ਇਹਨਾਂ ਦਿਨਾਂ ਵਿੱਚ ਹੀ
ਅਤਰ ਸਿੰਘ ਨੇ ਆਪਣੇ ਕਿਤਾਬਾਂ ਵਾਲੇ ਝੋਲੇ ਵਿਚੋਂ ਦੋ ਤਿੰਨ ਸਾਹਿਤਕ-ਮੈਗ਼ਜ਼ੀਨ ਕੱਢ ਕੇ
ਵਿਖਾਏ। ਇਹਨਾਂ ਵਿੱਚ ਵੱਖ ਵੱਖ ਲੇਖਕਾਂ ਦੀਆਂ ਕਵਿਤਾਵਾਂ, ਕਹਾਣੀਆਂ ਤੇ ਲੇਖ ਛਪੇ ਹੋਏ ਸਨ।
ਮੇਰੇ ਲਈ ਅਦਭੁੱਤ ਚੀਜ਼ ਸਨ ਇਹ ਮੈਗ਼ਜ਼ੀਨ। ਮੈਂ ਉਸਤੋਂ ਪੜ੍ਹਨ ਲਈ ਮੰਗੇ ਤਾਂ ਉਸਨੇ ਕਿਹਾ ਕਿ
ਉਹ ਮੇਰੇ ਲਈ ਹੀ ਤਾਂ ਲੈ ਕੇ ਆਇਆ ਹੈ। ਉਸ ਕੋਲ ਤਾਂ ਹੋਰ ਵੀ ਇਸਤਰ੍ਹਾਂ ਦੇ ਬਹੁਤ ਸਾਰੇ
ਪਰਚੇ ਸਨ ਪੜ੍ਹਨ ਵਾਸਤੇ। ਉਸਨੇ ਇਹ ਵੀ ਦੱਸਿਆ ਕਿ ਉਸਨੂੰ ਇਹ ‘ਕਾਰੂੰ ਦਾ ਖ਼ਜ਼ਾਨਾ’ ਸਾਡੀ
‘ਚੰਦੂ ਕੀ’ ਪੱਤੀ ਦੇ ਡਾਕਟਰ ਬਲਵੰਤ ਸਿੰਘ ਕੋਲੋਂ ਲੱਭਾ ਹੈ। ਬਲਵੰਤ ਸਿੰਘ ਤਾਂ ਸਾਡੇ
ਸਕਿਆਂ ਵਿੱਚੋਂ ਹੀ ਸੀ। ਉਸਨੇ ਫ਼ੌਜ ਵਿੱਚ ਡਾਕਟਰ ਵਜੋਂ ਸੇਵਾ ਨਿਭਾਈ ਸੀ ਅਤੇ ਹੁਣ ਮੇਜਰ ਦੇ
ਅਹੁਦੇ ਤੋਂ ਰਿਟਾਇਰ ਹੋਣ ਅਤੇ ਦੁਨੀਆਂ ਜਹਾਨ ਗਾਹੁਣ ਪਿੱਛੋਂ ਆਪਣੇ ਪਿੰਡ ਆਪਣੇ ਹੀ ਲੋਕਾਂ
ਵਿੱਚ ਆ ਵੱਸਿਆ ਸੀ। ਉਸ ਵਿੱਚ ਫੌਜੀ ਅਫ਼ਸਰਾਂ ਵਾਲੀ ਤਾਂ ਕੋਈ ‘ਫੂੰ ਫਾਂ’ ਹੈ ਹੀ ਨਹੀਂ ਸੀ।
ਅੱਤ ਦਾ ਮਿਲਣਸਾਰ ਅਤੇ ਗਾਲੜੀ।
ਭਾਵੇਂ ਅਤਰ ਸਿੰਘ ਦੀ ਪੱਤੀ ਵੀ ਉਹੋ ਹੀ ਸੀ ਪਰ ਬਲਵੰਤ ਸਿੰਘ ਤਾਂ ਸਾਡੇ ਬਹੁਤਾ ਨੇੜੇ ਸੀ।
ਸਾਡੇ ਅੰਦਰਲੇ ਘਰ ਦੇ ਬਿਲਕੁਲ ਗੁਆਂਢ ਵਿੱਚ ਹੀ ਸੀ ਉਹਨਾਂ ਦਾ ਘਰ। ਉਸਦੇ ਛੋਟੇ ਭਰਾ ਤਾਰਾ
ਸਿੰਘ ਦੇ ਮੁੰਡੇ ਜਸਵੰਤ ਨੂੰ ਅਸੀਂ ਆਪਣੇ ਸਕਿਆਂ ਵਿਚੋਂ ਮੇਰੇ ਮਾਮੇ ਦੀ ਧੀ ਛਿੰਦੋ ਦਾ
ਰਿਸ਼ਤਾ ਕਰਵਾਇਆ ਸੀ। ਇਸ ਲਈ ਮੇਰੀ ਮਾਂ ਤੇ ਮੈਂ ਭੈਣ ਛਿੰਦੋ ਨੂੰ ਮਿਲਣ ਅਕਸਰ ਹੀ ਜਾਂਦੇ
ਰਹਿੰਦੇ ਸਾਂ। ਤਾਰਾ ਸਿੰਘ ਤੇ ਬਲਵੰਤ ਸਿੰਘ ਦਾ ਵਿਹੜਾ ਸਾਂਝਾ ਸੀ। ਉਹ ਓਥੇ ਮਿਲਦਾ ਤੇ
ਮੈਨੂੰ ਹੋਣਹਾਰ ਵਿਦਿਆਰਥੀ ਸਮਝ ਕੇ ਮੇਰੀ ਪੜ੍ਹਾਈ ਦਾ ਹਾਲ-ਚਾਲ ਪੁੱਛਦਾ ਰਹਿੰਦਾ। ਉਹ ਸਾਡੇ
ਘਰ ਵੀ ਆਮ ਹੀ ਆਉਂਦਾ ਜਾਂਦਾ ਰਹਿੰਦਾ ਸੀ। ਮੇਰੀ ਦਾਦੀ ਨੂੰ ਉਹ ‘ਚਾਚੀ’ ਆਖਦਾ। ਮੈਂ ਉਸਨੂੰ
‘ਤਾਇਆ ਜੀ’ ਆਖਦਾ। ਉਹਨੀ ਦਿਨੀ ਉਹ ਮੇਰੀ ਦਾਦੀ ਦਾ ਦਮੇ ਦਾ ਇਲਾਜ ਵੀ ਕਰ ਰਿਹਾ ਸੀ। ਉਦੋਂ
ਤਾਂ ਉਹ ਸਾਡੇ ਘਰ ਦਿਨ ਦੇ ਤਿੰਨ ਚਾਰ ਗੇੜੇ ਵੀ ਮਾਰਦਾ। ਪਰ ਮੈਨੂੰ ਕੀ ਪਤਾ ਸੀ ਕਿ ਇਸ
ਬਜ਼ੁਰਗ ਕੋਲ ‘ਤੋਸ਼ੇ-ਖਾਨੇ ਦੀ ਚਾਬੀ’ ਹੈ! ਬਲਵੰਤ ਸਿੰਘ ਕੋਲ ਹਰ ਮਹੀਨੇ ਕਈ ਰਸਾਲੇ ਆਉਂਦੇ
ਸਨ। ‘ਪ੍ਰੀਤ-ਲੜੀ’, ‘ਕਵਿਤਾ’, ‘ਕਹਾਣੀ’, ‘ਫ਼ਤਹਿ’ ਅਤੇ ‘ਪ੍ਰੀਤਮ’ ਜਿਹੇ ਅਨੇਕਾਂ ਰਸਾਲਿਆਂ
ਦੀਆਂ ਉਸਨੇ ਪੂਰੇ ਪੂਰੇ ਸਾਲ ਦੀਆਂ ਫ਼ਾਈਲਾਂ ਬਣਾ ਕੇ ਰੱਖੀਆਂ ਹੋਈਆਂ ਹਨ। ਉਸਨੂੰ ਕੰਮ-ਕਾਰ
ਤਾਂ ਹੈ ਕੋਈ ਨਹੀਂ ਸੀ। ਜ਼ਮੀਨ ਹਿੱਸੇ-ਠੇਕੇ ‘ਤੇ ਦਿੱਤੀ ਹੋਈ ਸੀ। ਉਹ ਹਰ ਰੋਜ਼ ਸਵੇਰ ਦੀ
ਰੋਟੀ-ਪਾਣੀ ਖਾ ਕੇ ਰਿਸਾਲੇ, ਨਵੀਂ ਖ਼ਰੀਦੀ ਕੋਈ ਪੁਸਤਕ ਅਤੇ ਮੰਗਵਾਈਆਂ ਜਾਂਦੀਆਂ ਤਿੰਨ-ਚਾਰ
ਅਖ਼ਬਾਰਾਂ ਲੈ ਕੇ ਭਾਈ ਬਿਧੀ ਚੰਦ ਦੀ ਸਮਾਧ ਵਾਲੀ ਇਕਾਂਤ ਥਾਂ ਉੱਤੇ ਜਾ ਕੇ ਲੰਮਾ ਸਮਾਂ
ਪੜ੍ਹਦਾ ਰਹਿੰਦਾ ਅਤੇ ਲੌਢੇ ਵੇਲੇ ਘਰ ਨੂੰ ਮੁੜਦਾ।
ਮੇਰੇ ਤੇ ਅਤਰ ਸਿੰਘ ਲਈ ਬਲਵੰਤ ਸਿੰਘ ਦਾ ਪੜ੍ਹਨ-ਖ਼ਜ਼ਾਨਾ ਲੱਭ ਜਾਣਾ ਘਰ ਵਿੱਚ ਹੀ ਗੰਗਾ ਮਿਲ
ਜਾਣ ਦੇ ਸਾਮਾਨ ਸੀ। ਡਾਕਟਰ ਨੇ ਸਾਡੀ ਪੜਨ੍ਹ-ਰੁਚੀ ਨੂੰ ਵਡਿਆਇਆ, ਹੁਲਾਰਿਆ ਅਤੇ ਸ਼ਾਬਾਸ਼
ਦਿੱਤੀ। ਉਸਦਾ ਆਦੇਸ਼ ਸੀ ਕਿ ਅਸੀਂ ਪਹਿਲੇ ਰਿਸਾਲੇ ਪੜ੍ਹ ਕੇ ਵਾਪਸ ਕਰ ਦਿਆ ਕਰੀਏ ਅਤੇ ਹੋਰ
ਨਵੇਂ ਲੈ ਜਾਇਆ ਕਰੀਏ। ਅਸੀਂ ਇਹਨਾਂ ਪਰਚਿਆਂ ਦੀਆਂ ਪੁਰਾਣੀਆਂ ਫ਼ਾਈਲਾਂ ਵੀ ਪੜ੍ਹੀਆਂ। ਹਰ
ਮਹੀਨੇ ਨਵੇਂ ਪਰਚਿਆਂ ਦੇ ਡਾਕ ਵਿੱਚ ਆਉਣ ਅਤੇ ਡਾਕਟਰ ਵੱਲੋਂ ਪਹਿਲਾਂ ਪੜ੍ਹੇ ਜਾਣ ਤੇ ਫਿਰ
ਉਹਨਾਂ ਦੀ ਸਾਡੇ ਲਈ ਵਿਹਲੇ ਹੋਣ ਦੀ ਉਡੀਕ ਕਰਦੇ ਰਹਿੰਦੇ। ਕਿਸੇ ਨਸ਼ੱਈ ਨੂੰ ਵੀ ਸਾਡੇ
ਪੁਸਤਕਾਂ-ਰਿਸਾਲੇ ਪੜ੍ਹਨ ਦੇ ਨਸ਼ੇ ਨਾਲੋਂ ਵੱਧ ਨਸ਼ੇ ਦੀ ਹੋਰ ਕੀ ਤਲਬ ਹੁੰਦੀ ਹੋਵੇਗੀ!
ਨਵੇਂ ਪੁਰਾਣੇ ਲੇਖਕਾਂ ਨੂੰ ਹਰ ਮਹੀਨੇ ਛਪਦਿਆਂ ਵੇਖ ਕੇ ਮੇਰੇ ਮਨ ਵਿੱਚ ਵੀ ਇਹਨਾਂ ਪਰਚਿਆਂ
ਵਿੱਚ ਛਪਣ ਦੀ ਰੀਝ ਜਾਗ ਪਈ। ਪਰ ਮੈਨੂੰ ਇਹਨਾਂ ਵਿੱਚ ਕੌਣ ਛਾਪੂ? ਪਹਿਲਾਂ ਮੈਂ ਇਸ ਪੱਧਰ
ਦੀ ਚੀਜ਼ ਲਿਖਣ ਦੇ ਯੋਗ ਅਤੇ ਸਮਰੱਥ ਤਾਂ ਹੋ ਜਾਵਾਂ! ਪਹਿਲਾਂ ਹੋਰਨਾਂ ਨੂੰ ਪੜ੍ਹ ਅਤੇ ਜਾਣ
ਤਾਂ ਲਵਾਂ ਕਿ ਉਹ ਕਿਵੇਂ ਲਿਖਦੇ ਨੇ!
ਛੁੱਟੀ ਵਾਲੇ ਕਿਸੇ ਦਿਨ ਘਰ ਦੇ ਖੇਤੀ-ਬਾੜੀ ਦੇ ਕੰਮ ਵਿੱਚ ਹੱਥ ਵਟਾਉਣ ਲਈ ਮੇਰੀ ਡਿਊਟੀ
ਬਹੁਤੀ ਖੂਹ ਵਾਹੁਣ ਦੀ ਹੁੰਦੀ। ਮੈਂ ਬੋਤੀ ਲੈ ਜਾਂਦਾ, ਖੂਹ ‘ਤੇ ਜੋੜਦਾ, ਉਸਨੂੰ ਖੋਪੇ
ਲਾਉਂਦਾ ਅਤੇ ਟਿਚਕਰ ਮਾਰ ਕੇ ਤੋਰ ਦਿੰਦਾ। ਆਪ ਹੱਥ ਵਿੱਚ ਨਵਾਂ ਨਾਵਲ ਲੈ ਕੇ ਨੇੜੇ ਹੀ ਖੂਹ
ਉਤਲੇ ਵੱਡ ਆਕਾਰੀ ਪਿੱਪਲਾਂ-ਬੋਹੜਾਂ ਦੀ ਸੰਘਣੀ ਛਾਂ ਹੇਠਾਂ ਕੋਈ ਕੱਪੜਾ ਵਿਛਾ ਕੇ ਬੈਠ
ਜਾਂਦਾ ਤੇ ਹੱਥਲੀ ਕਿਤਾਬ ਦੇ ਪੰਨਿਆਂ ਵਿੱਚ ਗਵਾਚ ਜਾਂਦਾ। ਕਦੀ ਕਦੀ ਮਾਲ-ਡੰਗਰ ਖੇਤਾਂ
ਵਿੱਚ ਫਿਰਾਉਣ ਲਈ ਲੈ ਕੇ ਜਾਣਾ ਪੈਂਦਾ ਤਾਂ ਵੀ ਮੇਰੇ ਹੱਥ ਵਿੱਚ ਕਿਤਾਬ ਹੁੰਦੀ। ਕਿਤਾਬਾਂ
ਵਿਚੋਂ ਹਰ ਪਲ ਨਵੀਂ ਤੋਂ ਨਵੀਂ ਜ਼ਿੰਦਗੀ ਦੇ ਝਲਕਾਰੇ ਮਿਲਦੇ। ਵੱਖ ਵੱਖ ਮਨੁੱਖਾਂ ਦੇ ਸੁਭਾ
ਅਤੇ ਵਤੀਰੇ ਦੀ ਚੰਗਿਆਈ, ਦੋਰੰਗੀ, ਦੁਬਿਧਾ ਸਮੇਤ ਉਹਨਾਂ ਅੰਦਰ ਵੱਸਦੇ ਬਹੁ-ਬਿਧ ਰਾਂਗਲੇ
ਸੰਸਾਰ ਦੀ ਸੋਝੀ ਪੈਂਦੀ। ਕੋਈ ਪਾਤਰ ਚੰਗਾ ਲੱਗਦਾ, ਕੋਈ ਬਹੁਤ ਬੁਰਾ। ਪਹਿਲਾਂ ਪੜ੍ਹਦਾ ਤੇ
ਫਿਰ ਪੜ੍ਹੇ ਬਾਰੇ ਕਿੰਨ੍ਹਾ ਕਿੰਨ੍ਹਾ ਚਿਰ ਸੋਚਦਾ ਰਹਿੰਦਾ। ਕਾਲੇ ਅੱਖਰਾਂ ਚੋਂ ਕੋਈ
ਦੁਨੀਆਂ ਉੱਠ ਕੇ ਮੇਰੇ ਮਨ-ਮਸਤਕ ਵਿੱਚ ਵੱਸ ਜਾਂਦੀ। ਅਤਰ ਸਿੰਘ ਤੇ ਮੈਂ ਪੜ੍ਹੀਆਂ ਰਚਨਾਵਾਂ
ਅਤੇ ਉਹਨਾਂ ਦੇ ਆਪਣੇ ਮਨ ‘ਤੇ ਪੈਣ ਵਾਲੇ ਪ੍ਰਭਾਵ ਬਾਰੇ ਆਪਸ ਵਿੱਚ ਚਰਚਾ ਵੀ ਕਰਦੇ
ਰਹਿੰਦੇ।
ਜਦੋਂ ਨਵੀਂ ਕਿਤਾਬ ਮੇਰੇ ਹੱਥ ‘ਚ ਆਉਂਦੀ ਤਾਂ ਮੇਰਾ ਚਾਅ ਠੱਲ੍ਹਿਆ ਨਾ ਜਾਂਦਾ। ਪਰ ਕਿਤਾਬ
ਮੁੱਕ ਜਾਣ ਤੋਂ ਬਾਅਦ ਜਿੰਨਾਂ ਚਿਰ ਨਵੀਂ ਕਿਤਾਬ ਜਾਂ ਹੋਰ ਕੋਈ ਪੜ੍ਹਨ-ਸਾਮੱਗਰੀ ਹੱਥ ਨਾ ਆ
ਜਾਂਦੀ, ਓਨਾ ਚਿਰ ਮੈਂ ਵਿਗੋਚਿਆ ਜਿਹਾ ਰਹਿੰਦਾ। ਕਿਤਾਬਾਂ ਤਾਂ ਮੇਰੇ ਸਾਹ ਸਨ; ਮੇਰੀ
ਜ਼ਿੰਦਗੀ ਸਨ।
ਮੈਨੂੰ ਇੱਕ ਤਰ੍ਹਾਂ ਪੜ੍ਹਣ ਦਾ ਝੱਲ ਜਿਹਾ ਹੋ ਗਿਆ। ਸਕੂਲ ਦੀ ਲਾਇਬ੍ਰੇਰੀ ਵਿੱਚੋਂ ਉਸ
ਵੇਲੇ ਦੇ ਪੰਜਾਬੀ ਅਤੇ ਹਿੰਦੀ ਵਿੱਚ ਛਪਦੇ ਸਾਰੇ ਪ੍ਰਮੁੱਖ ਲੇਖਕਾਂ ਦੇ ਨਾਵਲ ਅਤੇ ਕਹਾਣੀਆਂ
ਕਢਵਾ ਕੇ ਪੜ੍ਹਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਦੋ ਕਿਤਾਬਾਂ ਕਢਵਾਉਣੀਆਂ, ਪੜ੍ਹਣੀਆਂ, ਵਾਪਸ
ਕਰਨੀਆਂ ਅਤੇ ਹੋਰ ਨਵੀਆਂ ਕਢਵਾ ਲੈਣੀਆਂ। ਸਾਰੀ ਲਾਇਬ੍ਰੇਰੀ ਦੀਆਂ ਸਾਰੀਆਂ ਕਿਤਾਬਾਂ ਇੱਕੋ
ਵਾਰ ਪ੍ਰਾਪਤ ਕਰਨ ਤੇ ਇਕੋ ਸਾਹੇ ਹੀ ਪੜ੍ਹ ਲੈਣ ਦਾ ਲਾਲਚ ‘ਸੋਨੇ ਦਾ ਆਂਡਾ ਦੇਣ ਵਾਲੀ
ਮੁਰਗੀ ਕੋਲੋਂ ਇਕੋ ਵਾਰ ਸਾਰੇ ਆਂਡੇ ਲੈ ਲੈਣ ਦੇ ਲਾਲਚ ਤੱਕ ਵਧ ਚੁੱਕਾ ਸੀ।’
ਫ਼ਿਰ ਅਤਰ ਸਿੰਘ ਨੇ ਹੀ ਇੱਕ ਤਰਕੀਬ ਸੋਚੀ।
ਨਵਾਂ ਹੀ ਨਿਯੁਕਤ ਹੋ ਕੇ ਆਇਆ ਸਾਡਾ ਪ੍ਰਭਾਕਰ ਮਾਸਟਰ ਹੰਸ ਰਾਜ ਹਿਮਾਚਲ ਦੇ ਰਹਿਣ ਵਾਲਾ
ਸੀ। ਉਸਨੂੰ ਲਾਇਬ੍ਰੇਰੀ ਦਾ ਨਵਾਂ ਚਾਰਜ ਦਿੱਤਾ ਗਿਆ। ਹੰਸ ਰਾਜ ਪੰਜਾਬੀ ਪੜ੍ਹਨੀ ਨਹੀਂ ਸੀ
ਜਾਣਦਾ। ਅਸੀਂ ਸੋਚੀ ਤਰਕੀਬ ਅਨੁਸਾਰ ਕੋਈ ਪੁਸਤਕ ਲਾਇਬ੍ਰੇਰੀ ‘ਚੋਂ ਕਢਵਾਉਣੀ। ਪੜ੍ਹਣ ਤੋਂ
ਪਿੱਛੋਂ ਉਸ ਕਿਤਾਬ ਦੀ ਟਾਈਟਲ ਵਾਲੀ ਜਿਲਦ ਉਖਾੜ ਲੈਣੀ ਅਤੇ ਜਿਲਦ ਵਿੱਚ ਕੋਈ ਹੋਰ ਪਿਛਲੀ
ਜਮਾਤ ਦੀ ਓਡੇ ਕੁ ਆਕਾਰ ਦੀ ਕਿਤਾਬ ਲੇਵੀ ਨਾਲ ਜੋੜ ਦੇਣੀ। ਪ੍ਰਭਾਕਰ ਨੂੰ ਦਿਖਾਉਣੀ। ਉਸ ਨੇ
ਟਾਈਟਲ ਵੇਖ ਕੇ ਆਖਣਾ, “ਠੀਕ ਹੈ! ਅਲਮਾਰੀ ‘ਚ ਰੱਖ ਦਿਓ ਅਤੇ ਹੋਰ ਮਨ-ਪਸੰਦ ਕਿਤਾਬ ਲੈ
ਲਓ……।” ਉਸਨੂੰ ਸਾਡੇ ‘ਤੇ ਅਜਿਹੀ ਕਰਤੂਤ ਕਰਨ ਦਾ ਕੋਈ ਸ਼ੱਕ ਹੈ ਹੀ ਨਹੀਂ ਸੀ। ਇਸ ਸਮੇਂ
ਤੱਕ ਅਸੀਂ ਸਕੂਲ ਦੇ ਬਹੁਤ ‘ਲਾਇਕ ਅਤੇ ਹੋਣਹਾਰ’ ਵਿਦਿਆਰਥੀਆਂ ਵਿੱਚ ਗਿਣੇ ਜਾਣ ਲੱਗੇ ਸਾਂ।
ਉਂਜ ਵੀ ਉਹ ਸਾਡੇ ਪੜ੍ਹਨ ਦੇ ਸ਼ੌਕ ਨੂੰ ਸਨੇਹ ਅਤੇ ਪਰਸੰਸਾ ਦੀਆਂ ਨਜ਼ਰਾਂ ਨਾਲ ਦੇਖਦਾ ਸੀ।
ਇੰਜ ਸਾਡੇ ਘਰ ਚੋਰੀ ਕੀਤੀਆਂ ਪੁਸਤਕਾਂ ਦੀ ਲਾਇਬ੍ਰੇਰੀ ਬਣਦੀ ਰਹੀ ਅਤੇ ਸਕੂਲ ਦੀ
ਲਾਇਬ੍ਰੇਰੀ ਵਿੱਚ ਰੱਦੀ ਇਕੱਠੀ ਹੁੰਦੀ ਰਹੀ। ਬਹੁਤ ਸਾਲਾਂ ਪਿੱਛੋਂ ਕਿਤੇ ਪ੍ਰਭਾਕਰ ਨੂੰ ਇਸ
ਗੱਲ ਦਾ ਪਤਾ ਲੱਗਾ। ਉਦੋਂ ਤੱਕ ਮੈਂ ਪੜ੍ਹ ਕੇ ਮਾਸਟਰ ਲੱਗ ਚੁੱਕਾ ਸਾਂ। ਪ੍ਰਭਾਕਰ ਹੰਸ ਰਾਜ
ਨੂੰ ਇਹ ਨਹੀਂ ਸੀ ਪਤਾ ਕਿ ਇਹ ਕਾਰਾ ਮੇਰਾ ਅਤੇ ਅਤਰ ਸਿੰਘ ਦਾ ਹੈ। ਉਸ ਵੇਲੇ ਦੀਆਂ ਕੀਮਤਾਂ
ਅਨੁਸਾਰ ਅਜਿਹੀਆਂ ਚੋਰੀ ਹੋਈਆਂ ਕਿਤਾਬਾਂ ਦੀ ਕੀਮਤ ਲਗਪਗ ਦੋ-ਢਾਈ ਹਜ਼ਾਰ ਰੁਪਏ ਬਣਦੀ ਸੀ।
ਪ੍ਰਭਾਕਰ ਰਿਟਾਇਰ ਹੋਣ ਤੱਕ ਮੇਰੇ ਪਿੰਡ ਸੁਰ ਸਿੰਘ ਦੇ ਹਾਈ ਸਕੂਲ ਵਿੱਚ ਹੀ ਪੜ੍ਹਾਉਂਦਾ
ਰਿਹਾ ਅਤੇ ਲਾਇਬ੍ਰੇਰੀ ਦਾ ਚਾਰਜ ਵੀ ਉਸ ਕੋਲ ਹੀ ਰਿਹਾ। ਅਜਿਹੀ ‘ਅਧੂਰੀ’ ਲਾਇਬ੍ਰੇਰੀ ਹੋਰ
ਕੋਈ ਵੀ ਅਧਿਆਪਕ ਲੈਣ ਲਈ ਤਿਆਰ ਨਹੀਂ ਸੀ। ਆਖ਼ਰ ਜਦੋਂ ਤਬਦੀਲ ਹੋ ਕੇ ਸੁਰ ਸਿੰਘ ਦੇ ਹਾਈ
ਸਕੂਲ ਵਿੱਚ ਪ੍ਰਭਾਕਰ ਦਾ ਕੁਲੀਗ ਬਣ ਕੇ ਪੜ੍ਹਾਉਣ ਜਾ ਲੱਗਾ ਤਾਂ ਮੈਂ ਉਸ ਕੋਲ ਆਪਣੀ ਗ਼ਲਤੀ
ਤਸਲੀਮ ਕੀਤੀ। ਉਹਨਾਂ ਸਾਰੀਆਂ ਕਿਤਾਬਾਂ ਦੀ ਉਸ ਨਾਲ ਰਲ ਕੇ ਸੂਚੀ ਤਿਆਰ ਕਰਵਾਈ ਜੋ ਗੁੰਮ
ਹੋ ਚੁੱਕੀਆਂ ਸਨ। ਫ਼ਿਰ ਹੈੱਡਮਾਸਟਰ ਪਿਆਰੇ ਲਾਲ ਕੋਲੋਂ, ਸਾਰੀ ਗੱਲ ਦੱਸ ਕੇ, ‘ਸਿਓਂਕ ਖਾ
ਗਈ’ ਲਿਖਵਾ ਕੇ ਇਹ ਕਿਤਾਬਾਂ ਕਟਵਾਈਆਂ। ਇਹ ਮੇਰੀ ਜ਼ਿੰਦਗੀ ਦੀ ਪਹਿਲੀ ਅਤੇ ਆਖ਼ਰੀ ਚੋਰੀ ਸੀ।
ਦਸਵੀਂ ਤੱਕ ਮੈਂ ਲਾਇਬ੍ਰੇਰੀ ਵਿੱਚ ਸ਼ਾਮਿਲ ਹਿੰਦੀ ਪੰਜਾਬੀ ਦੇ ਸਭ ਪ੍ਰਮੁੱਖ ਲੇਖਕ ਪੜ੍ਹ
ਲਏ। ਇਹਨਾਂ ਵਿੱਚ ਮੁਨਸ਼ੀ ਪ੍ਰੇਮ ਚੰਦ, ਉਪਿੰਦਰ ਨਾਥ ਅਸ਼ਕ, ਨਾਨਕ ਸਿੰਘ, ਗੁਰਮੁਖ ਸਿੰਘ
ਮੁਸਾਫ਼ਿਰ, ਗੁਰਬਖ਼ਸ਼ ਸਿੰਘ, ਕਰਤਾਰ ਸਿੰਘ ਦੁੱਗਲ ਅਤੇ ਜਸਵੰਤ ਸਿੰਘ ਕੰਵਲ ਆਦਿ ਸ਼ਾਮਿਲ ਸਨ।
ਨਾਲ ਨਾਲ ਉਦੋਂ ਛਪਦੇ ਸਾਹਿਤਕ ਮੈਗ਼ਜ਼ੀਨ ਡਾਕਟਰ ਬਲਵੰਤ ਸਿੰਘ ਕੋਲੋਂ ਲੈ ਕੇ ਵੀ ਅਤੇ ਆਪ
ਖ਼ਰੀਦ ਕੇ ਵੀ ਪੜ੍ਹਨੇ ਜਾਰੀ ਰੱਖੇ। ਜਿਹੜੇ ਰਿਸਾਲੇ ਜਾਂ ਕਿਤਾਬਾਂ ਮੈਂ ਪੜ੍ਹਦਾ ਉਹ ਸਾਰੇ
ਮੇਰਾ ਪਿਤਾ ਵੀ ਪੜ੍ਹਦਾ। ਉਸਨੂੰ ਵੀ ਜਿੱਧਰੋਂ ਕੋਈ ਚੰਗੀ ਕਿਤਾਬ ਲੱਭਦੀ ਤਾਂ ਪੜ੍ਹਣ ਲਈ ਲੈ
ਆਉਂਦਾ।
ਪੜ੍ਹੇ ਹੋਏ ਲੇਖਕਾਂ ਦਾ ਮੇਰੇ ਉੱਤੇ ਬਹੁਤ ਹੀ ਗੂੜ੍ਹਾ ਅਤੇ ਡੂੰਘਾ ਅਸਰ ਸੀ। ਉਹਨਾਂ ਦੀਆਂ
ਲਿਖ਼ਤਾਂ ਦਾ ਆਦਰਸ਼ਵਾਦ ਜਿੱਥੇ ਮੈਨੂੰ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕਰ ਰਿਹਾ ਸੀ ਓਥੇ
ਉਹਨਾਂ ਲੇਖਕਾਂ ਦਾ ਬਹੁਤ ਹੀ ਉੱਚਾ-ਸੁੱਚਾ ਅਤੇ ਮਾਣ-ਯੋਗ ਬਿੰਬ ਵੀ ਮੇਰੇ ਮਨ-ਮਸਤਕ ਵਿੱਚ
ਉੱਕਰਿਆ ਗਿਆ ਸੀ। ਅਜਿਹੀਆਂ ਚੰਗੀਆਂ ਲਿਖ਼ਤਾਂ ਲਿਖਣ ਵਾਲੇ ਅਤੇ ਆਪਣੀਆਂ ਕਲਮਾਂ ਨਾਲ ਹਰ ਵਾਰ
ਨਵਾਂ ਸੰਸਾਰ ਸਿਰਜ ਲੈਣ ਵਾਲੇ ਇਹ ਲੋਕ ਕਿਸੇ ਹੋਰ ਹੀ ਧਰਤੀ ਦੇ ਵਾਸੀ ਲੱਗਣ ਲੱਗੇ।
ਉੱਚੇ-ਉੱਚੇ, ਸੁੱਚੇ-ਸੁੱਚੇ! ਮੇਰੇ ਬਾਲ ਮਨ ਵਿੱਚ ਤਾਂਘ ਪੈਦਾ ਹੋਈ ਕਿ ਕਾਸ਼! ਕਿਤੇ ਮੈਂ ਵੀ
ਇਹਨਾਂ ਲੇਖਕਾਂ ਵਾਂਗ ਪੜ੍ਹਿਆ ਜਾਵਾਂ! ਜਿਵੇਂ ਇਹ ਮੈਨੂੰ ਚੰਗੇ ਚੰਗੇ ਲੱਗਦੇ ਨੇ, ਕਿਸੇ
ਹੋਰ ਪੜ੍ਹਨ ਵਾਲੇ ਨੂੰ ਮੈਂ ਵੀ ਇੰਜ ਹੀ ਚੰਗਾ ਚੰਗਾ ਲੱਗਾਂ! ਮੇਰਾ ਇਹਨਾਂ ਹਸਤੀਆਂ ਨੂੰ
ਮਿਲਣ ਅਤੇ ਵੇਖਣ ਨੂੰ ਜੀਅ ਕਰਦਾ। ਕੀ ਇਹ ਵੀ ਸਧਾਰਨ ਆਦਮੀਆਂ ਵਾਂਗ ਹੀ ਦਿਸਦੇ ਹੋਣਗੇ!
ਕਿੰਨੇ ਕਰਮਾਂ ਵਾਲੇ ਅਤੇ ਮਹਾਨ ਸਨ ਉਹ ਲੇਖਕ ਜਿਹੜੇ ਆਪਣੇ ਪਾਠਕਾਂ ਦੇ ਦਿਲਾਂ ਵਿੱਚ ਘਰ
ਬਣਾ ਕੇ ਬੈਠ ਜਾਂਦੇ ਹਨ ਅਤੇ ਉਹਨਾਂ ਦੇ ਚੇਤਿਆਂ ਵਿੱਚ ਸਦਾ ਜਿਊਂਦੇ ਰਹਿੰਦੇ ਹਨ।
ਬੰਦੇ ਦਾ ਮਰਨ ਨੂੰ ਜੀਅ ਨਹੀਂ ਕਰਦਾ। ਸ਼ਹੀਦਾਂ ਬਾਰੇ ਵੀ ਕਿਹਾ ਜਾਂਦਾ ਹੈ ਕਿ ਕਿਸੇ ਵਿਸ਼ੇਸ਼
ਮਕਸਦ ਦੀ ਪ੍ਰਾਪਤੀ ਲਈ ਆਪਣੀ ਮਰਜ਼ੀ ਨਾਲ ਆਪਣੀ ਜਾਨ ਦੀ ਬਾਜ਼ੀ ਲਾਉਂਦੇ ਸਮੇਂ ਵੀ ਉਹਨਾਂ ਦੇ
ਮਨ ਵਿੱਚ ਸੂਖ਼ਮ ਜਿਹਾ ਇਹ ਅਹਿਸਾਸ ਹੁੰਦਾ ਹੈ ਕਿ ਉਹ ਭਾਵੇਂ ਮਰ ਤਾਂ ਜਾਣਗੇ ਪਰ ਮਰਨ ਤੋਂ
ਬਾਅਦ ਆਪਣੇ ਲੋਕਾਂ ਦੇ ਦਿਲਾਂ ਵਿੱਚ ਜ਼ਰੂਰ ਜਿਊਂਦੇ ਰਹਿਣਗੇ। ਉਹ ਮਰ ਕੇ ਵੀ ਮਰਨ ਨਹੀਂ
ਲੱਗੇ। ਉਹਨਾਂ ਦਿਨਾਂ ਵਿੱਚ ਹੀ ਮੈਂ ਕਿਧਰੇ ਪੜ੍ਹਿਆ-ਸੁਣਿਆਂ:
‘ਜੇ ਮਰਨ ਤੋਂ ਬਾਅਦ ਵੀ ਜਿਊਂਦੇ ਰਹਿਣਾ ਚਾਹੁੰਦੇ ਹੋ ਤਾਂ ਜਾਂ ਤਾਂ ਕੋਈ ਇਹੋ ਜਿਹਾ ਕੰਮ
ਕਰ ਜਾਓ ਜੋ ਤੁਹਾਡੇ ਮਰਨ ਤੋਂ ਬਾਅਦ ਲਿਖਿਆ ਜਾ ਸਕੇ ਅਤੇ ਜਾਂ ਅਜਿਹਾ ਲਿਖ ਜਾਓ ਜੋ ਤੁਹਾਡੇ
ਮਰਨ ਤੋਂ ਪਿੱਛੋਂ ਪੜ੍ਹਿਆ ਜਾ ਸਕੇ।’
ਨਾਨਕ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਜਸਵੰਤ ਸਿੰਘ ਕੰਵਲ ਦੀਆਂ ਲਿਖ਼ਤਾਂ ਜਿੱਥੇ ‘ਕੁਝ
ਕਰਨ ਲਈ’ ਪ੍ਰੇਰਦੀਆਂ ਸਨ, ਓਥੇ ਆਪਣੇ ਵਰਗਾ ‘ਸਿਰਜਕ’ ਬਣ ਕੇ ‘ਸਦਾ ਲਈ ਜਿਊਂਦੇ ਰਹਿਣ ਦਾ
ਜੁਗਾੜ ਕਰ ਜਾਣ’ ਦਾ ਸੁਨੇਹਾ ਵੀ ਦਿੰਦੀਆਂ ਸਨ।
ਦਸਵੀਂ ਦਾ ਇਮਤਿਹਾਨ ਦੇ ਕੇ ਵਿਹਲਾ ਹੋਇਆ ਤਾਂ ਮੈਂ ਨਿੱਠ ਕੇ ਕੁੱਝ ਲਿਖਣ ਬਾਰੇ ਸੋਚਿਆ।
ਮੈਨੂੰ ਕਵਿਤਾ ਨਾਲੋਂ ਗਲਪ ਵਧੇਰੇ ਖਿੱਚ ਪਾਉਂਦੀ ਸੀ। ਬਤੌਰ ਪਾਠਕ ਕਵਿਤਾ ਮੈਨੂੰ ਪਲ-ਛਿਣ
ਲਈ ਪ੍ਰਭਾਵਿਤ ਕਰਦੀ ਸੀ; ਕੇਵਲ ਉਦੋਂ ਹੀ, ਜਦੋਂ ਮੈਂ ਕਵਿਤਾ ਪੜ੍ਹ ਜਾਂ ਸੁਣ ਰਿਹਾ ਹੋਵਾਂ;
ਜਦ ਕਿ ਚੰਗੀ ਕਹਾਣੀ ਤੇ ਚੰਗਾ ਨਾਵਲ ਪੜ੍ਹਨ ਦਾ ਨਸ਼ਾ ਕਈ ਦਿਨਾਂ ਤੱਕ ਚੜ੍ਹਿਆ ਰਹਿੰਦਾ। ਮਨ
ਉੱਤੇ ਚਿਰ-ਸਥਾਈ ਪ੍ਰਭਾਵ ਪਾਉਣ ਵਾਲੀ ਅਸਲੀ ਵਿਧਾ ਤਾਂ ਨਾਵਲ ਹੀ ਲੱਗਦਾ ਸੀ ਪਰ ਕਹਾਣੀ ਵੀ
ਤਾਂ ਇਸੇ ਮੰਜ਼ਿਲ ਦਾ ਇੱਕ ਪੜਾਅ ਸੀ। ਪਰ ਕਹਾਣੀ ਲਿਖਣੀ ਬੜੀ ਔਖੀ ਲੱਗਦੀ। ਕਾਗ਼ਜ਼ ਫੜ ਕੇ
ਲਿਖਣਾ ਸ਼ਰੂ ਕਰਦਾ ਤਾਂ ਸ਼ਬਦ ਨਾ ਅ੍ਹੌੜਦੇ। ਜੇ ਕੁੱਝ ਲਿਖਦਾ ਵੀ ਤਾਂ ਲਿਖੇ ਸ਼ਬਦ ਜਚਦੇ ਨਾ।
ਲਿਖਿਆ ਹੋਇਆ ਵਾਕ ਹਾਸੋਹੀਣਾ ਜਿਹਾ ਲੱਗਦਾ। ਮੈਂ ਵਰਕੇ ਪਾੜ ਪਾੜ ਕੇ ਸੁੱਟੀ ਜਾਂਦਾ। ਗੱਲ
ਮੇਰੀ ਪਕੜ ਵਿੱਚ ਨਾ ਆਉਂਦੀ। ਉਂਜ ਵੀ ਅੰਦਰੇ ਅੰਦਰ ਮਹਿਸੂਸ ਹੁੰਦਾ ਕਿ ਜਿਸ ਗੱਲ, ਪਾਤਰ
ਜਾਂ ਘਟਨਾ ਬਾਰੇ ਮੈਂ ਲਿਖਣ ਲੱਗਾ ਹਾਂ ਉਸ ਨਾਲ ਜੁੜੇ ਹੋਰ ਅਨੇਕਾਂ ਸਮਾਜਕ-ਸਭਿਆਚਾਰਕ ਜਾਂ
ਆਰਥਕ-ਰਾਜਨੀਤਕ ਪਹਿਲੂਆਂ ਦੀ ਮੈਨੂੰ ਮੁਕੰਮਲ ਅਤੇ ਪ੍ਰਮਾਣਿਕ ਜਾਣਕਾਰੀ ਨਹੀਂ। ਇਸ
ਭਰੋਸੇ-ਯੋਗ ਜਾਣਕਾਰੀ ਤੋਂ ਬਿਨਾਂ ਲਿਖੀ ਲਿਖਤ ਬਨਾਵਟੀ ਅਤੇ ਕੱਚੀ ਹੋਵੇਗੀ। ਮਸਲਨ ਲਿਖਦਿਆਂ
ਲਿਖਦਿਆਂ ਜੇਲ੍ਹ, ਕਚਹਿਰੀ, ਥਾਣੇ, ਹਸਪਤਾਲ ਆਦਿ ਦਾ ਜ਼ਿਕਰ ਆਉਂਦਾ ਤਾਂ ਮੇਰੇ ਕੋਲ ਸਿਰਫ਼
ਕਿਤਾਬੀ ਗਿਆਨ ਹੀ ਹੁੰਦਾ। ਲਿਖਦਾ ਲਿਖਦਾ ਮੈਂ ਇਹਨਾਂ ਥਾਵਾਂ ਵਿੱਚ ਵੜਦਾ ਤਾਂ ਮੇਰੇ ਪੈਰ
ਚੱਲਣੋਂ ਰੁਕ ਜਾਂਦੇ। ਕਲਮ ਖਲੋ ਜਾਂਦੀ।
ਮੇਰਾ ਪਾਤਰ ਕਿਸੇ ਦੁਰਘਟਨਾ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸਨੂੰ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ
ਦਾਖ਼ਲ ਕਰਵਾਇਆ ਗਿਆ। ਓਥੇ ਵਾਰਡ ਹਨ, ਮਰੀਜ਼ ਹਨ, ਨਰਸਾਂ ਹਨ, ਡਾਕਟਰ ਹਨ, ਦਵਾਈਆਂ ਹਨ,
ਉਹਨਾਂ ਦਵਾਈਆਂ ਦੇ ਨਾਂ ਹਨ। ਹਸਪਤਾਲ ਦਾ ਸਮੁੱਚਾ ਮਾਹੌਲ ਹੈ। ਪਰ ਮੈਂ ਤਾਂ ਸ਼ਹਿਰ ਦਾ ਕੋਈ
ਹਸਪਤਾਲ ਵੇਖਿਆ ਹੀ ਨਹੀਂ ਸੀ ਹੋਇਆ। ਉਸ ਮਾਹੌਲ ਦਾ ਮੈਨੂੰ ਕੋਈ ਅਨੁਭਵ ਹੀ ਨਹੀਂ ਸੀ।
ਹਸਪਤਾਲ ਦਾ ਚਿਤਰ ਤਾਂ ਮੈਂ ਹੋਰਨਾਂ ਕਿਤਾਬਾਂ ਵਿੱਚ ਪੜ੍ਹੇ-ਵੇਖੇ ਦ੍ਰਿਸ਼ਾਂ ਅਨੁਸਾਰ ਹੀ
ਚਿਤਰ ਸਕਦਾ ਸਾਂ। ਇਹ ਤਾਂ ਅਣਜਾਣੀ ਧਰਤੀ ‘ਤੇ ਪੈਰ ਰੱਖਣ ਵਾਲੀ ਗੱਲ ਸੀ। ਲੱਗਦਾ, ਜੇ ਕੁੱਝ
ਗ਼ਲਤ-ਮਲਤ ਲਿਖਿਆ ਗਿਆ ਤਾਂ ਪੜ੍ਹਨ ਵਾਲੇ ਮੇਰੇ ਬਾਰੇ ਕੀ ਸੋਚਣਗੇ! ਦੋ ਸਫ਼ੇ ਲਿਖ ਵੀ ਲੈਂਦਾ
ਤਾਂ ਜਾਪਦਾ ਐਵੇਂ ਝੂਠ ਬੋਲਿਆ ਹੈ।
ਕਵਿਤਾ ਤਾਂ ਖ਼ਿਆਲਾਂ ਦੀ ਤਰਤੀਬ ਦੇ ਕੇ ਤੁਕ ਨਾਲ ਤੁਕ ਜੋੜ ਕੇ ਲਿਖਣ ਦੀ ਜਾਚ ਆ ਗਈ ਸੀ। ਪਰ
ਕਹਾਣੀ ਲਿਖਣਾ ਤਾਂ ਬਹੁਤ ਔਖਾ ਕੰਮ ਸੀ। ਚੰਗਾ ਖ਼ਿਆਲ ਸੋਚਣਾ ਅਤੇ ਚੰਗੀ ਸ਼ਾਇਰੀ ਕਰਨੀ ਵੀ
ਭਾਵੇਂ ਡਾਢਾ ਔਖਾ ਕੰਮ ਸੀ ਪਰ ਉਸ ਵਿੱਚ ਚੌਗਿਰਦੇ ਦੀ ਵਿਸ਼ਾਲ ਅਤੇ ਡੂੰਘੀ ਜਾਣਕਾਰੀ ਦੀ ਘਾਟ
ਨੂੰ ਲੁਕਾ ਲੈਣ ਦੀ ਗੁੰਜਾਇਸ਼ ਸੀ। ਪਰ ਗਲਪ ਲਿਖਣ ਲੱਗਿਆਂ ਤਾਂ ਹਰੇਕ ਵਾਕ ਮੇਰੀ ਸੀਮਤ
ਜਾਣਕਾਰੀ ਤੇ ਸਮਝ ਦੀ ਚੁਗਲੀ ਖਾਂਦਾ ਲੱਗਦਾ ਸੀ। ਫਿਰ ਵੀ ਮੈਂ ਯਤਨ ਨਾ ਛੱਡਿਆ। ਨਾਲ ਦੇ
ਨਾਲ ਮੈਂ ਇਤਿਹਾਸ ਅਤੇ ਆਮ ਜਾਣਕਾਰੀ ਦੀਆਂ ਕਿਤਾਬਾਂ ਵੀ ਪੜ੍ਹਨ ਲੱਗਾ। ਪਰ ਕਹਾਣੀ ਲਿਖ
ਲੈਣਾ ਮੇਰੇ ਲਈ ਜੰਗ ਜਿੱਤ ਲੈਣ ਵਰਗੀ ਵੰਗਾਰ ਸੀ।
ਆਖ਼ਰਕਾਰ ਬੜੀ ਜੱਦੋ-ਜਹਿਦ ਤੋਂ ਬਾਅਦ ਮੈਂ ਪਹਿਲੀ ਕਹਾਣੀ ਮੁਕੰਮਲ ਕਰ ਹੀ ਲਈ। ਇਸਦਾ ਨਾਂ ਸੀ
‘ਭੈਣ-ਭਰਾ’। ਮੈਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਮੇਰੀ ਇਹ ਲਿਖ਼ਤ ਕਿਸੇ ਮਿਆਰੀ ਸਾਹਿਤਕ ਪਰਚੇ
ਵਿੱਚ ਛਪ ਜਾਵੇਗੀ। ਓਥੇ ਤਾਂ ਵੱਡੇ ਲੇਖਕ ਛਪਦੇ ਸਨ। ਵੱਡੇ ਨਾਮ ਵਾਲੇ। ਮੈਨੂੰ ਆਪਣੇ
ਕੱਚੇ-ਪਨ ਦਾ ਅੰਦਰੇ-ਅੰਦਰ ਅਹਿਸਾਸ ਸੀ। ਕਹਾਣੀ ਲਿਖ ਕੇ ਮੈਂ ਕਿਸੇ ਪੰਜਾਬੀ ਦੇ ਅਖ਼ਬਾਰ ਨੂੰ
ਭੇਜ ਦਿੱਤੀ। ‘ਜਥੇਦਾਰ’ ਸੀ ਸ਼ਾਇਦ ਅਖ਼ਬਾਰ ਦਾ ਨਾਮ।
ਮੇਰੀ ਪਹਿਲੀ ਕਵਿਤਾ ਵਾਂਗ ਹੀ ਪਹਿਲੀ ਕਹਾਣੀ ਛਪ ਜਾਣ ਦੀ ਖ਼ਬਰ ਵੀ ਕਿਸੇ ਹੋਰ ਕੋਲੋਂ ਹੀ
ਮਿਲੀ। ਸੁਨਿਆਰਿਆਂ ਦਾ ਮੁੰਡਾ ਬਲਵਿੰਦਰ ਮੇਰਾ ਮਿੱਤਰ ਸੀ। ਅਸੀਂ ਦੋਹਵੇਂ ਮੀਂਹ ਪੈਣ
ਪਿੱਛੋਂ ਪਿੰਡ ਦੇ ਨੇੜਲੇ ਖੇਤਾਂ ਵਿੱਚ ਸੈਰ ਕਰਦੇ ਫ਼ਿਰਦੇ ਸਾਂ ਜਦ ਉਸਨੇ ਦੱਸਿਆ ਕਿ ‘ਵਰਿਆਮ
ਸਿੰਘ ਸੰਧੂ’ ਨਾਂ ਦੇ ਕਿਸੇ ਬੰਦੇ ਦੀ ਕਹਾਣੀ ਛਪੀ ਹੈ ਅਖ਼ਬਾਰ ਵਿੱਚ, ਜਿਸ ਨਾਲ ਪਿੰਡ ਦਾ
ਨਾਂ ‘ਸੁਰ ਸਿੰਘ’ ਵੀ ਲਿਖਿਆ ਹੋਇਆ ਹੈ। ਉਸਦੇ ਚਾਚੇ ਦੀ ਦੁਕਾਨ ‘ਤੇ ਆਉਂਦੀ ਸੀ ਅਖ਼ਬਾਰ।
ਉਸਨੂੰ ਮੇਰੇ ਕਵਿਤਾ ਹੀ ਲਿਖਦੇ ਹੋਣ ਦਾ ਤਾਂ ਇਲਮ ਸੀ ਪਰ ਮੇਰੇ ਕਹਾਣੀ ਲਿਖਣ ਬਾਰੇ ਉਸਦੇ
ਵੀ ਚਿੱਤ-ਖ਼ਿਆਲ ਵਿੱਚ ਨਹੀਂ ਸੀ ਅਤੇ ਉਹ ਵੀ ਅਖ਼ਬਾਰ ਵਿੱਚ ਛਪਣ-ਯੋਗ ਕਹਾਣੀ! ਮੇਰਾ ਲਿਖਿਆ
ਕਵਿਤਾ ਦਾ ਟੋਟਾ ਅਖ਼ਬਾਰ ਵਿੱਚ ਛਪੇ ਨੂੰ ਤਾਂ ਹੁਣ ਚਿਰ ਹੋ ਗਿਆ ਸੀ।
ਉਸਨੂੰ ਦੱਸਿਆ ਕਿ ਉਹ ਕਹਾਣੀ ਤਾਂ ਮੇਰੀ ਹੀ ਸੀ। ਉਹ ਚੱਲ ਕੇ ਮੈਨੂੰ ਅਖ਼ਬਾਰ ਦੇਵੇ। ਅਸੀਂ
ਉਸਦੇ ਚਾਚੇ ਦੀ ਦੁਕਾਨ ‘ਤੇ ਗਏ। ਅਖ਼ਬਾਰ ਵੇਖੀ ਤਾਂ ਮੈਨੂੰ ਚਾਅ ਚੜ੍ਹ ਗਿਆ। ਉੱਪਰ ਇੱਕ
ਪਾਸੇ ਖੂਬਸੂਰਤ ਔਰਤ ਦਾ ਚਿਹਰਾ ਬਣਿਆ ਹੋਇਆ ਸੀ ਅਤੇ ਉਸਦੇ ਸੰਘਣੇ ਕਾਲੇ ਵਾਲ ਪਿੱਛੇ ਨੂੰ
ਉੱਡਦੇ ਦਿਖਾਈ ਦਿੰਦੇ ਸਨ। ਇਹਨਾਂ ਕਾਲੇ ਵਾਲਾਂ ‘ਤੇ ਬਾਰੀਕ ਚਿੱਟੇ ਅੱਖਰਾਂ ਵਿੱਚ ‘ਕਹਾਣੀ’
ਲਿਖਿਆ ਹੋਇਆ ਸੀ। ਅੱਗੇ ਕਹਾਣੀ ਦਾ ਨਾਂ ਸੀ ਮੋਟੇ ਅੱਖ਼ਰਾਂ ਵਿਚ- ‘ਭੈਣ-ਭਰਾ’। ਮੇਰੀ ਕਹਾਣੀ
ਨੇ ਅਖ਼ਬਾਰ ਦਾ ਪੂਰਾ ਸਫ਼ਾ ਮੱਲਿਆ ਹੋਇਆ ਸੀ। ਉਹ ਅਖ਼ਬਾਰ ਮੈਂ ਘਰ ਲਿਆ ਕੇ ਦਿਖਾਈ। ਮੇਰੇ ਪਿਓ
ਨੇ ਵੀ ਉਹ ਕਹਾਣੀ ਪੜ੍ਹੀ। ਅੱਧਾ ਕੁ ਮਾਣ ਨਾਲ ਅਤੇ ਅੱਧਾ ਕੁ ਮਜ਼ਾਕ ਜਿਹੀ ਨਾਲ “ਹੂੰਅ!”
ਕਹਿ ਕੇ ਮੁਸਕਰਾਇਆ; ਜਿਵੇਂ ਕਹਿ ਰਿਹਾ ਹੋਵੇ, “ਚੰਗਾ ਹੋਇਆ ਤੂੰ ਕਹਾਣੀ ਲਿਖ ਲਈ; ਪਰ ਇਸ
ਵਿੱਚ ਹੈ ਕੀ ਕਹਾਣੀ ਵਾਲਾ!”
ਪਰ ਮੇਰੇ ਲਈ ਤਾਂ ਇਹ ਡਾਢੀ ਖ਼ੁਸ਼ੀ ਦੀ ਗੱਲ ਸੀ। ਮੈਂ ਅਖ਼ਬਾਰ ਸਾਹਮਣੇ ਰੱਖ ਕੇ ਵਾਰ ਵਾਰ
ਆਪਣੇ ਛਪੇ ਨਾਮ ਵੱਲ ਵੇਖ ਰਿਹਾ ਸਾਂ ਅਤੇ ਆਪਣੇ ਆਪ ਨੂੰ ਪੁੱਛ ਰਿਹਾ ਸਾਂ ਕਿ ਕੀ ਸੱਚਮੁੱਚ
ਮੇਰਾ ਹੀ ਨਾਮ ਛਪਿਆ ਹੈ? ਤੁਕਬੰਦ ਕਵਿਤਾ ਲਿਖਣੀ ਮੈਨੂੰ ਸੌਖੀ ਲੱਗਦੀ ਸੀ, ਪਰ ਕਹਾਣੀ
ਲਿਖਣੀ ਡਾਢੀ ਮੁਸ਼ਕਿਲ। ਹੁਣ ਮੈਂ ਇਹ ਮੁਸ਼ਕਿਲ ਪਾਰ ਕਰ ਲਈ ਸੀ। ਹੁਣ ਮੈਂ ਮਹੀਨੇ ਵਿੱਚ ਦੋ
ਦੋ ਤਿੰਨ ਤਿੰਨ ਕਹਾਣੀਆਂ ਲਿਖਣ ਲੱਗਾ। ਜਿਹੜੀ ਕਹਾਣੀ ਲਿਖਦਾ, ਅਖ਼ਬਾਰ ਵਿੱਚ ਛਪ ਜਾਂਦੀ।
ਸਾਹਿਤਕ ਮਾਸਿਕ-ਪੱਤਰਾਂ ਵਿੱਚ ਮੈਂ ਉਹਨਾਂ ਨੂੰ ਭੇਜਦਾ ਹੀ ਨਹੀਂ ਸਾਂ। ਅਖ਼ਬਾਰ ਵਿੱਚ ਛਪਣ
ਦਾ ਲਾਲਚ ਇਸ ਕਰਕੇ ਵੀ ਸੀ ਕਿ ਪਿੰਡ ਵਿੱਚ ਅਖ਼ਬਾਰਾਂ ਆਉਂਦੀਆਂ ਹੋਣ ਕਰਕੇ ਪਿੰਡ ਦੇ ਪੜ੍ਹੇ
ਲਿਖੇ ਲੋਕਾਂ ਤੱਕ ਮੇਰਾ ਨਾਮ ਜਾਂਦਾ, ਉਹਨਾਂ ਵਿੱਚ ਮੇਰਾ ਮਹੱਤਵ ਵਧਦਾ। ਇੱਕ ਮੱਸ-ਫ਼ੁੱਟ
ਮੁੰਡਾ ਪਿੰਡ ਦੇ ਪਤਵੰਤਿਆਂ ਦੀ ਨਜ਼ਰ ਵਿੱਚ ਵਿਸ਼ੇਸ਼ ਦਿੱਸਣ ਲੱਗ ਪਿਆ ਸੀ। ਉਹ ਮੈਨੂੰ ਰੋਕ
ਰੋਕ ਕੇ ਮੇਰੀ ਲਿਖਤ ਪੜ੍ਹੇ ਹੋਣ ਦਾ ਜ਼ਿਕਰ ਮੇਰੇ ਨਾਲ ਸਾਂਝਾ ਕਰਦੇ। ਸ਼ਬਾਸ਼ ਦਿੰਦੇ।
ਉਦੋਂ ਅਖ਼ਬਾਰ ਕਿਸੇ ਦਿਨ-ਦਿਹਾਰ ਜਾਂ ਗੁਰਪੁਰਬ ‘ਤੇ ਚਾਲੀ-ਚਾਲੀ, ਪੰਜਾਹ-ਪੰਜਾਹ ਸਫ਼ਿਆਂ ਦੇ
ਵਿਸ਼ੇਸ਼ ਐਡੀਸ਼ਨ ਛਾਪਦੇ ਸਨ। ਮੈਂ ਇਹਨਾਂ ਮੌਕਿਆਂ ਉੱਤੇ ਗੁਰੂਆਂ ਬਾਰੇ ਜਾਂ ਉਸ ਵਿਸ਼ੇਸ਼ ਦਿਨ
ਬਾਰੇ ਕੋਈ ਨਾ ਕੋਈ ਲੇਖ ਲਿਖ ਕੇ ਭੇਜ ਦਿੰਦਾ। ਇਸ ਨਾਲ ਪਿੰਡ ਵਿੱਚ ਮੇਰੀ ‘ਸਿਆਣਪ’ ਦਾ ਹੋਰ
ਵੀ ਰੋਹਬ ਪੈਂਦਾ। ਇਹ ਕੋਈ ਘੱਟ ਮਾਣ ਵਾਲੀ ਗੱਲ ਸੀ! ਉਹਨਾਂ ਦੇ ਪਿੰਡ ਦਾ ਪੁੱਤ ਉਹਨਾਂ ਦੇ
ਪਿੰਡ ਦੇ ਨਾਂ ਨੂੰ ਦੂਰ ਦੂਰ ਤੱਕ ਪਹੁੰਚਾ ਰਿਹਾ ਸੀ! ਉਦੋਂ ਮੈਂ ਆਪਣੇ ਨਾਮ ਦੇ ਨਾਲ ਪਿੰਡ
ਦਾ ਨਾਮ ਜ਼ਰੂਰ ਲਿਖਦਾ ਸਾਂ। ਇੱਕ ਵਾਰ ਮੈਂ ਆਪਣੇ ਕਲਮੀ-ਨਾਂ (ਵਰਿਆਮ ਸਿੰਘ ਸੰਧੂ-ਸੁਰ
ਸਿੰਘ) ਦੀ ਬਹੁਤੀ ਲੰਬਾਈ ਮਹਿਸੂਸ ਕਰਦਿਆਂ ਆਪਣੇ ਪਿੰਡ ਦਾ ਨਾਂ ਆਪਣੇ ਨਾਂ ਦੇ ਨਾਲ ਨਾ
ਲਿਖਿਆ। ਉਸ ਵੇਲੇ ਦੇ ਪਿੰਡ ਦੇ ਸਰਪੰਚ ਸੇਵਾ ਸਿੰਘ ਨੇ ਮੈਨੂੰ ਬਾਜ਼ਾਰ ਵਿੱਚ ਰੋਕ ਕੇ ਆਖਿਆ
ਸੀ, “ਕੱਲ੍ਹ ਤੂੰ ਅਖ਼ਬਾਰ ਵਿੱਚ ਆਪਣੇ ਨਾਂ ਨਾਲ ਪਿੰਡ ਦਾ ਨਾਂ ਕਿਉਂ ਨਹੀਂ ਸੀ ਲਿਖਿਆ?
ਜਦੋਂ ਵੀ ਲਿਖੇਂ- ਆਪਣੇ ਨਾਂ ਨਾਲ ਪਿੰਡ ਦਾ ਨਾਮ ਲਿਖਣਾ ਨਾ ਭੁੱਲੀਂ…ਇਸ ਤਰ੍ਹਾਂ ਬੰਦੇ ਦੇ
ਨਾਲ ਨਾਲ ਪਿੰਡ ਦਾ ਵੱਜ ਵੀ ਬਣਦੈ!”
ਕਵਿਤਾ ਲਿਖਣੀ ਵੀ ਮੈਂ ਨਹੀਂ ਸੀ ਛੱਡੀ। ਜਿੱਥੇ ਕਹਾਣੀਆਂ ਮੈਂ ਅਖ਼ਬਾਰਾਂ ਵਿੱਚ ਛਪਣ ਲਈ
ਭੇਜਦਾ, ਓਥੇ ਕਵਿਤਾਵਾਂ ‘ਫ਼ਤਹਿ’, ‘ਪ੍ਰੀਤਮ’, ‘ਕਹਾਣੀ’ ਆਦਿ ਪਰਚਿਆਂ ਨੂੰ ਭੇਜਦਾ। ਇੱਕ
ਵਾਰ ‘ਕਹਾਣੀ’ ਵਿੱਚ ਇੱਕੋ ਸਫ਼ੇ ਉੱਤੇ ਖੱਬੇ ਪਾਸੇ ਗੁਰਮੁਖ਼ ਸਿੰਘ ਮੁਸਾਫ਼ਿਰ ਦੀਆਂ ਚਾਰ
ਰੁਬਾਈਆਂ ਛਪੀਆਂ ਹੋਈਆਂ ਸਨ ਅਤੇ ਦੂਜੇ ਪਾਸੇ ਮੇਰੀਆਂ ਚਾਰ ਰੁਬਾਈਆਂ। ਸੋਲਾਂ ਸਾਲ ਦੇ
ਮੁੰਡੇ ਲਈ ਇਹ ਕੋਈ ਘੱਟ ਮਾਣ ਵਾਲੀ ਗੱਲ ਨਹੀਂ ਸੀ। ਉਹਨਾਂ ਵਿਚੋਂ ਇੱਕ ਰੁਬਾਈ ਮੈਨੂੰ ਹੁਣ
ਵੀ ਯਾਦ ਹੈ:
ਬੱਦਲ ਆਇਆ, ਘਟਾਂ ਕਾਲੀਆਂ, ਪੈਲਾਂ ਪਾਉਂਦੇ ਮੋਰ।
ਓਸ ਕੁੜੀ ਦੇ ਨੈਣ ਨਸ਼ੀਲੇ, ਹੈ ਮਸਤਾਨੀ ਤੋਰ।
ਉਹ ਹੱਸਦੀ ਪਰ ਮੈਂ ਹਾਂ ਰੋਂਦੀ, ਇਸਦਾ ਭੇਤ ਮੈਂ ਜਾਣਾਂ
ਉਸਦਾ ਪ੍ਰੀਤਮ ਕੋਲ ਓਸਦੇ, ਦੂਰ ਮੇਰਾ ਚਿੱਤ-ਚੋਰ।
ਲੇਖਕ ਬਣਨ ਦਾ ਮੇਰੇ ਉੱਤੇ ਅਜਿਹਾ ਭੂਤ ਸਵਾਰ ਹੋਇਆ ਕਿ ਮੈਂ ਹਰ ਸਮੇਂ ਕਿਸੇ ਕਵਿਤਾ ਜਾਂ
ਕਹਾਣੀ ਦਾ ਪਲਾਟ ਸੋਚ ਰਿਹਾ ਹੁੰਦਾ ਜਾਂ ਕੋਈ ਕਵਿਤਾ-ਕਹਾਣੀ ਲਿਖ ਰਿਹਾ ਹੁੰਦਾ। ਕਵਿਤਾਵਾਂ
ਅਤੇ ਕਹਾਣੀਆਂ ਇਸ ਕਰਕੇ ਵੀ ਲਿਖੀ ਜਾਂਦਾ ਕਿ ਅਖ਼ਬਾਰਾਂ ਅਤੇ ਰਿਸਾਲਿਆਂ ਵਿੱਚ ਇਹਨਾਂ ਦੀ
ਖ਼ਪਤ ਨਾਲ ਦੇ ਨਾਲ ਹੁੰਦੀ ਜਾਂਦੀ ਸੀ ਅਤੇ ਉਸ ਉਪਰੰਤ ਰਚਨਾ ਛਪੀ ਦੇਖ ਕੇ ਲੋੜੀਂਦਾ ਹੁਲਾਰਾ
ਵੀ ਮਿਲਦਾ ਰਹਿੰਦਾ ਸੀ। ਉਂਜ ਮੇਰਾ ਨਾਵਲ ਲਿਖਣ ਨੂੰ ਜੀ ਕਰਦਾ। ਜਾਪਦਾ ਕਿ ਜਿਵੇਂ ਨਾਵਲ
ਲਿਖ ਕੇ ਹੀ ਰੂਹ ਨੂੰ ਰੱਜ ਮਿਲ ਸਕਦਾ ਹੈ। ਨਾਵਲ ਛੋਹ ਵੀ ਲਿਆ ਅਤੇ ਲਗਪਗ ਕਾਪੀ ਦਾ ਛੇ ਕੁ
ਸਫ਼ਾ ਲਿਖ ਮਾਰਿਆ। ਕੁੱਝ ਚਿਰ ਪਿੱਛੋਂ ਜਲੰਧਰੋਂ ਛਪਦੇ ‘ਨਵੀਂ ਦੁਨੀਆਂ’ ਨਾਂ ਦੇ ਹਫ਼ਤਾਵਾਰੀ
ਸਾਹਿਤਕ ਪਰਚੇ ਵਿੱਚ ‘ਪਹੁ-ਫ਼ੁਟਾਲਾ’ ਦੇ ਨਾਮ ਹੇਠਾਂ ਇਸ ਨਾਵਲ ਦੀਆਂ ਚੌਤੀ ਕਿਸ਼ਤਾਂ ਛਪੀਆਂ।
ਉਸ ਪਰਚੇ ਵਿੱਚ ਕਹਾਣੀਆਂ ਵੀ ਮੇਰੀਆਂ ਬਹੁਤ ਛਪੀਆਂ।
ਅਸਲ ਵਿੱਚ ਮੈਂ ਇਹਨਾਂ ਦਿਨਾਂ ਵਿੱਚ ਲਿਖਣ ਦਾ ਅਭਿਆਸ ਕਰ ਰਿਹਾ ਸਾਂ। ਇੱਕ ਸਿਖ਼ਾਂਦਰੂ ਬੱਚੇ
ਵਾਂਗ ਪੂਰਨਿਆਂ ‘ਤੇ ਲਿਖ ਲਿਖ ਕੇ ਸਫ਼ੇ ਕਾਲੇ ਕਰ ਰਿਹਾ ਸਾਂ। ਮੇਰੀ ਜੀਵਨ-ਦ੍ਰਿਸ਼ਟੀ ਅਤੇ
ਸ਼ਿਲਪ-ਦ੍ਰਿਸ਼ਟੀ ਅਜੇ ਧੁੰਦਲਕੇ ਵਿੱਚੋਂ ਰਸਤਾ ਲੱਭ ਰਹੀ ਸੀ। ਵਿਚਾਰਧਾਰਕ ਤੌਰ ਉੱਤੇ ਮੈਂ
ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਜਸਵੰਤ ਸਿੰਘ ਕੰਵਲ ਤੋਂ ਪ੍ਰਭਾਵਿਤ ਸਾਂ। ਪਰ ਲਿਖਦੇ ਸਮੇਂ
ਮੇਰੀਆਂ ਰਚਨਾਵਾਂ ਵਿੱਚ ਨਾਨਕ ਸਿੰਘ ਦਾ ‘ਆਦਰਸ਼ਵਾਦ’, ਗੁਰਬਖ਼ਸ਼ ਸਿੰਘ ਦਾ ‘ਰੁਮਾਂਸਵਾਦ’,
ਜਸਵੰਤ ਸਿੰਘ ਕੰਵਲ ਦਾ ‘ਪ੍ਰਗਤੀਵਾਦ’, ਕਰਤਾਰ ਸਿੰਘ ਦੁੱਗਲ ਦਾ ‘ਮਨੋਵਿਗਿਆਨ’ ਆਪਸ ਵਿੱਚ
ਘੁਲ ਮਿਲ ਜਾਂਦੇ। ਕਹਾਣੀਆਂ ਦੇ ਪਲਾਟ ਤਾਂ ਮੇਰੇ ਆਪਣੇ ਹੀ ਸੋਚੇ ਬਣਾਏ ਜਾਂ ਜ਼ਿੰਦਗੀ ‘ਚੋਂ
ਲਏ ਹੁੰਦੇ ਪਰ ਜਦੋਂ ਉਹ ਰਚਨਾ ਦੇ ਰੂਪ ਵਿੱਚ ਢਲ ਕੇ ਸਾਹਮਣੇ ਆਉਂਦੇ ਤਾਂ ਉਪਰੋਕਤ ਲੇਖਕ
ਕਿਤੇ ਨਾ ਕਿਤੇ ਵਿੱਚੋਂ ਬੋਲਣ ਲੱਗ ਪੈਂਦੇ।
ਮੈਂ ਅਜੇ ਸੁਤੰਤਰ ‘ਵਰਿਆਮ ਸਿੰਘ ਸੰਧੂ’ ਨਹੀਂ ਸਾਂ ਬਣ ਸਕਿਆ।
-0- |