ਅੰਮ੍ਰਿਤਾ ਪ੍ਰੀਤਮ
ਹਿੰਦ-ਪਾਕ ਮਹਾਂਦੀਪ ਤੇ ਦੁਨੀਆਂ ਭਰ ਦੇ ਸਭ ਖਿੱਤਿਆਂ ਵਿੱਚ ਵਸਦੇ ਪੰਜਾਬੀ ਲੋਕਾਂ ਵਿਚਕਾਰ
ਆਪਣੀ ਬੋਲੀ ਦੀ ਸਭ ਤੋਂ ਵੱਧ ਪ੍ਰਸਿੱਧੀ-ਪ੍ਰਾਪਤ ਸਾਹਿਤਕ ਸ਼ਖ਼ਸੀਅਤ ਹੋਣ ਦੇ ਨਾਲ ਹੀ ਹਿੰਦੀ
ਅਤੇ ਹੋਰ ਭਾਰਤੀ ਭਾਸ਼ਾਵਾਂ ਤੋਂ ਬਿਨਾਂ ਅੰਗ੍ਰੇਜ਼ੀ, ਫ਼੍ਰਾਂਸੀਸੀ, ਰੂਸੀ ਅਤੇ ਪੂਰਬੀ ਯੂਰਪ
ਦੇ ਕੁੱਝ ਦੇਸ਼ਾਂ ਦੀਆਂ ਬੋਲੀਆਂ ਵਿੱਚ ਸਭ ਤੋਂ ਵੱਧ ਅਨੁਵਾਦਿਤ ਹੋਣ ਕਾਰਨ, ਦੁਨੀਆਂ ਭਰ
ਵਿੱਚ ਪੰਜਾਬੀ ਲੇਖਕਾਂ ਵਿੱਚੋਂ ਸਭ ਤੋਂ ਵੱਧ ਨੁਮਾਇਆਂ ਨਾਂ ਸੀ। ਆਨਰੇਰੀ ਡਿਗਰੀਆਂ, ਸਨਮਾਨ
ਅਤੇ ਅਹੁਦੇ ਮੁਰਾਤਬੇ ਜਿਸ ਕਦਰ ਅੰਮ੍ਰਿਤਾ ਪ੍ਰੀਤਮ ਦੀ ਝੋਲੀ ਪੈਂਦੇ ਰਹੇ ਸਨ, ਉਸਦੀ ਮਿਸਾਲ
ਵੀ ਸਹਿਜੇ ਕੀਤੇ ਹੋਰ ਨਹੀਂ ਮਿਲਦੀ।
ਹੌਜ਼ ਖ਼ਾਸ ਵਿੱਚ ਅੰਮ੍ਰਿਤਾ ਪ੍ਰੀਤਮ ਹੋਰਾਂ ਦੀ ਰਿਹਾਇਸ਼ ਜਿਸ ਭਾਂਤ ਦੁਨੀਆਂ ਭਰ ਦੇ ਸ਼ਾਇਰਾਂ,
ਅਦੀਬਾਂ, ਮੁਸੱਨਫ਼ਾਂ, ਦਾਨਿਸ਼ਵਰਾਂ, ਪੱਤਰਕਾਰਾਂ, ਵਿਦਵਾਨਾਂ ਅਤੇ ਉਹਨਾਂ ਦੇ ਸੁਹਿਰਦ
ਪਾਠਕਾਂ ਦੀ ਜ਼ਿਆਰਤਗਾਹ ਅਤੇ ਜ਼ੇਹਨੀ ਜਜ਼ਬਾਤੀ ਪਨਾਹ ਬਣੀ ਰਹੀ ਹੈ, ਉਹ ਵੀ ਕਿਸੇ ਵਿਰਲੇ
ਟਾਂਵੇਂ ਥਾਂ-ਮੁਕਾਮ ਦਾ ਹੀ ਨਸੀਬ ਹੁੰਦਾ ਹੈ।
ਅੰਮ੍ਰਿਤਾ ਪ੍ਰੀਤਮ ਨਾਮ ਦੇ ਇਸ ਮੁਅੱਜਜ਼ੇ ਦੇ ਵਾਪਰਨ ਦਾ ਮੁੱਖ ਰਾਜ਼ ਇਸ ਤੱਥ ਵਿੱਚ ਵਿਦਮਾਨ
ਹੈ ਕਿ ਆਪਣੇ ਹੋਰ ਸਮਕਾਲੀਆਂ ਅਤੇ ਸਹਿਕਰਮੀਆਂ ਦੇ ਟਾਕਰੇ ਤੇ ਉਸਨੇ ਆਪਣੇ ਲਿਖਣ ਅਤੇ ਜੀਣ
ਵਿਚਕਾਰ ਦੀ ਵਿੱਥ ਨੂੰ ਮੇਟਣ ਦਾ ਆਪਣੀ ਸਮਰੱਥਾ ਅਨੁਸਾਰ ਬੜਾ ਹੀ ਸੁਹਿਰਦ ਯਤਨ ਕੀਤਾ ਹੈ।
ਅੰਮ੍ਰਿਤਾ ਪ੍ਰੀਤਮ ਨੇ ਆਪਣੀ ਕਿਸ਼ੋਰ ਅਵਸਥਾ ਵਿੱਚ ਹੀ ਮੁਹੱਬਤ ਨਾਲ ਭਰੀ ਪੂਰੀ ਜ਼ਿੰਦਗੀ ਦਾ
ਸੁਪਨਾ ਲਿਆ ਅਤੇ ਆਪਣੀ ਸ਼ਾਇਰੀ ਦੁਆਰਾ ਉਸ ਸੁਪਨੇ ਦੇ ਤਲਿੱਸਮ ਨੂੰ ਸ਼ਬਦਬੱਧ ਕੀਤਾ ਅਤੇ ਉਸ
ਨੂੰ ਆਪਣੀ ਅਮਲੀ ਜ਼ਿੰਦਗੀ ਵਿੱਚ ਸਾਕਾਰ ਕਰਨ ਲਈ ਭਾਈਚਾਰਕ, ਸਮਾਜਕ ਅਤੇ ਆਰਥਿਕ ਪਿੜ ਵਿੱਚ,
ਕੋਈ ਜੋਖ਼ਮ ਐਸਾ ਨਹੀਂ, ਜਿਸਨੂੰ ਸੌਂਹੇਂ ਹੋ ਕੇ ਪੂਰੀ ਦਲੇਰੀ ਨਾਲ ਉਠਾਉਣ ਵਿੱਚ ਆਪਣੇ
ਵੱਲੋਂ ਕੋਈ ਕਸਰ ਛੱਡੀ ਹੋਵੇ।
ਮਨ, ਬਚਨ ਅਤੇ ਕਰਮ ਵਿੱਚ ਤਾਲ ਮੇਲ ਬਿਠਾਉਣ ਦੀ ਜੁਅਰੱਤ ਕਰਨੀ ਹੀ ਇਨਸਾਨ ਹੋਣ ਦੀ ਅਜ਼ਮਤ
ਨੂੰ ਛੂਹ ਲੈਣਾ ਹੁੰਦਾ ਹੈ। ਅੰਮ੍ਰਿਤਾ ਹੋਰਾਂ ਨੇ ਏਸ ਇਨਸਾਨੀ ਬੁਲੰਦੀ ਨੂੰ ਔਰਤ ਦੇ ਜਾਮੇ
ਵਿੱਚ ਹਾਸਿਲ ਕੀਤਾ ਹੈ, ਇਸ ਵਿੱਚ ਉਹਨਾਂ ਦੀ ਹਿੰਮਤ ਦੀ ਹੋਰ ਵੀ ਦਾਦ ਦਿੱਤੀ ਜਾਣੀ ਬਣਦੀ
ਹੈ। ਕਹਿਣ ਦੀ ਲੋੜ ਨਹੀਂ ਕਿ ਇਸ ਅਵਸਥਾ ਨੂੰ ਪਹੁੰਚਦਾ ਤਾਂ ਆਦਮੀ ਵੀ ਕੋਈ ਵਿਰਲਾ ਟਾਵਾਂ
ਹੀ ਹੈ, ਪਰ ਸਾਡਾ ਪੰਜਾਬੀ ਸਮਾਜ ਮਰਦਾਵੀਂ ਹਿੰਡ, ਦਕਿਆਨੂਸੀ ਰਵਈਏ, ਦੰਭਯੁਕਿਤ ਸਦਾਚਾਰਕ
ਕਦਰਾਂ-ਕੀਮਤਾਂ ਵਿੱਚ ਰੋਗੀ ਹੱਦ ਤੱਕ ਗ੍ਰਸਿਆ ਹੋਇਆ ਹੋਣ ਕਾਰਨ, ਔਰਤ ਲਈ ਆਪਣੇ ਇਰਦ ਗਿਰਦ
ਵਾਹੀਆਂ ਲਛਮਣ ਰੇਖਾਵਾਂ ਨੂੰ ਉਲੰਘਣਾ ਅਤੇ ਰਵਾਇਤੀ ਰਹੁ-ਰੀਤਾਂ ਦੇ ਜਕੜਬੰਦ ਨੂੰ ਤੋੜ ਕੇ
ਆਪਣੀ ਸੁਤੰਤਰ ਸੋਚ ਦੀ ਰੌਸ਼ਨੀ ਵਿੱਚ ਨਵਾਂ ਰਾਹ ਉਲੀਕ ਸਕਣਾ ਹੋਰ ਵੀ ਮੁਸ਼ਕਲ ਹੁੰਦਾ ਹੈ।
ਸਾਡੇ ਵਿੱਚੋਂ ਬਹੁਤਿਆਂ ਦੀ ਆਪਣੀ ਕੋਈ ਸੋਚ ਨਹੀਂ ਹੁੰਦੀ। ਸਾਡੋ ਕੋਲ ਸਿਰਫ਼ ਦਿਮਾਗ਼ ਨਾਂ ਦਾ
ਭਾਂਡਾ ਹੀ ਹੁੰਦਾ ਹੈ। ਇਸ ਵਿੱਚ ਪਈ ਸਾਰੀ ਵੱਥ ਸਾਡੇ ਪੁਰਖਿਆਂ ਦੀ ਹੀ ਹੁੰਦੀ ਹੈ। ਸਾਡੇ
ਜੰਮਣ, ਜੀਣ, ਵਿਆਹ ਅਤੇ ਮਰਨੇ-ਪਰਨੇ ਨੂੰ ਪਰੰਪਰਾ-ਪ੍ਰਵਾਣਿਤ ਰਹੁ-ਰੀਤਾਂ ਹੀ ਨਿਰਣਿਤ
ਕਰਦੀਆਂ ਹਨ। ਇਹ ਰਹੁ-ਰੀਤਾਂ ਅਤੇ ਕਦਰਾਂ-ਕੀਮਤਾਂ ਸਮੇਂ ਦੇ ਬੀਤਣ ਨਾਲ ਬੁੱਸ ਕੇ ਕਸਿਆਈਆਂ
ਜਾਂਦੀਆਂ ਹਨ। ਸਿੱਟੇ ਵਜੋਂ ਅਸੀਂ ਬੱਧੀ-ਰੁੱਧੀ ਅਤੇ ਕਸਿਆਈ ਹੋਈ ਜ਼ਿੰਦਗੀ ਜੀਣ ਲਈ ਹੀ
ਸਰਾਪੇ ਜਾਂਦੇ ਹਾਂ।
ਗੱਲ ਇਹ ਨਹੀਂ ਕਿ ਸਾਡੇ ਪੁਰਖਿਆਂ ਦੇ ਸਭ ਵਿਚਾਰ ਅਤੇ ਵਿਰਾਸਤ ਵਿੱਚ ਮਿਲੇ ਬੋਲ ਐਵੇਂ ਸੁੱਟ
ਪਾਉਣ ਵਾਲੇ ਹੋਣ। ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਆਦਰਯੋਗ ਵਡਾਰੂਆਂ ਦੇ ਮੁੱਲਵਾਨ
ਬੋਲਾਂ ਨੂੰ ਆਪਣੇ ਪ੍ਰਾਣਾਂ ਵਿੱਚ ਵਸਾ ਕੇ, ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਅਮਲ ਵਿੱਚ
ਵਿਆਹੁਣ ਦਾ ਕੋਈ ਉੱਦਮ ਤਰੱਦਦ ਨਹੀਂ ਕਰਦੇ। ਤੋਤੇਵੱਤ ਰਟੇ ਬੋਲਾਂ ਨੂੰ ਹੀ ਆਪਣੀ ਕਮਾਈ
ਸਮਝਣ ਵਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਕਿੰਨੀ ਕੁ ਸੁਹਿਰਦਤਾ, ਗਹਿਰਾਈ ਜਾਂ ਸੱਚਾਈ ਹੋ ਸਕਦੀ
ਹੈ, ਇਸਦਾ ਅਨੁਮਾਨ ਤੁਸੀਂ ਆਪੇ ਲਾ ਸਕਦੇ ਹੋ।
ਬੜੀ ਘੱਟ ਗਿਣਤੀ ਵਿੱਚ ਹੀ ਸਹੀ, ਕੁੱਝ ਇਨਸਾਨ ਅਜਿਹੇ ਵੀ ਹੁੰਦੇ ਹਨ, ਜੋ ਆਪਣੀ ਨਜ਼ਰ,
ਨਜ਼ਰੀਏ ਅਤੇ ਬੁੱਧ-ਵਿਵੇਕ ਅਨੁਸਾਰ ਆਪਣੀ ਵਿਰਾਸਤ ਨੂੰ ਤੋਲ ਪਰਖ ਕੇ, ਨਵੇਂ ਸਿਰਿਓਂ ਆਪਣੇ
ਵੇਲਿਆਂ ਦੀ ਲੋੜ ਅਨੁਸਾਰ ਕਤਰ-ਵਿਓਂਤ ਕੇ ਮੁੜ-ਸਿਰਜਦੇ ਹਨ ਅਤੇ ਉਸਨੂੰ ਆਪਣੇ ਅਮਲਾਂ ਵਿੱਚ
ਸਾਕਾਰ ਕਰਨ ਲਈ ਯਤਨਸ਼ੀਲ ਹੁੰਦੇ ਹਨ। ਅਜਿਹੇ ਹੀ ਲੋਕਾਂ ਨੂੰ ਉਧਾਰੀ-ਓਪਰੀ ਸਿਆਣਪ, ਸਾਊਪੁਣੇ
ਅਤੇ ਸਦਾਚਾਰ ਵਾਲੇ ਲੋਕ ਕੁਰਾਹੀਏ, ਕੁਰਹਿਤੀਏ ਅਤੇ ਦੁਰਾਚਾਰੀ ਆਦਿ ਆਖ ਕੇ ਆਪਣੀ ਕੂੜੀ
ਹਉਮੈਂ ਅਤੇ ਹੈਂਕੜ ਨੂੰ ਪੱਠੇ ਪਾਉਂਦੇ ਹੋਏ ਆਪਣੇ ਉੱਤਮ ਅਤੇ ਸੱਚੇ ਸੁੱਚੇ ਧਰਮੀ ਹੋਣ ਦਾ
ਭਰਮ ਪਾਲਦੇ ਰਹਿੰਦੇ ਹਨ।
ਸ਼ਾਇਦ ਆਪਣੇ ਧੁਰ ਅੰਦਰ ਉਹਨਾਂ ਨੂੰ ਆਪਣੀ ਪਰੰਪਰਾ ਦੇ ਪੈਂਖੜ ਵਿੱਚ ਬੱਧੀ-ਰੁੱਧੀ ਨੀਰਸ
ਜ਼ਿੰਦਗੀ ਦਾ ਦੁੱਖ ਵੀ ਹੋਵੇ। ਜਾਂ ਫਿਰ ਉਹ ਅਜੇਹੀ ਰਹਿਤਲ ਨੂੰ ਅੰਦਰ-ਖਾਤੇ ਲੁਕ ਛਿਪ ਕੇ
ਤੋੜਨ ਦੇ ਗੁਨਾਹੀ ਹੋਣ ਦੇ ਅਹਿਸਾਸ ਤੇ ਆਪਣੀ ਦਮਿਤ ਜਾਂ ਦੁਖੰਡ ਰਹਿਤਲ ਕਾਰਨ ਅਸਾਵੀਂ ਅਤੇ
ਦੰਭੀ ਮਾਨਸਿਕਤਾ ਦੇ ਸ਼ਿਕਾਰ ਹੋਣ ਜਾਂ ਸਵੈ-ਅਵਿਲੰਬੀ ਮੁਕਤ-ਚਿੱਤ ਵਾਲੇ ਲੋਕਾਂ ਦੀ ਜ਼ਿੰਦਗੀ
ਦੀ ਆਭਾ ਅਤੇ ਉਮਾਹ ਵਿਰੁੱਧ ਆਪਣੀ ‘ਅੱਛਾਈ’ ਦੇ ਓਢਣ ਹੇਠ ਈਰਖਾ ਵੱਸ ਹੀ ਬੋਲ-ਕੁਬੋਲ ਉਗਲੱਛ
ਰਹੇ ਹੋਣ।
ਉਪਰੋਕਤ ਵਿੱਚੋਂ ਸੱਚਾਈ ਭਾਵੇਂ ਕੋਈ ਵੀ ਹੋਵੇ, ਅੰਮ੍ਰਿਤਾ ਪ੍ਰੀਤਮ ਨੂੰ ਆਪਣੇ ਜੀਊਂਦੇ ਜੀ
ਅਤੇ ਆਪਣੀ ਮ੍ਰਿਤੂ ਉਪਰੰਤ ਅਜਿਹੇ ਭੱਦਰਪੁਰਸ਼ਾਂ ਦੇ ਨਜ਼ਲੇ ਦਾ ਸ਼ਿਕਾਰ ਹੋਣਾ ਹੀ ਪੈਂਦਾ ਰਿਹਾ
ਹੈ।
ਸੱਚਮੁੱਚ ਹੀ ਅੰਮ੍ਰਿਤਾ ਜੀ ਦੇ ਸਿਵੇ ਦੀ ਰਾਖ ਹਾਲੇ ਠੰਡੀ ਵੀ ਨਹੀਂ ਸੀ ਹੋਈ, ਉਹਨਾਂ ਦੀ
ਸ਼ਖ਼ਸੀਅਤ ਅਤੇ ਸ਼ਖ਼ਸੀ ਤਰਜ਼-ਏ-ਜ਼ਿੰਦਗੀ ਵਿਰੁੱਧ ਉਹਨਾਂ ਦੇ ਦੋਖੀਆਂ ਵਿਰੋਧੀਆਂ ਹੀ ਨਹੀਂ, ਸਗੋਂ
ਉਹਨਾਂ ਦੇ ਸਾਬਕਾ ਪ੍ਰਸ਼ੰਸਕਾਂ, ਕਿਰਪਾ-ਪਾਤਰਾਂ ਅਤੇ ਕਦਰਦਾਨਾਂ ਵੱਲੋਂ ਨਿੰਦਾ-ਨਿਖੇਧੀ ਦੀ
ਬੁਛਾੜ ਸ਼਼ੁਰੂ ਹੋ ਗਈ ਸੀ। ਇਹ ਬੁਛਾੜ ਕੁੱਝ ਸੂਰਤਾਂ ਵਿੱਚ ਬੜੀ ਜ਼ਾਹਿਰਾ ਅਤੇ ਕੁੱਝ ਸੂਰਤਾਂ
ਵਿੱਚ ਬੜੀ ਨੀਵੀਂ ਸੁਰ ਵਾਲੀ ਅਤੇ ਗੁੱਝੀ ਮਾਰ ਵਰਗੀ ਸੀ। ਪਰ ਹੈਰਾਨੀ ਵਾਲੀ ਗੱਲ ਹੈ ਕਿ
ਇਹਨਾਂ ਭਾਂਤ
ਸੁਭਾਂਤੀਆਂ ਬੋਲੀਆਂ ਬੋਲਣ ਵਾਲੇ ਲੋਕਾਂ ਦਾ ਕੇਂਦਰੀ ਮਕਸਦ ਅੰਮ੍ਰਿਤਾ ਪ੍ਰੀਤਮ ਜੀ ਦੀ
ਸ਼ਖ਼ਸੀਅਤ ਨੂੰ ਛੁਟਿਆਉਣਾ ਹੀ ਹੈ।
ਆਪਣੇ ਵੱਲੋਂ ਅੰਮ੍ਰਿਤਾ ਜੀ ਦੀ ਵਿਰਾਸਤ ਅਤੇ ਅਜ਼ਮਤ ਨੂੰ ਸਲਾਮ ਕਰਨ ਲਈ 20 ਨਵੰਬਰ, 2005
ਦੇ ‘ਨਵਾਂ ਜ਼ਮਾਨਾ’ ਦੇ ਮੁੱਖ ਪੰਨੇ ਤੇ ‘ਅਲਵਿਦਾ ਸਖੀ, ਅਲਵਿਦਾ’ ਦੇ ਸਿਰਲੇਖ ਹੇਠ
ਅੰਮ੍ਰਿਤਾ ਜੀ ਦੇ ਅਤਿਅੰਤ ਨਿਟਕਵਰਤੀ ਅਤੇ ਕਦਰਦਾਨ ਹੋਣ ਦਾ ਬੁਲੰਦ ਆਵਾਜ਼ ਵਿੱਚ ਦਾਅਵਾ ਕਰਨ
ਵਾਲੇ, ਖੁਦ ਨਾਮੀ-ਗ੍ਰਾਮੀ ਗਲਪਕਾਰ ਦਲੀਪ ਕੌਰ ਟਿਵਾਣਾ ਜੀ ਲਿਖਦੇ ਹਨ:
“ਕਦੇ ਕਦੇ ਕੋਈ ਪੁੱਛਦਾ ਅੰਮ੍ਰਿਤਾ ਦੀ ਜੀਵਨ ਸ਼ੈਲੀ ਤੁਹਾਡੇ ਨਾਲੋਂ ਬਿਲਕੁਲ ਉਲਟ ਹੈ। ਫ਼ੇਰ
ਤੁਹਾਨੂੰ ਕਿਉਂ ਚੰਗੀ ਲੱਗਦੀ ਹੈ? ਮੈਂ ਦੱਸਦੀ ਅੰਮ੍ਰਿਤਾ ਮੇਰੇ ਲਈ ਸਿਰਫ਼ ਇੱਕ ਔਰਤ ਨਹੀਂ।
ਔਰਤ ਅੰਮ੍ਰਿਤਾ ਵਿੱਚ ਜੋ ਊਣਤਾਈਆਂ ਨੇ, ਉਹ ਉਸਦੀ ਹੋਂਦ ਨਾਲ ਖ਼ਤਮ ਹੋ ਜਾਣਗੀਆਂ ਅਤੇ
ਅੰਮ੍ਰਿਤਾ ਅੰਦਰ ਜੋ ਰਚਨਾਤਮਕ ਹੈ, ਜੋ ਬੀਜ ਤੋਂ ਬ੍ਰਿਛ ਬਣਾ ਸਕਣ ਦੀ ਸਮਰੱਥਾ ਹੈ, ਉਸਨੂੰ
ਸਮਾਂ ਨਸ਼ਟ ਨਹੀਂ ਕਰ ਸਕੇਗਾ।”
ਜ਼ਾਹਿਰ ਹੈ ਕਿ ਟਿਵਾਣਾ ਜੀ ਨੂੰ ਅੰਮ੍ਰਿਤਾ ਹੋਰੀਂ ਇੱਕ ਪ੍ਰਤਿਭਾਵਾਨ ਰਚਨਾਕਾਰ ਦੇ ਤੌਰ ਤੇ
ਪਸੰਦ ਹਨ, ਆਪਣੇ ਨਾਲੋਂ ਕੇਵਲ ਵੱਖਰੀ ਨਹੀਂ, ਸਗੋਂ ਉਲਟੀ, ਊਣਤਾਈਆਂ ਨਾਲ ਭਰਪੂਰ
ਜੀਵਨ-ਸ਼ੈਲੀ ਵਾਲੀ ਔਰਤ ਦੇ ਤੌਰ ਤੇ ਨਹੀਂ।
ਚੋਣ ਅਤੇ ਪਸੰਦ ਤਾਂ ਹਰ ਇੱਕ ਦੀ ਆਪੋ ਆਪਣੀ ਹੀ ਹੁੰਦੀ ਹੈ। ਉਂਝ ਇਸ ਸਿਲਸਲੇ ਵਿੱਚ ਮੇਰੀ
ਨਿੱਜੀ ਰਾਇ ਸਿਰਫ਼ ਏਨੀ ਹੈ ਕਿ ਜੇ ਅੰਮ੍ਰਿਤਾ ਹੋਰੀਂ ਇੱਕ ਲੇਖਕ ਦੇ ਤੌਰ ‘ਤੇ ਹੀ ਚੰਗੇ ਸਨ
ਤਾਂ ਉਹਨਾਂ ਨੂੰ ਸਖੀ, ਸਹੇਲੀ ਜਾਂ ਦੋਸਤ ਬਣਾਉਣ ਜਾਂ ਕਹਿਣ ਵਿੱਚ ਕੋਈ ਤੁਕ ਜਾਂ ਸੁਹਿਰਦਤਾ
ਨਜ਼ਰ ਨਹੀਂ ਆਉਂਦੀ। ਕੇਵਲ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਨ ਸਲਾਹੁਣ ਤੀਕ ਸੀਮਿਤ ਰਿਹਾ ਜਾ
ਸਕਦਾ ਸੀ।
ਮੈਨੂੰ ਇਸ ‘ਸੰਬੰਧ’ ਵਿੱਚ ਬੁਨਿਆਦੀ ਅਤੇ ਬੜੀ ਗਹਿਰੀ ਗੜਬੜ ਪ੍ਰਤੀਤ ਹੁੰਦੀ ਹੈ।
ਇਸ ਬੁਨਿਆਦੀ ਮਹੱਤਤਾ ਵਾਲੇ ਨੁਕਤੇ ਬਾਰੇ ਡੂੰਘੀ ਅਤੇ ਵਿਸਤ੍ਰਿਤ ਚਰਚਾ ਤਦੋਂ ਹੀ ਹੋ ਸਕਦੀ
ਹੈ, ਜੇ ਟਿਵਾਣਾ ਹੋਰੀਂ ਆਪਣੀ ਦੋਸ਼-ਮੁਕਤ ਅਤੇ ਅੰਮ੍ਰਿਤਾ ਜੀ ਦੀ ਦੋਸ਼-ਯੁਕਤ ਜੀਵਨ ਸ਼ੈਲੀ ਦੇ
ਤੁਲਨਾਤਮਕ ਵੇਰਵੇ ਪੇਸ਼ ਕਰ ਸਕਣ। ਪਰ ਇਹ ਜੋਖ਼ਮ ਭਰਿਆ ਰਾਹ ਅਖ਼ਤਿਆਰ ਕਰਨਾ ਸ਼ਾਇਦ ਟਿਵਾਣਾ
ਹੋਰਾਂ ਨੂੰ ਗਵਾਰਾ ਨਾ ਹੋਵੇ। ਸੋ ਅਸੀਂ ਵੀ ਫ਼ਿਲਹਾਲ ਇਸ ਮਸਲੇ ਦੇ ਵੇਰਵਿਆਂ ਵਿੱਚ ਨਾ
ਜਾਂਦੇ ਹੋਏ ਇਸ ਤੱਥ ਵੱਲ ਕੇਵਲ ਸੰਕੇਤ ਕਰਕੇ ਹੀ ਸੰਤੋਖ ਕਰਦੇ ਹਾਂ।
ਸਭਨਾਂ ਲੋਕਾਂ ਦੀ ਸ਼ੈਲੀ ਟਿਵਾਣਾ ਹੋਰਾਂ ਵਰਗੀ ਹੀ ਸੂਖਮ ਅਤੇ ਸੰਕੇਤਕ ਨਹੀਂ ਹੁੰਦੀ। ਕੁੱਝ
ਲੋਕਾਂ ਨੇ ਅੰਮ੍ਰਿਤਾ ਹੋਰਾਂ ਦੀਆਂ ‘ਊਣਤਾਈਆਂ’ ਨੂੰ ਬੜੀ ਬੇਬਾਕੀ ਨਾਲ ਹੀ ਨਹੀਂ, ਸਗੋਂ
ਅਤਿਕਥਨੀ ਦੀ ਜਾਅਲੀ ਜ਼ਹਿਰੀਲੀ ਪੁੱਠ ਚਾੜ੍ਹ ਕੇ ਬੜੀ ਬੇਸ਼ਰਮੀ ਨਾਲ ਨਿੰਦਿਆ ਨੌਲਿਆ ਹੈ। ਇਸ
ਸਿਲਸਲੇ ਵਿੱਚ ਇੱਕ ਧਰਮ ਅਸਥਾਨ ਦੇ ਭਾਈ ਜੀ ਅੰਮ੍ਰਿਤਾ ਜੀ ਨੁੰ ਰੋਜ਼ ਇੱਕ ਬੋਤਲ ਵਿਸਕੀ ਦੀ
ਪੀਣ ਵਾਲੇ ਆਖਣ ਤੀਕ ਗਏ ਸਨ, ਜਿਵੇਂ ਉਹ ਅੰਮ੍ਰਿਤਾ ਦੇ ਹਮ-ਪਿਆਲਾ ਜਾਂ ਵਿਸਕੀ-ਵਿਕ੍ਰੇਤਾ
ਰਹੇ ਹੋਣ।
ਇਸ ਬਾਰੇ ਸਿਰਫ਼ ਏਨਾ ਹੀ ਆਖਣਾ ਬਣਦਾ ਹੈ ਕਿ ਅੰਮ੍ਰਿਤਾ ਹੋਰਾਂ ਆਪਣੇ ਖਾਣ-ਪੀਣ, ਜਿਸ ਵਿੱਚ
ਸ਼ਰਾਬ ਅਤੇ ਸਿਗਰਟ-ਨੋਸ਼ੀ ਵੀ ਸ਼ਾਮਿਲ ਹੈ, ਨੂੰ ਬਿਨਾਂ ਕਿਸੇ ਡਰ ਸੰਕੋਚ ਦੇ ਆਪਣੀ ਰਹਿਤ-ਬਹਿਤ
ਅਤੇ ਲਿਖ਼ਤਾਂ ਵਿੱਚ ਬੜੀ ਵਾਰ ਜੱਗ-ਜ਼ਾਹਿਰ ਕੀਤਾ ਹੈ। ਸਮਝਣ ਵਾਲੀ ਗੱਲ ਸਿਰਫ਼ ਏਨੀ ਹੈ ਕਿ
ਖਾਣ ਪੀਣ ਦਾ ਸੰਬੰਧ ਸਾਡੇ ਸਰੀਰਕ ਸਵਸਥ ਨਾਲ ਹੈ, ਸਾਡੇ ਜ਼ਿਹਨੀ, ਜਜ਼ਬਾਤੀ, ਸਦਾਚਾਰਕ ਅਤੇ
ਧਾਰਮਿਕ ਤੌਰ ਤੇ ਚੰਗੇ ਬੁਰੇ ਹੋਣ ਨਾਲ ਨਹੀਂ ਹੈ।
ਅੰਮ੍ਰਿਤਾ ਜੀ ਬਾਰੇ ਜਿਹੜੀਆਂ ਗੱਲਾਂ ਕੁੱਝ ਸਿਆਣੇ ਸੰਕੋਚੀ ਲੋਕਾਂ ਨੇ ਇਸ਼ਾਰਤਨ ਹੀ ਕਹੀਆਂ
ਹਨ, ਉੱਥੇ ਕੁੱਝ ਬੜਬੋਲੇ ਲੋਕਾਂ ਨੇ ਉਹਨਾਂ ਦਾ ਖੁੱਲ੍ਹੇਆਮ ਜ਼ਿਕਰ ਵੀ ਕੀਤਾ ਹੈ।
ਜਲੰਧਰ ਦੇ ਇੱਕ ਪ੍ਰਮੁੱਖ ਕਾਲਜ ਵਿੱਚ ਅੰਮ੍ਰਿਤਾ ਹੋਰਾਂ ਦੀ ਯਾਦ ਵਿੱਚ ਹੋਏ ਇੱਕ ਸ਼ਰਧਾਂਜਲੀ
ਸਮਾਗਮ ਵਿੱਚ ਕੁੱਝ ਦਾਨਿਸ਼ਵਰਾਂ ਨੇ ਇਹ ਆਖਿਆ ਸੀ ਕਿ ਅੰਮ੍ਰਿਤਾ ਦੀ ਰਹਿਤਲ ਵਿੱਚ ਅਜਿਹਾ
ਕਿਹੜਾ ਗੁਣ ਸੀ, ਜਿਸ ਕਰਕੇ ਉਹ ਨਵੀਂ ਪੀੜ੍ਹੀ ਲਈ ਕੋਈ ਅਨੁਕਰਣ-ਯੋਗ ਨਮੂਨਾ ਬਣ ਸਕੇ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਦਫ਼ਤਰ ਵਿੱਚ ਅੰਮ੍ਰਿਤਾ ਪ੍ਰੀਤਮ ਹੋਰਾਂ ਦੀ ਅੰਤਿਮ
ਅਵਸਥਾ ਵਿੱਚ ਪੂਰੀ ਤਨਦੇਹੀ ਨਾਲ ਅੱਠ ਦਸ ਦਿਨ ਤੀਮਾਰਦਾਰੀ ਕਰ ਕੇ ਆਈ ਉਹਨਾਂ ਦੀ ਅਜ਼ੀਜ਼ਾ
ਜਸਵੀਰ ਵੱਲੋਂ ਅੰਮ੍ਰਿਤਾ ਹੋਰਾਂ ਦੀ ਸੰਤਾਨ ਦੀ ਉਹਨਾਂ ਦੀ ਸੇਵਾ-ਸੰਭਾਲ ਵੱਲ ਅਪਣਾਈ
ਬੇਰੁਖ਼ੀ ਦਾ ਦੱਬਵਾਂ ਜਿਹਾ ਜ਼ਿਕਰ ਕਰਨ ਤੇ ਸਾਡੇ ਇੱਕ ਨਾਮਵਰ ਪੰਜਾਬੀ ਸਦਾਚਾਰ ਦਾ ਪਰਚਮ
ਬੁਲੰਦ ਰੱਖਣ ਦਾ ਦਮ ਭਰਨ ਵਾਲੇ ਸ਼ਾਇਰ ਨੇ ਤਿਲਮਿਲਾ ਕੇ ਕਿਹਾ ਸੀ, ਕੀ ਕਰਨ ਅੰਮ੍ਰਿਤਾ ਦੇ
ਬੱਚੇ? ਉਹਨਾਂ ਦੇ ਮਨ ਵਿੱਚ ਆਪਣੀ ਮਾਂ ਦੇ ਇੱਕ ਓਪਰੇ ਮਰਦ ਨਾਲ ਰਹਿਣ ਕਾਰਨ ਹਿਰਖ ਵੀ ਤਾਂ
ਹੋ ਕਸਦਾ ਹੈ।
ਕੌਣ ਓਪਰਾ ਮਰਦ? ਇਮਰੋਜ਼! !
ਜਿਸਦੀ ਬੇਪਨਾਹ ਮੁਹੱਬਤ ਅਤੇ ਪ੍ਰਸਤਿਸ਼ ਨੂੰ ਸਮਰਪਿਤ ਅੰਮ੍ਰਿਤਾ ਨੇ ਅਨੇਕਾਂ ਨਜ਼ਮਾਂ
ਲਿਖੀਆਂ। ਆਪਣੀ ਅੰਤਿਮ ਨਜ਼ਮ ਵਿੱਚ ਵੀ ‘ਮੈਂ ਤੈਨੂੰ ਫ਼ੇਰ ਮਿਲਾਂਗੀ’ ਦੀ ਇੱਛਾ ਅਤੇ ਨਿਸ਼ਠਾ
ਦਾ ਇਜ਼ਹਾਰ ਕੀਤਾ। ਇਮਰੋਜ਼ ਜੋ ਮੁਹੱਬਤ ਦਾ ਮੁਜੱਸਮਾ ਹੈ। ਅੰਮ੍ਰਿਤਾ ਜੀ ਦੀ ਲੰਮੀ ਬੀਮਾਰੀ
ਦੇ ਦੌਰਾਨ ਜੋ ਅਪਲਕ ਸੇਵਾ-ਸੰਭਾਲ ਇਮਰੋਜ਼ ਅਤੇ ਉਹਨਾਂ ਦੀ ਨੂੰਹ ਅਲਕਾ ਨੇ ਕੀਤੀ ਹੈ, ਉਸਦੀ
ਸਿਫ਼ਤ-ਸਲਾਹ ਮੇਰੇ ਵੱਸੋਂ ਬਾਹਿਰ ਦੀ ਗੱਲ ਹੈ।
ਪਰ ਜਿਨ੍ਹਾਂ ਲੋਕਾਂ ਕੋਲ ਔਰਤ ਮਰਦ ਲਈ ਆਪਣੇ ਅਤੇ ਬੇਗਾਨੇ ਹੋਣ ਦੇ ਫ਼ੈਸਲੇ ਲਈ ਚਹੁੰ-ਲਾਵਾਂ
ਦੀਆਂ ਘੁੰਮੇਟਣੀਆਂ ਤੋਂ ਬਿਨਾਂ ਹੋਰ ਕੋਈ ਮਾਪਦੰਡ ਹੀ ਨਹੀਂ, ਉਹਨਾਂ ਬਾਰੇ ਕੋਈ ਕੀ ਆਖੇ?
ਅੰਮ੍ਰਿਤਾ ਵਰਗੀ ਜ਼ਹੀਨ ਅਤੇ ਬੁਲੰਦ ਔਰਤ ਲਈ ਕੌਣ ਆਪਣਾ ਹੈ ਅਤੇ ਕੌਣ ਪਰਾਇਆ, ਇਸਦਾ ਫ਼ੈਸਲਾ
ਅਸੀਂ ਆਪਣੇ ਹੱਥ ਲੈਣ ਵਾਲੇ ਭਲਾ ਕੌਣ ਹੁੰਦੇ ਹਾਂ?
ਜੇ ਇਮਰੋਜ਼ ਅੰਮ੍ਰਿਤਾ ਲਈ ਓਪਰਾ ਮਰਦ ਸੀ ਤਾਂ ਫ਼ੇਰ ਉਸਦਾ ਆਪਣਾ ਕੌਣ ਸੀ? ਲਾਵਾਂ ਦੇ ਤੱਕੜੀ
ਬਰਦਾਰ ਨਿਸ਼ਚੇ ਹੀ ਇਹ ਕਹਿਣਗੇ ਕਿ ਉਹਨਾਂ ਦਾ ਪਤੀ ਸਰਦਾਰ ਪ੍ਰੀਤਮ ਸਿੰਘ ਕਵਾਤਰਾ।
‘ਨਵਾਂ ਜ਼ਮਾਨਾ’ ਦੇ ਉਪਰੋਕਤ ਅੰਕ ਵਿੱਚ ਹੀ ਉਰਮਿਲਾ ਆਨੰਦ ਜੀ ਲਿਖਦੇ ਹਨ, “ਪ੍ਰੀਤਮ ਸਿੰਘ
ਕਵਾਤਰਾ ਜੀ ਇੱਕ ਬੜੇ ਭਲੇਮਾਣਸ ਪਤੀ ਸਨ। ਉਹ ਕਦੇ ਵੀ ਅੰਮ੍ਰਿਤਾ ਜੀ ਦੀਆਂ ਉਡਾਰੀਆਂ ਜਾਂ
ਖੁੱਲ੍ਹਾਂ ਤੇ ਰੋਕ ਨਹੀਂ ਸਨ ਲਾਉਂਦੇ। ਪਰ ਕਿੱਥੇ ਇੱਕ ਵਪਾਰੀ ਪਤੀ ਅਤੇ ਕਿੱਥੇ ਅੰਮ੍ਰਿਤਾ
ਜੀ ਖੁੱਲ੍ਹੀਆਂ ਹਵਾਵਾਂ ਵਿੱਚ ਰਹਿਣ ਵਾਲੇ ਉੱਡਣੇ ਪੰਛੀ……ਮੈਨੂੰ ਅੰਮ੍ਰਿਤਾ ਜੀ ਨਾਲ ਕੋਈ
ਗਿਲਾ ਨਹੀਂ ਕਿ ਇੱਕ ਚੰਗੇ ਇਨਸਾਨ ਪ੍ਰੀਤਮ ਕਵਾਤਰਾ ਜੀ ਨੂੰ ਉਹਨਾਂ ਆਪਣੇ ਘਰੋਂ ਕਿਉਂ ਤੁਰ
ਜਾਣ ਦਿੱਤਾ। ਪਰ ਇਹ ਵੀ ਸੱਚ ਨਹੀਂ ਕਿ ਅੰਮ੍ਰਿਤਾ ਜੀ ਦਾ ਉਨ੍ਹਾਂ ਨਾਲ ਤਲਾਕ ਹੋਇਆ ਸੀ।”
ਉਰਮਿਲਾ ਜੀ ਦੇ ਇਸ ਲੇਖ ਤੋਂ ਉਹਨਾਂ ਦੀ ਅੰਮ੍ਰਿਤਾ ਨਾਲ ਉਣਸ ਅਪਣੱਤ ਅਤੇ ਉਹਨਾਂ ਦੇ
ਭਲੇਮਾਣਸ ਪਤੀ ਨਾਲ ਹਮਦਰਦੀ ਸਹਿਜੇ ਹੀ ਸਪਸ਼ਟ ਹੋ ਜਾਂਦੀ ਹੈ। ਉੱਪਰੋਂ ਕਹਿਣ ਨੂੰ ਭਾਵੇਂ
ਉਰਮਿਲਾ ਜੀ ਨੂੰ ਅੰਮ੍ਰਿਤਾ ਨਾਲ ਕੋਈ ਗਿਲਾ ਨਹੀਂ, ਪਰ ਅੰਦਰੋਂ ਲੁਕਵਾਂ ਜਿਹਾ ਸ਼ਿਕਵਾ ਜ਼ਰੂਰ
ਹੈ ਕਿ ਉਹ ਏਨੇ ਸ਼ਰੀਫ਼ ਪਤੀ ਕੋਲੋਂ ਅੱਡਰੇ ਅਲਹਿਦਾ ਹੋ ਕੇ ਬਿਨਾਂ ਤਲਾਕ ਤੋਂ ਦੂਜੇ ਆਦਮੀ
ਨਾਲ ਕਿਉਂ ਰਹੇ?
ਮੈਨੂੰ ਜ਼ਾਤੀ ਤੌਰ ‘ਤੇ ਸਰਦਾਰ ਪ੍ਰੀਤਮ ਸਿੰਘ ਹੋਰਾਂ ਨੂੰ ਮਿਲਣ ਦਾ ਕੋਈ ਮੌਕਾ ਨਹੀਂ
ਮਿਲਿਆ। ਪਰ ਜਿਹੜੇ ਵੀ ਲੋਕ ਉਹਨਾਂ ਨੂੰ ਜਾਣਦੇ ਰਹੇ ਹਨ, ਲੱਗਪੱਗ ਸਭੇ ਹੀ ਉਹਨਾਂ ਦੀ
ਸ਼ਰਾਫ਼ਤ ਦਾ ਦਮ ਭਰਦੇ ਹਨ। ਜੇ ਦੋਂਹ ਬੰਦਿਆਂ ਵਿਸ਼ੇਸ਼ ਕਰ ਕੇ ਪਤੀ ਪਤਨੀ ਦੀ ਜ਼ਿਹਨੀ ਬਣਤਰ,
ਪਸੰਦਾਂ-ਨਾਪਸੰਦਾਂ, ਜ਼ਿੰਦਗੀ ਦੀਆਂ ਹੋਰ ਬੁਨਿਆਦੀ ਕਦਰਾਂ-ਕੀਮਤਾਂ, ਆਦਰਸ਼ਾਂ ਅਤੇ ਅਕੀਦਿਆਂ
ਵਿਚਕਾਰ ਵੱਡਾ ਪਾੜਾ ਹੋਵੇ ਤਾਂ ਕੀ ਕੇਵਲ ਸ਼ਰਾਫ਼ਤ ਹੀ ਉਹਨਾਂ ਦਰਮਿਆਨ ਪਾਇਦਾਰ, ਸਜਿੰਦ, ਚਾਅ
ਮਲ੍ਹਾਰਾਂ ਨਾਲ ਧੜਕਦੀ ਸਾਂਝ ਦਾ ਆਧਾਰ ਬਣ ਸਕਦੀ ਹੈ?
ਅੰਮ੍ਰਿਤਾ ਅਤੇ ਇਮਰੋਜ਼ ਜੀ ਦੱਸਿਆ ਕਰਦੇ ਸਨ ਕਿ ਆਪਣੀ ਵਿਆਹੁਤਾ ਜ਼ਿੰਦਗੀ ਦੌਰਾਨ ਪ੍ਰੀਤਮ
ਸਿੰਘ ਅੰਮ੍ਰਿਤਾ ਹੋਰਾਂ ਨੂੰ ਘਰ ਦੇ ਖਰਚ ਲਈ ਰੋਜ਼ ਪੰਜ ਰੁਪਏ ਦਿਆ ਕਰਦੇ ਸਨ ਅਤੇ ਕਦੇ ਕਦੇ
ਇਹ ਗਿਣੇ ਮਿੱਥੇ ਪੰਜ ਰੁਪਏ ਦੇਣੇ ਵੀ ‘ਭੁੱਲ’ ਜਾਂਦੇ ਸਨ ਅਤੇ ਅੰਮ੍ਰਿਤਾ ਹੋਰਾਂ ਨੂੰ
ਉਹਨਾਂ ਤੋਂ ਘਰੋਂ ਤੁਰ ਰਿਹਾਂ ਤੋਂ ਪਿੱਛੋਂ ਵਾਜ ਮਾਰ ਕੇ ਆਪ ਮੰਗ ਕੇ ਲੈਣੇ ਪੈਂਦੇ ਹੁੰਦੇ
ਸਨ। ਰੋਜ਼ ਪੰਜ ਰੁਪਿਆਂ ਦੀ ਝਾਕ ਰੱਖਣ ਅਤੇ ਕਈ ਵਾਰ ਮੰਗ ਕੇ ਇਸ ਨਿਗੂਣੀ ਜਿਹੀ ਰਕਮ ਲੈਣ ਦੀ
ਸ਼ਰਮਸਾਰੀ ਅੰਮ੍ਰਿਤਾ ਹੋਰਾਂ ਲਈ ਬਹੁਤ ਬੋਝਲ ਹੁੰਦੀ ਸੀ। ਇਸ ਲਈ ਉਹ ਮਗਰਲੀ ਸਾਰੀ ਉਮਰ ਆਪਣੀ
ਰੋਟੀ ਆਪ ਕਮਾਉਣ ਉੱਪਰ ਜ਼ੋਰ ਦਿੰਦੇ ਰਹੇ ਹਨ।
ਜ਼ੇਹਨੀ-ਜਿਸਮਾਨੀ ਤਾਲਮੇਲ ਦੀ ਅਣਹੋਂਦ ਦੀ ਸੂਰਤ ਵਿੱਚ, ਇਹ ਠੀਕ ਹੈ ਕਿ ਸੰਬੰਧਿਤ ਦੋਨਾਂ ਹੀ
ਧਿਰਾਂ ਨੇ, ਬਿਨਾਂ ਕਿਸੇ ਅਦਾਲਤੀ ਕਾਰਵਾਈ ਜਾਂ ਪੰਚਾਇਤੀ, ਭਾਈਚਾਰਕ ਦਖ਼ਲ-ਅੰਦਾਜ਼ੀ ਤੇ
ਲੈਣ-ਦੇਣ ਦੀ ਸ਼ਰਤ ਦੇ, ਪਰਸਪਰ ਭਲਮਣਸਊ ਨਾਲ ਹੀ ਇੱਕ ਦੂਜੇ ਤੋਂ ਅੱਡਰੇ ਅਲਹਿਦਾ ਰਹਿਣ ਦਾ
ਫ਼ੈਸਲਾ ਕਰ ਲਿਆ ਸੀ। ਇਸ ਸਿਲਸਿਲੇ ਵਿੱਚ ਦੋਹਾਂ ਧਿਰਾਂ ਦੀ ਈਮਾਨਦਾਰੀ, ਸ਼ਰਾਫ਼ਤ ਅਤੇ ਸਿਆਣਪ
ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ, ਥੋੜ੍ਹੀ ਹੈ।
ਪਰ ਇਹ ਆਖਣਾ ਕਿ ਉਹਨਾਂ ਦਾ ਤਲਾਕ ਹੋਇਆ ਹੀ ਨਹੀਂ ਸੀ, ਸੱਚ ਨਹੀਂ।
ਬੀਤੀ ਸਦੀ ਦੇ ਸੱਤਰਵਿਆਂ ਦੇ ਅਖ਼ੀਰ ਜਾਂ ਅੱਸੀਵਿਆਂ ਦੇ ਸ਼ੁਰੂ ਵਿੱਚ ਅੰਮ੍ਰਿਤਾ ਜੀ ਦੇ ਘਰ
ਸਵਿਟਜ਼ਰਲੈਂਡੋਂ ਪਰਤੇ ਦੇਵ ਨੇ ਆਪਣੇ ਤਲਾਕ ਦੀ ਗੱਲ ਤੋਰੀ ਸੀ। ਮੇਰੀ ਰਾਇ ਸੀ ਕਿ ਸ਼ਰੀਫ਼
ਆਦਮੀ, ਤੂੰ ਏਡੀ ਦੂਰ ਇਕੱਲਾ ਰਹਿ ਰਿਹਾ ਹੈਂ। ਆਪਸ ਵਿੱਚ ਤੁਹਾਡਾ ਕੋਈ ਮੇਲ-ਮਿਲਾਪ,
ਦਖ਼ਲ-ਅੰਦਾਜ਼ੀ ਜਾਂ ਲਾਗਾ ਦੇਗਾ ਨਹੀਂ, ਇਹ ਸਥਿਤੀ ਤਲਾਕ ਵਾਲੀ ਹੀ ਤਾਂ ਹੈ। ਇਸ ਲਈ ਅਦਾਲਤੀ
ਪ੍ਰਮਾਣ-ਪੱਤਰ ਲੈਣ ਦੀ ਕੀ ਜ਼ਰੂਰਤ ਸੀ?
ਅੰਮ੍ਰਿਤਾ ਹੋਰੀਂ ਮੇਰੀ ਇਸ ਰਾਇ ਨਾਲ ਬਿਲਕੁਲ ਸਹਿਮਤ ਨਹੀਂ ਸਨ। ਉਹਨਾਂ ਰਤਾ ਜਜ਼ਬਾਤੀ ਸੁਰ
ਵਿੱਚ ਕਿਹਾ ਸੀ ਕਿ, “ਨਹੀਂ, ਅਦਾਲਤੀ ਤਲਾਕ ਦੀ ਲੋੜ ਹੈ।” ਮੇਰੀਆਂ ਨਜ਼ਰਾਂ ਵਿਚਲੀ ਸੁਆਲੀਆ
ਹੈਰਾਨੀ ਦੀ ਤਸਲੱੀ ਲਈ ਉਹਨਾਂ ਆਪਣੀ
ਗੱਲ ਜਾਰੀ ਰੱਖਦਿਆਂ ਕਿਹਾ ਸੀ ਕਿ “ਤਲਾਕ ਤੋਂ ਪਹਿਲਾਂ ਨਵਰਾਜ ਦੇ ਪਾਪਾ ਇੱਥੇ ਜਾਂ ਕਿਧਰੇ
ਹੋਰ ਮਿਲ ਪੈਂਦੇ ਸਨ ਤਾਂ ਮੈਂ ਆਮ ਵਾਂਗ ਸਹਿਜ ਨਹੀਂ ਸੀ ਰਹਿੰਦੀ ਅਤੇ ਜਾਂ ਫ਼ਿਰ ਪਾਸਪੋਰਟ
ਆਦਿ ਦੀ ਦਰਖ਼ਾਸਤ ਦੇਣ ਜਾਂ ਹੋਰ ਕੋਈ ਸਰਕਾਰੀ ਪੱਤਰ ਭਰਨ ਵੇਲੇ ਪਤੀ ਦੇ ਨਾਮ ਵਾਲਾ ਖ਼ਾਨਾ
ਭਰਨਾ ਪੈਂਦਾ ਸੀ, ਤਾਂ ਮੈਨੂੰ ਅਤੇ ਇਮਰੋਜ਼ ਨੂੰ ਇਹ ਗੱਲ ਬੜੀ ਅਟਪਟੀ ਜਿਹੀ ਲੱਗਦੀ ਸੀ।
ਤਲਾਕ ਤੋਂ ਬਾਅਦ ਜਦ ਕਦੀ ਹੁਣ ਉਹ ਘਰ ਆਉਂਦੇ ਹਨ ਤਾਂ ਮੈਨੂੰ ਪਹਿਲੋਂ ਵਰਗੀ ਅਚੇਤ ਜਿਹੀ
ਘਬਰਾਹਟ ਨਹੀਂ ਹੁੰਦੀ।” ਉਸ ਵੇਲੇ ਅੰਮ੍ਰਿਤਾ ਹੋਰੀਂ ਆਪਣੇ ਤਲਾਕ ਦੀ ਵਚਿੱਤਰ ਕਥਾ ਸੁਣਾਈ
ਸੀ।
ਅਲਹਿਦਾ ਹੋਣ ਤੋਂ ਕਾਫ਼ੀ ਵਰ੍ਹੇ ਬਾਅਦ ਤੀਕ ਅੰਮ੍ਰਿਤਾ ਅਤੇ ਪ੍ਰੀਤਮ ਸਿੰਘ ਹੋਰਾਂ ਦੌਰਾਨ
ਤਲਾਕ ਲਈ ਕਿਸੇ ਅਦਾਲਤੀ ਕਾਰਵਾਈ ਕਰਨ ਕਰਾਉਣ ਦਾ ਕੋਈ ਜ਼ਿਕਰ ਨਹੀਂ ਸੀ ਛਿੜਿਆ। ਪਰ ਇੱਕ
ਵੇਲੇ ਪ੍ਰੀਤਮ ਸਿੰਘ ਹੋਰਾਂ ਲਈ ਤਲਾਕ ਜ਼ਰੂਰੀ ਹੋ ਗਿਆ ਸੀ ਅਤੇ ਇਸਦੀ ਮੰਗ ਉਹਨਾਂ ਵੱਲੋਂ ਹੀ
ਕੀਤੀ ਗਈ ਸੀ।
ਸਥਿਤੀ ਦਾ ਵਿਅੰਗ ਵੇਖੋ ਕਿ ਤਲਾਕ ਉਹਨਾਂ ਦੀ ਜ਼ੇਹਨੀ ਜਜ਼ਬਾਤੀ ਨਹੀਂ, ਸਗੋਂ ਪਦਾਰਥਕ ਲੋੜ ਆਣ
ਬਣਿਆ ਸੀ। ਗੱਲ ਇਓਂ ਹੋਈ ਸੀ ਕਿ ਪ੍ਰੀਤਮ ਸਿੰਘ ਹੋਰੀਂ ਡੀ: ਡੀ: ਏ ਦੀ ਕਿਸੇ ਮਨਜ਼ੂਰਸ਼ੁਦਾ
ਕਾਲੋਨੀ ਵਿੱਚ ਰਿਹਾਇਸ਼ੀ ਪਲਾਟ ਖਰੀਦਣਾ ਸੀ। ਲੋੜੀਦੀ ਕਾਗ਼ਜ਼ੀ ਖ਼ਾਨਾਪੂਰਤੀ ਤੋਂ ਬਾਅਦ ਹਰ
ਬਿਨੈਕਾਰ ਲਈ ਇਹ ਹਲਫ਼ਨਾਮਾ ਭਰਨਾ ਵੀ ਜ਼ਰੂਰੀ ਸੀ ਕਿ ਉਸ ਜਾਂ ਉਸਦੇ ਪਤੀ/ਪਤਨੀ ਦੇ ਨਾਮ ਡੀ:
ਡੀ: ਏ ਦੀ ਅਜੇਹੀ ਕਾਲੋਨੀ ਵਿੱਚ ਹੋਰ ਕੋਈ ਥਾਂ ਨਹੀਂ। ਪਰ ਅੰਮ੍ਰਿਤਾ ਹੋਰਾਂ ਦੇ ਨਾਂ ਤਾਂ
ਪਹਿਲਾਂ ਹੀ ਕੇ-25 ਹੌਜ਼ ਖ਼ਾਸ ਵਾਲਾ ਪਲਾਟ ਹੈ ਸੀ। ਅਤੇ ਅੰਮ੍ਰਿਤਾ ਜੀ ਉਸ ਸਮੇਂ ਪ੍ਰੀਤਮ
ਸਿੰਘ ਜੀ ਹੋਰਾਂ ਦੀ ਕਾਨੂੰਨੀ ਤੌਰ ‘ਤੇ ਵਿਆਹੁਤਾ ਪਤਨੀ ਸਨ। ਸੋ, ਪ੍ਰੀਤਮ ਸਿੰਘ ਹੋਰਾਂ
ਸਾਹਮਣੇ ਦੁਬਿਧਾ ਇਹ ਸੀ ਕਿ ਪਤਨੀ ਛੱਡਣ ਕਿ ਪਲਾਟ? ਸੋ ਇਸ ਤਰ੍ਹਾਂ ਪਲਾਟ ਖ਼ਰੀਦਣ ਲਈ
ਪ੍ਰੀਤਮ ਸਿੰਘ ਹੋਰਾਂ ਲਈ ਅੰਮ੍ਰਿਤਾ ਹੋਰਾਂ ਤੋਂ ਤਲਾਕ ਲੈਣਾ ਜ਼ਰੂਰੀ ਹੋ ਗਿਆ ਸੀ। ਤੇ
ਅੰਮ੍ਰਿਤਾ ਹੋਰਾਂ ਰਤਾ ਮੁਸਕਰਾਉਂਦਿਆਂ ਇਹ ਗੱਲ ਦੱਸੀ ਸੀ ਕਿ ਪਰਸਪਰ ਸੰਮਤੀ ਦੇ ਆਧਾਰ ਤੇ
ਮੰਗੇ ਤਲਾਕ ਦੀ ਅਦਾਲਤੀ ਕਾਰਵਾਈ ਹਾਲੇ ਮੁਕੰਮਲ ਨਹੀਂ ਸੀ ਹੋਈ ਕਿ ਸੰਬੰਧਿਤ ਪਲਾਟ ਦੀ ਕੀਮਤ
ਵਿੱਚ ਏਨਾ ਵਾਧਾ ਹੋ ਗਿਆ ਕਿ ਪ੍ਰੀਤਮ ਸਿੰਘ ਹੋਰਾਂ ਦੀ ਪਲਾਟ-ਪ੍ਰਾਪਤੀ ਦੀ ਰੀਝ ਵਿੱਚ ਹੋਈ
ਕਮੀ ਦੇ ਅਨੁਰੂਪ ਹੀ ਤਲਾਕ ਵਿੱਚ ਮੱਧਮ ਪੈ ਰਹੀ ਦਿਲਚਸਪੀ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ
ਸਨ। ਤੇ ਵਧੀ ਹੋਈ ਕੀਮਤ ਅੰਮ੍ਰਿਤਾ ਜੀ ਹੋਰੀਂ ਆਪਣੇ ਕੋਲੋਂ ਤਾਰ ਕੇ ਆਪਣੇ ਲਈ ਤਲਾਕ ਤੇ
ਪ੍ਰੀਤਮ ਸਿੰਘ ਹੋਰਾਂ ਲਈ ਪਲਾਟ ਦਾ ਸੌਦਾ ਪੱਕਾ ਕੀਤਾ ਸੀ।
ਤੇ ਸ਼ਾਇਦ ਤੁਹਾਡੇ ਵਿੱਚੋਂ ਬਹੁਤਿਆਂ ਦੀ ਇਸ ਸੂਚਨਾ ਨਾਲ ਕੋਈ ਤਸੱਲੀ ਹੋਵੇ ਕਿ ਪ੍ਰੀਤਮ
ਸਿੰਘ ਹੋਰੀ ਬਹੁਤ ਵਰ੍ਹੇ ਇੱਕ ਹੋਰ ਔਰਤ ਦੇ ਨਾਲ ਰਹੇ ਵੀ। ਵਿਆਹੇ ਜਾਂ ਅਵਿਵਾਹਿਤ ਇਹ ਜਾਨਣ
ਵਿੱਚ ਮੇਰੀ ਕੋਈ ਦਿਲਚਸਪੀ ਨਹੀਂ।
ਤੇ ਬਾਅਦ ਵਿੱਚ ਪ੍ਰੀਤਮ ਸਿੰਘ ਹੋਰਾਂ ਲਈ ਇਹ ਸਾਥ ਵੀ ਸੁਹੰਢਣਾ ਨਹੀਂ ਸੀ ਸਾਬਤ ਹੋਇਆ।
ਆਪਣੀ ਅਖ਼ੀਰੀ ਬੀਮਾਰੀ ਵੇਲੇ ਉਹ ਫ਼ੇਰ ਇਕੱਲੇ ਰਹਿ ਗਏ ਸਨ ਅਤੇ ਅੰਮ੍ਰਿਤਾ ਹੋਰਾਂ ਜੀ ਦੀ
ਸਲਾਹ ਨਾਲ ਉਹਨਾਂ ਦਾ ਬੇਟਾ ਉਹਨਾਂ ਨੂੰ ਆਪਣੇ ਕੋਲ ਲੈ ਆਇਆ ਸੀ ਅਤੇ ਉਹਨਾਂ ਦੀ ਅੰਤਮ
ਵਿਦਾਇਗੀ ਵੀ ਅੰਮ੍ਰਿਤਾ ਜੀ ਦੇ ਘਰੋਂ ਹੀ ਹੋਈ ਸੀ।
ਕਾਰਨ ਭਾਵੇਂ ਕੋਈ ਵੀ ਹੋਵੇ, ਫ਼ਿਰ ਵੀ ਇਸ ਗੱਲ ਤੋਂ ਇਨਾਕਰ ਨਹੀਂ ਕੀਤਾ ਜਾ ਸਕਦਾ ਕਿ ਘਰ ਦੀ
ਟੁੱਟ-ਭੱਜ ਦੇ ਅਮਲ ਵਿੱਚ ਸ਼ਾਮਿਲ ਸਭਨਾਂ ਧਿਰਾਂ ਨੂੰ ਗਹਿਰੇ ਦੁੱਖ ਵਿੱਚੀਂ ਗੁਜ਼ਰਨਾ ਪੈਂਦਾ
ਹੈ। ਕੁਦਰਤੀ ਹੈ ਅੰਮ੍ਰਿਤਾ ਹੋਰਾਂ ਦੇ ਬੱਚੇ ਵੀ ਇਸ ਸਦਮੇ ਦੇ ਸ਼ਿਕਾਰ ਹੋਏ ਹੋਣਗੇ। ਪਰ
ਅੰਮ੍ਰਿਤਾ ਜਿਸ ਕਦਰ ਜੀਵਨ-ਭਰ ਆਪਣੇ ਬੱਚਿਆਂ ਅਤੇ ਇਸ ਤੋਂ ਅਗਾਂਹ ਤੀਜੀ ਪੀੜ੍ਹੀ ਦੀ ਸੰਤਾਨ
ਤੱਕ ਦੀ, ਜਿਸ ਮਜ਼ਬੂਤੀ ਨਾਲ ਧਿਰ ਬਣੀ ਹੈ, ਉਸਦੀ ਮਿਸਾਲ ਨਿਰੋਲ ਕਲਮ ਦੀ ਕਾਰ ਕਰਨ ਵਾਲੇ
ਪੰਜਾਬੀ ਲੇਖਕ-ਜਗਤ ਵਿੱਚੋਂ ਲੱਭਣੀ ਮੁਸ਼ਕਿਲ ਹੈ। ਇਸ ਅੱਤ ਕਠਿਨ ਕਾਰਜ ਵਿੱਚ ਦੂਜੀਆਂ ਧਿਰਾਂ
ਵੱਲੋਂ ਬਹੁਤ ਸਾਰੀਆਂ ਮਾਨਸਿਕ ਦੁਸ਼ਵਾਰੀਆਂ ਦੇ ਬਾਵਜੂਦ, ਜਿਵੇਂ ਇਮਰੋਜ਼ ਅੰਮ੍ਰਿਤਾ ਦੇ ਨਾਲ
ਚੱਟਾਨ ਬਣ ਕੇ ਖਲੋਤਾ ਰਿਹਾ ਹੈ, ਉਹ ਵੀ ਕਿਸੇ ਹਾਰੀ ਸਾਰੀ ਦਾ ਕੰਮ ਨਹੀਂ। ਇਹ ਕੋਈ ਛੋਟੀ
ਜਿਹੀ ਗੱਲ ਨਹੀਂ ਕਿ ਇਮਰੋਜ਼ ਨੇ ਅੰਮ੍ਰਿਤਾ ਹੋਰਾਂ ਦੀ ਸੰਤਾਨ ਦੇ ਭਲੇ ਹਿੱਤ ਹੀ ਆਪਣੇ ਆਪ
ਨੂੰ ਆਪਣੀ ਬਿੰਦੀ-ਸੰਤਾਨ ਦੇ ਵਰਦਾਨ ਤੋਂ ਵਿਰਵਿਆਂ ਰੱਖਣ ਦੇ ਸੋਚੇ-ਸਮਝੇ ਫ਼ੈਸਲੇ ਤੇ ਪੂਰੀ
ਮੁਸਤੈਦੀ ਨਾਲ ਅਡੋਲ ਰਹਿ ਕੇ ਪਹਿਰਾ ਦਿੱਤਾ ਹੈ।
ਇਮਰੋਜ਼ ਕੇਵਲ ਅੰਮ੍ਰਿਤਾ ਦੀ ਬਿੰਦੀ ਸੰਤਾਨ ਹੀ ਨਹੀਂ, ਸਗੋਂ ਉਹਦੇ ਦੁਆਰ ਤੇ ਜਜ਼ਬਾਤੀ ਸਮਾਜੀ
ਓਟ ਆਸਰਾ ਲੱਭਣ ਆਈਆਂ ਕਈ ਨਾਦੀ-ਸੰਤਾਨਾਂ ਦਾ ਬਾਪ ਬਣ ਕੇ ਕੰਨਿਆਦਾਨ ਕਰਨ ਦਾ ਕਰਤੱਵ ਵੀ
ਨਿਭਾਉਂਦਾ ਰਿਹਾ ਹੈ।
ਇਹ ਸਭ ਕੁੱਝ ਇਮਰੋਜ਼ ਦੀ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ ਅਤੇ ਨਾ ਹੀ ਸਾਨੂੰ ਇਹਨਾਂ ਗੱਲਾਂ
ਨੂੰ ਚਿਤਾਰਨ ਦੀ ਕੋਈ ਉਚੇਚੀ ਲੋੜ ਮਹਿਸੂਸ ਹੋ ਰਹੀ ਹੈ, ਪਰ ਅੰਮ੍ਰਿਤਾ ਦੀ ਰਹਿਤਲ ਨੂੰ
ਕਾਸਰ ਅਤੇ ਇਮਰੋਜ਼ ਨੂੰ ਓਪਰੇ ਬੇਗਾਨੇ ਮਰਦਾਂ ਦੇ ਜ਼ੁਮਰੇ ਵਿੱਚ ਰੱਖਣ ਵਾਲਿਆਂ
‘ਜਤ-ਸਤ-ਵਾਦੀਆਂ’ ਨੂੰ ਕੁੱਝ ਨਾ ਕੁੱਝ ਕਹਿਣਾ ਸੁਣਨਾ ਤੇ ਬਣਦਾ ਹੀ ਹੈ।
ਇਹ ਸਭ ਕੁੱਝ ਕਹਿਣ-ਸੁਣਨ ਦੀ ਲੋੜ ਦਾ ਆਧਾਰ ਕੇਵਲ ਇਹ ਹੀ ਹੈ ਕਿ ਸਾਡੇ ਮੂੰਹ-ਜ਼ਬਾਨੀ
ਬੜਬੋਲੇ ਦਾਅਵਿਆਂ ਦੇ ਬਾਵਜੂਦ ਸਾਡੀ ਸੋਚ ਔਰਤ ਨੂੰ ਹਾਲੇ ਵੀ ਬੇ-ਸਿਰ-ਪੈਰ ਵਜੂਦ ਸਮਝਣ ਤੱਕ
ਹੀ ਸੀਮਿਤ ਹੈ। ਹਾਲੇ ਵੀ ਅਮਲ ਵਿੱਚ ਸਾਡੀ ਬਹੁਤਿਆਂ ਦੀ ਸੋਚ ਏਥੇ ਹੀ ਖੜ੍ਹੀ ਹੈ ਕਿ
ਕੁੜੀਆਂ ਚਹੁੰ ਕਹਾਰਾਂ ਦੇ ਕੰਧਿਆਂ ਤੇ ਧਰੀ ਡੋਲੀ ਵਿੱਚ ਚੜ੍ਹ ਕੇ ਸਹੁਰਿਆਂ ਦੇ ਦਰ-ਘਰ
ਅੱਪੜਨ ਤੇ ਚਹੁੰ ਕਾਨ੍ਹੀਆਂ ਦੇ ਕੰਧੀਂ ਚਾੜ੍ਹ ਕੇ ਉਹਨਾਂ ਦੀ ਲਾਸ਼ ਹੀ ਸਹੁਰਿਆਂ ਦੇ ਘਰੋਂ
ਨਿਕਲੇ।
ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ਤੇ ਸ਼ਾਇਰੀ ਔਰਤ ਨੂੰ ਬੇ-ਸਿਰ-ਪੈਰ ਵਜੂਦ ਸਮਝਣ ਵਾਲੇ ਲੋਕਾਂ
ਨੂੰ ਚੁਣੌਤੀ ਹੈ। ਇਸ ਸਾਦਾ ਜੇਹੇ ਨੁਕਤੇ ਦੀ ਵਜ਼ਾਹਤ ਲਈ ਅੰਮ੍ਰਿਤਾ ਪ੍ਰੀਤਮ ਦੀਆਂ ਲੱਗਪੱਗ
ਅੱਧੀ ਸਦੀ ਜਾਂ ਇਸ ਤੋਂ ਵੀ ਵੱਧ ਸਮਾਂ ਪਹਿਲਾਂ ਲਿਖੀਆਂ ਉਹਨਾਂ ਤਿੰਨ ਨਜ਼ਮਾਂ ਦਾ ਜ਼ਿਕਰ
ਕਰਨਾ ਚਾਹਾਂਗਾ, ਜੋ ਪੰਜਾਹ ਵਰ੍ਹੇ ਪਹਿਲਾਂ ਆਪਣੇ ਕੋਰਸ ਦੀਆਂ ਕਿਤਾਬਾਂ ਵਿੱਚ ਪੜ੍ਹੀਆਂ
ਸਨ। ਪ੍ਰਿੰਸੀਪਲ ਗੁਰਬਚਨ ਸਿੰਘ ਤਾਲਿਬ ਦੁਆਰਾ ਸੰਪਾਦਿਤ ਕਵਿਤਾ ਦੀ ਪਾਠ-ਪੁਸਤਕ ‘ਲਹਿਰਾਂ’
ਵਿੱਚ ਸ਼ਾਮਿਲ ਇਹ ਕਵਿਤਾਵਾਂ ਸਨ, “ਗਊਸ਼ਾਲਾ, ਰਾਖੇ ਅਤੇ ਅੰਨਦਾਤਾ”।
‘ਗਊਸ਼ਾਲਾ’ ਵਿੱਚ ਅੰਮ੍ਰਿਤਾ ਹੋਰੀਂ ਸਾਡਾ ਧਿਆਨ ਇਸ ਦੁਖਦਾਈ ਤੱਥ ਵੱਲ ਦੁਆਇਆ ਹੈ ਕਿ ਸਾਡੇ
ਪਿੱਤਰੀ-ਪ੍ਰਧਾਨ, ਗ੍ਰਾਮੀਣ ਜ਼ਰਾਇਤੀ ਸਮਾਜ ਵਾਲੀਆਂ ਹੀ ਕਦਰਾਂ-ਕੀਮਤਾਂ ਨਾਲ ਗ੍ਰਹਿਣੇ
ਗ੍ਰਸੇ ਸਮਾਜ ਵਿੱਚ ਔਰਤ ਦੀ ਸਥਿਤੀ ਵੀ ਗਊਸ਼ਾਲਾ ਵਿੱਚ ਬੱਝੀਆਂ ਗਾਵਾਂ ਵਾਲੀ ਹੀ ਹੈ,
ਜਿਨ੍ਹਾਂ ਦਾ ਰੱਸਾ ਜਦ ਚਾਹੋ ਅਤੇ ਜਿਹਨੂੰ ਚਾਹੋ, ਉਹਦੇ ਬਿਨਾਂ ਉਜ਼ਰ-ਰੋਸ ਦੇ ਫੜਾ ਦਿੱਤਾ
ਜਾਂਦਾ ਅਤੇ ਦੋਹਾਂ ਦੀ ਸਾਰਥਿਕਤਾ ਵੀ ਦੁੱਧੀਂ-ਪੁੱਤੀਂ ਨ੍ਹਾਉਣ ਨਲ੍ਹਾਉਣ ਦੇ ਕਰਤੱਵ ਤੀਕ
ਹੀ ਸੀਮਿਤ ਕਰ ਦਿੱਤੀ ਜਾਂਦੀ ਹੈ।”
‘ਰਾਖੇ’ ਸਾਡੇ ਉਸ ਸਮਾਜੀ ਵਾਤਾਵਰਣ ਦੀ ਲਖਾਇਕ ਹੈ, ਜਿਸ ਵਿੱਚ ਅਸੀਂ ਗੁਆਂਢੀਆਂ ਦੇ ਧੀਆਂ
ਪੁੱਤਾਂ ਦਾ ਲੋੜੋਂ ਵੱਧ ਫ਼ਿਕਰ ਕਰਦੇ ਹਾਂ ਅਤੇ ਉਹਨਾਂ ਦੀ ਨਿੱਕੀ ਤੋਂ ਨਿਕੱੀ ਹਰਕਤ ਅਤੇ
ਮੇਲ-ਮਿਲਾਪ ਤੇ ਪੂਰੀ ਨਜ਼ਰ ਰੱਖਦੇ ਹਾਂ ਅਤੇ ਉਹਨਾਂ ਨੂੰ ਰਵਾਇਤੀ ਵਿਆਹ ਦੇ ਧਿੰਗੋਜ਼ੋਰੀ ਦੇ
ਰਿਸ਼ਤੇ ਤੋਂ ਬਿਨਾਂ ਆਪਸੀ ਸੰਪਰਕ ਜਾਂ ਚੋਣ ਦੀ ਹੋਰ ਕੋਈ ਖੁੱਲ੍ਹ ਨਹੀਂ ਦਿੰਦੇ। ਸੰਬੰਧਿਤ
ਧਿਰਾਂ ਦੀ ਮਰਜ਼ੀ ਤੋਂ ਬਿਨਾਂ ਹੋਰਨਾਂ ਵਡਾਰੂਆਂ ਵਿਚੋਲਿਆਂ ਰਾਹੀਂ ਹੋਏ ਵਿਆਹ ਨੂੰ
ਅੰਮ੍ਰਿਤਾ ਹੋਰੀਂ ਦੋ ਜੁਆਨੀਆਂ ਨੂੰ ਇੱਕ ਦੂਜੇ ਦੇ ਗਲ ਪੁਆ ਕੇ ‘ਮੱਲੋ ਮੱਲੀ ਦਾ ਇਸ਼ਕ’
ਲਭਾਉਣ ਵਾਲੀ ਗੱਲ ਆਖਦੇ ਹਨ। ਕਹਿਣ ਦੀ ਲੋੜ ਨਹੀਂ, ਜਿਸ ਵਿੱਚ ਕਿਸੇ ਵੀ ਕਿਸਮ ਦੀ ‘ਮੱਲੋ
ਮੱਲੀ’ ਦਾ ਦਖ਼ਲ ਹੋਵੇ, ਉਹ ਹੋਰ ਕੁੱਝ ਵੀ ਪਿਆ ਹੋਵੇ, ਇਸ਼ਕ ਕਤਈ ਨਹੀਂ ਹੁੰਦਾ।
‘ਅੰਨਦਾਤਾ’ ਪਰੰਪਰਕ ਵਿਆਹ-ਪ੍ਰਬੰਧ ਵਿੱਚ ਪਤੀ ਹੈ, ਜੋ ਆਪਣੀ ਪਤਨੀ ਨੂੰ ਰੋਟੀ ਕੱਪੜੇ
ਜਿਹੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰ ਕੇ ਇੱਕ ਜਿਣਸ ਵਾਂਗ ਕਿਸੇ ਵੀ ਤਰ੍ਹਾਂ ਵਰਤਣ ਦਾ
ਸਮਾਜਕ, ਕਾਨੂੰਨੀ ਅਤੇ ਅਖੌਤੀ ਸਦਾਚਾਰ ਅਨੁਸਾਰ ਹੱਕਦਾਰ ਹੋ ਜਾਂਦਾ। ਇਸ ਨਜ਼ਮ ਵਿੱਚ ਕੁੱਝ
ਇਸ ਤਰ੍ਹਾਂ ਦੇ ਕਥਨ ਹਨ:
ਮੇਰੇ ਬੋਲਣ ਤੋਂ ਪਹਿਲਾਂ ਬੋਲ ਪੈਂਦਾ ਹੈ ਤੇਰਾ ਅੰਨ,
ਤੂੰ ਇੱਕ ਲਾਵੇ ਤੋਂ ਵੱਧ ਕੁੱਝ ਨਹੀਂ,
ਜਿੰਨਾ ਚਾਹੇਂ ਉੱਬਲ ਲੈ,
ਮੈਂ ਇੱਕ ਬੁਰਕੀ ਤੋਂ ਵੱਧ ਕੁੱਝ ਨਹੀਂ,
ਜਿਵੇਂ ਚਾਹੇਂ ਨਿਗਲ ਲੈ
ਪਿਆਰ!
ਹਾਂ ਇਹ ਤੇਰੇ ਕੰਮ ਦੀ ਸ਼ੈਅ ਨਹੀਂ।
ਅੰਮ੍ਰਿਤਾ ਹੋਰਾਂ ਦੀ ਅਗਲੇਰੀ ਸ਼ਾਇਰੀ ਅਤੇ ਜ਼ਿੰਦਗੀ ਮੋਢਿਆਂ ਤੇ ਜਗਦੇ ਮਘਦੇ ਸਿਰ ਅਤੇ
ਗੋਡਿਆਂ ਦੇ ਹੇਠ ਆਪਣਾ ਭਾਰ ਆਪ ਚੁੱਕ ਕੇ ਸੁਤੰਤਰਤਾ ਨਾਲ ਤੁਰ ਫ਼ਿਰ ਸਕਣ ਵਾਲੇ ਪੈਰਾਂ ਦੀ
ਦਾਸਤਾਨ ਹੈ।
ਅੰਮ੍ਰਿਤਾ ਪ੍ਰੀਤਮ ਹੋਰਾਂ ਵੱਲੋਂ ਰਵਾਇਤੀ ਵਿਆਹ ਪ੍ਰਬੰਧ ਵਿਰੁੱਧ ਵਿਦ੍ਰੋਹ ਆਪਣੇ ਆਪ ਨੂੰ
ਪਿਆਰ-ਵਿਹੂਣੇ ਮਰਦ ਦੀ ਸੇਵਾ ਵਿੱਚ ਇੱਕ ਭੋਗੀ ਜਾਣ ਵਾਲੀ ਵਸਤੂ ਵਜੋਂ ਪਰੋਸੇ ਜਾਣ ਤੋਂ
ਇਨਾਕਰ ਹੈ।
ਜੇਹੜੇ ਲੋਕਾਂ ਨੂੰ ਇਸ ਜ਼ਹਿਮਤ-ਜ਼ਲਾਲਤ ਵਾਲੀ ਜ਼ਿੰਦਗੀ ਨੂੰ ਖੈਰਬਾਦ ਕਹਿ ਕੇ ਇੱਕ ਨਵੀਂ
ਸ਼ੁਰੂਆਤ ਦੀ ਜੁਰਅੱਤ ਕਰਨ ਦਾ ਕਰਮ ਸਦਾਚਾਰ ਵਿਰੋਧੀ ਜਾਪਦਾ ਹੈ, ਉਹਨਾਂ ਨੂੰ ਆਪਣੀ ਪੀੜ੍ਹੀ
ਹੇਠਾਂ ਸੋਟਾ ਫ਼ੇਰਨ ਦੀ ਜ਼ਰੂਰਤ ਹੈ।
ਦਰਅਸਲ ਪੰਜਾਬੀ ਭਾਈਚਾਰਾ ਪ੍ਰੇਮ-ਪਿਆਰ ਦੇ ਸੰਬੰਧ ਵਿੱਚ ਮਹਾਂ-ਦੰਭੀ ਲੋਕਾਂ ਦਾ ਭਾਈਚਾਰਾ
ਹੈ। ਅਸੀਂ ਹੀਰ, ਸਾਹਿਬਾਂ, ਸੋਹਣੀ ਦੀ ਗਾਥਾ ਦਾ ਗਾਇਨ ਕਰਦੇ ਨਹੀਂ ਥੱਕਦੇ। ਪਰ ਸਾਡਾ ਇਹ
ਕੀਰਤੀ-ਗਾਇਨ ਕੇਵਲ ਜ਼ੁਬਾਨੀ ਜਮ੍ਹਾਂ ਖ਼ਰਚ ਹੀ ਹੈ।
ਸਾਡੀਆਂ ਪ੍ਰੇਮ-ਕਹਾਣੀਆਂ ਦੀਆਂ ਇਹ ਵਿਆਹੁਤਾ ਜਾਂ ਵਿਾਅਹ ਦੀ ਦੰਦੀ ‘ਤੇ ਖੜ੍ਹੀਆਂ ਇਹਨਾਂ
ਨਾਰਾਂ ਦੀ ਸਾਡੇ ਅਮਲੀ ਸਮਾਜੀ ਜੀਵਨ ਵਿੱਚ ਕੀ ਹੈਸੀਅਤ ਹੈ? ਮਹਿਜ਼ ੳੱਧਲੀਆਂ ਹੋਈਆਂ ਔਰਤਾਂ!
ਸਾਡੇ ਇੱਕ ਬਜ਼ੁਰਗ ਸ: ਕਰਮ ਸਿੰਘ ਹਿਸਟੋਰੀਅਨ ਨੇ ਪੰਜਾਬੀ ਕਿੱਸਿਆਂ ਨੂੰ ਵਿਗੜੇ ਹੋਏ ਮੁੰਡੇ
ਕੁੜੀਆਂ ਦੀਆਂ ਪ੍ਰੇਮ-ਕਹਾਣੀਆਂ ਕਹਿ ਕੇ ਰੱਦ ਕੀਤਾ ਸੀ। ਸ: ਕਰਮ ਸਿੰਘ ਹਿਸਟੋਰੀਅਨ ਹੋਰਾਂ
ਨਾਲ ਅਸਹਿਮਤ ਹੋਇਆ ਜਾ ਸਕਦਾ ਹੈ। ਪਰ ਉਹਨਾਂ ਨੂੰ ਦੰਭੀ ਕਤਈ ਨਹੀਂ ਕਿਹਾ ਜਦ ਸਕਦਾ।
ਪਰ ਕਰਮ ਸਿੰਘ ਹੋਰਾਂ ਦੇ ਵਰਤਮਾਨ ਵਾਰਿਸ ਆਪਣੀਆਂ ਪ੍ਰੇਮ-ਨਾਇਕਾਵਾਂ ਅਤੇ ਗੀਤਾਂ ਤੇ ਝੂੰਮਣ
ਜੋਗੇ ਹੀ ਹਨ ਅਤੇ ਜੇ ਆਪਣੇ ਘਰ-ਪਰਿਵਾਰ ਵਿੱਚ ਕਿਸੇ ਧੀ-ਭੈਣ ਦੇ ਪ੍ਰੇਮ ਦੀ ਭਿਣਕ ਵੀ ਪੈ
ਜਾਵੇ ਤਾਂ ਉਸਨੂੰ ਹੋੜਨ ਹਟਕਣ ਲਈ ਹਰ ਕਿਸਮ ਦੇ ਹੋਛੇ ਹਰਬਿਆਂ ਤੇ ਉੱਤਰ ਆਉਂਦੇ ਹਨ।
ਅੰਮ੍ਰਿਤਾ ਪ੍ਰੀਤਮ ਪਹਿਲੀਆਂ ਦੇ ਟਾਕਰੇ ਤੇ ਆਪਣੀ ਹੀ ਵਚਿੱਤਰ, ਅਨੂਪਮ ਅਤੇ ਸੰਪੂਰਨ
ਪ੍ਰੇਮ-ਕਹਾਣੀ ਦੀ ਨੂਤਨ ਨਾਇਕਾ ਹੈ। ਉਹਨੇ ਕਿਸੇ ਸਾਹਿਬਾਂ ਵਾਂਗ ਆਪਣੇ ਮਿਰਜ਼ੇ ਦੇ ਤੀਰ
ਨਹੀਂ ਤੋੜੇ। ਹੀਰ ਵਾਂਗ ਆਪਣੇ ਰਾਂਝੇ ਦੀ ਸਮਾਜਕ ਪਰਵਾਨਗੀ ਅੱਗੇ ਸਿਰ ਝੁਕਾ ਕੇ ਉਹਨੂੰ
ਆਪਣੇ ਪਿੰਡੋਂ ਜੰਜ ਲਿਆਉਣ ਲਈ ਨਹੀਂ ਟੋਰਿਆ। ਅੰਮ੍ਰਿਤਾ ਪ੍ਰੀਤਮ ਨੇ ਮੌਤ ਨਹੀਂ,
ਸ਼ਾਨਾਂਮੱਤੀ ਸਵੈਮਾਨੀ ਜ਼ਿੰਦਗੀ ਦਾ ਰਾਹ ਚੁਣਿਆ ਤੇ ਉਹ ਆਪਣੇ ਸਮਕਾਲੀਆਂ ਅਤੇ ਪਰਵਰਤੀ
ਨਰ-ਨਾਰੀਆਂ ਲਈ ਇੱਕ ਚਾਨਣ ਮੁਨਾਰਾ ਬਣੀ ਖੜ੍ਹੀ ਹੈ।
ਇਹ ਸਭ ਕੁੱਝ ਸਹਿਜ ਜਾਂ ਸੁਭਾਵਕ ਤੌਰ ਤੇ ਨਹੀਂ, ਸਗੋਂ ਬੜੇ ਦੁਰਗਮ ਰਾਹਾਂ ਵਿੱਚੀਂ ਗੁਜ਼ਰਨ
ਤੋਂ ਬਾਅਦ ਹੀ ਵਾਪਰਿਆ ਸੀ।
ਅੰਮ੍ਰਿਤਾ ਨਾਲ ਆਪਣੀ ਦੋਸਤੀ ਬਾਰੇ ਇਮਰੋਜ਼ ਬੜੀ ਨਿਮਰਤਾ ਨਾਲ ਕਿਹਾ ਕਰਦੇ ਹਨ: ਇੱਕ ਤਜਰਬਾ
ਕੀਤਾ ਸੀ ਅਤੇ ਬੱਸ ਕਾਮਯਾਬ ਹੋ ਗਿਆ। ਹਰ ਰਿਸ਼ਤਾ ਆਪਣੇ ਸ਼ੁਰੂਆਤੀ ਦੌਰ ਵਿੱਚ ਇੱਕ ਤਜਰਬਾ ਹੀ
ਹੋਇਆ ਕਰਦਾ ਹੈ। ਇਸ ਤਜਰਬੇ ਨੂੰ ਪਾਇ-ਤਕਮੀਲ ਤੱਕ ਪਹੁੰਚਾਉਣ ਲਈ ਅੰਮ੍ਰਿਤਾ ਇਮਰੋਜ਼ ਹੋਰਾਂ
ਨੂੰ ਸਮਾਜੀ ਆਰਥਿਕ ਔਕੜਾਂ ਤੋਂ ਬਿਨਾਂ ਜਿਹਨਾਂ ਜ਼ੇਹਨੀ-ਜਜ਼ਬਾਤੀ ਕਸ਼ਕਮਸ਼ਾਂ ਵਿਚੀਂ ਗੁਜ਼ਰਨਾ
ਪਿਆ ਹੈ, ਉਹਨਾਂ ਦਾ ਵੇਰਵਾ ਅੰਮ੍ਰਿਤਾ ਹੋਰਾਂ ਦੀਆਂ ਸਵੈ-ਜੀਵਨੀ ਪਰਕ ਲਿਖ਼ਤਾਂ ਵਿੱਚ ਦਰਜ
ਹੈ।
ਇਸ ਰਿਸ਼ਤੇ ਦੀ ਰਚਨਾ ਤੱਕ ਅੰਮ੍ਰਿਤਾ ਜੀ, ਜਿਨ੍ਹਾਂ ਦੋਸਤੀਆਂ ਦੇ ਅਨੁਭਵ ਵਿੱਚੀਂ ਗੁਜ਼ਰੇ
ਸਨ, ਉਹ ਆਪੋ ਆਪਣੀ ਥਾਂ ਮਹੱਤਵਪੂਰਨ ਹਨ। ਪਰ ਅੰਮ੍ਰਿਤਾ ਹੋਰਾਂ ਦੀ ਜ਼ਿੰਦਗੀ ਵਿੱਚ ਹੋਏ
ਵਾਪਰਿਆਂ ਦੇ ਨਾਲੋ ਨਾਲ ਅਣਹੋਏ ਰਿਸ਼ਤਿਆਂ ਦਾ ਵੀ ਬਹੁਤ ਬੜਬੋਲਾ ਦਖ਼ਲ ਰਿਹਾ ਹੈ। ਇੱਥੇ ਅਸੀਂ
ਉਹਨਾਂ ਵਿੱਚੋਂ ਕੇਵਲ ਇੱਕ, ਅੰਮ੍ਰਿਤਾ ਹੋਰਾਂ ਨਾਲ ਆਪਣੇ ਵੇਲਿਆਂ ਦੇ ਸ਼ਿਰੋਮਣੀ ਕਵੀ ਮੋਹਨ
ਸਿੰਘ ਦੁਆਰਾ ਕਲਪਿਤ ਪ੍ਰੇਮ-ਕਹਾਣੀ ਬਾਰੇ ਹੀ ਗੱਲ ਕਰਨੀ ਚਾਹਾਂਗੇ।
ਇਸ ਬਾਰੇ ਉਰਮਿਲਾ ਜੀ ਆਪਣੇ ਵਿਚਾਰ ਅਧੀਨ ਲੇਖ ਵਿੱਚ ਲਿਖਦੇ ਹਨ, “ਮੋਹਨ ਸਿੰਘ ਮਾਹਿਰ
ਹੋਰਾਂ ਪ੍ਰੀਤ ਨਗਰ ਦੀ ਛੋਟੀ ਫ਼ੇਰੀ ਦੀ ਨਿੱਕੀ ਜੇਹੀ ਮੁਲਾਕਾਤ ਨੁੰ ਆਪਣੀ ਅਤੇ ਅੰਮ੍ਰਿਤਾ
ਜੀ ਦੀ ਪ੍ਰੀਤ ਕਹਾਣੀ ਵਿੱਚ ਬਦਲਣਾ ਚਾਹਿਆ, ਆਪਣੇ ਘਰ ਅੰਮ੍ਰਿਤਾ ਜੀ ਦੀ ਤਸਵੀਰ ਟੰਗ ਟੰਗ
ਆਪਣੀਆਂ ਇਸ਼ਕ ਦੀਆਂ ਕਹਾਣੀਆਂ ਪਾਈਆਂ।”
ਇਹ ਤਸਵੀਰ ਮੋਹਨ ਸਿੰਘ ਹੋਰਾਂ ਦੇ ਘਰ ਸਜੀ, ਮੈਂ ਵੀ ਦੇਖੀ ਹੈ। ਇਸ ਤਸਵੀਰ ਦੀ ਪ੍ਰਾਪਤੀ ਦੇ
ਚਸ਼ਮਦੀਦ ਗਵਾਹ ਉਰਮਿਲਾ ਦੇ ਵੱਡੇ ਵੀਰ ਸੁਰਗਵਾਸੀ ਸ: ਨਵਤੇਜ ਸਿੰਘ ਤੇ ਨਾਵਲਕਾਰ ਸੁਰਿੰਦਰ
ਸਿੰਘ ਨਰੂਲਾ ਹੋਰੀਂ ਸਨ।
ਨਵਤੇਜ ਸਿੰਘ ਹੋਰੀਂ ਦੱਸਦੇ ਹੁੰਦੇ ਸਨ ਕਿ ਮੋਹਨ ਸਿੰਘ ਹੋਰੀਂ ਇਹ ਤਸਵੀਰ ਲਾਹੌਰ ਦੇ ਇੱਕ
ਸਟੂਡੀਓ ਵਾਲੇ ਤੋਂ ਲੈ ਕੇ ਆਪਣੇ ਘਰ ਲਾਈ ਸੀ ਅਤੇ ਹਰ ਆਉਣ ਜਾਣ ਵਾਲੇ ਨੂੰ ਮੋਹਨ ਸਿੰਘ
ਹੋਰੀਂ ਇਹ ਦੱਸਿਆ ਕਰਦੇ ਸਨ ਕਿ ਇਹ ਖੁਦ ਅੰਮ੍ਰਿਤਾ ਨੇ ਉਹਨਾਂ ਨੂੰ ਭੇਂਟ ਕੀਤੀ ਸੀ।
ਨਵਤੇਜ ਹੋਰੀਂ ਅਗਾਂਹ ਦੱਸਿਆ ਕਰਦੇ ਸਨ ਕਿ ਮੋਹਨ ਸਿੰਘ ਹੋਰਾਂ ਇਸ ਸਿਆਹ-ਸਫ਼ੈਦ ਤਸਵੀਰ
ਵਿੱਚ, ਕੁੱਝ ਸਮਾਂ ਬਾਅਦ ਰੰਗ ਭਰਵਾਏ ਸਨ। ਮਗਰੋਂ ਇਸ ਰੰਗਦਾਰ ਤਸਵੀਰ ਬਾਰੇ ਨਵਤੇਜ ਅਤੇ
ਨਰੂਲਾ ਜੀ ਨੂੰ ਵੀ ਇਹ ਕਹਿਣ ਲੱਗ ਪਏ ਸਨ ਕਿ ਇਹ ਤਸਵੀਰ ਅੰਮ੍ਰਿਤਾ ਜੀ ਵੱਲੋਂ ਭੇਟਾ ਕੀਤੀ
ਗਈ ਹੈ।
ਇਹ ਤਾਂ ਹੋਈ ਅੰਮ੍ਰਿਤਾ ਜੀ ਦੀ ਮਹਿਜ਼ ਤਸਵੀਰ ਦੀ ਗੱਲ। ਪਰ ਨਰੂਲਾ ਜੀ ਤਾਂ ਅੰਮ੍ਰਿਤਾ ਜੀ
ਹੋਰਾਂ ਦੀ ਗਰੁੱਪ ਫ਼ੋਟੋ ਵਿੱਚ ਦਿੱਸਣ ਲਈ ਇਸ ਤੋਂ ਵੀ ਵੱਡਾ ਕ੍ਰਿਸ਼ਮਾ ਕਰ ਗਏ ਸਨ। ਮੇਰੇ
ਦੋਸਤ ਸੁਰਜੀਤ ਪਾਤਰ ਅਤੇ ਅਮਰਜੀਤ ਗਵਾਹ ਹਨ ਕਿ ਇੱਕ ਵਾਰ ਨਰੂਲਾ ਜੀ ਇੱਕ ਤਸਵੀਰ ਲਿਆਏ ਸਨ,
ਜਿਸ ਵਿੱਚ ਅੰਮ੍ਰਿਤਾ ਜੀ ਮਾਈਕ ਸਾਹਮਣੇ ਖਲੋ ਕੇ ਕਵਿਤਾ ਪੜ੍ਹ ਰਹੇ ਹਨ। ਬੈਠੈ ਹੋਏ ਹੋਰ
ਸੱਜਣਾਂ ਵਿੱਚ ਸੁਰਿੰਦਰ ਸਿੰਘ ਨਰੂਲਾ ਜੀ ਦੇ ‘ਸਿਰ ਵਾਲਾ’ ਇੱਕ ਹੋਰ ਪ੍ਰਾਣੀ ਵੀ ਸੁਭਾਇਮਾਨ
ਹੈ, ਜੋ ਨਰੂਲਾ ਜੀ ਅਨੁਸਾਰ ਉਹ ਖੁਦ ਹਨ ਅਤੇ ਉਹਨਾਂ ਨੇ ਵੀ ਅੰਮ੍ਰਿਤਾ ਹੋਰਾਂ ਨਾਲ ਇਸ
ਮੁਸ਼ਾਇਰੇ ਵਿੱਚ ਕਵਿਤਾ ਪੜ੍ਹੀ ਸੀ। ਪਰ ਨਰੂਲਾ ਜੀ ਦੇ ਸਿਰ ਵਾਲੀ ਤਸਵੀਰ ਵਿੱਚ ਜ਼ਾਹਿਰਾ ਤੌਰ
‘ਤੇ ਇੱਕ ਗੱਲ ਬੜੀ ਅਟਪਟੀ ਹੈ, ਉਹਨਾਂ ਦਾ ਸਿਰ ਤਸਵੀਰ ਵਿੱਚ ਧੜ ਦੀ ਅਨੁਪਾਤ ਵਿੱਚ ਬੇਢੱਬੀ
ਹੱਦ ਤੀਕ ਵੱਡਾ ਹੈ। ਰਤਾ ਕੁ ਧਿਆਨ ਨਾਲ ਵੇਖਣ ਤੋਂ ਬਾਅਦ ਪਤਾ ਲੱਗਾ ਕਿ ਇਹ ਸੀਸ ਤਸਵੀਰ
ਵਿਚਲੇ ਕਿਸੇ ਹੋਰ ਦੇ ਧੜ ਨਾਲੋਂ ਕੱਟੇ ਹੋਏ ਸਿਰ ਦੀ ਥਾਂ ਜੋੜਿਆ ਗਿਆ ਹੈ। ਇਹ ਜੋੜ ਬੜੇ
ਧਿਆਨ ਨਾਲ ਲਾਇਆ ਗਿਆ ਹੋਣ ਦੇ ਬਾਵਜੂਦ ਉਂਗਲੀ ਫ਼ੇਰਨ ਤੇ ਰੜਕਦਾ ਹੈ।
ਜਦੋਂ ਦੂਜੇ ਦਿਨ ਅਸੀਂ ਨਰੂਲਾ ਜੀ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਤਾਂ ਉਹ ਤਸਵੀਰ ਤਾਂ
ਵਾਪਸ ਲੈ ਗਏ ਪਰ ਅਗਲੇ ਦਿਨ ਓਸੇ ਤਸਵੀਰ ਦਾ ਨੈਗੇਟਿਵ ਬਣਵਾ ਕੇ ਉਹਦਾ ਇੱਕ ਹੋਰ ਉਤਾਰਾ
ਸਾਨੂੰ ਭੇਂਟ ਕਰ ਗਏ, ਜਿਸ ਵਿਚਲਾ ਸਿਰ ਦਾ ਜੋੜ ਤਾਂ ਉਂਗਲੀ ਦੀ ਛੋਹ ਨੂੰ ਰੜਕਣੋਂ ਹਟ ਗਿਆ
ਸੀ, ਪਰ ਉਸ ਦਾ ਧੜ ਦੇ ਟਾਕਰੇ ਤੇ ਆਕਾਰ ਹਾਲੇ ਵੀ ਬੇਮੇਚਾ ਲਗਦਾ ਹੈ।
ਸੋ, ਦੋਸਤੋ ਜ਼ਾਹਿਰ ਹੈ ਕਿ ਅੰਮ੍ਰਿਤਾ ਜੀ ਦੇ ਕ੍ਰਿਜ਼ਮੇ ਨੇ ਸਾਡੇ ਬਜ਼ੁਰਗਾਂ ਕੋਲੋਂ ਬੜੇ ਬੜੇ
ਕ੍ਰਿਸ਼ਮੇ ਕਰਵਾਏ ਹਨ।
ਅੰਮ੍ਰਿਤਾ-ਮੋਹਨ ਸਿੰਘ ਹੋਰਾਂ ਦੀ ਕਪੋਲ ਕਲਪਿਤ ਕਹਾਣੀ ਏਨੀ ਵਿਸ਼ਾਲ ਪੱਧਰ ਤੇ ਪ੍ਰਚਾਰੀ ਗਈ
ਸੀ ਕਿ ਮੈਂ ਵੀ ਇਸ ਨੂੰ ਸੱਚ ਮੰਨਣ ਵਾਲਿਆਂ ਵਿੱਚੋਂ ਹੀ ਹੋਇਆ ਕਰਦਾ ਸਾਂ।
ਇੱਕ ਮੁਲਾਕਾਤ ਦੌਰਾਨ ਜਦੋਂ ਹਾਸੇ ਹਾਸੇ ਦੌਰਾਨ ਹੀ ਇਸ ਗੱਲ ਦਾ ਜ਼ਿਕਰ ਹੋਇਆ ਤਾਂ ਅੰਮ੍ਰਿਤਾ
ਪ੍ਰੀਤਮ ਇੱਕ ਦਮ ਗੰਭੀਰ ਹੋ ਕੇ ਕਹਿਣ ਲੱਗੇ, “ਸਾਧੂ ਸਿੰਘ ਜੀ, ਮੋਹਨ ਸਿੰਘ ਸਿਰਫ਼ ਮੇਰੇ
ਡਰਾਇੰਗ ਰੂਮ ਦਾ ਗੈਸਟ ਸੀ। ਜਿੱਥੇ ਬੈਠ ਕੇ ਅੱਜ ਤੁਸੀਂ ਅਤੇ ਦੇਵ ਗੱਲਾਂ ਕਰਦੇ ਰਹੇ ਹੋ,
ਉਸ ਥਾਂ ਤੱਕ ਮੋਹਨ ਸਿੰਘ ਦੀ ਰਸਾਈ ਨਹੀਂ ਸੀ।”
ਪਰ ਮੇਰੀ ਹਾਲੇ ਵੀ ਤਸਲੱੀ ਨਹੀਂ ਸੀ ਹੋ ਰਹੀ। ਮੈਂ ਉਹਨਾਂ ਨੂੰ ਨਿੱਜੀ ਅਨੁਭਵ ਦੇ ਆਧਾਰ ਤੇ
ਇਹ ਗੱਲ ਕਹੀ ਕਿ ਮੁਹੱਬਤ ਇੱਕ ਪਾਸੜ ਵੀ ਤਾਂ ਹੋ ਸਕਦੀ ਹੈ ਅਤੇ ਅਜੇਹੀ ਮੁਹੱਬਤ ਵੀ ਕਿਸੇ
ਧੁਰ ਅੰਦਰਲੀਆਂ ਡੂੰਘਾਣਾਂ ਤੱਕ ਭਾਵਿਤ ਅਤੇ ਪ੍ਰਭਾਵਤਿ ਕਰ ਸਕਦੀ ਹੈ। ਸਾਡੇ ਅਤੇ ਸਾਡੇ ਤੋਂ
ਪਹਿਲੇ ਵੇਲਿਆਂ ਵਿੱਚ ਪਰਸਪਰ ਸੰਪਰਕ ਦੇ ਮੌਕੇ ਤਾਂ ਨਾ ਹੋਣ ਦੇ ਬਰੋਬਰ ਹੀ ਹੁੰਦੇ ਸਨ।
ਬਹੁਤ ਕੁੱਝ ਅਮਲ ਦੀ ਥਾਂ ਚਿੱਤ ਵਿੱਚ ਹੀ ਵਾਪਰਦਾ ਹੁੰਦਾ ਸੀ। ਇਹ ਸੁਣ ਕੇ ਅੰਮ੍ਰਿਤਾ ਜੀ
ਨੇ ਕਿਹਾ ਸੀ, “ਤੁਸੀਂ ਜਿਸ ਅਜ਼ੀਮ ਅਹਿਸਾਸ ਦੀ ਗੱਲ ਕਰਦੇ ਹੋ, ਜੇ ਮੋਹਨ ਸਿੰਘ ਦੇ ਮਨ ਵਿੱਚ
ਮੇਰੇ ਲਈ ਉਹ ਹੁੰਦਾ ਤਾਂ ਇੱਕ ਔਰਤ ਦੇ ਤੌਰ ਤੇ ਮੈਨੂੰ ਉਸ ਤੇ ਫਖ਼ਰ ਹੁੰਦਾ। ਪਰ ਇਸ ਸੂਰਤ
ਵਿੱਚ ਮੋਹਨ ਸਿੰਘ ਮੇਰੇ ਬਾਰੇ ਉਸ ਕਿਸਮ ਦੀਆਂ ਹਲਕੀਆਂ ਗੱਲਾਂ ਨਹੀਂ ਸੀ ਕਰ ਸਕਦੇ, ਜੇਹੋ
ਜਿਹੀਆਂ ਉਹ ਕਰਦੇ ਰਹਿੰਦੇ ਸੀ।”
ਏਸ ਤੋਂ ਬਾਅਦ ਘੱਟੋ ਘੱਟ ਮੇਰੇ ਲਈ ਤਾਂ ਹੋਰ ਕਿਸੇ ਪੁੱਛ-ਗਿੱਛ ਦੀ ਹਿਮਾਕਤ ਕਰਨ ਦੀ ਕੋਈ
ਗੁੰਜਾਇਸ਼ ਨਹੀਂ ਸੀ ਰਹਿ ਗਈ।
ਜਦੋਂ ਅੰਮ੍ਰਿਤਾ ਜੀ ਹੋਰੀਂ ‘ਰਸੀਦੀ ਟਿਕਟ’ ਵਿੱਚ ਇਸ ਗੱਲ ਦਾ ਸਾਰਾ ਹੀਜ ਪਿਆਜ਼ ਖੋਲ੍ਹ
ਦਿੱਤਾ ਸੀ ਤਾਂ ਮੋਹਨ ਸਿੰਘ ਹੋਰਾਂ ਅੰਮ੍ਰਿਤਾ ਹੋਰਾਂ ਨੂੰ ਇਹ ਕਿਹਾ ਸੀ, “ਇੱਕ ਭਰਮ ਜਿਹਾ
ਬਣਿਆ ਹੋਇਆ ਸੀ, ਕਾਹਨੂੰ ਤੋੜਨਾ ਸੀ, ਬਣਿਆ ਰਹਿਣ ਦਿੰਦੇ।”
ਇਸ ਤੋਂ ਕੁੱਝ ਚਿਰ ਬਾਅਦ ਮੋਹਨ ਸਿੰਘ ਹੋਰਾਂ ਇੱਕ ਨਜ਼ਮ ਲਿਖੀ ਸੀ, ਜਿਸ ਦੇ ਸ਼ੁਰੂਆਤੀ ਬੋਲ
ਕੁੱਝ ਇਸ ਤਰ੍ਹਾਂ ਦੇ ਸਨ:
“ਅੱਧੀ ਬੀਤ ਗਈ ਏ ਵਾਅਦਿਆਂ ਤੇ ਲਾਰਿਆਂ ਦੇ ਨਾਲ।”
“ਬਾਕੀ ਕੱਟ ਲਾਂ ਗੇ ਯਾਦਾਂ ਦੇ ਸਹਾਰਿਆਂ ਦੇ ਨਾਲ।”
ਮੈਂ ਸੋਚਦਾ ਹਾਂ ਜੇ ਪਹਿਲੀ ਅੱਧੀ ਵਿੱਚ ਵੀ ਵਾਅਦੇ ਅਤੇ ਲਾਰੇ ਹੀ ਸਨ ਤਾਂ ਪ੍ਰੋਫ਼ੈੱਸਰ
ਸਾਹਿਬ ਹੋਰਾਂ ਆਪਣੀ ਪਿਛਾੜ ਨੂੰ ਕਾਹਦੀਆਂ ਯਾਦਾਂ ਦੇ ਠੁੰਮ੍ਹਣੇ ਦਿੱਤੇ ਹੋਣਗੇ?
ਇਸ ਨਜ਼ਮ ਵਿੱਚ ਉਹਨਾਂ ਇਸ ਗੱਲ ਦਾ ਵੀ ਪਛਤਾਵਾ ਕੀਤਾ ਸੀ ਕਿ ਜੇ ‘ਕੱਚੀ ਕੁੱਲੀ ਸੰਗ ਪ੍ਰੀਤ’
ਪਾਉਂਦੇ ਤਾਂ ਸ਼ਾਇਦ ਉਹਨਾਂ ਨੂੰ ਮੁਹੱਬਤ ਦੇ ਕੁੱਝ ਠੋਸ ਅਨੁਭਵ ਵੀ ਹੰਢਾਉਣ ਨੂੰ ਮਿਲ ਸਕਦੇ,
ਪਰ ਉਹ ਤਾਂ ‘ਮੱਥਾ ਭੰਨ ਬੈਠੇ’ ਸਨ, ‘ਦਿੱਲੀ ਦੇ
ਮੁਨਾਰਿਆਂ ਦੇ ਨਾਲ।’ ਤੇ ਬਾਅਦ ਵਿੱਚ ਪਤਾ ਨਹੀਂ ਆਪਣੀ ਕਿਹੜੀ ਦੁਖਦੀ ਰਗ ਨੂੰ ਸ਼ਾਂਤ ਕਰਨ
ਲਈ, ਆਪਣੀ ਪਤਨੀ ਦੇ ਸੁਝਾਓ ਤੇ ਉਨ੍ਹਾਂ ਨੇ ‘ਮੁਨਾਰਿਆਂ’ ਨੂੰ ‘ਚੁਬਾਰਿਆਂ’ ਕਰ ਦਿੱਤਾ ਸੀ।
ਕੁਝ ਇਸ ਪ੍ਰਥਾਇ ਹੀ ਸੁਰਗਵਾਸੀ ਡਾ: ਵਿਸ਼ਵਨਾਥ ਤਿਵਾੜੀ ਨੇ ਆਪਣੇ ਕੋਲ ਕੁੱਝ ‘ਪ੍ਰਮਾਣਾਂ’
ਦੀ ਗੱਲ ਕੀਤੀ ਸੀ, ਜਿਨ੍ਹਾਂ ਬਾਰੇ ਅੰਮ੍ਰਿਤਾ ਜੀ ਨੇ ‘ਨਾਗਮਣੀ’ ਵਿੱਚ ‘ਕਬਰਾਂ ਦੀ ਗਵਾਹੀ’
ਦੇ ਸਿਰਲੇਖ ਹੇਠ ਮੰਗ ਕੀਤੀ ਸੀ ਕਿ ਤਿਵਾੜੀ ਜੀ ਉਹਨਾਂ ਦੇ ਜੀਊਂਦੇ ਜੀਅ ਛਾਪਣ ਦੀ ਜੁਰਅੱਤ
ਕਰਨ। ਮੋਇਆਂ ਦੇ ਮਗਰੋਂ ਉਹਨਾਂ ਦੇ ਸੱਚ ਜਾਂ ਝੂਠ ਹੋਣ ਦੀ ਗਵਾਹੀ ਕਬਰਾਂ ਤਾਂ ਦੇ ਨਹੀਂ
ਸਕਣਗੀਆਂ। ਤਿਵਾੜੀ ਜੀ ਕੋਲ ਇਸ ਚੁਣੌਤੀ ਦਾ ਕੋਈ ਜਵਾਬ ਨਹੀਂ ਸੀ।
ਅੰਮ੍ਰਿਤਾ ਹੋਰਾਂ ਦੇ ਜੀਊਂਦੇ ਜੀਅ ਉਹਨਾਂ ਦੇ ਵਿਅਕਤੀਤਵ ਬਾਰੇ, ਉਹਨਾਂ ਦੀ ਰਹਿਤਲ ਕਾਰਨ
ਹੀ ਨਹੀਂ, ਸਗੋਂ ਉਹਨਾਂ ਦੀ ਰਚਨਾ ਦੇ ਆਧਾਰ ਤੇ ਵੀ ਫ਼ਤਵੇਬਾਜ਼ੀ ਹੁੰਦੀ ਰਹੀ ਹੈ।
ਮਿਸਾਲ ਦੇ ਤੌਰ ‘ਤੇ ਗੁਰੁ ਨਾਨਕ ਦੇਵ ਜੀ ਦੇ ਪੰਜ ਸੌਵੇਂ ਜਨਮ-ਪੁਰਬ ਦੇ ਅਵਸਰ ਤੇ ਉਹਨਾਂ
ਦੀ ਨਜ਼ਮ ‘ਨੌਂ ਸੁਪਨੇ’ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਨਜ਼ਮ ਵਿੱਚ ਅੰਮ੍ਰਿਤਾ ਹੋਰੀਂ,
ਆਪਣੀ ਕੁੱਖ ਵਿੱਚ ਬਾਲ ਦੇ ਨਿੰਮਣ ਦੀ ਘੜੀ ਤੋਂ ਲੈ ਕੇ ਉਸ ਦੇ ਜੰਮਣ ਤੀਕ, ਮਾਤਾ ਤ੍ਰਿਪਤਾ
ਦੀ ਨਿਰੋਲ ਮਾਤਰੀ ਦ੍ਰਿਸ਼ਟੀ ਤੋਂ ਮਨੋਦਸ਼ਾ ਨੂੰ ਚਿਤ੍ਰਣ ਦੀ ਕੋਸ਼ਿਸ਼ ਕੀਤੀ ਸੀ। ਇਸ ਨਜ਼ਮ
ਵਿਰੁੱਧ ਕੁੱਝ ਧਾਰਮਿਕ ਹਲਕਿਆਂ ਵੱਲੋਂ ਤਾਂ ਵਾਅ-ਵੇਲਾ ਮੱਚਿਆ ਹੀ ਸੀ ਪਰ ਦੁੱਖ ਦੀ ਗੱਲ ਇਹ
ਹੈ ਕਿ ਸਾਡੇ ਮਾਣਯੋਗ ਸਾਹਿਤ ਸਮਾਲੋਚਕ ਪ੍ਰੋਫ਼ੈਸਰ ਕਿਰਪਾਲ ਸਿੰਘ ‘ਕਸੇਲ’ ਹੋਰੀਂ ਅੰਮ੍ਰਿਤਾ
ਨੂੰ ‘ਕਾਮ ਦੀ ਕੀੜੀ’ ਆਖਣ ਦੀ ਹੱਦ ਤੱਕ ਚਲੇ ਗਏ ਸਨ। ਇਹੋ ਜਿਹੀ ਆਲੋਚਨਾ ਦੇ ਪਿੱਛੇ ਕਿਹੋ
ਜਿਹੀ ਮਾਨਸਿਕਤਾ ਹੋ ਸਕਦੀ ਹੈ, ਇਸ ਬਾਰੇ ਕਿਸੇ ਟਿੱਪਣੀ ਦੀ ਜ਼ਰੂਰਤ ਨਹੀਂ।
ਕਿਸੇ ਸਾਹਿਤ ਰਚਨਾ ਦੇ ਗੁਣ-ਦੋਸ਼ਾਂ ਬਾਰੇ ਆਲੋਚਕਾਂ ਦੀਆਂ ਵੱਖੋ-ਵੱਖਰੀਆਂ ਦ੍ਰਿਸ਼ਟੀਆਂ ਅਤੇ
ਦ੍ਰਿਸ਼ਟੀਕੋਣਾਂ ਦੇ ਆਧਾਰ ਤੇ ਅੱਡੋ-ਅੱਡਰੀਆਂ ਰਾਵਾਂ ਹੋ ਸਕਦੀਆਂ ਹਨ। ਪਰੰਤੂ ਸਾਹਿਤ ਦੀ
ਸਿਆਸਤ ਦੇ ਮੋਹਰੇ ਬਣ ਕੇ ਗ਼ੈਰ-ਜ਼ਿੰਮੇਵਾਰ ਗੱਲਾਂ ਕਰਨੀਆਂ ਕਤਈ ਸ਼ੋਭਾ ਨਹੀਂ ਦਿੰਦੀਆਂ।
ਸੱਤਰਵਿਆਂ ਵਿੱਚ ਆਲੋਚਕਾਂ ਦੇ ‘ਦਿੱਲੀ ਸਕੂਲ’ ਦੇ ਮੋਹਰੀ ਡਾ: ਹਰਿਭਜਨ ਸਿੰਘ ਅਤੇ ਉਹਨਾਂ
ਦੇ ਪੈਰੋਕਾਰਾਂ ਵੱਲੋਂ ਅਜੇਹੀਆਂ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਹਨ। 1974 ਵਿੱਚ
ਲੁਧਿਆਣੇ ਵਿੱਚ ਗੋਸ਼ਟੀ ਅਤੇ ਉਸ ਤੋਂ ਬਾਅਦ ਸ਼ਾਮ ਵੇਲੇ ਦੀ ਬੈਠਕ ਵਿੱਚ ਅੰਮ੍ਰਿਤਾ ਜੀ
ਵਿਰੁੱਧ ਹੋਏ ਅਨਾਚਾਰ ਅਤੇ ਉਸ ਸਭ ਕੁੱਝ ਦੀ ਹਰਨਾਮ ਦੇ ਨਾਮ ਹੇਠ ਛਪੀ ਰਿਪੋਰਟ ਵਿੱਚ, ਜੋ
ਗੱਲਾਂ ਇਹਨਾਂ ਸੱਜਣਾਂ ਨੇ ਆਪ ਕਹੀਆਂ ਸਨ, ਮੇਰੇ ਨਾਮ ਨਾਲ ਜੋੜ ਕੇ ਛਾਪ ਦਿੱਤੀਆਂ ਗਈਆਂ
ਸਨ। ਇਸ ਕੁਕਰਮ ਵਿਰੁੱਧ ਆਪਣਾ ਰੋਸ ਜ਼ਾਹਿਰ ਕਰਨ ਲਈ ਮੈਂ ਇੱਕ ਤਰਦੀਦੀ ਖ਼ਤ ‘ਇਕੱਤੀ ਫ਼ਰਵਰੀ’
ਵਾਲਿਆਂ ਨੂੰ ਲਿਖਿਆ ਸੀ। ਇਸ ਖ਼ਤ ਦਾ ਉਤਾਰਾ ਮੈਂ, ਅੰਮ੍ਰਿਤਾ ਜੀ ਹੋਰਾਂ ਨੂੰ ਲਿਖੀ ਚਿੱਠੀ
ਦੇ ਨਾਲ ਵੀ ਨੱਥੀ ਕਰ ਦਿੱਤਾ ਸੀ। ਦੋਨੋਂ ਖ਼ਤ ਇਸ ਪ੍ਰਕਾਰ ਸਨ:
ਸਤਿਕਾਰਯੋਗ ਅੰ੍ਰਿਮਤਾ ਜੀ,
‘ਇਕੱਤੀ ਫ਼ਰਵਰੀ’ ਦੇ ਮਾਰਚ, 74 ਅੰਕ ਵਿੱਚ ‘ਲੁਧਿਆਣੇ ਦੀ ਗੋਸ਼ਟੀ ਅਤੇ ਅਗੋਸ਼ਟੀ’ ਦੇ ਸਿਰਲੇਖ
ਹੇਠ ਲਿਖੀ ਹਰਨਾਮ ਦੀ ਰਿੋਪਰਤਾਜ ਅਨੇਕਾਂ ਗਲਤ-ਬਿਆਨੀਆਂ ਨਾਲ ਭਰੀ ਪਈ ਹੈ। ਜੇ ਗੱਲ ਕੇਵਲ
ਮੇਰੇ ਪਰਚੇ ਨੂੰ ਹੀ ਨਿੰਦਣ ਪੜਚੋਲਣ ਤੱਕ ਸੀਮਿਤ ਹੁੰਦੀ ਅਤੇ ਮੇਰੀ ਜ਼ਾਤ ਨੂੰ ਇਸ ਵਿੱਚ
ਮੱਲੋਜ਼ੋਰੀ ਨਾ ਧੂਹਿਆ ਗਿਆ ਹੁੰਦਾ ਤਾਂ ਮੈਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਸੀ ਹੋਣਾ।
ਮੈਨੂੰ ਹੋਰ ਬੰਦਿਆਂ ਨੂੰ ਮੁਖ਼ਾਤਬ ਕਰਵਾ ਕੇ ਹਰਨਾਮ ਨੇ ਮੇਰੇ ਮੂੰਹ ਵਿੱਚ ਇਹ ਸ਼ਬਦ ਪਾਏ ਹਨ:
“ਹਜ਼ੂਰ ਤੁਸੀਂ ਤਾਂ ਅੰਮ੍ਰਿਤਾ ਪਰੀਤਮ ਦੇ ਯੁਗ ਵਿੱਚ ਪੈਦਾ ਹੋਏ ਹੋ, ਅਸੀਂ ਤੁਹਾਨੂੰ ਜਾਣਦੇ
ਹਾਂ, ਸ਼ਰਮਿੰਦਾ ਹੋਵੋ।”
ਜੇ ਇਹ ਕੂੜ ਹਰਨਾਮ ਦੇ ਕੇਵਲ ਮੂੰਹ ਦੀ ਹੀ ਹਵਾੜ ਰਹਿੰਦਾ ਤਾਂ ਹੋਰ ਗੱਲ ਸੀ ਪਰ ਕਿਉਂਕਿ ਇਸ
ਨੂੰ ਛਾਪ ਕੇ ਵੰਡਿਆ ਗਿਆ ਹੈ, ਇਸ ਲਈ ਅਸਲੀਅਤ ਦਾ ਬਿਆਨ ਕਰਨਾ ਜ਼ਰੂਰੀ ਹੋ ਗਿਆ ਹੈ।
ਉਸ ਦਿਨ ਪਾਤਰ ਦੇ ਕਮਰੇ ਵਿੱਚ ਜੁੜੀ ਮਹਿਫ਼ਿਲ ਵਿੱਚ ਇਸ ਮਨੋਰਥ ਨਾਲ ਸ਼ਾਮਿਲ ਹੋਇਆ ਸਾਂ ਕਿ
ਕੁੱਝ ਸੱਜਣਾਂ ਨੇ ਆਪਣੀਆਂ ਆਲੋਚਨਾਤਮਕ ਟਿੱਪਣੀਆਂ ਅਤੇ ਡਾ: ਹਰਿਭਜਨ ਸਿੰਘ ਹੋਰਾਂ ਆਪਣੇ
ਪ੍ਰਧਾਨਗੀ ਭਾਸ਼ਣ ਵਿੱਚ ਜਿਹੜੇ ਬਹਿਸ ਗੋਚਰੇ ਨੁਕਤੇ ਉਠਾਏ ਸਨ, ਉਹਨਾਂ ਦਾ ਗ਼ੈਰ ਰਸਮੀ ਬੈਠਕ
ਵਿੱਚ ਨਿਤਾਰਾ-ਨਿਪਟਾਰਾ ਕੀਤਾ ਜਾ ਸਕੇ। ਪਰ ਓਥੇ ਵਾਤਾਵਰਣ ਹੀ ਕੁੱਝ ਹੋਰ ਸੀ। ਗੱਲ
ਤੁਹਾਡੇ, ਇੱਕ ਹੋਰ ਸਮਕਾਲੀ ਲੇਖਕਾ ਅਤੇ ਇੱਕ ਆਲੋਚਕ ਵਿਰੁੱਧ ਊਜਾਂ ਅਤੇ ਭੰਡੀ ਪ੍ਰਚਾਰ ਤੋਂ
ਅਗਾਂਹ ਤੁਰਦੀ ਹੀ ਨਹੀਂ ਸੀ। ਡਾਂ: ਹਰਿਭਜਨ ਸਿੰਘ ਬੜੀ ਚਤੁਰਾਈ ਨਾਲ ਇਸ ਚੁੰਝ-ਚਰਚਾ ਦੇ
ਸੰਚਾਲਕ ਹੋਣ ਦਾ ਰੋਲ ਨਿਭਾ ਰਿਹਾ ਸੀ। ਕੁੱਝ ਲੋਕ -ਚਲੋ ‘ਵਾਜ ਤੇ ਲੱਗੇ ਬਟੇਰਿਆਂ ਦੀ ਕੀ
ਗੱਲ ਕਰਨੀ ਹੈ। ਮੈਨੂੰ ਡਾਕਟਰ ਸਾਹਿਬ ਦਾ ਰੋਲ ਚੰਗਾ ਨਹੀਂ ਸੀ ਲੱਗਿਆ। ਮੈਂ ਉਹਨਾਂ ਨੂੰ
ਮੁਖ਼ਾਤਬ ਹੋ ਕੇ ਆਖਿਆ ਸੀ: ਹਜ਼ੂਰ, ਤੁਸੀਂ ਤਾਂ ਅੰਮ੍ਰਿਤਾ ਪ੍ਰੀਤਮ ਦੇ ਯੁਗ ਵਿੱਚ ਜੀਊਣ ਨੂੰ
ਹੀ ਆਪਣਾ ਸੁਭਾਗ ਕਹਿ ਚੁੱਕੇ ਹੋ ਅਤੇ ਨਾਗਮਣੀ ਦੇ ਕਿਸੇ ਅੰਕ ਵਿੱਚ ਕਠਮੰਡੂ ਦੀ ਯਾਤਰਾ ਦਾ
ਜ਼ਿਕਰ ਕਰਦਿਆਂ ਪਤਾ ਨਹੀਂ ਕਿਹੜੇ ਕਿਹੜੇ ਸ਼ਬਦਾਂ ਵਿੱਚ ਆਪਣਾ ਖਿਰਾਜੇ-ਅਕੀਦਤ ਪੇਸ਼ ਕਰ ਚੁੱਕੇ
ਹੋ, ਅਤੇ ਹੁਣ ਇਸ ਅਚਾਨਕ ਕਲਾਬਾਜ਼ੀ ਦਾ ਕੀ ਅਰਥ ਸਮਝੀਏ?
ਪਲ ਦੀ ਪਲ ਲਈ ਡਾਕਟਰ ਸਾਹਿਬ ਦੀ ਜ਼ਬਾਨ ਥਥਲਾ ਗਈ ਸੀ। ਮਗਰੋਂ ਉਹਨਾਂ ਕੁੱਝ ਇਹੋ ਜਿਹਾ
ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਉਹਨਾਂ ਨੇ ਨਾਗਮਣੀ ਵਾਲਾ ਲੇਖ ਆਪ ਨਾ ਲਿਖਿਆ
ਹੋਵੇ ਜਾਂ ਉਸ ਵਿੱਚ ਛਪਣ ਤੋਂ ਪਹਿਲਾਂ ਤੁਸੀਂ ਆਪ ਹੀ ਕਾਫ਼ੀ ਸਾਰੀ ਤਬਦੀਲੀ ਕਰ ਕਰਵਾ ਲਈ
ਹੋਵੇ। ਮੇਰੀ ਇਸ ਜਵਾਬ ਨਾਲ ਤਸੱਲੀ ਨਹੀਂ ਸੀ ਹੋਈ। “ਤੁਸੀਂ ਕਿਸੇ ਗੱਲ ਦੀ ਤਰਦੀਦ ਕਿਉਂ ਨਾ
ਕੀਤੀ?” ਮੇਰਾ ਦੂਜਾ ਸਵਾਲ ਸੀ, ਜਿਸਦਾ ਡਾਕਟਰ ਸਾਹਿਬ ਕੋਲ ਕੋਈ ਜਵਾਬ ਨਹੀਂ ਸੀ।
ਮੇਰੇ ਵੱਲੋਂ ਕਹੇ ਸ਼ਬਦਾਂ ਅਤੇ ਹਰਨਾਮ ਦੁਆਰਾ ਮੇਰੇ ਮੂੰਹ ਵਿੱਚ ਪਾਏ ਗਏ ਸ਼ਬਦਾਂ ਦੀ ਟੋਨ
ਅਤੇ ਅਰਥਾਂ ਵਿਚਕਾਰ ਕਿੰਨਾ ਫ਼ਰਕ ਹੈ, ਇਸ ਗੱਲ ਦਾ ਅਨੁਮਾਨ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਕਿਸੇ ਲੇਖਕ ਬਾਰੇ ਪਹਿਲੀ ਬਣੀ ਰਾਏ ਬਦਲਣੀ ਪੈ ਜਾਏ- ਇਸ ਗੱਲ ਦੀ ਸਮਝ ਆ ਸਕਦੀ ਹੈ। ਪਰ
ਰਾਇ-ਬਦਲੀ ਦਾ ਆਧਾਰ ਈਮਾਨਦਾਰੀ ਦੀ ਥਾਂ ਕੋਈ ਹੋਰ ਹੋਵੇ- ਤਾਂ ਉਸ ਨਾਲ ਸਹਿਮਤ ਨਹੀਂ ਹੋਇਆ
ਜਾ ਸਕਦਾ। ਅਵਸਰਵਾਦ ਬੇਸ਼ੱਕ ਨੀਤੀਵਾਨਾਂ ਦਾ ਹੋਵੇ ਭਾਵੇਂ ਸਾਹਿਤਕਾਰਾਂ ਦਾ- ਇਸ ਦਾ ਖੰਡਨ
ਜ਼ਰੂਰ ਹੋਣਾ ਚਾਹੀਦਾ ਹੈ। ਮੈਨੂੰ ਇਸ ਗੱਲ ਦੀ ਜ਼ਿਹਨੀ ਤਸਕੀਨ ਹੈ ਕਿ ਮੈਂ ਇਹ ਖੰਡਨ ਸਭਨਾਂ
ਦੇ ਸਾਹਮਣੇ ਕੀਤਾ ਸੀ। ਕੁੱਝ ਹੋਰ ਗੱਲਾਂ ਵੀ ਸੁਣਾਉਣੀਆਂ ਪਈਆਂ ਸਨ, ਪਰ ਉਹਨਾਂ ਦਾ ਜ਼ਿਕਰ
ਇੱਥੇ ਜ਼ਰੂਰੀ ਨਹੀਂ।
ਸਮੁੱਚੇ ਮਾਹੌਲ ਤੋਂ ਏਨੀ ਕੋਫ਼ਤ ਮਹਿਸੂਸ ਹੋ ਰਹੀ ਸੀ ਕਿ ਮੈਂ ਬਾਹਰ ਆ ਗਿਆ ਸਾਂ। ਦੇਵ ਮੇਰੇ
ਨਾਲੋਂ ਵੀ ਵੱਧ ਸਤਿਆ ਬੈਠਾ ਸੀ। ਉਹ ਵੀ ਮਗਰੇ ਆ ਗਿਆ। ਦੇਵ ਨੇ ਤਾਂ ਮੈਨੂੰ ਪੈਰੀਂ ਜੁੱਤੀ
ਵੀ ਨਹੀਂ ਸੀ ਪਾਉੇਣ ਦਿੱਤੀ। ਅਸੀਂ ਦੋਨੋਂ ਨੰਗੇ ਪੈਰੀਂ ਹੀ ਬਿਨਾਂ ਦੱਸੇ ਓਥੋਂ ਉੱਠ ਕੇ ਆ
ਗਏ ਸਾਂ। ਜੁੱਤੀਆਂ ਸਵੇਰੇ ਆਣ ਕੇ ਲਈਆਂ ਸਨ।
‘ਇਕੱਤੀ ਫ਼ਰਵਰੀ’ ਵਾਲਿਆਂ ਨੇ ਮੇਰੇ ਸ਼ਬਦਾਂ ਨੂੰ ਤੋੜ-ਮਰੋੜ ਕੇ ਉਹਨਾਂ ਵਿੱਚ ਆਪਣੇ ਅਨਰਥ
ਭਰੇ ਹਨ- ਇਸ ਗੱਲ ਦਾ ਮੈਨੂੰ ਗਹਿਰਾ ਦੁੱਖ ਹੈ। ਇਸ ਬਾਰੇ ਉਹਨਾਂ ਲੋਕਾਂ ਨੂੰ ਵੀ ਹੁਣੇ ਇੱਕ
ਖ਼ਤ ਲਿਖਾਂਗਾ। ਉਸਦੀ ਨਕਲ ਇਸ ਖ਼ਤ ਨੂੰ ਬੰਦ ਕਰਨ ਤੋਂ ਪਹਿਲਾਂ ਨੱਥੀ ਕਰ ਦਿਆਂਗਾ।
ਸਤਿਕਾਰ ਸਹਿਤ
ਆਪਦਾ ਵਿਸ਼ਵਾਸ ਪਾਤਰ,
(ਸਾਧੂ ਸਿੰਘ)
ਲੁਧਿਆਣਾ
ਅਪਰੈਲ 15, 1974
ਪਿਆਰੇ ਨੂਰ, ਹਰਨਾਮ,
ਸਲਾਮ,
ਮੈਨੂੰ ਇਹ ਮੰਨਣ ਵਿੱਚ ਕੋਈ ਆਪੱਤੀ ਨਹੀਂ ਹੈ ਕਿ ਸਿਰਜਣਾ ਅਤੇ ਸਮਾਲੋਚਨਾ ਬਾਰੇ ਤੁਹਾਡੇ
ਮਿਆਰ ਮੇਰੇ ਨਾਲੋਂ ਵੱਖਰੇ ਹੈਨ ਹੀ, ਉੱਤਮ ਵੀ ਹੋ ਸਕਦੇ ਹਨ। ਕਦੀ ਵੀ ਮਿਲ ਬੈਠਣ ਦਾ ਮੌਕਾ
ਮਿਲਿਆ ਅਤੇ ਗੰਭੀਰ ਗੱਲਬਾਤ ਦਾ ਮਾਹੌਲ ਬਣ ਸਕਿਆ, ਤਾਂ ਦਿਲ ਦੀਆਂ ਗੱਲਾਂ ਜ਼ਰੂਰ
ਸੁਣਾਂ-ਆਖਾਂਗਾ। ਨਿਰੀ ਫ਼ਤਵੇਬਾਜ਼ੀ ਸਾਹਮਣੇ ਹੀ ਸਿਰ ਝੁਕਾ ਸਕਣਾ ਮੇਰੇ ਵੱਸ ਦੀ ਗੱਲ ਨਹੀਂ।
ਪਰ ਤੁਸੀਂ ਦਿੱਲੀ ਯੂਨੀਵਰਸਿਟੀ ਵਾਲੇ ਦੋਸਤੋ, ਦਾਅਵੇ ਤਾਂ ‘ਸ਼ੁੱਧ ਸਾਹਿਤ’ ਅਤੇ ‘ਦੋਸਤੀ
ਤੋਂ ਦੋਸਤੀ ਦੀ ਤਲਾਸ਼’ ਦੇ ਕਰਦੇ ਹੋ, ਪਰ ਹੋ ਤੁਸੀਂ ਅਸਲ ਵਿੱਚ ਸਾਹਿਤਕ ਨੀਤੀਵਾਨ ਹੀ।
ਆਪਣੀ ਦਿੱਲੀ ਦੇ ਸਾਹਿਤਕ ਜਗਤ ਵਿੱਚ ਤਾਕਤਾਂ ਦੇ ਮੌਜੂਦਾ ਤੋਲ ਬਾਬਤ ਸਮਝ ਅਨੁਸਾਰ, ਤੁਸੀਂ
ਆਪਣੀ ਆਲੋਚਨਾਤਮਕ ਰਣ-ਨੀਤੀ ਦਾ ਮੁੱਖ ਧਾਰਾ ਅੰਨ੍ਹੇ-ਅੰਮ੍ਰਿਤਾ ਵਿਰੋਧ ਨੂੰ ਬਣਾਇਆ ਹੋਇਆ
ਹੈ। ਤੁਹਾਡੀ ਸਮਝ ਤੁਹਾਨੁੰ ਮੁਬਾਰਕ।
ਪਰ ਮਿੱਤਰੋ! ਜਿਹੜੇ ਲੋਕ ਤੁਹਾਡੇ ਇਸ ਨਾਟਕ ਵਿੱਚ ਸ਼ਰੀਕ ਹੋ ਕੇ ਤੁਹਾਡੀ ਡੁਗਡੁਗੀ ਤੇ
ਨੱਚਣਾ ਨਹੀਂ ਚਾਹੁੰਦੇ, ਉਹਨਾਂ ਦੀ ਮੱਲੋਜ਼ੋਰੀ ਕਿਉਂ ਧੂਹ-ਖਿੱਚ ਕਰ ਰਹੇ ਹੋ? ਤੁਹਾਡੀ
ਯਾਦ-ਸ਼ਕਤੀ ਏਨੀ ਮੱਧਮ ਬਿਲਕੁਲ ਨਹੀਂ ਹੋਣੀ ਕਿ ਲੁਧਿਆਣਾ
’
ਦੀ ‘ਕਮਰਾ ਗੋਸ਼ਟੀ ਵਿੱਚ ਅੰਮ੍ਰਿਤਾ ਵਿਰੁੱਧ ਭੰਡੀ ਪ੍ਰਚਾਰ ਦੇ ਸੂਤਰਧਾਰ ਬਣੀ ਬੈਠੇ ਡਾਕਟਰ
ਹਰਿਭਜਨ ਸਿੰਘ ਹੋਰਾਂ ਨੂੰ ਮੈਂ ਇਹ ਆਖਿਆ ਸੀ: ਡਾਕਟਰ ਸਾਹਿਬ ਤੁਸੀਂ ਤਾਂ ਅੰਮ੍ਰਿਤਾ ਦੇ
ਯੁਗ ਵਿੱਚ ਜੀਊਣ ਨੂੰ ਆਪਣਾ ਸੁਭਾਗ ਆਖ ਚੁੱਕੇ ਹੋ ਅਤੇ ਕਠਮੰਡੂ ਦੀ ਯਾਤਰਾ ਦਾ ਜ਼ਿਕਰ ਕਰ ਕੇ
ਅੰਮ੍ਰਿਤਾ ਨੂੰ ਪਤਾ ਨਹੀਂ ਕਿਹੜੇ ਸ਼ਬਦਾਂ ਵਿੱਚ ਆਪਣਾ ਖ਼ਿਰਾਜ਼-ਏ-ਅਕੀਦਤ ਪੇਸ਼ ਕਰ ਚੁੱਕੇ ਹੋ
ਅਤੇ ਹੁਣ ਅਚਾਨਕ ਹੀ ਉਲਟ ਕਲਾਬਾਜ਼ੀ ਮਾਰ ਰਹੇ ਹੋ? ਇਹਦੀ ਥਾਂ ਹਰਨਾਮ ਹੋਰਾਂ ਲਿਖਿਆ ਹੈ
(ਸਾਧੂ: ਤੁਸੀਂ ਤਾਂ ਅੰਮ੍ਰਿਤਾ ਦੇ ਜੁਗ ਵਿੱਚ ਪੈਦਾ ਹੋਏ ਹੋ। ਅਸੀਂ ਤੁਹਾਨੁੰ ਜਾਣਦੇ ਹਾਂ,
ਸ਼ਰਮਿੰਦਾ ਹੋਵੋ।) ਜਿਵੇਂ ਮੈਂ ਅੰਮ੍ਰਿਤਾ ਦੇ ਸਮਕਾਲੀ ਹੋਣ ਦੀ ਸਥਿਤੀ ਨੂੰ ਹੀ ਸ਼ਰਮਸਾਰੀ ਦੀ
ਗੱਲ ਸਮਝਦਾ ਹੋਵਾਂ। ਕਿਆ ਜਵਾਬ ਹੈ ਤੁਹਾਡੀ ਪੇਸ਼ਕਾਰੀ ਦਾ। ਅਗਲੀਆਂ ਗੱਲਾਂ ਨੂੰ ਦੁਹਰਾਉਣ
ਦੀ ਲੋੜ ਇਸ ਕਰ ਕੇ ਨਹੀਂ ਮਹਿਸੂਸ ਹੋ ਰਹੀ ਕਿਉਂਕਿ ਤੁਹਾਨੂੰ ਚੇਤੇ ਤਾਂ ਸਾਰੀਆਂ ਹੀ ਗੱਲਾਂ
ਹੈਨ। ਆਪਣੀ ਸੋਚੀ ਸਮਝੀ ਨੀਤੀ ਅਨੁਸਾਰ ਜਾਣ-ਬੁੱਝ ਕੇ ਹੀ ਘੋਗਲਕੰਨੇ ਬਣੇ ਬੈਠੇ ਹੋ।
ਸ਼ਾਇਰ ਅਤੇ ਸਮਾਲੋਚਕ ਹਰਿਭਜਨ ਸਿੰਘ ਦਾ ਮੈਂ ਮੁੱਢੋਂ ਹੀ ਕਦਰਦਾਨ ਰਿਹਾ ਹਾਂ। ਪਰ ਮਿੱਤਰੋ!
ਕਿਸੇ ਸਾਹਿਤਕਾਰ ਦੀ ਕਦਰਦਾਨੀ ਲਈ ਉਹਦੀਆਂ ਰਖੇਲਾਂ ਬਣਨਾ ਜ਼ਰੂਰੀ ਨਹੀਂ ਹੁੰਦਾ।
ਨੂਰ-ਸਾਹਿਬ, ਜੇ ਹਰਨਾਮ ਨੇ ਤੁਹਾਨੂੰ ਉਸ ਵਾਰਤਾਲਾਪ ਦੀ ਰਿਪੋਰਟ ਲਿਖ ਭੇਜੀ ਹੁੰਦੀ ਜਿਸ
ਵਿੱਚ ਤੁਸੀਂ ਜ਼ਾਤੀ ਤੌਰ ‘ਤੇ ਸ਼ਾਮਿਲ ਨਾ ਹੁੰਦੇ ਤਾਂ ਉਸ ਵਿਚਲੇ ਝੂਠ ਬਾਬਤ ਤੁਹਾਡੀ ਕੋਈ
ਜ਼ਿੰਮੇਵਾਰੀ ਨਹੀਂ ਸੀ ਹੋਣੀ। ਪਰ ਤੁਸੀਂ ਸਭ ਕੁੱਝ ਜਾਣਦੇ ਹੋਏ ਵੀ ਹਰਨਾਮ ਵੱਲੋਂ ਗਲਤ ਤੌਰ
‘ਤੇ ਮੇਰੇ ਮੱਥੇ ਮੜ੍ਹੇ ਸ਼ਬਦਾਂ ਨੂੰ ਜਿਓਂ ਦੀ ਤਿਓਂ ਛਾਪ ਗਏ ਹੋ, ਇਸ ਲਈ ਮੇਰਾ ਤੁਹਾਡੇ
ਪੁਰ ਗਿਲਾ ਹੈ।
ਹਰਿਭਜਨ ਸਿੰਘ ਦੇ ਸਮਕਾਲੀ, ਕਦਰਦਾਨ ਅਤੇ ਦੋਸਤ ਬਣੋ। ਉਹਨੂੰ ਮੱਠਧਾਰੀ ਬਣਾ ਕੇ ਆਪ ਮਜੌਰ
ਬਣ ਜਾਣ ਨਾਲ ਤੁਹਾਡਾ ਕਿਸੇ ਦਾ ਵੀ ਕੁੱਝ ਨਹੀਂ ਸੌਰਨਾ……ਜਾਂ ਸਹੀ ਅਰਥਾਂ ਵਿੱਚ ਬੁਲੰਦ
ਹੋਵੋ, ਨਹੀਂ ਤਾਂ ਇਹ ਦਾਅਵਾ ਛੱਡੋ ਕਿ “ਮੇਰੀ ਤਲਾਸ਼ ਦੋਸਤੀ ਤੇ ਦੋਸਤੀ ਤੱਕ ਦਾ ਸਫ਼ਰ ਹੀ
ਨਹੀਂ, ਮੱਥੇ ਵਿੱਚ ਜਗਦੀ ਜੋਤ, ਆਪਣੀ ਨੀਝ ਨਾਲ ਤੁਰਦੇ ਹੋਏ ਮਨੁੱਖ ਦੀ ਤਲਾਸ਼ ਹੈ।”
ਤੁਾਹਡਾ ਆਪਣਾ,
ਸਾਧੂ ਸਿੰਘ
ਲਧਿਆਣਾ
ਅਪਰੈਲ 15, 1974
‘ਇਕੱਤੀ ਫ਼ਰਵਰੀ’ ਵਾਲੇ ਸਾਹਿਬਾਨ ਨੇ ਨਾ ਮੇਰੀ ਚਿੱਠੀ ਛਾਪੀ ਸੀ ਅਤੇ ਨਾ ਹੀ ਉਹਦਾ ਕੋਈ
ਜਵਾਬ ਦਿੱਤਾ ਸੀ। ਹਾਂ! ਅੰਮ੍ਰਿਤਾ ਹੋਰੀਂ ਜ਼ਰੂਰ ਮੁੜਦੀ ਡਾਕੇ ਜਵਾਬ ਦਿੱਤਾ ਸੀ:
18-4-74
ਪਿਆਰੇ ਸਾਧੂ ਸਿੰਘ ਜੀ,
ਤੁਹਾਡੀਆਂ ਦੋਹਵੇਂ ਚਿੱਠੀਆਂ ਪੜ੍ਹੀਆਂ ਹਨ, ਮੈਂ ਉਦਾਸ ਜ਼ਰੂਰ ਹਾਂ, ਪਰ ਹੈਰਾਨ ਨਹੀਂ।
ਜਾਣਦੀ ਹਾਂ-- ਅੱਜ ਕੱਲ ਡਾਕਟਰ ਹਰਿਭਜਨ ਸਿੰਘ ਇਸੇ ਕੰਮ ਤੇ ਲੱਗੇ ਹੋਏ ਹਨ, ਕਈ ਤਰ੍ਹਾਂ
ਨਾਲ। ਜਿੱਥੇ ਅਤੇ ਜਦੋਂ ਵੀ ਉਹਨਾਂ ਦਾ ਵਾਹ ਲੱਗਦਾ ਹੈ- ਕਦੇ ਸਕੂਲਾਂ ਕਾਲਜਾਂ ਦੀਆਂ
ਕਿਤਾਬਾਂ ਵਿੱਚ ਉਹਨਾਂ ਦੇ ਵਰਕੇ ਬਦਲਵਾਂਦੇ ਹਨ, ਕਦੇ ਲੋਕਾਂ ਕੋਲੋਂ ਲਿਖਵਾਂਦੇ ਛਪਵਾਂਦੇ
ਹਨ। ਮੇਰੀ ਹੋਂਦ ਕਿਸੇ ਤਰ੍ਹਾਂ ਵੀ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ। ਉਦਾਸ ਮੈਂ ਆਪਣੀ
ਖ਼ਾਤਰ ਨਹੀਂ, ਉਹਨਾਂ ਦੀ ਖ਼ਾਤਰ ਹਾਂ- ਕਿ ਇੱਕ ਚੰਗੇ ਸ਼ਾਇਰ ਦਾ ਇਹ ਕੀ ਹਸ਼ਰ ਹੋ ਰਿਹਾ ਹੈ!
ਸ਼ੁਭ ਚਿੰਤਕ: ਅੰਮ੍ਰਿਤਾ ਪ੍ਰੀਤਮ
ਮੰਦ-ਭਾਵਨਾਵਾਂ ਅਤੇ ਸੁਆਰਥ ਉੱਪਰ ਆਧਾਰਿਤ ਇਹਨਾਂ ਵਿਦਵਾਨਾਂ ਦੀ ‘ਦੋਸਤੀ’ ਦਾ ਇਹ ਹਸ਼ਰ
ਹੋਇਆ ਸੀ ਕਿ ਆਪਣੇ ਵਿਭਾਗ ਦੇ ਮੁਖੀ ਦੇ ਅਹੁਦੇ ਤੋਂ ਇਸ ਮਹਾਂਰਥੀ ਦੇ ਸੇਵਾ-ਮੁਕਤ ਹੋਣ
ਵੇਲੇ ਇਹਨਾਂ ਦੇ ਹੋਰ ਸਹਿਯੋਗੀਆਂ ਨੇ ਉਹਨੂੰ ਰਸਮੀ ਵਿਦਾਇਗੀ ਪਾਰਟੀ ਵੀ ਨਹੀਂ ਸੀ ਦਿੱਤੀ।
ਸਾਡੇ ਦਿਮਾਗ਼ਾਂ ਵਿੱਚ ਤਾਂ ਡਾ: ਹਰਿਭਜਨ ਸਿੰਘ ਹੋਰੀਂ ਵੀ ਵਸੇ ਰਹਿਣਗੇ। ਪਰੰਤੂ ਅੰਮ੍ਰਿਤਾ
ਦਾ ਵਸੇਬਾ ਦਿਮਾਗ਼ਾਂ ਦੇ ਨਾਲੋ ਨਾਲ ਅਸਾਂ ਪੰਜਾਬੀਆਂ ਨਹੀਂ, ਸਗੋਂ ਹੋਰ ਬਹੁਤ ਸਰੇ ਲੋਕਾਂ
ਦੇ ਦਿਲਾਂ ਵਿੱਚ ਵੀ ਬਰਕਰਾਰ ਰਹੇਗਾ।
ਇੱਕ ਨਿੱਕੀ ਜੇਹੀ ਘਟਨਾ ਦੇ ਬ੍ਰਿਤਾਂਤ ਨਾਲ ਆਪਣੀ ਗੱਲ ਖ਼ਤਮ ਕਰਦਾ ਹੈ। 1986 ਵਿੱਚ ਭਾਰਤੀ
ਸਾਹਿਤ ਅਕਾਦਮੀ ਵੱਲੋਂ ਸਿਰਜਣਾਤਮਕ ਸਾਹਿਤ ਦੇ ਅਨੁਵਾਦ ਦੀ ਇੱਕ ਵਰਕਸ਼ਾਪ ਵਿੱਚ ਸ਼ਮੂਲੀਅਤ
ਦੌਰਾਨ ਪੰਜਾਬੀ ਵਿੱਚ ਹੋਰਨਾਂ ਭਾਸ਼ਾਵਾਂ ਵਿੱਚ ਹੋਏ ਅਨੁਵਾਦ ਬਾਰੇ ਇੱਕ ਪੇਪਰ ਲਿਖਣ ਦਾ ਕੰਮ
ਮੇਰੇ ਜ਼ਿੰਮੇ ਲੱਗਾ ਸੀ। ਹੋਰ ਸਾਥੀਆਂ ਨਾਲ ਹੋਈ ਸਰਸਰੀ ਜਿਹੀ ਗੱਲਬਾਤ ਵਿੱਚ ਅੰਮ੍ਰਿਤਾ
ਹੋਰਾਂ ਦੀ ਲਾਇਬ੍ਰੇਰੀ ਵਿੱਚ ਜਾਣ ਦਾ ਜ਼ਿਕਰ ਆਇਆ ਸੀ।
“ਤੂੰ ਅੰਮ੍ਰਿਤਾ ਹੋਰਾਂ ਨੂੰ ਜਾਣਦੈਂ?”
ਆਂਧਰਾ ਪ੍ਰਦੇਸ਼ ਤੋਂ ਆਈ ਪ੍ਰੋਫ਼ੈਸਰ ਸੁਜਾਤਾ ਵਿਸਮਾਦ ਦੀ ਸੂਰਤ ਬਣੀ ਪੁੱਛ ਰਹੀ ਸੀ।
“ਆਹੋ” ਮੈਂ ਸੁਭਾਵਕ ਹੀ ਕਿਹਾ ਸੀ।
ਸੁਜਾਤਾ ਕਹਿੰਦੀ ਸੀ ਕਿ ਇਸ ਵਰਕਸ਼ਾਪ ਦਾ ਤਾਂ ਐਵੇਂ ਬਾਹਨਾ ਹੀ ਸੀ। ਅਸਲ ਵਿੱਚ ਦਿੱਲੀ ਆਉਣ
ਵੇਲੇ ਉਹ ਦੋ ਮਨੋਰਥ ਮਿਥ ਕੇ ਆਈ ਸੀ। ਇੱਕ ਕੁਤਬਮੀਨਾਰ ਨੂੰ ਦੇਖਣ ਅਤੇ ਦੂਜਾ ਅੰਮ੍ਰਿਤਾ
ਨੂੰ।
-ਤੂੰ ਮੈਨੂੰ ਅੰਮ੍ਰਿਤਾ ਨੂੰ ਮਿਲਾ ਸਕਦੈਂ?
-ਚਲੇ ਚੱਲਾਂਗੇ ਕਦੇ।
-ਕਦੇ ਨਹੀਂ ਹੁਣੇ।
ਸੁਜਾਤਾ ਇਸ ਕਾਰਜ ਵਿੱਚ ਢਿੱਲ ਕਰਨ ਦੇ ਰੌਂ ਵਿੱਚ ਨਹੀਂ ਸੀ।
“ਚੰਗਾ ਮੈਂ ਹੁਣੇ ਕੱਪੜੇ ਬਦਲ ਕੇ ਆਉਨਾਂ।”
ਸਵੇਰ ਦੀ ਚਾਹ ਕੁਰਤੇ ਪਜਾਮੇ ਵਿੱਚ ਹੀ ਪੀਣ ਆ ਗਿਆ ਸਾਂ।
“ਕੱਪੜੇ ਬਦਲਣ ਦੀ ਕੋਈ ਲੋੜ ਨਹੀਂ, ਤੂੰ ਕੁਰਤੇ ਪਜਾਮੇ ਵਿੱਚ ਹੀ ਬੜਾ ਸੋਹਣਾ ਲੱਗਦੈਂ।
ਸੁਜਾਤਾ ਦਾ ਫ਼ੈਸਲਾ ਸੀ।” ਸੁਜਾਤਾ ਦਾ ਫ਼ੈਸਲਾ ਸੀ।
“ਕੁਝ ਪੈਸੇ ਤਾਂ ਲੈ ਆਉਣ ਦਿਓ ਉੱਪਰੋਂ ਕਮਰੇ ‘ਚੋਂ।”
“ਨਹੀਂ, ਪੈਸੇ ਮੇਰੇ ਪਰਸ ‘ਚ ਬਥੇਰੇ ਨੇ।”
ਸੁਜਾਤਾ ਦੀ ਚਾਹਤ ਦਾ ਸੰਖੇਪ ਜਿਹਾ ਜ਼ਿਕਰ ਕਰਕੇ ਮੈਂ ਉਹਨਾਂ ਨੂੰ ਅੰਮ੍ਰਿਤਾ ਹੋਰਾਂ ਦੇ
ਹਵਾਲੇ ਕਰ ਕੇ ਆਪ ਇਮਰੋਜ਼ ਜੀ ਦੇ ਸਟੂਡੀਓ ਵਿੱਚ ਚਲਾ ਗਿਆ ਸਾਂ। ਵਾਪਸੀ ਵੇਲੇ ਸੁਜਾਤਾ ਇੰਜ
ਤਸੱਲੀ ਭਰੇ ਉਮਾਹ ਵਿੱਚ ਸੀ ਜਿਵੇਂ ‘ਮਾਊਂਟ ਐਵਰੈਸਟ’ ਨੂੰ ਸਰ ਕਰ ਕੇ ਆਈ ਹੋਵੇ।
ਫ਼ਰਵਰੀ 4/ 2006
-0-
|