Welcome to Seerat.ca
|
-
ਪਿਆਰੇ ਡਾਕਟਰ ਸਾਹਿਬ ਜੀਓ
ਮੈਂ ਸੋਚ ਰਿਹਾ ਸਾਂ ਕਿ ਇਸ ਵਾਰੀ ਚਿੱਠੀ ਵਿਚ ਕੀ ਲਿਖਿਆ ਜਾਵੇ! ਇਹ ਵੀ ਵਿਚਾਰ ਆਈ ਕਿ
ਹਰੇਕ ਵਾਰ ਇਉਂ ਲਿਖਦੇ ਰਹਿਣਾ ਕਿ ਪਹਿਲਾਂ ਨਾਲ਼ੋਂ ਇਸ ਵਾਰੀ ਦਾ ਪਰਚਾ ਚੰਗੇਰਾ ਸੀ, ਜਾਂ
ਫਿਰ ਫਲਾਣੇ ਲੇਖਕ ਦਾ ਲੇਖ ਚੰਗਾ ਸੀ, ਜਾਂ ਫਲਾਣੇ ਦਾ ਕਿਉਂ ਨਹੀ ਛਪਿਆ ਆਦਿ। ਸੋ ਚੰਗਾ ਹੈ
ਕਿ ਇਸ ਵਾਰੀ ਆਪਣੇ ਮਿੱਤਰ ਨੂੰ ਪੱਤਰ ਪੜ੍ਹਨ ਤੇ ਛਾਪਣ ਦੀ ਖੇਚਲ਼ ਨਾ ਹੀ ਦਿਤੀ ਜਾਵੇ ਪਰ
ਜਦੋਂ ਪਰਚੇ ਦੇ ਅਖੀਰ ਜਿਹੇ ਵਿਚ, ਤੁਹਾਡੀ ਬਾਹਾਂ ਖੜ੍ਹੀਆਂ ਕੀਤੀਆਂ ਵਾਲ਼ੀ ਫ਼ੋਟੋ ਵੇਖੀ ਤਾਂ
ਫੌਰਨ ਤੋਂ ਪਹਿਲਾਂ ਹੀ, ਉਸ ਉਪਰ ਟਿੱਕ ਕਰ ਕੇ, ਘੰਟੇ ਤੋਂ ਵੀ ਵਧ ਤੁਹਾਡਾ ਭਾਸ਼ਨ ਸੁਣਿਆਂ
ਤਾਂ ਲਿਖਣ ਲਈ ਬਹਾਨਾ ਮਿਲ਼ ਗਿਆ। ਸਦਾ ਵਾਂਙ ਹੀ ਤੁਹਾਡੀ ਸਪੀਚ ਪ੍ਰਭਾਵਸ਼ਾਲੀ ਹੈ, ਪਰ ਇਸ
ਵਾਰੀ ਮੈਨੂੰ ਕੁਝ ਢਿੱਲੀ ਜਿਹੀ ਲੱਗੀ; ਸ਼ਾਇਦ ਇਸ ਕਰਕੇ ਕਿ ਤੁਸੀਂ ਧਾਰਾਪ੍ਰਵਾਹ ਬੋਲਣ ਦੀ
ਬਜਾਇ ਕਿਸੇ ਗੱਲ ਨੂੰ ਸਿੱਧ ਕਰਨ ਦੇ ਯਤਨਾਂ ਵਿਚ, ਰੁਕ ਰੁਕ ਕੇ ਬੋਲਦੇ ਸੀ ਤੇ ਫਿਰ ਇਹ ਵੀ
ਹੋ ਸਕਦਾ ਹੈ ਕਿ ਮੈਂ ਤੁਹਾਡੇ ਸਿੱਧ ਕਰਨ ਵਾਲ਼ੇ ਨੁਕਤੇ ਨਾਲ਼ ਪੂਰੀ ਤਰ੍ਹਾਂ ਸਹਿਮਤ ਨਾ
ਹੋਵਾਂ! ਕੁਝ ਵੀ ਹੋਵੇ, ਭਾਸ਼ਨ ਪ੍ਰਭਾਵਸ਼ਾਲੀ ਹੈ, ਮੈਂ ਚਾਹੇ ਵਿਅਕਤ ਕੀਤੇ ਗਏ ਵਿਚਾਰਾਂ ਵਿਚ
ਕੁਝ ਕੁ ਵਖਰੇਵਾਂ ਰੱਖਦਾ ਹਾਂ। ਆਸ ਹੈ ਕਿ ਆਪਣੇ ਵਿਸ਼ਾਲ ਹਿਰਦੇ ਸਦਕਾ ਤੁਸੀਂ ਇਸ ਵਖਰੇਵੇਂ
ਉਪਰ ਬਹੁਤਾ ਗਹੁ ਨਾ ਕਰੋਗੇ ਜਿਵੇਂ ਕਿ ਤੁਸੀਂ ਮੇਰੇ, ਤੁਹਾਡੇ ਵਿਚਾਰਾਂ ਨਾਲ਼ ਪੂਰੀ ਸਹਿਮਤੀ
ਨਾ ਰੱਖਦੇ ਹੋਣ ਵਾਲੇ ਲੇਖਾਂ ਨੂੰ ਵੀ ਛਾਪਣ ਵਿਚ ਗੁਰੇਜ਼ ਨਹੀਂ ਕਰਦੇ।
ਤੁਹਾਡੀ ਸਾਹਿਤਕ ਜੀਵਨੀ ਦੀ ਹਰੇਕ ਕਿਸ਼ਤ ਤਾਂ ਸੱਚੀਂ ਮੁਚੀਂ ਹੀ ਪੜ੍ਹਨ ਵਾਲ਼ੀ ਹੈ। ਤੁਹਾਡੇ
ਵੱਲੋਂ ਜਲੰਧਰੋਂ ਮੈਨੂੰ ਦਿਤੀ ਗਈ ਜੀਵਨੀ ਵਿਚ ਆਈਆਂ ਗੱਲਾਂ ਨਾਲ਼ੋਂ, ਇਸ ਵਿਚ ਮੈਨੂੰ ਕੁਝ
ਕੁ ਫਰਕ ਜਾਪਦਾ ਹੈ। ਹੋ ਸਕਦਾ ਹੈ ਕਿ ਮੇਰੀ ਯਾਦ ਵਿਚ ਹੀ ਫਰਕ ਹੋਵੇ। ਇਹ ਫਰਕ ਮੈਨੂੰ
ਤੁਹਾਡੇ ਬਹੁਤ ਹੀ ਨੇੜਲੇ ਰਿਸ਼ਤੇਦਾਰਾਂ ਦੁਆਰਾ, ਤੁਹਾਡੇ ਨਾਲ਼ ਕੀਤੇ ਗਏ ਵਿਹਾਰ ਸਬੰਧੀ
ਲੱਗਦਾ ਹੈ।
ਕੁਝ ਵੀ ਹੋਵੇ, ਸੁਪਨ ਜੀ ਤੇ ਸਰਗਮ ਜੀ ਦੀਆਂ ਰਚਨਾਵਾਂ ਦੇ ਨਾਲ਼ ਨਾਲ਼ ਇਕਬਾਲ ਜੀ ਦੀਆਂ
ਲਿਖਤਾਂ ਨੂੰ ਵੀ ਸ਼ਾਮਲ ਕਰਦੇ ਰਹੋ।
ਹਾਂ ਸੱਚ ਯਾਦ ਆਇਆ। ਹਰ ਸਾਲ ਵਾਂਙ ਇਸ ਵਾਰੀ ਵੀ ਮੈਲਬਰਨ ਵਿਖੇ ਸਾਲਾਨਾ ਸਿੱਖ ਗੇਮਾਂ ਹੋ
ਰਹੀਆਂ ਹਨ। ਇਸ ਸਮੇ ਹੋ ਰਹੇ ਸੈਮੀਨਾਰ ਵਿਚ ਮੈਨੂੰ ‘ਗ਼ਦਰ ਲਹਿਰ‘ ਬਾਰੇ ਬੋਲਣ ਲਈ ਆਖਿਆ ਗਿਆ
ਹੈ। ਮੈਂ ਸੋਚਿਆ ਕਿ ਵਰਿਆਮ ਜੀ ਨੂੰ ਆਖੂੰਗਾ ਕਿ ਮੈਨੂੰ ਉਹ ਜਾਣਕਾਰੀ ਦੇਣ ਪਰ ਫਿਰ ਖਿਆਲ
ਆਇਆ ਕਿ ਉਹਨਾਂ ਦਾ ਲੈਕਚਰ ਜੂ ‘ਸੀਰਤ‘ ਵਿਚ ਮੌਜੂਦ ਹੈ। ਸੋ ਇਸ ਲੈਕਚਰ ਨੂੰ ਮੈਂ ਫਿਰ
ਸੁਣਿਆ ਤੇ ਪਿਛਲੇ ਪਰਚੇ ਵਿਚ ਅੰਡੇਮਾਨ ਜੇਹਲ ਦਾ ਬਿਰਤਾਂਤ ਵੀ ਪੜ੍ਹਿਆ। ਲਾਜ਼ਮੀ ਹੈ ਕਿ
ਮੇਰੇ ਲੈਕਚਰ ਵਿਚ ਇਹਨਾਂ ਦੋਹਾਂ ਦਾ ਜਰੂਰ ਪ੍ਰਭਾਵ ਹੋਵੇਗਾ।
ਫਿਰ ਵੀ ਜੇ ਚਾਹੋ ਤੇ ਸਮਾ ਵੀ ਹੋਵੇ ਤਾਂ ਹੋਰ ਜਾਣਕਾਰੀ ਭੇਜ ਸਕਦੇ ਹੋ। ਵੈਸੇ ਤਾਂ ਬਹੁਤ
ਸਮੇ ਤੋਂ ਮਂੈ ਇਸ ਲਹਿਰ ਬਾਰੇ, ਨਾਨਕ ਸਿੰਘ, ਸਹਿੰਸਰਾ ਜੀ, ਬਾਬਾ ਭਕਨਾ ਜੀ, ਗਿਆਨੀ ਕੇਸਰ
ਸਿੰਘ ਜੀ ਆਦਿ ਵਿਦਵਾਨਾਂ ਦੀਆਂ ਲਿਖਤਾਂ, ਸਮੇ ਸਮੇ ਪੜ੍ਹਦਾ ਹੀ ਆ ਰਿਹਾ ਹਾਂ ਪਰ ਸਾਰਾ ਕੁਝ
ਤੇ ਇਕ ਭਾਸ਼ਨ ਵਿਚ ਨਹੀਂ ਦੱਸਿਆ ਜਾ ਸਕਦਾ। ਹਾਂ, ਪਰ ਮੋਟੇ ਮੋਟੇ ਤੌਰ ਤੇ ਵਧ ਤੋਂ ਵਧ
ਸਮੇਟਣ ਦਾ ਯਤਨ ਤਾਂ ਕੀਤਾ ਹੀ ਜਾਵੇਗਾ। ਅੱਗੇ ਉਤਲੇ ਦੀਆਂ ਉਤਲਾ ਹੀ ਜਾਣੇ!
ਰੱਬ ਰਾਖਾ
ਸਤਿਕਾਰ ਸਹਿਤ
ਸੰਤੋਖ ਸਿੰਘ
|