.............................................
ਗਜ਼ਲ
.......................
ਇਸ ਨੇ ਗ਼ਮ ਵਿਚ ਡੁੱਬਣਾ ਤੇ ਰੋਂਣਾ ਕੁਰਲਾਉਣਾ ਹੈ ।
ਅੱਜ ਵੀ ਕਮਲੇ ਦਿਲ ਨੂੰ, ਉਸ ਨੇ ਫਿਰ ਸਮਝਾਉਣਾ ਹੈ ।
ਅੱਜ ਵੀ ਰਾਤ ਹੈ ਲੰਘਣੀ ਉਸ ਦੀ ਪਾਸੇ ਪਰਤਦਿਆਂ
ਅੱਜ ਵੀ ਯਾਦਾਂ ਵਿਚ ਪਰਿੰਦਾ ਐਸਾ ਆਉਣਾ ਹੈ ।
ਅੱਜ ਵੀ ਉਸ ਦੇ ਸਿਰ ਤੇ ਤਾਰੇ ਟੁੱਟ ਕੇ ਡਿਗਣੇ ਹਨ
ਅੱਜ ਵੀ ਅੰਬਰ ਉੱਤੇ ਚੰਨ ਨੇ ਸੋਗ ਮਨਾਉਣਾ ਹੈ ।
ਹੱਦ ਦੇ ਅੰਦਰ ਰਹਿ ਕੇ ਕੀਤਾ ਇਸ਼ਕ, ਤਾਂ ਕੀ ਕੀਤਾ !
ਹੱਦ ਦੇ ਅੰਦਰ ਰਹਿ ਕੇ ਵੀ, ਕੀ ਦਰਦ ਹੰਢਾਉਣਾ ਹੈ !!
ਅੱਜ ਝਨਾਂ ਦੀਆਂ ਛੱਲਾਂ ਇਸ਼ਕ ਨੂੰ ਫੇਰ ਪਰਖਣਾ ਹੈ
ਅੱਜ ਸਿਦਕ ਨੇ ਡੁੱਬੇ ਇਸ਼ਕ ਦਾ ਮਾਣ ਵਧਾਉਣਾ ਹੈ ।
..........................................................................................
ਛੰਦ ਪਰਾਗੇ
.....................
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਦਾਤੀ
ਭਾਰਤ ਦੇ ਵਿਚ ਕਾਤਲ ਘੁੰਮਦੇ ਕਰ ਕੇ ਚੌੜੀ ਛਾਤੀ ।
ਛੰਦ ਪਰਾਗੇ ਭਾਰਤ ਦੇ ਵਿਚ ਐਸੀ ਫਜ਼ਾ ਹੈ ਛਾਈ
ਥਾਣੇ ਬਣ ਗਏ ਬੁੱਚੜਖਾਨੇ ਥਾਣੇਦਾਰ ਕਸਾਈ ।
ਛੰਦ ਪਰਾਗੇ ਭਾਰਤ ਦੇ ਵਿਚ ਕੂਕਰ ਬਣੇ ਵਜੀਰ
ਆਟਾ, ਦਲੀਆ ਚੱਟੀ ਜਾਂਦੇ ਖਾਈ ਜਾਂਦੇ ਖੀਰ ।
ਛੰਦ ਪਰਾਗੇ ਭਾਰਤ ਦੇ ਵਿਚ ਭੱਜੇ ਫਿਰਨ ਦਲਾਲ
”ਲੜੇ ਲਿਖਾਰੀ” ਵੀ ਹਨ ਬਣ ਗਏ ਹੁਣ ਮੰਡੀ ਦਾ ਮਾਲ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਰੋੜਾ
ਧਰਤੀ ਹੁੰਦੀ ਜਾਂਦੀ ਛੋਟੀ ਦਿਲ ਨੂੰ ਕਰ ਲਓ ਚੌੜਾ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਲੀਰਾਂ
ਹਿੰਮਤੀ ਬੰਦੇ ਬਦਲ ਨੇ ਦਿੰਦੇ ਕੌਮ ਦੀਆਂ ਤਕਦੀਰਾਂ ।
ਛੰਦ ਪਰਾਗੇ ਹਉਮੈਂ ਸਦਕੇ ਪਾਏ ਨਿੱਤ ਪੁਆੜਾ
ਫੋਕਾ ਕਾਮਰੇਡ ਹੈ ਕਰਦਾ ਘਰ ਦਾ ਬਹੁਤ ਉਜਾੜਾ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਤੋਰੀ
ਕਿਸ਼ਤੀ ਦੇ ਰਖਵਾਲੇ ਕਰਦੇ ਕਿਸ਼ਤੀ ਦੇ ਵਿਚ ਮੋਰੀ ।
ਛੰਦ ਪਰਾਗੇ ਦੁਨੀਆਂ ਦੇ ਹੁਣ ਹੋ ਗਏ ਰੰਗ ਅਨੂਠੇ
ਰਹਿ ਗਿਆ ਇਕ ਮਾਇਆ ਦਾ ਰਿਸ਼ਤਾ ਬਾਕੀ ਰਿਸ਼ਤੇ ਝੂਠੇ ।
ਛੰਦ ਪਰਾਗੇ ”ਵਿਸ਼ਵੀਕਰਣ” ਦਾ ਐਸਾ ਚੜਿਆ ਤਾਰਾ
ਸੱਭ ਕੁੱਝ ਛੱਡ ਕੇ ਮਾਇਆ ਮਾਇਆ ਕਰਦਾ ਹੈ ਜੱਗ ਸਾਰਾ ।
-0- |