ਇਵੇਂ ਬਹੁਤ ਵਾਰ ਹੁੰਦਾ
ਹੈ ਕਿ ਕਿਤੇ ਦਾ ਟੁਟਿਆ ਤਾਰਾ ਕਿਤੇ ਜਾ ਪੁੱਜਦਾ ਹੈ। ਹੜ੍ਹ ਵਿਚ ਕਿਤੇ ਦੀ ਰੁੜੀ ਲਕੜੀ
ਕਿਤੇ ਜਾ ਪੁੱਜਦੀ ਹੈ। ਇਸੇ ਲਈ ਕਿਸੇ ਨੇ ਕਿਹਾ ਹੈ, ‘ਦਰਿਆ ਦਿਆ ਪਾਣੀਆਂ ਵੇ, ਮੁੜ ਨਾ
ਪੱਛਾਣੀਆਂ ਵੇ!’ ਇਵੇਂ ਹੀ ਹੈ ਇਨਸਾਨ ਵੀ, ਇਕ ਵਾਰ ਹਾਲਾਤ ਦੇ ਵਹਿਣ ਵਿਚ ਵਹਿ ਗਿਆ ਤਾਂ
ਪਤਾ ਨਹੀਂ ਕਿਥੇ ਜਾ ਪੁੱਜੇਗਾ। ਜਿ਼ੰਦਗੀ ਇਵੇਂ ਹੀ ਚਲਦੀ ਹੈ; ਨੱਕ ਦੀ ਸੇਧੇ, ਵਾਪਸ ਮੁੜਨ
ਲਈ ਨਹੀਂ।...
ਮਈ ਮਹੀਨੇ ਦੀ ਸਵੇਰ ਸੀ। ਸਾਊਥੈਂਪਨ ਦੀ ਬੰਦਰਗਾਹ ਉਪਰ ਬਹੁਤ ਭੀੜ ਸੀ। ਲੋਕ ਰੰਗ ਬਰੰਗੇ
ਕਪੜੇ ਪਾਈ ਇਧਰ ਓਧਰ ਘੁੰਮ ਰਹੇ ਸਨ। ਕਈਆਂ ਉਂਗਲਾਂ ਨਾਲ ਬੱਚੇ ਲਗੇ ਹੋਏ ਸਨ। ਇਹ ਲੋਕ
ਆਪਣਿਆਂ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਹੋਏ ਸਨ। ਮੌਸਮ ਵਧੀਆ ਸੀ। ਮੌਸਮ ਤਾਂ ਕਈ ਦਿਨ ਦਾ
ਸਾਫ ਸੀ। ਸਮੁੰਦਰ ਵੀ ਸ਼ਾਤੀ ਵਿਚ ਸੀ। ਸਭ ਨੂੰ ਆਸ ਸੀ ਕਿ ਜਹਾਜ਼ ਵਕਤ ਸਿਰ ਆ ਲਗੇਗਾ।
ਬੰਦਰਗਾਹ ਦੇ ਕਰਮਚਾਰੀ ਚਬੂਤਰੇ ਤੇ ਚੜ ਕੇ ਦੂਰਬੀਨ ਨਾਲ ਸਮੁੰਦਰ ਉਪਰਲੀ ਦੁਮੇਲ ਵਲ ਦੇਖ
ਰਹੇ ਸਨ। ਬੰਦਰਗਾਹ ਵਿਚ ਹਾਜ਼ਰ ਲੋਕਾਂ ਦਾ ਧਿਆਨ ਉਹਨਾਂ ਵਲ ਹੀ ਸੀ। ਉਹਨਾਂ ਨੇ ਜਹਾਜ਼ ਦੇ
ਆਉਣ ਦੀ ਸੂਚਨਾ ਦੇਣੀ ਸੀ। ਜਹਾਜ਼ ਨਜ਼ਰੀਂ ਪੈਂਦੇ ਸਾਰ ਹੀ ਬਿਗਲ ਵੱਜ ਜਾਣਾ ਸੀ ਤੇ ਲੋਕਾਂ
ਨੇ ਖੁਸ਼ੀ ਵਿਚ ਚੀਕਾਂ ਮਾਰਨ ਲਗਣਾ ਸੀ। ਹਵਾ ਵਿਚ ਉਡਦੇ ਸੀਗਲਾਂ ਦੀ ਬਦਲੀ ਰਫਤਾਰ ਤੋਂ
ਲਗਦਾ ਸੀ ਕਿ ਦੂਰ ਸਮੁੰਦਰ ਵਿਚ ਕਿਧਰੇ ਹਲਚਲ ਜ਼ਰੂਰ ਹੈ।
ਇਸ ਭੀੜ ਵਿਚ ਦਸ ਕੁ ਸਾਲ ਦੀ ਮੈਡਾਲੀਨ ਵੀ ਸੀ। ਉਹ ਆਪਣੀ ਮਾਂ ਦੇ ਨਾਲ ਆਈ ਸੀ। ਮੈਡਾਲੀਨ
ਨੇ ਗੁਲਾਬੀ ਰੰਗ ਦੀ ਫਰਾਕ ਤੇ ਗੁਲਾਬੀ ਰੰਗ ਦੀ ਹੀ ਤਿਰਛੀ ਜਿਹੀ ਹੈਟ ਲਈ ਹੋਈ ਸੀ। ਕਦੇ
ਕਦੇ ਹਵਾ ਤੇਜ਼ ਹੁੰਦੀ ਤਾਂ ਉਹ ਆਪਣੀ ਹੈਟ ਨੂੰ ਫੜ ਲੈਂਦੀ ਕਿ ਕਿਤੇ ਉਡ ਹੀ ਨਾ ਜਾਵੇ। ਉਹ
ਅਸਮਾਨ ਵਿਚ ਉਡਦੇ ਸੀਗਲਾਂ ਨੂੰ ਦੇਖਦੀ ਖੁਸ਼ੀ ਹੋ ਰਹੀ ਸੀ। ਅਚਾਨਕ ਉਸ ਨੇ ਅਸਮਾਨ ਵਿਚ ਇਕ
ਖੰਭ ਉਡਦਾ ਦੇਖਿਆ। ਪਤਾ ਨਹੀਂ ਕਿਹੜੇ ਸੀਗਲ ਦੇ ਪਰਾਂ ਵਿਚੋਂ ਝੜਿਆ ਹੋਵੇਗਾ। ਅਸਮਾਨ ਵਿਚੋਂ
ਖੰਭ ਹੌਲੀ ਹੌਲੀ ਪੂਰੀ ਮੜਕ ਨਾਲ ਇਸ ਧਰਤੀ ਵਲ ਵਧ ਰਿਹਾ ਸੀ। ਮੈਡਾਲੀਨ ਨੇ ਦੋਵੇਂ ਹੱਥ
ਖੋਹਲ ਲਏ ਜਿਵੇਂ ਇਹ ਖੰਭ ਉਸ ਦੇ ਬੁੱਕ ਵਿਚ ਹੀ ਪੈਣਾ ਹੋਵੇ। ਮੈਡਾਲੀਨ ਦੀ ਮਾਂ ਉਸ ਵਲ
ਦੇਖਦੀ ਫਿਰ ਅਸਮਾਨ ਵਲ ਦੇਖਣ ਲਗੀ। ਜਿਵੇਂ ਜਿਵੇਂ ਖੰਭ ਹੇਠਾਂ ਆ ਰਿਹਾ ਸੀ ਤਿਵੇਂ ਤਿਵੇਂ
ਮੈਡਾਲੀਨ ਉਸ ਦੇ ਹਿਸਾਬ ਨਾਲ ਹਿਲਦੀ ਹੋਈ ਇਸ ਦੀ ਸੇਧ ਵਿਚ ਰਹਿਣ ਦੀ ਕੋਸਿ਼ਸ਼ ਕਰ ਰਹੀ ਸੀ।
ਖੰਭ ਨੂੰ ਬੋਚਣ ਦੀ ਉਸ ਨੇ ਪੂਰੀ ਠਾਣੀ ਹੋਈ ਸੀ। ਉਸ ਦੀ ਮਾਂ ਇਸ ਖੰਭ ਨੂੰ ਚੰਗੀ ਕਿਸਮਤ
ਸਮਝਦੀ ਹੋਈ ਖੰਭ ਬੋਚਣ ਵਿਚ ਉਸ ਦੀ ਸਹਾਇਤਾ ਕਰਨ ਲਗੀ। ਆਖਰ ਮੈਡਾਲੀਨ ਨੇ ਖੰਭ ਫੜ ਹੀ ਲਿਆ
ਤੇ ਉਹ ਉਹ ਚਾਅ ਵਿਚ ਤਾੜੀਆਂ ਮਾਰਦੀ ਚੀਕਣ ਲਗੀ ਜਿਵੇਂ ਕੋਈ ਬਹੁਤ ਵੱਡਾ ਖਜ਼ਾਨਾ ਮਿਲ ਗਿਆ
ਹੋਵੇ। ਉਸ ਦੀ ਮਾਂ ਨੇ ਖੰਭ ਉਸ ਤੋਂ ਫੜ ਕੇ ਉਸ ਦੀ ਹੈਟ ਵਿਚ ਲਗਾ ਦਿਤਾ।
ਬੰਦਰਗਾਹ ਦੇ ਚਬੂਤਰੇ ਤੋਂ ਬਿਗਲ ਵੱਜਿਆ। ਸਾਰੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਤੇ
ਰੌਲ਼ਾ ਜਿਹਾ ਪੈਣ ਲਗਿਆ। ਕਈ ਅੱਡੀਆਂ ਚੁੱਕ ਚੁੱਕ ਕੇ ਸਮੁੰਦਰ ਵਲ ਦੇਖਣ ਲਗੇ ਪਰ ਨੰਗੀ ਅੱਖ
ਨੂੰ ਹਾਲੇ ਕੁਝ ਵੀ ਨਹੀਂ ਸੀ ਦਿਸ ਰਿਹਾ। ਬੰਦਰਗਾਹ ਉਪਰ ਸਰਗਰਮੀਆਂ ਵਧ ਗਈਆਂ। ਅਚਾਨਕ ਕਿਸੇ
ਪਾਸਿਓ ਸਿਪਾਹੀਆਂ ਦੀ ਇਕ ਵੱਡੀ ਨਫਰੀ ਬੰਦਰਗਾਹ ਵਿਚ ਆ ਵੜੀ। ਸਾਰੇ ਲੋਕ ਹੈਰਾਨੀ ਨਾਲ
ਸਿਪਾਹੀਆਂ ਵਲ ਦੇਖਣ ਲਗੇ। ਪਹਿਲਾਂ ਤਾਂ ਕਦੇ ਏਨੇ ਸਿਪਾਹੀ ਬੰਦਰਗਾਹ ਉਪਰ ਦੇਖਣ ਲਈ ਨਹੀਂ
ਸਨ ਮਿਲੇ। ਕਦੇ ਵੇਲੇ ਸੀ ਜਦ ਨਿਪੋਲੀਅਨ ਨਾਲ ਇੰਗਲੈਂਡ ਦੀ ਲੜਾਈ ਚੱਲ ਰਹੀ ਸੀ, ਹਰ
ਬੰਦਰਗਾਹ ਉਪਰ ਸਿਪਾਹੀ ਤਾਇਨਾਤ ਰਹਿੰਦੇ ਸਨ ਪਰ ਹੁਣ ਤਾਂ ਇਹ ਗੱਲ ਪੁਰਾਣੀ ਹੋ ਚੁੱਕੀ ਸੀ।
ਤਜਰਬੇਕਾਰ ਲੋਕ ਗੱਲਾਂ ਕਰਨ ਲਗੇ ਕਿ ਜਾਂ ਤਾਂ ਫੌਜ ਦਾ ਕੋਈ ਵੱਡਾ ਅਫਸਰ ਆ ਰਿਹਾ ਹੋਵੇਗਾ
ਜਾਂ ਫਿਰ ਸ਼ਾਹੀ ਪਰਿਵਾਰ ਦਾ ਕੋਈ ਵਿਸ਼ੇਸ਼ ਜੀਅ।
ਫਿਰ ਜਹਾਜ਼ ਦੇ ਘੁੱਗੂ ਦੀ ਹਲਕੀ ਜਿਹੀ ਅਵਾਜ਼ ਲੋਕਾਂ ਦੇ ਕੰਨਾਂ ਵਿਚ ਪਈ। ਸਭ ਦੇ ਚਿਹਰਿਆਂ
ਉਪਰ ਰੌਣਕ ਛਾ ਗਈ। ਹੌਲੀ ਹੌਲੀ ਦੁਮੇਲ ਵਿਚੋਂ ਜਹਾਜ਼ ਨਿਕੀ ਜਿਹੀ ਲਕੀਰ ਵਾਂਗ ਪਰਗਟ ਹੋਇਆ।
ਲੋਕ ਅੱਡੀਆਂ ਚੁੱਕ ਚੁੱਕ ਕੇ ਦੇਖਣ ਲਗੇ। ਜਹਾਜ਼ ਪਲ ਪਲ ਨੇੜੇ ਆਉਂਦਾ ਗਿਆ। ਉਸ ਨੇ ਇਕ ਵਾਰ
ਫਿਰ ਘੁੱਗੂ ਵਜਾਇਆ। ਬੰਦਰਗਾਹ ਦੇ ਬਾਹਰ ਖੜੀਆਂ ਘੋੜਾ ਬੱਘੀਆਂ ਦੇ ਚਾਲਕ ਵੀ ਹੁਸਿ਼ਆਰ ਹੋ
ਗਏ। ਸਮਝਦਾਰ ਘੋੜੇ ਵੀ ਸਿਰ ਜਿਹੇ ਮਾਰੇ ਤਿਆਰੀ ਫੜਨ ਲਗੇ। ਇਹਨਾਂ ਵਿਚੋਂ ਕਈ ਬੱਘੀਆਂ ਤਾਂ
ਆਪਣੇ ਮਾਲਕਾਂ ਨੂੰ ਲੈਣ ਆਈਆਂ ਹੋਈਆਂ ਸਨ ਤੇ ਕਈ ਮੁਸਾਫਿਰਾਂ ਲਈ ਵੀ ਸਨ ਜਿਹਨਾਂ ਨੂੰ
ਇਹਨਾਂ ਨੇ ਆਪਣੇ ਭਾੜਾ ਲੈ ਕੇ ਦੂਰ ਦੁਰੇਡੇ ਪੁਜਦੇ ਕਰਨਾ ਹੋਵੇਗਾ। ਇਹ ਬੱਘੀਆਂ ਲੰਡਨ ਤੋਂ
ਲੈ ਕੇ ਉਤਰੀ ਇੰਗਲੈਂਡ ਵਲ ਨੂੰ ਚਲਦੀਆਂ ਸਨ।
ਜਹਾਜ਼ ਨੇੜੇ ਆਉਂਦਾ ਗਿਆ। ਬੰਦਰਗਾਹ ਦੇ ਲੋਕਾਂ ਨੂੰ ਭਾਵੇਂ ਹਾਲੇ ਸਵਾਰੀਆਂ ਨਹੀਂ ਸਨ ਦਿਸਣ
ਲਗੀਆਂ ਪਰ ਹੱਥ ਹਿਲਾ ਹਿਲਾ ਕੇ ਉਹਨਾਂ ਦਾ ਸਵਾਗਤ ਕਰਨ ਲਗੇ। ਜਹਾਜ਼ ਨੇੜੇ ਆਉਂਦਾ ਗਿਆ।
ਬੰਦਰਗਾਹ ਦੇ ਕਮਰਚਾਰੀ ਵਰਦੀਆਂ ਪਾਈ ਤਿਆਰ ਖੜੇ ਸਨ। ਜਹਾਜ਼ ਦੀਆਂ ਸਵਾਰੀਆਂ ਦਿਸਣ ਲਗੀਆਂ।
ਸਵਾਰੀਆਂ ਦੇ ਹੱਥ ਵੀ ਹਵਾ ਵਿਚ ਝੂਲਣ ਲਗੇ। ਜਹਾਜ਼ ਦੇ ਬਾਦਬਾਨ ਢਿੱਲੇ ਪੈਣ ਲਗੇ। ਮਲਾਹ
ਡੈੱਕ ਉਪਰ ਖੜੇ ਲੰਗਰ ਸੁੱਟਣ ਦੀ ਤਿਆਰੀ ਕਰ ਰਹੇ ਸਨ। ਜਹਾਜ਼ ਪਲੇਟਫਾਰਮ ਦੇ ਨੇੜੇ ਆ ਗਿਆ।
ਮਲਾਹਾਂ ਨੇ ਉਪਰੋਂ ਰੱਸੇ ਸੁੱਟੇ। ਕੰਢੇ ਖੜੇ ਕਾਮਿਆਂ ਨੇ ਫੜ ਲਏ ਤੇ ਰੱਸੇ ਇਵੇਂ ਖਿੱਚਣ
ਲਗੇ ਜਿਵੇਂ ਜਹਾਜ਼ ਨੂੰ ਹੀ ਖਿੱਚ ਰਹੇ ਹੋਣ। ਹੌਲੀ ਹੌਲੀ ਜਹਾਜ਼ ਪਲੇਟਫਾਰਮ ਦੇ ਨਾਲ ਲਗ
ਗਿਆ। ਰੱਸੇ ਕੀਲਿਆਂ ਨਾਲ ਬੰਨ ਦਿਤੇ ਗਏ ਤਾਂ ਜੋ ਜਹਾਜ਼ ਸਥਿਰ ਰਹੇ। ਬੰਦਰਗਾਹ ਦੇ ਲੋਕ
ਸਵਾਰੀਆਂ ਦੀ ਉਡੀਕ ਵਿਚ ਕਾਹਲੇ ਪੈਣ ਲਗੇ। ਜਹਾਜ਼ ਦੇ ਫੱਟੇ ਤਾਂ ਵਧਾ ਦਿਤੇ ਗਏ ਸਨ ਪਰ
ਅੰਦਰੋਂ ਕੋਈ ਨਹੀਂ ਸੀ ਉਤਰ ਰਿਹਾ। ਸਾਰੇ ਸਮਝ ਗਏ ਕਿ ਪਹਿਲਾ ਵਿਸ਼ੇਸ਼ ਸਵਾਰੀ ਉਤਰੇਗੀ।
ਹੁਣ ਸਾਰੇ ਇਹ ਜਾਨਣ ਲਈ ਕਾਹਲੇ ਸਨ ਕਿ ਕਿਹੜੀ ਹੋਈ ਇਹ ਖਾਸ ਸਵਾਰੀ।
ਜਹਾਜ਼ ਵਿਚੋਂ ਦੋ ਵਰਦੀਧਾਰੀ ਕਰਮਚਾਰੀ ਬਾਹਰ ਨਿਕਲੇ। ਪਲੇਟ ਫਾਰਮ ਉਪਰ ਖੜੇ ਅਫਸਰ ਉਹਨਾਂ
ਵਲ ਵਧੇ ਤੇ ਸਲੂਟ ਮਾਰ ਕੇ ਖੜ ਗਏ। ਉਹਨਾਂ ਵਿਚਕਾਰ ਕੁਝ ਗੱਲਬਾਤ ਹੋਈ। ਅਫਸਰਾਂ ਨੇ ਆ ਕੇ
ਸਿਪਾਹੀਆਂ ਨੂੰ ਹੁਕਮ ਦਿਤੇ। ਸਿਪਾਹੀਆਂ ਦੀ ਇਕ ਟੁਕੜੀ ਮਾਰਚ ਕਰਦੀ ਜਹਾਜ਼ ਵਲ ਤੁਰ ਪਈ।
ਫੌਜੀ ਬਿਗਲ ਵੱਜਿਆ। ਕੁਝ ਸਿਪਾਹੀ ਜਹਾਜ਼ ਦੇ ਅੰਦਰ ਗਏ ਤੇ ਫਿਰ ਮਾਰਚ ਕਰਦੇ ਹੋਏ ਬਾਹਰ ਆ
ਗਏ। ਉਹਨਾਂ ਦੇ ਮਗਰ ਅਲੱਗ ਵਰਦੀ ਵਾਲੇ ਕੁਝ ਹੋਰ ਸਿਪਾਹੀ ਸਨ ਤੇ ਉਹਨਾਂ ਦੇ ਮਗਰ ਇਕ
ਪੰਦਰਾਂ ਕੁ ਸਾਲ ਦਾ ਬੱਚਾ ਤੁਰਿਆ ਆ ਰਿਹਾ ਸੀ। ਉਸ ਦੇ ਸਿਰ ਉਪਰ ਹਲਕੇ ਨੀਲੇ ਰੰਗ ਦੀ ਵੱਡੀ
ਸਾਰੀ ਪੱਗੜੀ ਸੀ। ਪਗੜੀ ੳਪਰ ਸੁੱਚੇ ਮੋਤੀਆਂ ਦੀ ਮਾਲਾ ਲਪੇਟੀ ਹੋਈ ਸੀ। ਪਗੜੀ ਉਪਰ ਕਲਗੀ
ਵੀ ਲਗੀ ਹੋਈ ਸੀ। ਉਸ ਦੇ ਗਲ਼ ਵਿਚ ਵੀ ਮੋਤੀਆਂ ਦੀਆਂ ਮਾਲ਼ਾਵਾਂ ਸਨ। ਰੇਸ਼ਮ ਦਾ ਪਹਿਰਾਵਾ
ਦੱਸ ਰਿਹਾ ਸੀ ਕਿ ਇਹ ਜ਼ਰੂਰ ਕਿਸੇ ਮੁਲਕ ਦਾ ਰਾਜਕੁਮਾਰ ਹੈ। ਉਸ ਦੇ ਮੋਢਿਆਂ ਉਪਰ ਇਕ
ਕਸ਼ਮੀਰੀ ਸ਼ਾਲ ਸੀ। ਜਿਸ ਦੀ ਉਸ ਨੇ ਬੁੱਕਲ ਮਾਰ ਲਈ। ਉਸ ਦੇ ਹੱਥ ਵਿਚ ਸੋਨੇ ਦੀ ਤਲਵਾਰ
ਤਾਂ ਉਸ ਦੇ ਕਿਸੇ ਮੁਲਕ ਦੇ ਰਾਜਾ ਹੋਣ ਦੀ ਗੱਲ ਕਰਦੀ ਸੀ ਪਰ ਰਾਜਾ ਬਣਨ ਦੀ ਉਸ ਦੀ ਹਾਲੇ
ਉਮਰ ਨਹੀਂ ਸੀ ਜਾਪਦੀ। ਉਸ ਦਾ ਗੰਧਮੀ ਰੰਗ ਉਸ ਦੇ ਹਿੰਦੁਸਤਾਨ ਦੇ ਕਿਸੇ ਮੁਲਕ ਦਾ ਹੋਣ ਦੀ
ਕਹਾਣੀ ਕਹਿ ਰਿਹਾ ਸੀ। ਕਈ ਲੋਕਾਂ ਨੂੰ ਇਸ ਗੱਲ ਦਾ ਤਜਰਬਾ ਵੀ ਸੀ ਕਿਉਂਕਿ ਇਸ ਬੰਦਰਗਾਹ
ਉਪਰ ਹਿੰਦੁਸਤਾਨ ਦੇ ਅਜਿਹੇ ਬਹੁਤ ਸਾਰੇ ਰਾਜੇ-ਰਾਜਕੁਮਾਰ ਉਤਰਦੇ ਰਹਿੰਦੇ ਸਨ। ਉਸ
ਰਾਜਕੁਮਾਰ ਦੇ ਮਗਰ ਕੁਝ ਹੋਰ ਲੋਕ ਵੀ ਚੱਲ ਰਹੇ ਸਨ। ਇਕ ਅੰਗਰੇਜ਼ ਜੋੜਾ ਵੀ ਸੀ। ਰਾਜਕੁਮਾਰ
ਬਿਨਾਂ ਆਲਾ ਦੁਆਲਾ ਦੇਖੇ ਪੂਰੇ ਆਤਮ ਵਿਸ਼ਵਾਸ ਨਾਲ ਤੁਰਦਾ ਗਿਆ। ਉਸ ਦੇ ਚਿਹਰੇ ਉਪਰ ਸਫਰ
ਦੀ ਥਕਾਵਟ ਵੀ ਝਲਕ ਰਹੀ ਸੀ ਪਰ ਇਕ ਅਜੀਬ ਕਿਸਮ ਦਾ ਜਲੌਅ ਵੀ ਸੀ। ਬੰਦਰਗਾਹ ‘ਤੇ ਹਾਜ਼ਰ
ਲੋਕ ਇਸ ਕਾਫਲੇ ਨੂੰ ਹੀ ਬਹੁਤ ਧਿਆਨ ਨਾਲ ਦੇਖ ਰਹੇ ਸਨ ਪਰ ਇਸ ਨਵੇਂ ਸ਼ਹਿਜ਼ਾਦੇ ਨੂੰ ਤਾਂ
ਸਾਰੇ ਅੱਡੀਆਂ ਚੁੱਕ ਚੁੱਕ ਕੇ ਤੱਕ ਰਹੇ ਸਨ। ਕਈਆਂ ਨੂੰ ਉਸ ਦੇ ਕਪੜੇ ਓਪਰੇ ਲਗਦੇ ਸਨ। ਉਸ
ਦਾ ਕਣਕਵੰਨਾ ਰੰਗ ਵੀ ਬਹੁਤ ਓਪਰਾ ਜਾਪ ਰਿਹਾ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿ ਇਸ
ਧਰਤੀ ਉਪਰ ਇਸ ਰੰਗ ਦੇ ਲੋਕ ਵੀ ਹੁੰਦੇ ਹਨ।
ਇਹ ਸਾਰਾ ਕਾਫਲਾ ਬੰਦਰਗਾਹ ਤੋਂ ਬਾਹਰ ਨਿਕਲ ਕੇ ਘੋੜਾ-ਬੱਘੀਆਂ ਵਿਚ ਬੈਠਣ ਲਗਿਆ। ਮੁਹਰਲੀ
ਬੱਘੀ ਵਿਚ ਸਿਪਾਹੀ ਤੇ ਉਸ ਤੋਂ ਮਗਰਲੀ ਬੱਘੀ ਵਿਚ ਰਾਜਕੁਮਾਰ, ਉਸ ਦੇ ਕਾਰਿੰਦੇ ਤੇ
ਅੰਗਰੇਜ਼ ਜੋੜਾ, ਉਸ ਤੋਂ ਮਗਰਲੀ ਬੱਘੀ ਵਿਚ ਕੁਝ ਹੋਰ ਸਿਪਾਹੀ। ਇਕ ਬੱਘੀ ਵਿਚ ਸਮਾਨ ਲੱਦਿਆ
ਜਾ ਰਿਹਾ ਸੀ। ਅੰਗਰੇਜ਼ ਔਰਤ ਨੇ ਉਸ ਨੂੰ ਪੁੱਛਿਆ,
“ਯੋਅਰ ਹਾਈਨੈੱਸ, ਤੁਸੀਂ ਠੀਕ ਹੋ?”
“ਹਾਂ ਮੈਅਮ, ਮੈਂ ਠੀਕ ਆਂ।”
“ਆਰਾਮ ਵਿਚ ਹੋ?”
“ਹਾਂ, ਸ਼ੁਕਰੀਆ।”
“ਸਰਦੀ ਤਾਂ ਨਹੀਂ ਲਗ ਰਹੀ?”
“ਨਹੀਂ ਮੈਅਮ, ਜਹਾਜ਼ ਨਾਲੋਂ ਇਥੇ ਠੀਕ ਏ। ਤੁਸੀਂ ਚਿੰਤਾ ਨਾ ਕਰੋ।”
ਉਸ ਨੇ ਅਰਾਮ ਜਿਹੇ ਨਾਲ ਕਿਹਾ।
ਬੱਘੀਆਂ ਹੌਲੀ ਹੌਲੀ ਤੁਰ ਪਈਆਂ ਤੇ ਜਲਦੀ ਹੀ ਸਰਪੱਟ ਦੌੜਨ ਲਗੀਆਂ। ਦੁਪਿਹਰ ਹੋ ਰਹੀ ਸੀ।
ਧੁੱਪ ਛਾਈ ਹੋਈ ਸੀ। ਅੰਗਰੇਜ਼ ਔਰਤ ਨੇ ਆਪਣੇ ਨਾਲ ਬੈਠੇ ਮਰਦ ਨੂੰ ਕਿਹਾ,
“ਜੌਹਨ, ਮੌਸਮ ਤਾਂ ਸੁਹਾਵਣਾ ਏ!”
“ਯੈਸ ਡਾਰਲਿੰਗ, ਜੇ ਇਹੋ ਜਿਹਾ ਰਹੇ ਤਾਂ!”
ਉਹ ਆਪਣੇ ਮੁਲਕ ਦੇ ਮੌਸਮ ਤੋਂ ਵਾਕਫ ਸਨ। ਉਸੇ ਵੇਲੇ ਜੌਹਨ ਨੂੰ ਹਿੰਦੁਸਤਾਨ ਦੇ ਮੌਸਮ ਦਾ
ਚੇਤਾ ਆਇਆ। ਉਥੇ ਤਾਂ ਇਸ ਵੇਲੇ ਬੇਹਿਸਾਬੀ ਗਰਮੀ ਪੈ ਰਹੀ ਹੋਵੇਗੀ।
ਬੱਘੀਆਂ ਸਾਊਥੈਂਪਨ ਨੂੰ ਪਿੱਛੇ ਛਡਦੀਆਂ ਲੰਡਨ ਵਲ ਭੱਜਣ ਲਗੀਆਂ। ਰਸਤਾ ਉਚਾ ਨੀਵਾਂ ਸੀ ਪਰ
ਮਜ਼ਬੂਤ ਸੀ। ਰਾਜਕਮਾਰ ਦਿਸਦਾ ਮੁੰਡਾ ਬਾਹਰ ਦੇਖਣ ਲਗਿਆ। ਅਜੀਬ ਜਿਹੀ ਜ਼ਮੀਨ ਸੀ। ਇਕਸਾਰ
ਤਾਂ ਬਿਲਕੁਲ ਨਹੀਂ ਸੀ ਪਰ ਖੇਤਾਂ ਵਿਚ ਹਰਿਆਲੀ ਪਸਰੀ ਪਈ ਸੀ। ਖੇਤਾਂ ਵਿਚ ਗਾਈਆਂ ਤੇ
ਭੇਡਾਂ ਚੁਗ ਰਹੀਆਂ ਸਨ। ਇਹ ਖੇਤ ਹੀ ਉਸ ਦੇ ਮੁਲਕ ਦੇ ਖੇਤਾਂ ਤੋਂ ਭਿੰਨ ਨਹੀਂ ਸਨ ਸਗੋਂ
ਗਾਈਆਂ ਵੀ ਅਜੀਬ ਜਿਹੀਆਂ ਸਨ, ਗੂੜ੍ਹੇ ਰੰਗ ਦੀਆਂ ਮਧਰੀਆਂ ਜਿਹੀਆਂ। ਕਿਤੇ ਕਿਤੇ ਘੋੜੇ ਵੀ
ਨਜ਼ਰੀ ਪੈ ਜਾਂਦੇ। ਘੋੜਿਆਂ ਨੂੰ ਦੇਖਦੇ ਸਾਰ ਹੀ ਰਾਜਕੁਮਾਰ ਦਿਸਦੇ ਮੁੰਡੇ ਦੀਆਂ ਅੱਖਾਂ
ਵਿਚ ਚਮਕ ਆ ਜਾਂਦੀ। ਇਕ ਪਲ ਲਈ ਉਸ ਦੇ ਮਨ ਵਿਚ ਸੋਚ ਆਈ ਕਿ ਜੇ ਉਸ ਨੇ ਇਥੇ ਘੋੜ-ਸਵਾਰੀ
ਕਰਨੀ ਹੋਵੇ ਤਾਂ ਇਸ ਟੇਡੀ-ਮੇਢੀ ਧਰਤੀ ਉਪਰ ਘੋੜਾ ਕਿਵੇਂ ਭਜਾਏਗਾ। ਘੋੜੇ ਲਈ ਤਾਂ ਪੱਧਰੀ
ਜ਼ਮੀਨ ਹੀ ਜਿ਼ਆਦਾ ਢੁਕਵੀਂ ਹੋਵੇਗੀ। ਉਸ ਦੀਆਂ ਅੱਖਾਂ ਵਿਚਲੀ ਉਤਸੁਕਤਾ ਦੇਖ ਕੇ ਅੰਗਰੇਜ਼
ਜੋੜੇ ਵਿਚੋਂ ਕੋਈ ਨਾ ਕੋਈ ਉਸ ਨੂੰ ਆਲੇ ਦੁਆਲੇ ਬਾਰੇ ਦੱਸਣ ਲਗਦਾ।
ਰਸਤੇ ਵਿਚ ਇਹ ਕਾਫਲਾ ਇਕ ਜਗਾਹ ਰੁਕਿਆ। ਕੁਝ ਖਾਣਾ ਪੀਣਾ ਹੋਇਆ ਤੇ ਜ਼ਰਾ ਕੁ ਅਰਾਮ ਵੀ।
ਸ਼ਾਮ ਤੀਕਰ ਉਹ ਸਾਰੇ ਲੰਡਨ ਪੁੱਜ ਗਏ। ਇਹ ਕਾਫਲਾ ਲੰਡਨ ਦੀ ਬਰੁੱਕ ਸਟਰੀਟ ਉਪਰ ਆ ਰੁਕਿਆ।
ਇਥੇ ਹੀ ਸਥਿੱਤ ਇਕ ਹੋਟਲ ਮਿਵਾਟਰਜ਼ ਦੇ ਸਾਹਮਣੇ। ਹੋਟਲ ਦੇ ਕਰਮਚਾਰੀਆਂ ਦੀ ਇਕ ਭੀੜ ਜਿਹੀ
ਇਸ ਕਾਫਲੇ ਦੇ ਸਵਾਗਤ ਲਈ ਜੁੜ ਗਈ। ਸਭ ਨੂੰ ਉਹਨਾਂ ਦਾ ਇੰਤਜ਼ਾਰ ਸੀ। ਹੋਟਲ ਦੇ ਮੈਨੇਜਰ ਨੇ
ਝੁਕ ਕੇ ਰਾਜਕੁਮਾਰ ਦਾ ਸਵਾਗਤ ਕੀਤਾ ਤੇ ਉਸ ਨੂੰ ਰਾਹ ਦਿਖਾਉਂਦਾ ਲੈ ਤੁਰਿਆ। ਇਕ ਕਮਰੇ ਤੀਕ
ਲੈ ਜਾਂਦਾ ਬੋਲਿਆ,
“ਯੋਅਰ ਹਾਈਨੈੱਸ, ਇਹ ਤੁਹਾਡੀ ਰਿਹਾਇਸ਼ਗਾਹ ਹੋਵੇਗੀ।”
ਬੱਚਾ ਧੰਨਵਾਦ ਕਰਦਾ ਤੇ ਆਪਣਾ ਸ਼ਾਲ ਸੰਭਾਲਦਾ ਅੰਦਰ ਚਲੇ ਗਿਆ। ਉਸ ਦੇ ਮਗਰ ਹੀ ਉਸ ਦੇ ਨਾਲ
ਦੇ ਲੋਕ ਵੀ। ਹੋਟਲ ਦਾ ਮੈਨੇਜਰ ਅੰਗਰੇਜ਼ ਜੋੜੇ ਨੂੰ ਰਿਹਾਇਸ਼ ਦਿਖਾਉਣ ਲਗਿਆ। ਇਹ ਤਿੰਨ
ਕਮਰੇ ਸਨ। ਇਕ ਬੈਠਣ ਵਾਲਾ, ਇਕ ਸਮਾਨ ਵਾਸਤੇ ਤੇ ਇਕ ਸੌਣ-ਕਮਰਾ। ਇੰਨੇ ਚਿਰ ਵਿਚ ਇਕ ਹੋਰ
ਅਫਸਰ ਦਿਸਦਾ ਬੰਦਾ ਅੰਦਰ ਆਇਆ ਤੇ ਉਸ ਜੋੜੇ ਨਾਲ ਹੱਥ ਮਿਲਾਉਂਦਾ ਉਹਨਾਂ ਨੂੰ ਸਾਂਝੇ ਤੌਰ
ਤੇ ਬੋਲਿਆ,
“ਮਿਸਟਰ ਐਂਡ ਮਿਸਜ਼ ਲੋਗਨ, ਮੈਂ ਤੁਹਾਨੂੰ ਜੀ ਆਇਆਂ ਕਹਿੰਦਾ ਹਾਂ, ਵੈਸੇ ਤਾਂ ਇਹ ਤੁਹਾਡਾ
ਆਪਣਾ ਸ਼ਹਿਰ ਏ ਪਰ ਤੁਸੀਂ ਏਨੀ ਦੇਰ ਬਾਅਦ ਪਰਤੇ ਹੋ ਤੇ ਤੁਸੀਂ ਕੰਮ ਹੀ ਅਜਿਹਾ ਕੀਤਾ ਏ ਕਿ
ਤੁਹਾਡਾ ਭਰਵਾਂ ਸਵਾਗਤ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਏ, ਭਾਵੇਂ ਅਸਲੀ ਸਵਾਗਤ ਤਾਂ
ਹੋਵੇਗਾ ਪਰ ਮੇਰੇ ਵਲੋਂ ਵਧਾਈ ਕਬੂਲ ਕਰੋ।”
“ਬਹੁਤ ਬਹੁਤ ਸ਼ੁਕਰੀਆ ਮਿਸਟਰ ਟੌਵਰ।”
“ਮਿਸਟਰ ਲੋਗਨ, ਅਸੀਂ ਤਾਂ ਤੁਹਾਨੂੰ ਨਿਪੁੰਨ ਡਾਕਟਰ ਹੀ ਸਮਝਦੇ ਸਾਂ ਪਰ ਤੁਸੀਂ ਤਾਂ
ਨਿਪੁੰਨ ਸਮਾਜ ਵਿਗਿਆਨੀ ਵੀ ਹੋ।”
“ਅਜਿਹੀ ਕੋਈ ਗੱਲ ਨਹੀਂ ਮਿਸਟਰ ਟੌਵਰ ਪਰ ਤੁਹਾਡਾ ਸ਼ੁਕਰੀਆ। ਹਿੱਜ ਹਾਈਨੈੱਸ ਦੀ ਸੰਭਾਲ
ਵਿਚ ਮੇਰੀ ਪਤਨੀ ਦਾ ਵੱਡਾ ਹਿੱਸਾ ਏ।”
“ਮਿਸਜ਼ ਲੋਗਨ, ਤੁਹਾਨੂੰ ਵੀ ਬਹੁਤ ਬਹੁਤ ਵਧਾਈ।”
“ਸ਼ੁਕਰੀਆ ਮਿਸਟਰ ਟੌਵਰ।”
ਉਹਨਾਂ ਵਲੋਂ ਵਿਹਲਾ ਹੋ ਕੇ ਮਿਸਟਰ ਟੌਵਰ ਨਵੇਂ ਮਹਿਮਾਨ ਵਲ ਮੁੜਿਆ ਤੇ ਬੋਲਿਆ,
“ਯੌਅਰ ਹਾਈਨੈੱਸ, ਮਹਾਂਰਾਜਾ ਦੁਲੀਪ ਸਿੰਘ ਦਾ ਇੰਗਲੈਂਡ ਵਿਚ ਨਿੱਘਾ ਸਵਾਗਤ ਏ! ਮੈਂ ਯਕੀਨ
ਦਵਾਉਂਦਾ ਹਾਂ ਕਿ ਤੁਹਾਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਹੋਵੇਗੀ।”
ਮਹਿਮਾਨ ਨੇ ਮੁਸਕ੍ਰਾਹਟ ਦਿੰਦਿਆਂ ਧੰਨਵਾਦ ਕੀਤਾ।
ਮਿਸਟਰ ਟੌਵਰ ਮਿਸਟਰ ਲੋਗਨ ਨੂੰ ਇਸ਼ਾਰਾ ਕਰਦਾ ਇਕ ਪਾਸੇ ਲੈ ਗਿਆ। ਮਿਸਜ਼ ਲੋਗਨ ਨੇ ਇਕ
ਨੌਕਰ ਨੂੰ ਸਮਝਾਉਂਦੇ ਹੋਏ ਕਿਹਾ,
“ਨੀਲਕੰਠ, ਗੁਸਲਖਾਨੇ ਵਿਚ ਦੇਖੋ ਕਿ ਮਹਾਂਰਾਜੇ ਦੇ ਨਹਾਉਣ ਲਈ ਗਰਮਪਾਣੀ ਦਾ ਇੰਤਜ਼ਾਮ ਹੈ
ਕਿ ਨਹੀਂ, ਫਿਰ ਇਹਨਾਂ ਦੇ ਨਹਾਉਣ ਲਈ ਕਪੜੇ ਤਿਆਰ ਕਰ ਦਿਓ।”
ਨੀਲਕੰਠ ਕਾਹਲੀ ਨਾਲ ਆਪਣੇ ਕੰਮ ਵਿਚ ਰੁਝ ਗਿਆ। ਮਿਸਜ਼ ਲੋਗਨ ਮਹਾਂਰਾਜੇ ਨੂੰ ਬੋਲੀ,
“ਯੋਅਰ ਹਾਈਨੈੱਸ, ਅਸੀਂ ਨਾਲ ਦੇ ਕਮਰੇ ਵਿਚ ਹੀ ਹੋਵਾਂਗੇ, ਤੁਸੀਂ ਨਹਾ ਲਵੋ, ਜਦ ਤਕ ਕੁਝ
ਖਾਣ ਲਈ ਆ ਜਾਵੇਗਾ, ਸਪਰ ਆਪਾਂ ਕੁਝ ਸਰਕਾਰੀ ਕਰਮਚਾਰੀਆਂ ਤੇ ਵਿਸ਼ੇਸ਼ ਲੋਕਾਂ ਨਾਲ
ਕਰਾਂਗੇ। ਇਸ ਪਾਰਟੀ ਦਾ ਇੰਤਜ਼ਾਮ ਪਹਿਲਾਂ ਹੀ ਕੀਤਾ ਹੋਇਆ ਏ।”
“ਸ਼ੁਕਰੀਆ ਮੈਅਮ, ਤੁਸੀਂ ਫਿਕਰ ਨਾ ਕਰੋ ਤੇ ਅਰਾਮ ਕਰੋ।”
“ਮੈਂ ਸਪਰ ‘ਤੇ ਜਾਣ ਵੇਲੇ ਤਕ ਤੁਹਾਡੀ ਮੱਦਦ ਲਈ ਆ ਜਾਵਾਂਗੀ।”
“ਮੈਅਮ, ਮੈਂ ਤਿਆਰ ਹੋ ਜਾਵਾਂਗਾ, ਤੁਹਾਨੂੰ ਵੀ ਅਰਾਮ ਦੀ ਜ਼ਰੂਰਤ ਏ।”
ਮਹਾਂਰਾਜੇ ਨੇ ਪਿਆਰ ਨਾਲ ਆਖਿਆ।
ਮਿਸਜ਼ ਲੋਗਨ ਦੇ ਜਾਣ ਤੋਂ ਬਾਅਦ ਇਕ ਵਾਰ ਤਾਂ ਮਹਾਂਰਾਜੇ ਨੇ ਸੋਚਿਆ ਕਿ ਕਿਉਂ ਨਾ ਨਹਾਉਣ
ਤੋਂ ਪਹਿਲਾਂ ਕੁਝ ਦੇਰ ਲਈ ਬਿਸਤਰ ‘ਤੇ ਪੈ ਲਿਆ ਜਾਵੇ। ਉਸ ਦਾ ਸਾਰਾ ਸਰੀਰ ਬੱਘੀ ਦੇ ਸਫਰ
ਨਾਲ ਦੁਖ ਰਿਹਾ ਸੀ ਪਰ ਉਸ ਨੂੰ ਇਹ ਵੀ ਪਤਾ ਸੀ ਕਿ ਨਹਾਤੇ ਬਿਨਾਂ ਥਕਾਵਟ ਦੂਰ ਨਹੀਂ
ਹੋਵੇਗੀ। ਉਹ ਕਪੜੇ ਉਤਾਰਨ ਲਗਿਆ। ਨੀਲਕੰਠ ਤੇ ਇਕ ਹੋਰ ਕਰਮਚਾਰੀ ਸ਼ਾਮ ਦਾਸ ਉਸ ਦੀ ਮੱਦਦ
ਕਰਨ ਲਗੇ।
ਉਸ ਨੇ ਗੁਸਲਖਾਨੇ ਵਿਚ ਜਾ ਕੇ ਦੇਖਿਆ ਕਿ ਇਹ ਇਕ ਦਮ ਅਲੱਗ ਕਿਸਮ ਦਾ ਸੀ। ਹਿੰਦੁਸਤਾਨ ਦੇ
ਗੁਸਲਖਾਨਿਆਂ ਤੋਂ ਬਿਲਕੁਲ ਅਲੱਗ। ਇਕ ਵੱਡਾ ਸਾਰਾ ਪੱਥਰ ਦਾ ਟੱਬ ਸੀ। ਸਾਬਣ ਤੇ ਹੋਰ ਸਮਾਨ
ਦੇ ਨਾਲ ਨਾਲ ਨਿੱਕੇ ਨਿੱਕੇ ਤੌਲੀਏ ਵੀ ਪਏ ਸਨ। ਉਸ ਨੂੰ ਪਤਾ ਸੀ ਅੰਗਰੇਜ਼ ਲੋਕ ਟੱਬਾਂ ਵਿਚ
ਬੈਠ ਕੇ ਨਹਾਉਣ ਦੇ ਆਦੀ ਸਨ ਤੇ ਨਹਾਉਣ ਵੇਲੇ ਇਹ ਨਿਕੇ ਜਿਹੇ ਤੌਲੀਏ ਸਾਬਣ ਲਗਾ ਕੇ ਸਰੀਰ
ਉਪਰ ਫੇਰਿਆ ਕਰਦੇ ਹਨ ਜੋ ਉਸ ਨੂੰ ਚੰਗੇ ਨਹੀਂ ਸਨ ਲਗਦੇ। ਉਸ ਨੂੰ ਟੱਬ ਵਿਚ ਬੈਠਣਾ ਵੀ
ਚੰਗਾ ਨਹੀਂ ਸੀ ਲਗਦਾ ਪਰ ਉਹ ਹੌਲੀ ਹੌਲੀ ਟੱਬ ਵਿਚ ਜਾ ਵੜਿਆ।
ਨਹਾ ਕੇ ਬਾਹਰ ਨਿਕਲਿਆ ਹੀ ਸੀ ਕਿ ਬਹਿਰਾ ਚਾਹ ਤੇ ਬਿਸਕੁਟ ਲੈ ਆਇਆ ਤੇ ਖਾਣੇ ਦਾ ਮੈਨਿਓ
ਵੀ। ਉਸ ਨੂੰ ਭੁੱਖ ਤਾਂ ਲਗੀ ਹੋਈ ਸੀ ਪਰ ਖਾਣੇ ਦਾ ਮਨ ਨਹੀਂ ਸੀ। ਉਸ ਨੇ ਟੋਮੈਟੋ ਸੂਪ ਤੇ
ਬ੍ਰੈੱਡ ਮੰਗਵਾ ਲਏ। ਜਿ਼ਆਦਾ ਖਾ ਕੇ ਉਸ ਨੂੰ ਨੀਂਦ ਨਹੀਂ ਸੀ ਆਉਣੀ। ਉਹ ਚਾਹੁੰਦਾ ਸੀ ਕਿ
ਰਾਤ ਦੇ ਖਾਣੇ ‘ਤੇ ਜਾਣ ਤੋਂ ਪਹਿਲਾਂ ਦੋ ਕੁ ਘੜੀਆਂ ਸੌਂ ਲਵੇ।
ਉਹ ਬਿਸਤਰ ਤੇ ਬੈਠ ਕੇ ਇਸ ਨੂੰ ਮਹਿਸੂਸ ਕਰ ਕੇ ਦੇਖਣ ਲਗਿਆ। ਬਿਸਤਰ ਉਸ ਨੂੰ ਪਸੰਦ ਆ ਰਿਹਾ
ਸੀ। ਪਲ ਕੁ ਲਈ ਉਸ ਨੂੰ ਆਪਣੇ ਸ਼ਾਹੀ ਮਹੱਲਾਂ ਦੇ ਬਿਸਤਰ ਦੀ ਯਾਦ ਆ ਗਈ ਤੇ ਫਿਰ ਫਤਿਹਗੜ
ਕਿਲ੍ਹੇ ਵਿਚਲੇ ਬਿਸਤਰਿਆਂ ਦੀ ਵੀ। ਪਿਛਲੇ ਅਰਸੇ ਵਿਚ ਉਹ ਕਈ ਕਿਸਮ ਦੇ ਬਿਸਤਰਿਆਂ ਉਪਰ
ਸੁੱਤਾ ਸੀ, ਹੋਟਲਾਂ ਦੇ ਕਮਰਿਆਂ ਵਿਚ ਵੀ ਤੇ ਬਾਹਰ ਤੰਬੂਆਂ ਵਿਚ ਵੀ। ਕਈ ਤਰ੍ਹਾਂ ਦੇ
ਬਿਸਤਰਿਆਂ ਵਿਚ ਸੌਣ ਕਰਕੇ ਉਸ ਨੂੰ ਨੀਂਦ ਆਉਣ ਵਿਚ ਦਿਕਤ ਪੇਸ਼ ਨਹੀਂ ਸੀ ਹੁੰਦੀ। ਰਸਤੇ
ਵਿਚ ਜਹਾਜ਼ ਦੇ ਡਿਕੇ-ਡੋਲਿਆਂ ਵਿਚ ਵੀ ਉਹ ਅਰਾਮ ਨਾਲ ਸੌਂਦਾ ਰਿਹਾ ਸੀ। ਸੌਂਦਾ ਕਿੰਨੇ ਵੀ
ਅਰਾਮ ਨਾਲ ਹੋਵੇ ਪਰ ਉਸ ਦੀ ਨੀਂਦ ਪੇਤਲੀ ਹੀ ਹੁੰਦੀ, ਨਿਕੇ ਜਿਹੇ ਖੜਕੇ ਨਾਲ ਵੀ ਜਾਗ
ਪੈਂਦਾ। ਗੂੜ੍ਹੀ ਨੀਂਦ ਤਾਂ ਕਦੇ ਉਹ ਮਾਂ ਦੀ ਬੁੱਕਲ ਵਿਚ ਹੀ ਸੁੱਤਾ ਹੋਵੇਗਾ। ਹਰ ਵੇਲੇ ਇਕ
ਅਨਿਸਚਿਤਤਾ ਉਸ ਦੇ ਮਨ ਵਿਚ ਬਣੀ ਰਹਿੰਦੀ ਸੀ ਕਿ ਪਤਾ ਨਹੀਂ ਅਗਲੇ ਪਲ ਕੀ ਹੋ ਜਾਵੇਗਾ।
ਮਿਸਟਰ ਲੋਗਨ ਤੇ ਮਿਸਜ਼ ਲੋਗਨ ਤੋਂ ਬਿਨਾਂ ਉਸ ਨੂੰ ਕਿਸੇ ਉਪਰ ਯਕੀਨ ਵੀ ਨਹੀਂ ਸੀ। ਬਚਪਨ
ਤੋਂ ਹੀ ਉਹ ਤਲਵਾਰ ਸਹਰਾਣੇ ਰੱਖ ਕੇ ਸੌਂਇਆਂ ਕਰਦਾ ਸੀ। ਮਿਸਜ਼ ਲੋਗਨ ਇਸ ਬਾਰੇ ਉਸ ਨਾਲ
ਮਜ਼ਾਕ ਵੀ ਕਰਦੀ ਪਰ ਉਸ ਦੀ ਇਹ ਆਦਤ ਹਾਲੇ ਤਕ ਬ੍ਰਕਰਾਰ ਸੀ। ਕੁਝ ਦੇਰ ਬਾਅਦ ਬਹਿਰਾ ਸੂਪ
ਤੇ ਬ੍ਰੈੱਡ ਲੈ ਆਇਆ। ਉਹ ਖਾਣੇ ਤੋਂ ਵਿਹਲਾ ਹੋ ਕੇ ਬਿਸਤਰ ਵਿਚ ਜਾ ਵੜਿਆ। ਬਿਸਤਰ ਅਰਾਮਦੇਹ
ਸੀ। ਅਗਲੇ ਪਲ ਹੀ ਉਹ ਨੀਂਦ ਦੀ ਆਗੋਸ਼ ਵਿਚ ਜਾ ਪੁੱਜਾ। ਅੱਖ ਲਗਦਿਆਂ ਹੀ ਸਮੁੰਦਰ ਦੀ ਉਚੀ
ਸਾਰੀ ਲਹਿਰ ਉਸ ਦੇ ਸਾਹਮਣੇ ਆ ਖੜੀ।...
‘ਸਮੁੰਦਰ ਪੂਰੇ ਗੁੱਸੇ ਵਿਚ ਹੈ। ਵੱਡਾ ਸਾਰਾ ਜਹਾਜ਼ ਸਮੁੰਦਰ ਦੀ ਛਾਤੀ ਉਪਰ ਨਿਕੇ ਜਿਹੇ
ਖਿਡੌਣੇ ਵਾਂਗ ਡਗਮਗਾ ਰਿਹਾ ਹੈ। ਲਹਿਰਾਂ ਡੈੱਕ ਤੋਂ ਉੱਚੀਆਂ ਹੋ ਹੋ ਜਾ ਰਹੀਆਂ ਹਨ। ਲੋਕ
ਲਹਿਰਾਂ ਤੋਂ ਡਰਦੇ ਆਪਣੇ ਕਮਰਿਆਂ ਵਿਚ ਜਾ ਵੜਦੇ ਹਨ ਜਾਂ ਸੁਰੱਖਿਅਤ ਜਗਾਹ ਖੜ ਗਏ ਹਨ ਪਰ
ਮਹਾਂਰਾਜਾ ਖੜੋਤਾ ਰਹਿੰਦਾ ਹੈ। ਇਕ ਲਹਿਰ ਉਸ ਦੇ ਸਾਹਮਣੇ ਆ ਕੇ ਖੜ ਜਾਂਦੀ ਹੈ। ਉਸ ਨੂੰ
ਜਾਪਦਾ ਹੈ ਕਿ ਲਹਿਰ ਉਸ ਨੂੰ ਕੁਝ ਕਹਿ ਰਹੀ ਹੈ। ਉਹ ਵੀ ਲਹਿਰ ਨੂੰ ਕੁਝ ਕਹਿਣਾ ਚਾਹੁੰਦਾ
ਹੈ ਪਰ ਕਹਿ ਨਹੀਂ ਹੋ ਰਿਹਾ। ਲਹਿਰ ਹੌਲੀ ਹੌਲੀ ਵਾਪਸ ਸਮੁੰਦਰ ਵਿਚ ਉਤਰ ਜਾਂਦੀ ਹੈ।’...
ਉਹ ਘਬਰਾ ਕੇ ਉਠ ਬੈਠਿਆ। ਜੇਬ੍ਹ ਵਿਚੋਂ ਘੜੀ ਕੱਢ ਕੇ ਵਕਤ ਦੇਖਿਆ। ਉਸ ਨੂੰ ਸੁੱਤੇ ਨੂੰ
ਤਾਂ ਹਾਲੇ ਘੰਟਾ ਵੀ ਨਹੀਂ ਸੀ ਹੋਇਆ। ਉਹ ਸੁਫਨੇ ਬਾਰੇ ਸੋਚਣ ਲਗਿਆ। ਅਜਿਹੀਆਂ ਲਹਿਰਾਂ ਤਾਂ
ਉਸ ਦੇ ਸਮੁੰਦਰੀ ਸਫਰ ਦੁਰਮਿਆਨ ਉਠਦੀਆਂ ਰਹਿੰਦੀਆਂ ਸਨ ਪਰ ਏਨੀਆਂ ਡਰਾਉਣੀਆਂ ਨਹੀਂ ਸਨ
ਹੁੰਦੀਆਂ। ਜਦ ਵੀ ਸਮੁੰਦਰ ਖੌਲ਼ਦਾ ਤਾਂ ਮਿਸਟਰ ਲੋਗਨ ਉਸ ਨੂੰ ਉਸ ਦੀ ਕੈਬਿਨ ਵਿਚ ਛੱਡ ਆਇਆ
ਕਰਦਾ ਸੀ। ਸਾਰੇ ਸਫਰ ਦੁਰਮਿਆ ਦੋਵੇਂ ਪਤੀ ਪਤਨੀ ਉਸ ਦਾ ਖਾਸ ਧਿਆਨ ਰੱਖਦੇ ਰਹੇ ਸਨ। ਭਾਵੇਂ
ਮਿਸਟਰ ਲੋਗਨ ਉਸ ਦਾ ਸੁਪਰਡੈਂਟ ਸੀ। ਉਸ ਦੇ ਪਾਲਣ ਪੋਸਣ ਦੀ ਉਸ ਦੀ ਜਿ਼ੰਮੇਵਾਰੀ ਲਗੀ ਹੋਈ
ਸੀ ਜਿਸ ਦੇ ਬਦਲੇ ਵਿਚ ਉਸ ਨੂੰ ਤਨਖਾਹ ਵੀ ਮਿਲਦੀ ਸੀ ਪਰ ਉਸ ਨੂੰ ਡਰ ਰਹਿੰਦਾ ਕਿ ਸਮੁੰਦਰ
ਸਫਰ ਪਹਿਲੀ ਵਾਰੀ ਕਰ ਰਿਹਾ ਹੋਣ ਕਰਕੇ ਕਿਧਰੇ ਮਹਾਂਰਾਜਾ ਬਿਮਾਰ ਹੀ ਨਾ ਹੋ ਜਾਵੇ ਪਰ ਉਹ
ਠੀਕ ਰਿਹਾ। ਤਿੰਨ ਹਫਤਿਆਂ ਦਾ ਸਫਰ ਬਹੁਤ ਵਧੀਆ ਲੰਘਿਆ। ਭਾਵੇਂ ਇਹ ਸਫਰ ਓਨਾ ਰੁਮਾਂਚਿਤ
ਨਹੀਂ ਸੀ ਜਿੰਨਾ ਉਸ ਦੇ ਦੋਸਤ ਟੌਮੀ ਸਕੌਟ ਦੀਆਂ ਕਹਾਣੀਆਂ ਵਿਚ ਹੋਇਆ ਕਰਦਾ ਸੀ ਪਰ ਫਿਰ ਵੀ
ਉਸ ਨੂੰ ਚੰਗਾ ਲਗਿਆ ਸੀ।
ਇੰਗਲੈਂਡ ਨੂੰ ਆਉਣ ਲਈ ਤਾਂ ਉਸ ਦਾ ਮਨ ਬਹੁਤ ਦੇਰ ਤੋਂ ਕਾਹਲਾ ਪੈ ਰਿਹਾ ਸੀ। ਉਹਨਾਂ ਦਿਨਾਂ
ਵਿਚ ਹੀ ਉਸ ਨੇ ਇੰਗਲੈਂਡ ਦੇ ਸੁਫਨੇ ਦੇਖਣੇ ਸ਼ੁਰੂ ਕਰ ਦਿਤੇ ਸਨ ਜਦ ਲਹੌਰ ਦੇ ਮਹਿਲਾਂ ਵਿਚ
ਐਡਰਵਰ ਉਸ ਨੂੰ ਇੰਗਲੈਂਡ ਦੀ ਧਰਤੀ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਇਆ ਕਰਦਾ ਸੀ।
ਉਸ ਦਾ ਮਨ ਮਹਾਂਰਾਣੀ ਵਿਕਟੋਰੀਆ ਨੂੰ ਦੇਖਣ ਲਈ ਉਤਾਵਲਾ ਹੋਣ ਲਗਦਾ। ਹੁਣ ਉਹ ਆਪਣੇ
ਸੁਫਨਿਆਂ ਦੀ ਧਰਤੀ ਉਪਰ ਪੁੱਜ ਚੁੱਕਿਆ ਸੀ। ਜਲਦੀ ਹੀ ਵਿਕਟੋਰੀਆ ਨੂੰ ਵੀ ਮਿਲੇਗਾ ਤੇ ਹੋਰ
ਥਾਂ ਵੀ ਦੇਖੇਗਾ। ਦਰਿਆ ਥੇਮਜ਼ ਵੀ ਜਿਹੜਾ ਦਿਨ ਵਿਚ ਦੋ ਵਾਰ ਚੜ੍ਹਦਾ-ਉਤਰਦਾ ਹੈ। ਭਾਵੇਂ
ਮਿਸਟਰ ਲੋਗਨ ਨੇ ਉਸ ਨੂੰ ਦਸਿਆ ਹੋਇਆ ਸੀ ਕਿ ਥੇਮਜ਼ ਸਮੁੰਦਰ ਦੇ ਨੇੜੇ ਹੋਣ ਕਰਕੇ ਇਵੇਂ
ਉਤਰਦਾ ਚੜਦਾ ਹੈ ਪਰ ਫਿਰ ਵੀ ਇਹ ਦੇਖਣਾ ਉਸ ਲਈ ਹੈਰਾਨਕੁੰਨ ਹੋਣਾ ਸੀ। ਉਹ ਬਿਸਤਰ ਤੋਂ ਉਠ
ਕੇ ਕਮਰੇ ਵਿਚ ਘੁੰਮਣ ਲਗਿਆ। ਖਿੜਕੀ ਦਾ ਪੜਦਾ ਜ਼ਰਾ ਕੁ ਹਟਾਇਆ ਤਾਂ ਲੋਅ ਦਾ ਇਕ ਰੇਲਾ
ਅੰਦਰ ਆ ਵੜਿਆ। ਸੂਰਜ ਹਾਲੇ ਛੁਪਿਆ ਨਹੀਂ ਸੀ। ਉਸ ਨੇ ਬਾਹਰ ਦੇਖਿਆ। ਵੱਡੀਆਂ ਵੱਡੀਆਂ
ਇਮਾਰਤਾਂ ਤਣੀਆਂ ਖੜੀਆਂ ਸਨ। ਇਮਾਰਤਾਂ ਦੇ ਇਕ ਪਾਸੇ ਇਕ ਖੁੱਲ੍ਹਾ ਮੈਦਾਨ ਸੀ। ਮੈਦਾਨ ਵਿਚ
ਕੁਝ ਘੋੜੇ ਚਰਦੇ ਦਿਸ ਰਹੇ ਸਨ। ਉਹ ਉਹ ਘੋੜਿਆਂ ਵਲ ਧਿਆਨ ਨਾਲ ਦੇਖਣ ਲਗਿਆ। ਫਿਰ ਕੁਝ ਘੋੜ
ਸਵਾਰ ਇਕ ਪਾਸਿਓਂ ਆਏ ਤੇ ਅਗੇ ਨਿਕਲ ਗਏ। ਉਸ ਦਾ ਮਨ ਹੋਰ ਵੀ ਲਲਚਾਉਣ ਲਗਿਆ। ਕਿੰਨੇ ਦਿਨ
ਹੋ ਗਏ ਸਨ ਉਸ ਨੂੰ ਘੋੜ ਸਵਾਰੀ ਕੀਤਿਆਂ। ਦੋ ਮਹੀਨਿਆਂ ਤੋਂ ਵਧ ਸਮਾਂ ਹੋ ਗਿਆ ਸੀ ਫਤਿਹਗੜ
ਤੋਂ ਤੁਰਿਆਂ ਨੂੰ। ਉਹ ਪਰਦੇ ਓੜ ਕੇ ਮੁੜ ਬਿਸਤਰ ਉਪਰ ਆ ਬੈਠਿਆ। ਉਸ ਦਾ ਮਨ ਹਾਲੇ ਹੋਰ ਸੌਣ
ਨੂੰ ਕਰ ਰਿਹਾ ਸੀ। ਉਸ ਨੂੰ ਲਾਲੀ ਦੀ ਹਿਣਕਣ ਸੁਣਾਈ ਦੇਣ ਲਗੀ। ਲਾਲੀ ਉਸੇ ਘੋੜੇ ਲੈਲੀ ਦੀ
ਨਸਲ ਵਿਚੋਂ ਸੀ ਜਿਸ ਨੂੰ ਹਾਸਲ ਕਰਨ ਲਈ ਉਸ ਦੇ ਪਿਓ ਮਹਾਂਰਾਜਾ ਰਣਜੀਤ ਸਿੰਘ ਨੂੰ ਵੱਡੀ
ਲੜਾਈ ਲੜਨੀ ਪਈ ਸੀ, ਹਜ਼ਾਰਾਂ ਬੰਦੇ ਇਕ ਘੋੜੇ ਨੂੰ ਖੋਹਣ ਲਈ ਮੌਤ ਦੀ ਘਾਟ ਉਤਾਰੇ ਗਏ ਸਨ,
ਕੁਝ ਉਸ ਦੇ ਆਪਣੇ ਤੇ ਕੁਝ ਦੁਸ਼ਮਣ ਦੇ। ਲਾਲੀ ਇਕ ਵਾਰ ਫਿਰ ਹਿਣਕਿਆ;
...‘ਲਾਲੀ ਕੁਝ ਦਿਨਾਂ ਤੋਂ ਅਥਰਾਪਨ ਦਿਖਾ ਰਿਹਾ ਹੈ। ਮਹਾਂਰਾਜਾ ਆਪ ਇਕ ਨਵੇਂ ਆਏ ਘੋੜੇ
ਉਪਰ ਸਵਾਰੀ ਕਰਨ ਲਗਿਆ ਹੈ ਇਸ ਲਈ ਲਾਲੀ ਵਲ ਧਿਆਨ ਵੀ ਨਹੀਂ ਦੇ ਹੋਇਆ। ਲਾਲੀ ਨੇ
ਘੋੜਾ-ਸਾਧਕ ਦੇ ਨੱਕ ਵਿਚ ਦਮ ਕੀਤਾ ਪਿਆ ਹੈ। ਨੌਂ ਸਾਲ ਦਾ ਮਹਾਂਰਾਜਾ ਆਪਣੇ ਚਾਲੀ ਦੋਸਤਾਂ
ਨਾਲ ਗਤਕਾ ਖੇਡ ਰਿਹਾ ਹੈ। ਉਸ ਦੀ ਨਜ਼ਰ ਲਾਲੀ ਉਪਰ ਪੈਂਦੀ ਹੈ। ਉਹ ਲਾਲੀ ਦੀ ਬੈਚੇਨੀ ਸਮਝ
ਰਿਹਾ ਹੈ। ਉਹ ਗਤਕਾ ਵਿਚਕਾਰੇ ਛੱਡ ਕੇ ਆਉਂਦਾ ਹੈ। ਲਾਲੀ ਦੀ ਵਾਗ ਫੜ ਕੇ ਉਸ ਦਾ ਮੂੰਹ ਨੂੰ
ਹੇਠਾਂ ਖਿੱਚ ਕੇ ਹੱਥ ਫੇਰਦਾ ਹੈ। ਜ਼ਰਾ ਕੁ ਉਚੀ ਜਗਾਹ ਲੈ ਜਾ ਕੇ ਟਪੂਸੀ ਮਾਰ ਲਾਲੀ ਉਪਰ
ਜਾ ਬੈਠਦਾ ਹੈ। ਲਾਲੀ ਉਸ ਦਾ ਹੁਕਮ ਮੰਨਦਾ ਰਾਵੀ ਵਲ ਨੂੰ ਭੱਜ ਤੁਰਦਾ ਹੈ।’...
ਉਸ ਦਾ ਦਰਵਾਜ਼ਾ ਕਿਸੇ ਨੇ ਆ ਖੜਕਾਇਆ। ਨੀਲਕੰਠ ਜੋ ਦੂਜੇ ਕਮਰੇ ਵਿਚ ਅਰਾਮ ਕਰ ਰਿਹਾ ਸੀ,
ਨੇ ਉਠ ਕੇ ਖੋਹਲਿਆ। ਉਸ ਨੂੰ ਪਤਾ ਸੀ ਕਿ ਆਮ ਬੰਦੇ ਨੂੰ ਮਹਾਂਰਾਜੇ ਨਾਲ ਨਹੀਂ ਮਿਲਣ ਦਿਤਾ
ਜਾਣਾ। ਮਿਸਟਰ ਲੋਗਨ ਸਮਝਾ ਗਿਆ ਹੋਇਆ ਸੀ ਕਿ ਪਤਰਕਾਰ ਕਿਸਮ ਦੇ ਲੋਕ ਉਸ ਤਕ ਪਹੁੰਚ ਕਰਨਗੇ
ਜਿਹੜੇ ਕਿ ਅਗਲੇ ਦਿਨ ਬਾਤ ਦਾ ਬਤੰਗੜ ਬਣਾ ਕੇ ਅਖਬਾਰਾਂ ਵਿਚ ਖਬਰਾਂ ਲਾ ਦੇਣਗੇ। ਭਾਵੇਂ ਇਹ
ਗੱਲ ਹੋਟਲ ਦੇ ਮੈਨੇਜਰ ਨੂੰ ਵੀ ਸਮਝਾਈ ਹੋਈ ਕਿ ਕੋਈ ਵੀ ਪਤਰਕਾਰ ਮਹਾਂਰਾਜੇ ਨਾਲ ਗੱਲ ਨਾ
ਕਰੇ ਪਰ ਕਈ ਪਤਰਕਾਰ ਹੋਟਲ ਦੇ ਛੋਟੇ ਕਰਮਚਾਰੀਆਂ ਨੂੰ ਰਿਸ਼ਵਤ ਦੇ ਕੇ ਆਪਣਾ ਕੰਮ ਕੱਢਣ ਦੀ
ਤਾਕ ਵਿਚ ਰਹਿੰਦੇ ਸਨ। ਹੱਥ ਵਿਚ ਪੈੱਨ ਤੇ ਕਾਪੀ ਦੇਖ ਕੇ ਨੀਲਕੰਠ ਸਮਝ ਗਿਆ ਤੇ ਉਹ ਆਉਣ
ਵਾਲੇ ਨੂੰ ਬੂਹੇ ਤੋਂ ਹੀ ਮੋੜਨ ਲਗ ਪਿਆ। ਆਉਣ ਵਾਲੇ ਨੇ ਕੁਝ ਦੇਰ ਬਹਿਸ ਕੀਤੀ ਪਰ ਚਲੇ
ਗਿਆ। ਮਹਾਂਰਾਜੇ ਨੇ ਆਪਣੇ ਸਰਾਹਣੇ ਪਿਆ ਬਾਈਬਲ ਚੁੱਕ ਲਿਆ। ਮਿਸਜ਼ ਲੋਗਨ ਨੇ ਕਿਹਾ ਹੋਇਆ
ਸੀ ਕਿ ਜਦ ਵੀ ਮਨ ਕਾਹਲਾ ਪਵੇ ਤਾਂ ਬਾਈਬਲ ਦਾ ਆਸਰਾ ਲੈਣਾ ਚਾਹੀਦਾ ਹੈ। ਉਹ ਜਹਾਜ਼ ਵਿਚ ਵੀ
ਬਾਈਬਲ ਪੜ੍ਹਦਾ ਆਇਆ ਸੀ। ਜਿਥੋਂ ਤਕ ਉਸ ਨੇ ਪੜ੍ਹ ਲਿਆ ਹੋਇਆ ਸੀ ਉਥੇ ਉਸ ਨੇ ਨਿਸ਼ਾਨੀ
ਵਜੋਂ ਇਕ ਕਾਗਜ਼ ਰੱਖਿਆ ਹੋਇਆ ਸੀ। ਉਹ ਰੋਜ਼ਾਨਾ ਦੋ ਵਾਰ ਬਾਈਬਲ ਤਾਂ ਪੜ੍ਹਦਾ ਹੀ ਸੀ। ਇਸ
ਵਿਚਲੀਆਂ ਬਹੁਤ ਸਾਰੀਆਂ ਕਹਾਣੀਆਂ ਉਸ ਨੂੰ ਯਾਦ ਹੋ ਚੁੱਕੀਆਂ ਸਨ ਤੇ ਕਿਸੇ ਨਾਲ ਗੱਲ ਕਰਨ
ਸਮੇਂ ਉਹਨਾਂ ਕਹਾਣੀਆਂ ਦੀਆਂ ਉਦਾਹਰਣਾਂ ਵੀ ਦੇਣ ਲਗਦਾ। ਹਾਲਾਂ ਕਿ ਡਲਹੌਜ਼ੀ ਵਲੋਂ
ਹਿੰਦੁਸਤਾਨ ਤੋਂ ਮਿਲਿਆ ਬਾਈਬਲ ਹਾਲੇ ਕੋਰਾ ਪਿਆ ਸੀ, ਭਾਵ ਉਸ ਨੇ ਹਾਲੇ ਖੋਹਲਿਆ ਤਕ ਨਹੀਂ
ਸੀ। ਬਾਈਬਲ ਤਾਂ ਸਾਰੇ ਹੀ ਇਕ ਬਰਾਬਰ ਸਨ ਬਸ ਫਰਕ ਏਨਾ ਸੀ ਕਿ ਕਿਹੜਾ ਕਿਸ ਨੇ ਪਿਆਰ ਨਾਲ
ਭੇਟ ਕੀਤਾ ਸੀ ਤੇ ਕਿਹੜਾ ਕਿਧਰੋਂ ਆਪਣੀ ਸ਼ਰਧਾ ਨਾਲ ਖੜਿਆ ਸੀ। ਹੁਣ ਤਕ ਮਹਾਂਰਾਜੇ ਦੀ
ਬਾਈਬਲ ਨਾਲ ਅਦੁੱਤੀ ਸ਼ਰਧਾ ਹੋ ਚੁੱਕੀ ਸੀ।
ਇਕ ਵਾਰ ਫਿਰ ਦਰਵਾਜ਼ੇ ਉਪਰ ਦਸਤਕ ਹੋਈ। ਨੀਲਕੰਠ ਉਠ ਕੇ ਗਿਆ। ਇਸ ਵਾਰ ਮਿਸਜ਼ ਲੋਗਨ ਸੀ।
ਉਸ ਨੇ ਮਹਾਂਰਾਜੇ ਨੂੰ ਵੱਡੀ ਸਾਰੀ ਮੁਸਕ੍ਰਾਹਟ ਦਿਤੀ ਤੇ ਪੁੱਛਣ ਲਗੀ,
“ਮਹਾਂਰਾਜਾ, ਨੀਂਦ ਠੀਕ ਆਈ?”
“ਹਾਂ ਮੈਅਮ, ਕੁਝ ਕੁਝ।”
“ਪਰ ਹਾਲੇ ਵੀ ਥੱਕੇ ਹੋਏ ਲਗ ਰਹੇ ਓ!”
“ਵੈਸੇ ਹੀ।”
“ਕੁਝ ਕਹਿਣਾ ਚਾਹੁੰਦੇ ਓ?”
ਹੁਣ ਤਕ ਮਿਸਜ਼ ਲੋਗਨ ਮਹਾਂਰਾਜੇ ਦੇ ਚਿਹਰੇ ਨੂੰ ਦੇਖ ਕੇ ਹੀ ਦੱਸਣ ਲਗ ਪਈ ਸੀ ਕਿ ਉਸ ਦੇ
ਮਨ ਵਿਚ ਕੋਈ ਗੱਲ ਹੈ। ਮਹਾਂਰਾਜਾ ਵੀ ਉਸ ਨਾਲ ਆਪਣੇ ਦਿਲ ਦੀਆਂ ਕਈ ਗੱਲਾਂ ਬੇਝਿਜਕ ਕਰ ਲਿਆ
ਕਰਦਾ ਸੀ। ਅਸਲ ਵਿਚ ਤਾਂ ਇਹ ਮਿਸਜ਼ ਲੋਗਨ ਹੀ ਸੀ ਜਿਸ ਨੇ ਬੀਬੀ ਜੀ ਦੀ ਯਾਦ ਨੂੰ ਠੱਲ੍ਹ
ਪਾਈ ਰੱਖਿਆ ਸੀ। ਉਸ ਨੂੰ ਉਦਾਸ ਨਹੀਂ ਸੀ ਹੋਣ ਦਿਤਾ। ਬੀਬੀ ਜੀ ਦੀ ਯਾਦ ਤਾਂ ਉਸ ਨੂੰ ਹਾਲੇ
ਵੀ ਬਹੁਤ ਆਉਂਦੀ ਪਰ ਏਨੀ ਤਕਲੀਫ ਦੇਹ ਨਾ ਹੁੰਦੀ। ਜਿਥੇ ਮਿਸਟਰ ਲੋਗਨ ਉਸ ਨੂੰ ਹੋਣੀ ਸਮਝਣ
ਵਿਚ ਸਹਾਇਤਾ ਕਰਦਾ ਸੀ ਉਥੇ ਮਿਸਜ਼ ਲੋਗਨ ਮਮਤਾ ਦੀ ਮੂਰਤ ਬਣ ਕੇ ਉਸ ਸਾਹਮਣੇ ਪੇਸ਼ ਹੁੰਦੀ।
ਜਦ ਮਿਸਟਰ ਲੋਗਨ ਨੂੰ ਮਹਾਂਰਾਜੇ ਦੇ ਸੁਪਰਡੈਂਟ ਮਿਲੀ ਸੀ ਤਾਂ ਉਸ ਦੀ ਦੂਰ-ਅੰਦੇਸ਼ੀ ਨੇ ਉਸ
ਨੂੰ ਦਸ ਦਿਤਾ ਸੀ ਕਿ ਨਿਕੇ ਜਿਹੇ ਮਹਾਂਰਾਜੇ ਦੀ ਸਹੀ ਸੰਭਾਲ ਲਈ ਉਸ ਦੀ ਪਤਨੀ ਬਹੁਤ ਸਹਾਈ
ਹੋ ਸਕਦੀ ਹੈ, ਇਸੇ ਲਈ ਉਸ ਨੇ ਉਸ ਨੂੰ ਚਿੱਠੀ ਲਿਖ ਕੇ ਹਿੰਦੁਸਤਾਨ ਬੁਲਾ ਲਿਆ ਸੀ।
ਗੱਲ ਕਹਿਣ ਲਗਿਆ ਮਹਾਂਰਾਜਾ ਜ਼ਰਾ ਕੁ ਝਿਜਕਿਆ ਤੇ ਫਿਰ ਖਿੜਕੀ ਵਲ ਇਸ਼ਾਰਾ ਕਰਦਾ ਬੋਲਿਆ,
“ਮੈਅਮ, ਮੈਂ ਬਾਹਰ ਦੇਖ ਰਿਹਾ ਸਾਂ ਕਿ ਘੋੜੇ ਨਜ਼ਰ ਆਏ, ਬਸ ਜ਼ਰਾ ਘੋੜ-ਸਵਾਰੀ ਨੂੰ ਮਨ ਕਰ
ਆਇਆ।”
ਮਿਸਜ਼ ਲੋਗਨ ਨੇ ਖਿੜਕੀ ਨਜ਼ਦੀਕ ਆ ਕੇ ਬਾਹਰ ਝਾਤੀ ਮਾਰੀ ਤੇ ਆਖਣ ਲਗੀ,
“ਇਹ ਹਾਈਡ ਪਾਰਕ ਏ, ...ਕੁਝ ਦਿਨ ਰੁਕੋ, ਘੋੜ ਸਵਾਰੀ ਦਾ ਕੋਈ ਨਾ ਕੋਈ ਇੰਤਜ਼ਾਮ ਹੋ
ਜਾਵੇਗਾ।”
ਫਿਰ ਉਸ ਨੇ ਮਹਾਂਰਾਜੇ ਦੇ ਹੱਥ ਵਿਚ ਬਾਈਬਲ ਦੇਖਿਆ ਤੇ ਖੁਸ਼ ਹੁੰਦੀ ਨੇ ਪੁੱਛਿਆ,
“ਕਿਸ ਅਧਿਆਏ ‘ਤੇ ਹੋ?”
ਕੁਝ ਕਹੇ ਬਿਨਾਂ ਮਹਾਂਰਾਜੇ ਨੇ ਖੁੱਲ੍ਹਾ ਹੋਇਆ ਬਾਈਬਲ ਮਿਸਜ਼ ਲੋਗਨ ਦੇ ਮੁਹਰੇ ਕਰ ਦਿਤਾ।
ਮਿਸਜ਼ ਲੋਗਨ ਨੇ ਧਿਆਨ ਨਾਲ ਦੇਖਿਆ ਤੇ ਬੋਲੀ,
“ਬਹੁਤ ਵਧੀਆ! ...ਨੌਜਵਾਨ! ਚੇਤੇ ਰੱਖੋ, ਇਸ ਧਰਤੀ ਉਪਰ, ਇਸ ਦੁਨੀਆਂ ਵਿਚ ਕੁਝ ਨਹੀਂ, ਜੇ
ਸਭ ਕੁਝ ਹੈ ਤਾਂ ਜੀਸਸ ਦੇ ਬਣਾਏ ਸਵਰਗ ਵਿਚ ਹੈ। ਇਸ ਧਰਤੀ ਦਾ ਰਾਜ ਵੀ ਕੋਈ ਮਹਿਨੇ ਨਹੀਂ
ਰਖਾਉਂਦਾ, ਇਹ ਸਭ ਆਰਜ਼ੀ ਹੈ, ਸਵਰਗ ਦਾ ਰਾਜ ਸਥਾਈ ਹੈ ਜੋ ਕਿ ਜੀਸਸ ਦੇ ਦੱਸੇ ਰਸਤੇ
ਤੁਰਿਆਂ ਹੀ ਮਿਲ ਸਕਦਾ ਹੈ, ਧਰਤੀ ਦੇ ਰਾਜ ਤੋਂ ਲੱਖ ਦਰਜੇ ਵਧੀਆ ਰਾਜ ਹੈ ਸਵਰਗ ਦਾ।”
“ਮੈਅਮ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਜੀਸਸ ਦਾ ਦਸਿਆ ਰਾਹ ਹੀ ਅਸਲੀ ਰਾਹ ਏ, ਇਸੇ
‘ਤੇ ਤੁਰਨਾ ਹੀ ਜਿ਼ੰਦਗੀ ਏ।”
“ਬਿਲਕੁਲ ਠੀਕ ਮਹਾਂਰਾਜ, ਮੈਨੂੰ ਪੂਰੀ ਆਸ ਹੈ ਕਿ ਇਕ ਦਿਨ ਤੁਸੀਂ ਆਪਣੇ ਆਪ ਨੂੰ ਮੁਕੰਮਲ
ਇਸਾਈ ਸਿੱਧ ਕਰ ਸਕੋਗੇ।”
“ਆਮੀਨ!”
ਮਹਾਂਰਾਜੇ ਨੇ ਦਿਲ ਉਪਰ ਹੱਥ ਰੱਖਦਿਆਂ ਕਿਹਾ। ਮਿਸਜ਼ ਲੋਗਨ ਖੁਸ਼ ਹੁੰਦੀ ਪੁੱਛਣ ਲਗੀ,
“ਦੱਸੋ, ਕਿਹੜੀ ਪੁਸ਼ਾਕ ਪਹਿਨਣੀ ਪਸੰਦ ਕਰੋਂਗੇ?”
“ਇਸ ਪਾਰਟੀ ਵਿਚ ਮਹਾਂਰਾਣੀ ਵਿਕਟੋਰੀਆ ਵੀ ਹੋਣਗੇ?”
“ਨਹੀਂ, ਉਹ ਨਹੀਂ ਹੋਣਗੇ, ਤੁਸੀਂ ਉਹਨਾਂ ਨੂੰ ਹਾਲੇ ਨਹੀਂ ਮਿਲ ਸਕਦੇ, ਅਜ ਦੀ ਮਹਿਫਲ ਵਿਚ
ਤਾਂ ਇਹ ਸ਼ਹਿਰ ਦੇ ਕੁਝ ਲੌਰਡ ਜਾਂ ਖਾਸ ਵਿਆਕਤੀ ਹੀ ਨੇ।”
ਆਖਦਿਆਂ ਮਿਸਜ਼ ਲੋਗਨ ਨੇ ਮਹਾਂਰਾਜੇ ਦੇ ਚਿਹਰੇ ਵਲ ਦੇਖਿਆ। ਉਸ ਨੂੰ ਪਤਾ ਸੀ ਕਿ ਮਹਾਂਰਾਜਾ
ਮਹਾਂਰਾਣੀ ਵਿਕਟੋਰੀਆ ਨੂੰ ਮਿਲਣ ਲਈ ਕਿੰਨਾ ਉਤਾਵਲਾ ਸੀ। ਜੇ ਉਸ ਦੇ ਹੱਥ ਵਿਚ ਹੁੰਦਾ ਤਾਂ
ਉਹ ਉਸ ਨੂੰ ਹੁਣੇ ਹੀ ਲੈ ਜਾਂਦੀ। ਉਹ ਆਪ ਵੀ ਤਾਂ ਮਹਾਂਰਾਣੀ ਨੂੰ ਦੇਖਣਾ ਚਾਹੁੰਦੀ ਸੀ।
ਮਿਸਜ਼ ਲੋਗਨ ਦੇ ਬੋਲਾਂ ਨੇ ਮਹਾਂਰਾਜੇ ਦਾ ਉਤਸ਼ਾਹ ਠੰਡਾ ਪਾ ਦਿਤਾ। ਮਹਾਂਰਾਜਾ ਜਦ ਵੀ
ਮਹਾਂਰਾਣੀ ਬਾਰੇ ਸੋਚਦਾ ਤਾਂ ਉਸ ਦੇ ਮਨ ਵਿਚ ਕਿਸੇ ਦੇਵੀ ਦੀ ਤਸਵੀਰ ਬਣਨ ਲਗਦੀ। ਹਰ
ਅੰਗਰੇਜ਼ ਸਿਪਾਹੀ ਉਸ ਲਈ ਵਫਾਦਾਰ ਸੀ। ਹਰ ਕੋਈ ਉਸ ਦੀ ਉਸਤਤ ਵਿਚ ਗੀਤ ਗਾ ਰਿਹਾ ਹੁੰਦਾ।
ਹਰ ਕੋਈ ਸੱਚਾ ਬਣਨ ਲਈ ਮਹਾਂਰਾਣੀ ਵਿਕਟੋਰੀਆ ਦੀ ਸੌਂਹ ਖਾਂਦਾ।
ਮਿਸਜ਼ ਲੋਗਨ ਨੇ ਨੀਲਕੰਠ ਨੂੰ ਨਾਲ ਲੈ ਕੇ ਮਹਾਂਰਾਜੇ ਲਈ ਪੌਸ਼ਾਕ ਤਿਆਰ ਕਰ ਕੇ ਇਕ ਪਾਸੇ
ਰੱਖ ਦਿਤੀ ਤੇ ਬੋਲੀ,
“ਮਹਾਂਰਾਜਾ, ਆਪਣਾ ਛੋਹਿਆ ਅਧਿਆਏ ਖਤਮ ਕਰਕੇ ਜਲਦੀ ਤਿਆਰ ਹੋ ਜਾਣਾ, ਸਰ ਲੋਗਨ ਠੀਕ ਨੌਂ
ਵਜੇ ਤਕ ਤੁਹਾਡੇ ਕੋਲ ਪੁੱਜ ਜਾਣਗੇ, ਜਦੋਂ ਦੀਆਂ ਘੜੀਆਂ ਬਣੀਆਂ ਨੇ ਵਕਤ ਦੀ ਕਦਰ ਵਧੇਰੇ ਹੋ
ਗਈ ਏ, ਪਾਰਟੀ ਵਿਚ ਵੀ ਲੋਕ ਵਕਤ ਸਿਰ ਪੁੱਜ ਜਾਣਗੇ।”
ਫਿਰ ਮਿਸਜ਼ ਲੋਗਨ ਨੀਲਕੰਠ ਨੂੰ ਕੁਝ ਹਿਦਾਇਤਾਂ ਦਿੰਦੀ ਚਲੇ ਗਈ ਤੇ ਮਹਾਂਰਾਜਾ ਮੁੜ ਬਾਈਬਲ
ਵਿਚ ਖੁੱਭ ਗਿਆ। ਅਜਿਹਾ ਲੀਨ ਹੋਇਆ ਕਿ ਜਿਵੇਂ ਉਹ ਕਿਸੇ ਹੋਰ ਹੀ ਦੁਨੀਆਂ ਵਿਚ ਜਾ ਪੁਜਿਆ
ਹੋਵੇ;
...‘ਕੀ ਦੇਖਦਾ ਹੈ ਕਿ ਉਸ ਦੇ ਸਾਹਮਣੇ ਹੋਰ ਤਰ੍ਹਾਂ ਦੇ ਅੱਖਰ ਉਘੜਨ ਲਗਦੇ ਹਨ ਤੇ ਨਾਲ ਹੀ
ਮੱਧਮ ਜਿਹੀ ਅਵਾਜ਼ ਵੀ ਆ ਰਹੀ ਹੈ: ੳ, ਅ, ੲ, ਸ, ਹ,... ਦੇਖੋ ਮਹਾਂਰਾਜਾ ਜੀ, ਇਹ
ਗੁਰਮੁਖੀ ਹੈ, ਸਾਡੇ ਗੁਰੂਆਂ ਦੀ ਬਣਾਈ ਲਿਪੀ, ਜਿਸ ਵਿਚ ਹੀ ਸਾਡਾ ਗਰੰਥ ਸਾਹਿਬ ਵੀ ਹੈ,
ਇਹੋ ਸਾਡਾ ਜੀਵਨ ਹੈ ਤੇ ਇਹੋ ਜੀਣ ਦਾ ਤਰੀਕਾ। ਗੁਰੂ ਗਰੰਥ ਪੜ੍ਹਨਾ ਹਰ ਸਿੱਖ ਦਾ ਫਰਜ਼ ਹੈ
ਤੇ ਕੋਈ ਵੀ ਗੁਰਸਿਖ ਇਸ ਤੋਂ ਬੇਮੁਖ ਨਹੀਂ ਹੋ ਸਕਦਾ।’ ...ਗਿਆਨੀ ਜੀ ਉਸ ਦੇ ਸਾਹਮਣੇ ਬੈਠੇ
ਹਨ। ਗਿਆਨੀ ਜੀ ਦੀ ਚਿੱਟੀ ਦਾਹੜੀ ਦੇ ਗੋਲ਼ ਪੱਗ ਉਸ ਨੂੰ ਬਹੁਤ ਚੰਗੇ ਲਗਦੇ ਹਨ। ਗਿਆਨੀ ਜੀ
ਮਹਾਂਰਾਜੇ ਨੂੰ ਰੋਜ਼ ਪੰਜਾਬੀ ਪੜਾਉਣ ਆਇਆ ਕਰਦੇ ਹਨ। ਮਹਾਂਰਾਜਾ ਪੜ੍ਹਾਈ ਵਿਚ ਹੁਸਿ਼ਆਰ ਹੈ
ਤੇ ਸਹਿਜੇ ਹੀ ਪੈਂਤੀ ਸਿਖ ਲੈਂਦਾ ਹੈ, ਜੁ਼ਬਾਨੀ ਵੀ ਕੰਠ ਕਰ ਲੈਂਦਾ ਹੈ ਤੇ ਲਿਖਣ ਵੀ ਲਗਦਾ
ਹੈ ਤੇ ਫਿਰ ਲਫਜਾਂ ਦਾ ਜੋੜ ਵੀ ਕਰਨ ਲਗਦਾ ਹੈ। ਲਫਜ਼-ਜੋੜ ਸੌਖਾ ਹੀ ਹੈ, ਉਹ ਲਿਖਦਾ ਹੈ –
ਪੰ ਜ ਾ ਬ। ਫਿਰ ਲਿਖਣਾ ਸਿਖਦਾ ਹੈ – ਦ ਲ ੀ ਪ ਿ ੰਸ ਘ। ਤੀਜਾ ਸ਼ਬਦ ਸਿਖਦਾ ਹੈ – ਬੀਬੀ
ਜੀ।’...
ਮਹਾਂਰਾਜਾ ਇਕ ਦਮ ਘਬਰਾ ਗਿਆ। ਉਸ ਨੇ ਇਕ ਦਮ ਬਾਈਬਲ ਬੰਦ ਕਰ ਦਿਤਾ ਤੇ ਖਲਾਅ ਵਿਚ ਦੇਖਣ
ਲਗਿਆ। ਇਵੇਂ ਕਦੇ ਕਦਾਈਂ ਉਸ ਨਾਲ ਹੋ ਜਾਇਆ ਕਰਦਾ ਸੀ। ਭਾਵੇਂ ਇਸਾਈ ਬਣਿਆਂ ਉਸ ਨੂੰ ਕਾਫੀ
ਅਰਸਾ ਹੋ ਚੁੱਕਿਆ ਸੀ ਤੇ ਇਸਾਈ ਧਰਮ ਉਪਰ ਹੀ ਉਸ ਦੀ ਆਸਥਾ ਪੂਰੀ ਤਰ੍ਹਾਂ ਬੱਝ ਚੁੱਕੀ ਸੀ
ਪਰ ਫਿਰ ਵੀ ਕਦੇ ਕਦੇ ਅਜਿਹਾ ਕੁਝ ਦਿਸਣ ਲਗਦਾ ਸੀ। ਉਹ ਉਠ ਕੇ ਮੁੜ ਖਿੜਕੀ ਕੋਲ ਜਾ ਖੜਿਆ।
ਹੁਣ ਘੋੜੇ ਹਾਈਡ ਪਾਰਕ ਵਿਚੋਂ ਜਾ ਚੁੱਕੇ ਸਨ। ਬਾਹਰ ਰੌਸ਼ਨੀ ਵੀ ਕੁਝ ਮੱਧਮ ਪੈਣ ਲਗੀ ਸੀ।
ਉਹ ਤਿਆਰ ਹੋਣ ਲਗਿਆ। ਨੀਲਕੰਠ ਆਦਤ ਮੁਤਾਬਕ ਬਹੁਤੀ ਗੱਲ ਨਹੀਂ ਸੀ ਕਰਿਆ ਕਰਦਾ। ਖਾਸ ਤੌਰ
ਤੇ ਜਦ ਮਹਾਂਰਾਜਾ ਚੁੱਪ ਜਿਹਾ ਹੁੰਦਾ ਤਾਂ ਨੀਲਕੰਠ ਵੀ ਲੋੜ ਬਿਨਾਂ ਨਾ ਬੋਲਦਾ।
ਕਪੜੇ ਬਦਲਦਿਆਂ ਉਸ ਨੂੰ ਸਿ਼ਵਦੇਵ ਸਿੰਘ ਦੀ ਯਾਦ ਆ ਗਈ। ਸਿ਼ਵਦੇਵ ਸਿੰਘ ਉਸ ਦੇ ਵੱਡੇ ਭਰਾ
ਮਹਾਂਰਾਜਾ ਸ਼ੇਰ ਸਿੰਘ ਦਾ ਪੁੱਤਰ ਸੀ। ਰਿਸ਼ਤੇ ਵਿਚ ਤਾਂ ਭਤੀਜਾ ਲਗਦਾ ਸੀ ਪਰ ਉਮਰ ਦਾ
ਬਹੁਤ ਘੱਟ ਫਰਕ ਹੋਣ ਕਰਕੇ ਦੋਵੇਂ ਦੋਸਤ ਸਨ। ਅੰਗਰੇਜ਼ਾਂ ਨੇ ਦੋਨਾਂ ਨੂੰ ਇਕੱਠਿਆਂ ਨੂੰ ਹੀ
ਪੰਜਾਬ ਤੋਂ ਲਿਆਂਦਾ ਸੀ। ਸਿ਼ਵਦੇਵ ਸਿੰਘ ਵੀ ਉਸ ਦੇ ਨਾਲ ਹੀ ਇੰਗਲੈਂਡ ਆਉਣਾ ਚਾਹੁੰਦਾ ਸੀ
ਪਰ ਉਸ ਦੀ ਮਾਂ ਮਹਾਂਰਾਣੀ ਦੁਖਨੋ ਨੇ ਉਸ ਨੂੰ ਅਜਿਹਾ ਨਹੀਂ ਸੀ ਕਰਨ ਦਿਤਾ। ਰਸਤੇ ਵਿਚ ਵੀ
ਉਹ ਸਿ਼ਵਦੇਵ ਸਿੰਘ ਨੂੰ ਕਈ ਵਾਰ ਯਾਦ ਕਰ ਚੁੱਕਾ ਸੀ। ਸਿ਼ਵਦੇਵ ਸਿੰਘ ਦੀ ਯਾਦ ਆਉਂਦਿਆਂ ਹੀ
ਉਸ ਦੇ ਮਨ ਨੂੰ ਕੁਝ ਹੋਣ ਲਗਿਆ। ਉਸ ਨੇ ਬਾਈਬਲ ਦਾ ਉਹੋ ਸਫਾ ਮੁੜ ਕੇ ਖੋਹਲ ਲਿਆ ਜਿਥੋਂ
ਛੱਡਿਆ ਸੀ। ਬਾਈਬਲ ਨੂੰ ਪੜ੍ਹਦਿਆਂ ਉਸ ਦਾ ਮਨ ਸ਼ਾਂਤ ਹੋਣ ਲਗਿਆ।
ਮਿਸਜ਼ ਲੋਗਨ ਦਾ ਦੱਸਿਆ ਇਹ ਤਰੀਕਾ ਉਸ ਦੇ ਬਹੁਤ ਕੰਮ ਆ ਰਿਹਾ ਸੀ। ਉਹ ਏਨੇ ਵਧੀਆ ਤਰੀਕੇ
ਨਾਲ ਬਾਈਬਲ ਦੀ ਵਿਆਖਿਆ ਕਰਦੀ ਕਿ ਮਹਾਂਰਾਜਾ ਸਾਰੀ ਗੱਲ ਨੂੰ ਪੂਰੀ ਤਰ੍ਹਾਂ ਸਮਝ ਜਾਂਦਾ।
ਮਿਸਟਰ ਤੇ ਮਿਸਜ਼ ਲੋਗਨ ਨਾਲ ਉਸ ਨੂੰ ਸਦਾ ਹੀ ਮੋਹ ਰਿਹਾ ਸੀ ਨਹੀਂ ਤਾਂ ਉਸ ਨੂੰ ਹਰ ਫਰੰਗੀ
ਧੋਖੇਬਾਜ਼ ਹੀ ਦਿਸਦਾ ਸੀ। ਡਲਹੌਜ਼ੀ ਨਾਲ ਤਾਂ ਉਸ ਨੂੰ ਖਾਸ ਨਫਰਤ ਸੀ। ਉਸ ਦਾ ਦਿਲ ਕਰਦਾ
ਕਿ ਕੁਝ ਦਾ ਕੁਝ ਕਰ ਦੇਵੇ। ਲੌਰਡ ਡਲਹੌਜ਼ੀ ਨੇ ਉਸ ਦੀ ਹਰ ਥਾਂ ਬੇਇਜ਼ਤੀ ਕਰਨ ਦੀ ਕੋਸਿ਼ਸ਼
ਕੀਤੀ ਸੀ। ਉਹ ਉਸ ਨੂੰ ਮਹਾਂਰਾਜੇ ਦੀ ਜਗਾਹ ‘ਓਏ’ ਕਹਿ ਕੇ ਬੁਲਾਉਂਦਾ ਜਿਵੇਂ ਉਹ ਕੋਈ ਆਮ
ਜਿਹਾ ਬੱਚਾ ਹੋਵੇ। ਪਰ ਜਦ ਉਸ ਨੇ ਇਸਾਈ ਧਰਮ ਅਪਣਾ ਲਿਆ ਤਾਂ ਡਲਹੌਜ਼ੀ ਦਾ ਰਵੱਈਆ ਜ਼ਰੂਰ
ਕੁਝ ਬਦਲਿਆ ਸੀ। ਫਿਰ ਤਾਂ ਇੰਗਲੈਂਡ ਨੂੰ ਤੁਰਨ ਲਗਿਆਂ ਉਸ ਨੇ ਮਹਾਂਰਾਜੇ ਨੂੰ ਇਕ ਬਾਈਬਲ
ਤੋਹਫੇ ਵਜੋਂ ਵੀ ਦਿਤਾ ਸੀ। ਬਾਈਬਲ ਦੇ ਵਿਚ ਹੀ ਡਲਹੋਜ਼ੀ ਦੀ ਲਿਖੀ ਚਿਠੀ ਹਾਲੇ ਵੀ ਪਈ ਸੀ,
ਲਿਖਿਆ ਸੀ;
‘ਪਿਆਰੇ ਮਹਾਂਰਾਜਾ, ਤੇਰੇ ਇੰਗਲੈਂਡ ਲਈ ਤੁਰਨ ਤੋਂ ਪਹਿਲਾਂ ਮੈਂ ਇਹ ਬਾਈਬਲ ਤੈਨੂੰ ਤੋਹਫੇ
ਵਜੋਂ ਦੇਣਾ ਚਾਹੁੰਦਾ ਹਾਂ। ਮੈਂ ਹਮੇਸ਼ਾ ਤੁਹਾਨੂੰ ਆਪਣੇ ਬੇਟੇ ਵਾਂਗ ਸਮਝਿਆ ਹੈ। ਪਿਆਰੇ
ਮਹਾਂਰਾਜਾ, ਮੇਰੇ ਤੇ ਯਕੀਨ ਕਰਨਾ ਮੈਂ ਹਮੇਸ਼ਾ ਤੁਹਾਨੂੰ ਪਸੰਦ ਕੀਤਾ ਹੈ,’.....
ਮਹਾਂਰਾਜੇ ਨੂੰ ਡਲਹੋਜ਼ੀ ਦੀ ਇਸ ਚਿੱਠੀ ‘ਤੇ ਹਾਲੇ ਤਕ ਵਿਸਵਾਸ਼ ਨਹੀਂ ਸੀ। ਉਸ ਨੂੰ
ਡਲਹੌਜ਼ੀ ਦੇ ਮੁਕਾਬਲੇ ਲੌਰਡ ਹੋਰਡਿੰਗ ਉਪਰ ਜਿ਼ਆਦਾ ਭਰੋਸਾ ਸੀ। ਇਹ ਹੋਰਡਿੰਗ ਹੀ ਸੀ ਜੋ
ਉਸ ਦੀ ਬਾਂਹ ‘ਤੇ ਕੋਹੇਨੂਰ ਬੰਨ ਦਿਆ ਕਰਦਾ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਸ਼ੇਰੇ ਪੰਜਾਬ
ਬੰਨਿਆਂ ਕਰਦੇ ਹੋਣਗੇ। ਬੀਬੀ ਜੀ ਉਸ ਨੂੰ ਦੱਸਿਆ ਕਰਦੇ ਸਨ ਕਿ ਕੋਹੇਨੂਰ ਉਹਨਾਂ ਦੇ ਪਿਤਾ
ਦੀ ਬਾਂਹ ਉਪਰ ਕਿੰਨਾ ਸਜਦਾ ਸੀ। ਲੌਰਡ ਹੋਰਡਿੰਗ ਨਾਲ ਉਸ ਦਾ ਬਹੁਤਾ ਵਾਹ ਨਹੀਂ ਸੀ ਪਿਆ
ਕਿਉਂਕਿ ਛੇਤੀ ਹੀ ਮਿਸਟਰ ਲੋਗਨ ਨੂੰ ਉਸ ਦਾ ਸਰਪਰਸਤ ਬਣਾ ਦਿਤਾ ਗਿਆ ਸੀ। ਮਿਸਟਰ ਲੋਗਨ
ਪਹਿਲਾਂ ਸਖਤ ਹੁੰਦਾ ਸੀ ਪਰ ਫਿਰ ਉਹ ਬਹੁਤ ਹੀ ਨਰਮੀ ਨਾਲ ਪੇਸ਼ ਆਉਣ ਲਗਿਆ। ਜਦ ਉਸ ਦੀ
ਪਤਨੀ ਇੰਗਲੈਂਡ ਤੋਂ ਆ ਗਈ ਤਾਂ ਮਹਾਂਰਾਜੇ ਨੂੰ ਬਹੁਤ ਚੰਗਾ ਲਗਣ ਲਗ ਪਿਆ। ਉਹਨਾਂ ਦੇ ਆਪਣੇ
ਵੀ ਦੋ ਬੱਚੇ ਸਨ; ਹੈਰੀ ਤੇ ਮੈਰੀ। ਪਹਿਲੀਆਂ ਵਿਚ ਮਿਸਜ਼ ਲੋਗਨ ਨੂੰ ਮਹਾਂਰਾਜੇ ਨਾਲ ਏਨਾ
ਪਿਆਰ ਕਰਦਿਆਂ ਦੇਖ ਕੇ ਉਸ ਦੇ ਬੱਚੇ ਬਹੁਤ ਈਰਖਾ ਕਰਨ ਲਗਦੇ ਪਰ ਜਦ ਉਹਨਾਂ ਨੂੰ ਪਤਾ ਚਲਿਆ
ਕਿ ਇਹ ਤਾਂ ਨੌਕਰੀ ਦਾ ਹੀ ਇਕ ਹਿੱਸਾ ਹੈ ਤਾਂ ਉਹ ਸ਼ਾਂਤ ਹੋ ਗਏ। ਹੈਰੀ ਤਾਂ ਬਾਅਦ ਵਿਚ ਉਸ
ਦਾ ਦੋਸਤ ਵੀ ਬਣ ਗਿਆ ਸੀ। ਹੈਰੀ ਵੀ ਉਸ ਨੂੰ ਇੰਗਲੈਂਡ ਬਾਰੇ ਬਹੁਤ ਸਾਰੀਆਂ ਗੱਲਾਂ ਸੁਣਾਇਆ
ਕਰਦਾ ਸੀ ਜੋ ਮਹਾਂਰਾਜੇ ਨੂੰ ਇੰਗਲੈਂਡ ਵਲ ਖਿਚਣ ਵਿਚ ਸਹਾਈ ਹੋਈਆਂ ਸਨ। ਮਿਸਜ਼ ਲੋਗਨ ਦਸਿਆ
ਕਰਦੀ ਕਿ ਇਕ ਉਹਨਾਂ ਦਾ ਘਰ ਲੰਡਨ ਵਿਚ ਹੈ ਤੇ ਇਕ ਸਕੌਟਲੈਂਡ ਵਿਚ। ਇਕ ਵਾਰ ਮਹਾਂਰਾਜ ਨੇ
ਸਵਾਲ ਕੀਤਾ ਸੀ,
“ਮੈਅਮ, ਇੰਗਲੈਂਡ ਜਾ ਕੇ ਮੈਂ ਤੁਹਾਡੇ ਘਰ ਰਹਿ ਸਕਦਾਂ?”
“ਮਹਾਂਰਾਜਾ, ਮੇਰਾ ਘਰ ਮੇਰੇ ਪਰਿਵਾਰ ਲਈ ਏ ਪਰ ਤੁਹਾਡਾ ਆਪਣਾ ਘਰ ਹੋਵੇਗਾ, ਤੁਸੀਂ
ਮਹਾਂਰਾਜਿਆਂ ਦੀ ਤਰ੍ਹਾਂ ਰਹੋਂਗੇ, ਤੁਸੀਂ ਮਹਾਂਰਾਜੇ ਜਿਉਂ ਹੋ।”
...ਦਰਵਾਜ਼ੇ ‘ਤੇ ਹੋਈ ਦਸਤਕ ਨੇ ਮਹਾਂਰਾਜੇ ਨੂੰ ਅਤੀਤ ਵਿਚੋਂ ਕੱਢ ਕੇ ਅੱਜ ਵਿਚ ਲੈ ਆਂਦਾ
ਤੇ ਉਹ ਉਠ ਖੜਾ ਹੋਇਆ। ਖਾਣੇ ‘ਤੇ ਲੈ ਜਾਣ ਲਈ ਮਿਸਟਰ ਤੇ ਮਿਸਜ਼ ਲੋਗਨ ਆਏ ਸਨ। ਮਹਾਂਰਾਜਾ
ਉਹਨਾਂ ਨਾਲ ਤੁਰਦਾ ਇਕ ਹਾਲ ਵਿਚ ਆ ਗਿਆ ਜਿਥੇ ਬਾਰਾਂ ਕੁ ਬੰਦੇ ਇਕ ਗੋਲ ਮੇਜ਼ ਦੁਆਲੇ ਬੈਠੇ
ਹੋਏ ਸਨ। ਉਹ ਸਾਰੇ ਉਠ ਕੇ ਖੜੇ ਹੋ ਗਏ। ਮਿਸਟਰ ਲੋਗਨ ਨੇ ਮਹਾਂਰਾਜੇ ਦਾ ਸਭ ਨਾਲ ਤੁਆਰਫ
ਕਰਾਇਆ। ਮਹਾਂਰਾਜਾ ਖੁਸ਼ ਹੁੰਦਾ ਸਭ ਨਾਲ ਹੱਥ ਮਿਲਾਉਂਦਾ ਜਾ ਰਿਹਾ ਸੀ ਪਰ ਉਸ ਨੂੰ ਨਾਂ
ਨਹੀਂ ਸਨ ਯਾਦ ਹੋ ਰਹੇ। ਏਨਾ ਜ਼ਰੂਰ ਸੀ ਕਿ ਹਰ ਇਕ ਨਾਂ ਨਾਲ ‘ਲੌਰਡ’ ਜਾਂ ‘ਸਰ’ ਲਗ ਰਿਹਾ
ਸੀ। ਸਭ ਨੂੰ ਮਿਲ ਕੇ ਕੁੰਵਰ ਆਪਣੀ ਕੁਰਸੀ ਦੇ ਸਾਹਮਣੇ ਆ ਗਿਆ। ਸਭ ਇਕ ਸਾਥ ਆਪੋ-ਆਪਣੀਆਂ
ਕੁਰਸੀਆਂ ਤੇ ਬੈਠ ਗਏ। ਬਹਿਰੇ ਵਾਈਨ ਵਰਤਾਉਣ ਲਗੇ। ਸਭ ਨੇ ਆਪੋ-ਆਪਣੇ ਵਾਈਨ ਦੇ ਗਲਾਸ
ਚੁੱਕੇ ਤੇ ਇਕ ਸਾਥ ਬੋਲੇ,
“ਲੌਂਗ ਲਿਵ ਕੁਈਨ!”
ਫਿਰ ਕਿਸੇ ਹੋਰ ਲੌਰਡ ਨੇ ਮਹਾਂਰਾਜੇ ਨੂੰ ਇਸ ਸਮਾਜ ਵਿਚ ਆਉਣ ਲਈ ‘ਜੀ ਆਇਆਂ’ ਕਿਹਾ। ਲੌਰਡ
ਮੌਲੇਅ ਉਠਿਆ ਤੇ ਆਪਣਾ ਪੈੱਗ ਉਤਾਂਹ ਉਠਾਉਂਦਾ ਤੇ ਮਹਾਂਰਾਜੇ ਵਲ ਦੇਖਦਾ ਵਿਅੰਗ ਭਰੀ ਅਵਾਜ਼
ਵਿਚ ਬੋਲਿਆ,
“ਸਾਡੀ ਮਹਾਨ ਮਹਾਂਰਾਣੀ ਵਿਕਟੋਰੀਆ ਦੀਆਂ ਨਵੀਆਂ ਪ੍ਰਾਪਤੀਆਂ ਦੇ ਨਾਂ!”
ਸਭ ਇਕ ਅਵਾਜ਼ ਵਿਚ ਬੋਲੇ – ‘ਆਮੀਨ!’ ਮਹਾਂਰਾਜੇ ਨੇ ਵੀ ਉਹਨਾਂ ਦੇ ਨਾਲ ਹੀ ‘ਅਮੀਨ’ ਕਿਹਾ।
ਮਹਾਂਰਾਜਾ ਵਾਈਨ ਦਾ ਸਵਾਦ ਪਹਿਲਾਂ ਵੀ ਦੇਖ ਚੁੱਕਾ ਸੀ ਪਰ ਉਸ ਨੂੰ ਚੰਗੀ ਨਹੀਂ ਸੀ ਲਗਦੀ
ਇਸ ਲਈ ਦੋ ਘੁੱਟ ਭਰ ਕੇ ਗਲਾਸ ਇਕ ਪਾਸੇ ਨੂੰ ਕਰ ਦਿਤਾ। ਫਿਰ ਮਿਸਟਰ ਲੋਗਨ ਨੇ ਕੁਝ ਦੇਰ ਲਈ
ਮਹਾਂਰਾਜੇ ਬਾਰੇ ਭਾਸ਼ਨ ਦਿਤਾ ਜਿਸ ਵਿਚ ਉਸ ਨੇ ਮਹਾਂਰਾਜੇ ਦੀਆਂ ਵਾਹਵਾ ਤਰੀਫਾਂ ਕੀਤੀਆਂ।
ਇਵੇਂ ਹੀ ਵਾਰੀ ਵਾਰੀ ਸਾਰੇ ਹੀ ਕੁਝ ਕੁ ਮਿੰਟਾਂ ਲਈ ਬੋਲੇ ਤੇ ਫਿਰ ਖੁੱਲ੍ਹੀਆਂ ਗੱਲਾਂ ਹੋਣ
ਲਗੀਆਂ। ਅਚਾਨਕ ਕਿਸੇ ਨੇ ਪੁੱਛਿਆ,
“ਮਹਾਂਰਾਜਾ, ਕਿਹੋ ਜਿਹਾ ਲਗ ਰਿਹਾ ਏ ਇੰਗਲੈਂਡ?”
“ਮਾਈ ਡੀਅਰ ਲੌਰਡ, ਹਾਲੇ ਤਾਂ ਮੈਂ ਅਜ ਈ ਆਇਆਂ ਤੇ ਇਕ ਕਮਰੇ ਵਿਚ ਬੰਦ ਆਂ।”
ਉਸ ਦੀ ਗੱਲ ‘ਤੇ ਸਾਰੇ ਹੀ ਹੱਸਣ ਲਗ ਪਏ ਤੇ ਕਈ ਕਹਿ ਉਠੇ ਕਿ ਬਹੁਤ ਢੁਕਵਾਂ ਜਵਾਬ ਹੈ। ਫਿਰ
ਕੁਝ ਗੱਲਾਂ ਮੌਸਮ ਬਾਰੇ ਹੋਣ ਲਗੀਆਂ। ਮਹਾਂਰਾਜਾ ਹਰ ਗੱਲ ਦਾ ਜਵਾਬ ਅਸਾਨੀ ਨਾਲ ਦਿੰਦਾ ਜਾ
ਰਿਹਾ ਸੀ। ਲਗਦਾ ਹੀ ਨਹੀਂ ਸੀ ਕਿ ਉਹ ਪੰਦਰਾਂ ਸਾਲ ਦਾ ਬੱਚਾ ਹੈ। ਲੌਰਡ ਮਲੇਅ ਨੂੰ
ਮਹਾਂਰਾਜਾ ਬਿਲਕੁਲ ਚੰਗਾ ਨਹੀਂ ਸੀ ਲਗ ਰਿਹਾ ਪਰ ਉਸ ਦੇ ਨਾਲ ਬੈਠਾ ਲੌਰਡ ਔਸਟਿਨ ਮਹਾਂਰਾਜੇ
ਨੂੰ ਬਹੁਤ ਹਸਰਤ ਭਰੀ ਨਜ਼ਰ ਨਾਲ ਦੇਖਦਾ ਜਾ ਰਿਹਾ ਸੀ। ਲੌਰਡ ਬਰਨਬੀ ਬਹੁਤਾ ਸਪੱਸ਼ਟ ਨਹੀਂ
ਸੀ, ਹਾਲੇ ਤਕ ਮਹਾਂਰਾਜੇ ਬਾਰੇ ਕੋਈ ਵਿਚਾਰ ਨਹੀਂ ਸੀ ਬਣਾ ਸਕਿਆ। ਮਹਾਂਰਾਜਾ ਹਰ ਇਕ ਨਾਲ
ਅੱਖਾਂ ਰਾਹੀਂ ਰਾਬਤਾ ਕਾਇਮ ਕਰਕੇ ਅਗਲੇ ਦੇ ਮਨ ਵਿਚ ਆਪਣੀ ਹੋਂਦ ਖੁਣਨ ਦੀ ਕੋਸਿ਼ਸ਼ ਕਰ
ਰਿਹਾ ਸੀ। ਜਦ ਉਸ ਨੇ ਲੌਰਡ ਬਰਨਬੀ ਨਾਲ ਅੱਖਾਂ ਮਿਲਾਈਆਂ ਤਾਂ ਲੌਰਡ ਬਰਨਬੀ ਨੇ ਖੁਸ਼
ਹੁੰਦਿਆਂ ਸਵਾਲ ਕੀਤਾ,
“ਮਹਾਂਰਾਜਾ, ਤੁਸੀ ਅੰਗਰੇਜ਼ੀ ਬਹੁਤ ਸੁਹਣੀ ਬੋਲ ਰਹੇ ਓ, ਮੈਂ ਵੀ ਇੰਡੀਆ ਵਿਚ ਰਿਹਾਂ, ਪੜੇ
ਲਿਖੇ ਲੋਕ ਵੀ ਇਵੇਂ ਨਹੀਂ ਬੋਲ ਸਕਦੇ, ਕੀ ਕਾਰਨ ਏ?”
“ਮਾਈ ਡੀਅਰ ਲੌਰਡ, ਇਹ ਤਾਂ ਸਰ ਲੋਗਨ ਤੇ ਮੈਅਮ ਦੀ ਮਿਹਨਤ ਏ ਤੇ ਮਿਹਰਬਾਨੀ ਏ।”
ਮਿਸਜ਼ ਲੋਗਨ ਬਾਗ ਬਾਗ ਹੋ ਗਈ। ਉਸ ਦੇ ਨਾਲ ਬੈਠੀ ਲੇਡੀ ਬਰਨਬੀ ਮਹਾਂਰਾਜੇ ਬਾਰੇ ਸੋਚੀ ਜਾ
ਰਹੀ ਸੀ ਕਿ ਏਨੀ ਕੁ ਉਮਰ ਦੇ ਬੱਚੇ ਤਾਂ ਮਾਂ ਬਿਨਾਂ ਨਹੀਂ ਰਹਿ ਸਕਦੇ ਇਹ ਕਿਵੇਂ ਰਹਿੰਦਾ
ਹੋਵੇਗਾ। ਇਸ ਦੀ ਮਾਂ ਇਸ ਨੂੰ ਛੱਡ ਕੇ ਕਿਵੇਂ ਅਲੋਪ ਹੋ ਗਈ ਹੋਵੇਗੀ। ਉਸ ਅੰਦਰ ਮਮਤਾ ਉਮੜਨ
ਲਗੀ। ਫਿਰ ਸਾਰੀ ਮਹਿਫਲ ਇੰਗਲੈਂਡ ਦੀ ਸਿਆਸਤ ਦੀਆਂ ਗੱਲਾਂ ਕਰਨ ਲਗੀ। ਮਹਾਂਰਾਜੇ ਨੂੰ ਇਸ
ਦਾ ਬਹੁਤਾ ਇਲਮ ਨਹੀਂ ਸੀ, ਉਹ ਆਪਣੇ ਆਪ ਨੂੰ ਮਿਸਜ਼ ਲੋਗਨ ਨਾਲ ਗੱਲਾਂ ਕਰਕੇ ਵਿਅਸਤ ਕਰ
ਲੈਂਦਾ। ਲੇਡੀ ਬਰਨਬੀ ਵੀ ਉਸ ਨੂੰ ਨਿੱਕੇ ਨਿੱਕੇ ਸਵਾਲ ਪੁੱਛਦੀ ਜਾ ਰਹੀ ਸੀ। ਉਹ ਦੋ ਘੰਟੇ
ਬੈਠ ਰਹੇ। ਖਾਣਾ ਖਾਧਾ ਤੇ ਉਠ ਤੁਰੇ। ਸਭ ਇਕ ਦੂਜੇ ਨੂੰ ਅਲਵਿਦਾ ਕਹਿ ਰਹੇ ਸਨ। ਲੌਡਰ
ਮੌਲੇਅ ਨੇ ਕਿਸੇ ਨੂੰ ਹੌਲੇ ਜਿਹੇ ਕਹਿਾ,
‘ਮੈਨੂੰ ਤਾਂ ਇਹ ਕੋਈ ਸੱਪ ਜਾਪਦੈ।’
ਮਿਸਜ਼ ਲੋਗਨ ਨੇ ਸੁਣ ਲਿਆ ਤੇ ਗੁੱਸੇ ਵਿਚ ਭਰੀ ਉਹ ਲੌਰਡ ਮੌਲੇਅ ਵਲ ਵਧ ਤੁਰੀ।
(ਤਿਆਰੀ ਅਧੀਨ ਨਾਵਲ: ਸਾਡਾ ਮਹਾਂਰਾਜਾ; ਮਹਾਂਰਾਜਾ ਦਲੀਪ ਸਿੰਘ)
-0-
|