Welcome to Seerat.ca
Welcome to Seerat.ca

ਗਦਰੀ ਬਾਬਿਓ, ਪਰਤ ਕੇ ਵੇਖਿਓ ਜੇ

 

- ਪਸ਼ੌਰਾ ਸਿੰਘ ਢਿਲੋਂ

ਨਾਵਲ ਅੰਸ਼ / ਇੰਗਲਿਸਤਾਨੀ

 

- ਹਰਜੀਤ ਅਟਵਾਲ

ਗੁੰਡਾ

 

- ਰੂਪ ਢਿਲੋਂ

ਭਾਨ ਲੈਣਾ ਦੀਵਾਨ ਵਿਚੋਂ

 

- ਸੰਤੋਖ ਸਿੰਘ

ਸਾਡੇ ਲਈ ਪ੍ਰੇਰਨਾਸ੍ਰੋਤ ਜੁਝਾਰੂ ਇਨਸਾਨ: ਮਾਰਟਿਨ ਲੂਥਰ ਕਿੰਗ

 

- ਮਲਿਕਾ ਮੰਡ

ਮਾਣਕ ਬਨਾਮ ਚਮਕੀਲਾ:‘ਜੀਜਾ ਲੱਕ ਮਿਣ ਲੈ...’

 

- ਐੱਸ ਅਸ਼ੋਕ ਭੌਰਾ

ਸਾਹਿਤਕ ਸਵੈਜੀਵਨੀ / ਆਤਮ-ਮੰਥਨ ਤੇ ‘ਰਾਜਨੀਤਕ ਚੇਤਨਾ’ ਦੀ ਕਹਾਣੀ

 

- ਵਰਿਆਮ ਸਿੰਘ ਸੰਧੂ

ਮੌਤ ਨਾਲ ਗੱਲਾਂ

 

- ਜਰਨੈਲ ਸਿੰਘ ਗਰਚਾ

ਸਭਿਆਚਾਰ ਤੇ ਸਭਿਆਚਾਰਕ ਸਾਮਰਾਜ

 

- ਡਾ. ਨਰਿੰਦਰਪਾਲ ਸਿੰਘ

‘ਹਸੰਦਿਆਂ ਖੇਲੰਦਿਆਂ’ ਨੂੰ ਪੜ੍ਹਕੇ ਚੇਤਾ ਆਇਆ

 

- ਹਰਭਜਨ ਕੌਰ ਗਿੱਲ

‘ਹੱਲੇ ਹੈ ਸੁਰਮਾ ਗੁਆਚ ਗਈ ਸੁਰਮੇਦਾਨੀ‘

 

- ਲਾਡੀ ਸੁਖਜਿੰਦਰ ਕੌਰ ਭੁੱਲਰ

ਘਰ ਦੇ ਜੀਆਂ ਵਰਗੇ ਇੱਕ ਯਾਦ

 

- ਹਰਭਜਨ ਕੌਰ ਗਿੱਲ

ਲਿਖੀ-ਜਾ-ਰਹੀ ਸਵੈ-ਜੀਵਨੀ 'ਬਰਫ਼ ਵਿੱਚ ਉਗਦਿਆਂ' 'ਚੋਂ / ਚੰਗਾ ਬਈ, ਪੰਜਾਬ!

 

- ਇਕਬਾਲ ਰਾਮੂਵਾਲੀਆ

ਹੁੰਗਾਰੇ

 

Online Punjabi Magazine Seerat

ਸਾਡੇ ਲਈ ਪ੍ਰੇਰਨਾਸ੍ਰੋਤ ਜੁਝਾਰੂ ਇਨਸਾਨ: ਮਾਰਟਿਨ ਲੂਥਰ ਕਿੰਗ
- ਮਲਿਕਾ ਮੰਡ

 

ਕਿਸੇ ਵਿਦਵਾਨ ਨੇ ਬਿਲਕੁਲ ਸਹੀ ਕਿਹੈ ਬਈ ਇਨਸਾਨੀ ਇਤਿਹਾਸ ਸਦਾ ਜੇਤੂ ਲੋਕਾਂ ਦਾ ਇਤਿਹਾਸ ਰਿਹੈ। ਹਾਰ ਗਏ ਮੁਲਕਾਂ, ਕੌਮਾਂ ਦੀਆਂ ਅਵਾਜ਼ਾਂ ਤੇ ਹੋਂਦ ਸਦਾ ਹੀ ਸੰਸਾਰ ਇਤਿਹਾਸ ਦੇ ਪੰਨਿਆਂ ਵਿੱਚ ਦਬਾ ਦਿੱਤੀਆਂ ਗਈਆਂ। ਉਹਨਾ ਦੀਆਂ ਭਾਸ਼ਾਵਾਂ, ਕਦਰਾਂ ਕੀਮਤਾਂ, ਰਸਮਾ ਰਿਵਾਜ ਤੇ ਸੱਭਿਆਚਾਰ ਹਾਸ਼ੀਏ ਤੇ ਧਕੇਲ ਦਿੱਤੇ ਗਏ। ਪਰ ਕਈ ਵਾਰ ਇਤਿਹਾਸ ਵਿੱਚ ਐਸੇ ਮੋੜ ਵੀ ਆਉਂਦੇ ਨੇ ਜਦੋਂ ਸਦੀਆਂ ਤੋਂ ਲੁੱਟੇ ਤੇ ਕੁੱਟੇ ਜਾ ਰਹੇ ਹਾਸ਼ੀਆਗ੍ਰਸਤ ਲੋਕ ਅੱਗੋਂ ਸਿੱਧੇ ਹੋ ਜਾਂਦੇ ਨੇ ਤੇ ਜ਼ੁਲਮ ਦੀਆਂ ਤਾਕਤਾਂ ਖਿਲਾਫ ਜੰਗ ਛੇੜ ਦਿੰਦੇ ਨੇ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਦੀ ਮਨੋਂ ਜਾਗੇ ਹੋਏ ਲੋਕਾਂ ਨੇ ਕੱਠੇ ਹੋ ਕੇ ਐਸਾ ਹੰਭਲਾ ਮਾਰਿਆ ਤਾਂ ਉਹ ਇਸ ਵਿੱਚੋਂ ਸਦਾ ਜੇਤੂ ਹੋ ਕੇ ਹੀ ਨਿੱਕਲੇ ਹਨ।
ਸ਼ੋਸ਼ਣ ਕਰਨ ਵਾਲੀਆਂ ਤੇ ਸ਼ੋਸ਼ਿਤ ਧਿਰਾਂ ਵਿੱਚ ਇਹ ਸੰਗਰਾਮ ਤਾਂ ਹਰ ਯੁੱਗ ਵਿੱਚ ਨਿਰੰਤਰ ਜਾਰੀ ਐ। ਪਰੰਤੂ ਆਪਣੇ ਵਰਤਮਾਨ ਤੇ ਭਵਿੱਖ ਲਈ ਸੇਧ ਲੈਣ ਵਾਸਤੇ ਸਮੇਂ-ਸਮੇਂ ਤੇ ਇਤਿਹਾਸ ਤੇ ਪਿੱਛਲਝਾਤ ਮਾਰਦੇ ਰਹਿਣਾ ਵੀ ਬੇਹੱਦ ਜ਼ਰੂਰੀ ਐ ਤਾਂ ਕਿ ਅਸੀਂ ਆਪਣੇ ਸਮੇਂ ਵਿਚ ਜੂਝ ਰਹੀਆਂ ਚੰਗਿਆਈ ਤੇ ਬੁਰਿਆਈ ਦੀਆਂ ਤਾਕਤਾਂ ਵਿਚਕਾਰ ਨਿਖੇੜਾ ਕਰ ਸਕੀਏ, ਇਹ ਜਾਣ ਸਕੀਏ ਕਿ ਕਿਹੜੀ ਧਿਰ ਨਿਆਂ ਤੇ ਸੱਚ ਦੀ ਧਿਰ ਹੈ ਤੇ ਇਹ ਫੈਸਲਾ ਕਰ ਸਕੀਏ ਕਿ ਆਪਣੇ ਯੁੱਗ ਦੀ ਮਹਾਂਭਾਰਤ ਵਿੱਚ ਅਸੀਂ ਕਿਹੜੇ ਪਾਸੇ ਖਲੋਣਾ ਹੈ?
ਪਰ ਇਸ ਲਈ ਸਮੇਂ ਸਮੇਂ ਹੋਏ ਉਹਨਾ ਲੋਕਾਂ ਬਾਰੇ ਜਾਨਣਾ ਬੇਹੱਦ ਜ਼ਰੂਰੀ ਹੁੰਦੈ, ਜਿਨਾਂ ਨੇ ਤਨੋ ਮਨੋ ਜ਼ਲਾਲਤ ਦੇ ਝੰਬੇ ਲੋਕਾਂ ਦੀ ਸੁੱਤੀ ਹੋਈ ਗੈਰਤ ਨੂੰ ਜਗਾ ਕੇ, ਉਹਨਾਂ ਨੂੰ ਉਹਨਾਂ ਦੇ ਹੱਕਾਂ ਲਈ ਜਾਗਰੂਕ ਕਰਕੇ, ਸਿਰ ਉੱਚਾ ਚੁੱਕ ਕੇ ਸਵੈਮਾਣ ਨਾਲ ਜਿਊਣ ਦੇ ਹੱਕ ਲਈ ਉਹਨਾ ਦੀ ਅਗਵਾਈ ਕੀਤੀ। ਮਾਰਟਿਨ ਲੂਥਰ ਕਿੰਗ ਇਕ ਐਸਾ ਹੀ ਲੋਕ ਹਿਤਾਂ ਨੂੰ ਪ੍ਰਣਾਇਆ ਆਗੂ ਹੋਇਆ, ਜਿਸ ਦਾ ਨਾ ਸਿਰਫ ਅਮਰੀਕਾ ਦੇ ਕਾਲੇ ਲੋਕਾਂ ਲਈ ਹੀ ਨਹੀਂ ਬਲਕਿ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਸਮਾਜਿਕ ਨਾ ਬਰਾਬਰੀ, ਜਾਤੀਵਾਦ, ਨਸਲਵਾਦ ਤੇ ਅਨਿਆਂ ਖਿਲਾਫ ਜੂਝ ਰਹੇ ਲੋਕਾਂ ਲਈ ਚਾਨਣ ਮੁਨਾਰਾ ਹੈ।
ਵੀਹਵੀਂ ਸਦੀ ਦੇ ਅੱਧ ਵਿੱਚ ਅਮਰੀਕਾ ਵਿਚਲੇ ਕਾਲੇ ਲੋਕਾਂ ਦੁਆਰਾ ਨਸਲਵਾਦ ਦੇ ਖਿਲਾਫ਼ ਤੇ ਸਮਾਜਿਕ ਬਰਾਬਰੀ ਦੇ ਹੱਕਾਂ ਲਈ ਲੜੀ ਗਈ ਇਨਸਾਨੀ ਹੱਕਾਂ ਦੀ ਲੜਾਈ (ਸਿਵਿਲ ਰਾਈਟਸ ਮੂਵਮੈਂਟ) ਦੇ ਇਸ ਮੋਢੀ ਆਗੂ ਬਾਰੇ ਗੱਲ ਕਰਨ ਤੋਂ ਪਹਿਲਾਂ ਅਮਰੀਕਾ ਦੇ ਕਾਲੇ ਲੋਕਾਂ ਦੇ ਇਤਿਹਾਸ ਤੇ ਹੋਣੀ ਬਾਰੇ ਦੋ ਗੱਲਾਂ ਕਰਨੀਆਂ ਜ਼ਰੂਰੀ ਹਨ।
ਅਫਰੀਕਾ ਮਹਾਂਦੀਪ ਦੀ ਧਰਤੀ ਨੂੰ ਕੁਦਰਤ ਨੇ ਜਿਨਾਂ ਆਪਣੇ ਸੁਹੱਪਣ ਤੇ ਨਿਆਮਤਾਂ ਨਾਲ ਮਾਲੋ-ਮਾਲ ਕੀਤਾ ਉਨਾਂ ਹੀ ਵਧੇਰੇ ਬੁਰੀ ਤਰਾਂ ਇਹ ਪੱਛਮੀ ਸਰਮਾਏਦਾਰਾਂ ਤਾਕਤਾਂ ਦੀ ਲੁੱਟ-ਖਸੁੱਟ ਦਾ ਸ਼ਿਕਾਰ ਬਣੀ। ਸਾਡੇ ਮੁਲਕ ਵਾਗੂੰ ਹੀ ਪੱਛਮੀ ਮੁਲਕਾਂ ਜਿਨਾਂ ਵਿੱਚ ਇੰਗਲੈਂਡ, ਫਰਾਂਸ, ਜਰਮਨੀ, ਤੇ ਸਪੇਨ ਪ੍ਰਮੁੱਖ ਸਨ ਨੇ ਪਹਿਲਾਂ ਵਪਾਰ ਕਰਨ ਤੇ ਫਿਰ ਉਹਦੀ ਆੜ ਹੇਠਾਂ ਕਬਜਾ ਕਰਨ ਦੀ ਨੀਤੀ ਤਹਿਤ ਅਫਰੀਕੀ ਮੁਲਕਾਂ ਨੂੰ ਆਪਣੀਆਂ ਬਸਤੀਆਂ ਬਣਾ ਲਿਆ। ਆਪਣੀ ਭੂਗੋਲਿਕ ਸਥਿਤੀ ਕਰਕੇ ਦੁਨੀਆਂ ਤੋਂ ਅਲੱਗ ਥਲੱਗ ਹੋਣ, ਤੇ ਅਜੇ ਜੰਗਲਾਂ ਵਿੱਚ ਕਬੀਲੇ ਸਮਾਜ ਪੱਧਰ ਤੇ ਵਿਚਰ ਰਹੇ ਅਫਰੀਕੀ ਲੋਕਾਂ ਦੇ ਤੀਰਾਂ ਭਾਲਿਆਂ ਨੇ ਇਹਨਾਂ ਬਸਤੀਵਾਦੀ ਤਾਕਤਾਂ ਦੀਆਂ ਬੰਦੂਕਾਂ ਤੇ ਤੋਪਾਂ ਦਾ ਮੁਕਾਬਲਾ ਕਿੱਥੋਂ ਕਰਨਾ ਸੀ। ਤੇ ਫਿਰ ਸ਼ੁਰੂ ਹੋਇਆ ਇਹਨਾ ਹਾਰੀਆਂ ਹੋਈਆਂ ਕੌਮਾਂ ਦੇ ਦੂਹਰੇ ਦਮਨ ਦਾ ਚੱਕਰ। ਇੱਕ ਪਾਸੇ ਤਾਂ ਅਫਰੀਕੀ ਲੋਕਾਂ ਦੇ ਕੁਦਰਤੀ ਵਸੀਲਿਆਂ ਦੀ ਅੰਨ੍ਹੀ ਲੁੱਟ ਕੀਤੀ ਗਈ ਤੇ ਦੂਜੇ ਪਾਸੇ ਕਾਲੇ ਲੋਕਾਂ ਨੂੰ ਗੁਲਾਮ ਬਣਾ ਕੇ ਪੱਛਮੀ ਮੁਲਕਾਂ ਵਿੱਚ ਵੇਚਿਆ ਗਿਆ। ਉਸ ਸਮੇਂ ਅਫਰੀਕੀ ਲੋਕਾਂ ਉੱਤੇ ਹੋਏ ਅਕਹਿ ਜ਼ੁਲਮ ਦੀਆਂ ਕਹਾਣੀਆਂ ਸਾਨੂੰ ਅੱਜ ਇਨਸਾਨੀ ਸੱਭਿਆਚਾਰ ਦੇ ਠੇਕੇਦਾਰ ਬਣ ਬੈਠੇ ਇਹਨਾ ਪੱਛਮੀ ਮੁਲਕਾਂ ਦੇ ਅਸਲ ਘਿਨੌਣੇ ਕਿਰਦਾਰਾਂ ਬਾਰੇ ਸੋਚਣ ਤੇ ਮਜਬੂਰ ਕਰਦੀਆਂ ਹਨ। ਕਾਲੇ ਲੋਕਾਂ ਦੁਆਰਾ ਹੰਢਾਏ ਉਸ ਦਰਦ ਨੂੰ ਬਹੁਤ ਸਾਰੇ ਲੇਖਕਾਂ ਨੇ ਆਪਣੀਆਂ ਲਿਖਤਾਂ ਰਾਹੀਂ ਬੋਲ ਦੇਣ ਦਾ ਯਤਨ ਕੀਤੈ, ਜਿਨਾਂ ਵਿੱਚੋਂ Joseph Conrad ਦਾ Heart of Darkness, Maya Anglua ਦੀ ‘I Know Why The Caged Bird Sings’ The Slave’s Dream, Apoclypse, Countee Cullen ਦੀ Incident, I Too Sing America  ਸ਼ਾਮਿਲ ਹਨ।
ਇਹ ਸੋਚ ਕੇ ਵੀ ਮਨ ਕੰਬ ਜਾਂਦੈ ਕਿ ਕਿਵੇਂ ਅਫਰੀਕੀ ਲੋਕਾਂ ਦੇ 10 ਸਾਲਾਂ ਤੋਂ ਵੱਡੇ ਮਰਦਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਪਰਿਵਾਰਾਂ ਤੇ ਧਰਤੀ ਤੋਂ ਜਬਰੀ ਵਿਛੋੜ ਕੇ, ਜਾਨਵਰਾਂ ਵਾਗੂੰ ਲੋਹੇ ਦੇ ਵੱਡ ਅਕਾਰੀ ਪਿੰਜਰਿਆਂ ਵਿਚ ਠੂਸ ਕੇ ਸਮੁੰਦਰੀ ਜ਼ਹਾਜਾਂ ਤੇ ਲੱਦ ਕੇ ਬਿਗਾਨੀਆਂ ਧਰਤੀਆਂ ਤੇ ਗੁਲਾਮਾਂ ਵਾਂਗ ਵਿਕਣ ਲਈ ਤੋਰ ਦਿੱਤਾ ਜਾਂਦਾ ਸੀ। ਇਹਨਾਂ ਵਿਚੋਂ ਬਹੁਤੇ ਤਾਂ ਰਾਹ ਵਿਚ ਹੀ ਮਰ ਜਾਂਦੇ ਸਨ ਤੇ ਜੋ ਬਚ ਜਾਂਦੇ ਉਹ ਸਾਰੀ ਉਮਰ ਮੌਤ ਤੋਂ ਵੀ ਭੈੜੀ ਜਿੰਦਗੀ ਹੰਢਾਉਂਦੇ ਸਨ। ਉਹਨਾਂ ਤੋਂ ਹੱਡ ਭੰਨਵੀਂ ਸਰੀਰਕ ਮਿਹਨਤ ਵਾਲੇ ਕੰਮ ਕਰਾਏ ਜਾਂਦੇ ਸਨ। ਜਿਨਾਂ ਵਿੱਚ ਖੇਤ ਮਜਦੂਰੀ, ਜੰਗਲ ਸਾਫ਼ ਕਰਨ ਤੋਂ ਲੈ ਕੇ ਲੋਹੇ, ਕੋਲੇ ਤੇ ਸੋਨੇ ਆਦਿ ਦੀਆਂ ਖਾਨਾਂ ਪੁੱਟਣ ਵਾਲੇ ਕੰਮ ਸ਼ਾਮਲ ਸਨ। ਗੁਲਾਮਾਂ ਨੂੰ ਖਾਣ ਲਈ ਏਨਾ ਕੁ ਹੀ ਦਿੱਤਾ ਜਾਂਦਾ ਸੀ ਜੀਹਦੇ ਨਾਲ ਬਸ ਉਹ ਜਿਉਂਦੇ ਹੀ ਰਹਿ ਸਕਣ।
ਗੁਲਾਮਾ ਨੂੰ ਪੈਰਾਂ ਵਿਚ ਬੇੜੀਆਂ ਪਾ ਕੇ ਇੱਕ ਜੰਜੀਰ ਨਾਲ ਇੱਕ ਦੂਜੇ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ ਤੇ ਹੱਥਾਂ ਦੀਆਂ ਜੰਜੀਰਾਂ/ਬੇੜੀਆਂ ਸਿਰਫ ਕੰਮ ਕਰਨ ਲੱਗਿਆਂ ਲਾਹੀਆਂ ਜਾਂਦੀਆਂ ਸਨ। ਨਿੱਕੀ ਨਿੱਕੀ ਗੱਲ ਤੇ ਭਿਆਨਕ ਤਸੀਹੇ ਦਿੱਤੇ ਜਾਂਦੇ ਅਤੇ ਮਾਰਿਆ ਕੁੱਟਿਆ ਜਾਂਦਾ ਸੀ। ਔਰਤਾਂ ਨਾਲ ਤਾਂ ਇਸ ਤੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਸੀ। ਆਪਣੇ ਘਰਾਂ-ਪਰਿਵਾਰਾਂ ਤੇ ਮੁਲਕ ਤੋਂ ਦੂਰ ਗੁਲਾਮੀ ਦੀ ਸੰਤਾਪੀ ਜੂਨ ਹੰਢਾਉਂਦੇ ਇਹਨਾ ਲੋਕਾਂ ਦਾ ਆਤਮ-ਸਨਮਾਨ, ਮਾਣ-ਮਰਿਆਦਾ ਕਿਵੇਂ ਕੋਹੀ ਗਈ ਹੋਵੇਗੀ, ਇਸ ਗੱਲ ਦਾ ਅੰਦਾਜ਼ਾ ਅਸੀਂ ਸਹਿਜੇ ਹੀ ਲਗਾ ਸਕਦੇ ਹਾਂ।
ਅੰਗ੍ਰੇਜ਼ਾਂ ਨੇ ਅਮਰੀਕਾ ਦੇ ਮੂਲ ਨਿਵਾਸੀ ਰੈੱਡ ਇੰਡੀਅਨਾਂ ਦਾ ਸਫਾਇਆ ਕਰਕੇ ਉੱਥੇ ਆਪਣੇ ਮੁਲਕ ਦੇ ਸਜ਼ਾ- ਯਾਫਤਾ ਕੈਦੀਆਂ ਨੂੰ ਵਸਾਇਆ ਤੇ ਨਾਲ ਹੀ ਕਾਫ਼ੀ ਮਾਤਰਾ ਵਿੱਚ ਕਾਲੇ ਲੋਕ ਵੀ ਮੁਲਕ ਆਬਾਦ ਕਰਨ ਲਈ ਗੁਲਾਮਾਂ ਦੇ ਰੂਪ ਵਿੱਚ ਅਮਰੀਕਾ ਵਿਚ ਲਿਆਂਦੇ ਗਏ। 1775 ਵਿਚ ਅਮਰੀਕਾ ਦੇ ਲੋਕਾਂ ਨੇ ਇੰਗਲੈਂਡ ਦੇ ਬਸਤੀਵਾਦੀ ਸ਼ਾਸਨ ਖਿਲਾਫ ਅਜ਼ਾਦੀ ਲਈ ਜਾਰਜ ਵਾਸ਼ਿੰਗਟਨ ਦੀ ਅਗਵਾਈ ਵਿਚ ਜੰਗ ਛੇੜ ਦਿੱਤੀ। ਜਾਰਜ ਵਾਸ਼ਿੰਗਟਨ ਜੋ ਇਕ ਸਿਆਣਾ ਤੇਅਗਾਂਹਵਧੂ ਜਰਨੈਲ ਸੀ, ਉਹਨੇ ਇਹ ਐਲਾਨ ਕਰ ਦਿੱਤਾ ਕਿ ਜਿਹੜੇ ਕਾਲੇ ਅਫਰੀਕਨ ਲੋਕ ਬਸਤੀਵਾਦੀ ਸ਼ਾਸਨ ਦੇ ਖਿਲਾਫ ਅਮਰੀਕੀ ਲੋਕਾਂ ਦਾ ਸਾਥ ਦੇਣਗੇ ਉਹਨਾਂ ਨੂੰ ਗੁਲਾਮੀ ਤੋਂ ਮੁਕਤੀ ਦੇ ਦਿੱਤੀ ਜਾਏਗੀ। ਅੰਗ੍ਰੇਜ਼ੀ ਸ਼ਾਸਨ ਖਿਲਾਫ 6 ਸਾਲ ਤੱਕ ਚੱਲੀ ਇਹ ਲੜਾਈ ਜਿਸਨੂੰ ‘ਸਿਵਲ ਵਾਰ‘ ਵੀ ਕਹਿੰਦੇ ਹਨ, ਵਿੱਚ ਅਫਰੀਕੀ ਅਮਰੀਕੀ ਲੋਕ ਆਪਣੀ ਅਜ਼ਾਦੀ ਲਈ ਗੋਰੇ ਅਮਰੀਕੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੇ, ਜਿਸ ਵਿਚ ਅਮਰੀਕੀਆਂ ਨੇ ਆਖਿਰ ਜਿੱਤ ਹਾਸਲ ਕੀਤੀ। ਤੇ ਇਸ ਤਰਾਂ ਅਮਰੀਕੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਵਾਲੇ ਕਾਲੇ ਲੋਕਾਂ ਨੂੰ ਗੁਲਾਮੀ ਦੀ ਬੰਧੂਆ ਮਜ਼ਦੂਰੀ ਤੋਂ ਤਾਂ ਭਾਵੇਂ ਖਲਾਸੀ ਮਿਲ ਗਈ ਪਰ ਸਮਾਜਿਕ ਬਰਾਬਰੀ ਦੇ ਅਧਿਕਾਰ ਨਾ ਮਿਲੇ। ਸਦੀਆਂ ਤੋਂ ਗੋਰੇ ਲੋਕਾਂ ਦੇ ਮਨਾਂ ਵਿੱਓ ਕਾਲੇ ਲੋਕਾਂ ਪ੍ਰਤੀ ਵਿਹਾਰ ਹਿਕਾਰਤ ਭਰਿਆ ਤੇ ਨਸਲੀ ਵਿਤਕਰੇ ਨਾਲ ਓਤ ਪੋਤ ਹੀ ਰਿਹਾ।
ਪਰ ਉਨੀਂਵੀਂ ਸਦੀ ਦੇ ਅੱਧ ਵਿੱਚ ਅਮਰੀਕਾ ਵਿੱਚ ਇੱਕ ਆਗੂ ਉਭਰਿਆ ਜੋ ਸਦੀਆਂ ਤੋਂ ਦੱਬੇ ਕੁੱਚਲੇ ਲੋਕਾਂ ਦੀ ਆਵਾਜ਼ ਬਣਿਆ ਤੇ ਇਸ ਬਰਾਬਰੀ ਦੇ ਨਿਆਂ ਲਈ ਕਾਲ਼ੇ ਲੋਕਾਂ ਦੇ ਸੰਘਰਸ਼ ਵਿਚ ਉਹਨਾਂ ਦੀ ਅੱਗੇ ਹੋ ਕੇ ਅਗਵਾਈ ਕੀਤੀ। ਤੇ ਇਹ ਆਗੂ ਸੀ 1929 ਨੂੰ ਐਟਲਾਂਟਾ, ਜਿਊਰਿਖ ਵਿੱਚ ਇਕ ਅਫਰੀਕੀ-ਅਮਰੀਕੀ ਪਰਿਵਾਰ ਵਿਚ ਪੈਦਾ ਹੋਇਆ ਮਾਰਟਿਨ ਲੂਥਰ ਕਿੰਗ। ਆਪਣੇ ਦਾਦੇ ਤੇ ਪਿਤਾ ਦੇ ਨਕਸ਼ੇ ਕਦਮ ਤੇ ਚੱਲਦਿਆਂ ਕਿੰਗ ਨੇ ਵੀ ਧਰਮ ਦੀ ਮੁੱਢਲੀ ਸਿੱਖਿਆ ਲਈ ਤੇ ਇੱਕ ਪਾਦਰੀ ਵੱਜੋਂ ਕੁਝ ਸਮੇਂ ਲਈ ਸੇਵਾ ਵੀ ਨਿਭਾਈ। ਪਰ ਪਾਦਰੀ ਦਾਦੇ ਤੇ ਪਿਤਾ ਦੇ ਪਾਦਰੀ ਪੁੱਤਰ ਕਿੰਗ ਨੇ ਇਨਸਾਨੀ ਸਮਾਜ ਦੀਆਂ ਸੱਮਸਿਆਵਾਂ ਦੀਆਂ ਜੜ੍ਹਾਂ ਹਰ ਪੱਧਰ ਤੇ ਫੈਲੀ ਅਗਿਆਨਤਾ, ਸਮਾਜਿਕ ਨਾ-ਬਰਾਬਰੀ ਤੇ ਇਹਦੇ ਚੋਂ ਉਪਜੀ ਨਸਲਵਾਦੀ ਹਿੰਸਾ ਵਿੱਚ ਲੱਭੀਆਂ। ਏਸੇ ਲਈ ਉਹਨੇ ਸਾਰੀ ਉਮਰ ਇਹਨਾ ਬਦੀ ਦੀਆਂ ਤਾਕਤਾਂ ਖਿਲਾਫ ਜੂਝਣ ਦਾ ਫੈਸਲਾ ਕੀਤਾ।
ਮਾਰਟਨ ਲੂਥਰ ਕਿੰਗ ਅਮਰੀਕਾ ਵਿਚ ਅਫਰੀਕੀ ਅਮਰੀਕੀ ਲੋਕਾਂ ਦੁਆਰਾ ਬਰਾਬਰ ਦੇ ਸਮਾਜਿਕ ਤੇ ਰਾਜਨੀਤਿਕ ਅਧਿਕਾਰਾਂ ਲਈ ਲੜੇ ਗਏ ਸੰਘਰਸ਼ ‘ਸਿਵਲ ਰਾਈਟਸ ਮੂਵਮੈਂਟ‘ ਦੇ ਮੋਢੀ ਆਗੂਆਂ ਵਿੱਚੋਂ ਇੱਕ ਸੀ। 1955 ਵਿੱਚ ਅਮਰੀਕਾ ਦੇ ਸੂਬੇ ਮੌਂਟਗੁਮਰੀ ਵਿੱਚ ਇੱਕ ਕਾਲ਼ੀ ਔਰਤ ‘ਰੋਸ਼ਾ ਪਾਰਕ‘ ਨੂੰ ਗੋਰੇ ਕੰਡਕਟਰ ਵੱਲੋਂ ਇੱਕ ਗੋਰੀ ਸੁਆਰੀ ਲਈ ਰਾਖਵੀਂ ਸੀਟ ਤੋਂ ਉੱਠਣ ਲਈ ਕਿਹਾ। ਰੋਜ਼ਾ ਦੇ ਉੱਠਣ ਤੋਂ ਇਨਕਾਰ ਕਰਨ ਤੋਂ ਬਾਦ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਘਟਨਾ ਨੇ ਕਾਲ਼ੇ ਲੋਕਾਂ ਦੇ ਮਨਾਂ ਵਿੱਚ ਕਈ ਚਿਰਾਂ ਤੋਂ ਧੁਖਦੀ ਚੰਗਿਆੜੀ ਨੂੰ ਲਾਂਬੂ ਵਿੱਚ ਬਦਲ ਦਿੱਤਾ। ਜਿਸਨੇ ਵੇਖਦੇ ਹੀ ਵੇਖਦੇ ਇੱਕ ਲਹਿਰ ਦਾ ਰੂਪ ਧਾਰਨ ਕਰ ਲਿਆ। ਕਿੰਗ ਨੇ ਕਾਲੇ ਲੋਕਾਂ ਦੀ ਅਮਰੀਕਾ ਵਿਚਲੀ ਸਭ ਤੋਂ ਵੱਡੀ ਹੜਤਾਲ ਜੋ ਲਗਭਗ 385 ਦਿਨਾਂ ਤੱਕ ਚੱਲੀ, ਦੀ ਅਗਵਾਈ ਕੀਤੀ। ਇਸ ਵਿਚ ਅਹਿੰਸਕ ਸ਼ਾਂਤਮਈ ਮੁਜਾਹਰੇ ਕੀਤੇ ਗਏ ਤੇ ਸਰਕਾਰੀ ਮਸ਼ੀਨਰੀ, ਬੱਸਾਂ, ਗੱਡੀਆਂ ਆਦਿ ਦਾ ਬਾਈਕਾਟ ਕੀਤਾ ਗਿਆ।
ਕਿੰਗ ਦੀ ਯੋਗ ਅਗਵਾਈ ਤੇ ਲੋਕਾਂ ਦੇ ਅਣਥੱਕ ਸੰਘਰਸ਼ ਸਦਕਾ ਅਮਰੀਕਾ ਦੀ ਸੁਪਰੀਮ ਕੋਰਟ ਨੇ 21 ਦਸੰਬਰ 1958 ਨੂੰ ਬੱਸਾਂ, ਗੱਡੀਆਂ, ਤੇ ਸਾਰੀਆਂ ਪਬਲਿਕ ਥਾਵਾਂ ਤੋਂ ਇਸ ਤਰਾਂ ਦੀਆਂ ਨਸਲਵਾਦੀ ਟਿੱਪਣੀਆਂ ਹਟਾਉਣ ਦਾ ਇਤਿਹਾਸਕ ਫੈਸਲਾ ਕੀਤਾ।
ਉਹ ਇਸ ਗੱਲ ਤੋਂ ਭਲੀ-ਭਾਂਤੀ ਜਾਣੂ ਸੀ ਕਿ ਕਿਸੇ ਉੱਚੇ ਨਿਸ਼ਾਨੇ ਦੀ ਪ੍ਰਾਪਤੀ ਲਈ ਅੱਡ-ਅੱਡ ਮੱਤਭੇਦ ਭੁਲਾ ਕੇ ਇੱਕ ਸਾਂਝਾ ਹੰਭਲਾ ਮਾਰਿਆਂ ਹੀ ਕੋਈ ਉਸਾਰੂ ਬਦਲਾਅ ਲਿਆਂਦਾ ਜਾ ਸਕਦਾ ਹੈ, ਏਸੇ ਲਈ ਉਹਨੇ 1957 ਵਿੱਚ ਸਾਊਥਰਨ ਕਰਿਸ਼ਚੀਅਨ ਲੀਡਰਸ਼ਿਪ ਕਾਨਫਰੰਸ ਦਾ ਗਠਨ ਕਰਕੇ ‘ਸਿਵਲ ਰਾਈਟਸ ਮੂਵਮੈਂਟ‘ ਵਾਸਤੇ ਅੱਡ-ਅੱਡ ਪਲੇਟਫਾਰਮਾਂ ਤੋਂ ਲੜ ਰਹੀਆਂ ਸਾਰੀਆਂ ਜੱਥੇਬੰਦੀਆਂ ਤੇ ਆਗੂਆਂ ਨੂੰ ਇੱਕ ਮੰਚ ਤੇ ਕੱਠਾ ਕੀਤਾ ਤੇ ਉਹ ਇਸ ਕਾਨਫਰੰਸ ਦਾ ਪ੍ਰਧਾਨ ਵੀ ਚੁਣਿਆ ਗਿਆ।
ਕਿੰਗ ਨੇ ਅਫਰੀਕੀ ਅਮਰੀਕੀ ਲੋਕਾਂ ਲਈ ਬਰਾਬਰੀ ਤੇ ਵੋਟ ਦੇ ਅਧਿਕਾਰ, ਲੇਬਰ ਰਾਇਟਸ ਤੇ ਬੁਨਿਆਦੀ ਨਾਗਰਿਕ ਅਧਿਕਾਰਾਂ ਲਈ ਅਹਿੰਸਾ ਦੇ ਰਾਹ ਤੇ ਚਲਦਿਆਂ ਤੇ ਸਿਵਲ ਨਾ-ਫੁਰਮਾਨੀ ਅੰਦੋਲਨ ਤੋਂ ਪ੍ਰੇਰਤ ਹੋ ਕੇ ਸ਼ਾਂਤਮਈ ਮੁਜਾਹਰੇ, ਹੜਤਾਲਾਂ ਅਤੇ ਸਰਕਾਰੀ ਮਸ਼ੀਨਰੀ ਦੇ ਬਾਈਕਾਟ ਦੇ ਰਾਹ ਤੇ ਚਲਦਿਆਂ ਲਹਿਰ ਦੀ ਅਗਵਾਈ ਕੀਤੀ। ਸਕੂਲਾਂ ਵਿੱਚ ਨਸਲੀ ਵਿਤਕਰੇ ਦਾ ਖਾਤਮਾ, ਸਿਵਲ ਰਾਈਟਸ ਕਾਰਕੁਨਾ ਖਿਲਾਫ ਪੁਲਸੀ ਤਸ਼ਦੱਦ ਦੇ ਖਿਲਾਫ ਤੇ ਸਾਰੇ ਕਾਮਿਆਂ ਲਈ ਘੱਟੋ ਘੱਟ ਉਜਰਤ ਨਿਸ਼ਚਿਤ ਕਰਨ ਵਰਗੇ ਮੁੱਦਿਆਂ ਨੂੰ ਲੈ ਕੇ ਕਿੰਗ ਨੇ 2,50,000 ਲੋਕਾਂ ਦੇ ਵਾਸ਼ਿੰਗਟਨ ਡੀ.ਸੀ. ਵੱਲ ਸ਼ਾਂਤਮਈ ਮਾਰਚ ਦੀ ਅਗਵਾਈ ਕੀਤੀ। ਜਿੱਥੇ ਦੇ ਵਿਹੜੇ ਵਿੱਚ ਖਲੋ ਕੇ ਉਹਨੇ ਲੋਕਾਂ ਨੂੰ ਸੰਬੋਧਨ ਕੀਤਾ ਜੋ ਆਈ ਹੈਵ ਏ ਡਰੀਮ ਦੇ ਨਾਂ ਨਾਲ ਮਸ਼ਹੂਰ ਇੱਕ ਇਤਿਹਾਸਿਕ ਦਸਤਾਵੇਜ਼ ਬਣ ਗਿਆ।
ਲੋਕਾਂ ਨੂੰ ਜਗਾਉਣ ਤੇ ਇਸ ਲਹਿਰ ਨੂੰ ਮੁਲਕ ਦੇ ਕੋਨੇ ਕੋਨੇ ਵਿੱਚ ਲੈ ਜਾਣ ਲਈ ਉਹਨੇ 1957 ਤੋਂ 68 ਤੱਕ 11 ਸਾਲ ਦੇ ਲੰਮੇ ਸਮੇਂ ਦੌਰਾਨ 6 ਲੱਖ ਮੀਲ ਯਾਤਰਾਵਾਂ ਕੀਤੀਆਂ ਤੇ ਕਰੀਬ 25,000 ਵਾਰ ਲੋਕਾਂ ਨੂੰ ਸੰਬੋਧਨ ਕੀਤਾ। ਉਹਨੇ ਕਲਮ ਰਾਹੀਂ ਵੀ ਇਹ ਸੰਗਰਾਮ ਜਾਰੀ ਰੱਖਿਆ, ਇਸ ਲਈ ਉਹਨੇ ਪੰਜ ਕਿਤਾਬਾਂ ਅਤੇ ਅਨੇਕਾਂ ਹੀ ਲੇਖ ਅਖਬਾਰਾਂ ਵਿਚ ਲਿਖੇ। ਵੁਈ ਸ਼ੈਲ ਓਵਰ ਕਮ, ਜੋ ਸੰਸਾਰ ਵਿਚ ਆਪਣੇ ਹੱਕਾਂ ਲਈ ਲੜਨ ਵਾਲੇ ਲੋਕਾਂ ਲਈ ਇਕ ਨਾਹਰਾ ਬਣ ਗਿਆ ਦੀ ਰਚਨਾ ਵੀ ਉਹਨੇ ਹੀ ਕੀਤੀ।
ਜਿਵੇਂ ਕਹਿੰਦੇ ਨੇ ਕਿ ਜਦ ਵੀ ਕੋਈ ਇਨਸਾਨ ਕਿਸੇ ਸ਼ੁੱਭ ਕਾਰਜ ਲਈ ਸੰਘਰਸ਼ ਕਰਦੈ ਤਾਂ ਸਥਾਪਤੀ ਦੀਆਂ ਤਾਕਤਾਂ ਵੀ ਉਹਨੂੰ ਠੱਲ੍ਹਣ ਲਈ ਆਪਣਾ ਪੂਰਾ ਤਾਣ ਲਾਉਂਦੀਆਂ ਹਨ। ਕਿੰਗ ਨੂੰ 20 ਤੋਂ ਵੱਧ ਵਾਰ ਜੇਲ੍ਹ ਵਿਚ ਸੁੱਟਿਆ ਗਿਆ, ਉਹਦੇ ਪਿੱਛੇ ਐਫ.ਬੀ.ਆਈ. ਅਤੇ ਸੀ.ਆਈ.ਏ. ਦੇ ਜਾਸੂਸ ਛੱਡੇ ਗਏ, ਉਹਦੇ ਤੇ ਵਿਆਹ ਤੋਂ ਬਾਹਰੇ ਸਬੰਧਾਂ ਦੇ ਦੋਸ਼ ਲਾਏ ਗਏ ਤੇ ਚਾਰ ਵਾਰ ਉਹਦੇ ਤੇ ਜਾਨਲੇਵਾ ਹਮਲੇ ਹੋਏ। ਪਰ ਕੋਈ ਵੀ ਗੱਲ ਉਹਨੂੰ ਆਪਣੇ ਆਦਰਸ਼ਾਂ ਤੋਂ ਡੇਗ ਨਾ ਸਕੀ ਤੇ ਆਖਿਰਕਾਰ ਸਰਕਾਰ ਨੂੰ ਲੋਕ ਰੋਹ ਅੱਗੇ ਝੁਕਦਿਆਂ, ਸਿਵਲ ਰਾਈਟਸ ਐਕਟ 1964 ਤੇ ਵੋਟਿੰਗ ਰਾਇਟ ਐਕਟ 1965 ਵਿੱਚ ਪਾਸ ਕਰਕੇ ਕਾਲ਼ੇ ਲੋਕਾਂ ਨੂੰ ਵੋਟ ਦਾ ਅਧਿਕਾਰ ਦੇਣਾ ਹੀ ਪਿਆ।
ਕਿੰਗ ਦੇ ਸੰਸਾਰ ਵਿੱਚ ਪਿਆਰ ਤੇ ਸਦਭਾਵਨਾ ਵਾਲਾ ਮਾਹੌਲ ਸਿਰਜਣ ਤੇ ਨਿਸ਼ਕਾਮ ਭਾਵ ਨਾਲ ਲੋਕਾਈ ਲਈਸੰਘਰਸ਼ ਕਰਨ ਦੇ ਇਸ ਜਜਬੇ ਨੂੰ ਸਾਰੇ ਸੰਸਾਰ ਨੇ ਸਲਾਮ ਕੀਤਾ ਤੇ ਉਹਨੂੰ 35 ਸਾਲ ਦੀ ਉਮਰ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਨੋਬਲ ਪ੍ਰਾਈਜ਼ ਫਾਰ ਪੀਸ ਨਾਲ ਸਨਮਾਨਿਤ ਹੋਣ ਦਾ ਮਾਣ ਹਾਸਲ ਹੋਇਆ, ਜਿਸਦੀ ਸਾਰੀ ਇਨਾਮੀ ਰਾਸ਼ੀ ਉਹਨੇ ‘ਸਿਵਲ ਰਾਈਟਸ ਲਹਿਰ‘ ਨੂੰ ਅੱਗੇ ਵਧਾਉਣ ਲਈ ਦਾਨ ਕਰ ਦਿੱਤੀ।
ਕਿੰਗ ਨੇ ਅਮਰੀਕਾ ਦੇ ਵੀਅਤਨਾਮ ਉੱਪਰ ਹਮਲੇ ਦੀ ਸਖਤ ਨਿੰਦਾ ਕੀਤੀ ਤੇ ਸਾਫ਼ ਸਾਫ਼ ਸ਼ਬਦਾਂ ਵਿਚ ਕਿਹਾ ਕਿ ਅਮਰੀਕਾ ਵੀਅਤਨਾਮ ਨੂੰ ਇੱਕ ਬਸਤੀ ਵਾਗੂੰ ਹਥਿਆਉਣਾ ਚਾਹੁੰਦਾ ਹੈ। ਉਸਨੇ ਇਸ ਬੇਲੋੜੇ ਯੁੱਧ ਦਾ ਵਿਰੋਧ ਕਰਦਿਆਂ ਕਿਹਾ ਕਿ ਯੁੱਧ ਤੇ ਖਰਚ ਕੀਤਾ ਜਾਣ ਵਾਲਾ ਪੈਸਾ ਸਕੂਲਾਂ, ਹਸਪਤਾਲਾਂ, ਗਰੀਬਾਂ ਤ ਸਮਾਜ ਭਲਾਈ ਦੇ ਕੰਮਾ ਤੇ ਖਰਚਿਆ ਜਾਣਾ ਚਾਹੀਦੈ।
4 ਅਪ੍ਰੈਲ 1968 ਨੂੰ ਮੈਮਫਿਸ ਟੈਨੇਸੀ ਦੇ ਇਕ ਹੋਟਲ ਦੀ ਬਾਲਕੋਨੀ ਵਿੱਚ, ਜਿੱਥੇ ਉਹ ਹੜਤਾਲ ਕਰ ਰਹੇ ਸਫਾਈ ਕਰਮਚਾਰੀਆਂ ਦੇ ਇੱਕਠ ਨੂੰ ਸੰਬੋਧਨ ਕਰਨ ਆਇਆ ਸੀ, ਉਸਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ।
ਭਾਵੇਂ ਕਿੰਗ ਸਰੀਰਕ ਰੂਪ ਵਿੱਚ ਨਾ ਰਿਹਾ ਪਰ ਉਹਦੀਆਂ ਕਹੀਆਂ ਗੱਲਾਂ ਨੇ ਉਹਦੇ ਮਗਰ ਕਾਫਿਲੇ ਵਿਚ ਤੁਰੇ ਆ ਰਹੇ ਲੋਕਾਂ ਨੂੰ ਰਾਹ ਵਿਖਾਇਆ ਤੇ ਇਹ ਅੱਜ ਵੀ ਓਨੀਆਂ ਹੀ ਸਾਰਥਕ ਲਗਦੀਆਂ ਨੇ। ਉਸ ਨੇ ਕਿਹਾ ਸੀ....
- ਤਾਰਿਆਂ ਦੀ ਰੌਸ਼ਨੀ ਕੇਵਲ ਹਨੇਰੇ ਵਿੱਚ ਹੀ ਵਿਖਾਈ ਦਿੰਦੀ ਹੈ।
- ਸਾਡੀ ਜ਼ਿੰਦਗੀ ਦੇ ਅੰਤ ਦੀ ਸ਼ੁਰੂਆਤ ਓਦਣ ਹੀ ਹੋ ਜਾਂਦੀ ਐ ਜਿੱਦਣ ਅਸੀਂ ਗਲਤ ਵਰਤਾਰੇ ਖਿਲਾਫ ਆਪਣੀ ਅਵਾਜ਼ ਉਠਾਉਣਾ ਬੰਦ ਕਰ ਦੇਂਦੇ ਆਂ।
- ਅਸਫਲਤਾ ਤੋਂ ਉਪਜੀ ਥੋੜਚਿਰੀ ਨਿਰਾਸ਼ਾ ਨੂੰ ਭਾਵੇਂ ਜਰ ਲਓ ਪਰ ਉਮੀਦ ਦਾ ਪੱਲਾ ਕਦੇ ਨਾ ਛੱਡੋ।
- ਕਿਵੇਂ ਵੀ ਹੋ ਰਹੀ ਬੇ-ਇਨਸਾਫੀ ਸਭ ਥਾਈਂ ਇਨਸਾਫ ਲਈ ਖਤਰਾ ਹੰਦੀ ਐ।
- ਅੰਤ ਵਿਚ ਅਸੀਂ ਵਿਰੋਧੀਆਂ ਦੇ ਬੋਲ ਨਹੀਂ, ਆਪਣੇ ਦੋਸਤਾਂ ਦੀ ਖਾਮੋਸ਼ੀ ਹੀ ਯਾਦ ਰਖਾਂਗੇ।
ਆਪਣੀ ਸੁਪ੍ਰਸਿੱਧ ਰਚਨਾ ਮੇਰਾ ਇਕ ਸੁਫਨਾ ਹੈ, ਵਿੱਚ ਉਹ ਸਪੱਸ਼ਟ ਲਿਖਦਾ ਹੈ।
‘‘ਮੈਂ ਚਾਹੁੰਦਾ ਹਾਂ ਕਿ ਅਮਰੀਕਾ ਵਿਚ ਬਰਾਬਰੀ, ਨਿਆਂ, ਭੇਦ ਭਾਵ ਤੋਂ ਮੁਕਤ, ਪਿਆਰ ਤੇ ਸਦਭਾਵਨਾ ਵਾਲਾ ਮਾਹੌਲ ਸਿਰਜਿਆ ਜਾਵੇ। ਮੇਰਾ ਸੁਫਨਾ ਐ ਕਿ ਇਕ ਐਸਾ ਸਮਾਜ ਸਿਰਜਿਆ ਜਾਵੇ ਜਿੱਥੇ ਗੋਰੇ ਅਤੇ ਕਾਲੇ ਬੱਚੇ ਬਿਨਾਂ ਕਿਸੇ ਭੇਦ ਭਾਵ ਤੇ ਕੁੜੱਤਣ ਤੋਂ ਤਾਂਹ ਉੱਠ ਕੇ ਇੱਕ ਦੂਜੇ ਦਾ ਹੱਥ ਫੜ ਕੇ ਸਕੂਲ ਜਾਇਆ ਕਰਨ। ਇੱਕ ਐਸਾ ਸਮਾਜ ਜੀਹਦੇ ਵਿੱਚ ਮੇਰੇ ਧੀਆਂ ਪੁੱਤਰਾਂ ਨੂੰ ਉਹਨਾਂ ਦੀ ਚਮੜੀ ਦੇ ਰੰਗ ਤੋਂ ਨਹੀਂ ਬਲਕਿ ਉਹਨਾਂ ਦੇ ਚਰਿੱਤਰ ਤੇ ਗੁਣਾ ਕਰਕੇ ਪਛਾਣਿਆਂ ਜਾਵੇ।
ਕਿਸੇ ਨੇ ਸਹੀ ਕਿਹੈ ਕਿ ਸੁਪਨੇ ਵੀ ਉਹਨਾ ਲੋਕਾਂ ਦੇ ਹੀ ਪੂਰੇ ਹੁੰਦੇ ਨੇ ਜੋ ਸੁਪਨੇ ਲੈਣ/ਵੇਖਣ ਦਾ ਹੌਂਸਲਾ ਰੱਖਦੇ ਨੇ। ਕਿੰਗ ਨੇ ਵੀ ਇਕ ਸੁਪਨਾ ਵੇਖਿਆ ਸੀ। ਸੁਪਨਾ ਇਕ ਬਿਹਤਰ, ਸੋਹਣੇ ਹਰ ਤਰਾਂ ਦੇ ਸੌੜੇਪਨ ਤੋਂ ਮੁਕਤ, ਸਦਭਾਵਨਾ ਤੇ ਬਰਾਬਰੀ ਤੇ ਅਧਾਰਿਤ ਸਮਾਜ ਦਾ/ ਏਸੇ ਸੁਪਨੇ ਖਾਤਰ ਉਹ ਜੀਵਿਆ, ਲੜਿਆ ਤੇ ਏਸੇ ਸੁਪਨੇ ਖਾਤਰ ਉਹ ਸ਼ਹੀਦ ਹੋ ਗਿਆ। ਉਹ ਆਪ ਭਾਵੇਂ ਨਾ ਰਿਹਾ ਪਰ ਇਹ ਸੁਪਨਾ ਉਹ ਲੋਕ ਮਨਾਂ ਵਿਚ ਡੂੰਘਾ ਵਸਾ ਗਿਆ। ਲੰਮੀ ਜੱਦੋ-ਜਹਿਦ ਤੋਂ ਬਾਦ ਕਿੰਗ ਦੁਆਰਾ ਲੋਕ ਮਨਾਂ ਵਿਚ ਬੀਜਿਆ ਇਹ ਸੁਪਨਾ ਅੰਤ ਸਾਕਾਰ ਹੋ ਗਿਆ। ਹਾਲਾਤ ਨੇ ਕਿੰਨਾ ਮੋੜਾ ਕੱਟਿਐ, ਇਸ ਗੱਲ ਦਾ ਅੰਦਾਜਾ ਇਸ ਗੱਲੋਂ ਲਾਇਆ ਜਾ ਸਕਦੈ ਕਿ, ਜਿਨ੍ਹਾਂ ਅਫਰੀਕੀਆਂ ਨੂੰ ਗੁਲਾਮਾਂ ਦੇ ਰੂਪ ਵਿਚ ਅਮਰੀਕਾ ਜਬਰੀ ਲਿਆਂਦਾ ਗਿਆ ਸੀ ਤੋ ਜੋ ਕਈ ਚਿਰ ਨਸਲੀ ਵਿਤਕਰੇ ਦਾ ਸ਼ਿਕਾਰ ਹੁੰਦੇ ਰਹੇ, ਅੱਜ ਉਹਨਾਂ ਚੋਂ ਹੀ ਇੱਕ ਅਫਰੀਕੀ ਮੂਲ ਦਾ ਅਮਰੀਕੀ ਲੀਡਰ ਅੱਜ ਗੋਰੀ ਬਹੁਗਿਣਤੀ ਵਾਲੇ ਮੁਲਕ ਵਿਚ ਦੂਜੀ ਵਾਰ ਰਾਸ਼ਟਰਪਤੀ ਦੇ ਸਰਵਉੱਚ ਅਹੁਦੇ ਲਈ ਚੁਣਿਆ ਜਾ ਚੁੱਕੈ। ਕਿੰਗ ਨੇ ਜੋ ਸੁਪਨਾ ਵੇਖਿਆ, ਉਹਦੇ ਸਾਕਾਰ ਹੋਣ ਦਾ ਇਸ ਤੋਂ ਵੱਡਾ ਸਬੂਤ ਸ਼ਾਇਦ ਹੀ ਕੋਈ ਹੋਰ ਹੋ ਸਕਦੈ।

ਅਸਿਸਟੈਂਟ ਪ੍ਰੋਫੈਸਰ ਅੰਗਰੇਜੀ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346