“ਤੂੰ ਮੇਰੇ ਕੋਲ ਕਿਉਂ
ਨਹੀਂ ਖਲੋਂਦੀ ?” ਗੁਲਾਬਾਂ ਦੇ ਬਾਗ ਨੂੰ ਜਾ ਰਹੀ ਤਿਤਲੀ ਨੂੰ ਰਾਹ ’ਤੇ ਖਲੋਤੀ ਕਿੱਕਰ ਦੇ
ਫੁੱਲ ਨੇ ਪੁੱਛਿਆ...
“ਤੇਰੇ ਕੋਲ ਕੋਈ ਖਲੋਵੇ ਵੀ ਤੇ ਕਿਉਂ ਭਲਾਂ ?” ਤਿਤਲੀ ਨੇ ਓਸ ਫੁੱਲ ਦੁਆਲੇ ਇੱਕ ਚੱਕਰ ਕੱਢ
ਕੇ ਜਿਵੇਂ ਅਹਿਸਾਨ ਕੀਤਾ...
“ਮੈਂ ਵੀ ਤੇ ਫੁੱਲ ਦੀ ਜੂਨੇ ਪਿਆ ਵਾਂ; ਮੇਰਾ ਵੀ ਤਾਂ ਆਪਣਾ ਰੰਗ ਏ, ਗੇਂਦੇ ਜਿਹਾ...”
ਫੁੱਲ ਨੇ ਜਿਵੇਂ ਤਿਤਲੀ ਨੂੰ ਕੁੱਝ ਦੇਰ ਹੋਰ ਰੁਕਣ ਦਾ ਤਰਲਾ ਕੀਤਾ ਹੋਵੇ...
“ਤੂੰ ਫੁੱਲ ਜ਼ਰੂਰ ਏਂ ਪਰ ਤੇਰੇ ’ਚ ਮਹਿਕ ਕੋਈ ਨਹੀਂ; ਰਸ ਵੀ ਤਾਂ ਹੈ ਨਹੀਂ...” ਤਿਤਲੀ ਨੇ
ਖ਼ੁਸ਼ਬੂਆਂ ਭਰੇ ਬਾਗ ਨੂੰ ਉਡਾਰੀ ਮਾਰਨ ਲਈ ਪਰ ਤੋਲੇ...
“ਇਹ ਰਸ, ਇਹ ਮਹਿਕ ਸਭ ਸਾਹਮਣੇ ਵਾਲੇ ਦੇ ਦਿਲ ’ਚ ਹੁੰਦੇ ਨੇ... ਇਸੇ ਦਿਲ ਵਿਚੋਂ ਪਿਆਰ ਦੇ
ਰੰਗ ਮੁਹੱਬਤਾਂ ਦੀ ਮਹਿਕ ਖਿੰਡਾਉਂਦੇ ਨੇ; ਇਹੋ ਹਰੇਕ ਫੁੱਲ ਦਾ ਧਰਮ ਹੁੰਦੈ ਤੇ ਮੇਰਾ
ਵੀ...” ਫੁੱਲ ਨੇ ਜਿਵੇਂ ਸਾਰੇ ਫੁੱਲਾਂ ਦੀ ਹੋਂਦ ਦਾ ਮਕ਼ਸਦ ਦੱਸਿਆ...
ਤਿਤਲੀ ਨੂੰ ਜਾਪਿਆ, “ਗੱਲ ਤੇ ਇਹਦੀ ਠੀਕ ਹੈ.!”
ਉਹਨੇ ਫੁੱਲ ਨੂੰ ਫਿਰ ਕਿਹਾ, “ਪਰ ਦਿਲ ’ਚ ਪਿਆਰ ਉਗਮਣ ਲਈ ਕੋਈ ਕਾਰਨ, ਕੋਈ ਸੁੰਦਰਤਾ, ਕੋਈ
ਗੁਣ ਤਾਂ ਸਾਹਮਣੇ ਵਾਲੇ ’ਚ ਹੋਵੇ...”
“ਪਿਆਰ ਗੁਣਾਂ, ਕਾਰਨਾਂ ਜਾਂ ਸੁਹੱਪਣਾਂ ਨੂੰ ਨਈਂ ਹੁੰਦਾ ਤਿਤਲੀਏ.! ਪਿਆਰ ਤਾਂ ਬੱਸ... ਹੋ
ਜਾਂਦੈ, ਤੇ ਅਕਸਰ ਅਕਾਰਨ ਹੀ...”
“ਅਕਾਰਨ ਕਿਵੇਂ.?” ਤਿਤਲੀ ਜਵਾਬ ਜਾਣਨ ਲਈ ਫੁੱਲ ਦੇ ਹੋਰ ਨਜ਼ਦੀਕ ਆਈ ਤਾਂ ਫੁੱਲ ਦੁਆਲ਼ੇ ਦੇ
ਕੰਡੇ ਤਿਤਲੀ ਦੇ ਨਾਜ਼ੁਕ ਪਰਾਂ ਖ਼ਿਆਲ ਕਰ ਜ਼ਰਾ ਕੁ ਝੁਕ ਗਏ...
“ਕਈ ਵਾਰ ਸੰਜੀਦਗੀ ਭਰੀ ਚੁੱਪ ਹੀ ਸਾਰੇ ਸੁਹੱਪਣਾਂ ਦਾ ਤੋੜ ਹੋ ਨਿੱਬੜਦੀ ਹੈ ਤੇ ਕਦੇ
ਸਧਾਰਨ ਜਿਹੀ ਇੱਕੋ ਤੱਕਣੀ ਹੀ ਰੂਹਾਂ ਤਕ ਨੂੰ ਮਿਲਾ ਦਿੰਦੀ ਹੈ...” ਫੁੱਲ ਨੇ ਗਹਿਰੀ
ਭਾਵ-ਵਿਭੋਰਤਾ ’ਚ ਕਹਿਣਾ ਜਾਰੀ ਰੱਖਿਆ...
“...ਅਤੇ ਸੁਹੱਪਣ ਦਾ ਬਲ਼ਦੀ ਅੱਗ ਜਿਹਾ ਸੇਕ, ਦਿਲੀ ਸੁੰਦਰਤਾ ਦੀ ਚੰਨ-ਚਾਨਣੀ ਜਿਹੀ
ਸ਼ੀਤਲਤਾ ਨਹੀਂ ਦੇ ਸਕਦਾ...”
“ਪਰ ਮੁਹੱਬਤ ਤਾਂ ਹੈ ਹੀ ਬਲ਼ਦੀ ਅੱਗ ਤੋਂ ਵੀ ਵਧੇਰੇ ਸੇਕ ਵਾਲੀ; ਇਹਦੇ ’ਚ ਸ਼ੀਤਲਤਾ ਦਾ ਕਈ
ਕੰਮ.?” ਤਿਤਲੀ ਦਾ ਧਿਆਨ ਪਿਛਲੀ ਸ਼ਾਮ ਅੱਧ-ਖਿੜਦੇ
ਗੁਲਾਬ ਦੇ ਕੰਡਿਆਂ ਦੀ ਦਰਦ ਵੱਲ ਗਿਆ, ਜੋ ਉੱਸਨੂੰ ਜ਼ਰਾ ਕੁ ਛੁਹ ਗਏ ਸਨ...
“ਮੁਹੱਬਤ ਦੇ ਬਲ਼ਦੀ ਅੱਗ ਜਿਹੇ ਸੇਕ ’ਚ ਜੀਵਨ ਦੀ ਸ਼ੀਤਲਤਾ ਦਾ ਮਿਲਣਾ ਹੀ ਮੁਹੱਬਤ ਦੀ
ਸੰਪੂਰਨਤਾ ਏ ਤਿਤਲੀਏ.!”
“ਉਹ ਕਿਵੇਂ.?”
“ਉਵੇਂ, ਜਿਵੇਂ ਤੂੰ ਤੇ ਮੈਂ... ਜਿਵੇਂ ਸ਼ਮ੍ਹਾ ਤੇ ਪਰਵਾਨਾ..!”
“ਹੁਣ ਇਹ ਸ਼ਮ੍ਹਾ ਤੇ ਪਰਵਾਨਾ ਕਿੱਥੋਂ ਆ ਗਏ.?” ਤਿਤਲੀ ਨੂੰ ਗੱਲ ਦੂਰ ਜਾਂਦੀ ਜਾਪੀ..
“ਪਿਆਰੇ ਦੇ ਵਜੂਦ ’ਚ ਫ਼ਨ੍ਹਾ ਹੋ ਜਾਣ ਦਾ ਨਾਂ ਪਿਆਰ ਏ ਤਿਤਲੀਏ.! ਇਸੇ ਲਈ ਸ਼ਮ੍ਹਾ ਨਾਲ
ਪਰਵਾਨੇ ਦੀ ਪ੍ਰੀਤ ਜਗਤ ਪ੍ਰਸਿੱਧ ਹੈ..”
“ਗੱਲਾਂ ਤੇ ਤੂੰ ਚੰਗੀਆਂ ਕਰਦਾ ਏਂ... ਪਰ ਤੇਰੇ ’ਚ ਓਹੋ ਜਿਹੀ ਕੋਈ ਗੱਲ ਮੈਨੂੰ ਫਿਰ ਵੀ
ਨਹੀਂ ਦਿਖਦੀ..” ਕਹਿ ਕੇ ਤਿਤਲੀ ਜਾਣ ਨੂੰ ਅਹੁਲੀ...
ਅਚਾਨਕ ਹਵਾ ਦਾ ਤੇਜ਼ ਬੁੱਲਾ ਆਇਆ..
ਤਿਤਲੀ ਕਿੱਕਰ ਦੇ ਕੰਡਿਆਂ ’ਚ ਉਲਝ ਕੇ ਜ਼ਖਮੀ ਹੋਣ ਵਾਲੀ ਸੀ ਕਿ ਫੁੱਲ ਅਹੁਲ ਕੇ ਉਹਨਾਂ
ਵਿਚਕਾਰ ਆ ਗਿਆ...
ਤਿਤਲੀ ਕੰਡਿਆਂ ਦੀ ਥਾਂ ਫੁੱਲ ਨਾਲ ਟਕਰਾਈ...
ਉਹ ਸਹੀ-ਸਲਾਮਤ ਉੱਡ ਨਿਕਲੀ; ਪ੍ਰੰਤੂ ਫੁੱਲ ਜ਼ਮੀਨ ’ਤੇ ਜਾ ਡਿੱਗਿਆ...
(ਬਾਗਾਂ ਵੱਲ ਉੱਡੀ ਜਾਂਦੀ ਤਿਤਲੀ ਨੂੰ ਹੁਣ ਫੁੱਲ ਦੀ ‘ਸ਼ਮ੍ਹਾ ਤੇ ਪਰਵਾਨੇ’ ਵਾਲੀ ਗੱਲ ਸਮਝ
ਪੈਂਦੀ ਜਾਂਦੀ ਸੀ..)
©
JAGSIR SINGH KOTBHAI
Phone: 9815262738
VPO: KOTBHAI.
TEH: GIDDERBAHA.
DIST: SRI MUKTSAR SAHIB
PIN 152101
(PUNJAB) INDIA
-0- |