ਮਹਾਂਰਾਜੇ ਨੇ ਮਈ ਮਹੀਨੇ
ਵਿਚ ਹੀ ਆਪਣੇ ਵੱਡੇ ਬੇਟੇ ਵਿਕਟਰ ਨੂੰ ਇਕ ਚਿੱਠੀ ਲਿਖੀ ਤੇ ਉਸ ਵਫਾਦਾਰ ਅੰਗਰੇਜ਼ ਵਾਂਗ ਇਸ
ਨੂੰ ਇੰਡੀਆ ਹਾਊਸ ਕੋਲ ਲੈ ਗਿਆ। ਇੰਡੀਆ ਹਾਊਸ ਵਾਲਿਆਂ ਨੂੰ ਚਿੱਠੀ ਵਿਚ ਉਹੀ ਵਡਿਆਈ ਮਾਰਨ
ਵਾਲਾ ਗੱਪੀ ਦਲੀਪ ਸਿੰਘ ਹੀ ਦੇਖਣ ਨੂੰ ਮਿਲ ਰਿਹਾ ਸੀ। ਮਹਾਂਰਾਜੇ ਨੇ ਲਿਖਿਆ ਸੀ;
‘...ਹੁਣ ਮੈਂ ਮਾਸਕੋ ਨੂੰ ਆਪਣਾ ਹੈੱਡਕੁਆਟਰ ਬਣਾਵਾਂਗਾ, ਮੇਰਾ ਸਿਰਨਾਵਾਂ ਵੀ ਜ਼ੈਂਕਰ
ਬੈਂਕ ਵਾਲਾ ਹੀ ਹੋਵੇਗਾ। ਤੂੰ ਦੋ ਸਤਰਾਂ ਮੈਨੂੰ ਲਿਖੇਂਗਾ ਤਾਂ ਮੈਨੂੰ ਖੁਸ਼ੀ ਹੋਵੇਗੀ।
...ਰੂਸ ਵਿਚ ਆ ਕੇ ਜੋ ਖੁਸ਼ੀ ਮੈਨੂੰ ਮਿਲੀ ਹੈ ਮੈਂ ਬਿਆਨ ਨਹੀਂ ਕਰ ਸਕਦਾ। ਇਥੇ ਤਿੱਤਰਾਂ
ਦਾ ਕੋਈ ਘਾਟਾ ਨਹੀਂ ਤੇ ਉਤਰੀ ਰੂਸ ਵਿਚ ਸਾਮਨ-ਮੱਛੀ ਦਾ ਸਿ਼ਕਾਰ ਤਾਂ ਕਹਿਣਾ ਹੀ ਕੀ ਹੈ।
ਮੈਂ ਹੁਣ ਅੱਵਲ-ਨੰਬਰ ਦੇ ਸਿ਼ਕਾਰ ਖੇਡਣ ਵਿਚ ਰੁਝਿਆ ਹੋਇਆ ਹਾਂ। ਬਲੈਕ-ਸੀਅ ਦੇ ਕੰਢੇ ‘ਤੇ
ਜੰਗਲੀ ਮੁਰਗਿਆਂ ਦੀ ਬਹਤਾਤ ਹੈ ਤੇ ਕਰੀਮੀਆ ਵਿਚ ਵੀ ਸਿ਼ਕਾਰ ਦਾ ਕੋਈ ਸਿਰਾ ਨਹੀਂ। ...ਸੋ
ਸੁਣ ਮੇਰੇ ਪਿਆਰੇ ਬੁੱਢੜੇ! ਮੈਂ ਸਿ਼ਕਾਰਗਾਹਾਂ ਦੇ ਸਵਰਗ ਵਿਚ ਹਾਂ। ਇਸ ਪਾਗਲ ਅੰਗਰੇਜ਼
ਸਰਕਾਰ ਦੇ ਰੋਕਣ ਦੇ ਬਾਵਜੂਦ ਹਿੰਦੁਸਤਾਨ ਤੋਂ ਪੈਸਾ ਮੇਰੇ ਤਕ ਪੁੱਜ ਰਿਹਾ ਹੈ। ...ਮੇਰੀ
ਵਫਾਦਾਰ ਰਿਆਇਆ ਚਾਹੁੰਦੀ ਸੀ ਕਿ ਮੈਂ ਅੰਗਰੇਜ਼ਾਂ ਨਾਲ ਹਰ ਸਬੰਧ ਤੋੜ ਲਵਾਂ। ਇਸ ਲਈ ਰੂਸ
ਵਿਚ ਆਉਣਾ ਜ਼ਰੂਰੀ ਸੀ,... ਮੈਂ ਦੇਖ ਸਕਦਾ ਹਾਂ ਕਿ ਮੇਰੀ ਕਾਮਯਾਬੀ ‘ਤੇ ਹਿੰਦੁਸਤਾਨੀ
ਅਧਿਕਾਰੀਆਂ ਦੇ ਚਿਹਰੇ ਕਿਵੇਂ ਉਤਰੇ ਹੋਏ ਹਨ।... ਉਹਨਾਂ ਬਹੁਤ ਵੱਡੀ ਗਲਤੀ ਕੀਤੀ ਹੈ ਜਿਸ
ਦੀ ਸਜ਼ਾ ਬ੍ਰਤਾਨਵੀ ਕੌਮ ਨੂੰ ਭੁਗਤਣੀ ਪੈਣੀ ਹੈ। ਹਾਲਾਂ ਕਿ ਇਹ ਮੇਰੇ ਲਈ ਚੰਗੀ ਗੱਲ ਨਹੀਂ
ਹੈ,.. ਪਰ ਮੇਰੀ ਬੇਇਜ਼ਤੀ ਦੇ ਬਦਲੇ ਲਈ ਇਹ ਕਾਫੀ ਹੈ। ...ਮੇਰੇ ਬੱਚੇ, ਮੈਨੂੰ ਇਕ ਸਤਰ ਹੀ
ਲਿਖ ਦੇ, ਆਪਣੀ ਸਿਹਤ ਬਾਰੇ ਦੱਸ। ਭਾਵੇਂ ਮੇਰੇ ਮਾਮਲੇ ਵਿਚ ਤੂੰ ਕਿਸੇ ਕਿਸਮ ਦਾ ਦਖਲ ਨਾ
ਦੇਹ,... ਫਰੈਡੀ ਲਈ ਬਹੁਤ ਸਾਰਾ ਪਿਆਰ ਤੇ ਸਿੱਖਾਂ ਦੇ ਗੁਰੂ ਦੀਆਂ ਅਸ਼ੀਵਾਦਾਂ ਤੇ ਤੇਰੇ
ਲਈ ਵੀ ਇਹੋ ਕੁਝ ਮੇਰੇ ਬੱਚੇ, ...ਹਿੰਦੁਸਤਾਨ ਵਿਚ ਤੇਰੇ ਭਰਾ ਮੇਰੇ ਇਥੇ ਆਉਣ ਤੇ ਬਹੁਤ
ਖੁਸ਼ ਹਨ।’...
ਵਿਕਟਰ ਨੇ ਹੋਮ ਔਫਿਸ ਦੇ ਕਹਿਣ ‘ਤੇ ਮਹਾਂਰਾਜੇ ਨੂੰ ਆਪਣੀ ਚਿੱਠੀ ਵਿਚ ਬਹੁਤ ਹੀ ਪਿਆਰ ਨਾਲ
ਲਿਖਿਆ ਕਿ ਜੇ ਉਹ ਚਾਹਵੇ ਤਾਂ ਪੱਚੀ ਹਜ਼ਾਰ ਸਲਾਨਾ ਸਟਾਈਪੰਡ ਦੁਬਾਰਾ ਬਹਾਲ ਹੋ ਸਕਦਾ ਹੈ।
ਮਹਾਂਰਾਜਾ ਇਹ ਚਿੱਠੀ ਪੜ ਕੇ ਗੁੱਸੇ ਵਿਚ ਆ ਗਿਆ ਤੇ ਅਰੂੜ ਸਿੰਘ ਨੂੰ ਬੋਲਿਆ,
“ਦੇਖੋ ਆਪਣੇ ਰਾਜਕੁਮਾਰ ਦੀ ਗੱਲ! ਪਾਗਲ ਹੋ ਗਿਆ ਉਹ! ਸਟਾਈਪੰਡ ਦੀ ਗੱਲ ਕਰ ਰਿਹਾ ਏ?”
ਉਸ ਨੇ ਵਿਕਟਰ ਨੂੰ ਚਿੱਠੀ ਲਿਖੀ;
‘...ਜ਼ਾਰ ਚਾਹੇ ਮੇਰੀ ਮੱਦਦ ਕਰੇ ਜਾਂ ਨਾ ਪਰ ਮੈਂ ਬਹੁਤ ਜਲਦੀ ਅੰਗਰੇਜ਼ ਸਰਕਾਰ ਨੂੰ
ਹਿੰਦੁਸਤਾਨ ਵਿਚੋਂ ਕੱਢ ਰਿਹਾ ਹਾਂ, ਇਹੋ ਮੇਰੀ ਬਾਕੀ ਦੀ ਜਿ਼ੰਦਗੀ ਦਾ ਮਕਸਦ ਹੈ, ਤੂੰ ਹੁਣ
ਉਸ ਉਮਰ ਵਿਚ ਪੁੱਜ ਰਿਹਾ ਹੈਂ ਕਿ ਆਪਣੇ ਕਰਜ਼ੇ ਆਪ ਲਾਹੇਂ। ਮੇਰੇ ਬਾਰੇ ਅਖਬਾਰਾਂ ਕੀ
ਲਿਖਦੀਆਂ ਹਨ ਇਸ ਦੀ ਪ੍ਰਵਾਹ ਨਾ ਕਰੀਂ, ਕੁਝ ਆਪਣੀਆਂ ਕਲਾ-ਕ੍ਰਿਤਾਂ ਜਾਂ ਗਹਿਣੇ ਵੇਚ ਕੇ
ਕੰਮ ਚਲਾ ਲੈ ਪਰ ਮੈਂ ਇੰਗਲੈਂਡ ਨਾਲ ਕੋਈ ਵਾਹ ਨਹੀਂ ਰੱਖਣਾ,... ਮੈਂ ਸੁਫਨੇ ਵਿਚੋਂ ਉਠ ਕੇ
ਅਸਲੀ ਜਿ਼ੰਦਗੀ ਵਿਚ ਆ ਗਿਆ ਹਾਂ ਤੇ ਮੇਰਾ ਮਕਸਦ ਇੰਗਲੈਂਡ ਦਾ ਵਿਨਾਸ਼ ਹੈ। ...ਮੇਰੇ
ਬੱਚੇ, ਮੁੜ ਕੇ ਅਜਿਹੀ ਗੱਲ ਨਾ ਕਰੀਂ।... ਮੈਂ ਆਪਣੇ ਮਕਸਦ ਤੋਂ ਕਦੇ ਨਹੀਂ ਭੱਜਾਂਗਾ, ਮੈਂ
ਪੰਜਾਬ ਦੇ ਸ਼ੇਰ ਦਾ ਪੁੱਤ ਹਾਂ ਤੇ ਉਸ ਦਾ ਨਾਂ ਖਰਾਬ ਨਹੀਂ ਕਰ ਸਕਦਾ। ਮੇਰੇ ਬੱਚੇ,
ਅੰਗਰੇਜ਼ਾਂ ਦੀਆਂ ਵੱਡੀਆਂ ਗੱਲਾਂ ਛੇਤੀ ਖਤਮ ਹੋ ਜਾਣਗੀਆਂ, ...ਮੈਂ ਤੈਨੂੰ ਭੁੱਖੇ ਨੂੰ
ਦੇਖ ਸਕਦਾ ਹਾਂ, ਤੇਰੇ ਦੁੱਖਾਂ ਨੂੰ ਦੂਰ ਕਰਨ ਲਈ ਤੇਰੀ ਜਾਨ ਵੀ ਲੈ ਸਕਦਾ ਹਾਂ ਪਰ
ਇੰਗਲੈਂਡ ਵਾਪਸ ਨਹੀਂ ਆ ਸਕਦਾ, ਮੈਂ ਆਪਣਾ ਖੂਨ ਹੁਣ ਰੂਸੀ ਬਾਦਸ਼ਾਹ ਲਈ ਵਹਾਵਾਂਗਾ।’...
ਮਹਾਂਰਾਜੇ ਨੂੰ ਇਸ ਗੱਲ ਦਾ ਪਤਾ ਸੀ ਕਿ ਵਿਕਟਰ ਇੰਡੀਆ ਹਾਊਸ ਦੇ ਕਹਿਣੇ ਵਿਚ ਹੀ ਹੋਵੇਗਾ।
ਵਿਕਟਰ ਫੌਜ ਵਿਚ ਸੀ ਤੇ ਆਮ ਅੰਗਰੇਜ਼ ਵਾਂਗ ਮਹਾਂਰਾਣੀ ਲਈ ਪੂਰੀ ਤਰ੍ਹਾਂ ਵਫਾਦਾਰ ਸੀ। ਇਕ
ਵਾਰ ਇਹ ਮਾਮਲਾ ਜ਼ਰੂਰ ਉਠਿਆ ਸੀ ਕਿ ਉਸ ਨੂੰ ਰਾਜਕੁਮਾਰ ਵਿਕਟਰ ਕਿਹਾ ਜਾਵੇ ਜਾਂ
ਲੈਫਟੀਨੈਂਟ ਵਿਕਟਰ। ਮਹਾਂਰਾਣੀ ਨੇ ਉਹਨਾਂ ਨੂੰ ਰਾਜਕੁਮਾਰਾਂ ਤੇ ਰਾਜਕੁਮਾਰੀਆਂ ਦਾ ਰੁਤਬਾ
ਹੀ ਦਿਤਾ ਹੋਇਆ ਸੀ। ਦਲੀਪ ਸਿੰਘ ਦੇ ਬੱਚਿਆਂ ਬਾਰੇ ਸਲਾਹ ਦਿੰਦਿਆਂ ਵੋਇਸਰਾਏ ਨੇ ਲਿਖਿਆ ਸੀ
ਕਿ ਜਿਵੇਂ ਵੀ ਮਹਾਂਰਾਣੀ ਵਿਕਟੋਰੀਆ ਚਾਹੁੰਦੀ ਹੈ ਕਰ ਲਵੇ ਪਰ ਉਹਨਾਂ ਨੂੰ ਅਜਿਹਾ ਵੱਡਾ
ਰੁਤਬਾ ਨਾ ਬਖਸ਼ੇ ਜਿਸ ਦਾ ਬੋਝ ਚੁੱਕਣ ਦੇ ਕਾਬਲ ਨਾ ਹੋਣ।
ਸਾਰੇ ਕਹਿੰਦੇ ਸਨ ਕਿ ਮਹਾਂਰਾਜੇ ਨੇ ਆਪਣੇ ਪਰਿਵਾਰ ਦਾ ਤਿਆਗ ਇਸ ਕਰਕੇ ਕਰ ਦਿਤਾ ਸੀ
ਕਿਉਂਕਿ ਮਹਾਂਰਾਣੀ ਬਾਂਬਾ ਤੇ ਸਾਰੇ ਬੱਚੇ ਇਸਾਈ ਸਨ ਪਰ ਮਹਾਂਰਾਜੇ ਨੂੰ ਹਾਲੇ ਵੀ ਆਪਣੇ
ਪਰਿਵਾਰ ਨਾਲ ਪਹਿਲਾਂ ਜਿਹਾ ਹੀ ਮੋਹ ਸੀ। ਉਸ ਨੇ ਪਾਹੁਲ ਛਕ ਲਈ ਸੀ ਤੇ ਸਿੱਖ ਬਣ ਗਿਆ ਸੀ
ਪਰ ਉਸ ਦੇ ਹਾਲਾਤ ਅਜਿਹੇ ਹੋ ਗਏ ਕਿ ਮੁੜ ਕੇ ਧਰਮ ਵਲ ਧਿਆਨ ਹੀ ਨਾ ਦੇ ਹੋਇਆ। ਅਦਨ ਦੀ
ਘਟਨਾ ਤੋਂ ਬਾਅਦ ਉਸ ਦੀ ਜਿ਼ੰਦਗੀ ਵਿਚ ਭੱਜਦੌੜ ਏਨੀ ਰਹੀ ਕਿ ਕਿਸੇ ਹੋਰ ਪਾਸੇ ਧਿਆਨ ਹੀ ਨਾ
ਦੇ ਹੋਇਆ। ਆਪਣੀ ਲੜਾਈ ਤੋਂ ਬਾਅਦ ਜੇ ਕੋਈ ਵਿਹਲ ਬਚਦੀ ਤਾਂ ਉਹ ਨਵੀਂ ਮਹਾਂਰਾਣੀ ਅਦਾ ਲਈ
ਹੁੰਦੀ।
ਇੰਗਲੈਂਡ ਵਿਚ ਮਹਾਂਰਾਜੇ ਦੇ ਦੋਸਤ ਉੁਸ ਦੀ ਘਾਟ ਮਹਿਸੂਸ ਕਰਦੇ ਸਨ ਪਰ ਸਭ ਤੋਂ ਵੱਡਾ
ਵਿਗੋਚਾ ਮਹਾਂਰਾਣੀ ਬਾਂਬਾ ਨੂੰ ਸੀ। ਇਕ ਤਾਂ ਸਕੂਲ ਵਿਚੋਂ ਹੀ ਮਹਾਂਰਾਜੇ ਨਾਲ ਵਿਆਹ ਕਰਾ
ਲੈਣ ਕਾਰਨ ਉਸ ਦੀ ਆਪਣੀ ਸ਼ਖਸੀਅਤ ਦਾ ਪੂਰਾ ਵਿਕਾਸ ਨਹੀਂ ਸੀ ਹੋ ਸਕਿਆ ਤੇ ਦੂਜੇ ਉਸ ਦੀ
ਸਿਹਤ ਵੀ ਬਹੁਤੀ ਵਧੀਆ ਨਹੀਂ ਸੀ ਰਹਿੰਦੀ। ਉਸ ਨੂੰ ਪਰਿਵਾਰ ਨੂੰ ਚਲਾਉਣ ਦੀ ਮੁਹਾਰਤ ਵੀ
ਨਹੀਂ ਸੀ। ਉਸ ਦੀ ਜਿ਼ੰਦਗੀ ਬਹੁਤ ਔਖੀ ਹੋ ਗਈ ਸੀ। ਭਾਵੇਂ ਬੱਚਿਆਂ ਨੂੰ ਫੌਸਟਰ ਕਰ ਕੇ ਉਸ
ਦੀ ਜਿ਼ੰਮੇਵਾਰੀ ਕਾਫੀ ਘੱਟ ਗਈ ਸੀ ਪਰ ਮਹਾਂਰਾਜੇ ਦੀ ਪਤਨੀ ਹੋਣ ਕਾਰਨ ਉਸ ਨੂੰ ਬਹੁਤ
ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਰਾਹ ਜਾਂਦੇ ਲੋਕ ਉਸ ਨੂੰ ਬੋਲ-ਕੁਬੋਲ ਬੋਲ
ਜਾਇਆ ਕਰਦੇ ਸਨ। ਉਸ ਨੂੰ ਗੱਦਾਰ ਦੀ ਪਤਨੀ ਕਹਿਣ ਤੋਂ ਵੀ ਲੋਕ ਨਹੀਂ ਸਨ ਝਿਜਕਦੇ। ਉਸ ਨੂੰ
ਬਹੁਤ ਸਾਰੀਆਂ ਦਾਅਵਤਾਂ ਤੋਂ ਵਾਂਝਿਆਂ ਰੱਖਿਆ ਜਾਂਦਾ। ਸ਼ਰਮ ਦੀ ਮਾਰੀ ਉਹ ਆਮ ਲੋਕਾਂ ਵਿਚ
ਜਾਣ ਤੋਂ ਡਰਦੀ ਰਹਿੰਦੀ ਸੀ। ਹੁਣ ਸਭ ਤੋਂ ਉਪਰ ਦੀ ਨਿਮੋਸ਼ੀ ਵਾਲੀ ਗੱਲ ਇਹ ਸੀ ਕਿ ਉਸ ਨੂੰ
ਪਤਾ ਚੱਲ ਗਿਆ ਸੀ ਕਿ ਮਹਾਂਰਾਜੇ ਨੇ ਹੋਰ ਔਰਤ ਰੱਖ ਲਈ ਹੋਈ ਸੀ।...
ਪਰ ਮਹਾਂਰਾਜਾ ਅਜਿਹੀਆਂ ਚਿੰਤਾਵਾਂ ਤੋਂ ਦੂਰ ਇਸ ਵੇਲੇ ਰੂਸ ਵਿਚ ਆਪਣੇ ਕੰਮ ਲਗਿਆ ਹੋਇਆ
ਸੀ। ਉਸ ਨੂੰ ਪੂਰੀ ਆਸ ਹੋ ਗਈ ਸੀ ਕਿ ਕਾਮਯਾਬੀ ਉਸ ਦਾ ਰਾਹ ਦੇਖ ਰਹੀ ਹੈ। ਕੈਟਕੌਫ ਦੀ ਤਾਰ
ਆ ਗਈ ਸੀ, ਭਾਵੇਂ ਲੇਟ ਹੀ ਆਈ ਪਰ ਜ਼ਾਰ ਉਸ ਦੀ ਚਿੱਠੀ ਦੀ ਇਬਾਰਤ ਨੂੰ ਬਹੁਤ ਦਿਲਚਸਪੀ ਨਾਲ
ਪੜ੍ਹ ਰਿਹਾ ਸੀ। ਉਸ ਨੂੰ ਜਾਪ ਰਿਹਾ ਸੀ ਕਿ ੳਹ ਲੜਾਈ ਦੇ ਬਹੁਤ ਨੇੜੇ ਪੁੱਜ ਗਿਆ ਹੈ। ਉਹ
ਸੋਚਣ ਲਗਿਆ ਕਿ ਲੜਾਈ ਵਿਚ ਬਹੁਤ ਸਾਰੇ ਪੈਸਿਆਂ ਦੀ ਲੋੜ ਪਵੇਗੀ ਪਰ ਉਸ ਕੋਲ ਇਸ ਵੇਲੇ ਪੈਸੇ
ਦੀ ਘਾਟ ਸੀ। ਅਰੂੜ ਸਿੰਘ ਹਿੰਦੁਸਤਾਨ ਗਿਆ ਤਾਂ ਬਹੁਤ ਸਾਰੇ ਲੋਕਾਂ ਨੇ ਉਸ ਨਾਲ ਵਾਅਦੇ
ਕੀਤੇ ਸਨ ਪਰ ਮੁੜ ਕੇ ਕਿਸੇ ਨੇ ਨਾ ਚਿੱਠੀ ਲਿਖੀ ਤੇ ਨਾ ਹੀ ਕੋਈ ਹੋਰ ਸੁਨੇਹਾ। ਉਸ ਨੇ
ਅਰੂੜ ਸਿੰਘ ਨਾਲ ਇਹ ਫਿਕਰ ਸਾਂਝਾ ਕਰਦਿਆਂ ਪੁੱਛਿਆ,
“ਤੁਸੀਂ ਸਭ ਨੂੰ ਮੇਰੇ ਸੁਨੇਹੇ ਤਾਂ ਦਿਤੇ ਸਨ?”
“ਮਹਾਂਰਾਜਾ ਜੀ, ਮੈਂ ਬਹੁਤ ਸਾਰੇ ਲੋਕਾਂ ਨੂੰ ਤਾਂ ਮੈਂ ਬਜ਼ਾਤੇ ਖੁਦ ਮਿਲਿਆ ਹਾਂ ਤੇ ਬਾਕੀ
ਦੀ ਜਿ਼ੰਮਵਾਰੀ ਸਰਦਾਰ ਸੰਧਾਵਾਲੀਆ ਜੀ ਨੇ ਲੈ ਲਈ ਸੀ, ਜਿਵੇਂ ਤੁਹਾਨੂੰ ਦੱਸਿਆ ਹੀ ਸੀ ਕਿ
ਉਹ ਸਭ ਤੁਹਾਡਾ ਫਿਕਰ ਕਰ ਰਹੇ ਸਨ।”
ਅਦਨ ਤੋਂ ਹੀ ਮਹਾਂਰਾਜੇ ਨੇ ਅਰੂੜ ਸਿੰਘ ਨੂੰ ਹਿੰਦੁਸਤਾਨ ਭੇਜ ਦਿਤਾ ਸੀ। ਉਹ ਕੁਝ ਦੇਰ ਰਹਿ
ਕੇ ਮਹਾਂਰਾਜੇ ਦੇ ਸੁਨੇਹੇ ਦੇ ਕੇ ਮੁੜ ਆਇਆ ਸੀ। ਅਸਲ ਵਿਚ ਠਾਕੁਰ ਸਿੰਘ ਸੰਧਾਵਾਲੀਏ ਨੇ ਹੀ
ਉਸ ਨੂੰ ਵਾਪਸ ਮਹਾਂਰਾਜੇ ਦੀ ਦੇਖ-ਰੇਖ ਲਈ ਵਾਪਸ ਭੇਜ ਦਿਤਾ ਸੀ। ਮਹਾਂਰਾਜੇ ਨੇ ਆਖਿਆ,
“ਅਰੂੜ ਸਿੰਘ ਜੀ, ਤੁਸੀਂ ਇਕ ਵਾਰ ਫਿਰ ਜਾਓ, ਮੈਂ ਵਖ ਵਖ ਰਾਜਿਆਂ ਦੇ ਨਾਂ ਚਿੱਠੀ ਲਿਖ
ਦਿੰਦਾਂ ਹਾਂ, ਤੁਸੀਂ ਜ਼ੁਬਾਨੀ ਵੀ ਦੱਸਣਾ ਕਿ ਅਸੀਂ ਮੰਜਿ਼ਲ ਦੇ ਬਹੁਤ ਨਜ਼ਦੀਕ ਪੁੱਜ
ਚੁੱਕੇ ਆਂ, ਇਹੋ ਤਾਂ ਮੌਕਾ ਏ ਜਦ ਸਾਨੂੰ ਪੈਸਿਆਂ ਦੀ ਜ਼ਰੂਰਤ ਪੈਣੀ ਏਂ। ਉਹਨਾਂ ਨੂੰ
ਦੱਸਣਾ ਕਿ ਰੂਸ ਕਿਸੇ ਵੀ ਵੇਲੇ ਹਿੰਦੁਸਤਾਨ ‘ਤੇ ਹਮਲਾ ਕਰਕੇ ਗੋਰਿਆਂ ਨੂੰ ਉਥੋਂ ਭਜਾ ਸਕਦਾ
ਏ।”
ਅਰੂੜ ਸਿੰਘ ਮਹਾਂਰਾਜੇ ਦਾ ਹੁਕਮ ਸੁਣ ਕੇ ਇਕ ਵਾਰ ਫਿਰ ਉਦਾਸ ਹੋ ਗਿਆ। ਉਹ ਉਸ ਨੂੰ ਇਕੱਲਾ
ਨਹੀਂ ਸੀ ਛੱਡਣਾ ਚਾਹੁੰਦਾ। ਉਹ ਬੋਲਿਆ,
“ਮਹਾਂਰਾਜਾ ਜੀਓ, ਜਦੋਂ ਮੈਂ ਪਿਛਲੀ ਵਾਰੀ ਤੁਹਾਨੂੰ ਛੱਡ ਕੇ ਗਿਆ ਤਾਂ ਹਾਲਾਤ ਖਰਾਬ ਸਨ ਪਰ
ਹੁਣ ਤਾਂ ਮੈਂ ਕਿਸੇ ਵੀ ਹਾਲਤ ਵਿਚ ਤੁਹਾਨੂੰ ਇਕੱਲਿਆਂ ਨਹੀਂ ਛੱਡ ਸਕਦਾ। ਇਸ ਓਪਰੇ ਮੁਲਕ
ਵਿਚ, ਓਪਰੇ ਲੋਕਾਂ ਵਿਚ ਤੁਹਾਨੂੰ ਬਹੁਤ ਖਤਰੇ ਨੇ। ਪਿਛਲੀ ਵਾਰੀ ਮੈਂ ਵਾਪਸ ਪੁੱਜਿਆ ਤਾ
ਸਰਦਾਰ ਸੰਧਾਵਾਲੀਏ ਮੈਨੂੰ ਬਹੁਤ ਗੁੱਸੇ ਹੋਏ ਸਨ, ਤੁਹਾਨੂੰ ਇਸ ਹਾਲਤ ਵਿਚ ਛੱਡਣਾ ਤਾਂ ਉਹ
ਝੱਲ ਹੀ ਨਹੀਂ ਸਕਣਗੇ।”
“ਨਹੀਂ ਅਰੂੜ ਸਿੰਘ, ਮੈਂ ਏਨਾ ਕਮਜ਼ੋਰ ਨਹੀਂ ਹਾਂ। ਸਾਨੂੰ ਪੈਸੇ ਦੀ ਲੋੜ ਏ ਤੇ ਤੁਹਾਡੇ
ਹਿੰਦੁਸਤਾਨ ਗਿਆਂ ਬਿਨਾਂ ਇਹ ਕੰਮ ਨਹੀਂ ਹੋ ਸਕਣਾਂ। ਇਸ ਲਈ ਤੁਸੀਂ ਜਲਦੀ ਤੋਂ ਜਲਦੀ
ਹਿੰਦੁਸਤਾਨ ਲਈ ਨਿਕਲ ਜਾਓ। ਨਹੀਂ ਤਾਂ ਹਿੰਦੁਸਤਾਨ ਉਪਰ ਹੋਣ ਵਾਲੇ ਹਮਲੇ ਵਿਚ ਦੇਰੀ ਹੋ
ਜਾਵੇਗੀ।”
ਮਹਾਂਰਾਜਾ ਇਕ ਕਿਸਮ ਨਾਲ ਹੁਕਮ ਹੀ ਸੁਣਾ ਰਿਹਾ ਸੀ। ਅਰੂੜ ਸਿੰਘ ਦੇਖ ਰਿਹਾ ਸੀ ਕਿ
ਮਹਾਂਰਾਜੇ ਦੇ ਆਲੇ-ਦੁਆਲੇ ਬ੍ਰਤਾਨਵੀ ਤੇ ਰੂਸੀ ਏਜੰਟਾਂ ਦਾ ਜਾਲ ਵਿਛਿਆ ਹੋਇਆ ਸੀ। ਉਸ ਨੂੰ
ਅਦਾ ਉਪਰ ਵੀ ਭਰੋਸਾ ਨਹੀਂ ਸੀ। ਅਜਿਹੀ ਹਾਲਤ ਵਿਚ ਉਹ ਮਹਾਂਰਾਜੇ ਨੂੰ ਛੱਡ ਕੇ ਜਾਣਾ ਨਹੀਂ
ਸੀ ਚਾਹੁੰਦਾ ਪਰ ਮਹਾਂਰਾਜੇ ਨੇ ਉਸ ਦੀ ਕੋਈ ਦਲੀਲ ਨਾ ਸੁਣੀ। ਉਹ ਹਿੁੰਦਸਤਾਨ ਜਾਣ ਦੀ
ਤਿਆਰੀ ਕਰਨ ਲਗਿਆ। ਉਸ ਦਾ ਸਫਰ ਵੀ ਖਤਰਿਆਂ ਭਰਿਆ ਹੀ ਹੋਣਾ ਸੀ। ਉਸ ਨੂੰ ਪਤਾ ਸੀ ਕਿ
ਮਹਾਂਰਾਜਾ ਇਹ ਖ਼ਬਰ ਇਕ ਦਮ ਟੈਵਿਸ ਨੂੰ ਦੇਵੇਗਾ ਤੇ ਉਸ ਤੋਂ ਅਗੇ ਉਸ ਦੇ ਜਾਣ ਬਾਰੇ ਪੂਰੇ
ਹਿੰਦੁਸਤਾਨ ਨੂੰ ਪਤਾ ਚਲ ਜਾਵੇਗਾ ਤੇ ਹੋ ਸਕਦਾ ਸੀ ਕਿ ਕਿਧਰੇ ਰਾਹ ਵਿਚ ਹੀ ਫੜ ਲਿਆ ਜਾਵੇ।
ਅਰੂੜ ਸਿੰਘ ਟੈਵਿਸ ਬਾਰੇ ਮਹਾਂਰਾਜੇ ਨੂੰ ਕਈ ਵਾਰ ਸਮਝਾ ਚੁੱਕਿਆ ਸੀ ਪਰ ਮਹਾਂਰਾਜਾ ਉਸ ਉਪਰ
ਅੰਨੇਵਾਹ ਯਕੀਨ ਕਰਦਾ ਸੀ। ਟੈਵਿਸ ਵੀ ਜਾਣਦਾ ਸੀ ਕਿ ਅਰੂੜ ਸਿੰਘ ਮਹਾਂਰਾਜੇ ਦੀ ਸੱਜੀ ਬਾਂਹ
ਸੀ। ਉਸ ਦੇ ਹੁੰਦਿਆਂ ਮਹਾਂਰਾਜੇ ਨੂੰ ਨੁਕਸਾਨ ਪਹੁੰਚਾ ਸਕਣਾ ਸੌਖਾ ਕੰਮ ਨਹੀਂ ਸੀ। ਅਰੂੜ
ਸਿੰਘ ਬਿਨਾਂ ਮਹਾਂਰਾਜਾ ਬਹੁਤ ਕਮਜ਼ੋਰ ਸੀ। ਮਹਾਂਰਾਜੇ ਨੇ ਟੈਵਿਸ ਨੂੰ ਲਿਖ ਦਿਤਾ ਕਿ ਅਰੂੜ
ਸਿੰਘ ਹਿੰਦੁਸਤਾਨ ਜਾ ਰਿਹਾ ਹੈ। ਟੈਵਿਸ ਨੇ ਉਸੇ ਵੇਲੇ ਸਾਰੀ ਗੱਲ ਲੰਡਨ ਦੇ ਦਫਤਰ ਵਿਚ
ਦਸਦਿਆਂ ਲਿਖਿਆ;
‘...ਅਰੂੜ ਸਿੰਘ ਮਹਾਂਰਾਜੇ ਦੇ ਬਰਾਬਰ ਨਹੀਂ ਖੜਾ ਸਗੋਂ ਉਸ ਦੇ ਅਗੇ ਖੜਾ ਹੈ। ਜੇ ਇਹ ਉਸ
ਦੇ ਅਗੋਂ ਹਟ ਜਾਵੇ ਤਾਂ ਪਿੱਛੇ ਬਹੁਤ ਹੀ ਨਗੂਣਾ ਜਿਹਾ ਬੰਦਾ ਬਚੇਗਾ। ਇਸ ਲਈ ਅਰੂੜ ਸਿੰਘ
ਨੂੰ ਜਾਂ ਤਾਂ ਕੈਦ ਕਰ ਲਿਆ ਜਾਵੇ ਜਾਂ ਉਸ ਦਾ ਕੋਈ ਹੋਰ ਇੰਤਜ਼ਾਮ ਕੀਤਾ ਜਾਵੇ। ਮੇਰੀ
ਜਾਣਕਾਰੀ ਅਨੁਸਾਰ ਜਿਹੜਾ ਰਾਹ ਉਸ ਨੇ ਹਿੰਦੁਸਤਾਨ ਜਾਣ ਲਈ ਚੁਣਿਆਂ ਹੈ ਉਸ ਵਿਚ ਉਸ ਦਾ
ਪਿੱਛਾ ਕਰਨਾ ਜ਼ਰਾ ਔਖਾ ਕੰਮ ਹੋਵੇਗਾ ਪਰ ਫਿਰ ਵੀ ਕੋਸਿ਼ਸ਼ ਤਾਂ ਕੀਤੀ ਜਾ ਸਕਦੀ ਹੈ।
ਮਾਸਕੋ ਤੋਂ ਉਹ 26 ਮਈ ਨੂੰ ਚਲੇਗਾ, ਪਹਿਲਾਂ ਗੱਡੀ ਰਾਹੀਂ ਓਡੇਸਾ ਤੇ ਫਿਰ ਸਟੀਮਰ ‘ਤੇ
ਕੌਂਸਟੈਂਟਿਨੋਪਲ, ਜਿਥੋਂ ਉਹ ਫਰਾਂਸ ਜਾਏਗਾ ਪਰ ਪੈਰਿਸ ਨਹੀਂ ਆਵੇਗਾ, ਫਰਾਂਸ ਤੋਂ ਅਗੇ
ਪਾਂਡੀਚਰੀ। ਇਸ ਦੁਰਮਿਆਨ ਜੇ ਉਸ ਦਾ ਕੋਈ ਹੱਲ ਲੱਭ ਸਕਦਾ ਹੋਵੇ ਤਾਂ ਠੀਕ ਹੈ ਨਹੀਂ ਤਾਂ ਉਹ
ਸਾਰੇ ਸੁਨੇਹੇ ਲੈ ਕੇ ਹਿੁੰਦਸਤਾਨ ਪੁੱਜ ਜਾਵੇਗਾ।’...
ਹਿੰਦੁਸਤਾਨ ਦੀ ਪੁਲੀਸ ਨੇ ਅਰੂੜ ਸਿੰਘ ਨੂੰ ਰੋਕਣ ਦੀ ਸਾਰੀ ਤਿਆਰੀ ਕਰ ਲਈ। ਉਹਨਾਂ ਦੇ
ਅੰਦਾਜ਼ੇ ਅਨੁਸਾਰ ਦੋ ਮਹੀਨੇ ਲਗਣੇ ਸਨ ਅਰੂੜ ਸਿੰਘ ਨੂੰ ਪਾਂਡੀਚਰੀ ਪੁਜਦਿਆਂ। ਪੰਜਾਬ ਵਿਚ
ਮਹਾਂਰਾਜੇ ਦੀ ਫਾਈਲ ਪੰਜਾਬ ਸਪੈਸ਼ਲ ਬਰਾਂਚ ਨੇ ਮਿਸਟਰ ਡੌਨਲਡ ਮੈਕਰੈਕਨ ਦੀ ਅਗਵਾਈ ਹੇਠ
ਖੋਹਲੀ ਹੋਈ ਸੀ। 1886 ਦੇ ਅਖੀਰ ਵਿਚ ਮਹਾਂਰਾਜੇ ਦਾ ਕੇਸ ‘ਠੱਗੀ ਤੇ ਡਕੈਤੀ’ ਮਹਿਕਮੇ ਨੂੰ
ਦੇ ਦਿਤਾ ਗਿਆ ਸੀ। ਇਸ ਵਿਭਾਗ ਦੇ ਮੁਖੀ ਨੇ ਸਾਰੀ ਫਾਈਲ ਦਾ ਮੁਆਇਨਾ ਕਰਕੇ ਇਸ ਫਾਈਲ ਨੂੰ
ਮੇਜ਼ ਉਪਰ ਆਪਣੀ ਇਵੇਂ ਰੱਖ ਲਿਆ ਕਿ ਹਰ ਵਕਤ ਉਸ ਦੀ ਨਜ਼ਰ ਵਿਚ ਰਹੇ। ਗਰਮੀਆਂ ਦੀ ਰਾਜਧਾਨੀ
ਸਿ਼ਮਲੇ ਵਿਚ ਵੀ ਇਹ ਫਾਈਲ ਦਿਲਚਪਸੀ ਦਾ ਕਾਰਣ ਬਣੀ ਹੋਈ ਸੀ। ਹਿੰਦੁਸਤਾਨ ਦਾ ਵਿਦੇਸ਼
ਮੰਤਰੀ ਸਰ ਹੈਨਰੀ ਡੁਰੈਂਡ ਬਜ਼ਾਤੇ-ਖੁਦ ਇਸ ਫਾਈਲ ਨੂੰ ਕਈ ਵਾਰ ਪੜ੍ਹ ਚੁਕਿਆ ਸੀ।
ਹਿੰਦੁਸਤਾਨ ਦੀ ਸਰਕਾਰ ਮਹਾਂਰਾਜੇ ਦੇ ਕੇਸ ਬਾਰੇ ਦੋ ਦਿਸ਼ਾਵਾਂ ਵਿਚ ਕੰਮ ਕਰ ਰਹੀ ਸੀ। ਇਕ
ਤਾਂ ਮਹਾਂਰਾਜੇ ਬਾਰੇ ਪੰਜਾਬ ਦੇ ਲੋਕਾਂ ਦਾ ਰੌਂਅ ਦੇਖਣਾ ਤੇ ਦੂਜੇ ਪਾਂਡੀਚਰੀ ਵਿਚ ਬੈਠੇ
ਠਾਕੁਰ ਸਿੰਘ ਸੰਧਵਾਲੀਆ ਦੀਆਂ ਗਤੀਵਿਧੀਆਂ ਉਪਰ ਨਜ਼ਰ ਰੱਖਣੀ। ਠਾਕੁਰ ਸਿੰਘ ਸੰਧਾਵਾਲੀਆ
ਮਹਾਂਰਾਜੇ ਨੂੰ ਪੂਰੀ ਤਰ੍ਹਾਂ ਅਰਪਿਤ ਸੀ ਇਸ ਲਈ ਸਰਕਾਰ ਲਈ ਉਹ ਵਿਸ਼ੇਸ਼ ਵਿਅਕਤੀ ਸੀ।
ਸਰਕਾਰ ਨੂੰ ਠਾਕੁਰ ਸਿੰਘ ਦੀ ਪੂਰੀ ਜਾਣਕਾਰੀ ਸੀ ਕਿ ਉਹ ਕੀ ਕਰਦਾ ਸੀ ਤੇ ਕਿਸ ਨੂੰ ਮਿਲਦਾ
ਸੀ। ਉਹਦੇ ਤੇ ਮਹਾਂਰਾਜੇ ਵਿਚਕਾਰ ਹੁੰਦੀ ਚਿੱਠੀ-ਪੱਤਰ ਦੀ ਵੀ ਬਹੁਤ ਸਾਰੀ ਜਾਣਕਾਰੀ ਸਰਕਾਰ
ਨੂੰ ਸੀ। ਉਹਨਾਂ ਦਾ ਆਪਸੀ ਰਾਬਤੇ ਦਾ ਇਕੋ ਰਸਤਾ ਸੀ; ਮਾਸਕੋ – ਪੈਰਿਸ – ਪਾਂਡੀਚਰੀ।
ਪੈਰਿਸ ਇਸ ਰੂਟ ਦੇ ਵਿਚਕਾਰ ਪੈਂਦਾ ਸੀ ਜਿਥੇ ਟੈਵਿਸ ਬੈਠਾ ਸੀ। ਡਾਕ ਭੇਜਣ ਦਾ ਇਕ ਹੋਰ ਰੂਟ
ਵੀ ਸੀ, ਉਹ ਸੀ ਟਰਕੀ ਦੀ ਰਾਜਧਾਨੀ ਰਾਹੀਂ ਜਿਥੇ ਇਫਿੰਡੀ ਨਾਂ ਦਾ ਮਹਾਂਰਾਜੇ ਦਾ ਇਕ
ਵਿਸਵਾਸ਼ ਪਾਤਰ ਬੈਠਾ ਸੀ ਪਰ ਇਹ ਰਸਤਾ ਜ਼ਰਾ ਲੰਮੇਰਾ ਪੈਂਦਾ ਸੀ। ਬਹੁਤ ਵਕਤ ਲਗ ਜਾਂਦਾ।
ਇਸ ਲਈ ਘੱਟ ਵਰਤਿਆ ਜਾਂਦਾ ਸੀ।
ਦੂਜੇ ਪਾਸੇ ਪੰਜਾਬ ਦੇ ਲੋਕਾਂ ਦੇ ਵਿਚਾਰ ਦੇਖਣ ਲਈ ਵੀ ਵੱਖ ਵੱਖ ਪੱਧਰਾਂ ‘ਤੇ ਕੰਮ ਹੋ
ਰਿਹਾ ਸੀ ਕਿ ਜੇ ਮਹਾਂਰਾਜਾ ਪੰਜਾਬ ਵਿਚ ਆ ਜਾਂਦਾ ਹੈ ਤਾਂ ਲੋਕਾਂ ‘ਤੇ ਇਸ ਦਾ ਕੀ ਅਸਰ
ਹੋਵੇਗਾ ਤੇ ਸਿੱਖ ਫੌਜ ‘ਤੇ ਕੀ। ਇਸ ਬਾਰੇ ਅੱਡ-ਅੱਡ ਅਫਸਰ ਰਿਪ੍ਰੋਟਾਂ ਤਿਆਰ ਕਰਦੇ ਰਹਿੰਦੇ
ਸਨ। ਜਨਰਲ ਫਰੈਡਰਿਕ ਰੌਬਰਟ ਨੇ ਆਪਣੀ ਰਿਪ੍ਰੋਟ ਵਿਚ ਰਾਏ ਦਿੰਦਿਆਂ ਲਿਖਿਆ, ‘ਮੈਨੂੰ ਨਹੀਂ
ਲਗਦਾ ਕਿ ਲੋਕਾਂ ਵਿਚ ਅਸੰਤੁਸ਼ਟਤਾ ਹੈ ਪਰ ਮਹਾਂਰਾਜੇ ਦਾ ਆਉਣਾ ਕੁਝ ਲੋਕਾਂ ਦੀ ਆਸ ਬਣਾ
ਸਕਦਾ ਹੈ ਕਿ ਸਿੱਖ ਮੁੜ ਕੇ ਤਾਕਤ ਵਿਚ ਆ ਜਾਣਗੇ। ਰੂਸੀ ਫੌਜ ਦਾ ਅਫਗਾਨਿਸਤਾਨ ਵਿਚ ਹੋਣਾ
ਵੀ ਖਤਰਨਾਕ ਸਿਧ ਹੋ ਸਕਦਾ ਹੈ।’
ਕਰਨਲ ਹੈਨਸੀ ਜੋ ਸਿੱਖਾਂ ਦੀ ਪੰਦਰਵੀਂ ਬਟਾਲੀਅਨ ਦਾ ਮੁਖੀ ਸੀ, ਦਾ ਕਹਿਣਾ ਸੀ,
‘...ਸਿੱਖਾਂ ਦੀ ਆਤਮਾ ਮਰੀ ਨਹੀਂ ਹੈ ਤੇ ਉਹ ਦੇਸ਼ ਪਿਆਰ ਦੀ ਅੱਗ ਨਾਲ ਭਰੇ ਪਏ ਹਨ।
...ਸਰਕਾਰ ਨੂੰ ਚਾਹੀਦਾ ਹੈ ਕਿ ਉਸ ਨੂੰ ਇੰਗਲੈਂਡ ਵਿਚ ਹੀ ਰੋਕੇ।’
ਇਸ ਤੋਂ ਹਫਤਾ ਕੁ ਬਾਅਦ ਹੀ ਸਰ ਚਾਰਲਸ ਐਚੀਸਨ, ਲੈਫਟੀਨੈਂਟ ਜਨਰਲ ਨੇ ਲਿਖਿਆ, ‘...ਐਨੇ ਡਰ
ਵਾਲੀ ਲੋੜ ਨਹੀਂ ਹੈ, ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਮਹਾਰਾਜੇ ਦਾ ਨਾਂ ਲੋਕਾਂ ਦੇ ਮਨਾਂ
ਵਿਚ ਵਸਦਾ ਹੈ ਇਸ ਲਈ ਧਿਆਨ ਰੱਖਣ ਦੀ ਲੋੜ ਹੈ।’
ਇਸ ਤੋਂ ਛੇਤੀ ਬਾਅਦ ਹੀ ਪੰਜਾਬ ਦੇ ਸਾਰੇ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰ ਦਿਤੇ ਗਏ ਸਨ ਕਿ
ਦਲੀਪ ਸਿੰਘ ਦੇ ਹਮਦਰਦਾਂ ਉਪਰ ਖਾਸ ਨਜ਼ਰ ਰੱਖੀ ਜਾਵੇ ਸੋ ਅਜਿਹੇ ਸ਼ੱਕੀ ਲੋਕਾਂ ਦੀ ਇਕ
ਲੰਮੀ ਲਿਸਟ ਤਿਆਰ ਹੋ ਗਈ।
ਜਿਸ ਦਿਨ ਅੰਗਰੇਜ਼ਾਂ ਨੇ ਪੰਜਾਬ ਉਪਰ ਕਬਜ਼ਾ ਕਰ ਲਿਆ ਸੀ ਉਸੇ ਦਿਨ ਤੋਂ ਹੀ ਉਹਨਾਂ ਨੇ
ਮੁਸਲਮਾਨਾਂ ਦੇ ਮਨਾਂ ਵਿਚ ਸਿੱਖਾਂ ਦੇ ਖਿਲਾਫ ਨਫਰਤ ਭਰਨੀ ਸ਼ੁਰੂ ਕਰ ਦਿਤੀ ਹੋਈ ਸੀ। ਉਹ
ਕਾਮਯਾਬ ਵੀ ਹੋ ਰਹੇ ਸਨ। ਹੁਣ ਮਹਾਂਰਾਜੇ ਦੇ ਖਿਲਾਫ ਮੁਸਲਮਾਨਾਂ ਵਿਚ ਮੰਦ-ਭਾਵਨਾਵਾਂ
ਫੈਲਾਉਣ ਦੀਆਂ ਕੋਸਿ਼ਸ਼ਾਂ ਕੀਤੀਆਂ ਜਾਣ ਲਗੀਆਂ। ਮੁਸਲਮਾਨਾਂ ਵਿਚੋਂ ਹੀ ਕੁਝ ਲੋਕ
ਮਹਾਂਰਾਜੇ ਦੇ ਖਿਲਾਫ ਤਿਆਰ ਕੀਤੇ ਜਾ ਰਹੇ ਸਨ ਖਾਸ ਤੌਰ ਤੇ ਜਸੂਸ ਬਣਾਏ ਜਾ ਰਹੇ ਸਨ।
ਇਹਨਾਂ ਵਿਚੋਂ ਇਕ ਅਲੀ ਮਹੰਮਦ ਨਾਂ ਦਾ ਵਿਅਕਤੀ ਸੀ ਜਿਸ ਨੂੰ ਐਲ. ਐਮ. ਦੇ ਨਾਂ ਨਾਲ
ਜਾਣਿਆਂ ਜਾਂਦਾ ਸੀ। ਉਹ ਪੰਜਾਬੀ ਸਭਿਆਚਾਰ ਨੂੰ ਤਾਂ ਸਮਝਦਾ ਹੀ ਸੀ ਤੇ ਨਾਲ ਹੀ ਸਿੱਖ ਧਰਮ
ਬਾਰੇ ਵੀ ਜਾਣਕਾਰੀ ਰੱਖਦਾ ਸੀ ਜਿਸ ਨਾਲ ਸਿੱਖਾਂ ਵਿਚ ਜਾ ਵੜਨਾ ਉਸ ਲਈ ਅਸਾਨ ਰਹਿੰਦਾ ਸੀ।
ਇਸੇ ਮਕਸਦ ਨਾਲ ਐਲ. ਐਮ. ਕਈ ਮਹੀਨੇ ਭੇਸ ਬਦਲ ਕੇ ਪੰਜਾਬ ਵਿਚ ਫਿਰਦਾ ਰਿਹਾ ਤੇ ਅੰਤ ਉਸ ਨੇ
ਆਪਣੀ ਰਿਪ੍ਰੋਟ ਤਿਆਰ ਕਰਕੇ ਕਰਨਲ ਹੈਂਡਰਸਨ ਨੂੰ ਦੇ ਦਿਤੀ। ਉਸ ਦੀ ਰਿਪ੍ਰੋਟ ਠਾਕੁਰ ਸਿੰਘ
ਦੇ ਐੱਲਵੇਡਨ ਜਾਣ ਤੋਂ ਸ਼ੁਰੂ ਹੁੰਦੀ ਸੀ, ਬੰਬੇ ਲਈ ਵਿਰੋਨਾ ਬੁੱਕ ਕਰਾਉਣ ਤੋਂ ਲੈ ਕੇ
ਮਹਾਂਰਾਜੇ ਦੇ ਪਹੁਲ ਲੈਣ ਤਕ ਪੁਜਦੀ ਸੀ। ਉਸ ਨੇ ਇਹ ਵੀ ਦਸਿਆ ਕਿ ਕਸ਼ਮੀਰ ਦੇ ਰਾਜੇ ਨੇ
ਮਹਾਂਰਾਜੇ ਨੂੰ ਸੱਠ ਹਜ਼ਾਰ ਦਾ ਸੋਨਾ ਤੇ ਸੱਠ ਹਜ਼ਾਰ ਦੇ ਹੀਰੇ ਭੇਜੇ ਸਨ ਜੋ ਕਿ ਦੂਜਾ
ਠਾਕੁਰ ਸਿੰਘ ਜਿਸ ਨੇ ਪਹੁਲ ਦੀ ਮਰਿਯਾਦਾ ਨਿਭਾਈ, ਲੈ ਕੇ ਗਿਆ ਸੀ। ਲਹੌਰ ਦੇ ਦੀਵਾਨ
ਗੋਬਿੰਦ ਸਹਾਏ ਨੇ ਇਹ ਸਭ ਇਕ ਲੜਾਈ ਵਿਚ ਵਰਤੇ ਜਾਣ ਵਾਲੇ ਅੰਦਰਲੇ ਵਸਤਰ ਦੇ ਤੌਰ ਤੇ ਤਿਆਰ
ਕਰ ਕੇ ਦਿਤੇ ਸਨ। ਉਸ ਨੇ ਠਾਕੁਰ ਸਿੰਘ ਸੰਧਾਵਾਲੀਆ ਦੇ ਪਾਂਡੀਚਰੀ ਜਾਣ ਤੋਂ ਪਹਿਲਾਂ ਦਾ
ਸਾਰਾ ਇਤਹਾਸ ਵੀ ਕੱਢ ਲਿਆਂਦਾ ਸੀ ਕਿ ਸੰਧਵਾਲੀਆ ਕਿਸ-ਕਿਸ ਨੂੰ ਮਿਲਿਆ। ਸੱਚੀ-ਸਾਖੀ ਵਾਲੀ
ਕਥਾ ਕਿ ਮਹਾਂਰਾਜੇ ਦੇ ਰੂਪ ਵਿਚ ਗੁਰੂ ਗੋਬਿੰਦ ਸਿੰਘ ਮੁੜ ਰਿਹਾ ਹੈ, ਕੂਕਾ ਲਹਿਰ ਦਾ ਇਸ
ਸਾਰੇ ਨਾਲ ਕੀ ਸਬੰਧ ਹੈ, ...ਕਿ ਪੰਜਾਬ ਦੇ ਮੁਸਲਮਾਨਾਂ ਨੂੰ ਦਲੀਪ ਸਿੰਘ ਨਾਲ ਕੋਈ ਹਮਦਰਦੀ
ਨਹੀਂ ਹੈ, ਸਾਰੇ ਮੁਸਲਮਾਨ ਅੰਗਰੇਜ਼ ਸਰਕਾਰ ਨਾਲ ਖੜਨਗੇ। ਇਸੇ ਅਧਾਰ ਤੇ ਵੋਇਸਰਾਏ ਨੇ 14
ਜੁਲਾਈ 1887 ਨੂੰ ਆਪਣੀ ਰਿਪ੍ਰੋਟ ਲੌਰਡ ਕਰੌਸ ਨੂੰ ਲੰਡਨ ਭੇਜ ਦਿਤੀ ਕਿ ਸਭ ਕੁਝ ਠੀਕ ਹੈ।
ਕਿਸੇ ਵੱਡੇ ਫਿਕਰ ਦੀ ਲੋੜ ਨਹੀਂ ਹੈ।
ਪੰਜਾਬ ਦੇ ਲੋਕਾਂ ਦਾ ਰੌਂਅ ਦੇਖਣ ਦਾ ਹਰ ਇਕ ਦਾ ਆਪਣਾ ਤਰੀਕਾ ਸੀ। ਬਹੁਤੇ ਅੰਗਰੇਜ਼ਾਂ ਦੀ
ਰਾਏ ਸੀ ਕਿ ਪੰਜਾਬ ਵਿਚ ਸਿੱਖ ਘੱਟ-ਗਿਣਤੀ ਵਿਚ ਸਨ ਤੇ ਮੁਸਲਮਾਨ ਬਹੁ-ਗਿਣਤੀ ਵਿਚ।
ਮੁਸਲਮਾਨ ਅੰਗਰੇਜ਼ ਦੀ ਮੱਦਦ ਕਰ ਰਹੇ ਸਨ ਇਸ ਲਈ ਸਿੱਖਾਂ ਤੋਂ ਕੋਈ ਖਤਰਾ ਨਹੀਂ ਸੀ। ਇਕ
ਰਾਏ ਇਹ ਸੀ ਕਿ ਮਹਾਂਰਾਜੇ ਵਿਚੋਂ ਆਮ ਪੰਜਾਬੀ ਵੀ ਆਪਣਾ ਹੁਕਮਰਾਨ ਦੇਖ ਰਿਹਾ ਸੀ, ਇਸ ਲਈ
ਬਹੁਤ ਸਾਵਧਾਨੀ ਵਰਤਣ ਦੀ ਲੋੜ ਸੀ। ਇਕ ਹੋਰ ਸਮੁਦਾਏ ਰਾਏ-ਸਿੱਖਾਂ ਦੇ ਸਿਰੜ ਤੇ ਮਹਾਂਰਾਜੇ
ਵਲ ਆਸਥਾ ਵਾਲੀ ਵੀ ਉਭਰ ਕੇ ਸਾਹਮਣੇ ਆ ਰਹੀ ਸੀ। ਅਖ਼ਬਾਰ ‘ਲਹੌਰ ਟਰੀਬਿਊਨ’ ਮਹਾਂਰਾਜੇ
ਬਾਰੇ ਜ਼ਰਾ ਖੁਲ੍ਹ ਕੇ ਗੱਲ ਕਰਨ ਲਗਦੀ। ਇਸ ਦੇ ਮਾਲਕ ਸਰਦਾਰ ਦਿਆਲ ਸਿੰਘ ਉਪਰ ਸਰਕਾਰ ਖਾਸ
ਨਜ਼ਰ ਰੱਖਣ ਲਗੀ। ਇਹਨਾਂ ਦਿਨਾਂ ਵਿਚ ਹੀ 11 ਜੁਲਾਈ ਨੂੰ ਕੈਪਟਨ ਐਂਡਰਿਊ ਹੇਅਰਸੇ ਦਾ ਇਕ
ਖਤ ਲਹੌਰ ਟਰੀਬਿਊਨ ਵਿਚ ਛਪਿਆ। ਉਸ ਨੇ ਲਿਖਿਆ;
‘...ਲਹੌਰ ਦੀ ਸੰਧੀ ਮੁਤਾਬਕ ਮਹਾਂਰਾਜੇ ਦਾ ਤੀਹ ਲੱਖ ਪੌਂਡ ਬਣਦਾ ਸੀ ਪਰ ਹੁਣ ਹਿੰਦੁਸਤਾਨ
ਦੀ ਸਰਕਾਰ ਦਾ ਖਰਚ ਤਿੰਨ ਕਰੋੜ ਪੌਂਡ ਤੋਂ ਵੀ ਵੱਧ ਹੋ ਰਿਹਾ ਹੈ, ਉਹ ਸਿਆਸਤਦਾਨ ਕਿੰਨੇ
ਪਾਗਲ ਹਨ ਜੋ ਇਸ ਸੱਚ ਤੋਂ ਅੱਖਾਂ ਮੀਟ ਕੇ ਬੈਠੇ ਹਨ। ...ਰੂਸ ਕੋਲ ਮਹਾਂਰਾਜਾ ਇਸ ਵੇਲੇ
ਰੰਗ ਦਾ ਪੱਤਾ ਹੈ ਤੇ ਰੂਸ ਨੂੰ ਪਤਾ ਹੈ ਕਿ ਇਹ ਪੱਤਾ ਕਿਵੇਂ ਖੇਲ੍ਹਣਾ ਹੈ। ...ਉਹ ਲੋਕ ਜੋ
ਕਹਿ ਰਹੇ ਹਨ ਕਿ ਪੰਜਾਬ ਵਿਚ ਮਹਾਂਰਾਜੇ ਦਾ ਕੋਈ ਅਧਾਰ ਨਹੀਂ ਉਹ ਮੂਰਖ ਹਨ, ਜਾ ਕੇ ਦੇਖੋ
ਸੇ਼ਰੇ ਪੰਜਾਬ ਦੀ ਸਮਾਧ ਤੇ ਜੁੜੇ ਲੋਕਾਂ ਨੂੰ, ਉਹਨਾਂ ਦੇ ਦਿਲਾਂ ਨੂੰ ਜਿਥੇ ਹੁਣ ਦਲੀਪ
ਸਿੰਘ ਵੀ ਵਸਦਾ ਹੈ, ...ਪੱਚੀ ਹਜ਼ਾਰ ਸਿੱਖ ਤੇ ਪੰਜਾਬੀ ਫੌਜ ਰੂਸ ਨਾਲ ਰਲ਼ਣ ਲਈ ਤਿਆਰ
ਬੈਠੀ ਹੈ...।’...
ਕੈਪਟਨ ਐਂਡਰਿਊ ਹੇਅਰਸੇ ਦੇ ਖਤ ਦੇ ਜਵਾਬ ਵਿਚ ਕਈ ਹੋਰ ਖਤ ਉਸੇ ਤੇ ਹੋਰਨਾਂ ਅਖ਼ਬਾਰਾਂ ਵਿਚ
ਛਪੇ। ਉਸ ਦੀ ਇਹ ਦਲੀਲ ਬਹੁਤ ਕੰਮ ਕਰ ਰਹੀ ਸੀ ਕਿ ਮਹਾਂਰਾਜੇ ਨੂੰ ਸੰਧੀ ਮੁਤਾਬਕ ਤੀਹ ਲੱਖ
ਰੁਪਏ ਨਾ ਦੇ ਕੇ ਉਸ ਉਪਰ ਤਿੰਨ ਕਰੋੜ ਖਰਚ ਕੀਤਾ ਜਾ ਰਿਹਾ ਸੀ, ਜੋ ਕਿ ਬਹੁਤ ਵੱਡੀ ਮੂਰਖਤਾ
ਸੀ। ਕੈਪਟਨ ਹੀਅਰਸੇ ਨੂੰ ਅੰਗਰੇਜ਼ਾਂ ਨੇ ਪਾਗਲ ਕਹਿਣਾ ਸ਼ੁਰੂ ਕਰ ਦਿਤਾ। ਹਿੁੰਦਸਤਾਨ ਦੀ
ਸਰਕਾਰ ਉਸ ਉਪਰ ਵੀ ਵਿਸ਼ੇਸ਼ ਨਜ਼ਰ ਰੱਖਣ ਲਗ ਪਈ। ਜੇ ਉਹ ਵੀ ਅੰਗਰੇਜ਼ ਨਾ ਹੁੰਦਾ ਤਾਂ ਹੁਣ
ਤਕ ਜੇਲ੍ਹ ਵਿਚ ਹੁੰਦਾ। ‘ਲਹੌਰ ਟਰੀਬਿਊਨ’ ਦੇ ਮਿਲਟਰੀ ਨਾਲ ਸਬੰਧਤ ਪੱਤਰਕਾਰ ਨੇ ਰੂਸ ਨਾਲ
ਬਾਵਸਤਾ ਦੋ ਖਾਸ ਖ਼ਬਰਾਂ ਛਾਪੀਆਂ ਜਿਹਨਾਂ ਨੇ ਅੰਗਰੇਜ਼ਾਂ ਵਿਚ ਡਰ ਨਾਲ ਭਰੀ ਹਿਲਜੁਲ ਪੈਦਾ
ਕਰ ਦਿਤੀ। ਇਕ ਤਾਂ ਇਹ ਕਿ ਇਹ ਕਿ ਰੂਸ ਨੇ ਅਜਿਹੀ ਦਿਵ-ਸ਼ਸਤਰ ਵਰਗੀ ਕਾਢ ਕੱਢੀ ਹੈ ਕਿ
ਦੁਸ਼ਮਣ ਦੀ ਏਰੀਅਲ ਰਾਹੀਂ ਭਾਲ ਕਰਦੀ ਹੋਈ ਹਵਾ ਰਾਹੀਂ ਹਮਲਾ ਕਰੇਗੀ। ਹਵਾਈ ਅਮਲਾ ਕਰਨ
ਵਾਲਾ ਇਹ ਦੋ ਸੌ ਫੁੱਟ ਲੰਮਾ ਵਾਹਨ ਹੈ ਤੇ ਬਹੁਤ ਜਲਦੀ ਰੂਸੀ ਬੇੜਾ ਇਸ ਸ਼ਸਤਰ ਨੂੰ ਲੈ ਕੇ
ਸਿੰਧ ਦੀ ਖਾੜੀ ਵਿਚ ਪੁੱਜ ਸਕਦਾ ਹੈ। ਜਿਹੜੇ ਦਿਵ-ਸ਼ਸਤਰ ਹਿੰਦੁਸਤਾਨੀ ਦੇਵਤੇ ਵਰਤਦੇ ਰਹੇ
ਹਨ, ਰੂਸ ਨੂੰ ਉਹੋ ਮਿਲ ਗਏ ਹਨ। ਦੂਜੀ ਖ਼ਬਰ ਸੀ ਕਿ ਰੂਸ ਨੇ ਪੈਦਲ ਸੈਨਾ ਲਈ ਵੀ ਐਟੋਮੈਟਿਕ
ਹਥਿਆਰਾਂ ਦੀ ਕਾਢ ਕੱਢ ਲਈ ਹੈ ਜੋ ਦੁਸ਼ਮਣ ਦੀ ਤਬਾਹੀ ਮਚਾ ਕੇ ਰੱਖ ਦਿੰਦੀ ਹੈ। ਹੁਣ ਜਲ ਤੇ
ਥਲ ਦੋਵੇਂ ਸੈਨਾ ਵਿਚ ਹੀ ਰੂਸ ਇੰਗਲੈਂਡ ਤੋਂ ਕਿਤੇ ਅਗੇ ਪੁੱਜ ਗਿਆ ਹੈ।
ਅਖੀਰ ਵਿਚ ਇਕ ਸਵਾਲ ਹਿੰਦੁਸਤਾਨ ਦੀ ਸਰਕਾਰ ਦੇ ਮੁਹਰੇ ਖੜਾ ਸੀ ਕਿ ਜੇ ਬ੍ਰਤਾਨੀਆਂ ਦੀ
ਗੁਪਤ ਸੇਵਾ ਫੇਹਲ ਹੋ ਜਾਂਦੀ ਹੈ ਤੇ ਪੂਰੀ ਤਰ੍ਹਾਂ ਖ਼ਬਰ ਨਹੀਂ ਲਿਆ ਸਕਦੀ ਤੇ ਮਹਾਂਰਾਜਾ
ਰੂਸੀ ਫੌਜ ਨਾਲ ਅਫਗਾਨਿਸਤਾਨ ਦੀ ਸਰਹੱਦ ‘ਤੇ ਆ ਖੜਦਾ ਹੈ ਤੇ ਸਿੱਖ ਬਗਾਵਤ ਕਰ ਦਿੰਦੇ ਹਨ
ਤਾਂ ਕੀ ਬ੍ਰਤਾਨੀਆਂ ਹਿੰਦੁਸਤਾਨ ਨੂੰ ਬਚਾ ਸਕੇਗਾ। ਹਿੰਦੁਸਤਾਨ ਦੇ ਵਿਦੇਸ਼ ਮੰਤਰੀ ਸਰ
ਹੈਨਰੀ ਡਰੈਂਡ ਨੇ ਲੌਰਡ ਕਰੌਸ ਨੂੰ ਲਿਖਿਆ;
‘...ਪਹਿਲੀ ਗੱਲ ਤਾਂ ਇਹ ਕਿ ਪੂਰੇ ਹਿੰਦੁਸਤਾਨ ਵਿਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ,
ਇਸਾਈਆਂ ਤੋਂ ਵੀ ਘੱਟ। ਇਸਾਈ 18,62,634 ਹਨ ਤੇ ਸਿੱਖ 18,53,426... ਹਨ। ਇਥੇ ਸਿੱਖਾਂ
ਦੀ ਸ਼ਕਤੀ ਉਹਨਾਂ ਦੀ ਸਿਰਫ ਗਿਣਤੀ ਵਿਚੋਂ ਨਹੀਂ ਆਂਕਣੀ ਚਾਹੀਦੀ ਪਰ ਫਿਰ ਵੀ ਸਭ ਕੁਝ ਪਾ
ਕੇ ਵੀ ਇਹ ਗਿਣਤੀ ਵੀਹ ਲੱਖ ਤੋਂ ਵੱਧ ਨਹੀਂ ਗਿਣੀ ਜਾ ਸਕਦੀ।... ਪੰਜਾਬ ਵਿਚ ਹਰ ਬਾਰਵਾਂ
ਬੰਦਾ ਸਿੱਖ ਹੈ ਤੇ ਬਾਕੀ ਦੇ ਹਿੰਦੁਸਤਾਨ ਵਿਚ ਤਾਂ ਏਨਾ ਵੀ ਨਹੀਂ। ...ਪੰਜਾਬੀ ਮੁਸਲਮਾਨ
ਜੋ ਕਿ ਸਿੱਖਾਂ ਦੇ ਦੁਸ਼ਮਣ ਵੀ ਹਨ ਗਿਣਤੀ ਵਿਚ ਜਿ਼ਆਦਾ ਹਨ, ਹਰ ਪੰਜਵਾਂ ਬੰਦਾ ਮੁਸਲਮਾਨ
ਹੈ, ...ਇਹ ਠੀਕ ਹੈ ਕਿ ਮਹਾਂਰਾਜੇ ਨੂੰ ਪੰਜਾਬ ਦੇ ਸਿੱਖਾਂ ਦੀ ਹਮਦਰਦੀ ਹਾਸਲ ਹੈ ਪਰ ਪੂਰੇ
ਹਿੰਦੁਸਤਾਨ ਦੇ ਮੁਕਾਬਲੇ ਇਹ ਕੁਝ ਵੀ ਨਹੀਂ। ...ਅਸੀਂ ਹਰ ਕਿਸਮ ਦੀ ਬਗਾਵਤ ਕੁਚਲ
ਦਿਆਂਗੇ।’...
ਸੈਕਟਰੀ ਔਫ ਸਟੇਟ ਫਾਰ ਇੰਡੀਆ ਨੂੰ ਤਸੱਲੀ ਕਰਾ ਦਿਤੀ ਗਈ ਸੀ ਕਿ ਸਿੱਖਾਂ ਨੂੰ ਸਹਿਜੇ ਹੀ
ਦਬਾਇਆ ਜਾ ਸਕਦਾ ਹੈ। ਇਸ ਬਿਆਨ ਨੂੰ ਪੜ੍ਹ ਕੇ ਬਹੁਤ ਸਾਰੇ ਅੰਗਰੇਜ਼ ਤੇ ਉਹਨਾਂ ਦੇ ਚਾਹਵਾਨ
ਬਹੁਤ ਖੁਸ਼ ਸਨ। ਉਹ ਸਿੱਖਾਂ ਨਾਲ ਹੋਈਆਂ ਲੜ੍ਹਾਈਆਂ ਦਾ ਜਿ਼ਕਰ ਵੀ ਕਰਦੇ ਕਿ ਕਿਵੇਂ
ਅੰਗਰੇਜ਼ਾਂ ਨੇ ਇਹ ਸਹਿਜੇ ਹੀ ਜਿੱਤ ਲਈਆਂ ਸਨ। ਇਸ ਦੇ ਨਾਲ ਨਾਲ ਇਸ ਬਿਆਨ ਦਾ ਨਰੀਖਣ ਵਾਲੇ
ਕਹਿ ਰਹੇ ਸਨ ਕਿ ਇਸ ਵਾਰ ਸਿੱਖ ਇਕੱਲੇ ਨਹੀਂ ਹੋਣੇ, ਉਹਨਾਂ ਨਾਲ ਰੂਸ ਨੇ ਵੀ ਹੋਵੇਗਾ।
ਜਿਹੜੀ ਖ਼ਬਰ ‘ਲਹੌਰ ਟ੍ਰਿਬਿਊਨ’ ਵਿਚ ਰੂਸ ਦੇ ਦਿਵ-ਸ਼ਸਤਰਾਂ ਵਾਲੀ ਛਪੀ ਸੀ, ਉਸ ਨੂੰ ਵੀ
ਤਾਂ ਮੱਦੇ-ਨਜ਼ਰ ਰੱਖਣ ਦੀ ਲੋੜ ਸੀ। ਆਏ ਦਿਨ ਬਹਿਸਾਂ ਦਾ ਬਾਜ਼ਾਰ ਸਰਗਰਮ ਰਹਿਣ ਲਗਿਆ
ਸੀ।...
ਮਾਸਕੋ ਵਿਚ ਬੈਠਾ ਮਹਾਂਰਾਜਾ ਆਪਣੀ ਜਿੱਤ ਯਕੀਨੀ ਬਣਾਈ ਬੈਠਾ ਸੀ, ਇਧਰ ਸਿ਼ਮਲੇ ਵਿਚ ਬੈਠੇ
ਅੰਗਰੇਜ਼ ਅਧਿਕਾਰੀਆਂ ਨੂੰ ਵੀ ਆਪਣੇ ਵਿਨਾਸ਼ ਦੇ ਸੁਫਨੇ ਤੰਗ ਕਰ ਰਹੇ ਸਨ। ਮਹਾਂਰਾਜੇ ਨੂੰ
ਗੱਪੀ ਕਹਿਣ ਵਾਲੇ ਅੰਦਰੋਂ ਬਹੁਤ ਡਰੇ ਹੋਏ ਸਨ। ਇਕੱਲੇ ਰੂਸ ਨਾਲ ਸਿੱਝਣਾ ਤਾਂ ਸੌਖਾ ਸੀ ਪਰ
ਰੂਸ ਨਾਲ ਰਲ਼ੇ ਮਹਾਂਰਾਜੇ ਨੇ ਉਹਨਾਂ ਉਪਰ ਭਾਰੀ ਪੈ ਜਾਣਾ ਸੀ। ਅਫਗਾਨਿਸਤਾਨ ਪੁੱਜੇ
ਮਹਾਂਰਾਜੇ ਨੂੰ ਸ਼ਾਇਦ ਹੀ ਰੋਕਿਆ ਜਾ ਸਕੇ ਇਸ ਲਈ ਬ੍ਰਤਾਨਵੀ ਸੁਰੱਖਿਆ ਵਿਭਾਗ ਨੇ ਫੈਸਲਾ
ਕੀਤਾ ਕਿ ਮਹਾਂਰਾਜੇ ਨੂੰ ਅਫਗਾਨਿਸਤਾਨ ਪੁੱਜਣ ਤੋਂ ਬਹੁਤ ਪਹਿਲਾਂ ਹੀ ਕਿਧਰੇ ਰੋਕਣਾ
ਹੋਵੇਗਾ। ਉਸ ਨੂੰ ਮਾਸਕੋ ਵਿਚ ਹੀ ਕਿਸੇ ਤਰ੍ਹਾਂ ਕਾਬੂ ਵਿਚ ਕਰਨਾ ਹੋਵੇਗਾ। ਬ੍ਰਤਾਨਵੀ
ਸਰਕਾਰ ਨੇ ਆਪਣਾ ਸਾਰਾ ਜ਼ੋਰ ਮਹਾਂਰਾਜੇ ਦੁਆਲੇ ਜਾਲ਼ ਬੁਣਨ ਵਿਚ ਲਗਾ ਦਿਤਾ। ਉਹਨਾਂ ਨੇ ਸਭ
ਤੋਂ ਪਹਿਲਾਂ ਸਿੱਧੇ ਹੀ ਡੇ-ਗਾਇਰ ਨੂੰ ਬੰਨ੍ਹਿਆਂ। ਡੇ-ਗਾਇਰ ਪਹਿਲਾਂ ਹੀ ਬ੍ਰਤਾਨਵੀ ਪੱਖੀ
ਵਿਦੇਸ਼ ਮੰਤਰੀ ਸੀ ਤੇ ਮਹਾਂਰਾਜੇ ਦੇ ਇਕਦਮ ਖਿਲਾਫ। ਮਹਾਂਰਾਜੇ ਨੂੰ ਘੇਰਨ ਲਈ ਸਾਰੇ ਸਿਰ
ਜੋੜ ਕੇ ਬੈਠ ਗਏ। ਉਹਨਾਂ ਦੀਆਂ ਪਹਿਲੀਆਂ ਕਈ ਚਾਲਾਂ ਫੇਹਲ ਹੋ ਗਈਆਂ ਸਨ, ਇਸ ਲਈ ਹੁਣ ਜ਼ਰਾ
ਹੋਰ ਸੋਚਣ ਦੀ ਲੋੜ ਸੀ।
ਮਹਾਂਰਾਜੇ ਨੂੰ ਘੇਰੇ ਵਿਚ ਲੈਣ ਦੇ ਤਿੰਨ ਤਰੀਕੇ ਸੁੱਝ ਰਹੇ ਸਨ; ਇਕ ਪੈਸਾ ਦੂਜੇ ਸੈਕਸ ਤੇ
ਤੀਜੇ ਉਸ ਦੇ ਮਨਸੂਬਿਆਂ ਵਿਚ ਦਖਲ ਦੇ ਕੇ ਜਾਂ ਕੋਈ ਪਲੌਟ ਘੜ ਕੇ। ਉਸ ਦੇ ਮਨਸੂਬਿਆਂ ਬਾਰੇ
ਤਾਂ ਸਰਕਾਰ ਨੂੰ ਪਹਿਲਾਂ ਹੀ ਸਭ ਕੁਝ ਪਤਾ ਹੁੰਦਾ ਸੀ, ਉਸ ਦੇ ਖਿਲਾਫ ਕੋਈ ਪਲੌਟ ਭਾਵੇਂ
ਘੜਿਆ ਜਾ ਸਕਦਾ ਸੀ। ਉਸ ਦਾ ਸੈਕਸ ਸਕੈਂਡਲ ਬਣਾਉਣਾ ਕਾਫੀ ਮੁਸ਼ਕਲ ਸੀ ਕਿਉਂਕਿ ਮਹਾਂਰਾਜ ਹਰ
ਵੇਲੇ ਤਾਂ ਅਦਾ ਦੇ ਨਾਲ ਹੁੰਦਾ ਸੀ। ਮਹਾਂਰਾਜੇ ਨੂੰ ਕਾਬੂ ਕਰਨ ਦਾ ਦੂਜਾ ਰਾਹ ਪੈਸਾ ਸੀ।
ਇਕ ਤਾਂ ਉਸ ਨੂੰ ਪੈਸੇ ਦਾ ਲਾਲਚ ਦੇ ਕੇ ਚੁੱਪ ਕਰਾਇਆ ਜਾ ਸਕਦਾ ਸੀ ਤੇ ਦੂਜਾ ਉਸ ਨੂੰ ਪੈਸੇ
ਵਲੋਂ ਬਿਲਕੁਲ ਖਾਲੀ ਕਰਕੇ ਨਿਹੱਥਾ ਕਰਕੇ ਵੀ ਕਾਬੂ ਕੀਤਾ ਜਾ ਸਕਦਾ ਸੀ। ਉਸ ਨੂੰ ਲਾਲਚ ਦੇਣ
ਦਾ ਵਕਤ ਹੁਣ ਨਿਕਲ ਚੁਕਿਆ ਸੀ। ਮਹਾਂਰਾਜਾ ਹੁਣ ਇਸ ਲਾਲਚ ਤੋਂ ਅਗੇ ਨਿਕਲ ਗਿਆ ਸੀ। ਉਸ ਨੂੰ
ਪੈਸੇ ਵਲੋਂ ਖਾਲੀ ਕਰਨ ਦੀਆਂ ਸਕੀਮਾਂ ਬਣਨ ਲਗੀਆਂ। ਮਹਾਂਰਾਜੇ ਦਾ ਮਨੀ-ਬੌਕਸ ਖਾਲੀ ਸੀ ਇਸ
ਬਾਰੇ ਟੈਵਿਸ ਨੂੰ ਸਭ ਪਤਾ ਸੀ। ਉਸ ਨੇ 30 ਮਈ ਨੂੰ ਲੰਡਨ ਨੂੰ ਲਿਖਿਆ;
‘ਮਹਾਂਰਾਜੇ ਨੂੰ ਬੈਂਕ ਮੈਲਟ ਫੈਰਰਜ਼ ਵਲੋਂ ਮਿਲਦੀ ਸਹੂਲਤ ਬੰਦ ਕਰ ਦਿਤੀ ਗਈ ਹੈ ਕਿਉਂਕਿ
ਉਹ ਵੀਹ ਹਜ਼ਾਰ ਪੌਂਡ ਇਸ ਵਿਚ ਛੱਡ ਕੇ ਗਿਆ ਸੀ ਜੋ ਕਿ ਸਾਰਾ ਕਢਵਾਇਆ ਜਾ ਚੁੱਕਿਆ ਹੈ। ਇਸ
ਵਿਚ ਕੋਈ ਭੇਦ ਨਹੀਂ ਕਿ ਰੂਸ ਵਿਚ ਵੀ ਉਸ ਕੋਲ ਕੁਝ ਨਹੀਂ ਹੈ। ...ਬਰਲਿਨ ਸਟੇਸ਼ਨ ਉਪਰ ਹੋਈ
ਚੋਰੀ ਵਿਚ ਉਸ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੈ ਜਿਸ ਨੇ ਉਸਨੂੰ ਲਗਭਗ ਖਾਲੀ ਕਰ ਦਿਤਾ ਸੀ।
...ਮਹਾਂਰਾਜੇ ਦਾ ਰੁਤਬਾ ਹੁਣ ਖਤਮ ਹੋਣ ਕੰਢੇ ਹੈ।’
ਲੌਰਡ ਕਰੌਸ ਨੇ ਇਹੋ ਖੁਸ਼ਖਬਰੀ ਅਗੇ ਹਿੰਦੁਸਤਾਨ ਦੇ ਵੋਇਸਰਾਏ ਨੂੰ ਭੇਜ ਦਿਤੀ। ਰੂਸ ਵਿਚ
ਉਸ ਨੂੰ ਡੇ-ਗਾਇਰ ਨੇ ਤਾਂ ਕੋਈ ਪੈਸਾ ਦੇਣਾ ਨਹੀਂ ਸੀ, ਹਾਂ ਕੈਟਕੌਫ ਦੇ ਸਕਦਾ ਸੀ ਜੇ ਉਸ
ਦੇ ਹੱਥ ਵਿਚ ਕੁਝ ਹੁੰਦਾ ਤਾਂ। ਪੈਸੇ ਵਾਲੇ ਰਾਹ ਤੋਂ ਬਾਅਦ ਅੰਗਰੇਜ਼ਾਂ ਨੇ ਮਹਾਂਰਾਜੇ
ਖਿਲਾਫ ਪਲੌਟ ਬਣਾਉਣ ਵਾਲਾ ਰਾਹ ਅਪਣਾਇਆ। ਉਸ ਵਿਰੁਧ ਝੂਠਾ ਪਰਚਾਰ ਕਰਨ ਦਾ ਜਿਸ ਨੂੰ
ਬਲੈਕ-ਪਰੌਪੋਗੰਡਾ ਕਿਹਾ ਜਾਂਦਾ ਸੀ। ਸਭ ਤੋਂ ਪਹਿਲਾਂ ਉਹਨਾਂ ਨੇ ਰੂਸ-ਫਰਾਂਸ ਸਬੰਧਾਂ ਬਾਰੇ
ਦਿਤੇ ਗਏ ਬਿਆਨਾਂ ਨੂੰ ਨਿਸ਼ਾਨ ਬਣਾਉਣ ਬਾਰੇ ਸੋਚਿਆ ਪਰ ਇਹ ਮਾਮਲਾ ਕੁਝ ਬਰੀਕ ਸੀ ਤੇ ਲੰਮਾ
ਸਮਾਂ ਲਗ ਸਕਦਾ ਸੀ ਸੋ ਇਕ ਹੋਰ ਰਾਹ ਲੱਭ ਲਿਆ। ਲੌਰਡ ਡੁਰਫਿਨ ਦੀ ਰਿਸ਼ਤੇਦਾਰ ਔਰਤ ਮੈਡਮ
ਬਲਮਰ, ਜੋ ਰੂਸ ਦੇ ਕਿਸੇ ਅਫਸਰ ਨੂੰ ਵਿਆਹੀ ਹੋਈ ਸੀ ਤੇ ਰੂਸ ਵਿਚ ਰਹਾਇਸ਼ ਸਮੇਂ ਅਦਾ
ਵੈਦਰਿਲ ਨੂੰ ਵੀ ਮਿਲੀ ਸੀ, ਰਾਹੀਂ ਝੂਠੀ ਕਹਾਣੀ ਘੜ ਲਈ ਗਈ। ਇਕ ਦਿਨ ਮੈਡਮ ਜੂਲੀਅਟ
ਲੈਂਬਰ, ਜਿਸ ਨੂੰ ਮੈਡਮ ਐਡਮ ਵੀ ਕਹਿੰਦੇ ਸਨ, ਨੇ ਟੈਵਿਸ ਨੂੰ ਆਪਣੇ ਸੈਲੂਨ ਵਿਚ ਸੱਦਿਆ ਤੇ
ਕਹਿਣ ਲਗੀ ਕਿ ਮਹਾਂਰਾਜਾ ਡਬਲ ਏਜੰਟ ਹੈ, ਉਹ ਰੂਸ ਲਈ ਵੀ ਕੰਮ ਕਰ ਰਿਹਾ ਹੈ ਤੇ ਇੰਗਲੈਂਡ
ਲਈ ਵੀ। ਟੈਵਿਸ ਕੋਲ ਇਹ ਅਫਵਾਹ ਪੁੱਜੀ ਤਾਂ ਉਸੇ ਵੇਲੇ ਇੰਗਲੈਂਡ ਨੂੰ ਖ਼ਬਰ ਦੇਣ ਬਹਿ ਗਿਆ;
‘ਮੈਡਮ ਐਡਮ ਕਹਿ ਰਹੀ ਹੈ ਕਿ ਮਹਾਂਰਾਜਾ ਗੱਦਾਰ ਹੈ, ਉਸ ਨੇ ਕੈਟਕੌਫ ਦੀ ਜਸੂਸੀ ਕਰਨ ਦੀ
ਗੱਲ ਕੀਤੀ ਹੈ ਤੇ ਰੂਸ ਦੀ ਏਸ਼ੀਆ ਬਾਰੇ ਪੌਲਿਸੀ ਇੰਗਲੈਂਡ ਨੂੰ ਦੇਣ ਦੀ ਗੱਲ ਵੀ ਕੀਤੀ ਹੈ
ਤੇ ਮਹਾਂਰਾਣੀ ਨੂੰ ਰੂਸ ਖਿਲਾਫ ਲੜਾਈ ਵਿਚ ਹਿੱਸਾ ਲੈਣ ਲਈ ਵੀ ਲਿਖਿਆ ਹੈ।’
ਇਸ ਗੱਲ ਨੇ ਸਾਰੇ ਪਾਸੇ ਖਲਬਲੀ ਮਚਾ ਦਿਤੀ ਕਿ ਮਹਾਂਰਾਜਾ ਡਬਲ ਏਜੰਟ ਹੈ। ਬੜੀ ਹੀ ਉਲਝੀ
ਹੋਈ ਸਾਜਿ਼ਸ਼ ਸੀ। ਟੈਵਿਸ ਨੇ 12 ਜੂਨ ਨੂੰ ਮਹਾਂਰਾਜੇ ਨੂੰ ਲਿਖਿਆ;
‘...ਮੇਰੇ ਲਈ ਬਹੁਤ ਦੁੱਖ ਦੀ ਗੱਲ ਹੈ ਕਿ ਹਿੰਦੁਸਤਾਨ ਤੋਂ ਵਾਪਸ ਆ ਰਹੀ ਇਕ ਔਰਤ ਦੋਸਤ ਨੇ
ਤੁਹਾਡੇ ‘ਤੇ ਡਬਲ ਏਜੰਟ ਹੋਣ ਦਾ ਦੋਸ਼ ਲਾਇਆ ਹੈ। ਉਸ ਕੋਲ ਇਕ ਚਿੱਠੀ ਹੈ ਜੋ ਤੁਸੀਂ
ਵੋਇਸਰਾਏ ਨੂੰ ਲਿਖੀ ਹੈ ਤੇ ਕਿਹਾ ਹੈ ਕਿ ਤੁਸੀਂ ਰੂਸ ਜਾ ਕੇ ਦੇਖ ਕੇ ਦਸੋਂਗੇ ਕਿ ਰੂਸ ਦੇ
ਏਸ਼ੀਆ ਵਿਚ ਕਿੰਨੇ ਕੁ ਪੈਰ ਹਨ ਜਿਸ ਦੇ ਬਦਲੇ ਵਿਚ ਤੁਹਾਨੂੰ ਪੰਜਾਬ ਦੀ ਤੁਹਾਡੀ ਨਿੱਜੀ
ਜਾਇਦਾਦ ਦੇ ਦਿਤੀ ਜਾਵੇਗੀ। ...‘ਮੈਂ ਕੈਟਕੌਫ ‘ਤੇ ਜਸੂਸੀ ਕਰਾਂਗਾ’ ਵਾਲਾ ਮੁਹਾਵਰਾ ਇਥੇ
ਤੁਹਾਡੇ ਵਲੋਂ ਵਰਤਿਆ ਜਾ ਰਿਹਾ ਹੈ। ...ਤੁਹਾਡਾ ਅਕਸ ਖਰਾਬ ਹੋ ਰਿਹਾ ਹੈ।’...
ਮਹਾਂਰਾਜੇ ਨੇ ਇਸ ਗੱਲ ਦਾ ਇਕ ਦਮ ਜਵਾਬ ਦਿਤਾ;
‘ਮੈਨੂੰ ਨਹੀਂ ਪਤਾ ਕਿ ਵੋਇਸਰਾਏ ਮੇਰੇ ਖਿਲਾਫ ਕੀ ਚੁੱਕੀ ਫਿਰਦਾ ਹੈ, ...ਕੁਝ ਸਾਲ ਪਹਿਲਾਂ
ਮੈਂ ਬਰਤਾਨਵੀ ਸਰਕਾਰ ਨੂੰ ਜ਼ਰੂਰ ਲਿਖਿਆ ਸੀ ਕਿ ਮੈਨੂੰ ਰੂਸ ਖਿਲਾਫ ਪੰਜਾਬ ਵਲੋਂ ਲੜਨ ਦੀ
ਇਜਾਜ਼ਤ ਦਿਤੀ ਜਾਵੇ, ...ਉਸ ਵਕਤ ਮੈਂ ਇੰਗਲੈਂਡ ਲਈ ਵਫਾਦਾਰ ਸਾਂ, ...ਮੈਂ ਇਸ ਦੀ ਚਿੰਤਾ
ਨਹੀਂ ਕਰਦਾ ਕਿ ਇਸ ਬਾਰੇ ਕਿਸ ਨੂੰ ਪਤਾ ਹੈ ਜਾਂ ਨਹੀਂ ਪਰ ਏਨਾ ਜ਼ਰੂਰ ਹੈ ਕਿ ਇੰਗਲੈਂਡ
ਬਹੁਤ ਦੇਰ ਪਹਿਲਾਂ ਇਹ ਵਫਾਦਾਰ ਸ਼ਹਿਰੀ ਗਵਾ ਚੁੱਕਿਆ ਹੈ।... ਇੰਗਲੈਂਡ ਨੂੰ ਆਪਣੀ
ਵਫਾਦਾਰੀ ਦੇ ਕੇ ਮੈਂ ਆਪਣੇ ਦੇਸ਼ਵਾਸੀਆਂ ਨਾਲ ਧੋਖਾ ਕਰ ਰਿਹਾ ਸਾਂ? ...ਇਕ ਗੱਲ ਮਨ ਵਿਚੋਂ
ਭੁਲਾ ਦੇ ਕਿ ਮੈਂ ਮੁੜ ਕੇ ਰਾਜ ਕਰਨਾ ਚਾਹੁੰਦਾ ਹਾਂ, ਮੇਰੀ ਉਮਰ ਹੁਣ ਰਾਜ ਕਰਨ ਦੀ ਨਹੀਂ
ਰਹੀ, ਮੈਂ ਤਾਂ ਹਿੰਦੁਸਤਾਨ ਵਾਸੀਆਂ ਨੂੰ ਅੰਗਰੇਜ਼ਾਂ ਦੀ ਪੰਜਾਲੀ ਹੇਠੋਂ ਕੱਢਣਾ ਚਾਹੁੰਦਾ
ਹਾਂ।’...
ਬਲੈਕ-ਪਰੌਪੋਗੰਡੇ ਦਾ ਬਹੁਤ ਅਸਰ ਨਹੀਂ ਸੀ ਹੋ ਰਿਹਾ। ਅਸਰ ਇਸ ਕਰਕੇ ਨਾ ਹੋਇਆ ਕਿ ਜਿਵੇਂ
ਸਾਰੇ ਸੋਚ ਰਹੇ ਸਨ ਕਿ ਮਹਾਂਰਾਜੇ ਦੇ ਕੈਟਕੌਫ ਨਾਲ ਬਹੁਤ ਡੂੰਘੇ ਸਬੰਧ ਸਨ ਪਰ ਸੱਚ ਤਾਂ ਇਹ
ਸੀ ਕਿ ਕੈਟਕੌਫ ਬਹੁਤ ਦੇਰ ਤੋਂ ਮਹਾਂਰਾਜੇ ਨੂੰ ਮਿਲਿਆ ਹੀ ਨਹੀਂ ਸੀ। ਮਹਾਂਰਾਜੇ ਨੇ ਲੱਖ
ਕੋਸਿ਼ਸ਼ਾਂ ਕੀਤੀਆਂ ਪਰ ਕਾਮਯਾਬ ਨਹੀਂ ਸੀ ਹੋ ਰਿਹਾ। ਕੈਟਕੌਫ ਨੇ ਮਹਾਂਰਾਜੇ ਨੂੰ ਤਾਰ
ਜ਼ਰੂਰ ਦਿਤੀ ਸੀ ਕਿ ਸਭ ਠੀਕ ਹੋ ਰਿਹਾ ਹੈ ਪਰ ਇਸ ਤੋਂ ਵੱਧ ਕੁਝ ਨਹੀਂ ਸੀ। ਉਸ ਨੇ ਇਹ
ਸਾਰੀ ਗੱਲ ਟੈਵਿਸ ਨੂੰ ਲਿਖ ਦਿਤੀ। ਇਸ ਨਾਲ ਮਹਾਂਰਾਜੇ ਦੀ ਕੈਟਕੌਫ ਵਾਲੀ ਧਿਰ ਤਾਂ ਗਾਇਬ
ਹੁੰਦੀ ਹੀ ਦਿਸ ਰਹੀ ਸੀ। ਡੇ-ਗਾਇਰ ਤਾਂ ਪਹਿਲੇ ਦਿਨ ਤੋਂ ਹੀ ਕੈਟਕੌਫ ਨੂੰ ਹਰਾਉਣ ਵਿਚ ਲਗਾ
ਹੋਇਆ ਸੀ। ਡੇ-ਗਾਇਰ ਸਦਾ ਸੋਚਦਾ ਸੀ ਕਿ ਉਹ ਰੂਸ ਦਾ ਵਿਦੇਸ਼ ਮੰਤਰੀ ਹੈ ਤੇ ਕੈਟਕੌਫ ਸਿਰਫ
ਇਕ ਅਖ਼ਬਾਰ ਦਾ ਐਡੀਟਰ। ਰੂਸ ਦੇ ਸਰਕਾਰੀ ਹਲਕਿਆਂ ਵਿਚ ਦੋਨਾਂ ਦੇ ਸਬੰਧਾਂ ਨੂੰ ਲੈ ਕੇ
ਕਾਫੀ ਖਿਚਾਅ ਚੱਲ ਰਿਹਾ ਸੀ। ਪਰ ਇਹਨਾਂ ਦਿਨਾਂ ਵਿਚ ਹੀ ਕੈਟਕੌਫ ਕੁਝ ਅਜਿਹਾ ਕਰ ਬੈਠਾ ਕਿ
ਉਸ ਦੇ ਹੱਥੋਂ ਸਾਰੀ ਤਾਕਤ ਜਾਂਦੀ ਰਹੀ।
ਹੋਇਆ ਇਹ ਕਿ ਫਰਾਂਸ ਵਿਚ ਰਾਜਨੀਤਕ ਉਥਲ-ਪੱਥਲ ਸ਼ੁਰੂ ਹੋ ਗਈ। ਜਨਰਨ ਬੌਲੈਂਜਰ ਨੂੰ ਬਦਲਣ
ਦੀਆਂ ਗੱਲਾਂ ਹੋ ਰਹੀਆਂ ਸਨ। ਪ੍ਰਧਾਨ ਮੰਤਰੀ ਫਰੇਸੀਨੈਟ ਨੂੰ ਵੀ ਹਟਾਇਆ ਜਾ ਰਿਹਾ ਸੀ। ਉਸ
ਦੀ ਥਾਂ ਫਲੋਕਇਟ ਨੂੰ ਨਵਾਂ ਪ੍ਰਧਾਨ ਮੰਤਰੀ ਬਣਾਇਆ ਜਾਣਾ ਸੀ। ਰੂਸ ਤੇ ਫਰਾਂਸ ਦੇ ਆਪਸੀ
ਸਬੰਧ ਅਜਿਹੇ ਸਨ ਕਿ ਨਵੀਆਂ ਨਿਯੁਕਤੀਆਂ ਦਾ ਅਸਰ ਪੈਣਾ ਹੀ ਹੁੰਦਾ ਸੀ। ਜਦ ਫਲੋਕੁਇਟ ਨੂੰ
ਪ੍ਰਧਾਨ ਮੰਤਰੀ ਬਣਾਉਣ ਦੀ ਗੱਲ ਹੋਈ ਤਾਂ ਕੈਟਕੌਫ ਨੇ ਆਪਣੇ ਵਲੋਂ ਹੀ ਚਿੱਠੀ ਲਿਖ ਕੇ ਉਸ
ਨੂੰ ਨਵੇਂ ਪ੍ਰਧਾਨ ਮੰਤਰੀ ਬਣਾਉਣ ਦੀ ਹਾਮੀ ਭਰ ਦਿਤੀ। ਫਰਾਂਸ ਵਿਚ ਸਾਰੇ ਖੁਸ਼ ਸਨ। ਪੈਰਿਸ
ਵਿਚ ਰੂਸੀ ਰਾਜਦੂਤ ਮੋਹਰੇਨਹੇਮ ਨੇ ਇਸ ਬਾਰੇ ਜ਼ਾਰ ਨੂੰ ਤਾਰ ਦੇ ਦਿਤੀ ਜਦ ਕਿ ਜ਼ਾਰ ਨੂੰ
ਇਸ ਨਿਯੁਕਤੀ ਬਾਰੇ ਕੁਝ ਪਤਾ ਹੀ ਨਹੀਂ ਸੀ। ਸੱਚ ਇਹ ਸੀ ਕਿ ਜ਼ਾਰ ਫੋਲਕੁਇਟ ਨੂੰ ਨਫਰਤ
ਕਰਦਾ ਸੀ। ਇਕ ਵਾਰ ਜ਼ਾਰ ਦੇ ਫਰਾਂਸ ਗਿਆਂ ਫੋਲਕੁਇਟ ਨੇ ਜ਼ਾਰ ਬਾਰੇ ਬਹੁਤ ਹੀ ਅਪਮਾਨ-ਜਨਕ
ਸ਼ਬਦ ਵਰਤੇ ਸਨ। ਜ਼ਾਰ ਕੈਟਕੌਫ ਦੇ ਇਵੇਂ ਚਿੱਠੀ ਲਿਖਣ ‘ਤੇ ਬਹੁਤ ਔਖਾ ਹੋ ਗਿਆ। ਫੋਲਕੁਇਟ
ਦੀ ਨਿਯੁਕਤੀ ਬਾਰੇ ਪ੍ਰਤੀਕਰਮ ਦੇਣ ਦਾ ਕੰਮ ਵਿਦੇਸ਼ ਮੰਤਰਾਲੇ ਦਾ ਸੀ ਨਾ ਕਿ ਕੈਟਕੌਫ ਦਾ।
ਬਸ ਇਥੋਂ ਹੀ ਕੈਟਕੌਫ ਦਾ ਪੱਤਨ ਸ਼ੁਰੂ ਹੋ ਗਿਆ। ਮੌਕਾ ਦੇਖਦੇ ਹੀ ਵਿਦੇਸ਼ ਮੰਤਰੀ ਡੇ-ਗਾਇਰ
ਨੇ ਵੀ ਆਪਣੇ ਦੁਸ਼ਮਣ ਖਿਲਾਫ ਮੋਰਚਾ ਸੰਭਾਲ ਲਿਆ।
ਗੱਲ ਅਗੇ ਵਧਣ ਨਾਲ ਕੈਟਕੌਫ, ਵੈਰਜਬੋਲੋਵੋ ਦੀ ਸਰਹੱਦ ਤੋਂ ਮਹਾਂਰਾਜੇ ਨੂੰ ਲੰਘਾਉਣ ਵਾਲਾ
ਜਨਰਲ ਬੌਗਡਾਨੋਵਿਚ, ਪੈਰਿਸ ਵਿਚ ਜਨਰਲ ਬੌਲੈਂਜਰ ਤੇ ਏਲੀ ਸੀਓਨ ਇਹ ਸਾਰੇ ਭੇਦਭਰੀ ਹਾਲਤ
ਵਿਚ ਇਕ ਦੂਜੇ ਨਾਲ ਜੁੜਦੇ ਦਿਸਣ ਲਗੇ। ਇਸ ਦੇ ਨਾਲ ਹੀ ਮਹਾਂਰਾਜੇ ਦੇ ਬਿਨਾਂ ਪਾਸਪੋਰਟ ਰੂਸ
ਆਉਣ ਵਾਲੀ ਗੱਲ ਵੀ ਨਿਕਲ ਆਈ। ਅਸਲ ਵਿਚ ਕਾਗਜ਼ਾਂ ਵਿਚ ਮਹਾਂਰਾਜਾ ਨਹੀਂ ਸੀ ਆਇਆ ਬਲਕਿ
ਪੈਟਰਿਕ ਕੈਸੀ ਆਇਆ ਸੀ ਜੋ ਕਿ ਇਕ ਬੰਬਾਰ ਸੀ, ਇਕ ਕਾਤਲ ਸੀ। ਜ਼ਾਰ ਤੀਜੇ ਦੇ ਕਾਤਲ ਦੇ
ਲੰਡਨ ਤੋਂ ਚਲਣ ਦੀ ਖ਼ਬਰ ਪਹਿਲਾਂ ਹੀ ਬ੍ਰਤਾਨੀਆਂ ਸਰਕਾਰ ਫੈਲਾ ਚੁੱਕੀ ਸੀ, ਜੇ ਕੈਸੀ ਇਵੇਂ
ਕੈਟਕੌਫ ਦੇ ਜਾਂ ਉਸ ਦੀ ਜੁੰਡਲੀ ਦੇ ਕਹਿਣੇ ‘ਤੇ ਬਿਨਾਂ ਪਾਸਪੋਰਟ ਦੇ ਸਰਹੱਦ ਪਾਰ ਕਰ ਸਕਦਾ
ਸੀ ਤਾਂ ਕੋਈ ਵੀ ਕਾਤਲ ਜਾਂ ਅਜਿਹਾ ਵਿਅਕਤੀ ਕਰ ਸਕਦਾ ਸੀ। ਡੇ-ਗਾਇਰ ਜ਼ਾਰ ਤੀਜੇ ਨੂੰ ਇਹੋ
ਗੱਲ ਵਾਰ-ਵਾਰ ਯਾਦ ਕਰਾ ਰਿਹਾ ਸੀ ਕਿ ਇਵੇਂ ਕਾਤਲ ਨੂੰ ਉਸ ਤਕ ਪੁੱਜਣ ਵਿਚ ਕਿੰਨੀ ਅਸਾਨੀ
ਹੋ ਸਕਦੀ ਸੀ। ਜ਼ਾਰ ਦੂਜੇ ਦਾ ਹਾਲੇ ਕੁਝ ਸਾਲ ਪਹਿਲਾਂ ਹੀ ਤਾਂ ਅਜਿਹੇ ਹਾਲਾਤ ਵਿਚ ਕਤਲ
ਹੋਇਆ ਸੀ। ਇਥੇ ਆ ਕੇ ਡੇ-ਗਾਇਰ ਜਿੱਤ ਗਿਆ ਤੇ ਕੈਟਕੌਫ ਆਪਣੀ ਸਾਲਾਂ ਦੀ ਬਣਾਈ ਭੱਲ ਗੁਆ
ਬੈਠਾ। ਹੁਣ ਕੈਟਕੌਫ ਨੇ ਮਹਾਂਰਾਜੇ ਦੀ ਤਾਂ ਕੋਈ ਫਰਮਾਇਸ਼ ਕੀ ਕਰਨੀ ਸੀ, ਉਹ ਤਾਂ ਆਪ ਜ਼ਾਰ
ਦੇ ਗੁੱਸੇ ਦਾ ਸਿ਼ਕਾਰ ਬਣਿਆਂ ਬੈਠਾ ਸੀ ਤੇ ਜ਼ਾਰ ਤੋਂ ਰਹਿਮ ਦੀ ਭੀਖ ਮੰਗ ਰਿਹਾ ਸੀ।
ਕੈਟਕੌਫ ਕਹਿੰਦਾ ਰਹਿ ਗਿਆ ਕਿ ਫਰਾਂਸ ਦੇ ਪ੍ਰਧਾਨ ਨੂੰ ਦਿਖਾਇਆ ਜਾਣ ਵਾਲਾ ਉਸ ਦੇ ਨਾਂ ਦਾ
ਖਤ ਬਿਲਕੁਲ ਝੂਠਾ ਹੈ। ਖਤ ਦੀ ਗੱਲ ਸ਼ਾਇਦ ਜ਼ਾਰ ਮੰਨ ਵੀ ਲੈਂਦਾ ਪਰ ਪੈਟਰਿਕ ਕੈਸੀ ਤਾਂ
ਬਿਨਾਂ ਪਾਸਪੋਰਟ ਦੇ ਸਰਹੱਦ ਲੰਘਿਆ ਹੀ ਸੀ ਜਿਸ ਦੇ ਸਾਰੇ ਰਿਕਾਰਡ ਮੌਜੂਦ ਸਨ, ਡੇ-ਗਾਇਰ ਨੇ
ਪੇਸ਼ ਕਰ ਦਿਤੇ ਸਨ। ਕੈਟਕੌਫ ਨੇ ਜਿਹੜਾ ਗੁਨਾਹ ਨਹੀਂ ਵੀ ਕੀਤਾ ਸੀ ਉਸ ਦੀ ਉਸ ਨੂੰ ਜ਼ਾਰ
ਮੁਹਰੇ ਝੁਕ ਕੇ ਮੁਆਫੀ ਮੰਗਣੀ ਪਈ ਤੇ ਮਹਾਰਾਜੇ ਵਾਲੀ ਸਿਫਾਰਸ਼ ਉਥੇ ਹੀ ਠੱਪ ਹੋ ਗਈ।
ਬ੍ਰਤਾਨਵੀ ਚਾਲ ਕਾਮਯਾਬ ਸੀ। ਕੈਟਕੌਫ ਵਲੋਂ ਨਕਲੀ ਚਿੱਠੀ ਲਿਖਣ ਵਿਚ ਡੇ-ਗਾਇਰ ਦੇ ਪੁੱਤ ਦੇ
ਨਾਲ ਨਾਲ ਬ੍ਰਤਾਨਵੀ ਅਧਿਕਾਰੀ ਵੀ ਕੰਮ ਕਰ ਰਹੇ ਸਨ।
ਇਸ ਸਾਰੇ ਛਡਯੰਤਰ ਦੇ ਸਿਰੇ ਚੜਨ ‘ਤੇ ਬ੍ਰਤਾਨਵੀ ਅੰਬੈਸੀ ਵਿਚ ਜਸ਼ਨ ਵਾਲਾ ਮਹੌਲ ਸੀ।
ਮਹਾਂਰਾਜੇ ਨੂੰ ਇਸ ਦਾ ਕੋਈ ਇਲਮ ਨਹੀਂ ਸੀ। ਬ੍ਰਤਾਨਵੀ ਏਜੰਟ ਮਜ਼ਾਕ ਵਿਚ ਮਹਾਂਰਾਜੇ ਨੂੰ
ਲੰਮੀ ਰੱਸੀ ਵਾਲੀ ਬਕਰੀ ਕਹਿ ਰਹੇ ਸਨ ਜੋ ਜਿੰਨੀ ਦੂਰ ਤਕ ਭਾਵੇਂ ਚਰਦੀ ਰਹੇ ਪਰ ਆਪਣੇ ਕੀਲੇ
ਵਲ ਹੀ ਮੁੜਨਾ ਹੁੰਦਾ ਹੈ। ਕੋਈ ਕਹਿ ਰਿਹਾ ਸੀ ਕਿ ਹੁਣ ਅੰਗਰੇਜ਼ ਤੇ ਰੂਸੀ ਡਿਪਲੋਮੈਟ ਸਿਰਫ
ਇਕ ਕਾਗਜ਼ੀ ਸੇ਼ਰ ਦਾ ਸਿ਼ਕਾਰ ਖੇਡ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਸੀ ਕਿ ਬੌਂਬਰ ਕੈਸੀ
ਨੂੰ ਰੂਸ ਸੱਦ ਕੇ ਕੈਟਕੌਫ ਨੇ ਆਪਣੇ ਗੱਲ਼ ਵਿਚ ਆਪ ਫਾਹਾ ਪਾ ਲਿਆ ਸੀ।
ਮਹਾਂਰਾਜਾ ਹਾਲੇ ਵੀ ਹੋਟਲ ਵਿਚ ਹੀ ਬੈਠਾ ਸੀ। ਉਸ ਲਈ ਸਮਾਂ ਬਿਤਾਉਣਾ ਬਹੁਤ ਔਖਾ ਹੋ ਰਿਹਾ
ਸੀ। ਕਦੇ-ਕਦੇ ਉਸ ਨੂੰ ਲਗਦਾ ਕਿ ਕਿਧਰੇ ਕੋਈ ਗੱਲ ਗਲਤ ਹੋ ਰਹੀ ਹੈ ਪਰ ਉਹ ਦਿਲ ਨੂੰ ਤਸੱਲੀ
ਦਿੰਦਾ ਕਹਿੰਦਾ ਕਿ ਸਤਿਗੁਰੂ ਸਭ ਠੀਕ ਕਰੇਗਾ। ਜੂਨ ਮਹੀਨਾ ਸੀ ਗਰਮੀ ਵੀ ਕਾਫੀ ਸੀ ਤੇ ਨਿਕੇ
ਜਿਹੇ ਕਮਰੇ ਵਿਚ ਰਹਿਣਾ ਤਾਂ ਉਵੇਂ ਹੀ ਮੁਸ਼ਕਲ ਜਾਪ ਰਿਹਾ ਸੀ। ਕਦੇ-ਕਦੇ ਉਸ ਨੂੰ ਸਿ਼ਕਾਰ
ਖੇਡਣ ਦੇ ਸੁਫਨੇ ਆਉਂਦੇ। ਕਈ ਸੁਫਨੇ ਤਾਂ ਇੰਨੇ ਸੁਖਦ ਹੁੰਦੇ ਕਿ ਅੱਖ ਖੁਲ੍ਹਣ ਤੋਂ ਬਾਅਦ
ਵੀ ਉਸ ਨੂੰ ਦੇਖਦਾ ਰਹਿੰਦਾ। ਉਸ ਦਾ ਦਿਲ ਕਰੀਮੀਆ ਦੀਆਂ ਸਿ਼ਕਾਰਗਾਹਾਂ ਵਿਚ ਜਾਣ ਨੂੰ ਕਰਦਾ
ਪਰ ਇਸ ਪਾਸੇ ਗੱਲ ਕਿਸੇ ਕੰਢੇ ਲਗਦੀ ਤਾਂ ਹੀ ਜਾਂਦਾ। ਅਦਾ ਉਸ ਤੋਂ ਵੀ ਜਿ਼ਆਦਾ ਅੱਕੀ ਪਈ
ਸੀ। ਉਹੀ ਰੂਸੀ ਖਾਣੇ ਤੇ ਉਹੀ ਹੋਟਲ ਦਾ ਛੋਟਾ ਜਿਹਾ ਕਮਰਾ। ਗਰਭਵਤੀ ਹੋਣ ਕਰਕੇ ਉਸ ਨੂੰ
ਗੁੱਸਾ ਵੀ ਜਿ਼ਆਦਾ ਆਉਂਦਾ। ਮਹਾਂਰਾਜਾ ਉਸ ਦਾ ਪੂਰਾ ਧਿਆਨ ਰੱਖਦਾ ਪਰ ਫਿਰ ਵੀ ਕਈ ਵਾਰ ਉਸ
ਨੂੰ ਲਗਦਾ ਕਿ ਅਦਾ ਨੂੰ ਨਾਲ ਲਿਆ ਕੇ ਉਸ ਨੇ ਉਸ ਨਾਲ ਇਨਸਾਫ ਨਹੀਂ ਕੀਤਾ ਹਾਲਾਂਕਿ ਆਉਣ ਦੀ
ਜਿ਼ਦ ਅਦਾ ਦੀ ਹੀ ਸੀ। ਅਦਾ ਨੂੰ ਜੇ ਰੂਸ ਵਿਚ ਆਸਰਾ ਸੀ ਤਾਂ ਉਹ ਸੀ ਆਪਣੀਆਂ ਅੰਗਰੇਜ਼
ਸਹੇਲੀਆਂ ਦਾ।
ਮਾਸਕੋ ਦੇ ਇਕ ਵਾਈਸ ਕੌਂਸਲਰ, ਮਿਸਟਰ ਨਿਕੋਲਸ ਹੌਰਨਸਟਡਿਟ ਨੇ ਮਹਾਂਰਾਜੇ ਬਾਰੇ ਆਪਣੀ ਇਕ
ਰਿਪ੍ਰੋਟ ਵਿਚ ਲਿਖਿਆ;
‘ਮਹਾਂਰਾਜਾ ਹਾਲੇ ਵੀ ਡੁਸੈਕਸ ਹੋਟਲ ਵਿਚ ਰਹਿੰਦਾ ਹੈ ਤੇ ਨੀਰਸ ਜਿਹੀ ਜਿ਼ੰਦਗੀ ਬਿਤਾ ਰਿਹਾ
ਹੈ, ਕਿਸੇ ਨੂੰ ਬਹੁਤ ਘੱਟ ਮਿਲਦਾ ਹੈ। ਉਹ ਬਹੁਤ ਸਸਤੇ ਵਿਚ ਗੁਜ਼ਾਰਾ ਚਲਾ ਰਿਹਾ ਹੈ ਅਤੇ
ਉਸ ਨੇ ਸਸਤੇ ਜਿਹੇ ਹੋਟਲ ਦੇ ਇਸ ਆਪਣੇ ਕਮਰੇ ਵਿਚ ਰਹਿਣ ਲਈ ਸਾਰੇ ਹਾਲਾਤ ਨਾਲ ਸਮਝੌਤਾ ਕਰ
ਲਿਆ ਹੈ।’
30 ਜੂਨ 1887 ਨੂੰ ਮਹਾਂਰਾਜੇ ਨੇ ਆਪਣੇ ਪੈਰਿਸ ਵਿਚਲੇ ਖਾਸ ਵਿਸ਼ਵਾਸਪਾਤਰ ਨੂੰ ਚਿੱਠੀ
ਲਿਖਦਿਆਂ ਦੱਸਿਆ;
‘ਜਿ਼ੰਦਗੀ ਵਿਚ ਬਹੁਤ ਬੁਰੀ ਖੜੋਤ ਆ ਗਈ ਹੈ, ਇਹ ਬਹੁਤ ਹੌਲੀ ਤੁਰ ਰਹੀ ਹੈ, ਸਿਰਫ ਇਕ ਇੰਚ
ਇਕ ਦਿਨ ਵਿਚ ਤੇ 36 ਦਿਨਾਂ ਵਿਚ ਇਹ ਇਕ ਗਜ਼ ਵੀ ਨਹੀਂ ਤੁਰੀ ਹੋਣੀ। ...ਰੱਬ ਜਾਣਦਾ ਹੈ ਕਿ
ਇਕ ਮੀਲ ਕਿੰਨੇ ਚਿਰ ਵਿਚ ਪੂਰਾ ਹੋਵੇਗਾ। ...ਜਾਪਦਾ ਹੈ ਕਿ ਕੈਟਕੌਫ ਕਿਤੇ ਜਿ਼ਆਦਾ ਹੀ ਰੁਝ
ਗਿਆ ਹੈ ਜਿਹੜਾ ਉਸ ਨੂੰ ਮਿਲਣਾ ਨਾਮੁਮਕਿਨ ਹੋ ਗਿਆ ਹੈ। ...ਉਹ ਹਾਲੇ ਸੇਂਟ ਪੀਟਰਜ਼ਬਰਗ
ਤੋਂ ਵਾਪਸ ਨਹੀਂ ਆਇਆ ਤੇ ਮੈਨੂੰ ਆਸ ਹੈ ਕਿ ਉਸ ਸਾਡੇ ਕੰਮ ਵਿਚ ਹੀ ਰੁਝਿਆ ਹੋਇਆ ਹੋਵੇਗਾ।
ਸਾਡੇ ਕੇਸ ਨੂੰ ਇਸ ਢੰਗ ਨਾਲ ਪੇਸ਼ ਕਰ ਰਿਹਾ ਹੋਵੇਗਾ ਕਿ ਅਖੀਰ ਵਿਚ ਕਾਮਯਾਬੀ ਹਾਸਲ ਕਰ
ਲਵੇਗਾ। ...ਮਿਸਟਰ ਡੇ-ਗਾਇਰ ਬਹੁਤ ਵੱਡੀ ਸਿਰਦਰਦੀ ਹੈ, ਜੇ ਉਹ ਵਿਦੇਸ਼ ਮੰਤਰੀ ਨਾ ਹੁੰਦਾ
ਤਾਂ ਹੁਣ ਤਕ ਸਭ ਕੁਝ ਵਧੀਆ ਢੰਗ ਨਾਲ ਚਲ ਰਿਹਾ ਹੁੰਦਾ।
...ਮੈਂ ਸੋਚ ਰਿਹਾ ਹਾਂ ਕਿ ਜੇ ਤੁਸੀਂ ਕੈਟਕੌਫ ਨੂੰ ਲਿਖ ਕੇ ਹਾਲਾਤ ਬਾਰੇ ਪਤਾ ਕਰੋ ਕਿ
ਜਿਹੜੀ ਆਇਰਸ਼ ਫੌਜ ਦੀ ਸ਼ਮੂਲੀਅਤ ਬਾਰੇ ਤਜ਼ਵੀਜ਼ ਕੁਝ ਦੇਰ ਪਹਿਲਾਂ ਭੇਜੀ ਗਈ ਸੀ ਉਸ ਦਾ
ਕੁਝ ਬਣਿਆਂ ਕਿ ਨਹੀਂ? ਮੈਨੂੰ ਆਸ ਕਿ ਇਸ ਦਾ ਜਵਾਬ ਜ਼ਰੂਰ ਆ ਜਾਵੇਗਾ।’...
ਮਹਾਂਰਾਜਾ ਕਈ ਵਾਰ ਮੌਸਮਾਂ ਨੂੰ ਭਾਂਪਣ ਵੇਲੇ ਉਕਾਈ ਕਰ ਜਾਂਦਾ ਸੀ ਪਰ ਹੁਣ ਉਹ ਸਾਫ ਦੇਖ
ਰਿਹਾ ਸੀ ਕਿ ਕਿਧਰੇ ਬਹੁਤ ਕੁਝ ਗਲਤ ਹੋ ਰਿਹਾ ਸੀ। ਜਿਸ ਰੂਸ ‘ਤੇ ਉਹ ਰਸ਼ਕ ਕਰਦਾ ਸੀ, ਉਸੇ
ਵਿਚ ਕੁਝ ਟੇਡ ਦਿਸਣ ਲਗ ਪਈ ਸੀ ਪਰ ਉਹ ਇਸ ਸਭ ਨੂੰ ਆਪਣੀ ਹੋਣੀ ਦਾ ਹਿੱਸਾ ਸਮਝਦਾ ਅਗੇ ਵਧ
ਰਿਹਾ ਸੀ।
(ਨਾਵਲ ‘ਆਪਣਾ’ ਵਿਚੋਂ)
-0-
|