ਅਜਮੇਰ ਔਲਖ ਸਾਡਾ ਸੂਰਮਾ
ਲੇਖਕ ਹੈ। ਪੰਜਾਬੀ ਸਾਹਿਤ ਅਤੇ ਨਾਟਕ-ਕਲਾ ਨਾਲ ਜੁੜਿਆ ਹੋਇਆ ਹਰੇਕ ਪੰਜਾਬੀ ਜਾਣਦਾ ਹੈ ਕਿ
ਉਸਨੇ ਆਪਣੀ ਕਲਮ ਅਤੇ ਕਲਾ ਰਾਹੀਂ ਉਮਰ ਭਰ ਗ਼ਰੀਬਾਂ, ਨਿਮਾਣਿਆਂ ਤੇ ਨਿਤਾਣਿਆਂ ਦੇ ਹੱਕ
ਵਿੱਚ ਨਿਰੰਤਰ ਲੜਾਈ ਲੜੀ ਹੈ; ਉਹਨਾਂ ਦਾ ਆਪਣਾ ਬਣ ਕੇ, ਉਹਨਾਂ ਦੀ ਆਪਣੀ ਧਿਰ ਹੋ ਕੇ। ਇਹ
ਸਭ ਕੁੱਝ ਤਦ ਹੀ ਸੰਭਵ ਹੋ ਸਕਿਆ ਹੈ ਕਿਉਂਕਿ ਉਸਨੂੰ ਆਪਣੇ ਲੋਕਾਂ ਦੀ ਪੀੜ ਦਾ ਪ੍ਰਮਾਣਿਕ
ਅਨੁਭਵ ਵੀ ਹੈ ਅਤੇ ਉਹ ਡੂੰਘੇ ਦਿਲ ਤੋਂ ਇਹਨਾਂ ਆਪਣਿਆਂ ਨੂੰ ਇਸ ਪੀੜ ਤੋਂ ਮੁਕਤ ਹੋਇਆ ਤੇ
ਜੀਵਨ ਦੇ ਸਭ ਰਸ-ਰੰਗਾਂ ਨੂੰ ਮਾਣਦੇ ਹੋਏ ਵੀ ਵੇਖਣਾ ਚਾਹੁੰਦਾ ਹੈ। ਪੰਜਾਬ ਦੇ ਨਿਮਨ-ਵਰਗ
ਅਤੇ ਹੋਰ ਕਿਰਤੀਆਂ-ਕਾਮਿਆਂ ਦੀਆਂ ਤੋਟਾਂ-ਅਤ੍ਰਿਪਤੀਆਂ, ਰੋਹ-ਰੰਜ ਅਤੇ ਖ਼ੁਸ਼ੀ-ਗ਼ਮ ਨੂੰ ਉਸਨੇ
ਜਿਸ ਸ਼ਿੱਦਤ ਅਤੇ ਗਹਿਰਾਈ ਨਾਲ ਖ਼ੁਦ ਮਹਿਸੂਸ ਕਰ ਕੇ, ਆਪਣੇ ਨਾਟਕਾਂ ਵਿਚ ਪੇਸ਼ ਕੀਤਾ ਹੈ,
ਉਹ ਕਿਸੇ ਹੋਰ ਨਾਟਕਕਾਰ ਅਤੇ ਨਾਟਕ-ਨਿਰਦੇਸ਼ਕ ਦਾ ਭਾਗ ਨਹੀਂ ਬਣਿਆਂ। ਅਸੀਂ ਉਸਦੇ ਨਾਟਕਾਂ
ਨੂੰ ਵੇਖ ਕੇ ਸਾਧਾਰਨ ਪੰਜਾਬੀ ਤੋਂ ਲੈ ਕੇ ਬੁੱਧੀਮਾਨ ਦਰਸ਼ਕਾਂ ਤੱਕ ਹੱਸਦੇ ਵੀ ਵੇਖੇ, ਰੋਂਦੇ
ਵੀ ਵੇਖੇ ਅਤੇ ਗਹਿਰ-ਗੰਭੀਰ ਸੋਚਾਂ ਵਿੱਚ ਡੁੱਬੇ ਹੋਏ ਵੀ ਵੇਖੇ ਹਨ। ਇਹੋ ਹੀ ਕਾਰਨ ਹੈ
ਅਜਮੇਰ ਔਲਖ ਨੂੰ ਆਪਣੇ ਲੋਕਾਂ ਵੱਲੋਂ ਅਥਾਹ ਆਦਰ-ਮਾਣ ਵੀ ਮਿਲਿਆ ਹੈ। ਅਜਿਹਾ ਆਦਰ-ਮਾਣ ਕਿਸੇ
ਵਿਰਲੇ ਲੇਖਕ ਨੂੰ ਹੀ ਨਸੀਬ ਹੁੰਦਾ ਹੈ।
ਭਾਰਤ ਦੀਆਂ ਨਾਟਕ ਤੇ ਸਾਹਿਤ ਜਗਤ ਦੀਆਂ ਸਿਰਮੌਰ ਸੰਸਥਾਵਾਂ ‘ਸੰਗੀਤ ਨਾਟਕ ਅਕੈਡਮੀ’ ਅਤੇ
‘ਸਾਹਿਤ ਅਕਾਦੇਮੀ’ ਜਿਹੀਆਂ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਵੱਲੋਂ ਉਸਦੀਆਂ ਸਾਹਿਤ ਅਤੇ
ਨਾਟਕ ਜਗਤ ਵਿੱਚ ਕੀਤੀਆਂ ਪ੍ਰਾਪਤੀਆਂ ਵਾਸਤੇ ਉਸਨੂੰ ਸਨਮਾਨਿਆਂ ਜਾ ਚੁੱਕਾ ਹੈ। ਇਹਨਾਂ ਦੋਵਾਂ
ਅਦਾਰਿਆਂ ਵੱਲੋਂ ਸਨਮਾਨਤ ਹੋਣ ਵਾਲਾ,ਸ਼ਾਇਦ, ਉਹ ਇਕੱਲਾ ਪੰਜਾਬੀ ਲੇਖਕ ਹੈ। ਇਸ ਤੋਂ ਇਲਾਵਾ
ਭਾਸ਼ਾ ਵਿਭਾਗ ਦੇ ‘ਸ਼੍ਰੋਮਣੀ ਸਾਹਿਤਕਾਰ’ ਸਨਮਾਨ ਤੋਂ ਲੈ ਕੇ ਉਸਨੂੰ ਅਨੇਕਾਂ ਹੀ ਮਾਣ ਸਨਮਾਨ
ਮਿਲ ਚੁੱਕੇ ਹਨ। ਪਰ ਇਹ ਇਨਾਮ ਸਨਮਾਨ ਉਸਦੀ ਕਲਾ ਦੀ ਆਪ-ਮੁਹਾਰੀ ਪਰਸੰਸਾ ਦੇ ਅਮੋੜ ਵੇਗ ਦੀ
ਦੇਣ ਹਨ। ਅਕਾਦਮਿਕ ਖੇਤਰ ਵਿਚ ਵਿਚ ਸਿਖਰਲੇ ਸਮਝੇ ਜਾਣ ਵਾਲੇ ਇਹ ਸਾਰੇ ਇਨਾਮ-ਸਨਮਾਨ
ਪ੍ਰਾਪਤ ਕਰਨ ਲਈ ਅਨੇਕਾਂ ਲੇਖਕ ਯਤਨ ਕਰਦੇ, ਤਰਲੇ ਮਾਰਦੇ, ਲਾਲ਼ਾਂ ਵਗਾਉਂਦੇ ਅਕਸਰ ਵੇਖੇ
ਜਾਂਦੇ ਨੇ। ਪਰ ਇਹ ਅਜਮੇਰ ਔਲਖ ਹੀ ਹੈ ਕਿ ਇਹ ਸਾਰੇ ਇਨਾਮ-ਸਨਮਾਨ ਆਪਣੇ ਆਪ ਤੁਰ ਕੇ ਉਹਦੀ
ਝੋਲੀ ਵਿਚ ਡਿੱਗੇ ਹਨ। ਇਹਨਾਂ ਨੂੰ ਲੈਣ ਲਈ ਕਦੀ ਵੀ ਕਿਸੇ ਨੇ ਔਲਖ ਦਾ ਸਿਰ ਨੀਵਾਂ ਹੁੰਦਾ
ਨਹੀਂ ਵੇਖਿਆ। ਸਗੋਂ ਹਾਲਤ ਇਹ ਬਣਦੀ ਰਹੀ ਕਿ ਔਲਖ ਨੂੰ ਮਿਲਣ ਤੋਂ ਬਾਅਦ ਇਹਨਾਂ ਸਨਮਾਨਾਂ
ਦਾ ਆਪਣਾ ਮਾਣ ਵੀ ਵਧਿਆ ਤੇ ਉਹਨਾਂ ਦੀ ਪ੍ਰਤਿਸ਼ਠਾਂ ਵਿਚ ਹੋਰ ਵਾਧਾ ਹੋਇਆ। ਔਲਖ ਦੀ ਪਾਰਸ
ਛੁਹ ਨਾਲ ਇਹਨਾਂ ਸਨਮਾਨਾਂ ਦੀ ਕੀਮਤ ਉਹਨਾਂ ਸਾਲਾਂ ਵਿਚ ਪਹਿਲਾਂ ਨਾਲੋਂ ਕਈ ਗੁਣਾਂ ਵਧ
ਜਾਂਦੀ ਰਹੀ।
ਪਰ ਇਹ ਵੀ ਹਕੀਕਤ ਹੈ ਕਿ ਸਭ ਤੋਂ ਵੱਧ ਮਾਣ ਔਲਖ ਨੂੰ ਆਪਣੇ ਉਹਨਾਂ ਲੱਖਾਂ ਪਾਠਕਾਂ-ਦਰਸ਼ਕਾਂ
ਤੇ ਪ੍ਰਸੰਸਕਾਂ ਵੱਲੋਂ ਮਿਲਿਆ ਹੈ, ਜਿੰਨ੍ਹਾਂ ਲਈ ਉਸਨੇ ਲਗਾਤਾਰ ਨਾਟਕ ਲਿਖੇ ਅਤੇ ਖੇਡੇ ਅਤੇ
ਜਿਨ੍ਹਾਂ ਦੇ ਦੁਖ-ਸੁਖ ਵਿਚ ਭਿੱਜ ਕੇ ਉਹ ਆਪਣੀ ਕਲਾ ਤੇ ਸ਼ਬਦਾਂ ਰਾਹੀਂ ਰੋਇਆ ਵੀ ਹੈ ਤੇ
ਹੱਸਿਆਂ ਵੀ ਹੈ। ਰੋਹ ਵਿਚ ਗਰਜਿਆਂ ਵੀ ਹੈ ਤੇ ਰਿਮ-ਝਿਮ ਕਣੀਆਂ ਵਾਂਗ ਵੱਸਿਆ ਵੀ ਹੈ। ਉਸ
ਪ੍ਰਤੀ ਇਸ ਪਿਆਰ ਦਾ ਆਪ-ਮੁਹਾਰਾ ਪ੍ਰਗਟਾਵਾ ਉਦੋਂ ਹੋਇਆ ਜਦੋਂ ਕੁੱਝ ਸਾਲ ਪਹਿਲਾਂ ਇਹ ਪਤਾ
ਲੱਗਾ ਕਿ ਅਜਮੇਰ ਔਲਖ ਨੂੰ ਕੈਂਸਰ ਵਰਗੀ ਭੈੜੀ ਬਿਮਾਰੀ ਨਾਲ ਲੜਨਾ ਪੈ ਰਿਹਾ ਹੈ। ਪੰਜਾਬੀ
ਦੇ ਸਾਹਿਤਕ ਅਤੇ ਸੱਭਿਆਚਾਰਕ ਹਲਕਿਆਂ ਵਿੱਚ ਇਹ ਪਹਿਲੀ ਵਾਰ ਵਾਪਰਿਆ ਕਿ ਦੇਸ਼ ਵਿਦੇਸ਼ ਵਿੱਚ
ਵੱਸਦੇ ਸਾਹਿਤ, ਕਲਾ ਅਤੇ ਸੱਭਿਆਚਾਰ ਨਾਲ ਜੁੜੇ ਉਸਦੇ ਸਨੇਹੀਆਂ ਨੇ ਉਸਦੀ ਚੰਗੀ ਸਿਹਤ ਤੇ
ਲੰਮੀ ਉਮਰ ਲਈ ਇੰਜ ਭਰਪੂਰ ਦੁਆਵਾਂ ਦਿੱਤੀਆਂ ਜਿਵੇਂ ਉਹਨਾਂ ਦਾ ਕੋਈ ਅਸਲੋਂ ਆਪਣਾ, ਨਿਗਦਾ,
ਉਹਨਾਂ ਦੀ ਆਪਣੀ ਹੀ ਦੇਹ-ਜਾਨ ਹੋਵੇ। ਖ਼ੂਬਸੂਰਤੀ ਇਹ ਕਿ ਇਹਨਾਂ ਦਰਦਮੰਦ ਸਨੇਹੀਆਂ ਵਿਚ ਼ਿਜ਼ੰਦਗੀ
ਦੇ ਹਰੇਕ ਖੇਤਰ ਵਿਚ ਜੀਣ-ਵਿਚਰਨ ਵਾਲੇ ਲੋਕ ਸਨ। ਇਨ੍ਹਾਂ ਵਿਚ ਸਾਹਿਤਕ, ਸਮਾਜਿਕ, ਵਿਦਿਆਰਥੀ,
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਹਿਤੈਸ਼ੀ ਭਰਪੂਰ ਰੂਪ ਵਿਚ ਸ਼ਾਮਲ ਸਨ। ਸਭ ਨੇ ਉਸ ਸੰਕਟ
ਦੀ ਘੜੀ ਵਿਚ ਉਸ ਦੇ ਇਲਾਜ ਲਈ ਤਿਲ-ਫ਼ੁੱਲ ਇਕੱਠਾ ਵੀ ਕੀਤਾ ਅਤੇ ਇਸ ਲਈ ਪੂਰੇ ਸੰਸਾਰ ਵਿਚ
ਹੋਕਾ ਵੀ ਦਿੱਤਾ। ਉਹ ਉਸਦੀ ਪੀੜ ਵਿੱਚ ਉਸਦੇ ਜਿਸਮ-ਜਾਨ ਦਾ ਆਪਣਾ ਅੰਗ ਬਣਕੇ ਹੂੰਗੇ। ਸਵੈ
ਮਾਣ ਨਾਲ ਸਾਰੀ ਉਮਰ ਸਿਰ ਉੱਚਾ ਚੁੱਕ ਕੇ ਜਿਊਣ ਵਾਲੇ ਇਸ ਵਿਅਕਤੀ ਦੇ ਸਨੇਹੀਆਂ ਨੇ ਇਹ
ਸਾਬਤ ਕਰ ਦਿੱਤਾ ਕਿ ਜਿਹੜੇ ਲੇਖਕ ਅਤੇ ਕਲਾਕਾਰ ਜ਼ਿੰਮੇਵਾਰੀ ਅਤੇ ਪ੍ਰਤੀਬੱਧਤਾ ਨਾਲ ਆਮ ਲੋਕਾਂ
ਦਾ ਸਾਥ ਦਿੰਦੇ ਹਨ ਅਤੇ ਉਹਨਾਂ ਦੀ ਧਿਰ ਬਣ ਕੇ ਖਲੋਂਦੇ ਹਨ, ਆਮ ਲੋਕ ਵੀ ਸਦਾ ਮੁਸ਼ਕਿਲ ਦੀਆਂ
ਘੜੀਆਂ ਵਿੱਚ ਉਹਨਾਂ ਦੀ ਧਿਰ ਬਣ ਕੇ ਉਹਨਾਂ ਦੇ ਸੰਗ-ਸਾਥ ਵਿੱਚ ਖੜੋਂਦੇ ਹਨ ਅਤੇ ਉਹਨਾਂ ਦੀ
ਤਾਕਤ ਵੀ ਬਣਦੇ ਹਨ।
ਆਪਣੇ ਪ੍ਰਸੰਸਕਾਂ ਦੀ ਇਹ ਤਾਕਤ ਹੀ ਅਜਮੇਰ ਔਲਖ ਦੀ ਤਾਕਤ ਬਣੀ। ਉਹਨੇ ਕੈਂਸਰ ਨਾਲ ਇੱਕ
ਬਹਾਦਰੀ ਭਰੀ ਲੰਮੀ ਲੜਾਈ ਪੂਰੇ ਜਿਗਰੇ ਨਾਲ ਲੜੀ ਅਤੇ ਅਜੇ ਵੀ ਲੜ ਰਿਹਾ ਹੈ। ਏਨਾ ਹੀ ਨਹੀਂ
ਉਹਨੇ ਅਜਿਹੀ ਪੀੜ-ਭਰੀ ਅਣਸੁਖਾਵੀਂ ਸਰੀਰਕ ਹਾਲਤ ਦਾ ਸਾਹਮਣਾ ਕਰਦਿਆਂ ਵੀ ਆਪਣੇ ਦਿਲ-ਦਿਮਾਗ
ਨੂੰ ਸੰਤੁਲਤ ਤੇ ਸਿਹਤਮੰਦ ਰੱਖਿਆ ਹੈ ਅਤੇ ਲੋਕ-ਹਿਤਾਂ ਦੀ ਲੜਾਈ ਨਿਰੰਤਰ ਜਾਰੀ ਰੱਖੀ ਹੈ।
ਉਹਨੇ ਆਪਣੇ ਲਿਖਣ ਕਾਰਜ ਨੂੰ ਵੀ ਜਾਰੀ ਰੱਖਿਆ, ਦੇਸ਼-ਵਿਦੇਸ਼ ਵਿਚ ਨਾਟਕੀ ਪ੍ਰਦਰਸ਼ਨ ਵੀ
ਕੀਤੇ ਤੇ ਜਮਹੂਰੀ ਅਧਿਕਾਰ ਸਭਾ ਵਰਗੀਆਂ ਲੋਕ-ਜਥੇਬੰਦੀਆਂ ਵਿਚ ਆਗੂ ਰੋਲ ਵੀ ਨਿਭਾਉਂਦਾ ਆ
ਰਿਹਾ ਹੈ। ਉਸਦੀਆਂ ਇਹਨਾਂ ਮਾਣਯੋਗ ਪ੍ਰਾਪਤੀਆਂ ਦਾ ਮਾਣ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ
ਨੇ ਵੀ ਉਸਨੂੰ ਆਪਣਾ ਸੰਗੀ-ਸਾਥੀ ਬਣਾਇਆ ਹੈ। ਔਲਖ ਨੇ ਹਮੇਸ਼ਾ ਆਪਣੇ ਸਿਰ ਨੂੰ ਉੱਚਾ ਚੁੱਕ
ਕੇ ਜਿਊਣ ਦੀ ਸ਼ਾਨਾਂ-ਮੱਤੀ ਉਦਾਹਰਣ ਵੀ ਪੇਸ਼ ਕੀਤੀ ਹੈ।
ਕੁਝ ਸਾਲ ਪਹਿਲਾਂ ਜਦੋਂ ਮੈਨੂੰ ਕਨੇਡਾ ਵਿਚ ਉਸਦੀ ਬੀਮਾਰੀ ਦੀ ਖ਼ਬਰ ਮਿਲੀ ਸੀ ਤਾਂ ਮੈਂ
ਉਸਦੀ ਮਿਜ਼ਾਜ-ਪੁਰਸੀ ਲਈ ਫ਼ੋਨ ਕੀਤਾ ਤਾਂ ਉਸ ਨਾਲ ਹੋਈ ਗੱਲ-ਬਾਤ ਸਮੇਂ ਉਸ ਨੇ ਜਦੋਂ ਇਹ
ਕਿਹਾ ਕਿ ਮੈਂ ਅਗਲੇ ਦਿਨੀਂ ਤੁਹਾਡੇ ਪਿੰਡਾਂ ਵੱਲ ਨਾਟਕ ਖੇਡਣ ਵੀ ਜਾ ਰਿਹਾ ਹਾਂ ਤਾਂ ਮਨ
ਨੂੰ ਅਥਾਹ ਖ਼ੁਸ਼ੀ ਵੀ ਹੋਈ ਤੇ ਨਿਰੰਤਰ ਜੂਝਣ ਵਾਲੇ ਸਾਹਿਤਕ ਸੂਰਮੇ ਦੇ ਸਿਰੜ੍ਹ ਨੂੰ ਸਲਾਮ
ਕਰਨ ਨੂੰ ਵੀ ਜੀਅ ਕੀਤਾ। ਜਦੋਂ ਮੈਂ ਆਪਣੇ ਪਰਚੇ ‘ਸੀਰਤ’ ਵਿਚ ਅਜਮੇਰ ਔਲਖ ਦੀ ਇਸ ਲਾਸਾਨੀ
ਹਿੰਮਤ ਲਈ ਕੁਝ ਸਤਰਾਂ ਲਿਖ ਰਿਹਾ ਸਾਂ ਤਾਂ ਪਲਸ-ਮੰਚ ਦੇ ਆਗੂ ਅਮੋਲਕ ਸਿੰਘ ਨੇ ਮੈਨੂੰ
ਦੱਸਿਆ ਸੀ ਕਿ ਉਸ ਸਾਲ ਪਹਿਲੀ ਮਈ ਨੂੰ ਅਜਮੇਰ ਔਲਖ ਨੇ ਪਲਸ-ਮੰਚ ਦੇ ਸੱਦੇ ‘ਤੇ ਆਪਣਾ ਨਾਟਕ
ਪੇਸ਼ ਕੀਤਾ ਤੇ ਆਪਣੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਇਸ ਬਹਾਦਰ ਮਨੁੱਖ ਦੇ ਅਸੀਮ ਹੌਂਸਲੇ
ਨੂੰ ਨਤਮਸਤਕ ਹੁੰਦਿਆਂ, ਔਲਖ ਦੀ ਝਲਕ ਵੇਖਦੇ ਸਾਰ ਹੀ ਉਤਸ਼ਾਹ ਅਤੇ ਚਾਅ ਵਿਚ ਭਰ ਕੇ ਦਸ
ਹਜ਼ਾਰ ਦੇ ਲਗਭਗ ਦਰਸ਼ਕਾਂ ਨੇ ਖੜੇ ਹੋ ਕੇ ਤਾੜੀਆਂ ਦੀ ਲਗਾਤਾਰ ਗੜਗੜਾਹਟ ਵਿਚ ਉਸਦੇ
ਜਿੰ਼ਦਗੀ ਤੇ ਕਲਾ ਵੱਲ ਪਰਤਣ ਦਾ ਸਵਾਗਤ ਕੀਤਾ ਸੀ।
ਅੱਜ ਮੁੜ ਇਸ ਸਾਦਾ-ਦਿਲ ਇਨਸਾਨ ਪਰ ਸਿਰੜ੍ਹੀ-ਸੂਰਮੇ ਤੇ ਪ੍ਰਤੀਬੱਧ ਲੇਖਕ ਨਾਲ ਆਪਣੀ
ਮੁਹੱਬਤ ਸਾਂਝੀ ਕਰਨ ਲਈ, ਦਿਲ ‘ਚੋਂ ਉਮਡਦੇ ਚਾਅ ਅਤੇ ਡੁੱਲ੍ਹ-ਡੁੱਲ੍ਹ ਪੈਂਦੇ ਮੋਹ ਦਾ
ਉਛਾਲ ਏਨੇ ਭਾਰੇ ਇਤਿਹਾਸਕ ਇਕੱਠ ਦੇ ਰੂਪ ਵਿਚ ਇਹ ਸਾਹਦੀ ਭਰਦਾ ਹੈ ਕਿ ਅਜਮੇਰ ਔਲਖ ਦੇ ਕੀਤੇ
ਕੰਮ ਸਦਾ ਮਾਣ ਤੇ ਮੁੱਲ ਪਾਉਣ ਲਈ ਉਹਦੇ ਆਪਣੇ ਲੋਕ ਕਿਵੇਂ ਉਸ ਦੀ ਲੇਖਕੀ ਅਜ਼ਮਤ ਨੂੰ ਸਲਾਮ
ਕਰ ਕੇ ਆਪਣਾ ਧੰਨਭਾਗ ਸਮਝਦੇ ਹਨ। ਔਲਖ ਦਾ ਇਹ ਲੋਕ-ਸਨਮਾਨ ਦੂਜੇ ਲੇਖਕਾ ਲਈ ਵੰਗਾਰ ਅਤੇ
ਮਿਸਾਲ ਵੀ ਹੈ ਕਿ ਲੋਕ ਉਹਨਾਂ ਲੇਖਕਾਂ-ਕਲਾਕਾਰਾਂ ਨੂੰ ਹੀ ਆਦਰ ਤੇ ਮੁਹੱਬਤ ਦਿੰਦੇ ਹਨ
ਜਿਨ੍ਹਾਂ ਦੇ ਕੰਮਾਂ ਤੇ ਲਿਖਤਾਂ ਵਿਚ ਲੋਕਾਂ ਦੀ ਪੀੜ ਬੋਲਦੀ ਹੋਵੇ ਅਤੇ ਲੋਕ-ਹੱਕਾਂ ਲਈ
ਲੜਨ ਦਾ ਹੋਕਾ ਹੋਵੇ। ਆਪਣੇ ਨਿੱਜੀ ਮਿੱਤਰ ਅਤੇ ਨਿੱਘੇ ਇਨਸਾਨ ਨੂੰ ਮਿਲਣ ਵਾਲੇ ਇਸ
ਲੋਕ-ਸਨਮਾਨ ਦੀ ਮੈਨੂੰ ਨਿੱਜੀ ਖ਼ੁਸ਼ੀ ਵੀ ਹੈ। ਲੋਕਾਂ ਦਾ ਇਹ ਬੇਮਿਸਾਲ ਇਕੱਠ ਆਪਣੀਆਂ
ਬਾਹਵਾਂ ਖੋਲ੍ਹ ਕੇ ਆਪਣੇ ਮਹਾਨ ਲੇਖਕ ਨੂੰ ਗਲ ਨਾਲ ਲਾਉਂਦਾ ਹੈ ਤੇ ਉਹਦੀ ਚੰਗੀ ਸਿਹਤ ਅਤੇ
ਲੰਮੀ ਉਮਰ ਲਈ ਭਰਪੂਰ ਦੁਆਵਾਂ ਦਿੰਦਾ ਹੈ।
-0-
|