...ਹਾਂ!ਹੁਣ ਮੈਨੂੰ ਪਤਾ
ਹੈ ਮੈਂ ਇਧਰ ਕਿਓਂ ਨਿਕਲ ਆਇਆ ਹਾਂ। ਸੱਚ ਕਹਾਂ ਤਾਂ, ਭੱਜ ਆਇਆ ਹਾਂ।ਪਿੰਡ ਵਿਚ ਹੁੰਦੀਆਂ
ਗੱਲਾਂ ਨੇ ਮੈਨੂੰ ਬੇਚੈਨ ਕਰ ਦਿੱਤਾ ਹੈ।ਸਰਪੰਚੀ ਦੀ ਚੋਣ ਬਾਰੇ ਹੁੰਦੀ ਚਰਚਾ ਮੈਂ ਆਰਾਮ
ਨਾਲ ਸੁਣ ਲੈਂਦਾ ਹਾਂ।ਇਸ ਗੱਲ ਵਿੱਚ ਵੀ ਮੇਰੀ ਕੋਈ ਦਿਲਚਸਪੀ ਨਹੀਂ ਜਾਗਦੀ ਕਿ ਦਲ-ਬਦਲੂ
ਧੰਨਾ ਸਿਓਂ ਦੀ ਆਪਣੀ ‘ਮਾਂ-ਪਾਰਟੀ‘ ਵਿਚ ‘ਘਰ ਵਾਪਸੀ‘ ਪੱਕੇ ਪੈਰੀਂ ਹੁੰਦੀ ਹੈ ਕਿ
ਨਹੀਂ।ਪਰ ਜਿਓਂ ਹੀ ਕਰਮ ਦੀ ਗੱਲ ਤੁਰਦੀ ਹੈ,ਮੇਰੇ ਡੋਬ ਪੈਣੇ ਸ਼ੁਰੂ ਹੋ ਜਾਂਦੇ ਨੇ।ਮੈਨੂੰ
ਖੜ੍ਹਨਾ ਔਖਾ ਹੋ ਜਾਂਦਾ ਹੈ।ਕਰਮ ਦਾ ਨਾਂ ਆਉਂਦੇ ਹੀ ਸਮਾਂ ...0 ਸਾਲ ਸੁੰਗੜ ਜਾਂਦਾ
ਹੈ।ਤੀਹ ਸਾਲ!ਬੋਲਣ ਵਿਚ ਕੁੱਲ ਦੋ ਸ਼ਬਦ।ਪਰ ਜਿਊਣ ਵਿਚ!ਇਕ ਦੁਨੀਆਂ ਬੀਤ ਜਾਂਦੀ ਹੈ।ਬੰਦੇ
ਬਦਲ ਜਾਂਦੇ ਹਨ।ਤੁਹਾਡਾ ਪਿੰਡ ਬਦਲ ਜਾਂਦਾ ਹੈ। 30 ਸਾਲ ਪਹਿਲਾਂ ਕਨੇਡਾ ਨੂੰ ਜਹਾਜ਼ ਚੜ੍ਹਨ
ਵੇਲੇ ਜਿਹੜਾ ਅੱਠਾਂ ਦਸਾਂ ਸਾਲਾਂ ਦਾ ਇਕ ਬੱਚਾ,ਕਰਮ, ਤੁਸੀਂ ਛੱਡ ਗਏ ਹੁੰਦੇ ਹੋ, ਉਸ ਬੱਚੇ
ਦਾ ਨਾਂ ਕਰਮਜੀਤ ਸਿੰਘ ਤੋਂ ਚਿੜੀ ਹੋ ਗਿਆ ਹੁੰਦਾ ਹੈ...ਤੇ ਇਸ ਦੌਰਾਨ ਜਵਾਨ ਹੋਇਆ ਚਿੜੀ
ਮਰਨ ਮਾਰਨ ਤੇ ਉਤਾਰੂ ਹੋਇਆ ਦਿਸਦਾ ਹੈ...
...ਕਰਮ ਦਾ ਖਿਆਲ ਹੀ ਮੈਨੂੰ ਇਥੇ ਲੈ ਆਇਆ ਹੈ......ਘਰੋਂ ਤਾਂ ਮੈਂ ਗੁਰਦੁਆਰੇ ਜਾਣ ਲਈ
ਨਿਕਲਿਆ ਸੀ।ਸਾਉਣ ਚੜ੍ਹਿਆ ਹੈ ਅੱਜ! ਗੁਰਦੁਆਰੇ ਦੇ ਸਪੀਕਰ ਦੀ ਆਵਾਜ਼ ਇੱਥੇ ਤੱਕ ਸੁਣ ਰਹੀ
ਹੈ।ਪਿੱਪਲ ਦੇ ਉਹਲੇ ‘ਚ ਖੱਬੇ ਹੱਥ ਸੂਬੇਦਾਰ ਅਮਰੀਕ ਸਿੰਘ ਦੀ ਕੋਠੀ ਦੀ ਕੰਧ ਤੇ ਸੱਜੇ ਹੱਥ
ਸੱਤਿਸੰਗ ਘਰ ਦੀ ਜਾਲ਼ੀਦਾਰ ਚਾਰਦੀਵਾਰੀ ਦੇ ਉਪਰੋਂ ਦਿਸਦੇ ਬੋਗਨਵਿਲੀਆ ਦੇ ਰੰਗ ਬਰੰਗੇ ਫੁੱਲ
ਖੇਤਾਂ ਵਿਚ ਓਪਰੇ ਲਗਦੇ ਹਨ ।ਇਹ ਦੋਏ ਥਾਵਾਂ ਮੇਰੇ ਜਾਣ ਤੋਂ ਬਾਅਦ ਖੇਤਾਂ ਵਿਚ ਉੱਗ ਆਈਆਂ
ਹਨ।ਜਿਵੇਂ ਸਾਹਮਣੇ ਟੋਭੇ ਵਿਚ ਝਾੜ-ਬੂਟ ਉੱਗ ਆਇਆ ਹੈ।ਕਾਹੀ, ਸਰਕੜਾ , ਅੱਕ
ਖੜ੍ਹੈ।ਟੋਭਾ,ਜੀਹਨੂੰ ‘ਬਾਹਰਲਾ ਟੋਭਾ‘ ਕਹਿੰਦੇ ਹੁੰਦੇ ਸਨ, ਦੂਰ ਤੱਕ ਫੈਲਿਆ ਹੋਇਆ
ਹੈ।ਟੋਭਾ ਕਾਹਦਾ ਰਹਿ ਗਿਆ,ਬੱਸ ਪੰਜ ਛੇ ਏਕੜ ‘ਚ ਫੈਲਿਆ ਟੋਆ ਹੈ।ਕਿਤੇ ਤੁਪਕਾ ਪਾਣੀ ਦਾ
ਨੀ।ਕਦੇ ਸਾਉਣ ਚੜ੍ਹਨ ਤੋਂ ਪਹਿਲਾਂ ਹੀ ਇਹ ਟੋਭਾ ਨੱਕੋ ਨੱਕ ਭਰਿਆ ਹੁੰਦਾ ਸੀ।ਨੱਕੋ ਨੱਕ
ਭਰੇ ਹੋਏ ਇਸੇ ਟੋਭੇ ਤੇ ਮੇਰੀ ਆੜੀ ਹਰਵੀਰ ਨਾਲ ਪੱਕੀ ਹੋਈ ਸੀ।ਹਰਵੀਰ...ਕਰਮ ਦਾ ਬਾਪ।ਮੇਰਾ
ਜਮਾਤੀ ਸੀ। ਗੁਰਦੁਆਰੇ ਲਿਆਂਦੇ ਨਵੇਂ ਸਪੀਕਰ ‘ਚ ਅਸੀਂ ਰਹਿਰਾਸ ਦਾ ਪਾਠ ਕਰਨ ਇਕੱਠੇ
ਜਾਂਦੇ।ਪਰ ਆੜੀ ਸਾਡੀ ਏਸੇ ਟੋਭੇ ਤੇ ਆ ਕੇ ਈ ਪੱਕੀ ਹੋਈ...ਉਸ ਦਿਨ...
...ਉਸ ਦਿਨ ਮੱਠੀ ਮੱਠੀ ਜਿਹੀ ਠੰਡ ਸੀ।ਛਿਪਦੇ ‘ਚ ਘਟਦੀ ਲਾਲੀ ਤੇ ਕਾਲੋਂ ਫਿਰ ਰਹੀ
ਸੀ।ਹਰਵੀਰ ਮੈਨੂੰ ਇਸ ਟੋਭੇ ਤੇ ਲੈ ਆਇਆ ਸੀ।ਉਹਦੇ ਹੱਥ ‘ਚ ਫੜੀ ਠੂਠੀ ਦੇਖ ਕੇ ਮੈਂ ਸਮਝ
ਗਿਆ ਸੀ ਕਿ ਉਹਨੇ ‘ਉੜਨ ਤੋਪੜੀ‘ ਨਾਲ ਕੋਈ ਨਵੀਂ ਖੇਲ੍ਹ ਕੀਤੀ ਹੈ।ਕਲਮੀ ਸ਼ੋਰੇ ਅਤੇ ਡੰਡਾ
ਗੰਧਕ ਵਿਚ ਅਣਬੁਝੀ ਕਲੀ ਮਿਲਾ ਕੇ ਉਹ ਬੰਗਾਲ ਤੋਂ ਆਉਂਦੀ ਖੜੀਆ ਮਿੱਟੀ ਦੀ ਠੂਠੀ ਵਿਚ ‘ਉੜਨ
ਤੋਪੜੀ‘ ਬਣਾਉਂਦਾ।ਆੜੀ ਪੱਕੀ ਹੋਣ ਤੋਂ ਬਾਅਦ ਤਾਂ ਅਲਮੂਨੀਅਮ ਦਾ ਚੂਰਾ ਉਹਨੂੰ ਹਮੇਸ਼ਾ ਮੈਂ
ਹੀ ਲਿਆ ਕੇ ਦਿੰਦਾ ਰਿਹਾ ਹਾਂ।‘ਉੜਨ ਤੋਪੜੀ‘ ਤਾਂ ਹੋਰ ਕਿਸੇ ਤੋਂ ਚਲਾ ਨਾ ਹੁੰਦੀ ਪਰ
ਹਰਵੀਰ ਦੇ ਹੁੰਦੇ ਸਾਡੇ ਪਿੰਡ ਦਿਵਾਲੀ ਨੂੰ ਉਹਦੇ ਮੁਫਤ ਵੰਡੇ ਅਨਾਰਾਂ ਚੋਂ ਨਿਕਲੇ ‘ਅੱਗ
ਦੇ ਫੁਹਾਰੇ‘ ਹਰੇਕ ਘਰ ਦੀ ਛੱਤ ਤੋਂ ਉਡਦੇ।ਅੱਧਾ ਪਿੰਡ ਹਰਵੀਰ ਦੁਆਲੇ ਜੁੜਿਆ ਹੁੰਦਾ ਜਦੋਂ
ਉਹ ਪਿੰਡ ਵਾਲੇ ਟੋਭੇ ਦੇ ਹਰੇ ਪਾਣੀ ‘ਚੋਂ ‘ਉੜਨ ਤੋਪੜੀ‘ ਦੀ ਸਤਰੰਗੀ ਕੱਢ ਕੇ
ਦਿਖਾਉਂਦਾ।ਪਹਿਲਾਂ ਮੈਨੂੰ ਹੀ ਦਿਖਾਈ ਇਸ ਸਤਰੰਗੀ ਨੇ ਸਾਡੀ ਆੜੀ ਪੱਕੀ ਕਰ ਦਿੱਤੀ ਸੀ।ਟੋਭੇ
ਦੇ ਐਨ ਕੰਢੇ ਤੇ ਖੜ੍ਹੇ ਹਰਵੀਰ ਨੇ ਅੱਖਾਂ ਸੁੰਗੇੜ ਕੇ ਕਿਹਾ ਸੀ, ”ਦਿਖਾਵਾਂ ਫੇਰ ਇਕ ਨਵਾਂ
ਤਰਮੂਨਾ”...
ਮੇਰੇ ਵੱਲ ਟੇਢਾ ਜਿਹਾ ਦੇਖ ਕੇ ਉਹਨੇ ਠੂਠੀ ‘ਚ ਤੁੰਨ ਕੇ ਭਰੇ ਮਸਾਲੇ ਨੂੰ ਚੰਗਿਆੜਾ
ਦਿਖਾਇਆ,ਹਵਾ ‘ਚ ਦੋ ਬਾਰ ਬਾਂਹ ਹਿਲਾ ਕੇ ਪਲੀਤਾ ਭਖਾਇਆ ਤੇ ਠੂਠੀ ਟੋਭੇ ‘ਚ ਉਤਾਰ ਦਿੱਤੀ।
ਪਹਿਲਾਂ ਤਾਂ ਠੂਠੀ ਡੁੱਬ ਗਈ ।ਘੜੀ ਕੁ ਬਾਅਦ ਚੰਗਿਆੜੇ ਛੱਡਦੀ ਠੂਠੀ ਪਾਣੀ ਦੇ ਉਪਰ ਆਈ ਤੇ
ਹਵਾ ‘ਚ ਤੈਰਨ ਲੱਗ ਪਈ ।ਪਾਣੀ ਤੇ ਦੂਰ ਤੱਕ ਫੈਲੀ ਉਹ ਰੰਗ ਬਰੰਗੀ ਲਿਸ਼ਕ ਅਜੇ ਤੱਕ ਮੇਰੀਆਂ
ਅੱਖਾਂ ‘ਚ ਜੰਮੀ ਪਈ ਹੈ-
‘ਕਿਓਂ! ਦੇਖਿਆ ਫੇਰ!!‘ ਹਰਵੀਰ ਨੇ ਹਿੱਕ ਥਾਪੜੀ ਸੀ-
”ਮੈਂ ਇਹਨੂੰ ਧਰਤੀ ਤੇ ਮਾਰਨੇ ਆਲਾ ਗੋਲਾ ਵੀ ਬਣਾ ਸਕਦੈਂ, ਭੋਰਾ ਕੁ ਪੁਟਾਸ਼ ਤੇ ਚਿੱਟਾ
ਪੌਡਰ ਪਾ ਕੇ...ਪਰ ਮੈਨੂੰ ਖੜਕਾ ਚੰਗਾ ਨੀ ਲਗਦਾ...ਰੰਗ ਚੰਗੇ ਲਗਦੇ ਨੇ”।
...ਫੇਰ ਇਕ ਦਿਨ ਉਹ ਆ ਗਏ ਜਿਨ੍ਹਾਂ ਨੂੰ ਖੜਕਾ ਚੰਗਾ ਲਗਦਾ ਸੀ।ਪੰਜਾਬ ਵਿਚ ਅੱਤਿਵਾਦ ਦੇ
ਦਿਨਾ ਦੀ ਗੱਲ ਹੈ, ਸ਼ੁਰੂ ਦਸੰਬਰ ਸੀ।ਮੈਂ ਕਾਲਜੋਂ ਆ ਰਿਹਾ ਸਾਂ।ਕਣਕ ਨੂੰ ਪਾਣੀ ਦਿੰਦੇ
ਹਰਵੀਰ ਨੇ ਹਾਕ ਮਾਰੀ।ਉਹ ਭਾਵੇਂ ਪੰਜਵੀਂ ਤੋਂ ਅਗੇ ਨਹੀਂ ਸੀ ਪੜ੍ਹਿਆ ਪਰ ਆੜੀ ਸਾਡੀ ਕਾਇਮ
ਦਾਇਮ ਸੀ।
ਮੈਂ ਦੇਖਿਆ ਕਿ ਹਰਵੀਰ ਦੇ ਚਿਹਰੇ ਤੇ ਦਹਿਸ਼ਤ ਫੈਲੀ ਹੋਈ ਸੀ ਤੇ ਬੋਲ ਮਸਾਂ ਨਿਕਲਿਆ
ਸੀ।ਨਹੀਂ ਤਾਂ ਉਹਦੀ ਆਵਾਜ਼ ਵਿਚਲਾ ਗੜ੍ਹਕਾ ਦੂਰੋਂ ਸੁਣਦਾ। ਉਸ ਦਿਨ ਮੇਰੇ ਸਾਹਮਣੇ ਇਕ
ਬਹੁਤਾ ਈ ਡਰਿਆ ਖੜ੍ਹਾ ਬੰਦਾ ਸੀ ਤੇ ਉਹਦੇ ਮੋਢੇ ਤੇ ਰੱਖੀ ਕਹੀ ਕੰਬ ਰਹੀ ਸੀ-
”ਕੀ ਹੋ ਗਿਆ...?
ਜਵਾਬ ਦੇਣ ਤੋਂ ਪਹਿਲਾਂ ਹਰਵੀਰ ਦੇ ਬੁਲ੍ਹ ਕੰਬਦੇ ਰਹੇ ਸਨ।ਮੋਢੇ ਤੋਂ ਕਹੀ ਲਾਹ ਕੇ ਉਹਨੇ
ਸਾਹਮਣੇ ਰੱਖ ਲਈ ਸੀ।ਬੋਲਣ ਤੋਂ ਪਹਿਲਾਂ ਪੈਰ ਦੇ ਅੰਗੂਠੇ ਨਾਲ ਕਹੀ ਦੇ ਫਲ਼ ਤੋਂ ਗਾਰਾ
ਲਾਹੁੰਦਾ ਰਿਹਾ ਸੀ। ਪੱਤੇ ਵਾਂਗ ਡੋਲਦੀ ਆਪਣੀ ਦੇਹ ਵਿਚੋਂ ਆਵਾਜ਼ ਉਹਨੇ ਖਿੱਚ ਕੇ ਕੱਢੀ-
”ਮੁੰਡੇ ਆਏ ਤੀ ਰਾਤ...ਕਹਿੰਦੇ ਸਾਡੇ ਖਾਤਰ ਬੰਬ ਬਣਾ ਕੇ ਦੇਹ...ਰੁਪੱਈਆਂ ਦੀ ਥਹੀ ਚੱਕੀ
ਫਿਰਦੇ ਤੀ”...
ਹਰਵੀਰ ਦਾ ਜਮ੍ਹਾਂ ਮਰਿਆ ਬੋਲ ਸੁਣ ਕੇ ਅੰਦਰੋਂ ਤਾਂ ਮੈਂ ਵੀ ਘਬਰਾ ਗਿਆ ਸੀ।ਉਹਨੂੰ ਹੌਸਲੇ
‘ਚ ਰੱਖਣ ਖਾਤਰ ਬੇ-ਫਿਕਰੀ ਨਾਲ ਬੋਲਿਆ ਸਾਂ-
”ਫੇਰ ਕੀ ਹੋ ਗਿਆ! ਤੂੰ ਕਹਿਣਾ ਸੀ ਬਈ ਇਹ ਤਾਂ... ਨਾਲੇ ਲੋਕਲ ਮੁੰਡੇ ਈ ਹੋਣਗੇ...ਆਪੇ
ਬਣੇ ਏਰੀਆ ਕਮਾਂਡਰ...”
”ਮੁੰਡੇ ਤਾਂ ਲੋਕਲ ਨੇ ਪਰ ਹਥਿਆਰ ਤਾਂ ਉਹਨਾ ਕੋਲ ਵੀ ਅੰਬਰਸਰੀ ਓ ਨੇ...”, ਜਾਗ ਕੇ ਕੱਟੀ
ਰਾਤ ਹਰਵੀਰ ਦੀਆਂ ਅੱਖਾਂ ਚੋਂ ਨੁਚੜ ਰਹੀ ਸੀ-
”ਕਰਮ ਨਿਆਣੈ”, ਉਹਨੇ ਮੋਟਰ ਵਾਲੇ ਕੋਠੇ ਦੀ ਕੰਧ ਨਾਲ ਢੋਅ ਲਾਈਂ ਖੜ੍ਹੇ, ਗੰਨਾ ਚੂਪਦੇ ਕਰਮ
ਵੱਲ ਦੇਖਦਿਆਂ ਕਿਹਾ ਸੀ,”ਨਹੀਂ ਮਰਨ ਨੂੰ ਤਾਂ ਕੀ ਐ...।ਗੱਲ ਵਿਚਾਲੇ ਛੱਡ ਕੇ ਹਰਵੀਰ ਨੇ
ਆਪਣਾ ਕੰਬਦਾ, ਸੱਜਾ ਹੱਥ ਮੇਰੇ ਮੋਢੇ ਤੇ ਰੱਖਿਆ ਸੀ-
” ਦੇਖ...ਬੰਬ ਤਾਂ ਨੀ ਬਣਾ ਕੇ ਦਿੰਦਾ...ਮੇਰੀ ਟੱਬਰੀ ਦਾ ਖਿਆਲ ਰਖੀਂ ਜੇ ਕਿਤੇ...”।ਬਾਕੀ
ਸ਼ਬਦ ਹੌਕਾ ਬਣ ਗਏ ਸਨ। ਉਹਦੇ ਹੌਕੇ ‘ਚ ਉਹ ਮਾਣ ਕਿਤੇ ਨਹੀਂ ਸੀ ਜਿਹੜਾ ਅਕਸਰ ਉਹ ਆਪਣੀ
ਕਿਰਤੀ ਸੂਝ ਤੇ ਕਰਦਾ ਹੁੰਦਾ ਸੀ।-
”ਤਿੰਨ ਕੀਲੇ ਤੇਰਾਂ ਮੱਝਾਂ...ਕਮਾਈ ‘ਚ ਨੀ ਪਰੋਫੈਸਰ ਤੋਂ ਘੱਟ...”
ਹੁਣ ਓਹੀ ਹਰਵੀਰ ਡੋਲਿਆ ਖੜ੍ਹਾ ਸੀ-
”ਸਵੇਰੋਂ ਵੀ ਗਿਆ ਤੀ ਤੇਰੇ ਵੱਲ...ਪਰ ਅੱਜ ਤੂੰ ਸਦੇਹਾਂ ਚਲਿਆ ਗਿਆ...ਗੱਲ ਨੀ ਅਜੇ ਕਿਸੇ
ਕੋਲ ਕੀਤੀ...ਘਰ ਵੀ ਨੀ...ਅਜੇ ਤੂੰ ‘ਵ ਨਾ ਕਰੀਂ...ਮੁੰਡਿਆਂ ਨੂੰ ਮਿਲਣ ਦਾ ਹੀਲਾ ਕਰ ਜੇ
ਹੁੰਦੈ ”।
... ਕਿਸੇ ਦੇ ਕੋਈ ਹੀਲਾ ਕਰਨ ਤੋਂ ਪਹਿਲਾਂ ਈ ਅੰਬਰਸਰੀ ਹਥਿਆਰ ਚੱਲ ਗਿਆ ਸੀ...
...ਮੰਮਟੀ ਪਿੱਛਲੀ ਕੰਧ, ਜੀਹਦੇ ਨਾਲ ਢੋਅ ਲਾ ਕੇ ਬਾਬੇ ਬੰਦੇ ਬਹਾਦਰ ਨੇ ਮੁਗਲਾਂ ਦਾ
ਮੁਕਾਬਲਾ ਕੀਤਾ ਸੀ,ਉਸੇ ਕੰਧ ਨਾਲ ਢੋਅ ਲਾਈ ਖੜ੍ਹੇ ਹਰਵੀਰ ਨੂੰ ਗੋਲ਼ੀਆਂ ਮਾਰ ਦਿੱਤੀਆਂ
ਗਈਆਂ ਸਨ। ਸਦੀਆਂ ਤੋਂ ਲੋਕਾਂ ਦੇ ਸ਼ਰਧਾ ਨਾਲ ਛੋਹੀਆਂ ਜਾਣ ਕਰਕੇ ਕੂਲੀਆਂ ਹੋ ਗਈਆਂ ਇੱਟਾਂ
ਤੋਂ ਲਹੂ ਦੀ ਧਾਰ ਕੱਚੇ ਚੌਂਤਰੇ ਤੱਕ ਵਗ ਆਈ ਸੀ।ਮਰਨ ਤੋਂ ਪਹਿਲਾਂ ਕੰਧ ਦੇ ਨਾਲ ਘਸਰ ਕੇ
ਬੈਠਣ ਲੱਗੇ ਹਰਵੀਰ ਦੀ ਪਿੱਠ ਦੀ ਗੂੜ੍ਹੀ ਚੌੜੀ ਛਾਪ ਕੰਧ ਤੇ ਰਹਿ ਗਈ ਸੀ।ਵਿਚਲੀ ਗੱਲ ਦਾ
ਤਾਂ ਮੈਨੂੰ ਪਤੈ...ਲੋਕ ਤਾਂ ਅਜੇ ਤੱਕ ਇਹੀ ਸਮਝਦੇ ਨੇ ਬਈ ਮੁੰਡੇ ਮੰਮਟੀ ਢਾਹੁਣ ਆਏ ਸੀ।
ਮੇਜਰ ਕੱਬਾ ਤਾਂ ਹਰਵੀਰ ਦੇ ਮਾਰੇ ਜਾਣ ਦੀ ਗੱਲ ਹੁਣ ਵੀ ਇਉਂ ਸੁਣਾਉਂਦੈ ਜਿਵੇਂ ਉਹਦੇ
ਸਾਹਮਣੇ ਬੀਤੀ ਹੁੰਦੀ ਐ-
” ਢਾਹੁਣ ਤਾਂ ਮੰਮਟੀ ਆਏ ਤੀ।ਅਖੇ: ਪਿੰਡ ਮੜ੍ਹੀ ਮਸਾਣੀ ਪੂਜਦੈ। ਹਰਵੀਰ ਨੇ ਬਾਬੇ ਬੰਦੇ ਦੀ
ਯਾਦ ਕਹਿ ਕੇ ਰੋਕਿਆ ਤਾਂ ਉਹਨੂੰ ਮਾਰਗੇ... ”। ਅਫਸੋਸ ‘ਚ ਗੱਲ ਕਰਦਾ ਮੇਜਰ ਅਚਾਨਕ ਰੋਹ ‘ਚ
ਆ ਜਾਂਦੈ-
” ਪਰ ਬੰਦਾ ਆਪਣਾ ਮੁਚਿਆ ਨੀ...ਭੋਰਾ ਵੀ...ਲੜਿਐ...ਪੂਰਾ...ਗੋਲੀ ਮਾਰਨ ਆਲੇ ਦੇ ਕੁੜਤੇ
ਦਾ ਕਾਲਰ ਹਰਵੀਰ ਦੀ ਮੁੱਠੀ ‘ਚੋਂ ਹਸਪਤਾਲ ਆਲਿਆਂ ਨੇ ਕੱਢਿਐ ।ਮੰਮਟੀ ਢਾਉਣੀ ਵੀ ਭੁੱਲਗੇ
ਵੱਡੇ ਸੂਰਮੇ...ਗੋਲੀ ਮਾਰ ਕੇ ਭੱਜ‘ਗੇ”
...ਤੇ ਹੁਣ ਯਾਦਗਾਰ ਉਸਾਰਨ ਦੇ ਨਾਂ ਤੇ ਉਸੇ ਕੰਧ ਨੂੰ ਢਾਹੁਣ ਦੀ ਅਫਵਾਹ ਨੇ ਲੋਕਾਂ ਦੀ
ਨੀਂਦ ਹਰਾਮ ਕੀਤੀ ਪਈ ਐ...
... ‘ਖਬਰੈ ਕੀ ਕਿਹਾ ਹੋਣੈ ਹਰਵੀਰ ਨੇ‘, ਮੈਂ ਹੌਕਾ ਭਰਿਆ ਹੈ।ਉਦਾਸ ਹੋ ਗਈ ਮੇਰੀ ਨਿਗ੍ਹਾ
ਜੀਰੀ ਦੇ ਖੇਤ ‘ਚ ਦਵਾਈ ਛਿੜਕਦੇ ਸੂਬੇਦਾਰ ਅਮਰੀਕ ਸਿੰਘ ਦੇ ਭਈਏ ਤੇ ਜਾ ਟਿਕੀ ਹੈ।ਗੋਡੇ
ਗੋਡੇ ਪਾਣੀ ‘ਚ ਖੁਭ ਖੁਭ ਨਿਕਲਦੇ ਪਰਾਈ ਧਰਤੀ ਤੋਂ ਆਏ ਇਸ ਬੰਦੇ ਨੂੰ ਕੀ ਪਤੈ ਹੋਣੈ ਕਿ
ਇਹਨਾ ਖੇਤਾਂ ‘ਚ ਪਹਿਲੇ ਸਿਆੜ ‘ਚ ਸਾਡੇ ਇਲਾਕੇ ਦੇ ਲੋਕ ...ਚਿੜੀ ਜਨੌਰ ਤੇ ਰਾਹੀ ਪਾਂਧੀ
ਦੇ ਭਾਗਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਦਾ ਦਾਣਾ ਵੀ ਕੇਰਦੇ ਰਹੇ ਨੇ...ਤੇ
ਅੱਜ ਬਾਬੇ ਬੰਦੇ ਦੇ ਨਾਂ ਨਾਲ ਜੁੜੀ ਹੋਈ ਆਖਰੀ ਨਿਸ਼ਾਨੀ ਵੀ ਸ਼ਾਇਦ...
ਸੁਤੇ ਸਿੱਧ ਮੈਂ ਉਥੇ ਕੁ ਆ ਖੜ੍ਹਿਆ ਹਾਂ ਜਿੱਥੇ ਉਸ ਦਿਨ ਮੇਰੇ ਸਾਹਮਣੇ ਹਰਵੀਰ ਖੜ੍ਹਾ
ਸੀ...
ਹਾਂ ਇੱਥੇ ਕੁ...ਇਥੇ ਕੁ ਹੀ,ਅਸੀਂ ਖੜ੍ਹੇ ਰਹੇ ਸਾਂ ਉਸ ਦਿਨ।ਮੈਂ ਆਲੇ ਦੁਆਲੇ ਦੇਖਦਾ
ਹਾਂ।ਮੇਰੇ ਅੰਗੂਠੇ ਅਤੇ ਉਂਗਲੀ ਵਿਚਕਾਰ ਘੁੰਮਦੇ ਪਿੱਪਲ ਦੇ ਪੱਤੇ ਤੋਂ ਬਿਨਾ ਕੁਸ਼ ਵੀ ਹੁਣ
ਉਹ ਤੇ ਉਸ ਤਰ੍ਹਾਂ ਦਾ ਨਹੀਂ।ਖੱਬੇ ਹੱਥ, ਚਰਾਂਦ ਤੋਂ ਪਾਰ ਸੂਬੇਦਾਰ ਅਮਰੀਕ ਸਿੰਘ ਦੇ ਡੱਕੋ
ਡੱਕ ਖੜ੍ਹੇ ਜੀਰੀ ਵਾਲੇ ਖੇਤ ਨੇ ਤੇ ਸੱਜੇ ਹੱਥ, ਸੱਤਿਸੰਗ ਭਵਨ ਤੋਂ ਪਹਿਲਾਂ,ਕਰਮ ਦੇ ਕੱਦੂ
ਕੀਤੇ ਖੇਤ ਵਿਚ ਪਾਟ ਗਈਆਂ ਤੇੜਾਂ ਹਨ।ਪੁੱਟੀ ਹੋਈ ਪਨੀਰੀ ਦੀਆਂ ਗੁੱਛੀਆਂ ਥਾਏਂ ਸੁੱਕ ਗਈਆਂ
ਹਨ।ਅਵਾਰਾ ਗਊਆਂ ਵੱਲੋਂ ਮਿੱਧੀ, ਖਾਧੀ ਤੇ ਉਜਾੜੀ ਹੋਈ ਚਰੀ ਹੈ ।ਸਾਹਮਣੇ ਸੁੱਕਾ ਪਿਆ ਟੋਭਾ
ਹੈ।ਕਰਮ ਦੇ ਹਿੱਸੇ ਦੀ ਹਰ ਚੀਜ਼ ਵੀਰਾਨ ਪਈ ਹੈ।ਅਜਿਹੀ ਹੀ ਵਿਰਾਨੀ ਹਰਵੀਰ ਦੀ ਗੱਲ ਨਾਲ
ਮੇਰੇ ਅੰਦਰ ਫੈਲੀ ਹੋਈ ਸੀ ਜਦੋਂ ਕਰਮ ਨੇ ਮੈਥੋਂ ਪੁੱਛਿਆ ਸੀ...
...ਮੁੰਡਿਆਂ ਦੀ ਗੱਲ ਨਾਲ ਮੇਰੇ ਪੈਰਾਂ ਹੇਠ ਡੋਲ ਗਈ ਧਰਤੀ ਛੱਡ ਕੇ ਹਰਵੀਰ ਰੇੜ੍ਹੀ ਤੇ
ਚਰ੍ਹੀ ਲੱਦ ਕੇ ਤੁਰ ਗਿਆ ਸੀ।ਸਕੂਟਰ ਦੀ ਝਾਂਟੀ ਦੇ ਲਾਲਚ ਮੇਰੇ ਕੋਲ ਰੁਕ ਗਿਆ ਕਰਮ ਮੇਰੇ
ਬਰਾਬਰ ਖੜ੍ਹਾ ਸੀ।ਮੈਂ ਹੁਣ ਵੀ ਉਹ ਸੂਰਜ ਦੇਖ ਸਕਦਾਂ ਜਿਹੜਾ ਟੋਭੇ ਤੋਂ ਪਾਰ ਛਿਪ ਰਿਹਾ
ਸੀ।ਟੋਭੇ ‘ਚ ਦੁਨੀਆਂ ਭਰ ਦੇ ਰੰਗ ਝਿਲਮਿਲਾ ਰਹੇ ਸਨ।ਪਹਾੜ ਵਾਲੇ ਪਾਸਿਓਂ ਬੱਦਲ ਉੱਠ ਰਹੇ
ਸਨ।ਅੱਕ ਦੇ ਜਾਮਨੀ ਫੁੱਲ ਦੂਰ ਤੱਕ ਇਕ ਧਾਗੇ ਵਿਚ ਪਰੋਏ ਹੋਏ ‘ਰੇੜੂਆਂ‘ ਵਾਂਗ ਲੱਗ ਰਹੇ
ਸਨ।ਦੂਰ ਤੱਕ ਵਿਛੀ ਹਰਿਆਵਲ ਬੱਦਲਾਂ ਦੀ ਛਾਂ ਹੇਠ ਹੋਰ ਗੂੜ੍ਹੀ ਹੋ ਗਈ ਸੀ।ਅਚਾਨਕ ਕਰਮ ਨੇ
ਪੁੱਛਿਆ ਸੀ।
”ਚਾਚਾ ਜੀ...ਐਨੇ ਸੋਹਣੇ ਖੇਤ ਦੁਨੀਆਂ ‘ਚ ਹੋਰ ਕਿਤੇ ਤਾਂ ਨੀ ਹੋਣੇ...”, ਸਵਾਲ ਤਾਂ ਉਹ
ਹਮੇਸ਼ਾ ਈ ਬੜੇ ਕਰਦਾ ਸੀ ਪਰ ਐਨਾ ਖੂਬਸੂਰਤ ਸਵਾਲ ਸੁਣਕੇ ਮੈਂ ਉਸ ਮਾਸੂਮ ਚਿਹਰੇ ਵੱਲ ਦੇਖਦਾ
ਹੀ ਰਹਿ ਗਿਆ ਸੀ ਜਿਹੜਾ ਸ਼ਾਇਦ ਜਵਾਬ ਉਡੀਕਣ ਦੀ ਥਾਂ ਸਾਹਮਣੇ ਦਿਸਦੀ ਖੂਬਸੂਰਤੀ ਵਿਚ ਹੀ ਖੋ
ਗਿਆ ਸੀ।ਹਰਵੀਰ ਦਾ ਹੁਣੇ ਕਿਹਾ,‘ਮੇਰੀ ਟਬਰੀ ਦਾ ਖਿਆਲ ਰੱਖੀਂ‘...ਇਕ ਪਲ ਲਈ ਮੈਨੂੰ ਫਿਰ
ਸੁਣਿਆ ਸੀ।ਮੈਂ ਸੂਏ ਦੀ ਪੁਲ਼ੀ ਚੜ੍ਹਦੀ ਹਰਵੀਰ ਦੀ ਰੇੜ੍ਹੀ ਵੱਲ ਦੇਖਿਆ ਸੀ ਤੇ ਆਪਣੇ ਆਪ
ਨੂੰ ਹੀ ਕਹਿ ਲਿਆ ਸੀ-
” ਇਟਸ ਡਿਫਰੈਂਟ...”
‘ਐਵਰੀਥਿੰਗ ਇਜ਼ ਡਿਫਰੈਂਟ ਨਾਓ‘ ਸੁਤੇ ਸਿੱਧ ਮੇਰੇ ਮੂੰਹੋਂ ਨਿਕਲਿਆ ਹੈ।ਹਰਵੀਰ ਦੀਆਂ
ਜਿਹੜੀਆਂ ਗੱਲਾਂ ਤੇ ਮੈਂ ਹਸ ਕੇ ਸਾਰ ਦਿੰਦਾ ਸਾਂ ਉਹੀ ਹੁਣ ਸੂਲ਼ ਵਾਂਗ ਚੁਭਦੀਆਂ ਨੇ-
”ਤੂੰ ਵਿਆਹ ਵਿਊਹ ਕਰਾ ਲੈ ਹੁਣ! ਫੇਰ ਝਾਕੇਂਗਾ ਜੇ ਮੈਂ ਆਪਣਾ ਮੁੰਡਾ ਤੈਥੋਂ ਪਹਿਲਾਂ ਵਿਆਹ
ਲਿਆ”,ਅਜੇ ਉਣੱਤੀ ਸਾਲ ਦਾ ਹਰਵੀਰ ਦਸ ਸਾਲ ਦਾ ਹੋ ਗਏ ਆਪਣੇ ਕਰਮ ਵੱਲ ਇਸ਼ਾਰਾ ਕਰਕੇ ਮੈਨੂੰ
ਚੇਤਾਵਨੀ ਦਿੰਦਾ।ਹਰਵੀਰ ਦੀ ਮੌਤ ਨੇ ਸਭ ਕੁਝ ਬਦਲ ਦਿੱਤਾ ਸੀ। ਮੁੰਡਿਆਂ ਦੇ ਡਰ ਤੋਂ ਇਕ
ਵਾਰ ਖੁੰਝਿਆ ਕਰਮ ਦਾ ਸਾਕ ਬਸ ਖੁੰਝਦਾ ਹੀ ਚਲਿਆ ਗਿਆ ਸੀ...ਤੇ ਹੁਣ ਆਹ ਮੰਮਟੀ...
...ਹਥ ‘ਚ ਫੜੇ ਪੱਤੇ ਦੀ ਪੀਲੀ ਪੈ ਗਈ ਡੰਡੀ ਵੱਲ ਦੇਖਦਿਆਂ ਮੈਂ ਉਸ ਕਹਾਣੀ ਤੇ ਯਕੀਨ ਕਰਨ
ਦੀ ਕੋਸ਼ਿਸ਼ ਕਰਦਾ ਹਾਂ ਜਿਹੜੀ ਹੁਣ ਸਾਰੇ ਪਿੰਡ ਨੇ ਮੰਮਟੀ ਢਾਹੇ ਜਾਣ ਦੇ ਐਧਰ ਓਧਰ ਬੁਣ ਲਈ
ਹੈ...ਸੁੱਖਾਂ ਵਰ ਆਉਣ ਤੋਂ ਲੈ ਕੇ ਮੰਮਟੀ ਢਹਿਣ ਦੇ ‘ਕਲਯੁਗੀ ਲੱਛਣਾਂ‘ ਤੱਕ, ਬੜੀਆਂ
ਗੱਲਾਂ ਕਰਦੇ ਨੇ ਲੋਕ ਪਰ ਸ਼ੂਰੂ ਸਾਰੀਆਂ ਉਸੇ ਦਿਨ ਤੋਂ ਹੁੰਦੀਆਂ ਨੇ...ਲੋਕਾਂ ਦੀਆਂ ਗੱਲਾਂ
ਵਿਚ ਕਰਮ ਦੇ ਬਾਬੇ ਕੋਲ ਬੈਠੇ ਰਹੇ ਮੰਨਾ ਸਿਓਂ ਦਾ ਜ਼ਿਕਰ ਜ਼ਰੂਰ ਆਉਂਦਾ ਹੈ।ਮੈਨੂੰ ਲਗਦੈ
ਮੈਂ ਲੋਕਾਂ ਨਾਲੋਂ ਕਰਮ ਦੇ ਮਨ ਦੀ ਹਾਲਤ ਵੱਧ ਬੁੱਝ ਸਕਦੈਂ ਜਦੋਂ ਉਸ ਦਿਨ ਸਵੇਰੇ ਉਹਨੇ
ਆਪਣੇ ਬਾਬੇ ਦੇ ਹਰਖੇ ਹੋਏ ਬੋਲ ਸੁਣੇ ਹੋਣਗੇ...
***
ਮੈਂ ਪੱਤਾ ਖੱਬੇ ਹੱਥ ਬਦਲਦਾ ਹਾਂ...
***
ਉਸ ਦਿਨ ਸਵੇਰੇ...
ਧਾਰ ਚੋਂਦੇ ਚਿੜੀ ਨੂੰ ਆਪਣੇ ਦਾਦੇ ਕੋਲ ਬੈਠੇ ਜਥੇਦਾਰ ਧੰਨਾਂ ਸਿਓਂ ਦਾ ਬੋਲ ਸੁਣਿਆ ਸੀ-
”ਦਰਬਾਰ ਸਾਹਿਬ ‘ਚ ਬਣਨ ਵਾਲੀ ਯਾਦਗਾਰ ਦਾ ਤਾਂ ਤੈਨੂੰ ਪਤਾ ਈ ਐ... ਸੰਗਤ ਬਹੁਤਾ ਈ ਕਹੀ
ਜਾਂਦੀ ਸੀ... ਅਗਲੇ ਹਫਤੇ ਜਾਣੈ... ਨਾਲੇ ਲੋਕ ਜੀਰੀ ਕੰਨੀਓਂ ਵਿਹਲੇ ਹੋ ਜਾਣਗੇ”
.........
ਚਿੜੀ ਨੇ ਕੰਨ ਓਧਰ ਕੀਤਾ।ਪਰ ਦਾਦੇ ਨੇ ਕੋਈ ਜਵਾਬ ਨਾ ਦਿਤਾ।ਧੰਨਾ ਸਿਓਂ ਦਾ ਬੋਲ ਹੀ ਫੇਰ
ਸੁਣਿਆ ਸੀ-
”ਨਾਲੇ ਦਰਸ਼ਨ ਮੇਲਾ ਹੋ ਜੂ...ਚਿੜੀ ਨੂੰ ਭੇਜ ਦਿਓ...ਦੋ ਦਿਨ ਲਾ ਕੇ ਮੁੜ ਆਉਣਗੇ...ਦੋ
ਟਰੱਕ ਕੀਤੇ ਨੇ...”
ਅੰਬਰਸਰ ਦਾ ਨਾਂ ਸੁਣਕੇ ਚਿੜੀ ਦੇ ਹੌਲ ਪੈਣਾ ਸ਼ੁਰੂ ਹੋ ਗਿਆ ਸੀ।ਤੇ ਓਧਰ ਜਵਾਬ ਦੇਣ ਲੱਗੇ,
ਚਾਹ ਦੀ ਘੁੱਟ ਚਿੜੀ ਦੇ ਬਾਬੇ ਦੇ ਹਲ਼ਕ ਨੂੰ ਲੱਗ ਗਈ ਸੀ।ਚਿੜੀ ਸਮਝ ਗਿਆ ਬਾਬੇ ਨੂੰ ਖਿਝ
ਚੜ੍ਹ ਰਹੀ ਸੀ।ਖਾਸਾ ਚਿਰ ਬਾਅਦ, ਰੁਕਿਆ ਗਲ਼ ਸਾਫ ਕਰਕੇ ਬਾਬਾ, ਧੰਨਾ ਸਿਓਂ ਨੂੰ ਸਿੱਧਾ
ਹੋਇਆ ਸੀ-
”ਤੈਨੂੰ ਪਤੈ ਬਈ ਜਿਹੜੇ ਮੁੰਡੇ ਨੇ ਆਪਣਾ ਹਰਵੀਰ ਮਾਰਿਆ ਤੀ...ਉਹ ਵੀ ਅੰਬਰਸਰੇ ਈ ਮਰਿਆ
ਤੀ...? ਉਹਦੀ ਸਮਾਧ ਵੀ ਵਿਚੇ ਬਣੂ... ”
ਧੰਨਾ ਸਿਓਂ ਨੂੰ ਸਭ ਪਤਾ ਸੀ।ਕੰਨੀਂ ਕੌੜਾ ਤੇਲ ਪਾ ਗਿਆ... ਚੁੱਪ ਬੈਠਾ ਰਿਹਾ।ਉਹਦੀ ਚੁੱਪ
ਨੇ ਚਿੜੀ ਦਾ ਦਾਦਾ ਹੋਰ ਖਿਝਾ ਦਿੱਤਾ-
”ਸ਼ਾਬਾਸ਼ੇ ਤੇਰੀਆਂ ਕਾਢਾਂ ਦੇ ਧੰਨਾ ਸਿਆਂ...ਹੁਣ ਚਿੜੀ ਆਪਣੇ ਬਾਪ ਨੂੰ ਮਾਰਨ ਆਲੇ ਦੀ
ਯਾਦਗਾਰ ਬਣਾਵੇ ਤੇ ਇਹਦੇ ਨਿਆਣੇ ਉਹਨੂੰ ਮੱਥਾ ਟੇਕਿਆ ਕਰਨ...ਸਾਡਾ ਅੰਬਰਸਰ ਤਾਂ ਹਰਵੀਰ
ਨਾਲੇ ਲੈ ਗਿਆ...”-
”ਹਤ ਤੇਰੇ ਹਰਾਮੀ ਦੀ...” ਆਪਣੀ ਪਿੱਠ ਤੇ ਕੱਟੇ ਦੀ ਜੀਭ ਲਗਦਿਆਂ ਹੀ ਚਿੜੀ ਨੇ ਕੱਟੇ ਦੇ
ਹੁੱਝ ਮਾਰੀ ਤੇ ਬੇ-ਧਿਆਨੀ ਵਿਚ ਧਾਰ ਵਿਚਾਲੇ ਛੱਡ ਕੇ ਉੱਠ ਖੜ੍ਹਿਆ ਸੀ...
ਦਾਦੀ ਨੂੰ ਦੁੱਧ ਵਾਲੀ ਬਾਲਟੀ ਫੜਾਉਂਦੇ ਦੇ ਉਹਦੇ ਹੱਥ ਕੰਬੇ।ਜਾਣ ਲੱਗੇ ਧੰਨਾ ਸਿਓਂ ਦੀ
ਤਣੀ ਹੋਈ ਪਿੱਠ ਦੇਖਕੇ ਉਹਦੇ ਮਨ ਨੂੰ ਅੱਚਵੀ ਜਿਹੀ ਲੱਗੀ।ਬੜੇ ਸਾਲਾਂ ਬਾਅਦ ਉਹਦੇ ਹੱਥਾਂ
‘ਚ ਮਿੱਟੀ ਗੋਣ ਦੀ ਤੜਪ ਜਾਗੀ।
ਉਹ ਆਪਣੇ ਭਾਪੇ ਵਾਲੀ ਅਲਮਾਰੀ ‘ਚ ਪਈ ਮਿੱਟੀ ਗੋਣ ਲੱਗ ਪਿਆ ਸੀ।ਪੁਟਾਸ਼ ਦੀ ਜਾਣੀ ਪਛਾਣੀ
ਗੰਧ ਨਾਲ ਬੇ-ਚੈਨੀ ਘਟਦੀ ਲੱਗੀ।ਮੁੱਠੀ ‘ਚ ਘੁੱਟੀ ਮਿੱਟੀ ਨੂੰ ਪੱਧਰਾ ਕਰਦੇ ਨੂੰ ਉਹਨੂੰ
ਪਹਿਲਾਂ ਦਾਦੀ ਦੀ ਬੁੜਬੁੜ ਸੁਣੀ-
”ਜਮ੍ਹਾਂ ਹਰਵੀਰ ਤੇ ਗਿਐ...ਓਹੀ ਸੁਭਾਅ...ਧੰਨਾ ਸਿਓਂ ਦੀ ਗੱਲ ਨਾਲ ਹੌਲਿਆ, ਜਾ ਲੱਗਿਆ
ਬਾਪ ਮਾਂਗਣ ਮਿੱਟੀ ‘ਚ ਗੁੱਸਾ ਘੁੱਟਣ...”
ਫੇਰ ਇਕਦਮ ਦਾਦੇ ਦੀ ਉੱਚੀ, ਘਬਰਾਈ ਹੋਈ ਹਾਕ ਸੁਣੀ-
”ਓਏ ਚਿੜੀ! ਜਾਈਂ ਭੱਜ ਕੇ ਮੇਰਾ ਮੱਲ...ਫੇਰ ਆ‘ਗੀਆਂ...ਬਹਿ ਜੇ ਬੇੜਾ ਇਹਨਾ ਦਾ...”
ਪਹਿਲਾਂ ਤਾਂ ਚਿੜੀ ਦੇ ਗੱਲ ਸਮਝ ਨਾ ਆਈ।ਅਲਮਾਰੀ ‘ਚ ਪਹਿਲਾਂ ਪਈਆਂ ‘ਮੁੱਠੀਆਂ‘ ਕੋਲ
ਤਾਜ਼ੀਆਂ ਰੱਖਣ ਲੱਗੇ ਉਹਨੂੰ ਦਾਦਾ ਬੋਲਦਾ ਸੁਣੀ ਗਿਆ-
”ਇਹ ਤਾਂ ਦੱਦ ਲੱ‘ਗੀਆਂ...ਐਧਰ ਪਹਾੜ ਆਲੇ ਪਾਸੇ ਕਹਿੰਦੇ ਕਈ ਮੁਰੱਬੇ ਅਜਾੜ ਤੇ ਚੌਣੇ
ਨੇ...ਵਲਾਇਤੀ ਨਸਲ ਐ...”
‘ਗੈਆਂ ਫੇਰ ਆਗੀਆਂ ਹੋਣਗੀਆਂ...‘ ਚਿੜੀ ਨੇ ਕਾਹਲ਼ੀ ਨਾਲ ਅਲਮਾਰੀ ਬੰਦ ਕੀਤੀ ਤੇ ਤੂੜੀ
ਆਲ਼ਿਓਂ ਡੰਡਾ ਚੁੱਕਣ ਚਲਿਆ ਗਿਆ।ਮਿੱਟੀ ਤੇ ਮਸਾਲੇ ਵਾਲੇ ਹੱਥ ਧੋਣ ਦਾ ਵੀ ਉਹਨੂੰ ਖਿਆਲ ਨਾ
ਆਇਆ।ਖਿਆਲ ‘ਚ ਤਾਂ ਗਊਆਂ ਦੀ ਉਜਾੜੀ ਚਰ੍ਹੀ ਦੇ ਡੰਡਲ ਆ ਗਏ ਸਨ-
‘ਕੱਢਣੀਆਂ ਕਿਹੜਾ ਸੌਖੀਆਂ ਨੇ...ਕੱਲੇ ਕਹਿਰੇ ਬੰਦੇ ਨੂੰ ਤਾਂ ਊਂ ਦੈੜ ਕੇ ਮਾਰ ਦੇਣ‘-
ਸੋਚਦੇ ਚਿੜੀ ਨੂੰ ਆਪਣੀ ਦੇਹ ਵਿਚ ਉਹੋ ਜਿਹੀ ਕੰਬਣੀ ਮਹਿਸੂਸ ਹੋਈ ਜਿਹੋ ਜਿਹੀ ਪਹਿਲੀ ਵਾਰ
ਗਊਆਂ ਦੇ ਇਸ ਵੱਗ ਨੂੰ ਆਪਣੇ ਖੇਤ ‘ਚ ਦੇਖ ਕੇ ਹੋਈ ਸੀ।ਚਿੜੀ ਦੇ ਹੱਥ ਪੈਰ ਹੁਣ ਤੋਂ ਹੀ
ਝੂਠੇ ਪੈਣੇ ਸ਼ੁਰੂ ਹੋ ਗਏ ਸਨ।ਉਸ ਦਿਨ ਵਾਂਗ...
ਉਸ ਦਿਨ...
...ਉਸ ਦਿਨ ਕਿਹੜਾ ਚਿੜੀ ਨੂੰ ਪਤਾ ਸੀ ਬਈ ਉਹਨਾ ਦੇ ਖੇਤ ਵਿਚ ‘ਕੀ‘ ਆ ਵੜਿਆ ਸੀ।ਉਹ ਤਾਂ
ਸਰਸਰੀ ਖੇਤੋਂ ਡੰਗਰ ਕੱਢਣ ਦੇ ਖਿਆਲ ਨਾਲ ਚਲਿਆ ਗਿਆ ਸੀ।ਖੜਕਾ ਸੁਣ ਕੇ ਉਹਨੇ ਲਲਕਾਰਾ
ਮਾਰਿਆ ਸੀ-
”ਖੜ੍ਹ ਜੋ ਥੋਡੀ...”, ਪਰ ਪਹਿਲੀ ਗਊ ਤੇ ਨਿਗ੍ਹਾ ਪੈਂਦਿਆਂ ਹੀ ਚਿੜੀ ਦੇ ਮੂਹੋਂ ਨਿਕਲੀ
ਗਾਲ਼ ਸੰਘ ‘ਚੇ ਘੁੱਟੀ ਗਈ ਸੀ।ਸਾਨ੍ਹਾਂ ਵਰਗੀਆਂ ਗਊਆਂ ਦੀ ਗਿਣਤੀ ਦੇਖ ਕੇ ਉਹ ਡਰ ਗਿਆ
ਸੀ।ਕਿੰਨਾਂ ਚਿਰ ਤਾਂ ਉਹਦੇ ਇਹੀ ਸਮਝ ਨੀ ਸੀ ਆਇਆ ਬਈ ਇਹਨਾ ਦਾ ਕੀ ਕਰੇ!ਕਿਵੇਂ ਕੱਢੇ !
ਵੱਟ ਤੋਂ ਚੱਕ ਕੇ ਮਾਰੇ ਡਲਿਆਂ ਨਾਲ ਵੱਗ ‘ਚੋਂ ਕਿਸੇ ਗਾਂ ਨੇ ਸਿਰ ਚੱਕ ਕੇ ਵੀ ਨਹੀਂ ਸੀ
ਦੇਖਿਆ-
”ਪੂਰੇ ਵਿੱਘੇ ਦੀ ਫਾਂਟ ਰਗੜੀ ਲਈ ਜਾਂਦੀਐਂ ...”, ਉਹਨੇ ਗਾਲ਼ ਕੱਢੀ...
ਉਦੋਂ ਹੀ ਉਹਨੂੰ ਮੰਮਟੀ ਵਾਲੇ ਕੁੱਤੇ ਦੀ ਬਿੜਕ ਸੁਣੀ ਸੀ।ਬੇ-ਬਸ ਜਿਹੇ ਖੜ੍ਹੇ ਚਿੜੀ ਨੇ
ਗਊਆਂ ਤੋਂ ਨਿਗ੍ਹਾ ਹਟਾਈ ਤਾਂ ‘ਮੰਮਟੀ ਆਲਾ‘ ਉਹਦੇ ਬਰਾਬਰ ਖੜ੍ਹਾ ਸੀ।ਮੰਮਟੀ ਤੇ ਰਹਿਣ ਤੇ
ਪਲਿਆ ਹੋਣ ਕਰਕੇ ਇਸ ਕੁੱਤੇ ਨੂੰ ਪਿੰਡ ‘ਮੰਮਟੀ ਆਲ਼ਾ‘ ਹੀ ਕਹਿਣ ਲੱਗ ਪਿਆ ਸੀ।ਪਿੰਡਾ ਛੰਡਦਾ
ਉਹ ਚਿੜੀ ਨੂੰ ਵੱਡਾ ਆਸਰਾ ਲੱਗਿਆ ਸੀ।ਇਕ ਪਲ ਲਈ ਉਹ ਹੈਰਾਨ ਹੋਇਆ ਕਿ ਇਹ ਸੂਬੇਦਾਰ ਦੇ
ਖੇਤਾਂ ‘ਚ ਕੀ ਕਰਦਾ ਫਿਰਦਾ ਸੀ!ਪਹਿਲਾਂ ਵੀ ਇਕ ਦੋ ਵਾਰ ਉਹਨੇ ਉਹਨੂੰ ਸੂਬੇਦਾਰ ਦੀਆਂ
ਲੱਤਾਂ ਬਾਹਾਂ ਨਾਲ ਲਿਪਟਦਾ ਦੇਖਿਆ ਸੀ।ਹੌਸਲੇ ‘ਚ ਆਏ ਚਿੜੀ ਨੇ ਲਲਕਾਰਾ ਮਾਰਿਆ ਸੀ-
”ਲੈ ਹੁਣ ਚੁਕਾਊ ਛਾਲਾਂ ਮੇਰਾ ਸ਼ੇਰ ਬੱਗਾ...”
ਪਰ ਗਊਆਂ ਭਜਾਉਣ ਲਈ ਕੀਤੀ ਚਿੜੀ ਦੀ ‘ਹਲਾਅ ਹਲਾਅ‘ ਦਾ ਕੁੱਤੇ ਤੇ ਕੋਈ ਅਸਰ ਨਹੀਂ ਸੀ
ਹੋਇਆ।ਖੜ੍ਹਾ ਪੂੰਛ ਹਿਲਾਈ ਗਿਆ-
”ਇਹ ਨਾ ਬਣਜੂ ਸ਼ਿਕਾਰੀ...” ਪਹਿਲਾਂ ਨਾਲੋਂ ਕੂਲ਼ੀ ਹੋ ਗਈ ‘ਮੰਮਟੀ ਆਲ਼ੇ‘ ਦੇ ਪਿੰਡੇ ਦੀ
ਲੂਈਂ ਤੇ ਫਿਰਦਾ ਚਿੜੀ ਦਾ ਹੱਥ ਰੁਕ ਗਿਆ। ਉਹਨੇ ਖਿਝ ਕੇ ਹੱਥ ਵਿਚਲਾ ਇਟਰੋੜਾ ਜ਼ੋਰ ਨਾਲ
ਨੇੜੇ ਦਿਸਦੀ ਗਊ ਦੇ ਮਾਰਿਆ ਸੀ-
”ਮੰਮਟੀ ‘ਤੇ ਪੂਜਾ ਦਾ ਧਾਨ ਖਾ ਖਾ ਢੀਠ ਹੋ ਗਿਆ”- ਚਿੜੀ ਨੇ ਗਊਆਂ ਦੀ ਖਿਝ ਕੁੱਤੇ ਤੇ
ਕੱਢੀ।
”ਫਾਇਰ ਕੱਢਾਂ ਇਕ ਦੋ...”, ਕੁੱਤੇ ਦੇ ਪਿੱਛੇ ਈ ਆ ਗਏ ਸੂਬੇਦਾਰ ਨੇ ਚਿੜੀ ਦੇ ਮੋਢੇ ਤੇ
ਹੱਥ ਰੱਖਿਆ ਸੀ।ਪਹਿਲਾਂ ਈ ਗਊਆਂ ਤੋਂ ਡਰਿਆ ਖੜ੍ਹਾ ਚਿੜੀ ਹੋਰ ਡਰ ਗਿਆ ਸੀ।ਲੱਤਾਂ ਨਾਲ
ਲਿਪਟ ਲਿਪਟ ਜਾਂਦੇ ਕੁੱਤੇ ਨੂੰ ਪਲੋਸਦਾ ਸੂਬੇਦਾਰ ਬੋਲਿਆ-
”ਚਲ ਹੋਰ ਕਰਾਮਾਤ ਦਖਾਉਨੇ ਐਂ ਫੇਰ!” ਮੁਸਕੜੀਏਂ ਹਸਦਾ ਸੂਬੇਦਾਰ ਚਿੜੀ ਨੂੰ ਵਿਹੁ ਵਰਗਾ
ਲੱਗਿਆ।ਉਹਨੇ ਨਾਂਹ ਕਹਿਣੀ ਚਾਹੀ ਪਰ ਉਸ ਤੋਂ ਪਹਿਲਾਂ ਈ...
”ਚਲ ਬਈ ਜਵਾਨਾ...ਅਟੈਕ...”
ਸੂਬੇਦਾਰ ਦੇ ਹੱਥ ਦੇ ਹਲਕੇ ਜਿਹੇ ਇਸ਼ਾਰੇ ‘ਤੇ ਈ ਕੁੱਤਾ ਸ਼ੂਟ ਵੱਟ ਕੇ ਗਊਆਂ ਨੂੰ ਜਾ ਪਿਆ
ਸੀ।ਅਚਾਨਕ ਹੋਏ ਇਸ ਹਮਲੇ ਤੋਂ ਗਊਆਂ ਘਬਰਾਈਆਂ ਤਾਂ ਸਹੀ ਪਰ ਫੇਰ ਮੁਕਾਬਲੇ ਤੇ ਆ ਖੜ੍ਹੀਆਂ।
ਚਿੜੀ ਦੇ ਤਾਂ ਆਉਸਾਣ ਈ ਮਾਰੇ ਗਏ।ਕਦੇ ਕਿਸੇ ਅੱਗੇ ਪੂਛ ਨਾ ਹਿਲਾਉਣ ਵਾਲਾ ‘ਮੰਮਟੀ ਆਲਾ‘
ਸੂਬੇਦਾਰ ਦੇ ਇਸ਼ਾਰੇ ਤੇ ਗਊਆਂ ‘ਚ ਜਾ ਕੁੱਦਿਆ ਸੀ।ਸੂਬੇਦਾਰ ਦੂਰ ਖੜ੍ਹਾ ਕੁੱਤੇ ਅਤੇ ਗਊਆਂ
ਦੀ ਲੜਾਈ ਤੇ ਤਾੜੀਆਂ ਮਾਰਦਾ ਰਿਹਾ ਸੀ।ਆਖਿਰ ਗਊਆਂ ਭੱਜ ਲਈਆਂ ਸਨ। ਕੁੱਤੇ ਨੇ ਪਿੱਛੇ ਰਹਿ
ਗਿਆ ਇਕ ਵੱਛਾ ਢਾਹ ਲਿਆ ਸੀ।
”ਹੁਣ ਬਣੀ ਐ ਫਾਈਟ ‘ਵੰਨ ਟੂ ਵੰਨ” ਸੂਬੇਦਾਰ ਨੇ ਲਲਕਾਰਾ ਮਾਰਿਆ ਸੀ।
ਦੂਰੋਂ ਮੁੜ ਕੇ ਆਈ ਇਕ ਗਊ,ਲੜ-ਭਿੜ ਕੇ ਵੱਛਾ ਮਸਾਂ ਛੁਡਾਕੇ ਲੈ ਕੇ ਗਈ ਸੀ-
‘ਮੰਮਟੀ ਆਲੇ‘ ਨੂੰ ਐਨਾ ਮਾਰਖੋਰਾ ਹੋਇਆ ਦੇਖ ਕੇ ਦਹਿਲਿਆ ਚਿੜੀ, ਕੁੱਤੇ ਤੇ ਸੂਬੇਦਾਰ ਨੂੰ
ਉੱਥੇ ਈ ਖੜ੍ਹਾ ਛੱਡ ਕੇ ਤੁਰ ਆਇਆ ਸੀ।ਕਿੰਨੇ ਦਿਨਾ ਬਾਅਦ ਸੂਬੇਦਾਰ ਦੇ ਗੋਰਖੇ ਨੇ ਭੇਦ
ਖੋਲ੍ਹਿਆ ਸੀ-
”ਹੁਣ ਇਹ ਪਿੰਡ ਦਾ ਸਾਂਝਾ ਥੋੜ੍ਹਾ ਰਹਿ ਗਿਆ...ਹੁਣ ਤਾਂ ਸੂਬੇਦਾਰ ਦਾ ਇਸ਼ਾਰਾ ਚੱਲਦੈ
।ਕਾਰਤੂਸ ਖੇਤ ‘ਚ ਜਿੱਥੇ ਮਰਜੀ ਦੱਬੇ ਹੋਣ, ਸੂਬੇਦਾਰ ਦੀ ਉਂਗਲੀ ਹਿੱਲਦੀ ਸਾਰ ਚੱਕ
ਲਿਆਉਂਦੈ...‘ਮੰਮਟੀ ਆਲ਼ਾ‘ ਤਾਂ ਥੋਡਾ ਸਮਗਲਰ ਬਣ ਗਿਆ ਸਮਗਲਰ।ਲੜਾਕਾ।ਗਊਆਂ ਨਾ ਮੁੜਕੇ ਐਧਰ
ਮੂੰਹ ਕਰ ਗਈਆਂ... ”
ਪਰ ਹੁਣ ਵੀਹ ਦਿਨਾ ਬਾਅਦ ਉਹੀ ਵੱਗ ਫੇਰ ਟੋਭੇ ‘ਚ ਬੈਠਣ ਲੱਗ ਪਿਆ ਸੀ...
...ਚਿੜੀ ਨੇ ਸਾਈਕਲ ਭਜਾਇਆ।ਪੈਡਲ ਤੇ ਜੋਰ ਪੈਂਦੀ ਸਾਰ ਗਰਾਰੀ ਤੇ ਦੋ ਤਿੰਨ ਵਾਰ ਟੱਪ ਕੇ
ਚੈਨ ਲਹਿ ਗਈ-
‘ਹੁੰ...ਗੈਆਂ ਦੀਆਂ ਮੜ੍ਹੀਆਂ ਬਣਾਉਣਗੇ ਹੁਣ...ਐਨ੍ਹਾਂ ਨੂੰ ਏ ਸਾਂਭ ਲੋ ਅਪਣੀਆਂ ਮਾਵਾਂ
ਨੂੰ ਜਿਹੜੀਆਂ ਚੰਗੇ ਭਲੇ ਖੇਤ ‘ਜਾੜਦੀਆਂ ਫਿਰਦੀਐਂ...‘।
ਫਸੀ ਹੋਈ ਚੈਨ ਕੱਢਦਿਆਂ ਚਿੜੀ ਦੀ ਖਿਝ ਦੀ ਚੈਨ ਜਥੇਦਾਰ ‘ਤੇ ਮੇਜਰ ਕੱਬੇ ‘ਤੇ ਜਾ ਚੜ੍ਹੀ
ਸੀ...ਸਾਈਕਲ ਤੇ ਚੜ੍ਹਦਿਆਂ ਉਹਨੇ ਕੌੜ ਕੇ ਪਿੱਛੇ ਦੇਖਿਆ।ਹੁਣੇ ਚਿੜੀ ਕੇ ਘਰੋਂ ਆਇਆ
ਜਥੇਦਾਰ ਤੇ ਮੇਜਰ ਕੱਬਾ ‘ਦੰਦਾ ਫਸਾਈਂ‘ ਖੜ੍ਹੇ ਸੀ। ਦੋ ਕੁ ਦਿਨ ਪਹਿਲਾਂ ਵੀ ਇਹ ਦੋਵੇਂ
ਏਥੇ ਹੀ ਖੜ੍ਹੇ ਚਿੜੀ ਨੂੰ ਮਿਲੇ ਸੀ।ਚਿੜੀ ਮੇਜਰ ਤੋਂ ਕੱਦੂ ਕਰਨ ਲਈ ਟਰੈਕਟਰ ਪੁੱਛਣ ਖੜ੍ਹ
ਗਿਆ ਸੀ।ਗਾਹਾਂ ਮੇਜਰ ਨੇ ਹੋਰੇ ਤੋਰਾ ਤੋਰਤਾ।ਮੇਜਰ ਦੀ ਗੱਲ ਨਾਲ ਚਿੜੀ ਦੀ ਪੁਰਾਣੀ ਸੱਟ
ਰੜਕ ਪਈ ਸੀ।ਜਿਹਨਾ ਦਿਨਾ ‘ਚ ਉਹਦਾ ਭਾਪਾ ਮਾਰਿਆ ਸੀ, ਉਹਨਾ ਕੁ ਦਿਨਾ ਦੀ ਗੱਲ ਸੀ । ਅਵਾਰਾ
ਫਿਰਦੀ ਇਕ ਗਊ ਉਹਨਾ ਦੇ ਖੇਤਾਂ ‘ਚ ਆਉਣ ਲੱਗ ਪਈ ਸੀ।ਸ਼ਸ਼ਕੇਰੀ ਹੋਈ ਫੇਰ ਆ ਜਾਂਦੀ।ਉਸੇ ਗਊ
ਨੇ ਇਕ ਦਿਨ ਬੰਬੀ ਦੀ ਨਾਲ਼ ਨਾਲ ਮੂੰਹ ਲਾ ਕੇ ਪਾਣੀ ਪੀਂਦੇ ਚਿੜੀ ਨੂੰ ਪਿਛਿਓਂ
ਚੁੱਕਿਆ,ਖੂਹੀ ‘ਚ ਵਗਾਹ ਮਾਰਿਆ।
ਮੇਜਰ ਨੇ ਜਥੇਦਾਰ ਨਾਲ ਓਸੇ ਗਊ ਦੀ ਗੱਲ ਤੋਰ ਲਈ ਸੀ...
”ਜਥੇਦਾਰਾ,ਹੁਣ ਤਾਂ ਪਾਰਟੀ ‘ਚ ਬਣ‘ਗੀ ਹੋਣੀ ਐ ਤੇਰੀ...ਮੁੱਖ ਮੰਤਰੀ ਸਾਹਿਬ ਨੂੰ ਕਹਿ ਕੂਹ
ਕੇ ਓਸ ਗੈਂ ਦਾ ਨੌਂ ਵੀ ਗੈਆਂ ਦੀ ਯਾਦਗਾਰ ‘ਚ ਲਿਖਾ ਦੇਣਾ ਤੀ, ਜੀਹਨੇ ਚਿੜੀ ਖੂਹੀ ‘ਚ
ਸਿਟਿਆ ਤੀ...‘ਕ ਨਹੀਂ।ਨਾਲੇ ਉਹ ਤਾਂ ਛੱਡੀ ਵੀ ਥੋਡੀਓ ਹੋਈ ਤੀ...”
”ਓ ਅਸੀਂ ਕਾਹਨੂੰ ਛੱਡੀ ਤੀ...ਸੰਤੋਖੇ ਮਾਸਟਰ ਦੇ ਬੁੜ੍ਹੇ ਦੀ ਕਰਤੂਤ ਤੀ...ਵੱਡੇ ਕਾਂਗਰਸੀ
ਦੀ... ਦੁੱਧ ਦੇਣੋਂ ਹਟਦੀ ਸਾਰ ਰੱਸਾ ਖੋਲ੍ਹਤਾ... ਸਾਡਾ ਤਾਂ ਵਾਧੂ ਅਜਾੜਾ ਕਰਦੀ ਤੀ
ਸਮਾਂ” ਜਥੇਦਾਰ ਨੇ ਸਮਝਾਉਣ ਦੀ ਸੁਰ ‘ਚ ਕਿਹਾ।
ਮੇਜਰ ਦੀ ਗੱਲ ਨਾਲ ਸੱਟ ਰੜਕੀ ਤਾਂ ਚਿੜੀ ਨੇ ਕੌੜ ਕੇ ਜਥੇਦਾਰ ਵੱਲ ਦੇਖਿਆ ਸੀ ।ਫੇਰ ਦੰਦ
ਕਰੀਚ ਕੇ ਬੋਲਿਆ -
”ਦੋ ਵਾਰ ਪੀਹੇ ਐਹੋ ਜੀ ਨੂੰ...”
”ਦੇਖ ਲੈ ਜਥੇਦਾਰਾ! ਜੀਅ ਜੀਅ ਨੂੰ ਪਤੈ ਬਈ ਜੋਗੇ ਗਊਆਂ ਦੇ ਹੱਡ ਪੀਹਣ ਪਿੱਛੇ ਰੌਲ਼ਾ
ਪਿਐ...”
”ਬੜਾ ਪਤੈ ਚਿੜੀ ਨੂੰ ਨਾਲੇ ਤੈਨੂੰ...ਅਜੇ ਚਾਰ ਦਿਨ ਪਹਿਲਾਂ ਆਹੀ ਚਿੜੀ ਜੋਗੇ ਧਰਨੇ ਤੇ
ਜਾਣ ਆਲਿਆਂ ‘ਚ ਬਾਹਾਂ ਚੜ੍ਹਾਈ ਫਿਰਦਾ ਤੀ...ਗਊ ਦੇ ਜਾਇਆਂ ਦਾ ਈ ਪ੍ਰਤਾਪ ਐ ਸਾਰਾ...ਧਰਤੀ
ਇਹਨਾ ਦੀ ਖੜ੍ਹਾਈਓ ਖੜ੍ਹੀ ਐ...ਰੋਜ਼ ਤਾਂ ਭਾਈ ਜੀ ਦੁਹਾਈ ਦਿੰਦੈ...ਅਖੇ,” ਧੌਲ ਧਰਮ ਦਇਆ
ਕਾ ਪੂਤ...ਚੰਗੇ ਬੰਦੇ ਤਾਂ ਸੋਨੇ ਦੀਆਂ ਸਿੰਗੀਆਂ ਚੜ੍ਹਾ ਕੇ ਰੱਖਦੇ ਹੁੰਦੇ ਤੀ...ਖਬਰੈ ਕੀ
ਮਾਰ ਵਗ‘ਗੀ...ਤੇਰੇ ਵਰਗੇ ਬੁੱਚੜ ਕਾਰਖਾਨੇ ਆਲੇ ਨੇ...”
”ਮੇਰੇ ਕਾਹਨੂੰ ਗਲ਼ ਪੈਨੈ...ਹੈਂ...ਕਾਰਖਾਨੇ ਦੀ ਮਨਜੂਰੀ ਵੀ ਤਾਂ ਤੇਰੀ ਸਰਕਾਰ ਨੇ ਈ
ਦਿੱਤੀ ਐ...”
...ਚਿੜੀ ਉਹਨਾ ਨੂੰ ਖਹਿੰਦਿਆਂ ਛੱਡ ਕੇ ਤੁਰ ਗਿਆ ਸੀ।ਉਹਨੂੰ ਲੱਗਿਆ ਅੱਜ ਵੀ ਮੇਜਰ ਓਸੇ
ਗੱਲ ਤੇ ਜਥੇਦਾਰ ਨੂੰ ਘੇਰੀਂ ਖੜ੍ਹਾ ਸੀ...
‘ਧੰਨਾਂ ਸਿਓਂ ਦਾ ਵੀ ਦਾਦੀ ਆਲਾ ਹਾਲ ਐ।ਹਰੇਕ ਗੱਲ ‘ਚ ਲੱਤ ਅੜਾਊ‘
ਅੱਜ ਘਰੋਂ ਚਿੜੀ ਦੇ ਤੁਰਨ ਵੇਲੇ ਵੀ ਇਵੇਂ ਹੋਇਆ ਸੀ। ਚਿੜੀ ਨੇ ਡੰਡਾ ਚੁੱਕਿਆ ਤਾਂ ਉਹਦੀ
ਦਾਦੀ ਗੋਹੇ ਦਾ ਟੋਕਰਾ ਭਰਨਾ ਛੱਡ ਕੇ ਖੜ੍ਹੀ ਹੋ ਗਈ ਸੀ-
”ਕੁੱਤੇ ਨੂੰ ਨਾ ਲੈ ਕੇ ਜਾਈਂ ਮੇਰਾ ਪੁੱਤ...ਹਾਤ-ਹੂਤ ਕਰ ਕੇ ਈ ਭਜਾ ਦੀਂ...ਅੱਗੇ ਈ ਪਤਾ
ਨੀ ਕਿਹੜੇ ਮਾੜੇ ਕਰਮਾ ਦੇ ਮਾਰੇ ਪਏ ਆਂ...”
‘ਹਾਤ ਹੂਤ ਨਾਲ ਨਾ ਭੱਜ ਜਾਣਗੀਆਂ ਉਹ...ਪਹਿਲਾਂ ਤੇਰੇ ਵਰਗੀਆਂ ਬੁੜ੍ਹੀਆਂ ਨੇ ਪੇੜੇ ਦੇ ਦੇ
ਕੇ ਚਮਲ੍ਹਾ‘ਤੀਆਂ...ਸਾਨ੍ਹਾਂ ਵਰਗੀਐਂ ਪੈਂਤੀ ਚਾਲੀ...ਬੰਦਾ ਕੀਹਦੇ ਪਾਣੀਹਾਰ ਐ ਉਹਨਾ
ਮੂਹਰੇ...‘ ਪਰ ਦਾਦੀ ਨੂੰ ਕਹਿਣ ਲਈ ਮੂੰਹ ਤੇ ਆਈ ਗੱਲ ਚਿੜੀ ਨੇ ਮਨ ‘ਚ ਹੀ ਦੱਬ ਲਈ ਸੀ।
ਉਹਦੇ ਅੰਦਰ ਗਊਆਂ ਦੀਆਂ ਹਰਲ ਹਰਲ ਕਰਦੀਆਂ ਜੀਭਾਂ ‘ਚ ਇਕੱਠੀ ਹੁੰਦੀ ਲੈਰੀ ਚਰ੍ਹੀ ਦੀ ਕਰਚ
ਕਰਚ ਪਹਿਲਾਂ ਨਾਲੋਂ ਵੀ ਵੱਧ ਹੋਣ ਲੱਗ ਪਈ ਸੀ। ਇਲਾਕੇ ‘ਚ ਫਿਰਦਾ ਇਹ ਪੈਂਤੀ ਚਾਲ਼ੀ ਗਊਆਂ
ਦਾ ਵੱਗ ਦਸ ਬਾਰਾਂ ਤੋਂ ਵਧ ਕੇ ਚਾਲ਼ੀਆਂ ਦਾ ਹੋ ਗਿਆ ਸੀ।ਜਦੋਂ ਦੀਆਂ ਟੋਭੇ ‘ਚ ਬੈਠਣ
ਲੱਗੀਆਂ ਸਨ, ਚਿੜੀ ਕੇ ਖੇਤਾਂ ‘ਚ ਉਜਾੜਾ ਵਧ ਗਿਆ ਸੀ।ਚੰਗਾ ਭਲਾ ਖੇਤੋਂ ਆਏ ਹੁੰਦੇ,ਮਗਰੇ
ਸੁਨੇਹਾ ਆ ਜਾਂਦਾ-
”ਹਿੰਮਤ ਨਾਲ਼ ਜਾਓ ਭਾਈ...ਅਜੇ ਤਾਂ ਊਂ ਪਿੱਪਲ ਹੇਠ ਬੈਠੀਐਂ”
ਹਰ ਵਾਰ ਚਿੜੀ ਦੀਓ ਜਾਨ ਨੂੰ ਬਣਦੀ।ਉਤੋਂ ਦੀ ਦਾਦੀ ਧਰਮ ਪਰਚਾਰ ਲੈ ਕੇ ਬਹਿ ਜਾਂਦੀ-
”ਮਾਰੀ ਨਾ ਕਿਸੇ ਗੈਂ ਦੇ ਕੁਸ...ਹਿਆਤ ਹਿਊਤ ਕਰ ਦੀਂ...ਸੂਬੇਦਾਰ ਵਰਗਿਆਂ ਦੀ ਨੀ ਸੁਣੀਂਦੀ
ਬਹੁਤੀ”
ਸੂਬੇਦਾਰ ਦਾ ਨਾਂ ਆਏ ਤੋਂ ਗਊਆਂ ਨਾਲ ਲੜਦਾ ‘ਮੰਮਟੀ ਆਲਾ‘ ਉਹਦੇ ਚੇਤੇ ਆਇਆ ਤਾਂ ਮਨ ਹੌਸਲਾ
ਫੜ ਗਿਆ। ‘ਸੂਬੇਦਾਰ ਕਿਆਂ ਦੇ ਈ ਹੋਊ।ਪਿੰਡ ਤਾਂ ਘੱਟ ਵੱਧੇ ਦੇਖੀਦੈ‘, ਸੂਏ ਦੀ ਪੁਲੀ
ਚੜ੍ਹਦੇ ਚਿੜੀ ਨੇ ‘ਮੰਮਟੀ ਆਲੇ‘ ਦੀ ਆਸ ਵਿਚ ਸੂਬੇਦਾਰ ਦੀ ਕੋਠੀ ਵੱਲ ਨਿਗ੍ਹਾ ਮਾਰੀ।ਆਪਣੇ
ਖੇਤਾਂ ਵੱਲ ਦੇਖਣ ਦੀ ਉਹਦੀ ਹਿੰਮਤ ਨਾ ਪਈ।ਬਿਨਾ ਦੇਖੇ ਈ ਉਹਨੂੰ ਪਤਾ ਸੀ ,‘ਟੋਭੇ ਆਲੇ
ਪਾਸੇ ਹੋਣਗੀਆਂ‘
‘ਕਿਤੇ ਦੀਂਹਦਾ ਤਾਂ ਹੈ ਨੀ।ਖਬਰੈ ਕੋਠੀ ‘ਚ ਹੋਵੇ‘ ਉਹਨੇ ਕੁੱਤੇ ਨੂੰ ਦੇਖਣ ਖਾਤਰ ਦੂਰ ਤੱਕ
ਨਿਗ੍ਹਾ ਮਾਰੀ-
‘ਕੋਠੀ ਅੰਦਰ ਤਾਂ ਊਂ ਗੋਰਖਾ ਕਹਿੰਦਾ ਤੀ ਸੂਬੇਦਾਰਨੀ ਕੁੱਤੇ ਨੂੰ ਜਾਣ ਨੀ
ਦਿੰਦੀ...‘ਸਾਈਕਲ ਆਪਣੀ ਪਹੀ ਮੋੜਦਿਆਂ ਚਿੜੀ ਨੇ ਗੁੱਸੇ ਨਾਲ ਸੂਬੇਦਾਰ ਦੀ ਕੋਠੀ ਵੱਲ
ਦੇਖਿਆ-
”ਲੋਕਾਂ ਦੇ ਘਰੀਂ ਤਾਂ ਸਾਰੀ ਹੱਡਾਰੋੜੀ ਆਲੀ ਕੁਤੀੜ ਵਾੜਨ ਨੂੰ ਫਿਰਦੇ ਨੇ...ਇਹਨਾ ਦਾ ਘਰ
ਬਚਿਆ ਰਹਿਣਾ ਚਾਹੀਦੈ”...
ਚਰ੍ਹੀ ਤੱਕ ਜਾਣ ਤੋਂ ਪਹਿਲਾਂ ਈ ਉਹਨੂੰ ਗਊ ਦਾ ਫਰਾਟਾ ਸੁਣਿਆ।
”ਖੜ੍ਹੋ ਥੋਡੀ...”, ਸਾਈਕਲ ‘ਚੋਂ ਡੰਡੋਰਕਾ ਕੱਢ ਉਹ ਗਊਆਂ ਵੱਲ ਹੋ ਲਿਆ।ਦੋ ਕਿਆਰੇ ਡੁੰਡ
ਕੀਤੇ ਪਏ ਸਨ-
”ਕਿਮੇ ਲੱਗਿਐ ਚੌਣਾ...”, ਉਹ ਹਿੰਮਤ ਨਾਲ ‘ਗਾਹਾਂ ਹੋਇਆ ਪਰ ਮੂਹਰਿਓਂ ਭੂਸਰੀ ਖੜ੍ਹੀ ਗਊ
ਨੂੰ ਦੇਖਦੀ ਸਾਰ ਉਹਦੀਆਂ ਲੱਤਾਂ ਝੂਠੀਆਂ ਪੈ ਗਈਆਂ।
‘ਹੁਣ ਲਿਆਵੇ ਬੇਬੇ ਨੂੰ ਐਥੇ...ਕੱਢੇ ਕਿਮੇ ਕੱਢੂ...ਹੁੰ...ਕੁੱਤਾ ਨਾ ਲੈ ਕੇ
ਜਾਈਂ...ਕਹਿਣਾ ਸੌਖੈ ਨਾ!... ਗੋਲ਼ੀ ਮਾਰੇ ਐਹੋ ਜੀਆਂ ਦੇ...ਆਹ!ਲਗ ਲਵੇ ਬ੍ਰਹਮ ਹੱਤਿਆ
ਜਿਹੜੀ ਲੱਗਣੀ ਐ...‘-
‘ਇਕ,ਦੋ,ਤਿੰਨ......ਸੈਂਤੀ‘, ਚਿੜੀ ਨੇ ਗਊਆਂ ਗਿਣੀਆਂ ਤੇ ‘ਮੰਮਟੀ ਆਲੇ‘ ਨੂੰ ਦੇਖਣ ਲਈ
ਸੂਬੇਦਾਰ ਦੇ ਖੇਤਾਂ ‘ਚ ਨਿਗ੍ਹਾ ਮਾਰੀ।ਕੁੱਤਾ ਕਿਤੇ ਨਹੀਂ ਸੀ-
ਇਕ ਦੋ ਡਲੇ, ਤੇ ਹੱਥ ਵਾਲਾ ਡੰਡਾ ਗਊਆਂ ਵੱਲ ਵਗਾਹ ਕੇ ਮਾਰਨ ਤੋਂ ਬਾਅਦ ਚਿੜੀ ਸੂਬੇਦਾਰ ਦੀ
ਕੋਠੀ ਦੇ ਬੰਦ ਗੇਟ ਵੱਲ ਤੁਰ ਪਿਆ ਸੀ...
***
ਮੈਂ ਪੱਤਾ ਸੱਜੇ ਹੱਥ ਬਦਲਦਾ ਹਾਂ...
***
ਸੂਬੇਦਾਰ ਦੀ ਕੋਠੀ ਬਾਰੇ ਕਹੀ ਕਰਮ ਦੀ ਇਹ ਗੱਲ ਲੋਕੀਂ ਵਾਰ ਵਾਰ ਕਰਦੇ ਨੇ,ਅਖੇ: ”ਅਮਰੀਕ
ਸੂਬੇਦਾਰ ਦੀ ਕੋਠੀ ਨਾਲੋਂ ਥਾਣੇ ਜਾਣਾ ਸੌਖੈ । ਬੰਦੇ ਨੂੰ ਗੇਟ ਦੇਖ ਕੇ ਈ ਭੈਅ ਆਉਂਦੈ”।
...ਅੱਜ ਕੱਲ੍ਹ ਲੋਕ ਇਸ ਗੱਲ ਰਾਹੀਂ ਕਰਮ ਦੇ ਓਸ ਡਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ
ਜਿਹੜਾ ਕੋਠੀ ਵੱਲ ਤੁਰਨ ਲੱਗੇ ਉਹਦੇ ਅੰਦਰ ਹੋਵੇਗਾ।ਪਰ ਉਹ ਪਹੁੰਚ ਨਹੀਂ ਸਕਦੇ।ਉਹ ਤਾਂ ਇਸ
ਭੈਅ ਨੂੰ ਸੂਬੇਦਾਰ ਦੇ ਹਥਿਆਰਾਂ ਦਾ ਸਮਗਲਰ ਹੋਣ ਨਾਲ ਜੋੜਦੇ ਨੇ। ਪਰ ਮੈਨੂੰ ਪਤੈ ਕਰਮ ਦੇ
ਅੰਦਰਲੇ ਭੈਅ ਦੀ ਇਹ ਕਹਾਣੀ ਬਹੁਤ ਪੁਰਾਣੀ ਐ।ਚਿੜੀ ਉਦੋਂ ਕਰਮਜੀਤ ਈ ਹੁੰਦਾ ਸੀ।ਉਦੋਂ ਤਾਂ
ਅਜੇ ਇਹ ਕੋਠੀ ਵੀ ਨਹੀਂ ਸੀ ਹੁੰਦੀ ਜਦੋਂ ਕਰਮ ਨੇ ਬੁਰਾ ਜਿਹਾ ਮੂੰਹ ਬਣਾ ਕੇ ਮੈਥੋਂ
ਪੁੱਛਿਆ ਸੀ-
”ਚਾਚਾ ਜੀ!ਭਲਾਂ ਅੱਕ ਨਾਲੋਂ ਵੀ ਕੋਈ ਚੀਜ਼ ਕੌੜੀ ਹੋ ਸਕਦੀ ਐ?”।ਪਹਿਲਾਂ ਤਾਂ ਮੈਨੂੰ ਕੁਸ਼
ਸੁਝਿਆ ਈ ਨੀ ਸੀ।ਫੇਰ ਬੱਸ ਐਵੇਂ ਟਾਲਣ ਲਈ ਮੈਂ ਹਸਦਿਆਂ ਕਹਿ ਦਿੱਤਾ ਸੀ-
”ਮੈਨੂੰ ਕੀ ਪਤੈ।ਮੈਂ ਕਿਹੜਾ ਅੱਕ ਖਾ ਕੇ ਦੇਖਿਐ”-
”ਮੈਨੂੰ ਪਤੈ...‘ਮਰੀਕ ਸੂਬੇਦਾਰ ਦਾ ਹਾਸਾ...ਅੱਕ ਨਾਲੋਂ ਵੀ ਵੱਧ ਕੌੜੈ”-ਮੈਂ ਕਰਮ ਦੇ
ਮੂੰਹ ਵੱਲ ਦੇਖਦਾ ਰਹਿ ਗਿਆ ਸਾਂ-
”ਬੜੀ ਤਿੱਖੀ ਗੱਲ ਕਰਦੈ ਕਰਮ”,ਮੈਂ ਹਰਵੀਰ ਨੂੰ ਦੱਸਿਆ ਸੀ-”ਇਹਨੇ ਸੂਬੇਦਾਰ ਕਦ ਦੇਖ ਲਿਆ
ਹਸਦਾ”!-
” ਸੂਬੇਦਾਰ ਹਰਾਮੀ ਐ ਸਾਲਾ! ਕੱਚੀ ਅੰਬੀ ਕਹਿ ਕੇ ਇਹਨੂੰ ਅੱਕ ਦੀ ਕੁੱਕੜੀ ਤੇ ਦੰਦੀ ਵਢਾ
ਤੀ।ਜੁਆਕ ਥੂਹ ਥੂਹ ਕਰੇ, ਆਪ ਹਸੇ ... ਬਹੁਤਾ ਸਿਆਣਾ”
ਐਸ ਟੋਭੇ ਦੀਓ ਗੱਲ ਸੀ।ਐਥੇ ਕੁ ਈ ਕਿਤੇ ਸੂਬੇਦਾਰ ਦੇ ਹਾਸੇ ਨੂੰ ਦੇਖ ਕੇ ‘ਕਦੇ ਉਹਨੂੰ ਵੀ
ਅੱਕ ਚਬਾਉਣ‘ ਬਾਰੇ ਕਰਮ ਨੇ ਸੋਚਿਆ ਹੋਵੇਗਾ ਪਰ ਉਸਦੀ ਇਹ ਇੱਛਾ ਹਰਵੀਰ ਦੀ ਮੌਤ ਦੇ ਨਾਲ
ਅੱਕ ਦੇ ਫੰਭਿਆਂ ਵਾਂਗ ਹੀ ਉਡ ਗਈ ਸੀ।ਖਬਰੈ ਉਹ ਕੁੜੱਤਣ ਕਿੰਨੀ ਕੁ ਬਚੀ ਰਹਿ ਗਈ ਹੋਵੇਗੀ
ਜਦੋਂ ‘ਮੰਮਟੀ ਆਲੇ‘ ਨੂੰ ਦੇਖਣ ਖਾਤਰ ਕਰਮ ਨੇ ਸੂਬੇਦਾਰ ਦੇ ਗੇਟ ਦੀ ਅਰਲ ਖੜਕਾਈ
ਹੋਵੇਗੀ...
ਉਥੋਂ ਈ ਕਹਿੰਦੇ ਨੇ ਉਹਨੂੰ ‘ਮੰਮਟੀ ਆਲੇ‘ ਦੇ ਮਰਨ ਦੀ ਖਬਰ ਮਿਲੀ ਸੀ...
ਮੈਨੂੰ ਲਗਦਾ ਸੀ ਕਰਮ ਨੇ ਸੂਬੇਦਾਰ ਨੂੰ ਇਹ ਜ਼ਰੂਰ ਪੁੱਛਿਆ ਹੋਵੇਗਾ ਕਿ ਪਿੰਡੋਂ ਤਾਂ ਉਹ
ਆਇਐ...ਕੁੱਤੇ ਦੇ ਮਰਨ ਦੀ ਖਬਰ ਕੋਠੀ ‘ਚ ਕਿਵੇਂ ਪਹੁੰਚ‘ਗੀ!ਪਰ ਦੱਸਣ ਵਾਲਿਆਂ ‘ਚੋਂ ਕਿਸੇ
ਨੇ ਇਹ ਗੱਲ ਦੱਸੀ ਨੀ।ਜਿਹੜੇ ਕਰਮ ਨੂੰ ਮੈਂ ਜਾਣਦਾਂ ਉਹ ਤਾਂ ਗੱਲ ਦੀ ਉਹ ਤਹਿ ਕੱਢ
ਲਿਆਉਂਦਾ ਸੀ ਜਿਹੜੀ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਹੁੰਦੀ।ਇਕ ਗੱਲ ਤਾਂ ਮੇਰੇ ਅਜੇ
ਤੱਕ ਯਾਦ ਐ।ਮੇਰੇ ਕਨੇਡਾ ਜਾਣ ਤੋਂ ਪਹਿਲਾਂ ਦੀ ਗੱਲ ਐ।ਮੈਂ ਹਰਵੀਰ ਕੇ ਘਰ ਖੜ੍ਹਾ
ਸਾਂ।‘ਬਲਿਊ ਸਟਾਰ‘ ਹੋਏ ਨੂੰ ਬਹੁਤਾ ਚਿਰ ਨਹੀਂ ਸੀ ਹੋਇਆ...
”ਹਾਲ ਦੇਖ ਲੈ ਲੋਕਾਂ ਦਾ...”, ਲੰਘਿਆ ਜਾਂਦਾ ਮੇਜਰ ਕੱਬਾ ਮੈਨੂੰ ਦੇਖ ਕੇ ਰੁਕ ਗਿਆ ਸੀ ”
ਆਹੀ ਏਰੀਆ ਕਮਾਂਡਰ ਤੀ ਜਿਹਨੇ ਆਪਣਾ ਹਰਵੀਰ ਸਿਓਂ ਨੁਕਸਾਨਿਆ ਤੀ...ਹੁਣ ਸਾਰਾ ਪਿੰਡ ਓਸੇ
ਦੇ ਭੋਗ ਤੇ ਜਾਣ ਨੂੰ ਇਕ ਦੂਏ ਦੇ ਖੁਰ ਵੱਢਦਾ ਫਿਰਦੈ...ਲੀਡਰਾਂ ਦੀ ਹੇੜ ਪਹੁੰਚੂ ਉਹਨੂੰ
ਸ਼ਹੀਦ ਕਹਿਣ ਨੂੰ...ਅਖੇ ਹਰਿਮੰਦਰ ਸਾਹਿਬ ਦੀ ਰਾਖੀ ਲਈ ਸ਼ਹੀਦ ਹੋਇਐ”...ਉਹਨੇ ਗੁਰਦਵਾਰੇ
ਤੋਂ ਹੁੰਦੀ ‘ਅਨਾਊਂਸਮੈਂਟ‘ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ-
”ਬਲਿਊ ਸਟਾਰ ‘ਚ ਮਰਿਐ ? ਭੋਗ ਦਾ ਇਸ਼ਤਿਹਾਰ ਤਾਂ ਪੜ੍ਹਿਐ ਮੈ ਵੀ...” ਅਖਬਾਰ ‘ਚ ਛਪੀ ਇਕ
ਅਲੂਏਂ ਜਿਹੇ ਮੁੰਡੇ ਦੀ ਤਸਵੀਰ ਮੇਰੀਆਂ ਅੱਖਾਂ ਸਾਹਮਣੇ ਆਈ ਸੀ-
”ਮਰ ਗਿਆ?...ਚੰਗਾ ਹੋਇਆ...”,ਭਾਬੀ, ਕਰਮ ਦੀ ਮਾਂ, ਮੇਰੀ ਗੱਲ ਟੋਕ ਕੇ ਬੋਲੀ ਸੀ।
ਛਾਵੇਂ ਬੰਨ੍ਹਣ ਲਈ ਕੱਟੀ ਖਿੱਚੀ ਜਾਂਦੇ ਕਰਮ ਨੇ ਆਪਣੀ ਬੀਬੀ ਦੀ ਰੀਸ ‘ਚ ਦੋ ਤਿੰਨ ਵਾਰ
”ਚੰਗਾ ਹੋਇਆ,ਚੰਗਾ ਹੋਇਆ” ਕਿਹਾ ਸੀ-
”ਰੱਬ ਦੇਖਦੈ ਸਭ ਕੁਸ਼”-ਉਹ ਫੇਰ ਬੋਲੀ ਸੀ-”ਮੈਂ ਤਾਂ ਲੱਡੂ ਵੰਡੂੰ”-
ਹਰਵੀਰ ਦਾ ਬਾਪੂ ਪਲ ਭਰ ਲਈ ਭਾਬੀ ਦੀਆਂ ਅੱਖਾਂ ‘ਚ ਆ ਗਏ ਹੰਝੂ ਦੇਖਦਾ ਰਿਹਾ ਸੀ ਤੇ ਫਿਰ
ਭਰੇ ਗਲ਼ੇ ਨਾਲ ਬੋਲਿਆ ਸੀ-
”‘ਕੱਲਾ ਉਹ ਮੁੰਡਾ ਈ ਨੀ ਮਰਿਆ ਭਾਈ...ਸਿੱਖੀ ਖਾਤਰ ਜਾਨ ਦੇਣ ਵਾਲੇ ਯੋਧੇ ਵੀ ਵਥੇਰੇ
ਤੀ...ਬਹੁਤ ਨਿਦੋਸ਼ੇ ਵੀ ਮਰੇ ਨੇ...ਅਕਾਲ ਤਖਤ ਸਾਹਿਬ ਵੀ ਢਹਿ ਢੇਰੀ ਹੋਇਐ”- ਉਹਦੇ ਹੌਕੇ
‘ਚ ਉਹਦਾ ਦੁੱਖ ਸੁਣਿਆ ਸੀ,”ਨਹੀਂ ਜੀਅ ਤਾਂ ਐਓਂ ਕਰਦਾ ਤੀ ਬਈ ਕਿਤੇ ਮੈਨੂੰ ਟੱਕਰ
ਜਾਂਦਾ...ਕੀ ਕਰੀਏ...ਅਰਦਾਸ ਕਰੋ”-
”ਚਾਚਾ ਜੀ!...”,ਕੱਟੀ ਬੰਨ੍ਹ ਕੇ ਸਾਡੇ ਕੋਲ ਆ ਖੜ੍ਹਿਆ ਕਰਮ ਮੇਰੇ ਵੱਲ ਦੇਖ ਕੇ ਬੋਲਿਆ
ਸੀ-
”ਹੁਣ ਉਹਦੇ ਮੁੰਡੇ ਨੂੰ ਵੀ ਪੜ੍ਹਨੋਂ ਹਟਣਾ ਪਊ?”
ਸਵਾਲ ਸੁਣ ਕੇ ਅਸੀਂ ਸਾਰੇ ਸੁੰਨ ਹੋ ਗਏ ਸਾਂ।ਹੁਣ ਲੋਕ ਕਹਿੰਦੇ ਨੇ ਕਰਮ ‘ਮੰਮਟੀ ਆਲੇ‘ ਦੇ
ਮਰਨ ਦੀ ਖਬਰ ਸੁਣ ਕੇ ਚੁੱਪ ਕਰ ਕੇ ਆ ਗਿਆ ਸੀ।ਲੋਕ ਵੀ ਕੀ ਕਰਨ।‘ਮੰਮਟੀ ਆਲੇ‘ ਦੀ ਗੱਲ
ਦੱਸਦੇ ਆਪੋ ਆਪਣੇ ਕਿਆਫੇ ਲਾਈ ਜਾਂਦੇ ਨੇ...
***
ਮੈਂ ਪੱਤਾ ਖੱਬੇ ਹੱਥ ਬਦਲਦਾ ਹਾਂ...
***
ਚਿੜੀ ਨੂੰ ਸੂਬੇਦਾਰ ਦੇ ਗੋਰਖੇ ਦੀ ਗੱਲ ਤੇ ਯਕੀਨ ਨਹੀਂ ਸੀ ਆਇਆ।ਇਸੇ ਲਈ ਜਦੋਂ ਭਈਏ ਦੇ
ਮੋਢੇ ਨੂੰ ਥਾਪੜਦਾ ਆਪਣਾ ਹੱਥ ਚੱਕ ਕੇ ਸੂਬੇਦਾਰ ਨੇ ਉਹਨੂੰ ,”ਮੈਂ ਪੁਟਾਸ਼ ਦੇ ਪਾਉਨੈਂ
ਪਟਾਕੇ ਇਕ ਦੋ...ਤੂੰ ਐਨੇ ਭਈਏ ਨਾਲ ਪਨੀਰੀ ਰਖਾ ਦੇ ਹਲ਼ਾਂ ਤੇ” ਕਿਹਾ ਸੀ ਤਾਂ ਉਹ ਪਨੀਰੀ
ਰਖਾ ਕੇ ਆਪਣੀ ਮੋਟਰ ਤੇ ਨੂੰ ਜਾਣ ਦੀ ਥਾਂ ਪਿੰਡ ਨੂੰ ਈ ਤੁਰ ਆਇਆ ਸੀ।
ਮੰਮਟੀ ਤੇ ‘ਕੱਠ ਹੋਇਆ ਹੋਇਆ ਸੀ।ਜਥੇਦਾਰ ਤੇ ਮਾਸਟਰ ਸੰਤੋਖ ਬਹਿਸ ਰਹੇ ਸਨ-
”ਮੈਂ ਕਹਿਨੈਂ ਮੰਮਟੀ ਦੇ ਨਾਲ ਕਰਕੇ ਇਕ ਸਮਾਧ ਕੁੱਤੇ ਦੀ ਨਾ ਬਣਾ‘ਦੀਏ ਧੰਨਾ ਸਿਆਂ।ਨਾਲੇ
ਯਾਦਗਾਰਾਂ ਦਾ ਫੈਸ਼ਨ ਐ ਅੱਜ ਕੱਲ੍ਹ!” ਮੰਮਟੀ ਤੇ ਚੜ੍ਹਨ ਤੋਂ ਰੋਕਣ ਪਿੱਛੇ,ਚੌਂਕੀਦਾਰ ਨਾਲ
ਪਹਿਲਾਂ ਈ ਖਫਾ ਹੋਏ ਬੈਠੇ ਜਥੇਦਾਰ ਨੂੰ ਟਿੱਚਰ ਕੁਸ਼ ਜ਼ਿਆਦਾ ਈ ਤਿੱਖੀ ਲੱਗੀ-
”ਜਾਮੇ ‘ਚ ਰਹੀਦੈ ਸੰਤੋਖ ਸਿਆਂ...ਹੁਣ ਵਡਾਰੂਆਂ ਦੇ ਬਰਾਬਰ ਕੁੱਤਿਆਂ ਦੀਆਂ ਸਮਾਧਾਂ ਬਣਾਏ
ਗਿਓਂ...ਸ਼ਾਬਾਸ਼ੇ ਥੋਡੇ ਗਾਂਧੀ ਦੇ ਚੇਲਿਆਂ ਦੇ...?”
”ਨਹੀਂ, ਮੈਂ ਤਾਂ ਊਂ ਕਹਿਨੈਂ ਬਈ ਗੈਆਂ ਨਾਲੋਂ ਤਾਂ ਵੱਧੇ ਸੇਵਾ ਕੀਤੀ ਐ ਇਹਨੇ ਪਿੰਡ
ਦੀ...” ਜਦੋਂ ਦਾ ਮੁੱਖ ਮੰਤਰੀ ਸਾਹਿਬ ਨੇ ਜੋਗੇ ਦੇ ਬੁੱਚੜਖਾਨੇ ‘ਚ ‘ਸ਼ਹੀਦ‘ ਕੀਤੀਆਂ ਗਊਆਂ
ਦੀ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਸੀ, ਮਾਸਟਰ ਸੰਤੋਖ ਠਿੱਲ ਕਰਨ ਦਾ ਕੋਈ ਮੌਕਾ ਖੁੰਝਣ
ਨਹੀਂ ਸੀ ਦਿੰਦਾ।ਪਹਿਲਾਂ ਪਹਿਲਾਂ ਤਾਂ ਧੰਨਾ ਸਿਓਂ, ਸੰਤੋਖ ਦੇ ਉਸ ਮਾਸੜ ਦਾ ਹਵਾਲਾ ਦੇ ਕੇ
ਚੁੱਪ ਕਰਾ ਦਿੰਦਾ ਰਿਹਾ ਸੀ ਜੀਹਦਾ ਨਾਂ ਬੁੱਚੜਾਂ ਤੋਂ ਗਊਆਂ ਛੁਡਾਉਣ ਵਾਲੇ ਨਾਮਧਾਰੀ
ਸੂਰਮਿਆਂ ‘ਚ ਬੋਲਦਾ ਸੀ।ਪਰ ਜਦੋਂ ਉਹਨੂੰ ਲੱਗਿਆ ਬਈ ਗਊਆਂ ਦੀ ਯਾਦਗਾਰ ਸਰਪੰਚੀ ‘ਚ
ਹਿੰਦੂਆਂ ਦੇ ਚਾਰਾਂ ਘਰਾਂ ਦੀਆਂ ਵੋਟਾਂ ਦੁਆ ਸਕਦੀ ਐ ਤਾਂ, ਮੇਜਰ ਕੱਬੇ ਦਾ ਕਹਾਣਾ,
‘ਖਾੜਾ‘ ਭਖਣਾ ਸ਼ੂਰੂ ਹੋ ਗਿਆ ਸੀ।ਸੰਤੋਖ ਗੱਲ ਤੋਰਦਾ ਧੰਨਾ ਸਿਓਂ ਭਖ ਜਾਂਦਾ।
ਮੇਜਰ ਨੇ ਮਘਦੀ ਧੂਣੀ ‘ਚ ਫੂਕ ਮਾਰੀ ਸੀ-
”ਧੰਨਾ ਸਿਓਂ ਨੇ ਇਕ ਹੋਰ ਸਮਾਧ ਬਣਾ ਕੇ ਆਪ ਕੁਹਾੜੀ ਤੇ ਪੈਰ ਮਾਰਨੈ... ਕੋਈ ਹੋਰ ਕੁੱਤੇ
ਆਲੀ ਕਮੇਟੀ ਬਣਾ ਕੇ ਬਹਿ ਗਿਆ, ਧੰਨਾ ਸਿਓਂ ਦੀ ਮਾਇਆ ਦਾ ਤਾਂ ਅੱਧ ਰਹਿ ਜੂ...ਮੰਮਟੀ ਦੇ
ਸਾਰੇ ਜੱਗ-ਭੰਡਾਰੇ ਵੰਡੇ ਨਾ ਜਾਣਗੇ।ਨਹੀਂ ਕੀਹਨੂੰ ਨੀ ਪਤਾ ਬਈ ਇਹ ਦਰਵੇਸ਼ ਪਿੰਡ ਦਾ ਸਾਂਝਾ
ਜੀਅ ਤੀ”-
”ਤੂੰ ਮੇਜਰਾ ਕੁਸ਼ ਕਰਲੈ...ਸੂਬੇਦਾਰ ਨੂੰ ਚਰਾਂਦ ਦਾ ਪਟਾ ਨੀ ਲਿਖਾਉਣ ਦਿੰਦਾ ਨਗਰ”, ਧੰਨਾ
ਸਿਓਂ ਦੇ ਵੱਡੇ ਮੁੰਡੇ ਨੇ ਮੇਜਰ ਦੇ ਮੋਢੇ ਤੇ ਹੱਥ ਰੱਖਿਆ।ਉਹਨੇ ਉਡਦੀ ਉਡਦੀ ਜਿਹੀ ਖਬਰ
ਸੁਣੀ ਸੀ ਕਿ ਅਮਰੀਕ ਸੂਬੇਦਾਰ ਨਵੀਂ ਇਲੈਕਸ਼ਨ ਲਈ ਮੇਜਰ ਤੋਂ ਵੱਡੇ ਭਿੰਦਰ ਨੂੰ ਸ਼ਿੰਗਾਰ
ਰਿਹਾ ਸੀ।ਬਦਲੇ ‘ਚ ਭਿੰਦਰ ਨੇ ਸੂਬੇਦਾਰ ਦੀ ਕੋਠੀ ਮੂਹਰਲੀ ਸ਼ਾਮਲਾਤ ਉਹਨੂੰ ਨੜ੍ਹਿਨਵੇਂ
ਸਾਲੀ ਲਿਖਾਉਣੀ ਸੀ...
”ਮੈਂ ਕਿਸੇ ਦੀ ਸਰਪੰਚੀ ਦੀ ਢੂਹੀ ਨੀ ਮਾਰਦਾ...ਭਿੰਦਰ ਤੇ ਸੂਬੇਦਾਰ ਗੱਡ ਲੈਣ ਕੀਲੇ
ਨੜ੍ਹਿਨਵੇਂ ਸਾਲਾਂ ਖਾਤਰ ...ਆਪਾਂ ਤਾਂ ਕੰਮ ਕਰਕੇ ਟੁੱਕ ਖਾਣੈ...”, ਮੇਜਰ ਝਿਪਣ ਦੀ ਥਾਂ
ਸਿੱਧਾ ਹੋ ਗਿਆ ਤਾਂ ਖੜਕੇ ਦੜਕੇ ਦੀ ਆਸ ‘ਚ ਤਮਾਸ਼ਬੀਨਾਂ ਦੀ ਟੋਲੀ ਮੇਜਰ ਹੋਰਾਂ ਦੁਆਲੇ
‘ਕੱਠੀ ਹੋ ਗਈ।ਪਰ ਮੇਜਰ ਦਾ ਕਹਾਣਾ ‘ਪਟਾਕਾ‘ ਕਿਤੇ ਹੋਰ ਪੈ ਗਿਆ...
ਧੰਨਾ ਸਿਓਂ ਦੀ ਗਰਜ ਸੁਣੀ ਸੀ-
”ਚਲ ਹੱਥ ਲਾ ਕੇ ਦਿਖਾ ਕੁੱਤੇ ਨੂੰ...ਯਾਦਗਾਰ ਤਾਂ ਬਾਅਦ ਦੀ ਗੱਲ ਐ...” ਧੰਨਾ ਸਿਓਂ ਉੱਠ
ਕੇ ਖੜ੍ਹਾ ਹੋ ਗਿਆ ਸੀ-
”ਤੇਰਾ ‘ਕੱਲੇ ਦਾ ਤੀ ਕੁੱਤਾ!ਪਿੰਡ ਸਾਂਝਾ ਜੀਅ ਤੀ...ਜੇ ਐਕਣ ਐ...ਇਹਦੀ ਦਰਵੇਸ਼ ਦੀ ਧਿਰ
ਵੀ ਲੋਕ ਹੈਗੇ ਨੇ ਫੇਰ...ਸਮਾਧ ਬਣ ਕੇ ਹਟੂ...ਤੂੰ ਰੋਕ ਕੇ ਦਿਖਾਈਂ”-ਸੰਤੋਖ ਨੇ ‘ਕੱਠ ਵੱਲ
ਦੇਖਦਿਆਂ ਲਲਕਾਰਾ ਮਾਰਿਆ ਸੀ।
”ਆਹ ਤਾਂ ਹੋਈ ਨਾ ਗੱਲ!ਹੁਣ ਆਊ ਸੁਆਦ...ਕੁੱਤਾ ਮਰੇ ਤੋਂ ਬੰਦੇ ਕੁੱਤਿਆਂ ਮਾਂਗਣ ਨਾ ਲੜੇ
ਫੇਰ ਸਿਆਸਤ ਕਾਹਦੀ ਹੋਈ...”, ਮੇਜਰ ਨੇ ਭਵਿੱਖਬਾਣੀ ਕੀਤੀ ਸੀ...
***
ਮੈਂ ਪੱਤਾ ਸੱਜੇ ਹੱਥ ਬਦਲਦਾ ਹਾਂ...
***
”ਸਿਆਸਤ ਐ ਸੁਆਹ ਦੀ ਖੇਹ...”, ਹਰਵੀਰ ਦੇ ਬਾਪੂ ਨੇ ਮੇਜਰ ਦੀ ਗੱਲ ਦੇ ਅਰਥ ਮੈਨੂੰ ਸਮਝਾਏ
ਸੀ-
”ਮੇਜਰ ਗੱਲ ਕਰਦੈ ਖਰੀ।ਇਹ ਲੋਕ ਤਾਂ ਮੁਰਦਾਰ ਖਾਣ ਨੂੰ ਫਿਰਦੇ ਨੇ।ਮਾਸਟਰ ਸੰਤੋਖ ਅਰ ਧੰਨਾਂ
ਸਿਓਂ ਹੋਰੀਂ ਆਪਸ ਵਿਚ ਸਕੇ ਈ ਨੇ...ਚੌਧਰ ਤੇ ਮਾਇਆ ਦੀ ਖੇਡ ਐ... ਦੇਖ ਲੈ ਕਿਵੇਂ ਮਰਨ
ਮਾਰਨ ਤੇ ਉੱਤਰੇ ਨੇ।ਪਹਿਲਾਂ ਮੰਮਟੀ ਢਾਹੀ ਐ...ਹੁਣ ਬਾਬੇ ਬੰਦੇ ਦੀ ਨਸ਼ਾਨੀ ਮਿਟਾ ਕੇ
ਹਟਣਗੇ...ਆਪਣੇ ਤਾਂ ਗੁਰੂ ਮਾਹਰਾਜ ਦੀ ਥਾਂ ਸੌਂਹ ਵੀ ਕੰਧ ਦੀ ਖਾਂਦੇ ਰਹੇ ਨੇ
ਵਡਾਰੂ...ਮੰਨੂੰ ਦੇ ਕਿਸੇ ਅਹਿਲਕਾਰ ਦੇ ਮੁਜਾਰੇ ਤੀ ਆਪਾਂ ਤਾਂ... ਬਾਬੇ ਬੰਦੇ ਨੇ ਵੰਡੀਆਂ
ਤੀ ਵਾਹੁਣੇ ਆਲ਼ਿਆਂ ਨੂੰ ਜ਼ਮੀਨਾ...ਕੰਧ ਤਾਂ ਯਾਦਗਾਰ ਐ ਬਾਬੇ ਬੰਦੇ ਦੀ ਬਹਾਦਰੀ
ਦੀ...ਇਨਸਾਫ ਦੀ...ਤੈਨੂੰ ਮਨ ਦੀ ਦੱਸਾਂ!ਧਰਮ ਆਲੀ ਗੱਲ ਤਾਂ ਓਹਲੈ...ਬਾਬੇ ਬੰਦੇ ਦੀ ਅਸਲ
ਲੜਾਈ ਤਾਂ ਹੱਕ ਸੱਚ ਦੀ ਐ...ਥੁੜ੍ਹੇ ਦਾ ਯਾਰ ਐ ਬਾਬਾ...ਊਂ ਤੈਥੋਂ ਤਾਂ ਕੀ
ਭੁੱਲਿਐ...ਤੂੰ ਤਾਂ ਆਪ ਇਤਿਹਾਸ ਪੜ੍ਹਾਉਨੈ...ਇਹ ਵੱਡੇ ਕਾਰ ਸੇਵਾ ਆਲ਼ੇ ਕੰਧ ਢਾਹੁਣ ਨੂੰ
ਫਿਰਦੇ ਐ...ਲੋਹੜਾ ਦੇਖ!ਅਸਲੀ ਯਾਦਗਾਰ ਢਾਹੁਣ ਨੂੰ ਸੇਵਾ ਗਿਣਦੇ ਐ...ਆਉਣ ਆਲੀਆਂ ਕੁੱਲਾਂ
ਨੂੰ ਕੀ ਦਿਖਾਵਾਂਗੇ...ਆਪਣੇ ਹਰਵੀਰ ਦਾ ਲਹੂ ਵੀ ਓਥੇ ਈ ਡੁਲ੍ਹਿਐ...ਤੈਨੂੰ ਤਾਂ ਪਤਾ ਈ
ਐ...ਚਿੜੀ ਠੀਕ ਹੁੰਦਾ...!”
ਬਜ਼ੁਰਗ ਦੀਆਂ ਗੱਲਾਂ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ।ਮੱਧਕਾਲ ਬਾਰੇ ਗੱਲ ਕਰਦਾ ਮੈਂ ਅਕਸਰ
ਕਿਹਾ ਕਰਦਾ ਸਾਂ ਕਿ ਧਰਮ ਇਕ ਸੀਮਾ ਤੱਕ ਹੀ ਮਦਦਗਾਰ ਐ।ਨਕਾਰੋ ਵੀ ਨਾ...ਜਕੜੇ ਵੀ ਨਾ
ਜਾਓ...ਇਤਿਹਾਸ ਦੇ ਵਿਚੋਂ ਹੋ ਕੇ ਅੱਗੇ ਵਧੋ...ਕਿਸੇ ਨਵੇਂ ਸਿਧਾਂਤ ਦੀ ਨੀਂਹ
ਬਣਾਓ...ਸ਼ਾਇਦ ਕਦੇ ਸਬੱਬ ਬਣੇ...
...ਹਰਵੀਰ ਦੇ ਬਾਪੂ ਦੇ ਹੌਕੇ ਦਾ ਅਸਲੀ ਸੇਕ ਮੈਨੂੰ ਫਤਿਹਗੜ੍ਹ ਸਾਹਿਬ ਠੰਡੇ ਬੁਰਜ ‘ਚ
ਖੜ੍ਹੇ ਨੂੰ ਮਹਿਸੂਸ ਹੋਇਆ ਸੀ।ਗੁਰਦੁਆਰਾ ਸਾਹਿਬ ਦੀ ਨਵੀਂ ਉਸਾਰੀ ਬਿਲਡਿੰਗ ਦੇ ਸੰਗ ਮਰ-ਮਰ
ਵਿਚੋਂ ਮੈਨੂੰ ਆਪਣਾ ਮੂੰਹ ਤਾਂ ਦਿਸਿਆ ਸੀ ਪਰ ਇਤਿਹਾਸ ਦੀ ਉਹ ਚੀਸ ਦਿਲ ਵਿਚ ਨਹੀਂ ਸੀ
ਉਤਰੀ ਜਿਹੜੀ ਠੰਡੇ ਬੁਰਜ ਵੱਲ ਦੇਖਦਿਆਂ ਹੀ ਦਿਲ ਚੀਰ ਜਾਇਆ ਕਰਦੀ ਸੀ।ਉਦੋਂ ਹੀ ਕਥਾ-ਵਾਚਕ
ਦੇ ਸ਼ਬਦਾਂ ਨੇ ਮੇਰਾ ਧਿਆਨ ਖਿਚਿਆ ਸੀ-
”...ਗੁਰੂ ਸਵਾਰਿਓ!ਵਿਰਸਾ ਸਿਰਫ ਬੀਤ ਗਿਆ ਵਕਤ ਨਹੀਂ ਹੁੰਦਾ।ਕਿਸੇ ਕੌਮ ਦੀ ਦੇਹ ‘ਚ ਧੜਕਦਾ
ਦਿਲ ਹੁੰਦਾ ਹੈ।ਵਕਤ ਦੀਆਂ ਹਕੂਮਤਾਂ ਇਹਨਾ ਯਾਦਗਾਰਾਂ ਨੂੰ ਤੋੜ ਕੇ ਕੌਮਾਂ ਦੀ ਗੁਲਾਮੀ ਦਾ
ਰਾਹ ਪੱਧਰਾ ਕਰਿਆ ਕਰਦੀਆਂ ਹਨ।ਮੁਗਲਾਂ ਨੇ ਸੋਮਨਾਥ ਲੁੱਟਿਆ... ਹਰਿਮੰਦਰ ਪੂਰਿਆ...”
ਮੇਰੇ ਕੋਲ ਖੜ੍ਹੇ ਟੋਲੇ ‘ਚੋਂ ਇਕ ਬੰਦਾ ਅਚਾਨਕ ਹਸਕੇ ਬੋਲਿਆ ਸੀ:
”ਹੁੰ...ਮੁਗਲਾਂ ਦੀ ਕੀ ਲੋੜ ਐ।ਹੁਣ ਅਸੀਂ ਆਪੇ ਵਥੇਰੇ ਮੁਗਲ ਬਣੇ ਹੋਏ ਐਂ।ਕਾਰ ਸੇਵਾ ਵਾਲੇ
ਬਾਬੇ ਨੂੰ ਕਿਸੇ ਨੇ ਕਿਹਾ ਬਈ ਆਹ ਬੁਰਜ ਮਗਰਲਾ ਪਿੱਪਲ ਨਾ ਪੱਟੀਏ...ਬਾਬੇ ਮੋਤੀ ਮਹਿਰੇ ਦਾ
ਇਤਿਹਾਸ ਜੁੜਿਆ ਹੋਇਐ ਇਹਦੇ ਨਾਲ।ਬਾਬਾ ਕਹਿੰਦਾ ਪੱਟੋ ਪੱਟੋ ਪਰੇ...ਇਹਨੂੰ ਕਿਹੜਾ ਅੰਬ
ਲੱਗਣੇ ਐਂ”।
ਉਹਦੇ ਨਾਲ ਦੇ ਤਾਂ ਫਿੱਕਾ ਜਿਹਾ ਹਸ ਕੇ ਚੁੱਪ ਕਰ ਗਏ ਸਨ ਪਰ ਠੰਡੇ ਬੁਰਜ ਤੇ ਖੜ੍ਹੇ ਦੇ
ਮੇਰੇ ਪੈਰ ਮੱਚਣ ਲੱਗ ਪਏ ਸਨ।ਮੈਂ ਉੱਥੇ ਦੇਖਿਆ ਜਿੱਥੇ ਕਦੇ ਉਹ ਪਿੱਪਲ ਦਾ ਦਰਖਤ ਮਾਣ ਨਾਲ
ਝੂੰਮਦਾ ਹੁੰਦਾ ਸੀ,ਜਿਸ ਉੱਪਰ ਚੜ੍ਹ ਕੇ ਮੋਤੀ ਮਹਿਰਾ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ
ਆਇਆ ਸੀ। ਹੁਣ ਦੂਰ ਤੱਕ ਸੁੰਨ ਫੈਲੀ ਹੋਈ ਹੈ।ਜਿਵੇਂ ਕਿਸੇ ਨੇ ਇਤਿਹਾਸ ਦੀ ਪੋਥੀ ‘ਚੋਂ ਕੋਈ
ਵਰਕਾ ਪਾੜ ਦਿੱਤਾ ਹੋਵੇ।ਬਾਬਾ ਜੁਗਿੰਦਰ ਸਿਓਂ ਇੱਥੇ ਆ ਕੇ ‘ਦੁੱਧ ਪਿਲਾਉਣ ਦਾ ਸਾਕਾ‘ ਬਿਆਨ
ਕਰਦਾ ਤਾਂ ਹੱਥ ‘ਚ ਦੁੱਧ ਦੀ ਗੜਬੀ ਸਾਂਭੀ,ਪਿੱਪਲ ਦੀ ਟਾਹਣੀਓ ਟਾਹਣੀ ਫਿਰਦੇ ਤੇ ਉੱਚੀ
ਬੁਰਜੀ ਸਾਹਿਬਜ਼ਾਦਿਆਂ ਵੱਲ ਉਤਰਦੇ ਮੋਤੀ ਮਹਿਰੇ ਨੂੰ ਸਰੋਤਿਆਂ ਦੇ ਸਾਹਮਣੇ ਲੈ
ਆਉਂਦਾ।ਜਿੱਥੇ ਮੈਂ ਹੁਣ ਖੜ੍ਹਾ ਹਾਂ ਇੱਥੇ ਕੁ ਉਹ ਛੋਟੀਆਂ ਛੋਟੀਆਂ ਕੋਠੜੀਆਂ ਹੁੰਦੀਆਂ ਸਨ
ਜਿੱਥੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਕੈਦ ਰੱਖਿਆ ਗਿਆ ਸੀ, ਹੁਣ ਸੰਗਮਰਮਰ ਦੇ ਫਰਸ਼
ਤੇ, ਕੱਢੇ ਹੋਏ ਰੁਮਾਲਿਆਂ ‘ਚ ਮੜ੍ਹੀਆਂ,ਕਾਰ-ਸੇਵਾ ਵਾਲੇ ਬਾਬਿਆਂ ਵੱਲੋਂ ਰੱਖੀਆਂ ਟੋਕਰੀਆਂ
ਪਈਆਂ ਹਨ।ਸੁਤੇ ਸਿੱਧ ਹੀ ਮੇਰਾ ਧਿਆਨ ਪਿੰਡ ‘ਚ ਚੱਲ ਰਹੀ ਲੜਾਈ ਵੱਲ ਚਲਿਆ ਗਿਆ ਸੀ।ਹਰਵੀਰ
ਦੇ ਬਾਪੂ ਦੇ ਬੋਲਾਂ ਵਿਚਲਾ ਹਰਖ ਸਮਝ ਆਉਣ ਲੱਗਿਆ ਸੀ...
...ਮੈਂ ਖੜ੍ਹੇ ਪੈਰ ਪਿੰਡ ਮੁੜ ਆਇਆ ਸਾਂ।ਸਿੱਧਾ ਮੰਮਟੀ ਵਾਲੀ ਥਾਂ ਤੇ ਗਿਆ।ਮੰਮਟੀ ਦਾ ਤਾਂ
ਨਾਂ-ਥੇਹ ਵੀ ਕਿਤੇ ਨਹੀਂ ਸੀ।ਪਰ ਇਕ ਹੋਰ ਗੱਲ ਸੀ ਜਿਹਦੇ ਵੱਲ ਪਹਿਲਾਂ ਆਏ ਦਾ ਮੇਰਾ ਧਿਆਨ
ਹੀ ਨਹੀਂ ਸੀ ਗਿਆ।ਮੇਰੇ ਕਨੇਡਾ ਜਾਣ ਤੋਂ ਪਹਿਲਾਂ ਇੱਥੇ, ਮੰਮਟੀ ਵਾਲੇ ਥੜ੍ਹੇ ਦੇ ਨਾਲ
ਸਰਹੰਦੀ ਇੱਟਾਂ ਦੀ ‘ਬਾਬੇ ਦੀ ਕੰਧ‘ ਪੂਰੀ ਖੜ੍ਹੀ ਸੀ।ਪਰ ਹੁਣ ਅੱਧੀ ਢਹੀ ਕੰਧ ‘ਚ ਦੋ ਬੜੇ
ਬੜੇ ਮਘੋਰੇ ਦਿਸਦੇ ਨੇ।ਪਿੰਡ ਵਾਲੇ ਦੱਸਦੇ ਨੇ ਕਿ ਦੋ ਖਾੜਕੂ ਧਿਰਾਂ ਦੇ ਆਪਸੀ ਮੁਕਾਬਲੇ
ਦੌਰਾਨ ਕੰਧ ਅੱਧੀ ਢਹਿ ਗਈ ਸੀ...
ਇਸੇ ਕੰਧ ਦਾ ਰੌਲ਼ੈ ਪਿੰਡ ‘ਚ।ਨਵੀਂ ਉਸਾਰੀ ਦੀ ਸਕੀਮ ਲੋਕਾਂ ਦੇ ਦਿਲਾਂ ‘ਚ ਵਸੇ ਇਤਿਹਾਸ
ਨਾਲ ਟਕਰਾ ਰਹੀ ਹੈ। ਵਿਚ ਵਿਚ ਬੰਦੇ ਇਸ ਸਾਰੇ ਝਗੜੇ ਨੂੰ ਧੰਨਾਂ ਸਿਓਂ ਦੀ ਕਿਸੇ ਕਾਰ ਸੇਵਾ
ਵਾਲੇ ਬਾਬੇ ਨਾਲ ਸੇਵਾ ਦਿਵਾਉਣ ਦੀ ਹੋਈ ਗਿੱਟ-ਮਿੱਟ ਨਾਲ ਜੋੜਦੇ ਨੇ।ਜਦੋਂ ਮੰਮਟੀ ਦੀ ਗੱਲ
ਹੁੰਦੀ ਹੈ ਅਜਿਹੀਆਂ ਗੱਲਾਂ ਉਲਝਣ ਪੈਦਾ ਕਰ ਦਿੰਦੀਆਂ ਹਨ।ਘਟਨਾ ਦੀ ਅਸਲੀ ਗੱਲ ਰੌਲ਼ੇ ਗੌਲ਼ੇ
ਵਿਚ ਹੀ ਗੁਆਚ ਜਾਂਦੀ ਹੈ।ਅਜੇ ਤੱਕ ਕਿਸੇ ਨੂੰ ਵੀ ਵਿਚਲੀ ਗੱਲ ਦੀ ਸਮਝ ਨਹੀਂ
ਆਉਂਦੀ...ਕੁੱਤੇ ਦੇ ਮਰਨ ਤੋਂ ਲੈ ਕੇ ਝਗੜੇ ਤੱਕ ਆਉਂਦੇ ਆਉਂਦੇ ਵੀਹ ਗੱਲਾਂ ਬਦਲ ਜਾਂਦੀਆਂ
ਹਨ।ਪਰ ਇੱਕ ਗੱਲ ਪੱਕੀ ਐ, ਝਗੜਾ ਕਰਮ ਦੇ ਪਹੁੰਚਣ ਤੋਂ ਪਹਿਲਾਂ ਈ ਵਧ ਗਿਆ ਹੋਇਆ
ਸੀ...ਸੂਬੇਦਾਰ ਦੀ ਕੋਠੀ ‘ਚੋਂ ‘ਮੰਮਟੀ ਆਲੇ‘ ਦੀ ਮੌਤ ਦੀ ਖਬਰ ਸੁਣ ਕੇ ਉਹ ਸਿੱਧਾ ਮੰਮਟੀ
ਤੇ ਹੀ ਪਹੁੰਚਿਆ ਸੀ...
***
ਮੈਂ ਪੱਤਾ ਖੱਬੇ ਹੱਥ ਬਦਲਦਾ ਹਾਂ...
***
...ਚਿੜੀ ਨੂੰ ਤਾਂ ਪੂਰੀ ਗੱਲ ਸਮਝ ਵੀ ਨਹੀਂ ਸੀ ਆਈ। ਉਹਦਾ ਧਿਆਨ ਤਾਂ ਮੰਮਟੀ ਦੇ ਲਹਿੰਦੇ
ਪਾਸੇ ਵਾਲੇ ਆਲ਼ੇ ਦੇ ਮੂਹਰੇ ਪਏ ਕੁੱਤੇ ਦੀ ਲਹੂ ਲੁਹਾਣ ਦੇਹ ਨੇ ਮੱਲ ਲਿਆ ਹੋਇਆ ਸੀ।-
”ਮੂੰਹ ‘ਚ ਦਾਤੀ ਫੇਰ‘ਤੀ ਕਿਸੇ ਨੇ”,ਕਿਸੇ ਨੇ ਚਿੜੀ ਨੂੰ ਦੱਸਿਆ ਸੀ।ਚਿੜੀ ਚੌਂਤਰੇ ਤੇ
ਚੜ੍ਹਨ ਲੱਗਿਆ ਤਾਂ ਕੋਲ਼ ਖੜ੍ਹੇ ਚੌਂਕੀਦਾਰ ਨੇ ੳਹਦਾ ਹੱਥ ਫੜਕੇ ਕਿਹਾ-”ਸਰਪੰਚ ਨੂੰ ਆ
ਲੈਣਦੇ...”
ਸਰਪੰਚ ਦਾ ਨਾਂ ਆਉਂਦੀ ਸਾਰ ਜਥੇਦਾਰ ਬਹਿਸ ਛੱਡ ਕੇ ਚੌਕੀਦਾਰ ਦੇ ਗਲ਼ ਪੈ ਗਿਆ-
”ਤੇਰੇ ਸਮਝ ਨੀ ਆਉਂਦੀ...ਹੁਣ ਕੋਈ ਸਰਪੰਚ ਸਰਪੁੰਚ ਨੀ...ਸਾਰੀ ਪੰਚਾਇਤ ਖਿਲਾਫ ਬੇ-ਵਿਸਾਹੀ
ਮਤੇ ਤੇ ਪੈਣ‘ਗੀਆਂ ਵੋਟਾਂ”
”ਮਤਾਂ ਗਾਹਾਂ ਪਾਸ ਹੋ ਗਿਆ...ਓਨਾ ਚਿਰ ਤਾਂ ਸਰਪੰਚ ਹੈਗਾ ਈ...”, ਸੰਤੋਖ ਇਕ ਦਮ
ਬੋਲਿਆ...”ਉਹਨੂੰ ਆ ਲੈਣਦੇ ਚਿੜੀ...ਕਾਹਨੂੰ ਮੁੱਦਾ ਛੇੜਨੈ...”-
ਮੁੱਦਾ ਬਣੇ ਪਏ ‘ਮੰਮਟੀ ਆਲੇ‘ ਦੇ ਮੂੰਹ ‘ਚੋਂ ਵਗ ਕੇ, ਚੌਂਤਰੇ ਤੋਂ ਹੇਠ ਡਿਗਦੇ ਲਹੂ ਦੇ
ਟਾਵੇਂ ਟਾਵੇਂ ਤੁਪਕੇ ਨੇ ਚਿੜੀ ਦੀ ਸੁਰਤ ਮਾਰ ਦਿੱਤੀ ਸੀ।ਜਿਹੜੇ ਜੀਅ ਨੂੰ ਉਹ ਮੱਦਦ ਲਈ
ਖੇਤਾਂ ‘ਚ ਭਾਲਦਾ ਫਿਰਿਆ ਸੀ ਉਹ ਉਹਦੇ ਸਾਹਮਣੇ ਵੱਢਿਆ ਪਿਆ ਸੀ ।ਥੋੜ੍ਹੇ ਦਿਨ ਪਹਿਲਾਂ
ਗਊਆਂ ਨੂੰ ਝਈਆਂ ਲੈ ਲੈ ਪੈਂਦਾ ‘ਮੰਮਟੀ ਵਾਲਾ‘ ਉਹਦੇ ਸਾਹਮਣੇ ਚੌਫਾਲ ਪਿਆ ਸੀ।
ਕੁੱਤੇ ਦੀਆਂ ਇਕੋ ਟੱਕ ਦੇਖਦੀਆਂ ਅੱਖਾਂ ਨੇ ਉਹਦੇ ਹੌਲ ਪੈਣ ਲਾ ਦਿੱਤਾ ਸੀ ।ਉਹਨੂੰ ਯਕੀਨ
ਨਹੀਂ ਸੀ ਆ ਰਿਹਾ ਕਿ ਸਾਹਮਣੇ ਪਿਆ ਕੁੱਤਾ ਓਹੀ ਕਤੂਰਾ ਸੀ ਜਿਹਨੂੰ ਉਹ ਆਪਣੇ ਘਰ ਲੈ ਕੇ
ਗਿਆ ਸੀ...ਹੱਥੀਂ ਦੁੱਧ ਪਲ਼ਾਇਆ ਸੀ,ਗੋਦੀ ਚੱਕ ਕੇ ਖਿਡਾਇਆ ਸੀ... ....ਅਜੇ ਜਾਣੀ ਕੱਲ੍ਹ
ਦੀ ਗੱਲ ਸੀ ਜਦੋਂ ਸਵੇਰ ਦਾ ਦੀਵਾ ਲਾਉਣ ਆਏ ਚਿੜੀ ਨੇ ਮੰਮਟੀ ਦੇ ਚੌਂਤਰੇ ਤੇ ਇਕ ਕਤੂਰਾ
ਪਿਆ ਦੇਖਿਆ ਸੀ।ਗੋਹੇ ਮਿੱਟੀ ਨਾਲ ਲਿੱਪੇ ਗੂੜ੍ਹੇ ਖਾਕੀ ਚੋਂਤਰੇ ਤੇ ਰੂੰ ਦੇ ਗੋਹੜੇ ਵਰਗਾ
ਕਤੂਰਾ ਗੁੱਛਾ-ਮੁੱਛਾ ਹੋਇਆ ਪਿਆ ਸੀ।ਕੂਲ਼ਾ ਕੂਲ਼ਾ।ਨਰਮ ਨਰਮ।ਮਸਾਂ ਇਕ ਦਿਨ ਦਾ। ਅਜੇ ਅੱਖਾਂ
ਵੀ ਨਹੀਂ ਸੀ ਖੁੱਲ੍ਹੀਆਂ।ਚਿੜੀ ਨੇ ਬਚਾ ਕੇ ਚੁੱਕਿਆ ਤਾਂ ਕਤੂਰਾ ਚੀਂ ਚੀਂ ਜਿਹੀ ਕਰਕੇ
ਚਿੜੀ ਦੀਆਂ ਬਾਹਾਂ ‘ਚ ‘ਕੱਠਾ ਹੋ ਗਿਆ ਸੀ-
ਘਰ ਨੂੰ ਜਾਂਦੇ ਚਿੜੀ ਦੇ ਹੱਥ ‘ਚ ਫੜੇ ਕਤੂਰੇ ਦਾ ਦਿਲ ਚਿੜੀ ਦੇ ਪਿੰਡੇ ਨਾਲ ਲੱਗ ਕੇ
ਧੜਕਿਆ ਸੀ।ਹਰੇਕ ਧੜਕਣ ਨਾਲ ਪੈਂਦੇ ਹੌਲ ਦੀ ਚਿੜੀ ਨੂੰ ਸਮਝ ਨਹੀਂ ਸੀ ਆਈ।ਸਮਝ ਆਈ ਤਾਂ
ਉਹਦੇ ਹੱਥ ਪੈਰ ਝੂਠੇ ਪੈ ਗਏ ਸਨ।ਕਤੂਰੇ ਦੀਆਂ ਤੇਜ਼ ਤੇਜ਼ ਧੜਕਣਾਂ ਉਹਨੂੰ ਬਚਪਨ ‘ਚ ਲੈ ਗਈਆਂ
ਸਨ।ਬੜੀ ਦੇਰ ਹੋਈ ਉਹਨਾ ਦੀ ਪਿਆਰੀ ਕੁੱਤੀ ਭੂਰੀ ਨੂੰ ਕੋਈ ਹਲ਼ਕਿਆ ਕੁੱਤਾ ਮੂੰਹ ਲਾ ਗਿਆ
ਸੀ।ਭੂਰੀ ਨਾਲ ਲਾਡ ਲਡਾਉਣ ਵਾਲੇ ਸਾਰੇ ਜੀਆਂ ਲਈ ਮਾਸੂਮ ਭੂਰੀ ਮੰਜੇ ਦੇ ਪਾਵੇ ਨਾਲ ਬੰਨ੍ਹੀ
ਹੀ ‘ਕਾਲ਼‘ ਬਣ ਗਈ ਸੀ-
”ਦੱਸ ਹੁਣ ਇਹਦਾ ਮਾਸੂਮ ਦਾ ਕੀ ਕਰੀਏ...ਐਮੇ ਬਿੱਲੀ ਪਾਪ ਹੋਊ...ਇਹ ਤਾਂ ਕਦੇ ਘਰੋਂ ਬਾਹਰ
ਨੀ ਗਈ”, ਦਾਦੀ ਕਲਪੀ ਸੀ-
”ਨੀਲਾ ਥੋਥਾ ਦੇ ਦੋ...ਹੋਰ ਹੁਣ ਕੀ ‘ਲਾਜ ਐ...”, ਬਾਬੇ ਨੇ ਬਹੁਤ ਸੋਚ ਸਾਚ ਕੇ ਫੈਸਲਾ
ਲਿਆ ਸੀ-
ਪੂਰੀ ਦਿਹਾੜੀ ਘਰ ‘ਚ ਮਾਤਮ ਛਾਇਆ ਰਿਹਾ ਸੀ-
”ਕਿਤੇ ਦੂਰ ਛੱਡ ਆਉਨੇ ਐਂ...ਅੱਗੇ ਇਹਦੀ ਕਿਸਮਤ...”, ਚਿੜੀ ਕੇ ਦਿਹਾੜੀ ਆਏ ਭਾਗੀ ਨੇ ਵਿਚ
ਵਿਚਾਲੇ ਦਾ ਰਾਹ ਕੱਢ ਲਿਆ ਸੀ-
”ਤੂੰ ਬੋਰੀ ‘ਚ ਪਾ ਕੇ ਸਾਇਕਲ ਦੇ ਮਗਰ ਬੈਠ...ਕੋਟਲੇ ਦੀ ਝਿੜੀ ‘ਚ ਛੱਡ ਆਉਨੇ ਐਂ”...
ਬਿਨਾ ਕਿਸੇ ਵਿਰੋਧ ਤੋਂ, ਚਿੜੀ ਦੀ ਮਨਸ਼ਾ ਸਮਝ ਕੇ ਈ ਕੁੱਤੀ ਨੂੰ ਬੋਰੀ ‘ਚ ਵੜਦੀ ਦੇਖ ਕੇ
ਚਿੜੀ ਦੀ ਬੀਬੀ ਦੀ ਭੁੱਬ ਨਿਕਲ ਗਈ ਸੀ-
”ਲੈ ਫੋਟ! ਗਾਹਾਂ ਕੁੜੀ ਤੋਰਨ ਲੱਗੀ ਐਂ”, ਅੱਖਾਂ ਤੇ ਚੁੰਨੀ ਦਾ ਲੜ ਫੇਰਦੀ ਦਾਦੀ ਦੀ ਗੱਲ
ਤੇ ਸਾਰੇ ਰੋਣ ਵਾਂਗੂੰ ਹਸੇ ਸਨ।ਬੋਰੀ ਦਾ ਮੂੰਹ ਖੁੱਲ੍ਹਾ ਜਿਹਾ ਫੜ ਕੇ ਚਿੜੀ ਭਾਗੀ ਦੇ
ਸਾਈਕਲ ਤੇ ਬਹਿ ਗਿਆ ਸੀ।
ਬੈਠਣ ਤੋਂ ਬਾਅਦ ਹੀ ਉਹਦੇ ਹੱਥ ਨੂੰ ਭੂਰੀ ਦਾ ਜੋਰ ਜੋਰ ਨਾਲ਼ ਧੜਕਦਾ ਦਿਲ ਮਹਿਸੂਸ ਹੋਇਆ
ਸੀ।ਭੂਰੀ ਦੀ ਚੂੰ ਚੂੰ ਐਨੀ ਜਿਆਦਾ ਡਰੀ ਹੋਈ ਸੀ ਕਿ ਹੱਥ ਦੀ ਹਲਕੀ ਜਿਹੀ ਦਾਬ ਨਾਲ ਹੀ
ਉਹਨੇ ਛੁੱਟਣ ਲਈ ਜ਼ੋਰ ਮਾਰਨਾ ਬੰਦ ਕਰ ਦਿੱਤਾ ਸੀ-
”ਖਬਰੈ ਕੁੱਤਾ ਨਾ ਏ ਹਲ਼ਕਿਆ ਹੋਵੇ...ਮੁੜ ਨਾ ਚੱਲੀਏ ਵੀਰੇ”, ਚਿੜੀ ਨੇ ਭਾਗੀ ਦੀ ਮਿੰਨਤ
ਕੀਤੀ ਸੀ-
”ਐਵੇਂ ਟੱਬਰ ਨਾ ਗਾਲ਼ ਕੇ ਬਹਿਜੀ‘ਏ...ਦਿਲ ਕੈੜਾ ਰੱਖ”।
ਬੋਰੀ ‘ਚੋਂ ਨਿਕਲ ਕੇ ਖੁਸ਼ੀ ‘ਚ ਪੂੰਛ ਹਿਲਾਉਂਦੀ ਭੂਰੀ ਨੂੰ ਟਾਹਲੀ ਨਾਲ ਬੰਨ੍ਹਣ ਦੀ ਸਲਾਹ
ਤੇ ਚਿੜੀ ਦੀ ਕਰੜਾਈ ਫੇਰ ਡੋਲ ਗਈ ਸੀ-
”ਮੈਂ ਕਹਿਨੈਂ ਬੰਨ੍ਹੀਏ ਨਾ...ਭੁੱਖੀ ਮਰਜੂ...ਹੁਣ ਕਿਹੜਾ ਇਹਨੂੰ ਕਿਸੇ ਨੇ ਰੋਟੀ ਪਾਉਣੀ
ਐਂ...”
”ਗੱਲ ਤਾਂ ਤੇਰੀ ਠੀਕ ਐ...ਪਰ ਨਾ ਬੰਨ੍ਹੀ ਤਾਂ ਮਗਰ ਆਊ... ਚਲ ਅੱਕ ਨਾਲ਼ ਬੰਨ੍ਹ ਦਿੰਨੇ
ਐਂ...ਜਦ ਨੂੰ ਰੱਸੀ ਤੁੜਾਊ ਜਾਂ ਅੱਕ ਪੱਟ ਹੋਊ, ਆਪਾਂ ਦੂਰ ਲੰਘਜਾਂ‘ਗੇ”
ਸੇਬਿਆਂ ਦੀ ਵੱਟੀ ਹੋਈ ਰੱਸੀ ਭੂਰੀ ਦੇ ਗਲ਼ ‘ਚ ਪਾ ਕੇ ਅੱਕ ਨਾਲ਼ ਬੰਨ੍ਹਣ ਲੱਗਿਆ ਚਿੜੀ ਰੋ
ਪਿਆ ਸੀ।ਭੂਰੀ ਦੇ ਪਿੰਡੇ ਤੇ ਹੱਥ ਫੇਰਦਾ ਉਹ ਭੁੱਲ ਹੀ ਗਿਆ ਸੀ ਕਿ ਉਹ ਹਲ਼ਕੇ ਹੋਏ ਕੁੱਤੇ
ਨੇ ਵੱਢੀ ਹੋਈ ਸੀ।
ਪਿੰਡ ਨੂੰ ਮੁੜਨ ਦੀ ਥਾਂ ਉਹ ਭੂਰੀ ਨੂੰ ਭੁਲੇਖਾ ਦੇਣ ਖਾਤਰ ਸਾਹਮਣੇ ਪਹੇ ਈ ਲੰਘ ਗਏ
ਸਨ।ਰੱਸੀ ਤੁੜਾਉਣ ਲਈ ਤਾਂਘੜਦੀ ਭੂਰੀ ਉਹਨਾ ਵੱਲ ਮੂੰਹ ਕਰਕੇ ਜੋਰ ਨਾਲ਼ ਭੌਂਕੀ ਸੀ।ਭੂਰੀ ਦੇ
ਖਿੱਚਣ ਨਾਲ ਚਿੜੀ ਹੋਰਾਂ ਵੱਲ ਟੇਢਾ ਹੋਏ ਅੱਕ ਦੇ ਹਿਲਦੇ ਹਰੇ ਪੱਤੇ ਅਤੇ ਦੂਰ ਤੱਕ ਪਿੱਛਾ
ਕਰਦੀ ਭੂਰੀ ਦੀ ਲੇਰ ਸਦਾ ਲਈ ਚਿੜੀ ਦਾ ਡਰਾਉਣਾ ਸੁਪਨਾ ਬਣ ਗਏ ਸਨ।ਉਸ ਦਿਨ ਪਹਿਲੀ ਵਾਰ
ਚਿੜੀ ਨੇ ਆਪਣੇ ਭਾਪੇ ਦੀ ਰੱਖੀ ਹੋਈ ਪੁਟਾਸ਼ ਅਤੇ ਚਿੱਟਾ ਪਾਊਡਰ ਮਿੱਟੀ ਵਿਚ ਗੁੰਨ੍ਹ ਕੇ
‘ਮੁੱਠੀਆਂ‘ ਬਣਾਈਆਂ ਸਨ।
ਓਹੀ ਭੂਰੀ ਅਜੇ ਤੱਕ ਘਰ ਦੇ ਜੀਆਂ ਦੇ ਮਨਾਂ ਦੇ ਕਿਸੇ ਨਾ ਕਿਸੇ ਕੋਨੇ ਵਿਚ ਬੈਠੀ ਸੀ।ਚਿੜੀ
ਦੇ ਮਨ ਦਾ ਉਹੀ ਕੋਨਾ ਬੋਲ ਪਿਆ ਸੀ-
”ਕਦੋਂ ਦੀ ਮਰ‘ਗੀ ਹੋਣੀ ਐ ਹੁਣ ਤੱਕ ਤਾਂ ”, ਘਰ ਲਿਆ ਕੇ ਕਤੂਰੇ ਨੂੰ ਰੂੰ ਦੀ ਬੱਤੀ ਨਾਲ
ਦੁੱਧ ਪਿਲਾਉਂਦਾ ਚਿੜੀ ਬੋਲਿਆ ਸੀ-
”ਕੌਣ ਮਰਗੀ!”, ਚੁੱਲ੍ਹੇ ਤੋਂ ਚਾਹ ਲਾਹੁਣ ਲਈ ਪਤੀਲੇ ਨੂੰ ਪਾਇਆ ਹੱਥ ਥਾਏਂ ਰੋਕ ਕੇ ਚਿੜੀ
ਦੀ ਬੀਬੀ ਨੇ ਪੁੱਛਿਆ ਸੀ-
”ਭੂਰੀ...ਆਪਣੀ...”, ਕਤੂਰੇ ਦੀਆਂ ਵਾਛਾਂ ‘ਚੋਂ ਚੋ ਗਿਆ ਦੁੱਧ ਪੂੰਝਦਿਆਂ ਚਿੜੀ ਨੇ ਜਵਾਬ
ਦਿੱਤਾ -
”ਕੀ ਪਤੈ...ਇੱਥੇ ਕੀਹਦਾ ਭਰੋਸੈ...ਇਹਨੂੰ ਮੰਮਟੀ ਤੇ ਈ ਛੱਡ ਆਈਂ...ਫੇਰ ਜੀਆਂ ਨਾਲ ਮੋਹ
ਪੈ ਜਾਂਦੈ”।ਇਕ ਦਮ ਬਲ਼ ਪਈਆਂ ਛਟੀਆਂ ਨੂੰ ਸੁਆਹ ‘ਚ ਰਗੜ ਕੇ ਬੁਝਾਉਂਦਿਆਂ ਬੀਬੀ ਨੇ ਕਿਹਾ
ਸੀ।
ਮੋਹ ਤਾਂ ਚਿੜੀ ਦਾ ਕਤੂਰੇ ਨਾਲ ਫੇਰ ਵੀ ਪੈ ਹੀ ਗਿਆ ਸੀ।ਬੜੀ ਦੇਰ ਚਿੜੀ ਉਹਨੂੰ ਘਰ ਲਿਆ ਕੇ
ਦੁੱਧ ਪਲਾਉਂਦਾ ਰਿਹਾ ਸੀ।ਫੇਰ ਪਤਾ ਨੀ ਕਦੋਂ ਉਹ ‘ਮੰਮਟੀ ਆਲਾ‘ ਬਣ ਗਿਆ ਸੀ। ਤੇ ਹੁਣ ਉਹ
ਐਨ ਓਵੇਂ ਪਿਆ ਸੀ ਜਿਵੇਂ ਲੋਕਾਂ ਦਾ ਮਾਰਿਆ ਉਹ ਕੁੱਤਾ ਪਿਆ ਪਿਆ ਸੀ ਜਿਹਨੇ ਭੂਰੀ ਨੂੰ
ਮੂੰਹ ਲਾਇਆ ਸੀ।ਸੱਜੇ ਪਾਸੇ ਭਾਰ।ਪਿਛਲੀਆਂ ਲੱਤਾਂ ਪੂਰੀਆਂ ਖੁੱਲ੍ਹੀਆਂ ਤੇ ਮੂੰਹ ਲਹੂ ਨਾਲ
ਭਰਿਆ ਹੋਇਆ...
...”ਤੇਰੇ ਲੱ‘ਗਿਆ ਮੂੰਹ ਨੂੰ ਲਹੂ...”,ਮਾਸਟਰ ਦੀ ਹਰਖੀ ਹੋਈ ਆਵਾਜ਼ ਨੇ ਚਿੜੀ ਦੇ ਖਿਆਲ
ਆਉਂਦੀ ਆਉਂਦੀ ਇਹ ਗੱਲ ਭੁਲਾ ਹੀ ਦਿੱਤੀ ਕਿ ‘ਮੰਮਟੀ ਆਲਾ‘ ਜਿਉਂਦਾ ਹੋ ਸਕਦਾ ਸੀ।ਮੂੰਹ ਤੋਂ
ਬਿਨਾ ਹੋਰ ਕੋਈ ਸੱਟ ਨਹੀਂ ਸੀ ਦਿਸਦੀ।ਪਰ ਹੁਣ ‘ਕੱਠ ਮੰਮਟੀ ਵੱਲ ਨਹੀਂ ਇਕ ਦੂਜੇ ਦੇ
ਸਾਹਮਣੇ ਤਣੇ ਖੜ੍ਹੇ ਜਥੇਦਾਰ ਤੇ ਸੰਤੋਖ ਦੇ ਸਮਰਥਕਾਂ ਦੁਆਲੇ ਸੀ।
***
ਮੈਂ ਪੱਤਾ ਸੱਜੇ ਹੱਥ ਬਦਲਦਾ ਹਾਂ...
***
...ਇਥੇ ਆ ਕੇ ਲੋਕਾਂ ਦੀ ਬੁਣੀ ਕਹਾਣੀ ਬਿਖਰ ਜਾਂਦੀ ਹੈ।ਕਿੰਨੇ ਬੰਦਿਆਂ ਤੋਂ ਪੁੱਛਣ ਦੇ
ਬਾਵਜੂਦ ਉਹਨਾ ਘਟਨਾਵਾਂ ਦੇ ਕਾਰਨ ਤੇ ਦ੍ਰਿਸ਼ ਮੇਰੇ ਗੇੜ ‘ਚ ਨਹੀਂ ਆਉਂਦੇ ਜਿਹਨਾ ਦਾ ਜ਼ਿਕਰ
ਲੋਕ ਉਸ ਦਿਨ ਦੀਆਂ ਗੱਲਾਂ ਵਿਚ ਕਰਦੇ ਹਨ।ਹਾਜਰ ਬੰਦੇ ਵੀ ਕੋਈ ਇਕ ਗੱਲ ਨਹੀਂ ਕਹਿੰਦੇ।ਬੱਸ
ਹਰੇਕ ਕਹਾਣੀ ਵਿਚ ਸਾਂਝੀ ਗੱਲ ਇਹ ਹੈ ਕਿ ਉਸ ਦਿਨ ਅਚਾਨਕ ‘ਮੰਮਟੀ ਆਲੇ‘ ਦੀਆਂ ਉਹ ਉਹ
ਕਰਾਮਾਤਾਂ ਸਾਹਮਣੇ ਆਉਣ ਲੱਗੀਆਂ ਕਿ ਲੋਕਾਂ ਨੂੰ ਉਹ ‘ਪੀਰ‘ ਨਜ਼ਰ ਆਉਣ ਲੱਗ ਪਿਆ-
”ਉਹ ਤਾਂ ਕੋਈ ਪਿਛਲੇ ਜਰਮ ਦਾ ਦਰਵੇਸ਼ ਤੀ ਦਰਵੇਸ਼...”, ਕੱਲ੍ਹ ਨਾਈਆਂ ਦਾ ਪੀਤਾ ਮੈਨੂੰ ਕਹਿ
ਰਿਹਾ ਸੀ...”ਜਾਹ!ਜੇ ਸਿੱਟੀ ਹੋਈ ਬੁਰਕੀ ਨੂੰ ਮੂੰਹ ਲਾ ‘ਜਵੇ”...
”ਲੈਅ...ਮੈਖਿਆ ਸਿੱਟੀ ਹੋਈ ਰੋਟੀ!...ਤਿਹਾਇਆ ਭਾਮੇ ਮਰ ਜਾਂਦਾ...ਰੱਬ ਦੇ ਬੰਦੇ ਨੇ ਨਾਲ਼ੀ
ਆਲੇ ਪਾਣੀ ਨੂੰ ਮੂੰਹ ਨੀ ਤੀ ਲਾਇਆ ਕਦੇ...
‘ਮੰਮਟੀ ਆਲੇ‘ ਦੀਆਂ ਕਰਾਮਾਤਾਂ ‘ਚ ਇਕ ਹੋਰ ਕਰਾਮਾਤ ਦੇ ਸਾਰੇ ਗਵਾਹ ਸਨ...ਉਹ ਹਮੇਸ਼ਾ ਇਕ
ਘਰ ਜਾ ਕੇ ਰੋਟੀ ਖਾਂਦਾ... ”ਸ਼ਿਵਦੁਆਲੇ ਆਲੇ ਸਾਧ ਮਾਂਗਣ...ਦੂਆ ਘਰ ਨੀ ਤੀ ਮੰਗਿਆ
ਕਦੇ...” ਲੋਕ ਦੱਸਦੇ...
ਅਜਿਹੇ ਰੱਬੀ ਜੀਅ ਵਾਸਤੇ ਲੋਕਾਂ ਦਾ ਲੜ-ਮਰਨ ਲਈ ਤਿਆਰ ਹੋ ਜਾਣਾ ਮੇਰੇ ਸਮਝ ਆਉਂਦਾ ਸੀ...
ਇਕ ਗੱਲ ਹੋਰ ਪੱਕੀ ਐ।ਹੱਥੋ ਪਾਈ ਦੀ ਪਹਿਲੀ ਘਟਨਾ ਦੁਪਹਿਰੇ ਤਿੰਨ ਵਜੇ ਵਾਪਰੀ... ਦਿਆਲ ਕਾ
ਸੱਤਾ ਸਣੇ ਜੁੱਤੀ ਮੰਮਟੀ ਦੇ ਥੜ੍ਹੇ ਤੇ ਜਾ ਚੜ੍ਹਿਆ।ਸਰਪੰਚ ਦੇ ਘਰਾਂ ‘ਚੋਂ, ਕਿਸੇ ਮੁੰਡੇ
ਨੇ ਉਹਦੀ ਬਾਂਹ ਖਿੱਚੀ...ਤੇ ਬੱਸ! ਪਤਾ ਨੀ ਕੀਹਨੇ, ਕੀਹਦੇ, ਕੀ ਮਾਰਿਆ...ਬੰਦੇ ਤਿੰਨ
ਜ਼ਖਮੀ ਹੋ ਗਏ...
ਇਤਲਾਹ ਵੀ ਪਤਾ ਨਹੀਂ ਲਗਦਾ ਕੀਹਨੇ ਕੀਤੀ। ਦੁਪਹਿਰੇ ਜਦੋਂ ਪੁਲੀਸ ਫੋਰਸ ਪਹੁੰਚੀ, ਦੋ
ਹਿੰਸਕ ਧੜਿਆਂ ਵਿਚ ਵੰਡਿਆ ਪਿੰਡ ਗੁੱਸੇ ਵਿਚ ਉੱਬਲ ਰਿਹਾ ਸੀ।ਇਸ ਗੱਲ ਦਾ ਕਿਸੇ ਨੂੰ ਪਤਾ
ਵੀ ਨਹੀਂ ਲੱਗਿਆ ਕਿ ਉਹ ਜਿੱਧਰ ਸੀ ਓਧਰ ਕਿਓਂ ਸੀ ਤੇ ਜਥੇਦਾਰ ਅਤੇ ਸੰਤੋਖ ਸਿਓਂ ਕਦੋਂ ਸੀਨ
ਤੋਂ ਲਾਂਭੇ ਹੋ ਗਏ ਸਨ-
”ਮੈਂ ਤਾਂ ਪਹਿਲਾਂ ਈ ਕਿਹਾ ਤੀ, ਲੋਕਾਂ ਨੂੰ ਭੜਾ ਕੇ ਮਾਰਨਗੇ...ਮਾਰਿਆ ਗਿਆ ਦਰਵੇਸ਼
ਚਿੜੀ...”, ਦੁਖੀ ਹੋਇਆ ਮੇਜਰ ਮੇਰੇ ਕੋਲ ਰੋ ਪਿਆ ਸੀ ...।ਮਾਸਟਰ ਤੇ ਧੰਨਾਂ ਸਿਓਂ ਸਭ
ਜਾਣਦੇ ਨੇ...ਇਕ ਦੂਜੇ ਨੂੰ ਕਹੀ ਜਾਂਦੇ ਨੇ...ਦੋਹਾਂ ਦੇ ਬੰਦੇ ਤੀ ਥੜ੍ਹੇ ਤੇ...”
***
ਮੈਂ ਪੱਤਾ ਖੱਬੇ ਹੱਥ ਬਦਲਦਾ ਹਾਂ...
***
ਜੋਗੇ ਦੇ ਰੌਲ਼ੇ ਤੋਂ ਡਰੇ ਐਸ.ਐਸ.ਪੀ,ਨੇ ਖਬਰਾਂ ਸੁਣਦੀ ਸਾਰ ਡੀ.ਐਸ.ਪੀ. ਮੌਕੇ ਤੇ
ਭੇਜਿਆ।ਉਹਨੇ ਆਉਂਦੀ ਸਾਰ ਥਾਣੇਦਾਰ ਨੂੰ ਝਿੜਕਿਆ ।ਮੁੱਦਾ ਪਰੇ ਹਟਾਉਣ ਲਈ ‘ਮੰਮਟੀ ਆਲੇ‘ ਦੀ
ਦੇਹ ਉਹਨੇ ਆਪਣੀ ਨਿਗਰਾਨੀ ਹੇਠ ਹਸਪਤਾਲ ਲਈ ਰਵਾਨਾ ਕਰ ਦਿੱਤੀ।ਜਿਉਂ ਹੀ ਪੁਲੀਸ ਚੌਂਤਰੇ
ਤੋਂ ਪਰੇ ਹੋਈ, ਲੋਕ ਚੌਂਤਰੇ ਤੇ ਜਾ ਚੜ੍ਹੇ।ਡੀ.ਐਸ.ਪੀ. ਨੂੰ ਭੀੜ ਨਾਲ ਗੱਲ ਹੇਠ ਖੜ੍ਹਕੇ
ਹੀ ਕਰਨੀ ਪਈ-
”ਪਿੰਡ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਆਪੋ ਆਪਣੇ ਘਰਾਂ ਨੂੰ ਵਾਪਿਸ ਮੁੜ ਜਾਣ।ਪ੍ਰਸ਼ਾਸ਼ਨ
ਪਤਵੰਤਿਆਂ ਦੀ ਸਲਾਹ ਨਾਲ ਮਸਲੇ ਦਾ ਉਹ ਹੱਲ ਲੱਭ ਲਵੇਗਾ ਜੋ ਸਾਰਿਆਂ ਨੂੰ ਮਨਜ਼ੂਰ ਹੋਵੇ।ਇਹ
ਵੀ ਹੋ ਸਕਦੈ ਕੁੱਤਾ ਜ਼ਿੰਦਾ ਹੋਵੇ”...-
ਡੀ.ਐਸ.ਪੀ. ਦੀ ਗੱਲ ਅਜੇ ਵਿਚਾਲੇ ਹੀ ਸੀ ਕਿ ਚੌਂਤਰੇ ਤੇ ਰੌਲ਼ਾ ਪੈ ਗਿਆ-
”ਮੰਮਟੀ ਢਾਹ ‘ਤੀ...ਕਿਸੇ ਨੇ...”, ਭੀੜ ਨੇ ਭਿੰਦਰ ਦੀ ਸੁੰਨ ਕਰ ਦੇਣ ਵਾਲੀ ਆਵਾਜ਼ ਸੁਣੀ
ਸੀ।ਥਾਣੇਦਾਰ, ਡੀ.ਐਸ.ਪੀ. ਦੇ ਇਸ਼ਾਰੇ ਤੇ ਚੌਂਤਰੇ ਵੱਲ ਵਧਿਆ । ਉਦੋਂ ਹੀ ਭੀੜ ਵਿੱਚੋਂ
ਕਿਸੇ ਨੇ ਪੁਲੀਸ ਵੱਲ ਇਟਰੋੜਾ ਵਗਾਹ ਮਾਰਿਆ ਤੇ ਫੇਰ...ਫੇਰ ਕਿਸੇ ਨੂੰ ਕੋਈ ਪਤਾ ਨਹੀਂ ਕੀ
ਹੋਇਆ...
...ਜਦੋਂ ਨੂੰ ਜਥੇਦਾਰ ਤੇ ਉਹਤੋਂ ਇਕ ਦਮ ਬਾਅਦ ਹੀ ਮਾਸਟਰ ਸੰਤੋਖ ਪਹੁੰਚੇ ਤਾਂ ਮੰਮਟੀ ਢਹੀ
ਪਈ ਸੀ ਤੇ ਚਿੜੀ ਪੁਲੀਸ ਦੀ ਗੋਲ਼ੀ ਨਾਲ਼ ਜ਼ਖਮੀ ਹੋਈ ਬਾਂਹ ਫੜੀ, ਡਿਗਿਆ ਪਿਆ ਸੀ...
ਓਦੋਂ ਬਾਅਦ ਬਾਜ਼ੀ ਧੰਨਾ ਸਿਓਂ ਦੇ ਹੱਥ ‘ਚ ਸੀ।ਤੁਰਤ-ਫੁਰਤ ਬਣੀ ਕਮੇਟੀ ਨੇ ਢਹੀ ਹੋਈ ਮੰਮਟੀ
ਦੁਆਲੇ ਘੇਰਾ ਪਾਕੇ ਪੁਲੀਸ ਨੂੰ ਉਹਦੇ ਤੱਕ ਪਹੁੰਚਣ ਤੋਂ ਰੋਕ ਦਿੱਤਾ ਸੀ ਤੇ ਗੋਲੀ ਚਲਾਉਣ
ਵਾਲੇ ਸਿਪਾਹੀ ਦੀ ਗਰਿਫਤਾਰੀ ਲਈ ਮੋਰਚਾ ਲੱਗ ਗਿਆ ਸੀ...
ਚਿੜੀ ਨੂੰ ਹੁਣ ਤੱਕ ਵੀ ਯਾਦ ਨਹੀਂ ਕਿ ਬੇ-ਹੋਸ਼ ਹੋਏ ਨੂੰ ਹਸਪਤਾਲ ਕੌਣ ਲੈ ਕੇ ਗਿਆ
ਸੀ।ਗੋਲੀ ਦੇ ਖੜਕੇ ਤੋਂ ਬਾਅਦ ਛਾਈ ਸੁੰਨ ਦੂਜੇ ਦਿਨ ਤੱਕ ਫੈਲ ਗਈ ਸੀ...
ਦੂਜੇ ਦਿਨ...
...ਉੱਪਰੋਥਲੀ ਵਾਪਰੀਆਂ ਘਟਨਾਵਾਂ ਦਾ ਸੇਕ ਹੰਢਾ ਰਹੇ ਪਿੰਡ ਦੇ ਬੱਦਲ ਰਹਿਤ ਅਸਮਾਨ ਤੇ
ਦੂਜੇ ਦਿਨ ਦਾ ਸੂਰਜ ਚੜ੍ਹਦਿਆਂ ਹੀ ਤਪਣ ਲੱਗ ਪਿਆ ਸੀ। ਹਰ ਪਲ ਵਧਦੀ ਤਪਸ਼ ਹੇਠ ਇਕ ਪਾਸੇ
ਪੁਲਿਸ ਵਾਲੇ ਲਾਈਨ-ਅੱਪ ਹੋਏ ਖੜ੍ਹੇ ਸਨ।ਦੂਜੇ ਪਾਸੇ ਪਿੰਡ ਢਕੋ ਢਕੀ ਖੜ੍ਹਾ ਸੀ।ਵਿਚਕਾਰ
ਥੜ੍ਹੇ ਤੇ ਫਰੀਜ਼ਰ ‘ਚ ‘ਮੰਮਟੀ ਆਲੇ‘ ਦੀ ਲਾਸ਼ ਪਈ ਸੀ।ਬੰਨੇ ਚੰਨੇ ਤੋਂ ਲੋਕ ਅਜੇ ਆਈ ਜਾ ਰਹੇ
ਸਨ।
ਜਦੋਂ ਬਾਹਰੋਂ ਕੋਈ ਜੱਥਾ ਪਹੁੰਚਦਾ ਤਾਂ ਨਾਹਰੇ ਲਗਣੇ ਸ਼ੁਰੂ ਹੋ ਜਾਂਦੇ-
” ‘ਮੰਮਟੀ ਵਾਲਾ‘ ਅਮਰ ਰਹੇ...”
”ਅਮਰ ਰਹੇ ਅਮਰ ਰਹੇ...”
” ਪੰਜਾਬ ਪੁਲਸ ਮੁਰਦਾਬਾਦ...”
”ਮੁਰਦਾਬਾਦ ਮੁਰਦਾਬਾਦ...”
ਨਾਹਰੇ ਲਗਦੇ ਤੇ ਤਣਾਅ ਹੋਰ ਵਧ ਜਾਂਦਾ।ਵਧ ਰਹੇ ਤਣਾਅ ਨੂੰ ਘਟਾਉਣ ਦੀ ਕੋਸ਼ਿਸ਼ ‘ਚ ਲੱਗਿਆ
ਡੀ.ਐਸ.ਪੀ. ਕਦੇ ਐਕਸ਼ਨ ਕਮੇਟੀ ਨਾਲ ਗੱਲਬਾਤ ਕਰਦਾ ਤੇ ਕਦੇ ‘ਉੱਪਰ ਸੂਚਨਾ‘ ਦੇਣ ਲਈ
ਵਾਇਰਲੈਸ ਸਿਸਟਮ ਵਾਲੀ ਵੈਨ ‘ਚ ਜਾ ਚੜ੍ਹਦਾ।ਹੋਰ ਪੁਲਿਸ ਬਲ ਦੀ ਮੰਗ ਦੁਹਰਾਉਂਦਾ।ਕਮੇਟੀ
ਨਾਲ ਚੱਲ ਰਹੀ ਗੱਲਬਾਤ ਦਾ ਸਾਰ ਦੱਸਦਾ।
ਐਕਸ਼ਨ ਕਮੇਟੀ ਪੁਲਿਸ ਦੇ ‘ਕਬਜ਼ੇ‘ ਚੋਂ ਲਾਸ਼ ਕਢਾ ਲਿਆਉਣ ਦਾ ਜਸ਼ਨ ਮਨਾ ਰਹੀ ਸੀ। ਲੋਕ ਅਖਬਾਰ
ਪੜ੍ਹ ਕੇ ਘਟਨਾ ਦੇ ਵੇਰਵੇ ਜਾਣ ਰਹੇ ਸਨ।ਹਸਪਤਾਲ ਵਿਚੋਂ ਲਾਸ਼ ਲੈ ਕੇ ਆਉਣ ਵੇਲੇ ‘ਮੰਮਟੀ
ਆਲੇ‘ ਦੇ ਐਨ ਨਾਲ ਖੜ੍ਹਕੇ ਖਿਚਾਈਆਂ ਮਾਸਟਰ ਸੰਤੋਖ ਤੇ ਧੰਨਾ ਸਿਓਂ ਦੀਆਂ ਫੋਟੋਆਂ ਇਕ
ਅਖਬਾਰ ਦੇ ਮੁੱਖ ਪੰਨੇ ਤੇ ਛਪੀਆਂ ਸਨ।ਪਰ ਇਸ ਕਾਮਯਾਬੀ ਦਾ ਸਾਰੇ ਦਾ ਸਾਰਾ ਸਿਹਰਾ ਜਥੇਦਾਰ
ਆਪਣੇ ਸਿਰ ਬੰਨ੍ਹ ਰਿਹਾ ਸੀ-
”ਮੈਂ ਚਾਹੁੰਦਾ ਹਾਂ ਕਿ ਅੱਜ ਦਾ ਇਹ ਇਕੱਠ ਮੁੱਖ ਮੰਤਰੀ ਸਾਹਿਬ ਦੇ ਧੰਨਵਾਦ ਦਾ ਮਤਾ ਪਾਸ
ਕਰੇ...ਮੈਂ ਇਹ ਮਤਾ ਪੇਸ਼ ਕਰਦਾ ਹਾਂ...”।
”ਮਤਿਆਂ ਦੀ ਰਾਜਨੀਤੀ ਕਰਨ ਦੀ ਕਾਹਲੀ ਨਾ ਕਰ ਧੰਨਾਂ ਸਿਆਂ...” ਮਸਟਰ ਸੰਤੋਖ ਭੀੜ ‘ਚੋਂ
ਬੋਲਿਆ,”ਮੰਗ ਲਾਸ਼ ਦੀ ਨਹੀਂ ਹਸਪਤਾਲ ‘ਚ ਮੌਤ ਨਾਲ ਜੂਝ ਰਹੇ ਚਿੜੀ ਤੇ ਗੋਲੀ ਚਲਾਉਣ ਵਾਲਿਆਂ
ਨੂੰ ਸਜਾ ਦੁਆਉਣ ਦੀ ਐ...ਉਹਦੇ ਇਲਾਜ ਦਾ ਖਰਚ ਸਰਕਾਰ ਚੱਕੇ ।ਓਥੇ ਦੱਸ ਤੇਰੀ ਸਰਕਾਰ ਨੇ
ਕਿਹੜਾ ਡੱਕਾ ਭੰਨਿਐ...”
ਜਥੇਦਾਰ ਦਾ ਧਿਆਨ ਸ਼ੁਰੂ ਤੋਂ ਹੀ ਮਾਸਟਰ ਸੰਤੋਖ ਦੀਆਂ ਹਰਕਤਾਂ ਵੱਲ ਸੀ।ਐਕਸ਼ਨ ਕਮੇਟੀ ‘ਚ
ਮਾਸਟਰ ਦਾ ਹੋਣਾ ਉਹਨੂੰ ਰੜਕਦਾ ਸੀ। ਉਹਨੂੰ ਲਗਦਾ ਮਾਸਟਰ ਕਮੇਟੀ ਵਿਚ ਸੂਬੇਦਾਰ ਦਾ
ਨੁਮਾਇੰਦਾ ਸੀ।ਇਸ ਲਈ ਜਦੋਂ ਡੀ.ਐਸ.ਪੀ. ਭੀੜ ਵੱਲ ਆਉਂਦਾ ,ਉਹ ਮਾਸਟਰ ਤੋਂ ਮੂਹਰੇ ਹੋ ਕੇ
ਖੜ੍ਹ ਜਾਂਦਾ।ਗੱਲ ਮੁੱਕਦੀ ਸਾਰ ਥੜ੍ਹੇ ਤੇ ਜਾ ਖੜ੍ਹਦਾ।ਉਹਨੂੰ ਲੱਗਿਆ ਹੁਣ ਬਿੱਲੀ ਥੈਲਿਓਂ
ਬਾਹਰ ਆਈ ਸੀ।ਮਾਸਟਰ ਸੰਤੋਖ ਜਿਉਂਦੇ ਚਿੜੀ ਨੂੰ ਹੀ ਸ਼ਹੀਦ ਬਣਾਉਣ ਨੂੰ ਫਿਰਦਾ ਸੀ।ਉਹਨੇ ਕਾਟ
ਕਰਨ ਲਈ ਥੜ੍ਹੇ ਤੇ ਪੈਰ ਰੱਖਿਆ ਪਰ ਕਾਹਲੀ ਨਾਲ ਤੁਰਦਾ ਡੀ.ਐਸ.ਪੀ., ਵੈਨ ‘ਚੋਂ ਸਿੱਧਾ
ਥੜ੍ਹੇ ਤੇ ਆ ਚੜ੍ਹਿਆ-
”ਐਸ.ਐਸ.ਪੀ. ਸਾਹਿਬ ਨੇ ਗੋਲ਼ੀ ਚਲਾਉਣ ਵਾਲੇ ਸਿਪਾਹੀ ਨੂੰ ਸਜ਼ਾ ਦੇਣ ਦੀ ਤੁਹਾਡੀ ਮੰਗ ਮੰਨ
ਲਈ ਹੈ।ਉਹ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।ਸਾਹਬ ਖੁਦ ਤੁਹਾਡੇ ਵਿਚਕਾਰ ਪਹੁੰਚ ਰਹੇ
ਨੇ।...ਕਰਮਜੀਤ ਸਿੰਘ ਤੇ ਗੋਲੀ ਚਲਾਉਣ ਵਾਲੇ ਬੰਦੇ ਬਖਸ਼ੇ ਨਹੀਂ ਜਾਣਗੇ...”
”ਕਰਮਜੀਤ ਸਿੰਘ ਕੌਣ”!ਕਈਆਂ ਨੇ ਹੈਰਾਨੀ ਵਿਚ ਐਧਰ ਓਧਰ ਦੇਖਿਆ। ਉਹਨਾ ‘ਚੋਂ ਬਹੁਤੇ ਭੁੱਲ
ਹੀ ਗਏ ਹੋਏ ਸਨ ਕਿ ਚਿੜੀ ਦਾ ਅਸਲੀ ਨਾਂ ਕਰਮਜੀਤ ਸਿੰਘ ਸੀ।ਭਿੰਦਰ ਤਾਂ ਬੋਲ ਵੀ ਪਿਆ-
” ਆਪਾਂ ਨੂੰ ਅੱਜ ਪਤਾ ਲੱਗਿਐ ਬਈ ਚਿੜੀ ਦਾ ਨੌਂ ਕਰਮਜੀਤ ਸਿੰਘ ਤੀ...ਹੱ..ਦੇ ਹੋ‘ਗੀ...
***
ਸੰਤੋਖ ਵੱਲੋਂ ਚਿੜੀ ਦੇ ਇਲਾਜ ਤੇ ਹੋਣ ਵਾਲੇ ਖਰਚੇ ਦੇ ਮੁੱਦੇ ਨੂੰ ਮੂਹਰੇ ਲੈ ਆਉਣ ਨੇ ਪਲ
ਕੁ ਲਈ ਜਥੇਦਾਰ ਨੂੰ ਚੁੱਪ ਕਰਵਾ ਦਿੱਤਾ ਸੀ।ਮੰਮਟੀ ਢਹਿਣ ਨੇ ਉਸ ਥਾਂ ਯਾਦਗਾਰ ਬਣਾਉਣ ਦਾ
ਰਾਹ ਖੋਲ੍ਹ ਦਿੱਤਾ ਸੀ।‘ਮੰਮਟੀ ਆਲੇ‘ ਦੀ ਯਾਦ ‘ਚ ਉਸਾਰੀ ਜਾਣ ਵਾਲੀ ਇਮਾਰਤ ਦੀ ਕਾਰ ਸੇਵਾ
ਦਾ ਸੌਦਾ ਉਹਨੇ ਲੱਗ ਭੱਗ ਤੈਅ ਕਰ ਹੀ ਲਿਆ ਸੀ।ਪਰ ਸੰਤੋਖ ਨੇ, ਬੇ-ਹੋਸ਼ ਪਏ ਚਿੜੀ ਨੂੰ
‘ਮੰਮਟੀ ਆਲੇ‘ ਦੀ ਥਾਂ ਲਿਆ ਖੜ੍ਹਾ ਕੀਤਾ ਸੀ-
”ਹਾਂ!ਮਾਸਟਰ ਸੰਤੋਖ ਸਿੰਘ ਦਾ ਫਿਕਰ ਸੱਚਾ ਹੈ... ਡੀ.ਐਸ.ਪੀ. ਸਾਹਿਬ ਗਵਾਹ ਨੇ ਕਿ ਮੇਰੇ
ਰਾਹੀਂ ਸਰਕਾਰ ਤੋਂ ਕੀਤੀ ਮੰਗ ਸਿਪਾਹੀ ਨੂੰ ਲਾਈਨ ਹਾਜਰ ਕਰਨ ਦੀ ਹੀ ਨਹੀਂ ਐ।ਬਿਨਾ ਕਿਸੇ
ਭੜਕਾਹਟ ਤੋਂ ਗੋਲੀ ਦਾ ਹੁਕਮ ਦੇਣ ਵਾਲੇ ਅਧਿਕਾਰੀਆਂ ਅਤੇ ਇਕ ਗੁਰਸਿੱਖ ਨੌਜੁਆਨ ਤੇ ਸਿੱਧੀ
ਗੋਲੀ...”
ਜਥੇਦਾਰ ਨੂੰ ਚੁੱਪ ਕਰਨਾ ਪਿਆ।ਲੋਕ ਅਚਾਨਕ ਹਸ ਪਏ ਸਨ।ਜਥੇਦਾਰ ਦੇ ਮੂਹੋਂ ‘ਗੁਰਸਿੱਖ‘ ਸੁਣ
ਕੇ ਲੋਕਾਂ ਨੂੰ ਚਿੜੀ ਦੇ ਵਿਚਾਲਿਓਂ ਮੁੰਨੇ ਸਿਰ ਤੇ ਹਾਸਾ ਆ ਗਿਆ ਸੀ।ਬਹੁਤਾ ਹਾਸਾ ਮੇਜਰ
ਦੀ ‘ਅੱਖੀਂ ਦੇਖੀ‘ ਤੇ ਆਇਆ-
”ਥੋਡੇ ਯਾਦ ਹੋਣੈ... ਕਈ ਸਾਲ ਹੋ‘ਗੇ ਪਿੰਡਾਂ ‘ਚ ਧਾਰਮਿਕ ਦਿਵਾਨ ਲੁਆਉਣ ਦਾ ਰਿਵਾਜ ਜਿਹਾ
ਚੱਲਿਆ ਤੀ...,ਜਦ ਕੁ ‘ਜੇ ਪੁਲ਼ਸ ਆਲ਼ੇ ‘ਗੌਣੇ ਆਲੇ‘ ਲੁਆਉਂਦੇ ਹੁੰਦੇ ਤੀ...” ਮੇਜਰ ਨੇ
ਸਾਰਿਆਂ ਨੂੰ ਸੁਣਾ ਕੇ ਕਿਹਾ...
...ਚਿੜੀ ਦੀ ਇਹ ਗੱਲ ਬਹੁਤਿਆਂ ਦੇ ਯਾਦ ਸੀ।ਜਥੇਦਾਰ ਕਾ ਲਾਣਾ ਦੀਵਾਨਾ ਦਾ ਮੋਢੀ ਸੀ ਤੇ
ਆਖਰੀ ਦਿਨ ਅੰਮ੍ਰਿਤ ਸੰਚਾਰ ਹੋਣਾ ਸੀ। ਗਵਾਂਢੀ ਪਿੰਡ ਦੇ ਦੀਵਾਨਾਂ ਤੋਂ ਬਾਅਦ ਪੈਂਤੀ
ਪ੍ਰਾਣੀ ਗੁਰੂ ਵਾਲੇ ਬਣੇ ਸਨ ਤੇ ਜਥੇਦਾਰ ਨੇ ਆਪਣੇ ਪਿੰਡ ਇਹ ਗਿਣਤੀ ਪੰਜਾਹ ਕਰਨ ਦਾ ਤਹੱਈਆ
ਕੀਤਾ ਹੋਇਆ ਸੀ।ਉਦੋਂ ਉਹ ਤਾਜ਼ਾ ਤਾਜ਼ਾ ਇਕ ਗਰਮ ਖਿਆਲ ਪਾਰਟੀ ‘ਚ ਗਿਆ ਸੀ।ਸਾਝਰੇ ਕੱਖ-ਪੱਠੇ
ਦਾ ਕੰਮ ਮੁਕਾਉਣ ਲਈ ਰੇੜ੍ਹਾ ਲਈ ਜਾ ਰਹੇ ਚਿੜੀ ਨੂੰ ਜਥੇਦਾਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ
ਸੀ-
”ਤੂੰ ਵੀ ਗੁਰੂ ਵਾਲਾ ਬਣ ਜਾ ਓਏ ਚਿੜੀ! ਪਹਿਲਾਂ ਨਾਂ ਲਿਖਾਉਣ ਆਲੇ ਪੰਜਾਹ ਬੰਦਿਆਂ ਨੂੰ
ਕੱਕਾਰ ਤਾਂ ਪੰਜੇ ਗੁਰੂ ਘਰ ਵੱਲੋਂ ਈ ਮਿਲ ਜਾਣੇ ਨੇ”, ਜਥੇਦਾਰ ਨੇ ‘ਪਹਿਲਾਂ ਆਓ,ਪਹਿਲਾਂ
ਪਾਓ‘ ਦੀ ‘ਫਰੀ‘ ਸਕੀਮ ਵੀ ਚਿੜੀ ਨੂੰ ਸਮਝਾ ਦਿੱਤੀ ਸੀ-
”ਹੂੰ... ਗੱਲ ਤਾਂ ਤੇਰੀ ਠੀਕ ਐ...ਕਛਹਿਰਿਆਂ ਨਾਲ ਸਾਲ ਲੰਘ ਜੂ...”
”ਧੰਨਾ ਸਿਓਂ ‘ਡੀਕੀ ਗਿਆ ਬਈ ‘ਗਾਹਾਂ ਕਹੂ ਕੁਸ਼...ਚਿੜੀ ਨੇ ਮਰੋੜੀ ਵੱਛੇ ਦੀ ਪੂੰਛ ...ਅਹੁ
ਗਿਆ”
ਮੇਜਰ ਦੀ ਗੱਲ ਨਾਲ ਆਲੇ ਦੁਆਲੇ ਦੇ ਲੋਕ ਫਿੱਕਾ ਜਿਹਾ ਹਸੇ। ਪਰ ਧੰਨਾ ਤਾਂ ਸਿਓਂ ਗੁਰਸਿੱਖੀ
ਵਾਲੀ ਗੱਲ ਭੁੱਲ ਵੀ ਗਿਆ ਸੀ।ਉਹਦੇ ਸਾਹਮਣੇ ਤਾਂ ਹੋਰ ਸਮੱਸਿਆ ਸੀ...
ਲੋਕ ਟਿਕੇ ਖੜ੍ਹੇ ਤਾਂ ਦਿਸਦੇ ਸਨ ਪਰ ਜੀਰੀ ਦੀ ਲੁਆਈ ਸ਼ੂਰੂ ਹੋ ਜਾਣ ਕਰਕੇ ਉਹਨੂੰ ਲਗਦਾ ਸੀ
ਲੋਕ ਬਹੁਤੀ ਦੇਰ ਜੁੜੇ ਨਹੀਂ ਰਹਿਣਗੇ।ਇਹ ਸਾਫ ਸੀ ਕਿ ਅਜੇ ਤੱਕ ਸੰਤੋਖ ਦੀ ਪਾਰਟੀ ਇਸ ਲਹਿਰ
ਵਿਚ ਪਛੜੀ ਨਹੀਂ ਸੀ।ਪਾਰਟੀ ਵਿਚ ‘ਕੱਚ-ਪੱਕ‘ ਜਿਹਾ ਹੋਣ ਕਰਕੇ ਉਹਨੂੰ ਜ਼ਬਤ ਵਿਚ ਰਹਿਣਾ ਪੈ
ਰਿਹਾ ਸੀ ਨਹੀਂ ਤਾਂ...
...ਧੰਨਾ ਸਿਓਂ ਨੇ ਡੀ.ਐਸ.ਪੀ. ਵੱਲ ਦੇਖਿਆ।ਸਵੇਰੇ ਫੋਨ ‘ਤੇ, ਮਾਮਲੇ ਨੂੰ ਚਿੜੀ ਤੱਕ ਨਾ
ਲੈ ਕੇ ਆਉਣ ਦੀ ਸਹਿਮਤੀ ਹੋਈ ਸੀ,ਗੱਲ ਉੱਥੇ ਪਹੁੰਚ ਗਈ ਸੀ।ਪਰ ਭੀੜ ਵਿਚ ਦਿਸਦੇ ਸੰਤੋਖ ਦੀ
ਪਾਰਟੀ ਦੇ ਬੰਦੇ ਅਤੇ ਵਿਹੜੇ ਦੀਆਂ ਔਰਤਾਂ ਦਾ ਇਕੱਠ,ਮਾਸਟਰ ਦਾ ਪਲੜਾ ਭਾਰੀ ਕਰ ਸਕਦਾ
ਸੀ।ਉਸ ਨੇ ਡੀ.ਐਸ.ਪੀ. ਨਾਲ ਕੀਤਾ ਵਾਅਦਾ ਤੋੜਨ ਦਾ ਫੈਸਲਾ ਕਰ ਲਿਆ-
”ਮੈਂ ਪ੍ਰਸ਼ਾਸ਼ਨ ਨੂੰ ਇਹ ਵੀ ਚਿਤਾਵਨੀ ਦੇਣਾ ਚਾਹੁੰਦਾ ਹਾਂ ਕਿ ਅਸੀਂ ਓਸ ਮੁੱਦੇ ਤੋਂ ਵੀ
ਆਪਣੇ ਮੋਰਚੇ ਨੂੰ ਭਟਕਣ ਨਹੀਂ ਦੇਵਾਂਗੇ ਜਿਸ ਨੂੰ ਲੈ ਕੇ ਕਰਮਜੀਤ ਸਿੰਘ ਨੇ ਪ੍ਰਾਣਾਂ ਦੀ
ਬਾਜ਼ੀ ਲਾਈ ਐ।” ਗੱਲ ਵਿਚਾਲੇ ਛੱਡ ਕੇ ਜਥੇਦਾਰ ਨੇ ਡੀ.ਐਸ.ਪੀ. ਦੇ ਪੀਲੇ ਪੈ ਗਏ ਚਿਹਰੇ ਵੱਲ
ਦੇਖਿਆ-
”ਸ਼ਹੀਦ ਕਰਮਜੀਤ ਅਮਰ ਰਹੇ!” ਕਿਸੇ ਨੇ ਭੀੜ ਵਿਚੋਂ ਜੈਕਾਰਾ ਛੱਡਿਆ-
”ਅਮਰ ਰਹੇ ਅਮਰ ਰਹੇ!” ਭੀੜ ਜਿਵੇਂ ਇਕਦਮ ਜੀਅ ਉੱਠੀ-
”ਚਿੜੀ ਦਾ ਬਾਪ ਕਿਸੇ ਦੇ ਯਾਦ ਨੀ ਜਿਹੜਾ ਸ਼ਹੀਦ ਹੋਇਐ...ਚਿੜੀ ਜਿਉਂਦੇ ਨੂੰ ਈ...”, ਮੇਜਰ
ਬੋਲਿਆ। ਪਰ ਲੋਕਾਂ ਦੇ ਗੱਲ ਉਦੋਂ ਸਮਝ ਆਈ ਜਦੋਂ ਭੀੜ ‘ਚ ਕੋਈ ਉੱਚੀ ਸਾਰੀ ਹਸਿਆ।ਥੜ੍ਹੇ ਤੇ
ਆ ਚੜ੍ਹੇ ਸੰਤੋਖ ਨੇ ਹੈਰਾਨ ਦਿਸ ਰਹੇ ਜਥੇਦਾਰ ਵੱਲ ਹੱਥ ਕੀਤਾ-
”ਊਂ ਤਾਂ ਕਹਿੰਦੇ ਹੁੰਦੇ ਨੇ ਬਈ ਐਂ ਹੋਏ ਤੋਂ ਉਮਰ ਵਧਦੀ ਹੁੰਦੀ ਐ ਪਰ ਮੈਂ ਦੱਸਦਿਆਂ, ਬਈ
ਮੁੰਡਾ ਅਜੇ ਸੁੱਖ ਨਾਲ ਜਿਉਂਦੈ...ਤੁਸੀਂ ਅਮਰ ਵੀ ਕਰ‘ਤਾ...”
ਜਥੇਦਾਰ ਨੂੰ ਛਿੱਥਾ ਪਿਆ ਦੇਖ ਕੇ ਸੰਤੋਖ ਨੂੰ ਤਸੱਲੀ ਹੋਈ। ਉਹਦੀ ‘ਐਵੇਂ‘ ਕਹੀ ਕੁੱਤੇ ਦੀ
ਯਾਦਗਾਰ ਬਣਾਉਣ ਦੀ ਮੰਗ ਨੂੰ ਉਹਨਾ ਤੋਂ ਖੋਹ ਕੇ ਧੰਨਾ ਸਿਓਂ ਆਪਣਾ ਮੁੱਦਾ ਬਣਾ ਗਿਆ
ਸੀ।ਗਊਆਂ ਦੀ ਯਾਦਗਾਰ ਬਣਾਉਣ ਸਬੰਧੀ ਮੁੱਖ ਮੰਤਰੀ ਦੇ ਬਿਆਨ ਦਾ ਮਜ਼ਾਕ ਬਣਾਉਂਦਾ ਬਣਾਉਂਦਾ
ਉਹ ਵਿਰੋਧੀਆਂ ਨੂੰ ਨਵਾਂ ਮੁੱਦਾ ਦੇ ਬੈਠਿਆ ਸੀ।ਪਰ ਹੁਣ ਜਥੇਦਾਰ ਤੋਂ ਹੋਈ ਗਲਤੀ ਉਹਦੇ ਲਈ
‘ਮੌਕਾ‘ ਬਣ ਗਈ ਸੀ-
”ਭੈਣੋਂ ਤੇ ਭਰਾਓ!ਮੈਂ ਜਥੇਦਾਰ...”,ਮਾਸਟਰ ਅਚਾਨਕ ਰੁਕ ਗਿਆ।ਉਹਦੇ ਖਿਆਲ ਆਇਆ ਕਿ ਜਥੇਦਾਰ
ਦਾ ਨਾਂ ਲੈ ਕੇ ਤਾਂ ਉਹ ਆਪ ਜਥੇਦਾਰ ਦੇ ਪਿੱਛੇ ਲੱਗ ਜਾਵੇਗਾ-
”ਮੈਂ ਧੰਨਾ ਸਿੰਘ ਜੀ ਦਾ ਧੰਨਵਾਦੀ ਹਾਂ ਕਿ ਉਹਨਾ ਨੇ ਸਾਡੀਆਂ, ਭਾਵ ਐਕਸ਼ਨ ਕਮੇਟੀ ਦੀਆਂ
ਮੰਗਾਂ ਦੇ ਨਾਲ ਚੱਲਣ ਦਾ ਫੈਸਲਾ ਕੀਤਾ ਹੈ।ਮੈਂ ਤੁਹਾਨੂੰ ਵੀ ਇਹ ਗੱਲ ਯਾਦ ਦੁਆਉਣੀ
ਚਾਹੁੰਦਾ ਹਾਂ ਕਿ ਮੌਤ ਨਾਲ ਜੂਝ ਰਹੇ ਨੌਜੁਆਨ ਕਰਮਜੀਤ ਸਿੰਘ ਦਾ,ਜਿਹਦੀ ਮੌਤ ਦੀਆਂ ਸੁੱਖਾਂ
ਸੁੱਖੀਆਂ ਜਾ ਰਹੀਆਂ ਹਨ, ਬੇ-ਰਹਿਮੀ ਨਾਲ ਕਤਲ ਕਰ ਦਿੱਤੇ ਗਏ ਕੁੱਤੇ ਨਾਲ ਬੜਾ ਗੂੜ੍ਹਾ
ਸਬੰਧ ਬਣਦਾ ਹੈ।ਇਹ ਗੱਲ ਤਾਂ ਸਾਰੇ ਪਹਿਲਾਂ ਹੀ ਜਾਣਦੇ ਹਨ ਕਿ ਫਰੀਜ਼ਰ ‘ਚ ਪਿਆ ਇਹ ਦਰਵੇਸ਼
ਸਾਡੇ ਪਿੰਡ ‘ਤੇ ਕੁਦਰਤ ਦੀ ਬਖਸ਼ਿਸ਼ ਦੇ ਰੂਪ ਵਿਚ ਪ੍ਰਗਟ ਹੋਇਆ ।ਹੋਇਆ ਇਹ ਸੀ ਕਿ...
ਤੇ ਉਹਨੇ ਚਿੜੀ ਦੁਆਰਾ ਇਕ ਦਿਨ ਦੇ ਕਤੂਰੇ ਨੂੰ ਬਚਾਉਣ ਦਾ ‘ਭੇਦ‘ ਨਵੇਂ ਆਇਆਂ ਦੇ ਬਹਾਨੇ
ਸਾਰਿਆਂ ਨਾਲ ਫੇਰ ‘ਸਾਂਝਾ‘ ਕੀਤਾ।ਭੀੜ ਨੂੰ ਗੱਲ ਗੌਰ ਨਾਲ ਸੁਣਦੀ ਦੇਖ ਕੇ ਮਾਸਟਰ ਨੇ ਗੱਲ
ਰੋਕੀ ਤੇ ਮਾਣ ਨਾਲ ਧੰਨਾ ਸਿਓਂ ਵੱਲ ਦੇਖਿਆ...
”ਪਿੰਡ ਗਵਾਹ ਐ ਕਿ...” ਪਰ ‘ਮੰਮਟੀ ਵਾਲੇ ਨਾਲ ਜੁੜੀ ਨਵੀਂ ਦੰਦ ਕਥਾ ਸ਼ੁਰੂ ਕਰਨ ਤੋਂ
ਪਹਿਲਾਂ ਈ ਮਾਸਟਰ ਨੂੰ ਚੁੱਪ ਕਰਨਾ ਪਿਆ।ਭੀੜ ਵਿਚ ਅਚਾਨਕ ਹਲਚਲ ਮੱਚ ਗਈ ਸੀ। ਜਦ ਨੂੰ ਉਹ
ਘੁੰਮ ਕੇ ਓਧਰ ਦੇਖਦਾ ਜਿੱਧਰ ਨੂੰ ਦੇਖਦੀ ਭੀੜ ਬੇ-ਚੈਨ ਹੋ ਗਈ ਸੀ, ਧੂੜ ਉਡਾਉਂਦੀਆਂ
ਜਿਪਸੀਆਂ ਤੇ ਦੋ ਜੌਂਗਿਆਂ ਵਿਚੋਂ ਅੱਖ ਦੇ ਫੋਰ ਵਿਚ ਉੱਤਰ ਕੇ ਸਿਪਾਹੀਆਂ ਨੇ ਪੁਜ਼ੀਸ਼ਨਾ ਲੈ
ਲਈਆਂ ਸਨ।ਜਦੋਂ ਜਿੰਨੀ ਕੁ ਧੂੜ ਨੇ ਉਡਣਾ ਸੀ,ਉਡ ਗਈ ਤੇ ਬਾਕੀ ਦੀ ਧੂੜ ਭੀੜ ਦੇ
ਸਿਰਾਂ,ਚਿਹਰਿਆਂ ਤੇ ਕੱਪੜਿਆਂ ਤੇ ਬੈਠ ਗਈ ਤਾਂ ਐਸ. ਐਸ. ਪੀ. ਅਤੇ ਐਸ. ਡੀ. ਐਮ. ਆਪੋ
ਆਪਣੀਆਂ ਗੱਡੀਆਂ ‘ਚੋਂ ਉੱਤਰੇ।
ਲੂਹ ਦੇਣ ਵਾਲੀ ਧੁੱਪ ਵਿਚ ਖੜ੍ਹੀ ਰੰਗ ਬਰੰਗੀ ਭੀੜ,ਠੰਡੇ ਮਿੱਠੇ ਜਲ ਦੀ ਛਬੀਲ ਦੇ ਵਰਤਾਵੇ,
ਤਾਰਾਂ ਤੋਂ ਫਰਿੱਜ ਲਈ ਸਿੱਧੀ ਚਾਲੂ ਕੀਤੀ ਗਈ ਬਿਜਲੀ ਤੇ ਅਜੇ ਤੱਕ ਬੋਲਣ ਦੀ ਮੁਦਰਾ ‘ਚ
ਖੜ੍ਹਾ ਸੰਤੋਖ...ਸੀਨ ਜਿਵੇਂ ਫਰੀਜ਼ ਹੋ ਗਿਆ ਹੋਵੇ। ਜਾਇਜ਼ਾ ਐਨੀ ਖਾਮੋਸ਼ੀ ਵਿਚ ਲਿਆ ਗਿਆ ਕਿ
ਰੁੱਖਾਂ ਤੇ ਜੇ ਕੋਈ ਪੱਤਾ ਵੀ ਹਿੱਲਦਾ ਤਾਂ ਆਵਾਜ਼ ਸੁਣਦੀ।
ਐਸ.ਡੀ. ਐਮ. ਤੇ ਐਸ.ਐਸ.ਪੀ . ਜਥੇਦਾਰ ਤੇ ਮਾਸਟਰ ਸੰਤੋਖ ਦੇ ਉਹਨਾ ਦੇ ਸਵਾਗਤ ਲਈ ਅੱਗੇ
ਆਉਣ ਦੀ ਉਡੀਕ ਵਿਚ ਖੜ੍ਹੇ ਰਹੇ।ਪਰ ਉਹਨਾ ਵਿਚੋਂ ਕੋਈ ਵੀ ਪੁਲੀਸ ਵੱਲ ਪਹਿਲਾਂ ਪੈਰ ਪੁੱਟ
ਕੇ ਲੋਕਾਂ ਵਿਚ ‘ਸ਼ੱਕੀ‘ ਬਣ ਜਾਣ ਦਾ ਖਤਰਾ ਮੁੱਲ ਲੈਣ ਲਈ ਤਿਆਰ ਨਾ ਹੋਇਆ। ਐਸ. ਐਸ.ਪੀ ਨੇ
ਥੜ੍ਹੇ ਵੱਲ ਕਦਮ ਪੁੱਟਿਆ ਤਾਂ ਭੀੜ ਵਿਚੋਂ ਨਾਹਰਾ ਗੂੰਜਿਆ -
”ਪੰਜਾਬ ਪੁਲੀਸ ਮੁਰਦਾਬਾਦ!”
”ਮੁਰਦਾਬਾਦ! ਮੁਰਦਾਬਾਦ!!”
ਜਥੇਦਾਰ ਨੇ ਦੇਖਿਆ ਕਿ ਸੰਤੋਖ ਦੀ ਪਾਰਟੀ ਦੇ ਬੰਦੇ ਨਾਹਰੇ ਲਾ ਰਹੇ ਸਨ।ਗੱਲ ਨੂੰ ਟਕਰਾਅ
ਤੱਕ ਨਾ ਪਹੁੰਚਣ ਦੇਣ ਦਾ ਡੀ.ਐਸ.ਪੀ. ਨੂੰ ਦਿੱਤਾ ਉਸ ਦਾ ਬਚਨ ਟੁੱਟ ਰਿਹਾ ਸੀ।ਜਥੇਦਾਰ ਨੇ
ਮਾਮਲੇ ਨੂੰ ‘ਮੰਮਟੀ ਆਲੇ‘ ਤੱਕ ਸੀਮਤ ਰੱਖਣ ਲਈ ਆਖਰੀ ਵਾਹ ਲਾਈ।ਉਸ ਨੇ ਇਸ਼ਾਰਾ ਉਡੀਕਦੇ
ਮੁਕੰਦੀ ਵੱਲ ਦੇਖਿਆ।ਅਗਲਾ ਨਾਹਰਾ ਮੁਕੰਦੀ ਨੇ ਲਾਇਆ-
”ਮੰਮਟੀ ਆਲਾ”, ਜ਼ਿੰਦਾਬਾਦ,ਜ਼ਿੰਦਾਬਾਦ।
ਭੀੜ ਖਾਮੋਸ਼ ਹੋਈ ਤਾਂ ਐਸ.ਐਸ.ਪੀ. ਇਕ ਕਦਮ ਅੱਗੇ ਵਧਿਆ-
”ਭਰਾਵੋ! ਭੜਕਾਹਟ ਵਿਚ ਨਾ ਆਓ।ਪ੍ਰਸ਼ਾਸ਼ਨ ਤੁਹਾਡੀ ਐਕਸ਼ਨ ਕਮੇਟੀ ਨਾਲ ਗੱਲਬਾਤ ਲਈ ਤਿਆਰ
ਹੈ।ਮੁੰਡਾ ਤੁਹਾਡਾ ਬਚ ਜਾਣ ਦੀ ਪੂਰੀ ਉਮੀਦ ਹੈ।ਸਮਝੋ ਬਚੇ ਗਿਆ!ਬੱਸ ਤੁਹਾਨੂੰ ਇਕੋ ਬੇਨਤੀ
ਹੈ ਕਿ ਇਸ ਦਰਵੇਸ਼ ਦੀ ਦੇਹ ਦੀ ਬੇ-ਹੁਰਮਤੀ ਨਾ ਕਰੋ-
”ਬੇ-ਹੁਰਮਤੀ ਤਾਂ ਹਕੂਮਤ ਕਰ ਰਹੀ ਹੈ ਐਸ. ਐਸ. ਪੀ. ਸਾਹਿਬ । ਤੁਸੀਂ ਦੋਸ਼ੀਆਂ ਨੂੰ
ਗਰਿਫਤਾਰ ਕਰੋ, ਮਾਮਲਾ ਹੱਲ ਹੋ ਜਾਵੇਗਾ”-ਮਾਸਟਰ ਸੰਤੋਖ ਭੀੜ ਨੂੰ ਸੁਣਾ ਕੇ ਬੋਲਿਆ।ਉਹ ਸਮਝ
ਗਿਆ ਸੀ ਕਿ ਭੀੜ ਭੜਕ ਜਾਣ ਦੇ ਡਰੋਂ ਜਥੇਦਾਰ ਡਿਫੈਂਸ ਤੇ ਆ ਗਿਆ ਸੀ।ਪਾਰਟੀ ਵੱਲੋਂ
ਜਵਾਬਦੇਹੀ ਉਹਤੋਂ ਮੰਗੀ ਜਾਣੀ ਸੀ।
ਪਰ ਐਸ.ਐਸ.ਪੀ. ਅਟੈਕ ਤੇ ਸੀ-
”ਤੁਸੀਂ ਰਿਪੋਰਟ ਲਿਖਾਓ...ਪਹਿਲਾਂ ਕੁੱਤੇ ਨੂੰ ਮਾਰਨ ਵਾਲੇ ਦੀ ਪੜਤਾਲ ਹੋਵੇਗੀ। ਦੇਖੀਏ
ਤਾਂ ਸਹੀ ਉਹਨੇ, ਦਰਵੇਸ਼ ਨੇ, ਕਿਸੇ ਦਾ ਕੀ ਵਿਗਾੜਿਆ ਸੀ”।ਭੀੜ ਇਕ ਦਮ ਛਹਿ ਗਈ।ਐਸ.ਐਸ.ਪੀ
ਨੇ ਗੱਲ ਅਗੇ ਤੋਰੀ-
”... ਦੇਖੋ! ਗੋਲ਼ੀ ਚਲਾਉਣ ਦੇ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਗਿਆ,ਸਜ਼ਾ ਤਾਂ ਉਹਨੂੰ
ਕਾਨੂੰਨਨ ਹੋਣੀਓ ਹੋਣੀ ਐ...ਸਾਰਾ ਡਿਪਾਰਟਮੈਂਟ ਤੁਹਾਡੇ ਨਾਲ਼ ਐ ਤੇ ਮੈਂ ਨਿੱਜੀ ਤੌਰ ਤੇ
ਜ਼ਾਮਨੀ ਦਿੰਦਾ ਹਾਂ...”-
ਐਸ.ਐਸ. ਪੀ ਨੇ ਭੀੜ ਵੱਲ ਦੇਖਿਆ ਸੀ-
”ਪਰ ਇਕ ਗੱਲ ਜਿਹੜੀ ਸ਼ਾਇਦ ਤੁਹਾਡੇ ਤੱਕ ਨਹੀਂ ਪਹੁੰਚੀ, ਪੁਲੀਸ ਦੇ ‘ਡਾਗ ਐਕਸਪਰਟ‘ ਵੀ ਇਸ
ਗੱਲੋਂ ਹੈਰਾਨ ਹਨ, ਤੁਹਾਡੇ ‘ਦਰਵੇਸ਼‘ ਦੇ ਮੂੰਹ ‘ਚੋਂ ਬਾਰੂਦ ਦੀ ਸਮੈਲ ਆਉਂਦੀ ਹੈ...ਕੀ
ਕਰਦਾ ਰਿਹੈ ਕੋਈ ਉਹਦੇ ਨਾਲ...?”-
ਐਸ.ਐਸ.ਪੀ. ਨੇ ਆਪਣੀ ਜਾਣ ‘ਚ ਬਹੁਤ ਸਖਤ ਲਹਿਜ਼ੇ ‘ਚ ਪ੍ਰਸ਼ਨ ਕੀਤਾ ਸੀ ਪਰ ਲੋਕਾਂ ਤੇ ਇਹਦਾ
ਅਸਰ ਉਲਟਾ ਹੋਇਆ।ਉਹਨਾ ਦੇ ਚਿਹਰਿਆਂ ਤੇ ਜੰਮਿਆ ਤਣਾਅ ਘਟ ਗਿਆ ਸੀ । ਛੇਤੀ ਹੀ ਘੁੰਡੀ ਵੀ
ਖੁੱਲ੍ਹ ਗਈ-
”ਇਹਦੇ ‘ਚ ਹੈਰਾਨੀ ਵਾਲੀ ਕੋਈ ਗੱਲ ਨੀ ਐਸ. ਐਸ.ਪੀ. ਸਾਹਿਬ...” ਮਾਸਟਰ ਸੰਤੋਖ ਨੇ ਲੋਕਾਂ
ਵੱਲ ਦੇਖਦਿਆਂ ਐਸ.ਐਸ.ਪੀ. ਨੂੰ ਦੱਸਿਆ-
”ਉਹ ਤਾਂ... ਦੋ ਕੁ ਦਿਨ ਹੋਏ ਇਹ ਕੁ...”, ਪਰ ਕੁੱਤਾ ਕਹਿਣ ਤੋਂ ਉਹਨੇ ਆਪਣੇ ਆਪ ਨੂੰ ਰੋਕ
ਲਿਆ ਤੇ ਸਿਰਫ ਫਰੀਜ਼ਰ ਵੱਲ ਇਸ਼ਾਰਾ ਕੀਤਾ, ” ਇਹ ਕਿਤੇ ਸੂਬੇਦਾਰ ਅਮਰੀਕ ਸਿੰਘ ਦੇ ਘਰੋਂ,
ਪਤਾ ਨੀ ਕਿਵੇਂ ਉਹਦਾ ਕਾਰਤੂਸਾਂ ਵਾਲਾ ਬੈਗ ਚੱਕ ਲਿਆਇਆ।ਮਾਈ ਰੋਕਣ ਲੱਗੀ ਹੋਣੀ ਐ ,ਉਹਦੇ
ਦੰਦ ਮਾਰੇ। ਮੰਮਟੀ ਕੋਲ ਸਾਰੀ ਦਿਹਾੜੀ ਕਾਰਤੂਸਾਂ ਨਾਲ ਖੇਲ੍ਹੀ ਗਿਐ ਪਰ ਹੋਰ ਕਿਸੇ ਨੂੰ
ਨੇੜੇ ਨੀ ਲੱਗਣ ਦਿੱਤਾ...ਸੂਬੇਦਾਰ ਨੂੰ ਕੋਠੀਓਂ ਬੁਲਾ ਕੇ ਲਿਆਂਦਾ ਤਾਂ ਉਹਨੇ ਕਾਰਤੂਸ
ਇਕੱਠੇ ਕੀਤੇ...”
”ਸੂਬੇਦਾਰ ਸਾਹਿਬ ਨੂੰ ਕੁਸ਼ ਨੀ ਕਿਹਾ?”, ਐਸ.ਐਸ.ਪੀ. ਨੇ ਟੋਕ ਕੇ ਪੁੱਛਿਆ-
”ਉਹਨੂੰ ਵੀ ਪੈਂਦਾ ਰਿਹੈ...”
”ਅੱਛਾ!” ਐਸ.ਐਸ.ਪੀ. ਨੇ ਅੱਖਾਂ ਸੁੰਗੇੜੀਆਂ -
” ਮੈਨੂੰ ਪਿੰਡ ਵਾਲਿਆਂ ਤੇ ਹੈਰਾਨੀ ਹੁੰਦੀ ਹੈ ਕਿ ਐਨਾ ਕੁਸ਼ ਹੋਣ ਤੋਂ ਬਾਅਦ ਵੀ ਉਹ ਅਜਿਹੇ
ਜੀਅ ਦੀ ਯਾਦਗਾਰ ਬਣਾਉਣ ਦੀ ਗੱਲ ਕਰਦੇ ਨੇ।ਪਹਿਲਾਂ ਉਹ ਕੁਸ਼ ਰਿਹਾ ਹੋਵੇ ਪਰ ਹੁਣ ਤਾਂ ਸਾਰਾ
ਪਿੰਡ ਉਹਤੋਂ ਡਰ ਰਿਹਾ ਸੀ...ਮੇਰੀ ਮੰਨਦੇ ਓਂ ਮੰਮਟੀ ਦੀ ਉਸਾਰੀ ਕਰੋ ਗੱਜ ਵੱਜ
ਕੇ...ਬਹੁਤੀ ਗੱਲ ਐ ਇਕ ਖੂੰਜੇ ਕੁੱਤੇ ਦੀ ਨਿਸ਼ਾਨੀ ‘ਚ ਧਰ ਦਿਓ ਚਾਰ ਇੱਟਾਂ... ”
***
... ਗੁਰਦਵਾਰੇ ‘ਚ ਹੋ ਰਹੀ ਅਨਾਉਂਸਮੈਂਟ ਨੇ ਮੇਰੀ ਸੋਚ ਦੀ ਲੜੀ ਤੋੜ ਦਿੱਤੀ ਹੈ...
...ਪਿੰਡ ਵੱਲ ਮੁੜਦਿਆਂ ਮੈ ਆਪਣੇ ਹੱਥ ਵਿਚਲੇ ਪੱਤੇ ਵੱਲ ਦੇਖਦਾ ਹਾਂ...ਉਹ ਘੁੰਮਣੋ ਹਟ
ਗਿਆ ਹੈ...
***
ਅਨਾਊਂਸਮੈਂਟ ਦੁਹਰਾਈ ਜਾ ਰਹੀ ਹੈ...
”ਜਥੇਦਾਰ ਸ੍ਰ. ਧੰਨਾਂ ਸਿੰਘ ਜੀ ਵੱਲੋਂ ਬੇਨਤੀ ਹੈ ਭਾਈ ਕਿ ਸੰਗ੍ਰਾਂਦ ਦਾ ਭੋਗ ਪੈਣ ਤੋਂ
ਬਾਅਦ ਸਮੂਹ ਸਾਧ ਸੰਗਤ ਮੰਮਟੀ ਵਾਲੇ ਸਥਾਨ ਤੇ ਪਹੁੰਚੇ।ਯਾਦਗਾਰ ਦਾ ਨੀਂਹ ਪੱਥਰ ਰੱਖਿਆ
ਜਾਣਾ ਹੈ।”
ਪਿੰਡ ਦੀ ਸੰਗਤ ਗੋਰੇ ਖੂਹ ਤੇ ਪਹੁੰਚੀ ਤਾਂ ‘ਕਾਰ ਸੇਵਾ‘ ਵਾਲੇ ਬਾਬਿਆਂ ਦੇ ਸੇਵਕ ਪਹਿਲਾਂ
ਈ ਪਹੁੰਚੇ ਹੋਏ ਸੀ।ਟਰੱਕ ‘ਚੋਂ ਇੱਟਾਂ ਤੇ ਟੈਂਪੂ ‘ਚੋਂ ਸੀਮਿੰਟ ਉਤਾਰਿਆ ਜਾ ਰਿਹਾ
ਸੀ।ਸਪੀਕਰ ਤੇ ਚਿਤਾਵਨੀ ਗੂੰਜ ਰਹੀ ਸੀ-
”ਕਾਰ ਸੇਵਾ ਵਿਚ ਕੇਵਲ ਬਾਬਿਆਂ ਦਾ ਜੱਥਾ ਭਾਗ ਲਵੇਗਾ ਭਾਈ।ਪਿੰਡ ਦੀ ਸੰਗਤ ਨੂੰ ਬੇਨਤੀ ਐ
ਬਾਬਿਆਂ ਦਾ ਹੁਕਮ ਹੋਏ ਤੋਂ ਸਿਰਫ ਅੰਮਿਤ੍ਰਧਾਰੀ ਸਿੰਘ ਸ਼ਾਮਿਲ ਹੋਣਗੇ...”
ਆਪੋ ਆਪਣੀਆਂ ਕਹੀਆਂ ਤਸਲੇ ਲੈ ਕੇ ਆਏ ਪਿੰਡ ਵਾਲੇ ਥੋੜ੍ਹੀ ਦੇਰ ਔਟਲ਼ੇ ਜਿਹੇ ਫਿਰਦੇ ਰਹੇ ਤੇ
ਫਿਰ ਬਾਬੇ ਦੇ ਸੇਵਕਾਂ ਦੇ ਉਤਸ਼ਾਹ ਮੂਹਰੇ ਢੈਲ਼ੇ ਜਿਹੇ ਪਏ ਇਕ ਪਾਸੇ ਕਹੀਆਂ ਦੇ ਬਾਹਿਆਂ ਤੇ
ਰੱਖੀਆਂ ਹਥੇਲ਼ੀਆਂ ਤੇ ਭਾਰ ਪਾ ਕੇ ਟੇਢੇ ਜਿਹੇ ਖੜ੍ਹ ਗਏ। ਜਿਵੇਂ ਬਾਜੀ ਪੈਂਦੀ ਦੇਖਣ ਆਏ
ਹੁੰਦੇ ਨੇ।
ਹੂਟਰ ਵੱਜਿਆ।
ਧੂੜ ਉਡਾਉਂਦੀਆਂ ਦੋ ਜਿਪਸੀਆਂ ਤੇ ਇਕ ਜੀਪ ਉਪਰੋਥਲੀ ਆ ਰੁਕੀਆਂ।ਬਾਬੇ ਦੇ ਬੰਦੂਕ ਧਾਰੀ
ਸੇਵਕ ਫੁਰਤੀ ਨਾਲ ਇਕ ਘੇਰਾ ਬਣਾ ਕੇ ਖੜ੍ਹ ਗਏ।ਜਦੋਂ ਜਿੰਨੀ ਧੂੜ ਉਡਣੀ ਸੀ ਉਡ ਗਈ ਤੇ ਬਾਕੀ
ਦੀ ਲੋਕਾਂ ਦੇ ਹੈਰਾਨ ਚਿਹਰਿਆਂ ਅਤੇ ਗਰਮੀ ਨਾਲ ਗੜੁੱਚ ਹੋਏ ਹੋਏ ਕੱਪੜਿਆਂ ਤੇ ਆ ਕੇ ਬੈਠ
ਗਈ ਤਾਂ ਬਾਬੇ ਦੀ ਮਰਸੀਡੀਜ਼ ਬਿਨਾ ਆਵਾਜ਼ ਕੀਤੇ ਕਿਸੇ ਰਕਾਨ ਵਾਂਗ ਆ ਕੇ ਰੁਕੀ।ਅਸਾਲਟ ਵਾਲੇ
ਸੇਵਾਦਾਰ ਨੇ ਦਰਵਾਜਾ ਖੋਲ੍ਹਿਆ ਤੇ ਝੁਕ ਕੇ ਖੜ੍ਹ ਗਿਆ।
”ਬੋਲੇ ਸੋ ਨਿਹਾਲ...”
”ਸਤਿ ਸ੍ਰੀ ਅਕਾਲ...” ਜੈਕਾਰਾ ਗੂੰਜਿਆ।
”ਆ‘ਗੇ ਬਈ ਕਬਜਾ ਲੈਣ ਆਲੇ” ਪਿੰਡ ਵਾਲਿਆਂ ਦੀ ਕਮਜ਼ੋਰ ਜਿਹੀ ‘ਕਾਲ ਮੇਜਰ ਦੀ ਗੱਲ ਹੇਠ ਦਬ
ਗਈ...
...ਬਾਬਿਆਂ ਨੇ ਇਕ ਪਲ ਲਈ ਐਨਕ ਉਤਾਰ ਕੇ ਭੀੜ ਵੱਲ ਨਜ਼ਰ ਸਵੱਲੀ ਕੀਤੀ। ਐਨਕ ਫੇਰ ਲਾਈ ਤੇ
ਇਕ ਜਿਪਸੀ ਦੇ ਬੌਰਨਟ ਤੇ ਨਕਸ਼ਾ ਫੈਲਾਈ ਖੜ੍ਹੇ ਸੇਵਕ ਕੋਲ ਜਾ ਖੜ੍ਹੇ।ਉਹ ਝੁਕ ਕੇ ਪਾਸੇ ਹੋ
ਗਿਆ। ਬੌਂਦਲੇ ਖੜ੍ਹੇ ਪਿੰਡ ਵਾਲਿਆਂ ਨੇ ਬਾਬਿਆਂ ਦੇ ਇਸ਼ਾਰੇ ਤੇ ਧੰਨਾਂ ਸਿਓਂ ਨੂੰ ਬਾਬਿਆਂ
ਵੱਲ ਜਾਂਦੇ ਦੇਖਿਆ।ਧੰਨਾਂ ਸਿਓਂ ਨੇ ਮਾਸਟਰ ਸੰਤੋਖ ਨੂੰ ਬੁਲਾਇਆ।ਮੁਕੰਮਲ ਚੁੱਪ ਉੱਤੋਂ ਦੀ
ਬਾਬਿਆਂ ਦੀ ਟਿਕੀ ਹੋਈ,ਗੜ੍ਹਕਵੀਂ ਆਵਾਜ਼ ਗੂੰਜੀ-
”ਆਹ ਕੰਧ...”,ਆਰਕੀਟੈਕਚਰ ਬਣੇ ਖੜ੍ਹੇ ਬਾਬਿਆਂ ਦੀ ਉਂਗਲੀ ਨਾਨਕਸ਼ਾਹੀ ਇੱਟਾਂ ‘ਚ ਚਿਣੀ ਕੰਧ
ਦੇ ਮਘੋਰਿਆਂ ਵੱਲ ਉੱਠੀ,”ਨਵੇਂ ਨਕਸ਼ੇ ਅਨੁਸਾਰ, ਇਹ ਕੰਧ ਢਾਉਣੀ ਪਵੇਗੀ...”
ਕੋਈ ਨਾ ਬੋਲਿਆ।ਫੇਰ ਭੀੜ ਚੋਂ ਕਿਸੇ ਦੀ ਅਣਸੁਣਦੀ ਜਿਹੀ ਆਵਾਜ਼ ਆਈ”
”ਬਾਬੇ ਬੰਦੇ ਦੀ ਨਿਸ਼ਾਨੀ ਕਾਹਨੂੰ ਢਾਉਣੀ ਐ...” ਘੁਸਰ ਮੁਸਰ ਸ਼ੁਰੂ ਹੋਈ ਤਾਂ ਬਾਬਿਆਂ ਨੇ
ਨਕਸ਼ੇ ਤੋਂ ਸਿਰ ਚੁੱਕਿਆ।ਭੀੜ ਤੇ ਰੜਕਵੀਂ ਨਜ਼ਰ ਘੁਮਾਈ।ਫਿਰ ਮਾਸਟਰ ਸੰਤੋਖ ਤੇ ਧੰਨਾਂ ਸਿਓਂ
ਦਾ ਇਕੱਠਾ ਕਿਹਾ ,”ਜਿਵੇਂ ਹੁਕਮ ...” ਉੱਚੇ ਉੱਠ ਖੜ੍ਹੇ ਰੌਲ਼ੇ ਵਿਚ ਰੁਲ਼ ਗਿਆ।
ਕਹੀਆਂ ਦੇ ਬਾਹਿਆਂ ਤੇ ਥੇਲ਼ੀਆਂ ਰੱਖੀਂ ਖੜ੍ਹੇ ਬੰਦੇ ਸਿੱਧੇ ਹੋ ਕੇ ਖੜ੍ਹ ਗਏ।ਬਾਬਿਆਂ ਦੇ
ਸੇਵਕਾਂ ਨੇ ਉਤਸ਼ਾਹ ਵਿਚ ਜੈਕਾਰਾ ਛੱਡਿਆ ਤੇ ਕੰਧਾਲ਼ੇ ਸੱਬਲਾਂ ਨੂੰ ਹੱਥ ਪਾ ਲਏ...ਉਦੋਂ
ਹੀ...
ਠਾਹ!
ਐਨ ਥੜ੍ਹੇ ਦੇ ਵਿਚਾਲੇ ਪਟਾਕਾ ਪਿਆ।ਧੂੜ ਅਤੇ ਧੂਏਂ ਦਾ ਬੱਦਲ ਉੱਠਿਆ।ਲੋਕਾਂ ਨੇ ਦੇਖਿਆ ਕਿ
ਹੱਥ ‘ਚ ‘ਮੁੱਠੀਆਂ‘ ਨਾਲ ਭਰਿਆ ਲਫਾਫਾ ਲਈਂ ਚਿੜੀ ਦਾ ਬਾਬਾ ਖੜ੍ਹਾ ਸੀ।‘ਅਗਲੀ ਮੁੱਠੀ‘
ਲਫਾਫੇ ‘ਚੋਂ ਕੱਢ ਉਹਨੇ ਬਾਂਹ ਦੂਜੀ ਵਾਰ ਤਾਣ ਲਈ ਸੀ-
”ਏਥੇ...ਏਸੇ ਕੰਧ ਨਾਲ ਢੋਅ ਲਾਕੇ, ਬਾਬੇ ਬੰਦੇ ਨੇ ਮੁਗਲਾਂ ਦਾ ਟਾਕਰਾ ਕੀਤਾ ਸੀ ਤੇ ਏਥੇ ਈ
ਏਸੇ ਕੰਧ ਨਾਲ ਮੇਰੇ ਪੁੱਤ ਨੇ ‘ਉਹਨਾ‘ ਦੀ ਗੋਲ਼ੀ ਖਾਧੀ ਸੀ...”
ਜੋਸ਼ ਵਿਚ ਬੋਲਦੇ ਚਿੜੀ ਦੇ ਬਾਬੇ ਨੂੰ ਸਾਹ ਚੜ੍ਹ ਗਿਆ।ਚਿੜੀ ਦੀ ਦਾਦੀ ਨੇ ਉਹਤੋਂ ਲਫਾਫਾ
ਫੜਿਆ ਤੇ ਉਹਦੇ ਮੋਢੇ ਤੇ ਹੱਥ ਰੱਖ ਕੇ ਗਰਜੀ- ”ਆਪਣੇ ਸ਼ਹੀਦਾਂ ਦੀ ਯਾਦਗਾਰ ਤੁਸੀਂ ਜੰਮ ਜੰਮ
ਬਣਾਓ...ਪਰ ਅਸੀਂ ਆਪਣੇ ਸ਼ਹੀਦਾਂ ਦੀਆਂ ਨਿਸ਼ਾਨੀਆਂ ਤੁਹਾਨੂੰ ਨਹੀਂ ਮਿਟਾਉਣ ਦਿਆਂਗੇ...ਲੋੜ
ਪਈ ਤਾਂ ਸਾਡਾ ਚਿੜੀ ਤੇ ਉਹਦਾ ਟੱਬਰ ਵੀ...”
ਚਿੜੀ ਦਾ ਬਾਬਾ ਅਗਾਂਹ ਵਧਿਆ ਤੇ ਕੰਧ ਨਾਲ ਢੋਅ ਲਾ ਕੇ ਖੜ੍ਹ ਗਿਆ-
”ਇਹ ਕੰਧ ਤਾਂ ਸਾਡੇ ਬਾਬਿਆਂ ਨੇ ਮੁਗਲਾਂ ਨੂੰ ਵੀ ਨਹੀਂ ਸੀ ਢਾਉਣ ਦਿੱਤੀ...”
***
ਹਰਵੀਰ ਦੇ ਬਾਪੂ ਦਾ ਬੋਲ ਮੈਨੂੰ ਦੂਰੋਂ ਹੀ ਸੁਣ ਗਿਆ ਹੈ।ਉਸਦੇ ਬੋਲਣ ਨਾਲ ਇਕ ਵਾਰ ਤਾਂ
ਚੁੱਪ ਛਾ ਗਈ ਹੈ।ਪਿੰਡ ਇਕ ਪਾਸੇ ਤੇ ਕਾਰ-ਸੇਵਕ ਇਕ ਪਾਸੇ ਖੜ੍ਹੇ ਹਨ।ਖਾਮੋਸ਼ ਭੀੜ ਦੇ
ਵਿਚਕਾਰੋਂ ਲੰਘ ਕੇ ਮੈਂ ਮੰਮਟੀ ਦੇ ਥੜ੍ਹੇ ਅੱਗੇ ਜਾ ਖੜ੍ਹਿਆ ਹਾਂ।
ਕਾਲੀਆਂ ਐਨਕਾਂ ਪਿੱਛੇ ਬਾਬਿਆਂ ਦੀਆਂ ਅੱਖਾਂ ਤਾਂ ਪਤਾ ਨਹੀਂ ਕਿਹੋ ਜਿਹੀਆਂ ਹੋਣਗੀਆਂ ਪਰ
ਹਰਵੀਰ ਦੀ ਦਾਦੀ ਦੀ ਗੱਲ ਨਾਲ ਬਾਬਿਆਂ ਦੇ ਚਿਹਰੇ ਦੀ ਕਾਰੋਬਾਰੀ ਲਿਸ਼ਕ ਫਿੱਕੀ ਪੈਂਦੀ ਸਾਫ
ਦਿਸ ਰਹੀ ਹੈ।ਉਹਦੇ ਤੇਲੀਆ ਚਿਹਰੇ ਤੇ ‘ਕੰਸਟਰਕਸ਼ਨ ਮਾਫੀਏ‘ ਵਰਗੇ ਤੇਵਰ ਉੱਭਰ ਆਏ ਹਨ-
”ਕੌਣ ਨੇ ਇਹ ਬੁੜ੍ਹਾ ਬੁੜ੍ਹੀ...ਪਾਸੇ ਕਰੋ...ਅਰਦਾਸ ਆਰੰਭ ਕਰੀਏ। ‘ਕੀਤਾ ਲੋੜੀਏ ਕੰਮ ਸੋ
ਹਰ ਪੈ ਆਖੀਏ... ”,ਅਰਦਾਸ ਲਈ ਅੱਖਾਂ ਬੰਦ ਕਰਨ ਤੋਂ ਪਹਿਲਾਂ ਬਾਬਿਆਂ ਨੇ ਪਹਿਲਾਂ ਈ ਥੜ੍ਹੇ
ਕੋਲ ਜਾ ਖੜ੍ਹੇ ਸੇਵਕਾਂ ਨੂੰ ਇਸ਼ਾਰਾ ਕੀਤਾ ਹੈ।ਇਕ ਸੇਵਕ ਨੇ ਮੋਢੇ ‘ਚ ਝੂਲਦੀ ਅਸਾਲਟ ਨੂੰ
ਹੱਥ ਪਾਇਆ ਤੇ ਥੜ੍ਹੇ ਤੇ ਆਪਣਾ ਕੱਢਵੀਂ ਜੁੱਤੀ ਵਾਲਾ ਪੈਰ ਮੜਕ ਨਾਲ ਟਿਕਾਇਆ ਹੈ-
”ਚਲੋ ਬਈ ਬਜ਼ੁਰਗੋ...ਹੁਕਮ ਹੋ ਗਿਐ...ਕਹਿਣਾ ਮੰਨੀਦੈ...ਆ ਬੇਬੇ... ”
ਸੇਵਕ ਕੰਧ ਨਾਲ ਖੜ੍ਹੇ ਹਰਵੀਰ ਦੇ ਬਾਪੂ ਵੱਲ ਵਧਿਆ ਹੈ।ਹਰਵੀਰ ਦਾ ਬਾਪੂ ਅਡੋਲ ਖੜ੍ਹਾ
ਹੈ।ਕਿਸੇ ਅਨਹੋਣੀ ਦੇ ਭੈਅ ਵਿਚ ਮੇਰੇ ਪੈਰ ਜਕੜੇ ਗਏ ਹਨ-
”ਖੜ੍ਹ ਜਾਹ ਬਈ ਜੁਆਨਾ...ਬਹੁਤ ਹੋ‘ਗੀ। ਖਬਰਦਾਰ ਜੇ ਤਾਏ,ਤਾਈ ਨੂੰ ਹੱਥ ਲਾਇਐ...”,ਮੇਰੇ
ਪਿੱਛੇ ਮੈਨੂੰ ਮੇਜਰ ਦਾ ਬੋਲ ਸੁਣਿਆ ਹੈ।
”ਅੱਗੇ ਨ੍ਹੇਰੇ ‘ਚ ਮਾਰ‘ਗੇ ਹਰਵੀਰ ਨੂੰ...”,ਵਿਹੜੇ ‘ਚੋਂ ਪੰਚ,ਕੇਵਲ ਸਿਓਂ ਮੇਰੇ ਬਰਾਬਰੋਂ
ਲੰਘਿਆ ਹੈ।
ਮੇਜਰ ਤੇ ਕੇਵਲ ਦੇ ਬੋਲਦੀ ਸਾਰ ਇਕ ਲੋਅ ਲਿਸ਼ਕੀ ਹੈ।ਮੋਢਿਆਂ ਤੱਕ ਜਾਂਦੇ ਕਹੀਆਂ ਤਸਲਿਆਂ
‘ਤੇ ਸੂਰਜ ਚਮਕਿਆ ਹੈ।ਸੇਵਕਾਂ ਦੀਆਂ ਅਸਾਲਟਾਂ ਦੇ ‘ਲਾਕ ਖੁੱਲ੍ਹਣ ਦੀ ਟਿੱਕ ਟਿੱਕ ਸੁਣੀ
ਹੈ-
”ਤੂੰ ਮੇਜਰਾ ਪਿੰਡ ਸਾਂਝੇ ਕੰਮ ‘ਚ ਅੜਿੱਕਾ ਨਾ ਡਾਹ...ਇਹ ਠਿੱਲਾਂ ਕਰਨ ਦਾ ਵੇਲਾ ਨੀ”,
ਬੋਲਣ ਲੱਗੇ ਧੰਨਾ ਸਿਓਂ ਨੇ ਪਹਿਲਾਂ ਬਾਬਿਆਂ ਵੱਲ ਤੇ ਫਿਰ ਭੀੜ ਵੱਲ ਦੇਖਿਆ ਹੈ...
”ਠਿੱਲਾਂ ਤਾਂ ਤੁਸੀਂ ਕਰਦੇ ਓਂ।ਯਾਦਗਾਰ ਬਣਾਉਣ ਦੇ ਬਹਾਨੇ, ਢਾਉਣ ਨੂੰ ਫਿਰਦੇ ਓਂ”, ਬੋਲਣ
ਵਾਲੇ ਨੂੰ ਦੇਖਣ ਲਈ ਮੈਂ ਪਿੱਛੇ ਦੇਖਦਾ ਹਾਂ।ਮਜ੍ਹਬੀਆਂ ਦਾ ਘੀਰਾ ਖੜ੍ਹਾ ਹੈ।ਉਸ ਦੇ ਮੋਢੇ
ਤੇ ਮੂਧਾ ਰੱਖਿਆ ਤਸਲਾ ਸੂਰਜ ਦੀਆਂ ਸਿੱਧੀਆਂ ਪੈਂਦੀਆਂ ਕਿਰਨਾ ਵਿਚ ਢਾਲ ਵਾਂਗ ਚਮਕ ਰਿਹਾ
ਹੈ।ਦੇਖਦੇ ਦੇਖਦੇ ਘੀਰਾ ਧੰਨਾ ਸਿਓਂ ਵੱਲ ਸਿੱਧਾ ਹੋ ਗਿਆ ਹੈ-
”ਪਹਿਲਾਂ ਪਿੰਡ ਦੇਖ ਲੈ ਕਿੱਧਰ ਖੜ੍ਹੈ...”
”ਤੇਰਾ ਠੇਕੇਦਾਰ ਲਾਣਾ ਇਕ ਪਾਸੇ, ਪਿੰਡ ਇਕ ਪਾਸੇ”, ਇਹ ਗੱਲ ਮੇਜਰ ਨੇ ਕਹੀ ਹੈ।‘ਠੇਕੇਦਾਰ‘
ਸ਼ਬਦ ਕਾਰ ਸੇਵਕਾਂ ਨੂੰ ਚੁਭਿਆ ਸਾਫ ਦਿਸਦਾ ਹੈ।ਥੜ੍ਹੇ ਤੇ ਖੜ੍ਹੇ ਸੇਵਕ ਨੇ ਅਸਾਲਟ ਸਿੱਧੀ
ਕੀਤੀ ਹੈ।
ਮੈਨੂੰ ਆਪਣੇ ਦੁਆਲੇ ਹਿੱਲਜੁਲ ਦਾ ਅਹਿਸਾਸ ਹੁੰਦਾ ਹੈ।ਘੀਰਾ ਕਾਹਲੀ ਨਾਲ ਮੇਰੇ ਕੋਲੋਂ
ਲੰਘਿਆ ਹੈ।ਘੀਰੇ ਦੇ ਮਗਰ ਮੇਜਰ ਤੇ...ਮੈਂ ਦੇਖਦਾ ਹਾਂ ਕਿ ਮੋਢਿਆਂ ਤੇ ਕਹੀਆਂ, ਤੇ ਸਿਰਾਂ
ਤੇ ਤਸਲੇ ਰੱਖੀਂ ਪਿੰਡ ਦੇ ਲੋਕ ਥੜ੍ਹੇ ਵੱਲ ਵਧ ਰਹੇ ਹਨ।ਅਸਾਲਟ ਵਾਲਾ ਸੇਵਕ ਥੜ੍ਹੇ ਤੋਂ
ਉਤਰ ਰਿਹਾ ਹੈ...
ਮੇਰੇ ਸਾਹਮਣੇ ਇਤਿਹਾਸ ਆ ਖੜ੍ਹਿਆ ਹੈ।ਬਾਬੇ ਬੰਦੇ ਦੀ ਫੌਜ ‘ਚ ਵੀ ਇਹੀ ਲੋਕ, ਇਵੇਂ ਜੁੜੇ
ਸਨ...ਮੈਂ ਫਿਰ ਇਕ ਵਾਰ ਸੰਗਲਾਂ ‘ਚ ਨੂੜੇ, ਘੋੜਿਆਂ ਹਾਥੀਆਂ ਪਿੱਛੇ ਦਿੱਲੀ ਤੱਕ ਧੂਹੇ ਜਾ
ਰਹੇ,ਲੰਗਾਰੇ ਪਿੰਡਿਆਂ ਵਾਲੇ ਸੂਰਮਿਆਂ ਦਾ ਕਾਫਲਾ ਚਿਤਵਦਾ ਹਾਂ...ਡਰ ਜਾਂਦਾ ਹਾਂ...ਪਰ
ਨਹੀਂ...ਫਿਰ ਸੋਚਦਾ ਹਾਂ... ਜਾਂ ਸ਼ਾਇਦ ਇਸ ਵਾਰ...
ਪਿੰਡ ......ਬੂਥਗੜ੍ਹ
ਜ਼ਿਲਾ......ਲੁਧਿਆਣਾ
ਮੋਬ: 9464418200
-0-
|