"Language is the most
powerful tool", ਇਸ ਤਰ੍ਹਾਂ ਇੱਕ ਕੁੜੀ ਨੇ ਆਪਣੀ ਤਕਰੀਰ ਸ਼ੁਰੂ ਕੀਤੀ ਜਦ ਪਿਛਲੇ ਐਤਵਾਰ
ਅਸੀਂ ਮੇਰੀ ਭਤੀਜੀ ਦੀ graduation ਸੈਰੇਮਨੀ ਤੇ ਗਏ- ਮੇਰੀਆਂ ਤਿੰਨ ਭਤੀਜਿਆਂ ਤੇ
ਭਾਣਜੀਆਂ ਵਿਚੋਂ ਉਹ ਸਭ ਤੋਂ ਛੋਟੀ ਹੈ ; ਉਨ੍ਹਾਂ ਤਿੰਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ
ਦਾ ਮੈਂ ਬਹੁਤ ਅਨੰਦ ਮਾਣਦੀ ਹਾਂ। ਤੇ ਸੱਚ ਤਾਂ ਇਹ ਹੈ ਕਿ ਮੈਂ ਆਪਣੇ ਆਪ ਨੂੰ ਉਨ੍ਹਾਂ
ਤਿੰਨਾਂ ਵਿਚੋਂ ਦੇਖਦੀ ਹਾਂ - ਆਪਣੇ ਮਾਂ ਪਿਓ ਨਾਲ ਉਹ ਕਿੰਨਾ ਕੁ ਮਿਲਦੀਆਂ ਨੇ ' ਇਹ
ਮੈਂਨੂੰ ਪਤਾ ਨਹੀਂ ਪਰ ਮੈਂਨੂੰ ਇੰਨਾਂ ਪਤਾ ਹੈ ਕਿ ਉਨ੍ਹਾਂ ਤਿੰਨਾਂ ਨੂੰ ਕਿਤਾਬਾਂ ਪੜ੍ਹਣ
ਤੇ ਘੁੰਮਣ ਫਿਰਨ ਦਾ ਸ਼ੌਕ ਮੇਰੇ ਵਾਂਗੂ ਹੈ। ਇਸ ਕਰ ਕੇ ਮੈਂਨੂੰ ਉਨ੍ਹਾਂ ਦਾ ਹੋਰ ਵੀ ਪਿਆਰ
ਆਉਂਦਾ ਹੈ।
ਜਦ ਅਸੀਂ graduation ceremony ਤੇ ਪੁੱਜੇ ਤਾਂ ਕੈਂਪਸ ਵਿੱਚ ਸਟੂਡੈਂਟਸ ਵੱਲੋਂ ਕੁਝ
murals ਬਣਾਏ ਦੇਖੇ ਜਿਨ੍ਹਾਂ ਵਿਚੋਂ ਦੋ ਚਿਹਰੇ mother Teresa ਤੇ ਮਹਾਤਮਾ ਗਾਂਧੀ ਦੇ
ਸਨ ; ਚੰਗਾ ਲੱਗਿਆ; ਅੱਗੇ ਜਦੋਂ ਸਾਨੂੰ ਉਨ੍ਹਾਂ ceremony ਦਾ schedule ਦਿੱਤਾ ਤਾਂ ਉਸ
ਕਿਤਾਬ ਦੇ ਪਿਛਲੇ ਕਵਰ ਸਫੇ ਤੇ ਮਹਾਤਮਾ ਗਾਂਧੀ ਦਾ ਹੀ quote ਸੀ : " In a gentle way
you can shake the world "-
ਠੰਡ ਸੀ, ਕੁਝ ਦੁਰ ਹੀ ਸਮੁੰਦਰ ਸੀ - ਤੇ ਉਸ ਪਾਸਿਓਂ ਠੰਡੀ ਠੰਡੀ ਹਵਾ ਆ ਰਹੀ ਸੀ।
ਹਾਲਾਂਕਿ ਨਿੱਘੀ ਨਿੱਘੀ ਧੁੱਪ ਵੀ ਸੀ। ਇੱਕ ਗੱਲ ਜੋ ਮੈਂਨੂੰ ਇਥੇ ਹਰ ਯੂਨੀਵਰਸਿਟੀ ਵਿੱਚ
ਬਹੁਤ ਚੰਗੀ ਲੱਗਦੀ ਹੈ ਕਿ ਇਹ ਲੋਕ ਆਏ ਹੋਏ ਮਾਪਿਆਂ , ਪਰਿਵਾਰਾਂ ਤੇ ਦੋਸਤਾਂ ਨੂੰ ਉਨ੍ਹਾਂ
ਦੀ ਹੀ ਬੋਲੀ ਵਿੱਚ ਜੀ ਆਇਆਂ ਆਖਦੇ ਹਨ ਜਿਸ ਬੋਲੀ ਵਿਚੋੰ ਉਨ੍ਹਾਂ ਦੇ ਗਰੈਜਿਉਟ ਹੋ ਰਹੇ
ਸਟੂਡੈਂਟਸ ਆਏ ਹੁੰਦੇ ਹਨ। ਸੋ ਉਨ੍ਹਾਂ ਸਾਨੂੰ ਹੈਬਰਿਉ , ਸਪੈਨਿਸ਼ , ਜਾਪਾਨੀ , ਹਿੰਦੀ ,
ਡੈਨਿਸ਼ , ਚਾਮੋਰੋ ( chamorro ) , ਵੀਅਟਨਾਮੀ , ਫ਼ਾਰਸੀ , ਇਟਾਲੀਅਨ , ਪੁਰਤਗੀਜ਼ ,
ਨੇਪਾਲੀ , ਉਰਦੂ , ਅਰਬੀ , ਰਸ਼ੀਅਨ , ਇੰਗਲਿਸ਼ , ਗਰੀਕ ਤੇ ਕੈਂਟੋਨੀਜ਼ ਬੋਲੀਆਂ ਵਿਚ ' ਜੀ
ਆਇਆਂ ' ਆਖਿਆ। ਪਰ ਇਨ੍ਹਾਂ ਬੋਲੀਆਂ ਵਿੱਚ ਪੰਜਾਬੀ ਨਹੀਂ ਸੀ - ਇਹ ਨਹੀਂ ਕਿ ਯੂਨੀਵਰਸਿਟੀ
ਵਾਲੇ ਪੰਜਾਬੀ ਨਾਲ ਕੋਈ ਵਿਤਕਰਾ ਕਰਦੇ ਹਨ ਬਲਕਿ ਇਸ ਕਰ ਕੇ ਸਾਡੇ ਪੰਜਾਬੀ ਬੱਚੇ ਪੰਜਾਬੀ
ਦੀ ਇੰਨੀ ਸ਼ਰਮ ਸਮਝਦੇ ਹਨ ਕਿ ਉਹ ਪੰਜਾਬੀ ਦੀ ਮੰਗ ਕਰਦੇ ਹੀ ਨਹੀ।
ਜਦ ਮੁੰਡੇ ਕੁੜੀਆਂ ' ਜੀ ਆਇਆਂ ' ਦੇ ਲਫਜ਼ ਇਨ੍ਹਾਂ ਵੱਖ ਵੱਖ ਬੋਲੀਆਂ ਵਿੱਚ ਬੋਲ ਰਹੇ ਸਨ
ਤਾਂ ਮੈਂ ਬਹੁਤ ਧਿਆਨ ਨਾਲ ਉਨ੍ਹਾਂ ਨੂੰ ਸੁਣ ਰਹੀ ਸੀ - ਤੇ ਮੈਂਨੂੰ ਉਡੀਕ ਸੀ ਕਿ ਬੋਲਣ
ਵਾਲੇ ਹਿੰਦੀ ਤੇ ਉਰਦੂ ਨੂੰ ਕਿਵੇਂ ਬੋਲਦੇ ਹਨ - ਇਹ ਬੋਲਣ ਵਾਲੇ ਉਨ੍ਹਾਂ ਦੇ ਸਟੂਡੈਂਟਸ ਹੀ
ਸਨ। ਤੇ ਜਿਵੇਂ ਮੈਂ ਉਮੀਦ ਕੀਤੀ ਸੀ ਉਂਝ ਹੀ ਹੋਇਆ। ਹਿੰਦੀ ਬੋਲਣ ਵਾਲੀ ਕੁੜੀ ਨੇ ਜਿਸ
ਤਰ੍ਹਾਂ ਹਿੰਦੀ ਬੋਲੀ ਉਸ ਦਾ ਇੱਕ ਇੱਕ ਸ਼ਬਦ ਚੀਖ ਚੀਖ ਕੇ ਆਖ ਰਿਹਾ ਸੀ , " ਮੈਂਨੂੰ ਹਿੰਦੀ
ਨਹੀਂ ਆਉਂਦੀ - ਮੈਂ ਮਜਬੁਰੀ ਵਿੱਚ ਬੋਲ ਰਹੀ ਹਾਂ " - ਹਰ ਲਫਜ਼ ਨੂੰ ਉਸ ਨੇ ਅਮਰੀਕਨ
ਐਕਸੈਂਟ ਵਿੱਚ ਬੋਲਿਆ-- ਮੈਂ ਨਹੀਂ ਜਾਣਦੀ ਕਿ ਉਸ ਨੇ ਜਾਣ ਬੁਝ ਕੇ ਇਸ ਤਰ੍ਹਾਂ ਬੋਲਿਆ ਜਾਂ
ਉਸ ਨੂੰ ਸੱਚ ਮੁੱਚ ਹੀ ਇਸ ਤਰ੍ਹਾਂ ਦੀ ਹਿੰਦੀ ਆਉਂਦੀ ਹੈ। ਪਰ ਜਦ ਉਰਦੂ ਬੋਲਣ ਵਾਲੀ ਕੁੜੀ
ਆਈ ਤਾਂ ਉਸ ਕੁਝ ਜ਼ਿਆਦਾ ਸਿਆਣਪ ਦਿਖਾਈ ਤੇ ਬਹੁਤ ਵਧੀਆ , ਬਿਲਕੁਲ ਸਹੀ ਉਚਾਰਣ ਕੀਤਾ। ਇਹ
ਤੇ ਹੋ ਸਕਦਾ ਹੈ ਕਿ ਉਹ ਦੂਜੀ ਤਰ੍ਹਾਂ ਦੀ ਗਲਤੀ ਕਰ ਰਹੀ ਹੋਵੇ ਕਿ ਪੰਜਾਬੀ ਪਾਕਿਸਤਾਨੀ
ਹੋਵੇ ਤੇ ਪੰਜਾਬੀ ਛੱਡ ਉਰਦੂ ਵਿੱਚ ਬੋਲਣ ਦਾ ਫਖਰ ਮਹਿਸੂਸ ਕਰਦੀ ਹੋਵੇ।
ਖੈਰ ਮੈਂ ਵਾਪਿਸ ਉਸ ਕੁੜੀ ਦੀ ( ਜੋ ਕਿ ਨਾਈਜੀਰਿਆ ਤੋਂ ਸੀ ) ਤਕਰੀਰ ਵੱਲ ਮੁੜਦੀ ਹਾਂ ,
ਚੰਗੀ ਬੋਲਣ ਵਾਲੀ ਤੇ ਬਹੁਤ ਉੱਚੀਆਂ ਹਸਰਤਾਂ ਰੱਖਣ ਵਾਲੀ ਕੁੜੀ ਜਾਪੀ। ਉਸ ਆਪਣੀ ਗੱਲ ਆਪਣੇ
ਲੈਂਗੂਏਜ਼ ਦੇ ਪ੍ਰੋਫੈਸਰ ਦੀ ਗੱਲ ਤੋਂ ਸ਼ੁਰੂ ਕੀਤੀ ਸੀ ਕਿ ਕਿਵੇਂ ਪਹਿਲੇ ਦਿਨ ਉਸ ਨੇ ਬੋਲੀ
ਬਾਰੇ ਉਨ੍ਹਾਂ ਨੂੰ ਦੱਸਿਆ ਤੇ ਕਿਹਾ ਕਿ language ਕਿੰਨਾਂ ਸ਼ਕਤੀਸ਼ਾਲੀ ਹਥਿਆਰ ਹੈ ਕਿ ਇਸ
ਨਾਲ ਤੁਸੀਂ ਦੁਨੀਆ ਵਿੱਚ ਕਿਵੇਂ ਤਬਦੀਲੀ ਲਿਆ ਸਕਦੇ ਹੋ - ਗੱਲ ਤਾਂ ਸਹੀ ਹੈ - ਇਹ ਇੱਕ
ਸ਼ਕਤੀਸ਼ਾਲੀ ਹਥਿਆਰ ਹੀ ਸੀ ਕਿ ਹਿਟਲਰ ਦੀਆਂ ਗੱਲਾਂ ਨੂੰ ਜਰਮਨਾਂ ਅੱਖਾਂ ਬੰਦ ਕਰ ਸੁਣੀਆਂ ;
ਤੇ ਉਸ ਦੇ ਬੋਲਾਂ ਕਿੰਨੀ ਭਿਆਨਕ ਤਬਦੀਲੀ ਯੂਰਪ ਵਿੱਚ ਲਿਆਂਦੀ। ਤੇ ਇਸ ਦੇ ਉਲਟ ਪੀਰਾਂ
ਫਕੀਰਾਂ ਨੇ ਆਪਣੇ ਬੋਲਾਂ ਵਿੱਚ ਪਿਆਰ ਤੇ ਸ਼ਾਂਤੀ ਭਰ ਕੇ ਇਸ ਤਰ੍ਹਾਂ ਵੀ ਦੁਨੀਆ ਨੂੰ ਇੱਕ
ਸੁਖਾਵਾਂ ਸੁਨੇਹਾ ਦਿੱਤਾ।
ਉਸ ਕੁੜੀ ਦੱਸਿਆ ਕਿ ਉਸ ਦਾ ਪ੍ਰੋਫੈਸਰ ਬੋਲਦਾ ਪਿਆ ਸੀ ਤੇ ਉਹ ਫੱਟਾ ਫੱਟ ਨੋਟਸ ਲਿਖ ਰਹੀ
ਸੀ ਕਿ ਅਚਾਨਕ ਪ੍ਰੋਫੈਸਰ ਨੇ ਕਿਹਾ ਕਿ ਸਾਰੇ ਆਪਣੀਆਂ ਕਲਮਾਂ ਨੂੰ ਥੱਲੇ ਰੱਖ ਬੱਸ ਉਸ ਨੂੰ
ਸੁਣਨ - ਤੇ ਉਸ ਦੇ ਜੋ ਅਖੀਰਲਾ ਫਿਕਰਾ ਜਾਂ ਅਖੀਰਲੀ ਗੱਲ ਸੀ ਉਸ ਨੇ ਕਮਰੇ ਵਿੱਚ ਇਕ ਦੰਮ
ਸੰਨਾਟਾ ਲੈ ਆਉਂਦਾ। ਤੇ ਇਹ ਜੋ ਆਖਿਰੀ ਗੱਲ ਉਸ ਆਖੀ ਉਹ ਇਹ ਸੀ ਕਿ - " Language does
not exist " - ਤੇ ਇਹ ਗੱਲ ਉਹ ਆਖ ਤੇਜ਼ੀ ਨਾਲ ਕਮਰੇ ਵਿਚੋਂ ਬਾਹਰ ਨਿੱਕਲ ਗਿਆ- ਤੇ ਉਸ ਦੇ
ਜਾਂਦਿਆਂ ਹੀ ਜਮਾਤ ਵਿੱਚ ਜਿਵੇਂ ਕੋਈ ਸੰਨ ਸੰਨੀ ਜਿਹੀ ਫੈਲ ਗਈ ਹੋਵੇ ਤੇ ਪੂਰੀ ਜਮਾਤ ਅਵਾਕ
ਰਹਿ ਗਈ ਹੋਵੇ। ਇੱਕ ਹਫਤੇ ਲਈ ਉਹ ਆਪਣੀ ਜਮਾਤ ਨੂੰ ਹਜ਼ਾਰਾਂ ਸੁਆਲਾਂ ਨਾਲ ਛੱਡ ਗਿਆ।
ਮੈਂ ਧਿਆਨ ਨਾਲ ਉਸ ਕੁੜੀ ਦੀਆਂ ਗੱਲਾਂ ਸੁਣ ਰਹੀ ਸਾਂ ਕਿ ਉਹ ਆਪਣੀ ਇਸ ਗੱਲ ਨੂੰ ਕਿਵੇਂ
ਖਤਮ ਕਰਦੀ ਹੈ। ਪਰ ਉਸ ਕੁੜੀ ਨੇ ਵੀ ਆਪਣੇ ਪ੍ਰੋਫੈਸਰ ਵਾਂਗ ਗੱਲ ਨੂੰ ਵਿਚੋਂ ਛੱਡ ਕੇ ਹੋਰ
ਗੱਲ ਸ਼ੁਰੂ ਕਰ ਲਈ। ਘੁੰਮ ਘੁੰਮਾ ਕੇ ਜਦ ਉਹ ਉਸ ਗੱਲ ਤੇ ਵਾਪਿਸ ਆਈ ਤਾਂ ਉਸ ਦਾ ਮਤਲਬ ਸੀ
ਕਿ ਬੇਸ਼ਕ ਬੋਲੀ ਇੱਕ ਸ਼ਕਤੀਸ਼ਾਲੀ ਹਥਿਆਰ ਸੀ ਪਰ ਫਿਰ ਇਹ ਸਾਰੀ ਸ਼ਕਤੀ , ਸਾਰੇ ਮਤਲਬ ਅਸੀਂ ਹੀ
ਆਪਣੀ ਬੋਲੀ ਵਿੱਚ ਪਾਉਂਦੇ ਹਾਂ ਸਾਡੇ ਅਰਥਾਂ ਕਰ ਕੇ ਹੀ ਬੋਲੀ ਦੀ ਹੋਂਦ ਹੈ ਤੇ ਇਹ ਸਾਡੇ
ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਬੋਲਾਂ ਨੂੰ ਕਿਵੇਂ ਪ੍ਰੀਭਾਸ਼ਿਤ ਕਰਦੇ ਹਾਂ। ਮੈਂਨੂੰ
ਐਮ. ਏ. ਵਿੱਚ T. S . Eliot ਦੀ ਲਿਖੀ ਗੱਲ ਯਾਦ ਆਈ ਜੋ ਕੁਝ ਇਸ ਤਰ੍ਹਾਂ ਦੀ ਕਿ ' ਪਿਛਲੇ
ਸਾਲ ਦੇ ਲਫਜ਼ ਪਿਛਲੇ ਸਾਲ ਦੀ ਬੋਲੀ ਨਾਲ ਸੰਬੰਧ ਰੱਖਦੇ ਸਨ ਤੇ ਅਗਲੇ ਸਾਲ ਦੇ ਬੋਲਾਂ ਲਈ
ਅਗਲੇ ਸਾਲ ਦੀ ਕੋਈ ਨਵੀਂ ਆਵਾਜ਼ ਦੀ ਲੋੜ ਹੈ ' -(“For last year's words belong to
last year's language And next year's words await another voice.” T. S.
Eliot , Four Quartets) ਮੈਂਨੂੰ ਪਤਾ ਨਹੀਂ ਕਿ ਉਸ ਕੁੜੀ ਨੇ ਗੱਲ ਨੂੰ ਉਸੇ ਤਰ੍ਹਾਂ ਹੀ
ਸਮਝਾਇਆ ਸੀ ਜਾਂ ਨਹੀਂ ਜੋ ਮਤਲਬ ਉਸ ਦੇ ਪ੍ਰੋਫੈਸਰ ਦਾ ਸੀ ਪਰ ਮੇਰੀਆਂ ਸੋਚਾਂ ਕਿਤੇ ਦੀਆਂ
ਕਿਤੇ ਚਲੀਆਂ ਗਈਆਂ !
ਗੱਲ ਤੇ ਠੀਕ ਸੀ, ਜੋ ਪਾਸ਼ ਆਖ ਰਿਹਾ ਹੈ ਉਹ ਗੱਲ ਪਾਸ਼ ਹੀ ਉਸੇ ਤਰ੍ਹਾਂ ਕਰ ਸਕਿਆ। ਕੋਈ
ਉਂਝ ਉਸ ਵਾਂਗ ਨਹੀਂ ਆਖ ਸਕਦਾ। ਉਸ ਦੇ ਅਰਥ ਬਿਲਕੁਲ ਉਸ ਦੇ ਆਪਣੇ ਹਨ ਕਿਓਂਕਿ ਉਹ ਉਸ
ਤਰ੍ਹਾਂ ਜੀਵਿਆ - ਤੇ ਇਹੀ ਬੋਲੀ ਦੀ ਤਾਕਤ ਹੈ ਕਿ ਉਸ ਵਿੱਚ ਤੁਸੀਂ ਕਿਵੇਂ ਜਿਓੰਦੇ ਜਾਗਦੇ
ਸੁੱਚੇ ਸੱਚੇ ਲਫਜ਼ ਭਰਦੇ ਹੋ।
ਇਸ ਤੋਂ ਉਲਟ ਕੁਝ ਗੱਲਾਂ ਆਖਣ ਲਈ ਕਿਸੇ ਬੋਲੀ ਦੀ ਜਾਂ ਲਫਜ਼ਾਂ ਦੀ ਲੋੜ ਹੀ ਨਹੀਂ ਪੈਂਦੀ -
ਤੁਹਾਡੀਆਂ ਅੱਖਾਂ ਹੀ ਕਾਫੀ ਹਨ, ਉਹ ਸਭ ਕੁਝ ਆਖ ਦਿੰਦੀਆਂ ਹਨ - ਪਿਆਰ ਵਿੱਚ ਬੋਲੀ ਦਾ ਕੀ
ਕੰਮ ? ਤੁਹਾਡਾ ਸਰੀਰ ਤੁਹਾਡੇ ਦਿਲ ਦਿਮਾਗ ਵਿੱਚ ਚਲ ਰਹੀ ਹਰ ਗੱਲ ਨੂੰ ਆਖ ਦਿੰਦਾ ਹੈ ;
ਤੁਸੀਂ ਚਾਹੇ ਲੱਖ ਝੂਠ ਬੋਲੋ , ਲੱਖ ਗੱਲ ਨੂੰ ਲੁਕਾਵੋ ਤੁਹਾਡਾ ਸਰੀਰ ਤੁਹਾਡੇ ਬਿਨ ਬੋਲਿਆਂ
ਸਭ ਕੁਝ ਆਖ ਦਿੰਦਾ ਹੈ।
ਉਹ ਹਿੰਦੀ ਬੋਲਦੀ ਕੁੜੀ ਦੱਸ ਗਈ ਸੀ ਕਿ ਹਿੰਦੀ ਨਾ ਬੋਲਣ ਵਿੱਚ ਉਸ ਦੀ ਸ਼ਾਨ ਸੀ ਤੇ ਉਸ ਦਾ
ਸੁਨੇਹਾ ਸੀ ਕਿ ਵੈਸੇ ਤਾਂ ਉਹ ਅੰਗਰੇਜ਼ੀ ਬੋਲਣ ਵਾਲੀ ਕੁੜੀ ਸੀ। ਬੱਸ ਮਜ਼ਬੂਰੀ ਵਿੱਚ ਹੀ
ਹਿੰਦੀ ਬੋਲ ਰਹੀ ਸੀ। ਮੈਂਨੂੰ ਕਈ ਅੱਡ ਅੱਡ ਗੱਲਾਂ ਸੁਣੀਆਂ ਹੋਈਆਂ ਯਾਦ ਆਈਆਂ ਜੋ ਸਿਆਣੇ
ਲੋਕ ਆਖਿਆ ਕਰਦੇ ਸਨ ਕਿ ਜਦ ਬੰਦਾ ਆਪਣਾ ਮੂੰਹ ਖੋਲ੍ਹਦਾ ਹੈ ਤਾ ਉਸ ਦੀ ਗੱਲ ਦੇ ਨਾਲ ਨਾਲ ,
ਉਸ ਦਾ ਆਪਣਾ ਸੁਭਾ , ਉਸ ਦਾ ਪਿਛੋਕੜ , ਉਸ ਦੀ ਪ੍ਰੀਵਰਿਸ਼ , ਗੱਲ ਕੀ ਉਸ ਦੀ ਪੂਰੀ
ਖਾਨਦਾਨੀ ਜ਼ਾਹਿਰ ਹੋ ਜਾਂਦੀ ਹੈ।
ਮੇਰੀ ਭੈਣ ਹਾਈ ਸਕੂਲ ਵਿੱਚ ਪੜ੍ਹਾਂਦੀ ਹੈ - ਹਰ ਸਾਲ ਉਹ graduation ceremony ਵਿੱਚ
ਸ਼ਾਮਿਲ ਹੁੰਦੀ ਹੈ - ਉਸ ਨੂੰ ਆਪਣੇ ਸਕੂਲ ਦਾ ਵਾਈਸ ਪ੍ਰਿੰਸੀਪਲ ਬਹੁਤ ਪਸੰਦ ਹੈ - ਹਰ ਸਾਲ
ਉਹ ਦੂਜੇ ਦੇਸ਼ਾਂ ਦੇ ਬੱਚਿਆਂ ਨੂੰ ਬੁਲਾ ਉਨ੍ਹਾਂ ਦੇ ਨਾਮ ਨੂੰ ਸਹੀ ਤਰੀਕੇ ਨਾਲ ਆਖਣ ਦੀ
practice ਕਰਦਾ ਹੈ। ਇੱਕ ਵਾਰ ਉਸ ਦਾ ਇੱਕ ਸਟੂਡੈਂਟ ਸੀ ਬਰਜਿੰਦਰ ਸਿੰਘ , ਕੁੰਮੂ ਨੇ
ਦੱਸਿਆ ਕਿ ਉਸ ਨੇ ਬਿਲਕੁਲ ਪੰਜਾਬੀਆਂ ਵਾਂਗ ਉਸ ਦਾ ਸਹੀ ਨਾਮ ਲਿਆ - ਉਸ ਦਾ ਆਖਣਾ ਹੈ ਕਿ
ਹਰ ਇੱਕ ਦਾ ਦਾਦਾ , ਦਾਦੀ , ਨਾਨਾ , ਨਾਨੀ ਕਿੰਨੇ ਚਾਅ ਨਾਲ ਆਉਂਦੇ ਹਨ ਜੇ ਉਹ ਆਪਣੇ ਬੱਚੇ
ਦਾ ਨਾਮ ਹੀ ਨਹੀ ਸੁਣ ਤੇ ਸਮਝ ਸਕਦੇ ਤਾਂ ਉਨ੍ਹਾਂ ਦੇ ਆਉਣ ਦਾ ਕੀ ਫਾਇਦਾ ! ਇਸ ਗੱਲ ਨੂੰ
ਉਹ administration ਦੀ ਅਸਫਲਤਾ ਸਮਝਦਾ ਹੈ। ਇਸ ਵਾਰ ਕੁੰਮੁ ਦੱਸ ਰਹੀ ਸੀ ਕਿ ਕੋਈ
ਸਟੂਡੈਂਟ ਸੀ ਸਾਗਰ ਕੁਮਾਰ ; ਉਸ ਨੇ ਆਪਣਾ ਨਾਮ ਬਿਗਾੜ ਕੇ ਪ੍ਰਿੰਸੀਪਲ ਨੂੰ ਦੱਸਿਆ ਕੀ '
ਸੇਗਰ ਕੁਮਾਰ ' ਮੇਰੀ ਭੈਣ ਦੱਸ ਰਹੀ ਸੀ ਕਿ, " ਮੇਰਾ ਦਿਲ ਕਰ ਰਿਹਾ ਸੀ ਉਸ ਦੇ ਕੰਨਾਂ ਤੇ
ਇੱਕ ਧਰ ਦਿਆਂ । "
ਮੇਰੀ ਮਮੀ ਨੇ ਮੈਂਨੂੰ ਕਾਲਜ ਵਿੱਚ ਦਾਖਲਾ ਲੈਣ ਵੇਲੇ ਆਖਿਆ ਸੀ ਕਿ , " ਤੂੰ ਤੇ ਤੇਰਾ
ਵਿਓਹਾਰ ਸਿਰਫ ਤੈਨੂੰ ਹੀ ਨਹੀਂ ਦਰਸਾਉਂਦਾ , ਇਹ ਸਾਡੇ ਬਾਰੇ ਵੀ ਲੋਕਾਂ ਨੂੰ ਦੱਸਦਾ ਹੈ। "
--- ਸੋ ਤੁਸੀਂ ਆਪਣੀ ਬੋਲਾਂ ਨੂੰ ਕੀ ਤੇ ਕਿਵੇਂ ਮਹਿਣੇ ਦਿਉਗੇ ਇਹ ਫੈਸਲਾ ਤੁਸੀਂ ਕਰਨਾ ਹੈ
। ਇਸ ਤਰ੍ਹਾਂ ਅਸੀਂ ਹਰ ਪਲ ਇੱਕ ਨਵੀਂ ਬੋਲੀ ਨੂੰ ਜਨਮ ਦਿੰਦੇ ਹਾਂ !
-0-
|