Welcome to Seerat.ca
Welcome to Seerat.ca

ਕੀ ਸਰਾਭੇ ਦੀ ਕੋਈ ਪ੍ਰੇਮਿਕਾ ਵੀ ਸੀ?

 

- ਵਰਿਆਮ ਸਿੰਘ ਸੰਧੂ

ਭੁੱਬਲ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਸ੍ਵੈ-ਕਥਨ

 

- ਸੁਰਜੀਤ ਪਾਤਰ

ਸ਼ਹੀਦ ਭਗਤ ਸਿੰਘ ਬਾਰੇ ਕੁਝ ਰੌਚਿਕ ਤੱਥ

 

- ਯਸ਼ਪਾਲ

ਤਾ ਕਿ ਸਨਦ ਰਹੇ-ਅੰਮ੍ਰਿਤਾ ਪ੍ਰੀਤਮ

 

- ਸਾਧੂ ਸਿੰਘ

ਕੁਦਰਤ ਦਾ ਕੌਤਕ ਬਾਬਾ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਬਿਖੜੇ ਪੈਂਡੇ

 

-  ਹਰਜੀਤ ਅਟਵਾਲ

ਸ਼ਮਸ਼ੇਰ ਸੰਧੂ, ਮੈ ਆਪ ਤੇ ਯਾਦਾਂ ਪੰਜਾਬੀ ਟ੍ਰਿਬਿਊਨ ਦੀਆਂ

 

- ਗੁਰਦਿਆਲ ਸਿੰਘ ਬੱਲ

ਰਾਮ ਗਊ

 

- ਹਰਪ੍ਰੀਤ ਸੇਖਾ

ਆਜ਼ਾਦੀ ਦੇ ਲਾਲਾਂ ਚੋਂ ਲਾਲ ਭਗਤ ਸਿੰਘ

 

- ਉਂਕਾਰਪ੍ਰੀਤ

ਦੋ ਕਵਿਤਾਵਾਂ

 

- ਸੁਰਜੀਤ

ਇਕ ਗ਼ਜ਼ਲ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਰੇਤ ਨਿਗਲ ਗਈ ਹੀਰਾ

 

- ਬੂਟਾ ਸਿੰਘ ਚੌਹਾਨ

ਐੱਮਪੀਜ਼ ਦੀਆਂ ਪੈਨਸ਼ਨਾਂ ਨੇ ਕਿ ਰਾਜਿਆਂ, ਮਹਾਂਰਾਜਿਆਂ ਵਾਲੇ ਵਜ਼ੀਫੇ ਨੇ!

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸੱਚੇ ਮਾਰਗ ਦੀ ਤਲਾਸ਼

 

- ਸੁਪਨ ਸੰਧੂ

ਇੱਕੀਵੀ ਸਦੀ ਦੇ ਵੱਡੇ ਮਨੁਖੀ ਦੁਖਾਂਤ ਚੋਂ ਗੁਜਰ ਰਿਹਾ ਸੀਰੀਆ

 

- ਹਰਜਿੰਦਰ ਸਿੰਘ ਗੁਲਪੁਰ

ਸਾਡੇ ਪੁਰਖਿਆਂ ਦੀ ਵਿਰਾਸਤ ਸਾਡਾ ਪਹਿਰਾਵਾ

 

- ਕਰਨ ਬਰਾੜ

ਚੱਟ ਲਿਆ ਚਿੱਟੇ ਨੇ ਪੰਜਾਬ ਮੇਰਾ ਸਾਰਾ ?

 

- ਗੁਰਬਾਜ ਸਿੰਘ

ਮੇਰੀ ਆਤਮ-ਕਥਾ / ਅਸੀਂ ਵੀ ਜੀਵਣ ਆਏ

 

- ਕੁਲਵਿੰਦਰ ਖਹਿਰਾ

ਹੁੰਗਾਰੇ

 

Online Punjabi Magazine Seerat

ਸ਼ਮਸ਼ੇਰ ਸੰਧੂ, ਮੈ ਆਪ ਤੇ ਯਾਦਾਂ ਪੰਜਾਬੀ ਟ੍ਰਿਬਿਊਨ ਦੀਆਂ
- ਗੁਰਦਿਆਲ ਸਿੰਘ ਬੱਲ

 

ਕੰਵਲਜੀਤ ਸਿੰਘ ਨਾਂ ਦੇ ਸੱਜਣ ਦਾ ਦੋ ਵਾਰੀਂ ਈ-ਮੇਲ ਰਾਹੀਂ ਸੁਨੇਹਾ ਮਿਲਿਆ। ਉਹ ਸਾਡੇ ਸਾਥੀ ਸ਼ਮਸ਼ੇਰ ਸੰਧੂ ਬਾਰੇ ਯਾਦਾਂ ਦੀ ਪੁਸਤਕ ਤਿਆਰ ਕਰ ਰਿਹਾ ਹੈ। ਉਸ ਦੀ ਚਾਹਤ ਹੈ ਕਿ ਸ਼ਮਸ਼ੇਰ ਨਾਲ ਪੰਜਾਬੀ ਟ੍ਰਿਬਿਊਨ ਵਿਚ ਇਕੱਠਿਆਂ ਗੁਜ਼ਾਰੇ ਕਰੀਬ ਦੋ ਦਹਾਕਿਆਂ ਦੇ ਲੰਮੇ ਸਮੇਂ ਦੌਰਾਨ ਉਸ ਦੀ ਸਖਸ਼ੀਅਤ ਬਾਰੇ ਬਣੇ ਆਪਣੇ ਨਿੱਜੀ ਪ੍ਰਭਾਵਾਂ ਦੇ ਅਧਾਰ ਤੇ ਉਸ ਬਾਰੇ ਲਿਖ ਕੇ ਜ਼ਰੂਰ ਭੇਜਾਂ। ਮੇਰੇ ਵਲੋਂ ਹਾਂ ਜਾਂ ਨਾਂਹ ਦਾ ਕੋਈ ਵੀ ਹੁੰਗਾਰਾ ਨਾ ਮਿਲਣ ਤੇ ਤੀਸਰੀ ਵਾਰ ਉਸ ਨੇ ਈ-ਮੇਲ ਤੇ ਆਪਦਾ ਫੋਨ ਨੰਬਰ ਵੀ ਲਿਖ ਭੇਜਿਆ। ਗੱਲ ਕੀਤੀ ਤਾਂ ਉਹ ਮੇਰਾ ਗਰਾਈਂ ਜਾਂ ਮੇਰੇ ਪਿੰਡ ਕੰਮੋ ਕੇ ਦੇ ਨੇੜੇ ਹੀ ਪਿੰਡ ਬਰਿਆਰਾਂ ਦਾ ਨਿਕਲ ਆਇਆ। ਹੁਣ ਉਸ ਦੀ ਇੱਛਾ ਸਹਿਜੇ ਕੀਤਿਆਂ ਨਜ਼ਰਅੰਦਾਜ਼ ਕਰਨੀ ਮੇਰੇ ਲਈ ਔਖੀ ਹੈ। ਪ੍ਰੰਤੂ ਬਹੁਤ ਕਰੜੀ ਝਿਜਕ ਅਜੇ ਵੀ ਬਕਰਾਰ ਹੈ। ਝਿਜਕ ਇਸ ਕਾਰਨ ਹੈ ਕਿ ਸ਼ਮਸ਼ੇਰ ਵਧੀਆ ਇਨਸਾਨ ਹੈ; ਸਦਾ ਹੀ ਮੋਹ, ਪਿਆਰ, ਅਪਣੱਤ ਦਾ ਉਸ ਨਾਲ ਰਿਸ਼ਤਾ ਰਿਹਾ ਹੈ। ਸਾਡੀਆਂ ਅਨੇਕ ਦਿਲਚਸਪੀਆਂ ਸਾਂਝੀਆਂ ਹਨ। ਉਹ ਸ਼ਾਇਰੇ ਆਜ਼ਮ ਪਾਸ਼ ਦਾ ਚੜ੍ਹਦੀ ਉਮਰੇ ਨੇੜਲਾ ਮਿੱਤਰ ਰਿਹਾ ਹੈ, ਪਾਸ਼ ਦਾ ਮੈਂ ਵੀ ਸ਼ਰਧਾਲੂ ਹਾਂ; ਪੰਜਾਬ ਦੀ ਕੋਇਲ ਸੁਰਿੰਦਰ ਕੌਰ ਅਤੇ ਯਮਲਾ ਜੱਟ ਉਸ ਨੁੰ ਚੰਗੇ ਲਗਦੇ ਹਨ-ਮੇਰੀ ਇਨ੍ਹਾਂ ਦੋਵਾਂ ਵਿਚੋਂ ਕਿਸੇ ਇੱਕ ਦੇ ਬੋਲ ਸੁਣਦਿਆਂ ਅੱਜ ਵੀ ਜਾਨ ਨਿਕਲ ਜਾਂਦੀ ਹੈ। ਇਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ - ਕੇਹੇ ਸਸ਼ਕਤ ਬੋਲ ਹਨ ਅਤੇ ਕੇਹੇ ਸ਼ਾਨਾਂ-ਮਤੇ ਅੰਦਾਜ਼ ਵਿਚ ਸੁਰਿੰਦਰ ਕੌਰ ਨੇ ਇਹ ਗੀਤ ਗਾਇਆ ਹੋਇਆ ਹੈ। ਮੈਂ ਤੇ ਸ਼ਮਸ਼ੇਰ ਵਰ੍ਹਿਆਂ ਦਰ ਵਰ੍ਹੇ ਜਦੋਂ ਕਦੀ ਵੀ ਸ਼ਾਮ ਦੀ ਕਿਸੇ ਮਹਿਫਲ ਵਿਚ ਇਕੱਠੇ ਹੋਏ - ਆਪਸ ਵਿਚ ਇਸ ਗੀਤ ਦੀ ਜਾਦੂਮਈ ਲੈਅ ਦੀ ਚਰਚਾ ਹੁੰਦੀ ਰਹੀ ਹੈ। ਸ਼ਮਸ਼ੇਰ ਨੁੰ ਪੰਜਾਬ ਦੇ ਲਗਪਗ ਹਰੇਕ ਕਬੱਡੀ ਖਿਡਾਰੀ ਦਾ ਪਤਾ ਹੈ- ਹਰਜੀਤ ਬਾਜਾਖਾਨਾ ਦੇ ਖੇਡਣ ਦੇ ਅੰਦਾਜ਼ ਦੀ ਉਨ ਜਦੋਂ ਕਦੀ ਵੀ ਗੱਲ ਛੇੜੀ ਮਜਾ ਆ ਜਾਂਦਾ ਰਿਹਾ ਹੈ। ਬੇਗੋਵਾਲੀਏ ਪ੍ਰੀਤੇ ਸਮੇਤ ਮੈਂ ਵੀ ਬਹੁਤ ਪੁਰਾਣੇ ਕਬੱਡੀ ਖਿਡਾਰੀਆਂ ਦੇ ਜਲਵੇ ਤੱਕੇ ਹੋਏ ਹਨ। ਸੰਤ ਸਿੰਘ ਸੇਖੋਂ ਦੀਆਂ ਗੱਲਾਂ ਕਰਕੇ ਉਸਨੁੰ ਵੀ ਮਜਾ ਆਉਂਦਾ - ਬਾਬਾ ਬੋਹੜ ਦੀ ਸੰਗਤ ਮੈਂ ਵੀ ਅਨੇਕਾਂ ਵਾਰੀਂ ਮਾਣੀ ਹੋਈ ਹੈ। ਜ਼ਿੰਦਗੀ ਉਸ ਨੂੰ ਸੋਹਣੀ ਲਗਦੀ ਹੈ ਮੈਨੂੰ ਵੀ ਬੇਹੱਦ ਹੁਸੀਨ ਲਗਦੀ ਹੈ - ਸਵੇਰੇ ਉਠਣ ਸਾਰ ਸੁਬਹ ਦਾ ਚਾਨਣ ਵੇਂਹਦਿਆਂ ਅੱਜ ਤੱਕ ਵੀ ਧੰਨ ਧੰਨ ਹੋ ਜਾਂਦੀ ਹੈ। ਅਜਿਹੀਆਂ ਸਾਂਝਾਂ ਹੋਰ ਵੀ ਬਥੇਰੀਆਂ ਹਨ। ਪ੍ਰੰਤੂ ਇਨ੍ਹਾਂ ਸਭ ਸਾਂਝਾਂ ਦੇ ਬਾਵਜੂਦ ਸਾਡੇ ਵਿਚ ਕੁਝ ਨੁਕਤਿਆਂ ਤੇ ਵਖਰੇਵਾਂ ਵੀ ਹੈ।
ਇਹ ਵਖਰੇਵਾਂ ਬਹੁਤਾ ਬੁਨਿਆਦੀ ਨਹੀਂ ਹੈ ਪ੍ਰੰਤੂ ਲਿਖਣ ਤੋਂ ਮੈਨੂੰ ਥੋੜੀ ਝਿਜਕ ਜਿਹੀ ਮਹਿਸੂਸ ਹੋ ਰਹੀ ਹੈ ਕਿ ਮਤਾਂ ਸੰਗ ਦਿਲ ਸਾਥੀ ਸ਼ਮਸ਼ੇਰ ਨੂੰ ਕਿਧਰੇ ਸੰਗ ਜਿਹੀ ਨਾ ਆ ਜਾਵੇ। ਫਿਰ ਵੀ ਸ਼ਮਸ਼ੇਰ ਨੂੰ ਜਿਵੇਂ ਮੈਂ ਵੇਖਿਆ ਅਤੇ ਨਿਹਾਰਿਆ ਹੈ ਉਹ ਦਸੇ ਬਿਨਾ ਮੈਨੂੰ ਗੱਲ ਬਣਦੀ ਲਗਦੀ ਵੀ ਨਹੀਂ ਹੈ। ਸ਼ਮਸ਼ੇਰ ਨੂੰ ਸਾਰੀ ਉਮਰ ਦੋਸਤਾਂ-ਮਿੱਤਰਾਂ ਦੀ ਐਲਬਮਬਣਾਉਣ ਦਾ ਡਾਢਾ ਸ਼ੌਕ ਰਿਹਾ ਹੈ ਅਤੇ ਮੇਰੀ ਖੁਦ ਦੀ ਹਯਾਤੀ ਸਾਰੀ ਵੀ ਇਸੇ ਸ਼ੌਕ ਨੂੰ ਪੂਰੇ ਜੀ ਜਾਨ ਨਾਲ ਮਨਾਉਣ ਦੀ ਕੋਸਿਸ਼ ਕਰਦਿਆਂ ਗੁਜ਼ਰੀ ਹੈ। ਪ੍ਰੰਤੂ ਵਖਰੇਵਾਂ ਇਹ ਹੈ ਕੋਈ ਵੀ ਇਨਸਾਨ ਚੰਗਾ ਲਗਦੇ ਸਾਰ ਘਰ ਦਰ ਦੇ ਦਰਵਾਜ਼ੇ ਚੌਪਟ ਖੋਲ੍ਹ ਕੇ ਮੈਂ ਉਸਨੂੰ ਧੁਰ ਅੰਦਰ ਤਕ ਚਲਿਆ ਆਉਣ ਲਈ ਕਹਿੰਦਾ ਰਿਹਾ ਹਾਂ ਜਦੋਂ ਕਿ ਧੁਰ ਅੰਦਰੋਂ ਜ਼ਰਾ ਕੁ ਸੰਗਾਊ ਹੋਣ ਕਾਰਨ ਸ਼ਾਇਦ ਸ਼ਮਸ਼ੇਰ ਦਾ ਅਜਿਹੇ ਕਿਸੇ ਵੀ ਮੌਕੇ ਅਕਸਰ ਤਕੀਆ ਕਲਾਮ ਇਹ ਰਿਹਾ ਹੈ: ਘਰੇ ਯਾਰ ਘੁਟਨ ਜਿਹੀ ਹੈ - ਚਲੋ ਖੁਲ੍ਹੀ ਫਿਜ਼ਾਅ ਅੰਦਰ; ਬਾਹਰ ਕਿਸੇ ਪਾਰਕ ਵਿਚ ਚੱਲ ਕੇ ਬੈਠਦੇ ਹਾਂ।
ਆਪਸੀ ਸਾਂਝਾਂ ਅਤੇ ਵਖਰੇਵਿਆਂ ਨੁੰ ਸਮਝਣ ਦੀ ਅਸੀਂ ਕੋਸਿਸ਼ ਕਰਨੀ ਹੈ ਤਾਂ ਕਿ ਸਾਡੇ ਤਸੱਵਰ ਦੇ ਸ਼ਮਸ਼ੇਰ ਸੰਧੂ ਦੇ ਨਕਸ਼ ਉਜਾਗਰ ਹੋ ਸਕਣ। ਉਦੇਸ਼ ਵਿਚ ਕਾਮਯਾਬੀ ਹੁੰਦੀ ਹੈ ਜਾਂ ਨਹੀਂ, ਇਹ ਤਾਂ ਬਾਅਦ ਦੀ ਗੱਲ ਹੈ।
ਪੰਜਾਬੀ ਟ੍ਰਿਬਿਊਨ ਸਾਲ 1978 ਦੇ ਪਹਿਲੇ ਅੱਧ ਤੋਂ ਬਾਅਦ ਸ਼ੁਰੂ ਹੋਈ। ਸ. ਬਰਜਿੰਦਰ ਸਿੰਘ ਹਮਦਰਦ ਸੰਪਾਦਕ ਬਣੇ। ਉਨ੍ਹਾਂ ਦੀ ਮੇਹਰਬਾਨੀ ਸਦਕਾ ਵਰ੍ਹਿਆਂ ਦੀ ਗਰਦਿਸ਼ ਅਤੇ ਮੁਕੰਮਲ ਨਾ ਉਮੀਦੀ ਦੇ ਦੌਰ ਤੋਂ ਬਾਅਦ ਬਾਬਾ ਕਰਮਜੀਤ ਸਿੰਘ ਅਤੇ ਜਗਦੀਸ਼ ਬਾਂਸਲ ਵਰਗੇ ਹੋਣਹਾਰ ਸਾਥੀਆਂ ਨਾਲ ਮੁਢਲੇ ਸਟਾਫ ਮੈਂਬਰ ਵਜੋਂ ਭਰਤੀ ਹੋਣ ਦਾ ਮੇਰਾ ਵੀ ਤੁੱਕਾ ਲੱਗ ਗਿਆ। ਟ੍ਰਿਬਿਊਨ ਵਰਗਾ ਅਦਾਰਾ ਅਤੇ ਚੰਡੀਗੜ੍ਹ ਵਰਗਾ ਸੁੰਦਰ ਸ਼ਹਿਰ - ਧੰਨ ਧੰਨ ਹੋ ਗਈ ਅਤੇ ਉਸ ਦੇ ਨਾਲ ਹੋਈ ਉਸ ਦੀਵਾਲੀ ਜਾਂ ਵਿਸਾਖੀ ਵਰਗੇ ਮੇਲੇ ਵਰਗੇ ਮਹੌਲ ਦੀ ਸ਼ੁਰੂਆਤ ਜੋ ਕਿ ਵਰ੍ਹਿਆਂ ਬੱਧੀ ਬਣਿਆ ਰਿਹਾ। ਸ਼ਮਸ਼ੇਰ ਸੰਧੂ ਪੰਜਾਬੀ ਟ੍ਰਿਬਿਊਨ ਪਰਿਵਾਰ ਵਿਚ ਵਰ੍ਹਾ ਕੁ ਪਿਛੋਂ ਸ਼ਾਮਲ ਹੋਇਆ ਅਤੇ ਉਸਦੀ ਪਹਿਲੀ ਵਡਿਆਈ ਇਸ ਗੱਲ ਵਿਚ ਹੈ ਕਿ ਉਸ ਨੇ ਹੌਲੀ ਹੌਲੀ ਜਾਂ ਅਛੋਪਲੇ ਜਿਹੇ ਹੀ ਆਪਦੀ ਅਜਿਹੀ ਜਗ੍ਹਾ ਬਣਾਈ ਕਿ ਉਸਦੇ ਜ਼ਿਕਰ ਬਿਨਾ ਇਸ ਕਾਫਲੇ ਦੀ ਕਥਾ ਕੋਈ ਵੀ ਲਿਖੇ ਉਹ ਨਿਸਚੇ ਹੀ ਅਧੂਰੀ ਰਹੇਗੀ।
ਸ਼ਮਸ਼ੇਰ ਸੰਧੂ ਬਾਰੇ ਚਰਚਾ ਕਰਦਿਆਂ ਸਾਡੀ ਮਜ਼ਬੂਰੀ ਹੈ ਕਿ ਅਸੀਂ ਜ਼ਿਆਦਾਤਰ ਪੰਜਾਬੀ ਟ੍ਰਿਬਿਊਨ ਦੇ ਸਮੇਂ ਅਤੇ ਉਸ ਦੌਰ ਨਾਲ ਜੁੜੀਆਂ ਯਾਦਾਂ, ਦੋਸਤੀਆਂ -ਤਲਖੀਆਂ ਦੇ ਜ਼ਿਕਰ ਤੱਕ ਹੀ ਸੀਮਤ ਰਹਾਂਗੇ। ਸ਼ਮਸ਼ੇਰ ਨੇ ਉਸ ਅਰਸੇ ਅਤੇ ਉਸ ਤੋਂ ਬਾਅਦ ਉੱਘੇ ਲੋਕ ਗਾਇਕ ਸੁਰਜੀਤ ਬਿੰਦਰਖੀਏ ਨਾਲ ਮਿਲ ਕੇ ਪੰਜਾਬੀ ਲੋਕ ਗਾਇਕੀ ਦੇ ਖੇਤਰ ਵਿੱਚ ਕੀ ਕੀ ਅਤੇ ਕੈਸੇ ਕੌਤਿਕ ਕੀਤੇ - ਉਹਨਾਂ ਦਾ ਮੈਨੂੰ ਬਹੁਤਾ ਪਤਾ ਨਹੀਂ ਹੈ। ਉਸ ਬਾਰੇ ਮਦਾਰਪੁਰੀਆ ਗੀਤਕਾਰ ਸ਼ਮਸ਼ੇਰ ਸੰਧੂ ਸਿਰਲੇਖ ਹੇਠਲਾ ਸ਼ਬਦ ਚਿੱਤਰ ਵੀ ਮੇਰੀਆਂ ਨਜ਼ਰਾਂ ਵਿਚ ਅੱਜ ਹੀ ਆਇਆ ਹੈ ਜਿਸ ਵਿਚ ਸਾਡੇ ਵੱਡੇ ਭਾਅ, ਪ੍ਰਿੰਸੀਪਲ ਸਰਵਣ ਸਿੰਘ ਨੇ ਉਸ ਨੂੰ ਪੰਜਾਬੀ ਗੀਤਾਕਾਰੀ ਦਾ ਮਿਲਖਾ ਸਿੰਘ ਦੱਸਿਆ ਹੋਇਆ ਹੈ। ਉਸਦੇ ਕਾਲਜ ਦੇ ਮੁੱਢਲੇ ਦਿਨਾਂ ਦੇ ਯਾਰ ਗੁਰਭਜਨ ਗਿੱਲ ਨੇ ਉਸਨੂੰ ਸ਼ਬਦ, ਸੁਰ ਤੇ ਸਾਜਾਂ ਦਾ ਗੂੜ੍ਹ ਗਿਆਨੀ ਆਖ ਕੇ ਉਸਦੀ ਸਿਫ਼ਤ ਸਲਾਹ ਕੀਤੀ ਹੋਈ ਹੈ, ਉਹ ਵੀ ਮੈਂ ਅੱਜ ਹੀ ਪੜ੍ਹਿਆ ਹੈ। ਗੁਰਭਜਨ ਦੇ ਲੇਖ ਤੋਂ ਹੀ ਮੈਨੂੰ ਪਤਾ ਲੱਗਾ ਹੈ ਕਿ ਬਿੰਦਰਖੀਏ ਨਾਲ ਉਸ ਦੀਆਂ ਇਕ ਦੋ ਨਹੀਂ ਬਲਕਿ 32 ਕੈਸਿਟਾਂ ਆਈਆਂ। ਇਥੇ ਹੀ ਬਸ ਨਹੀਂ ਗੁਰਭਜਨ ਗਿੱਲ ਦੇ ਦੱਸਣ ਅਨੁਸਾਰ ਸ਼ਮਸ਼ੇਰ ਦੇ ਗੀਤ ਦੁਪੱਟਾ ਤੇਰਾ ਸੱਤ ਰੰਗ ਦਾ ਨੂੰ ਟਾਪ ਟੈੱਨ ਵਜੋਂ ਜੇਤੂ ਰਹਿਣ ਤੇ ਬਿੰਦਰਖੀਆ, ਅਤੁੱਲ ਸ਼ਰਮਾ ਅਤੇ ਸ਼ਮਸ਼ੇਰ ਨੂੰ ਬੀ. ਬੀ. ਸੀ ਨੇ ਇੰਗਲੈਂਡ ਬੁਲਾ ਕੇ ਸਨਮਾਨਤ ਕੀਤਾ। ਮੇਰੇ ਲਈ ਇਹ ਦੋਵੇਂ ਹੀ ਹੈਰਤ ਵਾਲੀਆਂ ਗੱਲਾਂ ਹਨ ਹਾਲਾਂ ਕਿ ਸ਼ਮਸ਼ੇਰ ਦੀ ਸਖਸ਼ੀਅਤ ਦਾ ਜਿਨ੍ਹਾਂ ਗੱਲਾਂ ਕਰਕੇ ਮੇਰੇ ਲਈ ਮੁੱਲ ਹੈ - ਉਹ ਹੋਰ ਹਨ!
ਪੰਜਾਬੀ ਟ੍ਰਿਬਿਊਨ ਦੇ ਮੁਢਲੇ ਸਟਾਫ ਦੀ ਭਰਤੀ ਦੇ ਮਹੀਨਾ ਕੁ ਬਾਅਦ ਹੀ ਸ. ਬਰਜਿੰਦਰ ਸਿੰਘ ਨੇ ਅਸਿਸਟੈਂਟ ਐਡੀਟਰ ਵਜੋਂ ਹਰਭਜਨ ਹਲਵਾਰਵੀ ਨੂੰ ਲੈ ਆਂਦਾ ਅਤੇ ਸਾਡੇ ਜ਼ਹੀਨ ਅਤੇ ਤੇਜ ਤਰਾਰ ਪੁਰਾਣੇ ਮਿੱਤਰ ਦੀ ਪੂਛ ਨੂੰ ਹੱਥ ਪਵਾ ਕੇ ਅਛੋਪਲੇ ਜਿਹੇ ਨਾਲ ਹੀ ਸਰਦਾਰ ਸ਼ਾਮ ਸਿੰਘ ਨੂੰ ਵੀ ਭੱਵਜਲ ਪਾਰ ਕਰਵਾ ਲਿਆ ਜੋ ਕਿ ਨਿਸਚੇ ਹੀ ਵੱਡੇ ਪੁੰਨ ਵਾਲੀ ਗੱਲ ਸੀ। ਪੰਜਾਬੀ ਟ੍ਰਿਬਿਊਨ ਦੇ ਅਜੋਕੇ ਸੰਪਾਦਕ ਸੁਰਿੰਦਰ ਸਿੰਘ ਤੇਜ ਹੋਰੀਂ ਕਲੈਰੀਕਲ ਵਿੰਗ ਵਿਚ ਸਾਡੇ ਨਾਲ ਹੀ ਆਏ ਸਨ। ਕਮਾਲ ਦਾ ਸਿਰੜੀ, ਇਮਾਨਦਾਰ ਮਿਹਨਤੀ ਸੁਭਾਅ ਸੀ ਮੁੱਢ ਤੋਂ ਹੀ ਤੇਜ ਦਾ ਜਿਸ ਦਾ ਕਿ ਸ਼ੁਰੂਆਤੀ ਸਮੇਂ ਦੇ ਸੰਪਾਦਕ ਨੇ ਬਿਲਕੁਲ ਸਹੀ ਮੁੱਲ ਪਾਇਆ ਅਤੇ ਕੁਝ ਸਮੇਂ ਬਾਅਦ ਉਸਨੂੰ ਵੀ ਸੰਪਾਦਕੀ ਅਮਲੇ ਵਿਚ ਲੈ ਆਂਦਾ। ਇਸ ਦੌਰ ਵਿਚ ਨਿਊਜ਼ ਰੂਮ ਦਾ ਸਭ ਤੋਂ ਪ੍ਰਤਿਭਾਸ਼ੀਲ ਮੈਂਬਰ ਦਲਬੀਰ ਸਿੰਘ ਸੀ। ਉਸਨੁੰ ਬਰਜਿੰਦਰ ਸਿੰਘ ਹੋਰੀਂ ਮੁਢਲੇ ਸਟਾਫ ਦੇ ਇਕੋ ਇਕ ਚੀਫ ਸਬ ਐਡੀਟਰ ਸੁਰਿੰਦਰ ਸਿੰਘ ਬਾਜਵਾ ਨੂੰ ਛਾਂਗਣ ਤੋਂ ਬਾਅਦ ਉਸਦੀ ਜਗ੍ਹਾ ਲੈ ਕੇ ਆਏ। ਖਬਰਾਂ ਦੀ ਕਾਰੀਗਰੀ ਦੇ ਮਾਮਲੇ ਵਿਚ ਉਹ ਕਰਮਜੀਤ ਸਿੰਘ ਅਤੇ ਜਗਦੀਸ਼ ਬਾਂਸਲ ਨੂੰ ਛੱਡ ਕੇ ਬਾਕੀ ਸਾਰੇ ਸਟਾਫ ਤੋਂ ਕੋਹਾਂ ਅੱਗੇ ਸੀ। ਸੰਪਾਦਕ ਨੇ ਜਾਣੇ ਜਾਂ ਅਣਜਾਣੇ ਕੁਤਾਹੀ ਇਹ ਕੀਤੀ ਕਿ ਉਸਨੂੰ ਇੰਕਰੀਮੈਂਟਾਂ ਤਾਂ ਸ਼ੁਰੂ ਵਿਚ ਹੀ 10 ਦਿਵਾ ਦਿੱਤੀਆਂ ਪਰ ਭਰਤੀ ਉਸਨੂੰ ਸਬ ਐਡੀਟਰ ਵਜੋਂ ਹੀ ਕੀਤਾ। ਪੰਜਾਬੀ ਟ੍ਰਿਬਿਊਨ ਦਾ ਸਾਰਾ ਸਟਾਫ ਜੋ ਕਿ ਕਿਸੇ ਪੁਰਾਣੇ ਵਿਛੜੇ ਤੇ ਮੁੜ ਮਿਲੇ ਟੱਬਰ ਦੇ ਹਾਰ ਸੀ। ਸਭ ਮੈਂਬਰਾਂ ਦਾ ਆਪਸ ਵਿਚ ਮੋਹ ਪਿਆਰ ਦਾ ਰਿਸ਼ਤਾ ਸੀ - ਢਾਈ-ਤਿੰਨ ਵਰ੍ਹਿਆਂ ਪਿਛੋਂ ਅਹੁਦਿਆਂ ਦੀ ਖੋਹਾ ਮਾਹੀ ਸਮੇਂ ਉਪਰ ਦੱਸੀ ਕੁਤਾਹੀ ਨੂੰ ਦੂਰ ਕਰਨ ਦਾ ਸੰਪਾਦਕ ਨੇ ਯਤਨ ਜਦੋਂ ਕੀਤਾ ਤਾਂ ਪੰਜਾਬੀ ਟ੍ਰਿਬਿਊਨ ਦੇ ਵਿਹੜੇ ਵਿਚ ਸੇਹ ਦਾ ਤਕਲਾ ਅਜਿਹਾ ਗੱਡਿਆ ਗਿਆ ਜੋ ਕਿ ਅਗਲੇ ਵਰ੍ਹਿਆਂ ਦੌਰਾਨ ਹੋਰ ਹੋਰ ਡੂੰਘਾ ਹੁੰਦਾ ਚਲਿਆ ਗਿਆ।
ਖੈਰ ਸ਼ਮਸ਼ੇਰ ਦੀ ਪੰਜਾਬੀ ਟ੍ਰਿਬਿਊਨ ਵਿਚ ਆਮਦ ਅਤੇ ਅੰਦਰ ਦੇ ਉਨ੍ਹਾਂ ਦਿਨਾਂ ਦੇ ਕਲਚਰ ਬਾਰੇ ਦਸਣ ਲਈ ਏਨੀ ਕੁ ਚਰਚਾ ਜ਼ਰੂਰੀ ਸੀ। ਉਹ ਮਹੌਲ ਕਿਹੋ ਜਿਹਾ ਸੀ - ਉਸ ਬਾਰੇ ਪ੍ਰਭਾਵ ਸਾਡੇ ਸਾਥੀ ਅਮੋਲਕ ਸਿੰਘ ਵਲੋਂ ਕਮਲਿਆਂ ਦਾ ਟੱਬਰ ਸਿਰਲੇਖ ਹੇਠ ਲਿਖੀ ਯਾਦਾਂ ਦੀ ਲੜੀ ਪੜ੍ਹਨ ਪਿਛੋਂ ਆਪਦੀ ਟਿਪਣੀ ਵਿਚ ਪ੍ਰਿੰ. ਅਮਰਜੀਤ ਸਿੰਘ ਪਰਾਗ ਨੇ ਕਿਆ ਖੂਬ ਪ੍ਰਗਟਾਏ ਹੋਏ ਹਨ, ਜ਼ਰਾ ਪੜ੍ਹ ਕੇ ਵੇਖੋ:
ਅਮੋਲਕ ਸਿੰਘ ਦੀਆਂ ਯਾਦਾਂ ਦੀ ਲੜੀ ਪੜ੍ਹਦਿਆਂ ਮੈਨੂੰ ਇੰਝ ਲੱਗਾ ਜਿਵੇਂ ਨਾਵਲ ਅੱਗ ਦਾ ਦਰਿਆ ਦਾ ਕੋਈ ਕਾਂਡ ਪੜ੍ਹ ਰਿਹਾ ਹੋਵਾਂ। ਕਮਾਲ ਏ ਇਸ ਨਾਵਲ ਵਿਚ ਲੇਖਿਕਾ ਕੁਰਤੁਲ-ਐਨ-ਹੈਦਰ ਨੇ ਸਮੇਂ ਨੂੰ ਅੱਗ ਦੇ ਦਰਿਆ ਵਜੋਂ ਚਿਤਵਿਆ ਹੈ।ਜੁਗਗਰਦੀਆਂ ਦਾ ਸਿਲਸਿਲਾ ਚਲਦਾ ਰਹਿੰਦਾ ਹੈ, ਨਿਜ਼ਾਮ ਬਦਲਦੇ ਰਹਿੰਦੇ ਹਨ। ਪਰ ਅੱਗ ਦੇ ਦਰਿਆ ਦਾ ਵਹਿਣ ਅਵਿਰਲ ਵਹਿੰਦਾ ਰਹਿੰਦਾ ਹੈ। ਹਰ ਯੁੱਗ ਵਿੱਚ ਹੋਣਹਾਰ, ਜ਼ਹੀਨ, ਮੁਹੱਬਤੀ, ਸੁਪਨਸਾਜ਼ ਨੌਜਵਾਨ ਜ਼ਿੰਦਗੀ ਦੇ ਮੰਚ ਤੇ ਨਮੂਦਾਰ ਹੁੰਦੇ ਰਹਿੰਦੇ ਹਨ। ਪਰ ਵੇਖਦੇ ਵੇਖਦੇ ਹੀ ਇਨ੍ਹਾਂ ਦਿਲਦਾਰਾਂ ਦੀ ਪਹਿਲਤਾਜ਼ਗੀ ਇਸ ਅੱਗ ਦੇ ਦਰਿਆ ਵਿਚ ਗਰਕ ਜਾਂਦੀ ਹੈ।
ਪੰਜਾਬੀ ਟ੍ਰਿਬਿਊਨ ਦੇ ਕਲਾਧਾਰੀ ਪੁਰਖੇ ਮਹਿੰਦਰ ਸਿੰਘ ਦਾ ਚੰਡੀਗੜ੍ਹ ਵਿਚ ਲਾਇਆ ਦੂਜਾ ਰੋਜ਼ ਗਾਰਡਨ ਹੈ। ਬਰਜਿੰਦਰ ਹਮਦਰਦ, ਹਰਭਜਨ ਹਲਵਾਰਵੀ, ਗੁਲਜ਼ਾਰ ਸਿੰਘ ਸੰਧੂ ਵਰਗੇ ਸੰਪਾਦਕ, ਦਲਬੀਰ, ਕਰਮਜੀਤ, ਸ਼ਾਮ ਸਿੰਘ, ਮੁਹਰਜੀਤ, ਪ੍ਰੇਮ ਗੋਰਖੀ, ਰਜਿੰਦਰ ਸੋਢੀ, ਦਲਜੀਤ ਸਰਾਂ, ਜਗਤਾਰ ਸਿੱਧੂ, ਸ਼ਮਸ਼ੇਰ ਸੰਧੂ, ਅਸ਼ੋਕ ਸ਼ਰਮਾ, ਅਮੋਲਕ ਸਿੰਘ, ਨਰਿੰਦਰ ਭੁੱਲਰ, ਤਰਲੋਚਨ ਸ਼ੇਰਗਿੱਲ, ਰਣਜੀਤ ਰਾਹੀ ਤੇ ਗੁਰਦਿਆਲ ਬੱਲ ਵਰਗੇ ਕੁਲੀਗ ਜਿਸ ਥਾਂ ਇਕੱਠੇ ਹੋਣ ਉਹ ਲਾਲ ਫੁੱਲਾਂ ਦਾ ਖੇਤ ਹੀ ਤਾਂ ਹੁੰਦਾ ਹੈ। ਪਰ ਛੇਤੀ ਹੀ ਦਫਤਰੀ ਸਭਿਆਚਾਰ ਨਾਲ ਜੁੜੇ ਮਸਲੇ, ਤਰੱਕੀਆਂ, ਸੀਨੀਅਰਤਾ, ਪ੍ਰਬੰਧਕਾਂ ਦੇ ਹੱਥ ਕੰਡੇ, ਯੂਨੀਅਨ ਆਗੂਆਂ ਵਲੋਂ ਆਪਣੇ ਨਿਜੀ ਮੁਫਾਦਾਂ ਨੁੰ ਪਹਿਲ ਆਦਿ ਗੱਲਾਂ ਨੇ ਇਸ ਹਰਿਆਵਲ ਨੂੰ ਝੁਲਸ ਕੇ ਰਖ ਦਿੱਤਾ।
ਸੋ ਇਹ ਸੀ ਉਹ ਕਰਾਊਡ ਅਤੇ ਪਹਿਲ ਤਾਜ਼ਗੀ ਭਰਿਆ ਮੁਢਲਾ ਮਹੌਲ ਜਿਸ ਵਿੱਚ ਸ਼ਮਸ਼ੇਰ ਸੰਧੂ ਸਾਡੇ ਨਾਲ ਕੰਮ ਕਰਨ ਲਈ ਆਇਆ। ਇਸ ਤੋਂ ਪਹਿਲਾਂ ਪਿੰਡ ਦੀਆਂ ਮੌਜਾਂ, ਖ਼ਾਲਸਾ ਕਾਲਜ ਵਿਚ ਵਿਦਿਆਰਥੀ ਸਮਾਂ, ਫਿਰ ਬੰਗਾ ਕਾਲਜ ਵਿਚ ਅਧਿਆਪਨ ਸਮੇਂ ਦੀਆਂ ਖੁਲ੍ਹਾਂ ਅਤੇ ਪਾਸ਼ ਵਰਗੇ ਦਹਿਕਦੇ ਅੰਗਿਆਰ ਵਰਗੇ ਇਨਸਾਨ ਨਾਲ ਯਾਰੀ। ਜਾਨੀ ਕਿ ਇਲਾਹੀ ਦੌਰਉਸਦਾ ਲੰਘ ਗਿਆ ਹੋਇਆ ਸੀ। ਭੂਆ ਖਤਮ ਕੌਰ ਵਰਗੀ ਯਾਦਗਾਰੀ ਸ਼ਰਾਰਤੀ ਕਹਾਣੀ ਉਸ ਨੇ ਕਈ ਵਰ੍ਹੇ ਪਹਿਲਾਂ ਲਿਖੀ ਸੀ। ਉਸਦੇ ਲਿਖੇ ਜਾਨੀ ਚੋਰ ਗੀਤ ਨੂੰ ਸੁਰਿੰਦਰ ਛਿੰਦੇ ਨੇ ਸਾਲ 1976 ਵਿਚ ਰਿਕਾਰਡ ਕਰਵਾ ਦਿੱਤਾ ਹੋਇਆ ਸੀ।
ਹੁਣ ਇਥੇ ਇਹ ਗੱਲ ਸਪੱਸ਼ਟ ਕਰ ਦੇਣੀ ਜ਼ਰੂਰੀ ਹੈ ਕਿ ਪੰਜਾਬੀ ਟ੍ਰਿਬਿਊਨ ਦਾ ਪਰਿਵਾਰਕ ਮਹੌਲ ਅਤੇ ਉਸਦਾ ਰੁਮਾਂਸ ਹੋਰ ਗੱਲ ਹੈ ਅਤੇ ਨਿਊਜ ਡੈਕਸ ਤੇ ਦਿਨ ਭਰ ਸਟਿੰਗਰਾਂ ਦੀਆਂ ਅਕਸਰ ਹੀ ਬੇਸਿਰਪੈਰ ਖਬਰਾਂ ਨੂੰ ਠੀਕ ਕਰਨਾ ਜਾਂ ਏਜੰਸੀਆਂ ਦੀਆਂ ਖ਼ਬਰਾਂ ਨੂੰ ਅੰਗਰੇਜੀ ਤੋਂ ਪੰਜਾਬੀ ਵਿਚ ਤਰਜਮਾਉਣਾ ਜਮ੍ਹਾਂ ਹੀ ਹੋਰ ਗੱਲ ਸੀ; ਸਿਰੇ ਦਾ ਨੀਰਸ ਧੰਦਾ ਸੀ। ਉਸ ਧੰਦੇ ਵਿਚ ਰਚਨਾਤਮਿਕਤਾ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ। ਫਿਰ ਸੰਪਾਦਕ ਦੀ ਕਿਸੇ ਵਿਉਂਤਬੰਦੀ ਦੇ ਤਹਿਤ ਜਾਂ ਸੰਪਾਦਕੀ ਅਮਲੇ ਦੇ ਮੈਂਬਰਾਂ ਦੇ ਬੇਅਸੂਲੇ ਲਾਲਚ ਕਾਰਨ ਅਦਾਰੇ ਵਿਚ ਘਰੋਗੀ ਯੁੱਧ ਜਦੋਂ ਸ਼ੁਰੁ ਹੋਇਆ ਤਾਂ ਗਲਤ ਹੁੰਦੀ ਜਾਂ ਠੀਕ - ਸ਼ਮਸ਼ੇਰ ਨੂੰ ਸੰਪਾਦਕ ਵਾਲੀ ਧਿਰ ਨਾਲ ਖੜਨਾ ਪੈਂਦਾ ਰਿਹਾ। ਇਸ ਬੇਲੋੜੀ ਕਸ਼ਮਕਸ਼ ਨੇ ਖ਼ਬਰਾਂ ਘੜਨ ਦਾ ਕੰਮ ਜੋ ਕਿ ਪਹਿਲਾਂ ਹੀ ਨੀਰਸ ਸੀ ਉਸਨੁੰ ਹੋਰ ਵੀ ਨੀਰਸ ਬਣਾ ਦਿਤਾ। ਫਿਰ ਰਾਜਨੀਤੀ ਵਿਚ ਮਸ ਰਖਣ ਵਾਲਾ ਬੰਦਾ ਇਸ ਨੀਰਸਤਾ ਚੋਂ ਵੀ ਮੈਜਿਕ ਪੈਦਾ ਕਰ ਸਕਦਾ ਸੀ। ਪ੍ਰੰਤੂ ਸ਼ਮਸ਼ੇਰ ਦੀ ਮਾੜੀ ਕਿਸਮਤ ਨੂੰ ਉਸਦੀ ਸਿਆਸਤ ਦੀਆਂ ਖੇਡਾਂ ਵਿਚ ਉੱਕਾ ਹੀ ਰੁਚੀ ਨਹੀਂ ਸੀ। ਪਿਛੇ ਜਿਹੇ ਪੀ. ਟੀ. ਸੀ. ਚੈਨਲ ਵਲੋਂ ਜੀਵਨ ਭਰ ਦੀ ਘਾਲ ਕਮਾਈ ਲਈ ਦਿਤੇ ਇਨਾਮ ਮੌਕੇ ਗੁਰਭਜਨ ਗਿੱਲ ਵਲੋਂ ਲਿਖੇ ਉਸ ਦੇ ਸ਼ਬਦ ਚਿਤਰ ਵਿਚ ਉਹ ਪੂਰੀ ਬੇਬਾਕੀ ਨਾਲ ਐਲਾਨ ਕਰਦਾ ਹੈ ਕਿ ਉਸ ਦਾ ਯਾਰ ਅੱਜ ਵੀ ਅਖ਼ਬਾਰਾਂ ਵਿਚੋਂ ਸਿਆਸੀ ਖ਼ਬਰਾਂ ਨਹੀਂ ਪੜ੍ਹਦਾ, ਆਖਦਾ ਹੈ ਕੌਣ ਵਕਤ ਖਰਾਬ ਕਰੇ।
ਸਾਨੂੰ ਪਤਾ ਹੈ ਕਿ ਪੰਜਾਬੀ ਟ੍ਰਿਬਿਊਨ ਸ਼ੁਰੂ ਹੋਣ ਤੋਂ ਅਜੇ ਮਹਿਜ਼ 2-4 ਮਹੀਨੇ ਪਹਿਲਾਂ ਅਪ੍ਰੈਲ 1978 ਦਾ ਚਰਚਿਤ ਨਿਰੰਕਾਰੀ ਕਾਂਡ ਵਾਪਰਿਆ ਸੀ ਅਤੇ ਫਿਰ ਸਾਲ 1982 ਵਿਚ ਅਕਾਲੀਆਂ ਦੇ ਧਰਮਯੁੱਧ ਮੋਰਚੇ ਤੋਂ ਪਿਛੋਂ ਅਗਲੇ ਲਗਾਤਾਰ ਪੂਰੇ ਦਹਾਕੇ ਦੌਰਾਨ ਪੰਜਾਬ ਦਾ ਸਿਆਸੀ ਮਹੌਲ ਪ੍ਰਚੰਡ ਰੂਪ ਵਿਚ ਗਰਮਾਇਆ ਰਿਹਾ। ਇਸ ਦੌਰ ਦੌਰਾਨ ਦਲਬੀਰ ਸਿੰਘ ਅਤੇ ਕਰਮਜੀਤ ਸਿੰਘ ਦੋਵੇਂ ਪੰਜਾਬੀ ਨਿਊਜ ਡੈਕਸ ਦੇ ਥੰਮਸਨ- ਜਾਣੀ ਕਿ ਚੀਫ ਸਬ ਐਡੀਟਰ ਸਨ। ਦਲਬੀਰ ਸਿੰਘ ਖਾੜਕੂ ਲਹਿਰ ਨੂੰ ਪੰਜਾਬ ਦੇ ਸ਼ਾਨਾਂਮੱਤੇ ਸਾਂਝੇ ਸੈਕੂਲਰ ਵਿਰਸੇ ਦਾ ਬਦਤਰੀਨ ਨਿਖੇਧ ਮੰਨਦਾ ਸੀ ਜਦੋਂ ਕਿ ਕਰਮਜੀਤ ਸਿੰਘ ਦੇ ਵਿਸ਼ਵਾਸ ਅਨੁਸਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸੁੱਤੀ ਪਈ ਸਿੱਖ ਕੌਮ ਨੂੰ ਜਗਾ ਦਿੱਤਾ ਸੀ ਅਤੇ 18ਵੀਂ ਸਦੀ ਦੇ ਮਹਾਨ ਸਿੱਖ ਇਤਿਹਾਸ ਦੀਆਂ ਰਵਾਇਤਾਂ ਨੂੰ ਮੁੜ ਉਜਾਗਰ ਕਰ ਦਿੱਤਾ ਸੀ। ਏਨਾ ਵੱਡਾ ਅੰਤਰ ਸੀ ਦੋਵਾਂ ਸੱਜਣਾਂ ਦੀਆਂ ਜੀਵਨ ਦ੍ਰਿਸ਼ਟੀਆਂ ਅੰਦਰ! ਜ਼ਾਹਿਰ ਹੈ ਕਿ ਇਹ ਬੇਹੱਦ ਤਣਾਓ ਭਰਿਆ ਸਮਾਂ ਸੀ। ਫਿਰ ਸਟਾਫ ਵਿਚ ਤਰੱਕੀਆਂ ਲਈ ਕਸ਼ਮਕਸ਼ ਖਤਮ ਹੋਣ ਤੋਂ ਦੋ ਕੁ ਵਰ੍ਹੇ ਬਾਅਦ ਜਗਤਾਰ ਸਿੰਘ ਸਿੱਧੂ ਅਤੇ ਦਲਜੀਤ ਸਰਾਂ ਵਿਚਾਲੇ ਸਟਾਫ ਰਿਪੋਰਟਰੀ ਦੀ ਪ੍ਰਾਈਜ ਪੋਸਟ ਤੇ ਕਾਬਜ ਹੋਣ ਲਈ ਅੰਧਾ ਧੁੰਦ ਰੱਸਾ ਕਸ਼ੀ ਸ਼ੁਰੂ ਹੋ ਗਈ ਜਿਸ ਨੇ ਅਦਾਰੇ ਦੇ ਮਹੌਲ ਨੂੰ ਅਜਿਹੀ ਜ਼ਹਿਰਲਿੀ ਕੁੜੱਤਣ ਅਤੇ ਆਪਸੀ ਬੇਵਿਸ਼ਵਾਸੀ ਨਾਲ ਡੰਗ ਦਿੱਤਾ ਜਿਸ ਤੋਂ ਕਿ ਫਿਰ ਲੰਮੇ ਸਮੇਂ ਤੱਕ ਨਿਜ਼ਾਤ ਪਾਈ ਜਾ ਨਾ ਸਕੀ। ਮੈਂ ਦਲਜੀਤ ਦੇ ਨਾਲ ਸਾਂ ਅਤੇ ਉਂਜ ਵੀ ਉਹ ਮੈਨੂੰ ਜਗਤਾਰ ਦੇ ਮੁਕਾਬਲੇ ਹਰੇਕ ਪੱਖ ਤੋਂ ਉਸ ਅਸਾਮੀ ਲਈ ਬਿਹਤਰ ਉਮੀਦਵਾਰ ਲਗਦਾ ਸੀ। ਫਿਰ ਦੋਵਾਂ ਉਮੀਦਵਾਰਾਂ ਨੂੰ ਵੀ ਬੜੀ ਅਸਾਨੀ ਨਾਲ ਐਡਜਸਟ ਕੀਤਾ ਜਾ ਸਕਦਾ ਸੀ। ਪੰਜਾਬੀ ਟ੍ਰਿਬਿਊਨ ਦੇ ਇਤਿਹਾਸ ਦੇ ਉਸ ਮੋੜ ਤੇ ਸੰਪਾਦਕ ਗੁਲਜ਼ਾਰ ਸਿੰਘ ਸੰਧੂ ਕਲਾਸੀਕਲ ਅੰਦਾਜ਼ ਵਿਚ ਸਹਿਜ ਮਤੇ ਵਾਲਾ ਬੇਹੱਦ ਸ਼ਾਇਸਤਾ ਇਨਸਾਨ ਸੀ। ਸਟਾਫ ਵਿਚ ਉਸ ਵਕਤ ਇਕ ਨਹੀਂ ਬਲਕਿ ਦੋ ਸਬ ਐਡੀਟਰਾਂ ਦੀਆਂ ਅਸਾਮੀਆਂ ਖਾਲੀ ਸਨ। ਉਹ ਪੂਰਾ ਵਰ੍ਹਾ ਇਸ ਦਲੀਲ ਤੇ ਪੂਰਨ ਸੁਹਿਰਦਤਾ ਨਾਲ ਜੂਝਦਾ ਰਿਹਾ ਕਿ ਸਬ ਐਡੀਟਰ ਦੀ ਇਕ ਅਸਾਮੀ ਨੂੰ ਸਟਾਫ ਰਿਪੋਰਟਰ ਵਜੋਂ ਪੁਰ ਕਰ ਲਿਆ ਜਾਵੇ। ਅਜਿਹਾ ਨਾ ਕਰਨ ਦੀ ਉੱਕਾ ਹੀ ਕੋਈ ਵਜਹ ਵੀ ਨਹੀਂ ਸੀ। ਪ੍ਰੰਤੂ ਯੂਨੀਅਨ ਦੇ, ਦਾਸਤੋਵਸਕੀਅਨ ਬਦੀ ਦੇ ਪ੍ਰਤੀਕ, ਸਕੱਤਰ ਪੰਡਿਤ ਮੋਹਣ ਲਾਲ ਨੇ ਜਨਰਲ ਮੈਨੇਜਰ ਦੀ ਗਰਦਨ ਤੇ ਗੋਡਾ ਰੱਖਿਆ ਹੋਇਆ ਸੀ। ਮੈਂ ਇਸ ਪਰਿਵਾਰਕ ਘਮਾਸਾਨ ਦੌਰਾਨ ਦਲਜੀਤ ਦੇ ਹੱਕ ਵਿਚ ਅਜਿਹੇ ਨਾਜ਼ਕ ਅੰਦਾਜ਼ ਵਿਚ, ਜ਼ਿੰਦਗੀ-ਮੌਤ ਦਾ ਸਵਾਲ ਬਣਾ ਕੇ ਅਜਿਹੀ ਪੁਜੀਸ਼ਨ ਲਈ ਹੋਈ ਸੀ ਕਿ ਸੋਚਿਆਂ ਹੁਣ ਵੀ ਤ੍ਰਾਹ ਨਿਕਲ ਜਾਂਦਾ ਹੈ। ਉਸ ਬਾਰੇ ਡਰਾਮੇ ਦੇ ਕਿਸੇ ਵੀ ਮੋੜ ਤੇ ਪ੍ਰੈਸ਼ਰ ਕਾਰਨ ਸਹਿਜੇ ਹੀ ਦਿਮਾਗ ਦੀ ਨਸ ਵੀ ਫਟ ਸਕਦੀ ਸੀ। ਫਿਰ ਪੰਜਾਬੀ ਟ੍ਰਿਬਿਊਨ ਪਰਿਵਾਰ ਅੰਦਰ ਜਦੋਂ ਇਹ ਘਰੋਗੀ ਜੰਗ ਚਲ ਰਹੀ ਸੀ ਤਾਂ ਬਾਹਰ ਪੂਰੇ ਪੰਜਾਬ ਅੰਦਰ ਭਰਾ ਮਾਰ ਜੰਗ ਦਾ ਮਹੌਲ ਉਸ ਤੋਂ ਵੀ ਕਿਤੇ ਵੱਧ ਪ੍ਰਚੰਡ ਰੂਪ ਵਿਚ ਭਖਿਆ ਹੋਇਆ ਸੀ। ਆਪਦੀ ਕੁਦਰਤੀ ਸੰਵੇਦਨਾ ਅਤੇ ਸਮਝ ਅਨੁਸਾਰ ਹੋਣਾ ਤਾਂ ਮੈਨੂੰ ਉਸ ਰਾਮ ਰੋਲੇ ਤੋਂ ਬੇਨਿਆਜ਼ ਚਾਹੀਦਾ ਸੀ; ਪ੍ਰੰਤੂ ਮੇਰੀ ਅਕਲ ਕਿਸੇ ਕੰਮ ਆ ਨਹੀਂ ਰਹੀ ਸੀ। ਕਰਮਜੀਤ ਸਿੰਘ ਨਾਲ ਮੇਰੀ ਭਰਾਵਾਂ ਵਰਗੀ ਯਾਰੀ ਪਹਿਲੇ ਦਿਨ ਤੋਂ ਹੀ ਪੈ ਗਈ ਹੋਈ ਸੀ ਅਤੇ ਖ਼ਬਰਾਂ ਦੇ ਮਾਮਲੇ ਵਿਚ ਉਸਦੀ ਪੁਜੀਸ਼ਨ ਹੀ ਮੇਰੀ ਪੁਜੀਸ਼ਨ ਸੀ।ਅਸਲ ਵਿੱਚ ਹਕੀਕਤ ਇਹ ਹੈ ਕਿ ਸਾਲ 1985 ਦੇ ਸਮਿਆਂ ਦੌਰਾਨ ਮੈਂ ਆਪ ਇਨਸਾਨੀ ਹਸਤੀ ਦੇ ਮੂਲ਼ ਸਰੋਕਾਰਾਂ ਸੰਬੰਧੀ ਗਹਿਰੇ ਆਤਿਮ ਸੰਕਟ ਅਤੇ ਸਭ ਦੁਨਿਆਵੀ ਝੰਜਟਾਂ ਦੇ ਬਾਵਜੂਦ ਜ਼ਿੰਦਗੀ ਦੇ ਸੁਹੱਪਣ ਦੀਆਂ ਉਦਾਤ ਸਿਖ਼ਰਾਂ ਨੂੰ ਛੁਹਣ ਦੀ ਕਿਸੇ ਓਸੇ ਹੀ ਪ੍ਰੋਮੀਥੀਅਨ ਤਲਾਸ਼ ਵਿੱਚ ਸਾਂ ਜਿਸ ਵਿੱਚ ਕਿ ਇਨਸਾਨ ਦੀ ਹਾਰ ਪੂਰਵ ਨਿਸ਼ਚਿਤ ਹੁੰਦੀ ਹੈ।ਸੋ ਸਮਕਾਲੀ ਮਸਲਿਆਂ ਬਾਰੇ ਸੋਚਣ ਵਿਚਾਰਨ ਦਾ ਕਾਰੋਬਾਰ ਮੈਂ ਬਾਈ ਕਰਮਜੀਤ ਸਿੰਘ ਅਤੇ ਨਵੇਂ ਬਣੇ ਕੁਝ ਮਿੱਤਰਾਂ ਲਈ ਫਿਰ ਵੀ ਡਿਊਟੀ ਦਾ ਸਾਰਾ ਸਮਾਂ ਖਾਹ ਮਖਾਹ ਹੀ ਮੇਰੇ ਭਾਅ ਦੀਆਂ ਬਣੀਆਂ ਰਹਿੰਦੀਆਂ ਸਨ। ਸਾਰੀ ਕਹਾਣੀ ਮੈਂ ਸੁਣਾ ਇਸ ਕਰਕੇ ਰਿਹਾ ਹਾਂ ਕਿ ਸ਼ਮਸ਼ੇਰ ਨਾਲ ਸ਼ੁਰੂ ਤੋਂ ਮੈਨੂੰ ਸੰਵੇਦਨਾ ਦੇ ਕਈ ਅਹਿਮ ਨੁਕਤਿਆਂ ਤੇ ਗਹਿਰੀ ਸਾਂਝ ਮਹਿਸੂਸ ਹੋਣ ਲਗ ਗਈ ਸੀ। ਮੈਨੂੰ ਸ਼ਮਸ਼ੇਰ ਤੇ ਅੰਦਰੇ ਅੰਦਰ ਸਦਾ ਖਾਹ ਮਖਾਹ ਹੀ ਖਿੱਝ ਚੜ੍ਹੀ ਰਹਿੰਦੀ ਸੀ ਕਿ ਉਹ ਉਸ ਸਾਰੇ ਹਲ ਚਲ ਭਰੇ ਮਹੌਲ ਵਿਚ ਨਿਰਲੇਪ ਕਿਉਂ ਸੀ; ਹਰ ਵਕਤ ਬਰਫ ਵਾਂਗ ਯੱਖ ਠੰਡਾ ਕਿਉਂ ਸੀ। ਫਿਰ ਯੂਨੀਅਨ ਅਤੇ ਅਦਾਰੇ ਦੀ ਸਥਾਪਤੀ ਆਪਸ ਵਿਚ ਮਿਲੀ ਹੋਈ ਸੀ ਅਤੇ ਉਨ੍ਹਾਂ ਸਮਿਆਂ ਦੀ ਮੇਰੀ ਮੱਤ ਅਨੁਸਾਰ ਉੱਤੋਂ ਕਹਿਰ ਇਹ ਸੀ ਕਿ ਸ਼ਮਸ਼ੇਰ ਉਨ੍ਹਾਂ ਦੇ ਨਾਲ ਡਟ ਕੇ ਖੜ੍ਹਾ ਤਾਂ ਨਹੀਂ ਸੀ ਪ੍ਰੰਤੂ ਸ਼ਾਂਤ ਚਿਤ ਬੈਠਾ ਉਨ੍ਹਾਂ ਦੇ ਪਾਲੇ ਅੰਦਰ ਹੋਇਆ ਸੀ। ਵਕਤ ਵਕਤ ਦੀਆਂ ਗੱਲਾਂ ਹਨ; ਕਰਮਜੀਤ ਅਤੇ ਦਲਜੀਤ ਦੇ ਨਾਲ ਆਪਦਾ ਪੱਖ ਮੈਨੂੰ ਪਾਂਡੋਆਂ ਦੀ ਧਿਰ ਲਗਦੀ ਸੀ ਅਤੇ ਸ਼ਮਸ਼ੇਰ ਨਾਲ ਨਿਰੰਤਰ ਤਣਾਓ ਦਾ ਮਤਲਾ ਇਹ ਸੀ ਕਿ ਉਹ ਸਾਊ ਸੀ ਅਤੇ ਮੇਰੇ ਵਾਲੀ ਧਰਮੀ ਧਿਰ ਨਾਲ ਖੜਦਾ ਕਿਉਂ ਨਹੀਂ ਸੀ!
ਸ਼ਮਸ਼ੇਰ ਵੇਖਣ ਨੂੰ ਜਿੰਨਾ ਸਿਰੇ ਦਾ ਸਾਊ ਅਤੇ ਧੀਮੇ ਬੋਲਾਂ ਵਾਲਾ ਸਖਸ਼ ਸੀ - ਉਸ ਨਾਲ ਖਾਹ ਮਖਾਹ ਛੇੜ ਛਾੜ ਕਰਨੀ ਓਨੀ ਹੀ ਖ਼ਤਰਨਾਕ ਸੀ। ਪਰ ਇਕ ਤਰਫਾ ਰਿਸ਼ਤੇ ਦੇ ਮੇਰੇ ਸਵੈ ਸਿਰਜੇ ਉਪਰ ਦਸੇ ਦਾਅਵੇ ਦੇ ਤਹਿਤ ਮੈਥੋਂ ਅਕਸਰ ਹੀ ਦਾਅ ਦਾਅ ਨਾਲ ਉਸਦੀ ਅੰਤਰ ਆਤਮਾ ਨੂੰ ਪੋਲੀਆਂ ਪੋਲੀਆਂ ਹੁੱਝਾਂ ਮਾਰੀ ਜਾਣ ਤੋਂ ਰਹਿ ਨਹੀਂ ਸੀ ਹੁੰਦਾ। ਸਾਫ਼ ਜ਼ਾਹਿਰ ਹੈ ਕਿ ਮੈਨੂੰ ਮੂੰਹ ਦੀ ਖਾਣੀ ਪੈਣੀ ਸੀ। ਸੋ ਸ਼ਮਸ਼ੇਰ ਨੇ ਉਸ ਸਾਰੇ ਸਮੇਂ ਦੌਰਾਨ ਇਕ ਵਾਰ ਨਹੀਂ ਬਲਕਿ ਦੋ ਵਾਰੀਂ ਇਹ ਕਹਿ ਕੇ ਟੋਕਿਆ ਕਿ ਮੈਂ ਉਸ ਨਾਲ ਇਲਹਾਮੀ ਸੁਰ ਵਿਚ ਗੱਲ ਨਾ ਕਰਿਆ ਕਰਾਂ। ਉਸ ਦੇ ਇਸ ਕੋਰੇ ਸੰਕੇਤ ਨਾਲ ਮੈਨੂੰ ਕਿਸ ਕਿਸਮ ਦੀ ਪ੍ਰੇਸ਼ਾਨੀ ਹੋਈ ਹੋਵੇਗੀ ਪੜ੍ਹਨ ਵਾਲੇ ਸੱਜਣਾਂ ਨੂੰ ਇਹ ਅੰਦਾਜ਼ਾ ਖੁਦ ਹੀ ਲਗਾਉਣਾ ਪੈਣਾ ਹੈ।
ਸ਼ਮਸ਼ੇਰ ਨਾਲ ਆਪਣੇ ਵਖਰੇਵੇਂ ਦੀ ਗੱਲ ਕਰਦਿਆਂ ਮੈਨੂੰ ਸਾਲ 1987 ਦੇ ਅੰਤ ਜਾਂ 88 ਦੇ ਅਰੰਭਲੇ ਮਹੀਨਿਆਂ ਦੌਰਾਨ ਵਾਪਰੀ ਇਕ ਘਟਨਾ ਯਾਦ ਆ ਗਈ ਹੈ। ਅੰਮ੍ਰਿਤਸਰ ਦੇ ਉਰਵਾਰ ਵਾਲੀ ਸਾਈਡ ਤੇ ਸਾਰੇ ਇਲਾਕੇ ਵਿਚ ਬਾਬਾ ਮਾਨੋਚਾਹਲ ਦੀ ਭਿੰਡਰਾਂਵਾਲਾ ਟਾਈਗਰਜ ਫੋਰਸ ਦਾ ਲੈ. ਜਨਰਲ ਸੁਰਜੀਤ ਸਿੰਘ ਪੈਂਟਾ ਉਨ੍ਹੀਂ ਦਿਨੀਂ ਦਹਿਸ਼ਤ ਦਾ ਰੂਪ ਬਣਿਆ ਹੋਇਆ ਸੀ। ਉਸ ਨੇ ਪੂਰੇ ਇਕ ਵਰ੍ਹੇ ਲਈ ਆਪਣਾ ਹੈਡਕਵਾਟਰ ਵੀ ਰਈਆ ਮੰਡੀ ਦੇ ਕੋਲ ਨਗਰ ਬੁਟਾਰੀ ਵਿਖੇ ਸਾਡੇ ਕਰੀਬੀ ਰਿਸ਼ਤੇਦਾਰਾਂ ਦੇ ਫਾਰਮ ਹਾਊਸ ਨੂੰ ਬਣਾਇਆ ਹੋਇਆ ਸੀ। ਉਥੋਂ ਹੀ ਇਕ ਰਾਤ ਕੂਚ ਕਰਕੇ ਉਸ ਨੇ ਨੇੜੇ ਹੀ ਨਗਰ ਜਮਸ਼ੇਰ ਵਿਖੇ ਕਾਲਜ ਦੇ ਦਿਨਾਂ ਦੇ ਸਾਡੇ ਮਾਸਟਰ ਚਰਨ ਨਾਂ ਦੇ ਇਕ ਬੇਹੱਦ ਜ਼ਹੀਨ ਸਾਥੀ ਨੂੰ ਮਾਰ ਦਿੱਤਾ। ਚਰਨ ਸਾਇੰਸ ਟੀਚਰ ਸੀ ਅਤੇ ਪਿੰਡ ਵਿਚ ਹੀ ਮਿਡਲ ਸਕੂਲ ਦਾ ਹੈੱਡਮਾਸਟਰ ਸੀ। ਪਿੰਡ ਵਿਚ ਲਾਗ ਡਾਟ ਸੀ।ਕਿਹਾ ਇਹ ਗਿਆ ਕਿ ਮਾਸਟਰ ਕਾਮਰੇਡ ਸੀ; ਨਾਸਤਕ ਸੀ ਅਤੇ ਬੱਚਿਆਂ ਨੂੰ ਸਕੂਲ ਵਿਚ ਪਾਠ ਕਰਵਾਉਣ ਦੀ ਇਜ਼ਾਜ਼ਤ ਦੇਣ ਤੋਂ ਇਨਕਾਰੀ ਸੀ। ਵਿਆਹ ਤੋਂ 10-12 ਸਾਲ ਬਾਅਦ ਤੱਕ ਚਰਨ ਦੇ ਘਰੇ ਕੋਈ ਬੱਚਾ ਨਹੀਂ ਸੀ ਹੋਇਆ ਅਤੇ ਉਸ ਦੀ ਪਤਨੀ ਪਰਿਵਾਰ ਦੀ ਰਜ਼ਾਮੰਦੀ ਨਾਲ ਆਪਦੀ ਇਕ ਭਾਣਜੀ - ਜੋ ਕਿ ਮਾਨਸਿਕ ਤੌਰ ਤੇ ਥੋੜੀ ਸਿਧਰੀ ਸੀ - ਨੂੰ ਉਸਦੀ ਦੂਸਰੀ ਪਤਨੀ ਵਜੋਂ ਘਰੇ ਲੈ ਆਈ ਹੋਈ ਸੀ। ਘਟਨਾ ਵਾਲੀ ਰਾਤ ਪੈਂਟੇ ਅਤੇ ਉਸਦੇ ਸਾਥੀਆਂ ਨੇ ਚਰਨ ਨੂੰ ਉਸਦੀ ਬੁਢੜੀ ਮਾਂ ਅਤੇ ਦੋਵਾਂ ਪਤਨੀਆਂ ਦੇ ਸਾਹਮਣੇ ਹੱਥ ਪੈਰ ਬੰਨ੍ਹ ਕੇ ਰੋਹੀ ਤੇ ਪੈਂਦੇ ਫਾਰਮ ਹਾਊਸ ਤੇ ਧਰੇਕ ਦੇ ਦਰੱਖਤ ਉਪਰ ਟੰਗਿਆ। ਹੇਠਾਂ ਅੰਦਰੋਂ ਲੈ ਕੇ ਦੋ ਰਜਾਈਆਂ ਰਖੀਆਂ ਅਤੇ ਇੰਞਣ ਵਿਚੋਂ ਮੋਬਲ ਆਇਲ ਲੈ ਕੇ ਰੂੰ ਉਪਰ ਛਿੜਕਾਉ ਕਰਕੇ ਤੀਲੀ ਬਾਲ ਦਿਤੀ।ਸੇਕ ਲੱਗਣ ਨਾਲ ਮਾਸਟਰ ਚਰਨ ਜਦੋਂ ਚੀਕਿਆ ਤਾਂ ਉਨ੍ਹਾਂ ਨੇ ਏ. ਕੇ. 47 ਦਾ ਬਰਸਟ ਮਾਰ ਕੇ ਉਸ ਨੂੰ ਸ਼ਾਂਤ ਕਰ ਦਿਤਾ। ਸਾਡੇ ਇਕ ਸਾਥੀ ਸਬ ਐਡੀਟਰ ਨੇ ਚੁਟਕੀ ਪਾਠ ਕਰਦਿਆਂ ਛੋਟੀ ਜਿਹੀ ਖ਼ਬਰ ਬਣਾ ਦਿਤੀ। ਮੈਨੂੰ ਸਾਰਾ ਜ਼ੋਰ ਲਗਾਉਣ ਦੇ ਬਾਵਜੂਦ ਖ਼ਬਰ ਨੂੰ ਨਵੇਂ ਸਿਰਿਓਂ ਲਿਖਣ ਦੀ ਇਜ਼ਾਜ਼ਤ ਤਾਂ ਕੀ ਮਿਲਣੀ ਸੀ - ਨਿਊਜ਼ ਰੂਮ ਵਿਚ ਘੜੀ ਪਲ ਲਈ ਰਫੜ ਜ਼ਰੂਰ ਪਿਆ ਰਿਹਾ। ਸ਼ਮਸ਼ੇਰ ਮੇਰੇ ਨਾਲ ਬੈਠਾ ਸੀ। ਮੈਂ ਉਸ ਨੂੰ ਹੁੱਝਾਂ ਮਾਰਾਂ ਕਿ ਉਹ ਮੇਰੀ ਪਿੱਠ ਤੇ ਆਵੇ। ਪਰ ਬਾਈ ਜੀ ਤਾਂ ਉਸ ਪਲ ਮਾਨੋ ਕਿਸੇ ਬੋਧ ਭਿਕਸ਼ੂ ਦੀ ਮਨੋ ਅਵਸਥਾ ਵਿਚ ਸੀ। ਘੰਟੇ ਕੁ ਬਾਅਦ ਖ਼ਬਰਾਂ ਕੁਝ ਚਰਨ ਦੀ ਹੱਤਿਆ ਜਿੰਨੀਆਂ ਹੀ ਮਨਹੂਸ ਹੋਰ ਆ ਗਈਆਂ ਅਤੇ ਸਾਰੇ ਮੈਂਬਰ ਚਰਨ ਵਾਲੀ ਗੱਲ ਭੁੱਲ ਭੁਲਾ ਗਏ। ਰਾਤ ਦੇ 8 ਕੁ ਵਜੇ ਖ਼ਬਰਾਂ ਦਾ ਕੰਮ ਮੁੱਕ ਗਿਆ ਅਤੇ ਸ਼ਮਸ਼ੇਰ ਨੇ ਫ਼ੁਰਸਤ ਦੇ ਪਲਾਂ ਦਾ ਲਾਹਾ ਲੈਂਦਿਆਂ ਬੜੇ ਸਹਿਜ ਮਤੇ ਨਾਲ ਕੋਈ ਕਥਾ ਸੁਨਾਉਣੀ ਸ਼ੁਰੂ ਕਰ ਦਿਤੀ। ਅਫਸੋਸ ਮੈਨੂੰ ਉਹ ਕਥਾ ਤਾਂ ਯਾਦ ਰਹੀ ਨਹੀਂ ਪਰ ਉਸ ਪਰਥਾਏ ਮੈਂ ਉਸੇ ਭਾਵਨਾ ਵਾਲੀ ਕੋਈ ਹੋਰ ਕਥਾ ਜੋ ਕਿ ਬਿਲਕੁਲ ਉਸ ਦੇ ਵੱਡੇ ਭਾਈ ਗੁਲਜ਼ਾਰ ਸਿੰਘ ਸੰਧੂ ਨੇ ਦੋ ਕੁ ਵਰ੍ਹੇ ਪਹਿਲਾਂ ਸਿਰਜਣਾ ਮੈਗਜ਼ੀਨ ਵਿਚ ਛਪੇ ਮੈਂ ਤੇ ਮੇਰੀ ਰਚਨਾਕਾਰੀ ਵਾਲੇ ਲੰਮੇਂ ਲੇਖ ਵਿਚ ਸੁਣਾਈ ਹੋਈ ਹੈ - ਜ਼ਰੂਰ ਸਮਸ਼ੇਰ ਦੀ ਸਹਿਜ ਸਖਸ਼ੀਅਤ ਨੂੰ ਜਾਨਣ ਲਈ ਉਤਸਕ ਸੱਜਣਾਂ ਨੂੰ ਸੁਨਾਉਣੀ ਚਾਹਾਂਗਾ। ਸੰਧੂ ਸਾਹਿਬ ਦਸਦੇ ਹਨ:
(ਅਖੇ) ਇਕ ਵਾਰੀਂ ਸਾਮ੍ਹਣੇ ਘਰ ਵਿਚੋਂ ਉੱਚੀ ਅਵਾਜ਼ ਨੇ ਮੈਨੂੰ ਜਗਾ ਦਿਤਾ। ਪਤਾ ਲੱਗਿਆ ਕਿ ਉਸ ਘਰ ਦੇ ਮੁਖੀ ਦੀ ਅਚਾਨਕ ਮੌਤ ਹੋ ਗਈ ਸੀ। ਮੈਂ ਇਕੱਲਾ ਸਾਂ। ਮੇਰੀ ਬੀਵੀ ਸਰਕਾਰੀ ਕੰਮ ਦਿੱਲੀ ਦੌਰੇ ਤੇ ਗਈ ਹੋਈ ਸੀ। ਘਰ ਦੇ ਮੁਖੀ ਦੀ ਮੌਤ ਤੋਂ ਪਿੱਛੋਂ ਉਸ ਘਰ ਵਿਚ ਛੋਟੇ ਬੱਚਿਆਂ ਤੋਂ ਬਿਨਾ ਮਰਨ ਵਾਲੇ ਦੀ ਵਿਧਵਾ ਸੀ ਜਿਸ ਨੂੰ ਮੈਂ ਕਦੀ ਹੈਲੋ ਤਕ ਨਹੀਂ ਸੀ ਕੀਤੀ। ਮੈਂ ਫੈਸਲਾ ਕੀਤਾ ਕਿ ਮੈਨੂੰ ਉਸ ਘਰ ਜਾਣ ਦੀ ਲੋੜ ਨਹੀਂ।
ਮੈਂ ਦਫ਼ਤਰ ਜਾਣ ਲਈ ਤਿਆਰ ਹੋ ਰਿਹਾ ਸਾਂ ਕਿ ਮੇਰੇ ਪੈਰਾਂ ਉਤੇ ਸਾਡਾ ਪਾਲਿਆ ਹੋਇਆ ਬਲੂੰਗੜਾ ਆ ਕੇ ਬਹਿ ਗਿਆ। ਉਹ ਬਿਮਾਰ ਤੇ ਥੱਕਿਆ ਹੋਇਆ ਜਾਪਦਾ ਸੀ ਜਿਵੇਂ ਮਰਨ ਕਿਨਾਰੇ ਹੋਵੇ। ਮੈਂ ਉਸ ਨੂੰ ਚੁੱਕ ਕੇ ਵੇਖਣ ਲਗਿਆ ਤਾਂ ਉਸ ਦੀ ਗਰਦਨ ਲੁੜਕ ਗਈ। ਮੈਨੂੰ ਇਹ ਨਤੀਜਾ ਕੱਢਦਿਆਂ ਦੇਰ ਨਹੀਂ ਲਗੀ ਕਿ ਉਸਨੂੰ ਸਾਡੀ ਸਾਂਝੀ ਛੱਤ ਵਾਲਿਆਂ ਨੇ ਮਰਨ ਦੀ ਗੋਲੀ ਖਵਾ ਛੱਡੀ ਸੀ। ਉਨ੍ਹਾਂ ਦੇ ਘਰ ਬੱਚੇ ਨੇ ਜਨਮ ਲਿਆ ਸੀ। ਇਹ ਬੱਚਾ ਦੋ ਭਰੂਣਾਂ ਤੋਂ ਪਿਛੋਂ ਹੋਇਆ ਸੀ। ਉਨ੍ਹਾਂ ਨੂੰ ਸਾਡੇ ਬਲੂੰਗੜੇ ਤੋਂ ਬੜਾ ਡਰ ਲਗਦਾ ਸੀ। ਉਨ੍ਹਾਂ ਨੇ ਕਈ ਵਾਰ ਕਿਹਾ ਵੀ ਸੀ ਕਿ ਅਸੀਂ ਬਲੂੰਗੜੇ ਨੂੰ ਬੰਨ੍ਹ ਕੇ ਰਖਿਆ ਕਰੀਏ। ਸਾਨੂੰ ਬਲੂੰਗੜਾ ਬੰਨ੍ਹਣ ਦੀ ਜਾਚ ਨਹੀਂ ਸੀ। ਮੇਰੇ ਮਨ ਅੰਦਰ ਮਰੇ ਹੋਏ ਬਲੂੰਗੜੇ ਲਈ ਮੋਹ ਜਾਗ ਪਿਆ। ਮੈਂ ਆਪਣੇ ਦਫ਼ਤਰ ਜਾਣ ਦੀ ਬਜਾਏ ਬਲੂੰਗੜੇ ਦੀ ਲਾਸ਼ ਨੂੰ ਕਿਸੇ ਚੱਜ ਦੇ ਥਾਂ ਲਿਜਾ ਕੇ ਦਫਨਾਉਣ ਬਾਰੇ ਸੋਚਣ ਲਗ ਪਿਆ।
ਮੈਨੂੰ ਅੱਜ ਤੱਕ ਵੀ ਯਾਦ ਹੈ ਕਿ ਸ਼ਮਸ਼ੇਰ ਜਦੋਂ ਪੂਰੀ ਬੇਨਿਆਜੀ ਨਾਲ ਇਸੇ ਤਰ੍ਹਾਂ ਦੀ ਕੋਈ ਕਥਾ ਸੁਣਾ ਰਿਹਾ ਸੀ ਤਾਂ ਮੈਂ ਉਸ ਨੂੰ ਸੁਣਦਿਆਂ ਲਗਾਤਾਰ ਨਾਲ ਦੀ ਨਾਲ ਮਾਸਟਰ ਚਰਨ ਦੀ ਪੈਂਟੇ ਅਤੇ ਉਸਦੇ ਸਾਥੀਆਂ ਹੱਥੋਂ ਨਿਰਮਮ ਹੱਤਿਆ ਬਾਰੇ ਸੋਚੀ ਜਾ ਰਿਹਾ ਸਾਂ। ਸ਼ਾਇਦ ਇਹੋ ਕਾਰਨ ਹੈ ਕਿ ਸ਼ਮਸ਼ੇਰ ਦੀ ਕਥਾ ਦਾ ਭਾਵ ਤਾਂ ਮੈਨੂੰ ਅੱਜ ਵੀ ਯਾਦ ਹੈ ਪਰ ਉਸਦਾ ਸਪੱਸ਼ਟ ਵੇਰਵਾ ਚੇਤਿਆਂ ਵਿਚੋਂ ਵਿਸਰ ਗਿਆ ਹੈ।
ਸ਼ਮਸ਼ੇਰ ਨਾਲ ਆਪਦੀ ਛੇੜ ਛਾੜ ਦੀ ਇਕ ਹੋਰ ਗੱਲ ਮੇਰਾ ਪਾਠਕਾਂ ਨਾਲ ਜ਼ਰੂਰੀ ਤੌਰ ਤੇ ਸਾਂਝੀ ਕਰਨ ਨੂੰ ਜੀਅ ਕਰਦਾ ਹੈ। ਉਸ ਦੀ ਸਹਿਜ ਪੱਕੇ ਸੋ ਮੀਠਾ ਹੋਇ ਵਾਲੀ ਮਨੋ ਅਵਸਥਾ ਨੂੰ ਅਤੰਕਿਤ ਕਰਨ ਲਈ ਅੰਤਿਮ ਹੱਥ ਕੰਡਾ ਵਰਤਦਿਆਂ ਇਕ ਦਿਨ ਮੈਂ ਉਸਨੂੰ ਸਿੱਧਾ ਹੀ ਸਵਾਲ ਕਰ ਦਿਤਾ ਕਿ ਉਹ ਘਰੋਂ ਸੌਖੇ ਪੇਂਡੂ ਪਰਿਵਾਰ ਵਿਚੋਂ ਹੈ ਅਤੇ ਫਿਰ ਸੁਣਿਐ ਸਹੁਰੇ ਪਰਿਵਾਰ ਵਲੋਂ ਵੀ ਉਸ ਨੂੰ ਤਕੜੀ ਢਾਰਸ ਹੈ। ਉਹ ਪੰਜਾਬੀ ਟ੍ਰਿਬਿਊਨ ਦੀ ਟਕਸਾਲ ਵਿਚ ਨੀਰਸ ਖਬਰਾਂ ਦੀ ਘਾੜਤ ਦੇ ਬੇਰਸ ਧੰਦੇ ਨੂੰ ਛੱਡ ਕੇ ਪਿੰਡ ਆਪਣੇ ਖੇਤਾਂ ਦੀ ਸੁਤੰਤਰ ਆਬੋ ਹਵਾ ਵਿਚ ਕਿਉਂ ਨਹੀਂ ਚਲਿਆ ਜਾਂਦਾ! ਜਵਾਬ ਬੜਾ ਸੰਖੇਪ ਸੀ ਕਿ ਬੱਲ, ਮੈਥੋਂ ਕਿਸੇ ਸੀਰੀ ਨੂੰ ਨੱਕਾ ਮੋੜਨ ਲਈ ਨਹੀਂ ਕਹਿ ਹੋਣਾ ਅਤੇ ਖੁਦ ਆਪ ਮੈਥੋਂ ਰਾਤ ਬਰਾਤੇ ਐਦਾਂ ਦਾ ਔਖਾ ਕੰਮ ਹੋਣਾ ਨਹੀਂ ਹੈ। ਇਹ ਕਹਿ ਕੇ ਮੇਰੇ ਸਭ ਗਿਲੇ ਸ਼ਿਕਵੇ ਉਨ ਇਕ ਤਰ੍ਹਾਂ ਨਾਲ ਸਦਾ ਵਾਸਤੇ ਹੀ ਦੂਰ ਕਰ ਦਿਤੇ।
ਸ਼ਮਸ਼ੇਰ ਦੇ ਸਬਰ ਸੰਤੋਖ ਨੂੰ ਬੂਰ ਪਿਆ। ਸਾਲ 1990 ਜਾਂ 91 ਦੀ ਗੱਲ ਹੈ। ਅਦਾਰੇ ਨੇ ਪੰਜਾਬੀ ਟ੍ਰਿਬਿਊਨ ਦੇ ਪੰਨੇ ਵਧਾਏ ਅਤੇ ਫਿਲਮ ਅੰਕ, ਖੇਤੀ ਅੰਕ ਅਤੇ ਹੋਰ ਯਾਦ ਨਹੀਂ ਕਿਹੜੇ ਕਿਹੜੇ ਨਵੇਂ ਅੰਕ ਸ਼ੁਰੂ ਕਰ ਦਿਤੇ। ਸਾਡੇ ਸਾਥੀ ਨੂੰ ਆਪ ਦੀਆਂ ਦਿਲਚਸਪੀਆਂ ਅਨੁਸਾਰ ਮਨਭਾਉਂਦਾ ਕੰਮ ਅਤੇ ਵੱਖਰਾ ਕੈਬਿਨ ਮਿਲ ਗਿਆ। ਨੀਰਸ ਖ਼ਬਰਾਂ ਦੀ ਘੈਂਸ ਘੈਂਸ ਤੋਂ ਮੁਕਤੀ ਮਿਲਦਿਆਂ ਹੀ ਸ਼ਮਸ਼ੇਰ ਦੀ ਸਖਸ਼ੀਅਤ ਵਿਚ ਤੇਜੀ ਨਾਲ ਨਵਾਂ ਅਤੇ ਅਨੋਖਾ ਨਿਖਾਰ ਆਉਣਾ ਸ਼ੁਰੂ ਹੋ ਗਿਆ। ਸਾਲ 1992 ਦੇ ਅਰੰਭ ਵਿਚ ਹੀ ਖਾੜਕੂ ਧਿਰਾਂ ਨੇ ਚੋਣਾਂ ਦਾ ਬਾਈਕਾਟ ਕਰ ਦਿਤਾ। ਬਾਈਕਾਟ ਵਿਚੋਂ ਸ. ਬੇਅੰਤ ਸਿੰਘ ਨਿਕਲ ਆਇਆ ਅਤੇ ਉਸ ਨੇ ਕੇ. ਪੀ. ਐਸ. ਗਿੱਲ ਨੂੰ ਖੁਲ੍ਹੀਆਂ ਛੁੱਟੀਆਂ ਦੇ ਕੇ ਅਮਨ ਦੀ ਬਹਾਲੀ ਤਾਂ ਕਰਵਾਈ ਹੀ ਕਰਵਾਈ ਨਾਲ ਹੀ ਅਮਨ ਸ਼ਾਂਤੀ ਦੇ ਮਹੌਲ ਦੀ ਬਹਾਲੀ ਦੇ ਆਪਣੇ ਦਾਅਵੇ ਦੀ ਤਸਦੀਕ ਵਜੋਂ ਪੂਰੇ ਪੰਜਾਬ ਅੰਦਰ ਲੋਕ ਗਾਇਕੀ ਦੇ ਫਲੱਡ ਗੇਟ ਖੋਲ੍ਹ ਦਿਤੇ।
1990 ਤੋਂ ਬਾਅਦ ਅਗਲੇ ਕਈ ਵਰ੍ਹੇ ਮੇਰਾ ਸਾਰਾ ਧਿਆਨ ਪੰਜਾਬ ਅੰਦਰ ਖਾੜਕੂ ਲਹਿਰ ਦੌਰਾਨ ਆਮ ਲੋਕਾਂ ਵੱਲੋਂ ਝੱਲੇ ਸੰਤਾਪ ਦੀਆਂ ਕਹਾਣੀਆਂ ਇਕੱਠੀਆਂ ਕਰਨ ਤੇ ਲਗਿਆ ਰਿਹਾ। ਸ਼ਮਸ਼ੇਰ ਨੇ ਕੀ ਕੀਤਾ ਅਤੇ ਕੀ ਨਾ ਕੀਤਾ - ਮੈਨੂੰ ਉਨ੍ਹਾਂ ਸਾਲਾਂ ਦੌਰਾਨ ਕੱਖ ਵੀ ਪਤਾ ਨਾ ਲੱਗਾ।ਦਿਨ ਰਾਤ ਮਾਰੋ ਮਾਰ ਕਰਦਿਆਂ ਇਹ ਮੁਹਿੰਮ ਮੈਂ ਸ਼ੁਰੂ ਤਾਂ ਕੀਤੀ ਸੀ ਪੁਲੀਸ ਵਧੀਕੀਆਂ ਅਤੇ ਸਧਾਰਨ/ਬੇਬਸ ਲੋਕਾਂ ਦੇ ਸੁਰੱਖਿਆ ਬਲਾਂ ਵਲੋਂ ਕੀਤੇ ਜਾ ਰਹੇ ਮਾਨਵ ਅਧਿਕਾਰਾਂ ਦੀ ਉਲੰਘਣਾਂ ਦੇ ਵੇਰਵੇ ਇਕੱਠੇ ਕਰਨ ਖਾਤਰ। ਪ੍ਰੰਤੂ ਸਮੁੱਚੇ ਪੰਜਾਬ ਹੀ ਨਹੀਂ ਬਲਕਿ ਦਿੱਲੀ, ਮੁੰਬਈ ਅਤੇ ਤਰਾਈ ਵਿਚ ਵਸੇ ਸਿੱਖ ਕਿਸਾਨਾਂ ਦੇ ਡੇਰਿਆਂ ਤੇ ਜਾ ਕੇ ਜੋ ਹਕੀਕਤ ਮੇਰੇ ਸਾਮ੍ਹਣੇ ਆਈ ਉਹ ਏਨੀ ਵਿਕਰਾਲ ਅਤੇ ਗੁੰਝਲਦਾਰ ਸੀ ਕਿ ਮੇਰੀ ਆਤਮਾ ਇਕ ਤਰ੍ਹਾਂ ਨਾਲ ਸੁੰਨ ਹੋ ਕੇ ਰਹਿ ਗਈ। ਕੁਝ ਵੀ ਲਿਖਣ ਲਿਖਾਉਣ ਦੀ ਹਿੰਮਤ ਜਾਂ ਜੁੱਅਰਤ ਹੀ ਨਾ ਪਈ। ਇਕੱਠੇ ਕੀਤੇ ਪੰਡਾਂ ਦੀਆਂ ਪੰਡਾਂ ਕਾਗਜ਼ ਪਏ ਹੀ ਰਹਿ ਗਏ। ਪੰਜਾਬੀ ਟ੍ਰਿਬਿਊਨ ਦਾ ਮਹੌਲ ਖੁਲ੍ਹ ਗਿਆ ਸੀ। ਸ਼ਮਸ਼ੇਰ ਨਿਊਜ਼ ਰੂਮ ਦੇ ਘੁਟਨ ਭਰੇ ਮਹੋਲ ਤੋਂ ਪੂਰਨ ਰੂਪ ਵਿਚ ਅਜ਼ਾਦ - ਪਰ ਉਹ ਕੀ ਕਰ ਰਿਹਾ ਸੀ - ਮੈਨੂੰ ਕੋਈ ਖ਼ਬਰ ਨਹੀਂ ਸੀ। ਪ੍ਰੰਤੂ ਮੇਰੀ ਜਾਚੇ ਇਹੋ ਉਹ ਸਮਾਂ ਸੀ ਜਦੋਂ ਉਸਨੂੰ ਸੁਰਜੀਤ ਬਿੰਦਰਖੀਏ ਵਰਗਾ ਨਿੱਕਾ ਭਰਾ ਮਿਲਿਆ ਅਤੇ ਉਸ ਦੇ ਯਾਰ ਗੁਰਭਜਨ ਗਿੱਲ ਦੇ ਕਥਨ ਅਨੁਸਾਰ ਬਿੰਦਰਖੀਏ ਦੇ ਨਾਲ ਉਸ ਦੀ ਜੋੜੀ ਵਿਚ ਜਦੋਂ ਅਤੁੱਲ ਸ਼ਰਮਾ ਆਣ ਮਿਲਿਆ ਤਾਂ ਖੂਬਸੂਰਤੀ ਦੀ ਇਸ ਤ੍ਰਿਕੜੀ ਨੇ ਹਰ ਮੈਦਾਨ ਫਤਿਹ ਕੀਤਾ।
ਸਾਲ 1980-81 ਤੋਂ ਲੈ ਕੇ 1990-91 ਤਕ ਪੰਜਾਬ ਤੇ ਜੇਕਰ ਸਾੜ੍ਹਸਤੀ ਦਾ ਸਮਾਂ ਸੀ ਤਾਂ ਅੰਦਰੂਨੀ ਤਣਾਓ ਪੱਖੋਂ ਪੰਜਾਬੀ ਟ੍ਰਿਬਿਊਨ ਦਾ ਵੀ ਲਗਪਗ ਅਜਿਹਾ ਹੀ ਹਾਲ ਸੀ। ਸਾਲ 1990 ਖਾੜਕੂ ਲਹਿਰ ਦੇ ਸਿਖਰ ਉਹ ਸਮਾਂ ਸੀ ਜਦੋਂ ਕਰਮਜੀਤ ਸਿੰਘ ਨੇ ਆਜ਼ਾਦੀ ਪ੍ਰਾਪਤੀ ਪਿਛੋਂ ਦੇ ਕਈ ਦਹਾਕਿਆਂ ਦੇ ਸਿੱਖ ਪੇਨ ਨੂੰ ਅਵਾਜ਼ ਦਿੰਦਿਆਂ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਤਰਫੋਂ ਭਾਰਤੀ ਰਾਸ਼ਟਰਪਤੀ ਦੇ ਨਾਂ ਖੁਲ੍ਹੀ ਚਿੱਠੀ ਦੀ ਸਿਰਜਣਾ ਕੀਤੀ ਜੋ ਕਿ ਨਿਸਚੇ ਹੀ ਉਨ੍ਹਾਂ ਵਕਤਾਂ ਦਾ ਇਕ ਅਹਿਮ ਇਤਿਹਾਸਕ ਦਸਤਾਵੇਜ਼ ਹੈ। ਇਸ ਤੋਂ ਤਿੰਨ ਕੁ ਵਰ੍ਹੇ ਬਾਅਦ 30 ਅਕਤੂਬਰ 1993 ਨੂੰ ਖਾੜਕੂ ਲਹਿਰ ਦੀ ਲਹਿਤ ਦੇ ਦੌਰ ਵਿੱਚ ਪੰਜਾਬ ਦੇ ਖੱਬੇ ਪੱਖੀ/ਧਰਮ ਨਿਰਪੇਖ ਸੈਂਟੀਮੈਂਟ ਨੂੰ ਜ਼ਬਾਨ ਦਿੰਦਿਆਂ, ਖਾੜਕੂ ਲਹਿਰ ਦੇ ਤਿੱਖੇ ਕ੍ਰੀਟੀਕ ਵਜੋਂ ਜਿੰਦੇ ਸੁੱਖੇ ਨੂੰ ਫਾਂਸੀ ਸਿਰਲੇਖ ਹੇਠ ਪੰਜਾਬੀ ਟ੍ਰਿਬਿਊਨ ਦੇ ਸੰਪਾਦਕੀ ਪੰਨੇ ਉਪਰ ਆਪਦਾ ਚਰਚਿਤ ਕਾਲਮ ਲਿਖਿਆ ਸੀ। ਸ. ਬੇਅੰਤ ਸਿੰਘ ਦੀ ਸਰਕਾਰ ਬਣਨ ਨਾਲ ਖਾੜਕੂ ਲਹਿਰ ਢਾਲੇ ਤਾਂ ਪੈ ਚੁੱਕੀ ਸੀ ਪ੍ਰੰਤੂ ਆਏ ਦਿਨ ਇਕਾ-ਦੁੱਕਾ ਕਤਲਾਂ ਦਾ ਸਿਲਸਿਲਾ ਖੱਤਮ ਨਹੀਂ ਹੋਇਆ ਸੀ। ਇਉਂ ਵੀ ਹੁੰਦੈ ਕਾਲਮ ਵਿਚ ਦਲਬੀਰ ਦਾ ਮਿਡਲ ਬਹੁਤ ਮਕਬੂਲ ਸੀ ਅਤੇ ਸਾਰੇ ਹੀ ਪੜ੍ਹਦੇ ਸਨ। ਖਬਰ ਵਿਚ ਕਿਸੇ ਘਾਟ ਵਾਧ ਕਾਰਨ ਮੈਂ ਹਲਵਾਰਵੀ ਸਾਹਿਬ ਮੂਹਰੇ ਪੇਸ਼ੀ ਭੁਗਤ ਕੇ ਵਾਪਸ ਪਰਤਦਿਆਂ, ਰਸਤੇ ਵਿਚ ਸ਼ਮਸ਼ੇਰ ਦੇ ਕੈਬਿਨ ਵਿਚ ਰੁਕ ਗਿਆ। ਸ਼ਮਸ਼ੇਰ ਨੇ ਜਾਂਦਿਆਂ ਹੀ ਬਗੈਰ ਕਿਸੇ ਵੀ ਕਿਸਮ ਦੇ ਹਾਵ ਭਾਵ ਪ੍ਰਗਟਾਏ ਦਲਬੀਰ ਵਾਲੇ ਕਾਲਮ ਦੇ ਇਕ ਪਹਿਰੇ ਤੇ ਲਕੀਰਾਂ ਲਗਾ ਕੇ ਪੜ੍ਹਨ ਲਈ ਅਖ਼ਬਾਰ ਮੇਰੇ ਅੱਗੇ ਕਰ ਦਿਤੀ। ਮੈਨੂੰ ਅੱਜ ਤੱਕ ਵੀ ਯਾਦ ਹੈ ਉਹ ਪਹਿਰਾ ਕੁਝ ਇਸ ਤਰ੍ਹਾਂ ਸੀ:
ਮੈਂ ਉਨ੍ਹਾਂ ਲੋਕਾਂ ਨਾਲ ਸਹਿਮਤ ਨਹੀਂ ਹਾਂ ਜੋ ਜਿੰਦੇ ਸੁੱਖੇ ਨੂੰ ਸਧਾਰਨ ਹਤਿਆਰੇ ਕਹਿੰਦੇ ਹਨ। ਪਰ ਮੇਰੀ ਉਨ੍ਹਾਂ ਲੋਕਾਂ ਨਾਲ ਵੀ ਸੰਮਤੀ ਨਹੀਂ ਹੈ ਜੋ ਉਨ੍ਹਾਂ ਨੂੰ ਸ਼ਹੀਦੇ ਆਜ਼ਮ ਜਾਂ ਭਾਈ ਆਖੀ ਜਾਂਦੇ ਹਨ। ਉਹ ਇਮਾਨਦਾਰ ਨਹੀਂ ਹਨ ਅਤੇ ਅਜਿਹਾ ਮਹਿਜ਼ ਸਿਆਸਤ ਦੇ ਤਹਿਤ ਕਰ ਰਹੇ ਹਨ। ਏਨਾ ਕੁ ਪੱਕਾ ਪਤਾ ਹੈ ਕਿ ਸਿੱਖ ਭਾਈਚਾਰੇ ਅੰਦਰ ਭਾਈ ਦਾ ਰੁਤਬਾ ਬੜਾ ਉੱਚਾ ਮੰਨਿਆ ਜਾਂਦਾ ਹੈ ਅਤੇ ਪੂਰਾ ਸਿੱਖ ਇਤਿਹਾਸ ਇਸਦਾ ਸਾਖਸ਼ੀ ਹੈ ਕਿ ਬਹੁਤ ਪੁੱਜੇ ਹੋਏ, ਗਿਆਨੀ ਧਿਆਨੀ ਅਤੇ ਨਿਮਰ ਵਿਅਕਤੀ ਨੂੰ ਹੀ ਅਜਿਹੇ ਖਿਤਾਬ ਨਾਲ ਨਿਵਾਜਿਆ ਜਾਂਦਾ ਰਿਹਾ ਹੈ। 18ਵੀਂ ਸਦੀ ਦੌਰਾਨ ਲੱਖਾਂ ਸਿੱਖ ਜੋਧਿਆਂ ਨੇ ਸੰਘਰਸ਼ ਵਿਚ ਜਾਨਾਂ ਵਾਰੀਆਂ ਪ੍ਰੰਤੂ ਭਾਈ ਦਾ ਰੁਤਬਾ ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਵਰਗੇ ਚੰਦ ਵਿਅਕਤੀਆਂ ਨੂੰ ਮਿਲਿਆ।
ਸ਼ਮਸ਼ੇਰ ਨੇ ਬੜੇ ਹੀ ਸਹਿਜ ਭਾਅ ਨਾਲ ਪੁੱਛਿਆ, ਬੱਲ ਕੀ ਰਾਏ ਹੈ ਤੇਰੀ? ਅਤੇ ਫਿਰ ਮੇਰਾ ਜਵਾਬ ਉਡੀਕਣ ਤੋਂ ਪਹਿਲਾਂ ਹੀ ਇਹ ਕਹਿਣਾ ਸ਼ੁਰੂ ਕਰ ਦਿਤਾ ਕਿ ਯਾਰ ਦਲਬੀਰ ਨੂੰ ਡਰ ਨਹੀਂ ਲਗਦਾ? ਨਾ ਮੈਨੂੰ ਉੱਤਰ ਦੇਣ ਦੀ ਲੋੜ ਸੀ ਨਾ ਸ਼ਮਸ਼ੇਰ ਨੂੰ ਜਾਨਣ ਦੀ ਤਵੱਕੋ ਸੀ।---- ਸ਼ਾਇਦ ਅੱਖ ਝਮਕਣ ਦਾ ਸਮਾਂ ਹੀ ਲੰਘਿਆ ਹੋਵੇਗਾ ਕਿ ਉਹ ਮੈਨੂੰ ਆਪਣੇ ਪੁਰਾਣੇ ਮਿੱਤਰ ਰਣਧੀਰ ਸਿੰਘ ਚੰਦ ਦੀ ਕਿਸੇ ਗਜ਼ਲ ਦੇ ਕੋਈ ਦਿਲਚਸਪ ਮਿਸਰੇ ਸੁਣਾ ਰਿਹਾ ਸੀ - ਜੋ ਮੈਨੂੰ ਹੁਣ ਯਾਦ ਨਹੀਂ ਹਨ।
ਦਲਬੀਰ ਦੇ ਗੂੜ੍ਹੇ ਮਿੱਤਰ ਅਤੇ ਪੰਜਾਬ ਦੇ ਆਪਣੀ ਹੀ ਕਿਸਮ ਦੇ ਬੇਬਾਕ ਚਿੰਤਕ ਡਾ. ਸਾਧੂ ਸਿੰਘ ਜੋ ਕਿ ਖਾੜਕੂ ਲਹਿਰ ਦੇ ਸਿਖਰਲੇ ਸਾਲਾਂ ਦੌਰਾਨ ਖੇਤੀ ਯੂਨੀਵਰਸਿਟੀ ਲੁਧਿਆਣਾ ਵਿਚ ਸੰਚਾਰ ਸਭਿਆਚਾਰ ਵਿਭਾਗ ਦੇ ਮੁਖੀ ਬਣਨ ਵਾਲੇ ਸਨ - ਉਨ੍ਹਾਂ ਵਕਤਾਂ ਦੇ ਮਹੌਲ ਤੋਂ ਆਤੰਕਤ ਹੋ ਕੇ ਆਪਣੇ ਵਤਨ ਨੂੰ ਛੱਡ ਕੇ ਕਨੇਡਾ ਚਲੇ ਗਏ ਸਨ। ਦਰਅਸਲ ਉਹ 25-30 ਵਰ੍ਹੇ ਪਹਿਲਾਂ, 70ਵਿਆਂ ਦੇ ਅਰੰਭ ਵਿਚ ਉਦੋਂ ਪੱਕੇ ਤੌਰ ਤੇ ਇੰਗਲੈਂਡ ਗਏ ਸਨ ਜਦੋਂ ਆਰਥਿਕ ਪੱਖੋਂ ਖੁਸ਼ਹਾਲ ਹੋਣ ਦੀਆਂ ਉਥੇ ਅਸੀਮ ਸੰਭਾਵਨਾਵਾਂ ਸਨ ਪਰ ਉਹ ਵਤਨ ਆਪਣੇ ਦੀ ਸੇਵਾ ਕਰਨ ਲਈ ਦੋ ਕੁ ਵਰ੍ਹਿਆਂ ਪਿਛੋਂ ਹੀ ਵਾਪਸ ਪਰਤ ਆਏ ਸਨ। ਪ੍ਰੰਤੂ ਉਨ੍ਹਾਂ ਔਖੇ ਵਕਤਾਂ ਵਿਚ ਪਹਿਲਾਂ ਆਪਣੇ ਰਹਿਨੁਮਾ ਕਾ. ਦਰਸ਼ਨ ਸਿੰਘ ਕਨੇਡੀਅਨ ਅਤੇ ਫਿਰ ਆਪਣੇ ਦੋਸਤ ਰਵਿੰਦਰ ਰਵੀ ਦੀਆਂ ਹਤਿਆਵਾਂ ਤੋਂ ਬਾਅਦ ਉਨ੍ਹਾਂ ਨੇ ਤੋਬਾ ਕਰ ਲਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਆਦਮੀ ਕਿਸੇ ਜ਼ਾਲਮ ਤੋਂ ਜ਼ਾਲਮ ਸਰਕਾਰ ਨਾਲ ਵੀ ਲੜ ਸਕਦਾ, ਟੱਕਰ ਲੈ ਸਕਦਾ - ਪਰ ਰੂਪੋਸ਼ ਵਿਰੋਧੀ ਨਾਲ ਘਰੇ ਬੈਠਾ ਉਨ੍ਹਾਂ ਵਰਗਾ ਆਦਮੀ ਅਜਿਹਾ ਜੋਖਮ ਨਹੀਂ ਉਠਾ ਸਕਦਾ, ਇਹ ਔਖਾ ਕੰਮ ਸੀ। ਇਸੇ ਪ੍ਰਥਾਏ ਦਲਬੀਰ ਵਾਲਾ ਮਿਡਲ - ਜੋ ਕਿ ਪਿਛੋਂ ਕਨੇਡਾ ਦੀ ਕਿਸੇ ਅਖਬਾਰ ਵਿਚ ਵੀ ਛਪ ਗਿਆ ਸੀ - ਨੂੰ ਪੜ੍ਹ ਕੇ ਉਨ੍ਹਾਂ ਨੇ ਦਲਬੀਰ ਨੂੰ ਹੈਰਾਨੀ ਅਤੇ ਚਿੰਤਾ ਭਰਿਆ ਖੱਤ ਵੀ ਲਿਖਿਆ ਸੀ।
ਦਰਅਸਲ ਜਿੰਦੇ ਸੁੱਖੇ ਵਾਲਾ ਇਤਿਹਾਸਕ ਪੱਤਰ ਛਪ ਜਾਣ ਦੇ ਆਸ ਪਾਸ ਸਮੇਂ ਦੌਰਾਨ ਹੀ ਕਿਧਰੇ ਪੰਜਾਬੀ ਟ੍ਰਿਬਿਊਨ ਦੇ ਦਿਲਚਸਪ ਨਿਊਜ਼ ਐਡੀਟਰ ਜਗਜੀਤ ਸਿੰਘ ਬੀਰ ਹੋਰੀਂ ਅਚਾਨਕ ਚੜ੍ਹਾਈ ਕਰ ਗਏ। ਸੀਨੀਆਰਿਟੀ ਅਤੇ ਰਵਾਇਤ ਅਨੁਸਾਰ ਉਨ੍ਹਾਂ ਦੀ ਜਗ੍ਹਾ ਤਰੱਕੀ ਦਾ ਅਧਿਕਾਰ ਕਰਮਜੀਤ ਸਿੰਘ ਦਾ ਬਣਦਾ ਸੀ। ਸੰਪਾਦਕ ਹਰਭਜਨ ਹਲਵਾਰਵੀ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੂੰਹ ਦੀ ਖਾਧੀ। ਇਹ ਘਟਨਾ ਸਧਾਰਨ ਸੀ। ਅਦਾਰਿਆਂ ਅੰਦਰ ਇਹੋ ਜਿਹੀਆਂ ਗੱਲਾਂ ਅਕਸਰ ਹੀ ਹੁੰਦੀਆਂ ਰਹਿੰਦੀਆਂ ਹਨ। ਪਰ ਉਸਦਾ ਜ਼ਿਕਰ ਜ਼ਰੂਰੀ ਇਸ ਲਈ ਹੈ - ਸਥਿਤੀ ਦਾ ਵਿਅੰਗ ਵੇਖੋ ਕਿ ਇਹੋ ਉਹ ਨਾਜ਼ਕ ਮੋੜ ਸੀ ਜਿਸ ਨਾਲ ਪੰਜਾਬੀ ਟ੍ਰਿਬਿਊਨ ਅੰਦਰ ਪਹਿਲ ਤਾਜ਼ਗੀ ਵਾਲੇ ਦਿਨਾਂ ਦੀ ਮੁੜ ਵਾਪਸੀ ਦੇ ਦੌਰ ਦਾ ਮੁੱਢ ਬੱਝਣਾ ਸ਼ੁਰੂ ਹੋਇਆ।ਕੁੱਝ ਹੀ ਸਮਾਂ ਪਿਛੋਂ ਸੰਪਾਦਕ ਦੀ ਦਲਬੀਰ ਨਾਲ ਵੀ ਬਿੜ ਪੈ ਗਈ ਅਤੇ ਉਸ ਨੇ ਨਿਊਜ਼ ਐਡੀਟਰ ਦਾ ਅਹਿਮ ਅਹੁਦਾ ਉਸ ਤੋਂ ਖੋਹ ਕੇ ਕਰਮਜੀਤ ਸਿੰਘ ਦੇ ਹਵਾਲੇ ਕਰ ਦਿਤਾ। ਪਰ ਇਹ ਨਿਸਬਤ ਵੀ ਰਹਿਣੀ ਨਹੀਂ ਸੀ। ਸਾਲ ਖੰਡ ਦੇ ਅੰਦਰ ਅੰਦਰ ਹੀ ਨਵੀਂ ਰਦੋ ਬਦਲ ਸ਼ੁਰੂ ਹੋ ਗਈ। ਐਤਕੀਂ ਕੈਟਾਲਿਸਟ ਦੀ ਭੂਮਿਕਾ ਪੰਜਾਬੀ ਟ੍ਰਿਬਿਊਨ ਦੇ ਉਨ੍ਹਾਂ ਵਕਤਾਂ ਦੇ ਚੱਕ੍ਰਵਰਤੀ ਨਾਮਾ ਨਿਗਾਰ, ਮੋਰਿੰਡੇ ਵਾਲੇ ਹਰੀਸ਼ ਚੰਦਰ ਨੇ ਅਨੰਦ ਪੁਰ ਸਾਹਿਬ ਤੋਂ ਜਥੇਦਾਰ ਰਣਜੀਤ ਸਿੰਘ ਦੀ ਤਾਜ਼ਪੋਸ਼ੀ ਬਾਰੇ ਕਿਸੇ ਖ਼ਬਰ ਦੇ ਸਬੰਧ ਵਿਚ ਕਰਮਜੀਤ ਸਿੰਘ ਵਿਰੁਧ ਬੇਬੁਨਿਆਦ ਸ਼ਿਕਾਇਤ ਕਰਕੇ ਨਿਭਾਈ। ਉਨ੍ਹਾਂ ਵਕਤਾਂ ਦੇ ਤਕਾਜ਼ੇ ਵੇਖੋ - ਹਰੀਸ਼ ਚੰਦਰ ਕਰਮਜੀਤ ਸਿੰਘ, ਦਲਬੀਰ, ਹਰਭਜਨ ਹਲਵਾਰਵੀ ਏਰੀਏ ਦੀਆਂ ਸਮੁੱਚੀਆਂ ਖਾੜਕੂ ਧਿਰਾਂ ਅਤੇ ਕੇ. ਪੀ. ਐਸ. ਗਿੱਲ - ਸਭਨਾਂਦਾ ਹੀ ਲਾਡਲਾ ਸੀ। ਸੰਪਾਦਕ ਨੇ ਸੀਨੀਅਰ ਸੁਪਰਡੈਂਟ ਪੁਲੀਸ ਸੀਤਾ ਰਾਮ ਨੂੰ ਪੜਤਾਲੀਆ ਅਫਸਰ ਨਿਯੁੱਕਤ ਕਰਵਾ ਕੇ ਕਰਮਜੀਤ ਸਿੰਘ ਦੇ ਖਿਲਾਫ ਪੜਤਾਲ ਸ਼ੁਰੂ ਕਰਵਾ ਦਿਤੀ। ਉਹ ਬੇਹੱਦ ਦਿਲਚਸਪ ਡਰਾਮਾ ਸੀ ਜਿਸ ਬਾਰੇ ਸਹਿਜੇ ਹੀ 4-5 ਸੌ ਪੰਨਿਆਂ ਦਾ ਬਿਰਤਾਂਤ ਲਿਖਿਆ ਜਾ ਸਕਦਾ ਹੈ। ਕੇਸ ਸਾਰਾ ਹੀ ਝੂਠਾ ਸੀ - ਪੰਡਿਤ ਸੀਤਾ ਰਾਮ ਸੰਪਾਦਕ ਦੀ ਮੱਦਦ ਕੀ ਕਰਦਾ। ਬਸ ਹੋਇਆ ਇਹ ਕਿ ਹਲਵਾਰਵੀ ਸਾਹਿਬ ਦਾ ਤਪ-ਤੇਜ ਤੇਜੀ ਨਾਲ ਢਿੱਲਾ ਪੈਣਾਸ਼ੁਰੂ ਹੋ ਗਿਆ। ਅਖੀਰ ਹੁੰਦੇ ਹੁੰਦੇ ਅਦਾਰੇ ਵਿਚ ਉਨ੍ਹਾਂ ਦੀ ਸਲਤਨਤ ਦਾ ਭੋਗ ਬਹੁਤ ਹੀ ਮਾੜੇ ਅੰਦਾਜ਼ ਵਿਚ ਪੰਜਾਬੀ ਟ੍ਰਿਬਿਊਨ ਦੇ ਸਭ ਤੋਂ ਜੂਨੀਅਰ ਅਤੇ ਬੇਨਕਸ਼ ਮੈਂਬਰ, ਹਲਵਾਰਵੀ ਸਾਹਿਬ ਦੇ ਪੁਰਾਣੇ ਕਲਾਸ ਫੈਲੋ ਅਮੋਲਕ ਸਿੰਘ ਦੇ ਭਾਈ ਬਲਵਿੰਦਰ ਸਿੰਘ ਜੰਮੂ ਦੇ ਪੈਰੋਂ ਪਿਆ। ਸੰਪਾਦਕ ਆਪਣੇ ਸੁਭਾਅ ਅਨੁਸਾਰ ਜੰਮੂ ਨੂੰ ਕੁਝ ਚੰਗਾ ਮਾੜਾ ਕਹਿ ਬੈਠਿਆ। ਉਹ ਆਪਦੀ ਸ਼ਕਾਇਤ ਜਗਤਾਰ ਸਿੱਧੂ ਤੋਂ ਪ੍ਰਧਾਨਗੀ ਖੋਹ ਕੇ ਨਵੀਂ ਨਵੀਂ ਤਾਕਤ ਵਿਚ ਆਈ ਯੂਨੀਅਨ ਦੀ ਕਚਹਿਰੀ ਵਿਚ ਲੈ ਗਿਆ। ਦਲਜੀਤ ਸਰਾਂ ਨੇ ਇਸ ਮੁਹਿੰਮ ਨੂੰ ਅੰਤਿਮ ਛੂਹਾਂ ਦਿੰਦਿਆਂ ਬੜੀ ਹੀ ਕਾਰਗਰ ਭੂਮਿਕਾ ਨਿਭਾਈ। ਦਲਜੀਤ ਵਿਰੁਧ ਹਲਵਾਰਵੀ ਬਾਬਾ ਜੀ ਨੇ ਅਦਾਰੇ ਅੰਦਰ ਵੜਨ ਵਾਲੇ ਦਿਨ ਤੋਂ ਖਾਹ ਮਖਾਹ ਹੀ ਕਿੜ ਪਾਲੀ ਹੋਈ ਸੀ। ਹੋਇਆ ਇਹ ਕਿ ਬਲਵਿੰਦਰ ਵਿਰੁਧ ਕੀਤੀ ਬਦਕਲਾਮੀ ਲਈ ਬਾਬਿਆਂ ਨੂੰ ਬਕਾਇਦਾ ਭਰੇ ਦਰਬਾਰ ਵਿਚ ਹਾਜ਼ਰ ਹੋ ਕੇ ਪਸਚਾਤਾਪ ਕਰਨਾ ਪਿਆ। ਉਸ ਘਟਨਾ ਬਾਰੇ ਅਮੋਲਕ ਸਿੰਘ ਦੀ ਟਿਪਣੀ ਅਨੁਸਾਰ ਇਹ ਦਲਜੀਤ ਸਿੰਘ ਸਰਾਂ ਦੇ ਖੇਡ ਜੀਵਨ ਦਾ ਗੋਲਡਨ ਗੋਲ ਸੀ। ਹਲਵਾਰਵੀ ਸਾਹਿਬ ਦੀ ਤੌਬਾ ਕਰਵਾ ਦਿਤੀ ਗਈ, ਉਨ੍ਹਾਂ ਨੂੰ ਅਦਾਰਾ ਛੱਡਣਾ ਪੈ ਗਿਆ। ਉਨ੍ਹਾਂ ਦੀ ਜਗ੍ਹਾ ਤੇ ਸ. ਸ਼ੰਗਾਰਾ ਸਿੰਘ ਭੁੱਲਰ ਦੀ ਸੰਪਾਦਕ ਵਜੋਂ ਤਾਜਪੋਸ਼ੀ ਹੋਈ। ਹੁਣ ਕਰਮਜੀਤ ਸਿੰਘ ਅਤੇ ਦਲਬੀਰ ਸਿੰਘ ਦੋਵੇਂ ਅਸਿਸਟੈਂਟ ਐਡੀਟਰ ਉਸ ਉਦਾਰਵਾਦੀ, ਸਹਿਣਸ਼ੀਲਤਾ ਦੇ ਪੁੰਜ ਸੰਪਾਦਕ ਦੇ ਅੰਗ ਸੰਗ ਸਨ। ਇਹ ਪੰਜਾਬੀ ਟ੍ਰਿਬਿਊਨ ਅੰਦਰ ਕਿਸੇ ਜ਼ਮਾਨੇ ਵਿਚ ਚਰਚਿਤ ਰਹੇ ਅੱਠਵੇਂ ਕਾਲਮ ਦਾ ਦੌਰ ਸੀ। ਅਦਾਰੇ ਅੰਦਰ ਮੁਕੰਮਲ ਜਮੂਹਰੀਅਤ ਦਾ ਆਲਮ ਸੀ। ਪੰਜਾਬ ਭਰ ਵਿਚੋਂ ਨਾਮਾ ਨਿਗਾਰ ਆਉਂਦੇ ਸਨ। ਸ਼ਾਮ ਨੂੰ ਅਕਸਰ ਵੇਸਣ ਅਤੇ ਚਾਹ ਦੇ ਪਿਆਲੇ ਤੇ ਮਹਿਫਲਾਂ ਜੰਮਦੀਆਂ ਸਨ - ਜਿਨ੍ਹਾਂ ਵਿਚ ਜ਼ਾਹਿਰ ਹੈ ਕਿ ਅਕਸਰ ਸਾਡੇ ਹਾਲੀਆ ਬਿਰਤਾਂਤ ਦੇ ਨਾਇਕ ਸ਼ਮਸ਼ੇਰ ਸੰਧੂ ਦੀ ਸ਼ਿਰਕਤ ਵੀ ਅਕਸਰ ਹੁੰਦੀ ਸੀ। ਸੋ ਇਹੋ ਉਹ ਦੌਰ ਸੀ; ਉਹ ਸਾਜਗਾਰ ਮਹੌਲ ਸੀ ਜੋ ਸ਼ਮਸ਼ੇਰ ਨੂੰ ਨਿਸਚੇ ਹੀ ਬੇਹੱਦ ਰਾਸ ਆਇਆ। ਉਸ ਦੀ ਤਬੀਅਤ ਦੇ ਅਨੁਕੂਲ ਸੀ। ਉਸ ਦੀ ਰੂਹ ਅੰਦਰ ਦੱਬੇ ਗੀਤ ਕਿਸੇ ਚਸ਼ਮੇ ਦੇ ਸਾਫ ਸ਼ਫਾਫ ਪਾਣੀ ਦੇ ਹਾਰ ਆਪ ਮੁਹਾਰੇ ਹੀ ਫੁੱਟ ਫੁੱਟ ਕੇ ਬਾਹਰ ਆਉਦੇ ਚਲੇ ਗਏ। ਬਕੌਲ ਸੁਖਵਿੰਦਰ ਗੱਜਣਵਾਲਾ ਸਾਡੇ ਸੁਬਕ, ਨਿਰਦਿਲ, ਨਾਜ਼ੁਕ ਤਬੀਅਤ ਸ਼ਮਸ਼ੇਰ ਜਿਸ ਦੀ ਆਤਮਾ ਕਿ ਇਕ ਪਾਸੇ ਡੈਕਸ ਉਪਰ ਨੀਰਸ ਖ਼ਬਰਾਂ ਘੜਨ ਦੇ ਝੰਜਟ ਅਤੇ ਉਪਰੋਂ ਖਾਹ ਮਖਾਹ ਕਰਮਜੀਤ ਅਤੇ ਦਲਬੀਰ ਦੇ ਧੜਿਆਂ ਦੀ ਆਪਸੀ ਨਫ਼ਰਤ ਦੇ ਧੁਆਂਖੇ ਮਹੌਲ ਦੀ ਫੇਟ ਵਿਚ ਫਸੇ ਰਹਿਣ ਕਾਰਨ ਨਿਸਚੇ ਹੀ ਵਿਆਕੁਲ ਹੋਈ ਰਹੀ ਹੋਵੇਗੀ - ਹੁਣ ਪੂਰੇ ਖੇੜੇ ਵਿਚ ਸੀ!
ਮਹਾਨ ਰੂਸੀ ਲਿਖਾਰੀ ਸਕੰਦਰ ਸੋਲਜ਼ਿਨਿਤਸਿਨ ਕਿਧਰੇ ਆਪਣੇ ਬਚਪਨ ਦੇ ਮਹਿਬੂਬ ਸ਼ਾਇਰ ਸਰਗੇਈ ਯੈਸੇਨਿਨ ਦੀ ਕਿਸੇ ਕਵਿਤਾ ਦੀ ਸਤਰ
ਜੰਗਲ ਦੇ ਮੁਰਗਿਆਂ ਦੀ ਹੂਕ ਸੁਣ
ਹਿੱਲ ਗਏ ਨੇ ਦਰੱਖਤ ਇਹ ਦਿਉਦਾਰ ਦੇ
ਦਾ ਜ਼ਿਕਰ ਕਰਦਿਆਂ ਹੈਰਾਨ ਹੁੰਦਾ ਹੈ ਕਿ ਕਵੀ ਨੇ ਭਲਾਂ ਕਿਸ ਮਨੋ ਅਵਸਥਾ ਵਿਚ ਇਹ ਅਲੌਕਿਕ ਭਾਵ ਚਿਤਵੇ ਜਾਂ ਲਿਖੇ ਹੋਣਗੇ।
ਸਕੰਦਰ ਸੋਲਜ਼ਿਨਿਤਸਿਨ ਨੂੰ ਪਤਾ ਲਗਿਆ ਜਾਂ ਨਾ - ਮੈਨੂੰ ਇਹ ਜ਼ਰੂਰ ਪਤਾ ਹੈ ਕਿ ਸ਼ਮਸ਼ੇਰ ਕੋਲੋਂ ਕਿਵੇਂ ਤੇਰੇ ਚੋਂ ਤੇਰਾ ਯਾਰ ਬੋਲਦਾ ਵਰਗੇ ਟੂਣੇਹਾਰ ਬੋਲਾਂ ਵਾਲਾ ਗੀਤ ਉਪਰ ਦਸੇ ਮੁਕਤ ਮਹੌਲ ਵਿਚ ਆਪ ਮੁਹਾਰੇ ਸਹਿਜ ਸੁਭਾਅ ਸਿਰਜਿਆ ਗਿਆ ਹੋਵੇਗਾ। ਸਾਲ 2008-9 ਵਿਚ ਪਹਿਲੀ ਵਾਰ ਕਨੇਡਾ ਆਉਣ ਤੇ ਮਹੀਨਾ ਕੁ ਬਾਅਦ ਕਿਸੇ ਬੈਂਕੁਟ ਹਾਲ ਅੰਦਰ ਵਿਆਹ ਪਾਰਟੀ ਤੇ ਜਾਣ ਦਾ ਮੌਕਾ ਮਿਲਿਆ। ਤੇਰੇ ਚੋਂ ਤੇਰਾ ਯਾਰ ਬੋਲਦਾ ਗੀਤ ਚੱਲ ਰਿਹਾ ਸੀ ਅਤੇ ਹਾਲ ਦੇ ਵਿਚਾਲੇ ਨੌਜਵਾਨ ਕੁੜੀਆਂ-ਮੁੰਡੇ ਸਭ ਮਸਤ ਹੋਏ ਝੂਮ ਰਹੇ ਸਨ। ਮੇਰੇ ਬੱਚਿਆਂ ਦੇ ਮਸੇਰ, ਮਨੀ ਨੂੰ ਇਸ ਗੱਲ ਦਾ ਚਾਅ ਚੜ੍ਹਿਆ ਹੋਇਆ ਸੀ ਕਿ ਗੀਤ ਬੱਲ ਅੰਕਲ ਦੇ ਮਿੱਤਰ ਦਾ ਲਿਖਿਆ ਹੋਇਆ ਸੀ।ਇੰਗਲੈਂਡ ਵਾਲੇ ਮਲਕੀਤ ਨਾਂ ਦੇ ਗਾਇਕ ਨੇ ਤੂਤਕ ਤੂਤਕ ਤੂਤੀਆਂਵਾਲਾ ਗੀਤ ਗਾ ਕੇ ਕੌਤਿਕ ਕੀਤਾ ਸੀ - ਪ੍ਰੰਤੂ ਥਰਿੱਲ ਦੇ ਮਾਮਲੇ ਵਿਚ ਸ਼ਮਸ਼ੇਰ ਦਾ ਇਹ ਗੀਤ ਉਸਨੂੰ ਵੀ ਮਾਤ ਪਾ ਗਿਆ ਸੀ। ਲੁਧਿਆਣਾ, ਮੁੰਬਈ, ਮਲਬੌਰਨ ਤੋਂ ਲੈ ਕੇ ਵੈਨਕੂਵਰ ਤੱਕ ਇਸ ਗੀਤ ਨੇ ਪੰਜਾਬੀਆਂ ਦੀ ਰੂਹ ਨੂੰ ਲੰਮੇ ਸਮੇਂ ਤੱਕ ਨਸ਼ਿਆਈ ਰਖਿਆ ਸੀ।
ਸ਼ਮਸ਼ੇਰ ਦਾ ਗੋਰੀਆਂ ਬਾਹਾਂ ਦੇ ਵਿਚ ਛਣਕਣ ਵੰਗਾਂ; ਇਨ੍ਹਾਂ ਵੰਗਾਂ ਵਿਚ ਲੱਖ ਛੁਪੀਆਂ ਉਮੰਗਾਂ ਵਾਲਾ ਗੀਤ ਤਾਂ ਹੈ ਪ੍ਰੰਤੂ ਤੇਰੇ ਚੋਂ ਤੇਰਾ ਯਾਰ ਬੋਲਦਾ ਤੋਂ ਬਾਅਦ ਸਭ ਤੋਂ ਵੱਧ ਦੁਪੱਟਾ ਤੇਰਾ ਸੱਤ ਰੰਗ ਦਾ ਮੁਖੜੇ ਵਾਲਾ ਗੀਤ ਵੀ ਵਿਸ਼ੇਸ਼ ਜ਼ਿਕਰਯੋਗ ਹੈ। ਇਸੇ ਗੀਤ ਦੇ ਕੁਝ ਬੋਲ ਜ਼ਰਾ ਦੇਖੋ:
ਕਹਿੰਦੇ ਨੇ ਜਵਾਨੀ ਹੁੰਦੀ ਭੁੱਖੀ ਪਿਆਰ ਦੀ
ਤਾਂਘ ਇਹਨੂੰ ਰਹਿੰਦੀ ਸਦਾ ਦਿਲਦਾਰ ਦੀ
ਧਾਈਆਂ ਧਾਈਆਂ ਧਾਈਆਂ
ਦੁਪੱਟੇ ਉਤੇ ਮੋਰਨੀਆਂ ਦਸ ਕਿਹੜੇ ਨੀ ਸ਼ੌਕ ਨੂੰ ਪਾਈਆਂ
----
ਮਿਰਗਾਂ ਨੇ ਤੋਰ ਉਧਾਰੀ ਤੈਥੋਂ ਮੰਗੀ ਐ
ਮਿੱਤਰਾਂ ਦੀ ਜਾਨ ਨੀ ਤੂੰ ਸੂਲੀ ਉੱਤੇ ਟੰਗੀ ਐ
ਟਾਹਣਾ ਟਾਹਣਾ ਟਾਹਣਾ---
ਦੁਪੱਟਿਆ ਸੱਚ ਦਸ ਵੇ, ਮੈਂ ਕਿਹੜੇ ਪਿੰਡ ਮੁਕਲਾਵੇ ਜਾਣਾ।
ਸ਼ਮਸ਼ੇਰ ਦੇ ਕਈ ਹੋਰ ਗੀਤਾਂ ਅਤੇ ਪੰਜਾਬ ਦੇ ਨਵੇਂ ਪੁਰਾਣੇ ਗਾਇਕਾਂ ਨਾਲ ਉਸ ਦੇ ਖੁਦ ਉਸ ਦੇ ਆਪ ਦੇ ਵਲੋਂ ਸੁਣਾਏ ਅਨੇਕਾਂ ਵੇਰਵੇ ਦਿਤੇ ਜਾ ਸਕਦੇ ਹਨ। ਪ੍ਰੰਤੂ ਬਿਹਤਰ ਹੈ ਕਿ ਇਹ ਕੰਮ ਉਸ ਨੂੰ ਮੇਰੇ ਤੋਂ ਕਿਤੇ ਵੱਧ ਜਾਨਣ ਜਾਂ ਉਸ ਦੀ ਨਬਜ਼ ਨੂੰ ਪਛਾਨਣ ਵਾਲੇ ਹੋਰ ਸੱਜਣ ਕਰਨ।
ਇਹ ਖੇਤਰ ਛੱਡ ਕੇ ਹੁਣ ਮੈਂ ਸ਼ਮਸ਼ੇਰ ਦੀ ਆਪਣੇ ਮਿੱਤਰ ਪਾਸ਼ ਬਾਰੇ ਇਕ ਪਾਸ਼ ਇਹ ਵੀ ਸਿਰਲੇਖ ਹੇਠ ਲਿਖੀ ਯਾਦਾਂ ਦੀ ਕਿਤਾਬ ਦਾ ਜ਼ਰਾ ਸੰਖੇਪ ਜ਼ਿਕਰ ਕਰਨਾ ਚਾਹਾਂਗਾ। ਬਦਕਿਸਮਤੀਵਸ ਇਹ ਕਿਤਾਬ ਰਜਿੰਦਰ ਸਿੰਘ ਰਾਹੀ ਵਾਲੀ ਜਿੱਥੇ ਪਾਸ਼ ਰਹਿੰਦਾ ਹੈ ਸਿਰਲੇਖ ਹੇਠਲੀ ਕਿਤਾਬ ਤੋਂ ਬਾਅਦ ਛਪ ਕੇ ਸਾਮ੍ਹਣੇ ਆਈ। ਰਾਹੀ ਦੀ ਕਿਤਾਬ ਵਿਚ ਪਾਸ਼ ਦੀ ਸ਼ਾਨਾਮਤੀ ਸਿਮਰਤੀ ਅਤੇ ਮਿਥਕ ਨੂੰ ਬੇਕਿਰਕੀ ਨਾਲ ਮਿਸਮਾਰ ਕਰਨ ਲਈ ਪੂਰਾ ਤਾਣ ਲਗਾਇਆ ਹੋਇਆ ਹੈ। ਸ਼ਮਸ਼ੇਰ ਨੇ ਸ਼ਾਇਦ ਆਪਦੀ ਕਿਤਾਬ ਮੈਨੂੰ ਖੁਦ ਭੇਜੀ ਜਾਂ ਮੈਂ ਖਰੀਦ ਲਈ - ਮੈਨੂੰ ਪੱਕਾ ਨਾਲ ਯਾਦ ਨਹੀਂ। ਮੈਂ ਫੋਨ ਉਪਰ ਉਸ ਨੂੰ ਥੋੜੇ ਸ਼ਿਕਵੇ ਨਾਲ ਆਖ ਬੈਠਿਆ ਕਿ ਇਹ ਉਨ੍ਹਾਂ ਕੀ ਕੀਤਾ ਸੀ। ਸ਼ਮਸ਼ੇਰ ਨੂੰ ਜ਼ਿਆਦਾ ਕੌੜ ਨਾਲ ਤਾਂ ਕਿਹਾ ਨਹੀਂ ਜਾ ਸਕਦਾ ਸੀ। ਖੈਰ ਉਨ ਥੋੜੀ ਤਨਜ਼ ਜਿਹੀ ਨਾਲ ਇਹ ਆਖ ਕੇ ਗੱਲ ਮੁਕਾ ਦਿਤੀ ਕਿ ਪਹਿਲੀ ਗੱਲ ਤਾਂ ਰਾਹੀ ਵਾਲੇ ਬਿਰਤਾਂਤ ਦਾ ਢੁਕਵਾਂ ਉਤਰ ਜਸਵੀਰ ਸਮਰ ਹੋਰੀਂ ਪੰਜਾਬ ਟਾਈਮਜ ਵਿਚ ਦੇ ਚੁੱਕੇ ਸਨ ਅਤੇ ਜੇ ਕੋਈ ਗੱਲ ਰਹਿ ਗਈ ਸੀ ਤਾਂ ਉਹ ਮੈਂ ਪੂਰੀ ਕਰ ਦੇਵਾਂ। ਉਸ ਦੇ ਉਸੇ ਪੁਰਾਣੇ ਤਾਅਨੇ ਦਾ ਸੰਖੇਪ ਜਿਹਾ ਪ੍ਰਤੀਕਰਮ ਮੈਂ ਹੁਣ ਮੈਗਜ਼ੀਨ ਵਿਚ ਪਾਸ਼ ਅਤੇ ਲੋਰਕਾ ਵਾਲੇ ਲੇਖ ਰਾਹੀਂ ਦੇਣ ਦੀ ਕੋਸਿਸ਼ ਕੀਤੀ ਸੀ। ਮੇਰੇ ਮਨ ਵਿਚ ਖਦਸ਼ਾ ਸੀ ਕਿ ਸ਼ਮਸ਼ੇਰ ਲਾਜ਼ਮੀ ਤੌਰ ਤੇ ਨਰਾਜ਼ਗੀ ਮੰਨ ਗਿਆ ਹੋਵੇਗਾ। ਪਰ ਲਗਦਾ ਕਿ ਅਜਿਹਾ ਭਾਣਾ ਵਾਪਰਨੋ ਟਲ ਗਿਆ ਸੀ। ਫਿਰ ਵੀ ਮੇਰਾ ਅੱਜ ਵੀ ਉਹੋ ਮਨ ਹੈ ਕਿ ਰਜਿੰਦਰ ਰਾਹੀ ਵਾਲੀ ਕਿਤਾਬ ਤੋਂ ਬਾਅਦ ਸ਼ਮਸ਼ੇਰ ਪਾਸ਼ ਬਾਰੇ ਆਪਣੀਆਂ ਯਾਦਾਂ ਨਾ ਲਿਖਦਾ ਤਾਂ ਬਿਹਤਰ ਸੀ ਅਤੇ ਜੇ ਲਿਖਣੀਆਂ ਸਨ ਤਾਂ ਮੇਰੀ ਜਾਚੇ ਆਸਾਨੀ ਨਾਲ ਹੀ ਜ਼ਰਾ ਵਧੇਰੇ ਸਾਵਧਾਨੀ ਵਰਤੀ ਜਾ ਸਕਦੀ ਸੀ।
ਪਾਠਕ ਸਹਿਜੇ ਹੀ ਸਵਾਲ ਕਰ ਸਕਦੇ ਹਨ ਕਿ ਪਾਸ਼ ਅਤੇ ਸ਼ਮਸ਼ੇਰ ਦੀ ਯਾਰੀ ਕਿਸ ਐਕਸਿਜ਼ ਤੇ ਪਈ ਹੋਵੇਗੀ। ਆਖ਼ਰ ਪਾਸ਼ ਦੇ ਮੂਲ ਸਰੋਕਾਰ ਰਾਜਸੀ-ਸਮਾਜਕਸਨ ਜਦੋਂ ਕਿ ਇਨ੍ਹਾਂ ਦੋਵਾਂ ਅਯਾਮਾਂ ਦੀ ਕਿਧਰੇ ਰਤਾ ਮਾਸਾ ਵੀ ਭਿਣਕ ਸ਼ਮਸ਼ੇਰ ਦੇ ਗੀਤਾਂ ਜਾਂ ਭੂਆ ਖੱਤਮ ਕੌਰ ਵਰਗੀ ਸ਼ਮਸ਼ੇਰ ਦੀ ਜਵਾਨੀ ਬਾਰੇ ਦੀ ਸ਼ਾਹਕਾਰ ਕਹਾਣੀ ਅੰਦਰ ਤਾਂ ਮਲੂਮ ਹੁੰਦੀ ਨਹੀਂ ਹੈ।
 ਭੂਆ ਖੱਤਮ ਕੌਰ ਦਾ ਜ਼ਿਕਰ ਆਉਂਦਿਆਂ ਹੀ ਮੈਨੂੰ ਆਪਣੇ ਸਭ ਤੋਂ ਪਿਆਰੇ ਮਰਹੂਮ ਮਿੱਤਰ ਨਰਿੰਦਰ ਭੁੱਲਰ ਦੀ ਯਾਦ ਆ ਗਈ ਹੈ। ਇਹ ਕਹਾਣੀ ਪਾਸ਼ ਨੂੰ ਅਤੇ ਪਿਛੋਂ ਨਰਿੰਦਰ ਭੁੱਲਰ ਨੂੰ ਵੀ ਬੇਹੱਦ ਦਿਲਚਸਪ ਲਗਦੀ ਸੀ। ਅਮੋਲਕ ਸਿੰਘ ਦੀਪੰਜਾਬੀ ਟ੍ਰਿਬਿਊਨ ਦੇ ਸਾਥੀਆਂ ਬਾਰੇ ਯਾਦਾਂ ਦੀ ਲੜੀ ਵਿਚ ਨਰਿੰਦਰ ਭੁੱਲਰ ਵਾਲੇ ਲੇਖ ਵਿਚ ਇਸ ਪ੍ਰਥਾਏ ਜ਼ਿਕਰ ਹੈਗਾ। ਸ਼ਿਕਾਗੋ ਵਿਚ ਕਿਣ ਮਿਣ ਦਾ ਰੰਗ ਸੀ। ਨਰਿੰਦਰ ਨੇ ਅਮੋਲਕ ਨੂੰ ਘਰ ਦੇ ਵਿਹੜੇ ਵਿਚ ਸੈਰ ਕਰਵਾਉਂਦਿਆਂ ਆਪਦੇ ਸਨੇਹ ਭਾਵ ਪ੍ਰਗਟਾਉਂਦਿਆਂ ਦਸਿਆ ਸੀ ਕਿ ਸ਼ਮਸ਼ੇਰ ਤੇਰੇ ਚੋਂ ਤੇਰਾ ਯਾਰ ਬੋਲਦਾ ਵਾਲਾ ਕੌਤਿਕ ਨਾ ਵੀ ਰਚਦਾ ਤਾਂ ਭੂਆ ਖੱਤਮ ਕੌਰ ਨਾਲ ਪੰਜਾਬੀ ਸਹਿਤ ਜਗਤ ਵਿਚ ਉਸਦੇ ਵਿਲੱਖਣ ਸਿਗਨੇਚਰ ਉਸਦੇ ਸ਼ੁਰੂਆਤੀ ਦੌਰ ਅੰਦਰ ਹੀ ਹੋ ਚੁੱਕੇ ਹੋਏ ਸਨ। ਕਥਾ ਕਹਿਣ ਦੀ ਕੇਹੀ ਜੁਗਤ ਹੈ ਉਸ ਨਮੂਨੇ ਦੀ ਨਿੱਕੀ ਕਹਾਣੀ ਅੰਦਰ! ਇਹ ਗੱਲ ਜੇ ਨਾ ਵੀ ਮੰਨੀਏ ਤਦ ਵੀ ਨਰਿੰਦਰ ਦੇ ਇਸ ਕਥਨ ਤੋਂ ਸ਼ਮਸ਼ੇਰ ਨਾਲ ਉਸਦੇ ਮੋਹ ਦਾ ਪਤਾ ਸਹਿਜੇ ਹੀ ਲਗ ਜਾਂਦਾ ਹੈ।
ਸ਼ਮਸ਼ੇਰ ਨੂੰ ਪਾਸ਼ ਚੰਗਾ ਲਗਦਾ ਸੀ ਉਸਦੀ ਸ਼ਿਦਤ ਕਰਕੇ-ਜ਼ਿੰਦਗੀ ਦੇ ਅਸੀਮ ਸੁਹੱਪਣ ਨਾਲ ਉਸ ਦੇ ਮੋਹ ਕਰਕੇ। ਜ਼ਿੰਦਗੀ ਵਿਚ ਇਨਸਾਫ਼ ਦੀ ਬਹਾਲੀ ਲਈ ਖਫਾ ਖੂਨ ਹੋਏ ਰਹਿਣ ਦਾ ਸ਼ਮਸ਼ੇਰ ਦਾ ਕੋਈ ਏਜੰਡਾ ਨਹੀਂ ਸੀ ਅਤੇ ਮੇਰਾ ਖਿਆਲ ਹੈ ਕਿ ਇਸ ਗੱਲ ਲਈ ਉਸ ਨੂੰ ਤਾਅਨਾ ਵੀ ਨਹੀਂ ਦਿਤਾ ਜਾ ਸਕਦਾ।
ਪੰਜਾਬੀ ਟ੍ਰਿਬਿਊਨ ਨਿਊਜ਼ ਡੈਕਸ ਤੇ ਸ਼ਮਸ਼ੇਰ ਜਦੋਂ ਮੇਰੇ ਨਾਲ ਸੀ ਤਾਂ ਉਸ ਸਾਰੇ ਸਮੇਂ ਦੌਰਾਨ ਪੰਜਾਬ ਅਤਿਅੰਤ ਭਿਆਨਕ ਕਿਸਮ ਦੀ ਦੁਵੱਲੀ ਹਿੰਸਾ ਦੀ ਮਾਰ ਹੇਠ ਆਇਆ ਹੋਇਆ ਸੀ। ਆਪ ਦੀ ਯਾਦਾਸ਼ਤ ਤੇ ਸਾਰਾ ਜ਼ੋਰ ਪਾਉਣ ਤੇ ਵੀ ਮੈਨੂੰ ਯਾਦ ਨਹੀਂ ਹੈ ਕਿ ਸ਼ਮਸ਼ੇਰ ਨੇ ਉੱਚੀ ਸੁਰ ਵਿਚ ਮਾੜੀ ਜਾਂ ਚੰਗੀ - ਕੋਈ ਵੀ ਸਵੈਆਤਮਘਾਤੀ ਟਿਪਣੀ ਕਿਸੇ ਵੀ ਘਟਨਾ ਉਪਰ ਕਦੀ ਕੀਤੀ ਹੋਵੇ। ਉਹ ਸਹੀ ਅਰਥਾਂ ਵਿਚ ਸਾਰੇ ਰਾਮ ਰੌਲੇ ਤੋਂ ਸਦਾ ਅਟੰਕ ਰਿਹਾ। ਹਾਂ, ਇਕ ਗੱਲ ਹੋਰ ਮੈਨੂੰ ਜ਼ਰੂਰ ਚੇਤੇ ਆ ਗਈ ਹੈ। 35-36 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਕਾਰਾਂ ਤਾਂ ਛੱਡੋ - ਸਾਡੇ ਸਾਥੀਆਂ ਚੋਂ ਕਿਸੇ ਕੋਲ ਸਕੂਟਰ ਜਾਂ ਮੋਟਰ ਸਾਈਕਲ ਵੀ ਹੈਨੀ ਸੀ। ਸ਼ਮਸ਼ੇਰ ਦੀ ਧੀ ਦੇ ਪੈਰ ਤੇ ਕੋਈ ਸੱਟ ਲਗ ਗਈ ਸੀ ਅਤੇ ਉਹ ਉਸਨੂੰ ਸਾਈਕਲ ਤੇ ਬਿਠਾਈ ਕਿਸੇ ਡਾਕਟਰ ਕੋਲ ਜਾ ਰਿਹਾ ਸੀ - ਜਦੋਂ ਅਚਾਨਕ ਮੈਨੂੰ ਟੱਕਰ ਗਿਆ।ਉਸ ਦੇ ਚਿਹਰੇ ਤੇ ਇੰਤਹਾਈ ਦਰਦ ਤੇ ਚਿੰਤਾ ਨੂੰ ਵੇਖ ਕੇ ਲਗਦਾ ਸੀ ਕਿ ਦਰਦ ਉਸ ਦੀ ਧੀ ਨੂੰ ਨਹੀਂ, ਉਸ ਨੂੰ ਹੋ ਰਹੀ ਸੀ। ਉਸ ਦੇ ਚਿਹਰੇ ਦਾ ਉਹ ਰੰਗ ਮੈਨੂੰ ਅੱਜ ਵੀ ਉਵੇਂ ਜਿਵੇਂ ਹੀ ਚੇਤੇ ਹੈ। ਪ੍ਰੰਤੂ ਇਹ ਦਸਣ ਤੋਂ ਮੇਰੀ ਮੁਰਾਦ ਕਤਈ ਤੌਰ ਤੇ ਇਹ ਨਹੀਂ ਹੈ ਕਿ ਮਾਸਟਰ ਚਰਨ ਦੀ ਹੱਤਿਆ ਜਾਂ ਉਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਤੋਂ ਸ਼ਮਸ਼ੇਰ ਨੂੰ ਕੋਈ ਪ੍ਰੇਸ਼ਾਨੀ ਹੁੰਦੀ ਨਹੀਂ ਸੀ।
ਰਾਜਨੀਤਕ-ਸਮਾਜਕ ਚੇਤਨਾ ਵਾਂਗ ਹੀ ਸਾਹਿਤ ਦੀ ਗੰਭੀਰ ਪੜ੍ਹਾਈ ਲਿਖਾਈ ਵਲੋਂ ਵੀ ਸ਼ਮਸ਼ੇਰ ਦਾ ਹੱਥ ਤੰਗ ਹੀ ਸੀ। ਇਹ ਵੀ ਕੋਈ ਮੈਨੂੰ ਬਾਹਲੀ ਮਾੜੀ ਗੱਲ ਨਹੀਂ ਲਗਦੀ। ਉਸ ਦੇ ਗੋਤ ਭਾਈ ਗੁਲਜ਼ਾਰ ਸਿੰਘ ਸੰਧੂ ਹੋਰਾਂ ਨੇ ਮੈਂ ਅਤੇ ਮੇਰੀ ਰਚਨਾਕਾਰੀ ਵਾਲੇ ਆਪਣੇ ਲੇਖ ਵਿਚ ਸਾਫ ਐਲਾਨ ਕੀਤਾ ਹੋਇਆ ਹੈ:
ਮੈਂ ਚੰਗਾ ਪਾੜ੍ਹਾ ਨਹੀਂ। ਕੋਈ ਵੀ ਚੀਜ਼ ਪੜ੍ਹਾਂ ਨੀਂਦ ਆ ਜਾਂਦੀ ਹੈ। ਪਰ ਮੈਨੂੰ ਦੇਖਣ ਦਾ ਬੜਾ ਸ਼ੌਕ ਹੈ
ਜ਼ਾਹਿਰ ਹੈ ਸ਼ਮਸ਼ੇਰ ਨੂੰ ਵੀ ਜ਼ਿੰਦਗੀ ਦਾ ਹਰ ਰੰਗ ਦੇਖਣ ਦਾ ਸ਼ੌਕ ਹੈ ਅਤੇ ਉਸ ਦਾ ਇਹ ਸ਼ੌਕ ਪਾਸ਼ ਬਾਰੇ ਉਸ ਦੀ ਯਾਦਾਂ ਦੀ ਪੁਸਤਕ ਤੋਂ ਭਲੀ ਭਾਂਤ ਜ਼ਾਹਿਰ ਹੀ ਹੈ। ਰਾਜਨੀਤੀ ਸਬੰਧੀ ਮੁਕੰਮਲ ਬੇਨਿਆਜ਼ੀ ਬਾਰੇ ਇਸੇ ਤਰ੍ਹਾਂ ਦੇ ਭਾਵ ਹੀ ਗੁਲਜ਼ਾਰ ਸਿੰਘ ਸੰਧੂ ਹੋਰਾਂ ਨੇ ਹੁਣ ਮੈਗਜ਼ੀਨ ਵਿਚ ਖਾਸੀ ਲੰਮੀ ਇੰਟਰਵਿਊ ਵਿਚ ਪ੍ਰਗਟਾਏ ਹੋਏ ਹਨ। ਇਸ ਨੁਕਤੇ ਤੇ ਵੀ ਉਹ ਮੈਨੂੰ ਸ਼ਮਸ਼ੇਰ ਦੇ ਹਮਗੋਤੀ ਵੱਡੇ ਵੀਰ ਲਗਦੇ ਹਨ।
ਪਾਸ਼ ਨੂੰ ਆਪਣੇ ਪਿੰਡ ਨਾਲ ਅੰਤਾਂ ਦਾ ਮੋਹ ਸੀ, ਸ਼ਮਸ਼ੇਰ ਨੂੰ ਵੀ ਆਪਣੇ ਚਿੜੀ ਦੇ ਪਹੁੰਚੇ ਜਿੱਡੇ ਪਿੰਡ ਮਦਾਰਪੁਰਾ ਨਾਲ ਓਨਾ ਹੀ ਮੋਹ ਹੈ। ਇਸ ਮੋਹ ਦੀ ਇਬਾਰਤ ਯੂ ਟਿਊਬ ਉਪਰ ਕੁਮਾਰੀ ਜੱਸੀ ਨੂੰ ਆਪਣੇ ਪਿੰਡ ਦੀ ਕਰਵਾਈ ਸੈਰ ਦੀ ਸਕਰਿਪਟ ਤੋਂ ਭਲੀ ਭਾਂਤ ਪੜ੍ਹੀ ਜਾ ਸਕਦੀ ਹੈ। ਉਹ ਕਿੰਨੇ ਨਿਰਛਲ ਅੰਦਾਜ਼ ਵਿਚ ਦਸਦਾ ਹੈ ਕਿ ਬਿੰਦਰਖੀਆ ਵਲੋਂ ਗਾਏ ਉਸਦੇ100 ਦੇ ਕਰੀਬ ਗੀਤਾਂ ਦੇ ਅੰਤ ਵਿਚ ਪਿੰਡ ਮਦਾਰਾ ਜਾਂ ਮਦਾਰਪੁਰਾ ਦਾ ਜ਼ਿਕਰ ਹੈ।
ਪਾਸ਼ ਜ਼ਿੰਦਗੀ ਭਰ ਖਤਰਿਆਂ ਨਾਲ ਖੇਡਦਾ ਰਿਹਾ - ਸਭ ਨੂੰ ਪਤਾ ਹੈ। ਸ਼ਮਸ਼ੇਰ ਕਿਸੇ ਵੀ ਕਿਸਮ ਦੇ ਖਤਰੇ ਦੇ ਨੇੜਿਓਂ ਲੰਘ ਕੇ ਵੀ ਕਦੀ ਰਾਜੀ ਨਹੀਂ ਹੈ। ਇਹੋ ਹਾਲ ਸ਼ਮਸ਼ੇਰ ਦਾ ਦੋਸਤੀਆਂ ਦੇ ਮਾਮਲੇ ਵਿਚ ਰਿਹਾ। ਸਾਨੂੰ ਪਤੈ ਕਿ ਕਿਸੇ ਦੂਸਰੇ ਇਨਸਾਨ ਨਾਲ ਦੋਸਤੀ ਜਾਂ ਤੀਬਰ ਮੁਹੱਬਤ ਬਹੁਤ ਖ਼ਤਰਨਾਕ ਆਤਮਿਕ ਐਡਵੈਂਚਰ ਹੁੰਦਾ ਹੈ। ਨਿਰਸੰਦੇਹ ਸ਼ਮਸ਼ੇਰ ਦੇ ਅਨੇਕਾਂ ਦੋਸਤ ਹਨ; ਹੋਰ ਵੀ ਅਨੇਕਾਂ ਜਾਣ ਪਹਿਚਾਣ ਵਾਲੇ ਉਸ ਦੀ ਸਖਸ਼ੀਅਤ ਦੇ ਆਸ਼ਕ ਹਨ। ਪਰ ਇਸ ਮਾਮਲੇ ਚ ਵੀ ਉਹ ਸਾਰੀ ਉਮਰ ਬੋਚ ਬੋਚ ਕੇ ਚੱਲਿਆ। ਇਕ ਵਿੱਥ, ਪਾਸ਼ ਸਮੇਤ ਹਰ ਯਾਰ ਨਾਲ ਹੀ ਬਰਕਰਾਰ ਰੱਖੀ - ਜੋ ਸ਼ਾਇਦ ਉਸਦੇ ਆਪਦੇ ਮਿਸ਼ਨ ਦੀ ਪੂਰਤੀ ਲਈ ਜ਼ਰੂਰੀ ਵੀ ਸੀ। ਇਸ ਮਾਮਲੇ ਵਿਚ ਹੀ ਜਿਵੇਂ ਕਿ ਮੈਂ ਉਪਰ ਸੰਕੇਤ ਦਿਤਾ ਹੋਇਆ ਕਿ ਅਨੇਕ ਸਾਂਝੀਆਂ ਸੁਰਾਂ ਦੇ ਬਾਵਜੂਦ ਮੇਰਾ ਤੇ ਉਸ ਦਾ ਵੱਡਾ ਵਖਰੇਵਾਂ ਹੈ। ਮਸਲਨ ਮੁੱਦਤ ਪਹਿਲਾਂ ਆਪਦੀ ਸੰਵੇਦਨਾ ਤੋਂ ਜਮ੍ਹਾਂ ਹੀ ਉਲਟ ਤਬਾਅ ਵਾਲੇ ਕਿਸੇ ਸੱਜਣ ਨੇ ਜ਼ਿੰਦਗੀ ਵਿਚ ਕੋਈ ਨਾਮਾਕੂਲ ਹਾਦਸਾ ਵਾਪਰ ਜਾਣ ਦੀ ਘੜੀ ਵਰ੍ਹਿਆਂ ਪੁਰਾਣੀ ਮਮੂਲੀ ਜਾਣ ਪਛਾਣ ਦੇ ਅਧਾਰ ਤੇ ਜਰਾ ਕੁ ਸਹਾਰੇ ਦੀ ਗੁਜਾਰਿਸ਼ ਕੀਤੀ ਤਾਂ ਯਾਰਾਂ ਨੇ ਘਰ ਦਰ ਦੇ ਸਭ ਦਰਵਾਜ਼ੇ ਉਸ ਲਈ ਚੌਪਟ ਖੋਲ੍ਹਦਿਤੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਮੋਹਣ ਨੇ ਪਟਿਆਲੇ ਵਾਲੇ ਡਾਕਟਰ ਦਰਸ਼ਨਪਾਲ ਦੇ ਬੈਠਿਆਂ ਅਕਬਰ ਨੂੰ ਦਰਬਾਰ ਬੈਠਿਆਂ ਤੇਹ ਨੇ ਬਹੁਤ ਸਤਾਇਆ ਬੋਲਾਂ ਵਾਲੀ ਪਾਣੀ ਦਾ ਪਿਆਲਾ ਸਿਰਲੇਖ ਹੇਠਲੀ ਚਰਨ ਸਿੰਘ ਸ਼ਹੀਦ ਦੀ ਨਜ਼ਮ ਦਾ ਮੁਢਲਾ ਬੰਦ ਸੁਣਾਇਆ ਸੀ। ਅਕਬਰ ਅਤੇ ਬੀਰਬਲ ਦੇ ਸਾਡੀ ਰਵਾਇਤ ਵਿਚ ਪ੍ਰਚੱਲਤ ਵਾਰਤਾਲਾਪਾਂ ਵਿਚੋਂ ਕਿਸੇ ਇਕ ਬਾਰੇ ਬਿਆਨੀਆ ਕਵਿਤਾ ਸੀ ਉਹ। ਅਖੇ ਅਕਬਰ ਨੂੰ ਪਿਸ਼ਾਬ ਦਾ ਬੰਨ੍ਹ ਪੈ ਜਾਣ ਦੀ ਸੰਕਟਮਈ ਸਥਿਤੀ ਅੰਦਰ ਤੁਛ ਰਾਹਤ ਮਿਲਣ ਦੀ ਸੂਰਤ ਵਿਚ ਸ਼ਹਿਨਸ਼ਾਹ ਕਹਿ ਰਿਹਾ ਹੈ ਕਿ ਮਹਿਜ਼ ਪਾਣੀ ਦਾ ਪਿਆਲਾ ਦੇਣ ਵਾਲੇ ਬੰਦੇ ਨੂੰ ਜਦੇ ਹੀ ਉਹ ਆਪਣੀ ਵਿਸ਼ਾਲ ਸਲਤਨਤ ਦਾ ਅੱਧਾ ਹਿੱਸਾ ਵੰਡ ਕੇ ਦੇ ਦੇਵੇਗਾ। ਜਗਮੋਹਣ ਦਾ ਕਹਿਣਾ ਇਹ ਸੀ ਕਿ ਮੈਂ ਸਬੰਧਤ ਸੱਜਣ ਨੂੰ ਉਸੇ ਤਰ੍ਹਾਂ ਦੀ ਕਸੂਤੀ ਸੂਰਤ ਵਿਚ ਪਾਣੀ ਤਾਂ ਬੇਸ਼ਕ ਦੇ ਦਿਤਾ ਸੀ - ਪਰ ਉਂਜ ਜ਼ਰਾ ਵਿੱਥ ਤੇ ਰਹਾਂ। ਪਰ ਉਨ੍ਹਾਂ ਮਿੱਤਰਾਂ ਦੀ ਵਕਤ ਸਿਰ ਦਿਤੀ ਚਿਤਾਵਨੀ ਨਾ ਮੈਂ ਸੁਣਨੀ ਸੀ ਤੇ ਨਾ ਕਦੀ ਕੋਈ ਪਛੋਤਾਵਾ ਹੋਇਆ। ਪਰ ਸ਼ਮਸ਼ੇਰ ਅਜਿਹਾ ਜ਼ੋਖਮ ਕਦੀ ਵੀ ਨਹੀਂ ਲਵੇਗਾ - ਪਛੋਤਾਵੇ ਜਾਂ ਨਾ ਪਛੋਤਾਵੇ ਦਾ ਪ੍ਰਸ਼ਨ ਹੀ ਨਹੀਂ ਹੈ। ਫਿਰ ਵੀ ਸ਼ਮਸ਼ੇਰ ਨਿਰਸੰਦੇਹ ਬੇਹੱਦ ਭਾਵੁਕ ਹੈ ਅਤੇ ਆਪਦੀ ਸਖਸ਼ੀਅਤ ਦੇ ਇਸ ਅਹਿਮ ਅੰਯਾਮ ਦਾ ਜ਼ਿਕਰ ਉਨ ਅਮਿਤੋਜ ਦੇ ਤੁਰ ਜਾਣ ਤੇ ਆਪਣੇ ਵਿਛੜੇ ਮਿੱਤਰਾਂ ਨੂੰ ਯਾਦ ਕਰਦਿਆਂ ਲਿਖੇ ਆਪਣੇ ਲੇਖ ਵਿਚ ਬੜੀ ਸ਼ਿਦਤ ਨਾਲ ਕੀਤਾ ਵੀ ਹੋਇਆ। ਪਰ ਉਸ ਲੇਖ ਤੋਂ ਵੀ ਸ਼ਮਸ਼ੇਰ ਦਾ ਸੰਜਮ ਪ੍ਰਤੱਖ ਨਜ਼ਰ ਆ ਜਾਂਦਾ ਹੈ।-----ਤੇ ਇਸ ਲਈ ਵੀ ਉਹਨੂੰ ਕੋਈ ਮਿਹਣਾ ਨਹੀਂ ਹੈ।
ਸ਼ਮਸ਼ੇਰ ਨੇ ਜ਼ਿੰਦਗੀ ਦੇ ਹਰ ਰੰਗ ਦਾ ਨਜ਼ਾਰਾ ਵੇਖਣ ਦੀ ਚਾਹਤ ਦੇ ਬਾਵਜੂਦ ਆਪਣੇ ਵਿਤ ਅਤੇ ਸੰਕੋਚ ਨਾਲ ਚਲਦਿਆਂ ਆਪਣੇ ਆਪ ਨੂੰ ਪੂਰੂੀ ਸਾਵਧਾਨੀ ਨਾਲ ਬਚਾ ਕੇ ਰਖਿਆ। ਪੰਜਾਬੀ ਨਿਊਜ ਰੂਮ ਦੇ ਅਤਿ ਨੀਰਸ ਧੰਦੇ ਦੌਰਾਨ ਵੀ-----। ਸ਼ਾਇਦ ਇਸੇ ਸਦਕਾ ਹੀ ਉਹ ਪੰਜਾਬ ਦੇ ਲੋਕਾਂ ਨੂੰ ਆਪਣੇ ਕਈ ਸੁੰਦਰ ਗੀਤਾਂ ਦੇ ਯਾਦਗਾਰੀ ਤੋਹਫੇ ਦੇ ਸਕਿਆ।----ਤੇ ਇਹ ਵੀ ਕੀ ਕੋਈ ਛੋਟੀ ਗੱਲ ਹੈ ਕਿ ਉਹ ਦੀਦਾਰ ਸੰਧੂ ਵਰਗੇ ਅਨੇਕਾਂ ਆਪਣੇ ਮਿੱਤਰਾਂ ਨੂੰ ਸਦਾ ਸਾਹ ਸਾਹ ਨਾਲ ਯਾਦ ਕਰਦਾ ਰਿਹਾ। ਉਨ੍ਹਾਂ ਦੇ ਦੁੱਖਾਂ ਦਰਦਾਂ ਦੀਆਂ ਕਹਾਣੀਆਂ ਸਦਾ ਸੁਣਾਉਂਦਾ ਰਿਹਾ। ਰਣਧੀਰ ਸਿੰਘ ਚੰਦ, ਜਗਤਾਰ, ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਐਸ. ਐਸ. ਮੀਸ਼ਾ ਅਤੇ ਹੋਰ ਕਈ ਸਮਕਾਲੀ ਸ਼ਾਇਰਾਂ ਦੇ ਅਨੇਕਾਂ ਸ਼ੇਅਰ ਉਸ ਨੂੰ ਜ਼ਬਾਨੀ ਯਾਦ ਹਨ। ਇਕ ਵਾਰ ਤਾਂ ਫੋਨ ਉਪਰ ਉਨ ਕੁਝ ਸ਼ੇਅਰ - ਜੋ ਕਿ ਮੈਨੂੰ ਵੀ ਜ਼ਬਾਨੀ ਯਾਦ ਸਨ - ਸੁਣਾ ਕੇਸੱਚ ਮੁੱਚ ਮੈਨੂੰ ਹੈਰਾਨ ਹੀ ਕਰ ਦਿਤਾ। ਗੱਲਾਂ ਗੱਲਾਂ ਕਰਦਿਆਂ ਉਹ ਕਹਿਣ ਲੱਗਾ ਕਿ ਲੈ ਸ਼ੇਅਰ ਸੁਣ:
ਜ਼ਿਕਰ ਹੀ ਛਿੜਿਆ ਹੈ ਕੇਵਲ ਹੁਸਨ ਦੀ ਉਸ ਜਾਨ ਦਾ
ਦੇਖ ਰੌਸ਼ਨ ਹੋ ਗਏ ਨੇ ਜਾਮ ਸਾਰੇ ਕਿਸ ਤਰ੍ਹਾਂ
---------
ਰੱਬ ਮੈਥੋਂ ਹਸ਼ਰ ਵਿਚ ਇਸ ਤੋਂ ਸਿਵਾ ਪੁਛੇਗਾ ਕੀ
ਸਿਤਮ ਦੇ ਦਿਨ ਉਸ ਜਹਾਂ ਵਿਚ ਤੂੰ ਗੁਜ਼ਾਰੇ ਕਿਸ ਤਰ੍ਹਾਂ
------
ਦਸ ਕਿ ਖਲਾਵਾਂ ਵਿਚ ਵੀ ਖੁਸ਼ ਨੇ ਸਿਤਾਰੇ ਕਿਸ ਤਰ੍ਹਾਂ
ਖਿੜ ਖਿੜਾ ਕੇ ਹਸਦੇ ਨੇ ਸਬਰ ਮਾਰੇ ਕਿਸ ਤਰ੍ਹਾਂ
ਆਰਜੂ ਦੀ ਫਸਲ ਤੇ ਨਾਜ਼ੁਕ ਬਹੁਤ ਹੈ ਜਾਨੇ ਮਨ
ਰਾਸ ਆ ਸਕਦੇ ਨੇ ਇਸ ਨੂੰ ਹੰਝੂ ਖਾਰੇ ਕਿਸ ਤਰ੍ਹਾਂ
ਇਹ ਸਾਡੇ ਉਸਤਾਦ ਗੁਰਦੀਪ ਦੇਹਰਾਦੂਨ ਦੀ ਕਿਸੇ ਗਜ਼ਲ ਦੇ ਸ਼ੇਅਰ ਹਨ ਜੋ ਕਿ ਮੈਨੂੰ ਖੁਦ ਬੜੇ ਸੋਹਣੇ ਲਗਦੇ ਹਨ। ਅਸਲ ਵਿਚ ਗੁਰਦੀਪ ਹੋਰੀਂ ਪੰਜਾਬੀ ਦੇ ਸਾਡੇ ਸਮਿਆਂ ਚ ਪਿਛਲੀ ਕਰੀਬ ਅੱਧੀ ਸਦੀ ਤੋਂ ਵੀ ਵੱਧ ਤੋਂ ਮਿਰਜ਼ਾ ਗ਼ਾਲਿਬ ਅਤੇ ਫ਼ੈਜ਼ ਅਹਿਮਦ ਫ਼ੈਜ਼ ਦੀ ਜ਼ਮੀਨ ਵਿਚ ਗਜ਼ਲਾਂ ਕਹਿਣ ਵਾਲੇ ਅਤੇ ਜ਼ਿੰਦਗੀ ਦੇ ਸੁਹੱਪਣ ਤੇ ਸ਼ਾਨਾਂ ਦਾ ਗੀਤ ਲਗਾਤਾਰ, ਨਿਰੰਤਰ ਗਾਉਣ ਵਾਲੇ ਸ਼੍ਰੋਮਣੀ ਸ਼ਾਇਰ ਹਨ।
ਗਜ਼ਲਾਂ ਦੇ ਸ਼ੇਅਰ ਹੀ ਨਹੀਂ - ਸ਼ਮਸ਼ੇਰ ਨੂੰ ਜੱਗ ਜੰਕਸ਼ਨ ਰੇਲਾਂ ਦਾ ਵਾਲੇ ਦਰਵੇਸ਼ ਕਵੀਸ਼ਰ ਕਰਨੈਲ ਸਿੰਘ ਪਾਰਸ ਦੀਆਂ ਅਨੇਕਾਂ ਝੋਕਾਂ ਅਤੇ ਕੋਰੜੇ ਵੀ ਚੇਤੇ ਹਨ। ਕਈ ਵਰ੍ਹੇ ਪਹਿਲਾਂ ਕੇਰਾਂ ਸ਼ਮਸ਼ੇਰ ਨਰਿੰਦਰ ਭੁੱਲਰ ਨਾਲ ਅਤੇ ਉਸਤੋਂ ਪਿਛੋਂ ਉਸ ਦੇ ਸਾਥੀ ਜਸਬੀਰ ਸਮਰ ਨਾਲ ਮੈਨੂੰ ਪਟਿਆਲੇ ਘਰੇ ਮਿਲਣ ਆਇਆ। ਦੋਵੇਂ ਵਾਰੀਂ ਪੀਟਰ ਸਕਾਟ ਦੀਆਂ ਦੋ ਬੋਤਲਾਂ ਉਪਹਾਰ ਵਜੋਂ ਮੈਨੂੰ ਉਹ ਦੇ ਕੇ ਜਾਂਦਾ ਰਿਹਾ। ਉਸ ਨੂੰ ਮਨੋ ਮਨੀ ਕੰਜੂਸ ਸਮਝਣ ਵਾਲਾ ਮੇਰਾ ਸ਼ਿਕਵਾ ਜੈਲ ਕੀਤਾ। ਉਸ ਵਲੋਂ ਉਸ ਸਮੇਂ ਪਾਰਸ ਦੇ ਇਕ ਕੋਰੜੇ ਦੇ ਇਕ ਦੋ ਬੰਦ ਜ਼ਰਾ ਵੇਖੋ:
ਹੋਵੇ ਹੇ ਪਰਮਾਤਮਾ, ਦੁਸ਼ਮਣ ਦਾ ਵੀ ਭਲਾ
ਟਲੇ ਗੁਆਂਢੀ ਤੋ ਸਦਾ, ਕੋਹਾਂ ਦੂਰ ਬਲਾ
ਰਖੀਂ ਮਰਦਿਆਂ ਤਕ ਤੂੰ, ਸਭ ਦੀ ਉਜਲੀ ਪੱਤ
ਤੇਰੇ ਭਾਣੇ ਦਾਤਿਆ, ਸੁਖੀ ਵਸੇ ਸਰਬੱਤ
------
ਗਿਆਨੀ, ਪੰਡਤਿ, ਮੌਲਵੀ, ਉੱਗਲ ਫਿਰਕੂ ਵੱਖ
ਆਪਸ ਵਿਚ ਲੜਾਉਣ ਨਾ, ਹਿੰਦੂ, ਮੁਸਲਿਮ, ਸਿੱਖ
ਸੰਨ 47 ਵਾਂਗ ਨਾ, ਚੁੱਕਣ ਚੰਦਰੀ ਅੱਤ
ਤੇਰੇ ਭਾਣੇ ਦਾਤਿਆ, ਸੁਖੀ ਵਸੇ ਸਰਬੱਤ।
ਇਸੇ ਤਰ੍ਹਾਂ ਜੱਗ ਜੰਕਸ਼ਨ ਰੇਲਾਂ ਦਾ ਸ਼ਮਸ਼ੇਰ ਨੂੰ ਸਾਰਾ ਹੀ ਜ਼ੁਬਾਨੀ ਯਾਦ ਹੈ।
ਇਸ ਵਿਚੋਂ ਵੀ ਇਕ ਬੰਦ ਜ਼ਰਾ ਵੇਖੋ:
ਘਰ ਨੂੰਹ ਨੇ ਸਾਂਭ ਲਿਆ, ਤੁਰਗੀ ਧੀ ਝਾੜ ਕੇ ਪੱਲੇ
ਪੋਤੇ ਨੇ ਜਨਮ ਲਿਆ, ਬਾਬਾ ਸਿਵਿਆਂ ਦੇ ਵੱਲ ਚੱਲੇ
ਕਿਤੇ ਜ਼ੋਰ ਮਕਾਣਾਂ ਦਾ, ਕਿਧਰੇ ਵਿਆਹ ਅਤੇ ਮੁਕਲਾਵੇ
ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ।
ਸ਼ਮਸ਼ੇਰ ਦੀਆਂ ਅਨੇਕ ਪ੍ਰਾਪਤੀਆਂ ਹਨ; ਸਭੇ ਉਸ ਦੇ ਯਾਰਾਂ ਨੇ ਭਲੀ ਭਾਂਤ ਗਿਣਾਈਆਂ ਹੋਈਆਂ ਹਨ। ਪਰ ਮੇਰੀ ਜਾਚੇ ਉਸ ਦੇ ਅਨੰਦ ਦੀ ਸਿਖਰ ਉਸ ਦੇ ਲੜਕੇ ਗਗਨਜੀਤ ਦੇ ਵਿਆਹ ਵਾਲਾ ਮੇਲਾ ਸੀ। ਮੈਂ ਉਸ ਯਾਦਗਾਰੀ ਮੇਲੇ ਵਿਚ ਤਾਂ ਸ਼ਰੀਕ ਨਾ ਹੋ ਸਕਿਆ। ਉਸ ਦੇ ਜਲਵੇ ਅਤੇ ਸ਼ਮਸ਼ੇਰ ਦੇ ਚਾਅ ਦਾ ਨਜ਼ਾਰਾ ਨੈੱਟ ਤੇ ਪਾਈ ਉਸ ਵਿਆਹ ਦੀ ਰਿਕਾਰਡਿੰਗ ਤੋਂ ਹੀ ਕੀਤਾ। ਸਾਰੇ ਹੀ ਅਹਿਮ ਗਾਇਕ ਅਤੇ ਹੋਰ ਅਨੇਕਾਂ ਯਾਰ ਬਾਸ਼ ਉਥੇ ਹਾਜ਼ਰ ਸਨ। ਪਰ ਸ਼ਮਸ਼ੇਰ ਦੇ ਲੜਕੇ ਗਗਨ ਅਤੇ ਨੂੰਹ ਅਦਿੱਤੀ ਨੂੰ ਨਾਲ ਲੈ ਕੇ ਪੰਜਾਬਦੇ ਮਹਿਬੂਬ ਗਾਇਕ ਗੁਰਦਾਸ ਮਾਨ ਨੇ ਮੁੰਡੇ ਦੀ ਘੋੜੀ ਗਾ ਕੇ ਜੋ ਅਲੌਕਿਕ ਜਲਵਾ ਖੜਾ ਕੀਤਾ ਉਹ ਵੇਖਿਆਂ ਹੀ ਬਣਦਾ ਹੈ।
ਉਸ ਦੇ ਦੋ ਚਾਰ ਬੋਲ ਜਰਾ ਵੇਖੋ:
ਵੇ ਤੇਰੀ ਘੋੜੀ ਜੀਵੇ, ਵੇ ਤੇਰੀ ਘੋੜੀ ਜੀਵੇ
ਵੇ ਸੁਰਗਾਂ ਦਾ ਸਦਾ ਸਿਰ ਤੇ
ਰਵੇ ਸਾਇਆ!
ਕਰੇ ਸੇਵਾ ਤੂੰ ਮਾਪਿਆਂ ਦੀ
ਵੇ ਮਾਂ ਜਾਇਆ
-------
ਰੱਬ ਕਰੇ, ਘਰ ਵਾਲੀ ਤੇਰੀ
ਸਦਾ ਸੁਹਾਗਣ ਥੀਵੇ
ਪੁੱਤ, ਪੋਤਰਿਆਂ, ਦੋਹਤਰਿਆਂ ਤੋਂ
ਪਾਣੀ ਵਾਰ ਕੇ ਪੀਵੇ
----
ਸ਼ਮਸ਼ੇਰ ਗਗਨਗੀਤ ਅਤੇ ਆਪ ਦੀ ਪਿਆਰੀ ਨੂੰਹ ਅਦਿੱਤੀ ਦੇ ਨਾਲ ਖੜਾ ਹੈ। ਪੰਮੀ ਬਾਈ ਉਸ ਦੇ ਨਾਲ ਹੈ ਅਤੇ ਗੁਰਦਾਸ ਮਾਨ ਘੋੜੀ ਗਾ ਰਿਹਾ ਹੈ। ਕੇਹਾ ਉਦਾਤ ਵਾਤਾਵਰਨ ਬੱਝਾ ਹੋਇਆ ਹੈ। ਮੁਆਫ਼ ਕਰਨਾ ਬਾਬਾ ਪ੍ਰੇਮ ਸਿੰਘ ਹੋਤੀ ਨੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਦਾ ਬਿਰਤਾਂਤ ਜਿਸ ਚਾਅ ਤੇ ਉਮਾਹ ਨਾਲ ਬੰਨ੍ਹਿਆ ਹੈ---ਸ਼ਮਸ਼ੇਰ ਦੇ ਲਾਡਲੇ ਪੁੱਤਰ ਦੇ ਵਿਆਹ ਦੀ ਇਹ ਸਿਖਰਲੀ ਝਾਕੀ ਦਾ ਨਜ਼ਾਰਾ ਕਰਦਿਆਂ ਮੇਰੇ ਚੇਤਿਆਂ ਅੰਦਰ ਬਾਬਾ ਜੀ ਦੇ ਉਸ ਬਿਰਤਾਂਤ ਦੀ ਕਿਧਰੇ ਬਚਪਨ ਵਿਚ ਪੜ੍ਹੀ ਲਿਖਤ ਦੇ ਧੁੰਦਲੇ ਪਏ ਵੇਰਵੇ ਆਪ ਮੁਹਾਰੇ ਹੀ ਵਾਰ ਵਾਰ ਉੱਭਰੀ ਜਾ ਰਹੇ ਸਨ।
ਆਈਜਾਡੋਰਾ ਡੰਕਨ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਦੀ ਮਹਾਨ ਨਰਤਕੀ ਸੀ। ਮੈਂ ਉਮਰ ਭਰ ਉਸ ਦੀ ਸਖਸ਼ੀਅਤ, ਉਸ ਦੀ ਕਲਾ ਅਤੇ ਭਿਆਨਕ ਤਰਾਸਦੀ ਦੇ ਵੱਖ ਵੱਖ ਅੰਜ਼ਾਮਾਂ ਤੇ ਚਿਤਵਨ ਕੀਤਾ ਹੈ। ਮੈਨੂੰ ਸਦਾ ਹੀ ਉਹ ਆਪਦੀ ਬੇਹੱਦ ਪਿਆਰੀ ਭੈਣ ਲਗਦੀ ਰਹੀ ਹੈ। ਮੈਂ ਉਸ ਬਾਰੇ ਬਣੀਆਂ ਇੱਕ ਦੋ ਫਿਲਮਾਂ ਵੇਖੀਆਂ ਹਨ। ਉਹ ਸਟੇਜ ਤੇ ਨੱਚਣ ਲਈ ਜਦੋਂ ਆਉਂਦੀ ਹੈ ਤਾਂ ਜਦੇ ਹੀ ਇੰਦਰ ਦੇ ਅਖਾੜੇ ਵਿਚ ਅਪੱਸਰਾਵਾਂ ਦੇ ਇਲਾਹੀ ਨਾਚ ਵਾਲਾ ਮਹੌਲ ਆਸ਼ਕਾਰ ਹੋ ਜਾਂਦਾ ਹੈ। ਸਾਡੇ ਆਪਣੇ ਸਮਿਆਂ ਅੰਦਰ ਵਾਕਾ, ਵਾਕਾ ਗੀਤ ਵਾਲੀ ਕੋਲੰਬੀਅਨ ਨਰਤਕੀ ਸ਼ਕੀਰਾ ਅਜਿਹਾ ਕੌਤਿਕ ਹੀ ਤਾਂ ਕਰਦੀ ਹੈ। -----ਤੇ ਕੇਹੀ ਲੈਅ ਸੀ ਉਸ ਦਿਨ ਗੁਰਦਾਸ ਮਾਨ ਦੇ ਵਿਆਹ ਵਾਲੇ ਮੁੰਡੇ ਖਾਤਰ ਘੋੜੀ ਗਾਇਨ ਵਿਚ।----ਤੇ ਮਾਨੋਂ ਇਹ ਪਲ ਸਾਡੇ ਸਾਥੀ, ਸ਼ਮਸ਼ੇਰ ਲਈ ਬੇਸ਼ਕੀਮਤੀ ਉਪਹਾਰ ਦੇ ਹਾਰ ਸਨ ਜੋ ਕਿ ਉਨ ਬੜੇ ਸੰਜਮ ਨਾਲ ਜਿਉਂਦਿਆਂ, ਫੂਕ ਫੂਕ ਕੇ ਪੈਰ ਧਰਦਿਆਂ ਅਰਜਿਤ ਕੀਤਾ ਸੀ।----ਮੈਨੂੰ ਯਾਦ ਆ ਰਹੇ ਸਨ ਸਿੱਖ ਭਾਈਚਾਰੇ ਦੇ ਮਹਾਨ ਸਪੂਤ ਸ. ਖੁਸ਼ਵੰਤ ਸਿੰਘ ਦੇ ਕਈ ਦਹਾਕੇ ਪਹਿਲਾਂ ਪ੍ਰਗਟਾਏ ਉਹ ਭਾਵ ਜੋ ਅਸ਼ਵਨੀ ਮਿੰਨਾ ਦੇ ਜ਼ੋਰ ਦੇਣ ਤੇ ਬਾਬੇ ਨੇ ਪਹਿਲੀ ਵਾਰ ਨਵੀਂ ਦਿੱਲੀ ਵਿਖੇ ਗੁਰਦਾਸ ਮਾਨ ਦੇ ਗਾਇਨ ਦੀ ਇਲਾਹੀ ਥਰਿਲ ਅਨੁਭਵ ਕਰਨ ਤੋਂ ਬਾਅਦ ਆਪਦੇ ਕਿਸੇ ਕਾਲਮ ਵਿਚ ਪ੍ਰਗਟਾਏ ਸਨ।
ਪਾਸ਼ ਦੀ ਵਾਰਤਕ ਦੀ ਤਲਵੰਡੀ ਸਲੇਮ ਨੂੰ ਜਾਂਦੀ ਸੜਕ ਸਿਰਲੇਖ ਹੇਠਲੀ ਉਸ ਦੇ ਪਿਤਾ ਸ. ਸੋਹਣ ਸਿੰਘ ਸੰਧੂ ਦੀ ਸੰਪਾਦਤ ਕਿਤਾਬ ਮੇਰੇ ਸਾਹਵੇਂ ਪਈ ਹੈ। ਝਿਜਕ ਜਿਹੀ ਹੈ ਕਿ ਉਸ ਨੂੰ ਛੇੜਾਂ ਜਾਂ ਨਾ। ਖੈਰ ਉਸ ਦਾ ਪਹਿਲਾ ਹੀ ਲੇਖ ਪ੍ਰਤੀਬਧਤਾ ਬਾਰੇ ਮੇਰੀ ਰਾਏ ਖੁਦ ਬਖੁੱਧ ਹੀ ਸਾਮ੍ਹਣੇ ਆ ਜਾਂਦਾ ਹੈ। ਲੇਖ ਦਸੰਬਰ 1977 ਚ ਉਨ੍ਹਾਂ ਵਕਤਾਂ ਦਾ ਹੈ ਜਦੋਂ ਸ਼ਮਸ਼ੇਰ ਨਾਲ ਉਸ ਦੀ ਆੜੀ ਸਿਖਰ ਤੇ ਰਹੀ ਹੋਵੇਗੀ। ਲੇਖ ਵਿਚ ਪਲੈਖਾਨੋਵ, ਏਂਗਲਜ਼, ਲੈਨਿਨ, ਲੂਨਾਚਾਰਸਕੀ, ਟਰਾਸਟਕੀ, ਮਾਓਜੇ-ਤੁੰਗ ਮੈਕਸਿਮ ਗੋਰਕੀ, ਲੂ ਸੁੰਨ ਅਤੇ ਨਾਲ ਹੀ ਰੈਲਫ ਫਾਕਸ ਦਾ ਵੀ ਜ਼ਿਕਰ ਹੈ। ਪਾਸ਼ ਜੀਵਨ ਤੇ ਸਾਹਿਤ ਅੰਦਰ ਪ੍ਰਤੀਬੱਧਤਾ ਦੇ ਵਿਸ਼ੇ ਨਾਲ ਖੌਜਲਣ ਦੀ ਕੋਸ਼ਿਸ਼ ਕਰਦਾ ਮਲੂਮ ਹੁੰਦਾ ਹੈ। ਪੜ੍ਹਦਿਆਂ ਮਨ ਵਿਚ ਆਉਂਦਾ ਹੈ ਕਿ ਕੀ ਭਲਾਂ ਸ਼ਮਸ਼ੇਰ ਵੀ ਕਦੀ ਅਜਿਹੇ ਗੇੜ ਵਿਚ ਪਿਆ ਹੋਵੇਗਾ। ਪਰ ਫਿਰ ਜਦੋਂ ਹੀ ਸ਼ਮਸ਼ੇਰ ਦਾ ਐਲਾਨ ਯਾਦ ਆ ਜਾਂਦਾ ਹੈ ਕਿ ਉਸਨੂੰ ਕਦੀ ਵੀਪ੍ਰਤੀਬਧ ਹੋਣ ਦੀ ਕੋਈ ਸਿਰਦਰਦੀ ਨਹੀਂ ਸੀ ਅਤੇ ਨਾ ਹੀ ਜ਼ੁਲਮ ਜਾਂ ਬੇਇਨਸਾਫੀ ਵਿਰੁੱਧ ਲੜਨ ਦਾ ਉਸਦਾ ਕੋਈ ਸਰੋਕਾਰ ਸੀ। ਉਸ ਨੂੰ ਬਸ ਜ਼ਿੰਦਗੀ ਪਾਸ਼ ਜਿੰਨੀ ਹੀ ਸੋਹਣੀ ਲਗਦੀ ਸੀ; ਮਦਾਰ ਪੁਰੇ ਦੀਆਂ ਸਵੇਰਾਂ ਤੇ ਸ਼ਾਮਾਂ ਸੁੰਦਰ ਲਗਦੀਆਂ ਸਨ। ਉਨ ਆਪ ਦੇ ਸ਼ੌਕ ਲਈ ਜ਼ਿੰਦਗੀ ਦੇ ਇਸੇ ਸੁਹੱਪਣ ਨੂੰ ਨਿਹਾਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਵਜੋਂ ਆਪ ਦੇ ਸਾਰੇ ਗੀਤ ਲਿਖੇ ਹਨ ਅਤੇ ਅਜਿਹਾ ਕਰਦਿਆਂ ਪੰਜਾਬੀ ਸਭਿਆਚਾਰ ਨੂੰ ਰਾਈ ਭਰ ਦੇਣ ਵੀ ਕੋਈ ਦਿਤੀ ਗਈ ਹੋਵੇ ਤਾਂ ਉਸ ਦੇ ਧੰਨ ਭਾਗ ਹਨ।
ਸ਼ਮਸ਼ੇਰ ਦਾ ਪਿਆਰਾ ਮਿੱਤਰ ਡਾ. ਨਾਹਰ ਸਿੰਘ ਜਿਸ ਨੇ ਮਾਲਵੇ ਦੇ ਲੋਕ ਗੀਤਾਂ ਅਤੇ ਬੋਲੀਆਂ ਨੂੰ ਕਈ ਜਿਲਦਾਂ ਵਿਚ ਇਕੱਤਰ ਕੀਤਾ ਅਤੇ ਆਪ ਦੀ ਹੀ ਕਿਸਮ ਦਾ ਸਭਿਆਚਾਰ ਸ਼ਾਸਤ੍ਰੀ ਹੈ - ਪਿਛਲੇ ਕੁਝ ਦਹਾਕਿਆਂ ਦੇ ਅੰਨ੍ਹੇ ਵਿਸ਼ਵੀਕਰਨ ਦੇ ਦੌਰ ਵਿਚ ਸਾਮ੍ਹਣੇ ਆਈ ਪੰਜਾਬੀ ਗਾਇਕੀ ਤੋਂ ਸੰਤੁਸ਼ਟ ਨਹੀਂ ਹੈ। ਪੰਜਾਬੀ ਗਾਇਕੀ: ਅਖਾੜੇ ਤੋਂ ਫਿਲਮਾਂਕਣ ਤੱਕ ਆਪਦੇ ਬੜੇ ਹੀ ਅਹਿਮ ਅਤੇ ਚਰਚਿਤਲੇਖ ਵਿਚ ਉਸ ਨੂੰ ਅਫਸੋਸ ਹੈ ਕਿ ਕਿਸੇ ਵੀ ਸਭਿਆਚਾਰ ਦੀਆਂ ਬਣਤਰਾਂ - ਸਮੇਤ ਗਾਇਕੀ ਅਤੇ ਸੰਗੀਤ ਦੇ - ਦੇ ਬਾਹਰੀ ਰੂਪ ਭਵਾਂ ਉਹੀ ਬਣੇ ਰਹਿੰਦੇ ਹਨ ਪਰ ਉਨ੍ਹਾਂ ਵਿਚਲਾ ਵਸਤੂ ਪਲੀਤ ਹੁੰਦਾ ਚਲਾ ਜਾਂਦਾ ਹੈ। ਬਾਬਾ ਨਾਹਰ ਸਿੰਘ ਜੀ ਨੂੰ ਇਕੱਵੀਂ ਸਦੀ ਦੇ ਪਹਿਲੇ ਦਹਾਕੇ ਦੀ ਪੰਜਾਬੀ ਗਾਇਕੀ ਅੰਦਰ ਬੋਲ ਅਤੇ ਫਿਲਮਾਂਕਣ ਦੋਵਾਂ ਪੱਧਰਾਂ ਤੇ ਉਜਾਗਰ ਹੁੰਦੀ ਪੰਜਾਬਣ ਮੁਟਿਆਰ ਦੀ ਸੂਰਤ ਅਤੇ ਨੰਦ ਲਾਲ ਨੂਰਪੁਰੀ ਦੇ ਗੀਤਾਂ ਵਿਚੋਂ ਨਜ਼ਰ ਆਉਂਦੀ ਪੰਜਾਬਣ ਮੁਟਿਆਰ ਦੇ ਮੁਹਾਂਦਰੇ ਦੀ ਨਿਸਬਤ ਦਾ ਅੰਤਰ ਵੇਂਹਦਿਆਂ ਉਨ੍ਹਾਂ ਦੀ ਧਾਰਨਾ ਬਿਲਕੁਲ ਸਹੀ ਮਲੂਮ ਹੁੰਦੀ ਹੈ। ਬਾਈ ਜੀ ਮੰਨਦੇ ਹਨ ਕਿ ਸਮੇਂ ਅਤੇ ਸਥਿਤੀਆਂ ਦੇ ਬਦਲਣ ਨਾਲ ਪੰਜਾਬੀ ਗਾਇਕੀ ਦਾ ਬਦਲਨਾ ਸੁਭਾਵਿਕ ਤਾਂ ਸੀ ਪਰ ਇਸ ਦਾ ਰਸਾਤਲ ਵੱਲ ਚਲੇ ਜਾਣਾ ਤਾਂ ਜ਼ਰੂਰੀ ਨਹੀਂ ਸੀ।
ਡਾ. ਨਾਹਰ ਸਿੰਘ ਦਾ ਕਹਿਣਾ ਹੈ ਕਿ ਮਾਨ ਮਰਾੜਾਂ ਵਾਲੇ, ਦੇਵ ਥਰੀਕਿਆਂ ਵਾਲੇ ਅਤੇ ਦੀਦਾਰ ਸੰਧੂ ਦੇ ਮਕਬੂਲ ਹੋਏ ਗੀਤਾਂ ਅੰਦਰ ਪੰਜਾਬੀ ਰਹਿਤਲ ਦੀਆਂ ਬਥੇਰੀਆਂ ਸਿਹਤਮੰਦ ਸੁਰਾਂ ਸੁਰਖਿਅਤ ਹੈਗੀਆਂ ਅਤੇ ਉਨ੍ਹਾਂ ਦੀ ਜਾਚੇ ਸ਼ਮਸ਼ੇਰ ਦੇ ਸਾਦ ਮੁਰਾਦੇ ਜਿਹੇ ਗੀਤ ਉਸ ਰਵਾਇਤ ਦੇ ਅੰਤਿਮ ਮੀਲ ਪੱਥਰ ਦੇ ਹਾਰ ਖੜੇ ਹਨ। ਫਿਰ ਪੰਜਾਬੀ ਫੋਕ ਦੀਆਂ ਪੁਰਾਣੀਆਂ ਤਰਜ਼ਾਂ ਸ਼ਮਸ਼ੇਰ ਦੀ ਆਤਮਾ ਵਿਚ ਲੱਥੀਆਂ ਹੋਈਆਂ ਸਨ। ਉਨ੍ਹਾਂ ਵਿਚੋਂ ਹੀ ਬਹੁਤੀਆਂ ਨੂੰ ਨਵਿਆ ਕੇ ਉਨ ਆਪਣੇ ਗੀਤਾਂ ਵਿਚ ਇਸਤੇਮਾਲ ਕੀਤਾ ਅਤੇ ਉਹ ਸੁਣਨ ਵਾਲਿਆਂ ਦੇ ਮਨਾਂ ਨੂੰ ਮੋਹ ਗਈਆਂ।
ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਵੀ ਬੜਾ ਸੁੰਦਰ ਇਤਫਾਕ ਹੀ ਸੀ ਕਿ ਕੁਝ ਇਤਰਾਜ਼ਾਂ ਦੇ ਬਾਵਜੂਦ ਸ਼ਮਸ਼ੇਰ ਦੀ ਪੇਂਡੂ ਰਹਿਤਲ ਦੀਆਂ ਕਈ ਸੂਖਮ ਸੁਰਾਂ ਨਾਲ ਸੰਜੋਏ ਗੀਤਾਂ ਨੂੰ ਅਤੁੱਲ ਸ਼ਰਮਾ ਦੇ ਸੰਘਣੇ ਸੰਗੀਤ ਦੇ ਨਾਲ ਨਾਲ ਸੁਰਜੀਤ ਬਿੰਦਰਖੀਆ ਦੇ ਆਪ ਮੁਹਾਰੇ ਬੁਲੰਦ ਰਸਟਿਕ ਅੰਦਾਜ਼ ਵਿੱਚ ਗਾਏ ਜਾਣ ਦਾ ਸਬੱਬ ਬਣਿਆ। ਪਰ ਇਸ ਤਿਕੜੀ ਤੋਂ ਬਾਅਦ ਕਹਾਣੀ ਤੇਜੀ ਨਾਲ ਲਹਿਤ ਵੱਲ ਜਾਣੀ ਸ਼ੁਰੂ ਹੋ ਗਈ।
3-4 ਸਾਲ ਪਹਿਲਾਂ ਸ਼ਮਸ਼ੇਰ ਨਾਲ ਅਚਾਨਕ ਹੀ ਮੁਲਾਕਾਤ ਹੋ ਗਈ ਤਾਂ ਗੱਲਾਂ ਗੱਲਾਂ ਵਿਚ ਉਸ ਨੇ ਜ਼ਰਾ ਕੁ ਵਿਅੰਗ ਨਾਲ ਸਵਾਲ ਕੀਤਾ, ਅਖੇ ਬੱਲ ਸੁਣਾ, ਅੱਜ ਕੱਲ ਕਿਥੇ ਖੜਾਂ?
ਇਹ ਕਿਥੇ ਖੜਾ ਵਾਲਾ ਸਵਾਲ 70 ਵਿਆਂ ਦੇ ਉਸ ਦਹਾਕੇ ਦਾ ਸਿਗਨੇਚਰ ਬੋਲਾ ਸੀ ਜਦੋਂ ਸ਼ਮਸ਼ੇਰ ਪੰਜਾਬੀ ਟ੍ਰਿਬਿਊਨ ਵਿਚ ਕੰਮ ਕਰਨ ਲਈ ਆਇਆ। 1966 ਤੋਂ 76 ਤੱਕ ਚੀਨੀ ਸਭਿਆਚਾਰਕ ਇਨਕਲਾਬ ਦੇ ਸਮਿਆਂ ਵਿਚ - ਖਾਸ ਕਰਕੇ 1968 ਵਿਚ ਫਰਾਂਸਿਸੀ ਇਨਕਲਾਬ ਦੌਰਾਨ ਤਾਂ ਨੌਜਵਾਨ ਇਨਕਲਾਬੀ ਵਿਦਿਆਰਥੀਆਂ ਦਾ ਇਹ ਕੇਂਦਰੀ ਫੰਡਾ ਸੀ ਕਿ ਕੋਈ ਇਨਸਾਨ ਜਾਂ ਚਿੰਤਕ ਖੜਾ ਕਿਥੇ ਹੈ - ਜਾਣੀ ਉਹ ਕਿਸ ਸਮਾਜੀ ਧਿਰ ਨਾਲ ਖੜਾ ਹੈ। ਜੀਵਨ ਲੀਲਾ ਜਾਂ ਸੰਗਰਾਮ ਵਿਚ ਉਸ ਦੀ ਪ੍ਰਤੀਬੱਧਤਾ ਕਿਸ ਦਾਅ ਹੈ।ਇਨ੍ਹਾਂ ਹੀ ਵਕਤਾਂ ਵਿਚ ਖੱਬੇ ਪੱਖੀ ਮਾਰਕਸੀ ਧਾਰਾ ਦੇ ਦੰਤ ਕਥਾਈ ਚਿੰਤਕ ਪ੍ਰੋ. ਰਣਧੀਰ ਸਿੰਘ ਹੋਰੀਂ ਵੀ ਆਪਣੇ ਪ੍ਰਵਚਨਾਂ ਵਿਚ ਅਕਸਰ ਹੀ ਇਹ ਮੁੱਦਾ ਉਠਾਉਂਦੇ ਰਹੇ ਸਨ। ਰੱਬ ਜਾਣੇ ਕਿਥੋਂ ਅਤੇ ਕਿਹੜੇ ਭਲੇ ਵਕਤਾਂ ਵਿਚ ਸਾਡੇ ਆਪਣੇ ਕੁਝ ਸਾਥੀਆਂ ਨੇ ਵੀ ਇਨਸਾਨ ਕੋਲੋਂ ਜੀਵਨ ਅੰਦਰ ਮੁਕੰਮਲ ਪ੍ਰਤੀਬਧਤਾ ਦੀ ਤਵੱਕੋ ਕਰਨ ਵਾਲਾ ਇਹ ਬੋਲਾ ਪਿੱਕ ਅਪ ਕੀਤਾ ਹੋਇਆ ਸੀ ਅਤੇ ਉਹ ਇਸ ਨੂੰ ਪ੍ਰੋਫੈਸਰ ਸਾਹਿਬ ਨਾਲੋਂ ਵੀ ਵੱਧ ਆਤਮ ਵਿਸ਼ਵਾਸ ਨਾਲ ਅਕਸਰ ਹੀ ਦੁਹਰਾਉਂਦੇ ਰਹਿੰਦੇ ਸਨ। ਸ਼ਮਸ਼ੇਰ ਸੰਜਮੀ ਹੈ ਪਰ ਸਮਾਰਟ ਵੀ ਬੜਾ ਹੈ। ਮੈਂ ਉਸ ਦੀ ਰਮਜ ਸਮਝ ਗਿਆ ਅਤੇ ਸਿੱਧਾ ਜਵਾਬ ਦੇਣ ਦੀ ਬਜਾਏ ਗੱਲ ਨੂੰ ਆਲੇ ਟਾਲੇ ਪਾਉਣ ਲਈ ਅਜੇ ਸੋਚ ਹੀ ਰਿਹਾ ਸਾਂ ਕਿ ਸਮਾਰਟ ਹੋਣ ਕਾਰਨ ਉਹ ਮੇਰੇ ਕੁਝ ਵੀ ਉਚਰਨ ਤੋਂ ਪਹਿਲਾਂ ਹੀ ਇਹ ਕਹਿੰਦਿਆਂ ਬੋਲ ਪਿਆ, ਬੱਲ ਤੂੰ ਸਾਰੀ ਉਮਰ ਕਦੀ ਖੱਬੇ ਦਾਅ, ਕਦੀ ਸੱਜੇ ਦਾਅ, ਕਦੇ ਵਿਚ ਵਿਚਾਲੇ ਹੋਣ ਲਈ ਬਿਲਾ ਵਜਹ ਤਰਲੋ ਮੱਛੀ ਹੋ ਰਿਹੈ ਹੁੰਦੈਂ। ਪੱਕਾ ਪਤਾ ਤੈਨੂੰ ਅਜੇ ਵੀ ਨਹੀਂ ਕਿਤੂੰ ਕਿਹੜੇ ਦਾਅ ਅਤੇ ਕਿਹੜੀ ਧਿਰ ਨਾ ਖੜੈਂ। ਅਖੇ ਅਸੀਂ ਚੰਗੇ ਨਹੀਂ ਕਿ ਸ਼ਾਂਤ ਬੈਠੇ ਹਾਂ ਅਤੇ ਤੈਨੂੰ ਵੇਖ ਵੇਖ ਕੇ ਹੱਸ ਰਹੇ ਹਾਂ। ਸੁਣ ਕੇ ਮੈਂ ਹੈਰਾਨ ਸਾਂ ਕਿ ਸ਼ਮਸ਼ੇਰ ਸਿਆਣਾ ਕਿੰਨਾ ਹੈ; ਮੇਰੀ ਦੁਖਦੀ ਰਗ ਉਨ ਕਿਵੇਂ ਕਿਸੇ ਪਹੁੰਚੇ ਹੋਏ ਹਕੀਮ ਵਾਂਗ ਬਿਲਕੁਲ ਸਹੀ ਫੜੀ ਸੀ। ਸ਼ਮਸ਼ੇਰ ਦੀ ਵਡਿਆਈ ਹੈ ਕਿ ਉਹ ਐਸੇ ਕੌਤਿਕ ਵੀ ਅਕਸਰ ਹੀ ਕਰ ਲੈਂਦਾ ਹੈ।
ਸੋ ਲਗਦਾ ਹੈ ਕਿ ਬਹੁਤ ਹੋ ਗਿਆ ਹੈ ਕਿ ਹੁਣ ਇਕ ਅੱਧ ਹੋਰ ਨੁਕਤਾ ਲਭ ਕੇ ਬਿਰਤਾਂਤ ਦਾ ਭੋਗ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ।
ਸਾਡਾ ਮਿੱਤਰ ਅਤੇ ਸਮਕਾਲੀ ਸੁਰਜੀਤ ਪਾਤਰ ਸ਼ਮਸ਼ੇਰ ਦੇ ਗੋਤੀ ਭਾਈ ਗੁਲਜ਼ਾਰ ਸਿੰਘ ਸੰਧੂ ਦੇ ਕਲਮੀ ਖਾਕੇ ਦੀ ਸ਼ੁਰੂਆਤ ਇੰਞ ਕਰਦਾ ਹੈ:
ਗੁਲਜ਼ਾਰ ਸਿੰਘ ਸੰਧੂ ਦਾ ਰੰਗ ਸੰਧੂਰੀ ਹੈ, ਉਸ ਨੂੰ ਦੇਖ ਕੇ ਲਗਦਾ ਹੈ ਜਿਵੇਂ ਸੰਧੂ ਸ਼ਬਦ ਸੰਧੂਰੀ ਤੋਂ ਬਣਿਆ ਹੋਵੇ। ਉਹ ਭਾਵੇਂ ਕਨਾਟ ਪਲੇਸ ਦੇ ਰੈਂਬਲ ਰੈਸਤੋਰਾਂ ਵਿਚ ਬੈਠਾ ਕਿਸੇ ਮੇਮ ਨਾਲ ਚਾਹ ਪੀ ਰਿਹਾ ਹੋਵੇ ਭਾਵੇਂ ਆਪਣੇ ਦਫ਼ਤਰ ਵਿਚ ਡਿਕਟੇਸ਼ਨ ਦੇ ਰਿਹਾ ਹੋਵੇ, ਭਾਵੇਂ ਦਿੱਲੀ ਦੀਆਂ ਸੜਕਾਂ ਤੇ ਕਾਰ ਚਲਾ ਰਿਹਾ ਹੋਵੇ, ਉਸ ਕੋਲ ਬੈਠਿਆਂ ਹਮੇਸ਼ਾ ਇਸ ਤਰ੍ਹਾਂ ਲਗਦਾ ਹੈ ਜਿਵੇਂ ਹਰੇ ਕਚੂਰ ਤੂਤਾਂ ਦੀ ਸੰਘਣੀ ਛਾਵੇਂ ਠੰਡੇ ਪਾਣੀ ਵਾਲਾ ਖੂਹ ਵਗ ਰਿਹਾ ਹੋਵੇ ਤੇ ਨਾਲ ਹੀ ਵਗ ਰਹੀ ਹੋਵੇ ਹਲਕੀ ਹਵਾ ਤੇ ਚਾਂਦੀ ਰੰਗੇ ਪਾਣੀ ਵਿਚ ਸ਼ਰਬਤੀ ਖਰਬੂਜ਼ੇ ਠੰਡੇ ਹੋ ਰਹੇ ਹੋਣ।

-0-