(ਇਹ ਚੈਪਟਰ ਕਰਤਾਰ ਸਿੰਘ ਸਰਾਭਾ ਦੀ ਹੁਣੇ ਛਪੀ ਜੀਵਨੀ ‘ਗ਼ਦਰੀ ਜਰਨੈਲ-ਕਰਤਾਰ ਸਿੰਘ
ਸਰਾਭਾ’ ਵਿਚੋਂ ਲਿਆ ਗਿਆ ਹੈ। ਜੀਵਨੀ ‘ਸੰਗਮ ਪਬਲੀਕੇਸ਼ਨਜ਼, ਐਸ ਸੀ ਓ 94-95 (ਬੇਸਮੈਂਟ)
ਨਿਊ ਲੀਲਾ ਭਵਨ ਪਟਿਆਲਾ-147001, ਫ਼ੋਨ -0175-2305347, 9915103490,9815243917 ਤੋਂ
ਮਿਲ ਸਕਦੀ ਹੈ)
ਜਿਹੜੀ ਮਾਈ ਦੇ ਪੁੱਤ
ਕਪੁੱਤ ਹੋਵਣ, ਧੱਕੇ ਠੋਕਰਾਂ ਦਰ ਦਰ ਖਾਂਵਦੀ ਏ।
ਬਾਗ਼ ਮੇਲਿਆਂ ਟਹਿਕਦੇ ਫੁੱਲ ਵਾਂਗੂੰ, ਭਰੀ ਮਹਿਕ ਚੁਫ਼ੇਰਿਓਂ ਆਂਵਦੀ ਏ।
ਚੈਹਕਣ ਬੁਲਬੁਲਾਂ ਤੇ ਪੌਣ ਮੋਰ ਪੈਲਾਂ, ਕੋਇਲ ਗੀਤ ਆਜ਼ਾਦੀ ਦੇ ਗਾਂਵਦੀ ਏ।
ਵਾਂਗ ਬੰਸਰੀ ਦੇ ਮਿੱਠ ਬੋਲੜੀ ਇਹ, ਦਿਲਾਂ ਸਾਰਿਆਂ ਨੂੰ ਮੋਂਹਦੀ ਜਾਂਵਦੀ ਏ।
ਨਾਨਕ ਸਿੰਘ ਨਾਵਲਕਾਰ ਨੇ ਆਪਣੇ ਨਾਵਲ ‘ਇਕ ਮਿਆਨ ਦੋ ਤਲਵਾਰਾਂ’ ਵਿੱਚ ਕਰਤਾਰ ਸਿੰਘ ਸਰਾਭੇ
ਦੇ ਕਿਰਦਾਰ ਨੂੰ ਆਧਾਰ ਬਣਾ ਕੇ ਗ਼ਦਰ ਪਾਰਟੀ ਦਾ ਗਾਲਪਨਿਕ ਇਤਿਹਾਸ ਲਿਖਣ ਦਾ ਵਧੀਆ ਉੱਦਮ
ਕੀਤਾ ਸੀ। ਸਥਾਪਤ ਤਾਕਤਾਂ ਨੇ ਗ਼ਦਰ ਲਹਿਰ ਦੇ ਇਨਕਲਾਬੀ
ਇਤਿਹਾਸ ਨੂੰ ਹਾਸ਼ੀਏ
‘ਤੇ ਧੱਕ ਦਿੱਤਾ ਸੀ। ਅਜਿਹੀ ਸੂਰਤ ਵਿੱਚ ਆਮ ਲੋਕ ਇਸ ਲਹਿਰ ਬਾਰੇ ਬਹੁਤਾ ਨਹੀਂ ਜਾਣਦੇ।
ਜਿਸ ਵੇਲੇ ਨਾਨਕ ਸਿੰਘ ਨੇ ਇਹ ਨਾਵਲ ਲਿਖਿਆ ਉਦੋਂ ਤੱਕ ਤਾਂ ਇਹ ਇਤਿਹਾਸ ਵਿਰਲੇ ਲੋਕਾਂ ਨੂੰ
ਹੀ ਪਤਾ ਸੀ। ਹਾਲਾਤ ਦੀ ਸਿਤਮਜ਼ਰੀਫ਼ੀ ਇਹ ਸੀ ਕਿ ਲਹਿਰ ਵਿੱਚ ਕੁਰਬਾਨ ਹੋਣ ਵਾਲੇ
ਸ਼ਹੀਦਾਂ-ਸੂਰਬੀਰਾਂ ਦੀ ਇਤਿਹਾਸਕ ਦੇਣ ਬਾਰੇ ਉਹਨਾਂ ਦੇ ਆਪਣੇ ਪਿੰਡਾਂ/ਸ਼ਹਿਰਾਂ ਅਤੇ
ਉਹਨਾਂ ਦੇ ਪਰਿਵਾਰਾਂ ਤੱਕ ਨੂੰ ਵੀ ਪਤਾ ਨਹੀਂ ਸੀ। ਨਾਨਕ ਸਿੰਘ ਕਿਉਂਕਿ ਬਹੁਤ ਲੋਕ-ਪ੍ਰਿਅ
ਨਾਵਲਕਾਰ ਸੀ ਅਤੇ ਪੰਜਾਬੀ ਪਾਠਕ ਉਹਦੇ ਨਵੇਂ ਨਾਵਲ ਦੀ ਉਡੀਕ ਬੜਾ ਹੁੱਬ ਕੇ ਕਰਦੇ ਸਨ; ਇਸ
ਲਈ ਜਦੋਂ ਉਸ ਨੇ ਇਹ ਨਾਵਲ ਲਿਖਿਆ ਤਾਂ ਜਿਹੜੇ ਪਾਠਕ ਗ਼ਦਰ ਲਹਿਰ ਦੇ ਇਤਿਹਾਸ ਦੇ ਮੂਲੋਂ
ਜਾਣਕਾਰ ਨਹੀਂ ਸਨ, ਉਹਨਾਂ ਨੂੰ ਪਹਿਲੀ ਵਾਰ ਇਸ ਇਤਿਹਾਸ ਅਤੇ ਇਸਦੇ ਮਹੱਤਵ ਦਾ ਪਤਾ ਲੱਗਾ।
ਮੈਨੂੰ ਖ਼ੁਦ ਸਭ ਤੋਂ ਪਹਿਲਾਂ ਆਪਣੇ ਪਿੰਡ ਸੁਰ ਸਿੰਘ ਦੇ ਗ਼ਦਰੀ ਸ਼ਹੀਦਾਂ ਬਾਰੇ ਨਾਨਕ
ਸਿੰਘ ਦੇ ਨਾਵਲ ਤੋਂ ਹੀ ਪਤਾ ਲੱਗਾ ਸੀ ਅਤੇ ਉਸਤੋਂ ਬਾਅਦ ਹੀ ਮੈਂ ਇਸ ਇਤਿਹਾਸ ਦਾ ਬਾਕਾਇਦਾ
ਅਧਿਅਨ ਕਰ ਕੇ ਹੋਰ ਜਾਣਕਾਰੀ ਹਾਸਿਲ ਕਰਨ ਵੱਲ ਰੁਚਿਤ ਹੋਇਆ ਸਾਂ।
ਉਸ ਨਾਵਲ ਵਿੱਚ ਨਾਨਕ ਸਿੰਘ ਨੇ ਗ਼ਦਰ ਲਹਿਰ ਦੇ ਹਮਦਰਦ ਸਾਥੀ ਦੀ ਭੈਣ ਤੇ ਗ਼ਦਰ ਲਹਿਰ ਨੂੰ
ਸਮਰਪਤ ਲੜਕੀ ਬੀਰੀ ਨਾਲ ਕਰਤਾਰ ਸਿੰਘ ਸਰਾਭੇ ਦੇ ਪ੍ਰੇਮ-ਸੰਬੰਧਾਂ ਦਾ ਗਲਪ-ਬਿੰਬ ਸਿਰਜਿਆ
ਹੈ। ਇਹ ਦੋਵੇਂ ਪਾਤਰ ਕਾਲਪਨਿਕ ਹਨ। ਨਾਵਲ ਨੂੰ ਪੜ੍ਹਨਯੋਗ ਬਨਾਉਣ ਲਈ ਪ੍ਰੇਮ-ਪ੍ਰਸੰਗਾਂ ਦੇ
ਬਿਰਤਾਂਤ ਦਾ ਰਾਂਗਲਾ ਛੱਟਾ ਦੇਣਾ ਪੰਜਾਬੀ ਨਾਵਲ ਦੀ ਮੁੱਖ ਜੁਗਤ ਰਹੀ ਹੈ। ਨਾਵਲੀ ਦਿਲਚਸਪੀ
ਦੇ ਪੱਖੋਂ ਤਾਂ ਭਾਵੇਂ ਸਰਾਭਾ-ਬੀਰੀ ਦੇ ਪ੍ਰੇਮ ਪ੍ਰਸੰਗ ਦੀ ਜਿੰਨੀ ਮਰਜ਼ੀ ਵਾਜਬੀਅਤ ਬਣਦੀ
ਹੋਵੇ ਪਰ ਕੀ ਕਰਤਾਰ ਸਿੰਘ ਸਰਾਭੇ ਦੇ ਹਰ ਪਲ ਗ਼ਦਰ ਲਹਿਰ ਦੀ ਉਸਾਰੀ ਵਿੱਚ ਜੁੱਟੇ ਰਹਿਣ
ਕਰਕੇ ਕਿਸੇ ਕੁੜੀ ਨਾਲ ਪਿਆਰ ਕਰਨ ਦੀ ਸੰਭਾਵਨਾ ਜਾਂ ਗੁਜਾਇਸ਼ ਬਣਦੀ ਵੀ ਹੈ? ਉਹ ਗ਼ਦਰ
ਲਹਿਰ ਦਾ ਮੁੱਖ ਆਗੂ ਸੀ ਅਤੇ ਉਸਦੇ ਸਾਰੇ ਦਿਨ-ਰਾਤ ਆਪਣੇ ਮਕਸਦ ਲਈ ਸਮਰਪਤ ਸਨ।
ਪੰਜਾਹ-ਪੰਜਾਹ ਮੀਲ ਰੋਜ਼ ਸਾਈਕਲ ਚਲਾਉਣ ਵਿੱਚ ਜੁੱਟਾ ਰਹਿਣ ਵਾਲਾ ਤੇ ਪਿੰਡ-ਪਿੰਡ,
ਸ਼ਹਿਰ-ਸ਼ਹਿਰ ਗ਼ਦਰ ਦਾ ਪਰਚਾਰ ਕਰਨ ਵਾਲਾ ਸਰਾਭਾ ਪਿਆਰ ਕਰਨ ਲਈ ਕਿੰਨੀ ਕੁ ਵਿਹਲ ਕੱਢ
ਸਕਦਾ ਸੀ! ਦੂਜਾ ਉਸਦੇ ਕਿਸੇ ਵੀ ਸਾਥੀ ਨੇ ਸਰਾਭੇ ਦੇ ਕਿਸੇ ਪ੍ਰੇਮ-ਪ੍ਰਸੰਗ ਦੀ ਕਿਤੇ ਵੀ
ਪੁਸ਼ਟੀ ਤਾਂ ਕੀ ਕਰਨੀ ਸੀ, ਸੰਕੇਤ ਤੱਕ ਨਹੀਂ ਕੀਤਾ। ਜਿੱਥੇ ਉਹਦੀ ਬਹੁਰੰਗੀ ਸ਼ਖ਼ਸਅੀਤ
ਬਾਰੇ ਉਹਦੇ ਅਨੇਕਾਂ ਸਾਥੀਆਂ ਨੇ ਖੁੱਲ੍ਹ ਕੇ ਜਿ਼ਕਰ ਕੀਤਾ ਹੈ, ਓਥੇ ਅਜਿਹੇ ਕਿਸੇ
ਪ੍ਰੇਮ-ਪ੍ਰਸੰਗ ਵੱਲ ਕਿਸੇ ਨੇ ਉੱਡਦਾ ਜਿਹਾ ਇਸ਼ਾਰਾ ਵੀ ਨਹੀਂ ਕੀਤਾ।
ਸਾਡਾ ਮਤਲਬ ਇਹ ਨਹੀਂ ਕਿ ਕੋਈ ਇਨਕਲਾਬੀ ਪਿਆਰ ਨਹੀਂ ਕਰ ਸਕਦਾ ਜਾਂ ਉਸਨੂੰ ਇਨਕਲਾਬ ਦੇ ਰਾਹ
‘ਤੇ ਤੁਰਦਿਆਂ ਪਿਆਰ ਕਰਨ ਦੀ ਮਨਾਹੀ ਹੈ। ਪਿਆਰ ਕਰਨਾ ਮਨੁੱਖ ਦੀ ਬੁਨਿਆਦੀ ਫਿ਼ਤਰਤ ਹੈ।
ਪਿਆਰ ਮਨੁੱਖ ਨੂੰ ਵਧੇਰੇ ਸੰਵੇਦਨਸ਼ੀਲ ਤੇ ਜਿ਼ੰਦਗੀ ਨੂੰ ਵਧੇਰੇ ਪਿਆਰ ਕਰਨ ਤੇ ਮਾਨਣਯੋਗ
ਬਣਾਉਂਦਾ ਹੈ। ਔਰਤ-ਮਰਦ ਦਾ ਪਿਆਰ ਤੇ ਜਿਸਮਾਨੀ ਰਿਸ਼ਤਾ ਜਿ਼ੰਦਗੀ ਦੀ ਬੁਨਿਆਦੀ ਹਕੀਕਤ ਹੈ।
ਜਿਸ ਉਮਰ ਵਿੱਚੋਂ ਉਸ ਸਮੇਂ ਸਰਾਭਾ ਲੰਘ ਰਿਹਾ ਸੀ, ਅਜਿਹੇ ਰੁਮਾਂਚਿਕ ਜਜ਼ਬਿਆਂ ਤੇ
ਭਾਵਨਾਵਾਂ ਦੇ ਉਗਮਣ ਲਈ ਇਹ ਉਮਰ ਬੜੀ ਜਰਖ਼ੇਜ਼ ਹੁੰਦੀ ਹੈ। ਪਰ ਜ਼ਰੂਰੀ ਸੀ ਕਿ ਸਰਾਭੇ ਦਾ
ਮਨ ਇਹਨਾਂ ਜਜ਼ਬਿਆਂ ਦੇ ਜਨਮਣ/ਉਗਮਣ ਲਈ ਉਸ ਵੇਲੇ ਖਾਲੀ ਵੀ ਹੁੰਦਾ। ਖਾਲੀ ਜ਼ਮੀਨ ਵਿੱਚ ਹੀ
ਨਵੀਂ ਫ਼ਸਲ ਬੀਜੀ ਜਾ ਸਕਦੀ ਹੈ। ਉਸਦਾ ਮਨ ਤਾਂ ਪੂਰੀ ਤਰ੍ਹਾਂ ਆਜ਼ਾਦੀ ਤੇ ਕੁਰਬਾਨੀ ਦੇ
ਜਜ਼ਬੇ ਨਾਲ ਲਬਾਲਬ ਭਰਿਆ ਹੋਇਆ ਸੀ। ਉਸਦੇ ‘ਭਰੇ ਹੋਏ ਭਾਂਡੇ’ ਵਿੱਚ ਉਸ ਵੇਲੇ ਹੋਰ ਕੁਝ
ਪੈਣ ਦੀ ਗੁੰਜਾਇਸ਼ ਹੀ ਨਹੀਂ ਸੀ। ਅਜਿਹੇ ਪਿਆਰ-ਸੰਬੰਧ ਸਿਰਜਣ ਲਈ ਉਸ ਕੋਲ ਨਾ ਹੀ ਵਿਹਲ ਸੀ
ਤੇ ਨਾ ਇਸ ਰਿਸ਼ਤੇ ਨੂੰ ਸਿਰੇ ਚੜ੍ਹਾ ਸਕਣ ਦੀ ਉਸਨੂੰ ਕੋਈ ਉਮੀਦ ਹੋ ਸਕਦੀ ਸੀ। ਅਜਿਹੀ
ਸੂਰਤ ਵਿੱਚ ਜੇ ਰਾਹ ਜਾਂਦਿਆਂ ਕਿਸੇ ਕੁੜੀ ਨੇ ਉਸਨੂੰ ਅਜਿਹਾ ਸੰਕੇਤ ਦਿੱਤਾ ਵੀ ਹੋਵੇਗਾ
ਤਾਂ ਉਸ ਵਰਗਾ ਬੁਲੰਦ ਕਿਰਦਾਰ ਇਨਕਲਾਬੀ ਇਸ ਸੰਕੇਤ ਦਾ ਹੁੰਗਾਰਾ ਭਰ ਕੇ ਕੁੜੀ ਦਾ ਜੀਵਨ
ਬਰਬਾਦ ਕਰਨ ਲਈ ਰਾਜ਼ੀ ਨਹੀਂ ਸੀ ਹੋ ਸਕਦਾ। ਨਾਵਲ ਵਿਚਲੀ ਮੁਟਿਆਰ ਬੀਰੀ ਨਾਲ ਸਰਾਭੇ ਦੇ
ਪਿਆਰ ਸੰਬੰਧਾਂ ਦੀ ਹਕੀਕਤ ਵੇਲੇ ਦੀਆਂ ਲੋੜਾਂ ਤੇ ਮਜਬੂਰੀਆਂ ਕਾਰਨ ਯਥਾਰਥ ਦੇ ਘੇਰੇ ਵਿੱਚ
ਨਹੀਂ ਆਉਂਦੀ। ਏਸੇ ਕਰਕੇ ਬਾਬਾ ਸੋਹਨ ਸਿੰਘ ਭਕਨਾ ਨੂੰ ਇਸ ਬਾਰੇ ਕਹਿਣਾ ਪਿਆ ਸੀ:
‘ਕਰਤਾਰ ਸਿੰਘ ਸਰਾਭਾ ਗ਼ਦਰ ਪਾਰਟੀ ਦੀ ਰੂਹ ਸੀ। ਉਹ ਪਾਰਟੀ ਦਾ ਸਕੱਤਰ ਤੇ ‘ਗ਼ਦਰ ਦੀ ਗੂੰਜ‘
ਅਖ਼ਬਾਰ ਦਾ ਐਡੀਟਰ ਸੀ। ਉਹ ਬੜਾ ਨਿਧੜਕ ਤੇ ਦਲੇਰ ਨੌਜਵਾਨ ਸੀ। ਉਸ ਅੰਦਰ ਦੇਸ਼ ਭਗਤੀ ਕੁੱਟ
ਕੁੱਟ ਕੇ ਭਰੀ ਹੋਈ ਸੀ। ਉਹ ਦੇਸ਼ ਦੀ ਖ਼ਾਤਰ ਹੀ ਜੀਉਂਦਾ ਸੀ ਤੇ ਦੇਸ਼ ਦੀ ਖ਼ਾਤਰ ਹੀ ਮਰਿਆ ਸੀ।
ਉਸ ਦਾ ਕਿਸੇ ਕੁੜੀ ਨਾਲ ਪਿਆਰ ਵਰਗਾ ਸਬੰਧ ਨਹੀਂ ਸੀ। ਹਾਂ ਉਸ ਨਾਲ ਕਈ ਕੁੜੀਆਂ ਉਸ ਦੇ ਕੰਮ
ਵਿੱਚ ਹੱਥ ਵਟਾਉਂਦੀਆਂ ਸਨ। ਉਸਦਾ ਕੁੜੀਆਂ ਨਾਲ ਵਾਹ ਪੈਂਦਾ ਸੀ ਪਰ ਉਸ ਦਾ ਸਬੰਧ ਕੇਵਲ
ਉਹਨਾਂ ਤੋਂ ਦੇਸ਼ ਭਗਤੀ ਦੇ ਕੰਮਾਂ ਲਈ ਮਦਦ ਲੈਣ ਤੱਕ ਹੀ ਸੀਮਤ ਸੀ। ਉਹ ਜੇਲ੍ਹ ਵਿੱਚ ਮੇਰੇ
ਨਾਲ ਹੀ ਸੀ। ਉਥੇ ਉਸਨੂੰ ਨਾਨਕ ਸਿੰਘ ਨਾਵਲਿਸਟ ਦੇ ਵਰਨਣ ਵਾਂਗ ਕੋਈ ਅਜਿਹੀ ਕੁੜੀ ਮਿਲਣ
ਨਹੀਂ ਆਈ। ਇਹ ਘਟਨਾ ਨਾਨਕ ਸਿੰਘ ਦੇ ਆਪਣੇ ਦਿਮਾਗ ਦੀ ਕਾਢ ਹੈ। ਨਾਵਲਕਾਰ ਆਮ ਤੌਰ ‘ਤੇ
ਆਪਣੇ ਨਾਵਲਾਂ ਨੂੰ ਸੁਆਦਲਾ ਬਣਾਉਣ ਲਈ ਵਿਰੋਧੀ ਲਿੰਗਾਂ ਦੇ ਪਿਆਰ ਜਿਹੇ ਪਰਸਪਰ ਸਬੰਧਾਂ
ਦੀਆਂ ਕਹਾਣੀਆਂ ਛੇੜ ਲੈਂਦੇ ਹਨ।’
‘ਜੇ ਇਹ ਕਿਹਾ ਜਾਵੇ ਕਿ ਨਾਨਕ ਸਿੰਘ ਨੇ ਸਰਾਭੇ ਦੀ ਪਾਤਰ ਉਸਾਰੀ ਨੂੰ ਵਧੇਰੇ ਪ੍ਰਭਾਵਸ਼ਾਲੀ
ਬਣਾਉਣ ਲਈ ਉਹਨਾਂ ਦੇ ਪਿਆਰ ਦਾ ਵਰਨਣ ਕਰਕੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਸਰਾਭੇ ਨੂੰ
ਕਿਸੇ ਕੁੜੀ ਦਾ ਪਿਆਰ ਵੀ ਮੋਹ ਨਹੀਂ ਸੀ ਸਕਦਾ। ਉਹ ਤੇ ਦੇਸ਼ ਪਿਆਰ ਦਾ ਦੀਵਾਨਾ ਸੀ, ਇਸੇ
ਕਰਕੇ ਆਪਣੀ ਪ੍ਰੇਮਿਕਾ ਦੀ ਪਰਵਾਹ ਨਹੀਂ ਕੀਤੀ ਤੇ ਦੇਸ਼ ਦੀ ਖ਼ਾਤਰ ਮਰ ਜਾਣਾ ਚੰਗਾ ਸਮਝਿਆ,
ਤਾਂ ਇਹ ਵੀ ਇੰਨਾ ਫ਼ਬਦਾ ਨਹੀਂ ਕਿਉਂਕਿ ਸਰਾਭੇ ਦਾ ਪਾਤਰ ਪਹਿਲਾਂ ਹੀ ਲਾਸਾਨੀ ਹੈ, ਜਿਸ ਨੇ
ਆਪਣੇ ਦੇਸ਼-ਪਿਆਰ ਦੇ ਆਦਰਸ਼ ਖ਼ਾਤਰ ਉਨੀਂ ਸਾਲਾਂ ਦੀ ਉਮਰ ਵਿੱਚ ਫਾਂਸੀ ਦੇ ਰੱਸੇ ਨੂੰ ਹੱਸਦੇ
ਹੱਸਦੇ ਗੱਲ ਵਿੱਚ ਪਾ ਲਿਆ। ਉਸਦਾ ਅਸਲ ਪਿਆਰ ਦੇਸ਼ ਨਾਲ ਸੀ। ਉਸੇ ਖ਼ਾਤਰ ਉਸ ਨੇ ਜਾਨ ਲਾ
ਦਿੱਤੀ।’1
ਬਾਬਾ ਹਰਿਭਜਨ ਸਿੰਘ ਚਮਿੰਡਾ ਇਕ ਹੋਰ ਪ੍ਰਸੰਗ ਵਿੱਚ ਦੱਸਦੇ ਹਨ ਕਿ ਇਕ ਵਾਰ ਅਮਰੀਕਾ ਵਿੱਚ
ਕਿਸੇ ਸੋਹਣੀ ਕੁੜੀ ਨੇ ਸਰਾਭੇ ਅੱਗੇ ਸ਼ਾਦੀ ਦਾ ਪ੍ਰਸਤਾਵ ਰੱਖਿਆ ਤਾਂ ਉਸਨੂੰ ਸਰਾਭੇ ਨੇ
ਕੁਝ ਇਸ ਅੰਦਾਜ਼ ਵਿੱਚ ਠੁਕਰਾ ਦਿੱਤਾ ਸੀ:
ਜਦੋਂ ਅਮਰੀਕਾ ਵਿਚ ਇਕ ਹੁਸਨ ਮਤੀ ਨੌਜਵਾਨ ਕੁੜੀ ਨੇ ਉਸਦੇ ਸਾਹਮਣੇ ਸ਼ਾਦੀ ਦਾ ਪ੍ਰਸਤਾਵ
ਰੱਖਿਆ ਤਾਂ ਆਪ ਨੇ ਕਿਹਾ ਸੀ, “ਮੈਂ ਦੇਸ਼ ਦੀ ਅਜ਼ਾਦੀ ਲਈ ਜੱਦੋ ਜਹਿਦ ਕਰਨੀ ਚਾਹੁੰਦਾ ਹਾਂ।
ਇਸ ਰਾਹ ਪਰ ਤੁਰਨ ਵਾਲਿਆਂ ਨੂੰ ਮੌਤ ਹੀ ਨਸੀਬ ਹੋਇਆ ਕਰਦੀ ਹੈ। ਇਸ ਕਰਕੇ ਮੈਂ ਮੌਤ ਲਾੜੀ
ਨਾਲ ਹੀ ਸ਼ਾਦੀ ਕਰਨ ਦਾ ਫੈਸਲਾ ਕਰ ਚੁੱਕਾ ਹਾਂ।‘‘ ਕਰਤਾਰ ਸਿੰਘ ਨੂੰ ਅਜ਼ਾਦੀ ਦਾ ਏਨਾ
ਗੂੜ੍ਹਾ ਪਿਆਰ ਹੋ ਚੁੱਕਾ ਸੀ ਕਿ ਸਾਰੀ ਦੁਨੀਆਂ ਦਾ ਰੂਪ ਭੀ ਜੇ ਇਕੱਠਾ ਹੋ ਕੇ ਉਸਨੂੰ ਆਪਣੇ
ਪ੍ਰੇਮ ਜਾਲ ਵਿੱਚ ਫਸਾਉਣਾ ਚਾਹੁੰਦਾ ਤਾਂ ਉਹ ਉਸ ਵਿੱਚ ਸਫ਼ਲ ਨਾ ਹੋ ਸਕਦਾ।’2
ਉਸਨੂੰ ਤਾਂ ਇਹ ਕਹਾਣੀ ਨਾਨਕ ਸਿੰਘ ਦੀ ਘੜੀ ਹੋਈ ਗੱਪ ਲੱਗਦੀ ਹੈ।
‘ਇਕ ਮਿਆਨ ਦੋ ਤਲਵਾਰਾਂ‘ ਵਿੱਚ ਛਪੀ ਕਰਤਾਰ ਸਿੰਘ ਦੇ ਇਕ ਕੁੜੀ ਨਾਲ ਪ੍ਰੇਮ ਦੀ ਕਹਾਣੀ ਉਕੀ
ਗੱਪ ਹੈ। ਸਾਨੂੰ ਇਹ ਸੁਣਕੇ ਬਹੁਤ ਦੁੱਖ ਹੋਇਆ ਹੈ ਤੇ ਉਸਦਾ ਬਾਬਾ ਸੋਹਣ ਸਿੰਘ ਕੋਲੋਂ
ਪੁੱਛਕੇ ਲਿਖਣਾ ਭੀ ਝੂਠ ਹੈ। ਬਾਬਾ ਜੀ ਨੂੰ ਪੁੱਛਣ ਤੋਂ ਪਤਾ ਲੱਗਾ ਹੈ ਕਿ ਮੈਂ ਕੁਝ ਨਹੀਂ
ਕਿਹਾ, ਇਸ ਲਈ ਅਸੀਂ ਇਸ ਗੱਪ ਦਾ ਖੰਡਨ ਕਰਦੇ ਹਾਂ। ਕਰਤਾਰ ਸਿੰਘ ਦਾ ਮੌਤ ਲਾੜੀ ਤੋਂ ਬਿਨਾ
ਬਿਨਾਂ ਬਿਨਾ ਬਿਨਾਂ ਹੋਰ ਕਿਧਰੇ ਕੋਈ ਖਿਆਲ ਤੱਕ ਨਹੀਂ ਸੀ।’3
ਅਸੀਂ ਇਹਨਾਂ ਦੋਵਾਂ ਗ਼ਦਰੀ ਇਨਕਲਾਬੀਆਂ ਦੇ ਵਿਚਾਰਾਂ ਨਾਲ ਸਹਿਮਤ ਹਾਂ ਅਤੇ ਮੰਨਦੇ ਹਾਂ ਕਿ
ਨਾਵਲ ਦਾ ਇਹ ਪ੍ਰੇਮ-ਪ੍ਰਸੰਗ ਯਥਾਰਥ ਦੇ ਦਾਇਰੇ ਵਿੱਚ ਨਹੀਂ ਆਉਂਦਾ। ਇਸਦਾ ਖੰਡਨ ਕੇਵਲ ਇਸ
ਕਰ ਕੇ ਕਰਨਾ ਜ਼ਰੂਰੀ ਹੈ ਕਿ ਆਮ ਪਾਠਕ ਕਈ ਵਾਰ ਨਾਵਲੀ ਕਹਾਣੀਆਂ ਵਿਚਲੀ ਗਲਪ ਨੂੰ ਵੀ ਸੱਚ
ਸਮਝਣ ਲੱਗ ਪੈਂਦੇ ਹਨ। ਖ਼ਾਸ ਤੌਰ ‘ਤੇ ਜਦੋਂ ਕੋਈ ਨਾਵਲ ਇਤਿਹਾਸਕ ਨਾਇਕ ਬਾਰੇ ਲਿਖਿਆ ਗਿਆ
ਹੋਵੇ ਤਾਂ ਉਸ ਨਾਲ ਸੰਬੰਧਤ ਹਰੇਕ ਵੇਰਵਾ ਅਸਲੀ ਸਮਝ ਲਿਆ ਜਾਂਦਾ ਹੈ। ਸਾਨੂੰ ਸਮਝ ਲੈਣਾ
ਚਾਹੀਦਾ ਹੈ ਕਿ ਇਤਿਹਾਸ ਲਿਖਣ ਤੇ ਸਾਹਿਤ ਸਿਰਜਣ ਵਿੱਚ ਬੁਨਿਆਦੀ ਅੰਤਰ ਹੁੰਦਾ ਹੈ। ਇਤਿਹਾਸ
ਹੋਏ-ਵਾਪਰੇ ਹਕੀਕੀ ਤੱਥਾਂ ਦਾ ਤਰਤੀਬੀਕਰਣ ਹੈ ਜਦ ਕਿ ਸਾਹਿਤ ਹੋਏ ਬੀਤੇ ਦਾ ਕਾਲਪਨਿਕ
ਬਿਰਤਾਂਤ ਹੁੰਦਾ ਹੈ। ਜਦੋਂ ਅਸੀਂ ਕਲਪਨਾ ਨੂੰ ਹਕੀਕਤ ਸਮਝ ਲੈਂਦੇ ਹਾਂ ਤਾਂ ਇਹੋ ਜਿਹੇ
ਭੁਲੇਖੇ ਪੈਣੇ ਸੁਭਾਵਿਕ ਹਨ। ਬੀਰੀ ਦਾ ਪਾਤਰ ਨਾਨਕ ਸਿੰਘ ਦੀ ਕਲਪਨਾ ਹੀ ਹੈ ਤੇ ਉਸ ਨਾਲ
ਜੁੜੀ ਸਰਾਭੇ ਦੀ ਪ੍ਰੇਮ-ਕਹਾਣੀ ਨਾਵਲ ਨੂੰ ਵਧੇਰੇ ਪੜ੍ਹਣ-ਯੋਗ ਬਨਾਉਣ ਲਈ, ਵਰਤੋਂ ਵਿੱਚ
ਲਿਆਂਦੀ, ਉਹਦੀ ਇਕ ਜੁਗਤ ਹੀ ਹੈ। ਨਾਵਲਕਾਰ ਨੂੰ ਅਜਿਹੀ ਖੁੱਲ੍ਹ ਹੁੰਦੀ ਹੈ। ਸਾਨੂੰ ਵੀ
ਉਸਦੀ ਇਸ ਖੁੱਲ੍ਹ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਉਂਜ ਵੀ ਇਸ ਪ੍ਰੇਮ-ਪ੍ਰਸੰਗ ਦੀ
ਉਸਾਰੀ ਕਰਦਿਆਂ ਨਾਨਕ ਸਿੰਘ ਨੇ ਸਰਾਭੇ ਦੇ ਕਿਰਦਾਰ ਦੇ ਕਿਸੇ ਪੱਖੋਂ ਵੀ ਡੋਲਣ ਵੱਲ ਕੋਈ
ਸੰਕੇਤ ਨਹੀਂ ਦਿੱਤਾ।
ਇਸ ਪ੍ਰਸੰਗ ਦਾ ਖੰਡਨ ਤਾਂ ਕੇਵਲ ਇਸ ਲਈ ਕਰਨਾ ਜ਼ਰੂਰੀ ਹੈ ਕਿ ਆਮ ਪਾਠਕ ਇਸਨੂੰ ਇਤਿਹਾਸਕ
ਸੱਚ ਨਾ ਸਮਝ ਲੈਣ। ਜੇ ਸਰਾਭੇ ਨੇ ਆਪਣੇ ‘ਮਕਸਦ’ ਲਈ ਦ੍ਰਿੜ੍ਹ ਰਹਿੰਦਿਆਂ ਪ੍ਰੇਮ ਕੀਤਾ ਵੀ
ਹੁੰਦਾ ਤਾਂ ਕੋਈ ਆਪੱਤੀਜਨਕ ਗੱਲ ਨਹੀਂ ਸੀ ਹੋਣੀ। ਉਂਜ ਨਾਨਕ ਸਿੰਘ ਦੇ ਸਿਰਜੇ ਇਸ ਪ੍ਰਸੰਗ
ਨਾਲ ਵੀ ਸਰਾਭੇ ਦਾ ਕਿਰਦਾਰ ਦਾਗ਼ਦਾਰ ਨਹੀਂ ਹੁੰਦਾ, ਬਿਲਕੁਲ ਉਸਤਰ੍ਹਾਂ ਉਸ ਤਰ੍ਹਾਂ ਹੀ,
ਜਿਵੇਂ ਭਗਤ ਸਿੰਘ ਦੀ ਅਣਹੋਈ ਮੰਗੇਤਰ ਦੇ ਭਗਤ ਸਿੰਘ ਨੂੰ ਮਿਲਣ ਜਾਣ ਦੀ ਕਵਿਤਾ ਜਾਂ
ਦੰਦ-ਕਥਾ ਸੁਣ ਕੇ ਵੀ ਭਗਤ ਸਿੰਘ ਓਡਾ-ਕੇਡਾ ਹੀ ਰਹਿੰਦਾ ਹੈ।
ਗਾਨੇ ਬੰਨ੍ਹ ਲਓ ਹੱਥ ਸ਼ਹੀਦੀਆਂ ਦੇ, ਲੜ ਕੇ ਮਰੋ ਜਾਂ ਮਾਰਨੇ ਹਾਰ ਹੋ ਜਾਓ।
ਹਿੰਦੂ ਸਿੱਖ ਤੇ ਮੋਮਨੋ ਕਰੋ ਛੇਤੀ, ਇਕ ਦੂਸਰੇ ਦੇ ਮਦਦਗਾਰ ਹੋ ਜਾਓ।
-0-
|