Welcome to Seerat.ca
Welcome to Seerat.ca

ਗਦਰੀ ਬਾਬਿਓ, ਪਰਤ ਕੇ ਵੇਖਿਓ ਜੇ

 

- ਪਸ਼ੌਰਾ ਸਿੰਘ ਢਿਲੋਂ

ਨਾਵਲ ਅੰਸ਼ / ਇੰਗਲਿਸਤਾਨੀ

 

- ਹਰਜੀਤ ਅਟਵਾਲ

ਗੁੰਡਾ

 

- ਰੂਪ ਢਿਲੋਂ

ਭਾਨ ਲੈਣਾ ਦੀਵਾਨ ਵਿਚੋਂ

 

- ਸੰਤੋਖ ਸਿੰਘ

ਸਾਡੇ ਲਈ ਪ੍ਰੇਰਨਾਸ੍ਰੋਤ ਜੁਝਾਰੂ ਇਨਸਾਨ: ਮਾਰਟਿਨ ਲੂਥਰ ਕਿੰਗ

 

- ਮਲਿਕਾ ਮੰਡ

ਮਾਣਕ ਬਨਾਮ ਚਮਕੀਲਾ:‘ਜੀਜਾ ਲੱਕ ਮਿਣ ਲੈ...’

 

- ਐੱਸ ਅਸ਼ੋਕ ਭੌਰਾ

ਸਾਹਿਤਕ ਸਵੈਜੀਵਨੀ / ਆਤਮ-ਮੰਥਨ ਤੇ ‘ਰਾਜਨੀਤਕ ਚੇਤਨਾ’ ਦੀ ਕਹਾਣੀ

 

- ਵਰਿਆਮ ਸਿੰਘ ਸੰਧੂ

ਮੌਤ ਨਾਲ ਗੱਲਾਂ

 

- ਜਰਨੈਲ ਸਿੰਘ ਗਰਚਾ

ਸਭਿਆਚਾਰ ਤੇ ਸਭਿਆਚਾਰਕ ਸਾਮਰਾਜ

 

- ਡਾ. ਨਰਿੰਦਰਪਾਲ ਸਿੰਘ

‘ਹਸੰਦਿਆਂ ਖੇਲੰਦਿਆਂ’ ਨੂੰ ਪੜ੍ਹਕੇ ਚੇਤਾ ਆਇਆ

 

- ਹਰਭਜਨ ਕੌਰ ਗਿੱਲ

‘ਹੱਲੇ ਹੈ ਸੁਰਮਾ ਗੁਆਚ ਗਈ ਸੁਰਮੇਦਾਨੀ‘

 

- ਲਾਡੀ ਸੁਖਜਿੰਦਰ ਕੌਰ ਭੁੱਲਰ

ਘਰ ਦੇ ਜੀਆਂ ਵਰਗੇ ਇੱਕ ਯਾਦ

 

- ਹਰਭਜਨ ਕੌਰ ਗਿੱਲ

ਲਿਖੀ-ਜਾ-ਰਹੀ ਸਵੈ-ਜੀਵਨੀ 'ਬਰਫ਼ ਵਿੱਚ ਉਗਦਿਆਂ' 'ਚੋਂ / ਚੰਗਾ ਬਈ, ਪੰਜਾਬ!

 

- ਇਕਬਾਲ ਰਾਮੂਵਾਲੀਆ

ਹੁੰਗਾਰੇ

 
Online Punjabi Magazine Seerat

ਭਾਨ ਲੈਣਾ ਦੀਵਾਨ ਵਿਚੋਂ
- ਸੰਤੋਖ ਸਿੰਘ

 

ਵੈਸੇ ਤਾਂ ਜੁਲਾਈ 1975 ਤੋਂ ਲੈ ਕੇ ਯੂਰਪੀ ਮੁਲਕਾਂ ਦੀਆਂ ਹੁਣ ਤੱਕ ਕਈ ਯਾਤਰਾਵਾਂ ਹੋ ਚੁੱਕੀਆਂ ਨੇ ਪਰ ਇਸ ਵਾਰੀ ਦੀ ਯਾਤਰਾ ਦੌਰਾਨ ਕੁਝ ਨਵੇ ਤੇ ਹੈਰਾਨੀ ਭਰੇ ਤਜਰਬੇ ਵੀ ਹੋ ਗਏ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਟੇਜ ਸਕੱਤਰ ਸ. ਸੁਖਜੀਤ ਸਿੰਘ ਜੀ ਨੇ ਦੋ ਹਫ਼ਤਿਆਂ ਵਾਸਤੇ ਕਥਾ ਲਈ ਮੇਰਾ ਸਮਾ ਨਿਸਚਤ ਕਰ ਦਿਤਾ ਤੇ ਮੈਂ ਸਮੇ ਸਿਰ ਓਥੇ ਪਹੁੰਚ ਵੀ ਗਿਆ। ਕੁੱਲ ਪੰਜ ਹਫ਼ਤੇ ਵਲੈਤ ਵਿਚ ਰੁਕਿਆ। ਇਕ ਸੱਜਣ ਦੇ ਬੱਚੇ ਦਾ ਵਿਆਹ ਸੀ, ਓਥੇ ਸ਼ਾਮਲ ਹੋਏ ਤੇ ਇਕ ਹਫ਼ਤੇ ਦੌਰਾਨ, ਸ. ਮੋਤਾ ਸਿੰਘ ਜੀ ਦੀ ਅਗਵਾਈ ਹੇਠ, ਪੰਜਾਬੀ ਸੱਥ ਵੱਲੋਂ, ਵਾਲਸਾਲ ਵਿਚ, ਮੇਰੀ ਧਾਰਮਿਕ ਲੇਖਾਂ ਦੀ ਕਿਤਾਬ ‘ਸਚੇ ਦਾ ਸਚਾ ਢੋਆ’ ਦੀ ਪੰਜਵੀਂ ਐਡੀਸ਼ਨ ਦਾ ਪਾਠਕ ਅਰਪਣ ਸਮਾਰੋਹ ਸੀ, ਜੋ ਕਿ ਵਿਦਵਾਨਾਂ ਦੀ ਹਾਜਰੀ ਵਿਚ, ਸਫ਼ਲਤਾ ਸਹਿਤ ਨੇਪਰੇ ਚੜ੍ਹਿਆ। ਚਾਰ ਪੰਜ ਟੀ.ਵੀ. ਅਤੇ ਰੇਡੀਉ ਉਪਰ ਇੰਟਰਵਿਊ ਵੀ ਹੋ ਗਈਆਂ। ਸਭ ਤੋਂ ਮਹਤਵਪੂਰਨ ਇਹ ਗੱਲ ਹੋਈ ਕਿ 1977 ਤੋਂ ਪਿੱਛੋਂ, ਗੁਰਮੁਖ ਪਿਆਰੇ ਭਾਈ ਸਾਹਿਬ ਮਹਿੰਦਰ ਸਿੰਘ ਜੀ, ਮੁਖੀ ਨਿਸ਼ਕਾਮ ਸੇਵਕ ਜਥੇ ਨਾਲ਼ ਖੁਲ੍ਹਾ ਵਿਚਾਰ ਵਟਾਂਦਰ ਹੋਇਆ। ਇਹਨਾਂ ਗੁਰਮੁਖ ਪਿਆਰਿਆਂ ਨਾਲ਼, 1974 ਦੇ ਜੂਨ ਮਹੀਨੇ ਤੋਂ, ਜ਼ੈਂਬੀਆ ਦੀ ਰਾਜਧਾਨੀ, ਲੁਸਾਕਾ ਦੇ ਕਿਆਮ ਦੌਰਾਨ ਮੇਲ ਮਿਲਾਪ ਅਤੇ ਸਹਿਚਾਰ ਸੀ ਪਰ ਚਿਰਕਾਲ ਤੋਂ, ਆਪਣੇ ਬਾਰੇ ਲੋੜੀਂਦੇ ਚੜ੍ਹਦੀਕਲਾ ਵਾਲੇ ਵਿਚਾਰ ਨਾ ਹੋਣ ਕਾਰਨ, ਭਾਈ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਹੌਸਲਾ ਨਾ ਕਰ ਸਕਿਆ। ਸਿੱਖ ਚੈਨਲ ਉਪਰ ਇੰਟਰਵਿਊ ਦੇਣ ਜਾਣ ਸਮੇ, ਭਾਈ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਹੌਸਲਾ ਕਰ ਹੀ ਲਿਆ। ਭਾਈ ਸਾਹਿਬ ਜੀ ਨੇ ਬੜੀ ਖੁਲ੍ਹ ਦਿਲੀ ਨਾਲ਼, ਬਹੁਤ ਲੰਮਾ ਸਮਾ ਆਪਣੇ ਮਨੋਹਰ ਬਚਨ ਸੁਣਾਉਣ ਦੇ ਨਾਲ਼ ਨਾਲ਼ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ। ਇਹ ਉਹਨਾਂ ਦੀ ਵਡਿਆਈ ਹੈ।
ਲੰਡਨੋ ਹਵਾਈ ਜਹਾਜ ਰਾਹੀਂ, ਸ. ਯਾਦਵਿੰਦਰ ਸਿੰਘ ਜੀ ਕੋਲ਼, ਪੋਲੈਂਡ ਦੀ ਰਾਜਧਾਨੀ, ਵਾਰਸਾ ਪਹੁੰਚ ਗਿਆ। ਇਹ ਨੌਜਵਾਨ ਵਾਹਵਾ ਸਾਲਾਂ ਤੋਂ ਮੇਰੀ ਲਿਖਤ ਦੇ ਪ੍ਰਸੰਸਕ ਹਨ ਤੇ ਆਖ ਰਹੇ ਸਨ ਕਿ ਪਹਿਲਾਂ ਤਾਂ ਮੈਂ ਹਮੇਸ਼ਾਂ ਪੱਛਮੀ ਯੂਰਪ ਦੇ ਦੇਸਾਂ ਦੀ ਯਾਤਰਾ ਕਰਕੇ ਹੀ ਮੁੜ ਜਾਂਦਾ ਰਿਹਾ ਹਾਂ; ਇਸ ਵਾਰੀ ਰੂਸ ਦੇ ‘ਜੱਟ ਜੱਫੇ’ ਵਿਚੋਂ ਨਿਕਲ਼ੀ ਦੁਨੀਆਂ ਦੇ ਦੀਦਾਰੇ ਵੀ ਕਰਦਾ ਜਾਵਾਂ। ਪੋਲੈਂਡ ਦੀ ਇਕ ਹਫ਼ਤੇ ਦੀ ਯਾਤਰਾ ਦੌਰਾਨ, ਯਾਦਵਿੰਦਰ ਸਿੰਘ ਜੀ ਨੇ ਹਿਟਲਰ ਦੀਆਂ ਕਤਲਗਾਹਾਂ ਦੀ ਸੋਗਮਈ ਯਾਤਰਾ ਵੀ ਕਰਵਾ ਦਿਤੀ। ਪੜ੍ਹਦੇ ਸੁਣਦੇ ਤਾਂ ਦਹਾਕਿਆਂ ਤੋਂ ਆ ਰਹੇ ਸਾਂ ਪਰ ਹਿਟਲਰ ਦੇ ਮਨੁਖਤਾ ਦੇ ਵਿਰੁਧ ਜ਼ੁਲਮਾਂ ਦੀ ਦਾਸਤਾਨ ਵਾਲ਼ੇ ਕੈਂਪਾਂ ਦੀ ਪ੍ਰਤੱਖ ਯਾਤਰਾ ਨੇ ਤਾਂ ਇਹ ਅਹਿਸਾਸ ਵੀ ਕਰਵਾ ਦਿਤਾ ਕਿ ਮਨੁਖ ਜਦੋਂ ਰੱਬ ਨੂੰ ਭੁੱਲ ਜਾਂਦਾ ਹੈ ਤਾਂ ਸਾਥੀ ਮਨੁਖਾਂ ਉਪਰ ਕਿੰਨਾ ਜ਼ੁਲਮ ਕਰ ਸਕਦਾ ਹੈ, ਇਹ ਸਾਧਾਰਣ ਵਿਅਕਤੀ ਦੀ ਸੋਚ ਦੇ ਦਾਇਰੇ ਤੋਂ ਵੀ ਅੱਗੇ ਵਧ ਜਾਂਦਾ ਹੈ। ਸੱਚ ਹੀ ਸਿਆਣਿਆਂ ਆਖਿਆ ਹੈ, “ਸ਼ਕਤੀ ਮਨੁਖ ਨੂੰ ਭ੍ਰਿਸ਼ਟ ਕਰਦੀ ਹੈ; ਸੰਪੂਰਣ ਸ਼ਕਤੀ ਸੰਪੂਰਣਤਾ ਸਹਿਤ।“
ਤੁਲਸੀ ਦਾਸ ਜੀ ਵੀ ਆਖਦੇ ਨੇ:
ਐਸੋ ਕੋ ਜਨਮਿਉਂ ਜਗ ਮਾਹਿ।
ਪ੍ਰਭਤਾ ਪਾਇ ਜਾਸ ਮਦ ਨਾਹਿ।
ਸ਼ਕਤੀ ਨਾਲ਼ ਮਨੁਖ ਵਿਚ ਅਹੰਕਾਰ ਆ ਜਾਂਦਾ ਹੈ ਤੇ ਫਿਰ ਇਸ ਦੇ ਅਧੀਨ ਹੋ ਕੇ ਮਨੁਖ ਕੋਈ ਵੀ ਜ਼ੁਲਮ ਕਰ ਸਕਦਾ ਹੈ।
ਯਾਤਰਾ ਤਾਂ ਇਹ ਖਾਸੀ ਲੰਮੇਰੀ ਹੈ ਅਤੇ ਅਜੇ ਜਾਰੀ ਵੀ ਹੈ। ਸਮੇ ਸਮੇ ਇਸ ਵਿਚਲੀਆਂ ਲਾਭਦਾਇਕ ਖਾਸ ਖਾਸ ਘਟਨਾਵਾਂ ਦੀ ਸਾਂਝ ਪਾਠਕਾਂ ਨਾਲ਼ ਪਾਈ ਜਾਂਦੀ ਰਹੇਗੀ। ਇਸ ਯਾਤਰਾ ਦੌਰਾਨ ਹੀ ਜਦੋਂ ਮੈਂ ਜਰਮਨੀ ਦੀ ਰਾਜਧਾਨੀ ਬਰਲਿਨ ਤੋਂ ਹੋ ਕੇ, ਰੂਸੀ ਅਧਿਕਾਰ ਤੋਂ ਆਜ਼ਾਦੀ ਪਰਾਪਤ ਇਲਾਕੇ ਦੇ ਸ਼ਹਿਰ ਲਾਇਪਸ਼ਿਗ ਵਿਚ, ਸ. ਬਲਦੇਵ ਸਿੰਘ ਬਾਜਵਾ ਜੀ ਪਾਸ ਠਹਿਰਿਆ ਹੋਇਆ ਸਾਂ ਤਾਂ ਮੇਰੇ ਇਕ ਵਲੈਤੀ ਮਿੱਤਰ, ਗਿਆਨੀ ਅਮ੍ਰੀਕ ਸਿੰਘ ਜੀ ਵੱਲੋਂ, ਮੇਰੇ ਨਾਂ ਤੇ ਸਾਢੇ ਅੱਠ ਸੌ ਯੂਰੋ (ਇਕ ਲੱਖ ਰੁਪਏ ਦੇ ਕਰੀਬ) ਦੀ ਠੱਗੀ ਖਾ ਜਾਣ ਦੀ ਘਟਨਾ ਵੀ ਵਾਪਰ ਗਈ। ਇਸ ਬਾਰੇ ਜਾਣਕਾਰੀ ਵੱਖਰੀ ਚਿੱਠੀ ਦੇ ਰੂਪ ਵਿਚ ਅੰਕਤ ਹੈ ਜੋ ਕਿ ਇਸ ਲੇਖ ਦੇ ਨਾਲ਼ ਹੀ ਸ਼ਾਮਲ ਹੈ।
ਲਾਇਪਸ਼ਿਗ ਵਿਚ, ਸ. ਬਲਦੇਵ ਸਿੰਘ ਬਾਜਵਾ ਅਤੇ ਉਹਨਾਂ ਦੀ ਜੀਵਨ ਸਾਥਣ, ਬੀਬਾ ਗੁਰਦੀਸ਼ ਪਾਲ ਕੌਰ ਬਾਜਵਾ ਜੀ ਦੀ ਸੁਭਾਗ ਜੋੜੀ ਇਸ ਇਲਾਕੇ ਵਿਚ, ਸਿੱਖ ਸੰਸਾਰ ਦੀ ਸਰਬ ਪੱਖੀ ਉਨਤੀ ਵਿਚ ਭਰਪੂਰ ਹਿੱਸਾ ਪਾ ਰਹੀ ਹੈ। ਵਿਸ਼ਾਲ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੇ ਨਾਲ਼ ਨਾਲ਼ ‘ਮੀਡੀਆ ਪੰਜਾਬ’ ਨਾਮੀ ਰੇਡੀਉ, ਟੀ.ਵੀ. ਅਤੇ ਅਖ਼ਬਾਰ ਵੀ ਚਲਾ ਰਹੇ ਹਨ। ਪੰਜਾਬੀ ਸਾਹਿਤ ਅਤੇ ਸਭਿਆਚਾਰ ਵਿਚ ਆਪਣੀ ਹੈਸੀਅਤ ਅਨੁਸਾਰ ਯੋਗਦਾਨ ਪਾ ਰਹੇ ਹਨ। ਇਕ ਦਿਨ ਮੈਂ ਬਾਜਵਾ ਜੀ ਨੂੰ ਪੁੱਛ ਲਿਆ ਕਿ ਸੰਗਤ ਤਾਂ ਏਥੇ ਸਵਾਈ ਈ ਹੈ ਤੇ ਗ੍ਰੰਥੀ ਸਿੰਘ ਤੁਸੀਂ ਤੀਜਾ ਵੀ ਰੱਖ ਲਿਆ ਹੈ; ਏਨਾ ਖ਼ਰਚ ਕਿਵੇਂ ਕਰੋਗੇ? ਉਹਨਾਂ ਦਾ ਜਵਾਬ ਸੀ ਕਿ ਗੁਰਦੁਆਰਾ ਸਾਹਿਬ ਦੇ ਬਜਟ ਵਿਚ, ਹਫ਼ਤੇ ਦੀ ਇਕ ਸੌ ਯੂਰੋ ਦੀ ਆਮਦਨ, ਖ਼ਰਚ ਤੋਂ ਵਧ ਹੈ। ਅਸੀਂ ਏਨੀ ਤਨਖਾਹ ਤੇ ਇਕ ਗ੍ਰੰਥੀ ਸਿੰਘ ਹੀ ਹੋਰ ਰੱਖ ਲਿਆ ਹੈ ਤਾਂ ਕਿ ਨਾ ਸੰਸਥਾ ਕੋਲ਼ ਵਾਧੂ ਧਨ ਜਮ੍ਹਾ ਹੋਵੇ ਤੇ ਨਾ ਉਸ ਧਨ ਤੇ ਕਬਜਾ ਕਰਨ ਲਈ ਲੜਾਈ ਹੋਵੇ। ਗੁਰਦੁਆਰਾ ਸਾਹਿਬਾਨ ਵਿਚ ਲੜਾਈ ਹੀ ਇਸ ਦੇ ਧਨ ਅਤੇ ਵਸੀਲਿਆਂ ਉਪਰ ਕਬਜ਼ਾ ਕਰਨ ਲਈ ਹੁੰਦੀ ਹੈ। ਮੈਨੂੰ ਬਾਜਵਾ ਜੀ ਦੀ ਇਹ ਦਲੀਲ ਸੁਣ ਕੇ ਖੁਸ਼ੀ ਭਰੀ ਹੈਰਾਨੀ ਹੋਈ। ਬਾਜਵਾ ਦੰਪਤੀ ਨੇ ਆਪਣੀ ਵਿਸ਼ਾਲ ਸੋਚ ਅਨੁਸਾਰ, ਮੇਰੇ ਨਾਂ ਉਤੇ, ਮੇਰੇ ਮਿੱਤਰ ਨਾਲ਼ ਵੱਜੀ ਠੱਗੀ ਸਮੇ, ਮੇਰੇ ਉਪਰ ਹਾਵੀ ਹੋਈ ਮਾਯੂਸੀ ਨੂੰ, ਆਪਣੀ ਸਿਆਣਪ ਅਤੇ ਅਮਲੀ ਸਹਾਇਤਾ ਨਾਲ, ਖਾਸੀ ਹੱਦ ਤੱਕ ਦੂਰ ਕਰ ਦਿਤਾ।
ਹੈਰਾਨੀ ਭਰਿਆ ਨਵਾਂ ਗਿਆਨ:
ਪਾਠਕ ਜਾਣਦੇ ਹੀ ਹਨ ਕਿ ਸਿੱਖ ਧਾਰਮਿਕ ਦੀਵਾਨਾਂ ਸਮੇ ਸਟੇਜ ਉਪਰ ਕਥਾ, ਕੀਰਤਨ, ਵਿਖਿਆਨ, ਕਵਿਤਾ, ਬੋਲਣ ਵਾਲ਼ੇ ਤੇ ਢਾਡੀ, ਕਵੀਸ਼ਰਾਂ ਆਦਿ ਨੂੰ ਸੰਗਤਾਂ ਮਾਇਆ ਵੀ ਭੇਟਾ ਕਰਦੀਆਂ ਹਨ। ਸੰਗਤਾਂ ਦੀ ਇਸ ਦਰਿਆ ਦਿਲੀ ਨਾਲ਼ ਸਟੇਜੀ ਵਿਦਵਾਨਾਂ ਦਾ ਖ਼ਰਚ ਪੂਰਾ ਹੋ ਜਾਂਦਾ ਹੈ ਤੇ ਦੀਵਾਨ ਦੇ ਪ੍ਰਬੰਧਕਾਂ ਉਪਰ ਵੀ ਜ਼ਿਆਦਾ ਮਾਇਕ ਬੋਝ ਨਹੀਂ ਪੈਂਦਾ। ਅੱਧੀ ਕੁ ਸਦੀ ਪਹਿਲਾਂ ਜਦੋਂ ਕੋਈ ਸਰੋਤਾ ਸੰਗਤ ਵਿਚੋਂ ਉਠ ਕੇ ਬੁਲਾਰੇ ਨੂੰ ਰੁਪਇਆ ਦਿੰਦਾ ਸੀ ਤਾਂ ਉਹ ਆਪਣਾ ਪ੍ਰਸੰਗ ਵਿਚੇ ਛੱਡ ਕੇ, ਉਸ ਵਿਅਕਤੀ ਦਾ ਨਾਂ ਬੜੇ ਵਿਸੇਸ਼ਣਾਂ ਨਾਲ਼ ਲਿਆ ਕਰਦਾ ਸੀ। ਜੇ ਕੋਈ ਪੰਜ ਰੁਪਏ ਦਿੰਦਾ ਸੀ ਤਾਂ ਉਸ ਦੇ ਨਾਂ ਦਾ ਜੈਕਾਰਾ ਬੁਲਾਇਆ ਜਾਂਦਾ ਸੀ। ਮੈਨੂੰ ਇਹ ਵਰਤਾਰਾ ਸੋਭਾ ਦਿੰਦਾ ਨਹੀਂ ਸੀ ਮਹਿਸੂਸ ਹੁੰਦਾ। ਮੈਨੂੰ ਇਸ ਸਮੇ ਉਹ ਸਮਾ ਯਾਦ ਆ ਜਾਣਾ ਜਦੋਂ ਮੇਰੇ ਬਹੁਤ ਹੀ ਛੋਟੀ ਉਮਰ ਸਮੇ ਸਾਡੇ ਪਿੰਡ ਬਾਜੀਗਰਾਂ ਨੇ ਬਾਜੀ ਪਾਈ ਸੀ। ਜਦੋਂ ਉਹਨਾਂ ਨੂੰ ਕੋਈ ਬਾਜੀ ਵੇਖਣ ਵਾਲ਼ਾ ਪਿੰਡ ਵਾਸੀ ਰੁਪਇਆ ਦਿੰਦਾ ਸੀ ਤਾਂ ਉਹ ਉਸ ਦਾ ਨਾਂ ਲੈ ਕੇ, ਬੜੀ ਉਚੀ ਅਤੇ ਲਮਕਵੀਂ ਆਵਾਜ਼ ਵਿਚ “ਸਰਦਾਰ ਫਲਾਣਾ ਸਿੰਘ ਦੀ ਵੇਲ਼ ਈ ਵੇਲ!” ਆਖ ਕੇ ਵਡਿਆਇਆ ਕਰਦੇ ਸਨ। ਜਦੋਂ ਕੋਈ ਬੁਲਾਰਾ ਸਟੇਜ ਤੋਂ, “ਸਰਦਾਰ ਸਾਹਿਬ ਸਰਦਾਰ ਫਲਾਣਾ ਸਿੰਘ ਜੀ ਬਹਾਦਰ ਸਵਾ ਲੱਖ ਦਮੜਾ ਅਰਦਾਸ ਕਰਵਾਉਂਦੇ ਹਨ .............।” ਤਾਂ ਇਹ ਸੁਣ ਕੇ ਮੈਨੂੰ ਬਚਪਨ ਵਿਚ ਬਾਜੀਗਰ ਜਥੇ ਦੇ ਆਗੂ ਦੀ ‘ਵੇਲ’ ਯਾਦ ਆ ਜਾਣੀ। ਇਸ ਲਈ ਸਟੇਜ ਉਪਰ ਵਿਖਿਆਨ ਕਰਦੇ ਸਮੇ ਮੈਨੂੰ ਜਦੋਂ ਸੰਗਤ ਵਿਚੋਂ ਕੋਈ ਮਾਇਆ ਰਖਿਆ ਕਰਦਾ ਸੀ ਤਾਂ ਬਹੁਤੀ ਪ੍ਰਸੰਨਤਾ ਨਹੀਂ ਸੀ ਅਨੁਭਵ ਹੋਇਆ ਕਰਦੀ। ਵੈਸੇ ਅਜ ਕਲ੍ਹ ਸਟੇਜ ਉਪਰ ਮਾਇਆ ਦੇਣ ਵਾਲ਼ੇ ਦਾ ਨਾਂ ਬੋਲਣ ਦਾ ਰਿਵਾਜ਼ ਨਹੀਂ ਰਿਹਾ। ਇਹ ਚੰਗੀ ਪਿਰਤ ਹੈ।
ਮੇਰਾ ਇਸ ਰਿਵਾਜ ਬਾਰੇ ਵਿਚਾਰ ਓਦੋਂ ਬਦਲਿਆ ਜਦੋਂ ਜੂਨ 1980 ਵਿਚ ਮੈਨੂੰ ਮਜਬੂਰੀ ਵੱਸ, ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਦੇ ਇਕ ਹੋਟਲ ਵਿਚ ਕੁਝ ਰਾਤਾਂ ਕੱਟਣੀਆਂ ਪਈਆਂ। ਮੈਨੂੰ ਅੱਗੇ ਫਿਜੀ ਨੂੰ ਜਾਣ ਵਾਸਤੇ ਕੋਈ ਜਹਾਜ ਨਾ ਚੁੱਕੇ; ਇਸ ਲਈ ਮਜਬੂਰੀ ਵਿਚ ਹੋਟਲ ਵਿਚ ਹੀ ਰੁਕਣਾ ਪੈ ਗਿਆ ਕਿਉਂਕਿ ਓਦੋਂ ਔਕਲੈਂਡ ਵਿਚ ਕੋਈ ਗੁਰਦੁਆਰਾ ਨਹੀਂ ਸੀ ਹੁੰਦਾ। ਵੈਸੇ ਮੈਂ ਆਪਣੀਆਂ ਯਾਤਰਾਵਾਂ ਦੌਰਾਨ ਦੋ ਖ਼ਰਚਾਂ ਤੋਂ ਲੱਗਦੀ ਵਾਹ ਬਚਾ ਕਰਦਾ ਹਾਂ: ਇਕ ਹੋਟਲ ਦਾ ਅਤੇ ਦੂਜਾ ਟੈਕਸੀ ਦਾ ਖ਼ਰਚ। ਓਥੇ ਰੁਕਣ ਦੇ ਕਾਰਨਾਂ ਬਾਰੇ ਮੈਂ ਸ਼ਾਇਦ ਕਿਸੇ ਹੋਰ ਲੇਖ ਵਿਚ ਜ਼ਿਕਰ ਕਰ ਚੁੱਕਾ ਹਾਂ; ਇਸ ਲਈ ਉਸ ਦੇ ਵਿਸਥਾਰ ਦੀ ਏਥੇ ਲੋੜ ਨਹੀਂ।
ਇਕ ਸ਼ਾਮ ਨੂੰ ਮੈਂ ਹੋਟਲ ਤੋਂ ਬਾਹਰ ਬਾਜ਼ਾਰ ਵਿਚ ਨਿਕਲ਼ਿਆ ਤਾਂ ਇਕ ਦੂਸਰੇ ਹੋਟਲ ਦੇ ਅੱਗੇ ਲੱਕੜ ਦੇ ਬੋਰਡ ਉਪਰ ਲਿਖਿਆ ਹੋਇਆ ਸੀ ਕਿ ਉਸ ਸ਼ਾਮ ਨੂੰ, ਅਮ੍ਰੀਕਾ ਤੋਂ ਆਏ ਇਕ ‘ਥਿਉਸਾਫ਼ੀਕਲ ਸੋਸਾਇਟੀ’ ਦੇ ਵਿਦਵਾਨ ਦਾ ਲੈਕਚਰ ਹੋਵੇਗਾ। ਮੈਨੂੰ ਇਹੋ ਜਿਹਾ ਮੌਕਾ ਰੱਬ ਦੇਵੇ! ਉਸ ਬੋਰਡ ਉਪਰ ਵਿਦਵਾਨ ਦਾ ਨਾਂ, ਸਮਾ ਆਦਿ ਸਭ ਕੁਝ ਲਿਖਿਆ ਹੋਇਆ ਸੀ। ਮੈਂ ਸਮੇ ਤੋਂ ਕੁਝ ਮਿੰਟ ਪਹਿਲਾਂ ਹੀ ਉਸ ਹੋਟਲ ਦੇ ਬੇਸਮੈਂਟ ਵਾਲ਼ੇ ਹਾਲ਼ ਵਿਚ ਡੱਠੀਆਂ ਕੁਰਸੀਆਂ ਵਿਚੋਂ ਪਿੱਛਲੀ ਕੁਰਸੀ ਉਪਰ ਜਾ ਬੈਠਾ। ਸਮੇ ਸਿਰ ਉਹ ਵਿਦਵਾਨ, ਸੋਸਾਇਟੀ ਦੀ ਨਿਊਜ਼ੀਲੈਂਡ ਵਾਲ਼ੀ ਬਰਾਂਚ ਦੀ ਮੁਖੀ ਬੀਬੀ ਅਤੇ ਸ਼ਹਿਰ ਦਾ ਮੇਅਰ ਜਾਂ ਅਜਿਹੇ ਚੰਗੇ ਰੁਤਬੇ ਵਾਲ਼ਾ ਕੋਈ ਵਿਅਕਤੀ ਸਟੇਜ ਉਪਰ ਲੱਗੀਆਂ ਕੁਰਸੀਆਂ ਉਪਰ ਸਜ ਗਏ। ਪਹਿਲਾਂ ਉਸ ਮੁਖੀ ਬੀਬੀ ਨੇ ਵਿਦਵਾਨ ਬਾਰੇ ਜਾਣਕਾਰੀ ਦਿਤੀ ਤੇ ਉਸ ਨੂੰ “ਜੀ ਆਇਆਂ” ਆਖਿਆ। ਉਹ ਵਿਦਵਾਨ ਪੀ.ਐਚ.ਡੀ. ਤੱਕ ਪੜ੍ਹਿਆ ਹੋਇਆ ਸੀ ਤੇ ਵੀਹ ਕਿਤਾਬਾਂ ਦਾ ਕਰਤਾ ਸੀ। ਉਸ ਨੇ ਆਪਣਾ ਤਿਆਰ ਕੀਤਾ ਹੋਇਆ ਲੈਕਚਰ ਖਲੋ ਕੇ ਪੜ੍ਹਿਆ। ਫਿਰ ਮੁਖੀ ਬੀਬੀ ਨੇ ਉਸ ਦਾ ਧੰਨਵਾਦ ਕੀਤਾ ਤੇ ਨਾਲ਼ ਹੀ ਸਰੋਤਿਆਂ ਨੂੰ ਅਪੀਲ ਕੀਤੀ ਕਿ ਇਸ ਵਿਦਵਾਨ ਦੇ ਏਥੇ ਆ ਕੇ ਲੈਕਚਰ ਦੇਣ ਵਾਸਤੇ, ਕੀਤੇ ਗਏ ਖ਼ਰਚ ਵਿਚ ਹਿੱਸਾ ਪਾਓ। ਫਿਰ ਇਕ ਸੱਜਣ ਡੱਬਾ ਜਿਹਾ ਲੈ ਕੇ ਹਰੇਕ ਸਰੋਤੇ ਤੱਕ ਗਿਆ ਤੇ ਮੇਰੇ ਤੋਂ ਬਿਨਾ ਕਿਸੇ ਨੇ ਵੀ ਉਸ ਡੱਬੇ ਵਿਚ ਨੋਟ ਨਹੀਂ ਪਾਇਆ। ਮੈਂ ਹੀ ਇਕ ਡਾਲਰ ਦਾ ਨੋਟ ਪਾਇਆ; ਬਾਕੀ ਸਾਰਿਆਂ ਨੇ ਭਾਨ ਹੀ ਪਾਇਆ। ਇਹ ਵੇਖ ਕੇ ਮੈਨੂੰ ਸਿੱਖ ਧਾਰਮਿਕ ਦੀਵਾਨਾਂ ਵਿਚ ਸੰਗਤਾਂ ਦੇ ਮਾਇਆ ਭੇਟ ਕਰਨ ਸਬੰਧੀ ਉਤਸ਼ਾਹ ਨੂੰ ਯਾਦ ਕਰਕੇ, ਇਕ ਖ਼ੁਸ਼ੀ ਭਰੀ ‘ਝੁਣਝਣੀ’ ਜਿਹੀ ਆ ਗਈ। ਮਨ ਵਿਚ ਸ਼ਬਦ ਭੇਟ ਬਾਰੇ ਸੰਗਤਾਂ ਦੀ ਹਿਰਦੇ ਦੀ ਵਿਸ਼ਾਲਤਾ ਨੂੰ ਯਾਦ ਕਰਕੇ ਦਿਲ ਗ਼ਦ ਗ਼ਦ ਹੋ ਗਿਆ। ਉਸ ਘਟਨਾ ਤੋਂ ਬਾਅਦ ਜੇਕਰ ਸੰਗਤ ਮੇਰੇ ਵਿਖਿਆਨ ਸਮੇ ਜਾਂ ਕੀਰਤਨ ਸਮੇ ਕੋਈ ਸ਼ਬਦ ਭੇਟ ਰੱਖੇ ਤਾਂ ਮੈਂ ਇਸ ਨੂੰ ਸਿਰੋਪਾ ਸਮਝ ਕੇ ਸਵੀਕਾਰਦਾ ਹਾਂ ਅਤੇ ਸਤਿਗੁਰਾਂ ਦੇ ਸ਼ੁਕਰਾਨੇ ਵਿਚ ਸਿਰ ਝੁਕ ਜਾਂਦਾ ਹੈ। ਉਹ ਏਨਾ ਵਿਦਵਾਨ, ਲੇਖਕ, ਦੂਜੇ ਦੇਸੋਂ ਆਇਆ ਤੇ ਜਿਸ ਦੀ ਸਹਾਇਤਾ ਵਾਸਤੇ ਸਟੇਜ ਤੋਂ ਅਪੀਲ ਵੀ ਕੀਤੀ ਗਈ ਤੇ ਇਸ ਦੇ ਬਾਵਜੂਦ ਵੀ ਕਿਸੇ ਨੇ ਭਾਨ ਤੋਂ ਅੱਗੇ ਵਧ ਕੇ ਕੋਈ ਹਿੱਸਾ ਨਾ ਪਾਇਆ ਤੇ ਕਿਥੇ ਗੁਰੂ ਕੀਆਂ ਸੰਗਤਾਂ! ਬਿਨ ਮੰਗਿਆਂ ਹੀ ਮਾਇਆ ਭੇਟ ਕਰੀ ਜਾਂਦੀਆਂ ਹਨ; ਭਾਵੇਂ ਕੋਈ ਬੁਲਾਰਾ ਵਿਦਵਾਨ ਹੈ ਜਾਂ ਨਹੀਂ; ਬੱਸ, ਗੁਰੂ ਜੀ ਦੇ ਹਜ਼ੂਰ, ਗੁਰੂ ਦੀ ਗੱਲ ਜਾਂ ਗੁਰੂ ਦਾ ਸ਼ਬਦ ਸੁਣਾ ਰਿਹਾ ਹੋਵੇ!
ਆਪਣੇ ਅਫ਼੍ਰੀਕਾ ਕਿਆਮ ਦੌਰਾਨ ਹਿੰਦੂ ਘਰਾਂ ਵਿਚ ਸੱਤ ਨਾਰਾਇਣ ਦੀ ਕਥਾ ਦੇ ਭੋਗ ਸਮੇ ਪੰਡਿਤ ਜੀ ਨੇ ਜੋਤ ਵਾਲ਼ੀ ਥਾਲ਼ੀ ਸੰਗਤ ਵਿਚ ਫੇਰਨੀ ਤਾਂ ਸੰਗਤਾਂ ਨੇ ਉਸ ਵਿਚ ਸਿੱਕੇ ਹੀ ਪਾਉਣੇ। ਚਰਚਾਂ ਵਿਚ ਵੀ ਡੱਬਾ ਫੇਰਨ ਸਮੇ ਹਾਜਰ ਲੋਕ ਸਿੱਕੇ ਹੀ ਪਾਉਂਦੇ ਵੇਖੇ ਪਰ ਸਿੱਖ ਧਾਰਮਿਕ ਦੀਵਾਨ ਸਮੇ, ਸਤਿਗੁਰਾਂ ਦੀ ਕਿਰਪਾ ਸਦਕਾ, ਬਿਨਾ ਅਨਾਊਂਸਮੈਂਟ, ਬਿਨਾ ਆਖਿਆਂ, ਸੰਗਤਾਂ ਵਧ ਤੋਂ ਵਧ ਮਾਇਆ ਅਰਪਣ ਕਰਦੀਆਂ ਹਨ।
ਹੈਰਾਨੀ ਭਰਿਆ ਨਵਾਂ ਗਿਆਨ:
ਗੱਲ ਤਾਂ ਮੈਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਪਾਠਕਾਂ ਨਾਲ਼ ਇਹ ਸਾਂਝੀ ਕਰਨ ਲਈ ਇਹ ਲੇਖ ਲਿਖ ਰਿਹਾ ਹਾਂ ਜਿਸ ਨੇ ਮੈਨੂੰ ਇਕ ‘ਸੱਜਣ ਪੁਰਸ਼’ ਦੀ ਲਗਾਤਾਰ ਦਲੇਰੀ ਨੇ ਹੈਰਾਨੀ ਵਿਚ ਪਾ ਦਿਤਾ। ਉਹ ਇਸ ਪ੍ਰਕਾਰ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪਾਰਕ ਐਵੇਨਿਊ, ਸਾਊਥਾਲ ਵਿਖੇ, ਮੈਂ ਦੁਪਹਿਰ ਦੇ ਸਮੇ ਧਾਰਮਿਕ ਵਿਖਿਆਨ ਕਰ ਰਿਹਾ ਸਾਂ ਕਿ ਇਕ ਸੱਜਣ, ਜਿਸ ਨੇ ਆਪਣੀ ਕਾਲ਼ੀ ਦਾਹੜੀ ਫਿਕਸੋ ਆਦਿ ਨਾਲ਼ ਸਜਾ ਕੇ ਬੰਨ੍ਹੀ ਹੋਈ ਸੀ, ਨੇ ਸੰਗਤ ਵੱਲੋਂ ਭੇਟਾ ਕੀਤੇ ਗਏ ਮੇਰੇ ਅੱਗੇ ਪਏ ਕੁਝ ਪੌਂਡਾਂ ਦੇ ਸਿੱਕਿਆਂ ਵਿਚ, ਕੁਝ ਰੱਖ ਕੇ ਇਕ ਸਿੱਕਾ ਚੁੱਕ ਲਿਆ। ਉਸ ਸਮੇ ਸਹਿਜ ਸੁਭਾ ਹੀ ਮੇਰੀ ਨਿਗਾਹ ਪੈ ਗਈ। ਇਹ ਸਹਿਜੇ ਹੀ ਵਿਚਾਰ ਆਇਆ ਕਿ ਉਸ ਨੇ ਦੋ ਪੌਂਡ ਦਾ ਸਿੱਕਾ ਰੱਖ ਕੇ ਇਕ ਪੌਂਡ ਦਾ ਸਿੱਕਾ ਚੁੱਕ ਲਿਆ ਹੋਵੇਗਾ ਪਰ ਜਦੋਂ ਮੈਂ ਦਫ਼ਤਰ ਵਿਚ ਜਾ ਕੇ ਵੇਖਿਆ ਤਾਂ ਸਾਰੇ ਸਿੱਕਿਆਂ ਵਿਚ ਦੋ ਪੌਂਡ ਦਾ ਸਿੱਕਾ ਹੀ ਕੋਈ ਨਾ। ਮਨ ਵਿਚ ਸ਼ੰਕਾ ਪੈਦਾ ਹੋਈ। ਅਗਲੇ ਦਿਨ ਉਸ ਸੱਜਣ ਨੇ ਅੱਧੇ ਪੌਂਡ ਦਾ ਸਿੱਕਾ ਰੱਖ ਕੇ ਇਕ ਪੌਂਡ ਚੁੱਕ ਲਿਆ। ਇਹ ਤਾਂ ਸਪੱਸ਼ਟ ਹੀ ਦਿਸ ਪਿਆ। ਫਿਰ ਮੈਂ ਗ੍ਰੰਥੀ ਸਿੰਘਾਂ ਨਾਲ਼ ਇਹ ਵਿਚਾਰ ਕੀਤੀ ਤਾਂ ਮੇਰੀ ਕਥਾ ਦੌਰਾਨ ਇਕ ਗ੍ਰੰਥੀ ਸਿੰਘ ਉਚੇਚਾ ਧਿਆਨ ਰੱਖਣ ਲਈ ਸਟੇਜ ਦੇ ਨੇੜੇ ਬੈਠ ਗਿਆ। ਇਸ ਦਿਨ, ਸ਼ਾਇਦ ਓਸੇ ਸੱਜਣ ਨੇ ਹੀ, ਇਕ ਨੋਟ ਰੱਖ ਕੇ ਵਾਹਵਾ ਸਾਰੇ ਸਿੱਕੇ, ਮੇਰੇ ਅੱਗਿਉਂ ਸਟੇਜ ਤੋਂ ਚੁੱਕ ਲਏ। ਸਹਿਜੇ ਹੀ ਇਹ ਵਿਚਾਰ ਸੀ ਕਿ ਉਸ ਨੇ ਪੰਜ ਪੌਂਡ ਦਾ ਨੋਟ ਰੱਖ ਕੇ ਚਾਰ ਚੁੱਕ ਲਏ ਹੋਣਗੇ! ਮੇਰੀ ਕਥਾ ਦੀ ਸਮਾਪਤੀ ਤੇ ਗ੍ਰੰਥੀ ਸਿੰਘ ਨੇ ਮੈਨੂੰ ਪੁੱਛਿਆ ਕਿ ਅੱਜ ਨਹੀਂ ਉਹ ਸੱਜਣ ਆਇਆ! ਮੈਂ ਹੱਸਦੇ ਨੇ ਕਿਹਾ ਕਿ ਸ਼ਾਇਦ ਉਹ ਫੜੇ ਜਾਣ ਦੇ ਡਰੋਂ ਅੱਜ ਨਾਗਾ ਪਾ ਗਿਆ ਹੋਵੇ ਜਾਂ ਕਿਸੇ ਹੋਰ ਦੀਵਾਨ ਵਿਚ ਚਲਿਆ ਗਿਆ ਹੋਵੇ! ਦਫ਼ਤਰ ਵਿਚ ਜਾ ਕੇ ਜਦੋਂ ਵੇਖਿਆ ਤਾਂ ਹੈਰਾਨੀ ਦੇ ਨਾਲ਼ ਹਾਸਾ ਵੀ ਆਇਆ। ਉਸ ਚੁਸਤ ਸੱਜਣ ਨੇ ਸਕਾਟਲੈਂਡ ਦਾ ਇਕ ਪੌਂਡ ਦਾ ਨੋਟ ਰੱਖ ਕੇ ਵਾਹਵਾ ਸਾਰੇ ਪੌਂਡ ਦੇ ਸਿੱਕੇ ਸਟੇਜ ਤੋਂ ਚੁੱਕ ਲਏ ਸਨ। ਦਰਸ਼ਕ ਏਹੀ ਸਮਝਣ ਕਿ ਇਸ ਨੇ ਪੰਜ ਪੌਂਡ ਦਾ ਸਿੱਕਾ ਰੱਖ ਕੇ ਹੀ ਬਚਦਾ ਭਾਨ ਚੁੱਕਿਆ ਹੋਵੇਗਾ! ਯਾਦ ਰਹੇ ਕਿ ਇੰਗਲੈਂਡ ਵਿਚ ਪੰਜ ਪੌਂਡ ਤੋਂ ਘੱਟ ਦਾ ਨੋਟ ਨਹੀਂ ਹੁੰਦਾ ਪਰ ਸਕਾਟਲੈਂਡ ਦਾ ਇਕ ਪੌਂਡ ਦਾ ਨੋਟ ਅਜੇ ਵੀ ਚੱਲਦਾ ਹੈ ਜੋ ਕਿ ਇੰਗਲੈਂਡ ਦੇ ਇਕ ਪੌਂਡ ਦੇ ਸਿੱਕੇ ਦੇ ਬਰਾਬਰ ਮੁੱਲ ਦਾ ਹੀ ਹੁੰਦਾ ਹੈ।
ਵੈਸੇ ਧਾਰਮਿਕ ਸਥਾਨਾਂ ਵਿਚਲੇ ਫੰਡਾਂ ਦਾ ਦੁਰਉਪਯੋਗ, ਹੇਰਾਫੇਰੀਆਂ, ਚੋਰੀਆਂ, ਬੇਈਮਾਨੀਆਂ ਆਦਿ ਦੇ ਕਈ ਪ੍ਰਕਾਰ ਦੇ ਕਿੱਸੇ ਬਚਪਨ ਤੋਂ ਸੁਣਨ ਵਿਚ ਆ ਰਹੇ ਸਨ ਤੇ ਹਨ ਪਰ ਇਸ ਪ੍ਰਕਾਰ ਦੀ ਦੀਦਾ ਦਲੇਰੀ ਪਹਿਲੀ ਵਾਰ ਹੀ, ਜੁਲਾਈ 2013 ਵਿਚ, ਵੇਖਣ ਨੂੰ ਮਿਲ਼ੀ। ਕੋਈ ਸੱਜਣ ਪੁਰਸ਼ ਏਨਾ ਦਲੇਰ ਵੀ ਹੋ ਸਕਦਾ ਹੈ ਕਿ ਸਾਰੀ ਸੰਗਤ ਦੇ ਸਾਹਮਣੇ ਹੀ, ਕਥਾ ਕੀਰਤਨ ਕਰ ਰਹੇ ਦੇ ਅੱਗੋਂ, ਸਟੇਜ ਉਪਰੋਂ ਮਾਇਆ ਚੁੱਕ ਲੈਣ ਦੀ ‘ਹਿੰਮਤ’ ਕਰ ਸਕਦਾ ਹੈ!
ਆਮ ਹੀ ਗੁਰਦੁਆਰਾ ਸਾਹਿਬ ਵਿਖੇ ਭਰੇ ਦੀਵਾਨਾਂ ਸਮੇ ਕਈ ਸੱਜਣ ਗੋਲਕ ਵਿਚੋਂ ਅਤੇ ਸਟੇਜ ਤੋਂ ਭਾਨ ਚੁੱਕਣ ਲੱਗ ਪੈਂਦੇ ਹਨ। ਇਹ ਬਹੁਤ ਹੀ ਗ਼ਲਤ ਅਤੇ ਦੀਵਾਨ ਵਿਚ ਵਿਘਨ ਪਾਊ ਕਾਰਜ ਹੁੰਦਾ ਹੈ। ਇਸ ਗ਼ਲਤ ਪ੍ਰਥਾ ਨੂੰ ਪ੍ਰਬੰਧਕਾਂ ਵੱਲੋਂ ਸਖ਼ਤੀ ਨਾਲ਼ ਰੋਕ ਦੇਣਾ ਚਾਹੀਦਾ ਹੈ। ਜਿਸ ਪ੍ਰੇਮੀ ਨੇ ਜਿੰਨੀ ਮਾਇਆ ਦਾ ਮੱਥਾ ਟੇਕਣਾ ਹੋਵੇ ਜਾਂ ਸਟੇਜ ਉਪਰ ਭੇਟਾ ਕਰਨੀ ਹੋਵੇ ਉਹ ਓਨੀ ਮਾਇਆ ਘਰੋਂ ਲੈ ਕੇ ਆਵੇ ਜਾਂ ਪ੍ਰਬੰਧਕਾਂ ਪਾਸੋਂ ਪਹਿਲਾਂ ਹੀ ਪਰਾਪਤ ਕਰ ਲਵੇ। ਚੱਲਦੇ ਦੀਵਾਨ ਵਿਚ ਗੋਲਕ ਤੋਂ ਜਾਂ ਸਟੇਜ ਉਪਰੋਂ ਗਿਣਤੀ ਕਰਨ ਨਾ ਬੈਠ ਜਾਵੇ। ਗੋਲਕ ਤੋਂ ਭਾਨ ਦਾ ਵਿਖਾਵਾ ਕਰਕੇ ਮਾਇਆ ਚੁੱਕਣ ਦੀਆਂ ਤਾਂ ਵਾਹਵਾ ਸਾਰੀਆਂ ਚਲਾਕੀ ਭਰੀਆਂ ਘਟਨਾਵਾਂ ਸੁਣਨ ਵਿਚ ਅਕਸਰ ਹੀ ਆਉਂਦੀਆਂ ਰਹਿੰਦੀਆਂ ਹਨ ਪਰ ਸਟੇਜ ਵਾਲੀ ਇਹ ਘਟਨਾ ਤਾਂ ਕਿਆਸੋਂ ਵੀ ਬਾਹਰੀ ਹੀ ਹੋਈ। ਇਹ ਗੱਲ ਕਰਦਿਆਂ ਯਾਦ ਆਇਆ ਕਿ ਜਦੋਂ ਮੈਂ, 1953 ਵਿਚ, ਪਹਿਲੀ ਵਾਰ ਅੰਮ੍ਰਿਤਸਰ ਆਇਆ ਤਾਂ ਓਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲ਼ੇ ਗੁਰਦੁਆਰਾ ਸਾਹਿਬਾਨ ਦੀਆਂ ਗੋਲਕਾਂ ਦੇ ਨੇੜੇ ਲਿਖ ਕੇ ਲਾਇਆ ਹੋਇਆ ਹੁੰਦਾ ਸੀ ਕਿ ਏਥੋਂ ਭਾਨ ਲੈਣ ਦੀ ਮਨਾਹੀ ਹੈ। ਸ਼ਾਇਦ ਉਸ ਸਮੇ ਹੀ ਪ੍ਰਬੰਧਕਾਂ ਨੂੰ ਇਸ ਭਾਨ ਲੈਣ ਦੀ ਆੜ ਹੇਠ, ਕਿਸੇ ਹੇਰਾਫੇਰੀ ਦੇ ਹੋ ਜਾਣ ਦੀ ਸ਼ੰਕਾ ਹੋਵੇ ਤੇ ਉਹਨਾਂ ਨੂੰ ਅਜਿਹਾ ਨਾ ਕਰਨ ਦੀ ਮਨਾਹੀ ਲਿਖ ਕੇ ਲਾਉਣੀ ਪੈਂਦੀ ਹੋਵੇ।
ਅੱਗੇ ਸਾਖੀ ਹੋਰ ਚੱਲੀ ...............
gianisantokhsingh@yahoo.com.au

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346