ਅਫ਼ਜ਼ਲ ਅਹਿਸਨ ਲੰਡਨ ਆਇਆ
ਤਾਂ ਮੇਰੇ ਮਿੱਤਰ ਅਹਿਮਦ ਸਲੀਮ ਦੀਆਂ ਭੇਜੀਆਂ ਕੁਝ ਕਿਤਾਬਾਂ ਮੇਰੇ ਲਈ ਨਾਲ ਲਿਆਇਆ ।
ਆਉਂਦੇ ਨੇ ਹੀ (ਤਿੰਨ ਜਨਵਰੀ 1974) ਨੂੰ ਮੈਨੂੰ ਖਤ ਲਿਖਿਆ ਕਿ ਆ ਕੇ ਮਿਲ ਸਕੇਂ ਤਾਂ
ਬਿਹਤਰ ਹੈ, ਕਿਉਂਕਿ ਸਲੀਮ ਦੇ ਸੁਨੇਹੇ ਨਾਲ ਹੀ ਆਪਣੀਆਂ ਕਹਾਣੀਆਂ ਦੀ ਨਵੀਂ ਕਿਤਾਬ “ਰੰਨ
ਤਲਵਾਰ ਤੇ ਘੋੜਾ” ਵੀ ਆਪ ਨੂੰ ਭੇਂਟ ਕਰਨੀ ਚਾਹਾਂਗਾ । ਜਿੰਨਾ ਮੈਂ ਖਤ ਪੜ੍ਹ ਕੇ ਖੁਸ਼
ਹੋਇਆ ਉਨਾਂ ਹੀ ਖਤ ਵਾਲੇ ਲਿਫਾਫੇ ਤੋਂ ਹੈਰਾਨ ਸਾਂ ਜਿਸ ਤੇ ਮੈਂਬਰ ਨੈਸ਼ਨਲ ਅਸੰਬਲੀ ਆਫ
ਪਾਕਸਤਾਨ ਲਿਖਿਆ ਹੋਇਆ ਸੀ । ਕੁਝ ਚਿਰ ਸੋਚਣ ਤੋਂ ਬਾਅਦ 4 ਜਨਵਰੀ ਨੂੰ ਮੈਂ ਟੈਲੀਫੂਨ ਕੀਤਾ
ਤਾਂ ਬੜੀ ਖੜਕਵੀਂ ਪੰਜਾਬੀ ਅਵਾਜ ਆਈ । ਮੈਂ ਦਸਿਆ ਕਿ ਤੁਹਾਡਾ ਖਤ ਮਿਲਿਆ ਹੈ, ਮੈਂ ਸੰਤੋਖ
ਬੋਲ ਰਿਹਾ ਹਾਂ । ਮੈਂ ਪੁਛਿਆ ਆਪਾਂ ਕਦੋਂ ਮਿਲ ਸਕਦੇ ਹਾਂ? ਉਹਨਾ ਦਾ ਉਤਰ ਸੀ ਭਾਅ ਜੀ ਇਹ
ਗਲ ਤੁਸੀਂ ਦਸੋ, ਤੁਸੀਂ ਕਦੋਂ ਮਿਲਣ ਆ ਸਕਦੇ ਹੋ ? ਮੈਂ ਤੇ ਕੱਲਮਕਲਾ ਦੋ ਦਿਨਾਂ ਦਾ ਬੋਰ
ਹੋ ਰਿਹਾ ਹਾਂ । ਏਥੇ ਇਹਨਾਂ ਦਿਨਾਂ ਵਿਚ ਛੁੱਟੀਆਂ ਹੋਣ ਕਰਕੇ ਜਾਂ ਮੈਂ ਹਾਈਡ ਪਾਰਕ ਦੇ
ਗੇੜੇ ਮਾਰੇ ਹਨ ਜਾਂ ਫੇਰ ਹੋਟਲ ਆ ਕੇ ਬੈਠ ਜਾਂਦਾ ਹਾਂ । ਕਿਉਨਜਬਰੋ ਹੋਟਲ ਹਾਈਡ ਪਾਰਕ ਦੀ
ਇਕ ਬਾਹੀ ਨਾਲ ਹੈ ਕਿਉਨਜਬਰੋ ਟੈਰਸ ਤੇ । ਮੈਂ ਕਿਹਾ ਚੰਗਾ ਮੈਂ ਕਲ ਸ਼ਾਮੀਂ ਪੰਜ ਤੋਂ ਛੇ
ਦੇ ਦਰਮਿਆਨ ਤੁਹਾਡੇ ਪਾਸ ਹੋਵਾਂਗਾ ।
ਤਕਰੀਬਨ ਸਾਢੇ ਪੰਜ ਵਜੇ ਮੈਂ ਉਹਨਾਂ ਦੇ ਹੋਟਲ ਗਿਆ । ਆਉ –ਭਗਤ ਵਾਲੀ ਕੁੜੀ ਨੇ ਉਹਨਾਂ ਦੇ
ਕਮਰੇ ਵਿਚ ਟੈਲੀਫੂਨ ਕੀਤਾ ਤਾਂ ਉਹ ਆਪ ਹੇਠਾਂ ਆ ਗਏ ਇਕੁ ਬਾਂਹ ਨਾਲ ਉਨ੍ਹਾਂ ਘੁੱਟ ਕੇ
ਜੱਫੀ ਪਾਈ । (ਕਿੳਂਕਿ ਦੂਜੀ ਸੰਨ ਸੰਤਾਲੀ ਦੀ ਭੇਂਟ ਚੜ੍ਹ ਚੁਕੀ ਹ ੈ) ਅਸੀਂ ਲਿਫਟ ਰਾਹੀਂ
ਉਹਨਾਂ ਦੇ ਕਮਰੇ ਗਏ । ਦਰਵਾਜਾ ਖੋਲਦਿਆਂ ਉਹਨਾਂ ਆਖਿਆ । ਆਓ ਹੁਣ ਆਪਾਂ ਮਿਲ ਬੈਠੀਏ । ਇਸ
ਲਈ ਸਾਨੂੰ ਨਾ ਹੁਣ ਆਪਣੀਆਂ ਸਰਕਾਰਾਂ ਨੂੰ ਪੁਛਣ ਦੀ ਲੋੜ ਹੈ ਤੇ ਨਾ ਹੀ ਕਿਸੇ ਪਾਸਪੋਰਟ ਦੀ
। ਬੈਠਦਿਆਂ ਹੀ ਉਹਨਾਂ ਪੁਛਿਆ ਕਿ ਕੀ ਪੀਓਗੇ ? ਮੈਂ ਕਿਹਾ ਚਾਹ ਜਾਂ ਕਾਫੀ ਵਿਚੋਂ ਜਿਹੜੀ
ਵੀ ਚੀਜ ਤੁਹਾਨੂੰ ਪਸੰਦ ਹੈ । ਇਹ ਸੁਣ ਕੇ ਉਹ ਖੂੁਬ ਹੱਸੇ ਤੇ ਆਖਣ ਲਗੇ, ਅਸੀਂ ਰੰਧਾਵੇ
ਜੱਟ ਹਾਂ । ਅਸੀਂ ਆਏ ਪ੍ਰਾਹੁਣੇ ਦੀ ਦਾਰੂ ਨਾਲ ਸੇਵਾ ਕਰਦੇ ਹਾਂ । ਕੀ ਤੂੰ ਵਿਸਕੀ ਨਹੀਂ
ਪੀਏਂਗਾ । ਮੰੈਨੂੰ ਪਹਿਲਾਂ ਕੁਝ ਹੈਰਾਨੀ ਹੋਈ ਪਰ ਸ਼ਬਦ ਜੱਟ ਨੇ ਮੇਰੇ ਅੰਦਰਲਾ ਜੱਟ ਜਗਾ
ਦਿਤਾ ਸੀ । ਏਨੇ ਨੂੰ ਉਹਨਾਂ ਡੈਂਪਲ ਦੀ ਬੋਤਲ ਵਿਚੋਂ ਦੋ ਤਕੜੇ ਹਾੜੇ ਪਾਏ ਤੇ ਉਹਨਾਂ ਕਿਹਾ
ਪੰਜਾਬੀ ਜ਼ਬਾਨ ਦੀ ਤਰੱਕੀ ਦੇ ਨਾਂ । ਹਾੜਾ ਪੀ ਕੇ ਉਹਨਾਂ ਮੁੱਛਾਂ ਤੇ ਹਥ ਫੇਰਦਿਆਂ
ਪੁਛਿਆ, “ਸੁਣਾ ਅਤਰ ਸਿੰਘ ਦਾ ਕੀ ਹਾਲ ਹੈ ! ਅਜ ਕਲ ਉਹਦਾ ਕੁਝ ਛਪਿੋਆ ! ਮਾਸਕੋ ਅਸੀਂ
ਇਕੱਠੇ ਹੀ ਸਾਂ । ਉਹ ਭਾਰਤ ਦਾ ਪੰਜਾਬੀ ਨੁਮਾਂਇੰਦਾ ਸੀ ਤੇ ਮੈਂ ਪਾਕਸਤਾਨ ਦੇ ਅਦੀਬਾਂ ਦਾ
ਮੋਹਰੀ (ਕਿਉਕਿ ਫੈੇਜ਼ ਸਾਹਿਬ ਬੀਮਾਰ ਹੋਣ ਕਰਕੇ ਜਾ ਨਹੀਂ ਸੀ ਸਕੇ) ਇਮਾਨ ਨਾਲ ਅਸੀਂ
ਬੜੀਆਂ ਸੋਹਣੀਆਂ ਘੜੀਆਂ ਊਥ ੇਗੁਜਾਰੀਆਂ । ਰੂਸੀ ਅਦੀਬਾਂ ਨਾਲ ਜਦੋਂ ਪੰਜਾਬੀ ਬਾਰੇ ਗੱਲ
ਹੋਈ ਤਾਂ ਮੈਂ ਸਾਫ ਆਖਿਆ ਕਿ ਅਤਰ ਸਿੰਘ ਕਹਿ ਸਕਦਾ ਹੈ, ਮੇਰੀ ਬੋਲੀ ਪੰਜਾਬੀ ਹੈ । ਮੇਰੇ
ਲਈ ਪਹਿਲੋਂ ਪਾਕਸਤਾਨੀ ਬਨਣਾ ਪੈਂਦਾ ਹੈ । ਭਾਵੈਂ ਪਿਛਲੇ 14 ਸਾਲਾਂ ਤੋਂ ਮੈਂ ਸਿਰਫ
ਪੰਜਾਬੀ ਵਿਚ ਹੀ ਲਿਖਦਾ ਹਾਂ । ਇਸਤੋਂ ਪਹਿਲਾਂ ਉਰਦੂ ਵਿਚ ਲਿਖਦਾ ਸਾਂ । ਹੁਣ ਤੇ ਕਾਫੀ
ਨਵਾਂ ਮੋੜ ਹੈ । ਸਮੁੱਚੇ ਪੰਜਾਬੀ ਲਿਖਾਰੀ ਪੰਜਾਬੀ ਵਿਚ ਲਿਖਣਾ ਮਾਣ ਸਮਝਣ ਲਗ ਪਏ ਹਨ ।
ਸਾਂਝੇ ਪੰਜਾਬ ਸਬੰਧੀ ਮੇਰੇ ਨਾਵਲ “ਦੀਵਾ ਤੇ ਦਰਿਆ” ਨੂੰ 1962 ਵਿਚ ਰਾਈਟਰ ਗਿੱਲਡ ਦਾ ਪੰਜ
ਹਜਾਰ ਦਾ ਇਨਾਮ ਮਿਲਿਆ ਸੀ । ਉਂਜ ਉਹ ਨਾਵਲ ਛਪਣ ਤੇ ਖੱਪ ਬੜੀ ਪਈ । ਜਮਾਇਤੇ ਇਸਲਾਮ ਵਾਲੇ
ਹੱਥ ਧੋ ਕੇ ਮਗਰ ਪੈ ਗਏ ਕਿ ਇਹ ਨਾਵਲ ਭਾਰਤ ਪੱਖੀ ਹੈ ਤੇ ਪਾਕਿਸਤਾਨ ਵਿਰੋਧੀ ਹੈ । ਜਦੋਂ
ਐਲਾਨ ਹੋਇਆ ਸਦਰ ਅਯੂਬ ਹੋਰੀਂ ਆਪਣੇ ਹੱਥੀਂ ਇਨਾਮ ਦੇਣਗੇ ਤਾਂ ਮੈਂ ਲੈਣ ਤੋਂ ਇਨਕਾਰ ਕਰ
ਦਿਤਾ ਸੀ । ਮੈਂ ਦਸਿਆ ਕਿ ਇਕ ਥਾਂ ਬਲਰਾਜ ਸਾਹਨੀ ਹੋਰਾਂ ਦੇ ਵਿਚਾਰ ਤੁਹਾਡੇ ਉਸ ਨਾਵਲ
ਬਾਰੇ ਪੜ੍ਹੇ ਸਨ । ਜੋ ਕੁਝ ਇਸ ਤਰਾਂ ਸਨ ਕਿ ਪਾਕਸਤਾਨ ਵਿਚ ਇਸ ਨਾਵਲ ਨੂੰ ਪੰਜਾਬੀ ਨਾਵਲ
ਦਾ ਮੁੱਢ ਬੱਝਣਾ ਕਿਹਾ ਜਾ ਸਕਦਾ ਹੈ । ੳਂੁਜ ਉਸ ਹੀਰੋ ਤੋਂ ਦੋ ਜੁਆਨ ਕੁੜੀਆਂ ਭਲਾ ਕਾਸ ਲਈ
ਮਰਵਾਉਂਦਾ ਹੈ ? _ ਇਹ ਭਾਅ ਜੱਟ ਕਿਰਦਾਰ ਨੇ । ਜੱਟ ਨੂੰ ਮੈਂ ਬਾਣੀਆ ਕਿਵੇਂ ਬਣਾ ਦਿੰਦਾ ?
ਸਾਹਨੀ ਦੀ ਮੌਤ ਦਾ ਵੈਸੇ ਮੈਨੂੰ ਦੁਖ ਹੋਇਆ ਹੈ । ਉਹਨਾਂ ਦਾ ਛੋਟਾ ਭਰਾ ਮੈਨੂੰ ਮਾਸਕੋ
ਮਿਲਿਆ ਸੀ । _ ਮੈਂ ਤੁਹਾਡਾ ਨਾਵਲ ਪੜ੍ਹਿਆ ਹੈ । ਉਹਦੇ ਵਿਚ ਸਾਂਝੇ ਪੰਜਾਬ ਦੀ ਰੂਹ ਧੜਕਦੀ
ਹੈ । ਤੁਹਾਡੀ ਕਵਿਤਾਵਾਂ ਦੀ ਕਿਤਾਬ “ਸ਼ੀਸ਼ਾ ਇਕ ਲਿਛਕਾਰੇ ਦੋ” ਵੀ ਪੜ੍ਹ ਚੁਕਾ ਹਾਂ । _
ਚੰਗਾ ਫੇਰ ਕਹਾਣੀਆਂ ਵੀ ਹੁਣ ਪੜ੍ਹ ਲਵੀਂ । ਮੈਂ ਦਸਿਆ ਕਿ ਪੰਜਾਬੀ ਅਦਬ ਵਿਚ ਛਪੀਆਂ ਦੋ
ਤਿੰਨ ਕਹਾਣੀਆਂ ਵੀ ਮੈਂ ਪੜ੍ਹੀਆਂ ਸਨ । ਖਾਸ ਤੌਰ ਤੇ “ਲਹੂ ਦੀ ਲੋਅ” ਦਾ ਅਜੇ ਵੀ ਚੇਤਾ ਹੈ
। ਇਸ ਤੋਂ ਅੱਗੇ ਸਾਡੀ ਗਲਬਾਤ ਸਮੁਚੇ ਪੰਜਾਬੀ ਸਾਹਿਤ ਬਾਰੇ ਹੁੰਦੀ ਰਹੀ । ਜਿਹੜੀ ਗਲ ਉਹ
ਪੂਰਬੀ ਪੰਜਾਬ ਬਾਰੇ ਪੁਛਦੇ, ਮੈਂ ਦਸਦਾ ਤੇ ਨਾਲ ਹੀ ਉਸੇ ਸਬੰਧ ਵਿਚ ਪਛਮੀ ਪੰਜਾਬ ਦੀ
ਪੁੱਛਦਾ । ਉਨ੍ਹਾਂ ਦਸਿਆ ਕਾਫੀ ਕੋਸਿ਼ਸ਼ਾਂ ਪਿਛੋਂ ਹੁਣ ਗੁਰਮੁਖੀ ਪੜ੍ਹਾਈ ਜਾਣ ਲਗੀ ਹੈ ।
ਮੈਂ ਪੁਛਿਆ ਕਿ ਪੰਜਾਬ ਦੇ ਦੋਹਾਂ ਹਿਸਿਆਂ ਦੀ ਇਕ ਸਾਂਝੀ ਲਿੱਪੀ ਨਹੀਂ ਹੋ ਸਕਦੀ । ਜਿਵੇਂ
ਇਕ ਪਿੰਡ ਵਿਚ ਦੋ ਪੱਤੀਆਂ ਦਾ ਪਾਣੀ ਪੀਣ ਦੀ ਸਾਂਝੀ ਖੂੁਹੀ ਹੋਵੇ । ਉਹਨਾਂ ਦਾ ਪੱਧਰਾ ਉਤਰ
ਸੀ ਜੇ ਪੰਜਾਬ ਇਕ ਹੋ ਸਕੇਗਾ ਤਾਂ ਲਿੱਪੀ ਵੀ ਹੋ ਸਕਦੀ ਹੈ । ਮੈਂ ਕਿਹਾ ਕਿ ਫਰਜ਼ ਕਰੋ ਅਜ
ਪੰਜਾਬ ਇਕ ਹੋ ਜਾਂਦਾ ਹੈ (ਭਾਵੇਂ ਸਿਆਸੀ ਹਾਲਤਾਂ ਕਾਰਨ ਇਹ ਅਰਸ਼ੀ ਖਿਆਲ ਹਨ ।) ਤਾਂ
ਤੁਸੀਂ ਕਿਸ ਲਿੱਪੀ ਨੂੰ ਤਰਜੀਹ ਦਿਓਗੇ । ਉਹਨਾਂ ਕੁਝ ਚਿਰ ਮੂੰਹ ਉਪਰ ਚੁਕੀ ਰਖਣ ਤੋਂ
ਪਿਛੋਂ ਕਿਹਾ ਕਿ ਭਾਵੇਂ ਗੁਰਮੁਖੀ ਨੂੰ ਨਾ ਮੈਂ ਲਿਖ ਸਕਦਾ ਹਾਂ ਨਾ ਪੜ੍ਹ, ਫੇਰ ਵੀ ਮੈਂ
ਗੁਰਮੁਖੀ ਨੂੰ ਤਰਜੀਹ ਦਿਆਂਗਾ । ਉਂਜ ਸਾਡੇ ਕੁਝ ਲਿਖਾਰੀ ਹੈਨ ਜੋ ਗੁਰਮੁਖੀ ਚੰਗੀ ਤਰਾਂ
ਪੜ੍ਹ ਤੇ ਲਿਖ ਲੈਂਦੇ ਹਨ । ਸਾਡਾ ਧਿਆਨ ਹੁਣ ਪੁਰਾਣੇ ਵਿਰਸੇ ਵਲ ਹੋਇਆ ਹੈ । ਪੁਰਾਣੀਆਂ
ਕਿਤਾਬਾਂ ਜਿਹਨ੍ਹਾਂ ਦੀ ਅਦਬੀ ਥਾਂ ਹੈ, ਨਵੇਂ ਸਿਰਿਓਂ ਛਾਪੀਆਂ ਜਾ ਰਹੀਆਂ ਹਨ ।
ਮੈਂ ਦਸਿਆ ਕਿ ਪਿਛੇ ਜਿਹੇ “ਦ੍ਰਿਸ਼ਟੀ” ਵਿਚ ਗਿੰਮੀ ਦਾ ਨਾਵਲਿਟ ਸਾਂਝ ਛਪਿਆ ਹੈ । ਉਸ
ਬਾਰੇ ਤੁਹਾਡੇ ਕੀ ਵਿਚਾਰ ਹਨ । _ਮੇਰੇ ਵਿਚਾਰ ! ਮੈਂ ਤੇ ਜੋਰ ਦੇ ਕੇ ਉਸ ਤੋਂ ਛਪਵਾਇਆ ਹੈ
। “ਦੀਵਾ ਤੇ ਦਰਿਆ” ਵਾਲੀ ਗਲ ਨੂੰ ਅਗੇ ਤੋਰਦਾ ਹੈ । ਵੈਸੇ ਉਹਦਾ ਹਾਲ ਮੇਰੇ ਤੋਂ ਵੀ ਭੈੜਾ
ਹੋਇਆ ਕਿਉਂਕਿ ਉਹ ਇਕ ਸਰਕਾਰੀ ਨੌਕਰ ਸੀ । ਮਸੀਂ ਮਸੀਂ ਵਿਚਾਰੇ ਦੀ ਨੌਕਰੀ ਬਚੀ ਹੈ ।
_ਸੁਣਿਆ ਹੈ ਕਿ ਰੂਸ ਵਿਚ ਵੀ ਪੰਜਾਬੀ ਤੇ ਖੋਜ ਹੋ ਰਹੀ ਹੈ ? _ਹਾਂ ਅਜੇ ਤੱਕ ਤਾਂ ਉਹਨਾ ਦਾ
ਦਾਈਆ ਪੂਰਬੀ ਪੰਜਾਬ ਦੀ ਪੰਜਾਬੀ ਤਕ ਹੀ ਰਿਹਾ ਹੈ । ਹੁਣ ਸਾਡੇ ਨਾਲ ਵੀ ਉਹਨਾਂ ਦੀ ਗਲਬਾਤ
ਤੁਰੀ ਹੈ । ਮੇਰਾ ਨਾਵਲ “ਦੀਵਾ ਤੇ ਦਰਿਆ” ਸਰਬਰੀਆ ਕੋਵ ਕੋਲ ਸੀ । ਉਹਨੂੰ ਉਹ ਪੂਰਬੀ
ਪੰਜਾਬ ਦਾ ਹੀ ਸਮਝਦਾ ਸੀ, ਕਿਉਂਕਿ ਇਕ ਤੇ ਉਹਦੇ ਬੁਹਤੇ ਪਾਤਰਾਂ ਦੇ ਨਾਂ ਸਿੱਖ ਹਨ ਦੂਜਾ
ਉਸ ਪਾਸ ਗੁਰਮੁਖੀ ਅੱਖਰਾਂ ਵਾਲਾ ਸੀ । ਮੈਂ ਪੁਛਿਆ ਕਿ ਗੁਰਮੁਖੀ ਵਿਚ ਕਿਸ ਨੇ ਛਾਪਿਆ ਸੀ
ਤਾਂ ਉਹਨਾਂ ਦਸਿਆ ਕਿ ਪਬਲੀਸ਼ਰ ਦਾ ਤਾਂ ਪਤਾ ਨਹੀਂ ਪਰ ਮੈਥੋਂ ਛਾਪਣ ਦੀ ਇਜਾਜ਼ਤ ਹਰਨਾਮ
ਦਾਸ ਸਹਿਰਾਈ ਨੇ ਲਈ ਸੀ ।
ਅਸੀਂ ਗੱਲਾਂ ਵਿਚ ਮਗਨ ਸਾਂ ਤਾਂ ਉਹਨਾਂ ਕਿਹਾ ਕਿ ਯਾਰ ਅਜ ਦੇਸੀ ਖਾਣਾ ਖਾਣ ਨੂੰ ਜੀਅ ਕਰਦਾ
ਹੈ । ਮੈਂ ਝੱਟ ਕਿਹਾ ਫੇਰ ਆਪਾਂ ਪੰਜਾਬ ਚਲਦੇ ਹਾਂ । ਫਟਾ ਪਟ ਤਿਆਰ ਹੋਵੋ । ਉਹ ਹੈਰਾਨ ਹੋ
ਗਏ । ਮੈਂ ਕਿਹਾ ਕਿ ਚਲੋ ਤੁਹਾਨੂੰ ਇੰਗਲੈਂਡ ਦਾ ਪੰਜਾਬ ਸਾਉਥਾਲ ਦਿਖਾਂਦੇ ਹਾਂ । ਵਧ ਤੋਂ
ਵਧ ਅੱਧੇ ਪੌਣੇ ਘੰਟੇ ਵਿਚ ਆਪਾਂ ਉਥੇ ਪੁਜ ਜਾਵਾਂ ਗੇ । ਏਸ ਵੇਲੇ “ਦੀ ਗਰਨਿ” ਸਾਉਥਾਲ ਦਾ
ਇਲਾਕਾ ਏਸ਼ਆਈ ਚਹਿਲ ਪਹਿਲ ਨਾਲ ਭਰਿਆ ਹੁੰਦਾ ਹੈ । ਉਥੇ ਤਿੰਨ ਸਿਨਮੇ ਹਨ , ਤਿੰਨਾਂ ਵਿਚ
ਹੀ ਦੇਸੀ ਫਿਲਮਾਂ ਲਗਦੀਆਂ ਹਨ, ਨਾਲ ਹੀ ਛੋਲੇ ਭਟੂਰਿਆਂ ਤੋਂ ਲੈ ਕੇ ਵਧੀਆ ਮੱਠਿਆਈ ਦੀਆਂ
ਦੁਕਾਨਾਂ ਹਨ । ਉਹਨਾਂ ਆਪਣੀ ਵਰਦੀ ਸਜਾਈ । ਗਰਮ ਕੁੜਤਾ ਸਲਵਾਰ, ਮਖੇਰਨਿਆਂ ਵਾਲੀ ਚਮੜੇ ਦੀ
ਜੈਕਟ, ਸਿਰ ਤੇ ਫੂੰਦੇ ਵਾਲੀ ਉਨ ਦੀ ਬੁਣੀ ਹੋਈ ਟੋਪੀ । ਜਿੰਨਾ ਚਿਰ ਅਸੀਂ ਅੰਡਰ ਗਰਾਉਂਡ
ਰਾਹੀਂ ਈਲਿੰਗ ਤਕ ਆਏ ਤਾਂ ਸਵਾਰੀਆਂ ਚੋਰ-ਅੱਖ ਨਾਲ ਉਹਨਾਂ ਵਲ ਦੇਖਦੀਆਂ ਰਹੀਆਂ । ਅੰਡਰ
ਗਰਾਂਊਂਡ ਤੇ ਇਸ਼ਤਿਹਾਰਬਾਜੀ ਅੱਧ-ਨੰਗੀ ਕਿਸਮ ਦੀ ਦੇਖ ਕੇ ਉਹਨਾਂ ਕਿਹਾ ਕਿ ਸਰਮਾਏਦਾਰਾਂ
ਪਾਸ ਹੁਣ ਇਹੋ ਗੰਦ ਬਾਕੀ ਰਹਿ ਗਿਆ ਹੈ । ਮਾਸਕੋ ਦੀ ਅੰਡਰ ਗਰਾਂਊਂਡ ਵਿਚ ਰੂਹ ਨੂੰ ਸ਼ਾਂਤੀ
ਮਿਲਦੀ ਹੈ । ਬਹੁਤ ਹੀ ਸੁਥਰੇ ਸਟੇਸ਼ਨ ਹਨ । ਹਰ ਸਟੇਸ਼ਨ ਦਾ ਨਮੂਨਾ ਆਪਣੀ ਕਿਸਮ ਦੀ ਕਮਾਲ
ਹੈ ।
ਈਲਿੰਗ ਤੋਂ ਸਾਉਥਾਲ ਦੀ ਬਸ ਫੜੀ ਤਾਂ ਬੁਹਗਿਣਤੀ ਸਵਾਰੀਆਂ ਪੰਜਾਬੀ ਸਨ ਤੇ ਉਹ ਉਚੀ ਉਚੀ
ਗਲਾਂ ਕਰ ਰਹੀਆਂ ਸਨ । ਉਹ ਬਹੁਤ ਖੁਸ਼ ਹੋਏ ਕਿ ਏਥੇ ਵੀ ਪੰਜਾਬੀਆਂ ਦਾ ਆਪਣਾ ਸੁਭਾਅ ਹੈ ।
ਮੈਂ ਦਸਿਆ ਕਿ ਲਾਹੌਰ ਦੇ ਕਾਫੀ ਹਾਊਸ ਵਾਂਗ ਏਥੇ ਲਿਖਾਰੀ ਅਜ ਸ਼ਨਿਚਰਵਾਰ ਦੇ ਦਿਨ ਇਕ ਪੱਬ
ਵਿਚ ਬੈਠ ਕੇ ਦਾਰੂ ਪੀਂਦੇ ਹਨ । ਪਹਿਲਾਂ ਉਥੇ ਚਲਦੇ ਹਾਂ ਫੇਰ ਮਹਾਂਰਾਜਾ ਹੋਟਲ ਵਿਚ ਅੰਨ
ਪਾਣੀ ਛਕਾਂਗੇ । ਉਹਨਾਂ ਕਿਹਾ ਕਿ ਪਹਿਲਾਂ ਉਹ ਪੱਬ ਦਿਖਾ ਜਿਥੇ ਆਮ ਸਧਾਰਨ ਸਿੱਖ ਤੇ
ਮੁਸਲਮਾਨ ਦਾਰੂ ਪੀਂਦੇ ਹਨ । ਮੈਂ ਦੋ ਤਿੰਨ ਥਾਵਾਂ ਤੇ ਲੈ ਗਿਆ ਜਿਥ ੇਚਿੱਟੀਆਂ ਪੱਗਾਂ ਵੀ
ਸਿਗਰਟਾਂ ਦੇ ਧੂੁਏਂ ਵਿਚ ਭੂੁਸਲੀਆਂ ਨਜਰ ਆਉਂਦੀਆਂ ਸਨ । ਅਸੀਂ ਹਰ ਥਾਂ ਕੁਝ ਮਿੰਟ ਹੀ
ਅਟਕਦੇ, ਇਕ ਇਕ ਪੈਗ ਪੀਂਦੇ ਤੇ ਅਗੇ ਤੁਰ ਪੈਂਦੇ । ਉਹਨਾਂ ਕਿਹਾ ਅਜ ਦੇਖਿਆ ਹੈ ਮੈਂ ਆਪਣਾ
ਅਸਲੀ
ਭਾਈਚਾਰਾ । ਅੰਤ ਅਸੀਂ “ਦੀ ਰੇਲਵੇ” ਪੱਬ ਪੁਜੇ । (ਜਿਸਦਾ ਅਜ ਕਲ ਨਾਂ ਗਲਾਸੀ ਜੰਕਸ਼ਨ ਹੈ
।)
ਲਿਖਾਰੀਆਂ ਵਾਲੇ ਮੇਜ਼ ਤੇ (ਆਮ ਤੌਰ ਤੇ ਉਹੋ ਮੇਜ਼ ਹਰ ਸਨਿਚਰਵਾਰ ਪੰਜਾਬੀ ਲਿਖਾਰੀਆਂ ਪਾਸ
ਹੁੰਦਾ ਹੈ) ਅਪੜੇ । ਉਥੇ ਸਿ਼ਵਚਰਨ ਗਿੱਲ, ਅਜੀਤ ਸਤਿ ਭੰਵਰਾ,ਪ੍ਰੀਤਮ ਸਿੱਧੂ, ਸਵੈਮੀਤ,
ਪੰਨੂੰ ਆਦਿ ਬੈਠੇ ਸਨ, ਮੈਂ ਸਾਰਿਆਂ ਨਾਲ ਉਹਨਾਂ ਦਾ ਤੁਆਰਫ ਕਰਾਇਆ । ਸਿ਼ਵਚਰਨ ਨੇ ਦਸਿਆ
ਤੁਹਾਡੇ ਮੋਹਰੇ ਜਾਂਗਲੀ ਤੇ ਤਰਸੇਮ ਨੀ਼ਗਿਰੀ ਨਿਕਲ ਕੇ ਗਏ ਹਨ । ਜਦੋਂ ਮੈਂ ਕਿਹਾ ਕਿ ਇਹ
ਸਾਡੇ ਪੰਜਾਬੀ ਪਿੰਡ ਦੀ ਦੂਜੀ ਪੱਤੀ ਦੇ ਉਘੇ ਲਿਖਾਰੀ ਹਨ ਤਾਂ ਉਹਨਾਂ ਕਿਹਾ_ ਲਿਖਾਰੀ ਹੀ
ਨਹੀਂ ਭਾਅ ਥੋੜੀ ਸਿਆਸਤ ਵੀ ਕਰਦਾ ਹਾਂ । ਮੈਂ ਲਾਇਲਪੁਰ ਤੋਂ ਪੀਪਲਜ਼ ਪਾਰਟੀ ਦਾ ਐਮ ਪੀ਼
ਵੀ
ਹਾਂ । ਗਲ ਸ਼ੁਰੂ ਹੀ ਸਿਆਸਤ ਤੋਂ ਹੋ ਗਈ । ਪ੍ਰੀਤਮ ਸਿੱਧੂ ਉਹਨਾਂ ਪਾਸੋਂ ਉਥੇ ਪਰੋਗਰੈਸਿਵ
ਤਾਕਤਾਂ ਬਾਰੇ ਜਾਨਣ ਲਈ ਤਰਾਂ ਤਰਾਂ ਦੇ ਸਵਾਲ ਕਰ ਰਿਹਾ ਸੀ । ਉਹ ਪੀਪਲਜ਼ ਪਾਰਟੀ ਦੇ ਇਕ
ਵਫਾਦਾਰ ਸਿਪਾਹੀ ਵਾਂਗ ਹਰ ਸਵਾਲ ਦਾ ਜਵਾਬ ਦਿੰਦਾ ਆਪਣੀ ਪਾਰਟੀ ਦੀ ਨੀਤੀ ਦੀ ਪੁਠ ਨਾਲ
ਤਸੱਲੀ ਕਰਾ ਦਿੰਦਾ ਸੀ । ਜਦੋਂ ਸਿਧੂ ਨੇ ਕਿਹਾ ਕਿ ਤੁਸੀਂ ਮੇਰੇ ਇਕ ਵੀ ਸਵਾਲ ਦਾ ਜਵਾਬ
ਨਹੀਂ ਦਿਤਾ ਸਗੋਂ ਆਪਣੀ ਪਾਰਟੀ ਦੀ ਨੀਤੀ ਸਾਰੀ ਸਮਝਾ ਦਿਤੀ ਹੈ ਤਦ ਅਜੀਤ ਸਤਿ ਭੰਵਰਾ
ਪੰਜਾਬੀ ਸਾਹਿਤ ਬਾਰੇ ਜਾਣਕਾਰੀ ਲਈ ਵਖ ਵਖ ਸਵਾਲ ਪੁਛਣ ਲਗਾ । ਇੰਜ ਹੀ ਗਹਿਮਾ ਗਹਿਮੀ ਵਿਚ
ਗਿਅਰਾਂ ਵਜ ਗਏ । ਪੱਬ ਦੀਆਂ ਰੋਸ਼ਨੀਆਂ ਨੇ ਅੱਖ ਮਾਰੀ ਤਾਂ ਅਸੀਂ ਆਪਣੇ ਗਲਾਸ ਖਾਲੀ ਕਰਕੇ
ਬਾਹਰ ਸੜਕ ਤੇ ਆ ਗਏ ।
ੰਿਸ਼ਵਚਰਨ ਗਿੱਲ ਨੇ ਉਹਨਾਂ ਨਾਲ ਜੱਫੀ ਪਾਈ ਤੇ ਅਗਲੇ ਸ਼ਨਿਚਰ ਫੇਰ ਮਿਲਣ ਲਈ ਉਹਨਾਂ ਨੂੰ
ਮਨਾ ਲਿਆ । ਸਭਾ ਦੀ ਮੀਟਿੰਗ ਲਈ ਹਾਲ ਉਦੋਂ ਹੀ ਗਮਨੇ (ਪੱਬ ਦੇ ਇਨਚਾਰਜ) ਨੂੰ ਕਹਿ ਕੇ
ਬੁੱਕ ਕਰਾ ਲਿਆ ਤੇ ਸਾਰਿਆਂ ਨੰ ਦਸ ਦਿਤਾ ਤੁਹਾਨੂੰ ਚਿਠੀਆਂ ਨਹੀਂ ਪਾਉਣੀਆਂ , ਬਾਕੀ
ਮੈਂਬਰਾਂ ਨੂੰ ਲਿਖ ਦਿਆਂਗਾ । ਅਸੀਂ ਮਹਾਂਰਾਜੇ ਵਲ ਨੂੰ ਤੁਰ ਪਏ ।
ਰਸਤੇ ਵਿਚ ਪ੍ਰੀਤਮ ਸਿੱਧੂ ਅੜ ਗਿਆ, ਕਿਊਂਕਿ ਉਹਦਾ ਘਰ ਰਾਹ ਵਿਚ ਸੀ ਕਿ ਏਥੇ ਦੋ ਦੋ ਪੈਗ
ਪੀ ਕੇ ਚਲਦੇ ਹਾਂ । ਅਸੀਂ ਸਵੈਮੀਤ ਸਮੇਤ ਹੁਣ ਚਾਰ ਹੀ ਰਹਿ ਗਏ ਸਾਂ । ਅਸੀਂ ਂ ਇਕ ਇਕ ਪੈਗ
ਪੀ ਕੇ ਪਹਿਲਾਂ ਖਾਣਾ ਖਾ ਲੈਣਾ ਬਿਹਤਰ ਸਮਝਿਆ ਤੇ ਫੇਰ ਆ ਕੇ ਪ੍ਰੀਤਮ ਸਿੱਧੂ ਦੇ ਘਰ ਬੈਠ
ਗਏ । ਫਿਰ ਸਵੇਰ ਦੇ ਤਿੰਨ ਵਜੇ ਤਕ ਮਹਿਫ਼ਲ ਚਲਦੀ ਰਹੀ । ਉਹਨਾਂ ਮਾਸਕੋ ਵਿਚ ਲਿਖੀਆਂ
ਨਜ਼ਮਾਂ “ਅੰਮ੍ਰਿਤਸਰ” ਤੇ ਪਾਬਲੋ ਨਰੂਦਾ ਨੂੰ ਆਖਰੀ ਖਤ ਦੋ ਬਹੁਤ ਸੋਹਣੀਆਂ ਨਜ਼ਮਾਂ
ਸੁਣਾਈਆਂ ਫੇਰ ਕੁਝ ਮੈਂ ਸੁਣਾਈਆਂ ਕੁਝ ਸਿੱਧੂ ਨੇ । ਬਾਕੀ ਗਲਾਂ ਬਾਤਾਂ ਲਤੀਫੇ ਨਾਲ ਹੀ
ਤੁਰਦੇ ਰਹੇ । ਉਹਨਾਂ ਦਸਿਆ ਕਿ ਪਿਛਲੀ ਬਾਰੀ ਨਿਰਮਲ ਅਰਪਨ ਲਾਹੌਰ ਆਇਆ ਤਾਂ ਅਸੀਂ ਉਸ ਰਾਤ
ਵੀ ਏਸੇ ਤਰਾਂ ਬੈਠੇ ਸਾਂ । ਬਾਰਾਂ ਵਜੇ ਤਕ ਸਾਡੇ ਹਮਾਤੜ ਲੇਖਕ ਸਭ ਝੜ ਗਏ ਸਨ, ਕੁਝ
ਸ਼ਰਾਬੀ ਹੋ ਗਏ,ਕੁਝ ਸੌਂ ਗਏ । ਅਸੀਂ ਤਿੰਨ ਬਾਕੀ ਰਹਿ ਗਏ ਸਾਂ । ਮੈਂ ਹਬੀਬ ਜਾਲਿਬ ਤੇ
ਅਰਪਨ । ਦੋ ਵਜੇ ਜਾਲਿਬ ਦੀ ਅਕਲ ਵੀ ਜਵਾਬ ਦੇ ਗਈ । ਉਂਝ ਯਾਰ ਬੜਾ ਨਿੱਘਾ ਬੰਦਾ ਹੈ ਅਰਪਨ
। ਤੋੜ ਤਕ ਮੇਰੇ ਨਾਲ ਦਾਰੂ ਵੀ ਪੀਤੀ ਤੇ ਦਿਮਾਗ ਵੀ ਕਾਇਮ ਰਖਿਆ ।
ਜਦੋਂ ਸੌਣ ਦਾ ਸਵਾਲ ਉਠਿਆ ਤਾਂ ਉਹਨਾਂ ਕਿਹਾ ਕਿ ਮੈਂ ਵਾਪਸ ਹੋਟਲ ਜਾਣਾ ਹੈ । ਕਲ ਸਾਡੀ
ਪੀਪਲਜ਼ ਪਾਰਟੀ ਵਲੋਂ ਬਰਮਿੰਗਮ ਮੀਟੰਗ ਹੈ । ਕਾਰ ਵਾਲੇ ਬੰਦੇ ਨੇ ਸਵੇਰੇ 10 ਵਜੇ ਹੋਟਲ ਤੇ
ਆਉਣਾ ਹੈ । ਮੈਂ ਸਿ਼ਵਚਰਨ ਨੂੰ ਟੈਲੀਫੂਨ ਕੀਤਾ ਕਿਉਂਕਿ ਉਸ ਪਾਸ ਕਾਰ ਹੈ । ਉਹ ਪੂਰਾ
ਸ਼ਰਾਬੀ ਹੋਇਆ ਸੀ । ਮੈਂ ਕਿਹਾ ਕਿ ਹੁਣ ਏਥੇ ਹੀ ਸੌਂਦੇ ਹਾਂ, ਸਵੇਰੇ 9 ਵਜੇ ਮੈਂ ਤੁਹਾਨੂੰ
ਹੋਟਲ ਤੇ ਅਪੜਾ ਦਿਆਂਗਾ ।
ਸਵੇਰੇ ਅੱਠ ਵਜੇ ਉਠ ਕੇ ਮੈਂ ਦੋ ਕੱਪ ਚਾਹ ਦੇ ਲਿਆਇਆ । ਚਾਹ ਪੀ ਕੇ ਅਸੀਂ ਸਾਉਥਾਲ ਬਰਾਡਵੇ
ਤੇ ਦੇਸੀ ਦੁਕਾਨਾਂ ਦੇ ਨਾਂ ਪੜ੍ਹਦੇ ਤੇ ਹੱਸਦੇ ਜਾ ਰਹੇ ਸਾਂ । ਗੁਰੁ ਨਾਨਕ ਦੀ ਤਸਵੀਰ ਦੇਖ
ਕੇ ਉਹਨਾਂ ਕਿਹਾ ਕਿ ਦੁਕਾਨ ਜਰੂਰ ਕਿਸੇਸਿੱਖ ਦੀ ਹੋਵੇਗੀ । ਮੈਂ ਕਿਹਾ ਨਹੀਂ ਇਹ ਮੁਸਲਮਾਨ
ਦੀ ਹੈ । ਉਹ ਬੜਾ ਹੈਰਾਨ ਹੋਇਆ, ਮੈਂ ਦਸਿਆ ਇਹ ਤਸਵੀਰਾਂ ਤਾਂ ਉਸ ਨੇ ਵੇਚਣ ਲਈ ਰਖੀਆਂ
ਹੋਈਆਂ ਹਨ। ਜਦੋਂ ਨੜੇ ਹੋ ਕੇ ਦੇਖਿਆ ਤਾਂ ਪੰਜਾਬੀ ਅਖਬਾਰਾਂ ਦੇ ਨਾਲ ਉਰਦੂ ਦੇ “ਜੰਗ”
“ਮਸ਼ਰਕ” ਵੀ ਪਏ ਸਨ । ਜਦ ਨੂੰ ਬੱਸ ਆ ਗਈ । ਅਸੀਂ ਸਵਾ ਨੌਂ ਉਹਨਾਂ ਦੇ ਹੋਟਲ ਪੁਜ ਗਏ ਤੇ
ਮੈਂ ਵਾਪਸ ਮੁੜ ਆਇਆ ।
ਹਾਲ ਵਿਚ ਸਾਰੇ ਬੈਠੇ ਉਹਨਾਂ ਦੀ ਉਡੀਕ ਕਰ ਰਹੇ ਸਨ । ਦਿਤੇ ਸਮੇਂ ਤੋਂ ਇਕ ਘੰਟਾ ਉਤੇ ਹੋ
ਗਿਆ ਸੀ । ਕੁਝ ਮੈਨੂੰ ਘੂੁਰ ਰਹੇ ਸਨ ਕੁਝ ਸਿ਼ਵਚਰਨ ਗਿੱਲ ਨੂੰ । ਮੈਂ ਜਾ ਕੇ ਟੈਲੀਫੂਨ ਤੇ
ਪਤਾ ਕੀਤਾ ਤਾਂ ਉਹ ਹੋਟਲ ਤੋਂ ਚਾਰ ਘੰਟੇ ਪਹਿਲਾਂ ਦੇ ਹੀ ਬਾਹਰ ਗਏ ਹੋਏ ਸਨ । ਉਹਨਾਂ ਤੋਂ
ਦੂਜਾ ਨੰਬਰ ਲਿਆ ਜਿਥੈ ਉਹ ਗਏ ਹੋਏ ਸਨ । ਉਥੋਂ ਉਹ ਸਾਡੇ ਵਲ ਨੂੰ ਇਕ ਘੰਟੇ ਤੋਂ ਤੁਰੇ ਹੋਏ
ਸਨ । ਅਣਜਾਣ ਡਰਾਇਵਰ ਕਰਕੇ ਲੰਡਨ ਦੇ ਵਨ ਵੇ ਟਰੈਫਿਕ ਤੋਂ ਖੱਜਲ ਖੁਆਰ ਹੁੰਦੇ ਆ ਹੀ ਪੁਜੇ
।
ਪਹਿਲਾਂ ਉਹਨਾਂ ਨੂੰ ਕੁਝ ਸਮਾ ਦਿਤਾ ਕਿ ਪਾਕਿਸਤਾਨ ਵਿਚ ਸੰਤਾਲੀ ਤੋਂ ਬਾਅਦ ਰਚੇ ਗਏ ਸਾਹਿਤ
ਬਾਰੇ ਜਾਣਕਾਰੀ ਦੇਣ । ਉਹਨਾਂ ਬੜੇ ਵਿਸਥਾਰ ਨਾਲ ਸਾਰਾ ਕੁਝ ਘਰੇਲੂ ਵਾਰਤਾਲਾਪ ਵਾਂਗ ਦਸਿਆ
। ਉਹਨਾਂ ਦਸਿਆ ਸੰਤਾਲੀ ਤੋਂ ਪਹਿਲਾਂ ਦਾ ਵਿਰਸਾ ਤਾਂ ਸਾਡਾ ਸਾਂਝਾ ਹੀ ਹੈ। ਸਗੋਂ ਸਿੱਖ
ਗੁਰੂਆਂ ਤੋਂ ਪਹਿਲਾਂ ਮੁਸਲਮਾਨ ਲੇਖਕਾਂ ਨੇ ਹੀ ਪੰਜਾਬੀ ਵਿਚ ਰਚਨਾ ਕੀਤੀ । ਸ਼ੇਖ ਫਰੀਦ ਦੀ
ਬਰਸੀ ਸਬੰਧੀ ਅਤਰ ਸਿੰਘ ਨੇ ਕਿਹਾ ਸੀ ਕਿ ਤੁਹਾਨੂੰ ਸੱਦਾ –ਪੱਤਰ ਘਲਾਂਗੇ । ਪਰ ਕੋਈ ਸੱਦਾ
ਪੱਤਰ ਨਹੀਂ ਆਇਆ ਸਗੋਂ ਮੈਂ ਭੁਟੋ ਸਾਹਿਬ ਪਾਸੋਂ ਇਕ ਲੇਖਕ ਵਫਦ ਲੈ ਜਾਣ ਦੀ ਆਗਿਆ ਲੈ ਰਖੀ
ਸੀ । ਅਸੀਂ ਹਮੇਸ਼ਾ ਏਸ ਕੋਸਿ਼ਸ਼ ਵਿਚ ਰਹੇ ਹਾਂ ਕਿ ਸਾਡਾ ਕਲਚਰਲ ਤਬਾਦਲਾ ਹੁੰਦਾ ਰਹੇ ।
ਏਸ ਮੀਟਿੰਗ ਵਿਚ ਸਾਹਿਤਕ ਤੇ ਸਿਆਸੀ ਸਵਾਲ ਉਹਨਾਂ ਤੋਂ ਪੁਛੇ ਗਏ, ਉਹਨਾਂ ਨੇ ਬੜੇ ਨਿਘੇ
ਢੰਗ ਨਾਲ ਉਤਰ ਦਿਤੇ । ਅਖੀਰ ਵਿਚ ਉਹਨਾਂ ਨੇ, ਗੁਰਨਾਮ ਢਿੱਲੋਂ, ਕਾਬਲ ਸਿੰਘ ਅਸਰ, ਦਰਸ਼ਨ
ਸਿੰਘ ਗਿਆਨੀ, ਸ਼ੇਰ ਜੰਗ ਜਾਂਗਲੀ, ਪ੍ਰੀਤਮ ਸਿੱਧੂ, ਤਰਸੇਮ ਨੀਲਗਿਰੀ, ਗਿੱਲ ਤੇ ਮੈਂ
ਕਵਿਤਾਵਾਂ ਪੜ੍ਹੀਆਂ ।
ਇਸ ਤੋਂ ਬਾਅਦ ਮੈਂ ਹਰ ਹਫਤੇ ਦੋ ਵਾਰੀ ਉਹਨਾਂ ਨੂੰ ਮਿਲਿਆ ਹਾਂ । ਸਾਡੇ ਵਿਚ ਵਖਰੇਵੇਂ
ਵਾਲੀ ਕੋਈ ਗਲ ਨਹੀਂ
ਰਹੀ । ਹਰ ਵਿਸ਼ੇ ਤੇ ਖੁਲ੍ਹੇ ਤੌਰ ਤੇ ਵਿਚਾਰ ਵਟਾਂਦਰਾ ਹੁੰਦਾ ਰਿਹਾ ਹੈ। ਏਨੀ ਸਾਂਝ ਪੈਣ
ਤੇ ਫੇਰ ਲਿਖਣ ਲਈ ਕੁਝ ਨਹੀਂ ਰਹਿੰਦਾ ।
ਇਕ ਸ਼ਾਮ ਉਹ ਸਾਡੇ ਘਰ ਆ ਰਹੇ ਸਨ । ਐਮ ਫੋਰ ਤੇ 20 ਮੀਲ ਅਗੇ ਨਿਕਲ ਗੲ ੇਸਨ । ਦੇਰ ਨਾਲ
ਆਉਣ ਤੇ ਮੈਂ ਆਖਿਆ, ਮੈਂ ਸੋਚਦਾ ਸਾਂ ਸ਼ਾਇਦ ਤੁਸੀਂ ਨਾ ਹੀ ਆਵੋ, ਪਰ ਜਦ ਤੁਹਾਡੇ ਹੋਟਲ
ਟੈਲੀਫੂਨ ਕੀਤਾ ਤਾਂ ਮੇਰੇ ਘਰ ਦਾ ਟੈਲੀਫੂਨ ਦਸ ਰਹੇ ਸਨ ਕਿ ਉਥੇ ਗਏ ਹਨ, ਤਦ ਉਹਨਾਂ ਆਖਿਆ,
ਭਾਅ_
ਮੱਥੇ ਵਟ ਪਾਏ ਕੋਈ ਮੁੜ ਮੱਥੇ ਨਾ ਲਗੀਏ
ਹਸ ਕੇ ਸਦੇ ਇਕ ਵਾਰੀ ਸੌ ਸੌ ਵਾਰੀ ਜਾਈਏ
ਮੈਂ ਕਿਹਾ ਕਿ ਮੇਰੀ ਸ਼ਾਇਰੀ ਦੀ ਪਹਿਲੀ ਪੁਸਤਕ ਤੁਹਾਡੇ ਸਿ਼ਅਰ ਨਾਲ ਸ਼ੁਰੂ ਹੁੰਦੀ ਹੈ,ਪਰ
ਨਾਂ ਤੁਹਾਡੀ ਥਾਂ ਸਹਿਜਾਦ ਅਹਿਮਦ ਦਾ ਛਪਿਆ ਹੋਇਆ ਹੈ, ਉਹਨਾਂ ਕਿਹਾ ਸਿ਼ਅਰ ਪੜ੍ਹ_
ਜਿੰਦਗੀ ਹਾਥ ਮੇਂ ਪੱਥਰ ਲੀਏ ਫਿਰਤੀ ਹੈ
ਕਿਸ ਸੇ ਸ਼ੀਸ਼ੇ ਕੇ ਮਕਾਨੋ ਮੇਂ ਰਹਾ ਜਾਏ ਹੈ
ਉਹਨਾਂ ਕਿਹਾ ਸਿ਼ਅਰ ਵੀ ਗਲਤ ਹੈ ਮਕਾਨ ਦੀ ਥਾਂ ਸ਼ੀਸ਼ੇ ਦੇ ਘਰੌਂਦੋ ਹੈ । ਤੇ ਫੇਰ ਉਹਨਾਂ
ਸਾਰੀ ਗਜ਼ਲ ਸੁਣਾਈ ਤੇ ਆਖਿਆ ਇਹ ਮੇਰੀ ਉਰਦੂ ਗਜ਼ਲ ਹੇ ਚੌਦਾਂ ਪੰਦਰਾਂ ਸਾਲ ਪਹਿਲਾਂ ਦੀ ।
ਤੁਰਨ ਸਮੇਂ ਮੇਰੇ ਛੋਟੇ ਭਰਾ ਨੇ ਕਾਰ ਰਾਹੀਂ ਭਾਰਤ ਜਾਣ ਸਮੇਂ ਉਹਨਾਂ ਪਾਸ ਅਟਕਾਅ ਕਰਨ ਦਾ
ਫੇਸਲਾ ਸੁਣਾਇਆ ਤੇ ਦੋਵੇਂ ਗਲੇ ਮਿਲੇ, ਉਹਨਾਂ ਦੀਆਂ ਅਖਾਂ ਸਿਲ੍ਹੀਆਂ ਸਨ। ਕਾਰ ਵਿਚ ਬੈਠਣ
ਲਗਿਆਂ ਨੂੰ ਮੈਂ ਕਿਹਾ ਏਨੇ ਜਜ਼ਵਾਤੀ ਨਾ ਹੋਵੋ, ਹਾਲਾਤ ਚੰਗੇ ਹੀ ਹੋਣਗੇ, ਆਉਣ ਜਾਣ ਆਮ
ਵਾਂਗੂੰ ਹੋ ਜਾਏਗਾ । ਸਾਨੂੰ ਕੋਸਿ਼ਸ਼ਾਂ ਜਾਰੀ ਰਖਣੀਆਂ ਚਾਹੀਦੀਆਂ ਹਨ । ਉਹਨਾਂ ਕਿਹਾ ਰੂਸ
ਵਿਚ ਵੀ ਆਖਰੀ ਮੀਟਿੰਗ ਸਮੇਂ ਮੈਂ ਤੇ ਅਤਰ ਸਿੰਘ ਰੋ ਪਏ ਸਾਂ । ਮੈਂ ਹੱਸ ਕੇ ਕਿਹਾ, ਜੱਟ
ਤਾਂ ਅਧਾ ਵਢਿਆ ਵੀ ਹਸ ਸਕਦਾ ਹੈ ।
-0-
|