(1931)
ਭੁੱਖ ਬਹੁਤ ਲੱਗੀ ਹੋਈ ਸੀ, ਤੇ ਪਿਆਸ ਵੀ। ਪਰ ਜੇਬ ਵਿਚ ਤਾਂ ਪੈਸੇ ਸਿਰਫ਼ ਕਿਰਾਏ ਜੋਗੇ
ਸਨ। ਰੋਟੀ ਤਾਂ ਕੀ ਖਾਣੀ ਸੀ, ਫਿ਼ਕਰ ਵਿਚ ਪਾਣੀ ਵੀ ਨਾ ਪੀਤਾ। ਮੁੜ ਕੇ ਬੱਸ-ਸਟੈਂਡ ਨੂੰ
ਤੁਰ ਪਿਆ। ਬੱਸ ਖੜ੍ਹੀ ਸੀ, ਖਾਲੀ ਸੀਟ ਦੇਖ ਕੇ ਬੈਠ ਗਿਆ। ਡਰਾਈਵਰ ਆਪਣੀ ਸੀਟ ਉੱਤੇ
ਪਹਿਲਾਂ ਹੀ ਬੈਠਾ ਸੀ, ਜਿਸਤੋਂ ਲਗਦਾ ਸੀ, ਬੱਸ ਤੁਰਨ ਵਾਲੀ ਹੈ। ਬੱਸ ਵਿੱਚੋਂ ਬੱਸ-ਸਟੈਂਡ
ਵਿਚਲਾ ਪਿਆਉ ਨਜ਼ਰ ਆ ਰਿਹਾ ਸੀ, ਜਿੱਥੇ ਠੰਡਾ ਪਾਣੀ ਮੁਫ਼ਤ ਮਿਲਦਾ ਸੀ। ਮਨ ਕਰੇ, ਦੌੜ ਕੇ
ਜਾਵਾਂ ਤੇ ਪਾਣੀ ਪੀ ਆਵਾਂ। ਪਰ ਪਿੱਛੋਂ ਬੱਸ ਹੀ ਨਾ ਤੁਰ ਜਾਏ? ਇਹ ਵੀ ਖਿ਼ਆਲ ਆਇਆ,
ਡਰਾਈਵਰ ਨੂੰ ਪੁੱਛ ਕੇ ਪਾਣੀ ਪੀ ਆਵਾਂ। ਪਰ ਸੋਚਦਾ ਹੀ ਰਹਿ ਗਿਆ, ਗਿਆ ਨਹੀਂ। ਬੱਸ ਪੰਜ
ਮਿੰਟ ਨਹੀਂ ਤੁਰੀ। ਪਰ ਮੈਂ ਪਿਆਸਾ ਬੈਠਾ ਰਿਹਾ।
ਸਵੇਰੇ ਪਿੰਡੋਂ ਰੋਟੀ ਖਾ ਕੇ ਤੁਰਿਆ ਸੀ। ਮਾਤਾ ਨੇ ਦੁਪਹਿਰ ਲਈ ਲੜ ਵੀ ਬੰਨ੍ਹ ਦਿੱਤੀ ਸੀ।
ਪਰ ਲੜ੍ਹ ਬੰਨ੍ਹੀ ਰੋਟੀ ਨੂੰ ਹੁਣ ਕੀ ਕਰਾਂ? ਉਹ ਤਾਂ ਪਿੱਛੇ ਬੋਧ ਰਾਜ ਦੇ ਦਫ਼ਤਰ ਵਿੱਚ ਪਈ
ਸੀ। ਐਸ ਵੇਲੇ ਤਾਂ ਨਾ ਰੋਟੀ ਸੀ, ਨਾ ਢਾਬੇ ‘ਚ ਖਾਣ ਜੋਗੇ ਪੈਸੇ। ਉਤੋਂ ਪਿਆਸ ਨੇ ਬੁਰਾ
ਹਾਲ ਕੀਤਾ ਹੋਇਆ ਸੀ।
ਬੋਧ ਰਾਜ ਨੇ ਤਾਂ ਸਵੇਰੇ ਬਹੁਤਾ ਸੋਚਣ ਵਿਚਾਰਨ ਦਾ ਮੌਕਾ ਹੀ ਨਾ ਦਿੱਤਾ। ਦੇਖਦੇ ਸਾਰ
ਬੋਲਿਆ, “ਤੂੰ ਜਾ ਜਲੰਧਰ ਕੰਪਨੀ ਦੇ ਦਫ਼ਤਰ। ਰੂਪ ਚੰਦ ਨਾਲ ਗੱਲ ਕਰ। ਮਾਲ ਨਹੀਂ ਆਇਆ।"
ਬੋਧ ਰਾਜ ਦੀ ਗੱਲ ਸੁਣ ਕੇ ਜਦੋਂ ਮੈਂ ਕੁਰਸੀ ਉੱਤੋਂ ਉੱਠ ਕੇ ਤੁਰਿਆ ਤਾਂ ਕਾਹਲਾ ਪੈ ਕੇ
ਬੋਲਿਆ, "ਤੂੰ ਜਾਂਦਾ ਕਿਉਂ ਨਹੀਂ? ਦੁਪਹਿਰਾ ਕਰਨਾ ਐ?”
ਕੀ ਜਵਾਬ ਦਿੰਦਾ, ਬੈਠਾ ਰਿਹਾ।
ਆਪ ਹੀ ਕਹਿਣ ਲੱਗਾ, “ਜੇਬ 'ਚ ਪੈਸੇ ਐ?” ਕਹਿਣਾ ਪਿਆ, "ਨਹੀਂ।" ਸੁਣ ਕੇ ਬੋਧ ਰਾਜ ਖੁਸ਼
ਨਹੀਂ ਹੋਇਆ। ਪਰ ਮੈਂ ਕੀ ਕਰਦਾ?
ਹਾਰ ਕੇ ਉਸਨੇ ਆਪਣੀ ਜੇਬ ਵਿੱਚੋਂ ਨੋਟ ਕੱਢੇ। ਦਸ ਦਸ ਦੇ। ਪਤਾ ਨਹੀਂ,ਕਿੰਨੇ ਸਨ? ਮੈਨੂੰ
ਦੋ ਨੋਟ ਫੜਾ ਦਿੱਤੇ। ਉਹ ਵੀ ਜਾਣਦਾ ਸੀ, ਤੇ ਮੈਂ ਵੀ, ਇਹ ਤਾਂ ਸਿਰਫ਼ ਬੱਸ ਦਾ ਆਉਣ ਜਾਣ
ਦਾ ਕਿਰਾਇਆ ਈ ਐ। ਹੋਰ ਖ਼ਰਚ ਕਿੱਥੋਂ ਕਰਾਂਗਾ? ਰਿਕਸ਼ੇ ਦਾ? ਖਾਣ ਪੀਣ ਦਾ। ਆਪ ਹੀ ਬੋਲਿਆ,
“ਉਥੋਂ ਵੀ ਪੈਸੇ ਮਿਲਣੇ ਐ। ਪਿਛਲੇ ਦਿਨਾਂ 'ਚ ਮੈਂ ਕੰਪਣੀ ਦੇ ਮਾਲ ਦੀ ਕੁਛ ਵਿੱਕਰੀ ਕੀਤੀ
ਐ। ਰੂਪ ਚੰਦ ਨੂੰ ਪਤਾ ਐ। ਹੋਰ ਲੋੜ ਪਈ, ਉਥੋਂ ਮਿਲੇ ਪੈਸਿਆਂ 'ਚੋਂ ਖ਼ਰਚ ਲਈਂ, ਪਰ
ਸੰਗ-ਸਰਫ਼ੇ ਨਾਲ।”
ਪਰ ਨਾ ਰੂਪ ਚੰਦ ਮਿਲਿਆ, ਨਾ ਕੋਈ ਰਕਮ। ਕਹਿੰਦੇ ਸੀ, ਰੂਪ ਚੰਦ ਅੰਮ੍ਰਿਤਸਰੋਂ ਆਉਣ ਵਾਲਾ
ਐ। ਉਡੀਕ ਲਉ। ਪਰ ਹੁਣ ਤਾਂ ਦੁਪਹਿਰ ਦੇ ਤਿੰਨ ਵੱਜ ਗਏ ਸਨ। ਪਿੱਛੇ ਬੋਧ ਰਾਜ ਮੇਰੀ ਜਾਨ
ਨੂੰ ਰੋਂਦਾ ਹੋਣਂੈ। ਇੱਥੇ ਮੇਰੀਆਂ ਆਂਦਰਾਂ ਭੁੱਖ ਨਾਲ ਲੂਸਦੀਆਂ ਪਈਆਂ। ਤੇਹ ਨਾਲ ਜਾਨ
ਨਿਕਲਦੀ ਪਈ ਹੈ।
ਅਖ਼ਬਾਰ ਵਿੱਚ ਇਸ਼ਤਿਹਾਰ ਨਿਕਲਿਆ ਸੀ। ਦਸਵੀਂ ਪਾਸ ਸੇਲਜ਼-ਬੁਆਏਜ਼ ਦੀ ਲੋੜ ਹੈ। ਤਨਖ਼ਾਹ
ਦੋ ਹਜ਼ਾਰ ਰੁਪਏ ਮਹੀਨਾ। ਨਾਲ ਵਿੱਕਰੀ ਉੱਤੇ ਕਮਿਸ਼ਨ ਵੀ। ਇਸ਼ਤਿਹਾਰ ਪੜ੍ਹ ਕੇ ਮੈਂ ਖੁਸ਼ੀ
ਨਾਲ ਉੱਛਲਿਆ ਸਾਂ। ਇਕੱਠੀ ਦੋ ਹਜ਼ਾਰ ਰੁਪਏ ਮਹੀਨਾ ਤਨਖ਼ਾਹ, ਨਾਲ ਕਮਿਸ਼ਨ ਵੀ। ਸਾਲ ਤੋਂ
ਵਿਹਲਾ ਬੈਠਾ ਸਾਂ। ਪੈਸੇ ਪੈਸੇ ਲਈ ਆਤੁਰ। ਭਾਪਾ ਪਿੰਡ ਦੇ ਅੱਡੇ’ਤੇ ਕੱਪੜੇ ਸੀਣ ਦਾ ਕੰਮ
ਕਰਦਾ ਸੀ। ਦੁਕਾਨ ਕਾਹਦੀ ਸੀ। ਕੋਠੜੀ ਜਿਹੀ ਸੀ। ਤਾਂ ਵੀ ਲਿੰਕ-ਰੋਡ ਉੱਤੇ ਪਿੰਡ ਦਾ ਅੱਡਾ
ਸੀ। ਕੁਝ ਪਿੰਡ ਦੇ, ਕੁਝ ਬਾਹਰ ਦੇ ਸੀਣ ਲਈ ਕੱਪੜੇ ਆ ਜਾਂਦੇ। ਟੱਬਰ ਦਾ ਰੋਟੀ ਪਾਣੀ ਤੁਰਦਾ
ਰਹਿੰਦਾ। ਮੈਥੋਂ ਛੋਟਾ ਕ੍ਰਿਸ਼ਨ ਤੇ ਤਿੰਨ ਭੈਣਾਂ ਪਿੰਡ ਦੇ ਸਕੂਲ ਵਿੱਚ ਪੜ੍ਹਦੀਆਂ ਸਨ।
ਸਰਕਾਰੀ ਸਕੂਲ ਹੋਣ ਕਰਕੇ ਹਰ ਮਹੀਨੇ ਉਗਰਾਹੇ ਜਾਂਦੇ ਚੰਦੇ ਤਾਂ ਮਾਮੂਲੀ ਸਨ, ਤਾਂ ਵੀ
ਕਾਪੀਆਂ ਕਿਤਾਬਾਂ ਦਾ ਖ਼ਰਚ, ਵਰਦੀਆਂ ਦਾ ਖ਼ਰਚ। ਮਾਤਾ ਦਾ ਭਾਪੇ ਅੱਗੇ ਹੱਥ ਅੱਡਿਆ ਹੀ
ਰਹਿੰਦਾ। ਭਾਪੇ ਦਾ ਸੁਭਾਅ ਠੰਡਾ ਸੀ, ਤਾਂ ਵੀ ਕਈ ਵਾਰ ਖਿਝ ਕੇ ਕਹਿੰਦਾ “ਪੈਸੇ ਦਰੱਖਤਾਂ
ਨਾਲੋਂ ਤੋੜ ਲਿਆਵਾਂ? ਕਿਹੜਾ ਖੂਹ ਪੁੱਟਾਂ?”
ਜਦੋਂ ਮੈਂ ਦਸਵੀਂ ਪਾਸ ਕਰ ਲਈ ਸੀ, ਤਾਂ ਭਾਪੇ ਨੇ ਹਰਨੇਕ ਸਿੰਘ ਦੇ ਘਰ ਜਾ ਕੇ ਫਰਮਾਇਸ਼
ਪਾਈ ਸੀ- “ਇਹਨੂੰ ਰਾਜ ਕੁਮਾਰ ਨੂੰ ਕਿਤੇ ਕੰਮ 'ਤੇ ਲੁਆਉ। ਦਸ ਪਾਸ ਐ।”
ਹਰਨੇਕ ਸਿੰਘ ਤਹਿਸੀਲ ਦੀ ਮਾਰਕੀਟ ਕਮੇਟੀ ਦਾ ਸਕੱਤਰ ਸੀ। ਮੈਨੂੰ ਕਹਿੰਦਾ, “ਆਪਣੇ
ਸਰਟੀਫਿ਼ਕੇਟ ਲੈ ਕੇ ਮੈਨੂੰ ਮਾਰਕੀਟ ਕਮੇਟੀ ਦੇ ਦਫ਼ਤਰ ਮਿਲੀਂ।”
ਮੰੈਂ ਸ਼ਹਿਰ ਗਿਆ। ਸਰਟੀਫਿ਼ਕੇਟ ਦੇਖ ਕੇ ਬੋਲਿਆ, “ਸਹੁਰੀ ਦਿਆ! ਪੜ੍ਹਦਾ ਨਹੀਂ ਸੀ ਹੁੰਦਾ?
ਤੀਜੇ ਦਰਜੇ 'ਚ ਪਾਸ ਹੋਇਐ। ਥਰਡ ਡਵੀਜ਼ਨ ਵਾਲੇ ਨੂੰ ਤਾਂ ਅੱਜ ਕੱਲ੍ਹ ਚਪੜਾਸੀ ਦੀ ਨੌਕਰੀ
ਵੀ ਨਹੀਂ ਮਿਲਦੀ।”
ਭਾਪੇ ਨੇ ਹੋਰ ਜਾਣਕਾਰ ਬੰਦਿਆਂ ਨੂੰ ਵੀ ਕਿਹਾ, “ਮੁੰਡਾ ਵਿਹਲਾ ਬੈਠੈ! ਦਸ ਸਾਲ ਪੜ੍ਹਾਈ 'ਚ
ਦੀਦੇ ਗਾਲੀ ਜਾਣ ਦਾ ਕੀ ਫੈਦਾ, ਜੇ ਪੜ੍ਹੇ ਲਿਖੇ ਨੂੰ ਵੀ ਨੌਕਰੀ ਨਹੀਂ ਮਿਲਣੀ? ਸਰਕਾਰ ਨੇ
ਪਿੰਡ ਪਿੰਡ ਸਕੂਲ ਖੋਲ੍ਹੇ ਐ। ਮਾਸਟਰਾਣੀਆਂ ਘਰ ਘਰ ਗੇੜੇ ਮਾਰਦੀਆਂ। ਹਰ ਬੱਚਾ ਸਕੂਲ ਭੇਜੋ।
ਕਈ ਤਾਂ ਨਾਂ ਲਿਖਵਾ ਦੇਂਦੇ ਐ, ਪਰ ਸਕੂਲ ਨਹੀਂ ਜਾਂਦੇ। ਪਰ ਮੈਂ ਪੰਜਾਂ ਨਿਆਣਿਆਂ ਨੂੰ
ਸਕੂਲ ਭੇਜਿਆ। ਇਹ ਵੱਡਾ ਪੁੱਤ ਐ। ਦਸਵੀਂ ਕਰ ਗਿਆ। ਕੋਈ ਕੰਮ ਕਰੇ। ਮੇਰਾ ਹੱਥ ਜ਼ਰਾ
ਸੁਖਾਲਾ ਹੋਵੇ।”
ਪਰ ਸਾਲ ਲੰਘ ਗਿਆ। ਸਵੇਰ ਦੀ ਰੋਟੀ ਖਾ ਕੇ ਮੱਝ ਖੋਲ੍ਹ ਲੈਂਦਾ, ਤੇ ਖਾਲ-ਬੰਨ੍ਹੇ ਉੱਤੇ
ਚਾਰਦਾ ਰਹਿੰਦਾ। ਨਹਿਰ 'ਤੇ ਨੁਹਾ ਲਿਆਉਂਦਾ। ਮਾਤਾ ਨਾਲ ਗੁਤਾਵਾ ਕਰਵਾ ਦਿੰਦਾ। ਦੁਕਾਨ 'ਤੇ
ਜਾਂਦਾ, ਤਾਂ ਭਾਪੇ ਹੱਥੀਂ ਸੀਤੀਆਂ ਕਮੀਜ਼ਾਂ ਦੇ ਕਾਜ ਬਣਾ ਦਿੰਦਾ, ਬਟਨ ਟਾਂਕ ਦਿੰਦਾ।
ਪਰ ਨਾ ਭਾਪਾ ਖ਼ੁਸ਼ ਸੀ, ਨਾ ਮੈਂ।
ਕਲ੍ਹ ਅਖ਼ਬਾਰ ਵਿਚ ਇਸ਼ਤਿਹਾਰ ਪੜ੍ਹਿਆ ਤਾਂ ਅਫ਼ਸੋਸਿਆ ਮਨ ਕੁਝ ਖਿੜਿਆ। ਭਾਪੇ ਵਾਲਾ ਸਾਈਕਲ
ਚੁੱਕਿਆ ਤੇ ਸ਼ਹਿਰ ਪਹੁੰਚਿਆ।
ਦਿੱਤੇ ਪਤੇ ਉੱਤੇ ਮੇਰੇ ਸਮੇਤ ਦਸ ਮੁੰਡੇ ਪੁੱਜੇ ਹੋਏ ਸਨ। ਲਾਲਾ ਬੋਧ ਰਾਜ ਨੇ ਸਭ ਦੇ
ਸਰਟੀਫਿ਼ਕੇਟ ਦੇਖੇ। ਕਈ ਵਿਚਾਰੇ ਪਹਿਲੇ ਦਰਜੇ ਵਿੱਚ ਦਸਵੀਂ ਪਾਸ ਕਰਕੇ ਵਿਹਲੇ ਬੈਠੇ ਸਨ।
“ਤੁਹਾਨੂੰ ਸਭ ਨੂੰ ਨੌਕਰੀ ਮਿਲ ਜਾਏਗੀ,” ਬੋਧ ਰਾਜ ਦੀ ਇਹ ਗੱਲ ਸੁਣ ਕੇ ਬਹੁਤ ਹੈਰਾਨੀ ਭਰੀ
ਖ਼ੁਸ਼ੀ ਹੋਈ।
“ਕੰਮ ਮਿਹਨਤ ਨਾਲ ਕਰਨਾ ਪੈਣਾ ਐ।”
“ਕਰਾਂਗੇ ਜੀ।” ਮੇਰੇ ਵਾਂਗ ਕਈ ਬੋਲੇ।
“ਪਰ ਕੰਮ ਕੀ ਐ ਜੀ?” ਰਾਮ ਲਾਲ ਨੇ ਪੁੱਛਿਆ।
ਮੰੈਟਰਿਕ ਵਿੱਚ ਸਭ ਤੋਂ ਵੱਧ ਨੰਬਰ ਉਸਦੇ ਸਨ। 65 ਫੀਸਦੀ। ਉਹ ਆਪਣੇ ਪਿੰਡ ਨਰੂੜ-ਪਾਂਛਟਾ
ਵਿੱਚ ‘ਨੀਊ ਮਾਡਲ ਸਕੂਲ’ ਵਿਚ ਇੱਕ ਸਾਲ ਤੋਂ ਪੜ੍ਹਾ ਰਿਹਾ ਸੀ, ਪਰ ਕਿਉਂਕਿ ਸਕੂਲ 'ਚੋਂ
ਤਨਖ਼ਾਹ ਸਿਰਫ਼ ਇੱਕ ਹਜ਼ਾਰ ਰੁਪਏ ਮਹੀਨਾ ਮਿਲਦੀ ਸੀ, ਇਸ ਕਰਕੇ ਉਹ ਵੀ ਸਕੂਲੋਂ ਇੱਕ ਦਿਨ
ਦੀ ਛੁੱਟੀ ਕਰ ਕੇ ਇੰਟਰਵਿਊ ਦੇਣ ਆਇਆ ਸੀ।
“ਕੰਮ ਐ ਕੰਪਣੀ ਦੇ ਮਾਲ ਦੀ ਮਸ਼ਹੂਰੀ ਲਈ ਘਰ ਘਰ ਜਾ ਕੇ ਮਾਲ ਦੀਆਂ ਆਈਟਮਾਂ ਦਿਖਾਉਣੀਆਂ,
ਤੇ ਰਿਆਇਤੀ ਮੁੱਲ 'ਤੇ ਵੇਚਣੀਆਂ। ਜਿੰਨੀਆਂ ਵੱਧ ਵੇਚਂੋਗੇ, ਓਨਾਂ ਵੱਧ ਕਮਿਸ਼ਨ ਮਿਲੇਗਾ।”
ਰਾਮ ਲਾਲ ਤਾਂ ਮੁੜ ਕੇ ਬੋਲਿਆ ਨਹੀਂ। ਬੋਲਿਆ ਤਾਂ ਮੈਂ ਵੀ ਨਹੀਂ, ਪਰ ਆਸ ਵੀ ਨਹੀਂ ਛੱਡੀ।
“ਕੰਪਣੀ ਦਾ ਮਾਲ ਕੀ ਐ?” ਸ਼ਾਮ ਸਿੰਘ ਨੇ ਪੁੱਛਿਆ। ਉਸਦਾ ਕੱਦ-ਕਾਠ ਸਭ ਮੁੰਡਿਆਂ ਨਾਲੋਂ
ਵੱਡਾ ਸੀ। ਅਸੀਂ ਸੁਣ ਕੇ ਹੈਰਾਨ ਹੋਏ, ਉਹਨੇ ਦਸਵੀਂ ਸਾਡੇ ਨਾਲ ਹੀ ਪਾਸ ਕੀਤੀ ਐ। ਉਂਜ
ਜਦੋਂ ਗੱਲ ਕਰਦਾ ਤਾਂ ਉਮਰੋਂ ਸਾਡਾ ਹਾਣੀ ਲਗਦਾ ਸੀ।
“ਕੰਪਣੀ ਨੇ ਨਵੀਂ ਕਿਸਮ ਦੇ ਭਾਂਡੇ ਬਣਾਏ ਐ।”
“ਭਾਂਡੇ?” ਸੁਣ ਕੇ ਸਾਡਾ ਦਿਲ ਬੈਠ ਗਿਆ। ਭਾਂਡੇ ਵੀ ਕੋਈ ਘਰ ਘਰ ਫਿਰ ਕੇ ਵੇਚੀਦੇ ਐ? ਫੇਰ
ਭਾਂਡੇ ਅਸੀਂ ਮੁੰਡੇ ਖੁੰਡੇ ਵੇਚਾਂਗੇ? ਸਾਡੇ ਪਾਸੋਂ ਭਾਂਡੇ ਕੌਣ ਖਰੀਦੇਗਾ?”
“ਇਹ ਬਰਤਨ ਚੀਨੀ ਦੇ ਬਰਤਨਾਂ ਦੀ ਥਾਂ ਵਰਤੇ ਜਾਣ ਲਈ ਤਿਆਰ ਕੀਤੇ ਗਏ ਐ। ਚੀਨੀ ਦੇ ਬਰਤਨ
ਡਿਗਦੇ ਸਾਰ ਟੁੱਟ ਜਾਂਦੇ ਐ। ਇਹਨਾਂ ਦੇ ਟੁੱਟ ਜਾਣ ਦਾ ਖਤਰਾ ਬੜਾ ਘੱਟ ਹੁੰਦਾ ਐ। ਉਹਨਾਂ
ਜਿੰਨੇ ਭਾਰੇ ਵੀ ਨਹੀਂ। ਸ਼ਾਨ ਚੀਨੀ ਦੇ ਬਰਤਨਾਂ ਵਾਲੀ। ਮਾਲ ਸਸਤਾ ਤੇ ਟਿਕਾਊ। ਸ਼ਹਿਰ ਦੇ
ਲੋਕ ਤਾਂ ਭੱਜ ਭੱਜ ਇਹ ਭਾਂਡੇ ਖਰੀਦਣਗੇ। ਕੰਪਣੀ ਦਾ ਮਾਲ ਵਿਕੇਗਾ, ਤੇ ਤੁਹਾਨੂੰ ਪੈਸੇ
ਮਿਲਣਗੇ।”
ਘਰ ਘਰ ਫਿਰ ਕੇ ਭਾਂਡੇ ਵੇਚਣ ਵਾਲੀ ਗੱਲ ਅਜੇ ਵੀ ਅਟਪਟੀ ਲਗਦੀ ਸੀ, ਪਰ ਲੋਕ ਭੱਜ ਭੱਜ
ਭਾਂਡੇ ਖਰੀਦਣਗੇ, ਤੇ ਤੁਹਾਨੂੰ ਪੈਸੇ ਮਿਲਣਗੇ ਸ਼ਬਦ ਮਨਾਂ ਵਿੱਚ ਗੂੰਜ ਵੀ ਪੈਦਾ ਕਰ ਰਹੇ
ਸਨ।
ਅਗਲੇ ਦਿਨ, ਜਿਸ ਦਿਨ ਤੋਂ ਸਾਡੀ ਨੌਕਰੀ ਸ਼ੁਰੂ ਹੋਣੀ ਸੀ, ਰਾਮ ਲਾਲ ਨਹੀਂ ਆਇਆ। ਸ਼ਾਮ
ਸਿੰਘ ਸਮੇਤ ਚੰਗੇ ਨੰਬਰਾਂ ਵਾਲੇ ਹੋਰ ਮੁੰਡੇ ਵੀ ਨਹੀਂ ਆਏ। ਤਾਂ ਵੀ ਮੇਰੇ ਸਮੇਤ ਪੰਜ
ਮੁੰਡੇ ਆ ਗਏ ਸਨ।
ਪਰ ਬੋਧ ਰਾਜ ਸਾਡੇ ਜਾਣ ਤੋਂ ਪਹਿਲਾਂ ਹੀ ਖਿਝਿਆ ਖਪਿਆ ਬੈਠਾ ਸੀ।
ਕੰਪਣੀ ਦਾ ਮਾਲ ਕਲ੍ਹ ਸ਼ਾਮ ਤੱਕ ਪਹੁੰਚਣਾ ਸੀ। ਪਰ ਨਹੀਂ ਪਹੁੰਚਿਆ। ਤੁਸੀਂ ਵੇਚੋਂਗੇ ਕੀ?
ਜਲੰਧਰ ਰੂਪ ਚੰਦ ਪਾਸ ਕੰਪਣੀ ਦੀ ਏਜੰਸੀ ਹੈ। ਉਹ ਸਾਨੂੰ ਮਾਲ ਸਪਲਾਈ ਕਰਦਾ ਹੈ। ਉਹਨੂੰ ਪਤਾ
ਹੈ, ਮੈਂ ਬੰਦੇ ਰੱਖ ਲਏ ਹਨ। ਪਰ ਮਾਲ ਆਇਆ ਨਹੀਂ।
ਕਿਉਂਕਿ ਆਏ ਮੁੰਡਿਆਂ ਵਿੱਚ ਮੇਰਾ ਨਾਮ ਪਤਾ ਤੇ ਮਾਤਾ ਪਿਤਾ ਬਾਰੇ ਵੇਰਵਾ ਕੱਲ੍ਹ ਲਾਲਾ ਬੋਧ
ਰਾਜ ਨੇ ਸਭ ਤੋਂ ਪਹਿਲਾਂ ਰਜਿਸਟਰ ਵਿਚ ਦਰਜ ਕੀਤਾ ਸੀ, ਇਸ ਕਰਕੇ ਮੈਨੂੰ ਹੀ ਜਲੰਧਰ ਜਾਣ ਦਾ
ਹੁਕਮ ਮਿਲਿਆ ਸੀ।
ਪਰ ਮੈਂ ਜਲੰਧਰੋਂ ਖਾਲੀ ਹੱਥ ਭੁੱਖਣ ਭਾਣਾ ਵਾਪਸ ਪਰਤ ਆਇਆ ਸਾਂ।
“ਤੂੰ ਯਾਰ! ਹੋਰ ਘੰਟਾ ਰੁਕ ਜਾਂਦਾ। ਰੂਪ ਚੰਦ ਖ਼ਬਰੇ ਮਿਲ ਹੀ ਪੈਂਦਾ। ਆਖ਼ਰ ਮਾਲ ਮਿਲੇ
ਬਿਨਾਂ ਮੈਂ ਕੀ ਵੇਚਣਾ ਐ, ਤੇ ਤੁਸੀਂ ਕੀ ਖੋਹਣ ਖੋਹਣਾ ਐ? ਮੰੈਨੂੰ ਇਸ ਇਮਾਰਤ ਦਾ ਤਿੰਨ
ਹਜ਼ਾਰ ਰੁਪਏ ਮਹੀਨਾ ਕਿਰਾਇਆ ਪੈ ਰਿਹੈ। ਗੰਜੀ ਕੀ ਧੋਊਗੀ ਤੇ ਕੀ ਨਚੋੜੂਗੀ?”
ਬੋਧ ਰਾਜ ਸੱਟ ਖਾਧੇ ਕੁੱਤੇ ਵਾਂਗ ਬੋਲੀ ਵੀ ਜਾ ਰਿਹਾ ਸੀ, ਤੇ ਕਮਰੇ ਵਿੱਚ ਗੇੜੇ ਵੀ ਕੱਢੀ
ਜਾ ਰਿਹਾ ਸੀ। ਪਰ ਮੇਰਾ ਧਿਆਨ ਉਸਦੇ ਮਾਲ ਦੀ ਸਮੱਸਿਆ ਵੱਲ ਨਹੀਂ ਸੀ। ਮੈਂ ਚਾਹੁੰਦਾ ਸਾਂ,
ਇਹ ਪਰ੍ਹੇ ਹੋਵੇ, ਤੇ ਮੈਂ ਪੋਣੇ ਵਿੱਚ ਬੱਝੀ ਰੋਟੀ ਖੋਲ੍ਹਾਂ ਤੇ ਖਾਵਾਂ। ਸਵੇਰ ਵਾਲੇ ਚਾਰੇ
ਮੁੰਡੇ ਵੀ ਬੈਠੇ ਸਨ। ਉਹ ਕਦੇ ਮੇਰੇ ਵੱਲ ਦੇਖਦੇ ਤੇ ਕਦੇ ਗੇੜੇ ਕੱਢਦੇ ਬੋਧ ਰਾਜ ਵੱਲ। ਪਰ
ਮੇਰਾ ਧਿਆਨ ਸਿਰਫ਼ ਪੋਣੇ ਵਿੱਚ ਬੱਝੀਆਂ ਰੋਟੀਆਂ ਵਲ ਸੀ। ਸ਼ੁਕਰ ਕੀਤਾ, ਜਦੋਂ ਬਜ਼ਾਰ ਵਿਚ
ਨੇੜੇ ਖੁਲ੍ਹੇ ਹੋਏ ਪੀ:ਸੀ:ਓ ਉੱਤੋਂ ਜਲੰਧਰ ਫੋਨ ਕਰਨ ਲਈ ਬੋਧ ਰਾਜ ਕਮਰੇ ਵਿੱਚੋਂ ਬਾਹਰ
ਹੋਇਆ। ਮੈਂ ਕੱਪੜੇ ਦੀ ਗੰਢ ਖੋਲ੍ਹੀ, ਤੇ ਠੰਡੀਆਂ ਹੋ ਚੁੱਕੀਆਂ ਰੋਟੀਆਂ ਅਚਾਰ ਦੀ ਫਾੜੀ
ਨਾਲ ਕਾਹਲੀ ਕਾਹਲੀ ਨਿਗਲਣ ਲੱਗਾ। ਰੋਟੀ ਖਾ ਕੇ ਪਾਣੀ ਪੀ ਲਿਆ ਸੀ, ਜਦੋਂ ਬੋਧ ਰਾਜ ਨੇ
ਵਾਪਸ ਆ ਕੇ ਐਲਾਨ ਕੀਤਾ, “ਮੁੰਡਿਓ! ਸਵੇਰੇ ਅੱਠ ਵਜੇ ਪਹੁੰਚ ਜਾਇਓ। ਮਾਲ ਆਇਆ ਪਿਆ
ਹੋਵੇਗਾ।”
ਅਗਲੀ ਸਵੇਰ ਭਾਂਡਿਆਂ ਦੇ ਸੈੱਟ ਚਿਣ ਕੇ ਲਿਜਾਣ ਲਈ ਮੋਢੇ ਪਾਉਣ ਵਾਲੀ ਬੱਧਰੀ ਵਾਲੇ ਕੈੱਨਵਸ
ਦੇ ਬੈਗਾਂ ਸਮੇਤ ਮਾਲ ਆਇਆ ਪਿਆ ਸੀ।
ਮਾਲ ਲੈ ਕੇ ਤੁਰਨ ਲੱਗੇ, ਤਾਂ ਬੋਧ ਰਾਜ ਬੋਲਿਆ, “ਸ਼ਹਿਰ 'ਚ ਕੋਠੀਆਂ 'ਚ ਜਾਇਓ। ਕੋਠਿਆਂ
ਵਿਚ ਨਹੀਂ। ਕੋਠਿਆਂ ਵਾਲਿਆਂ ਨੇ ਨਾ ਚੀਨੀ ਦੀ ਕਰਾਕਰੀ ਖਰੀਦਣੀ ਐ, ਨਾ ਇਹ ਕਰਾਕਰੀ।
ਕੋਠੀਆਂ ਵਿਚ ਲੱਗੇਗਾ ਮਾਲ। ਪਹਿਲਾਂ ਸੁੰਦਰ ਨਗਰ ਜਾਇਓ। ਪਿੱਛੋਂ ਮਾਡਲ ਟਾਊਨ। ਅਖ਼ੀਰ ਉੱਤਮ
ਨਗਰ।”
ਜਿਹੜੀ ਪਹਿਲੀ ਕੋਠੀ ਪਹੁੰਚਿਆ, ਲੋਹੇ ਦਾ ਗੇਟ ਖੁਲ੍ਹਾ ਸੀ। ਵਿਹੜੇ ਵਿੱਚ ਕੁੱਤਾ ਵੀ ਨਹੀਂ
ਸੀ, ਜਿਸ ਤੋਂ ਮੈਨੂੰ ਬਹੁਤ ਡਰ ਲਗਦਾ ਹੈ। ਗੇਟ ਦੇ ਥਮਲ੍ਹੇ ਨਾਲ ਲੱਗੇ ਘੰਟੀ ਦੇ ਬਟਨ ਨੂੰ
ਦਬਾਇਆ, ਤਾਂ ਅੰਦਰਲੋ ਬੂਹੇ ਵਿੱਚੋਂ ਇੱਕ ਜ਼ਨਾਨਾ ਸਿਰ ਨਿਕਲਿਆ। ਮਾਲਕਣ ਹੋਏਗੀ। ਮੇਰੀ
ਆਵਾਜ਼ ਚੰਗੀ ਤਰ੍ਹਾਂ ਸੁਣਨ ਦੀ ਥਾਂ ਝੱਟ ਪੱਟ ਬੋਲੀ, “ਮਾਫ਼ ਕਰੋ ਜੀ!”
ਅਗਲੀ ਕੋਠੀ ਦਾ ਗੇਟ ਬੰਦ ਸੀ। ਪਰ ਇਸ ਦੀ ਘੰਟੀ ਦਾ ਬਟਨ ਹੀ ਨਹੀਂ ਸੀ। ਡਰਦਿਆਂ ਡਰਦਿਆਂ
ਗੇਟ ਦਾ ਹੋੜਾ ਖੜਕਾਇਆ ਤਾਂ ਪਹਿਲਾਂ ਵਾਂਗ ਹੀ ਬੀਬੀ ਦਾ ਸਿਰ ਨਿਕਲਿਆ। ਪਰ ਐਤਕੀਂ ਜਵਾਬ
ਬਹੁਤਾ ਹੀ ਦਿਲ ਢਾਹੁਣ ਵਾਲਾ ਸੀ। ਬੋਲੀ, “ਅਜੇ ਅਸੀਂ ਸਵੇਰ ਦੀ ਚਾਹ ਦਾ ਕੱਪ ਵੀ ਨਹੀਂ
ਪੀਤਾ। ਮੰਗਣ ਵਾਲੇ ਪਹਿਲਾਂ ਹੀ ਆ ਗਏ।”
ਮੇਰੇ ਪੈਰਾਂ ਵਿੱਚ ਇੱਟ ਦਾ ਰੋੜਾ ਪਿਆ ਸੀ। ਦਿਲ ਕੀਤਾ, ਚੁੱਕ ਕੇ ਬੀਬੀ ਦੇ ਸਿਰ’ਚ ਮਾਰਾਂ।
ਬੈਗ ਚੁੱਕ ਕੇ ਅਗਲੇ ਕਈ ਗੇਟ ਲੰਘ ਗਿਆ। ਰੁਕਣ ਦਾ ਹੌਸਲਾ ਹੀ ਨਾ ਪਿਆ। ਪਰ ਕਦੋਂ ਤੱਕ
ਤੁਰਿਆ ਜਾਂਦਾ? ਇੱਕ ਘਰ ਅੱਗੇ ਰੁਕਿਆ। ਗੇਟ ਵੀ ਖੁਲ੍ਹਾ ਸੀ, ਤੇ ਮਾਲਕ ਤੇ ਮਾਲਕਣ ਵੀ
ਵਿਹੜੇ ਵਿੱਚ ਟਹਿਲ ਰਹੇ ਸਨ।
“ਬਾਊ ਜੀ!” ਮੈਂ ਧੀਮੀ ਜਿਹੀ ਆਵਾਜ਼ ਕੱਢੀ।
“ਹਾਂ ਬਈ?” ਬਾਊ ਜੀ ਮੇਰੇ ਵੱਲ ਵਧੇ।
ਮੰੈਂ ਝੱਟ ਪਟ ਬੈਗ ਦੀ ਜਿ਼ੱਪ ਖੋਲ੍ਹ ਕੇ ਪਲੇਟਾਂ ਦਾ ਸੈੱਟ ਹੱਥ ਵਿੱਚ ਫੜ ਲਿਆ ਸੀ।
“ਇਹ ਕੀ ਐ?”
“ਬਾਊ ਜੀ। ਸਾਡੀ ਕੰਪਣੀ ਨੇ ਨਾਂ ਟੁੱਟਣ ਵਾਲੇ ਚੀਨੀ ਦੇ ਬਰਤਨ ਤਿਆਰ ਕੀਤੇ ਐ। ਹੱਥ ‘ਚ ਫੜ
ਕੇ ਦੇਖੋ। ਸਸਤੇ ਤੇ ਹੰਢਣਸਾਰ।”
ਹੁਣ ਮਾਲਕਣ ਵੀ ਆ ਪਹੁੰਚੀ ਸੀ। ਦੋਹਾਂ ਨੇ ਬਰਤਨ ਟੋਹੇ ਤੇ ਟੁਣਕਾਏ।
“ਕਲ੍ਹ ਡੈਨੀ ਤੇ ਮੈਨੀ ਨੇ ਰੋਟੀ ਖਾਂਦਿਆਂ ਦੋ ਵਧੀਆ ਪਲੇਟਾਂ ਤੋੜ ਦਿੱਤੀਆਂ। ਮਹਿੰਗਾ
ਡਿਨਰ-ਸੈੱਟ ਬੇਕਾਰ ਹੋ ਗਿਆ। ਲੈ ਲਉ ਪਲੇਟਾਂ ਤੇ ਕੱਪ, ਜੇ ਠੀਕ ਲੱਗਦੇ ਐ।” ਮਾਲਕਣ ਬੋਲੀ।
ਬਾਊ ਜੀ ਨੇ ਵਿਹੜੇ ਵਿੱਚੋਂ ਕੁਰਸੀ ਖਿੱਚੀ ਤੇ ਗੇਟ ਵਿੱਚ ਨਿੱਠ ਕੇ ਬੈਠ ਗਏ। ਮੈਂ ਪੈਰਾਂ
ਭਾਰ ਬੈਠ ਗਿਆ। ਬਾਊ ਜੀ ਨੇ ਖਾਣੇ ਵਾਲੀਆਂ ਵੱਡੀਆਂ ਪਲੇਟਾਂ, ਫੁਲਕਾ ਰੱਖਣ ਵਾਲੀਆਂ ਛੋਟੀਆਂ
ਪਲੇਟਾਂ, ਦਾਲ ਸਬਜ਼ੀ ਵਾਲੀਆਂ ਪਲੇਟਾਂ, ਚਾਹ ਪੀਣ ਵਾਲੇ ਕੱਪ ਅਤੇ ਪਲੇਟਾਂ ਛਾਂਟੀਆਂ। ਚਾਰ
ਸੌ ਰੁਪਏ ਦਾ ਸਮਾਨ ਅੱਧੇ ਘੰਟੇ ਵਿੱਚ ਵਿਕ ਗਿਆ।
ਇੱਥੋਂ ਤੁਿਰਆ, ਤਾਂ ਚੇਤੇ ਆਇਆ, ਜਿ਼ੰਦਗੀ ਵਿਚ ਪਹਿਲੀ ਵਾਰ ਸੌ ਸੌ ਦੇ ਨੋਟ ਜੇਬ ਵਿਚ ਪਾ
ਕੇ ਦੇਖੇ ਹਨ। ਅੰਦਰੋਂ ਆਵਾਜ਼ ਆਈ, ਨੌਕਰੀ ਮਾੜੀ ਨਹੀਂ। ਚਾਰ ਸੌ ਵਿਚ ਪੰਜ ਫ਼ੀਸਦੀ ਦੇ
ਹਿਸਾਬ ਨਾਲ ਵੀਹ ਰੁਪਏ ਕਮਿਸ਼ਨ ਮੇਰਾ ਵੀ ਸੀ।
ਪਰ ਇਹ ਚਾਅ ਬਹੁਤੀ ਦੇਰ ਨਹੀਂ ਰਿਹਾ। ਅਗਲੀਆਂ ਕਈ ਕੋਠੀਆਂ ਵਿੱਚ ਘੰਟੀ ਸੁਣ ਕੇ ਵੀ ਨਾ ਕੋਈ
ਬਾਹਰ ਨਿਕਲਿਆ, ਨਾ ਕੋਈ ਆਵਾਜ਼ ਸੁਣੀ। ਇੱਕ ਬੀਬੀ ਜੇ ਬਾਹਰ ਨਿਕਲੀ ਹੀ, ਤਾਂ ਕੜਕ ਕੇ
ਬੋਲੀ, “ਇਹ ਬੈੱਲ ਹਰ ਐਰੇ-ਗੈਰੇ ਦੇ ਵਜਾਉਣ ਲਈ ਨਹੀਂ ਲਗਾਈ ਗਈ। ਜਿਹੜਾ ਆਉਂਦਾ ਐ ਬਟਨ ਦੱਬ
ਦਿੰਦਾ ਐ।”
ਇਹ ਸੁਣ ਕੇ ਇੱਕ ਪੂਰੀ ਸੜਕ ਦੀਆਂ ਕੋਠੀਆਂ ਬਿਨਾਂ ਦਸਤਕ ਦਿੱਤਿਆਂ ਲੰਘ ਗਿਆ।
ਨਂੁੱਕਰ ਉੱਤੇ ਚਾਹ ਦੀ ਨਿੱਕੀ ਜਿਹੀ ਦੁਕਾਨ ਦਿੱਸੀ। ਭਾਰਾ ਥੈਲਾ ਇਕ ਪਾਸੇ ਫ਼ਰਸ਼ ਉੱਤੇ
ਰੱਖ ਕੇ ਕੁਰਸੀ ਉੱਤੇ ਜਾ ਬੈਠਾ। ਪਾਣੀ ਪੀਤਾ ਤੇ ਘੁੱਟ ਘੁੱਟ ਕਰਕੇ ਚਾਹ ਦਾ ਕੱਪ ਪੀਤਾ।
ਕੁਝ ਦੇਰ ਬੇਮਤਲਬ ਬੈਠਾ ਰਿਹਾ।
ਅਗਲੀ ਗਲੀ ਵਿੱਚ ਗਿਆ, ਦੋ ਤਿੰਨ ਘਰਾਂ ਦੀਆਂ ਮਾਲਕਣਾਂ ਵੀ ਬਾਹਰ ਆਈਆਂ, ਬਰਤਨ ਵੀ ਦੇਖੇ,
ਪਰ ਖ਼ਰੀਦੇ ਕਿਸੇ ਨਹੀਂ। ਚੌਥੇ ਘਰ ਵਾਲੀ ਨੇ ਭਾਂਡੇ ਤਾਂ ਕਾਫੀ ਗਿਣਤੀ ਵਿਚ ਛਾਂਟ ਲਏ। ਪਰ
ਭਾਅ ਕਰਨ ਲੱਗੀ ਤਾਂ ਛੇ ਸੌ ਰੁਪਏ ਦਾ ਮਾਲ ਤੇ ਤਿੰਨ ਸੌ ਫੜਾਵੇ। “ਨਹੀਂ ਮਾਤਾ ਜੀ” ਕਿਹਾ,
ਤੇ ਮਾਲ ਮੁੜ ਬੈਗ ਵਿੱਚ ਚਿਣਿਆ।
ਹੁਣ ਦੁਪਹਿਰਾ ਹੋ ਗਿਆ ਸੀ। ਮੋਢਾ ਥੱਕ ਗਿਆ ਸੀ। ਭੁੱਖ ਵੀ ਲੱਗ ਗਈ ਸੀ। ਮੁਹੱਲੇ ਦਾ ਪਾਰਕ
ਨਜ਼ਰ ਆਇਆ। ਛਾਂ ਦਾਰ ਨੁੱਕਰ ਦੇਖ ਕੇ ਪਿੰਡੋਂ ਲਿਆਂਦੀ ਰੋਟੀ ਖਾਧੀ, ਤੇ ਬੈਗ ਦੀਆਂ ਤਣੀਆਂ
ਸਿਰ ਹੇਠ ਦੇ ਕੇ ਲੇਟ ਗਿਆ। ਜਾਗ ਉਦੋਂ ਆਈ, ਜਦੋਂ ਤਿੰਨ ਵੱਜ ਗਏ ਸਨ।
ਅਗਲੇ ਦੋ ਢਾਈ ਘੰਟੇ ਕੁਝ ਹੋਰ ਘਰ ਅਜ਼ਮਾਏ। ਸਿਰਫ਼ ਇੱਕ ਘਰ ਵਿੱਚ ਦੋ ਸੌ ਦੇ ਭਾਂਡੇ ਵਿਕੇ।
ਦਫ਼ਤਰ ਜਾ ਕੇ ਛੇ ਸੌ ਰੁਪਏ ਬੋਧ ਰਾਜ ਨੂੰ ਫੜਾਏ ਤਾਂ ਕਹਿਣ ਲੱਗਾ-
“ਮਾਲ ਵੇਚਣ ਦੀ ਵੀ ਜੁਗਤ ਹੁੰਦੀ ਐ। ਇਹ ਹੌਲੀ ਹੌਲੀ ਆਉਂਦੀ ਐ। ਸਿਆਣਾ ਦੁਕਾਨਦਾਰ ਤਾਂ
ਗਾਹਕ ਨੂੰ ਸੌਦਾ ਖ਼ਰੀਦੇ ਬਿਨਾਂ ਹਿੱਲਣ ਨਹੀਂ ਦਿੰਦਾ। ਕੋਈ ਨਹੀਂ, ਹੌਲੀ ਹੌਲੀ ਗਾਹਕ ਨੂੰ
ਭਰਮਾ ਲੈਣ ਦਾ ਹੁਨਰ ਸਿੱਖੋਂਗੇ।”
ਅਗਲੇ ਕਈ ਦਿਨਾਂ ਵਿਚ ਜੁਗਤ ਸੱਚਮੁੱਚ ਆ ਰਹੀ ਸੀ। ਹੁਣ ਗਾਹਕ ਦਾ ਇਨਕਾਰ ਸੁਣ ਕੇ ਗੁੱਸਾ
ਘੱਟ ਆਉਂਦਾ। ਸਗੋਂ ਭਾਂਤ ਭਾਂਤ ਦੇ ਘਰਾਂ ਵਿਚ ਜਾਣਾ ਚੰਗਾ ਲੱਗਣ ਲੱਗ ਪਿਆ। ਜਿਨ੍ਹਾਂ ਦੀਆਂ
ਕੋਠੀਆਂ ਵੱਡੀਆਂ ਨਹੀਂ ਸਨ, ਵਿਹੜੇ ਛੋਟੇ ਸਨ, ਉਹ ਬੈਠਕ ਜਾਂ ਅੰਦਰਲੇ ਵਿਹੜੇ ਵਿਚ ਮੇਰਾ
ਬੈਗ ਖੁਲ੍ਹਵਾ ਲੈਂਦੇ। ਹੁਣ ਮੈਂ ਇਹ ਵੀ ਦੇਖਣ ਲੱਗ ਪਿਆ ਸਾਂ, ਕਈ ਤੀਵੀਂਆਂ ਬਹੁਤ ਸੋਹਣੀਆਂ
ਸਨ। ਕੋਈ ਕੋਈ ਬਹੁਤ ਹੱਸ ਕੇ ਗੱਲ ਕਰਦੀ। ਜਦੋਂ ਕੋਈ ਪੇਟੀ ਕੋਟ ਸਮੇਤ ਹੀ ਮੇਰੇ ਸਾਹਮਣੇ ਆ
ਬੈਠਦੀ ਜਾਂ ਖੜੀ ਹੋ ਜਾਂਦੀ, ਤਾਂ ਮੱਲੋ ਮੱਲੀ ਧਿਆਨ ਉਹਦੇ ਗੋਰੇ ਢਿੱਡ, ਧੁੰਨੀ ਦੇ ਡੂੰਘ
ਅਤੇ ਗੋਰੇ ਗੋਰੇ ਡੌਲਿਆਂ ਵੱਲ ਚਲਾ ਜਾਂਦਾ। ਜਦੋਂ ਕਿਸੇ ਘਰ ਦੀ ਮਾਲਕਣ ਨਾਲ ਉਸਦੀ ਮੁਟਿਆਰ
ਧੀ ਵੀ ਆ ਖਲੋਂਦੀ, ਤਾਂ ਮੈਂ ਮਾਲ ਦੇ ਨਮੂਨੇ ਇੱਕ ਇੱਕ ਕਰਕੇ ਦੋਹਾਂ ਨੂੰ ਦਿਖਾਉਂਦਾ।
“ਲਿਉ ਨਾ ਲਿਉ ਕੱਪ ਪਲੇਟਾਂ। ਪਰ ਤੁਸੀਂ ਹੱਥ 'ਚ ਫੜ ਕੇ ਜ਼ਰੂਰ ਦੇਖੋ। ਐਹ ਫੁਲਦਾਰ ਪਲੇਟ
ਦੇਖੋ, ਕਿੰਨੀ ਸੋਹਣੀ ਐ।” ਮੰੈਂ ਇੱਕ ਬਰਤਨ ਮਾਂ ਨੂੰ ਫੜਾਉਂਦਾ, ਤੇ ਦੂਜਾ ਧੀ ਨੂੰ। ਜੇ ਧੀ
ਭਾਂਡੇ ਦੇਖਦੀ ਦੇਖਦੀ ਮੈਨੂੰ ਵੀ ਅੱਖ ਭਰ ਕੇ ਦੇਖ ਲੈਂਦੀ, ਤਾਂ ਇਹੋ ਜਿਹਾ ਦਿਨ ਮੇਰੇ ਲਈ
ਅਭੁੱਲ ਬਣ ਜਾਂਦਾ।
ਸੁਭਾਵਕ ਹੀ ਮਾਲ ਪਹਿਲਾਂ ਨਾਲੋਂ ਵੱਧ ਵਿਕਣ ਲੱਗ ਪਿਆ।
ਮਹੀਨਾ ਪੂਰਾ ਹੋਇਆ, ਤਾਂ ਮੇਰਾ ਵੇਚਿਆ ਮਾਲ ਵੀਹ ਹਜ਼ਾਰ ਦਾ ਨਿਕਲਿਆ। ਦੋ ਹਜ਼ਾਰ ਰੁਪਏ
ਤਨਖ਼ਾਹ ਨਾਲ ਇੱਕ ਹਜ਼ਾਰ ਰੁਪਏ ਮੇਰਾ ਕਮਿਸ਼ਨ ਵੀ ਬਣ ਗਿਆ ਸੀ।
ਪਰ ਤਨਖ਼ਾਹ ਦੇਣ ਲੱਗਿਆਂ ਲਾਲਾ ਬੋਧ ਰਾਜ ਨੇ ਮੈਨੂੰ ਸਿਰਫ਼ ਇੱਕ ਹਜ਼ਾਰ ਰੁਪਏ ਫੜਾਏ।
“ਬਾਊ ਜੀ! ਮੇਰੀ ਬਾਕੀ ਰਕਮ?”
“ਹੌਲੀ ਹੌਲੀ ਮਿਲ ਜਾਣਗੇ।”
ਮੰੈਨੂੰ ਭਾਂਤ ਭਾਂਤ ਦੇ ਗਾਹਕਾਂ ਨਾਲ ਗੱਲਾਂ ਕਰਦਿਆਂ ਬੋਧ ਰਾਜ ਨਾਲ ਵੀ ਖੁਲ੍ਹ ਕੇ ਤੇ
ਦਲੇਰੀ ਨਾਲ ਗੱਲ ਕਰਨ ਦੀ ਜਾਚ ਆ ਗਈ ਸੀ। ਤਾਂ ਵੀ ਮੈਂ ਅੱਗੋਂ ਸਵਾਲ ਨਹੀਂ ਕੀਤਾ। ਪਰ
ਉੱਠਿਆ ਵੀ ਨਹੀਂ। ਮੇਜ਼ ਉੱਤੇ ਸਾਹਮਣੇ ਰੱਖੇ ਇੱਕ ਹਜ਼ਾਰ ਰੁਪਏ ਦੇ ਨੋਟ ਵੀ ਮੈਂ ਚੁੱਕੇ
ਨਹੀਂ। ਲਾਲਾ ਬੋਧ ਰਾਜ ਜ਼ਰਾ ਕਾਹਲਾ ਪੈ ਕੇ ਬੋਲਿਆ-
“ਤੁਹਾਨੂੰ ਪੇਂਡੂ ਬੰਦਿਆਂ ਨੂੰ ਵਪਾਰ ਦੇ ਭੇਤਾਂ ਦਾ ਪਤਾ ਨਹੀਂ। ਵਪਾਰ ਪੂੰਜੀ ਨਾਲ ਚਲਦਾ
ਹੈ। ਮੈਂ ਪੱਲਿਓਂ ਪੂੰਜੀ ਕਿੰਨੀ ਕੁ ਲਾ ਲਊਂਗਾ? ਜਿਹੜੇ ਪੈਸੇ ਤੁਸੀਂ ਵੱਟ ਕੇ ਲਿਆਉਂਦੇ ਓ,
ਉਹ ਮੈਂ ਸਾਰੇ ਤਨਖ਼ਾਹਾਂ 'ਚ ਨਹੀਂ ਖਿਲਾਰ ਸਕਦਾ। ਮੰੈਂ ਅੱਗੋਂ ਮਾਲ ਵੀ ਖਰੀਦਣਾ ਐ। ਕੰਪਣੀ
ਕਹਿੰਦੀ ਐ, ਵਧੀਆ ਸ਼ੋ-ਰੂਮ ਬਣਾ। ਕਿੱਥੋਂ ਬਣਾਵਾਂ? ਧੀਰਜ ਰੱਖੋ। ਸਭ ਪੈਸੇ ਮਿਲ ਜਾਣਗੇ,
ਪਰ ਹੌਲੀ-ਹੌਲੀ।”
ਇਹ ਤਾਂ ਨਜ਼ਰ ਆ ਹੀ ਰਿਹਾ ਸੀ, ਬੋਧ ਰਾਜ ਨੇ ਕਿਰਾਏ 'ਤੇ ਲਈ ਦੋ ਮੰਜ਼ਲਾ ਇਮਾਰਤ ਦੇ ਹੇਠਲੇ
ਹਾਲ ਵਿਚ ਲੱਕੜੀ ਦੇ ਰੈਕ ਬਣਵਾ ਲਏ ਸਨ। ਆਪਣੇ ਬੈਠਣ ਲਈ ਘੁੰਮਣ ਵਾਲੀ ਵੱਡੀ ਕੁਰਸੀ, ਅੱਗੇ
ਰੱਖਣ ਵਾਲਾ ਵੱਡਾ ਮੇਜ਼ ਤੇ ਆਏ ਗਏ ਦੇ ਬੈਠਣ ਲਈ ਆਰਾਮ ਦੇਹ ਕੁਰਸੀਆਂ ਇਸੇ ਮਹੀਨੇ
ਖ਼ਰੀਦੀਆਂ ਸਨ। ਸੜਕ ਨਾਲ ਲਗਦੀ ਹਾਲ ਦੀ ਵੱਡੀ ਬਾਰੀ ਵਿੱਚ ਵੱਡੇ ਸ਼ੀਸ਼ੇ ਫਿੱਟ ਕਰਵਾ ਕੇ
ਖਾਨਿਆਂ ਵਿਚ ਨਜ਼ਰ ਆਉਂਦੇ ਭਾਂਡੇ ਚਿਣ ਲਏ ਸਨ। ਟੈਲੀਫ਼ੋਨ ਪਹਿਲੇ ਹਫ਼ਤੇ ਹੀ ਲੱਗ ਗਿਆ ਸੀ।
ਜਦੋਂ ਅਸੀਂ ਇੰਟਰਵਿਊ ਦਿੱਤੇ ਸਨ, ਉਦੋਂ ਤਾਂ ਉੱਪਰਲੀ ਮੰਜਿ਼ਲ ਦੇ ਇੱਕ ਚੁਬਾਰੇ ਵਿਚ ਇੱਕ
ਕੁਰਸੀ ਦੇ ਸਾਹਮਣੇ ਛੋਟਾ ਜਿਹਾ ਮੇਜ਼ ਅਤੇ ਆਏ ਗਏ ਲਈ ਇੱਕ ਛੋਟਾ ਜਿਹਾ ਬੈਂਚ ਹੀ ਸੀ।
ਫ਼ਰਸ਼ਾਂ ਉੱਤੇ ਧੂੜ ਮਿੱਟੀ ਸੀ। ਹੁਣ ਦੁਕਾਨ ਵਿੱਚ ਪੱਕੇ ਤੌਰ 'ਤੇ ਕੰਮ ਕਰਦੇ ਤਿੰਨਾਂ
ਨੌਕਰਾਂ ਵਿੱਚੋਂ ਇੱਕ ਫ਼ਰਸ਼ਾਂ ਅਤੇ ਰੈਕਾਂ ਦੀ ਹੀ ਸਫ਼ਾਈ ਕਰਦਾ ਰਹਿੰਦਾ, ਤੇ ਦੋ ਨੌਕਰ
ਗਾਹਕਾਂ ਨੂੰ ਮਾਲ ਚੁੱਕ ਚੁੱਕ ਕੇ ਦਿਖਾਉਂਦੇ।
ਜਦੋਂ ਮੈਂ ਸਾਹਮਣੇ ਪਿਆ ਹਜ਼ਾਰ ਰੁਪਿਆ ਚੁੱਕਿਆ ਨਾ, ਬੋਧ ਰਾਜ ਆਪਣੀ ਸੀਟ ਤੋਂ ਉੱਠ ਗਿਆ।
ਗੁਆਂਢੀ ਦੁਕਾਨਦਾਰ ਨਾਲ ਗੱਲ ਕਰਨ ਦਾ ਬਹਾਨਾ ਬਣਾਉਣ ਲੱਗਾ।
ਹਾਰ ਕੇ ਮੈਂ ਹਜ਼ਾਰ ਰੁਪਿਆ ਚੁੱਕ ਕੇ ਜੇਬ ਵਿਚ ਪਾ ਲਿਆ। ਪਿੰਡ ਜਾਣ ਲਈ ਦੇਰ ਹੋ ਰਹੀ ਸੀ।
ਸਾਈਕਲ ਚੁੱਕਿਆ, ਤੇ ਪਿੰਡ ਨੂੰ ਤੁਰ ਪਿਆ।
ਜਦੋਂ ਮੈਂ ਭਾਪੇ ਨੂੰ ਸਿਰਫ਼ ਇੱਕ ਹਜ਼ਾਰ ਰੁਪਿਆ ਮਿਲਣ ਦੀ ਸਾਰੀ ਵਾਰਤਾ ਦੱਸੀ , ਤਾਂ ਮੇਰੀ
ਆਸ ਤੋਂ ਉਲਟ, ਭਾਪੇ ਨੂੰ ਬਹੁਤਾ ਗੁੱਸਾ ਨਹੀਂ ਆਇਆ। ਭਾਪੇ ਨੇ ਮੇਰੇ ਹੱਥੋਂ ਸੌ ਸੌ ਦੇ ਦਸ
ਨੋਟ ਫੜ ਕੇ, ਬਿਨਾਂ ਗਿਣਿਆਂ, ਜੇਬ ਵਿੱਚ ਪਾ ਲਏ। ਮੰੈਨੂੰ ਇਉਂ ਲੱਗਾ, ਜਿਵੇਂ ਭਾਪੇ ਨੇ
ਸ਼ੁਕਰ ਕੀਤਾ ਹੋਵੇ, ਵਿਹਲਾ ਨਿਕੰਮਾ ਪੁੱਤ ਮਹੀਨੇ ਬਾਅਦ ਹਜ਼ਾਰ ਰੁਪਇਆ ਤਾਂ ਘਰ ਲਿਆਇਆ ਹੈ।
ਮੰੈਂ ਕਿਉਂਕਿ ਚੁੱਪ ਗੜੁੱਪ ਨੀਵੀਂ ਪਾਈ ਭਾਪੇ ਅੱਗੇ ਬੈਠਾ ਸੀ, ਭਾਪਾ ਬੋਲਿਆ-
“ਇਹ ਸ਼ਹਿਰੀ ਲਾਲਿਆਂ ਨੇ ਐਵੇਂ ਤਾਂ ਨਹੀਂ ਵੱਡੀਆਂ ਵੱਡੀਆਂ ਹਵੇਲੀਆਂ ਖੜੀਆਂ ਕੀਤੀਆਂ
ਹੋਈਆਂ। ਬਗਾਨੀ ਕਮਾਈ ਦੱਬ ਕੇ ਪੈਸੇ ਨਾਲ ਪੈਸਾ ਕਮਾਉਂਦੇ ਐ। ਇਹ ਮਾਂ ਦੇ ਪੇਟੋਂ ਤਾਂ ਧਨ
ਲੈ ਕੇ ਆਉਂਦੇ ਨਹੀਂ। ਕੰਪਣੀ ਤੋਂ ਮਾਲ ਉਧਾਰ ਮੰਗਾ ਲਿਆ। ਜੋ ਤੁਸੀਂ ਵੱਟ ਕੇ ਦਿੱਤਾ, ਉਸ
ਵਿੱਚੋਂ ਕੁਛ ਕੰਪਣੀ ਨੂੰ ਮੋੜ ਦੇਣਗੇ, ਕੁਛ ਤੁਹਾਨੂੰ ਦੇ ਦਿੱਤਾ, ਬਾਕੀ ਆਪਣਾ ਮੁਨਾਫ਼ਾ ਤੇ
ਜਮ੍ਹਾਂ-ਪੂੰਜੀ ਬੈਂਕ 'ਚ ਰੱਖਣਗੇ।
ਭਾਪੇ ਨਾਲੋਂ ਮਾਤਾ ਨੂੰ ਜਿ਼ਆਦਾ ਗੁੱਸਾ ਆਇਆ।
“ਮੋਇਆ ਲਾਲਾ ਪੂਰੀ ਤਨਖ਼ਾਹ ਦਿੰਦਾ ਤਾਂ। ਤੂੰ ਸਾਰਾ ਮਹੀਨਾ ਧੁੱਪ’ਚ ਟੁੱਟ ਟੁੱਟ ਮਰਦਾ
ਰਿਹਾ। ਬਣਦੇ ਤਿੰਨ ਹਜ਼ਾਰ 'ਚੋਂ ਨਿਕਾਰਾ ਇੱਕ ਹਜ਼ਾਰ ਫੜਾ ਦਿੱਤਾ। ਫਿੱਟੀ ਹੋਈ ਨੀਤ ਵਾਲਾ
ਲਾਲਾ।”
ਰਾਤ ਦੀ ਨਰਾਜ਼ਗੀ ਦੇ ਬਾਵਜੂਦ ਮਾਤਾ ਨੇ ਸਵੇਰ ਨੂੰ, ਰੋਜ਼ ਵਾਂਗ, ਮੈਨੂੰ ਰੋਟੀ ਵੀ ਖੁਆ
ਦਿੱਤੀ, ਤੇ ਪੱਲੇ ਵੀ ਬੰਨ੍ਹ ਦਿੱਤੀ। ਪਤਾ ਨਹੀਂ, ਭਾਪੇ ਨੇ ਰਾਤ ਮਾਤਾ ਦੇ ਕੰਨਾਂ ਵਿੱਚ ਕੀ
ਕਿਹਾ? ਪੱਲੇ ਬੰਨੀਆਂ ਰੋਟੀਆਂ ਅੱਗੇ ਵਾਂਗ ਸਾਧਾਰਨ ਚੋਪੜੀਆਂ ਚਪਾਤੀਆਂ ਨਹੀਂ ਸਨ। ਪਰਾਉਂਠੇ
ਸਨ। ਦੁਪਹਿਰੇ ਖਾਣ ਵੇਲੇ ਸਨ ਤਾਂ ਠੰਡੇ, ਤਾਂ ਵੀ ਖਾਣ ਨੂੰ ਸੁਆਦ ਸਨ।
ਦਫ਼ਤਰ ਪਹੁੰਚਿਆ, ਤਾਂ ਰਾਧੇ ਸ਼ਾਮ ਮਿਲ ਪਿਆ। ਪੂਰੇ ਮਹੀਨੇ ਵਿੱਚ ਕਦੇ ਕਦੇ ਹੀ ਮੁਲਾਕਾਤ
ਹੁੰਦੀ ਸੀ। ਰਿਵਾਜ ਇਹ ਸੀ, ਸਾਡੇ ਵਿੱਚੋਂ ਜਿਹੜਾ ਪਹਿਲਾਂ ਪਹੁੰਚ ਜਾਂਦਾ, ਬੋਧ ਰਾਜ ਮਾਲ
ਚੁਕਵਾ ਕੇ ਸ਼ਹਿਰ ਦੇ ਗੇੜੇ ਉੱਤੇ ਤੋਰ ਦਿੰਦਾ। ਅੱਜ ਮਿਲਦੇ ਸਾਰ ਹੀ ਰਾਧੇ ਸ਼ਾਮ ਨੇ ਮੈਨੂੰ
ਕੱਲ੍ਹ ਮਿਲੇ ਪੈਸਿਆਂ ਦੀ ਗਿਣਤੀ ਪੁੱਛ ਲਈ। ਇੱਕ ਹਜ਼ਾਰ ਮਿਲਣ ਦੀ ਗੱਲ ਸੁਣ ਕੇ ਕਹਿਣ
ਲੱਗਾ, “ਲਾਲੇ ਨੇ ਮੈਨੂੰ ਵੀ ਹਜ਼ਾਰ ਰੁਪਇਆ ਈ ਦਿੱਤਾ ਐ। ਉਂਜ ਰਾਧੇ ਸ਼ਾਮ ਦੀ ਮਹੀਨੇ ਦੀ
ਵਿੱਕਰੀ ਮੇਰੀ ਵਿੱਕਰੀ ਨਾਲੋਂ ਕਾਫ਼ੀ ਘੱਟ ਸੀ। ਉਹ ਬੋਲਿਆ- “ਘੱਟ ਪੈਸੇ ਦੇਣਾ ਕੋਈ ਰਾਹ ਐ?
ਜਦ ਕੰਮ ਪੂਰਾ ਕੀਤਾ ਐ, ਪੂਰੀ ਤਨਖ਼ਾਹ ਮਿਲਣੀ ਚਾਹੀਦੀ ਐ। ਕਹਿਣ ਲੱਗਾ, “ਇਕੱਠੇ ਹੋ ਕੇ
ਬੋਧ ਰਾਜ ਨੂੰ ਮਿਲੀਏ ਤੇ ਗੱਲ ਕਰੀਏ।” ਪਰ ਕਦੋਂ ਇਕੱਠੇ ਹੋਣਾ ਐ, ਤੇ ਕਦੋਂ ਗੱਲ ਕਰਨੀ ਐ,
ਇਹ ਗੱਲ ਨਾ ਉਸ ਨੇ ਛੇੜੀ, ਨਾ ਮੈਂ। ਆਪਣਾ ਆਪਣਾ ਮਾਲ ਲੈ ਕੇ ਆਪਣੇ ਆਪਣੇ ਪਾਸੇ ਤੁਰ ਗਏ।
ਅਗਲੇ ਦਿਨਾਂ ਵਿਚ ਦੇਖਿਆ, ਬਰਨਾ ਪਿੰਡ ਦੇ ਗੁਲਜ਼ਾਰੀ ਲਾਲ ਨਾਲ ਉਹਦੀ ਹੀ ਬਰਾਦਰੀ ਦੇ ਦੋ
ਹੋਰ ਮੁੰਡੇ ਵੀ ਕੰਮ ਲੱਭਣ ਆਏ ਸਨ। ਗਲ ਇਹ ਸੀ, ਜਿਨ੍ਹਾਂ ਪੰਜਾਂ ਮੁੰਡਿਆਂ ਨੇ ਮਹੀਨਾ
ਪਹਿਲਾਂ ਬੋਧ ਰਾਜ ਪਾਸ ਮਾਲ ਦੀ ਮਸ਼ਹੂਰੀ ਤੇ ਵਿੱਕਰੀ ਦਾ ਕੰਮ ਸ਼ੁਰੂ ਕੀਤਾ ਸੀ, ਉਹਨਾਂ
ਵਿੱਚੋਂ ਦੋ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਕੰਮ ਛੱਡ ਕੇ ਭੱਜ ਗਏ ਸਨ। ਮੈਂ, ਰਾਧੇ
ਸ਼ਾਮ ਤੇ ਗੁਲਜ਼ਾਰੀ ਲਾਲ ਹੀ ਰਹਿ ਗਏ ਸਾਂ। ਬੋਧ ਰਾਜ ਨੂੰ ਹੋਰ ਬੰਦਿਆਂ ਦੀ ਲੋੜ ਸੀ। ਅੱਜ
ਦੋ ਨਵੇਂ ਰੰਗਰੂਟ ਆਏ ਦੇਖ ਕੇ ਬੋਧ ਰਾਜ ਦੀਆਂ ਵਾਛਾਂ ਖਿੜ ਗਈਆਂ। ਉਹ ਆਪਣੇ ਸ਼ਹਿਰ ਦੇ ਦਸ
ਮੀਲ ਦੇ ਘੇਰੇ ਵਿਚ ਪੈਂਦੇ ਦੋ ਹੋਰ ਵਧ ਫੁੱਲ ਰਹੇ ਕਸਬਿਆਂ ਵਿਚ ਵੀ ਆਪਣੇ ਪੈਰ ਪਸਾਰਨਾ
ਚਾਹੁੰਦਾ ਸੀ। ਬਿਨਾਂ ਮੰਗਿਆਂ ਬੰਦੇ ਆ ਰਹੇ ਸਨ। ਉਹਦੇ ਵਪਾਰ ਦੀ ਗੱਡੀ ਰਫ਼ਤਾਰ ਫੜ ਰਹੀ
ਸੀ।
ਰੋਜ਼ ਪਿੰਡ ਆਉਂਦਿਆਂ ਸਾਈਕਲ ਖੜ ਖੜ ਕਰਦਾ ਸੀ। ਪਤਾ ਨਹੀਂ, ਭਾਪੇ ਨੇ ਇਹ ਸਾਇਕਲ ਕਦੋਂ ਦਾ
ਖਰੀਦਿਆ ਹੋਇਆ ਸੀ? ਮਹੀਨੇ ਵਿਚ ਕਈ ਵਾਰ ਹਵਾ ਨਿਕਲੀ। ਇੱਕ ਦਿਨ ਤਾਂ ਟਿਊਬ ਦਾ ਪਟਾਕਾ ਹੀ
ਬੋਲ ਗਿਆ। ਘੜੀਸ ਕੇ ਦਫ਼ਤਰ ਪਹੁੰਚਿਆ। ਮੰੈਨੂੰ ਲੇਟ ਆਇਆ ਦੇਖ ਕੇ ਬੋਧ ਰਾਜ ਦਾ ਮੱਥਾ ਤਣ
ਗਿਆ। ਪਰ ਕੀ ਕਰਦਾ? ਸ਼ਾਮ ਨੂੰ ਬੋਧ ਰਾਜ ਦੇ ਮੇਜ਼ ਸਾਹਮਣੇ ਨਿੱਠ ਕੇ ਬੈਠ ਕੇ ਕਿਹਾ-
“ਬਾਊ ਜੀ! ਅੱਜ ਪੰਜ ਸੌ ਰੁਪਏ ਦੇਣ ਦੀ ਮਿਹਰਬਾਨੀ ਕਰੋ।”
“ਕਿਉਂ, ਕੀ ਗੱਲ ਐ?”
“ਮੇਰਾ ਸਾਈਕਲ ਮੇਰੇ ਹੱਡਾਂ ਦਾ ਖਉ ਬਣਿਆ ਹੋਇਆ ਐ। ਦੋਵੇਂ ਪਹੀਆਂ ਦੇ ਟਾਇਰ ਟੀਊਬਾਂ
ਬਦਲਾਉਣੀਆਂ ਐਂ।”
“ਅਜੇ ਦਸ ਦਿਨ ਪਹਿਲਾਂ ਤਾਂ ਹਜ਼ਾਰ ਰੁਪਏ ਤੈਨੂੰ ਦਿੱਤੇ ਸਨ।”
“ਉਹ ਭਾਪੇ ਅਤੇ ਮਾਤਾ ਨੇ ਸੰਭਾਲ ਲਏ। ਬਾਊ ਜੀ, ਉਹਨਾਂ ਨੇ ਮੈਨੂੰ ਪਾਲਿਆ ਅਤੇ ਪੜ੍ਹਾਇਆ।
ਹੁਣ ਵੀ ਤਿੰਨੇ ਵੇਲੇ ਰੋਟੀ ਉਹੀ ਖੁਆ ਰਹੇ ਐ। ਇਹਦੇ ਬਦਲੇ ਮਹੀਨੇ ਦਾ ਹਜ਼ਾਰ ਰੁਪਇਆ ਤਾਂ
ਉਹ ਕੁਛ ਵੀ ਨਹੀਂ ਗਿਣਦੇ।”
ਬੋਧ ਰਾਜ ਨਾ ਹੱਸਿਆ, ਨਾ ਬੁੜਬੁੜਾਇਆ। ਚੁੱਪ ਰਿਹਾ। ਫੇਰ ਦਰਾਜ ਖੋਲ੍ਹਿਆ। ਪੰਜ ਸੌ ਨਹੀਂ,
ਤਿੰਨ ਸੌ ਰੁਪਏ ਕੱਢੇ।
“ਏਨਿਆਂ ਨਾਲ ਨਹੀਂ ਗੱਲ ਬਣਨੀਂ।”
“ਤੂੰ ਏਨਿਆਂ ਨਾਲ ਸਾਰ।” ਨਾਲ ਈ ਨਿੱਕੀ ਜਿਹੀ ਕਾਪੀ ਕੱਢੀ। ਉਸ ਉੱਤੇ ਮੇਰੇ ਨਾਮ ਦੇ
ਸਾਹਮਣੇ ਇੱਕ ਹਜ਼ਾਰ ਰੁਪਿਆ ਲਿਖਿਆ ਹੋਇਆ ਸੀ। ਹੁਣ ਤਿੰਨ ਸੌ ਹੋਰ ਲਿਖ ਲਏ। ਦੋਨਾਂ ਰਕਮਾਂ
ਸਾਹਮਣੇ ਮੇਰੇ ਦਸਖ਼ਤ ਕਰਵਾ ਲਏ। ਕਹਿਣ ਲੱਗਾ, ਤਾਰੀਖ਼ ਵੀ ਪਾ ਦੇ।
ਮੰੈਂ ਪਿਛਲੇ ਪਹੀਏ ਦੀ ਨਵੀਂ ਟੀਊਬ ਅਤੇ ਟਾਇਰ ਪਵਾ ਲਏ। ਬਚ ਗਏ ਰੁਪਏ ਜੇਬ ਵਿਚ ਪਾ ਲਏ।
ਜਿ਼ੰਦਗੀ ਵਿਚ ਪਹਿਲੀ ਵਾਰ ਕੁਝ ਰਕਮ ਸਿਰਫ਼ ਆਪਣੀ ਸੀ। ਹੁਣ ਮੁਹੱਲਿਆਂ ਦੇ ਗੇੜੇ ਕੱਢਦਿਆਂ
ਜੇ ਰੋਟੀ ਦਾ ਵੇਲਾ ਨਾ ਹੁੰਦਾ, ਭੁੱਖ ਤੇ ਥਕਾਵਟ ਮਹਿਸੂਸ ਕਰ ਕੇ ਚਾਹ ਦੇ ਕੱਪ ਨਾਲ ਸਮੋਸਾ
ਵੀ ਖਾ ਲੈਂਦਾ।
ਮਹੀਨਾ ਮੁੱਕਿਆ, ਤਾਂ ਬੋਧ ਰਾਜ ਨੇ ਸਾਨੂੰ ਪਹਿਲੇ ਵਾਲਿਆਂ ਨੂੰ ਡੇਢ ਹਜ਼ਾਰ ਤੇ ਨਵੇਂ
ਰੰਗਰੂਟਾਂ ਨੂੰ ਹਜ਼ਾਰ ਹਜ਼ਾਰ ਰੁਪਏ ਅਦਾ ਕੀਤੇ।
ਦੁਕਾਨ ਉੱਤੇ ਜਾ ਕੇ ਐਤਕੀਂ ਮੈਂ ਭਾਪੇ ਨੂੰ ਡੇਢ ਹਜ਼ਾਰ ਰੁਪਿਆ ਮਿਲਣ ਦੀ ਗੱਲ ਦੱਸੀ, ਤੇ
ਨਾਲ ਹੀ ਪਹਿਲੇ ਵਾਂਗ ਪੂਰੀ ਰਕਮ ਭਾਪੇ ਦੇ ਫੱਟੇ ਉੱਤੇ ਰੱਖੀ, ਤਾਂ ਭਾਪੇ ਨੇ ਇਸ ਵਾਰ
ਵਾਹਵਾ ਪ੍ਰੇਮ ਨਾਲ ਨੋਟ ਗਿਣੇ। ਫੇਰ ਹੱਸ ਕੇ ਬੋਲਿਆ, “ਪੁੱਤ! ਇਹ ਪੈਸੇ ਆਪਣੀ ਮਾਤਾ ਨੂੰ
ਫੜਾ ਦੇ। ਖ਼ੁਸ਼ ਹੋ ਜਾਏਗੀ।”
“ਮੈਂ ਨਵੇਂ ਕੱਪੜੇ ਬਣਵਾਉਣੇ ਐ।” ਮੈਂ ਭਾਪੇ ਨੂੰ ਕਿਹਾ। ਮੈਂ ਪੈਂਟਾਂ ਕਮੀਜ਼ਾਂ ਦੇ ਜਿਹੜੇ
ਜੋੜੇ ਧੁਆ ਧੁਆ ਰੋਜ਼ ਪਾ ਰਿਹਾ ਸਾਂ, ਇਹ ਅਸਲ ਵਿੱਚ ਭਾਪੇ ਨੇ ਢਾਈ ਸਾਲ ਪਹਿਲਾਂ ਦਸਵੀਂ
ਜਮਾਤ ਵਿਚ ਪੜ੍ਹਦੇ ਸਮੇਂ ਮੈਨੂੰ ਬਣਵਾ ਕੇ ਦਿੱਤੇ ਸਨ। ਚਿੱਟੀਆਂ ਪਾਪਲੀਨ ਦੀਆਂ ਕਮੀਜ਼ਾਂ
ਤੇ ਜੀਨ ਦੀਆਂ ਖਾਕੀ ਪੈਂਟਾਂ। ਇਹ ਜੋੜੇ ਘਸ ਵੀ ਗਏ ਸਨ, ਤੇ ਛੋਟੇ ਵੀ ਹੋ ਗਏ ਸਨ।
ਹੱਡ ਪੈਰ ਤਾਂ ਮੇਰੇ ਪਹਿਲਾਂ ਹੀ ਪੀਡੇ ਸਨ। ਇਹਨਾਂ ਦੋ ਮਹੀਨਿਆਂ ਵਿਚ ਇਹਨਾਂ ਉੱਤੇ ਥੋੜ੍ਹੀ
ਥੋੜ੍ਹੀ ਚਰਬੀ ਵੀ ਚੜ੍ਹ ਗਈ ਸੀ। ਭਾਪੇ ਨੇ ਉੱਠ ਕੇ ਪਿੰਡ ਦੇ ਅੱਡੇ ਉੱਤੇ ਹੀ ਪਿਛਲੇ ਦੋ
ਸਾਲ ਤੋਂ ਚੱਲ ਰਹੀ ਬਜਾਜੀ ਦੀ ਦੁਕਾਨ ਤੋਂ ਦੋ ਕਮੀਜ਼ਾਂ ਤੇ ਦੋ ਪੈਂਟਾਂ ਦਾ ਕੱਪੜਾ ਮੰਗਿਆ।
ਮੈਂ ਕਿਹਾ, ਮੈਂ ਖਾਕੀ ਪੈਂਟਾਂ ਨਹੀਂ ਲੈਣੀਆਂ। ਕਿਸੇ ਹੋਰ ਕੱਪੜੇ ਦੀਆਂ ਪੈਂਟਾਂ
ਬਣਵਾਉਣੀਆਂ ਐਂ। ਬਜਾਜ ਨੇ ਗਰੇ ਰੰਗ ਦਾ ਕੱਪੜਾ ਦਿਖਾਇਆ। ਮੰੈਨੂੰ ਪਸੰਦ ਆ ਗਿਆ।
ਜਿਉਂ ਜਿਉਂ ਮਹੀਨੇ ਲੰਘਦੇ ਗਏ, ਬੋਧ ਰਾਜ ਸਾਨੂੰ ਮਿਲਦੀ ਰਕਮ ਥੋੜ੍ਹੀ ਥੋੜ੍ਹੀ ਵਧਾਉਂਦਾ
ਗਿਆ। ਛੇਵੇਂ ਮਹੀਨੇ ਵਿਚ ਮੈਨੂੰ ਤਨਖ਼ਾਹ ਵੀ ਪੂਰੀ ਦਿੱਤੀ ਅਤੇ ਕਮਿਸ਼ਨ ਵੀ। ਅਗਲੇ
ਮਹੀਨਿਆਂ ਵਿਚ ਮੈਨੂੰ ਕਹਿਣਾ ਤਾਂ ਆਪ ਪੈਂਦਾ, ਤਾਂ ਵੀ ਬੋਧ ਰਾਜ ਪਹਿਲੇ ਮਹੀਨਿਆਂ ਦਾ
ਬਕਾਇਆ ਥੋੜ੍ਹਾ ਥੋੜ੍ਹਾ ਕਰ ਕੇ ਦੇਂਦਾ ਰਿਹਾ। ਮੈਂ ਭਾਪੇ ਦੇ ਸਾਈਕਲ ਦੀ ਦੂਜੀ ਟੀਊਬ ਅਤੇ
ਟਾਇਰ ਤਾਂ ਅਗਲੇ ਮਹੀਨੇ ਹੀ ਬਦਲਾ ਲਏ ਸਨ। ਜਦੋਂ ਪੂਰੀ ਤਨਖ਼ਾਹ ਮਿਲਣ ਲੱਗੀ, ਤਾਂ ਨਵਾਂ
ਸਾਈਕਲ ਵੀ ਖ਼ਰੀਦ ਲਿਆ। ਮਿਲੇ ਪੈਸਿਆਂ ਵਿਚੋਂ ਆਪਣੇ ਆਪ ਹੁਣ ਮੈਂ ਦੋ ਸੌ ਰੁਪਏ ਜੇਬ ਖ਼ਰਚ
ਲਈ ਰੱਖ ਲੈਂਦਾ ਸਾਂ। ਪੈਸੇ ਦੇਣ ਲੱਗਿਆਂ ਮੈਂ ਭਾਪੇ ਨੂੰ ਦੱਸ ਦਿੰਦਾ, ਮੈਂ ਏਨੇ ਪੈਸੇ ਰੱਖ
ਲਏ ਹਨ। ਭਾਪਾ ਇਹ ਤਾਂ ਨਾ ਕਹਿੰਦਾ, ਚੰਗਾ ਠੀਕ ਹੈ, ਪਰ ਬੋਲ ਕੇ ਜਾਂ ਘੂਰ ਕੇ, ਨਰਾਜ਼ਗੀ
ਵੀ ਜ਼ਾਹਰ ਨਾ ਕਰਦਾ। ਮੰੈਂ ਹੁਣ ਇਹ ਵੀ ਵੇਖ ਰਿਹਾ ਸਾਂ, ਮੇਰੀਆਂ ਸਕੂਲ ਜਾਂਦੀਆਂ ਭੈਣਾਂ
ਦੇ ਕੱਪੜੇ ਵਧੇਰੇ ਸਾਫ਼ ਹੁੰਦੇ। ਕਦੇ ਕਦੇ ਨਵੇਂ ਨਕੋਰ ਹੁੰਦੇ।
ਇੱਕ ਦਿਨ ਸਾਡੇ ਨੀਲੇ ਰੰਗ ਦੇ ਕੈੱਨਵੈਸ ਦੇ ਥੈਲਿਆਂ ਦੇ ਮੁਕਾਬਲੇ ਵਿਚ ਉਸੇ ਕਿਸਮ ਦੇ ਹਰੇ
ਰੰਗ ਦੇ ਥੈਲਿਆਂ ਵਿਚ ਨਕਲੀ ਚੀਨੀ ਦੇ ਬਰਤਨ ਵੇਚਦੀ ਇਕ ਹੋਰ ਟੋਲੀ ਸ਼ਹਿਰ ਵਿਚ ਨਜ਼ਰ ਆਈ।
ਪੁੱਛਣ ਤੇ ਪਤਾ ਲੱਗਾ, ਤਨਖ਼ਾਹ ਉਹਨਾਂ ਦੀ ਵੀ ਸਾਡੇ ਵਾਲੀ ਹੈ, ਤੇ ਕਮਿਸ਼ਨ ਵੀ ਸਾਡੇ ਵਾਂਗ
ਮਿਲਦਾ ਹੈ। ਪਰ ਕੱਪ ਪਲੇਟਾਂ ਦੇ ਭਾਅ ਸਸਤੇ ਹਨ।
ਬੋਧ ਰਾਜ ਨੂੰ ਪਤਾ ਲੱਗਾ, ਤਾਂ ਬੁੜਬੁੜਾਇਆ, “ਕਈਆਂ ਪਾਸ ਪੂੰਜੀ ਤਾਂ ਹੁੰਦੀ ਨਹੀਂ। ਪਰ
ਸੁਪਨੇ ਲੈਂਦੇ ਐ ਵਪਾਰੀ ਬਣਨ ਦੇ। ਇਹ ਸਸਤੇ ਬਰਤਨ ਮੋਹਨ ਲਾਲ ਕੌੜਾ ਵੇਚਦਾ ਐ। ਤਿੰਨ ਹਜ਼ਾਰ
ਰੁਪਏ ਮਹੀਨਾ ਖ਼ਰਚ ਕੇ ਸ਼ੋਅ-ਰੂਮ ਤਾਂ ਖੋਲ੍ਹ ਨਹੀਂ ਸਕਿਆ। ਘਰੇ ਈ ਕੰਪਣੀ ਦਾ ਮਾਲ ਸਟਾਕ
ਕਰਾ ਲੈਂਦਾ ਐ। ਤੇ ਉਥੋਂ ਈ ਮੁੰਡਿਆਂ ਨੂੰ ਸ਼ਹਿਰ ਦੇ ਗੇੜੇ ਕੱਢਣ ਲਈ ਤੋਰ ਦਿੰਦੈ। ਛੇਤੀ
ਹੀ ਬਿਸਤਰਾ ਗੋਲ ਕਰ ਲਊ। ਗਰੀਬ ਆਦਮੀ ਪੈਸੇ ਵਾਲੇ ਵਪਾਰੀ ਦਾ ਮੁਕਾਬਲਾ ਕਿਵੇਂ ਕਰ ਸਕਦੈ?"
ਪਰ ਕੌੜੇ ਦਾ ਬਿਸਤਰਾ ਗੋਲ ਨਹੀਂ ਹੋਇਆ, ਸਗੋਂ ਉਸ ਨੇ ਗਊਸ਼ਾਲਾ ਰੋਡ ਉੱਤੇ ਦੁਕਾਨ ਲੈ ਲਈ।
ਇਹ ਦੁਕਾਨ ਬੋਧ ਰਾਜ ਦੇ ਸ਼ੋ-ਰੂਮ ਦਾ ਮੁਕਾਬਲਾ ਤਾਂ ਨਹੀਂ ਕਰਦੀ ਸੀ, ਪਰ ਮਾੜੀ ਵੀ ਨਹੀਂ
ਸੀ। ਕੌੜੇ ਨੇ ਇੱਕ ਹੋਰ ਗੱਲ ਨਵੀਂ ਕੀਤੀ। ਹਰ ਵੇਲੇ ਖੁਲ੍ਹਾ ਰਹਿਣ ਵਾਲਾ ਦਰਵਾਜ਼ਾ ਨਹੀਂ
ਬਣਵਾਇਆ, ਸਗੋਂ ਆਪਣੇ ਆਪ ਬੰਦ ਹੋ ਜਾਣ ਵਾਲਾ ਸ਼ੀਸ਼ੇ ਦਾ ਦਰਵਾਜ਼ਾ ਫਿੱਟ ਕਰਵਾਇਆ। ਅੰਦਰ
ਮੋਹਨ ਲਾਲ ਤਾਂ ਘੁੰਮਣ ਵਾਲੀ ਕੁਰਸੀ ਉੱਤੇ ਬੈਠਾ ਨਜ਼ਰ ਆਉਂਦਾ ਈ, ਇੱਕ ਸੁਣੱਖੀ ਮੁਟਿਆਰ ਵੀ
ਕੰਪਿਊਟਰ ਸਾਹਮਣੇ ਬਿੱਲ ਕੱਟਦੀ ਨਜ਼ਰ ਆਉਂਦੀ।
ਕੌੜੇ ਦੀਆਂ ਇਹਨਾਂ ਨਵੀਆਂ ਅਦਾਵਾਂ ਨੇ ਬੋਧ ਰਾਜ ਨੂੰ ਅੰਦਰੋਂ ਅੰਦਰੀਂ ਫਿ਼ਕਰ ਪਾਇਆ ਹੋਇਆ
ਸੀ। ਬਾਹਰੋਂ ਬਾਹਰੋਂ ਭਾਵੇਂ ਵੱਡੇ ਅਤੇ ਸਫ਼ਲ ਵਪਾਰੀ ਵਾਲੀ ਆਕੜ ਰੱਖਦਾ ਨਜ਼ਰ ਆਉਂਦਾ ਸੀ,
ਤਾਂ ਵੀ ਉਹ ਹੁਣ ਸਾਡੇ ਨਾਲ ਪਹਿਲਾਂ ਨਾਲੋਂ ਵੱਧ ਹਿੱਤ ਦਿਖਾਉਂਦਾ। ਦੁਕਾਨ ਵੀ ਪਹਿਲਾਂ
ਨਾਲੋਂ ਛੇਤੀ ਖੋਲ੍ਹ ਲੈਂਦਾ। ਇੱਕ ਦਿਨ ਮੈਨੂੰ ਵਕਤ ਤੋਂ ਪਹਿਲਾਂ ਆਇਆ ਦੇਖ ਕੇ ਸਾਹਮਣੇ
ਬਿਠਾ ਲਿਆ।
“ਤੁਸੀਂ ਕਿੰਨੇ ਭੈਣ ਭਾਈ ਓ?” ਬੋਧ ਰਾਜ ਨੇ ਪੁੱਛਿਆ। ਹੁਣ ਤੱਕ ਬੋਧ ਰਾਜ ਨੇ ਮੈਨੂੰ ਕਦੀ
ਜ਼ਾਤੀ ਸਵਾਲ ਨਹੀਂ ਕੀਤਾ ਸੀ।
“ਅਸੀਂ ਦੋ ਭਰਾ ਤੇ ਤਿੰਨ ਭੈਣਾਂ ਆਂ। ਸਾਰੇ ਮੈਥੋਂ ਛੋਟੇ।”
“ ਤਾਂ ਬਈ ਤੇਰੇ ਬਾਪ ਦੀ ਕਬੀਲਦਾਰੀ ਭਾਰੀ ਐ। ਜ਼ੁੰਮੇਵਾਰੀ ਨਾਲ ਮਿਹਨਤ ਕਰ, ਤੇ ਪੈਸੇ
ਕਮਾ।” ਬੋਧ ਰਾਜ ਨੇ ਸਲਾਹ ਦਿੱਤੀ।
ਕਹਿਣ ਨੂੰ ਮਨ ਕੀਤਾ, ਮਿਹਨਤ ਤਾਂ ਕਰ ਰਿਹਾਂ, ਪਰ ਬਹੁਤੇ ਪੈਸੇ ਕਿੱਥੋਂ ਲਿਆਵਾਂ, ਪਰ ਚੁੱਪ
ਰਿਹਾ।
ਸਾਲ ਪੂਰਾ ਹੋਇਆ, ਤਾਂ ਬੋਧ ਰਾਜ ਨੇ ਮੇਰੀ ਤਨਖ਼ਾਹ ਦੋ ਸੌ ਰੁਪਿਆ ਮਹੀਨਾ ਵਧਾ ਦਿੱਤੀ। ਦੋ
ਹਜ਼ਾਰ ਦੀ ਥਾਂ ਬਾਈ ਸੌ। ਤਨਖ਼ਾਹ ਵਧਾਉਂਦਿਆਂ ਬੋਧ ਰਾਜ ਨੇ ਗੱਲ ਇਉਂ ਕੀਤੀ, ਜਿਵੇਂ ਮੇਰੇ
ਬਾਪ ਦੀ ਭਾਰੀ ਕਬੀਲਦਾਰੀ ਦੇ ਕਾਰਨ ਉਹ ਮੇਰੇ ਤੇ ਅਹਿਸਾਨ ਕਰ ਰਿਹਾ ਹੋਵੇ। ਪਰ ਮੈਨੂੰ
ਅਹਿਸਾਨ ਨਹੀਂ ਮਹਿਸੂਸ ਹੋਇਆ। ਬੋਧ ਰਾਜ ਦਾ ਮਾਲ ਵੇਚਦਿਆਂ ਮੇਰੇ ਬੂਟਾਂ ਦੇ ਤਲੇ ਘਸ ਗਏ
ਸਨ, ਤੇ ਇਹਨਾਂ ਵਿਚ ਮੋਰੀਆਂ ਹੋ ਗਈਆਂ ਸਨ। ਕਿਉਂਕਿ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਸੀ,
ਇਸ ਕਰਕੇ ਮੈਂ ਦੇਖਿਆ, ਬੋਧ ਰਾਜ ਨੇ ਆਪਣੇ ਤਸਮਿਆਂ ਵਾਲੇ ਬੂਟ ਉਤਾਰ ਕੇ ਗਰਮੀ ਵਿਚ ਪਹਿਨਣ
ਵਾਲੀ ਗੁਰਗਾਬੀ ਖਰੀਦ ਲਈ ਸੀ। ਜਿਸ ਦਿਨ ਗੁਰਗਾਬੀ ਖ਼ਰੀਦ ਕੇ ਲਿਆਇਆ, ਉਹ ਗੱਤੇ ਦੇ ਡੱਬੇ
ਸਮੇਤ ਬੋਧ ਰਾਜ ਦੇ ਮੇਜ਼ ਉੱਤੇ ਪਈ ਸੀ। ਮੌਕਾ ਮਿਲਣ ਉੱਤੇ ਮੈਂ ਕੀਮਤ ਉੱਤੇ ਝਾਤ ਮਾਰੀ,
1199 ਰੁਪਏ। ਖਿ਼ਆਲ ਆਇਆ, ਜੇ ਬੂਟਾਂ ਦੀ ਥਾਂ ਮੈਂ ਵੀ ਗਰਮੀਆਂ ਵਿਚ ਗੁਰਗਾਬੀ ਪਹਿਨਾਂ,
ਤਾਂ ਸੌਖਾ ਰਹਾਂ। ਬੋਧ ਰਾਜ ਵਾਂਗ ਮਹਿੰਗੀ ਗੁਰਗਾਬੀ ਖ਼ਰੀਦਣ ਦੀ ਲਾਲਸਾ ਹੋਣ ਦੇ ਬਾਵਜੂਦ
ਮੈਂ ਖ਼ਰੀਦ ਨਹੀਂ ਸਕਦਾ ਸਾਂ। ਭਾਪੇ ਨੇ ਪਿੰਡ ਦੇ ਕਾਰੀਗਰ ਜੀਤ ਰਾਮ ਤੋਂ ਦੋ ਸੌ ਰੁਪਏ ਦੀ
ਗੁਰਗਾਬੀ ਲੈ ਦਿੱਤੀ।
ਇਸ ਵਾਰ ਮੈਥੋਂ ਛੋਟਾ ਕ੍ਰਿਸ਼ਨ ਨਾ ਕੇਵਲ ਦਸਵੀਂ ਪਾਸ ਕਰ ਗਿਆ ਸੀ, ਉਸਨੇ ਫ਼ਸਟ ਡਵੀਜ਼ਨ ਵੀ
ਲਈ ਸੀ। ਸਕੂਲ ਦੀਆਂ ਅਧਿਆਪਕਾਵਾਂ ਤੇ ਅਧਿਆਪਕ ਘਰ ਘਰ ਫਿਰ ਕੇ ਲਾਇਕ ਮੁੰਡੇ ਕੁੜੀਆਂ ਨੂੰ
ਸਕੂਲ ਵਿਚ ਨਵੀਂ ਸ਼ੁਰੂ ਹੋਈ ਗਿਆਰ੍ਹਵੀਂ ਜਮਾਤ ਵਿਚ ਦਾਖਲ ਕਰਾਉਣ ਲਈ ਕਹਿਣ ਆਏ ਸਨ।
“ਅੰਕਲ! ਕ੍ਰਿਸ਼ਨ ਕੁਮਾਰ ਬਹੁਤ ਹੋਣਹਾਰ ਮੁੰਡਾ ਐ। ਜਿ਼ੰਦਗੀ ਵਿਚ ਅੱਗੇ ਵਧੇਗਾ। ਅਸੀਂ ਇਸ
ਲਈ ਕਿਤਾਬਾਂ ਕਾਪੀਆਂ ਦਾ ਵੀ ਪ੍ਰਬੰਧ ਕਰਾਂਗੇ। ਇਸਨੂੰ ਜ਼ਰੂਰ ਦਾਖ਼ਲ ਕਰਾਓ। ਸਕੂਲ ਨੂੰ ਇਸ
ਉੱਤੇ ਮਾਣ ਐ।” ਭਾਪਾ ਸਕੂਲ ਵੱਲੋਂ ਮਿਲੀ ਵਡਿਆਈ 'ਤੇ ਪ੍ਰਸੰਨ ਸੀ, ਪਰ ਉਸਨੇ ਕ੍ਰਿਸ਼ਨ ਨੂੰ
ਦਾਖ਼ਲ ਕਰਾਉਣ ਜਾਂ ਨਾ ਕਰਾਉਣ ਬਾਰੇ ਕੁਝ ਨਾ ਕਿਹਾ।
ਕ੍ਰਿਸ਼ਨ ਨੇ ਮੈਨੂੰ ਵੀ ਕਿਹਾ ਕਿ ਮੈਂ ਭਾਪੇ ਨੂੰ ਦਾਖ਼ਲੇ ਲਈ ਮਨਾਵਾਂ। ਪਰ ਜਿਹੜੀਆਂ
ਗੱਲਾਂ ਨਾ ਮੈਨੂੰ ਸੁੱਝ ਰਹੀਆਂ ਸਨ ਨਾ ਕ੍ਰਿਸ਼ਨ ਨੂੰ, ਭਾਪਾ ਉਹਨਾਂ ਬਾਰੇ ਬੜਾ ਫਿਕਰਮੰਦ
ਸੀ।
ਦਾਦੇ ਦਾਦੀ ਦੇ ਵੇਲੇ ਦਾ ਬਣਿਆ ਸਾਡਾ ਨਿੱਕਾ ਜਿਹਾ ਘਰ ਬਹੁਤ ਖਸਤਾ ਹਾਲਤ ਵਿਚ ਸੀ। ਛੱਤਾਂ
ਦੀਆਂ ਕੜੀਆਂ ਅਤੇ ਬਾਲੇ ਘੁਣ ਨੇ ਖਾ ਲਏ ਸਨ। ਪਿਛਲੀ ਕੋਠੜੀ ਦੀਆਂ ਕੜੀਆਂ ਾਤੇ ਬਾਲੇ ਭਾਪੇ
ਨੇ ਕਈ ਸਾਲ ਪਹਿਲਾਂ ਬਦਲਾਏ ਸਨ। ਐਤਕੀਂ ਬਰਸਾਤ ਵਿਚ ਵਿਚਕਾਰਲਾ ਦਲਾਨ, ਜੋ ਘਰ ਦਾ ਸਭ ਤੋਂ
ਵੱਡਾ ਕਮਰਾ ਸੀ ਤੇ ਟੱਬਰ ਦਾ ਅਸਲੀ ਘਰ ਸੀ, ਬਹੁਤ ਚੋਇਆ ਸੀ। ਮਿਸਤਰੀ ਦੀ ਸਲਾਹ ਉੱਤੇ ਭਾਪੇ
ਨੇ ਇਸ ਛੱਤ ਨੂੰ ਬਦਲਣ ਲੱਗਿਆਂ ਪੱਕਾ ਲੈਂਟਰ ਪਵਾ ਲਿਆ। ਕੰਧਾਂ ਦੀ ਟੀਪ ਉਧੇੜ ਕੇ ਪਲਸਤਰ
ਕਰਵਾ ਲਿਆ। ਮਿੱਟੀ ਦਾ ਫਰਸ਼ ਪੁੱਟ ਕੇ ਕੰਕਰੀਟ ਦਾ ਫ਼ਰਸ਼ ਲਵਾ ਲਿਆ। ਪਿੱਛੇ ਜਿਹੇ ਵੱਡੀ
ਭੂਆ ਨੇ ਧੀ ਵਿਆਹੀ ਸੀ। ਭਾਪਾ ਕੁੜੀ ਦਾ ਮਾਮਾ ਸੀ। ਗਰੀਬੀ ਦਾਅਵੇ ਵੀ ਨਾਨਕੀ ਛੱਕ ਉੱਤੇ
ਭਾਪੇ ਨੇ ਪੰਜ ਹਜ਼ਾਰ ਖ਼ਰਚ ਕੀਤਾ ਸੀ। ਸੋ, ਇਉਂ ਮੇਰੇ ਲਿਆਂਦੇ ਪੈਸੇ ਨਾਲ ਨਾਲ ਖਪਦੇ ਗਏ
ਸਨ। ਟੱਬਰ ਦਾ ਖ਼ਰਚ ਵੀ ਵਧ ਰਿਹਾ ਸੀ। ਭਾਪੇ ਨੇ ਦਸ ਬੋਰੀਆਂ ਕਣਕ ਦੀਆਂ ਖ਼ਰੀਦ ਕੇ ਪਿਛਲੇ
ਸਾਲ ਕੋਠੜੀ ਵਿਚ ਰੱਖ ਲਈਆਂ ਸਨ। ਮਾਤਾ ਹਰ ਮਹੀਨੇ ਕਣਕ ਧੋ ਕੇ ਤੇ ਸੁਕਾ ਕੇ ਮਸ਼ੀਨ ਤੋਂ
ਪਿਹਾ ਲੈਂਦੀ ਸੀ। ਪਰ ਐਤਕੀਂ ਭਾਪਾ ਕਣਕ ਨਹੀਂ ਖ਼ਰੀਦ ਸਕਿਆ ਸੀ। ਕਣਕ ਦੀਆਂ ਦੋ ਬੋਰੀਆਂ
ਅਜੇ ਵੀ ਅੰਦਰ ਪਈਆਂ ਸਨ, ਪਰ ਇਹਨਾਂ ਨਾਲ ਕਿੰਨਾ ਚਿਰ ਲੰਘੇਗਾ? ਮੱਝ ਦੁੱਧ ਦੇਣ ਦੇ ਮਾਮਲੇ
ਵਿਚ ਭੰਨ ਤੜੱਕੇ ਕਰਨ ਲੱਗ ਪਈ ਸੀ। ਛੇਤੀ ਦੁੱਧ ਦੇਣਾ ਬੰਦ ਕਰ ਦਏਗੀ। ਭਾਪਾ ਇਹਨੂੰ ਅਧਿਆਰੇ
ਉੱਤੇ ਦੇਣ ਬਾਰੇ ਸੋਚ ਰਿਹਾ ਸੀ, ਪਰ ਜਦੋਂ ਤੱਕ ਮੱਝ ਨਵੇਂ ਸਿਰਿਓਂ ਸੂੰਦੀ ਨਹੀਂ, ਦੁੱਧ ਦਾ
ਕੀ ਬਣੂੰ? ਭਾਪਾ ਸੋਚਦਾ ਸੀ,ਇੱਕ ਨਵੀਂ ਸੂਈ ਝੋਟੀ ਖ਼ਰੀਦ ਕੇ ਕੀਲੇ ਉੱਤੇ ਬੰਨ੍ਹ ਲਵੇ। ਘਰ
ਵਿਚ ਇੱਕ ਦੀ ਥਾਂ ਦੋ ਦੁਧਾਰੂ ਪਸ਼ੂ ਹੋਣ, ਤਾਂ ਸਾਰਾ ਸਾਲ ਦੁੱਧ ਦੀ ਬਰਕਤ ਰਹਿੰਦੀ ਹੈ।
ਇੱਕ ਦੁੱਧ ਦੇਣੋਂ ਹਟੇ, ਤਾਂ ਦੂਜੀ ਦੁੱਧ ਦਏਗੀ। ਇਹਨਾਂ ਸਭ ਕੰਮਾਂ ਲਈ ਬੁੱਕ ਰੁਪਈਆਂ ਦਾ
ਚਾਹੀਦਾ ਸੀ। ਇਹ ਕਿੱਥੋਂ ਆਉਣਗੇ? ਭਾਪਾ ਇਹ ਸਭ ਗੱਲਾਂ ਮੇਰੇ ਨਾਲ ਨਹੀਂ ਕਰਦਾ ਸੀ, ਪਰ ਕਦੇ
ਕਦੇ ਭਾਪਾ ਅਤੇ ਮਾਤਾ ਆਪੋ ਵਿਚ ਗਲ ਕਰਦ,ੇ ਤਾਂ ਥੋੜ੍ਹੀ ਥੋੜ੍ਹੀ ਗਲ ਮੈਨੂੰ ਵੀ ਸਮਝ
ਆਉਂਦੀ।
ਪਰ ਇਹ ਸਭ ਗੱਲਾਂ ਧਰੀਆਂ ਧਰਾਈਆਂ ਰਹਿ ਗਈਆਂ। ਚਾਚਾ, ਅਚਾਨਕ, ਊਧਮ ਸਿੰਘ ਨਗਰੋਂ ਆ
ਪਹੁੰਚਿਆ। ਭੂੁਆ ਦੀ ਧੀ ਦੇ ਵਿਆਹ ਉੱਤੇ ਤਾਂ ਭੂਆ ਨੇ ਵਿਆਹ ਦਾ ਛਪਿਆ ਕਾਰਡ ਭੇਜਿਆ ਸੀ।
ਭਾਪੇ ਨੇ ਵੀ ਨਾਨਕੀ ਛੱਕ ਵਿੱਚ ਹਿੱਸਾ ਪਾਉਣ ਲਈ ਖ਼ਤ ਲਿਖਿਆ ਸੀ। ਪਰ ਚਾਚੇ ਨੇ ਮਜਬੂਰੀ
ਲਿਖੀ ਸੀ। ਭੂਆ ਨੂੰ ਸਿੱਧਾ ਇੱਕ ਹਜ਼ਾਰ ਰੁਪਿਆ ਭੇਜ ਦਿੱਤਾ ਸੀ। ਪਿੰਡ ਦੇ ਗਿੱਲਾਂ ਦਾ ਊਧਮ
ਸਿੰਘ ਨਗਰ ਦੇ ਨੇੜੇ ਫਾਰਮ ਸੀ। ਗਿੱਲਾਂ ਦਾ ਸੋਹਣੂ ਤੇ ਚਾਚਾ ਜਮਾਤੀ ਰਹੇ ਸਨ। ਦੋਵੇਂ
ਪੜ੍ਹਾਈ ਵਿੱਚ ਤਾਂ ਚੱਲੇ ਨਾ। ਕਬੱਡੀ ਵਾਹਵਾ ਖੇਡ ਲੈਂਦੇ ਸਨ। ਸੋਹਣੂ ਪਿੱਛੇ ਪਿੰਡ ਦਾਦੀ
ਪਾਸ ਪਲਿਆ ਸੀ। ਜੁਆਨ ਹੋਇਆ, ਤਾਂ ਪਿਉ ਫਾਰਮ ਸੰਭਾਲਣ ਲਈ ਪੁੱਤ ਨੂੰ ਨਾਲ ਲੈ ਗਿਆ। ਅਗਲੇ
ਗੇੜੇ ਸੋਹਣੂ ਆਪਣੇ ਯਾਰ ਸਾਡੇ ਚਾਚੇ ਨੂੰ ਵੀ ਸਿ਼ਸ਼ਕਾਰ ਕੇ ਲੈ ਗਿਆ। ਭਾਪੇ ਨੇ ਚਾਚੇ ਨੂੰ
ਸਮਝਾਇਆ ਸੀ।
“ਤਾਰਿਆ! ਤੂੰ ਉੱਥੇ ਯੂ:ਪੀ: ‘ਚ ਕੀ ਕਰੇਂਗਾ? ਜੱਟਾਂ ਦੀਆਂ ਮੱਝਾਂ ਦਾ ਗੋਹਾ ਚੁੱਕਿਆ
ਕਰੇਂਗਾ? ਇਹ ਤਾਂ ਖੇਤੀ ਕਰਦੇ ਐ। ਤੈਨੂੰ ਨਾ ਖੇਤੀ ਆਉਂਦੀ ਐ, ਨਾ ਪਿਉ ਦਾਦੇ ਦਾ ਕੰਮ।”
ਪਰ ਚਾਚਾ ਚਲਾ ਗਿਆ ਸੀ। ਉੱਥੇ ਸਾਲ ਛੇ ਮਹੀਨੇ ਰਹਿ ਕੇ ਸੁਰਤ ਆਈ। ਇੱਕ ਪੰਜਾਬੀ ਢਾਬੇ ਉੱਤੇ
ਨੌਕਰੀ ਕਰ ਲਈ। ਕਈ ਸਾਲਾਂ ਬਾਅਦ ਨਿੱਕਾ ਜਿਹਾ ਆਪਣਾ ਢਾਬਾ ਖੋਲ੍ਹ ਲਿਆ। ਪਹਿਲੇ ਢਾਬੇ ਵਾਲੇ
ਨੇ, ਜੋ ਪਿੱਛੋਂ ਪੰਜਾਬ ਦਾ ਹੀ ਸੀ ਤੇ ਸਾਡੀ ਬਰਾਦਰੀ ਦਾ ਹੀ ਸੀ, ਆਪਣੀ ਧੀ ਚਾਚੇ ਨਾਲ
ਵਿਆਹ ਦਿੱਤੀ। ਅਸੀਂ ਨਿਆਣੇ ਤਾਂ ਉਦੋਂ ਪਿੱਛੇ ਆਪਣੀ ਦਾਦੀ ਪਾਸ ਰਹੇ ਸਾਂ, ਮਾਤਾ ਤੇ ਭਾਪਾ
ਚਾਚੇ ਦੇ ਵਿਆਹ ਉੱਤੇ ਗਏ ਸਨ।
“ਮੈਂ ਓਥੇ ਘਰ ਛੱਤਣ ਲੱਗਾ ਆਂ।” ਚਾਚੇ ਨੇ ਐਤਕੀਂ ਭਾਪੇ ਨੂੰ ਦੱਸਿਆ। ਭਾਪਾ ਹੈਰਾਨ ਸੀ। ਕਈ
ਸਾਲਾਂ ਬਾਅਦ ਪਿੰਡ ਮਾਰੇ ਗੇੜੇ ਵਿਚ ਚਾਚੇ ਦਾ ਰੰਗ ਢੰਗ ਹੀ ਹੋਰ ਸੀ। ਗਲੇ ਵਿਚ ਸੋਨੇ ਦੀ
ਚੇਨੀ। ਗੁੱਟ ਉੱਤੇ ਸੁਨਹਿਰੀ ਸਟਰੈਪ ਵਾਲੀ ਵਧੀਆ ਘੜੀ। ਗੱਲ ਕਰਨ ਦੇ ਢੰਗ ਵਿਚ ਮਾਣ ਤੇ
ਵਿਸ਼ਵਾਸ ਝਲਕ ਰਿਹਾ ਸੀ।
“ਘਰ ਛੱਤਣ ਲਈ ਤੂੰ ਥਾਂ ਕਦੋਂ ਖਰੀਦੀ?” ਭਾਪੇ ਤੋਂ ਅਸੀਂ ਸੁਣ ਰੱਖਿਆ ਸੀ, ਚਾਚੇ ਦਾ ਢਾਬਾ
ਕਿਰਾਏ ਦੀ ਤੰਗ ਜਿਹੀ ਥਾਂ ਵਿਚ ਸੀ।
“ਭਰਾ ਜੀ। ਊਧਮ ਸਿੰਘ ਨਗਰ ਉਤਰਾਂਚਲ ਪ੍ਰਦੇਸ਼ ਵਿਚ ਸ਼ਾਮਲ ਹੋਣ ਤੋਂ ਬਾਅਦ ਸ਼ਹਿਰ ਦਾ ਨਵਾਂ
ਬਾਈਪਾਸ ਨਿਕਲਿਆ ਸੀ। ਇਹ ਪਾਸਾ ਪਹਿਲਾਂ ਪਹਿਲਾਂ ਬਿਲਕੁਲ ਉਜਾੜ ਸੀ, ਪਰ ਸਾਰੇ ਟਰੱਕ ਇਸ
ਸੜਕੇ ਲੰਘਣ ਲੱਗੇ। ਮੰੈਨੂੰ ਵੇਲੇ ਸਿਰ ਗੱਲ ਸੁੱਝੀ। ਵੀਹ ਹਜ਼ਾਰ ਖ਼ਰਚ ਕੇ ਵੀਹ ਮਰਲੇ ਥਾਂ
ਨਵੇਂ ਬਾਈਪਾਸ ਉੱਤੇ ਲੈ ਲਈ। ਤਰਪਾਲਾਂ ਜਿਹੀਆਂ ਪਾ ਕੇ ਢਾਬਾ ਊਥੇ ਲੈ ਗਿਆ। ਚਾਰ ਸਾਲਾਂ
ਵਿਚ ਲਹਿਰ ਬਹਿਰ ਹੋ ਗਈ। ਵੀਹ ਹਜ਼ਾਰ ਵਿਚੋਂ ਦਸ ਹਜ਼ਾਰ ਖੜੇ ਪੈਰ ਸੋਹਣੂ ਦੇ ਬਾਪੂ ਤੋਂ
ਫੜਿਆ ਸੀ। ਉਹ ਮੈਂ ਮੋੜ ਦਿੱਤਾ ਐ। ਵੀਹ ਹਜ਼ਾਰ ਹੋਰ ਵੀ ਜੋੜ ਲਿਆ ਐ। ਮੇਰਾ ਢਾਬਾ ਚਲਦਾ
ਦੇਖ ਕੇ ਦੋ ਪਹਾੜੀਆਂ ਨੇ ਵੀ ਛੱਪਰ ਜਿਹੇ ਪਾ ਕੇ ਆਪਣੇ ਢਾਬੇ ਖੋਲ੍ਹ ਲਏ ਐ। ਮੇਰੇ ਗਾਹਕ
ਡਰੈਵਰ ਕਹਿੰਦੇ ਐ- "ਤਾਰਿਆ! ਤੂੰ ਹੁਣ ਪੱਕਾ ਛੱਤਣ ਛੱਤ। ਪੱਖੇ ਲੁਆ। ਮੀਂਹ ਕਣੀ ਵਿਚ ਸਿਰ
ਲੁਕਾਵਾ ਵੀ ਹੋਵੇ, ਤੇ ਗਰਮੀ ਵਿਚ ਅਸੀਂ ਠੰਡੀ ਹਵਾ ਦੇ ਬੁੱਲ੍ਹੇ ਵੀ ਲੈ ਸਕੀਏ। ਛੇਤੀ ਕਰ
ਕੋਈ ਜੁਗਾੜ। ਲੰਮੀ ਮੁਸਾਫ਼ਰੀ ਵਿਚ ਤੇਰੀ ਖੁਲ੍ਹੀ ਠਾਹਰ ਦੀ ਸਾਨੂੰ ਬਹੁਤ ਲੋੜ ਐ।”
ਗੱਲ ਤਾਂ ਚੰਗੀ ਸੀ। ਪਰ ਭਾਪਾ ਚਾਚੇ ਦੇ ਮੂੰਹ ਵੱਲ ਦੇਖਦਾ ਰਿਹਾ ਕਿ ਇਹ ਮੈਥੋਂ ਪੈਸੇ ਮੰਗਣ
ਆਇਆ ਐ? ਮੇਰੇ ਪਾਸ ਪੈਸੇ ਕਿੱਥੇ ਹਨ? ਇਹਨੂੰ ਮੇਰੀ ਹਾਲਤ ਭੁੱਲੀ ਹੋਈ ਐ?
ਪਰ ਚਾਚੇ ਨੇ ਤਾਂ ਜਿਵੇਂ ਭਾਪੇ ਦੇ ਸਿਰ ਵਿਚ ਡਾਂਗ ਮਾਰੀ-
“ਭਰਾ ਜੀ! ਮੰੈਂ ਪਿੰਡ ਵਾਲੇ ਘਰ ਵਿਚੋਂ ਆਪਣਾ ਹਿੱਸਾ ਲੈਣ ਆਇਆ ਆਂ। ਮੈਂ ਹੁਣ ਪਿੰਡ ਆ ਕੇ
ਤਾਂ ਰਹਿਣਾ ਨਹੀਂ। ਤੁਸੀਂ ਤੇ ਤੁਹਾਡੇ ਟੱਬਰ ਨੇ ਈ ਰਹਿਣਾ ਐ। ਸੋ, ਮੈਨੂੰ ਘਰ ਵਿਚੋਂ ਆਪਣੇ
ਹਿੱਸੇ ਦੇ ਪੈਸੇ ਦੇ ਦਿਓ।”
ਚਾਚੇ ਦੀ ਇਹ ਗਲ ਸੁਣਦਿਆਂ ਮੈਂ ਦੋਹਾਂ ਭਰਾਵਾਂ ਦੇ ਮੂੰਹਾਂ ਵੱਲ ਦੇਖ ਰਿਹਾ ਸਾਂ। ਚਾਚੇ ਨੇ
ਘਰ ਵਿਚ ਹਿੱਸੇ ਦੇ ਪੈਸਿਆਂ ਦੀ ਗੱਲ ਨੀਵੀਆਂ ਅੱਖਾਂ ਰੱਖ ਨੇ ਨਹੀਂ ਕੀਤੀ। ਵੱਡੇ ਭਰਾ ਦੀਆਂ
ਅੱਖਾਂ ਵਿਚ ਝਾਕਦਿਆਂ ਕੀਤੀ। ਉਹਨੂੰ ਵੱਡੇ ਭਰਾ ਨਾਲ ਕੋਰੀ ਕਰਾਰੀ ਗੱਲ ਕਰਨ ਵਿਚ ਕੋਈ ਸ਼ਰਮ
ਨਹੀਂ ਸੀ। ਇਹ ਉਹੋ ਚਾਚਾ ਸੀ, ਜੋ ਇੱਕ ਤਰ੍ਹਾਂ ਭਾਪੇ ਦੇ ਹੱਥਾਂ ਵਿਚ ਪਲਿਆ ਸੀ। ਹੁਣ ਤਾਂ
ਦਾਦਾ ਦਾਦੀ ਨੂੰ ਪੂਰੇ ਹੋਇਆਂ ਬਹੁਤ ਸਾਲ ਹੋ ਚੁੱਕੇ ਸਨ। ਜਦੋਂ ਉਹ ਅੱਗੜ ਪਿੱਛੜ ਮਰੇ ਸਨ,
ਤਾਂ ਮੇਰਾ ਤੇ ਮੈਥੋਂ ਛੋਟੇ ਭਰਾ ਕ੍ਰਿਸ਼ਨ ਦਾ ਜਨਮ ਹੋ ਚੁੱਕਾ ਸੀ, ਤਾਂ ਵੀ ਭਾਪੇ ਦੀ ਆਪਣੀ
ਉਮਰ ਬਹੁਤੀ ਨਹੀਂ ਸੀ। ਭਾਪਾ ਦਾਦੀ ਦਾਦਾ ਨਾਲ ਪਿੰਡ ਦੀ ਸੇਪ ਦਾ ਕੰਮ ਛੋਟੀ ਉਮਰ ਵਿਚ ਹੀ
ਕਰਵਾਉਣ ਲੱਗ ਪਿਆ ਸੀ। ਸਰੀਰੋਂ ਤਕੜਾ ਸੀ, ਤਾਂ ਵੀ ਮਾਂ ਪਿਉ ਦੇ ਛੇਤੀ ਮਰਨ ਨਾਲ ਭਾਪੇ ਦੇ
ਸਿਰ ਉੱਤੇ ਮਣਾਂ ਮੂੰਹੀਂ ਬੋਝ ਪੈ ਗਿਆ ਸੀ। ਭਾਪੇ ਤੋਂ ਛੋਟੀਆਂ ਤਿੰਨ ਭੈਣਾਂ ਸਨ। ਫੇਰ
ਚਾਚਾ ਸੀ। ਵਿਆਹੀ ਸਿਰਫ਼ ਇੱਕ ਭੈਣ ਸੀ। ਭਾਪੇ ਨੇ ਪਿੱਛੋਂ ਦੋ ਵਿਆਹੀਆਂ। ਚਾਚੇ ਨੂੰ ਵੀ
ਪਾਲਿਆ। ਚਾਚੇ ਤੇ ਮੇਰੀ ਉਮਰ ਦਾ ਫ਼ਰਕ ਦਸ ਸਾਲ ਦਾ ਸੀ, ਤਾਂ ਵੀ ਚਾਚਾ ਤੇ ਅਸੀਂ ਦੋਵੇਂ
ਭਰਾ ਘਰ ਵਿਚ ਇੱਕ ਤਰ੍ਹਾਂ ਬੱਚੇ ਹੀ ਸਾਂ। ਰਲ ਮਿਲ ਕੇ ਖੇਡਦੇ। ਮੈਨੂੰ ਯਾਦ ਹੈ, ਚਾਚੇ ਦੀ
ਇੱਕ ਮਨ ਭਾਉਂਦੀ ਖੇਡ ਮੈਨੂੰ ਘੋੜਾ ਬਣਾ ਕੇ ਲਗਾਮ ਵਾਂਗ ਰੱਸੀ ਮੇਰੀ ਧੌਣ ਉੱਤੇ ਰੱਖ ਕੇ
ਅਗਲੇ ਪਾਸਿਓਂ ਦੀ ਕੱਛਾਂ ਹੇਠ ਦੀ ਲੰਘਾ ਲੈਣੀ, ਤੇ ਮੈਨੂੰ ਘੋੜੇ ਵਾਂਗ ਹਿੱਕਦਿਆਂ ਪਿੰਡ ਦੀ
ਫਿ਼ਰਨੀ ਦਾ ਗੇੜਾ ਦੇਣਾ। ਸ਼ਾਮ ਨੂੰ ਥੱਕ ਹਾਰ ਕੇ ਮਾਤਾ ਪਾਸ ਚੁੱਲ੍ਹੇ ਦੇ ਨੇੜੇ ਬਹਿ
ਜਾਣਾ, ਤੇ ਗਰਮ ਗਰਮ ਲਹਿੰਦੀਆਂ ਫੁਲਕੀਆਂ ਖਾਣੀਆਂ। ਭਾਪੇ ਨੇ ਜਦੋਂ ਸਿਲਾਈ ਦਾ ਕੰਮ ਸਿੱਖ
ਲਿਆ ਤੇ ਦੁਕਾਨ 'ਤੇ ਬੈਠਣ ਲੱਗ ਪਿਆ ਸੀ, ਉਦੋਂ ਵੀ ਪਿੰਡ ਦੀ ਸੇਪ ਵੇਲੇ ਦਾ ਖ਼ਾਨਦਾਨੀ
ਉਸਤਰਾ ਗੁਥਲੀ ਵਿਚ ਪਿਆ ਰਹਿੰਦਾ ਸੀ। ਚਾਚੇ ਦੇ ਸਿਰ ਦੇ ਵਾਲ ਵਧ ਜਾਂਦੇ, ਤਾਂ ਭਾਪੇ ਅੱਗੇ
ਜਾ ਬੈਠਦਾ। ਭਾਪਾ ਹਜਾਮਤ ਕਰ ਦਿੰਦਾ। ਮਾਤਾ ਸਾਡੇ ਤਿੰਨਾਂ ਦੇ ਸਿਰ ਤੇਲ ਨਾਲ ਝੱਸ ਦਿੰਦੀ।
ਪਰ ਚਾਚਾ ਤਾਂ ਜਿਵੇਂ ਇਹ ਧਾਰ ਕੇ ਆਇਆ ਸੀ, ਮੈਂ ਅੱਜ ਬਿਨਾਂ ਖ਼ੂਨ ਡੋਲ੍ਹਿਆਂ ਖ਼ੂਨ ਕਰਨੇ
ਹਨ-
“ਭਰਾ ਜੀ! ਘਰ ਦੇ ਮਕਾਨ ਦੀ ਕੀਮਤ ਪੁਆ ਲਉ। ਮੰੈਨੂੰ ਛੇਤੀ ਤੋਂ ਛੇਤੀ ਰਕਮ ਦੀ ਲੋੜ ਐ।
ਮੰੈਨੂੰ ਉੱਧਰ ਰੁਜ਼ਗਾਰ ਵਧਾਉਣ ਦਾ ਸੁਨਹਿਰੀ ਮੌਕਾ ਮਿਲਦਾ ਪਿਆ ਐ। ਮੇਰੀ ਮਜਬੂਰੀ ਨੂੰ
ਸਮਝੋ।”
ਚਾਚਾ ਉੱਠ ਗਿਆ। ਭਾਪੇ ਦੀ ਸਿਲਾਈ ਮਸ਼ੀਨ ਮੁੜ ਕੇ ਨਹੀਂ ਚੱਲੀ। ਇਉਂ ਬੈਠਾ ਰਿਹਾ, ਜਿਵੇਂ
ਪੱਥਰ ਹੋ ਗਿਆ ਹੋਵੇ। ਮੇਰੇ ਵਿਚ ਤਾਂ ਬੋਲਣ ਦੀ ਹਿੰਮਤ ਹੀ ਨਹੀਂ ਸੀ।
ਰਾਤ ਨੂੰ ਚਾਚਾ ਦੇਰ ਨਾਲ ਘਰ ਆਇਆ। ਮਾਤਾ ਨੂੰ ਭਾਪੇ ਨੇ ਸਾਰੀ ਗੱਲ ਦੱਸ ਦਿੱਤੀ ਸੀ। ਮਾਤਾ
ਵੀ ਹੈਰਾਨ ਪ੍ਰੇਸ਼ਾਨ ਸੀ। ਮੈਨੂੰ ਡਰ ਸੀ, ਮਾਤਾ ਭੜਕ ਕੇ ਚਾਚੇ ਨੂੰ ਬੋਲ ਕੁਬੋਲ ਬੋਲੇਗੀ।
ਪਰ ਮਾਤਾ ਚੁੱਪ ਸੀ, ਜਿਵੇਂ ਭਾਪੇ ਵਾਂਗ ਮਾਤਾ ਦੀ ਵੀ ਬੋਲਤੀ ਬੰਦ ਹੋ ਗਈ ਹੋਵੇ।
ਮੈਂ ਸਵੇਰੇ ਕੰਮ 'ਤੇ ਚਲਾ ਗਿਆ। ਸ਼ਾਮ ਨੂੰ ਘਰ ਆਇਆ, ਤਾਂ ਪਤਾ ਲੱਗਾ, ਚਾਚੇ ਨੇ ਰੂਪ ਸਿੰਘ
ਬਸਰਾ ਨਾਲ ਗੱਲ ਕਰ ਲਈ ਸੀ। ਉਹ ਸਾਡਾ ਘਰ ਖ਼ਰੀਦਣ ਲਈ ਤਿਆਰ ਸੀ। ਉਸਨੇ ਸਾਡੇ ਘਰ ਦਾ ਮੁੱਲ
ਪੰਜਾਹ ਹਜ਼ਾਰ ਰੁਪਏ ਪਾਇਆ ਸੀ। ਉਹਦਾ ਘਰ ਸਾਡੇ ਘਰ ਦੀ ਪਿਛਲੀ ਕੰਧ ਦੇ ਨਾਲ ਲਗਦਾ ਸੀ।
ਚਾਚੇ ਨੇ ਇਹ ਗਲ ਰਾਤ ਰੋਟੀ ਖਾਣ ਤੋਂ ਪਹਿਲਾਂ ਭਾਪੇ ਨੂੰ ਕਹਿ ਵੀ ਦਿੱਤੀ। ਹੁਣ ਭਾਪਾ ਚੁੱਪ
ਨਾ ਰਹਿ ਸਕਿਆ-
“ਕਿਉਂ ਬਈ! ਤੂੰ ਸਾਨੂੰ ਸੜਕ ਤੇ ਬਿਠਾਉਣਾ ਚਾਹੁੰਦੈਂ? ਰੂਪ ਸਿੰਘ ਕੌਣ ਹੁੰਦੈ, ਸਾਡਾ ਦਾਦੇ
ਪੜਦਾਦੇ ਦੇ ਵੇਲੇ ਦਾ ਘਰ ਖਰੀਦਣ ਵਾਲਾ?”
“ਤਾਂ ਭਰਾ ਜੀ! ਤੁਸੀਂ ਆਪਣੇ ਪੱਲਿਓਂ ਮੈਨੂੰ ਮੇਰੇ ਅੱਧੇ ਹਿੱਸੇ ਦੀ ਕੀਮਤ ਦੇ ਦਿਓ।”
“ਕਿੱਥੋਂ ਦੇ ਦਿਆਂ? ਤੈਨੂੰ ਭੇਤ ਨਹੀਂ ਮੇਰੇ ਪੱਲੇ ਦਾ? ਤੈਨੂੰ ਅੱਜ ਗੱਲਾਂ ਆ ਗਈਆਂ।
ਮੇਰੀਆਂ ਕੀਤੀਆਂ ਸਭ ਭੁੱਲ ਗਿਐਂ।”
“ਭਰਾ ਜੀ। ਗ਼ੁੱਸੇ ਵਿਚ ਨਾ ਆਉ। ਭਰਾ ਭਰਾ ਵੱਖ ਹੁੰਦੇ ਈ ਆਏ ਐ। ਮੰੈਂ ਕੋਈ ਨਵੀਂ ਗੱਲ
ਨਹੀਂ ਕੀਤੀ। ਏਨੇ ਸਾਲਾਂ ਤੋਂ ਤੁਸੀਂ ਇਕੱਲੇ ਹੀ ਇਸ ਸਾਂਝੇ ਘਰ ਵਿਚ ਰਹਿੰਦੇ ਰਹੇ ਓ। ਮੈਂ
ਤਾਂ ਕਦੋਂ ਦਾ ਪਰਦੇਸ ਵਿਚ ਬੈਠਾਂ। ਮੰੈਂ ਕੋਈ ਪੁਰਾਣਾ ਹਿਸਾਬ ਮੰਗਿਆ?”
ਅੱਛਾ! ਇਹ ਮੇਰਾ ਭਰਾ ਪਿਛਲੇ ਸਾਲਾਂ ਦਾ ਹਿਸਾਬ ਵੀ ਮਨ ਵਿਚ ਵਿਚਾਰਦਾ ਆਇਆ ਐ। ਇਹਦਾ ਖ਼ੂਨ
ਬਹੁਤ ਹੀ ਸਫ਼ੈਦ ਹੋ ਗਿਆ ਐ। ਇਹ ਹੁਣ ਮੇਰਾ ਭਰਾ ਨਹੀਂ, ਮੇਰਾ ਸ਼ਰੀਕ ਐ। ਭਾਪਾ ਪਹਿਲਾਂ
ਨਾਲੋਂ ਵੀ ਵੱਧ ਹੈਰਾਨੀ ਨਾਲ ਸੋਚ ਰਿਹਾ ਸੀ।
ਮਾਤਾ ਹੁਣ ਵੀ ਨਹੀਂ ਭੜਕੀ। ਚੌਂਕੇ ਵਿਚ ਬੈਠੀ ਹੰਝੂ ਕੇਰਦੀ ਰਹੀ। ਫੇਰ ਅੰਦਰ ਚਲੀ ਗਈ। ਭੈਣ
ਨੇ ਰੋਟੀਆਂ ਲਾਹੀਆਂ। ਸਭ ਨੇ ਚੁੱਪ ਕਰ ਕੇ ਖਾ ਲਈਆਂ। ਮਾਤਾ ਨੇ ਪਤਾ ਨੀਂ ਖਾਧੀ, ਪਤਾ ਨੀਂ
ਨਹੀਂ ਖਾਧੀ।
ਸਵੇਰ ਦੀ ਰੋਟੀ ਮਾਤਾ ਨੇ ਹੀ ਪਕਾਈ। ਸਭ ਨੇ ਚੁੱਪ ਕੀਤਿਆਂ ਖਾ ਲਈ। ਚਾਚਾ ਕਦੇ ਕਦੇ ਮਾਤਾ
ਤੇ ਕਦੇ ਭਾਪੇ ਦੇ ਮੂੰਹ ਵੱਲ ਦੇਖਦਾ। ਉਹ ਤਾਂ ਆਪਣੇ ਹਿੱਸੇ ਦੇ ਪੈਸੇ ਮਿਲ ਜਾਣ ਦੀ ਉਮੀਦ
ਬਾਰੇ ਇਸ਼ਾਰਾ ਉਡੀਕ ਰਿਹਾ ਹੋਣੈਂ। ਪਰ ਮੈਨੂੰ ਪਤਾ ਸੀ, ਮਾਤਾ ਤੇ ਭਾਪਾ ਭਰੇ ਪੀਤੇ ਸਨ।
ਜ਼ਰੂਰ ਮਨਾਂ ਦੀ ਭੜਾਸ ਨਿਕਲੇਗੀ।
ਸ਼ਾਮ ਨੂੰ ਕੰਮ ਤੋਂ ਮੁੜਿਆ, ਤਾਂ ਪਤਾ ਲੱਗਾ, ਚਾਚਾ ਆਪਣਾ ਹਿੱਸਾ ਲੈਣ ਲਈ ਪਿੰਡ ਵਿਚ ਹੋਰ
ਕਈ ਆਦਮੀਆਂ ਨੂੰ ਵੀ ਮਿਲਿਆ ਹੈ। ਸਾਡੀ ਬਰਾਦਰੀ ਦੇ ਵੱਡਿਆਂ ਨੂੰ ਵੀ ਮਿਲਿਆ ਹੈ।
ਰਾਤ ਦੀ ਰੋਟੀ ਵੇਲੇ ਬਰਾਦਰੀ ਦਾ ਮੁਖੀਆ ਬੂਟਾ ਰਾਮ ਘਰ ਆਇਆ-
“ਸਾਧੂ ਰਾਮਾ! ਘਰ ਵੇਚਣਾ ਐ, ਤਾਂ ਰੂਪ ਸਿੰਘ ਬਸਰਾ ਨੂੰ ਨਾ ਵੇਚਿਓ। ਉਹ ਤੁਹਾਡੀ ਲੋੜ ਦਾ
ਨਜਾਇਜ਼ ਫਾਇਦਾ ਉਠਾ ਰਿਹੈ। ਥਾਂ ਦੀ ਕੀਮਤ ਜਿ਼ਆਦਾ ਐ। ਮੰੈਂ ਸੱਲ੍ਹਾਂ ਦੇ ਸ਼ੇਰ ਸਿੰਘ ਨਾਲ
ਗੱਲ ਕੀਤੀ ਐ। ਉਹ ਲੱਖ ਰੁਪਿਆ ਦੇਣ ਲਈ ਤਿਆਰ ਐ।”
“ਘਰ ਵੇਚ ਕੇ ਮੈਂ ਆਪਣੀਆਂ ਮੁਟਿਆਰ ਹੋ ਰਹੀਆਂ ਧੀਆਂ ਕਿਹੜੀ ਛੱਤ ਹੇਠ ਬਿਠਾਵਾਂ ਤਾਇਆ ਬੂਟਾ
ਰਾਮਾਂ!”
“ਫਿ਼ਰਨੀ ਤੇ ਤੌੜ ਮਿਲਦਾ ਐ ਪੰਜਾਹ ਹਜ਼ਾਰ ਰੁਪਏ ਦਾ। ਮੌਕੇ ਸਿਰ ਥਾਂ ਐ।”
“ਲੱਖ ਵਿੱਚੋਂ ਪੰਜਾਹ ਹਜ਼ਾਰ ਮੇਰਾ ਇਹ ਭਰਾ ਲੈ ਜਾਊ। ਪੰਜਾਹ ਹਜ਼ਾਰ ਨਾਲ ਮੈਂ ਪਲਾਟ ਲੈ
ਲਊਂ। ਪਿੱਛੋਂ ਘਰ ਕਾਹਦੇ ਨਾਲ ਛੱਤੂੰ?”
ਬੂਟਾ ਰਾਮ ਚੁੱਪ ਰਿਹਾ। ਪਿੱਛੋਂ ਉਠ ਗਿਆ।
ਹੁਣ ਮਾਤਾ ਚੁੱਪ ਨਹੀਂ ਰਹਿ ਸਕੀ।
“ਸੁਣ ਮੁੰਡਿਆ! ਜਦੋਂ ਮੈਂ ਵਿਆਹੀ ਆਈ, ਤੈਨੂੰ ਆਪਣੀ ਨਲੀ ਪੂੰਝਣੀ ਨਹੀਂ ਸੀ ਆਉਂਦੀ। ਮੰੈਂ
ਤੈਨੂੰ ਮਾਂ ਬਣ ਕੇ ਪਾਲਿਆ। ਆਪਣੇ ਪੁੱਤਾਂ ਨਾਲੋਂ ਵਾਧੂ ਰੱਖਿਆ। ਤੂੰ ਮੇਰੇ ਪੁੱਤ ਨਾਲੋਂ
ਵੱਡਾ ਸੀ। ਤੈਨੂੰ ਰੋਟੀ ਪਹਿਲਾਂ ਦਿੰਦੀ ਸੀ। ਆਪਣੇ ਮੁੰਡਿਆਂ ਨੂੰ ਪਿੱਛੋਂ। ਲੋਕਾਂ ਦੇ
ਹੱਥੀਂ ਪਾਲੇ ਛੋਟੇ ਭਰਾ ਵੱਡੇ ਭਰਾ-ਭਰਜਾਈ ਦੀ ਔਖ ਵੇਲੇ ਮਦਦ ਕਰਦੇ ਹੁੰਦੇ ਐ। ਹੋਰ ਨਹੀਂ,
ਤਾਂ ਅੱਖ ਦੀ ਸ਼ਰਮ ਮੰਨਦੇ ਹੁੰਦੇ ਐ। ਪਰ ਤੂੰ ਤਾਂ ਬਿਲਕੁਲ ਈ ਲੋਈ ਲਾਹ ਦਿੱਤੀ ਐ। ਸਾਨੂੰ
ਘਰੋਂ ਬੇਘਰ ਕਰਨ ਆਇਐਂ। ਤੇਰੇ ਅੰਦਰ ਕੋਈ ਰੱਬ ਦਾ ਖ਼ੌਫ਼ ਨਹੀਂ?”
“ਤੁਸੀਂ ਤਾਂ ਭਾਬੀ। ਐਵੇਂ ਮੈਨੂੰ ਦੋਸ਼ ਦੇਈ ਜਾਨੇ ਓਂ। ਮੈਨੂੰ ਲੋੜ ਪਈ, ਤਾਂ ਹੀ ਤਾਂ
ਆਇਆਂ। ਨਹੀਂ ਤਾਂ ਪਹਿਲਾਂ ਨਾ ਹਿੱਸਾ ਮੰਗ ਲਿਆ?”
ਮਾਤਾ ਨੇ ਚੁੱਲ੍ਹੇ ਵਿਚੋਂ ਬਲਦੀ ਚੁਆਤੀ ਚੁੱਕ ਲਈ, ਤੇ ਰਸੋਈ ਵਿਚ ਬੈਠੇ ਚਾਚੇ ਵੱਲ ਵਧੀ।
ਭਾਪਾ ਪਹਿਲਾਂ ਤਾਂ ਹੈਰਾਨੀ ਨਾਲ ਦੇਖਦਾ ਰਿਹਾ ਤੇ ਫੇਰ ਖੁੰਬ ਵਾਂਗ ਉੱਠਿਆ ਤੇ ਮਾਤਾ ਦਾ
ਹੱਥ ਫੜਿਆ।
“ਚਿੰਤੀ! ਮੇਰਾ ਭਰਾ ਤਾਂ ਨਿਰਲੱਜ ਹੋਇਆ ਈ ਐ। ਤੂੰ ਤਾਂ ਹੋਸ਼ ਕਰ।”
ਰਾਤ ਨੂੰ ਮੈਨੂੰ ਨੀਂਦ ਟੁੱਟ ਟੁੱਟ ਕੇ ਆਈ। ਦਿਨੇ ਵੀ ਸ਼ਹਿਰ ਵਿਚ ਫਿਰਦਿਆਂ ਫਿ਼ਕਰ, ਡਰ ਤੇ
ਸੋਚਾਂ ਨੇ ਮੈਨੂੰ ਘੇਰੀ ਰੱਖਿਆ।
ਵਿਹਲ ਵੇਖ ਕੇ ਬੋਧ ਰਾਜ ਨਾਲ ਗੱਲ ਕਰਨ ਦਾ ਹੌਸਲਾ ਕੀਤਾ।
“ਬਾਊ ਜੀ! ਸਾਨੂੰ ਪੱਚੀ ਹਜ਼ਾਰ ਰੁਪਏ ਪੇਸ਼ਗੀ ਚਾਹੀਦਾ ਐ। ਹਰ ਮਹੀਨੇ ਮੇਰੀ ਤਨਖ਼ਾਹ ਤੇ
ਕਮਿਸ਼ਨ ਵਿੱਚੋਂ ਅੱਧੀ ਰਕਮ ਕੱਟ ਲਿਆ ਕਰਨੀਂ।”
“ਕੀ?ਕੀ?”ਬੋਧ ਰਾਜ ਨੂੰ ਜਿਵੇਂ ਆਪਣੇ ਕੰਨਾਂ ਨਾਲ ਸੁਣੀ ਗੱਲ ਉੱਤੇ ਯਕੀਨ ਨਾ ਆਇਆ ਹੋਵੇ।
ਮੰੈਂ ਥਥਲਾਂਦੇ ਬੋਲਾਂ ਨਾਲ ਚਾਚੇ ਵੱਲੋਂ ਅਚਾਨਕ ਪੈਦਾ ਕੀਤੀ ਸਮੱਸਿਆ ਬੋਧ ਰਾਜ ਨੂੰ ਦੱਸੀ।
“ਪੱਚੀ ਹਜ਼ਾਰ ਕੋਈ ਛੋਟੀ ਮੋਟੀ ਰਕਮ ਐ? ਤੇਰੇ ਵਰਗੇ ਨਿਆਣੇ ਨੂੰ ਕਿਹੜਾ ਸਿਆਣਾ ਵਪਾਰੀ ਏਡੀ
ਵੱਡੀ ਰਕਮ ਫੜਾ ਦਊਗਾ?” ਇਹ ਕਹਿ ਕੇ ਬੋਧ ਰਾਜ ਉੱਠ ਕੇ ਚਲਾ ਗਿਆ।
ਅਗਲੇ ਦਿਨ ਵੀ ਮੈਂ ਗੁਆਚਾ ਗੁਆਚਾ ਹੀ ਸ਼ਹਿਰ ਵਿਚ ਘੁੰਮਿਆ। ਸ਼ਾਮ ਨੂੰ ਦਫ਼ਤਰ ਵੱਲ
ਜਾਂਦਿਆਂ, ਅਜੇ ਬਾਹਰ ਹੀ ਸਾਂ ਕਿ ਰਾਧੇ ਸ਼ਾਮ ਬੋਧ ਰਾਜ ਪਾਸੋਂ ਉੱਠ ਕੇ ਬਾਹਰ ਆਇਆ। ਰਾਧੇ
ਸ਼ਾਮ ਨੇ ਮੈਨੂੰ ਸੜਕ ਦੇ ਇੱਕ ਪਾਸੇ ਲਿਜਾ ਕੇ ਆਖਿਆ-
“ਮੈਂ ਬੋਧ ਰਾਜ ਨੂੰ ਨੌਕਰੀ ਤੋਂ ਜਵਾਬ ਦੇ ਆਇਆਂ”
“ਕਿਉਂ?” ਮੇਰੀ ਹੈਰਾਨੀ ਦੀ ਹੱਦ ਨਹੀਂ ਸੀ।
“ਮੋਹਨ ਲਾਲ ਕੌੜਾ ਕਹਿੰਦਾ ਐ, ਮੈਨੂੰ ਆਪਣਾ ਕੰਮ ਵਧਾਉਣ ਲਈ ਜਿ਼ਆਦਾ ਸਿਆਣੇ ਤੇ ਤਜਰਬੇਕਾਰ
ਸੇਲਜ਼ਮੈਨ ਚਾਹੀਦੇ ਐ। ਉਹ ਤੈਨੂੰ ਤੇ ਮੈਨੂੰ ਰੱਖਣਾ ਚਾਹੁੰਦੈ। ਤਨਖ਼ਾਹ ਤਿੰਨ ਹਜ਼ਾਰ ਰੁਪਏ
ਮਹੀਨਾ ਤੇ ਨਾਲ ਕਮਿਸ਼ਨ। ਮੰੈਂ ਤਾਂ ਮੋਹਨ ਲਾਲ ਨੂੰ ਹਾਂ ਕਹਿ ਦਿੱਤੀ ਐ। ਬੋਧ ਰਾਜ ਨੂੰ ਵੀ
ਦੱਸ ਦਿੱਤੈ। ਤੂੰ ਵੀ ਕੌੜੇ ਨੂੰ ਮਿਲ ਲੈ।”
ਵੱਧ ਤਨਖ਼ਾਹ ਮਿਲਣ ਵਾਲੀ ਖ਼ਬਰ ਚੰਗੀ ਸੀ, ਪਰ ਮੇਰੀ ਲੋੜ ਤਾਂ ਪੱਚੀ ਹਜ਼ਾਰ ਰੁਪਏ ਸੀ, ਜੋ
ਕੌੜੇ ਨੇ ਪੂਰੀ ਨਹੀਂ ਕਰਨੀ ਸੀ।
ਉਂਜ ਮੈਂ ਰਾਧੇ ਸ਼ਾਮ ਨੂੰ ਸਿਰਫ਼ ਇਹ ਕਿਹਾ-
“ਚੰਗਾ ਸੋਚਾਂਗਾ।” ਜਦੋਂ ਮੈਂ ਰਾਧੇ ਸ਼ਾਮ ਤੋਂ ਵੱਖ ਹੋਇਆ, ਤਾਂ ਬੋਧ ਰਾਜ ਅੰਦਰ ਆਪਣੀ
ਕੁਰਸੀ ਉੱਤੇ ਬੈਠਾ ਮੈਨੂੰ ਘੂਰ ਰਿਹਾ ਸੀ। ਪਰ ਮੈਂ ਬੋਧ ਰਾਜ ਨੂੰ ਨਹੀਂ ਮਿਲਿਆ। ਬੈਗ ਸਟੋਰ
ਵਿਚ ਰੱਖਿਆ, ਤੇ ਪਿੰਡ ਨੂੰ ਚੱਲ ਪਿਆ। ਦਿਨੇ ਵੱਟਕ ਕੋਈ ਕਰ ਹੀ ਨਹੀਂ ਸੀ ਸਕਿਆ, ਇਸ ਕਰਕੇ
ਬੋਧ ਰਾਜ ਨੂੰ ਮਿਲ ਕੇ ਦਿਨ ਦਾ ਹਿਸਾਬ ਕਿਤਾਬ ਸਮਝਾਉਣ ਦੀ ਲੋੜ ਹੀ ਨਹੀਂ ਸੀ।
ਸਵੇਰੇ ਰੋਟੀ ਖਾਂਦੇ ਹੀ ਸਾਂ ਕਿ ਇੱਕ ਅਧਿਆਪਕਾ ਕ੍ਰਿਸ਼ਨ ਦੇ ਦਾਖ਼ਲੇ ਲਈ ਇਕ ਵਾਰ ਫੇਰ
ਪ੍ਰੇਰਨ ਲਈ ਘਰ ਆ ਗਈ।
“ਬੀਬੀ, ਅਸੀਂ ਨਹੀਂ ਮੁੰਡੇ ਨੂੰ ਹੋਰ ਅੱਗੇ ਪੜ੍ਹਾਉਣਾ। ਸਾਡੀ ਨਹੀਂ ਪੁੱਜਤ।” ਭਾਪਾ ਬਹੁਤ
ਰੁੱਖਾ ਬੋਲਿਆ। ਕ੍ਰਿਸ਼ਨ ਨੇ ਤ੍ਰਬਕ ਕੇ ਭਾਪੇ ਵੱਲ ਦੇਖਿਆ। ਪਰ ਭਾਪੇ ਨੇ ਮੈਨੂੰ ਆਖਿਆ,
ਆਪਣੇ ਲਾਲੇ ਨੂੰ ਕਹਿ, ਇਹਨੂੰ ਵੀ ਕੰਮ 'ਤੇ ਲਾ ਲਵੇ।
ਸ਼ਹਿਰ ਪਹੁੰਚ ਕੇ ਮੈਂ ਬੱਧਾ ਰੁੱਧਾ ਕੰਮ ਕਰਦਾ ਰਿਹਾ। ਵਟਕ ਹੋਈ, ਪਰ ਬਹੁਤ ਥੋੜ੍ਹੀ। ਬੋਧ
ਰਾਜ ਨੂੰ ਵਟਕ ਫੜਾ ਕੇ ਬਾਹਰ ਨਿਕਲਿਆ, ਤਾਂ ਰਾਧੇ ਸ਼ਾਮ ਇੱਕ ਵਾਰ ਫਿ਼ਰ ਬਾਹਰ ਮੇਰੇ ਨਾਲ
ਗੱਲ ਕਰਨ ਲਈ ਖੜਾ ਸੀ। ਅੱਜ ਰਾਧੇ ਸ਼ਾਮ ਨੇ ਗੱਲ ਕਰਦਿਆਂ ਇਹ ਪ੍ਰਵਾਹ ਨਹੀਂ ਕੀਤੀ ਕਿ ਅੰਦਰ
ਬੋਧ ਰਾਜ ਦੇਖ ਰਿਹਾ ਹੈ।
ਰਾਧੇ ਸ਼ਾਮ ਅੱਜ ਕਹਿਣ ਆਇਆ ਸੀ, ਕੌੜਾ ਮੈਨੂੰ ਰੱਖਣ ਲਈ ਬਹੁਤ ਕਾਹਲਾ ਹੈ। ਪਰ ਮੈਂ ਹੂੰ
ਹਾਂ ਕੀਤੀ, ਤੇ ਪਿੰਡ ਚਲਾ ਗਿਆ।
ਤਿਰਕਾਲਾਂ ਨੂੰ ਮਿਸਤਰੀ ਨਗੀਨਾ ਸਿੰਘ ਘਰ ਆ ਗਿਆ।
“ਸਾਧੂ ਰਾਮਾ! ਤੁਸੀਂ ਘਰ ਵੇਚਣਾ ਚਾਹੁੰਦੇ ਓ? ਵੇਚਣਾ ਐ, ਤਾਂ ਮੈਨੂੰ ਜ਼ਰੂਰ ਦੱਸਣਾ।”
“ਅੱਛਾ ਜੀ।” ਭਾਪੇ ਦਾ ਸੰਖੇਪ ਜਵਾਬ ਸੀ।
ਚਾਚਾ ਅਜੇ ਘਰ ਨਹੀਂ ਆਇਆ ਸੀ। ਸਵੇਰ ਨੂੰ ਪਤਾ ਲੱਗਾ, ਉਹ ਰਾਤ ਨੂੰ ਕਿਸੇ ਹੋਰ ਦੇ ਘਰੋਂ
ਰੋਟੀ ਖਾ ਕੇ ਆਇਆ ਸੀ।
ਸ਼ਹਿਰ ਪਹੁੰਚਿਆ ਤਾਂ ਬੋਧ ਰਾਜ ਦਾ ਰੁਖ਼ ਬਦਲਿਆ ਹੋਇਆ ਸੀ-
“ਤੁਹਾਡੀ ਲੋੜ ਬਾਰੇ ਮੈਂ ਸੋਚਦਾ ਰਿਹਾਂ। ਮੰੈਂ ਔਖਾ ਸੌਖਾ ਹੋ ਕੇ ਤੁਹਾਨੂੰ ਪੱਚੀ ਹਜ਼ਾਰ
ਰੁਪਏ ਦੇ ਦਿੰਨਾਂ। ਪਰ ਤੈਨੂੰ ਤੇ ਤੇਰੇ ਬਾਪ ਨੂੰ ਕਚਹਿਰੀ ਜਾ ਕੇ ਅਸ਼ਟਾਮ ਪੇਪਰ 'ਤੇ
ਦਸਖ਼ਤ ਕਰਨੇ ਪੈਣਗੇ।”
ਮੈਂ ਕ੍ਰਿਸ਼ਨ ਦੀ ਨੌਕਰੀ ਬਾਰੇ ਗੱਲ ਛੇੜੀ।
“ਉਹਨੂੰ ਵੀ ਲੈ ਆ। ਉਹਨੂੰ ਵੀ ਰੱਖ ਲੈਨੇ ਆਂ। ਪਰ ਅਸ਼ਟਾਮ ਪੇਪਰ ‘ਤੇ ਉਹ ਵੀ ਤੇਰੇ ਨਾਲ
ਦਸਖ਼ਤ ਕਰੇ।”
ਦਿਨ ਵੇਲੇ ਬੋਧ ਰਾਜ ਨੇ ਪੱਕਾ ਕਾਗਜ਼ ਕਚਹਿਰੀ ਜਾ ਕੇ ਟਾਈਪ ਕਰਵਾ ਲਿਆ। ਮੈਂ ਇਬਾਰਤ
ਪੜ੍ਹੀ। ਲਿਖ਼ਤ ਦੇ ਮੁਤਾਬਕ ਅਸੀਂ ਦੋਨਾਂ ਭਰਾਵਾਂ ਨੇ ਘੱਟੋ ਘੱਟ ਦੋ ਸਾਲ ਨੌਕਰੀ ਨਾ ਛੱਡਣ
ਦਾ ਇਕਰਾਰ ਕੀਤਾ ਸੀ। ਬੋਧ ਰਾਜ ਸੂਦ ਸਮੇਤ ਆਪਣੀ ਰਕਮ ਵਸੂਲ ਕਰਨ ਲਈ ਸਾਡੇ ਦੋਨਾਂ ਭਰਾਵਾਂ
ਦੇ ਹਰ ਮਹੀਨੇ ਬਣਦੇ ਪੈਸਿਆਂ ਵਿੱਚੋਂ ਅੱਧੇ ਪੈਸੇ ਕੱਟ ਲਿਆ ਕਰੇਗਾ।
ਅਗਲੇ ਦਿਨ ਭਾਪਾ ਅਤੇ ਕ੍ਰਿਸ਼ਨ ਦੋਵੇਂ ਮੇਰੇ ਨਾਲ ਸ਼ਹਿਰ ਆਏ। ਕਚਹਿਰੀ ਜਾ ਕੇ ਨੋਟਰੀ
ਪਬਲਿਕ ਦੇ ਸਾਹਮਣੇ ਅਸੀਂ ਕਾਗਜ਼ ਉੱਤੇ ਦਸਖ਼ਤ ਕੀਤੇ। ਭਾਪੇ ਨੇ ਗੁਆਹੀ ਪਾਈ। ਬੋਧ ਰਾਜ ਨੇ
ਕਚਹਿਰੀ ਘੁੰਮਦੇ ਇਕ ਆਪਣੇ ਵਾਕਿਫ਼ਕਾਰ ਦੀ ਵੀ ਗੁਆਹੀ ਪੁਆਈ। ਇੱਕ ਨੰਬਰਦਾਰ ਦੀ ਵੀ ਗੁਆਹੀ
ਪਾਈ ਗਈ। ਭਾਪਾ ਪੱਚੀ ਹਜ਼ਾਰ ਰੁਪਏ ਲੈ ਕੇ ਪਿੰਡ ਚਲਾ ਗਿਆ। ਚਾਚੇ ਨੂੰ ਅਫ਼ਸੋਸ ਸੀ, ਮਕਾਨ
ਵੇਚ ਕੇ ਮਿਲ ਸਕਦੇ ਪੰਜਾਹ ਹਜ਼ਾਰ ਰੁਪਏ ਨਹੀਂ ਮਿਲੇ ਸਨ, ਤਾਂ ਵੀ ਪੱਚੀ ਹਜ਼ਾਰ ਰੁਪਏ ਲੈ
ਕੇ ਉਹ ਊਧਮ ਸਿੰਘ ਨਗਰ ਦੀ ਗੱਡੀ ਚੜ੍ਹ ਗਿਆ।
ਕ੍ਰਿਸ਼ਨ ਨੌਕਰੀ ਦੇ ਪਹਿਲੇ ਦਿਨ ਚੁੱਪ ਚਾਪ ਮੇਰੇ ਨਾਲ ਗੇੜੇ ਕੱਢਦਾ ਰਿਹਾ। ਬੋਧ ਰਾਜ ਨੇ
ਕਿਹਾ ਸੀ, ਇਹਨੂੰ ਇਕ ਦੋ ਦਿਨ ਨਾਲ ਰੱਖ ਕੇ ਕੰਮ ਸਿਖਾ। ਕ੍ਰਿਸ਼ਨ ਗਾਹਕ ਨਾਲ ਲੋੜ ਪੈਣ
ਉੱਤੇ ਗੱਲ ਕਰ ਲੈਂਦਾ, ਪਰ ਮੇਰੇ ਨਾਲ ਖ਼ਾਮੋਸ਼ ਰਿਹਾ। ਮੈਨੂੰ ਉਸ ਦੇ ਮਨ ਹੀ ਹਾਲਤ ਦਾ ਪਤਾ
ਸੀ, ਤਾਂ ਵੀ ਮੈਂ ਚਾਹੁੰਦਾ ਸਾਂ, ਉਹ ਚੁੱਪ ਗੜੁੱਪ ਨਾ ਰਹੇ। ਕੁਝ ਬੋਲੇ।
ਸਾਰੇ ਦਿਨ ਦੀ ਗਹਿਰੀ ਖ਼ਾਮੋਸ਼ੀ ਤੋਂ ਬਾਅਦ ਸ਼ਾਮ ਨੂੰ ਪਿੰਡ ਜਾਂਦਾ ਬੋਲਿਆ।
“ਭਾਪੇ ਨੇ ਆਪਣਾ ਘਰ ਤਾਂ ਨਹੀਂ ਵੇਚਿਆ ਪਰ ਆਪਣੇ ਦੋ ਪੁੱਤ ਦੋ ਸਾਲ ਲਈ ਲਾਲੇ ਪਾਸ ਵੇਚ
ਦਿੱਤੇ ਐ।”
-0-
|