ਵਿਸ਼ਵਾਸ਼ ਦੀ ਦ੍ਰਿੜ੍ਹਤਾ
ਉਹ ਆਪਣੇ ਪੁੱਤਰ ਅਤੇ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਆਪਣੇ ਘਰ
ਵਿੱਚ ਬੈਠਾ ਫਿਲਮ ਵੇਖ ਰਿਹਾ ਸੀ। ਫਿਲਮ ਦੇ ਇੱਕ ਸੀਨ ਵਿੱਚ ਫਿਲਮ ਦੇ
ਨਾਇਕ ਅਤੇ ਨਾਇਕਾ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਰਾਜਸਥਾਨ ਦੇ ਇੱਕ
ਮਾਰੂਥਲ ਵਿੱਚ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾਉਂਦੇ ਹੋਏ ਨਾਇਕ ਦੀ ਸਫਲਤਾ
ਦਾ ਜਸ਼ਨ ਮਨਾ ਰਹੇ ਸਨ।
ਉਸ ਪਰਿਵਾਰ ਨੂੰ ਰਾਜਸਥਾਨ ਦੇ ਮਾਰੂਥਲ ਵਿੱਚ ਆਪਣੀ ਸਫਲਤਾ ਦੀਆਂ ਖ਼ੁਸ਼ੀਆਂ
ਮਨਾਉਂਦੇ ਸਮੇਂ ਭਾਰਤ ਦੇ ਰਾਸ਼ਟਰੀ ਝੰਡੇ ਦੀ ਸ਼ਾਨ ਨੂੰ ਉੱਚਾ ਕਰਦਿਆਂ ਵੇਖ
ਕੇ ਉਸ ਦੇ ਅੰਦਰ ਵੀ ਰਾਸ਼ਟਰੀ ਪ੍ਰੇਮ ਦਾ ਜਜ਼ਬਾ ਠਾਠਾਂ ਮਾਰਨ ਲੱਗਾ।
“ਵਾਹ! ਕਿੰਨਾ ਅਦਭੁੱਤ ਦ੍ਰਿਸ਼ ਹੈ, ਆਪਾਂ ਵੀ ਕਿਸੇ ਦਿਨ ਇਸੇ ਤਰ੍ਹਾਂ
ਰਾਜਸਥਾਨ ਦੇ ਇੱਨ੍ਹਾਂ ਮਾਰੂਥਲਾਂ ਵਿੱਚ ਇੰਝ ਹੀ ਆਪਣੀਆਂ ਸਫਲਤਾਵਾਂ ਦੇ
ਜਸ਼ਨ ਮਨਾਵਾਂਗੇ।” ਉਸ ਦਾ ਪੁੱਤਰ ਆਪ ਮੁਹਾਰੇ ਹੀ ਬੋਲ ਉਠਿੱਆ।
“ਵਾਹਿਗੁਰੂ ਇਹੋਜਿਹੇ ਪਲ ਹਰ ਭਾਰਤ ਵਾਸੀ ਦੀ ਜ਼ਿੰਦਗੀ ਵਿੱਚ ਲਿਆਵੇ ਕਿ
ਹਰੇਕ ਭਾਰਤੀ ਨੂੰ ਭਾਰਤ ਦੇ ਰਾਸ਼ਟਰੀ ਝੰਡੇ ਲਹਿਰਾਉਂਦਿਆਂ ਆਪਣੇ ਪਰਿਵਾਰ
ਨਾਲ ਸਫਲਤਾ ਦੇ ਜਸ਼ਨ ਮਨਾਉਣ ਦਾ ਦੁਰਲੱਭ ਮੌਕਾ ਮਿਲੇ।” ਉਸ ਨੇ ਪੁੱਤਰ ਨੂੰ
ਕਿਹਾ।
“ਦੁਰਲੱਭ ਮੌਕਾ ਕਿਉਂ --- ਮੈਂ ਅਤੇ ਮੇਰੀ ਭੈਣ ਦੁਨੀਆਂ ਵਿੱਚ ਭਾਰਤ ਦੀ
ਸ਼ਾਨ ਵਧਾਉਣ ਲਈ ਬਹੁਤ ਸਾਰੇ ਕੰਮ ਕਰਾਂਗੇ ਅਤੇ ਪਰਿਵਾਰ ਦੇ ਸਾਰੇ ਮੈਂਬਰ
ਮਿਲਜੁਲ ਕੇ ਵਾਰ-ਵਾਰ ਇਸ ਫਿਲਮ ਦੇ ਨਾਇਕ, ਨਾਇਕਾ ਵਾਂਗ ਆਪਣੀਆਂ
ਸਫਲਤਾਵਾਂ ਦੇ ਜਸ਼ਨ ਮਨਾਂਵਾਂਗੇ---” ਉਸ ਦੇ ਪੁੱਤਰ ਨੇ ਪੂਰਨ ਆਤਮ ਵਿਸ਼ਵਾਸ਼
ਨਾਲ ਕਿਹਾ।
“ਪੁੱਤਰਾ! ਜ਼ਿੰਦਗੀ ਵਿੱਚ ਸਫਲਤਾਵਾਂ ਦੀਆਂ ਵੱਡੀਆਂ ਪੁਲਾਘਾਂ ਪੁੱਟਣੀਆਂ
ਇੰਨੀਆਂ ਸੌਖੀਆਂ ਨਹੀਂ ਹੁੰਦੀਆਂ---ਜ਼ਿੰਦਗੀ ਵਿੱਚ ਕਈ ਵਾਰ ਮਾਮੂਲੀ
ਜਿਹੀਆਂ ਘਾਟਾਂ ਜ਼ਿੰਦਗੀ ਦੀਆਂ ਵੱਡੀਆਂ-ਵੱਡੀਆਂ ਸਫਲਤਾਵਾਂ ਨੂੰ ਪੈਦਾ ਹੋਣ
ਤੋਂ ਪਹਿਲਾਂ ਖ਼ਤਮ ਕਰ ਦਿੰਦੀਆਂ ਹਨ---” ਉਸ ਨੇ ਆਪਣੇ ਜ਼ਿੰਦਗੀ ਦੇ
ਅਨੁਭਵਾਂ ਦੇ ਅਧਾਰ ਤੇ ਕਿਹਾ।
ਜਦੋਂ ਦੀਦੀ ਲਈ ਅਤੇ ਮੇਰੇ ਲਈ ਤੁਹਾਡਾ ਅਤੇ ਮੇਰੀ ਮਾਂ ਦਾ ਮਾਰਗ ਦਰਸ਼ਨ
ਭਰਿਆ ਆਸ਼ੀਰਵਾਦ ਹੈ ਤਾਂ ਕਿਸੇ ਵੀ ਤਰ੍ਹਾਂ ਦੀਆਂ ਘਾਟਾਂ ਸਾਡੇ ਪਰਿਵਾਰ ਦਾ
ਕੁੱਝ ਨਹੀਂ ਵਿਗਾੜ ਸਕਦੀਆਂ--- ਉਸ ਦੇ ਪੁੱਤਰ ਨੇ ਆਪਣੇ ਵਿਸ਼ਵਾਸ਼ ਨੂੰ
ਦ੍ਰਿੜ੍ਹ ਕਰਦਿਆਂ ਕਿਹਾ।
ਉਏ ਖ਼ੁਸ਼ ਕੀਤਾ ਈ ਪੁੱਤਰਾ---ਜੇਕਰ ਤੇਰਾ ਸਫਲਤਾਵਾਂ ਪ੍ਰਤੀ ਵਿਸ਼ਵਾਸ਼ ਇੰਨਾ
ਹੀ ਦ੍ਰਿੜ੍ਹ ਰਿਹਾ ਤਾਂ ਜ਼ਿੰਦਗੀ ਵਿੱਚ ਆਪਣੇ ਟੀਚਿਆਂ ਅਤੇ ਆਪਣੀਆਂ
ਸਫਲਤਾਵਾਂ ਨੂੰ ਤੁਸੀਂ ਦੋਵੇਂ ਭੈਣ-ਭਰਾ ਕੇਵਲ ਆਪਣੇ ਦੇਸ਼ ਅਤੇ ਆਪਣੇ ਦੇਸ਼
ਦੀਆਂ ਸੀਮਾਵਾਂ ਤੱਕ ਹੀ ਸੀਮਤ ਨਾ ਰੱਖਣਾ --- ਵਾਹਿਗੁਰੂ ਨੂੰ ਚਿੱਤ-ਚੇਤੇ
ਕਰਦਿਆਂ ਉਹ ਬੋਲਿਆ।
ਤੁਸੀਂ ਦੁਨੀਆਂ ਭਰ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਗੱਲ ਕਰ
ਰਹੇ ਹੋ ਬਾਪੂ ਜੀ---ਇਹ ਹੋ ਸਕਦਾ ਹੈ--- ਦੁਨੀਆਂ ਭਰ ਦੇ ਲੋਕਾਂ ਦੀ
ਜ਼ਿੰਦਗੀ ਨੂੰ ਬਿਹਤਰ ਅਤੇ ਜਿਉਣ ਯੋਗ ਬਣਾਇਆ ਜਾ ਸਕਦਾ ਹੈ--- ਇਹ ਸੰਭਵ
ਹੈ---ਕਹਿੰਦਿਆਂ ਪੁੱਤਰ ਦੇ ਵਿਸ਼ਵਾਸ਼ ਦੀ ਦ੍ਰਿੜ੍ਹਤਾ ਆਪਣੀ ਚਰਮ ਸੀਮਾ ਤੱਕ
ਪਹੁੰਚ ਰਹੀ ਸੀ।
ਘਿਰਣਾ
ਭੋਲਾ ਇੱਕ ਬਹੁਤ ਹੀ ਅਜੀਬ ਬੰਦਾ ਸੀ। ਅਜੀਬ ਇਸ ਲਈ ਕਿ ਭੋਲੇ ਨੂੰ ਕਦੇ ਵੀ
ਆਪਣੇ ਆਂਢੀਆਂ-ਗੁਆਂਢੀਆਂ ਵਿੱਚ ਕੋਈ ਦਿਲਚਸਪੀ ਨਹੀਂ ਰਹੀ ਸੀ। ਇਸੇ
ਤਰ੍ਹਾਂ ਕਿਸੇ ਆਂਢੀ-ਗੁਆਂਢੀ ਨੂੰ ਵੀ ਕਦੀ ਭੋਲੇ ਵਿੱਚ ਕੋਈ ਦਿਲਚਸਪੀ
ਨਹੀਂ ਰਹੀ ਸੀ। ਆਪਣੀ ਪੂਰੀ ਜ਼ਿੰਦਗੀ ਵਿੱਚ ਭੋਲਾ ਜਿੱਥੇ-ਜਿੱਥੇ ਵੀ ਰਿਹਾ
ਸੀ ਪੂਰੀ ਤਰ੍ਹਾਂ ਅਲੱਗ ਥਲੱਗ ਹੀ ਰਿਹਾ ਸੀ।
ਭੋਲੇ ਨੇ ਕਦੀ ਵੀ ਨਹੀਂ ਸੋਚਿਆ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਉਸ ਦਾ ਆਪਣੇ
ਸਮਾਜ, ਆਪਣੇ ਦੇਸ਼ ਜਾਂ ਆਪਣੇ ਆਪ ਪ੍ਰਤੀ ਕੋਈ ਛੋਟਾ-ਵੱਡਾ ਫ਼ਰਜ਼ ਹੈ ਜਾਂ
ਨਹੀਂ। ਸਮਾਜ ਅਤੇ ਆਂਢੀਆਂ-ਗੁਆਂਢੀਆਂ ਨੇ ਵੀ ਭੋਲੇ ਵੱਲ ਕਦੀ ਜ਼ਿਆਦਾ ਧਿਆਨ
ਨਹੀਂ ਦਿੱਤਾ ਸੀ ਕਿ ਉਹ ਕੀ ਕਰ ਰਿਹਾ ਹੈ ਅਤੇ ਕੀ ਨਹੀਂ ਕਰ ਰਿਹਾ ਹੈ।
ਉਚੇਰੀ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਭੋਲੇ ਨੂੰ ਇੱਕ ਚੰਗੀ ਤਨਖ਼ਾਹ
ਵਾਲੀ ਨੌਕਰੀ ਮਿਲ ਗਈ ਸੀ। ਚੰਗੀ ਤਨਖ਼ਾਹ ਹੋਣ ਦੇ ਬਾਵਜੂਦ ਭੋਲਾ ਅੰਤਾਂ
ਦਾ ਕੰਜੂਸ ਸੀ। ਭੋਲਾ ਹਰ ਸਮੇਂ ਇਸੇ ਤਾਕ ਵਿੱਚ ਰਹਿੰਦਾ ਸੀ ਕਿ ਕਿਸੇ
ਧਾਰਮਿਕ ਸਮਾਗਮ ਜਾਂ ਕਿਸੇ ਪਾਰਟੀ ਵਿੱਚ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ
ਮੁਫ਼ਤ ਦਾ ਖ਼ਾਣਾ ਮਿਲ ਜਾਵੇ।
ਭੋਲਾ ਆਪਣੇ ਇਸ ਤਰ੍ਹਾਂ ਦੇ ਗ਼ੈਰ ਸਮਾਜੀ ਅਤੇ ਗ਼ੈਰ ਇਨਸਾਨੀ ਵਿਵਹਾਰ ਲਈ
ਜਿੰਨਾ ਖ਼ੁਦ ਜ਼ਿੰਮੇਵਾਰ ਸੀ ਸ਼ਾਇਦ ਉੰਨੇ ਹੀ ਭੋਲੇ ਦੀਆਂ ਪਿਛਲੀਆਂ
ਦੋ-ਤਿੰਨ ਪੀੜ੍ਹੀਆਂ ਦੇ ਪੁਰਖੇ ਵੀ ਉਸ ਦੇ ਇਸ ਵਿਵਹਾਰ ਲਈ ਜ਼ਿੰਮੇਵਾਰ
ਸਨ।ਉਸ ਦੇ ਪੁਰਖੇ ਮੁਰਦਿਆਂ ਦਾ ਦਾਹ ਸੰਸਕਾਰ ਕਰਨ ਦਾ ਕੰਮ ਕਰਿਆ ਕਰਦੇ
ਸਨ। ਮੁਰਦਿਆਂ ਦਾ ਦਾਹ ਸੰਸਕਾਰ ਕਰਨ ਸਮੇਂ ਅਤੇ ਦਾਹ ਸੰਸਕਾਰ ਕਰਨ ਤੋਂ
ਬਾਅਦ ਉਸ ਦੇ ਪੁਰਖੇ ਸ਼ਰਾਬ ਵਿੱਚ ਧੁੱਤ ਰਿਹਾ ਕਰਦੇ ਸਨ। ਸ਼ਰਾਬ ਵਿੱਚ ਧੁੱਤ
ਰਹਿਣ ਦੇ ਨਾਲ-ਨਾਲ ਭੋਲੇ ਦੇ ਪੁਰਖੇ ਹਰ ਸਮੇਂ ਆਪਣੇ ਪਰਿਵਾਰ ਦੇ ਹਰੇਕ
ਮੈਂਬਰ ਨਾਲ ਲੜਾਈ ਝਗੜਾ ਵੀ ਕਰਦੇ ਰਹਿੰਦੇ ਸਨ।
ਭੋਲੇ ਨੂੰ ਸ਼ਰਾਬ ਪੀਣ ਦੀ ਤਾਂ ਆਦਤ ਨਹੀਂ ਸੀ ਪਰ ਉਹ ਹਰ ਵੇਲੇ ਘਰ ਵਿੱਚ
ਅਤੇ ਘਰ ਤੋਂ ਬਾਹਰ ਲੜਾਈ ਝਗੜਾ ਕਰਦਾ ਰਹਿੰਦਾ ਸੀ। ਦੋ-ਚਾਰ ਵਾਰ ਭੋਲੇ ਨੇ
ਘਰ ਅੰਦਰ ਅਤੇ ਘਰ ਤੋਂ ਬਾਹਰ ਕੁੱਝ ਵੱਡੇ ਝਗੜੇ ਵੀ ਕੀਤੇ ਸਨ।ਭੋਲੇ ਦੀ
ਝਗੜੇ ਕਰਨ ਦੀ ਪ੍ਰਵਿਰਤੀ ਕਾਰਨ ਘਰ ਅਤੇ ਘਰ ਤੋਂ ਬਾਹਰ ਕੋਈ ਵੀ ਬੰਦਾ
ਭੋਲੇ ਨੂੰ ਵੇਖਣਾ ਜਾਂ ਮਿਲਣਾ ਪਸੰਦ ਨਹੀਂ ਕਰਦਾ ਸੀ।ਇਸ ਤਰ੍ਹਾਂ ਭੋਲਾ
ਪੂਰੀ ਤਰ੍ਹਾਂ ਇੱਕ ਗ਼ੈਰ-ਸਮਾਜੀ ਸ਼ਖ਼ਸ਼ੀਅਤ ਬਣ ਚੁੱਕਾ ਸੀ।
ਇੱਕ ਦਿਨ ਭੋਲੇ ਦਾ ਆਪਣੇ ਪਤਨੀ ਅਤੇ ਆਪਣੀ ਧੀ ਨਾਲ ਬੜਾ ਜਮ ਕੇ ਝਗੜਾ
ਹੋਇਆ। ਮਾਂ ਅਤੇ ਧੀ ਭੋਲੇ ਲਈ ਰੋਟੀ ਬਣਾ ਕੇ ਰੱਖ ਦਿੰਦੀਆਂ ਸਨ ਅਤੇ ਭੋਲਾ
ਰੋਟੀ ਖਾ ਲੈਂਦਾ ਸੀ। ਭੋਲੇ ਨੂੰ ਰੋਟੀ ਦੇਣ ਤੋਂ ਇਲਾਵਾ ਭੋਲੇ ਦੀ ਪਤਨੀ
ਅਤੇ ਧੀ ਭੋਲੇ ਨੂੰ ਵੇਖਣ ਅਤੇ ਭੋਲੇ ਨਾਲ ਬੋਲਣ ਤੋਂ ਪੂਰੀ ਤਰ੍ਹਾਂ ਕੰਨੀ
ਕਤਰਾਉਂਦੀਆਂ ਸਨ। ਭੋਲੇ ਦੀ ਪਤਨੀ ਅਤੇ ਧੀ ਵੱਲੋਂ ਭੋਲੇ ਨਾਲ ਬਿਨਾਂ ਗੱਲ
ਕੀਤਿਆਂ ਕਿੰਨੇ ਹੀ ਦਿਨ ਲੰਘ ਗਏ ਸਨ।
ਘਰ ਵਿੱਚ ਹੋਏ ਝਗੜੇ ਕਾਰਨ ਭੋਲੇ ਵੱਲੋਂ ਘਰ ਦੇ ਬੰਦਿਆਂ ਅਤੇ ਘਰ ਤੋਂ
ਬਾਹਰਲੇ ਬੰਦਿਆਂ ਨਾਲ ਬਿਨਾਂ ਗੱਲਬਾਤ ਕੀਤਿਆਂ ਕਾਫ਼ੀ ਦਿਨ ਲੰਘ ਗਏ
ਸਨ।ਕਿੰਨੇ ਹੀ ਦਿਨ ਕਿਸੇ ਨਾਲ ਗੱਲ ਨਾ ਕਰਨ ਕਰਕੇ ਭੋਲੇ ਦੀ ਮਾਨਸਿਕ ਅਤੇ
ਸ਼ਰੀਰਕ ਹਾਲਤ ਖ਼ਰਾਬ ਜਿਹੀ ਰਹਿਣ ਲੱਗੀ ਸੀ। ਅੰਤ ਇੱਕ ਦਿਨ ਪ੍ਰੇਸ਼ਾਨ ਹੋ
ਕੇ ਉਸ ਨੇ ਆਪਣੀ ਧੀ ਨੂੰ ਕਿਹਾ, “ਤੂੰ ਮੈਨੂੰ ਘਿਰਣਾ ਕਰਦੀ ਹੈਂ।”
ਬਾਪੂ ਇਹ ਤੁਸੀਂ ਹੀ ਸੋਚੋ ਅਤੇ ਤੁਸੀਂ ਹੀ ਜਾਣੋਂ ਕਿ ਕੌਣ ਤੁਹਾਨੂੰ
ਘਿਰਣਾ ਕਰਦਾ ਅਤੇ ਤੁਸੀਂ ਕਿਸ ਨੂੰ ਘਿਰਣਾ ਕਰਦੇ ਹੋ? ਆਪਣਿਆਂ ਅਤੇ
ਦੂਜਿਆਂ ਲਈ ਜੋ ਕੁੱਝ ਤੁਸੀਂ ਕਰਦੇ ਹੋ ਅਤੇ ਤੁਸੀਂ ਸੋਚਦੇ ਹੋ ਉਹੀ ਦੂਜੇ
ਤੁਹਾਡੇ ਲਈ ਕਰਦੇ ਅਤੇ ਸੋਚਦੇ ਹਨ।” ਭੋਲੇ ਦੀ ਧੀ ਨੇ ਆਪ ਮੁਹਾਰੇ ਹੀ
ਬਿਨਾਂ ਸੋਚਿਆਂ ਭੋਲੇ ਨੂੰ ਕਹਿ ਦਿੱਤਾ ਸੀ।
ਆਪਣੇ ਧੀ ਦੇ ਮੂਹੋਂ ਆਪ ਮੁਹਾਰੇ ਨਿਕਲੇ ਸ਼ਬਦਾਂ ਨੂੰ ਸੁਣ ਕੇ ਭੋਲਾ
ਡੂੰਘੀਆਂ ਸੋਚਾਂ ਵਿੱਚ ਪੈ ਗਿਆ ਸੀ।ਹੁਣ ਭੋਲੇ ਦੇ ਮਨ ਵਿੱਚ ਵਾਰ-ਵਾਰ ਇਹ
ਵਿਚਾਰ ਚੱਕਰ ਲਾ ਰਹੇ ਸਨ ਕਿ ਘਰ ਦੇ ਮੈਂਬਰ ਅਤੇ ਬਾਹਰਲੇ ਲੋਕ ਉਸ ਨੂੰ ਉਸ
ਤੋਂ ਕਿਤੇ ਵੱਧ ਘਿਰਣਾ ਕਰਦੇ ਹੋਣਗੇ ਜਿੰਨੀ ਘਿਰਣਾ ਉਹ ਖ਼ੁਦ ਲੋਕਾਂ ਨੂੰ
ਕਰਦਾ ਹੈ।
ਅਰਸ਼ਦ ਮਹਿਮੂਦ ਨੰਦਨ
ਲਾਲ ਬਹਾਦੁਰ ਸ਼ਾਸ਼ਤਰੀ ਪ੍ਰਸ਼ਾਸ਼ਨ ਅਕਾਦਮੀ
ਮਸੂਰੀ-248179
ਉੱਤਰਾਖੰਡ (ਭਾਰਤ)
ਫੋਨ : + 91 9258767760
E-Mail :
arshadnandan@lbsnaa.ernet.in
|