ਪਿਛਲੇ ਕੁਝ ਦਿਨਾਂ ਤੋਂ
ਸੋਸ਼ਿਲ ਮੀਡੀਆ ਤੇ ਵਾਇਰਲ ਹੋਈਆਂ ਦੋ ਤਸਵੀਰਾਂ ਆਮ ਲੋਕਾਂ ਦੇ ਧਿਆਨ ਦਾ ਕੇਂਦਰ ਬਣੀਆਂ
ਹੋਈਆਂ ਹਨ.ਇਹ ਤਸਵੀਰਾਂ ਦੋ ਔਰਤ ਪਤਰਕਾਰਾਂ ਵਲੋਂ ਖਿਚੀਆਂ ਗਈਆਂ ਹਨ.ਇੱਕ ਔਰਤ ਦੀ ਲੋਕ
ਸਰਾਹਣਾ ਕਰ ਰਹੇ ਹਨ ਜਦੋਂ ਕਿ ਇੱਕ ਹੰਗੇਰੀਅਨ ਟੀ ਵੀ ਚੈਨਲ ਦੀ ਪਤਰਕਾਰ ਪੈਟਰਾ ਲੈਜਲੋ ਨੂੰ
ਲਾਹਨਤਾਂ ਪਾ ਰਹੇ ਹਨ ਕਿਓਂ ਕਿ ਉਸ ਨੇ ਇੱਕ ਸੀਰੀਆਈ ਵਿਅਕਤੀ ਜੋ ਆਪਣੇ ਬਚੇ ਨੂੰ ਲੈ ਕੇ
ਜਾਨ ਬਚਾਉਣ ਲਈ ਭੱਜ ਰਿਹਾ ਸੀ ਨੂੰ ਲੱਤ ਫਸਾ ਕੇ ਪਹਿਲਾਂ ਡੇਗਿਆ ਅਤੇ ਅਤੇ ਫੇਰ ਉਹਦੀਆਂ
ਤਸਵੀਰਾਂ ਖਿਚੀਆਂ ਤਾਂ ਕਿ ਕੁਝ ਵਿਲਖਣ ਤਸਵੀਰਾਂ ਦੇ ਆਸਰੇ ਆਪਣੇ ਚੈਨਲ ਤੋਂ ਵਾਹਵਾ ਬਟੋਰੀ
ਜਾ ਸਕੇ,ਹਾਲਾਂ ਕਿ ਇਸ ਦੇ ਬਦਲੇ ਉਸ ਨੂੰ ਆਪਣੀ ਨੌਕਰੀ ਤੋਂ ਹਥ ਧੋਣੇ ਪਏ ਹਨ .ਇਹ ਦੋਵੇਂ
ਤਸਵੀਰਾਂ ਪਤਰਕਾਰੀ ਦੇ ਦੋ ਪਰਸਪਰ ਵਿਰੋਧੀ ਮਾਨਸਿਕ ਦ੍ਰਿਸ਼ਟੀਕੋਣਾਂ ਦੀ ਨਿਸ਼ਾਨਦੇਹੀ ਕਰਨ
ਲਈ ਕਾਫੀ ਹਨ. ਜਿਸ ਤਸਵੀਰ ਨੇ ਸੀਰੀਆਈ ਸਮਸਿਆ ਨੂੰ ਵਿਸ਼ਵ ਪਧਰ ਤੇ ਚਰਚਾ ਦਾ ਕੇਂਦਰ ਬਣਾਉਣ
ਵਿਚ ਬਣਦੀ ਭੂਮਿਕਾ ਨਿਭਾਈ ਹੈ ਉਹ ਤਸਵੀਰ ਤੁਰਕੀ ਦੇ ਸਮੁੰਦਰ ਕੰਢੇ ਮੂਧੇ ਮੂੰਹ ਪਈ ਏਲਨ
ਕੁਰਦੀ ਨਾਮਕ ਤਿੰਨ ਸਾਲਾ ਸੀਰੀਆਈ ਬਚੇ ਦੀ ਲਾਸ਼ ਦੀ ਹੈ ਜੋ ਕਿਸੇ ਤਰਾਂ ਸਮੁੰਦਰੀ ਲਹਿਰਾਂ
ਨਾਲ ਕੰਢੇ ਤੇ ਆ ਲੱਗੀ.ਜਾਣਕਾਰੀ ਅਨੁਸਾਰ ਇਸ ਬਚੇ ਦੇ ਮਾਤਾ ਪਿਤਾ ਅਤੇ ਬਾਕੀ ਭੈਣ ਭਰਾ ਵੀ
ਸਮੁੰਦਰ ਵਿਚ ਕਿਸ਼ਤੀ ਡੁਬਣ ਕਾਰਨ ਮਾਰੇ ਗਏ ਹਨ ਜੋ ਬਾਕੀ ਲੋਕਾਂ ਵਾਂਗ ਆਪਣੇ ਵਤਨ ਵਿਚੋਂ
ਜਾਨ ਬਚਾ ਕੇ ਕਿਸੇ ਸੁਰਖਿਅਤ ਸਥਾਨ ਦੀ ਤਲਾਸ਼ ਵਲ ਜਾ ਰਹੇ ਸਨ.ਇਸ ਬਚੇ ਦੀ ਤਸਵੀਰ ਤੁਰਕੀ
ਦੀ ਡੋਗਨ ਖਬਰ ਏਜੰਸੀ ਨਾਲ ਸਬੰਧਿਤ ਪਤਰਕਾਰ ਨੀਲੋਫਰ ਡੇਮਿਰ ਨੇ ਖਿਚੀ ਸੀ.ਉਸ ਨੇ ਇਸ ਤਸਵੀਰ
ਨੂੰ ਇਸ ਵਾਸਤੇ ਸੋਸ਼ਿਲ ਮੀਡੀਆ ਤੇ ਪਾਇਆ ਤਾਂ ਕਿ ਦੁਨੀਆਂ ਦੇ ਲੋਕ ਜਾਣ ਸਕਣ ਕਿ ਸੀਰੀਆਈ
ਲੋਕ ਕਿਹਨਾਂ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਹਨ.ਇਹ ਪਤਰਕਾਰ ਬੀਬੀ ਪਿਛਲੇ ਤਿੰਨ ਸਾਲ
ਤੋਂ ਸੀਰੀਆਈ ਸ਼ਰਨਾਰਥੀਆਂ ਨਾਲ ਸਬੰਧਤ ਖਬਰਾਂ ਦੇ ਰਹੀ ਹੈ.ਸ਼ਰਨਾਰਥੀਆਂ ਦੀ ਸਮਸਿਆ ਬਹੁਤ
ਵਿਕਰਾਲ ਹੈ.ਸੰਨ 1971 ਦੌਰਾਨ ਬੰਗਲਾ ਦੇਸ਼ ਦੇ ਹੋਂਦ ਵਿਚ ਆਉਣ ਸਮੇਂ ਭਾਰਤ ਇਸ ਦਾ ਸਾਹਮਣਾ
ਕਰ ਚੁੱਕਾ ਹੈ.ਸੀਰੀਆ ਦੇ ਸ਼ਰਨਾਰਥੀ ਤੁਰਕੀ ਦੇ ਇਸੇ ਸਮੁੰਦਰੀ ਰਸਤੇ ਤੋਂ ਕਿਸੇ ਯੂਰਪੀ
ਦੇਸ਼ ਵਿਚ ਪਨਾਹ ਲੈਣ ਵਾਸਤੇ ਅਕਸਰ ਰਵਾਨਾ ਹੁੰਦੇ ਹਨ.ਸੀਰੀਆਈ ਸਮੱਸਿਆ ਵਲ ਵਿਸ਼ਵ ਦੇ
ਲੋਕਾਂ ਦਾ ਜਿੰਨਾ ਧਿਆਨ ਉਪਰੋਕਤ ਬਚੇ ਦੀ ਮਾਰਮਰਿਕ ਤਸਵੀਰ ਦੇ ਜਰੀਏ ਖਿਚਿਆ ਗਿਆ ਹੈ ਉਨਾ
ਸ਼ਾਇਦ ਕੋਈ ਵੱਡੀ ਤੋਂ ਵੱਡੀ ਖਬਰ ਨਹੀਂ ਖਿਚ ਸਕੀ .ਅੱਜ ਹਰ ਕੋਈ ਸੀਰੀਆਈ ਸਮਸਿਆ ਵਾਰੇ
ਜਾਨਣ ਲਈ ਉਤਾਵਲਾ ਹੈ.ਸੀਰੀਆ ਸੰਨ 2011 ਤੋਂ ਰਾਜਨੀਤਕ ਅਸਥਿਰਤਾ ਦਾ ਸ਼ਿਕਾਰ ਹੋਣ ਕਰਕੇ
ਇੱਕੀਵੀਂ ਸਦੀ ਦੀ ਸਭ ਤੋਂ ਵੱਡੀ ਮਨੁਖੀ ਤਬਾਹੀ ਝੱਲ ਰਿਹਾ ਹੈ.ਹੁਣ ਤੱਕ ਉਥੇ 3 ਲਖ ਤੋਂ ਵਧ
ਲੋਕ ਮਾਰੇ ਜਾ ਚੁੱਕੇ ਹਨ ਅਤੇ 1 ਕਰੋੜ ਤੋਂ ਵਧ ਲੋਕ ਦੂਜੇ ਦੇਸ਼ਾਂ ਵਿਚ ਪਨਾਹ ਲੈ ਕੇ
ਸ਼ਰਨਾਰਥੀ ਦਾ ਦਰਜਾ ਹਾਸਲ ਕਰਨ ਵਾਸਤੇ ਯਤਨ ਕਰ ਰਹੇ ਹਨ.ਦੂਜੀ ਆਲਮੀ ਜੰਗ ਤੋਂ ਬਾਅਦ ਯੂ ਐਨ
ਓ ਦੀ ਦੇਖ ਰੇਖ ਹੇਠ 1948 ਤੋਂ 1967 ਦਰਮਿਆਨ ਮਾਨਵੀ ਅਧਿਕਾਰਾਂ ਨੂੰ ਲੈ ਕੇ ਕਈ ਤਜਵੀਜਾਂ
ਪੇਸ਼ ਕੀਤੀਆਂ ਜਾਂਦੀਆਂ ਰਹੀਆਂ ਹਨ.ਸੰਨ 1951 ਦੇ ਜਨੇਵਾ ਸਮਝੌਤੇ ਮੁਤਾਬਕ ਨਸਲੀ ,ਧਾਰਮਿਕ
,ਰਾਸ਼ਟਰੀਅਤਾ ,ਰਾਜਨੀਤਕ ਮੱਤਭੇਦ ਦੇ ਕਾਰਨ ਜੇਕਰ ਕੋਈ ਵਿਅਕਤੀ ਆਪਣੇ ਦੇਸ਼ ਵਾਪਸ ਜਾਣ
ਵਾਸਤੇ ਅਸਮਰਥ ਹੋਵੇ ਤਾਂ ਉਸ ਨੂੰ ਉਸ ਦੇਸ਼ ਵਿਚ ਸ਼ਰਨਾਰਥੀ ਦਾ ਦਰਜਾ ਮਿਲ ਸਕਦਾ ਹੈ ਜਿਸ
ਦੇਸ਼ ਵਿਚ ਉਹ ਰਹਿੰਦਾ ਹੋਵੇ.ਸੀਰੀਆ ਦੀ ਵਰਤਮਾਨ ਰਾਜਸੀ ਅਸਥਿਰਤਾ ਸੰਨ 2011 ਦੌਰਾਨ ਉਦੋਂ
ਸ਼ੁਰੂ ਹੋਈ ਜਦੋਂ ਸੁੰਨੀ ਫਿਰਕੇ ਨਾਲ ਸਬੰਧਿਤ ਕੁਝ ਨੌਜਵਾਨਾਂ ਨੇ ਸੀਰੀਆਈ ਸਰਕਾਰ ਖਿਲਾਫ਼
ਅਨੇਕਾਂ ਨਾਅਰੇ ਦੀਵਾਰਾਂ ਉੱਤੇ ਲਿਖਣੇ ਆਰੰਭ ਕਰ ਦਿੱਤੇ .ਪਿਛਲੇ 40 ਸਾਲਾਂ ਤੋਂ ਅਸਦ
ਪਰਿਵਾਰ ਸੀਰੀਆ ਉੱਤੇ ਸਾਸ਼ਨ ਕਰ ਰਿਹਾ ਹੈ.ਇਸ ਪਰਿਵਾਰ ਦੇ ਬਸ਼ਰ-ਉਲ-ਅਸਦ ਮੌਜੂਦਾ
ਰਾਸ਼ਟਰਪਤੀ ਹਨ.ਸੀਰੀਆ ਵਿਚ ਸੁੰਨੀਆਂ ਦੀ ਬਹੁਗਿਣਤੀ ਹੋਣ ਦੇ ਬਾਵਯੂਦ ਰਾਸ਼ਟਰਪਤੀ ਸ਼ੀਆ ਹੈ
.ਇਹ ਸਮੱਸਿਆ ਕਈ ਹੋਰ ਮੁਸਲਿਮ ਦੇਸ਼ਾਂ ਦੀ ਵੀ ਹੈ ਜਿਥੇ ਸ਼ੀਆ ਸੁੰਨੀ ਵਿਵਾਦ ਹੋਰ ਧਾਰਮਿਕ
ਵਿਵਾਦਾਂ ਨਾਲੋਂ ਵੱਡਾ ਹੈ.ਇਰਾਕ ਦੀ ਸਮਸਿਆ ਵੀ ਇਹਨਾਂ ਦੋਹਾਂ ਫਿਰਕਿਆਂ ਦੀ ਕਸ਼ੀਦਗੀ ਉੱਤੇ
ਅਧਾਰਿਤ ਸੀ . ਉਥੋਂ ਦੇ ਰਾਸ਼ਟਰਪਤੀ ਸਦਾਮ ਹੁਸੈਨ ਨੂੰ ਕੁਰਦਾਂ ਅਤੇ ਸ਼ੀਆ ਸਮੂਹਾਂ ਤੋਂ
ਪਰੇਸ਼ਾਨੀ ਰਹਿੰਦੀ ਸੀ ਜਿਸ ਦਾ ਫਾਇਦਾ ਉਠਾ ਕੇ ਅਮਰੀਕਾ ਨੇ ਸਦਾਮ ਹੁਸੈਨ ਦਾ ਤਖਤਾ ਪਲਟ
ਦਿੱਤਾ ਸੀ ਹਾਲਾਂ ਕਿ ਅਮਰੀਕਾ ਦੇ ਇਸ ਬਹਾਨੇ ਪਿਛੇ ਮਨਸੂਬੇ ਹੋਰ ਸਨ .ਇਹ ਵੀ ਇੱਕ ਤਲਖ
ਹਕੀਕਤ ਹੈ ਕਿ ਦੁਨੀਆਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਿਆਦਾ ਸਮਾਂ ਜੰਗ ਬਾਜਾਂ ਦੇ ਰਹਿਮੋ
ਕਰਮ ਤੇ ਰਹੀ ਹੈ.ਅਲ ਅਸਦ ਸਰਕਾਰ ਦੀ ਇਸ ਗੱਲੋਂ ਅਲੋਚਨਾ ਹੁੰਦੀ ਰਹੀ ਹੈ ਕਿ ਉਸ ਨੇ ਸਾਰੇ
ਸਰਕਾਰੀ ਸਾਧਨਾਂ ਦਾ ਲਾਭ ਸ਼ੀਆ ਫਿਰਕੇ ਤੱਕ ਪਹੁੰਚਾਇਆ ਹੈ . ਇਸ ਵਰਤਾਰੇ ਕਾਰਨ ਸੁੰਨੀ
,ਕੁਰਦ ਅਤੇ ਯਜੀਦੀਏ ਮੁਸਲਮਾਨ ਬੇ-ਹੱਦ ਖਫਾ ਹੋ ਕੇ ਬਗਾਵਤ ਉੱਤੇ ਉਤਰ ਆਏ.ਲੰਬੇ ਅਰਸੇ ਤੋਂ
ਸੀਰੀਆ ਅੰਦਰ ਸੋਕੇ ਦੇ ਚਲਦਿਆਂ ਆਮ ਲੋਕਾਂ ਖਾਸ ਕਰਕੇ ਦਿਹਾਤੀਆਂ ਦੀ ਹਾਲਤ ਬਦ ਤੋਂ ਬਦਤਰ
ਬਣੀ ਹੋਈ ਹੈ ਜਿਸ ਕਰਕੇ ਉਹ ਸ਼ਹਿਰਾਂ ਵਲ ਨੂੰ ਪਲਾਇਨ ਕਰਦੇ ਆ ਰਹੇ ਹਨ.
ਦੀਵਾਰਾਂ ਉੱਤੇ ਨਾਹਰੇ ਲਿਖਣ ਦੀ ਸ਼ੁਰੂਆਤ ਸਰਹੱਦੀ ਸ਼ਹਿਰ 'ਦਾਰ' ਤੋਂ ਹੋਈ.ਅਗਲੇ ਦਿਨ
ਸਥਾਨਕ ਪੁਲਿਸ ਨੇ 15 ਸੁੰਨੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਥਾਣੇ ਲਿਜਾ ਕੇ ਤੀਜੇ
ਦਰਜੇ ਦਾ ਤਸ਼ਦਦ ਕੀਤਾ ਗਿਆ ,ਇਥੋਂ ਤੱਕ ਕਿ ਉਹਨਾਂ ਦੇ ਨਹੁੰ ਤੱਕ ਉਖਾੜ ਦਿੱਤੇ ਗਏ.ਇਹ
ਘਟਨਾ 11 ਮਾਰਚ ਸੰਨ 1911 ਦੀ ਹੈ ਇਸ ਤੋਂ ਅਗਲੇ ਦਿਨ ਸ਼ਹਿਰ ਅੰਦਰ ਸੁੰਨੀ ਫਿਰਕੇ ਵਲੋਂ
ਜਬਰਦਸਤ ਰੋਸ ਪ੍ਰਗਟਾਵਾ ਕੀਤਾ ਗਿਆ. ਸਰਕਾਰ ਵਲੋਂ ਸਖਤੀ ਨਾਲ ਪੇਸ਼ ਆਉਣ ਤੇ ਰੋਸ ਦੀ ਇਸ
ਲਹਿਰ ਨੇ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿਚ ਲੈ ਲਿਆ.ਫੌਜ ਅਤੇ ਪੁਲਿਸ ਵਲੋਂ ਤਾਕਤ ਦੀ
ਵਰਤੋਂ ਕਰਨ ਦੇ ਫਲਸਰੂਪ ਸੁੰਨੀ ,ਕੁਰਦ ,ਅਤੇ ਸਵੀਆਈ ਫਿਰਕੇ ਦੇ ਮੁਸਲਮਾਨਾਂ ਨੇ ਅਸਦ ਸਰਕਾਰ
ਖਿਲਾਫ਼ ਬਗਾਵਤ ਕਰ ਦਿੱਤੀ.ਦੋਹਾਂ ਫਿਰਕਿਆਂ ਦਰਮਿਆਨ ਨਫਰਤ ਅਤੇ ਬੇ ਵਸਾਹੀ ਦੀ ਪੱਕੀ ਲੀਕ
ਖਿਚੀ ਗਈ.ਕੁਝ ਵਿਸਲੇਸ਼ਕਾਂ ਦਾ ਕਹਿਣਾ ਹੈ ਕਿ ਅਸਦ ਨੇ ਇਰਾਨ ਦਾ ਸਮਰਥਨ ਹਾਸਲ ਕਰਨ ਲਈ ਇਹ
ਸਭ ਕੁਝ ਇੱਕ ਗਿਣੀ ਮਿਥੀ ਯੋਜਨਾ ਤਹਿਤ ਕੀਤਾ ਹੈ.ਇਸ ਵਕਤ ਇਰਾਨ ਵਲੋਂ ਅਸਦ ਸਰਕਾਰ ਨੂੰ
ਸਮਰਥਨ ਦਿੱਤਾ ਜਾ ਰਿਹਾ ਹੈ ਜਦੋਂ ਕਿ ਸਉਦੀ ਅਰਬ ਅਤੇ ਕਤਰ ਬਾਗੀਆਂ ਦੀ ਮਦਦ ਕਰ ਰਹੇ
ਹਨ.ਵਰਣਨ ਯੋਗ ਹੈ ਕਿ ਇਹਨਾਂ ਤਿੰਨਾਂ ਦੇਸ਼ਾਂ ਸਮੇਤ ਹੋਰ ਕਈ ਦੇਸ਼ਾਂ ਦੇ ਨੌਜਵਾਨ ਧਾਰਮਿਕ
ਜਨੂੰਨ ਦੇ ਮਾਰੇ ਇਸ ਜਾਹਿਲ ਤੇ ਮੂਰਖਾਨਾ ਜੰਗ ਵਿਚ ਕੁੱਦ ਰਹੇ ਹਨ.ਹਾਲ ਹੀ ਵਿਚ ਪਤਾ ਲੱਗਾ
ਹੈ ਕਿ ਵਿਦਰੋਹੀਆਂ ਵਲੋਂ ਵਰਤੇ ਜਾ ਰਹੇ ਧਮਾਕਾ ਖੇਜ ਪਦਾਰਥ ਅਤੇ ਹੋਰ ਹਥਿਆਰ ਅਮਰੀਕੀ
ਮਾਰਕਾ ਹਨ.ਸਵਾਲ ਇਹ ਹੈ ਕਿ ਕੀ ਅਮਰੀਕਾ ਸੀਰੀਆ ਨੂੰ ਹਥਿਆਰਾਂ ਦੀ ਮੰਡੀ ਵਜੋਂ ਵਰਤ ਰਿਹਾ
ਹੈ ਜਿਹਾ ਕਿ ਉਸ ਦਾ ਅਕਸ ਹੈ?ਅਮਰੀਕਾ ਅਫਗਾਨਿਸਤਾਨ ਅਤੇ ਇਰਾਕ ਵਿਚੋਂ ਤਕਰੀਬਨ ਨਿਕਲ ਚੁੱਕਾ
ਹੈ,ਜਦੋਂ ਕਿ ਅਲ ਕਾਇਦਾ ਦੋਹਾਂ ਸਥਾਨਾਂ ਤੇ ਮੌਜੂਦ ਹੈ.ਅਮਰੀਕਾ ਦੀ ਹਾਲਤ ਇਸ ਸਮੇਂ ਖਸਿਆਣੀ
ਬਿੱਲੀ ਖੰਭਾ ਨੋਚੇ ਵਾਲੀ ਬਣੀ ਹੋਈ ਹੈ .ਅਲ ਕਾਇਦਾ ਦੇ ਨਵੇਂ ਰੂਪ ਆਈ ਐਸ ਆਈ ਐਸ (ਇਸਲਾਮਿਕ
ਸਟੇਟ ਆਫ਼ ਇਰਾਕ ਐਂਡ ਸੀਰੀਆ) ਨੇ ਇਰਾਕ ਦੇ ਇੱਕ ਤਿਹਾਈ ਹਿੱਸੇ ਉੱਤੇ ਕਬਜਾ ਜਮਾਇਆ ਹੋਇਆ
ਹੈ.ਇਸ ਸੰਗਠਨ ਦੀਆਂ ਸਰਗਰਮੀਆਂ ਦਾ ਕੇਂਦਰ ਇਰਾਕ ਅਤੇ ਸੀਰੀਆ ਦਾ ਉਹ ਪਹਾੜੀ ਖੇਤਰ ਹੈ ਜਿਥੇ
ਯਜੀਦੀ ਭਾਈਚਾਰੇ ਦੇ ਲੋਕ ਰਹਿੰਦੇ ਹਨ.ਇਹਨਾ ਨੂੰ ਯੂ ਐਨ ਓ ਵਲੋਂ ਬਤੌਰ ਆਦਿਵਾਸੀ ਸਮਾਜ
ਮਾਨਤਾ ਮਿਲੀ ਹੋਈ ਹੈ.ਅਸਲ ਵਿਚ ਇਹ ਲੋਕ ਕੁਰਦਾਂ ਦੇ ਪੁਰਖੇ ਹਨ.ਜਿਹਨਾਂ ਯਜੀਦੀਆਂ ਨੇ
ਇਸਲਾਮ ਧਾਰਨ ਕਰ ਲਿਆ ਉਹਨਾਂ ਨੂੰ ਕੁਰਦਿਸ਼ ਆਖਿਆ ਜਾਂਦਾ ਹੈ.ਮੁਸਲਮਾਨ ਧਰਮ ਅਪਣਾਉਣ ਦੇ
ਬਾਵਯੂਦ ਸੁੰਨੀ ਉਹਨਾਂ ਨੂੰ ਆਪਣਾ ਨਹੀਂ ਮੰਨ ਰਹੇ.
.ਯਜੀਦੀ ਫਿਰਕੇ ਦੇ ਲੋਕਾਂ ਦੀ ਟਾਵੀਂ ਟਾਵੀਂ ਵਸੋਂ ਜਰਮਨ,ਅਰਮੀਨੀਆ,ਤੁਰਕੀ ,ਸੀਰੀਆ ,ਈਰਾਨ
,ਜਾਰਜੀਆ ,ਸਵੀਡਨ ਅਤੇ ਨੀਦਰਲੈੰਡ ਵਿਚ ਵੀ ਹੈ.ਕੁੱਲ ਮਿਲਾ ਕੇ ਦੁਨੀਆਂ ਭਰ ਵਿਚ ਇਸ ਫਿਰਕੇ
ਦੀ ਗਿਣਤੀ ਮਸਾਂ 14-15 ਲਖ ਤੋਂ ਵਧ ਨਹੀਂ ਹੈ.ਇਸੇ ਕਰਕੇ ਯੂ ਐਨ ਓ ਵਲੋਂ ਇਹਨਾਂ ਨੂੰ
ਦੁਰਲਭ ਮਾਨਵੀ ਸਮੂਹ ਦਾ ਦਰਜਾ ਦਿੱਤਾ ਗਿਆ ਹੈ.ਸੁੰਨੀਆਂ ਦਾ ਮੰਨਣਾ ਹੈ ਕਿ ਕੁਰਾਨ ਅੰਦਰ
ਜਿਸ ਸ਼ੈਤਾਨ ਦਾ ਜਿਕਰ ਕੀਤਾ ਗਿਆ ਹੈ ਉਹ ਇਹੀ ਯਜੀਦੀ ਸਮੂਹ ਹੈ.
ਆਈ ਐਸ ਆਈ ਐਸ ਵਲੋਂ ਇਰਾਕ ਅਤੇ ਸੀਰੀਆ ਵਿਚ ਗੈਰ ਮੁਸਲਮਾਨਾਂ ਦਾ ਸਫਾਇਆ ਕਰਨ ਦੇ ਅਭਿਆਨ
ਦੌਰਾਨ ਜਿਆਦਾਤਰ ਯਜੀਦੀਆਂ ਦਾ ਕਤਲੇਆਮ ਹੋ ਰਿਹਾ ਹੈ.ਪਿਛਲੇ ਦਿਨੀ ਇਰਾਕ ਦੀ ਸੰਸਦ ਵਿਚ
ਯਜੀਦੀ ਮਹਿਲਾ ਸੰਸਦ ਇਹ ਕਹਿੰਦਿਆਂ ਜਾਰੋ ਜਰ ਰੋਣ ਲੱਗ ਪਈ ਕਿ ਇਸ ਦਹਿਸ਼ਤਗਰਦ ਤਨਜੀਮ ਤੋਂ
ਯਜੀਦੀ ਮਹਿਲਾਵਾਂ ਅਤੇ ਬਚਿਆਂ ਨੂੰ ਬਚਾਇਆ ਜਾਵੇ.ਯਜੀਦੀ ਸਮਾਜ ਦੇ ਅਧਿਆਤਮਿਕ ਨੇਤਾ ਬਾਬਾ
ਸ਼ੇਖ ਨੇ ਨਿਊ ਯਾਰਕ ਟਾਈਮਜ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ 70 ਹਜਾਰ ਯਜੀਦੀ
ਖੌਫ਼ ਦੇ ਮਾਰੇ ਯੂਰਪੀਨ ਦੇਸ਼ਾਂ ਵਲ ਹਿਜਰਤ ਕਰ ਗਏ ਹਨ.ਉਹਨਾਂ ਯਜੀਦੀਆਂ ਦਾ ਲਾਲੇਸ਼ ਮੰਦਰ
ਵਿਖੇ ਹੋਣ ਵਾਲਾ ਸਾਲਾਨਾ ਧਾਰਮਿਕ ਸਮਾਗਮ ਵੀ ਰੱਦ ਕਰ ਦਿੱਤਾ ਹੈ.ਯਜੀਦੀ ਬਹੁ ਸੰਮਤੀ ਵਾਲੇ
ਸ਼ਹਿਰ ਸਿੰਜਰ ਉੱਤੇ ਇਸਲਾਮਿਕ ਸੰਗਠਨ ਕਾਬਜ ਹੋ ਗਿਆ ਹੈ.ਯਜੀਦੀਆਂ ਦਾ ਇੱਕ ਵਫਦ ਛੇ ਕੁ
ਮਹੀਨੇ ਪਹਿਲਾਂ ਭਾਰਤ ਆਕੇ ਸਰਕਾਰ ਕੋਲ ਮਦਦ ਦੀ ਗੁਹਾਰ ਲਾ ਚੁੱਕਾ ਹੈ.ਜਿਥੇ ਯਜੀਦੀ ਅਤੇ
ਕੁਰਦਿਸ਼ ਜਾਨ ਬਚਾ ਕੇ ਭੱਜ ਰਹੇ ਹਨ ਉਥੇ ਸ਼ੀਆ ਸੁੰਨੀ ਜੰਗ ਲੰਬੀ ਹੋਣ ਕਰਕੇ ਸੁੰਨੀ ਵੀ
ਖਫਾ ਹੋ ਕੇ ਯੂਰਪੀਨ ਦੇਸ਼ਾਂ ਅੰਦਰ ਪਨਾਹ ਲੈਣ ਦਾ ਯਤਨ ਕਰ ਰਹੇ ਹਨ.ਜਰਮਨ ਅਤੇ ਆਸਟਰੀਆ
ਵਲੋਂ ਸ਼ਰਨਾਰਥੀਆਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਜਿਥੇ ਪਹਿਲਾਂ ਹੀ ਯਜੀਦੀ ਵਸਦੇ
ਹਨ.ਲਿਬਨਾਨ ਅਤੇ ਜਾਰਡਨ ਵੀ ਆਪੋ ਆਪਣੀ ਹੈਸੀਅਤ ਅਨੁਸਾਰ ਸ਼ਰਨਾਰਥੀਆਂ ਨੂੰ ਬਰਦਾਸ਼ਤ ਕਰ
ਰਹੇ ਹਨ.ਹੁਣ ਤੱਕ 40 ਲਖ ਸ਼ਰਨਾਰਥੀਆਂ ਦੇ ਆਪਣੇ ਆਪ ਨੂੰ ਯੂ ਐਨ ਓ ਕੋਲ ਰਜਿਸਟਰ ਕਰਵਾਉਣ
ਦੀਆਂ ਖਬਰਾਂ ਹਨ ਪਰ ਇਹ ਗਿਣਤੀ ਇੱਕ ਕਰੋੜ ਤੋਂ ਵਧ ਹੈ. ਸੀਰੀਆ ਵਿਚ ਹੋ ਰਿਹਾ ਨਰਸੰਘਾਰ ਦੋ
ਦਹਾਕੇ ਪਹਿਲਾਂ ਰਵਾਂਡਾ ਵਿਚ ਹੋਏ ਨਰਸੰਘਾਰ ਤੋਂ ਬਾਅਦ ਹੋਇਆ ਦੂਸਰਾ ਨਰਸੰਘਾਰ ਹੈ.ਉਸ ਸਮੇਂ
ਰਵਾਂਡਾ ਵਿਚ ਟੂਰਸੀ ਸਮੂਹ ਦੇ 14 ਲਖ ਲੋਕਾਂ ਵਿਚੋਂ 8 ਲਖ ਲੋਕ ਮਾਰੇ ਗਏ ਸਨ. ਆਈ ਐਸ ਆਈ
ਐਸ ਜਿਸ ਕਦਰ ਆਪਣੇ ਪੈਰ ਪਸਾਰ ਰਹੀ ਹੈ ਇਹ ਪੂਰੀ ਮਾਨਵਤਾ ਵਾਸਤੇ ਘਾਤਕ ਹੈ.ਅੱਗ ਨੂੰ ਅੱਗ
ਨਾਲ ਬੁਝਾਉਣ ਦੀਆਂ ਕੋਸਿਸ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ. ਸੀਰੀਆ ਅੰਦਰ ਉਠ ਰਹੀਆਂ ਲੋਕ
ਤੰਤਰੀ ਅਵਾਜਾਂ ਨੂੰ ਦਬਾਉਣਾ ਸੰਸਾਰ ਅਮਨ ਦੇ ਕਦਾਚਿਤ ਵੀ ਹੱਕ ਵਿਚ ਨਹੀਂ ਹੈ.
ਮੈਲਬੌਰਨ (ਆਸਟਰੇਲੀਆ)
0061469976214
-0- |