ਬਲਬੀਰ ਸਿੰਘ ਸੀਨੀਅਰ
ਹਾਕੀ ਦਾ ਯੁੱਗ ਪੁਰਸ਼ ਹੈ। ਹਾਕੀ ਦੀ ਖੇਡ ਦਾ ਮਹਾਨ ਸੈਂਟਰ ਫਾਰਵਰਡ। ਉਸ ਨੂੰ ‘ਗੋਲ ਕਿੰਗ’
ਕਿਹਾ ਜਾਂਦਾ ਸੀ। ਲੰਡਨ ਓਲੰਪਿਕ-2012 ਵਿਚ ਉਹ ‘ਆਈਕੋਨਿਕ ਓਲੰਪੀਅਨ’ ਐਲਾਨਿਆ ਗਿਆ ਯਾਨੀ
ਓਲੰਪਿਕ ਰਤਨ। ਉਸ ਦੇ ਗੋਲਾਂ ਦਾ ਰਿਕਾਰਡ ਅਜੇ ਤਕ ਕਾਇਮ ਹੈ। ਮੈਂ ਉਸ ਨੂੰ ਪਹਿਲੀ ਵਾਰ
1962 ਵਿਚ ਮਿਲਿਆ ਸਾਂ। ਉਹ ਲੱਡਾ ਕੋਠੀ ਕੈਂਪ ਵਿਚ ਆਇਆ ਸੀ ਜਿਥੇ ਪੰਜਾਬ ਯੂਨੀਵਰਸਿਟੀ ਦਾ
ਹਾਕੀ ਕੋਚਿੰਗ ਕੈਂਪ ਲੱਗਾ ਸੀ। ਉਸ ਪਿੱਛੋਂ ਉਹਨੂੰ ਅਨੇਕਾਂ ਵਾਰ ਮਿਲਣ ਦੇ ਮੌਕੇ ਮਿਲੇ ਜੋ
ਹੁਣ ਤਕ ਮਿਲਦੇ ਆ ਰਹੇ ਹਨ। ਬਲਬੀਰ ਸਿੰਘ ਬਾਰੇ ਮੈਨੂੰ ਬਹੁਤ ਪਹਿਲਾਂ ਪੁਸਤਕ
ਲਿਖਣੀ ਚਾਹੀਦੀ ਸੀ ਪਰ ਮੈਥੋਂ ਘਾਉਲ ਹੁੰਦੀ ਗਈ। ਸਾਲ ਲੰਘਦੇ ਗਏ। ਇਹ ਘਾਉਲ ਹੋਰ ਵੀ ਹੋ
ਜਾਂਦੀ ਜੇ ਆਸਟ੍ਰੇਲੀਆ ਤੋਂ ਹਾਕੀ ਦਾ ਇਕ ਫੈਨ ਬਲਬੀਰ ਸਿੰਘ ਦੁਸਾਂਝ ਦੇ ਸਿਰਨਾਵੇਂ ‘ਤੇ
ਈਮੇਲ ਨਾ ਕਰਦਾ।
ਮੈੱਲਬੌਰਨ ਤੋਂ ਭੇਜੀ ਈਮੇਲ ਵੈਨਕੂਵਰ ਵਿਚ ਵਸਦੇ ਪਿੰਡ ਦੁਸਾਂਝ ਕਲਾਂ ਦੇ ਬਲਬੀਰ ਸਿੰਘ
ਦੁਸਾਂਝ ਨੂੰ ਮਿਲੀ ਜੋ ਹਾਕੀ ਦਾ ਖਿਡਾਰੀ ਨਹੀਂ ਸੀ। ਉਹ ਹਾਕੀ ਦੇ ਖਿਡਾਰੀ ਬਲਬੀਰ ਸਿੰਘ
ਸੀਨੀਅਰ ਨੂੰ ਮਿਲਣੀ ਚਾਹੀਦੀ ਸੀ ਜੋ ‘ਆਈਕੋਨਿਕ ਓਲੰਪੀਅਨ’ ਐਲਾਨਿਆ ਗਿਆ ਸੀ। ਦੁਸਾਂਝ ਕਲਾਂ
ਵਾਲਾ ਬਲਬੀਰ ਸਿੰਘ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਜੀਵਨ ਮੈਂਬਰ
ਸੀ ਜਿਥੇ ਮੈਂ ਪ੍ਰਿੰਸੀਪਲ ਸਾਂ। ਉਹ ਜਾਣਦਾ ਸੀ ਕਿ ਮੈਂ ਹਾਕੀ ਵਾਲੇ ਬਲਬੀਰ ਸਿੰਘ ਨੂੰ
ਜਾਣਦਾ ਹਾਂ। ਉਸ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਮੈਂ ਬਲਬੀਰ ਸਿੰਘ ਨਾਲ। ਚਿੱਠੀ ਵਿਚ
ਬਲਬੀਰ ਸਿੰਘ ਦੇ ਦਸਖ਼ਤਾਂ ਵਾਲੀ ਫੋਟੋ ਮੰਗੀ ਗਈ ਸੀ। ਹਾਕੀ ਦੇ ਫੈਨ ਅਜਿਹੀ ਮੰਗ ਕਰਦੇ ਹੀ
ਰਹਿੰਦੇ ਹਨ। ਪਰ ਉਹ ਈਮੇਲ ਨਾਵਾਂ ਦੇ ਰਲ ਜਾਣ ਕਾਰਨ ਆਈਕੋਨਿਕ ਓਲੰਪੀਅਨ ਪਾਸ ਨਾ ਪੁੱਜ
ਸਕੀ। ਉਸ ਪਾਸ ਪੁੱਜਦਿਆਂ ਇਹ ਪੁਸਤਕ ਲਿਖਣ ਦਾ ਸਬੱਬ ਬਣ ਗਿਆ।
ਬਲਬੀਰ ਸਿੰਘ ਉਦੋਂ ਚੰਡੀਗੜ੍ਹ ਆਇਆ ਹੋਇਆ ਸੀ। ਸਰਦੀਆਂ ਸ਼ੁਰੂ ਹੋ ਚੁੱਕੀਆਂ ਸਨ। ਪਰਵਾਸੀ
ਕੂੰਜਾਂ ਵਾਂਗ ਵਤਨੀਂ ਪਰਤ ਰਹੇ ਸਨ। ਦੁਸਾਂਝ ਕਲਾਂ ਵਾਲਾ ਬਲਬੀਰ ਸਿੰਘ ਤੇ ਮੈਂ ਵੀ ਪੰਜਾਬ
ਪਹੁੰਚ ਗਏ ਸਾਂ। 31 ਦਸੰਬਰ ਨੂੰ ਬਲਬੀਰ ਸਿੰਘ ਦਾ 90ਵਾਂ ਜਨਮ ਦਿਨ ਸੀ। ਮੌਕਾ ਮੇਲ ਕਹਿ
ਲਵੋ ਜਾਂ ਕੁਝ ਹੋਰ ਕਿ ਪਿੰਡ ਦੁਸਾਂਝ ਵਾਲੇ ਬਲਬੀਰ ਸਿੰਘ ਨਾਲ ਅਮਰਦੀਪ ਕਾਲਜ ਦੇ ਬਾਨੀ
ਗੁਰਚਰਨ ਸਿੰਘ ਸ਼ੇਰਗਿੱਲ ਤੇ ਮੈਂ ਬਲਬੀਰ ਸਿੰਘ ਨੂੰ ਚੰਡੀਗੜ੍ਹ ਜਾ ਮਿਲੇ। ਗੱਲਾਂ-ਗੱਲਾਂ
ਵਿਚ ਗੱਲ ਚੱਲ ਪਈ ਕਿ ਕਿਤਾਬ ਲਿਖਣ ਦਾ ਲਮਕ ਰਿਹਾ ਕਾਰਜ ਨੇਪਰੇ ਚਾੜ੍ਹਿਆ ਜਾਵੇ। ਮੈਂ ਹੋਰ
ਕੰਮ ਛੱਡ ਕੇ ਬਲਬੀਰ ਸਿੰਘ ਦੀ ਜੀਵਨੀ ਲਿਖਣੀ ਸ਼ੁਰੂ ਕਰ ਦਿੱਤੀ। ਵੈਨਕੂਵਰ ਤੋਂ ਬਲਬੀਰ
ਸਿੰਘ ਦੁਸਾਂਝ ਹੱਲਾਸ਼ੇਰੀ ਦਿੰਦਾ ਰਿਹਾ। ਸੰਗਮ ਪਬਲੀਕੇਸ਼ਨਜ਼ ਦੇ ਅਸ਼ੋਕ ਕੁਮਾਰ ਨੇ ਪੁਸਤਕ
ਪ੍ਰਕਾਸ਼ਤ ਕਰਨ ਦੀ ਪੇਸ਼ਕਸ਼ ਕਰ ਦਿੱਤੀ। ਹੁਣ ਇਹ ਪੁਸਤਕ ਪਾਠਕਾਂ ਦੇ ਸਨਮੁਖ ਕਰਦਿਆਂ ਮੈਂ
ਖ਼ੁਸ਼ੀ ਮਹਿਸੂਸ ਕਰ ਰਿਹਾਂ। ਮੈਂ ਧੰਨਵਾਦੀ ਹਾਂ ਬਲਬੀਰ ਸਿੰਘ, ਉਨ੍ਹਾਂ ਦੀ ਸਪੁੱਤਰੀ ਬੀਬੀ
ਸੁਸ਼ਬੀਰ ਕੌਰ ਤੇ ਦੋਹਤੇ ਕਬੀਰ ਦਾ ਜਿਨ੍ਹਾਂ ਨੇ ਲੋੜੀਂਦੀ ਜਾਣਕਾਰੀ ਦਿੱਤੀ। ਕੰਪਿਊਟਰ ਦੇ
ਮਾਹਿਰ ਕਿਰਪਾਲ ਸਿੰਘ ਪੰਨੂੰ ਤੇ ਓਲੰਪਿਕ ਖੇਡਾਂ ਦੇ ਫੋਟੋਕਾਰ ਸੰਤੋਖ ਸਿੰਘ ਮੰਡੇਰ ਦਾ।
ਵੈਨਕੂਵਰ ਲਾਇਨਜ਼ ਦੇ ਪੁਰੇਵਾਲ ਭਰਾ ਮਲਕੀਤ ਸਿੰਘ, ਚਰਨ ਸਿੰਘ, ਗੁਰਜੀਤ ਸਿੰਘ ਤੇ ਬਲਬੀਰ
ਸਿੰਘ ਦੁਸਾਂਝ ਦਾ ਜਿਨ੍ਹਾਂ ਨੇ ਇਹ ਪੁਸਤਕ ਬਦੇਸ਼ਾਂ ਦੇ ਖੇਡ ਪ੍ਰੇਮੀਆਂ ਤਕ ਪੁਚਾਉਣ ਦਾ
ਬੀੜਾ ਚੁੱਕਿਆ।
ਬਲਬੀਰ ਸਿੰਘ ਸੀਨੀਅਰ ਨੂੰ ਓਲੰਪਿਕ ਖੇਡਾਂ ‘ਚੋਂ ਤਿੰਨ ਗੋਲਡ ਮੈਡਲ ਜਿੱਤਣ ਕਰਕੇ ‘ਗੋਲਡਨ
ਹੈਟ ਟਿੱ੍ਰਕ’ ਵਾਲਾ ਬਲਬੀਰ ਸਿੰਘ ਵੀ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ
ਵਿਚ ਸੈਮੀ ਫਾਈਨਲ ਅਤੇ ਫਾਈਨਲ ਮੈਚਾਂ ‘ਚ ਭਾਰਤੀ ਟੀਮ ਦੇ 9 ਗੋਲਾਂ ‘ਚੋਂ 8 ਗੋਲ ਉਸ ਦੀ
ਸਟਿੱਕ ਨਾਲ ਹੋਏ ਸਨ। ਉਥੇ ਹਾਲੈਂਡ ਵਿਰੁੱਧ ਖੇਡੇ ਗਏ ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6
ਗੋਲਾਂ ‘ਚੋਂ ਉਸ ਦੇ 5 ਗੋਲ ਸਨ ਜੋ ਓਲੰਪਿਕ ਖੇਡਾਂ ਦਾ ਰਿਕਾਰਡ ਹੈ। ਛੇ ਦਹਾਕੇ ਬੀਤ ਜਾਣ
‘ਤੇ ਵੀ ਇਹ ਰਿਕਾਰਡ ਨਹੀਂ ਟੁੱਟਾ ਤੇ ਅੱਜ ਵੀ ਗਿੱਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਦੇ
ਪੰਨਿਆਂ ਉਤੇ ਦਰਜ ਹੈ। ਉਸ ਤੋਂ ਪਹਿਲਾਂ ਫਾਈਨਲ ਮੈਚ ਵਿਚ ਸਭ ਤੋਂ ਵੱਧ ਗੋਲ ਕਰਨ ਦਾ
ਰਿਕਾਰਡ ਇੰਗਲੈਂਡ ਦੇ ਰੈਗੀ ਪ੍ਰਿਡਮੋਟ ਦਾ ਸੀ। ਉਸ ਨੇ ਲੰਡਨ-1908 ਦੀਆਂ ਓਲੰਪਿਕ ਖੇਡਾਂ
ਵਿਚ ਇੰਗਲੈਂਡ ਤੇ ਆਇਰਲੈਂਡ ਦੀਆਂ ਟੀਮਾਂ ਵਿਚਕਾਰ ਹੋਏ ਫਾਈਨਲ ਮੈਚ ਵਿਚ 8 ਵਿੱਚੋਂ 4 ਗੋਲ
ਕੀਤੇ ਸਨ। ਬਰਲਿਨ-1936 ਦੀਆਂ ਓਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਧਿਆਨ ਚੰਦ ਦੇ 8
ਵਿੱਚੋਂ 3 ਗੋਲ ਸਨ। ਉਪ੍ਰੋਕਤ ਖਿਡਾਰੀਆਂ ਨੇ ਕੁਦਰਤੀ ਘਾਹ ਵਾਲੇ ਮੈਦਾਨਾਂ ਉਤੇ ਗੋਲ ਕੀਤੇ
ਸਨ। ਆਸਟ੍ਰੋ ਟਰਫ਼ ਉਤੇ ਵਧੇਰੇ ਗੋਲ ਹੋਣ ਦੀ ਸੰਭਾਵਨਾ ਦੇ ਬਾਵਜੂਦ ਬਲਬੀਰ ਸਿੰਘ ਦਾ
ਰਿਕਾਰਡ ਪਤਾ ਨਹੀਂ ਕਦੋਂ ਟੁੱਟੇ? ਟੁੱਟੇ ਜਾਂ ਨਾ ਹੀ ਟੁੱਟੇ!
ਉਹ ਖੁ਼ਦ ਖੇਡਣ ਤੋਂ ਰਿਟਾਇਰ ਹੋਣ ਪਿੱਛੋਂ ਹਾਕੀ ਟੀਮਾਂ ਦਾ ਕੋਚ, ਮੈਨੇਜਰ ਤੇ ਪੰਜਾਬ ਦਾ
ਖੇਡ ਡਾਇਰੈਕਟਰ ਰਿਹਾ। ਓਲੰਪਿਕ ਖੇਡਾਂ ਦੇ ਤਿੰਨ ਸੋਨ ਤਮਗ਼ੇ ਤੇ ਏਸਿ਼ਆਈ ਖੇਡਾਂ ‘ਚੋਂ
ਚਾਂਦੀ ਦਾ ਤਮਗ਼ਾ ਜਿੱਤਣ ਦੇ ਨਾਲ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਦੋ ਸੋਨ ਤਮਗ਼ੇ,
ਤਿੰਨ ਚਾਂਦੀ ਦੇ ਤਮਗ਼ੇ ਤੇ ਦੋ ਤਾਂਬੇ ਦੇ ਤਮਗ਼ੇ ਵੀ ਭਾਰਤ ਨੂੰ ਜਿਤਾਏ। ਭਾਰਤ ਨੇ ਵਿਸ਼ਵ
ਹਾਕੀ ਕੱਪ ਕੇਵਲ ਇਕੋ ਵਾਰ ਜਿੱਤਿਆ, ਉਹ ਵੀ ਉਦੋਂ ਜਦੋਂ ਉਹ ਭਾਰਤੀ ਟੀਮ ਦਾ ਚੀਫ਼
ਕੋਚ/ਮੈਨੇਜਰ ਸੀ। ਉਸ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਲੈ ਕੇ ਓਲੰਪਿਕ ਤੇ ਏਸਿ਼ਆਈ
ਖੇਡਾਂ ਵਿਚ ਭਾਰਤੀ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਹੈਲਸਿੰਕੀ-1952 ਤੇ ਮੈਲਬੌਰਨ-1956
ਦੀਆਂ ਓਲੰਪਿਕ ਖੇਡਾਂ ਵਿਚ ਮਾਰਚ ਪਾਸਟ ਕਰਦਿਆਂ ਭਾਰਤੀ ਦਲਾਂ ਦਾ ਝੰਡਾਬਰਦਾਰ ਬਣਿਆ। 1954
ਵਿਚ ਸਿੰਘਾਪੁਰ ਮਲਾਇਆ ਦੇ ਟੂਰ ਸਮੇਂ 16 ਮੈਚਾਂ ਵਿਚ ਭਾਰਤੀ ਟੀਮ ਦੇ 121 ਗੋਲਾਂ ਵਿੱਚੋਂ
ਉਸ ਨੇ 83 ਗੋਲ ਕੀਤੇ ਸਨ। 1955 ਵਿਚ ਨਿਊਜ਼ੀਲੈਂਡ ਦੇ ਟੂਰ ‘ਚ 37 ਮੈਚਾਂ ਵਿਚ ਭਾਰਤੀ ਟੀਮ
ਦੇ 203 ਗੋਲਾਂ ਵਿੱਚੋਂ 141 ਗੋਲ ਬਲਬੀਰ ਸਿੰਘ ਦੀ ਹਾਕੀ ਨਾਲ ਹੋਏ। ਉਥੇ ਉਸ ਨੂੰ ‘ਗੋਲ
ਕਿੰਗ’ ਦਾ ਖਿ਼ਤਾਬ ਮਿਲਿਆ।
1957 ਵਿਚ ਭਾਰਤੀ ਖਿਡਾਰੀਆਂ ਵਿੱਚੋਂ ਸਭ ਤੋਂ ਪਹਿਲਾਂ ਉਸ ਨੂੰ ਪਦਮ ਸ਼੍ਰੀ ਅਵਾਰਡ ਦਿੱਤਾ
ਗਿਆ ਤੇ ਦੇਸ਼ ਦਾ ਸਰਬੋਤਮ ਖਿਡਾਰੀ ਮੰਨਿਆ ਗਿਆ। 1982 ਦੀਆਂ ਏਸਿ਼ਆਈ ਖੇਡਾਂ ਮੌਕੇ ਖੇਡ
ਪੱਤਰਕਾਰਾਂ ਨੇ ਉਸ ਨੂੰ ‘ਸਪੋਰਟਸਮੈਨ ਆਫ਼ ਦਾ ਸੈਂਚਰੀ’ ਐਲਾਨਿਆ। ਉਸ ਨੂੰ ਦਿੱਲੀ ਏਸ਼ੀਆਡ
ਦੀ ਜੋਤ ਜਗਾਉਣ ਦਾ ਮਾਣ ਮਿਲਿਆ। ਲੰਡਨ-2012 ਦੀ ਐਗਜ਼ੀਬੀਸ਼ਨ ਵਿਚ ਓਲੰਪਿਕ ਖੇਡਾਂ ਦੇ
ਇਤਿਹਾਸ ‘ਚੋਂ ਜਿਹੜੇ 16 ਖਿਡਾਰੀ ‘ਆਈਕੋਨਿਕ ਓਲੰਪੀਅਨ’ ਚੁਣੇ ਗਏ ਬਲਬੀਰ ਸਿੰਘ ਉਨ੍ਹਾਂ
ਵਿੱਚੋਂ ਇਕ ਹੈ। ਹਾਕੀ ਦਾ ਸਿਰਫ਼ ਉਹੀ ਇਕੋ ਇਕ ਖਿਡਾਰੀ ਹੈ ਜਿਸ ਨੂੰ ਇਹ ਮਾਣ ਮਿਲਿਆ।
ਓਲੰਪਿਕ ਖੇਡਾਂ ਦੇ 16 ਰਤਨਾਂ ਵਿਚ 8 ਪੁਰਸ਼ ਹਨ ਤੇ 8 ਔਰਤਾਂ। ਉਨ੍ਹਾਂ ਵਿਚ ਏਸ਼ੀਆ ਦੇ
ਕੇਵਲ ਦੋ ਤੇ ਭਾਰਤੀ ਉਪ ਮਹਾਂਦੀਪ ਦਾ ਇਕੱਲਾ ਬਲਬੀਰ ਸਿੰਘ ਹੀ ਹੈ।
ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਤਾਂ ਬਲਬੀਰ ਸਿੰਘ ਨੂੰ ਓਲੰਪਿਕ ਰਤਨ ਦਾ ਖਿ਼ਤਾਬ ਦੇ ਹੀ
ਦਿੱਤਾ ਹੈ, ਵੇਖਦੇ ਹਾਂ ਭਾਰਤ ਸਰਕਾਰ ਭਾਰਤ ਰਤਨ ਦਾ ਖਿ਼ਤਾਬ ਕਦੋਂ ਦਿੰਦੀ ਹੈ? ਪੰਜਾਬ
ਸਰਕਾਰ ਨੇ ਭਾਰਤ ਸਰਕਾਰ ਨੂੰ ਲਿਖਿਆ ਹੈ ਕਿ ਹਾਕੀ ਦੇ ਇਸ ਲੀਜੈਂਡ ਖਿਡਾਰੀ ਨੂੰ ਭਾਰਤ ਰਤਨ
ਅਵਾਰਡ ਨਾਲ ਨਿਵਾਜਿਆ ਜਾਵੇ। ਅਜੇ ਤਕ ਉਸ ਦੇ ਨਾਂ ਉਤੇ ਕਿਸੇ ਹਾਕੀ ਸਟੇਡੀਅਮ ਦਾ ਨਾਂ ਵੀ
ਨਹੀਂ ਰੱਖਿਆ ਗਿਆ। ਧਿਆਨ ਚੰਦ ਸਟੇਡੀਅਮ ਵਾਂਗ ਕਿਸੇ ਹੋਰ ਸਟੇਡੀਅਮ ਦਾ ਨਾਂ ਵੀ ਓਲੰਪੀਅਨ
ਬਲਬੀਰ ਸਿੰਘ ਦੇ ਨਾਂ ਨਾਲ ਜੋੜਿਆ ਜਾਣਾ ਚਾਹੀਦੈ।
ਹਾਕੀ ਦੀ ਖੇਡ ਵਿਚ ਲੰਮਾ ਸਮਾਂ ‘ਬਲਬੀਰ’ ਨਾਂ ਦੀਆਂ ਧੁੰਮਾਂ ਪਈਆਂ ਰਹੀਆਂ। ਉਂਜ ਵੀ ਹਾਕੀ
ਖੇਡਣ ਵਾਲੇ ਬਲਬੀਰ ਸਿੰਘ ਕਈ ਸਨ। ਪੰਜ ਬਲਬੀਰ ਭਾਰਤੀ ਹਾਕੀ ਟੀਮਾਂ ਦੇ ਮੈਂਬਰ ਬਣੇ। ਤਿੰਨ
ਬਲਬੀਰ ਬੈਂਕਾਕ-66 ਦੀਆਂ ਏਸਿ਼ਆਈ ਖੇਡਾਂ ਤੇ ਮੈਕਸੀਕੋ-68 ਦੀਆਂ ਓਲੰਪਿਕ ਖੇਡਾਂ ‘ਚ ਭਾਰਤੀ
ਟੀਮਾਂ ਵਿਚ ਇਕੱਠੇ ਖੇਡੇ। ਪੁਲਿਸ ਵਾਲਾ ਬਲਬੀਰ, ਰੇਲਵੇ ਵਾਲਾ ਬਲਬੀਰ ਤੇ ਫੌਜ ਵਾਲਾ
ਬਲਬੀਰ। ਬਾਲ ਬਲਬੀਰਾਂ ਵਿਚਕਾਰ ਘੁੰਮਦੀ ਤਾਂ ਕੁਮੈਂਟੇਟਰ ਜਸਦੇਵ ਸਿੰਘ ਬਲਬੀਰ-ਬਲਬੀਰ ਕਰੀ
ਜਾਂਦਾ। ਇਕੇਰਾਂ ਨੌਂ ਬਲਬੀਰ ਦਿੱਲੀ ਦਾ ਨਹਿਰੂ ਹਾਕੀ ਟੂਰਨਾਮੈਂਟ ਖੇਡੇ। ਸਕੂਲਾਂ ਕਾਲਜਾਂ
ਵਿਚ ਹਾਕੀ ਖੇਡਣ ਵਾਲੇ ਬਲਬੀਰਾਂ ਦਾ ਤਾਂ ਕੋਈ ਲੇਖਾ ਹੀ ਨਹੀਂ। ਉਦੋਂ ਇਹ ਹਾਲ ਸੀ ਕਿ
ਜੀਹਨੇ ਬਲਬੀਰ ਨਾਂ ਰਖਾ ਲਿਆ ਸਮਝੋ ਹਾਕੀ ਦਾ ਖਿਡਾਰੀ ਬਣ ਗਿਆ!
ਜਿਸ ਬਲਬੀਰ ਦੀ ਰੀਸ ਨਾਲ ਬਲਬੀਰ ਨਾਂ ਰੱਖਣ ਦੀ ਰੀਤ ਪਈ ਉਸ ਨੂੰ ਬਲਬੀਰ ਸਿੰਘ ਸੀਨੀਅਰ
ਕਿਹਾ ਜਾਂਦੈ। ਉਹਦਾ ਇਕ ਟਿਕਾਣਾ ਚੰਡੀਗੜ੍ਹ ਹੈ ਤੇ ਦੂਜਾ ਬੀ. ਸੀ. ਕੈਨੇਡਾ। ਚੰਡੀਗੜ੍ਹ ‘ਚ
ਉਸ ਦੀ ਧੀ ਹੈ ਤੇ ਕੈਨੇਡਾ ਵਿਚ ਪੁੱਤਰ ਹਨ। ਗਰਮੀਆਂ ‘ਚ ਉਹ ਅਕਸਰ ਕੈਨੇਡਾ ਚਲਾ ਜਾਂਦੈ ਤੇ
ਸਰਦੀਆਂ ‘ਚ ਇੰਡੀਆ ਮੁੜ ਆਉਂਦੈ। ਉਂਜ ਚਲਦੇ ਵਹੀਰ ਵਾਂਗ ਸਾਰੀ ਧਰਤੀ ਉੁਹਦੇ ਪੈਰਾਂ ਥੱਲੇ
ਹੈ। ਉਹ ਅਜੇ ਵੀ ਪੈਦਲ ਚੱਲ ਸਕਦਾ ਹੈ, ਸੁਹਿਰਦ ਸੋਚ ਦਾ ਮਾਲਕ ਹੈ, ਮਿਲਣਸਾਰ ਸੱਜਣ ਹੈ,
ਸੁਭਾਅ ਦਾ ਨਿਮਰ ਜੋ ਕਿਸੇ ਤਰ੍ਹਾਂ ਦੀ ਹਉਮੇ ਦਾ ਸਿ਼ਕਾਰ ਨਹੀਂ। ਜਾਲੀ ਨਾਲ ਬੱਧੀ ਦਾੜ੍ਹੀ,
ਪਟਿਆਲੇਸ਼ਾਹੀ ਪੱਗ, ਖਿਡਾਰੀਆਂ ਵਾਲੀ ਖੇਡ ਪੁਸ਼ਾਕ ਤੇ ਮਿੰਨ੍ਹੀ ਮੁਸਕ੍ਰਾਹਟ ਨਾਲ ਅਜੇ ਵੀ
ਜੁਆਨ ਲੱਗਦਾ ਹੈ। 92ਵੇਂ ਸਾਲ ਦੀ ਉਮਰ ਵਿਚ ਵੀ ਉਹਦੇ ਜੁੱਸੇ ਦੀ ਲਚਕ ਕਾਇਮ ਹੈ। ਲੱਗਦਾ ਹੈ
ਸੈਂਚਰੀ ਮਾਰ ਜਾਵੇਗਾ। ਲੰਮੀ ਉਮਰ ਤੇ ਚੰਗੀ ਸਿਹਤ ਦਾ ਰਾਜ਼ ਉਸ ਦੀ ਆਸ਼ਾਵਾਦੀ ਸੋਚ,
ਸੰਤੁਲਿਤ ਖਾਣ ਪੀਣ, ਲੰਮੀ ਸੈਰ, ਹਲਕੀ ਕਸਰਤ, ਯੋਗਾ ਅਤੇ ਬੁਢਾਪੇ ਵਿਚ ਵੀ ਕਿਸੇ ਨਾ ਕਿਸੇ
ਆਹਰੇ ਲੱਗੇ ਰਹਿਣਾ ਹੈ। ਅੱਜ ਕੱਲ੍ਹ ਉਹ ਭਾਰਤੀ ਹਾਕੀ ਦੇ ਰਿਵਾਈਵਲ ਪ੍ਰੋਗਰਾਮ ਵਿਚ ਮਗਨ
ਹੈ। ਉਹਦੇ ਰੁਝੇਵਿਆਂ ਬਾਰੇ ਇਹੋ ਕਿਹਾ ਜਾ ਸਕਦੈ-ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ
ਵਿਹਲੀ। ਉਸ ਨੂੰ ਖੇਡ ਉਤਸਵਾਂ ਉਤੇ ਪਧਾਰਨ ਲਈ ਸੱਦੇ ਆਏ ਰਹਿੰਦੇ ਹਨ। ਲੋਕ ਉਸ ਨੂੰ ਵੇਖਣ
ਤੇ ਸੁਣਨ ਦੇ ਚਾਹਵਾਨ ਹਨ।
ਉਹ ਲਿਖਣ/ਬੋਲਣ ਲੱਗਾ ਅਕਸਰ ਆਖਦੈ, “ਮੈਂ ਜੋ ਕੁਝ ਹਾਂ ਆਪਣੇ ਮਾਪਿਆਂ, ਅਧਿਆਪਕਾਂ, ਖੇਡ
ਸਾਥੀਆਂ ਤੇ ਸ਼ੁਭਚਿੰਤਕਾਂ ਕਰਕੇ ਹਾਂ। ਮੇਰੇ ਗੋਲ ਤੇ ਮੇਰੀਆਂ ਜਿੱਤਾਂ, ਮੇਰੀ ਟੀਮ ਤੇ
ਮੇਰੇ ਸਾਥੀਆਂ ਦੀਆਂ ਜਿੱਤਾਂ ਹਨ। ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਹਾਕੀ ਮੈਨੂੰ ਇਕ ਪਰੀ
ਵਾਂਗ ਮਿਲੀ ਸੀ। ਮੈਂ ਉਸ ਨਾਲ ਖੇਡਿਆ, ਪਿਆਰ ਪਾਇਆ, ਉਸ ਦੀ ਇੱਜ਼ਤ ਕੀਤੀ ਤੇ ਪੂਜਾ ਕਰਨ ਤਕ
ਗਿਆ। ਉਹ ਮੇਰੇ ਲਈ ਦੇਵੀ ਬਣ ਗਈ। ਲੰਡਨ ਵਿਚ ਸਾਡੇ ਪਿਆਰ ਨੂੰ ਭਾਗ ਲੱਗੇ। ਹੈਲਸਿੰਕੀ ‘ਚ
ਸਾਡਾ ਵਿਆਹ ਹੋਇਆ ਤੇ ਮੈਲਬੌਰਨ ਵਿਚ ਹਨੀਮੂਨ ਮਨਾਇਆ। ਉਹ ਰੁਸਦੀ ਵੀ ਰਹੀ ਤੇ ਮੰਨਦੀ ਵੀ
ਰਹੀ। ਨਾ ਉਹਨੇ ਸਾਥ ਛੱਡਿਆ ਨਾ ਮੈਂ। ਮੇਰੀ ਇਕ ਪਤਨੀ ਸੁਸ਼ੀਲ ਸੀ ਦੂਜੀ ਉਹ ਹੈ। ਉਹ ਕੋਈ
ਹੋਰ ਨਹੀਂ, ਮੇਰੀ ਹਾਕੀ ਹੈ!”
ਵੇਖਣ ਨੂੰ ਉਹ ਬੇਸ਼ਕ ਅਜੇ ਵੀ ਜੁਆਨ ਲੱਗਦਾ ਹੈ ਪਰ ਹੈ ਹੁਣ ਬਿਰਧ ਅਵੱਸਥਾ ਵਿਚ। ਅੱਜ
ਕੱਲ੍ਹ ਕਹਿੰਦਾ ਹੈ, “ਮੈਚ ਬਰਾਬਰ ਰਹਿਜੇ ਤਾਂ ਐਕਸਟਰਾ ਟਾਈਮ ਦਿੱਤਾ ਜਾਂਦੈ। ਐਕਸਟਰਾ ਟਾਈਮ
‘ਚ ਵੀ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਵਕਤ ਹੁੰਦੈ। ਮੈਂ ਹੁਣ ਗੋਲਡਨ ਗੋਲ ਦੇ ਦੌਰ
‘ਚ ਹਾਂ। ਮੇਰਾ ਮੈਚ ਉਪਰਲੇ ਨਾਲ ਹੈ। ਜਦੋਂ ਗੋਲਡਨ ਗੋਲ ਹੋ ਗਿਆ ਤਾਂ ਖੇਡ ਮੁੱਕ ਜਾਵੇਗੀ।”
ਉਹਦੇ ਇਨ੍ਹਾਂ ਬੋਲਾਂ ਵਿਚੋਂ ਹੀ ਮੈਨੂੰ ਉਹਦੀ ਜੀਵਨੀ ਦਾ ਨਾਂ ‘ਗੋਲਡਨ ਗੋਲ’ ਸੁੱਝਿਆ।
ਉਹਦੀਆਂ ਪਹਿਲਾਂ ਪ੍ਰਕਾਸ਼ਤ ਹੋਈਆਂ ਦੋਵੇਂ ਪੁਸਤਕਾਂ ਦੇ ਨਾਂ ਵੀ ਗੋਲਡਨ ਨਾਲ ਸ਼ੁਰੂ ਹੁੰਦੇ
ਹਨ ਜੋ ‘ਗੋਲਡਨ ਹੈਟ ਟਿੱ੍ਰਕ’ ਤੇ ‘ਗੋਲਡਨ ਯਾਰਡ ਸਟਿੱਕ’ ਹਨ।
ਬਲਬੀਰ ਸਿੰਘ ਨੇ 1985 ਵਿਚ ਆਪਣੇ ਖੇਡ ਜੀਵਨ ਦੀਆਂ ਖੇਡ ਨਿਸ਼ਾਨੀਆਂ ਸਪੋਰਟਸ ਅਥਾਰਟੀ ਆਫ਼
ਇੰਡੀਆ ਦੇ ਅਜਾਇਬ ਘਰ ਲਈ ਦੇ ਦਿੱਤੀਆਂ ਸਨ। ਉਨ੍ਹਾਂ ਵਿਚ ਦੋ ਦਰਜਨ ਤੋਂ ਵੱਧ ਮੈਡਲ,
ਮਮੈਂਟੋ, ਬਲੇਜ਼ਰ ਤੇ ਅਹਿਮ ਸ਼ਖ਼ਸੀਅਤਾਂ ਨਾਲ ਨਾਯਾਬ ਫੋਟੋਗਰਾਫ਼ ਸਨ। ਉਹ ਸਾਈ ਦੇ ਸੈਕਟਰੀ
ਏ. ਐੱਸ. ਤਲਵਾਰ ਨੇ ਵਸੂਲ ਕੀਤੀਆਂ ਸਨ ਜਿਨ੍ਹਾਂ ਨੂੰ ਵਸੂਲ ਕਰਨ ਦੀ ਫੋਟੋ ਦਾ ਸਬੂਤ ਬਲਬੀਰ
ਸਿੰਘ ਪਾਸ ਮੌਜੂਦ ਹੈ। ਬਲਬੀਰ ਸਿੰਘ ਦੀਆਂ ਉਹ ਅਨਮੋਲ ਖੇਡ ਨਿਸ਼ਾਨੀਆਂ ਪਤਾ ਨਹੀਂ ਕਿਉਂ
ਗ਼ਾਇਬ ਕਰ ਦਿੱਤੀਆਂ ਗਈਆਂ ਹਨ ਜੋ ਹੁਣ ਲੱਭ ਨਹੀਂ ਰਹੀਆਂ। ਬਾਲ ਹੁਣ ਭਾਰਤ ਸਰਕਾਰ ਦੇ
ਵਿਹੜੇ ਵਿਚ ਹੈ। ਵੇਖਦੇ ਹਾਂ ਉਹ ਬਲਬੀਰ ਸਿੰਘ ਦੀ ਅਨਮੋਲ ਪੂੰਜੀ ਕਦੋਂ ਲੱਭਦੀ ਹੈ ਤੇ ਕਦੋਂ
ਓਲੰਪਿਕ ਰਤਨ ਨੂੰ ਭਾਰਤ ਰਤਨ ਦਾ ਪੁਰਸਕਾਰ ਦਿੰਦੀ ਹੈ?(256 ਪੰਨਿਆਂ ਦੀ ਇਹ ਪੁਸਤਕ ਸੰਗਮ
ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸਿ਼ਤ ਕੀਤੀ ਹੈ)
-0-
|