ਜਿ਼ੰਦਗੀ ਦੀ
ਜਾਨ,ਆਨ,ਸ਼ਾਨ ਨੀ ਆਜ਼ਾਦੀਏ
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ...
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
ਤੇਰੇ ਲਾਲਾਂ ਵਿੱਚੋਂ ‘ਭਾਗਾਂ ਵਾਲਾ’, ਲਾਲ ਨੀ ਆਜ਼ਾਦੀਏ
ਜਿਹਨੂੰ ਗੁੜ੍ਹਤੀ ਤੂੰ ਦਿੱਤੀ, ਸੂਹੀ ਸੋਚ ਦੀ।
ਆਪਾ ਬਾਲ ਬਾਲ ਜੋ, ਗੁਲਾਮੀ ਦੇ ਹਨੇਰਿਆਂ ਨੂੰ
ਤਾਰ ਤਾਰ ਕਰ, ਦੇਣਾ ਲੋਚਦੀ॥
ਹੱਕਾਂ ਲਈ ਬਾਹਾਂ ਨੂੰ, ਬੰਦੂਕਾਂ ਕਰ ਦਿੰਦੇ ਓਹੋ
‘ਪਗੜੀ ਸੰਭਾਲੋ’, ਜਿਹਨਾਂ ਟੱਬਰਾਂ ਦਾ ਗਾਉਣ।
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
ਖੇਡਣੇ ਦੇ ਦਿਨ ਸੀ ਜੋ, ‘ਭਾਗਾਂ ਵਾਲੇ’ ਬਾਲ ਦੇ
ਤਦ ‘ਬਾਬੇ’ ਸੁੱਤੀ ਹਿੰਦ ਸੀ, ਜਗਾਂਵਦੇ।
ਹਿੰਦ ਨੂੰ ਬਚਾਵਣੇ ਦਾ, ਗ਼ਦਰ ਮਚਾਵਣੇ ਦਾ
ਗੀਤ ਸੀ, ‘ਸਰਾਭੇ ਵੀਰ’ ਗਾਂਵਦੇ।
ਗ਼ਦਰੀ ਹੁਲਾਰਿਆਂ ‘ਚ, ਮਨ ‘ਭਾਗਾਂ ਵਾਲੇ’ ਦਾ
ਬੰਦੂਕਾਂ ਖੇਤਾਂ ਵਿੱਚ, ਲੱਗਾ ਸੀ ਉਗਾਉਣ।
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
ਵੇਖ ਸੁਣ ਸਾਕਾ, ਜਲ੍ਹਿਆਂ ਵਾਲੇ ਬਾਗ ਦਾ
ਗਲੀਆਂ ਦਾ ਕੱਖ ਕੱਖ, ਵੀ ਸੀ ਰੋ ਪਿਆ।
ਮਾਪਿਆਂ ਦੀ ਲਾਸ਼ ਕੋਲ, ਰੋਂਦੇ ਬਾਲ ਵੇਖਕੇ
‘ਭਾਗਾਂ ਵਾਲਾ’ ਸੀ, ਭਗਤ ਸਿੰਘ ਹੋ ਗਿਆ।
ਪਹਿਨ ਕੇ ਬਸੰਤੀ ਰੰਗ, ਅਣਖੀ ਬਹਾਦਰਾਂ ਦਾ
ਗੋਰੇ ਨੇਰ੍ਹਿਆਂ ਨੂੰ, ਉੱਠਿਆ ਮਿਟਾਉਣ।
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
ਅਣਖ ਵੰਗਾਰੀ ਸਾਈਮਨ, ਜਦੋਂ ਹਿੰਦ ਦੀ
ਅੱਗੇ ਹੋ ਕੇ, ਭਗਤ ਸਿੰਘ ਲੜਿਆ।
ਸੂਹੇ ਸੁੱਚੇ ਮਘਦੇ, ਸਾਥੀਆਂ ਨੇ ਰਲ ਕੇ
ਕਿੱਲ ਅਰਥੀ ਫਰੰਗੀ ਦੀ ‘ਚ ਗੱਡਿਆ।
ਚਿਤ-ਕਰ ਸਾਂਡਰਸ, ਦੱਸਿਆ ਸੀ ਜੱਗ ਨੂੰ
ਜਾਗੇ ਲੋਕ ਕਿੱਦਾਂ, ਅਣਖਾਂ ਬਚਾਉਣ॥
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
ਅਸੈਂਬਲੀ ‘ਚ ਜਦੋਂ, ਪਾਸ ਹੋਣ ਵਾਸਤੇ
ਬਿੱਲ ਕਿਰਤ, ਖਿ਼ਲਾਫ਼ ਇੱਕ ਆਇਆ ਸੀ।
ਚਲਾ ਕੇ ਧਮਾਕਾ ਬੰਬ, ਵਿੱਚ ਅਸੈਂਬਲੀ ਦੇ
ਬੋਲੇ ਕੰਨਾਂ ਨੂੰ, ਭਗਤ ਨੇ ਸੁਣਾਇਆ ਸੀ:
“ਕੱਟ ਜਾਵੇਗੀ, ਪਰ ਹੁਣ ਨਾ ਝੁਕੇਗੀ
ਜ਼ਬਰ ਜੁਲਮ ਅੱਗੇ, ਲੋਕਤਾ ਦੀ ਧੌਣ॥”
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
ਹਰੌਣ ਲਈ ਸਾਮਰਾਜੀ, ਲੋਟੂ ਦੈਂਤ ਨੂੰ
ਗਿਆਨ,ਸੂਝ ਉਸ, ਚੁਣੇ ਹਥਿਆਰ ਸੀ।
ਬੰਬਾਂ ਤੇ ਬੰਦੂਕਾਂ, ਤੋਪਾਂ, ਟੈਕਾਂ ਤੋਂ ਵੱਧ ਕੇ
ਕਿਤਾਬ ਉੱਤੇ ਉਨੂੰ, ਵੱਧ ਇਤਬਾਰ ਸੀ।
ਪੜ੍ਹਦੇ ਜੋ ਲੜ੍ਹਨੇ, ਖੜ੍ਹਨੇ ਦੇ ਵਾਸਤੇ
ਕਾਲ-ਕੋਠੀਆਂ ਕੀ, ਉਹਨਾਂ ਨੂੰ ਹਰਾਉਣ।
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
ਦਾਅ ਉੱਤੇ ਲਾ ਕੇ ਜਾਨ, ਅਪਣੀ ਭਗਤ ਸਿੰਘ
ਕੇਸ ਹਿੰਦ ਦੀ, ਅਣਖ ਦਾ ਲੜਿਆ।
ਦੇ ਕੇ ਦਲੀਲਾਂ, ਸੂਹੇ ਸੱਚ ਰੰਗ ਰੱਤੀਆਂ
ਗੋਰੇ ਨ੍ਹੇਰ ਨੂੰ, ਬੇ-ਪਰਦਾ ਸੀ ਕਰਿਆ।
ਧਰਤੀ ਜੋ ‘ਭਗਤ’ ਜਿਹੇ, ਸੂਰਜਾਂ ਨੂੰ ਜੰਮਦੀ
ਸੱਤ-ਅਸਮਾਨ ਵੀ, ਕੀ ਉਸਨੂੰ ਹਰਾਉਣ॥
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
ਐਸੀ ਆਜ਼ਾਦੀ, ਲੋੜਦਾ ਸੀ ਭਗਤ ਸਿੰਹੁ
ਮਨੁੱਖ ਜਿੱਥੇ ਨਾ, ਮਨੁੱਖ ਦਾ ਗੁਲਾਮ ਸੀ।
ਕਿਸੇ ਕੋਲ ਹੋਵੇ ਵੱਧ, ਨਾ ਘੱਟ ਲੋੜ ਤੋਂ
ਊਚ ਨੀਚ ਰਹਿਤ, ਓਸਦਾ ਨਿਜ਼ਾਮ ਸੀ।
ਗੰਦ ਪਾਉਣ ਵਾਲੇ, ਕਦੇ ਉੱਚੇ ਅਖਵਾਉਣ ਨਾ
ਸਫ਼ਾਈ ਕਰਨੇ ਨਾ, ਨੀਚ ਸਦਵੌਣ॥
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
ਗੁਲਾਮਾਂ ਵਾਲੇ ਜੀਣ ਨੂੰ, ਨੇ ਮੌਤ ਜਿਹੜੇ ਜਾਣਦੇ
ਉਹ ਆਜ਼ਾਦੀ ਲਈ, ਮਰਨੋਂ ਨਾ ਡਰਦੇ।
ਚਾਨਣ ਮੁਨਾਰਾ ਸੱਚ, ਜਿਨ੍ਹਾਂ ਪੱਲੇ ਬੰਨਿਆ
ਉਹ ਨੇਰ੍ਹ ਅੱਗੇ, ਝੋਲੀਆਂ ਨਾ ਅੱਡਦੇ।
ਜ਼ਬਰ ਜੁਲਮ ਅੱਗੇ, ਸਿਰ ਉੱਚਾ ਕਰਕੇ
‘ਇਨਕਲਾਬ ਜਿ਼ੰਦਾਬਾਦ’, ਉਹ ਗਜਾਉਣ॥
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
ਰਹਿਕੇ ਗੁਲਾਮ, ਭੀਖ ਰੈਅਤਾਂ ਦੀ ਮੰਗਦੇ ਨਾ
ਹੱਕ ਅਪਣਾ ਆਜ਼ਾਦੀ, ਜਿਹੜੇ ਜਾਣਦੇ।
ਸੀਸ ਤਲੀ ਉੱਤੇ ਧਰ, ਲੈਣ ਜਦੋਂ ਸੂਰਮੇ
ਇਨਕਲਾਬ ਨਾ, ਅਧੂਰਾ ਪਰਵਾਨਦੇ।
ਬਦੇਸ਼ੀਆਂ ਦੀ ਥਾਂ ਤੇ, ਨਾ ਦੇਸੀ ਲੋਟੂ ਲੋੜਦੇ
ਹਰਿਕ ਲੁਟੇਰੇ ਕੋਲੋਂ, ਮੁਕਤੀ ਉਹ ਚਾਹੁਣ॥
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
ਇਸ਼ਕ ਨੇ ਕਰਦੇ ਜਿੰ਼ਦਗੀ ਦੇ ਨਾਲ ਜੋ
ਹੱਸ-ਹੱਸ ਲਾੜੀ, ਮੌਤ ਨੂੰ ਵਿਆਉਂਦੇ ਨੇ।
ਤਨ ਮਨ ਅਪਣਾ, ਮਸ਼ਾਲ ਵਾਂਗ ਬਾਲਕੇ
ਜਿੰ਼ਦਗੀ ਦੇ ਰਾਹ, ਰੁਸ਼ਨਾਉਂਦੇ ਨੇ।
ਬੇੜੀਆਂ ਤੇ ਫਾਂਸੀਆਂ ਨੂੰ, ਤਨਾਂ ਉੱਤੇ ਝੇਲ ਕੇ
ਕੌਮਾਂ ਗਲੋਂ ਹਰ ਸੰਗਲ਼ੀ ਲੁਹਾਉਣ।
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
ਕਾਮਿਆਂ ਦੇ ਹੱਥਾਂ ਵਿੱਚੋਂ, ਸੀ ਜਿਹਨੇ ਉੱਗਣਾ
ਭਗਤ ਸਿੰਘ ਉਸ, ਸੂਰਜ ਦਾ ਰੱਥ ਸੀ।
ਇੱਕ ਹੱਥ ਓਸਦਾ ਸੀ, ਜੋਕਾਂ ਦੇ ਗਲਮੇਂ
ਲੋਕਾਂ ਦੇ ਹੱਥਾਂ ‘ਚ, ਦੂਜਾ ਹੱਥ ਸੀ।
ਯੁੱਗਾਂ ਦੇ ਦਿਲਾਂ ਉੱਤੇ, ਛਾਪ ਓਹੀ ਛੱਡਦੇ
ਜੋ ਖੂੰਨ-ਏ-ਜਿਗਰ ‘ਨਾ, ਸਮੇਂ ਰੁਸ਼ਨਾਉਣ॥
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
ਭਗਤ ਸਿੰਘ ਸੀ ਉਹ, ਸੁੱਚਾ ਲਾਲ ਸਮੇਂ ਦਾ
ਧੀਅ ਪੰਜਾਬ ਦੀ ਜੋ, ਧਰਤੀ ਤੋਂ ਵਾਰਿਆ।
ਯੁੱਗ ਯੁੱਗ ਜੀਵੇਂ, ਸਦਾ ਮਾਣੇ ਵੇ ਜਵਾਨੀਆਂ
ਮੌਤ ਲਾੜੀ ਨੂੰ, ਵਿਆਉਣ ਚੱਲੇ ਲਾੜਿਆ॥
ਦੇਸ਼ਾਂ ਕੌਮਾਂ ਨਸਲਾਂ ਦੀ, ਜਿ਼ੰਦ ਜਾਨ ਰਹਿਣ ਸਦਾ
ਆਪਾ ਵਾਰ ਜੋ, ਆਜ਼ਾਦੀਆਂ ਕਮਾਉਣ॥
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
ਤਨ ਅਪਣੇ ਨੂੰ ਲੰਘ ਕੇ, ਭਗਤ ਸਿੰਘ ਸੂਰਮਾਂ
ਲੋਕਾਂ ਦੇ ਮਨਾਂ, ਰੂਹਾਂ ‘ਚ ਸਮਾ ਗਿਆ।
“ਮੌਤੋਂ ਬੁਰਾ ਹੁੰਦਾ ਹੈ, ਗੁਲਾਮ ਹੋ ਕੇ ਜੀਵਣਾ”
ਸਮਿਆਂ ਦੀ ਹਿੱਕ ਉੱਤੇ, ਲਹੂ ‘ਨਾ ਲਿਖਾ ਗਿਆ।
ਚਾਨਣ ਮੁਨਾਰੇ ਨੇ, ਕਹਾਉਂਦੇ ਸਦਾ ਲੋਕ ਓਹੀ
ਜੋ ਆਪਾ ਬਾਲ, ਲੋਕ-ਰਾਹਾਂ ਰੁਸ਼ਨਾਉਣ॥
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
ਜਿ਼ੰਦਗੀ ਦੀ ਜਾਨ,ਆਨ,ਸ਼ਾਨ ਨੀ ਆਜ਼ਾਦੀਏ
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ...
ਨੀ ਆਜ਼ਾਦੀਏ....
ਤੇਰੇ ਲਾਲਾਂ ਜਿਹਾ ਜੱਗ ਉੱਤੇ ਕੌਣ॥
-0-
|