ਸਭਿਆਚਾਰ ਨਿਰੰਤਰ ਗਤੀਸ਼ੀਲ
ਤੇ ਪਰਿਵਰਤਨਮੁਖੀ ਵਰਤਾਰਾ ਹੈ। ਕੌਮਾਂਤਰੀ ਪੱਧਰ ਉਪਰ ਅੱਜ ਸਾਮਰਾਜੀ ਸ਼ਕਤੀਆਂ ਕੇਵਲ ਆਰਥਿਕ,
ਰਾਜਨੀਤਕ ਅਤੇ ਸੈਨਿਕ ਸ਼ਕਤੀ ਦੇ ਰੂਪ ਵਿਚ ਆਪਣਾ ਸਮੁੱਚਾ ਪ੍ਰਭਾਵ ਉਦੋਂ ਤੱਕ ਕਾਇਮ ਨਹੀਂ
ਰੱਖ ਸਕਦੀਆਂ ਜਦੋਂ ਤਕ ਉਹ ਆਪਣੇ ਸਭਿਆਚਾਰ ਨੂੰ ਵਿਸ਼ਵ ਵਿਚ ਇਕ ਮਾਡਲ ਦੇ ਰੂਪ ਵਿਚ ਪ੍ਰਸਤੁਤ
ਨਾ ਕਰ ਸਕਣ। ਸਭਿਆਚਾਰ ਅੱਜ ਇੰਨਾ ਮਹੱਤਵ ਗ੍ਰਹਿਣ ਕਰ ਚੁੱਕਿਆ ਹੈ ਕਿ ਇਕ ਧਿਰ ਵੱਲੋਂ
ਸਭਿਆਚਾਰਕ ਸਾਮਰਾਜ ਦੀ ਸਥਾਪਨਾ ਲਈ ਜੀਅ-ਤੋੜ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਦੂਜੇ ਪਾਸੇ
ਇਨ੍ਹਾਂ ਕੋਸ਼ਿਸ਼ਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ।
ਅੱਜ ਸਭਿਆਚਾਰ ਵਿਸ਼ਵ ਵਿਆਪੀ ਸਨਅੱਤ ਅਤੇ ਤਜ਼ਾਰਤ ਬਣ ਗਿਆ ਹੈ। ਪ੍ਰਿੰਟ- ਮੀਡੀਆ ਹੋਵੇ ਜਾਂ
ਇਲੈਕਟਰੋਨਿਕ ਮੀਡੀਆ ਸਾਹਿਤ ਹੋਵੇ ਜਾਂ ਸਿਨੇਮਾ, ਗਿਆਨ ਅਤੇ ਮਨੋਰੰਜਨ ਦੇ ਖੇਤਰ ਵਿਚ
ਸਭਿਆਚਾਰਕ ਚੜ੍ਹਤ ਹਾਸਿਲ ਕਰਨ ਲਈ ਇਕ ਵਿਸ਼ਵ ਵਿਆਪੀ ਜੰਗ ਛਿੜੀ ਹੋਈ ਹੈ। ਇਸ ਜੰਗ ਵਿਚ ਸਭ
ਕੁਝ ਜਾਇਜ਼ ਹੈ। ਇਸ ਅੰਨ੍ਹੀ ਅਤੇ ਅਨੈਤਿਕ ਜੰਗ ਵਿਚ ਸੱਚ/ਝੂਠ, ਗਿਆਨ/ਅਗਿਆਨ, ਸੂਚਨਾ/ਗਲਤ
ਸੂਚਨਾ, ਪ੍ਰੇਮ/ਨਫ਼ਰਤ, ਮਨੁੱਖਤਾ/ਬਰਬਰਤਾ ਅਤੇ ਸਭਿਆਚਾਰ/ਅਸਭਿਆਚਾਰ ਨੂੰ ਆਪਸ ਵਿਚ ਰਲਗੱਡ
ਕੀਤਾ ਗਿਆ ਹੈ।
ਸਭਿਆਚਾਰਕ ਸਾਮਰਾਜ ਅੱਜ ਵਿਸ਼ਵ ਵਿਚ ਜਿਥੇ ਚਿੰਤਾ ਦਾ ਵੱਡਾ ਕਾਰਨ ਬਣਿਆ ਹੈ ਉਥੇ ਚਿੰਤਨ ਦਾ
ਵੀ ਵੱਡਾ ਹਿੱਸਾ ਬਣਿਆ ਹੈ। ਅਖਾਉਤੀ ਪਹਿਲੀ ਦੁਨੀਆ, ਅਖਾਉਤੀ ਤੀਜੀ ਦੁਨੀਆ ਉਪਰ ਆਪਣਾ
ਸਭਿਆਚਾਰਕ ਸਾਮਰਾਜ ਕਾਇਮ ਕਰਨ ਲਈ ਗਿਆਨ, ਵਿਗਿਆਨ, ਸਾਹਿਤ ਕਲਾ, ਸੂਚਨਾ, ਮਨੋਰੰਜਨ ਦੇ
ਸਾਧਨਾਂ ਅਤੇ ਮਾਧਿਅਮਾਂ ਦਾ ਇਸਤੇਮਾਲ ਅਤਿ ਆਧੁਨਿਕ ਸਨਅੱਤੀ ਵਰਤਾਰਿਆਂ ਨਾਲ ਕਰ ਰਹੀ ਹੈ।
ਪਰੰਤੂ ਤੀਜੀ ਦੁਨੀਆਂ ਵੀ ਹੱਥ ਰੱਖ ਕੇ ਨਹੀਂ ਬੈਠੀ। ਉਨ੍ਹਾਂ ਨੇ ਵੀ ਸਭਿਆਚਾਰਕ ਸਾਮਰਾਜ ਦੇ
ਵਿਰੁੱਧ ਸੰਘਰਸ਼ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।
ਸਭਿਆਚਾਰਕ ਸਾਮਰਾਜ ਦਾ ਮਤਲਬ ਹੈ ਕਿ ਇਕ ਸਭਿਆਚਾਰ ਦਾ ਦੂਜੇ ਸਭਿਆਚਾਰ ਵਿਚ ਜਬਰਨ ਪ੍ਰਵੇਸ਼
ਕਰਕੇ ਉਸਦਾ ਸੋਸ਼ਣ ਕਰਨਾ। ਇਸ ਸੋਸ਼ਣ ਦਾ ਉਦੇਸ਼ ਆਰਥਿਕ ਅਤੇ
2
ਰਾਜਨੀਤਕ ਸੰਕਲਪਾਂ ਦੀ ਪੂਰਤੀ ਲਈ ਕੀਤਾ ਜਾਂਦਾ ਹੈ। ਸਾਮਰਾਜ ਦੇ ਪ੍ਰਤੱਖ ਰੂਪ ਵਿਚ ਅਤੇ
ਅਪ੍ਰਤੱਖ ਰੂਪ ਵਿਚ ਸਭਿਆਚਾਰ ਦੀ ਭੂਮਿਕਾ ਬਦਲਦੀ ਰਹਿੰਦੀ ਹੈ। ਅਪ੍ਰਤੱਖ ਸਾਮਰਾਜ ਦਾ
ਮਹੱਤਵਪੂਰਨ ਸੰਦ ਸਭਿਆਚਾਰ ਹੈ। ਬਰਤਾਨਵੀ ਹਕੂਮਤ ਨੇ ਸਭਿਆਚਾਰ ਅਤੇ ਸੈਨਿਕ ਸ਼ਕਤੀ ਦੀ ਵਰਤੋਂ
ਭਾਰਤੀ ਸਭਿਆਚਾਰਾਂ ਨੂੰ ਅਧਿਆਤਮਕ ਪੱਧਰ ਉਪਰ ਸਲਾਹਿਆ ਅਤੇ ਪਦਾਰਥਕ ਪੱਧਰ ਉਪਰ ਪਛੜਿਆ
ਘੋਸ਼ਿਤ ਕੀਤਾ। ਸਭਿਆਚਾਰ ਹਮੇਸ਼ਾਂ ਹੀ ਸਾਮਰਾਜ ਦੀ ਇਕ ਪ੍ਰਮੁੱਖ ਯੋਜਨਾਬੰਦੀ ਹੁੰਦੀ ਹੈ।
ਸਾਮਰਾਜ ਆਪਣੇ ਸਭਿਆਚਾਰ ਨੂੰ ਤੀਜੀ ਦੁਨੀਆਂ ਦੇ ਸਭਿਆਚਾਰ ਉਪਰ ਥੋਪਦਾ ਜ਼ਰੂਰ ਹੈ ਪਰੰਤੂ
ਅਜਿਹਾ ਕਰਨ ਪਿੱਛੇ ਉਸਦਾ ਉਦੇਸ਼ ਆਰਥਿਕ ਅਤੇ ਰਾਜਨੀਤਕ ਹੁੰਦਾ ਹੈ। ਇਹ ਮੁੱਦੇ ਹਮੇਸ਼ਾਂ ਪਿੱਠ
ਭੂਮੀ ਵਿਚ ਰਹਿਕੇ ਸਕ੍ਰਿਅ ਹੁੰਦੇ ਹਨ ਅਤੇ ਅਗਰਭੂਮੀ ਉਪਰ ਸਭਿਆਚਾਰਕ ਮੁੱਦੇ ਉਛਾਲੇ ਜਾਂਦੇ
ਹਨ। ਇਸ ਤਰ੍ਹਾਂ ਸਭਿਆਚਾਰਕ ਮੁੱਦੇ ਆਰਥਿਕ/ਰਾਜਨੀਤਕ ਮੁੱਦਿਆਂ ਵਿਚ ਪਰਵਰਤਿਤ ਹੁੰਦੇ
ਰਹਿੰਦੇ ਹਨ।
ਸਭਿਆਚਾਰਕ ਸਾਮਰਾਜ ਨੇ ਸਭਿਆਚਾਰ ਨੂੰ ਵਿਗਾੜਨ ਲਈ ਮੀਡੀਆ ਨੂੰ ਇਕ ਮਹੱਤਵਪੂਰਨ ਸੰਦ ਦੇ ਰੂਪ
ਵਿਚ ਇਸਤੇਮਾਲ ਕੀਤਾ ਹੈ। ਮੀਡੀਆ ਰਾਹੀਂ ਸਭਿਆਚਾਰ ਨੂੰ, ਸਭਿਆਚਾਰਕ ਮੁੱਲਾਂ ਨੂੰ ਬਦਲਣ ਦੀ
ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਡੀਆ ਰਾਹੀਂ ਹੀ ਲੋਕ-ਸਮੂਹਾਂ ਦੀ ਮਾਨਸਿਕਤਾ ਨੂੰ ਰੂੜ੍ਹੀਵਾਦੀ
ਵਿਚਾਰਾਂ ਨਾਲ ਭਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।
ਪੰਜਾਬੀ ਸਭਿਆਚਾਰ ਨਿਰੰਤਰ ਪੰਜਾਬੀ/ਭਾਰਤੀ ਮੀਡੀਆ ਖਾਸ ਤੌਰ ਤੇ ਸਕਰੀਨ ਉਦਯੋਗ (ਫਿਲਮ) ਤੋਂ
ਪ੍ਰਭਾਵਿਤ ਹੋ ਰਿਹਾ ਹੈ। ਪੰਜਾਬੀ/ਭਾਰਤੀ ਫਿਲਮ ਉਦਯੋਗ ਅਗਾਂਹ ਹਾਲੀਵੁੱਡ ਫਿਲਮ ਉਦਯੋਗ ਤੋਂ
ਹਾਲੀਵੁੱਡ ਸਭਿਆਚਾਰਕ ਸਾਮਰਾਜ ਦੀ ਇਕ ਸਭਿਆਚਾਰਕ ਸਨਅੱਤ ਹੈ ਜਿਸ ਰਾਹੀਂ ਅਮਰੀਕਾ ਅਤੇ ਉਸਦੀ
ਜੀਵਨ ਸ਼ੈਲੀ ਦੀ ਵਿਸ਼ਵੀਕਰਨ ਰਾਹੀਂ ਜਿੱਤ ਸੰਭਵ ਹੁੰਦੀ ਹੈ। ਦਰਅਸਲ ਹਾਲੀਵੁੱਡ ਦਾ ਕੋਈ
ਨਿਸ਼ਚਿਤ ਕੇਂਦਰ ਨਹੀਂ ਜਿਸਨੂੰ ਭੂਗੋਲਿਕ ਪੱਧਰ ਉਪਰ ਪਰਿਭਾਸ਼ਿਤ ਕੀਤਾ ਜਾ ਸਕੇ ਸਗੋਂ ਸਮੁੱਚੇ
ਵਿਸ਼ਵ ਵਿਚ ਇਕ ਸਾਂਝੇ ਸੂਤਰ ਵਿਚ ਬੱਝਿਆ ਅਤੇ ਫੈਲਿਆ ਵਰਤਾਰਾ ਹੈ। ਅੱਜ ਵਿਸ਼ਵੀਕਰਨ,
ਸਾਮਰਾਜਵਾਦ, ਅਮਰੀਕੀਕਰਨ ਅਤੇ ਸਭਿਆਚਾਰਕ
-3-
ਸਾਮਰਾਜ ਵਰਗੇ ਸੰਕਲਪ ਇਕੋ ਸੂਤਰ ਵਿਚ ਪਰੋਏ ਹੋਏ ਹਨ ਅਤੇ ਇਨ੍ਹਾਂ ਦੇ ਅਰਥ ਇਕੋ ਜਿਹੇ ਹੋ
ਗਏ ਹਨ ਅਤੇ ਇਨ੍ਹਾਂ ਸੰਕਲਪਾਂ ਦੇ ਅੰਤਰਗਤ ਸਭਿਆਚਾਰ ਨੂੰ ਸਮਝਿਆ ਅਤੇ ਪਰਭਾਸ਼ਿਤ ਕੀਤਾ ਜਾ
ਸਕਦਾ ਹੈ।
ਪੰਜਾਬੀ ਸਿਨੇਮਾ ਅਤੇ ਵੀਡੀਓਗ੍ਰਾਫ਼ੀ ਵਿਚ ਇਹੋ ਜਿਹੇ ਪ੍ਰਭਾਵ ਵੇਖੇ ਜਾ ਸਕਦੇ ਹਨ। ਮਿਸਾਲ
ਵਜੋਂ ਪੰਜਾਬੀ ਫਿਲਮਾਂ ਵਿਚ ਸਮ-ਸਮਿਅਕ ਰਾਜਨੀਤਕ ਰੰਗਣ ਦੇ ਪ੍ਰਦਰਸ਼ਨ ਦਾ ਵਾਧਾ ਪੰਜਾਬੀ
ਗਾਇਕੀ ਵਿਚ ਬਦਲ ਰਿਹਾ ਨਾਇਕੀ ਦਾ ਸਰੂਪ ਵੀ ਇਸੇ ਪ੍ਰਸੰਗ ਵਿਚ ਵਿਚਾਰਿਆ ਜਾ ਸਕਦਾ ਹੈ। ਹੱਥ
ਵਿਚ ਫੜੀ ਪਿਸਤੌਲ ਅਤੇ ਖੱਬੇ ਪਾਸੇ ਨਾਲ਼ ਖੜੀ ਸੁੰਦਰ ਮੁਟਿਆਰ ਪੰਜਾਬੀਆਂ ਦੀ ਪਰੰਪਰਾ ਵਿਚ
ਪਏ ਕਿਸੇ ਨਾਇਕ ਦੀ ਪ੍ਰਤਿਨਿੱਧਤਾ ਨਹੀਂ ਕਰਦਾ ਸਗੋਂ ਹਾਲੀਵੁੱਡ ਦੀ ਉਪਜ ਜੇਮਜ਼ ਬਾਂਡ ਦਾ
ਵਿਗੜਿਆ ਰੂਪ ਹੈ। ਇਹ ਨਾਇਕ ਇਕ ਕਾਲਪਨਿਕ ਪਾਤਰ ਹੈ। ਚਤੁਰ ਅਤੇ ਚਲਾਕ ਹੈ। ਕਦੇ ਭੈ-ਭੀਤ
ਨਹੀਂ ਹੁੰਦਾ ਅਤੇ ਨਾ ਹੀ ਭਾਵਨਾਵਾਂ ਵਿਚ ਵਹਿੰਦਾ ਹੈ। ਅਜਰ ਅਤੇ ਅਮਰ ਹੈ। ਉਸ ਦਾ ਖਾਸਾ
ਬ੍ਰਹਿਮੰਡੀ ਹੈ। ਦੁਨੀਆਂ ਉਸ ਲਈ ਛੋਟੀ ਪੈ ਜਾਂਦੀ ਹੈ। ਹਾਲੀਵੁੱਡ ਰਾਹੀਂ ਪ੍ਰਸਤੁਤ ਜੇਮਜ਼
ਬਾਂਡ ਸ਼੍ਰਿੰਖਲਾ ਦੇ ਪਾਤਰ ਇਕ ਤਰ੍ਹਾਂ ਨਾਲ ਸਭਿਆਚਾਰਕ ਸਾਮਰਾਜ ਦੇ ਹਰਕਾਰੇ ਹਨ, ਜਿਹੜੇ
ਤੀਜੀ ਦੁਨੀਆ ਵਿਚ ਬੜੀ ਛੇਤੀ ਲੋਕ-ਪ੍ਰਿਅ ਹੋ ਰਹੇ ਹਨ। ਇਨ੍ਹਾਂ ਦੀ ਪੇਸ਼ਕਾਰੀ ਰਾਜਨੀਤਕ ਵੀ
ਹੈ ਅਤੇ ਸਭਿਆਚਾਰਕ ਵੀ। ਅੱਜ ਸਭਿਆਚਾਰਕ ਸਾਮਰਾਜ ਆਪਣੇ ਸਮੂਹ ਹਮਲਾਵਰੀ ਸੰਕਲਪਾਂ ਨਾਲ ਸਾਡਾ
ਦਰ ਖੜਕਾ ਰਿਹਾ ਹੈ, ਜਿਸ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ।
ਐਸੋਸੀਏਟ ਪ੍ਰੋਫੈਸਰ,
ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ।
ਮੋਬਾ. 09896319944
-0-
|