ਜਸਬੀਰ ਮੇਰਾ ਸਭ ਤੋਂ
ਪੁਰਾਣਾ ਅਤੇ ਨਜਦੀਕੀ ਮਿੱਤਰ ਹੈ। ਅਸੀਂ ਇਕੱਠ ਪੜ੍ਹੇ ਅਤੇ ਪ੍ਰਦੇਸ ਵਿਚ ਵੀ ਅਗੜ ਪਿਛੜ ਆ
ਕੇ ਇਕ ਦੂਸਰੇ ਨੂੰ ਲਭਦੇ , ਇਕੋ ਸ਼ਹਿਰ ਮਿਲ ਪਏ। ਉਹਨੇ ਆਪਣੀ ਮਨ-ਪਸੰਦ ਕੁੜੀ ਨਾਲ ਪੰਜਾਬ
ਜਾ ਕੇ ਵਿਆਹ ਕਰਵਾਇਆ ਅਤੇ ਉਹਨੂੰ ਅਮਰੀਕਾ ਲੈ ਆਇਆ। ਦੋ ਧੀਆਂ ਨੂੰ ਜਨਮ ਦੇ ਕੇ ਉਹ ਬੀਮਾਰ
ਰਹਿਣ ਲਗ ਪਈ....ਚਾਹੁੰਦਿਆਂ ਹੋਇਆਂ ਵੀ ਪੁੱਤਰ ਦੀ ਆਸ ਵਿਚ ਉਹ ਹੋਰ ਬੱਚਾ ਪੈਦਾ ਕਰਨ ਤੋਂ
ਅਸਮਰਥ ਹੋ ਗਏ...ਜਸਬੀਰ ਦਾ ਪਿਓ ਤਕੜਾ ਜੀਂਮੀਦਾਰ ਸੀ, ਜਿਸ ਨੇ ਆਪਣੇ ਇਕਲੌਤੇ ਪੁੱਤ ਨੂੰ
ਰੀਝਾ ਨਾਲ ਪਾਲਿਆ ਇੰਜਨੀਅਰਿੰਗ ਦੀ ਪੜ੍ਹਾਈ ਕਰਵਾਈ...ਪਿਓ ਨਹੀਂ ਸੀ ਚਾਹੁੰਦਾ ਉਹਦਾ ਪੁੱਤਰ
ਵਿਦੇਸ਼ ਜਾਵੇ, ਉਹ ਪੰਜਾਬ ਵਿਚ ਹੀ ਉਹਨੂੰ ਉੱਚ ਅਹੁਦੇ ‘ਤੇ ਬਿਰਾਜਮਾਨ ਹੋਇਆ ਵੇਖਣਾ
ਚਾਹੁੰਦਾ ਸੀ...ਕਿਸੇ ਵਡੇ ਘਰ ਉਹਦਾ ਰਿਸ਼ਤਾ ਕਰਕੇ, ਹੋਰ ਵਡਾ ਹੋਣ ਦੀ ਉਹਦੀ ਰੀਝ
ਸੀ...ਜਸਬੀਰ ਉਚੇਰੀ ਪੜ੍ਹਾਈ ਲਈ ਅਮਰੀਕਾ ਆਇਆ, ਵਡੀ ਕੰਪਨੀ ਵਿਚ ਨੌਕਰੀ ਅਤੇ ਮਰਜੀ ਦਾ
ਵਿਆਹ ਕਰਵਾ ਕੇ ਇਥੇ ਦਾ ਹੀ ਹੋ ਕੇ ਰਹਿ ਗਿਆ...ਮਾਂ ਪਿਓ ਨੂੰ ਵੀ ਉਹਨੇ ਆਪਣੇ ਕੋਲ ਰਖਣ ਦੀ
ਇੱਛਾ ਜਾਹਿਰ ਕੀਤੀ ਸੀ, ਪਰ ਓਪਰੇ ਲੋਕਾਂ ਅਤੇ ਯਖ਼ ਠੰਡੀਆਂ ਫਿਜਾਵਾਂ ਵਿਚ ਉਹ ਉਦਾਸ ਹੋ ਕੇ
ਕੁਝ ਹਫਤਿਆਂ ਬਾਦ ਹੀ ਵਾਪਸ ਪਿੰਡ ਮੁੜ ਗਏ..
ਵਰ੍ਹਦੀ ਬਰਫ਼ ‘ਚ
ਰੋਜ਼ ਆਵੇ ਪਿੰਡ ਯਾਦ-
ਕੋਸੀ ਕੋਸੀ ਧੁੱਪ
ਧੀਆਂ ਜਵਾਨ ਹੋ ਗਈਆਂ ਵਡੇ ਕਾਲਜਾਂ ਅਤੇ ਯੂਨੀਵਰਸਿਟੀਆਂ ‘ਚੋਂ ਡਿਗਰੀਆਂ ਲੈ ਕੇ ਕੰਮਾਂ
ਕਾਰਾਂ ‘ਤੇ ਲਗ ਗਈਆਂ....... ਮਾਂ ਮਰ ਗਈ, ਉਹਦੇ ਕਿਰਿਆ ਕਰਮ ‘ਤੇ ਪਿੰਡ ਗਏ ਜਸਬੀਰ ਨੇ
ਪਿਓ ਨੂੰ ਨਾਲ ਅਮਰੀਕਾ ਜਾਣ ਲਈ ਮਿੰਨਤ ਤਰਲਾ ਕੀਤਾ, ਅਗੋਂ ਪਿਓ ਦਾ ਜਵਾਬ....’ਪੁੱਤ ਮੈਂ
ਦੇਖ ਆਇਆਂ ਤੇਰੀ ਅਮਰੀਕਾ, ਮੇਰੀ ਗਲ ਮੰਨੇ ਇਥੇ ਆ ਜਾਹ, ਟੱਬਰ ਨੂੰ ਲੈ ਆ, ਆਹ ਕੋਠੀ ਆਹ
ਜ਼ਮੀਨ ਤੇਰੀ ਰਾਹ ਉਡੀਕਦੀਆਂ ਨੇ’....ਨਾਂ ਜਸਬੀਰ ਮੁੜਿਆ ਨਾਂ ਬਾਪੂ ਆਇਆ... ਜਸਬੀਰ ਦਾ
ਕੁਝ ਆਪਣੀ ਜੌਬ ਦੇ ਰੁਝੇਵੇਂ ਕਾਰਣ ਕੁਝ ਪਤਨੀ ਦੀ ਬੀਮਾਰੀ ਕਾਰਣ ਪਿੰਡ ਜਾਣਾ ਘਟ
ਗਿਆ...ਜਦੋਂ ਐਤਕੀਂ ਮੈਂ ਪੰਜਾਬ ਜਾਣਾ ਸੀ ਤਾਂ ਜਸਬੀਰ ਦਾ ਸਵੇਰੇ ਹੀ ਫੋਨ ਆਇਆ ‘ਮੈਂ
ਤੈਨੂੰ ਮਿਲਣ ਆਉਣੈ, ਕੁਝ ਜਰੂਰੀ ਗਲਾਂ ਕਰਨੀਆਂ’ ...ਬਾਪੂ ਜੀ ਲਈ ਕੁਝ ਵਿਟਾਮਿਨ, ਵੂਲ
ਦੀਆਂ ਜੁਰਾਬਾਂ ਅਤੇ ਨਿੱਕ ਸੁਕ ਤਾਂ ਉਹ ਪਿਛਲੇ ਹਫਤੇ ਮੇਰੇ ਘਰ ਖਾਣੇ ‘ਤੇ ਆਇਆ ਦੇ ਗਿਆ ,
ਗਲਾਂ ਵੀ ਅਸੀਂ ਕਈ ਘੰਟੇ ਬੈਠ ਕੇ ਕਰਦੇ ਰਹੇ ...ਮੈਨੂੰ ਮਿਲਣ ਆਇਆ ਉਹ ਫਿਸ ਪਿਆ ‘ਵਡੀ ਨੇ
ਤਾਂ ਆਪਣਾ ਇਰਾਦਾ ਦਸ ਦਿੱਤੈ, ਉਹਦੇ ਨਾਲ ਪੜ੍ਹਦਾ ਗੋਰਾ ਮੁੰਡਾ ਉਹਨੂੰ ਪਸੰਦ ਹੈ, ਉਹਦੇ
ਨਾਲ ਵਿਆਹ ਕਰਵਾਏਗੀ, ਮੈਂ ਬਾਪੂ ਜੀ ਨੂੰ ਕਿਵੇਂ ਦੱਸਾਂ...ਤੂੰ ਜਾਵੇਂਗਾ ਨਾਂ ਮਿਲਣ, ਤੂੰ
ਮਨਾ ਲਈਂ ਉਹਨਾਂ ਨੂੰ, ਤੈਨੂੰ ਵਾਹ ਵਾਹ ਜਾਚ ਹੈ’... ਮਾਈਕ ਦੀ ਫੋਟੋ ਦੇ ਕੇ ਜਸਬੀਰ, ਭਰੇ
ਮਨ ਨਾਲ ਚਲਾ ਗਿਆ...
ਸਤੰਬਰ ਦੇ ਸ਼ੁਰੂ ਦਿਨ ਸਨ, ਨਹਿਰ ਕੰਢੇ 60 ਏਕੜ ਦਾ ‘ਕੱਠਾ ਟੱਕ ਕਿੰਨੂਆਂ ਦਾ ਬਾਗ ਵਿਚਕਾਰ
ਅਲੀਸ਼ਾਨ ਕੋਠੀ ਦੇ ਦੁਆਰ ‘ਤੇ ਪਹੁੰਚ ਕੇ ਮੇਰੀ ਕਾਰ ਰੁਕੀ। ਜਸਬੀਰ ਦਾ ਬਾਪੂ ਮੇਰੇ ਉਡੀਕ
ਵਿਚ ਲਾਅਨ ਦੇ ਨਾਲ ਲਗਦੇ ਬਰਾਂਡੇ ‘ਚ ਬੈਠਾ ਹੈ...ਚਾਹ ਪਾਣੀ ਪੀਦਿਆਂ ਮੈਂ ਕਈ ਵਾਰ ਹੌਂਸਲਾ
ਕਰਕੇ ਆਪਣੀ ਕਮੀਜ ਦੀ ਜੇਭ ਵਿਚ ਪਾਈ ਮਾਈਕ ਦੀ ਫੋਟੋ ਤਕ ਹੱਥ ਲੈਜਾਣ ਦਾ ਯਤਨ ਕੀਤਾ, ਪਰ
ਬਾਪੂ ਤਾਂ ਮੈਨੂੰ ਜਸਬੀਰ ਨੂੰ ਇਥੇ ਪਿੰਡ ਆ ਜਾਣ ਵਾਸਤੇ ਉਹਨੂੰ ਮਨਾ ਲੈਣ ਕਹਿ ਰਿਹਾ ਹੈ ‘
ਤੇਰਾ ਉਹ ਜਿਗਰੀ ਯਾਰ ਹੈ, ਸਭ ਤੋਂ ਵਧ ਨਜਦੀਕੀ, ਉਹਨੂੰ ਸਮਝਾ, ਆਹ ਕਰੋੜਾਂ ਦੀ ਜਾਇਦਾਦ
ਨੂੰ ਸੰਭਾਲੇ ਆ ਕੇ, ਮੈਂ ਵਡੀ ਕੁੜੀ ਲਈ ਮੁੰਡਾ ਵੇਖਿਆ ਹੋਇਆ...ਵਡੇ ਸਰਦਾਰ ਨੇ, ਸ਼ਹਿਰ ‘ਚ
ਕੋਠੀ, ਕਈ ਏਕੜ ਦਾ ਫਾਰਮ ... ਮੇਰੇ ਹੱਥ ‘ਚ ਪਟਿਆਲੇ ਸ਼ਾਹੀ ਪੱਗ ਵਾਲੇ ਗੱਭਰੂ ਦੀ ਫੋਟੋ
ਦਿੰਦਿਆਂ, ਬਾਪੂ ਬੋਲਿਆ ‘ਤੂੰ ਮਨਾ ਲਈ ਉਹਨੂੰ, ਤੈਨੂੰ ਵਾਹ ਵਾਹ ਜਾਚ ਹੈ’....
ਵਾਹ ਵਾਹ ਜਾਚ-
ਭਿਜ ਰਹੀ ਪਸੀਨੇ ਨਾਲ
ਹੱਥ ‘ਚ ਫੋਟੋ
-0-
|