ਨਰਮਾਂ ਸਾਡੇ ਪਿਆਰ ਦਾ
ਕਾਰਪੋਰੇਸ਼ਨਾਂ ਦੀ ਮਾਰ ਨਾਲ
ਕਰੰਡ ਹੋ ਗਿਆ,
ਅਫ਼ਸਰਸ਼ਾਹੀ ਦੀ ਪੰਜਾਲ਼ੀ
ਰਾਜਨੀਤੀ ਦਾ ਹਲ਼
ਰਿਸ਼ਵਤਖੋਰੀ ਦੀ ਚੌ ਨਾਲ
ਹਾਲ਼ੀ ਦਾ ਬਲਦ ਡੰਗ ਹੋ ਗਿਆ,
ਮੈਨਸੈਂਟੋ ਦਾ ਜੈਨੇਟਿਕ ਮੌਡੀਫਾਈਡ ਬੀਜ
ਹਰ ਸਾਲ ਨਹੀਂ ਉੱਗਦਾ
ਆਰਥਿਕ ਗੁਲਾਮੀ ਦਾ
ਝੰਡਾ ਬੁਲੰਦ ਹੋ ਗਿਆ,
ਸਮਾਜ ਖੜ੍ਹੇ ਪਾਣੀ ਦਾ ਛੱਪੜ
ਵਿੱਚ ਉੱਗੀ ਜਿਲ਼ਬ
ਉੱਤੇ ਲਿਖਿਆ ਤੇਰਾ
"ਆਈ ਲਵ ਯੂ"
ਪਲਾਂ ਵਿੱਚ ਬੇਰੰਗ ਹੋ ਗਿਆ,
--- ਕਰੰਡ ਫੁੱਟੇਗੀ ਓਸ ਦਿਨ
ਜਦ ਬੈੱਡਰੂਮ ਵਿੱਚ ਬਣੀ ਲਾਇਬਰੇਰੀ
ਰੋਟੀ ਵਾਲੇ ਛਾਬੇ ਕੋਲ
ਕਿਤਾਬਾਂ ਦਾ ਛਿੱਕੂ ਟੰਗ ਹੋ ਗਿਆ---
****
ਫੋਨ = 001-604-825-8053
ਈਮੇਲ= gurmailbiroke@gmail.com
-0-
|