‘ਗੁਫ਼ਾ ਵਿਚਲੀ ਉਡਾਣ’ ਵਰਿਆਮ ਸਿੰਘ ਸੰਧੂ ਦੀ ਸਚਿੱਤਰ ਸਵੈ-ਜੀਵਨੀ ਹੈ ਜੋ ਸੰਗਮ
ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ। ਇਹ ਆਮ ਸਵੈ-ਜੀਵਨੀਆਂ ਤੋਂ ਹਟਵੀਂ ਹੈ।
ਅਸਲੋਂ ਵਿਲੱਖਣ। ਸੰਧੂ ਨੂੰ ਬਿਰਤਾਂਤਕਾਰੀ ਦਾ ਚੈਂਪੀਅਨ ਮੰਨਿਆ ਜਾਂਦੈ। ਪੰਜਾਬੀ ਕਹਾਣੀ
ਗਗਨ ਦਾ ਚੰਦ! ਇਸ ਪੁਸਤਕ ਦੇ 270 ਪੰਨਿਆਂ ਉਤੇ ਉਸਨੇ ਆਪਣੀ ਸੰਘਰਸ਼ਮਈ ਹੱਡਬੀਤੀ ਗਲਪਮਈ
ਢੰਗ ਨਾਲ ਪੇਸ਼ ਕੀਤੀ
ਹੈ। ਇਸਨੂੰ ਮਹਾਂ-ਕਾਵਿ ਵਾਂਗ ਮਹਾਂ-ਕਹਾਣੀ ਵੀ ਕਿਹਾ ਜਾ ਸਕਦੈ। ਪਾਠਕ ਇਸ ਵਿਚੋਂ ਉਸ ਦੀਆਂ
ਕਹਾਣੀਆਂ ਦੇ ਪਿਛੋਕੜ ਵਿਚ ਪਈਆਂ ਅਸਲੀ ਕਹਾਣੀਆਂ ਦਾ ਥਹੁ ਪਤਾ ਲਾ ਸਕਦੇ ਹਨ। ਇਸ ਵਿਚ
ਜਸੂਸੀ ਨਾਵਲਾਂ ਵਰਗੀ ਉਤਸੁਕਤਾ ਤੇ ਲੂੰਅ ਕੰਡੇ ਖੜ੍ਹੇ ਕਰਨ ਵਾਲੇ ਵੇਰਵੇ ਹਨ।
ਜਿਵੇਂ-ਜਿਵੇਂ ਪੜ੍ਹਦੇ ਜਾਈਦਾ ਹੈਰਾਨ ਹੁੰਦੇ ਜਾਈਦੈ ਕਿ ਸਾਡੇ ਪਤਲਚੰਮੇ ਵੀਰ ਵਰਿਆਮ ਨਾਲ
ਕਿਹੋ ਜਿਹੇ ਭਾਣੇ ਵਰਤੇ ਤੇ ਉਹਨੇ ਕਿਵੇਂ ਉਹਨਾਂ ਦਾ ਸਾਹਮਣਾ ਕੀਤਾ? ਮੌਤ ਉਹਦੇ ਦਰਾਂ ‘ਤੇ
ਆਉਂਦੀ ਰਹੀ ਪਰ ਉਹ ਉਹਦੇ ਹੱਥ ਨਾ ਆਇਆ। ਸਗੋਂ ਮਾਰ-ਮਰਾਈ ਦੇ ਮਹੌਲ ਵਿਚੋਂ ਲੰਘਦਿਆਂ
ਅਨੇਕਾਂ ਕਹਾਣੀਆਂ ਤੇ ਦਹਿਸ਼ਤੀ ਦੌਰ ਦਾ ਸ਼ੀਸ਼ਾ ਵਿਖਾਉਂਦੀ ਸਵੈ-ਜੀਵਨੀ ‘ਗੁਫ਼ਾ ਵਿਚਲੀ
ਉਡਾਣ’ ਲਿਖਣ ਲਈ ਬਚਿਆ ਰਿਹਾ! ਨਾ ਸਿਰਫ਼ ਬਚਿਆ ਰਿਹਾ ਬਲਕਿ ਹੋਰ ਉੱਚੀਆਂ ਉਡਾਣਾਂ ਲਾਉਣ ਲਈ
ਹੋਰ ਬਲਵਾਨ ਹੁੰਦਾ ਗਿਆ।
ਵਰਿਆਮ ਸੰਧੂ ਪੰਜਾਬੀ ਦਾ ਸ਼ਾਨਾਮੱਤਾ ਲੇਖਕ ਹੈ। ਸਰਬਾਂਗੀ ਸਾਹਿਤਕਾਰ। ਉਹਦਾ ਕੱਦ ਵੀ ਲੰਮਾ
ਹੈ, ਕਹਾਣੀਆਂ ਵੀ ਲੰਮੀਆਂ ਲਿਖਦੈ ਤੇ ਭਾਸ਼ਨ ਵੀ ਲੰਮੇ ਦਿੰਦੈ! ਪਰ ਨਾ ਉਹਦੀ ਕਹਾਣੀ ਲੰਮੀ
ਲੱਗਦੀ ਹੈ ਤੇ ਨਾ ਭਾਸ਼ਨ ਲੰਮਾ। ਉਹਦੇ ਲਿਖਣ ਬੋਲਣ ‘ਚ ਟੂਣੇਹਾਰੀ ਖਿੱਚ ਹੁੰਦੀ ਹੈ। ਅਕਸਰ
ਕਿਹਾ ਜਾਂਦੈ ਕਿ ਉਹਦੀ ਕਲਮ ਤੇ ਜ਼ੁਬਾਨ ਉਤੇ ਸਰਸਵਤੀ ਸਵਾਰ ਐ। ਉਹਦੀ ਗੱਲ-ਕੱਥ ‘ਚ ਬਾਤਾਂ
ਪਾਉਣ ਵਾਲਾ ਰਸ ਹੁੰਦੈ। ਕਰੁਣਾ ਵੀ ਹੁੰਦੀ ਹੈ, ਹੈਰਾਨੀ ਵੀ ਤੇ ਹਾਸੇ ਮਖੌਲ ਦਾ ਰੰਗ ਵੀ।
ਉਹ ਗੱਲ ‘ਚੋਂ ਗੱਲ ਕੱਢਦਾ ਢਾਈ ਨਾਲ ਢਾਈ ਮੇਲੀ ਤੁਰਿਆ ਜਾਂਦੈ। ਸੁਨੇਹਾ ਹਮੇਸ਼ਾਂ ਹਿੰਮਤ
ਤੇ ਉਤਸ਼ਾਹ ਦਾ ਹੀ ਦਿੰਦੈ। ਹਾਂ ਪੱਖੀ। ਆ ਪਈਆਂ ਮੁਸੀਬਤਾਂ ਬਾਰੇ ਆਖਦੈ, “ਕਿਹੜੀ ਆਖ਼ਰ ਆ
ਚੱਲੀ ਏ!”
ਮਿਸਾਲ ਅਕਸਰ ਦੀਵੇ ਦੀ ਦਿੰਦੈ ਜਿਹੜਾ ਛਿਪਦੇ ਸੂਰਜ ਨੂੰ ਆਖਦੈ, “ਤੇਰੇ ਜਿੰਨਾ ਚਾਨਣ ਤਾਂ
ਨਹੀਂ ਦੇ ਸਕਦਾ ਮੇਰੇ ਹਜ਼ੂਰ! ਫਿਰ ਵੀ ਆਖਰੀ ਤੁਪਕੇ ਤਕ ਬਲਾਂਗਾ ਤੇ ਜਿੰਨਾ ਕੁ ਹੋ ਸਕਿਆ
ਹਨ੍ਹੇਰਾ ਦੂਰ ਕਰਨ ਦੀ ਕੋਸਿ਼ਸ਼ ਕਰਾਂਗਾ।”
ਉਹ ਇਸ ਪੁਸਤਕ ਦੇ ਸਰਵਰਕ ਉਤੇ ਲਿਖਦੈ, “ਮੈਂ ਅਸਲੋਂ ਸਾਧਾਰਨ ਬੰਦਿਆਂ ਵਿਚੋਂ ਹਾਂ। ਛੋਟਾ
ਤੇ ਮਾਮੂਲੀ ਬੰਦਾ। ਮੂਲੋਂ ਸਾਧਾਰਨ ਸਮਰੱਥਾ ਵਾਲਾ। ਮੇਰੇ ਵਰਗਾ ਬੰਦਾ ਭਲਾ ਕਿੰਨੇ ਕੁ ਵੱਡੇ
ਮਾਅਰਕੇ ਮਾਰ ਸਕਦਾ ਹੈ! ਕਿੰਨੀ ਕੁ ਵੱਡੀ ਤੇ ਲੰਮੀ ਲੜਾਈ ਲੜ ਸਕਦਾ ਹੈ! ਸਾਧਾਰਨ ਬੰਦੇ ਵਿਚ
ਜਿੰਨੀ ਕੁ ਸਮਰੱਥਾ ਹੁੰਦੀ ਹੈ ਮੈਂ ਓਸੇ ਦੇ ਆਸਰੇ ਵਿਰੋਧੀ ਹਾਲਾਤ ਅਤੇ ਉਲਟ ਹਵਾਵਾਂ ਦੇ
ਖਿ਼ਲਾਫ਼ ਜਿੰਨਾ ਕੁ ਲੜ ਸਕਦਾ ਸਾਂ, ਲੜਿਆ ਹਾਂ, ਜਿੰਨਾ ਕੁ ਉੱਡ ਸਕਦਾ ਸਾਂ, ਉੱਡਿਆ ਹਾਂ।
ਕਿਸੇ ਵੱਡੇ ਆਕਾਸ਼ ਵਿਚ ਨਹੀਂ। ਮਸਾਂ ਆਪਣੀ ਗੁਫ਼ਾ ਵਿਚਲੇ ਆਕਾਸ਼ ਵਿਚ ਹੀ। ਪਤਾ ਨਹੀਂ ਉੱਡ
ਵੀ ਸਕਿਆਂ ਕਿ ਨਹੀਂ? ਪਰ ਇਹ ਗੱਲ ਤਾਂ ਪੱਕ ਹੈ ਕਿ ਮੈਂ ਆਪਣੇ ਅੰਦਰੋਂ ਉੱਡਣ ਦੀ ਲੋਚਾ ਮਰਨ
ਨਹੀਂ ਦਿੱਤੀ। ਜਿਊਂਦੀ ਬਚ ਗਈ ਉੱਡਣ ਦੀ ਇਹ ਲੋਚਾ ਹੀ ਹੈ ਜਿਸ ਨੇ ਮੈਨੂੰ ਗ਼ਰਕ ਜਾਣ ਤੋਂ
ਬਚਾਈ ਰੱਖਿਆ। ਮੈਨੂੰ ਆਪਣੇ ਮਹਾਨ ਵਡੇਰਿਆਂ ਅੱਗੇ ਸ਼ਰਮਿੰਦਾ ਨਹੀਂ ਹੋਣ ਦਿੱਤਾ।”
ਰਘਬੀਰ ਸਿੰਘ ‘ਸਿਰਜਣਾ’ ਇਸ ਪੁਸਤਕ ਦੀ ਭੂਮਿਕਾ ਵਿਚ ਲਿਖਦਾ ਹੈ, “ਸਾਧਾਰਨ ਕਿਸਾਨੀ ਪਰਿਵਾਰ
ਦੇ ਜੰਮਪਲ ਹੋਣ ਦੇ ਤੱਥ ਨੂੰ ਉਸਨੇ ਤੱਠਸੱਠ ਰੂਪ ਵਿਚ ਬਿਆਨਿਆ ਹੈ, ਨਾ ਇਸ ਵਿਚੋਂ ਗ਼ਰੀਬ
ਜਾਪਣ ਵਾਲੀ ਰੁਦਨ ਦੀ ਧੁਨੀ ਸੁਣੀਦੀ ਹੈ ਅਤੇ ਨਾ ਹੀ ‘ਖ਼ਾਨਦਾਨੀ ਚੜ੍ਹਤ’ ਵਾਲੀ ਭੂਪਵਾਦੀ
ਹਉਂ ਦਾ ਵਿਖਾਵਾ ਹੁੰਦਾ ਹੈ। ਮਾਂ-ਪਿਓ, ਭੈਣ-ਭਰਾਵਾਂ, ਮਾਮਿਆਂ ਤੇ ਹੋਰ ਨੇੜਲੇ
ਰਿਸ਼ਤੇਦਾਰਾਂ ਦੀ ਬਾਤ ਨਿਰਲੇਪ ਰਹਿ ਕੇ ਇੰਝ ਪਾਈ ਹੈ ਜਿਵੇਂ ਉਹ ਆਪਣੀ ਕਿਸੇ ਕਹਾਣੀ ਦਾ
ਯਥਾਰਥਕ ਪਾਤਰ-ਚਿਤਰਨ ਕਰ ਰਿਹਾ ਹੋਵੇ। ਲੋੜੀਂਦੀ ਵਿੱਥ ‘ਤੇ ਖਲੋ ਕੇ ਉਸਨੇ ਉਹਨਾਂ ਦੀ
ਸ਼ਖਸੀਅਤ ਤੇ ਵਿਹਾਰ ਨੂੰ ਵੇਖਿਆ ਪਛਾਣਿਆ ਹੈ। ਏਸੇ ਲਈ ਉਹ ਆਰਥਿਕ ਤੰਗੀ ਕਾਰਨ ਨਸਿ਼ਆਂ ਦੀ
ਮਾਰ ਹੇਠ ਆ ਗਏ ਆਪਣੇ ਪਿਤਾ ਨੂੰ ਪਿੱਛਲਝਾਤ ਰਾਹੀਂ ਹਮਦਰਦੀ ਦੀ ਭਾਵਨਾ ਨਾਲ ਵੇਖਦਾ ਹੋਇਆ
ਉਸ ਪ੍ਰਤੀ ਰਹੇ ਆਪਣੇ ਕੁਰੱਖਤ ਵਤੀਰੇ ਉੱਤੇ ਅਫਸੋਸ ਜ਼ਾਹਰ ਕਰਦਾ ਹੈ। ਸਮੁੱਚੀ ਪੁਸਤਕ ਵਿਚ
ਹੀ ਇਕ ਗਲਪਕਾਰ ਵਜੋਂ ਵਰਿਆਮ ਦੀ ਨਿਪੁੰਨਤਾ ਆਪਣਾ ਪ੍ਰਗਟਾਅ ਕਰਦੀ ਹੈ, ਜਿਸ ਵਿਚ ਯਥਾਰਥ
ਪ੍ਰਤੀ ਵਫ਼ਾਦਾਰੀ, ਸੰਵੇਦਨਸ਼ੀਲਤਾ ਤੇ ਮਾਨਵੀ ਸਰੋਕਾਰ ਇਕੋ ਜਿੰਨੇ ਕਾਰਜਸ਼ੀਲ ਹਨ। ਵਰਿਆਮ
ਸੰਧੂ ਦੀ ਇਸ ਸਵੈ-ਜੀਵਨੀ ਨੂੰ ਮੈਂ ‘ਗੁਫ਼ਾ ਵਿਚਲੀ ਉਡਾਣ’ ਤਾਂ ਮੰਨਣ ਲਈ ਤਿਆਰ ਨਹੀਂ। ਇਸ
ਵਿਚ ਉਸਨੇ ਆਪਣੀ ਸ਼ਖਸੀਅਤ ਦੇ ਹਾਣ ਦੀ ਅਵੱਸ਼ ਬੜੀ ਉੱਚੀ ਤੇ ਸੋਹਣੀ ਉਡਾਣ ਭਰੀ ਹੈ।”
ਲੇਖਕ ਨੇ ਇਸ ਪੁਸਤਕ ਨੂੰ ਬਾਰਾਂ ਕਾਂਡਾਂ ਵਿਚ ਵੰਡਿਆ ਹੈ। ਅੱਗੋਂ ਕਾਂਡਾਂ ਦੇ ਉਪ ਸਿਰਲੇਖ
ਹਨ। ਹਰ ਕਾਂਡ ਆਪਣੇ ਆਪ ਵਿਚ ਇਕ ਬਾਤ ਹੈ। ਸਾਰੇ ਕਾਂਡ ਲੜੀਦਾਰ ਬਾਤਾਂ ਹਨ। ਪਹਿਲਾ ਕਾਂਡ
‘ਟੋਟਾ ਕੁ ਜਿ਼ੰਦਗੀ’ ਉਹ ਬਾਤ ਪਾਉਣ ਵਾਂਗ ਹੀ ਸ਼ੁਰੂ ਕਰਦਾ ਹੈ, “ਮੇਰੇ ਵਡੇਰਿਆਂ ਦਾ ਪਿੰਡ
ਭਡਾਣਾ ਸੀ, ਜਿ਼ਲ੍ਹਾ ਲਾਹੌਰ ਵਿਚ। ਸੁਰ ਸਿੰਘ ਤੋਂ ਪੰਜ ਛੇ ਕੋਹ ਦੀ ਵਾਟ ‘ਤੇ। ਸੁਰ ਸਿੰਘ
ਪਿਤਾ ਦੇ ਨਾਨਕੇ ਸਨ। ਪਿਤਾ ਦੇ ਜਨਮ ਲੈਂਦੇ ਸਾਰ ਹੀ ਮੇਰੀ ਦਾਦੀ ਧੰਨ ਕੌਰ ਗੁਜ਼ਰ ਗਈ।
ਪਤਨੀ ਦੀ ਮੌਤ ਹੋ ਜਾਣ ‘ਤੇ ਛੋਟੇ ਬੱਚਿਆਂ ਨੂੰ ਪਾਲਣ ਦੀ ਜਿ਼ੰਮੇਵਾਰੀ ਸਿਰ ਉਤੇ ਆ ਪੈਣ
ਕਰਕੇ ਮੇਰਾ ਦਾਦਾ ਚੰਦਾ ਸਿੰਘ ਡਾਢਾ ਪਰੇਸ਼ਾਨ ਸੀ। ਪਰ ਇਸ ਪਰੇਸ਼ਾਨੀ ਨੂੰ ਉਸਦੇ ਛੋਟੇ
ਸਾਲੇ ਹਕੀਕਤ ਸਿੰਘ ਅਤੇ ਉਸਦੀ ਪਤਨੀ ਹਰਨਾਮ ਕੌਰ ਨੇ ਛੇਤੀ ਹੀ ਦੂਰ ਕਰ ਦਿੱਤਾ। ਹਰਨਾਮ ਕੌਰ
ਨੇ ਆਪਣੀ ਨਣਾਨ, ਮੇਰੀ ਦਾਦੀ ਧੰਨ ਕੌਰ ਦੇ ਸਸਕਾਰ ਪਿੱਛੋਂ ਹੀ ਉਸ ਦਾ ਬੱਚਾ, ਮੇਰਾ ਹੋਣ
ਵਾਲਾ ਪਿਤਾ, ਆਪਣੀ ਗੋਦ ਵਿਚ ਲੈ ਲਿਆ ਅਤੇ ਸਭ ਦੇ ਸਾਹਮਣੇ ਐਲਾਨ ਕਰ ਦਿੱਤਾ, ਵੀਰ ਚੰਦਾ
ਸਿਅ੍ਹਾਂ! ਅੱਜ ਤੋਂ ਗੇਜੋ ਤੇ ਦੀਦਾਰ ਸਿੰਘ ਸਾਡੇ ਹੋਏ...।”
ਇਸ ਕਾਂਡ ਵਿਚ ਲੇਖਕ ਨੇ ਆਪਣੇ ਪਰਿਵਾਰ ਤੇ ਪਿੰਡ ਬਾਰੇ ਜਾਣਕਾਰੀ ਦੇਣ ਦੇ ਨਾਲ ਮਾਨਵੀ
ਰਿਸ਼ਤਿਆਂ ਦਾ ਦਿਲਟੁੰਬਵਾਂ ਬਿਰਤਾਂਤ ਪੇਸ਼ ਕੀਤਾ ਹੈ। ਖ਼ਾਸ ਕਰਕੇ ਆਪਣੀ ਮਾਤਾ ਦੀ ਮਮਤਾ
ਤੇ ਉਹਦੇ ਜਿਗਰੇ ਦਾ, “ਪਿਓ ਬਿਮਾਰ, ਆਕਸੀਜ਼ਨ ਲੱਗੀ ਹੋਈ। ਅਸੀਂ ਕਿਸੇ ਟੈਸਟ ਦੀ ਰਿਪੋਰਟ
ਲੈ ਕੇ ਆਏ ਤਾਂ ਪਿਓ ਦੇ ਸਿਰਹਾਣਿਓਂ ਉੱਠ ਕੇ ਬੀਬੀ ਅਗਲਵਾਂਢੀ ਆਕੇ ਸਾਨੂੰ ਕਹਿੰਦੀ,
‘ਤੁਹਾਡੇ ਪਿਓ ਕੋਲ ਮੈਂ ਬੈਠੀ ਹਾਂ, ਠੀਕ ਹੈ ਉਹ। ਤੁਸੀਂ ਰੋਟੀ ਖਾ ਆਓ।’ ਰੋਟੀ ਖਾ ਕੇ
ਮੁੜੇ ਤਾਂ ਪਤਾ ਲੱਗਾ ਕਿ ਪਿਤਾ ਦੀ ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ। ਮਾਂ ਤਾਂ ਸਿਰਫ਼
ਇਹ ਚਾਹੁੰਦੀ ਸੀ ਕਿ ਰੋਣ-ਕਰਲਾਉਣ ਸ਼ੁਰੂ ਹੋਣ ਤੋਂ ਪਹਿਲਾਂ ਸਵੇਰ ਤੋਂ ਭੁੱਖਣ-ਭਾਣਾ ਉਹਦਾ
ਪੁੱਤ ਰੋਟੀ ਖਾ ਲਵੇ!”
ਪੁਸਤਕ ਦਾ ਦੂਜਾ ਕਾਂਡ ਲੇਖਕ ਦੀ ਪਹਿਲੀ ਗ੍ਰਿਫ਼ਤਾਰੀ ਦਾ ਬਿਰਤਾਂਤ ਹੈ। ਕਹਾਣੀ ਦੀ ਗੋਂਦ
ਵਾਂਗ ਹੀ ਗੁੰਦਿਆ ਹੋਇਆ। ਜਦੋਂ ਉਹ ਕਰਾਂਤੀਕਾਰੀ ਕਵਿਤਾਵਾਂ ਲਿਖਣ ਤੇ ਸਟੇਜਾਂ ‘ਤੇ ਪੜ੍ਹਨ
ਲੱਗਾ ਤਾਂ ਸੀ ਆਈ ਡੀ ਕਰਦੇ ਪਿੰਡ ਦੇ ਬੰਦਿਆਂ ਨੇ ਮੱਤ ਦਿੱਤੀ ਸੀ ਪਈ ਬਚ ਕੇ ਚੱਲ, ਖਿ਼ਆਲ
ਰੱਖ ਆਪਣਾ। ਪਰ ਵਰਿਆਮ ਨੂੰ ਲੱਗਦਾ ਸੀ ਕਿ ਉਹ ਕੋਈ ‘ਗੁਨਾਹ’ ਨਹੀਂ ਕਰ ਰਿਹਾ। ਭੁੱਖ-ਦੁੱਖ,
ਅਨਿਆਂ ਤੇ ਬੇਵੱਸੀ ਦਾ ਜੀਵਨ ਭੋਗ ਰਹੇ ਆਪਣੇ ਲੋਕਾਂ ਦੀ ਬੰਦ-ਖਲਾਸੀ ਲਈ ਹੱਕ-ਸੱਚ ਦੀ
ਆਵਾਜ਼ ਹੀ ਤਾਂ ਬੁਲੰਦ ਕਰ ਰਿਹੈ। ਉਹ ਵੀ ਲਿਖ ਕੇ ਜਾਂ ਬੋਲ ਕੇ, ਬੜੇ ਹੀ ਸੀਮਤ ਰੂਪ ਵਿਚ।
ਪਰ ਉਹ ਦਿਨ ਹੀ ਅਜਿਹੇ ਸਨ ਕਿ ਕਾਲਜ ਵਿਚ ਬੀ. ਐੱਡ ਕਰਦਾ ਉਹ ਸੀਖਾਂ ਪਿੱਛੇ ਡੱਕਿਆ ਗਿਆ।
ਇਹ ਕਾਂਡ ਉਸ ਸਮੇਂ ਦੇ ਸਰਕਾਰੀ ਦਮਨ ਦਾ ਪਰਦਾ ਫਾਸ਼ ਕਰਦਾ ਹੈ। ਸਵੈ-ਜੀਵਨੀ ਹੋਣੀ ਵੀ
ਅਜਿਹੀ ਚਾਹੀਦੀ ਹੈ ਜਿਹੜੀ ਜੀਵਨੀਕਾਰ ਦੇ ਜੀਵਨ ਦੇ ਨਾਲ ਸਮੇਂ ਦੇ ਸੱਚ ਨੂੰ ਚਿਤਰ ਕੇ
ਇਤਿਹਾਸ ਸਿਰਜੇ।
ਤੀਜੇ ਕਾਂਡ ਵਿਚ ਐਮਰਜੈਂਸੀ ਵੇਲੇ ਲੇਖਕ ਦੀ ਦੂਜੀ ਗ੍ਰਿਫਤਾਰੀ ਦਾ ਵੇਰਵਾ ਹੈ ਕਿ ਕਿਵੇਂ
ਕੇਲ ਕਰੇਂਦੇ ਨੂੰ ਅਚਿੰਤੇ ਬਾਜ ਆਣ ਪਏ। ਹੱਥਕੜੀਆਂ ਲੱਗ ਗਈਆਂ, ਪਹਿਲਾਂ ਹਵਾਲਾਤ ਤੇ ਫਿਰ
ਜੇਲ੍ਹ ਵਿਚ ਡੱਕਿਆ ਗਿਆ। ਚੌਥੇ ਕਾਂਡ ਵਿਚ ਕੁੰਭੀ ਨਰਕ ਵਰਗੇ ਇੰਟੈਰੋਗੇਸ਼ਨ ਸੈਂਟਰ ਦਾ
ਹਿਰਦੇ ਵੇਧਕ ਵਰਣਨ ਹੈ, “ਅਸਮਾਨ ਚੀਰਦੀ ਚੀਕ ਸੁਣਾਈ ਦਿੱਤੀ। ਕਿਸੇ ਦੂਜੀ ਕੋਠੀ ਵਿਚੋਂ
ਬਾਹਰ ਕੱਢਿਆ ਬੰਦਾ ਧਰਤੀ ‘ਤੇ ਡਿੱਗਿਆ ਪਿਆ ਸੀ ਤੇ ਇਕ ਜਣਾ ਉਹਦੇ ‘ਤੇ, ਬਿਨਾਂ ਉਹਦੇ
ਅੰਗਾਂ ਦੀ ਪ੍ਰਵਾਹ ਕੀਤਿਆਂ, ਡਾਂਗਾਂ ਵਰ੍ਹਾ ਰਿਹਾ ਸੀ।
“ਬਖਸ਼ ਲੈ ਮਾਪਿਆ! ਮੈਂ ਨ੍ਹੀ ਕੁਝ ਲੁਕਾਇਆ ਤੈਥੋਂ ਮੋਤੀਆਂ ਆਲਿਆ! ਅੱਖਰ ਅੱਖਰ ਸੱਚ ਦਿੱਤਾ
ਹੈ।”
ਇੰਜ ਇਕ ਇਕ ਕਰ ਕੇ ਕੋਠੜੀਆਂ ਵਿਚੋਂ ‘ਬੱਕਰੇ’ ਕੱਢੇ ਜਾ ਰਹੇ ਸਨ ਅਤੇ ‘ਕਤਲਗਾਹ’ ਵੱਲ
ਲਿਜਾਏ ਜਾ ਰਹੇ ਸਨ! ਪਹਿਲੇ ਦੋਹਾਂ ਵਾਂਗ ਦੂਜਿਆਂ ਨੂੰ ਵੀ ‘ਇਹ’ ਮੁੱਢਲੀ ‘ਦਖਸ਼ਣਾ’ ਦਿੱਤੀ
ਗਈ। ਸ਼ਾਇਦ ਮੈਂ ਇਕੱਲਾ ਹੀ ਆਪਣੀ ‘ਹੋਣੀ’ ਦੀ ਉਡੀਕ ਵਿਚ ਪਿੱਛੇ ਰਹਿ ਗਿਆ ਸਾਂ। ਵੱਖ ਵੱਖ
ਜਣਿਆਂ ਦੀਆਂ ਚੀਕਾਂ ਅਤੇ ਚੰਘਿਆੜਾਂ ਦੀ ਆਵਾਜ਼ ਮੇਰੇ ਕੰਨਾਂ ਵਿਚ ਪੈ ਰਹੀ ਸੀ। ਵਰ੍ਹਦੀਆਂ
ਡਾਂਗਾਂ ਜਾਂ ‘ਪੁਲਿਸੀ ਛਿੱਤਰਾਂ’ ਦਾ ਖੜਾਕ ਆ ਰਿਹਾ ਸੀ। ਇਕ ਜਣੇ ਨੂੰ ਕਿੰਨ੍ਹੀਆਂ ਹੀ
ਡਾਂਗਾਂ ਪੈ ਗਈਆਂ ਤਾਂ ਮੈਂ ਸੋਚਿਆ; ਮੈਨੂੰ ਡਾਂਗਾਂ ਦੀ ਗਿਣਤੀ ਤਾਂ ਕਰਨੀ ਚਾਹੀਦੀ ਸੀ।
ਹੁਣ ਤਾਂ ਸ਼ਾਇਦ ‘ਬੱਸ ਹੀ ਕਰਨ!’ ਤਦ ਵੀ ਉਸ ਤੋਂ ਪਿੱਛੋਂ ਮੈਂ ਗਿਣਤੀ ਸ਼ੁਰੂ ਕੀਤੀ।
ਪੂਰੀਆਂ ਅਠੱਤੀ ਡਾਂਗਾਂ ਉਸ ਤੋਂ ਪਿੱਛੋਂ ਉਸ ਬੰਦੇ ਨੂੰ ਪਈਆਂ!
‘ਨਰਕ’ ਵਿਚ ਵੀ ਆਪਣੇ ‘ਪਾਪਾਂ ਦੀ ਸਜ਼ਾ’ ਭੁਗਤ ਰਹੇ ਲੋਕਾਂ ਵਿਚ ਸ਼ਾਇਦ ਇੰਜ ਹੀ ਕੁਰਲਾਹਟ
ਮੱਚਦੀ ਹੋਵੇਗੀ! ਇਹ ਧਰਤੀ ਉਤਲਾ ‘ਨਰਕ’ ਹੀ ਸੀ।
“ਆ ਬਈ ਵਰਿਆਮ ਸਿੰਹਾਂ! ਬਾਹਰ ਆ।” ਰਾਤ ਵਾਲਾ ਅਧਖੜ ਅਫਸਰ ਮੇਰੀ ਕੋਠੜੀ ਸਾਹਮਣੇ ਖਲੋਤਾ
ਸੀ। ਉਸ ਦੇ ਪਿੱਛੇ ਬਾਵਰਦੀ ਹਵਾਲਦਾਰ ਸੀ...।”
ਇਕ ਕਾਂਡ ‘ਸ਼ਬਦਾਂ ਦੀ ਤਾਕਤ’ ਨਾਲ ਸੰਬੰਧਤ ਹੈ। ਸੁਰ ਸਿੰਘ ਦੇ ਹੀ ਇਕ ਨਿਹੰਗ ਸਿਰ ਨਜਾਇਜ਼
ਕਤਲ ਦਾ ਨਜਾਇਜ਼ ਕੇਸ ਪੈ ਜਾਂਦੈ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦੈ। ਲੇਖਕ ਨੂੰ ਪਤਾ
ਲੱਗਦੈ ਕਿ ਨਿਹੰਗ ਨਿਰਦੋਸ਼ ਹੈ। ਲੇਖਕ ਕੋਲ ਸ਼ਬਦਾਂ ਦੀ ਤਾਕਤ ਹੈ। ਉਹ ਨਿਰਦੋਸ਼ ਨੂੰ
ਬਚਾਉਣ ਲਈ ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਦਇਆ ਸਿੰਘ ਨੂੰ ਚਿੱਠੀ ਲਿਖਦਾ ਹੈ। ਚਿੱਠੀ
ਦੇ ਸ਼ਬਦ ਬਾਬਾ ਜੀ ਦੇ ਦਿਲ ਉਤੇ ਅਜਿਹਾ ਅਸਰ ਕਰਦੇ ਹਨ ਕਿ ਬਾਬਾ ਜੀ ਨਿਰਦੋਸ਼ ਨਿਹੰਗ ਸਿੰਘ
ਨੂੰ ਬਚਾਉਣ ਲਈ ਉਠ ਤੁਰਦੇ ਹਨ ਤੇ ਨਿਹੰਗ ਬਰੀ ਹੋ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ
ਚਿੱਠੀ ਜੇਲ੍ਹ ‘ਚੋਂ ਬਾਹਰ ਕੱਢਣ ਵੇਲੇ ਇਕ ਹਵਾਲਦਾਰ ਨੇ ਲੇਖਕ ਨੂੰ ਤਕੜੀ ਚੁਪੇੜ ਜੜ ਦਿੱਤੀ
ਸੀ, “...ਮੈਂ ਉਹਨਾਂ ਹਮਦਰਦਾਂ ਦਾ ਧਿਆਨ ਆਪਣੇ ਵੱਲ ਮੋੜਨ ਲਈ ਆਵਾਜ਼ ਦੇਣ ਹੀ ਵਾਲਾ ਸਾਂ
ਕਿ ਹਵਾਲਦਾਰ ਨੇ ‘ਪਟਾਕ’ ਕਰਦਾ ਜ਼ੋਰਦਾਰ ਥੱਪੜ ਮੇਰੀ ਗੱਲ੍ਹ ‘ਤੇ ਜੜ ਦਿੱਤਾ। ਖੜਾਕ ਨਾਲ
ਡਿਓੜ੍ਹੀ ਗੂੰਜ ਉੱਠੀ। ਮੇਰੀ ਆਵਾਜ਼ ਮੂੰਹ ਵਿਚ ਹੀ ਘੁਰਲ ਹੋ ਗਈ।”
“ਕਚਹਿਰੀ ਜਾਂਦਿਆਂ ਵੀ ਇਸ ਚਪੇੜ ਦੀ ਗੂੰਜ ਮੇਰੇ ਅੰਦਰਲੇ ਗੁੰਬਦ ਵਿਚ ਗੂੰਜਦੀ ਗਈ।” ਅਜਿਹੀ
ਹੈ ਲੇਖਕ ਦੀ ਲਿਖਣ ਸ਼ੈਲੀ!
‘ਅਸੀਂ ਕੀ ਬਣ ਗਏ!’ ਕਾਂਡ ਆਪਣੇ ਆਪ ਵਿਚ ‘ਭੱਜੀਆਂ ਬਾਹੀਂ’ ਵਰਗੀ ਕਹਾਣੀ ਹੈ। ਸੰਧੂ
ਦ੍ਰਿਸ਼-ਚਿਤਰਨ ਦਾ ਵੀ ਧਨੀ ਹੈ, “ਸ਼ਾਮ ਦਾ ਘੁਸਮੁਸਾ ਅਜੇ ਪਸਰਿਆ ਹੀ ਸੀ ਤੇ ਕਿਸੇ ਦੇ
ਚਿੱਤ-ਚੇਤੇ ਵੀ ਨਹੀਂ ਸੀ ਕਿ ਇਹ ਘੁਸਮੁਸਾ ਇਕ ਦਮ ਕਾਲੀ-ਬੋਲੀ ਰਾਤ ਵਾਂਗ ਸਾਰੇ ਪਿੰਡ ਵਿਚ
ਪਸਰ ਜਾਵੇਗਾ ਜਾਂ ਇਹ ਕਾਲੀ-ਬੋਲੀ ਰਾਤ ਕਿਸੇ ਪਰਿਵਾਰ ਜਾਂ ਵਿਸ਼ੇਸ਼ ਵਿਅਕਤੀਆਂ ਲਈ ਉਮਰਾਂ
ਜਿੰਨੀ ਲੰਮੀ ਹੋ ਜਾਵੇਗੀ...।”
‘ਕੁੜਿੱਕੀ ਵਿੱਚ ਫਸੀ ਜਾਨ’ ਵਾਲਾ ਕਾਂਡ ਸੰਧੂ ਦੀ ਜੀਵਨ ਕਥਾ ਦਾ ਹੋਰ ਲੂੰ ਕੰਡੇ ਖੜ੍ਹੇ
ਕਰਨ ਵਾਲਾ ਬਿਰਤਾਂਤ ਹੈ, “ਕੰਧ ਉਤੋਂ ਛਾਲਾਂ ਮਾਰ ਕੇ ਆਉਣ ਵਾਲਿਆਂ ਨੇ, ਜਿਸ ਕਮਰੇ ਵਿਚ
ਅਸੀਂ ਬੈਠੇ ਸਾਂ, ਉਹਦੀ ਵੱਖੀ ਵਾਲਾ ਦਰਵਾਜ਼ਾ ਠਕੋਰਿਆ। ਅਸੀਂ ਦੋਹਾਂ ਜੀਆਂ ਨੇ ਇਕ ਦੂਜੇ
ਦੇ ਮੂੰਹ ਵੱਲ ਵੇਖਿਆ। ਸੋਚਿਆ; ਸ਼ਾਇਦ ਇਹ ਇਕ ਦੂਜੇ ਦੇ ਅੰਤਮ ਦੀਦਾਰੇ ਹਨ। ਦਰਵਾਜ਼ਾ ਦੂਜੀ
ਵਾਰ ਖੜਕਿਆ। ਮੈਨੂੰ ਛੇਤੀ ਨਾਲ ਬਾਹੋਂ ਫੜ ਕੇ ਆਪਣੇ ਪਿੱਛੇ ਕਰਦਿਆਂ ਪਤਨੀ ਨੇ ਹੌਂਸਲਾ
ਕਰਕੇ ਦਰਵਾਜ਼ੇ ਦੀ ਚਿਟਕਣੀ ਖੋਲ੍ਹ ਦਿੱਤੀ। ਉਹ ‘ਪਹਿਲਾ ਵਾਰ’ ਆਪਣੇ ਉਤੇ ਝੱਲਣ ਲਈ ਤਿਆਰ
ਸੀ!”
ਪੂਰੀ ਪੁਸਤਕ ਹੱਡੀਂ ਹੰਢਾਏ ਅਨੁਭਵ ਦੇ ਸੰਵੇਦਨਸ਼ੀਲ ਬਿਰਤਾਂਤ ਨਾਲ ਭਰੀ ਪਈ ਹੈ। ਆਪਣੀ
ਸਾਹਿਤਕ ਸਵੈ-ਜੀਵਨੀ ਵਿਚ ਵਰਿਆਮ ਸਿੰਘ ਨੇ ਬਹੁਤਾ ਵੇਰਵਾ ਆਪਣੀਆਂ ਸਾਹਿਤਕ ਸਰਗਰਮੀਆਂ ਬਾਰੇ
ਦਿੱਤਾ ਸੀ। ‘ਗੁਫ਼ਾ ਵਿਚਲੀ ਉਡਾਣ’ ਵਿਚਲੇ ਬਹੁਤੇ ਵੇਰਵੇ ਉਹਦੇ ਉਤੇ ਆਈਆਂ ਮੁਸੀਬਤਾਂ ਦੇ
ਹਨ। ਰਾਹ ਜਾਂਦੀਆਂ ਮੁਸੀਬਤਾਂ! ਇਹ ਵੇਰਵੇ ਪੁਲਿਸ ਹੱਥੋਂ ਵਾਰ ਵਾਰ ਖੱਜਲ ਖੁਆਰ ਹੋਣ,
ਜੇਲ੍ਹ ਦੀ ਤੰਗੀ ਕੱਟਣ, ਇੰਟੈਰੋਗੇਸ਼ਨ ਸੈਂਟਰ ਦੀ ‘ਪੁੱਛ ਗਿੱਛ’, ਦਹਿਸ਼ਤੀ ਦੌਰ, ਹੋਰਨਾਂ
ਦੀ ਜਾਨ ਬਚਾਉਂਦਿਆਂ ਆਪਣੇ ਸਿਰ ਪੈ ਰਹੇ ਕਤਲ, ਬੇਮੁਹਾਰੀ ਮਾਰ ਧਾੜ ਅਤੇ ਸਕੇ ਸੰਬੰਧੀਆਂ
ਨਾਲ ਟੁੱਟਦੇ ਜੁੜਦੇ ਸੰਬੰਧਾਂ ਦੇ ਹਨ। ਪੁਸਤਕ ਪੜ੍ਹਦਿਆਂ ਪਤਾ ਲੱਗਦੈ ਪਈ ਲੇਖਕ ਸੱਚਮੁੱਚ
ਹੀ ‘ਵਰਿਆਮ ਜੋਧਾ’ ਨਿਕਲਿਆ। ਵਰਿਆਮ ਦੀ ਪਤਨੀ ਰਜਵੰਤ ਪੁਸਤਕ ਦੇ ਆਖ਼ਰੀ ਕਾਂਡ ਵਿਚ ਆਪਣੇ
ਪਤੀ ਬਾਰੇ ਲਿਖਦੀ ਹੈ, “...ਇਹ ਅਗਲੇ ਨੂੰ ਹਾਸੇ ਹਾਸੇ ਵਿਚ ਬੜੀ ਕਰੜੀ ਗੱਲ ਵੀ ਆਖ ਦਿੰਦੇ
ਨੇ। ਖਰੀ ਗੱਲ ਕਹਿਣੋਂ ਬਾਜ਼ ਨਹੀਂ ਆਉਂਦੇ। ...ਹੁਣ ਤਾਂ ਕਈ ਵਾਰ ਕੋਈ ਗੱਲ ਕਰਦਿਆਂ ਭਾਵਕ
ਵੀ ਹੋ ਜਾਂਦੇ ਨੇ। ਅੱਖਾਂ ਵਿਚ ਅੱਥਰੂ ਭਰ ਲੈਂਦੇ ਨੇ। ਪਰ ਇਹ ਵਰਿਆਮ ਸਿੰਘ ਸੰਧੂ ਹੀ ਹਨ,
ਲੋਹੇ ਦੇ ਜਿਗਰੇ ਵਾਲੇ ਕਿ ਵੱਡੇ ਵੱਡੇ ਸੰਕਟ ਆਉਂਦੇ ਰਹੇ, ਕਦੇ ਸੀ ਨਾ ਕੀਤੀ, ਸਭ ਚੁੱਪ
ਕਰਕੇ ਸਹਿ ਲਏ, ਜਿਵੇਂ ਕੁਝ ਹੋਇਆ ਈ ਨਹੀਂ ਹੁੰਦਾ।”
ਲੇਖਕ ਹੋਣ ਤਾਂ ਇਸ ਤਰ੍ਹਾਂ ਦੇ ਹੋਣ। ਉਡਾਣ ਭਰਨੋਂ ਨਾ ਡਰਨ ਭਾਵੇਂ ਆਪਣੇ ਨਿੱਕੇ ਆਕਾਸ਼
ਵਿਚ ਹੀ ਭਰਨ। ‘ਗੁਫ਼ਾ ਵਿਚਲੀ ਉਡਾਣ’ ਵਾਂਗ। ਦੀਵੇ ਵਾਂਗ ਜਗਣ ਤੇ ਜਗਦੇ ਰਹਿਣ। ਸੁਪਨੇ ਕਦੇ
ਮਰਨ ਨਾ ਦੇਣ। ਖ਼ੈਰ ਇਹ ਤਾਂ ਦਾਲ ‘ਚੋਂ ਦਾਣਾ ਚੱਖਣ ਵਾਂਗ ਹੈ। ਪੂਰਾ ਭੇਤ ਤਾਂ ਪੂਰੀ
ਪੁਸਤਕ ਪੜ੍ਹ ਕੇ ਹੀ ਪਾਇਆ ਜਾ ਸਕਦੈ।
-0-
|