"ਨਿੱਕੇ ਵੇ ਨਿੱਕੇ"
ਹਾਂ ਚਾਚੀ ,ਵੇ ਜਾਹ ਦਸਾਂ ਦਾ ਦਹੀਂ ਲੈ ਕੇ ਆਈਂ ,ਜਲਦੀ ਆਈਂ ਚਾਹੀਦਾ ਛੇਤੀ "
"ਵੇ ਨਿੱਕੇ ਸਾਡੀ ਕਣਕ ਧਰਿਆ ਚੱਕੀ ਤੇ "
"ਨਿੱਕਿਆ ਆਹ ਸਾਈਕਲ ਖੜਾ ਕਰਕੇ ਆਈ ਪੈਂਚਰਾਂ ਵਾਲੇ ਦੇ ,ਉਹਨੂੰ ਆਖੀਂ ਛੇਤੀ ਲਾਦੇ ਪੈਂਚਰ
ਮੈਂ ਆਉਣਾ ਦਸ ਮਿੰਟ ਤੱਕ "
ਏਸ ਤਰ੍ਹਾਂ ਦੀਆਂ ਹੋਰ ਵੀ ਕਈ ਆਵਾਜ਼ਾ ਅਕਸਰ ਹੀ ਸੁਣਨ ਨੂੰ ਮਿਲ ਜਾਂਦੀਆਂ ਸਨ ਜਿੰਨ੍ਹਾਂ
ਵਿੱਚ ਨਿੱਕੇ ਤੋਂ ਕਰਾਏ ਜਾਣ ਵਾਲੇ ਕੰਮਾਂ ਦਾ ਜ਼ਿਕਰ ਹੁੰਦਾ ਸੀ ।
ਨਿੱਕਾ ਸਾਡੀ ਪੱਤੀ ਦੇ ਇਕ ਗਰੀਬ ਪਰਿਵਾਰ ਦਾ ਅਠਾਰਾਂ ਕੁ ਸਾਲ ਦਾ ਮੁੰਡਾ ਸੀ ਪਰ ਗਰੀਬੀ
ਕਾਰਨ ਚੰਗਾ ਖਾਣ ਪੀਣ ਨਾ ਮਿਲਣ ਕਰਕੇ ਉਹ ਅਜੇ ਵੀ ਬਾਰਾਂ ਤੇਰਾਂ ਵਰਿਆਂ ਦਾ ਲੱਗਦਾ ਸੀ ।
ਮਾਂ ਬਾਪ ਦੇ ਹੁੰਦਿਆਂ ਹੋਇਆਂ ਵੀ ਨਿੱਕਾ ਆਪਣੇ ਭਰਾ ਸਮੇਤ ਬਹੁਤਾ ਸੜ੍ਹਕਾਂ ਤੇ ਹੀ ਪਲਿਆ
ਸੀ । ਮਾਂ ਬਾਪ ਕੰਮ ਕਰਨ ਲਈ ਬਿਨਾਂ ਕਿਸੇ ਸਹਾਰੇ ਦੇ ਨਿੱਕੇ ਨੂੰ ਭਰਾ ਸਮੇਤ ਕੱਲਿਆਂ ਹੀ
ਘਰ ਵਿੱਚ ਛੱਡ ਜਾਂਦੇ ਸਨ ਤੇ ਨਿੱਕਾ ਟੁੱਟੇ ਹੋਏ ਦਰਵਾਜ਼ੇ ਦੇ ਹੇਠਾਂ ਦੀ ਨਿੱਕਲਕੇ ਸੜ੍ਹਕ
ਤੇ ਆ ਜਾਂਦਾ ਸੀ ਤੇ ਏਦਾਂ ਹੀ ਉਸਦਾ ਬਚਪਣ ਬੀਤਿਆ ।
ਕਦੇ ਕਿਸੇ ਨੇ ਸੜ੍ਹਕ ਤੋਂ ਪਾਸੇ ਕਰਨਾ ਤੇ ਕਦੇ ਕਿਸੇ ਨੇ ।ਇੱਕ ਵਾਰ ਨਿੱਕੇ ਨੇ ਘਰ ਕੋਲ ਹੀ
ਲੱਗੀ ਪੱਠਿਆਂ ਵਾਲੀ ਮਸ਼ੀਨ ਵਿੱਚ ਆਪਣੇ ਹੀ ਹੱਥੀਂ ਆਪਣੀ ਇੱਕ ਉਂਗਲ ਵੱਢ ਲਈ ਤੇ ਇਸ ਸੱਟ
ਤੇ ਉਸਨੇ ਇੱਕ ਵੀ ਹੰਝੂ ਨਹੀਂ ਸੀ ਕੇਰਿਆ । ਗਰੀਬੀ ਤੇ ਮਾਪਿਆਂ ਦੀ ਅਣਗਹਿਲੀ ਕਾਰਨ ਨਿੱਕਾ
ਦੋ ਕਲਾਸਾਂ ਵੀ ਪਾਸ ਨਹੀਂ ਸੀ ਕਰ ਸਕਿਆ ਤੇ ਪੰਜਾਹ ਕੁ ਤੱਕ ਦੀ ਗਿਣਤੀ ਮਸਾਂ ਹੀ ਕਰ ਸਕਦਾ
ਸੀ । ਛੋਟੀ ਜੀ ਉਮਰ ਵਿੱਚ ਹੀ ਨਿੱਕੇ ਨੇ ਅਨੇਕਾ ਬੰਦਿਆਂ ਨਾਲ ਕਈ ਦੁਕਾਨਾਂ ਤੇ ਕੰਮ ਕੀਤਾ
ਸੀ ਪਰ ਮਾੜੀ ਸੰਗਤ ਕਾਰਨ ਨਿੱਕੇ ਨਿੱਕੇ ਨਸ਼ਿਆਂ ਦਾ ਆਦੀ ਹੋਇਆ ਨਿੱਕਾ ਹੁਣ ਸ਼ਰਾਬ ਤੇ
ਡੋਡਿਆਂ ਨੂੰ ਮਾਮੂਲੀ ਚੀਜ ਹੀ ਸਮਝਦਾ ਸੀ ।
ਜਿਸ ਕਿਸੇ ਨੇ ਕੋਈ ਵੀ ਕੰਮ ਕਰਵਾਉਣਾ ਤਾਂ ਚਾਰ ਪੰਜ ਰੁਪਏ ਨਿੱਕੇ ਨੂੰ ਦੇ ਛੱਡਣੇ ਤੇ ਉਹ
ਰੁਪਏ ਨਿੱਕੇ ਦੇ ਢਿੱਡ ਵਿੱਚ ਨਸ਼ੇ ਦੇ ਰੂਪ ਵਿੱਚ ਚਲੇ ਜਾਂਦੇ । ਨਿੱਕਾ ਬੇਸ਼ੱਕ ਨਸ਼ੇੜੀ
ਹੋ ਗਿਆ ਸੀ ਪਰ ਕਦੇ ਕਿਸੇ ਨੂੰ ਕੰਮ ਤੋਂ ਜਵਾਬ ਦੇਣਾ ਉਸਦੇ ਸੁਭਾਅ ਵਿੱਚ ਨਹੀਂ ਸੀ ਭਾਵੇਂ
ਅਗਲਾ ਕੰਮ ਦੇ ਬਦਲੇ ਉਸ ਨੂੰ ਕੁਝ ਵੀ ਨਾ ਦੇਵੇ । ਕਦੇ ਕਦੇ ਤਾਂ ਇੰਝ ਜਾਪਦਾ ਸੀ ਕਿ ਨਿੱਕਾ
ਇਸ ਧਰਤੀ ਤੇ ਆਇਆ ਹੀ ਲੋਕਾਂ ਦੇ ਕੰਮ ਕਰਨ ਲਈ ਹੈ ਤੇ ਏਸੇ ਗੁਣ ਕਾਰਨ ਬਹੁਤੇ ਲੋਕ ਉਸਦੀ
ਸਿਫਤ ਵੀ ਕਰਦੇ ਸਨ । ਕਿਸੇ ਵੀ ਸਾਝੇ ਕੰਮ ਵਿੱਚ ਨਿੱਕਾ ਵੱਧ ਤੋਂ ਵੱਧ ਸੇਵਾ ਕਰਵਾਉਂਦਾ ਸੀ
। ਪਰ ਹੁਣ ਨਿੱਕੇ ਵੱਡੇ ਨਸ਼ੇ ਕਰਦਿਆਂ ਨਿੱਕੇ ਦਾ ਸਰੀਰ ਏਨਾ ਖੋਖਲਾ ਹੋ ਗਿਆ ਸੀ ਕਿ ਉਹ
ਕੋਈ ਵੱਡਾ ਝਟਕਾ ਮਹਿਸੂਸ ਨਹੀਂ ਸੀ ਕਰ ਸਕਦਾ ਤੇ ਏਸੇ ਹੀ ਭੁੱਲ ਵਿੱਚ ਇੱਕ ਦਿਨ ਨਿੱਕੇ
ਵੱਲੋਂ ਜਿਆਦਾ ਮਾਤਰਾਂ ਵਿੱਚ ਕੀਤਾ ਗਿਆ ਨਸ਼ਾ ਉਸਦੀ ਜਾਨ ਤੇ ਭਾਰੀ ਪੈ ਗਿਆ ਤੇ ਨਿੱਕੇ ਦਾ
ਕਮਜ਼ੋਰ ਸਰੀਰ ਉਸਨੂੰ ਬਰਦਾਸ਼ਤ ਨਾ ਕਰ ਸਕਿਆ ਤੇ ਉਸਨੇ ਨਿੱਕੇ ਤੋਂ ਉਸਦੀ ਬਹੁਤ ਵੱਡੀ
ਜ਼ਿੰਦਗੀ ਖੋਹ ਲਈ
ਸਾਰਾ ਦਿਨ ਸੜ੍ਹਕਾ ਤੇ ਗੇੜੇ ਕੱਢਣ ਵਾਲਾ ਤੇ ਪਲ ਪਲ ਬਾਅਦ ਲੋਕਾਂ ਦੇ ਕੰਮ ਕਰਨ ਵਾਲਾ
ਨਿੱਕਾ ਹੁਣ ਪਿਛਲੇ ਕਈ ਘੰਟਿਆਂ ਤੋਂ ਅਹਿੱਲ ਪਿਆ ਸੀ । ਅਠਾਰਾਂ ਉੱਨੀ ਸਾਲ ਦੀ ਛੋਟੀ ਜਿਹੀ
ਉਮਰ ਵਿੱਚ ਅਨੇਕਾ ਲੋਕਾਂ ਦੇ ਕੰਮ ਆਉਣ ਵਾਲੇ ਨਿੱਕੇ ਦੇ ਦੁਆਲੇ ਅੱਜ ਗਿਣਤੀ ਦੇ ਲੋਕ ਹੀ
ਸ਼ਾਮਿਲ ਸਨ ਤੇ ਇਸ ਛੋਟੇ ਜਿਹੇ ਇਕੱਠ ਨੂੰ ਦੇਖਕੇ ਇਉਂ ਜਾਪ ਰਿਹਾ ਸੀ ਕਿ ਲੋਕ ਬਹੁਤ
ਸਵਾਰਥੀ ਹੋ ਗਏ ਨੇ ਜਿੰਨ੍ਹਾ ਨੂੰ ਹੁਣ ਮਰੇ ਪਏ ਨਿੱਕੇ ਦੀ ਲਾਸ਼ ਨਾਲ ਕੋਈ ਵਾਸਤਾ ਨਹੀਂ
ਕਿਉਂਕਿ ਇਹ ਮਰਿਆ ਨਿੱਕਾ ਉਹਨਾਂ ਦੇ ਕਿਸ ਕੰਮ ਦਾ ਉਹ ਤਾਂ ਸਿਰਫ ਜਿਉਂਦੇ ਨਿੱਕੇ ਤੋਂ ਕੰਮ
ਲੈਣਾ ਜਾਣਦੇ ਸਨ ।
" ਨਿੱਕਿਆ ਜਾਹ ਜਰਦੇ ਦੀ ਪੁੜੀ ਲੈ ਕੇ ਆ "
"ਵੇ ਨਿੱਕੇ ਜਾਹ ਖੇਤ ਰੋਟੀ ਫੜਾਕੇ ਆ ਆਵਦੇ ਤਾਏ ਦੀ "
ਨਿੱਕੇ ਦੀ ਮੌਤ ਨਾਲ ਏਹ ਸਭ ਆਵਾਜਾਂ ਵੀ ਮਰ ਗਈਆਂ ਕਿਉਂਕਿ ਇਹਨਾਂ ਦਾ ਜਨਮ ਦਾਤਾ ਨਿੱਕਾ ਹੀ
ਸੀ।
94649-56457
-0- |