ਇਹ ਗੱਲ 4 ਕੁ ਸਾਲ
ਪੁਰਾਣੀ ਹੈ। ਆਪਣੇ ਬੇਟੇ ਦਾ ਪ੍ਰਸ਼ਨ ਸੁਣ ਕੇ ਮੇਰਾ ਸਾਰਾ ਧਿਆਨ ਉਹਦੇ ਵੱਲ ਪਰਤ ਜਾਂਦਾ ਹੈ।
‘‘ਪਾਪਾ ਨਿੱਕੇ ਦਾਦੂ ਕੋਲ ਕਾਰ ਕਿਉਂ ਨਹੀਂ, ਉਹ ਸਾਈਕਲ ਕਿਉਂ ਚਲਾਉਂਦੇ ਆ... ਪਾਪਾ ਨਾਲੇ
ਉਹਨਾਂ ਸ਼ਹਿਰ ਆਪਣੇ ਵਰਗੀ ਕੋਠੀ ਕਿਉਂ ਨਹੀਂ ਪਾਈ... ਉਹ ਖੇਤਾਂ ‘ਚ ਕਿਉਂ ਰਹਿੰਦੇ
ਆ?‘‘ਦਾਨਿਸ਼ ਕਿੰਨੇ ਚਿਰ ਤੋਂ ਸੁਆਲਾਂ ਦੀ ਬੁਛਾੜ ਕਰੀ ਜਾ ਰਿਹਾ ਹੈ। ਮੈਨੂੰ ਨੀਂਦ ਆ ਰਹੀ
ਹੈ। ਐਤਵਾਰ ਦਾ ਦਿਨ ਹੋਣ ਕਰਕੇ ਮੈਂ ਦੁਪਹਿਰੇ ਹੀ ਬੈਡ ‘ਤੇ ਲੇਟਿਆ ਹੋਇਆ ਹਾਂ। ਉਹਦੇ ਨਾਲ
ਲੱਗਣ ਕਰਕੇ ਬੜਾ ਸੁਖਾਵਾਂ ਜਿਹਾ ਅਹਿਸਾਸ ਹੋ ਰਿਹਾ ਹੈ। ਦਾਨਿਸ਼ ਮੇਰੇ ਵਿਆਹ ਤੋਂ ਤਿੰਨ ਸਾਲ
ਬਾਅਦ ਹੋਇਆ ਸੀ ਤੇ ਅਸੀਂ ਦੋਵੇਂ ਜੀਅ ਇਹਨਾਂ ਤਿੰਨਾਂ ਸਾਲਾਂ ‘ਚ ਈ ਬੱਚੇ ਲਈ ਕਿੰਨਾ ਤਰਸ
ਗਏ ਸਾਂ, ਇਹਦਾ ਸਾਨੂੰ ਈ ਪਤਾ ਏ। ਜਦੋਂ ਰੱਬ ਨੇ ਬੱਚਾ ਦਿੱਤਾ ਤਾਂ ਲੱਗਿਆ, ਪਤਾ ਨੀ ਉਸ ਨੇ
ਕਿੰਨਾ ਕੁ ਕੀਮਤੀ ਤੋਹਫਾ ਬਖਸ਼ ਦਿੱਤਾ ਹੈ। ਦਾਨਿਸ਼ ਜਨਮ ਤੋਂ ਈ ਬੜਾ ਚੁਸਤ ਹੈ। ਹੁਣ ਤਾਂ
ਅੱਠਾਂ ਸਾਲਾਂ ਦਾ ਹੋ ਗਿਆ ਹੈ। ਜਦੋਂ ਕੋਈ ਸੁਆਲ ਕਰਦਾ ਹੈ ਤਾਂ ਫਿਰ ਹਟਦਾ ਈ ਨਹੀਂ। ਹਰ
ਗੱਲ ਦੀ ਜੜ੍ਹ ਤੱਕ ਜਾਣ ਦੀ ਕੋਸ਼ਿਸ਼ ਕਰਦਾ ਹੈ। ਉਂਜ ਤਾਂ ਉਹਦੀ ਇਹ ਆਦਤ ਮੈਨੂੰ ਚੰਗੀ ਲੱਗਦੀ
ਰਹੀ ਹੈ, ਪਰ ਅੱਜ ਮੈਨੂੰ ਸਮਝ ਨਹੀਂ ਆ ਰਹੀ ਕਿ ਉਹਦੇ ਸੁਆਲ ਦਾ ਕੀ ਜਵਾਬ ਦਿਆਂ। ਲਾਗੇ
ਬੈਠੀ ਮੇਰੀ ਪਤਨੀ ਸੀਮਾ ਖਿਝ ਗਈ ਹੈ। ਉਹ ਚਾਹੁੰਦੀ ਹੈ ਕਿ ਬੱਚਾ ਟਾਈਮ ਨਾਲ ਪੜ੍ਹਕੇ ਵਿਹਲਾ
ਹੋਵੇ ਤੇ ਉਹ ਆਪ ਵੀ ਦੁਪਹਿਰ ਵੇਲੇ ਦਾ ਰੋਟੀ ਟੁੱਕ ਕਰ ਸਕੇ। ਪਰ ਦਾਨਿਸ਼ ਮੈਨੂੰ ਹਲੂਣੀ ਜਾ
ਰਿਹਾ ਹੈ, ‘‘ਪਾਪਾ ਦੱਸੋ ਵੀ, ਆਪਾਂ ਸ਼ਹਿਰ ਰਹਿਨੇ ਆਂ, ਆਪਣੇ ਕੋਲ ਕੋਠੀ ਵੀ ਹੈ, ਕਾਰ ਵੀ
ਤੇ ਨਿੱਕੇ ਦਾਦੂ ਦਾ ਤਾਂ ਸਾਈਕਲ ਵੀ ਟੁੱਟਾ ਪਿਆ ਹੈ। ਉਹਨਾਂ ਕੋਲ ਇਹ ਚੀਜ਼ਾਂ ਕਿਉਂ ਨਹੀਂ
ਹੈਗੀਆਂ?
‘‘ਪਹਿਲਾਂ ਪੜ੍ਹ ਤਾਂ ਲੈ, ਗੱਲਾਂ ਬਾਅਦ ‘ਚ ਪੁੱਛ ਲੀਂ ਪਾਪਾ ਨੂੰ‘‘, ਸੀਮਾ ਬੋਲਦੀ ਹੈ।
ਫਿਰ ਮੇਰੇ ਵੱਲ ਵੇਖ ਕੇ ਮੁਸਕਰਾਉਂਦਿਆਂ ਇਕ ਹੋਰ ਤੀਰ ਛੱਡਦੀ ਹੈ, ‘‘ਉਂਜ ਗੱਲਾਂ ਤਾਂ
ਦਾਨਿਸ਼ ਨੂੰ ਵੀ ਪਾਪਾ ਵਾਂਗ ਬਹੁਤ ਆਉਂਦੀਆਂ ਨੇ, ਨਿਰਾ ਤੁਹਾਡੇ ‘ਤੇ ਹੈ ਤੁਹਾਡਾ
ਮੁੰਡਾ।‘‘ਮੈਂ ਉਠ ਕੇ ਬਹਿ ਗਿਆ ਹਾਂ ਤੇ ਦਾਨਿਸ਼ ਨੂੰ ਗੋਦੀ ਵਿੱਚ ਬਿਠਾ ਕੇ ਪਿਆਰ ਕਰਨ
ਲੱਗਦਾ ਹਾਂ। ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲ ਜਾਂਦਾ ਹੈ, ‘‘ਵੇਖ ਬੇਟਾ, ਤੂੰ ਪੜ੍ਹਾਈ
ਟਾਈਮ ਨਾਲ ਕਰਿਆ ਕਰ... ਨਾਲੇ ਵੇਖ ਜਿਹੜੇ ਬੱਚੇ ਪੜ੍ਹਾਈ ਨਹੀਂ ਕਰਦੇ, ਉਹ ਜ਼ਿੰਦਗੀ ‘ਚ ਕੁਝ
ਨਹੀਂ ਬਣਦੇ।‘‘ਪਾਪਾ! ਕੁਝ ਨਹੀਂ ਬਣਦੇ, ਇਹਦਾ ਕੀ ਮਤਲਬ ਹੋਇਆ?‘‘ ਦਾਨਿਸ਼ ਨੇ ਝੱਟ ਅਗਲਾ
ਸੁਆਲ ਕਰ ਦਿੱਤਾ।‘‘ਕੁਝ ਨਹੀਂ ਬਣਦੇ ਦਾ ਮਤਲਬ...।‘‘ ਇੱਥੇ ਮੈਨੂੰ ਇਕਦਮ ਕੋਈ ਜਵਾਬ ਨਹੀਂ
ਅਹੁੜਿਆ। ‘‘ਮੇਰਾ ਮਤਲਬ ਹੈ ਕਿ ਜਿਹੜੇ ਬੱਚੇ ਨਹੀਂ ਪੜ੍ਹਦੇ, ਉਹ ਕੁਝ ਨਹੀਂ ਬਣਦੇ, ਮਤਲਬ
ਉਹਨਾਂ ਨੂੰ ਕਾਰ, ਕੋਠੀ ਕੁਝ ਨਹੀਂ ਮਿਲਦਾ।‘‘ ਮੈਂ ਬੱਚੇ ਨੂੰ ਟਾਲਣ ਲਈ ਜਵਾਬ ਦਿੱਤਾ ਪਰ
ਉਹ ਟਲਣ ਵਾਲਾ ਕਿੱਥੇ ਸੀ। ਉਹ ਆਪ ਹੀ ਆਪਣੇ ਪੁੱਛੇ ਸੁਆਲ ਦਾ ਜਵਾਬ ਦੇਣ ਲੱਗਾ।
‘‘ਅੱਛਾ-ਅੱਛਾ ਹੁਣ ਸਮਝ ਆਈ। ਮੇਰੇ ਨਿੱਕੇ ਦਾਦੂ ਵੀ ਨਹੀਂ ਪੜ੍ਹਦੇ ਰਹੇ ਹੋਵੇ। ਤਾਂ ਈ
ਉਹਨਾਂ ਨੂੰ ਕੋਠੀ, ਕਾਰ ਨਹੀਂ ਮਿਲੀ।‘‘ ਦਾਨਿਸ਼ ਦੇ ਚਿਹਰੇ ‘ਤੇ ਤਸੱਲੀ ਦੇ ਭਾਵ ਸਨ।
‘‘ਹਾਂ-ਹਾਂ ਬੱਸ ਇਹੋ ਈ ਸਮਝ ਲੈ।‘‘ ਮੈਂ ਉਹਨੂੰ ਕਹਿ ਕੇ ਫਿਰ ਲੇਟ ਗਿਆ। ਉਹਨੇ ਕਿਤਾਬਾਂ
ਚੁੱਕੀਆਂ ਤੇ ਆਪਣਾ ਹੋਮ ਵਰਕ ਕਰਨ ਲੱਗਾ। ਦੋ ਕੁ ਮਹੀਨਿਆਂ ਬਾਅਦ ਮੇਰੇ ਚਾਚੇ (ਦਾਨਿਸ਼ ਦੇ
ਨਿੱਕੇ ਦਾਦੂ) ਦੇ ਲੜਕੇ ਮਨਦੀਪ ਦਾ ਵਿਆਹ ਸੀ। ਅਸੀਂ ਸਾਰੇ ਪਿੰਡ ਗਏ। ਵਿਆਹ ਬੜੀ ਧੂਮ-ਧਾਮ
ਨਾਲ ਹੋਇਆ। ਕੁੜੀ ਵਾਲਿਆਂ ਵਿੱਤੋਂ ਵੱਧ ਜ਼ੋਰ ਲਾ ਦਿੱਤਾ। ਦਾਜ-ਦਹੇਜ ਦੀਆਂ ਵਸਤਾਂ ਦਾ ਕੋਈ
ਅੰਤ ਨਹੀਂ ਸੀ। ਮੋਟਰ ਸਾਈਕਲ, ਕਾਰ, ਫਰਨੀਚਰ ਆਦਿ ਸਾਰਾ ਕੁਝ ਦਹੇਜ ਵਿੱਚ ਸ਼ਾਮਲ ਸੀ। ਦਾਨਿਸ਼
ਹਰ ਚੀਜ਼ ਬੜੇ ਗਹੁ ਨਾਲ ਵੇਖ ਰਿਹਾ ਸੀ। ਉਹ ਮੇਰੀ ਬਾਂਹ ਫੜ ਕੇ ਮੈਨੂੰ ਕਾਰ ਕੋਲ ਲੈ ਗਿਆ।
‘‘ਪਾਪਾ ਇਹ ਨਵੀਂ ਕਾਰ ਕੀਹਦੀ ਆ?‘‘ ਉਹਨੇ ਕਾਲੇ ਰੰਗ ਦੇ ਰਿਬਨਾਂ ਨਾਲ ਸਵਾਰੀ ਨਵੀਂ ਆਲਟੋ
ਕਾਰ ਵੱਲ ਵੇਖ ਕੇ ਪੁੱਛਿਆ।
‘‘ਬੇਟਾ ਇਹ ਤੇਰੇ ਚਾਚੂ ਮਨਦੀਪ ਦੇ ਦਾਜ ‘ਚ ਆਈ ਆ।‘‘
‘‘ਪਾਪਾ ਦਾਜ ਕੀ ਹੁੰਦਾ ਏ?‘‘
‘‘ਬੇਟਾ ਕੁੜੀ ਦੇ ਮਾਪੇ ਇਹ ਚੀਜ਼ਾਂ, ਵਿਆਹ ਵੇਲੇ ਆਪਣੀ ਧੀ ਨੂੰ ਦਿੰਦੇ ਨੇ। ਇਹਨੂੰ ਈ ਦਾਜ
ਕਹਿੰਦੇ ਨੇ।‘‘ ਮੈਂ ਸੰਖੇਪ ਜਿਹਾ ਜਵਾਬ ਦਿੱਤਾ।
‘‘ਪਾਪਾ ਇਹ ਦਾਜ ਹਰ ਇਕ ਨੂੰ ਮਿਲਦਾ ਏ?‘‘
‘‘... ਹਾਂ-ਤਕਰੀਬਨ ਮਿਲ ਈ ਜਾਂਦਾ ਏ।‘‘
‘‘ਤਾਂ ਪਾਪਾ ਫਿਰ ਜਦੋਂ ਮੇਰਾ ਵਿਆਹ ਹੋਊਗਾ, ਮੈਨੂੰ ਵੀ ਦਾਜ ਮਿਲੂਗਾ?‘‘ਦਾਨਿਸ਼ ਦੇ ਇਸ
ਸੁਆਲ ਦੀ ਮੈਨੂੰ ਆਸ ਨਹੀਂ ਸੀ। ਹੁਣ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਜਵਾਬ ਦਿਆਂ।
ਮੈਂ ਖਹਿੜਾ ਛੁਡਾਉਣ ਲਈ ਕਹਿ ਦਿੱਤਾ, ‘‘ਬੇਟਾ ਦਾਜ ਦੀ ਆਸ ਨਹੀਂ ਰੱਖੀਦੀ, ਤੂੰ ਬੱਸ
ਪੜ੍ਹਿਆ ਕਰ। ਪੜ੍ਹ ਲਿਖ ਕੇ ਚੰਗੀ ਨੌਕਰੀ ‘ਤੇ ਲੱਗ ਕੇ ਆਪੇ ਸਾਰਾ ਕੁਝ ਬਣਾ ਲਈਂ। ਅੱਗੇ
ਮੈਂ ਵੀ ਤਾਂ ਸਾਰਾ ਕੁਝ ਬਣਾ ਈ ਲਿਆ ਏ।‘‘ਮੇਰੀ ਗੱਲ ਖਤਮ ਹੁੰਦਿਆ ਈ ਦਾਨਿਸ਼ ਨੇ ਫਿਰ ਅਗਲਾ
ਸੁਆਲ ਕਰ ਦਿੱਤਾ, ‘‘ਪਾਪਾ ਤੁਸੀਂ ਤਾਂ ਕਹਿੰਦੇ ਸੀ, ਪੜ੍ਹੇ-ਲਿਖੇ ਤੇ ਮਿਹਨਤ ਕੀਤੇ ਬਗੈਰ
ਕੁਝ ਨਹੀਂ ਮਿਲਦਾ, ਪਰ ਨਾ ਤਾਂ ਮੇਰੇ ਨਿੱਕੇ ਦਾਦੂ ਬਹੁਤਾ ਪੜ੍ਹੇ ਨੇ ਤੇ ਨਾ ਹੀ ਮਨਦੀਪ
ਚਾਚੂ ਬਹੁਤਾ ਪੜ੍ਹਿਆ ਏ, ਉਹਨਾਂ ਨੂੰ ਤਾਂ ਸਾਰਾ ਕੁਝ ਮਿਲ ਈ ਗਿਆ ਹੈ। ਫਿਰ ਪੜ੍ਹਨ ਤੇ
ਮਿਹਨਤ ਕਰਨ ਦੀ ਕੀ ਲੋੜ ਹੈ? ਵਿਆਹ ਤੋਂ ਬਾਅਦ ਤਾਂ ਮੈਨੂੰ ਸਾਰਾ ਕੁਝ ਮਿਲ ਈ ਜਾਣਾ
ਏ।‘‘ਮੈਂ ਬੱਚੇ ਦੇ ਮੂੰਹੋ ਇਹ ਗੱਲ ਸੁਣ ਕੇ ਹੱਕਾ-ਬੱਕਾ ਰਹਿ ਗਿਆ। ਮੈਨੂੰ ਲੱਗਿਆ, ਜਿਵੇਂ
ਮੇਰੇ ਸਾਰੇ ਜਵਾਬ ਖਤਮ ਹੋ ਗਏ ਸਨ।
-0- |