1-ਪੈਗੰਬਰ
ਉਹ -
ਪਰਬੱਤ-ਟੀਸੀ 'ਤੇ ਖੜਾ ਸੀ
ਬਾਹਾਂ ਉੱਪਰ ਵੱਲ ਚੁੱਕੀ
ਸ਼ਾਂਤ, ਅਡੋਲ
ਅੰਬਰ ਵੱਲ ਤੱਕਦਾ !
ਆਪਣੇ ਪਹਿਰਨਾਂ ਵਿਚ
ਸੀ ਉਹ ਉਕਾਬ ਵਾਂਗੂ ਸਜਦਾ !
ਉਹਦੇ ਸਾਂਹਵੇ
ਇਕ ਸਿਰ ਝੁਕਿਆ
ਫਿਰ ਦੋ
ਤਿੰਨ, ਚਾਰ...
ਸਿਰ ਝੁਕਦੇ ਗਏ
ਸਿਰਾਂ ਦਾ ਇਕ ਹਜੂਮ ਜਿਹਾ
ਇਕ ਹੜ੍ਹ ਜਿਹਾ ਆ ਗਿਆ
ਉਹਦੇ ਸਾਂਹਵੇਂ-
ਉਹ ਜੋ
ਪਰਬਤ ਟੀਸੀ 'ਤੇ
ਸ਼ਾਂਤ, ਅਡੋਲ ਖੜਾ ਸੀ
ਉੱਪਰ ਵੱਲ ਤੱਕਦਾ !
ਝੁਕੇ ਹੋਏ ਸਿਰਾਂ ਦੇ ਕਾਫ਼ਲੇ ਨੂੰ
ਮੁਖਾਤਿਬ ਹੋ ਉਹ ਬੋਲਿਆ-
ਅੱਗੇ ਵਧੋ…
ਮੇਰੇ ਬਰਾਬਰ ਆਉ
ਪੈਰਾਂ ਨੂੰ ਧਰਤੀ 'ਤੇ ਟਿਕਾਉ
ਇੰਞ ਮਹਿਸੂਸ ਕਰੋ ਕਿ
ਤੁਹਾਡਾ ਸਿਰ ਆਸਮਾਨ ਨੂੰ ਛੂਹ ਰਿਹੈ
ਤੇ ਬਾਹਾਂ ਨੂੰ ਇੰਞ ਫੈਲਾਉ
ਕਿ ਚਾਰੇ ਦਿਸ਼ਾਵਾਂ ਨਾਲ
ਤੁਹਾਡਾ ਕਲਾਵਾ ਭਰ ਗਿਐ !
ਆਪਣੀਆਂ ਨਜ਼ਰਾਂ ਨੂੰ
ਆਸਮਾਨ ਦੇ ਤਾਰਿਆਂ ਵਿਚ ਜੜ ਦੇਵੋ
ਆਪਣੇ ਹਿਰਦੇ ਵਿਚ
ਲੋਕਾਂ ਲਈ ਕਰੁਣਾ ਭਰ ਦੇਵੋ !
ਵਾਤਾਵਰਣ ਵਿਚ
ਆਪਣੇ ਸਾਹਾਂ ਦੀ
ਰਾਗਨੀ ਨੂੰ ਮਹਿਸੂਸ ਕਰੋ !
ਹੌਲੀ ਹੌਲੀ
ਆਪਣੇ ਤੀਜੇ ਨੇਤਰ ਨੂੰ ਖੁੱਲਣ ਦਿਉ
ਆਪਣੇ ਅੰਦਰਲੇ ਇਨਸਾਨ ਨੂੰ ਜਾਗਣ ਦਿਉ
ਤੇ ਫੇਰ
ਤੁਸੀਂ ਸਤਰੰਗੀ ਪੀਂਘ 'ਤੇ ਚੜ੍ਹ
ਦਰਸ਼ਕ ਵਾਂਗ ਆਪਣੀ ਜਿੰਦਗੀ ਨੂੰ ਤੱਕਦੇ ਰਹੋ !
ਆਉ ਅੱਗੇ ਵਧੋ...
ਤੁਸੀਂ ਸਾਰੇ ਪੈਗੰਬਰ ਹੋ...
ਜ਼ਰਾ ਅੱਗੇ ਤਾਂ ਵਧੋ... !
2-ਮੁਕਤੀ
ਸਾਹਾਂ ਦੇ ਬੂਹੇ ਤੇ ਖੜੀ
ਕਾਇਆ
ਕਾਲ ਦਾ ਕਾਸਾ ਫੜ
ਮੁਕਤੀ ਦਾ ਦਾਨ ਮੰਗਦੀ ਹੈ !
ਮੇਰੀ ਕਾਇਆ
ਮੇਰਾ ਜੀਅ ਕਰਦੈ
ਤੇਰੇ ਮੱਥੇ 'ਚ ਨਵਾਂ ਸੂਰਜ
ਰੌਸ਼ਨ ਮੈ ਕਰ ਦੇਵਾਂ !
ਤੇਰੇ ਪੈਰਾਂ ਨੂੰ
ਆਕਾਸ਼ ਗੰਗਾ ਜਿਹਾ
ਕੋਈ ਸਫ਼ਰ ਦੇਵਾਂ !
ਤੇਰੀ ਪਿਆਸ ਨੂੰ
ਡਾਹੁਣ ਲਈ
ਇਕ ਅੰਜਲੀ ਸਾਗਰ ਦੇਵਾਂ !
ਸੋਚ ਤਿਰੀ ਵਿਚ
ਨੀਲਾ ਅੰਬਰ
ਮੈਂ ਭਰ ਦੇਵਾਂ !
ਭਰ ਕੇ ਇਕ ਮੁੱਠ
ਇਸ ਮੁਕੱਦਸ ਮਿੱਟੀ ਦੀ
ਤਲੀ ਤੇਰੀ ਤੇ ਧਰ ਦੇਵਾਂ !
ਅਚਨਚੇਤ ਹੀ
ਖੁੱਲ ਜਾਵੇ
ਇਸ ਜੀਵਨ ਦਾ ਰਹੱਸ
ਐਸਾ ਤੈਨੂੰ ਵਾਯੂਮੰਡਲ ਦੇਵਾਂ !
ਮੇਰੀ ਕਾਇਆ
ਮੇਰਾ ਜੀਅ ਕਰਦੈ
ਤੈਨੂੰ ਕੋਈ ਵਰ ਦੇਵਾਂ !
ਇਸ ਕਾਲ ਚੱਕਰ ਤੋਂ
ਮੁਕਤ ਤੈਨੂੰ ਮੈਂ ਕਰ ਦੇਵਾਂ !
ਮੇਰੀ ਕਾਇਆ
ਮੇਰਾ ਜੀਅ ਕਰਦੈ
ਤੈਨੂੰ ਨਵੀਂ ਦਿਸ਼ਾ
ਨਵਾਂ ਚਿੰਤਨ
ਨਵਾਂ ਜੀਵਨ ਦੇਵਾਂ ,,,,,,,,,,,,,,,,,,,,,,!
ਸੁਰਜੀਤ /ਟੋਰਾਂਟੋ
Surjitk33@gmail.com
-0-
|