੁੱਝ ਨਾ ਕੁੱਝ ਹੁੰਦਾ ਸੀ। ਮੀਡੀਆ ਨੇ ਇੱਕ ਪਾਸਾ ਲਿਆ, ਸੰਘੇੜੇ ਦਾ ਪਾਸਾ। ਸ਼ਰਮੇ ਵਰਗਿਆਂ ਨੇ ਵੀ ਇੰਝ ਹੀ ਕੀਤਾ। ਦੇਵ ਬਾਹਰ ਦੌੜ ਗਿਆ ਹੋਵੇਗਾ, ਕਿਉਂਕਿ ਉਸਦਾ ਕਿਸੇ ਨੂੰ ਪਤਾ ਨਹੀਂ ਸੀ। ਜਦ ਲੜਾਈ ਹਟੀ, ਸ਼ਹਿਰ ਕੋਲ਼ ਇੱਕ ਨਵਾਂ ਸੁਲਤਾਨ ਸੀ। ਉਸਦਾ ਨਾਂ ਸੀ ਅਜ਼ੀਮ ਤਿਆਗੀ। ਮੰਬਈ ਵਾਲ਼ਿਆਂ ਨੇ ਉਸਨੂੰ ਕੁਰਸੀ ਦੇ ਦਿੱਤੀ ਅਤੇ ਦਾਦੇ ਦੀਆਂ ਸਾਰੀਆਂ ਤਜਾਰਤਾਂ ਵੀ।
ਮੇਰੀ ਹੁਣ ਨਵੀਂ ਕੋਸ਼ਿਸ਼ ਸੀ, ਆਪਣੇ ਆਪ ਨੂੰ ਬਦਲਣ ਦੀ। ਮੈਂ ਨਹੀਂ ਚਾਹੁੰਦੀ ਸੀ ਉਨ੍ਹਾਂ ਕੰਮਾਂ ‘ਚ ਫਿਰ ਫਸਣ ਦੀ ਅਜ਼ੀਮ ਹੇਠ, ਜਾਂ ਹੋਰ ਕਿਸੇ ਲਈ। ਮੈਂ ਅਤੀਤ ਤੋਂ ਪਰ੍ਹਾਂ ਹੋਣਾ ਚਾਹੁੰਦੀ ਸੀ। ਸੋ ਮੈਂ ਮੰਡੀ ‘ਚ ਜਾ ਕੇ ਕੰਮ ਲੱਭਣ ਲਈ ਕੋਸ਼ਿਸ਼ ਕਰਨ ਲੱਗੀ। ਪਰ ਇਹ ਤਾਂ ਆਦਮੀ ਦਾ ਜੱਗ ਸੀ। ਪੜ੍ਹੀ ਲਿਖੀ ਨਾ ਹੋਣ ਕਰਕੇ ਕਿਸੇ ਦੁਕਾਨਦਾਰ ਜਾਂ ਕਾਰਖਾਨੇ ਵਾਲ਼ੇ ਨੇ ਮੌਕਾ ਨਹੀਂ ਦਿੱਤਾ। ਮੰਗਤ ਦੇ ਦੋਸਤ ਦਾ ਨਾਂ ਰਾਜਪਾਲ ਸੀ। ਉਸਨੇ ਪੂਰੀ ਕੋਸ਼ਿਸ਼ ਕੀਤੀ ਮੇਰੀ ਮੱਦਦ ਕਰਨ ਦੀ। ਪਰ ਉਹ ਵੀ ਮੰਗਤ ਵਾਂਗ ਇੱਕ ਗੁੰਡਾ ਹੀ ਹੁੰਦਾ ਸੀ। ਪੁੱਠੇ ਲੋਕਾਂ ਕੋਲ਼ ਹੀ ਜਾਂਦਾ ਸੀ।
ਮੇਰੇ ਮਨ ਵਿੱਚ ਹਮੇਸ਼ਾ ਇੱਕ ਮੰਜ਼ਲ ਸੀ, ਜਿਹੜੀ ਇਸ ਜੀਵਨ ਤੋਂ ਦੂਰ ਸੀ, ਅਲੱਗ ਸੀ, ਜਿੰਝ ਕਿਸੇ ਰੇਗਸਤਾਨ ਦੇ ਦੂਜੇ ਪਾਸੇ ਨਖਲਿਸਤਾਨ ਹੁੰਦਾ ਐ, ਪਰ ਨਖਲਿਸਤਾਨ ਨਹੀਂ ਬਹਿਸ਼ਤ…ਹਾਂ…ਬਹਿਸ਼ਤ। ਜਿੱਥੇ ਮੇਰਾ ਪਹੁੰਚਣਾ ਜਰੂਰੀ ਸੀ। ਜਿੱਥੇ ਮਰਦ ਦੀ ਜੰਜ਼ੀਰ ਨਹੀਂ ਸੀ। ਜਰੂਰੀ ਚੀਜ਼ ਜਿਹੜੀ ਮੈਨੂੰ ਉਡੀਕ ਰਹੀ ਹੈ, ਅੱਖਾਂ ਤੇ ਬਿਠਾਉਂਦੀ ਹੈ, ਸੁਖ ਦਿੰਦੀ ਹੈ, ਕਰੁਣਾ ਦਿੰਦੀ ਹੈ। ਇਸ ਭਾਵਨਾ ਦੀ ਆਸ ਤੇ ਮੈਂ ਗਾਂਹ ਜਾ ਸਕਦੀ ਆਂ। ਅਹਿਮ ਆਸ ਹੈ, ਅਹਿਮ ਇਹਸਾਸ, ਪਰ ਕਿੰਝ ਪੁੱਜਾਂ ਉੱਥੇ? ਚੀਜ਼ਾਂ ਬਦਲ ਸਕਦੀਆਂ ਨੇ, ਮੇਰੇ ਲਈ, ਸਭ ਭੈਣਾਂ ਲਈ? ਇਹ ਗੱਲ ਨਹੀਂ ਕਿ ਮੇਰੇ ਲਈ ਜਿੰਦਗੀ ਬਾਬ ਹੈ, ਪਰ ਹੋਰ ਸਾਰਿਆਂ ਲਈ ਚੰਗੀ ਹੈ..ਖਾਸ ਆਦਮੀ ਲਈ। ਹੋ ਸਕਦੈ ਜਿਹੜੀ ਜਿੰਦਗੀ ਬੀਤੀ ਹੁਣ ਪਿੱਛੇ ਰਹੇ ਜਾਵੇਗੀ? ਹੋ ਸਕਦਾ ਏ ਜਿਹੜੀ ਵੀ ਜੂਨ ਮਿਲੇ ਬਿਹਤਰ ਹੀ ਹੋਵੇ! ਆਪਣੇ ਆਪ ਲਈ ਸੌਰੀ ਫੀਲ ਕਰਕੇ ਸਾਹ ਨਹੀਂ ਲੈ ਸਕਦੀ ਮੈਂ। ਪਰ ਕੀ ਪਤਾ ਰਾਜਪਾਲ ਨੇ ਮੇਰੇ ਲਈ ਨਵਾਂ ਰਾਹ ਟੋਲ਼੍ਹ ਲੈਣੈ? ਕੀ ਪਤਾ? ਜੇ ਰੱਬ ਹੈ, ਇਸ ਤੋਂ ਜਿਆਦਾ ਮੈਤੋਂ ਕਿਉਂ ਲਵੇਗਾ? ਕਿਉਂ? ਅਤੀਤ ਜਹਾਜ਼ ਦੇ ਲੰਗਰ ਵਾਂਗ ਹੈ। ਪਾਣੀ ‘ਚ ਖਿੱਚ ਕੇ ਡੋਬ ਸਕਦਾ ਹੈ। ਪਰ ਮੈਂ ਲੰਗਰ ਚੁੱਕਣਾ ਚਾਹੁੰਦੀ ਹਾਂ। ਇਹ ਪਰਿੰਦਾ ਪਿੰਜਰੇ ‘ਚੋਂ ਉਡਣਾ ਚਾਹੁੰਦਾ ਹੈ, ਰਾਜਪਾਲ ਸਮਝਦਾ ਹੈ। ਉਸਨੇ ਘਰਾਂ ‘ਚ ਮੈਨੂੰ ਕੰਮ ਲੱਭ ਦਿੱਤਾ। ਝਾੜੂ ਬਰਦਾਰ ਦਾ ਕੰਮ ਹੈ, ਪਰ ਜਿੱਥੇ ਸੀਗੀ ਉਸਤੋਂ ਕਿੰਨਾ ਬਿਹਤਰ ਹੈ! ਹਾਲੇ ਉਸ ਥਾਂ ਨਹੀਂ ਪੁੱਜੀ, ਪਰ ਪਹਿਲਾ ਕਦਮ ਚੁੱਕ ਲਿਆ ਸੀ।
ਰਾਜਪਾਲ ਦੀ ਮਦਦ ਨਾਲ਼ ਹੱਕ ਹਲਾਲ ਦਾ ਕੰਮ ਸ਼ੁਰੂ ਕਰ ਲਿਆ। ਵੱਡੇ ਵੱਡੇ ਲੋਕਾਂ ਦੇ ਘਰਾਂ ‘ਚ ਫਰਸ਼ ਸੁਆਰੇ। ਮੈਂ ਵੇਖਿਆ ਕਿ ਨੌਕਰ ਨਿੱਕੇ ਨਿੱਕੇ ਕਮਰਿਆਂ ‘ਚ ‘ਕੱਠੇ ਰਹੰਦੇ ਸੀ। ਉਸ ਤੋਂ ਜ਼ਿਆਦਾ ਥਾਂ ‘ਚ ਘਰ ਦਾ ਮੁੰਡਾ, ਘਰ ਦਾ ਕੱਲਾ ਲਾਲ ਰਹਿੰਦਾ ਸੀ, ਆਵਦੇ ਗੀਤ ਸੁਣਦਾ ਸੀ, ਜਾਂ ਟੀਵੀ ਤੇ ਕੋਈ ਖੇਢ ਖੇਲ੍ਹਦਾ ਸੀ। ਕੁੜੀਆਂ ਹੀ ਹੀ ਕਰਦੀਆਂ ਟੈਂ ਰੱਖਦੀਆਂ ਸਨ। ਘਰ ਦਾ ਮਾਲਕ ਜ਼ਿਆਦਾ ਬਾਹਰ ਹੀ ਰਹਿੰਦਾ ਸੀ। ਜਦ ਘਰ ਹੁੰਦਾ, ਰੋਹਬ ਜਮਾਉਂਦਾ ਸੀ। ਹਰ ਵੇਲੇ ਸ਼ਰਾਬ ਪੀਂਦਾ ਸੀ, ਘਰ ਵਾਲ਼ੀ ਰੋਟੀ ਤਾਂ ਪਕਾ ਦਿੰਦੀ ਸੀ, ਪਰ ਭਾਂਡੇ ਨੌਕਰ ਸਾਫ ਕਰਦੇ ਸਨ। ਮਾਲਕਣਾਂ ਘੁਮਾਰ ਮੰਡੀ ‘ਚ ਘੁੰਮ ਘੁੰਮ ਕੇ ਰੰਗ ਬਰੰਗੇ ਕੱਪੜੇ ਜਾਂ ਗਹਿਣੇ ਖਰੀਦਦੀਆਂ ਹੁੰਦੀਆਂ ਸਨ। ਮੁੰਡੇ ਮੋਟਰ ਸਾਇਕਲਾਂ ਦੀਆਂ ਰੇਸਾਂ ਲਾਉਂਦੇ ਸੀ। ਕੁੜੀਆਂ ਨੂੰ ਤੰਗ ਕਰਦੇ ਸੀ ਜਾਂ ਉਨ੍ਹਾਂ ਅੱਡਿਆਂ ‘ਚ ਗੇੜੇ ਲਾਉਂਦੇ ਸੀ ਜਿੰਨਾਂ ਦਾ ਮੈਂ ਚੇਤਾ ਭੁਲਾਉਣਾ ਚਾਹੁੰਦੀ ਸੀ। ਪਰ ਹਾਲੇ ਵੀ ਉਹ ਜ਼ਿੰਦਗੀ ਵਿਸਾਰਨਾ ਔਖਾ ਸੀ। ਕਿੰਝ ਭੁਲਾਵਾਂ, ਜਦ ਕੁੱਝ ਘਰਾਂ ‘ਚ ਉਹੀ ਬੰਦੇ ਰਹਿੰਦੇ ਸਨ ਜਿੰਨ੍ਹਾਂ ਦਾ ਮੇਰੇ ਕੋਲ਼ ਆਉਣਾ-ਜਾਣਾ ਸੀ? ਕਿਸਮਤ ਨਾਲ਼ ਉਨ੍ਹਾਂ ਨੇ ਮੈਨੂੰ ਪਛਾਣਿਆ ਨਹੀਂ। ਪਰ ਇਹ ਤਾਂ ਵਕਤ ਦੀ ਗੱਲ ਹੀ ਸੀ।
ਹੁਣ ਉਨ੍ਹਾਂ ਦੀਆਂ ਘਰ ਵਾਲ਼ੀਆਂ ਮੇਰੇ ਸਾਹਮਣੇ ਆਈਆਂ। ਬੇਖਬਰ, ਅਣਭੋਲ ਨਾਰੀਆਂ! ਹੋ ਸਕਦਾ ਏ ਸਾਰੀਆਂ ਭੋਲ਼ੀਆਂ ਨਾ ਹੀ ਹੋਣ। ਹੋ ਸਕਦੈ ਉਨ੍ਹਾਂ ਨੂੰ ਪੂਰਾ ਪਤਾ ਹੋਵੇ ਪਤੀ ਬਾਰੇ ਪਰ ਗੱਲ ਪਾਸੇ ਸੰਭਰ ਦਿੰਦੀਆਂ ਹੋਣ, ਜਿੰਝ ਮੈਂ ਫਰਸ਼ ਤੋਂ ਖੇਹ ਪਰ੍ਹੇ ਕਰਦੀ ਸੀ। ਸੱਚ ਹੈ, ਬੰਦਾ ਉਸ ਜਨਾਨੀ ਨੂੰ ਪਿਆਰ ਨਹੀਂ ਕਰਦਾ ਜਿਸ ਨਾਲ਼ ਵਿਆਹ ਕਰਦੈ, ਜਾਂ ਜਿਸਨੂੰ ਪਟਾਕਾ ਵੀ ਸਮਝਦੈ, ਜਾਂ ਜਿਸ ਦੀ ਆਬ-ਤਾਬ ਦਿਲ ਨੂੰ ਡੰਗ ਮਾਰਦੀ ਹੈ। ਉਸ ਜਨਾਨੀ ਨੂੰ ਹੀ ਪਿਆਰ ਕਰ ਸਕਦਾ ਏ ਜਿਸ ਦੀਆਂ ਬਾਹਾਂ ‘ਚ ਉਹ ਸਨੇਹ ਭਿੱਜਿਆ ਨਿੰਦਰਾਇਆ ਹੋ ਸਕਦੈ। ਆਦਮੀ ਨੂੰ ਵਿਆਹ ਤੋਂ ਬਾਅਦ ਉਲ਼ਝਾ ਕੇ ਰੱਖਣਾ ਪੈਂਦੈ, ਨਹੀਂ ਤਾਂ ਹੋਰ ਕਿਸੇ ਨਾਲ਼ ਪਿਆਰ ਕਰਨਾ ਸ਼ੁਰੂ ਕਰ ਲੈਂਦੈ। ਉਸ ਬੰਦੇ ਦੀ ਔਰਤ ਪਹਿਲਾਂ ਹੀ ਹਰ ਗਈ। ਮੌਤ ਨਾਲ਼ ਉਸਦੀ ਜਾਨ ਨਹੀਂ ਜਾਂਦੀ। ਪਰ ਹਰ ਦਿਨ, ਹਰ ਖਿਣ, ਹਜ਼ਾਰ ਸਿਤਮੀ ਤਰੀਕਿਆਂ ਨਾਲ ਮੌਤ ਆਉਂਦੀ ਹੈ ਉਸ ਨੂੰ। ਸੱਚ ਹੈ ਬੰਦੇ ਨੂੰ ਚੰਗੀ ਘਰੇਲੂ ਕੁੜੀ ਨਹੀਂ ਚਾਹੀਦੀ, ਪਰ ਇੱਕ ਗੰਦੀ ਕਸਬਨ, ਜਿਹੜੀ "ਜੀ ਹਾਂ" ਹੀ ਕਰਦੀ ਰਵ੍ਹੇ। ਜ਼ਨਾਨੀ ਇੱਕ ਜਾਤ ਹੀ ਬਣਾ ਦਿੱਤੀ ਬੰਦੇ ਨੇ। ਜਦ ਵੀ ਮੈਂ ਇਨ੍ਹਾਂ ਸਤਵੰਤੀਆਂ ਵੱਲ ਝਾਕਦੀ, ਮੈਨੂੰ ਤਰਸ ਆਉਂਦਾ ਸੀ ਇਨ੍ਹਾਂ ਤੇ। "ਸੁਪਤਨੀ ਜੀ! ਉਸਦੇ ਨਾਲ਼ ਮੈਂ ਪੈਂਦੀ ਰਹੀ ਹਾਂ! ਉਸ ਤੇ ਇਤਬਾਰ ਨਾ ਕਰੋ!"।ਪਰ ਮੈਂ ਚੁੱਪ-ਚਾਪ ਸੰਭਰਦੀ ਰਹਿੰਦੀ ਸਾਂ।
ਰਾਜਪਾਲ ਹੁਣ ਮੈਤੋਂ ਕਰਾਇਆ ਮੰਗਣ ਲੱਗ ਪਿਆ। ਜਦ ਮੈਂ ਪੈਸੇ ਨਹੀਂ ਦਿੰਦੀ ਉਹ ਮੇਰੇ ਨਾਲ਼ ਜ਼ਬਰਦਸਤੀ ਕਰਨ ਲੱਗ ਪਿਆ। ਮੈਂ ਕਿਸ ਕੋਲ਼ ਜਾਵਾਂ? ਪੁਲ਼ਸ ਤਾਂ ਮੈਨੂੰ ਜਾਣਦੀ ਹੈ…ਪਰ ਮਾੜੇ ਰੂਪ ਵਿੱਚ। ਬੱਸ ਹਰ ਦਿਨ ਮੈਨੂੰ ਇੱਕ ਬੇਜਜ਼ਬੀ ਬੁੱਤ ਵਾਂਗ ਪੈ ਕੇ ਉਸਨੂੰ ਖ਼ੁਸ਼ ਕਰਨਾ ਪੈਂਦਾ ਸੀ। ਮੈਂ ਹਾਰ ਕੇ ਉਸਦਾ ਘਰ ਛੱਡ ਦਿੱਤਾ ਅਤੇ ਇੱਕ ਕਮਰਾ ਕਰਾਏ ਤੇ ਲੈ ਲਿਆ। ਹੁਣ ਰਾਜਪਾਲ ਦੀ ਲੋੜ ਨਹੀਂ ਸੀ। ਮਾਲਕਣਾਂ ਨੇ ਹੋਰਾਂ ਨੂੰ ਮੇਰੀ ਸਿਫ਼ਾਰਸ਼ ਕੀਤੀ। ਕੰਮ ਮਿਲੀ ਗਿਆ। ਇਸ ਤਰਾਂ ਕਿਸਮਤ ਨੇ ਅਜੀਬ ਖੇਲ੍ਹ ਖੇਲ੍ਹਿਆ। ਇੱਕ ਨਵੇਂ ਗਾਹਕ ਦੇ ਘਰ ਕੰਮ ਸ਼ੁਰੂ ਕੀਤਾ। ਉਸਦੇ ਦੋ ਜੁਆਨ ਬੱਚੇ ਸਨ। ਮੈਂ ਉਸਦੇ ਚਿਹਰੇ ਨੂੰ ਪਛਾਣਦੀ ਸੀ। ਹਾਂ! ਫਿਲਮਾਂ ‘ਚ ਵੇਖਿਆ ਸੀ।
ਮੁੱਖ ਗੋਲ਼ ਮੋਲ਼ ਸੀ, ਅੱਖਾਂ ਮੋਟੀਆਂ, ਨੱਕ ਲੰਬਾ ਅਤੇ ਬੁੱਲ੍ਹ ਵਿਲਾਸ ਸਨ। ਹਮੇਸ਼ਾ ਸਾੜ੍ਹੀ ਪਾਈ ਹੁੰਦੀ ਸੀ। ਜਦ ਤੱਕ ਮੇਰੇ ਕਮਲ਼ੇ ਦਿਮਾਗ ਨੂੰ ਸਮਝ ਆਈ ਕਿ ਉਹ ਕੌਣ ਸੀ, ਉਸ ਵਕਤ ਤੱਕ ਮੈਂ ਅੱਧਾ ਘਰ ਸਾਫ ਕਰ ਦਿੱਤਾ ਸੀ। ਜਦ ਮੈਂ ਘਰੋਂ ਨਿੱਕਲ਼ਣ ਦੀ ਕੋਸ਼ਿਸ਼ ਕੀਤੀ, ਮੁੱਖ ਦਰ ਖੋਲ੍ਹ ਕੇ ਸੰਜੇ ਸੰਘੇੜਾ ਆ ਗਿਆ ਸੀ! ਮੈਂ ਥਾਈਂ ਜਮ ਗਈ। ਉਸਨੇ ਵੀ ਮੈਨੂੰ ਪਛਾਣ ਲਿਆ। ਅੱਖਾਂ ‘ਚੋਂ ਸਾਡੀਆਂ ਸਾਰੀਆਂ ਪਹਿਲੀਆਂ ਮੁਲਾਕਾਤਾਂ ਦੇ ਦ੍ਰਿਸ਼ ਦਿਸਣ ਲੱਗ ਪਏ ਸਨ। ਉਸਦੀ ਵਹੁਟੀ ਦਾ ਨਾਂ ਸੁਰੱਈਆ ਸੀ, ਜੋ ਕਦੇ ਬੋਲੀਵੁੱਡ ‘ਚ ਵੱਡੀ ਨਾਇਕਾ ਹੁੰਦੀ ਸੀ।
"ਸੰਜੇ ਇਹ ਗੁੱਡੀ ਹੈ," ਨਾਲ਼ੇ ਮੁਸਕਾਨ ਛੱਡੀ, "ਸਾਡੇ ਘਰ ਦੀ ਸਫਾਈ ਕਰਨ ਆਈ ਐ। ਹੁਣ ਤੋਂ ਬਾਅਦ ਇਸ ਨੇ ਹੀ ਇਹ ਕੰਮ ਕਰਿਆ ਕਰਨੈ।"
"ਸਫਾਈ? ਅੱਛਾ…ਸਫਾਈ ਤਾਂ ਜਰੂਰ ਕਰਨ ਆਈ ਲੱਗਦੀ ਏ!"
"ਸੰਜੇ?" ਸੁਰੱਈਆ ਡੌਰ ਭੌਰ ਹੋ ਕੇ ਬੋਲੀ।
"ਗੁੱਡੀ?..ਸਫਾਈ?" ਜਿਵੇਂ ਉਸਨੂੰ ਪਹਿਲੇ ਵਾਰੀ ਸੁੱਝਿਆ ਨਹੀਂ ਸੀ।
"ਹਾਂ"। ਸੁੱਝੇ ਵੀ ਕਿੰਝ? ਮੈਨੂੰ ਵੀ ਨਹੀਂ ਸੁੱਝਿਆ। ਗੁੱਡੀ ਨਾਂ ਮੇਰਾ ਅਸਲ ਨਾਂ ਨਹੀਂ ਸੀ, ਅਤੇ ਸੰਘੇੜੇ ਨੂੰ ਇਸ ਦਾ ਪਤਾ ਸੀ। ਦੋਨੋਂ ਖੜ੍ਹੇ ਰਹਿਗੇ, ਗੁੰਮ-ਸੁੰਮ।ਸੁਰੱਈਆ ਨੂੰ ਲੱਗਿਆ ਕਿ ਮੈਂ ਇੰਡਿਆ ਦਾ ਸਭ ਤੋਂ ਵੱਡਾ ਤਾਰਾ ਵੇਖ ਕੇ ਸੁੰਨ ਹੋ ਗਈ ਸਾਂ।
"ਅੱਛਾ ਗੁੱਡੀ ਤੂੰ ਕੱਲ੍ਹ ਆ ਜਾਣਾ, ਓਕੇ? ਗੁੱਡ।" ਮੈਂ ਬਾਹਰ ਨੂੰ ਤੁਰ ਪਈ। ਪਰ ਕੱਲ੍ਹ ਨੂੰ ਵਾਪਸ ਨਹੀਂ ਗਈ। ਨਾ ਹੀ ਉਸਤੋਂ ਅਗਲੇ ਦਿਨ। ਮੈਨੂੰ ਦੱਸ ਪਈ ਕਿ ਇਸ ਹੀ ਘਰ ‘ਚੋਂ ਬਾਲ ਚੁੁੱਕਿਆ ਸੀ। ਮੈਂ ਡਰਦੀ ਵਾਪਸ ਨਹੀਂ ਗਈ। ਅਤੀਤ ਤੋਂ ਤਾਂ ਮੈਂ ਨ੍ਹੱਠਦੀ ਸੀ।
ਇੱਕ ਦਿਨ ਮੈਂ ਇੱਕ ਘਰ ਗਈ, ਜਿਸਦਾ ਮਾਲਕ ਮੇਰਾ ਕੁੱਝ ਨਹੀਂ ਲੱਗਦਾ ਸੀ। ਮਤਲਬ, ਉਸ ਨਾਲ਼ ਮੈਂ ਸਾਂਝੀਵਾਲ਼ ਨਹੀਂ ਹੋਈ ਸੀ। ਪਰ ਕਿਸਮਤ ਐਸੀ ਸੀ ਕਿ ਕਿਸੇ ਨੇ ਮੈਨੂੰ ਪਛਾਣ ਕੇ ਉਸਨੂੰ ਮੇਰੇ ਬਾਰੇ ਦੱਸ ਦਿੱਤਾ ਸੀ। ਇੱਕ ਦਿਨ ਘਰਵਾਲ਼ੀ ਬਾਹਰ ਗਈ ਹੋਈ ਸੀ। ਮੈਂ ਫਰਸ਼ ਤੇ ਚੌਂਕੜੀ ਮਾਰ ਕੇ ਚੀਜਾਂ ਨੂੰ ਝਾੜਦੀ ਸੀ। ਉਹ ਸੋਫੇ ਤੇ ਬੈਠਾ ਅਖ਼ਬਾਰ ਪੜ੍ਹਦਾ ਸੀ। ਉਹਦਾ ਮੂੰਹ ਸਿਗਰਟ ਦੇ ਧੂੰਏਂ ਨਾਲ਼ ਗੁੰਮਿਆ ਸੀ। ਮੈਂ ਚੁੱਪ-ਚਾਪ ਕੰਮ ਕਰੀ ਜਾ ਰਹੀ ਸੀ। ਫਿਰ ਅਚਾਨਕ ਉਸਨੇ ਅਖ਼ਬਾਰ ਹੇਠਾਂ ਕੀਤਾ, "ਤੇਰਾ ਨਾਂ ਗੁੱਡੀ ਤਾਂ ਹੈ ਨਹੀਂ, ਹਨਾਂ?" ਧੂੰਏਂ ਪਿੱਛੋਂ ਸ਼ਰਾਬ ‘ਤੇ ਤਮਾਕੂ ਨੇ ਵੀ ਆਪਣੀ ਪਛਾਣ ਕਰਵਾ ਦਿੱਤੀ।
ਮੈਂ ਠਿੱਠ ਹੋ ਕੇ ਲਾਲ ਹੋ ਗਈ। ਚਿੱਤ ਕੀਤਾ ਉੱਥੋਂ ਨਿੱਕਲ਼ ਜਾਵਾਂ। "ਜੀ, ਤੁਹਾਨੂੰ ਗਲਤ ਫਹਿਮੀ ਏ। ਅੱਛਾ ਮੈਂ ਸਬਾਤ ‘ਚ ਜਾਂਦੀ ਆਂ…ਸਾਫ਼ ਹੋ ਗਿਆ…"। ਇੱਕ ਪਲ ਲਈ ਮੇਰੀਆਂ ਅੱਖਾਂ ਉਸਦੀਆਂ ਅੱਖਾਂ ਨਾਲ਼ ਭਿੜੀਆਂ। ਉਸਨੇ ਲਾਲ ਪੱਗ ਬੰਨ੍ਹੀ ਸੀ। ਉਸਦੀਆਂ ਮੁੱਛਾਂ ਤਾਂਹ ਨੂੰ ਚੜ੍ਹਾਈਆਂ ਹੋਈਆਂ ਸਨ, ਵੇਖਣ ਨੂੰ ਸਾਨ੍ਹ ਦੇ ਸਿੰਗਾਂ ਵਰਗੀਆਂ ਲਗਦੀਆਂ ਸਨ। ਲੱਗੇ ਜਿੰਝ ਮੇਰੇ ਵੱਲ ਬਰਛੇ ਕੀਤੇ ਸਨ, ਹਮਲੇ ਦੀ ਤਿਆਰੀ‘ਚ। ਸੋਫੇ ਦੇ ਇੱਕ ਪਾਸੇ ਨਿੱਕਾ ਮੇਜ਼ ਸੀ ਜਿਸ ਉੱਤੇ ਨਿੱਕਾ ਪਿਆਲਾ ਰੱਖਿਆ ਸੀ। ਇਹ ਮਿਰਚਾਂ ਨਾਲ਼ ਭਰਿਆ ਸੀ। "ਏਥੇ ਤਾਂ ਕੰਮ ਮੁਕਾ…"।
"ਜੀ?"
"ਜੀ ਜੀ ਕਿਉਂ ਕਰਦੀ ਐਂ? ਘਰ ਕੋਈ ਹੋਰ ਨ੍ਹੀਂ ਐ! ਇੱਧਰ ਆ, ਸੰਗ ਨਾ…ਮੈਂ ਤੇਰੇ ਬਾਰੇ ਸਭ ਕੁੱਛ ਜਾਣਦਾਂ…ਆ ਮੈਨੂੰ ਵੀ ਗੁੜ ਦਾ ਸੁਆਦ ਕਰਵਾ ਦੇ!" ਇੱਕ ਦਮ ਉੱਠ ਖੜ੍ਹਿਆ। ਮੈਂ ਘਬਰਾਈ, ਮਿਰਚਾਂ ਭੁੰਜੇ ਡਿੱਗ ਗਈਆਂ। ਮੈਂ ਨ੍ਹੱਸ ਪਈ, ਉਹ ਮੇਰੇ ਮਗਰ। ਪਰ ਮੈਂ ਤਾਂ ਉਸ ਵਾਂਗ ਤਕੜੀ ਨਹੀਂ ਸੀ। ਉਸਨੇ ਮੈਨੂੰ ਫੜ ਕੇ ਸਬਾਤ ‘ਚ ਹੀ ਘੜੀਸ ਲਿਆ। ਮੇਰੀ ਆਵਾਜ਼ ਬੈਠ ਗਈ। ਖਿੱਚ ਧੂਹ ‘ਚ ਸਬਾਤ ਦੇ ਭਾਂਡੇ ਖੜਕੇ, ਆਟਾ ਡੁੱਲ੍ਹਿਆ, ਫਰਸ਼ ਗੰਦਾ ਹੋ ਗਿਆ। ਬਾਅਦ ‘ਚ ਉਸਨੇ ਗਾਲ਼ ਕੱਢਕੇ ਛੱਡਿਆ, "ਹੁਣ ਸਾਬਲ ਸਾਫ਼ ਕਰ ਬਲ਼ਾ!" ਮੈਂ ਕਾਫ਼ੀ ਦੇਰ ਲਈ ਉੱਥੇ ਬੈਠੀ ਸਿਸਕੀਆਂ ਭਰਦੀ ਰਹੀ। ਚੁੱਕੇ ਹੋਏ ਕਦਮ ਕਿੱਥੇ ਲੈ ਗਏ! ਮਾਲਕ ਆਰਾਮ ਨਾਲ਼ ਆਵਦੇ ਸੋਫੇ ਤੇ ਬਹਿ ਕੇ ਮਿਰਚਾਂ ਚੱਬ ਰਿਹਾ ਸੀ।
ਮੈਂ ਹੌਲ਼ੀ ਹੌਲ਼ੀ ਉੱਠੀ। ਪਰ ਸਬਾਤ ਜਿਵੇਂ ਸੀ ਉਸੀ ਤਰਾਂ ਰਹਿਣ ਦਿੱਤਾ। ਹੱਦ ਤੋਂ ਬਾਹਰ ਹੋਣ ਨਾਲ਼ ਬਹੁਤ ਕੁੱਝ ਬਦਲ ਜਾਂਦਾ ਹੈ। ਮੇਰਾ ਹੱਥ ਜੀ ਭਿਆਣੇ ਨਾਲ਼ ਪਾਸੇ ਪਈ ਕਰਦ ਨੂੰ ਨੋਚ ਗਿਆ। ਡੁਸਕ ਡਸਕ ਕੇ ਰੋਈ, ਨਾਲ਼ੇ ਨਾਲ਼ ਸਾਬਲ ‘ਚੋਂ ਬਾਹਰ ਤੁਰੀ ਭੁਗਤਾਨ ਨੂੰ ਅਪੜਾਉਣ। ਉਹ ਬੈਠਾ ਸੀ ਹੁਣ ਫਿਰ ਅਖ਼ਬਾਰ ਦੇ ਓਲ੍ਹੇ, ਜਿੰਝ ਕੁੱਝ ਹੋਇਆ ਹੀ ਨਹੀਂ ਸੀ। ਮੇਰੀ ਕਰਦ ਧਰਤੀ ਵੱਲ ਵਧੀ, ਮੈਂ ਇੱਕ ਦਮ ਉਸ ਵੱਲ ਨ੍ਹੱਸੀ। ਉਸਨੂੰ ਪਤਾ ਵੀ ਨਹੀਂ ਲੱਗਿਆ ਕਦ ਬਲੇਡ ਨੇ ਉਸਦੇ ਪੇਟ ‘ਚ ਜ਼ਖਮ ਕੀਤਾ। ਮੈਨੂੰ ਨਹੀਂ ਪਤਾ ਕਿੰਨੀ ਵਾਰੀ ਮੇਰਾ ਹੱਥ ਉੱਪਰ ਹੇਠਾਂ ਗਿਆ। ਜਦ ਮੈਨੂੰ ਹੋਸ਼ ਆਈ ਮੈਂ ਚਾਕੂ ਛੱਡ ਦਿੱਤਾ ਤੇ ਡਰਦੀ ਬਾਹਰ ਦੌੜ ਗਈ।
ਮੈਂ ਘਰ ਵਾਪਸ ਨਹੀਂ ਗਈ। ਐਤਕੀਂ ਕੋਈ ਰਾਜਪਾਲ ਨਹੀਂ ਸੀਗਾ ਮੇਰੀ ਮਦਦ ਕਰਨ ਲਈ। ਮਰੀ ਲਾਸ਼ ਵਾਂਗ ਸੜਕਾਂ ਤੇ ਤੁਰੀ ਫਿਰਦੀ ਰਹੀ। ਕੱਪੜੇ ਰੱਤ ਨਾਲ਼ ਲਿਬੜੇ ਸਨ।ਪੁਲ਼ਸ ਦੇ ਸਾਇਰਨ ਆਸ ਪਾਸ ਚੀਕ ਰਹੇ ਸਨ। ਬਿਨਾ ਪਤਾ ਮੈਂ ਸੰਘੇੜੇ ਦੇ ਘਰ ਪਹੁੰਚ ਗਈ ਸੀ। ਸੁਰੱਈਆ ਨੇ ਦਰਵਾਜ਼ਾ ਖੋਲ੍ਹਿਆ। ਮੈਨੂੰ ਵੇਖ ਕੇ ਹੈਰਾਨ ਹੋ ਗਈ ਸੀ। ਪਿੱਛੋਂ ਸੰਘੇੜੇ ਦੀ ਅਵਾਜ਼ ਆਈ, "ਕੌਣ ਹੈ?" ਜਦ ਸੁਰੱਈਆ ਨੇ ਜਵਾਬ ਮੁਯੱਸਰ ਨਹੀਂ ਕੀਤਾ, ਓਹ ਵੀ ਦਰ ਖੋਲ਼੍ਹ ਕੇ ਆ ਗਿਆ ਸੀ। ਮੇਰੇ ਪਿੱਛੇ ਚਪੜਾਸੀ ਹੱਥ ਜੋੜ ਕੇ ਮਾਫ਼ੀ ਮੰਗੇ, "ਸਰਦਾਰ ਜੀ, ਇਸ ਨੇ ਖਹਿੜਾ ਕੀਤਾ ਤੁਹਾਨੂੰ ਮਿਲਣ ਲਈ। ਇਸ ਦਾ ਹਾਲ ਵੇਖ ਕੇ ਮੈਂ…"
"ਬੱਸ। ਸਮਝ ਗਿਆ," ਸੰਘੇੜੇ ਨੇ ਕਿਹਾ, "ਸੁਰੱਈਆ ਇਸ ਨੂੰ ਅੰਦਰ ਆ ਲੈਣ ਦੇ।" ਸੁਰੱਈਆ ਨੇ ਮੈਨੂੰ ਇੱਕ ਨਿੱਕੇ ਕਮਰੇ ਅੰਦਰ ਵਾੜ ਕੇ, ਮੇਰੇ ਪਿੱਛੇ ਬੂਹਾ ਬੰਦ ਕਰਕੇ ਉਹ ਘੁਸਰ ਮੁਸਰ ਕਰਨ ਲੱਗ ਪਏ। ਮੈਂ ਆਲ਼ੇ ਦੁਆਲ਼ੇ ਝਾਕੀ। ਇੱਕ ਕੰਧ ਤੇ ਸਾਰੇ ਟੱਬਰ ਦੀ ਤਸਵੀਰ ਸੀ। ਬਾਲ ਸੁਰੱਈਆ ਦੇ ਹੱਥਾਂ ‘ਚ ਫੜਿਆ ਸੀ, ਨਾਲ਼ ਦੂਜੇ ਦੋ ਬੱਚੇ ਖੜ੍ਹੇ ਸਨ। ਹਿੰਦੁਸਤਾਨ ਦਾ ਨੰਬਰ ਵੰਨ ਐਕਟਰ ਸੰਜੇ ਸੰਘੇੜਾ ਉਨ੍ਹਾਂ ਦੇ ਪਿੱਛੇ ਸੀ ਕਾਇਮ ਚਮਤਕਾਰ ਦੇਵ ਸਮਾਨ। ਦੂਜੀਆਂ ਕੰਧਾਂ ਤੇ ਉਸ ਦੇਵ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ਦੇ ਇਸ਼ਤਿਹਾਰ ਸਨ। ਕਮਰੇ ਦੇ ਮੱਧ ‘ਚ ਇੱਕ ਮੇਜ ਸੀ ਜਿਸ ਤੇ ਫਿਲਮੀ ਇਨਾਮਾਂ ਦੇ ਮੁਜੱਸਮੇ ਸਨ। ਮੇਰੀਆਂ ਅੱਖਾਂ ਉਸ ਤਸਵੀਰ ਵੱਲ ਵਾਪਸ ਗਈਆਂ ਜਿਸ ‘ਚ ਸੁਰੱਈਆ ਨਿਆਣੇ ਨੂੰ ਕਲ਼ਾਵੇ ਵਿੱਚ ਲਈ ਖੜ੍ਹੀ ਸੀ। ਬਾਹਰੋਂ ਅਵਾਜ਼ਾਂ ਜਿਆਦਾ ਸਖ਼ਤ ਹੋ ਗਈਆਂ ਸਨ। ਮੈਂ ਡਰਦੀ ਇੱਕ ਪਾਸੇ ਹੋ ਗਈ।
ਜਾਣੀ ਮੈਂ ਇੱਥੇ ਕਿਉਂ ਆਈ? ਹੋਰ ਕਿਤੇ ਨੀ ਸੀ ਜਾ ਸਕਦੀ? ਕਿਉਂ? ਉਸਦਾ ਟੱਬਰ, ਉਸਦੀ ਘਰ ਵਾਲ਼ੀ ਸਭ ਇੱਥੇ ਨੇ। ਮੈਂ ਕੀ ਸੋਚ ਰਹੀ ਸੀ? ਬਿਨਾ ਸੋਚਣ ਤੋਂ ਇੱਧਰ ਆ ਪੁੱਜੀ? ਮੈਂ ਆਵਦੇ ਬੇਨੂਰ ਬੂਥੇ ਵੱਲ ਇੱਕ ਦਰਪਣ ‘ਚ ਟਿਕ ਟਿਕੀ ਲਾ ਕੇ ਵੇਖਿਆ। ਕੀ ਕਰ ਰਹੀ ਸੀ ਮੈਂ?
ਦਰਵਾਜ਼ੇ ਨੇ ਮੂੰਹ ਅੱਡਿਆ ਤੇ ਸੰਘੇੜਾ ਅੰਦਰ ਆ ਕੇ ਬੋਲਿਆ, "ਆ ਗੁੱਡੀ…ਗੁੱਡੀ ਹੀ ਨਾਂ ਹੈ ਨਾ ਤੇਰਾ?" ਮੈਂ ਜੱਗਰੀ ਵਾਂਗ ਉਸ ਵੱਲ ਝਾਕਦੀ ਨੇ ਸਿਰ ਊਚਾ-ਨੀਵਾਂ ਕੀਤਾ। ਉਸ ਨੇ ਹੱਥ ਨਾਲ਼ ਸੁਰੱਈਆ ਵੱਲ ਇਸ਼ਾਰਾ ਕੀਤਾ। "ਮਾਲਕਣ ਦੇਖਦੀ ਏਂ, ਅੱਛਾ?" ਸੁਰੱਈਆ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਪਰ੍ਹਾਂ ਲੈ ਗਈ। ਉਸ ਨੇ ਕਈ ਸਵਾਲ ਪੁੱਛੇ ਅਤੇ ਮੈਨੂੰ ਇੱਕ ਕਮਰਾ ਦੇ ਦਿੱਤਾ, ਜਿਸ ਵਿੱਚ ਮੈਨੂੰ ਨ੍ਹਾਉਣ ਦਾ ਮੌਕਾ ਮਿਲਿਆ। ਮੈਂ ਅੱਧਾ ਸੱਚ ਉਸਨੂੰ ਦੱਸ ਦਿੱਤਾ ਸੀ। ਸਾਫ਼ ਕਿਹਾ ਪੁਲ਼ਸ ਨੂੰ ਇਸ ਮਾਮਲੇ ‘ਚ ਨਾ ਬੁਲਾਉਣਾ। ਉਹ ਮੰਨ ਗਈ। ਫਿਰ ਮੈਂ ਉਸ ਕਮਰੇ ‘ਚ ਪਏ ਮੰਜੇ ਤੇ ਪੈ ਗਈ, ਨੀਂਦ ਆ ਗਈ। ਜਦ ਉੱਠੀ, ਮੈਂ ਡਰ ਗਈ। ਕਮਰੇ ਦੀ ਬੱਤੀ ਬੰਦ ਸੀ, ਪਰ ਮੇਰੇ ਕੋਲ਼ ਕੁਰਸੀ ਤੇ ਸੰਘੇੜਾ ਬੈਠਾ ਸੀ। ਨ੍ਹੇਰੇ ਵਿੱਚ ਉਸ ਦਿਨ ਵਾਂਗਰ ਲੱਗਿਆ ਜਦ ਪਹਿਲੀ ਵਾਰ ਮੇਰੇ ਕਮਰੇ ‘ਚ ਕੋਠੀ ਆਇਆ ਸੀ। ਦੱਬਵੀਂ ਆਵਾਜ਼ ‘ਚ ਉਸਨੇ ਕਿਹਾ, "ਹੁਣ ਕੀ ਕਰਾਂਗੇ ਤੇਰੇ ਨਾਲ਼? ਇੱਥੇ ਤਾਂ ਬਹੁਤਾ ਦੇਰ ਲਈ ਰਹਿ ਨਹੀਂ ਸਕਦੀ। ਕੁੱਝ ਤਾਂ ਕਰਨਾ ਪਵੇਗਾ…ਦੇਖ ਜੋ ਫੈਸਲਾ ਮੈਂ ਲਿਆਂਗਾ, ਤੇਰੇ ਫਾਇਦੇ ਲਈ ਹੈ…ਹਾਂ ਤੇ ਮੇਰੇ ਲਈ ਵੀ... ਸੁਰੱਈਆ ਨੂੰ ਕਦੀ ਨਹੀਂ ਪਤਾ ਲੱਗਣ ਦੇਣਾ…"
"ਹਾਂ ਜੀ, ਮੈਂ ਸਮਝਦੀ ਆਂ। ਪਰ ਅੱਜ ਇਸ ਹਾਲ ‘ਚ, ਮੈਨੂੰ…"
"ਤੁੂੰ ਫਿਕਰ ਨਾ ਕਰ। ਦੇਖ ਸਿਰਫ ਹੁਣ ਲਈ ਮੇਰੇ ਖਿਆਲ ‘ਚ ਤੈਨੂੰ ਬਾਈ ਕੋਲ਼ ਜਾਣਾ ਚਾਹੀਦੈ… ਸੁਰੱਈਆ ਨੂੰ ਕਹਿ ਦੂੰਗਾ ਕਿ ਅੱਧੀ ਰਾਤ ਨੂੰ ਨ੍ਹੱਠ ਗਈ… ਅਜ਼ੀਮ ਤਿਆਗੀ ਹੁਣ ਉਸ ਥਾਂ ਦਾ ਮਾਲਿਕ ਹੈ। ਡਰ ਨਾ। ਦਾਦੇ ਵਰਗਾ ਨਹੀਂ ਹੈ…ਨਾ ਹੀ ਦੇਵ ਵਰਗਾ…ਵੀ ਵਿੱਲ ਲੁਕ ਆਫਟਰ ਯੂ। ਕਸਮ।" ਪਰ ਮੈਂ ਤਾਂ ਤਿਆਗੀ ਦਾ ਨਾਂ ਸੁਣ ਕੇ ਡਰ ਗਈ। ਦੂਜੇ ਪਾਸੇ ਬਾਈ ਵਿੱਚ ਇਤਬਾਰ ਸੀ। ਹੁਣ ਤਾਂ ਚਿਰਾਗ ਬੁਝ ਗਿਆ ਸੀ।
"ਇੱਕ ਗੱਲ ਏ ਸੰਘੇੜਾ ਸਾਹਿਬ…ਮੈਂ ਹੁਣ ਮੰਗਲਾ ਮੁਖੀ ਨਹੀਂ ਰਹਿਣਾ…।"
"ਠੀਕ ਐ। ਪਰ ਬਾਈ ਕੋਲ਼ੇ ਪਹਿਲਾਂ ਤੈਨੂੰ ਛੱਡੀਏ। ਮੈਂ ਤਿਆਗੀ ਨਾਲ਼ ਗੱਲ-ਬਾਤ ਕਰੂੰਗਾ। ਦੇਵ ਬਾਰੇ ਕੀ ਜਾਣਦੀ ਏਂ?"
"ਬਹੁਤਾ ਕੁੱਝ ਨਹੀਂ। ਸੁਣਿਐ ਵਲਾਇਤ ਚਲਿਆ ਗਿਆ।"
"ਹੂੰ, ਅੱਛਾ ਚੱਲੀਏ?" ਉਸ ਹੀ ਵਕਤ ਮੈਨੂੰ ਬਾਈ ਵੱਲ ਵਾਪਸ ਲੈ ਕੇ ਤੁਰ ਪਿਆ। ਪਰ ਇਹ ਉਹ ਥਾਂ ਨਹੀਂ ਸੀ। ਇੱਕ ਹੋਰ ਅੱਡਾ ਸੀ, ਰਕਾਨ ਰੰਡੀਆਂ ਨਾਲ਼ ਵੱਸਿਆ ਹੋਇਆ। ਇੱਥੇ ਰੱਜ ਕੇ ਰੋ ਰੋ ਕੇ ਬਾਈ ਨਾਲ਼ ਕਾਫ਼ੀ ਗੱਲਾਂ ਕੀਤੀਆਂ। ਉਸਨੇ ਮੈਨੂੰ ਦੱਸਿਆ ਕਿ ਤਿਆਗੀ ਹੋਰ ਕਿਸਮ ਦਾ ਮਰਦ ਸੀ ਅਤੇ ਸੰਘੇੜੇ ਨੇ ਉਸਨੂੰ ਹਿਦਾਇਤ ਦਿੱਤੀ ਸੀ ਕਿੰਝ ਮੈਨੂੰ ਤਿਆਗੀ ਦੇ ਸਾਹਮਣੇ ਪੇਸ਼ ਕਰਨੈ। ਬਾਈ ਨੇ ਕਿਹਾ ਕਿ ਸੰਘੇੜੇ ਨੇ ਦੱਸਿਆ ਸੀ ਕਿ ਮੈਂ ਉਸ ਬਲਾਤਕਾਰੀ ਨੂੰ ਮਾਰ ਦਿੱਤੈ ਅਤੇ ਮੇਰਾ ਦਿਲ ਜਰੂਰ ਕਰੜਾ ਸੀ। ਇਹ ਵੀ ਮੈਨੂੰ ਦੱਸਿਆ ਗਿਆ ਕਤਲ ਕਰਕੇ ਮੈਨੂੰ ਸ਼ਾਇਦ ਰਣਜੀਤਪੁਰ ਨੂੰ ਵੀ ਛੱਡਣਾ ਪਵੇਗਾ। ਮੇਰੇ ਬਚਾ ਲਈ ਸਭ ਕੁੱਝ ਕਰ ਸਕਦੇ ਨੇ। ਪਰ ਮੈਨੂੰ ਤਾਂ ਡਰ ਸੀ ਕਿ ਤਿਆਗੀ ਵੀ ਗੁੰਡਾ ਹੀ ਸੀ। ਬਾਈ ਨੇ ਇੱਕ ਔਰਤ ਨੂੰ ਸੱਦਿਆ। ਜਦ ਉਸਨੇ ਆਵਦਾ ਕੰਮ ਮੁਕਾਇਆ, ਮੈਂ ਸ਼ੀਸ਼ੇ ਵਿੱਚ ਆਪਣੇ ਆਪ ਵੱਲ ਦੇਖਿਆ। ਜਦ ਉਹ ਮੇਰਾ ਭੇਸ ਬਦਲ ਰਹੀ ਸੀ ਮੇਰੇ ਮਨ ‘ਚ ਇੱਕੋ ਹੀ ਸੋਚ ਦੌੜ ਰਹੀ ਸੀ, "ਉਸ ਆਦਮੀ ਨੂੰ ਮੈਂ ਮਾਰ ਦਿੱਤਾ! ਹੁਣ ਕੀ ਹੋਵੇਗਾ? ਪਰ ਉਸ ਤਰਾਂ ਦੇ ਬੰਦੇ ਨਾਲ਼ ਇਸ ਤਰਾਂ ਹੀ ਹੋਣਾ ਚਾਹੀਦਾ ਸੀ, ਹੈ ਨਾ?" ਇਹ ਸੋਚਾਂ ਉੱਡ ਗਈਆਂ ਜਦ ਮੈਂ ਆਵਦਾ ਨਵਾਂ ਰੂਪ ਵੇਖਿਆ! ਥੋੜ੍ਹੇ ਚਿਰ ਲਈ ਮਨ ਨੂੰ ਹੋਰ ਪਾਸੇ ਤੋਰਨ ਲਈ ਇਹ ਨਵੀਂ ਗੱਲ ਸੀ। ਮੇਰੀ ਨਵੀਂ ਸੂਰਤ! ਉਸਨੇ ਚਿਹਰਾ ਮੁਹਰਾ ਬਦਲ ਦਿੱਤਾ! ਮੇਰੇ ਸਾਹਮਣੇ ਤਾਂ ਚੰਦਰਬੰਸੀ ਅਜਨਬੀ ਖਲੋਤੀ ਸੀ!
ਉਸਨੇ ਮੇਰੇ ਵਾਲ਼ ਕੱਟ ਦਿੱਤੇ ਸੀ। ਹੁਣ ਜੁਲਫਾਂ ਮੋਢਿਆਂ ਤੱਕ ਹੀ ਲਮਕਦੀਆਂ ਸਨ। ਲਾਲ ਲਾਲ ਸੁਰਖ਼ੀ ਨਾਲ਼ ਲਬ ਰੰਗੇ ਹੋਏ ਅਤੇ ਅੱਖਾਂ ‘ਚ ਸੁਰਮਾ ਲਾਇਆ ਹੋਇਆ, ਗੱਲ੍ਹਾਂ ਤੇ ਪਾਊਡਰ ਵੀ ਲਾਇਆ ਸੀ। ਅੰਗ੍ਰੇਜ਼ੀ ਵੇਸ-ਭੂਸਾ ਦਾ ਲਹਿੰਗਾ ਪਾਇਆ ਸੀ (ਉਹ ਵੀ ਲਾਲ) ਅਤੇ ਚਿੱਟੀ ਝੱਗੀ ਪਾਈ ਸੀ। ਕੱਪੜੇ ਪਿੰਡੇ ਨੂੰ ਚਿੰਬੜੇ ਹੋਏ ਸਨ। ਪੱਕੀ ਪੱਛਮ-ਪੱਖੀ ਜਾਪਦੀ ਸੀ।
"ਅੱਛਾ। ਆਰਾਮ ਕਰ, ਤੇ ਉਸ ਆਦਮੀ ਬਾਰੇ ਨਾ ਸੋਚੀਂ। ਜੋ ਹੋ ਗਿਆ ਸੋ ਹੋ ਗਿਆ। ਪੁਲ਼ਸ ਨੇ ਕੁੱਝ ਨਹੀਂ ਕਰਨਾ। ਤਿਆਗੀ ਸਾਹਿਬ ਦੇ ਹੱਥਾਂ ‘ਚ ਐਂ ਹੁਣ ਤੂੰ। ਬੇਫਿਕਰ ਰਹਿ, ਅੱਛਾ?" ਬਾਈ ਨੇ ਕਿਹਾ। ਮੈਂ ਫਿਰ ਆਵਦੇ ਵੱਲ ਝਾਕਿਆ। ਮੈਂ ਆਪਣੇ ਆਪਨੂੰ ਨਹੀਂ ਪਛਾਣਿਆ।"ਤੜਕੇ ਇੰਨ੍ਹਾਂ ਕੱਪੜਿਆਂ ਨੂੰ ਪਾ ਕੇ ਤਿਆਰ ਰਹੀਂ। ਦਾਦੇ ਵਾਂਗ ਝੌਂਪੜੀ ‘ਚ ਨਹੀਂ ਰਹਿੰਦਾ ਤਿਆਗੀ। ਤਿਆਗੀ ਜੀ ਤਾਂ ਰਣਜੀਤਪੁਰ ਦੇ ਸਭ ਤੋਂ ਵੱਡੇ ਹੋਟੈੱਲ ‘ਚ ਰਹਿੰਦੇ ਨੇ।"
ਜਦ ਸਵੇਰੇ ਜਾਗੀ, ਮੈਂ ਉਸ ਬਲਾਤਕਾਰੀ ਨੂੰ ਡੋਬ ਚੁੱਕੀ ਸੀ। ਮੈਂ ਨਿਰਦੋਸ਼ ਸੀ, ਉਸਨੇ ਪਾਪ ਕੀਤਾ ਸੀ। ਮੈਂ ਤਾਂ ਦੁਰਗਾ ਵਾਂਗ ਅਸਲੀ ਕਸੂਰਵਾਰ ਨੂੰ ਸਜ਼ਾ ਦਿੱਤੀ ਸੀ। ਹੁਣ ਜਿਹੜੇ ਲੋਕਾਂ ਨੂੰ ਸਮਾਜ ‘ਚ ਪਾਪੀ ਸਮਝਿਆ ਜਾਂਦਾ ਹੈ ਤੇ ਜਿਹੜੇ ਲੋਕਾਂ ਨੇ ਮੈਨੂੰ ਇਹ ਚੀਜ਼ ਬਣਾਇਆ ਸੀ, ਉਹੀ ਮੇਰੀ ਮਦਦ ਕਰ ਰਹੇ ਸਨ, ਹੋਰ ਕੋਈ ਨਹੀਂ। ਇਸ ਲਈ ਮੈਂ ਉਸ ਬੰਦੇ ਨੂੰ ਆਵਦੇ ਮਨ ‘ਚੋਂ ਪਰ੍ਹਾਂ ਕਰ ਦਿੱਤਾ। ਕਿਹੜਾ ਆਦਮੀ ਇਸ ਮੁਲਕ ਵਿੱਚ ਸੱਚਾ ਫਰਿਸ਼ਤਾ ਹੈ? ਗਾਂਧੀ ਵੀ ਆਵਦੀਆਂ ਭਣੇਵੀਆਂ ਨਾਲ਼ ਘੋੜੇ ਵੇਚ ਕੇ ਸੌਂਇਆ ਕਰਦਾ ਸੀ!
ਬਾਈ ਮੈਨੂੰ ਇੱਕ ਗੱਡੀ ਵੱਲ ਲੈ ਕੇ ਗਈ। ਮੈਂ ਉਹੀ ਨਵੇਂ ਕੱਪੜੇ ਪਾਏ ਹੋਏ ਸਨ। ਗੱਡੀ ‘ਚ ਅਸੀਂ ਦੋਨੋਂ ਹੀ ਸਾਂ, ਰਥਵਾਨ ਤੋਂ ਛੁੱਟ। ਹੋਟੈੱਲ ਕਾਫੀ ਉੱਚਾ ਸੀ, ਜਿੰਝ ਅਸਮਾਨ ਦੀ ਛੱਤ ਤੱਕ ਜਾਂਦਾ ਹੋਵੇ। ਮੈਨੂੰ ਅੰਦਰ ਛੱਡ ਕੇ ਬਾਈ ਤੁਰ ਪਈ। ਮੈਨੂੰ ਇੱਕ ਆਦਮੀ ਲਿਫਟ ਰਾਹੀਂ ਉੱਪਰ ਲੈ ਕੇ ਗਿਆ। ਜਦ ਲਿਫਟ ਖੁੱਲ੍ਹੀ, ਮੇਰੇ ਸਾਹਮਣੇ ਵੱਡਾ ਸਾਰਾ ਕਮਰਾ ਸੀ। ਬਹੁਤ ਘੱਟ ਸਾਜ਼ ਸਮਾਨ ਸੀ, ਉਸ ਵਿੱਚ। ਚਾਰ ਚੁਫੇਰੇ ਬਾਰੀਆਂ ਸਨ ਕੱਚ ਦੀਆਂ। ਫਰਸ਼ ਨੰਗਾ ਸੀ, ਉਸਦਾ ਮਰਮਰ ਲਿਸ਼ਕਦਾ ਸੀ। ਤਿੰਨ ਚਿੱਟੇ ਸੋਫੇ ਸਨ, ਚੌਸਰ ਰੂਪ ਵਾਲ਼ੇ। ਇੱਕ ਤੇ ਸੰਘੇੜਾ ਬੈਠਾ ਸੀ। ਉਸਦੇ ਨਾਲ਼ ਸੀ ਲਿਸ਼ਕਦੀ ਘੱਗਰੀ ‘ਚ ਜੁਆਨ ਤੀਵੀਂ। ਦੂਜੇ ਪਾਸੇ ਇੱਕ ਸ਼ਿਸ਼ਟ ਜਿਹਾ ਬੰਦਾ ਬੈਠਾ ਸੀ। ਉਸਦੇ ਪਿੱਛੇ ਲੰਗੂਰ ਵਰਗਾ ਬੰਦਾ ਖੜ੍ਹਾ ਸੀ, ਉਸਦੀ ਰਾਖੀ ਕਰਦਾ। ਇਹ ਬੰਦਾ ਲੰਬਾ ਸੀ, ਸੰਘੇੜੇ ਤੋਂ ਵੀ ਪਤਲਾ। ਵਾਲ਼ ਕਾਲ਼ੇ ਸਨ, ਮੁਖੜਾ ਗੋਰਾ, ਨੈਣ ਨਕਸ਼ ਸੁੰਦਰ। ਉਸ ਦੀਆਂ ਅੱਖਾਂ ਨਕਾਬੀ ਐਨਕਾਂ ਦੇ ਓਹਲੇ ਸਨ, ਇਸ ਕਰਕੇ ਉਸਦਾ ਸੁਭਾਅ ਜਾਂ ਸੱਚੀ ਸ਼ਖ਼ਸੀਅਤ ਨਹੀਂ ਸੀ ਪੜ੍ਹ ਹੁੰਦੀ। ਮਹਿੰਗੇ ਕੱਪੜੇ ਪਾਏ ਹੋਏ ਸਨ। ਪੱਛਮੀ ਫਤੂਹੀ ਪਾਈ ਸੀ, ਪੀਲੇ ਰੰਗ ਦੀ, ਕਮੀਜ਼ ਨੀਲੀ ਸੀ, ਅਸਮਾਨੀ ਰੰਗ ਦੀ ਟਾਈ ਬੰਨ੍ਹੀ ਸੀ। ਕੋਟ ਛਾਕੀਟਾ ਸ਼ੈਲੀ ਦਾ ਸੀ, ਯਾਨੀ ਬਰਤਨਵੀ ਬਲੇਜ਼ਰ, ਜਿਸ ਨਾਲ਼ ਮਿਲਦੀ ਪਤਲੂਨ ਪਾਈ ਸੀ। ਇਹ ਸੂਟ ਲਾਲ ਰੰਗ ਦਾ ਸੀ, ਮੁਲਾਇਮ ਵਾਲ਼ਾਂ ਦਾ ਬਣਾਇਆ। ਖੱਲਾਂ ਫਤੂਹੀ ਵਾਂਗਰ ਪੀਲੇ ਰੰਗ ਦੇ ਸਨ। ਮੂੰਹ ਦੇ ਖੱਬੇ ਪਾਸੇ ਜ਼ਰਾ ਅੱਖ ਦੇ ਹੇਠ ਦਾਗ ਸੀ, ਪਤਲਾ, ਜਿੰਝ ਝਨਾਂ ਹਿਠਾੜ ਜਾ ਰਿਹਾ ਹੋਵੇ ਉਸ ਦੇ ਬੁੱਲ੍ਹਾਂ ਵੱਲ। ਇਹ ਬੰਦਾ ਸੀ ਅਜ਼ੀਜ਼ ਤਿਆਗੀ।
"ਆ ਜਾ! ਆ ਜਾ, ਡਰ ਨਾ ਕੁੜੇ! ਸੰਜੇ ਨੇ ਤੇਰੇ ਬਾਰੇ ਬਹੁਤ ਕੁੱਝ ਦੱਸਿਆ ਏ! ਡਰ ਨਾ!" ਉੱਠ ਕੇ ਮੇਰੇ ਵੱਲ ਆਇਆ।(ਸੰਘੇੜੇ ਤੋਂ ਵੀ ਜਿਆਦਾ ਲੰਬਾ ਸੀ)।ਉਸਨੇ ਕਲ਼ਾਵੇ ‘ਚ ਲੈ ਕੇ ਇਸ਼ਾਰਾ ਕੀਤਾ ਨੇੜਲੇ ਸੋਫੇ ਤੇ ਬਹਿਣ ਲਈ। ਮੈਂ ਬਹਿ ਗਈ। ਉਸਨੇ ਬਾਰ ਵੱਲ ਜਾ ਕੇ ਇੱਕ ਗਲਾਸੀ ਵਿਚ ਡ੍ਰਿੰਕ ਭਰਿਆ। ਫਿਰ ਮੈਨੂੰ ਫੜਾ ਦਿੱਤਾ। ਮੈਂ ਉਸ ਵੇਲੇ ਇੰਨੀ ਬੇਚੈਨ ਸੀ ਮੈਂ ਇੱਕ ਦਮ ਸਾਰੀ ਨੀਲੀ ਘੁੱਟ ਪੀ ਲਈ, ਸੋਚਿਆ ਵੀ ਨਹੀਂ ਕਿ ਮੈਂ ਸ਼ਰਾਬ ਪੀਂਦੀ ਸੀ ਜਾਂ ਨਹੀਂ। ਇੱਕ ਦਮ ਖੰਘਣ ਲਗ ਪਈ। ਸਾਰੇ ਹਸੇ।"ਰਿਲੈਕਸ ਬੇਬੀ! ਚਿੱਲ ਆਉਟ! ਦੇਖ ਜੋ ਤੂੰ ਉਸ ਆਦਮੀ ਨੂੰ ਕੀਤਾ, ਉਹ ਉਸਦੇ ਲਾਇਕ ਹੀ ਸੀ। ਸੋ ਫਿਕਰ ਨਾ ਕਰ। ਮੈਂ ਸਭ ਠੀਕ ਕਰਵਾ ਦੇਣਾ ਐ। ਅੱਛਾ ਸੰਜੇ ਨੇ ਸਾਫ਼ ਦੱਸ ਦਿੱਤਾ ਜੋ ਤੂੰ ਦਾਦੇ ਲਈ ਕਰਦੀ ਸੀ, ਹੁਣ ਨਹੀਂ ਕਰਨਾ। ਕਦੇ ਨਹੀਂ ਕਰਨਾ। ਠੀਕ ਇਹ ਵੀ ਹੋ ਸਕਦਾ ਹੈ। ਪਰ ਇਸ ਸ਼ਹਿਰ ‘ਚ ਨਹੀਂ। ਕੁੱਝ ਦਿਨ ਇਸ ਹੋਟੈੱਲ ‘ਚ ਠਹਿਰ, ਫਿਰ ਮੰਬਈ ਜਾਂ ਦਿੱਲੀ ਲੈ ਜਾਵਾਂਗੇ। ਹੋ ਸਕਦੈ ਮੁਲਕ ‘ਚੋਂ ਬਾਹਰ ਵੀ। ਨੋ ਫਿਕਰ ਯੇ? ਗੁੱਡ!"
ਉਸ ਦਿਨ ਤੋਂ ਬਾਅਦ ਹਰਿੱਕ ਦਿਨ ਹੋਟੈੱਲ ‘ਚ ਬੀਤਿਆ। ਜਦ ਮੈਂ ਤਿਆਗੀ ਦੇ ਮਹਿਮਾਨ ਦੀ ਮਹਿਮਾਨਦਾਰੀ ਨਹੀਂ ਕਰਦੀ ਸੀ ਇਸ ਹੀ ਕਮਰੇ ‘ਚ ਮੈਂ ਆਵਦੇ ਰੂਮ ‘ਚ ਟੀਵੀ ਦੇਖਦੀ ਸੀ, ਜਾਂ ਤਲਾਅ ‘ਚ ਤਰਦੀ ਸੀ ਜਾਂ ਹੇਠਾ ਬਾਰ ‘ਚ ਪੀਂਦੀ ਸੀ। ਕੁੱਝ ਦਿਨਾਂ ਬਾਅਦ ਮੈਨੂੰ ਕਸੀਨੋ ਦੀ ਸਿਖਲਾਈ ਮਿਲਣ ਲੱਗ ਪਈ। ਮੈਂ ਵੀ ਤਾਸ਼ ਫੈਂਟਣੀ ਸਿੱਖ ਲਈ। ਕਦੇ ਤਿਆਗੀ ਕਦੇ ਕਮਰੇ ‘ਚ ਸੰਘੇੜਾ ਆਉਂਦਾ ਸੀ, ਕਦੇ ਸ਼ਹਿਰ ਦੇ ਵੱਡੇ ਮੰਤਰੀ ਜਾਂ ਮਹਾਸ਼ੇ। ਇਸ ਤਰਾਂ ਮੈਨੂੰ ਪਤਾ ਲੱਗ ਗਿਆ ਕਿ ਹੋ ਸਕਦਾ ਏ ਦੇਵ ਲੰਡਨ ਹੋਵੇ। ਤਿਆਗੀ ਦੇ ਗੁੰਡੇ ਮਿੱਤਰ ਲੰਡਨ ਵੀ ਸਨ। ਅਨ੍ਹਾਂ ਨੇ ਵੀ ਦੇਵ ਲਈ ਜੁਸਤਜੂ ਸ਼ੁਰੂ ਕਰ ਲਈ ਸੀ। ਮੈਨੂੰ ਸੰਘੇੜੇ ਦਾ ਬਾਲਕ ਚੇਤੇ ਆਇਆ। ਦੇਵ ਦੈਂਤ ਸੀ। ਸਗੋਂ ਚੰਗਾ ਹੋਵੇਗਾ ਜੇ ਲੱਭ ਕੇ ਉਸਨੂੰ ਮਾਰ ਦਿੱਤਾ ਜਾਵੇ! ਉਸ ਤਰਾਂ ਦੇ ਆਦਮੀਆਂ ਨਾਲ਼ ਇੰਝ ਹੀ ਹੋਣਾ ਚਾਹੀਦੈ! ਮੇਰੇ ਖਿਆਲ ਸੰਘੇੜੇ ਤੇ ਤਿਆਗੀ ਵੱਲ ਪਹੁੰਚੇ। ਮੈਂ ਮਨੋ-ਮਨ ਸਾਫ ਮੰਨ ਗਈ ਕਿ ਮੈਂ ਇਸ ਤਰਾਂ ਹੀ ਸੋਚਦੀ ਹਾਂ। ਤਿਆਗੀ ਨੇ ਮੈਨੂੰ ਦਿੱਲੀ ਭੇਜ ਦਿੱਤਾ। ਇੱਥੇ ਮੇਰਾ ਨਵਾਂ ਕੰਮ ਸੀ। ਹੋਟੈੱਲ ਤੇ ਮੈਂ ਅੱਖ ਰੱਖਣੀ ਸੀ। ਇਸ ਦੇ ਜਾਇਜ਼ ਮਾਮਲੇ ਅਤੇ ਸਾਜ਼ਬਾਜ਼ ਕਾਰੋਬਾਰਾਂ ਉੱਤੇ ਮੇਰੀ ਹੀ ਨਜ਼ਰ ਸੀ।
ਇੱਕ ਦਿਨ ਤਿਆਗੀ ਨੇ ਮੈਨੂੰ ਰਣਜੀਤਪੁਰ ਵਾਪਸ ਬੁਲਾਇਆ। ਮੇਰੀ ਜਿੰਦਗੀ ਬਦਲਣ ਲੱਗੀ ਸੀ। ਕਿੱਥੇ ਤੋਂ ਕਿੱਥੇ ਪੁੱਜ ਗਈ ਸੀ ਮੈਂ! ਉਸਨੇ ਮੈਨੂੰ ਆਖਿਆ ਕਿਸੇ ਦਾ ਖੂਨ ਕਰਨ ਲਈ। ਅੰਦਰੋਂ ਮੈਂ ਡਰਦੀ ਸੀ ਪਰ ਮੈਂ ਰਿਣੀ ਵੀ ਸੀ ਕਿਉਂਕਿ ਉਸਨੇ ਮੈਨੂੰ ਇੱਕ ਰੰਡੀ ਤੋਂ ਗੁੰਡਿਆਂ ਦੀ ਰਾਣੀ ਬਣਾ ਦਿੱਤਾ ਸੀ। ਇਸ ਲਈ ਨਾਂਹ ਕਰਨੀ ਔਖੀ ਸੀ। ਉਸਨੇ ਕਿਹਾ ਜਦ ਮੈਂ ਪਹਿਲਾਂ ਹੀ ਕਿਸੇ ਦਾ ਕਤਲ ਕੀਤਾ ਹੈ, ਹੁਣ ਬਹੁਤੀ ਵੱਡੀ ਗੱਲ ਨਹੀਂ ਸੀ ਕਿਸੇ ਹੋਰ ਦਾ ਖੂਨ ਕਰਨ ਦੀ। ਪਹਿਲਾ ਬੱਲੀ ਦਿੱਲੀ ਦਾ ਇੱਕ ਵੱਡਾ ਸੇਠ ਸੀ। ਉਸਦੀ ਗਲਾਸੀ ਵਿਚ ਹਲਾਹਲ ਪਾ ਦਿੱਤਾ ਸੀ। ਇਸ ਤਰਾਂ ਉਸ ਦਿਨ ਤੋਂ ਬਾਆਦ ਕਈ ਮਾਰੇ ਗਏ। ਹੁਣ ਮੈਂ ਵੀ ਗੁੰਡੀ ਹੀ ਸੀ।
ਵਕਤ ਨਾਲ਼ ਮਨ ਸਖਤ ਹੋ ਗਿਆ ਸੀ। ਦਿਨੋਂ ਦਿਨ ਇਨਸਾਨੀਅਤ ਖਿਸਕਦੀ ਜਾਂਦੀ ਸੀ। ਤਿਆਗੀ ਮੇਰੇ ਨਾਲ਼ ਬਹੁਤ ਖ਼ੁਸ਼ ਸੀ। ਉਸਨੇ ਮੈਨੂੰ ਰਣਜੀਤਪੁਰ ਦੀ ਦਾਦੀ ਬਣਾ ਦਿੱਤਾ ਸੀ। ਹੁਣ ਸਭ ਅੱਡੇ-ਡੇਰੇ ਮੇਰੇ ਸਨ। ਮੈਂ ਇੱਕ ਫੈਸਲਾ ਕਰ ਲਿਆ ਸੀ। ਹੁਣ ਤੋਂ ਬਾਅਦ ਕੰਜਰਪੁਣੇ ਦਾ ਕੰਮ ਖਤਮ। ਹੋਰ ਭਾਵੇਂ ਕਰਨ, ਪਰ ਮੇਰੇ ਮੁਲਾਜ਼ਮ ਨਹੀਂ ਕਰ ਸਕਦੇ ਸਨ। ਸਗੋਂ ਜਦ ਸੁਣਦੀ ਸੀ ਕਿ ਫਲਾਣੇ-ਧਮਕੇ ਨੇ ਕੋਈ ਕੁੜੀ ਚੁੱਕੀ ਉਸਦੇ ਸਿਰ ਤੇ ਸਿਲਾ ਪਾ ਦਿੰਦੀ ਸੀ। ਕਦੀ ਕਦੀ ਖੁਦ ਵੀ ਮਾਰ ਦਿੰਦੀ ਸੀ। ਜਿੰਦਗੀ ‘ਚ ਹਰੇਕ ਇਨਸਾਨ ਬਦਲਦਾ ਹੈ…ਆਮ ਸੁੰਡੀ ਤੋਂ ਤਿਤਲੀ ਬਣ ਜਾਂਦੀ ਹੈ। ਮੈਂ ਉਲਟ ਪਾਸੇ ਗਈ, ਰਣਜੀਤਪੁਰ ਦੀ ਦਾਦੀ ਬਣ ਗਈ ਸੀ। ਤਿਆਗੀ ਨੇ ਵਿਆਹ ਕਰਨਾ ਚਾਹਿਆ। ਪਰ ਮੈਂ ਨਾਂਹ ਕਰ ਦਿੱਤੀ ਸੀ। ਉਸਨੇ ਕੁੱਝ ਨਹੀਂ ਕਿਹਾ। ਇੱਕ ਦਿਨ ਉਸਨੂੰ ਵੀ ਵਾਪਸ ਮੰਬਈ ਬੁਲਾ ਲਿਆ ਗਿਆ।
ਪਹਿਲੀ ਬਾਰ ਸ਼ਹਿਰ ਇੱਕ ਮਹਾਰਾਣੀ ਦੇ ਹੱਥਾਂ ‘ਚ ਸੀ। ਸ਼ਹਿਰ ਮੇਰਾ ਗੁਲਾਮ ਸੀ। ਕੁੱਝ ਲੋਕ, ਖਾਸ ਪੁਲ਼ਸੀਏ, ਜਿੰਨ੍ਹਾਂ ਨਾਲ਼ ਮੈਂ ਸਾਂਝੀਵਾਨ ਹੋਈ ਸਾਂ, ਮੇਰੀ ਅਹੀ ਤਹੀ ਕਰਦੇ ਸਨ। ਪਰ ਜਦ ਉਨ੍ਹਾਂ ਦੇ ਟੱਬਰਾਂ ਨੂੰ ਖਤਰਾ ਪਿਆ, ਉਹ ਵੀ ਪਿੱਛੇ ਹਟ ਗਏ। ਕਈਆਂ ਨੂੰ ਮਰਵਾਇਆ ਵੀ ਸੀ ਮੈਂ। ਹੁਣ ਮੇਰੇ ਤੇ ਦੇਵ ‘ਚ ਕੀ ਫ਼ਰਕ ਰਹਿ ਗਿਆ ਸੀ?
ਹਾਂ ਦੇਵ, ਉਸ ਬਾਰੇ ਥੋੜ੍ਹਾ ਜਿਹਾ ਦੱਸਾਂ। ਸੰਘੇੜੇ ਦੇ ਖਾਸ ਮਿੱਤਰ ਨੂੰ ਇੱਕ ਰਾਜੂ ਜਾਣਦਾ ਸੀ। ਉਸਨੇ ਬਰਤਾਨੀਆ ‘ਚ ਚੋਰੀ ਲਈਆਂ ਤਸਵੀਰਾਂ ਸੰਘੇੜੇ ਨੂੰ ਵਿਖਾਈਆਂ ਸਨ। ਇੰਨ੍ਹਾਂ ‘ਚ ਸੰਘੇੜੇ ਨੇ ਦੇਵ ਨੂੰ ਪਛਾਣ ਲਿਆ। ਉਸਨੇ ਫਿਰ ਤਿਆਗੀ ਨਾਲ਼ ਗੱਲ ਕੀਤੀ। ਇਸ ਵਕਤ ਤੱਕ ਤਾਂ ਤਿਆਗੀ ਅਤੇ ਮੇਰੇ ਸਿਪਾਹੀਆਂ ਨੇ ਸੰਘੇੜੇ ਦੇ ਕੇਸ ਦੇ ਸਾਰੇ ਦੋਸ਼ੀ ਮਾਰ ਦਿੱਤੇ ਸਨ, ਦੇਵ ਤੋਂ ਸਿਵਾ। ਅਗਲੇ ਮਹੀਨੇ ਸੰਘੇੜੇ ਦੀ ਇੱਕ ਪਿਕਚਰ ਲੰਡਨ ‘ਚ ਖੁੱਲ੍ਹਣੀ ਸੀ। ਉਸ ਬਹਾਨੇ ਉਹ ਲੰਡਨ ਚਲਿਆ ਗਿਆ। ਉੱਥੇ ਰਾਜੂ ਨਾਲ਼ ਮਿਲਕੇ ਕਿਸੇ ਜਮੀਕੇ ਗੁੰਡੇ ਨਾਲ਼ ਗੱਲ ਬਾਤ ਹੋਈ। ਇਸ ਤੋਂ ਬਾਅਦ ਸੰਘੇੜਾ ਅਲੋਪ ਹੋ ਗਿਆ। ਸਾਨੂੰ ਖਬਰ ਮਿਲੀ ਕਿ ਸੰਘੇੜਾ ਮਰ ਗਿਆ ਸੀ। ਜਦ ਇਹ ਗੱਲ ਮੀਡੀਆ ‘ਚ ਆ ਗਈ, ਸਾਰਾ ਹਿੰਦੁਸਤਾਨ ਦੁਖੀ ਹੋਇਆ। ਮੈਂ ਹੁਣ ਲੋਕਾਂ ਦੀਆਂ ਅੱਖਾਂ ‘ਚ ਇੱਕ ਕਾਰੋਬਾਰੀ ਔਰਤ ਸੀ। ਮੈਂ ਸੁਰੱਈਆ ਕੋਲ਼ ਅਫਸੋਸ ਕਰਨ ਗਈ। ਇੱਕ ਬਾਰ ਉਸਨੇ ਮੇਰੀ ਮੱਦਦ ਕੀਤੀ ਸੀ। ਹੁਣ ਮੇਰੀ ਵਾਰੀ ਸੀ। ਸੰਘੇੜੇ ਦੀ ਅਰਥੀ ਕੱਢੀ ਤੇ ਉਠਾਲ਼ੇ ਵੀ ਹੋ ਗਏ ਸਨ। ਫਿਰ ਕੁੱਝ ਹਫਤਿਆਂ ਬਾਅਦ ਖਬਰ ਮਿਲੀ ਕਿ ਇੱਕ ਕਾਲ਼ੇ ਦੇ ਘਰੋਂ ਉਸਦੀ ਲਾਸ਼ ਮਿਲੀ ਸੀ। ਕਾਲ਼ਾ ਉਹੀ ਜਮੀਕਾ ਨਿੱਕਲ਼ਿਆ। ਅਸੀਂ ਸਮਝ ਗਏ ਕਿ ਇਹ ਕੰਮ ਦੇਵ ਨੇ ਕੀਤਾ ਸੀ। ਇੱਕ ਦਿਨ ਮੰਬਈ ‘ਚ ਤਿਆਗੀ ਨੂੰ ਕੋਈ ਅੰਗ੍ਰੇਜ਼ੀ ਪੰਜਾਬੀ ਮੁੰਡਾ ਮਿਲਣ ਆਇਆ। ਦੇਵ ਅਮਨ ਚਾਹੁੰਦਾ ਸੀ। ਜੁਆਬ ‘ਚ ਤਿਆਗੀ ਨੇ ਉਸਦਾ ਸਿਰ ਭੇਜ ਦਿੱਤਾ। ਹੁਣ ਤੋਂ ਬਾਅਦ ਦੇਸ਼ ਦੇ ਸਭ ਗੁੰਡਿਆਂ ਨੂੰ ਹੁਕਮ ਹੋਇਆ ਉਸਨੂੰ ਮਾਰਨ ਦਾ। ਇਸ ਬਾਰੇ ਗਾਹਾਂ ਦੱਸੂੰਗੀ।
ਸੰਘੇੜੀ ਦੀ ਧੀ ਦੀ ਸ਼ਾਦੀ ਦਾ ਵਕਤ ਆ ਗਿਆ ਸੀ। ਕਈ ਸਾਲ ਬੀਤ ਗਏ ਸਨ ਅਤੇ ਮੈਂ ਸੁਰੱਈਆ ਦੀ ਮੱਦਦ ਕੀਤੀ। ਇਸ ਮਹੌਲ ‘ਚ ਲੋਕ ਮੇਰੇ ਕੋਲ਼ ਵੀ ਆਉਂਦੇ ਸਨ ਵਧਾਈਆਂ ਦੇਣ। ਮੈਂ ਉਸੀ ਹੋਟੈੱਲ ਦੇ ਕਮਰੇ ‘ਚ ਹੁੰਦੀ ਸੀ ਜਿੱਥੇ ਪਹਿਲੀ ਵਾਰ ਤਿਆਗੀ ਮਿਲਿਆ ਸੀ। ਸਾਡਾ ਵਿਆਹ ਹਾਰਕੇ ਹੋ ਹੀ ਗਿਆ। ਮੈਨੂੰ ਔਖਾ ਲੱਗਿਆ ਸੀ ਆਦਮੀ ਤੇ ਭਰੋਸਾ ਕਰਨਾ, ਪਰ ਮੰਨ ਗਈ ਉਸ ਨਾਲ਼ ਸ਼ਾਦੀ ਕਰਨ ਲਈ। ਉਹ ਹੁਣ ਮੇਰਾ ਮਸ਼ੀਰ ਸੀ। ਮੇਰੇ ਨਾਲ਼ ਇਸ ਦਰਬਾਰ ‘ਚ ਬੈਠਦਾ ਸੀ। ਫੈਸਲੇ ਮੇਰੇ ਹੀ ਹੁੰਦੇ ਸਨ। ਖੈਰ ਜਦ ਖ਼ੁਸ਼ੀ ਦਾ ਸਾਹ ਹੁੰਦਾ ਸੀ ਮੈਤੋਂ ਲੋਕ ਇਨਾਇਤ ਮੰਗਦੇ ਸਨ। ਅੱਜ, ਸੁਰੱਈਆ ਦੀ ਧੀ ਦਾ ਸ਼ਗਨ ਸੀ। ਇਸ ਲਈ ਹੋਟੈੱਲ ਦੀ ਲੋਬੀ ‘ਚ ਕਈ ਲੋਕ ਬੈਠੇ ਸਨ। ਕੁੱਝ ਮੰਤਰੀ, ਕੁੱਝ ਪੁਲ਼ਸੀਏ, ਤੇ ਕੁੱਝ ਗੁੰਡੇ। ਪਰ ਇੰਨ੍ਹਾਂ ਨਾਲ਼ ਹੀ ਆਮ ਜਨਤਾ ਵੀ ਸੀ ਜਿੰਨ੍ਹਾਂ ਲਈ ਹੋਰ ਕੋਈ ਰਸਤਾ ਨਹੀਂ ਸੀ।
ਇਸ ਵੇਲ਼ੇ ਮੇਰੇ ਸਾਹਮਣੇ ਇੱਕ ਨਾਨਬਾਈ ਖੜ੍ਹਾ ਸੀ, ਉਹ ਬਿਹਾਰੀ ਸੀ। ਮੇਰੇ ਕੋਲ਼ ਤਿਆਗੀ ਵੀ ਬੈਠਾ ਸੀ। ਮੈਂ ਨਾਨਬਾਈ ਨੂੰ ਇਸ਼ਾਰਾ ਕੀਤਾ ਬੋਲ਼ਣ ਲਈ।
ਨਾਨਬਾਈ: ਜੀ, ਮਾਹਾਰਾਣੀ ਜੀ! ਮੈਂ ਆਮ ਤੁਹਾਡੇ ਕੋਲ਼ੇ ਆਉਣ ਵਾਲ਼ਾ ਨਹੀਂ ਸੀ (ਉਹ ਪੰਜਾਬ ਵਿੱਚ ਬਹੁਤ ਸਾਲ਼ਾਂ ਦਾ ਆਇਆ ਹੋਣ ਕਰਕੇ ਪੰਜਾਬੀ ਬੋਲ ਸਕਦਾ ਸੀ), ਪਰ ਹੋਰ ਰਾਹ ਨਹੀਂ ਦਿਸਦਾ! ਮੈਂ ਹੇਠਾਂ ਲੌਬੀ ਵਿੱਚ ਉਹੀ ਲੋਕ ਵੇਖੇ ਨੇ ਜਿੰਨ੍ਹਾਂ ਕੋਲ਼ ਮੱਥਾ ਰਗੜਿਆ, ਪਰ ਫਿਰ ਵੀ ਉਂਗਲੀ ਨਹੀਂ ਚੁੱਕੀ ਮੱਦਦ ਕਰਨ ਲਈ!
ਤਿਆਗੀ: ਗੱਲ ਕੀ ਹੈ?
ਨਾਨਬਾਈ: ਮੈਂ ਬਿਹਾਰ ਤੋਂ ਏਥੇ ਆਇਆ ਕੇਵਲ ਕਮਾਈ ਲਈ। ਫਿਰ ਵੀ ਨਿੱਤ ਗਾਲ਼ਾਂ ਖਾਧੀਆਂ ਕਿਉਂਕਿ ਮੈਂ ਭੱਈਆ ਹਾਂ! ਹਰੇਕ ਦੀ ਨਜ਼ਰ ‘ਚ ਉਸਦਾ ਕੰਮ ਚੋਰੀ ਕਰਨ ਆਇਆ ਹਾਂ! ਫਿਰ ਉਹੀ ਲੋਕ ਖੁਦ ਉਨ੍ਹਾਂ ਕੰਮਾਂ ਨੂੰ ਕਰਨ ਲਈ ਹੱਥ ਨਹੀਂ ਪਾਉਂਦੇ! ਖ਼ੈਰ ਆਵਦੇ ਹੱਥਾਂ ਨਾਲ਼ ਸਖਤ ਕੰਮ ਕਰਕੇ ਬੇਕਰੀ ਚਲਾਈ। ਮੈਂ ਮਿਹਨਤ ਨਾਲ਼ ਆਵਦੀਆਂ ਦੋਂ ਧੀਆਂ ਪੜ੍ਹਾਈਆਂ! ਹੁਣ ਜੁਆਨ ਹੋ ਗਈਆਂ ਹਨ। ਇੱਕ ਨੇ ਮੇਰੀ ਗੱਲ ਮੰਨੀ ਨਹੀਂ, ਪਰ ਜੱਟਾਂ ਦੇ ਮੁੰਡੇ ਨਾਲ਼ ਸਕੂਟਰਾਂ ਤੇ ਫਿਰਨ ਲੱਗ ਪਈ। ਮੈਂ ਉਸਨੂੰ ਕਿਹਾ ਕਿ ਜਾਤ ਕਰਕੇ ਪਰ੍ਹਾਂ ਰਹੇ। ਪਰ ਅਹ ਮੰਨੀ ਨਹੀਂ (ਇਸ ਵੇਲੇ ਨਾਨਬਾਈ ਦੇ ਹੱਥ ਕੰਬ ਰਹੇ ਸਨ, ਸੋ ਮੈਂ ਤਿਆਗੀ ਨੂੰ ਇਸ਼ਾਰਾ ਕੀਤਾ ਉਸਨੂੰ ਪਾਣੀ ਦੇਣ ਲਈ। ਜਦ ਨਾਨਬਾਈ ਨੇ ਪੀ ਲਿਆ, ਉਸਨੇ ਆਵਦੀ ਗੱਲ ਅੱਗੇ ਤੋਰੀ..ਫਿਰ ਇੱਕ ਦਿਨ ਉਸ ਮੁੰਡੇ ਨੇ ਜ਼ਬਰਦਸਤੀ ਕੀਤੀ ਮੇਰੀ ਧੀ ਨਾਲ਼! ਪਰ ਉਸਦੇ ਜੱਟ ਬਾਪੂ ਨੇ ਪੁਲ਼ਸ ਨੂੰ ਪੈਸੇ ਦੇ ਕੇ ਵਿਦਾ ਕਰ ਦਿੱਤਾ! ........ ਜਦ ਮੇਰੀ ਬੇਟੀ ਨੇ ਨਾ ਕੀਤਾ, ਉਸਨੇ ਮੇਰੀ ਲਾਡਲੀ ਨੂੰ ਮਾਰਿਆ! ਕੁੜੀ ਦਾ ਮੁਖੜਾ ਸੁੰਦਰ ਸੀ। ਗੋਰੀ ਚਿੱਟੀ ਸੀ! ਪਰ ਉਸਨੇ ਤਾਂ"( ਰੋਣ ਲੱਗ ਪਿਆ)।
ਮੈਂ: ਸਮਝ ਗਈ। ਪਰ ਮੈਤੋਂ ਕੀ ਚਾਹੁੰਦਾ ਏਂ?
ਨਾਨਬਾਈ: ਮਾਹਾਰਾਣੀ ਜੀ! ਬਦਲਾ! ਉਸਨੂੰ ਮਾਰੋ! ਉਸਨੂੰ ਮਾਰੋ!
ਮੈਂ: ਇਹ ਤਾਂ ਇਨਸਾਫ਼ ਨਹੀਂ ਹੈ। ਉਹ ਮੁੰਡਾ ਵੀ ਕਿਸੇ ਦਾ ਹੈ। ਉਸਨੇ ਮਾਰਿਆ। ਤੂੰ ਵੀ ਉਸ ਨੂੰ ਕੁੱਟ ਸਕਦਾ ਏਂ। ਹੋਰ ਕੀ ਲੋੜ ਹੈ? ਤੇਰੀ ਧੀ ਅਕਸਰ ਜਿਉਂਦੀ ਹੈ।
ਨਾਨਬਾਈ: ਨਹੀਂ ਜੀ! ਨਹੀਂ ਜੀ! ਉਸ ਦਾ ਹਾਲ ਐਸਾ ਹੈ ਕਿਸੇ ਨੇ ਕਦੀ ਉਸ ਨਾਲ਼ ਵਿਆਹ ਨਹੀਂ ਕਰਨਾ। ਮਾਹਾਰਾਣੀ ਜੀ ਉਸ ਨਾਲ ਓਸ ਮੁੰਡੇ ਨੇ ਜ਼ਬਰਦਸਤੀ ਕੀਤੀ…
ਮੈਂ: ਹੂੰ। ਸਮਝ ਗਈ। ਤੂੰ ਅੱਜ ਤੱਕ ਮੈਤੋਂ ਕੁੱਝ ਮੰਗਿਆ ਨਹੀਂ ਹੈ। ਇਹ ਤਾਂ ਅਦਾਲਤ ਦਾ ਹੱਕ ਹੈ। ਮੇਰਾ ਨਹੀਂ। ਮੈਂ ਸੁਣਿਆ ਜਦ ਵੀ ਮੇਰੇ ਆਦਮੀ ਬੇਕਰੀ ਤੋਂ ਪੈਸੇ ਲੈਣੇ ਚਾਹੁੰਦੇ ਨੇ, ਤੂੰ ਮਨ੍ਹਾਂ ਕੀਤਾ ਐ। ਕਦੀ ਮੇਰੀ ਯਾਰੀ ਵੀ ਨਹੀਂ ਮੰਗੀ ਹੁਣ ਤੱਕ। ਜਿਹੜਾ ਮੇਰੇ ਆਦਮੀਆਂ ਦੇ ਹੱਥ ਨਹੀਂ ਗਰਮ ਕਰਦਾ, ਉਸ ਨਾਲ਼ ਮੇਰਾ ਰਿਸ਼ਤਾ ਕੀ ਏ? (ਉਹ ਮੇਰੇ ਪੈਰੀਂ ਡਿੱਗ ਪਿਆ) ਹਾਂ ਹਾਂ, ਠੀਕ ਏ। ਪਰ ਮੈਂ ਕੋਈ ਡੈਣ ਨਹੀਂ ਹੈ ਜਿਸ ਨੇ ਕਿਸੇ ਦੇ ਮੁੰਡੇ ਨੂੰ ਉਈਂ ਮਾਰ ਦੇਣੈ।
ਨਾਨਬਾਈ: ਮੇਰੀ ਬੱਚੀ!
ਮੈਂ: ਉੱਠ, ਦੇਖ ਜੇ ਤੂੰ ਇੱਥੇ ਸੌਦਾ ਕਰਨ ਆਇਆ ਏਂ, ਤਾਂ ਮੇਰਾ ਜਵਾਬ ਨਾਂਹ ਹੈ। ਅੱਛਾ? ਜੇ ਤੂੰ ਮੈਨੂੰ ਭੈਣ ਸਮਝਦਾ ਏਂ, ਇੱਜ਼ਤ ਕਰਦਾ ਏਂ, ਮੇਰੇ ਆਦਮੀਆਂ ਦੀ ਅੱਜ ਤੋਂ ਬਾਅਦ ਇੱਜ਼ਤ ਕਰੇਂਗਾ ਤਾਂ ਗੱਲ ਹੋਰ ਹੈ। ਸਮਝਦੈਂ?
ਨਾਨਬਾਈ: ਹੂੰ!
ਮੈਂ, ਮੈਂ ਤੈਨੂੰ ਨਿੱਕਾ ਵੀਰ ਸਮਝ ਸਕਦੀ ਹਾਂ?
ਨਾਨਬਾਈ: ਜੀ।
ਮੈਂ, ਮੈਂ ਤੇਰੀ ਬੇਟੀ ਦੀ ਸ਼ਾਦੀ ਕਰਵਾ ਦਿਉਂਗੀ। ਇੱਕ ਦਿਨ ਮੈਂ ਵੀ ਇਸ ਅਹਿਸਾਨ ਦਾ ਬਦਲਾ ਮੰਗੂਗੀ…ਤੇ ਜੋ ਮਰਜ਼ੀ ਹੋਵੇ ਪੂਰਾ ਕਰਨਾ ਹੀ ਪੈਣਾ ਹੈ। ਅੱਛਾ? ਜਮਤੀਲ ਲੋਕਾਂ ਦੀ ਦੁਰਗਾ ਹਾਂ ਮੈਂ। ਜਬਰ ਜ਼ਨਾਹ ਨਹੀਂ ਸਹਾਰਦੀ। ਅਰਾਮ ਨਾਲ਼ ਘਰ ਜਾਈਂ। ਪਹਿਲਾਂ ਮੇਰੇ ਆਦਮੀਆਂ ਨੂੰ ਉਸ ਮੁੰਡੇ ਦਾ ਨਾਂ ਦੇ ਦੇਣਾ ਅੱਛਾ? ਗੁੱਡ?
ਨਾਨਬਾਈ: ਧੰਨਵਾਦ ਦੇਵੀ ਜੀ! ( ਇਹ ਕਹਿ ਕੇ ਤੁਰ ਪਿਆ)
ਤਿਆਗੀ: ਇਹਦੇ ਬਾਰੇ ਕੀ ਕਰਨੈ?
ਮੈਂ: ਭਾਵੇਂ ਮੁੰਡਾ ਪ੍ਰਧਾਨ ਮੰਤਰੀ ਦਾ ਲਾਡਲਾ ਹੋਵੇ, ਉਸਨੂੰ ਖਤਮ ਕਰਨਾ ਏ। ਬੱਸ, ਹੋਰ ਕੋਈ ਹੈ, ਮੈਂ ਹੁਣ ਸੁਰੱਈਆ ਦੀ ਧੀ ਦੇ ਸ਼ਗਨ ਤੇ ਜਾਣੈ।
ਤਿਆਗੀ: ਬੱਸ, ਰਵੀ ਨੇ ਗੱਲ ਕਰਨੀ ਏ।
ਮੈਂ: ਉਸਨੂੰ ਅੰਦਰ ਬੁਲਾ, ਫਿਰ ਜਾਈਏ!
ਰਵੀ: ਮਾਹਾਰਾਣੀ ਜੀ।
ਮੈਂ: ਹਾਂ ਬੋਲ?
ਰਵੀ: ਸਾਨੂੰ ਅੱਜ ਦੱਸਿਆ ਗਿਆ ਕਿ ਦੇਵ ਕਾਫੀ ਦੇਰ ਦਾ ਵਾਪਸ ਆਇਆ ਹੋਇਆ ਹੈ। ਉਸਨੇ ਵਿਆਹ ਵੀ ਕਰ ਲਿਆ।
ਤਿਆਗੀ: ਨਿਆਣੇ ਵੀ ਨੇ?
ਰਵੀ: ਹਾਂ। ਸਾਨੂੰ ਪਤਾ ਹੈ ਕਿੱਥੇ ਰਹਿੰਦੈ।
ਮੈਂ: ਠੀਕ…ਉਸਦੀ ਹੱਤਿਆ ਛੇਤੀ ਕਰਨੀ ਐ। ਦੋ ਬੰਦੇ ਲੈ ਕੇ ਉਸਦੇ ਘਰ ਹੀ ਜਾਉ।
ਰਵੀ: ਜੀ।
ਸੋ ਹੁਣ ਤੁਹਾਨੂੰ ਪਤਾ ਹੈ ਕਿ ਮੈਂ ਦੇਵ ਤੋਂ ਆਵਦਾ ਵੀ ਬਦਲਾ ਲੈ ਲਿਆ ਅਤੇ ਸੰਘੇੜੇ ਲਈ ਵੀ। ਸੱਚ ਇਹ ਹੈ ਕਿ ਮੈਂ ਇਹ ਕੰਮ ਸੰਘੇੜੇ ਲਈ ਨਹੀਂ ਕੀਤਾ। ਉਸ ਬਾਲਕ ਲਈ ਕੀਤਾ, ਜਿਸ ਨੂੰ ਉਸਦੀ ਮਾਂ ਤੋਂ ਪਰ੍ਹਾਂ ਅਗਵਾਕਾਰ ਲੈ ਗਏ ਸੀ। ਦੇਵ ਦੀ ਮੌਤ ਤੋਂ ਬਾਅਦ ਅਤੇ ਸੁਰੱਈਆ ਦੀ ਧੀ ਦੇ ਵਿਆਹ ਤੋਂ ਬਾਅਦ ਮੇਰਾ ਮਨ ਹਲਕਾ ਹੋ ਗਿਆ ਸੀ। ਹੁਣ ਇਸ ਜ਼ਿੰਦਗੀ ‘ਚ ਰਹਿਣ ਦਾ ਚਿੱਤ ਨਹੀਂ ਕਰਦਾ ਸੀ। ਕਹਿੰਦੇ ਨੇ ਕਿ ਜਦ ਇਕ ਬਾਰ ਗੁੰਡੇਪੁਣ ‘ਚ ਵੜ ਜਾਈਏ ਨਿੱਕਲ਼ ਨਹੀਂ ਸਕਦੇ। ਕੁੱਝ ਲੋਕ ਚਾਹੁੰਦੇ ਨੇ ਇਹ ਪਾਪ ਦਾ ਜੀਵਨ, ਕੁੱਝ ਲੋਕ ਮਜਬੂਰੀ ‘ਚ ਇਸ ਰਾਹ ਤੁਰ ਪੈਂਦੇ ਨੇ। ਗੁੱਸਾ ਸੀ ਜੱਗ ਨਾਲ਼ ਜਿਸ ਨੇ ਮੈਨੂੰ ਆਵਦੇ ਘਰੋਂ ਚੱਕਿਆ। ਉਸ ਲਈ ਸਾਰੀ ਦੁਨੀਆ ਨੂੰ ਸਾੜਣਾ ਚਾਹੁੰਦੀ ਸੀ। ਪਰ ਇਹ ਸਭ ਕਰਕੇ ਮੈਂ ਤਾਂ ਉਹ ਨਹੀਂ ਹਾਂ ਜਿਸ ਕਰਕੇ ਮੈਂ ਪਹਿਲਾਂ ਚੁੱਕੀ ਗਈ ਸੀ? ਮੇਰੇ ਤੇ ਦੇਵ ‘ਚ ਕੀ ਫਰਕ ਹੈ? ਸੰਘੇੜੇ ਤੇ ਦਾਦੇ ‘ਚ ਕੀ ਫਰਕ ਸੀਗਾ? ਤਿਆਗੀ ਤਾਂ ਕੋਈ ਰਸੂਲ ਨਹੀਂ ਸੀ। ਸਗੋਂ ਅਸੀਂ ਤਾਂ ਜਮਦੂਤ ਹਾਂ, ਹਊਆ ਦੇ ਮੁਖਤਾਰ। ਦੇਵ ਦੀ ਮੌਤ ਬਾਅਦ ਮੈਂ ਸੋਚ ਸੋਚ ਕੇ ਕੁਰਸੀ ਹੋਰ ਕਿਸੇ ਨੂੰ ਦੇ ਦਿੱਤੀ।
ਹੁਣ ਇੱਕ ਦਿਨ ਮੇਰੇ ਤੇ ਤਿਆਗੀ ਤੋਂ ਵੀ ਜਰੂਰ ਕੋਈ ਆਵੇਗਾ ਬਦਲਾ ਲੈਣ। ਪਾਪ ਦਾ ਚੱਕਰ ਕਦੀ ਨਹੀਂ ਰੁਕਦਾ। ਸਾਡਾ ਦੇਸ਼ ਤਾਂ ਇਸ ਚੱਕਰ ‘ਚ ਖ਼ੁਸ਼ੀ ਨਾਲ਼ ਨ੍ਹੱਸਿਆ ਫਿਰਦੈ, ਜਿੰਝ ਚੂਹਾ ਚਕਰੀ ‘ਚ ਦੌੜ੍ਹਦੈ, ਜਿਸ ਲਈ ਕੋਈ ਅੰਤ ਨਹੀਂ ਕੋਈ ਸ਼ੁਰੂਆਤ ਨਹੀਂ। ਜਿੰਦਗੀ ਦਾ ਖੇਲ੍ਹ, ਗਰਦਸ਼, ਕਾਲ ਚੱਕਰ ਦਾ ਖਿਢੌਣਾ। ਹੋਰ ਅਸੀਂ ਹੈ ਹੀ ਕੀ ਹਾਂ? ਮੌਤ ਨਾਲ਼ ਸੰਨਾਟਾ ਛਾ ਜਾਣੈ। ਹੋਰ ਕੁੱਝ ਨਹੀਂ ਹੈ। ਹੋਰ ਸਭ ਕੁੱਝ ਦਰੋਗ ਹੈ। ਜਿੰਦਗੀ ‘ਚ ਤਾਂ ਗੁੰਡਾ ਹੀ ਜਿੱਤਦੈ। ਚੰਗੇ ਤਾਂ ਕੇਵਲ ਅਫ਼ਸਾਨਿਆਂ ‘ਚ ਹੀ ਜਿੱਤਦੇ ਨੇ।
ਇੱਕ ਦਿਨ ਮੈਨੂੰ ਵੀ ਜਿੰਝ ਦੇਵ ਨੂੰ ਮਾਰਿਆ ਸੀ, ਕੋਈ ਮਾਰਨ ਆਵੇਗਾ। ਹੋ ਸਕਦੈ ਉਸ ਦਿਨ ਤੋਂ ਪਹਿਲਾ ਅਜਲ ਕਤਲ ਨੂੰ ਚਕਮਾ ਦੇਦੂੰਗੀ? ਹੋ ਸਕਦੈ…

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346