ਜੇ ਇਹ ਕਹਿੰਦੇ ਹਨ ਕਿ
ਨਖ਼ਰੇ ਬਿਨਾਂ ਔਰਤ ਸੋਹਣੀ ਨ੍ਹੀਂ ਲੱਗਦੀ ਤਾਂ ਯਕੀਨਨ ਇਹ ਔਰਤ ਦਾ ਗਹਿਣਾ ਤੇ ਗੁਣ ਹੈ ਪਰ ਇਹ
ਨਖ਼ਰਾ ਮਰਦ ਦੀ ਕਮਜ਼ੋਰੀ ਹੁੰਦੀ ਆ, ਕਿਉਂਕਿ ਕਈਆਂ ਦੇ ਵੱਸਦੇ ਘਰ ਨਖ਼ਰੇ ਕਰਕੇ ਹੀ ਉਜੜ ਗਏ।
ਕਈ ਲੋਕ ਤੀਰਥਾਂ ‘ਤੇ ਤਾਂ ਨਿਕਲੇ ਸੀ ਪਰ ਜਦੋਂ ਪਰਤੇ ਤਾਂ ਜੋ ਪੱਲੇ ਸੀ, ਉਹ ਵੀ ਰਾਹ ਵਿਚ
ਸੁੱਟ ਆਏ। ਇਸ ਕਰਕੇ ਕਿ ਸ਼ਰਧਾ ਤੇ ਵਿਸ਼ਵਾਸ ਤਾਂ ਘਰੇ ਹੀ ਛੱਡ ਗਏ ਸਨ। ਚੰਗੇ-ਮਾੜੇ ਦਾ ਅਰਥ
ਬਹੁਤਾ ਕਰਕੇ ਔਰਤ ਜਾਣਦੀ ਹੈ, ਇਖ਼ਲਾਕੀ ਵਿਰੋਧ ਹਮੇਸ਼ਾ ਔਰਤ ਨੇ ਕੀਤੇ ਹਨ। ਹਾਲੇ ਤੀਕਰ ਔਰਤ
ਦੇ ਪਹਿਲਾਂ ਚੁੰਮਣ ‘ਤੇ ਕਿਸੇ ਵੀ ਮਰਦ ਨੇ ਬੁਰਾ ਨਹੀਂ ਮਨਾਇਆ ਪਰ ਮਰਦ ਨੇ ਕਈ ਵਾਰ ਪਹਿਲਾਂ
ਅਜਿਹਾ ਕਰ ਕੇ ਛਿੱਤਰ ਬੜੇ ਖਾਧੇ ਨੇ। ਅਸਲ ਵਿਚ ਪਿਆਰ ਤੇ ਵਿਸ਼ਵਾਸ ਜਿਥੇ ਸੂਈ-ਧਾਗੇ ਵਾਂਗ
ਵਿਚਰਦੇ ਹਨ, ਉਥੇ ਗਲਵਕੜੀਆਂ ਪਾਉਣ ਲਈ ਬਾਂਹਵਾਂ ਸੱਦੇ ਪਾਉਂਦੀਆਂ ਹੀ ਰਹਿੰਦੀਆਂ ਹਨ।
ਦੁਸ਼ਮਣ ਤੋਂ ਇੰਨਾ ਨਾ ਡਰੋ ਤੇ ਚਾਪਲੂਸਾਂ ਤੋਂ ਬਚਣ ਦਾ ਹਰ ਹੀਲਾ-ਵਸੀਲਾ ਵਰਤੋ। ਆਪਣੇ ਕੰਮ
ਦੀ ਪੱਧਰ ਬਣਾ ਕੇ ਵੇਖੋ; ਚਾਪਲੂਸ ਪੈਰਾਂ ਵਿਚ ਡਿੱਗਣਗੇ। ਗਲ ਵਿਚ ਹਾਰ ਸਿਰਫ਼ ਪ੍ਰਸ਼ੰਸਕਾਂ
ਤੇ ਕਦਰਦਾਨਾਂ ਨੇ ਪਾਉਣੇ ਹੁੰਦੇ ਹਨ। ਚਾਪਲੂਸ ਬੰਦਾ ਸਹੀ ਅਰਥਾਂ ਵਿਚ ਆਪਣੇ ਲਾਲਚਾਂ,
ਸੁਆਰਥ ਕਰਕੇ ਤੁਹਾਡੇ ਰਾਹ ਵਿਚ ਲੰਮਾ ਪੈਣ ਲਈ ਵਿਆਕੁਲ ਹੁੰਦਾ ਹੈ। ਕਹਿ ਕੇ ਵਜਾਈਆਂ
ਤਾੜੀਆਂ ਵਿਚ ਤਾਲ ਦੀ ਇਕਸੁਰਤਾ ਨਹੀਂ ਹੁੰਦੀ। ਇਹ ਨਾ ਵੀ ਵੱਜਣ, ਕੋਈ ਹਰਜ ਨਹੀਂ। ਇਹ ਜਾਣਨ
ਦੀ ਕੋਸ਼ਿਸ਼ ਕਰੋ ਕਿ ਤੁਹਾਡੀ ਉਡੀਕ ਕਿੰਨੀ ਬੇਸਬਰੀ ਨਾਲ ਹੋ ਰਹੀ ਹੈ। ਲੀਡਰਾਂ ਦੇ ਜਲਸਿਆਂ
ਵਿਚ ਪ੍ਰਸ਼ੰਸਕ ਘੱਟ, ਤੇ ਚਾਪਲੂਸ ਵੱਧ ਹੋਣ ਕਰਕੇ ਤਾੜੀਆਂ ਵੀ ਭੀੜ ਦੇ ਰੌਲੇ ਵਰਗੀਆਂ
ਹੁੰਦੀਆਂ ਹਨ। ਹਰ ਕੋਈ ਯਤਨ ਕਰਦਾ ਹੈ ਕਿ ਦੁਨੀਆਂ ਉਸ ਨੂੰ ਯਾਦ ਕਰਦੀ ਰਹੇ। ਯਾਦ ਕਰਾਉਣ ਲਈ
ਲੋਕਾਂ ਦੇ ਨੇੜੇ ਹੋਣਾ ਪਵੇਗਾ, ਨੇੜੇ ਹੋਣ ਲਈ ਸੰਗੀਤ ਵੱਡਾ ਸਾਧਨ ਹੈ। ਪੰਜਾਬੀ ਗਾਇਕੀ
ਦੀਆਂ ਹਜ਼ਾਰਾਂ ਯਾਦਾਂ ਨੂੰ ਚੋਰੀ ਦੇ ਅਸਲੇ ਵਾਂਗ ਲੁਕੋ-ਲੁਕੋ ਕੇ ਰੱਖਣ ਦੀ ਕੋਸ਼ਿਸ਼ ਇਸ ਕਰਕੇ
ਕਰਦਾ ਹਾਂ ਕਿ ਇਹ ਵੀ ਕਿਤੇ ਮਾਲਾ ਦੇ ਮਣਕਿਆਂ ਵਾਂਗ ‘ਕੱਠੇ ਹੀ ਪਰੋਵਾਂ, ਪਰ ਦਾਦੀ ਜਾਂ
ਨਾਨੀ ਤੋਂ ਕਹਾਣੀਆਂ ਸੁਣਨ ਦਾ ਮਤਲਬ ਪੁਰਾਣਾ ਜ਼ਮਾਨਾ ਚੇਤੇ ਕਰਨਾ ਹੀ ਹੁੰਦਾ ਹੈ। ਇਸੇ ਲਈ
ਐਤਕੀਂ...
ਐਸ. ਅਸ਼ੋਕ ਭੌਰਾ
ਜੇ ਪੰਜਾਬ ਦਾ ਅੰਨ-ਦਾਤਾ ਕਹਾਉਣ ਵਾਲਾ ਕਿਸਾਨ ਫਾਹਾ ਲੈਣ ਲਈ ਮਜਬੂਰ ਹੋ ਰਿਹੈ ਤਾਂ ਨਿਸ਼ਚੇ
ਉਹਨੂੰ ਲੱਗਣ ਲੱਗ ਪਿਆ ਹੈ ਕਿ ਅਨਾਜ ਦੇ ਢੇਰ ਕੂੜਾ-ਕਰਕਟ ਹਨ ਤੇ ਉਹ ਦਾਤਾ ਨਹੀਂ, ਫ਼ਕੀਰ ਬਣ
ਕੇ ਰਹਿ ਗਿਆ ਹੈ। ਜਿਹੜੇ ਇਹ ਸੋਚਦੇ ਹਨ ਕਿ ਗਾਉਣਾ ਆਉਂਦਾ ਜਾਂ ਨਹੀਂ, ਕੋਈ ਫ਼ਰਕ ਨਹੀਂ
ਪੈਂਦਾ, ਰੀਲਾਂ ਭਰਵਾ ਕੇ ਗਾਇਕ ਬਣਿਆ ਜਾ ਸਕਦਾ ਹੈ ਤਾਂ ਇਨ੍ਹਾਂ ਬਾਰੇ ਇਹ ਵੀ ਕਿਹਾ ਜਾ
ਸਕਦੈ ਕਿ ਸਮਾਂ ਆਇਆ ਤਾਂ ਉਹ ਆਤਮ-ਹੱਤਿਆ ਇਸ ਕਰਕੇ ਕਰ ਲੈਣਗੇ ਕਿਉਂਕਿ ਕਰਜ਼ੇ ਦੀਆਂ ਕਿਸ਼ਤਾਂ
ਵਿਹਲੇ ਬੰਦਿਆਂ ਤੋਂ ਮੋੜ ਹੀ ਨਹੀਂ ਹੁੰਦੀਆਂ। ਧਿਆਨ ਨਾਲ ਵੇਖਿਓ, ਅੱਜ ਕੱਲ੍ਹ ਪੰਜਾਬੀ
ਗਾਇਕੀ ਦੀ ਹਾਲਤ ਇਹ ਹੈ ਕਿ ਜਿਹੜੇ ਕੁਝ ਵੀ ਨਹੀਂ ਕਰ ਸਕੇ, ਉਹ ਗਾਇਕ ਬਣਨ ਦੇ ਸਫ਼ਲਤਾ ਵਾਲੇ
ਸੁਫ਼ਨੇ ਵੇਖ ਰਹੇ ਹਨ।
ਪਹਿਲਾਂ ਚਾਬੀ ਭਰ ਕੇ ਤਵੇ ਚਲਾਉਣ ਵਾਲੀਆਂ ਮਸ਼ੀਨਾਂ ਆਈਆਂ, ਫਿਰ ਰੀਲਾਂ ਚਲਾਉਣ ਵਾਲੀਆਂ
ਟੇਪਾਂ ਬਰਾਸਤਾ ਅਰਬ ਮੁਲਕ ਧੜਾਧੜ ਵਿਹੜੇ ਆ ਵੜੀਆਂ, ਬਾਅਦ ਵਿਚ ਸੀ.ਡੀ./ਡੀ.ਵੀ.ਡੀ., ਅਤੇ
ਹੁਣ ਪੈਨ ਡਰਾਈਵ। ਜਾਪਾਨ ਇਸੇ ਵਰ੍ਹੇ ਦੇ ਅੰਤ ਤਕ ਇਹ ਕ੍ਰਿਸ਼ਮਾ ਵੀ ਕਰਨ ਵਾਲਾ ਹੈ ਕਿ
ਦੁਨੀਆਂ ਦਾ ਹਰ ਬੰਦਾ ਜਾਂ ਔਰਤ ਬਿਨਾਂ ਸੁਰ ਤੇ ਤਾਲ ਦੇ ਗਿਆਨ ਤੋਂ, ਸੁਰੀਲਾ ਗਾਇਕ ਬਣ
ਸਕਦਾ ਹੈ, ਯਾਨਿ ਇਕ ਅਜਿਹਾ ਯੰਤਰ ਕਿ ਤੁਸੀਂ ਤਰੰਨੁਮ ਵਿਚ ਗੀਤ ਭਰੋ ਤੇ ਕੁਝ ਮਿੰਟਾਂ ਵਿਚ
ਸਣੇ ਸੰਗੀਤ ਦੇ ਸੁਰੀਲੀ ਤੇ ਮਿਠਾਸ ਭਰੀ ਆਵਾਜ਼ ਵਿਚ ਸੁਣ ਸਕੋਗੇ। ਫਿਰ ਕੌਣ ਚੇਤੇ ਰੱਖੇਗਾ
ਕਿ ਕੋਈ ਲਤਾ ਮੰਗੇਸ਼ਕਰ ਵੀ ਹੁੰਦੀ ਸੀ, ਸੁਰਿੰਦਰ ਕੌਰ ਵੀ, ਯਮਲਾ, ਮਾਣਕ ਜਾਂ ਗੁਰਦਾਸ ਵੀ!
ਅਸਲ ਵਿਚ ਪੰਜਾਬੀ ਗਾਇਕੀ ਵਿਚ ਜਿੰਨੇ ਕ੍ਰਿਸ਼ਮੇ ਥੋੜ੍ਹੇ ਸਮੇਂ ਵਿਚ ਹੋਏ ਹਨ, ਉਨ੍ਹਾਂ ਦਾ
ਜਵਾਬ ਨਹੀਂ ਤੇ ਇਸ ਤਰ੍ਹਾਂ ਇਲੈਕਟ੍ਰਾਨਿਕਸ ਤੇ ਇੰਟਰਨੈਟ ਦੀ ਘੁਸਪੈਠ ਨੇ ਦੱਸ ਦਿੱਤਾ ਹੈ
ਕਿ ਚੋਰੀ ਕਰਨਾ ਨਾ ਪਾਪ ਹੁੰਦਾ, ਨਾ ਮਹਾਂਪਾਪ ਕਿਉਂਕਿ ਸਮੁੱਚੀ ਗਾਇਕੀ ਦੀ ਹਾਲਤ ਇਹ ਬਣੀ
ਹੋਈ ਹੈ ਜਿਵੇਂ ਕੋਈ ਮਰ ਰਹੇ ਬੰਦੇ ਨੂੰ ਕਹੇ, “ਜ਼ਰਾ ਨੱਚ ਕੇ ਵਿਖਾ!”
ਠੀਕ ਹੈ, ਯੁੱਗਾਂ ਨੇ ਬਦਲ ਜਾਣਾ ਹੁੰਦਾ ਹੈ ਤੇ ਸਮੇਂ ਦੀ ਚਾਲ ਵੀ ਇਕੋ ਜਿਹੀ ਨਹੀਂ ਰਹਿੰਦੀ
ਪਰ ਗਾਇਕੀ ਦਾ ਜਨਾਜ਼ਾ ਹਾਲ ਹੀ ਵਿਚ ਅੱਖਾਂ ਨਾਲ ਵੇਖਿਆ ਹੈ ਜਦੋਂ ਲੁਧਿਆਣਾ ਦੇ ਇਕ ਥੋਕ
ਵਿਕਰੇਤਾ ਨੇ ਕੈਸੇਟਾਂ ਜਾਂ ਰੀਲਾਂ ਦੇ ਤਿੰਨ ਟਰੱਕ, ਚਾਰ ਰੁਪਏ ਕਿਲੋ ਦੇ ਹਿਸਾਬ ਨਾਲ
ਕਬਾੜੀਆਂ ਨੂੰ ਵੇਚੇ। ਇਨ੍ਹਾਂ ਰੀਲਾਂ ਵਿਚ ਉਹ ਆਵਾਜ਼ਾਂ ਵੀ ਸਨ ਜੋ ਆਪਣੇ ਸਮੇਂ ਦੀਆਂ ਮਹਾਨ
ਸੁਰਾਂ ਹੀ ਨਹੀਂ ਸਗੋਂ ਗਾਇਕੀ ਦਾ ਇਤਿਹਾਸ ਮੰਨੇ ਜਾਂਦੇ ਹਨ। ਟੋਟਕਾ ਇਹ ਹੈ ਕਿ ਐਚ.ਐਮ.ਵੀ.
ਵਰਗੀ ਕੰਪਨੀ ਨੂੰ ਛੱਡ ਕੇ ਬਾਕੀ ਦੀਆਂ ਬਹੁਤੀਆਂ ਕੰਪਨੀਆਂ ਨੇ ਪੁਰਾਣਾ ਇਤਿਹਾਸ ਵਿਗਿਆਨ ਦੇ
ਨਵੇਂ ਯੰਤਰਾਂ ਵਿਚ ਸੰਭਾਲਿਆ ਹੀ ਨਹੀਂ।
ਉਪਰਲੇ ਸਿਰਲੇਖ ਤੋਂ ਲੱਗਦਾ ਹੈ ਜਿਵੇਂ ਕੋਈ ਕਵੀ ਇਕ ਲੱਤ ਕਸ਼ਮੀਰ ਵਿਚ ਤੇ ਦੂਜੀ ਕੰਨਿਆ
ਕੁਮਾਰੀ ਦੀ ਹਿੱਕ ‘ਤੇ ਰੱਖ ਰਿਹਾ ਹੋਵੇ, ਪਰ ਜਗਤ ਤਮਾਸ਼ੇ ਦੇ ਦੌਰ ਵਿਚ ਗੱਲਾਂ ਤਾਂ ਭਾਵੇਂ
ਹਲਕੀਆਂ-ਫੁਲਕੀਆਂ ਲੱਗਣ ਪਰ ਇਹ ਹੁੰਦੀਆਂ ਬੜੀਆਂ ਵਜ਼ਨਦਾਰ ਹਨ। ਸਾਧਾਂ ਨੇ ਪਹਿਲਾਂ ਭੰਗ ਪੀਣ
ਦੀ ਆਦਤ ਤਾਂ ਇਸ ਕਰਕੇ ਪਾਈ ਸੀ ਕਿ ਰੱਬ ਨਾਲ ਇਕ-ਮਿਕ ਛੇਤੀ ਹੋਇਆ ਜਾ ਸਕੇ ਪਰ ਅੱਜ ਦੇ
ਹਾਲਾਤ ਇਹ ਹਨ ਕਿ ਸਾਧ ਭੰਗ ਬਿਨਾਂ ਰਹਿ ਨਹੀਂ ਸਕਦੇ। ਗਾਇਕੀ ਦੇ ਦੋ ਅਲੱਗ-ਅਲੱਗ ਰਾਹਾਂ ਦੇ
ਨਾਂ ਹਨ-ਮਾਣਕ ਤੇ ਚਮਕੀਲਾ, ਪਰ ਸਰੋਤਿਆਂ ਦੀ ਸੰਗਤ ਨਾਲ ਦੋਹਾਂ ਦਾ ਮੇਲ-ਮਿਲਾਪ ਮੈਂ ਆਪਣੇ
ਢੰਗ ਨਾਲ ਕਰਵਾਉਣ ਲੱਗਾ ਹਾਂ। ਪੰਜਾਬੀ ਗਾਇਕੀ ਦਾ ਇਹ ਵੀ ਅੰਕੜਾ ਹੈ ਕਿ ਚਮਕੀਲੇ ਯਾਨਿ ਅਮਰ
ਸਿੰਘ ਚਮਕੀਲਾ ਤੇ ਅਮਰਜੋਤ ਨੂੰ ਤੁਰ ਗਿਆਂ ਨੂੰ 23 ਸਾਲ ਹੋ ਗਏ ਹਨ ਪਰ ਉਨ੍ਹਾਂ ਨੂੰ ਸੁਣਨ
ਵਾਲਿਆਂ ਦੀ ਗਿਣਤੀ ਘਟੀ ਨਹੀਂ, ਸਗੋਂ ਵਧੀ ਹੀ ਹੈ। ਜੇ ਸਤਿਸੰਗ, ਕਥਾ, ਪ੍ਰਵਚਨ ਜਾਂ ਕੀਰਤਨ
ਕਰ ਕੇ ਆਥਣੇ ਲੋਕ ਕਈ ਵਾਰ ਕਹਿੰਦੇ ਹਨ ਕਿ ਜ਼ਰਾ ਫਰੈਸ਼ ਹੋਣ ਲਈ ਦੋ ਬੋਲ ਚਮਕੀਲੇ ਦੇ ਹੀ ਸੁਣ
ਲਈਏ ਜਾਂ ਵਿਦੇਸ਼ਾਂ ਵਿਚ ਜੰਮੀ ਪੰਜਾਬੀ ਪੀੜ੍ਹੀ ਇਸ ਜੋੜੀ ਦੇ ਗੀਤਾਂ ਦੀ ਦੀਵਾਨੀ ਹੈ, ਤੇ
ਜਾਂ ਫਿਰ ਸੁਣਦੇ ਆਪਣੀਆਂ ਗੱਡੀਆਂ ਵਿਚ ਉਹ ਵੀ ਚਮਕੀਲਾ ਹਨ ਜਿਹੜੇ ਬਾਹਰ ਉਹਦੇ ਗੀਤਾਂ ਨੂੰ
‘ਲੁੱਚ-ਪਹੁ’ ਦੱਸਦੇ ਹਨ ਤਾਂ ਲੱਗਦਾ ਨਹੀਂ ਖੰਭ ਹੋਣਗੇ ਤਾਂ ਡਾਰਾਂ ਬਣਨਗੀਆਂ!
ਚਮਕੀਲਾ ਪਹਿਲਾਂ ਲੁਧਿਆਣਾ ਦੇ ਭਰਤ ਨਗਰ ਚੌਕ ਵਿਚ ਪੱਗਾਂ ਰੰਗਦਾ ਸੀ। ਫਿਰ ਕੋਟੀਆਂ-ਸਵੈਟਰ
ਬੁਣਦਾ ਰਿਹਾ ਤੇ ਫਿਰ ਜਦੋਂ ਸੁਰਿੰਦਰ ਸ਼ਿੰਦੇ ਦਾ ਸ਼ਾਗਿਰਦ ਬਣਿਆ ਤਾਂ ਉਹਦੇ ਨਾਲ
ਪ੍ਰੋਗਰਾਮਾਂ ‘ਤੇ ਜਾਣ ਲੱਗ ਪਿਆ ਪਰ ਸਿਰਫ਼ ਗੁਰੂਘਰ ਵਿਚ ਹੀ ਗੀਤ ਗਾਉਣ ਦਾ ਮੌਕਾ ਮਿਲਦਾ
ਸੀ। 1982 ਵਿਚ ਉਹਦਾ ਪਹਿਲਾ ਈ.ਪੀ. ਰਿਕਾਰਡ ਸੁਰਿੰਦਰ ਸੋਨੀਆ ਨਾਲ ਆਇਆ ਸੀ ‘ਟਕੂਏ ‘ਤੇ
ਟਕੂਆ’।
ਤੇ ਫਿਰ ਨਾਲ ਲੱਗਦੇ ਹੀ ਅਗਲੇ ਵਰ੍ਹੇ ਚਰਨਜੀਤ ਆਹੂਜਾ ਦੇ ਸੰਗੀਤ ਹੇਠ ‘ਜੀਜਾ ਲੱਕ ਮਿਣ ਲੈ’
ਤੇ ਇਸ ਐਲ.ਪੀ. ਰਿਕਾਰਡ ਨਾਲ ਚਮਕੀਲੇ ਨੇ ਦੋ-ਗਾਣੇ ਗਾਉਣ ਵਾਲੀਆਂ ਤਕਰੀਬਨ ਸਾਰੀਆਂ ਜੋੜੀਆਂ
ਨੂੰ ਧੱਕਾ ਦੇ ਕੇ ਨੰਬਰ ਦੋ ਜਾਂ ਤਿੰਨ ‘ਤੇ ਕਰ ਦਿੱਤਾ। ਉਦੋਂ ਕੰਪਨੀਆਂ ਨੇ ਨਵੀਂ-ਨਵੀਂ
ਪਿਰਤ ਪਾਈ ਸੀ ਕਿ ਤਵੇ ਤੋਂ ਪਹਿਲਾਂ ਕੈਸੇਟ ਵੀ ਮਾਰਕੀਟ ਵਿਚ ਦਿੱਤੀ ਜਾਵੇ। ਚਮਕੀਲਾ
ਲੁਧਿਆਣਾ ਦੇ ਬੱਸ ਅੱਡੇ ਦੇ ਸਾਹਮਣੇ ਦਫ਼ਤਰਾਂ ਵਿਚ ਮੈਨੂੰ ਤੇ ਸੁਖਵਿੰਦਰ ਪੰਛੀ ਨੂੰ ਟੱਕਰ
ਪਿਆ। ‘ਜੀਜਾ ਲੱਕ ਮਿਣ ਲੈ’ ਵਾਲੀ ਟੇਪ ਵਿਖਾ ਕੇ ਕਹਿਣ ਲੱਗਾ, “ਯਾਰ, ਟੇਪ ਆਈ ਐ। ਅੱਜ
ਸੁਣਨ ਨੂੰ ਟੇਪ ਰਿਕਾਰਡਰ ਨ੍ਹੀਂ ਲੱਭਦੀ।” ਦੋ-ਤਿੰਨ ਘੰਟੇ ਲੱਭਦੇ ਰਹੇ, ਗੱਲ ਨਾ ਬਣੀ। ਫਿਰ
ਪਤਾ ਲੱਗਾ ਕਿ ਦੀਦਾਰ ਸੰਧੂ ਨੇ ਗੱਡੀ ਵਿਚ ਨਵੀਂ ਟੇਪ ਰਿਕਾਰਡਰ ਫਿੱਟ ਕਰਾਈ ਐ। ਉਹ ਬੈਠਾ
ਮਾਣਕ ਦੇ ਦਫ਼ਤਰ ਪੈਗ ਲਾਵੇ।
ਪੰਛੀ ਨੇ ਦੀਦਾਰ ਦੇ ਬੁਕਿੰਗ ਕਲਰਕ ਹਰਜੀਤ ਬਿੱਲੇ ਨੂੰ ਕਿਹਾ, ‘ਘੰਟਾ ਕੁ ਚਾਬੀ ਦੇ
ਦੇਹ...।’ ਉਹ ਕਹਿਣ ਲੱਗਾ, “ਚਮਕੀਲੇ ਦੀ ਰੀਲ ਸੁਣਨ ਲਈ ਚਾਬੀ ਨ੍ਹੀਂ ਦੇਣੀ, ਇਹਨੇ ਤਾਂ
ਦੀਦਾਰ ਦੇ ਪ੍ਰੋਗਰਾਮਾਂ ਨੂੰ ਸੰਨ੍ਹ ਲਾਈ ਐ!”
ਮੈਂ ਕਿਹਾ, “ਬਿੱਲਿਆ ਦੇ ਦੇਹ, ਕਿਹੜਾ ਜਲੰਧਰ ਦੂਰਦਰਸ਼ਨੋਂ ਗੀਤ ਚਲਾਉਣ ਲੱਗੇ ਆਂ, ਅਸੀਂ
ਤਿੰਨਾਂ ਨੇ ਸੁਣਨੇ ਐ।”
“ਤੁਹਾਡੇ ਕਹੇ ‘ਤੇ ਚਾਬੀ ਦੇ ਦੇਨੈਂ ਪਰ ਇਕ ਸ਼ਰਤ ਐ ਕਿ ਬੋਤਲ ਲੱਗੂ।” ਤੇ ਚਮਕੀਲੇ ਨੇ
ਵੀਹਾਂ ਦਾ ਨੋਟ ਉਹਦੇ ਹੱਥਾਂ ‘ਤੇ ਧਰ‘ਤਾ। ਉਦੋਂ ਦੇਸੀ ਦੀ ਬੋਤਲ ਅਠਾਰਾਂ ਦੀ ਈ ਆਉਂਦੀ ਸੀ।
ਖ਼ੈਰ! ਟੇਪ ਸੁਣ ਕੇ ਮੈਂ ਚਮਕੀਲੇ ਨੂੰ ਕਿਹਾ, “ਲੱਗਦੈ ਹਵਾ ਤੇਰੇ ਹੱਕ ‘ਚ ਹੋ ਜੂ!” ਤੇ ਫਿਰ
ਇਹ ਹਵਾ ‘ਨ੍ਹੇਰੀ ਵਿਚ ਬਦਲ ਗਈ।
ਪੰਛੀ ਨੇ ਦਾਰੂ ਪੀਂਦੇ ਮਾਣਕ ਨੂੰ ਕਿਹਾ, “ਉਸਤਾਦ ਜੀ, ਚਮਕੀਲੇ ਦੀ ਟੇਪ ਆਈ ਐ। ਕਿਆ ਕਮਾਲ
ਕੀਤਾ ਉਹਨੇ ਚਰਨਜੀਤ ਆਹੂਜਾ ਨਾਲ ਰਲ ਕੇ!”
“ਕਿਹੜੀ ਟੇਪ?”
“ਜੀਜਾ ਲੱਕ ਮਿਣ ਲੈ।”
“ਜੀਜਾ ਸਾਲਾ ਟੇਲਰ ਮਾਸਟਰ ਐ...ਪਈ ਫੀਤਾ ਲੈ ਕੇ ਖੜ੍ਹੈ!!” ਮਾਣਕ ਆਪਣੇ ਟਿੱਚਰੀ ਸੁਭਾਅ
ਵਿਚ ਖਿੱਝ ਕੇ ਬੋਲਿਆ। ਇਸ ਕਰਕੇ ਵੀ ਕਿ ਮਾਣਕ ਨਾਲ ‘ਇਕ ਤੂੰ ਹੋਵੇਂ’ ਗਾਉਣ ਵਾਲੀ ਅਮਰਜੋਤ
ਹੁਣ ਚਮਕੀਲੇ ਦੀ ਵਹੁਟੀ ਵੀ ਬਣ ਗਈ ਸੀ ਯਾਨਿ ਗੁਰਮੇਲ ਕੌਰ ਦੀ ਸੌਕਣ।
ਉਸ ਦਿਨ ਮੈਂ ਮਾਣਕ ਕੋਲ ਥਰੀਕੇ ਹੀ ਰੁਕ ਗਿਆ। ਤੇ ਅਗਲੇ ਦਿਨ ਉਹਦੇ ਚਮਕੌਰ ਸਾਹਿਬ ਵਾਲੇ
ਪ੍ਰੋਗਰਾਮ ‘ਤੇ ਵੀ ਨਾਲੇ ਚੱਲ ਪਿਆ। ਉਹਦੇ ਨਾਲ ਕਾਰ ਵਿਚ ਸੁਖਵਿੰਦਰ ਪੰਛੀ ਵੀ ਬੈਠਾ ਸੀ।
ਚੇਲਾ ਬਣ ਕੇ ਤੀਹ ਰੁਪਏ ਨੂੰ ਪਿੱਛੇ ਕੋਰਸ ਬੋਲਣ ਜਾਂਦਾ ਸੀ। ਨੀਲੋਂ ਵਾਲੀ ਨਹਿਰ ‘ਤੇ ਤੂੜੀ
ਵਾਲੇ ਟਰੱਕ ਨੇ ਟਰੈਫ਼ਿਕ ਜਾਮ ਕੀਤਾ ਹੋਇਆ ਸੀ। ਹੋਰ ਰਸਤਿਓਂ ਗੱਡੀ ਕੱਢੀ ਤਾਂ ਇਕ ਪਿੰਡ ਵਿਚ
ਉਹੀ ਗੀਤ ਵੱਜੇ, “ਗੜਬੇ ਵਰਗੀ ਰੰਨ ਵੇ, ਜੀਜਾ ਲੱਕ ਮਿਣ ਲੈ...।”
ਪੰਛੀ ਤੋਂ ਫਿਰ ਨਾ ਰਿਹਾ ਗਿਆ, ਆਖਣ ਲੱਗਾ, “ਉਸਤਾਦ ਜੀ, ਆਹ ਗਾਣਾ ਐ ਜਿਹਦੀ ਮੈਂ ਕੱਲ੍ਹ
ਗੱਲ ਕਰਦਾ ਸੀ।”
ਮਾਣਕ ਨੇ ਫਿਰ ਤਾੜ੍ਹ ਕਰਦਾ ਥੱਪੜ ਪੰਛੀ ਦੇ ਮੂੰਹ ‘ਤੇ ਠੋਕ‘ਤਾ, “ਮੈਂ ਨ੍ਹੀਂ ਏਦਾਂ ਦੇ
ਗੀਤ ਸੁਣਦਾ। ਗੰਦਖਾਨਾ!” ਫਿਰ ਗੱਡੀ ਵਿਚ ਚੁੱਪ ਪਸਰ ਗਈ।
ਨੀਲੋਂ ਵਾਲੇ ਪੁਲ ‘ਤੇ ਫਿਰ ਇਹੋ ਗੀਤ ਵੱਜੇ। ਮਾਣਕ ਚੁੱਪ ਤੋੜਦਿਆਂ ਕਹਿਣ ਲੱਗਾ ਕਿ ‘ਏਦਾਂ’
ਦੇ ਗੀਤ ਢਾਈ ਦਿਨ ਹੀ ਚੱਲਦੇ ਨੇ।
ਚਮਕੌਰ ਸਾਹਿਬ ਵੜਦਿਆਂ ਫਿਰ ਰੀਲਾਂ ਦੀ ਦੁਕਾਨ ‘ਤੇ ਵੱਜੇ, “ਜੀਜਾ ਲੱਕ ਮਿਣ ਲੈ।”
ਮਾਣਕ ਨੇ ਪੰਛੀ ਵੱਲ ਅੱਖ ਘੁੰਮਾਈ ਤਾਂ ਉਹ ਹੱਸ ਪਿਆ, ਕਹਿਣ ਲੱਗਾ, “ਉਸਤਾਦ...ਹੁਣ ਕੀ ਪਤੈ
ਜੀਜਾ ਦਰਜੀ ਐ ਕਿ ਕੁਛ ਹੋਰ...।”
“ਐਵੇਂ ਸਾਲੀ ਵਾਵਰੋਲੇ ਵਾਂਙੂੰ ਹਵਾ ਹੀ ਹੁੰਦੀ ਐ, ਗੰਦ-ਗੁੰਦ ਹੂੰਝ ਕੇ ਲੈ ਜਾਂਦੀ ਆ।”
ਤੇ ਫਿਰ ਸਾਰੇ ਹੀ ਹੱਸ ਪਏ।
ਪਿੱਛੋਂ ਤੁਰਦਿਆਂ ਫਿਰ ਗੱਲ ਸ਼ੁਰੂ ਕਰ ਲਈ, ਬਾਈ, ਗੱਲ ਦੀ ਸਮਝ ਨ੍ਹੀਂ ਪੈਂਦੀ...ਪਈ
ਲੁਧਿਆਣੇ ਤੋਂ ਭੌਰੇ ਤਕ ਵੀਹ ਕੁ ਥਾਈਂ ਸਾਲਾ ਮੈਨੂੰ ਇਕੋ ਗੀਤ ਵੱਜਦਾ ਸੁਣਿਐ:
ਉਡ ਜਾ ਕਬੂਤੀਏ
ਡਾਰ ਕਾਂਵਾਂ ਦੀ ਆਉਂਦੀ ...ਤੇ
ਗੜਬੇ ਵਰਗੀ ਰੰਨ ਵੇ
ਜੀਜਾ ਲੱਕ ਮਿਣ ਲੈ...
“ਤੈਨੂੰ ਲੱਗਦੈ ਕਿ ਕੋਈ ਗੱਲ ਬਣਦੀ ਐ? ਨਾ ਬੋਲ, ਨਾ ਸਾਲੀ ‘ਵਾਜ਼। ਪਤੰਦਰ ਚਮਕੀਲੇ ਨੇ
ਸ਼ੁਦਾਈ ਕੀਤੇ ਪਏ ਐ ਲੋਕ।”
“ਤੈਨੂੰ ਕੀ? ਇਸ ਗੱਲ ਦਾ ਫ਼ਿਕਰ ਸਦੀਕ-ਰਣਜੀਤ ਕਰਨ! ਕਰਤਾਰ ਕਰੇ ਜਾਂ ਫਿਰ ਦੀਦਾਰ ਸੰਧੂ।
ਤੂੰ ਕਿਹੜਾ ਦੋ-ਗਾਣੇ ਗਾਉਂਣੇ ਆਂ! ਤੇਰੀਆਂ ਕਲੀਆਂ ਜਾਂ ਲੋਕ-ਗਾਥਾਵਾਂ ਨ੍ਹੀਂ ਫਿੱਕੀਆਂ
ਪੈਣੀਆਂ।”
“ਮੈਂ ਤਾਂ ਸਾਧਾਰਣ ਗੱਲ ਕਰਦਾਂ, ਊਂ ਮਾਣਕ ਨੂੰ ਕੀ ਪ੍ਰਵਾਹ ਆ!!” ਤੇ ਨਾਲ ਹੀ ਨਿੱਕਾ ਜਿਹਾ
ਪੈਗ ਵੀ ਖਿੱਚ ਲਿਆ।
ਚੰਨਿਆਣੀ ਪਹੁੰਚੇ ਤਾਂ ਉਸੇ ਘਰ ਵਿਚ ਪਹਿਲਾਂ ਹੀ ਚਮਕੀਲਾ ਤੇ ਅਮਰਜੋਤ ਪੁੱਜੇ ਹੋਏ ਸਨ।
ਅਮਰਜੋਤ ਨੂੰ ਵੇਖ ਕੇ ਮਾਣਕ ਫਿਰ ਖਿਝ ਗਿਆ। ਘਰਦਿਆਂ ਨੂੰ ਕਹਿਣ ਲੱਗਾ, “ਸਾਨੂੰ ਕਿਤੇ ਹੋਰ
ਬਿਠਾ ਦਿਓ।”
ਖ਼ੈਰ! ਮੇਰੇ ਲਈ ਤਾਂ ਦੋਵੇਂ ਸਾਂਝੇ ਯਾਰ ਸਨ। ਮਾਣਕ ਨੂੰ ਹੋਰ ਘਰੇ ਬਿਠਾ ’ਤਾ ਅਤੇ ਮੈਂ
ਚਮਕੀਲੇ ਨਾਲ ਉਹਦੀ ਚੜ੍ਹਦੀ ਗੁੱਡੀ ਦੀ ਮਜ਼ਬੂਤ ਡੋਰ ਦੀ ਗੱਲ ਕਰਨ ਲੱਗ ਪਿਆ। ਮਾਣਕ ਦੀ ਬਾਕੀ
ਟੀਮ ਸਣੇ ਸੁਖਵਿੰਦਰ ਪੰਛੀ, ਕੇਵਲ ਜਲਾਲ ਤੇ ਅਵਤਾਰ ਬੱਲ ਉਥੇ ਹੀ ਸੀ।
ਚਾਰ ਕੁ ਵਜੇ ਟੂਰਨਾਮੈਂਟ ਖ਼ਤਮ ਹੋ ਗਿਆ ਤੇ ਪ੍ਰਬੰਧਕਾਂ ਨੇ ਪਹਿਲਾਂ ਹੀ ‘ਜੀਜਾ ਲੱਕ ਮਿਣ
ਲੈ’ ਵਜਾ-ਵਜਾ ਕੇ ਧੂੜ ਉਡਾਈ ਪਈ ਸੀ। ਹਾਲਾਂਕਿ ‘ਇੱਛਰਾਂ’ ਧਾਹਾਂ ਮਾਰਦੀ, ਗੋਲੀ ਮਾਰੋ ਇਹੋ
ਜਿਹੇ ਬਨਾਉਟੀ ਯਾਰ ਦੇ, ਅੰਬ ਦਾ ਬੂਟਾ, ਮਾਂ ਹੁੰਦੀ ਏ ਮਾਂ...ਆਦਿ ਉਸ ਵੇਲੇ ਦੀਆਂ ਉਹਦੀਆਂ
ਅਮਰ ਰਚਨਾਵਾਂ ਨਾਲ ਪੂਰੀ ਝੰਡੀ ਵੀ ਸੀ ਪਰ ਅਨਾਊਂਸ ਇਹ ਹੋਇਆ ਕਿ ਪਹਿਲਾਂ ਮਾਣਕ ਗਾਵੇਗਾ।
ਆਲੇ-ਦੁਆਲੇ ਦੇ ਦਸਾਂ ਪਿੰਡਾਂ ਤੋਂ ਲੋਕ ਆਏ ਹੋਣਗੇ। ਗਰਾਊਂਡ ਖਚਾਖਚ ਨਹੀਂ ਬਲਕਿ ਦਰਸ਼ਕਾਂ
ਨਾਲ ਉਪਰ-ਥੱਲੇ ਹੋਈ ਪਈ ਸੀ। ਬਹੁਤਾ ਇਸ ਕਰਕੇ ਕਿ ਚਮਕੀਲਾ ਇਸ ਇਲਾਕੇ ਵਿਚ ਪਹਿਲੀ ਵਾਰ ਆਇਆ
ਸੀ।
ਭੀੜ ਨੇ ਪਾ‘ਤੀ ਰੌਲੀ...ਪਾ ਲਿਆ ਖਿਲਾਰ...ਆਵਾਜ਼ਾਂ ਕੱਸ ਹੋਣ ਲੱਗ ਪਈਆਂ, “ਮਾਣਕ ਨੂੰ
ਬਥੇਰਾ ਸੁਣ ਲਿਐ, ਇਹਨੂੰ ਨ੍ਹੀਂ ਸੁਣਨਾ, ਪਹਿਲਾਂ ਚਮਕੀਲਾ ਲਾਓ।”
ਪ੍ਰਬੰਧਕ ਬਹੁਤਾ ਕਰਕੇ ਮਾਣਕ ਦੇ ਸਤਿਕਾਰ ਵਾਲੇ ਸਨ ਪਰ ਹਿਸਾਬ-ਕਿਤਾਬ ਨਿਬੜੇ ਨਾ। ਸਾਜ਼ੀ
ਧੁਨਾਂ ਵੀ ਵਜਾਉਣ ਲੱਗ ਪਏ ਸਨ, ਪਰ ਲੋਕ ਹੱਥ ਉਪਰ ਨੂੰ ਕਰ ਕੇ ਨਾਂਹ ਕਰਨ ‘ਨਹੀਂ ਨਹੀਂ...
ਚਮਕੀਲਾ...ਚਮਕੀਲਾ।’
ਜਿਹੜੇ ਚਮਕੀਲੇ ਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤੈ ਕਿ ਨਿਮਰਤਾ ਤੇ ਚਮਕੀਲਾ ਕਦੇ ਵੀ
ਅਲੱਗ-ਅਲੱਗ ਨਹੀਂ ਸਨ ਹੋਏ। ਤੇ ਜਿਸ ਕਰਕੇ ਮੇਰੇ ਮਨ ਵਿਚ ਚਮਕੀਲੇ ਦਾ ਸਾਰੀ ਉਮਰ ਸਤਿਕਾਰ
ਬਣਿਆ ਰਿਹੈ ਅਤੇ ਮਾਣਕ ਦੀ ਵੀ ਉਹਦੇ ਪ੍ਰਤੀ ਗਰਮਾਇਸ਼ ਠੰਢੀ ਹੋਈ, ਉਹ ਚੰਨਿਆਣੀ ਪਿੰਡ ਦੀ
ਘਟਨਾ ਹੀ ਸੀ।
ਚਮਕੀਲਾ ਆਪਣੀ ਗੱਡੀ ਵਿਚੋਂ ਉਤਰ ਕੇ ਸਟੇਜ ‘ਤੇ ਆਇਆ। ਲੋਕਾਂ ਨੇ ਕਿਲਕਾਰੀਆਂ, ਚੀਕਾਂ ਦਾ
ਤੂਫਾਨ ਲਿਆ ’ਤਾ। ਉਹਨੇ ਝੁਕ ਕੇ ਦੋਵੇਂ ਹੱਥ ਮਾਣਕ ਦੇ ਪੈਰਾਂ ਨੂੰ ਲਾਏ ਅਤੇ ਮਾਇਕ ਫੜ ਕੇ
ਮੁਖ਼ਾਤਿਬ ਹੋਇਆ, “ਮਾਣਕ ਗਾਇਕੀ ਦੀ ਮਿੱਠੀ ਛਬੀਲ ਦਾ ਨਾਂ ਐ, ਸਤਿਕਾਰ ਉਹਦੇ ਲਈ ਛੋਟਾ ਸ਼ਬਦ
ਐ। ਮੈਂ ਉਹਦੇ ਪੈਰਾਂ ਵਿਚ ਸਿਰ ਰੱਖਦਾ ਹਾਂ। ਮਾਣਕ ਸ੍ਹਾਬ ਪਹਿਲਾਂ ਹੀ ਗਾਉਣਗੇ, ਜੇ ਉਹਨੂੰ
ਨਹੀਂ ਸੁਣੋਗੇ ਤਾਂ ਚਮਕੀਲਾ ਬਿਨਾਂ ਗਾਏ ਵਾਪਸ ਪਰਤ ਜਾਏਗਾ...।”
ਜਿਵੇਂ ਹਾੜ੍ਹ ਵਿਚ ਸਿਖ਼ਰ ਦੁਪਹਿਰੇ ਮੀਂਹ ਵਰ੍ਹ ਪਿਆ ਹੋਵੇ। ਭੀੜ ਚੁੱਪ ਹੋ ਗਈ ਤੇ ਮਾਣਕ
ਨੇ ‘ਕਲਗੀਧਰ ਦਾ ਥਾਪੜਾ’ ਗਾਉਣ ਤੋਂ ਪਹਿਲਾਂ ‘ਚਮਕੀਲਾ ਆਪਣਾ ਈ ਬੱਚਾ ਆ’ ਕਹਿ ਕੇ ਡੂਢ
ਘੰਟਾ ਗਾਇਆ ਤਾਂ ਜ਼ਰੂਰ, ਹਾਲਾਤ ਕਰਕੇ ਗੱਲ ਉਹ ਨ੍ਹੀਂ ਬਣੀ।
ਤੇ ਫਿਰ ਚਮਕੀਲੇ ਨੇ ਸਵਾ ਤਿੰਨ ਘੰਟੇ...ਉਪਰ ਦੀ ਥੱਲੇ ਕਰ’ਤੀ; ਠੇਕੇ ‘ਤੇ ਘਰ ਪਾ ਲੈਣਾ,
ਗੁੰਮ ਬਾਪੂ ਅਤੇ ਜੀਜਾ ਲੱਕ ਮਿਣ ਲੈ, ਸੋਹਣਿਆ ਵਿਆਹ ਕਰਵਾ ਕੇ ਵੇ ਆਦਿ ਗੀਤਾਂ ਨਾਲ ਦੋਹਾਂ
ਨੇ ਸਿੱਧ ਕਰ’ਤਾ ਕਿ ਮੁਕਾਬਲਾ ਤਾਂ ਖਿਡਾਰੀਆਂ ਦਾ ਹੋ ਕੇ ਹਟਿਆ, ਉਨ੍ਹਾਂ ਦਾ ਤਾਂ ਹੈ ਈ
ਨ੍ਹੀਂ।
ਮੁੜਦੀ ਵਾਰੀ ਟੱਲੀ ਜਿਹੇ ਹੋਏ ਮਾਣਕ ਨੂੰ ਸੁਖਵਿੰਦਰ ਪੰਛੀ ਨੇ ਫਿਰ ਟਕੋਰ ਲਾ ਕੇ ਪੁੱਛਿਆ,
“ਉਸਤਾਦ ਜੀ, ਕਿਵੇਂ...ਜੀਜਾ ਦਰਜੀ ਸੀ ਕਿ ਕੁਛ ਹੋਰ...?”
“ਚੁੱਪ ਕਰ ਉਇ, ਜੀਜਾ ਤਾਂ ਸਾਲਾ ਕੰਜਰ ਦਾ, ਕੱਪੜੇ ਸਿਉਣ ਵਾਲੀ ਵੱਡੀ ਫ਼ੈਕਟਰੀ ਦਾ ਮਾਲਕ
ਲੱਗਦੈ।” ਤੇ ਡਰਾਈਵਰ ਗੁਰਦਾਸ ਵੱਲ ਇਸ਼ਾਰਾ ਕਰ ਕੇ ਬੋਲਿਆ, “ਲਾ ਤਾਂ ਕੇਰਾਂ ਟੇਪ ਸੁਣ ਤਾਂ
ਲਈਏ ‘ਜੀਜਾ ਲੱਕ ਮਿਣ ਲੈ’ ਵਿਚ ਹੈ ਕੀ?”
ਵਿਸ਼ਵਾਸ ਹੋ ਗਿਆ ਸੀ ਕਿ ਧਰਮ ਭਾਵੇਂ ਨਾ ਵੀ ਘਟਾਵੇ ਪਰ ਸੰਗੀਤ ਵਿਰੋਧ ਘੱਟ ਜ਼ਰੂਰ ਕਰ ਦਿੰਦਾ
ਹੈ।
ਅੰਤਿਕਾ: ਚਮਕੀਲੇ ਦਾ ਵਿਰੋਧ ਵੀ ਰੱਜ ਕੇ ਹੋਇਆ ਅਤੇ ‘ਭੇਤ’ ਕੀ ਹੈ ਕਿ ਲੋਕੀਂ ਸੁਣਦੇ ਵੀ
ਹਾਲੇ ਤੀਕਰ ਰੱਜ-ਰੱਜ ਕੇ ਹੀ ਹਨ। ਅਸਲ ਵਿਚ ਬੰਦੇ ਨੂੰ ਕਿਸੇ ਵਰਗਾ ਨਹੀਂ, ਆਪਣੇ ਵਰਗਾ ਹੀ
ਹੋਣਾ ਚਾਹੀਦੈ, ਤਾਂ ਹੀ:
ਧੁੱਪ ਮੁਲਤਾਨ ਜਿੰਨੀ ਆਕੜ ਸ਼ੈਤਾਨ ਜਿੰਨੀ,
ਸ਼ਾਹੀ ਸੁਲੇਮਾਨ ਜਿੰਨੀ,
ਯੂਸਫ਼ ਜੈਸਾ ਸੋਹਣਾ ਨ੍ਹੀਂ।
ਬਾਲੀ ਜਿੰਨਾ ਜੱਬਰ,
ਲੰਕੇਸ਼ ਜਿੰਨਾ ਟੱਬਰ,
ਅਯੂਬ ਜਿੰਨਾ ਸਬਰ,
ਯਕੂਬ ਜਿੰਨਾ ਰੋਣਾ ਨ੍ਹੀਂ।
ਹੇਕ ਮਿੱਠੀ ਪਿੱਚ ਤੋਂ,
ਬੀਮਾਰੀ ਤਪਦਿਕ ਤੋਂ,
ਤੇ ਬਣੀਦਾ ਹਰਿਕ ਤੋਂ,
ਨਿਸ਼ਾਨਚੀ ਦਰੋਣਾ ਨ੍ਹੀਂ।
ਸੂਰਮਾ ਨ੍ਹੀਂ ਸ਼ੇਰ ਜੈਸਾ,
ਭੰਡਾਰੀ ਨ੍ਹੀਂ ਕੁਮੇਰ ਜੈਸਾ,
ਤੇ ਭਗਤ ਸਿਉਂ ਦਲੇਰ ਜੈਸਾ,
ਦਲੇਰ ਪੈਦਾ ਹੋਣਾ ਨ੍ਹੀਂ।
(ਬਾਬੂ ਰਜਬ ਅਲੀ)
-0-
|