ਅਸੀਂ ਸ਼ੇਖ਼ੂਪੁਰੇ ਪੁੱਜੇ
ਤਾਂ ਬੱਦਲਾਂ ਨੇ ਅਸਮਾਨ ਪੂਰੀ ਤਰ੍ਹਾਂ ਢਕ ਲਿਆ। ਮੌਸਮ ਦਿਲ ਨੂੰ ਮੋਹ ਲੈਣ ਵਾਲਾ ਸੀ।
ਪਿਛਲੇ ਦਿਨੀਂ ਪੈ ਕੇ ਹਟੇ ਮੀਂਹ ਸਦਕਾ ਰੁਮਕ ਰਹੀ ਹਵਾ ਵਿਚ ਨਮੀ ਸੀ। ‘ਸ਼ੇਖੂਪੁਰਾ’ ਬਚਪਨ
ਤੋਂ ਹੀ ਬਹੁਤ ਪੜ੍ਹਿਆ ਤੇ ਜਾਣਿਆ ਜਾਂਦਾ ਨਾਮ ਸੀ। ਗੁਰੂ ਨਾਨਕ ਦੇਵ ਦਾ ਲੇਖ ਲਿਖਦਿਆਂ
ਪਹਿਲੀ ਸਤਰ ਅਕਸਰ ਇਹੋ ਹੀ ਹੁੰਦੀ ਸੀ, ‘ਆਪ ਦਾ ਜਨਮ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇ
ਘਰ ਰਾਇ ਭੋਇ ਦੀ ਤਲਵੰਡੀ (ਜਿਸ ਨੂੰ ਅੱਜ-ਕੱਲ੍ਹ ਨਨਕਾਣਾ ਸਾਹਿਬ ਆਖਦੇ ਹਨ) ਜਿ਼ਲਾ
ਸ਼ੇਖ਼ੂਪੁਰਾ ਵਿਚ ਹੋਇਆ।’
ਸ਼ੇਖ਼ੂਪੁਰਾ ਨਾਲ ਜੁੜੀਆਂ ਗੱਲਾਂ ਮੇਰੇ ਮਨ ਵਿਚ ਆ ਰਹੀਆਂ ਸਨ। ਰਾਣੀ ਜਿੰਦਾਂ ਨੂੰ
ਅੰਗਰੇਜ਼ਾਂ ਨੇ ਪਹਿਲੀ ਵਾਰ ਗ੍ਰਿਫ਼ਤਾਰ ਕਰਕੇ ਸ਼ੇਖ਼ੂਪੁਰੇ ਦੇ ਕਿਲੇ ਵਿਚ ਹੀ ਰੱਖਿਆ ਸੀ।
ਬਹੁਤ ਪੁਰਾਣਾ ਇਹ ਸ਼ਹਿਰ ਜਹਾਂਗੀਰ ਦੇ ਨਾਮ ਉਤੇ ਵਸਿਆ ਹੈ। ਜਹਾਂਗੀਰ ਦਾ ਬਚਪਨ ਦਾ ਨਾਮ
ਸ਼ੇਖ਼ੂ ਸੀ। ਰੈਵੇਨਿਊ ਰਿਕਾਰਡ ਵਿਚ ਇਸ ਦਾ ਨਾਮ ‘ਕਿਲ੍ਹਾ ਸ਼ੇਖ਼ੂਪੁਰਾ’ ਹੀ ਹੈ। ਇਹ ਹੀ
ਖਿੱਤਾ ਸੀ ਜਿਸ ਨੂੰ ‘ਵਿਰਕ ਟੱਪਾ’ ਵੀ ਆਖਿਆ ਜਾਂਦਾ ਸੀ। ਸਾਡਾ ਅਜ਼ੀਮ ਕਹਾਣੀਕਾਰ ਕੁਲਵੰਤ
ਸਿੰਘ ਵਿਰਕ ਸ਼ੇਖ਼ੂਪੁਰੇ ਦੇ ਗੌਰਮਿੰਟ ਹਾਈ ਸਕੂਲ ਵਿਚ ਹੀ ਪੜ੍ਹਦਾ ਰਿਹਾ ਸੀ। ਇਨ੍ਹਾਂ
ਆਲੇ-ਦੁਆਲੇ ਦੇ ਪਿੰਡਾਂ ਵਿਚੋਂ ਹੀ ਕਿਸੇ ਪਿੰਡ ਵਿਚ ਵਿਰਕ ਦੀ ਕਹਾਣੀ ‘ਚਾਚਾ’ ਦਾ ਬਾਲ
ਸਿੰਘ ਡੰਗਰ ਚਾਰਦਾ ਰਿਹਾ ਹੋਊ। ‘ਓਪਰੀ ਧਰਤੀ’ ਦਾ ਹਜ਼ਾਰਾ ਸਿੰਘ ਡੰਗਰ ਚੋਰੀ ਕਰਦਾ ਰਿਹਾ
ਹੋਊ। ਇਸੇ ਖਿੱਤੇ ਵਿਚ ਹੀ ਮੇਰੀ ਭੂਆ ਵਿਆਹੀ ਹੋਈ ਸੀ ਵਿਰਕਾਂ ਦੇ ਘਰ। ਸਾਂਝੇ ਘਰ ਵਿਚ ਪਤਾ
ਨਹੀਂ ਕਿੰਨੀਆਂ ਕੁ ਮੱਝਾਂ ਹੁੰਦੀਆਂ ਸਨ ਜਿਨ੍ਹਾਂ ਦਾ ਦੁੱਧ ਰਿੜ੍ਹਕ-ਰਿੜ੍ਹਕ
ਦਰਾਣੀਆਂ-ਜਠਾਣੀਆਂ ਦੀਆਂ ਬਾਹਵਾਂ ਰਹਿ ਜਾਣ ਦੀਆਂ ਗੱਲਾਂ ਮੈਂ ਉਸ ਤੋਂ ਸੁਣੀਆਂ ਹੋਈਆਂ ਸਨ।
ਇਕ ਭਾਵੁਕ ਤਰੰਗ ਮੇਰੇ ਅੰਦਰ ਨੂੰ ਤਾਂ ਛੇੜ ਹੀ ਰਹੀ ਸੀ ਪਰ ਪ੍ਰੇਮ ਸਿੰਘ ਐਡਵੋਕੇਟ ਦੇ ਦਿਲ
ਦੀ ਧੜਕਣ ਤਾਂ ਕੁਝ ਲੋੜੋਂ ਵੱਧ ਤੇਜ਼ ਹੋ ਗਈ ਸੀ। ਇਹ ਉਹਦੇ ਸਹੁਰਿਆਂ ਦਾ ਸ਼ਹਿਰ ਸੀ। ਇਥੇ
ਉਹ ਸਿਹਰੇ ਬੰਨ੍ਹ ਕੇ ਢੁੱਕਿਆ ਸੀ। ਇਥੇ ਉਸ ਨੂੰ ਸਾਲੀਆਂ ਨੇ ਮਖੌਲ ਕੀਤੇ ਸਨ ਤੇ ਇਥੇ ਹੀ
ਪਿਛਲੇ ਅੰਦਰ ਲੁਕ ਕੇ ਸਹੇਲੀਆਂ ਦੀਆਂ ਗੱਲਾਂ ਸੁਣਦੀ ਤੇ ਚੋਰੀ-ਚੋਰੀ ਆਪਣੇ ਨੀਂਗਰ ਚੰਦ ਨੂੰ
ਦਰਵਾਜ਼ੇ ਦੀਆਂ ਝੀਤਾਂ ਵਿਚੋਂ ਵੇਖਦੀ ਉਹਦੀ ਲਾੜੀ ਨੇ ਚੁੰਨੀ ਦਾ ਪੱਲੂ ਮੂੰਹ ਅੱਗੇ ਲੈ ਕੇ
ਮਸਾਂ ਹਾਸਾ ਰੋਕਿਆ ਸੀ।
ਉਹ ਲਾਹੌਰੋਂ ਮਿਥ ਕੇ ਚੱਲਿਆ ਸੀ ਕਿ ਸ਼ੇਖ਼ੂਪੁਰੇ ਰੁਕ ਕੇ ਆਪਣੇ ਸਹੁਰਿਆਂ ਦਾ ਘਰ ਜ਼ਰੂਰ
ਵੇਖ ਕੇ ਜਾਣਾ ਹੈ। ਆਪਣੇ ਚੇਤਿਆਂ ਵਿਚ ਵੱਸੇ ਇਲਾਕੇ ਵੱਲ ਉਸ ਨੇ ਕਾਰ ਮੋੜਨ ਲਈ ਕਿਹਾ।
ਸ਼ਹਿਰ ਬਦਲ ਗਿਆ ਸੀ। ਪ੍ਰੇਮ ਸਿੰਘ ਅੱਧੀ ਸਦੀ ਪਹਿਲਾਂ ਦਾ ਨਕਸ਼ਾ ਮਨ ਵਿਚ ਲਈ ਬੈਠਾ ਸੀ।
ਅਨੁਮਾਨ ਲਾ ਕੇ ਉਸ ਨੇ ਇਕ ਥਾਂ ਕਾਰ ਰੁਕਵਾਈ ਤੇ ਇਕ ਜਣੇ ਨੂੰ ਪੁੱਛਿਆ, ‘‘ਐਥੇ ਧੋਬੀ ਘਾਟ
ਹੁੰਦਾ ਸੀ। ਕੋਲੋਂ ਦੀ ਇਕ ਨਾਲਾ ਲੰਘਦਾ ਸੀ...‘‘
ਉਸ ਬੰਦੇ ਨੇ ਅਣਜਾਣਤਾ ਪ੍ਰਗਟਾਈ ਤਾਂ ਕਾਹਲੀ ਨਾਲ ਕਾਰ ਵਿਚ ਬੈਠਦਿਆਂ ਪ੍ਰੇਮ ਸਿੰਘ ਨੇ
ਕਿਹਾ, ‘‘ਥੋੜ੍ਹਾ ਅੱਗੇ ਚਲੋ!...‘‘
ਤੇ ਇੰਜ ਕਈ ਵਾਰ ਅਸੀਂ ‘ਥੋੜ੍ਹਾ-ਥੋੜ੍ਹਾ ਅੱਗੇ ਚੱਲੇ!’ ਪ੍ਰੇਮ ਸਿੰਘ ਦੇ ਬੋਲਾਂ ‘ਚ
ਉਤਸ਼ਾਹ ਤੇ ਪੈਰਾਂ ਵਿਚ ਤੇਜ਼ੀ ਸੀ। ਉਹ ਅਗਲੇ ਪਲ ਹੀ ਸਹੁਰਿਆਂ ਦੇ ਘਰ ਦੇ ਬੂਹੇ ਅੱਗੇ
ਆਪਣੇ ਆਪ ਨੂੰ ਖਲੋਤਾ ਵੇਖਣਾ ਚਾਹੁੰਦਾ ਸੀ।
‘‘ਸਰਦਾਰ ਪ੍ਰੇਮ ਸਿੰਘ ਜੀ! ਕੋਈ ਹੋਰ ਨਿਸ਼ਾਨੀ ਵੀ ਦੱਸੋ। ਧੋਬੀ ਘਾਟ ਤਾਂ ਲੱਭਦਾ ਨਹੀਂ
ਪਿਆ...‘‘ ਰਾਇ ਸਾਹਿਬ ਨੇ ਕਿਹਾ ਤਾਂ ਪ੍ਰੇਮ ਸਿੰਘ ਨੂੰ ਯਾਦ ਆਇਆ, ‘‘ਹਾਂ, ਗਿਰਜਾ ਘਰ
ਵਾਲਾ ਚੌਕ ਸੀ। ਉਸ ਤੋਂ ਅੱਗੇ ਹਰਨਾਮ ਸਿੰਘ ਦਾ ਘਰ ਸੀ...‘‘
ਇਕ ਸਿਆਣੇ ਬੰਦੇ ਨੂੰ ਪੁੱਛਿਆ ਤਾਂ ਉਸ ਨੇ ਨੇੜੇ ਹੀ ਸਥਿਤ ਗਿਰਜਾ ਘਰ ਦਾ ਰਾਹ ਦੱਸਿਆ।
ਗਿਰਜਾ ਘਰ ਕੋਲ ਪਹੁੰਚ ਕੇ ਅਸੀਂ ਕਾਰ ਤੋਂ ਉਤਰ ਪਏ। ਪ੍ਰੇਮ ਸਿੰਘ ਦੀ ਤੇ ਮੇਰੀ ‘ਸਿੱਖ
ਸ਼ਕਲ’ ਵੇਖ ਕੇ ਕੁਝ ਬੰਦੇ ਸਾਡੇ ਕੋਲ ਆਏ। ਪ੍ਰੇਮ ਸਿੰਘ ਅਨੁਮਾਨ ਲਾ ਕੇ ਪੁੱਛ ਰਿਹਾ ਸੀ,
‘‘ਐਥੇ ਗਿਰਜਾ ਘਰ ਦੇ ਕਿਸੇ ਇਕ ਪਾਸੇ ਨਾਲਾ ਵਗਦਾ ਹੁੰਦਾ ਸੀ। ਉਥੇ ਧੋਬੀ ਘਾਟ ਹੁੰਦਾ ਸੀ।
ਕੋਲੋਂ ਬਾਹਰਵਾਰ ਇਕ ਸੜਕ ਲੰਘਦੀ ਸੀ...‘‘
ਕਿਸੇ ਵਡੇਰੀ ਉਮਰ ਦੇ ਬੰਦੇ ਨੇ ਦੱਸਿਆ, ‘‘ਹਾਂ, ਨਾਲਾ ਤਾਂ ਇਥੇ ਇਕ ਵਗਦਾ ਹੁੰਦਾ ਸੀ ਪਰ
ਉਹ ਤਾਂ ਬਹੁਤ ਸਾਲ ਹੋਏ ਪੂਰ ਦਿੱਤਾ ਗਿਆ। ਤੇ ਬਾਹਰਲੀ ਸੜਕ ਤਾਂ ਹੁਣ ਏਥੇ ਇਕ
ਨਹੀਂ...ਤੁਹਾਡੇ ਸਾਹਮਣੇ ਹੀ ਹੈ...ਉਸ ਵੇਲੇ ਦੀ ‘ਬਾਹਰਲੀ’ ਸੜਕ ਤੋਂ ਬਾਅਦ ‘ਬਾਹਰਲੀ’ ਤੇ
‘ਹੋਰ ਬਾਹਰਲੀ’ ਕਈ ਸੜਕਾਂ ਬਣ ਗਈਆਂ ਹੋਣਗੀਆਂ।’’
ਕਦੀ ਸੱਜੇ, ਕਦੀ ਖੱਬੇ, ਕਦੀ ਕਿਸੇ ਗਲੀ ਵਿਚ ਤੇ ਕਦੀ ਕਿਸੇ ਗਲੀ ਵਿਚ ਪ੍ਰੇਮ ਸਿੰਘ ਆ-ਜਾ
ਰਿਹਾ ਸੀ। ਇਲਾਕਾ ਵੀ ਇਹੋ ਹੀ ਸੀ, ਘਰ ਵੀ ਏਥੇ ਕਿਤੇ ਹੀ ਹੋਣਾ ਸੀ ਪਰ ਅਜਿਹਾ ਗੁਆਚਾ ਸੀ
ਕਿ ਲੱਭ ਨਹੀਂ ਸੀ ਰਿਹਾ। ਭਲਾ ਗੁਆਚੇ ਘਰ ਵੀ ਕਦੀ ਲੱਭਦੇ ਨੇ!
ਕਿਸੇ ਦੁਕਾਨ ‘ਤੇ ਰੇਡੀਓ ਉਤੇ ਕਿਸੇ ਭਾਰਤੀ ਫਿ਼ਲਮ ਦਾ ਗੀਤ ਵੱਜ ਰਿਹਾ ਸੀ।
‘‘ਨਾ ਕੋਈ ਉਮੰਗ ਹੈ ਨਾ ਕੋਈ ਤਰੰਗ ਹੈ...ਮੇਰੀ ਜਿ਼ੰਦਗੀ ਹੈ ਕਿਆ ਇਕ ਕਟੀ ਪਤੰਗ ਹੈ...‘‘
ਘੱਟੋ-ਘੱਟ ਪੰਜਾਹ-ਸੱਠ ਬੰਦੇ ; ਬੱਚੇ, ਬੁੱਢੇ ਤੇ ਜੁਆਨ ; ਪ੍ਰੇਮ ਸਿੰਘ ਦਾ ਘਰ ਲਭਾਉਣ ਦਾ
ਯਤਨ ਕਰ ਰਹੇ ਸਨ। ਇਨ੍ਹਾਂ ਵਿਚ ਹੀ ਇਲਾਕੇ ਦਾ ਕੌਂਸਲਰ ਵੀ ਸ਼ਾਮਲ ਸੀ। ਪ੍ਰੇਮ ਸਿੰਘ
ਗਲੀ-ਗਲੀ ‘ਕੱਟੀ ਪਤੰਗ’ ਵਾਂਗ ਉਡ ਰਿਹਾ ਸੀ।
‘‘ਏਧਰ ਨਹੀਂ, ਐਸ ਪਾਸੇ ਹੋ ਸਕਦਾ...ਐਧਰ ਨਹੀਂ...ਔਸ ਪਾਸੇ ਵੇਖੀਏ...‘‘
ਪ੍ਰੇਮ ਸਿੰਘ ਵਾਂਗ ਹੀ ਸਥਾਨਕ ਵਾਸੀਆਂ ਦੇ ਮਨਾਂ ਵਿਚ ਉਤਸ਼ਾਹ ਸੀ। ਕਾਸ਼ ! ਕਿਤੇ ਉਹ ਉਸ
ਦਾ ਘਰ ਲੱਭ ਕੇ ਦੇ ਸਕਣ। ਅੱਧਾ ਕੁ ਘੰਟਾ ਤਾਂ ਅਸੀਂ ਵੀ ਪੂਰੇ ਉਤਸ਼ਾਹ ਨਾਲ ਪ੍ਰੇਮ ਸਿੰਘ
ਦੇ ਅੰਗ-ਸੰਗ ਘਰ ਲੱਭਦੇ ਰਹੇ ਪਰ ਹੁਣ ਸਾਡੇ ‘ਅੰਦਰ’ ਨੂੰ ਪਤਾ ਚਲ ਗਿਆ ਸੀ ਕਿ ਇਹ ਘਰ ਹੁਣ
ਉਸ ਨੂੰ ਲੱਭਣ ਨਹੀਂ ਲੱਗਾ। ਅਸੀਂ ਪ੍ਰੇਮ ਸਿੰਘ ਨਾਲ ਤੁਰੀ ਜਾਂਦੀ ਭੀੜ ਵਿਚੋਂ ਹੁਣ ਥੋੜ੍ਹਾ
ਹਟ ਕੇ ਪਿੱਛੇ-ਪਿੱਛੇ ਤੁਰ ਰਹੇ ਸਾਂ। ਪ੍ਰੇਮ ਸਿੰਘ ਅਗਲੀ ਗਲੀ ‘ਚੋਂ ਮੁੜ ਕੇ ਕਹਿ ਰਿਹਾ
ਸੀ, ‘‘ਐਹੋ ਗਿਰਜਾ ਸੀ... ਪਤਾ ਨਹੀਂ ਘਰ ਕਿਉਂ ਨਹੀਂ ਲੱਭ ਰਿਹਾ!’’
ਤੇ ਉਹ ਭੀੜ ਸਮੇਤ ਦੂਜੀ ਗਲੀ ਵਿਚ ਮੁੜ ਗਿਆ। ਮੈਂ ਰਾਇ ਸਾਹਿਬ ਨੂੰ ਸਵਰਗਵਾਸੀ ਸ਼ਾਇਰ
ਗੁਲਵਾਸ਼ ਦਾ ਸਿ਼ਅਰ ਸੁਣਾਇਆ :
‘ਖ਼ਤ ‘ਤੇ ਲਿਖੇ ਸੰਬੋਧਨ ਤੋਂ ਨਾ ਖ਼ੁਸ਼ ਹੋਵੋ
ਦਿਲ ‘ਤੇ ਲਿਖੇ ਨਾਂ ਵੀ ਲੋਕ ਮੁੱਕਰ ਜਾਂਦੇ ਨੇ
ਫਿਰ ਵੀ ਤੇਰਾ ਘਰ ਕਿਉਂ ਸਾਨੂੰ ਲੱਭਦਾ ਨਹੀਂ
ਜਦ ਕਿ ਸਾਰੇ ਰਸਤੇ ਤੇਰੇ ਘਰ ਜਾਂਦੇ ਨੇ।
ਮੈਂ ਰੁਕ ਕੇ ਇਕ ਹੋਰ ਗੁਆਚੇ ਘਰ ਦੇ ਚੁਬਾਰੇ ‘ਤੇ ਲਿਖੀ ਸਿਲ਼ ਨੂੰ ਪੜ੍ਹਨ ਲੱਗਾ। ਦੇਵ
ਨਾਗਰੀ ਵਿਚ ‘ਓਮ’ ਲਿਖਿਆ ਹੋਇਆ ਸੀ ਤੇ ਹੇਠਾਂ ਉਰਦੂ ਅੱਖਰਾਂ ਵਿਚ ‘ਜੈ ਸ੍ਰੀ ਕ੍ਰਿਸ਼ਨ’
ਮੈਂ ਇਸ ਚੁਬਾਰੇ ਵਿਚ ਅੱਧੀ ਸਦੀ ਪਹਿਲਾਂ ਵੱਸਦੇ ਜੀਆਂ ਦੀ ਕਲਪਨਾ ਕਰ ਰਿਹਾ ਸਾਂ ਕਿ ਕਿਸੇ
ਨੇ ਮੇਰੇ ਮੋਢੇ ‘ਤੇ ਹੱਥ ਰੱਖਿਆ। ਕਰੜ-ਬਰੜੇ ਵਾਲਾਂ ਵਾਲਾ ਕਮਜ਼ੋਰ ਸਰੀਰ ਦਾ ਇਕ ਬੰਦਾ
ਮੇਰੀਆਂ ਅੱਖਾਂ ‘ਚ ਅੱਖੀਆਂ ਪਾ ਕੇ ਕਹਿਣ ਲੱਗਾ, ‘‘ਸ਼ਾਮ ਚੁਰਾਸੀ ਦਾ ਨਾਂ ਸੁਣਿਆ ਜੇ! ਮੈਂ
ਉਥੋਂ ਦੇ ਰਹਿਣ ਵਾਲਾਂ। ਆਰੀਆ ਸਮਾਜ ਦਾ ਮੰਦਰ ਹੁੰਦਾ ਸੀ ਨਾ!... ਉਹਦੇ ਲਾਗੇ ਸੀ ਸਾਡਾ
ਘਰ। ਕਦੀ ਸ਼ਾਮਚੁਰਾਸੀ ਗਏ ਓ!...ਆਰੀਆ ਸਮਾਜ ਮੰਦਰ ਦੇਖਿਆ ਜੇ ਨਾ!...ਮੈਨੂੰ ਅਜੇ ਵੀ ਯਾਦ
ਹੈ। ਸਾਉਣ ਮਹੀਨੇ ਦੇ ਦਿਨ ਸਨ। ਮੈਂ ਤੇ ਮੇਰਾ ਯਾਰ ਬਚਨਾ ਖੇਡਦੇ ਅੰਬਾਂ ਹੇਠਾਂ ਗਏ। ਉਥੇ
ਮੇਰਾ ਅੱਬਾ ਤੇ ਬਚਨੇ ਦਾ ਬਾਪ ਖਲੋਤੇ ਸਨ। ਮੈਂ ਆਪਣੇ ਅੱਬਾ ਦੀ ਬਾਂਹ ਫੜਕੇ ਏਧਰ ਓਧਰ ਝੂਲ
ਰਿਹਾ ਸਾਂ ਕਿ ਚਾਚੇ ਸੋਹਣ ਸੁੰਹ ਦੇ ਪੈਰਾਂ ਵਿਚ ਇਕ ਰਸਿਆ ਪੱਕਾ ਅੰਬ ਆਣ ਡਿੱਗਾ। ਉਸ ਨੇ
ਹੱਥ ਵਧਾ ਕੇ ਉਹ ਅੰਬ ਚੁੱਕਿਆ, ਉਸ ਤੋਂ ਮਿੱਟੀ ਪੂੰਝੀ ਤੇ ਫਿਰ ਉਸ ਅੰਬ ‘ਤੇ ਗੱਡੀਆਂ
ਮੇਰੀਆਂ ਨਜ਼ਰਾਂ ਵੇਖੀਆਂ ਤਾਂ ਅੰਬ ਮੇਰੇ ਹੱਥ ‘ਚ ਫੜਾ ਦਿੱਤਾ। ਬਚਨਾ ਮੇਰੇ ਵੱਲ ਵੇਖਦਾ
ਰਹਿ ਗਿਆ...ਉਸ ਅੰਬ ਦਾ ਸਵਾਦ ਮੈਨੂੰ ਅਜੇ ਤੱਕ ਨਹੀਂ ਭੁੱਲਦਾ ਤੇ ਨਾ ਹੀ ਉਹ
ਨਜ਼ਾਰਾ!...‘‘
ਉਹ ਇਕੋ ਸਾਹੇ ਏਨਾ ਕੁਝ ਕਹਿ ਗਿਆ ਸੀ। ਮੈਨੂੰ ਤਾਂ ਉਸ ਨੇ ਬੋਲਣ ਦਾ ਮੌਕਾ ਹੀ ਨਹੀਂ ਸੀ
ਦਿੱਤਾ। ਫਿਰ ਉਹ ਖਚਰੀ ਮੁਸਕਣੀ ‘ਚੋਂ ਬੋਲਿਆ, ‘‘ਬਚਨੇ ਦੀ ਦਾਦੀ ਬਥੇਰਾ ਆਂਹਦੀ ਰਹਿੰਦੀ ਸੀ
ਉਸ ਨੂੰ ਵੇ! ਮੁਸਲਮਾਨਾਂ ਘਰੋਂ ਖਾਈਂ ਨਾ ਕੁਝ...ਪਰ ਮੈਂ ਤੁਹਾਨੂੰ ਦੱਸਾਂ! ਅਸੀਂ ਉਹ ਇਕੋ
ਅੰਬ ਦੋਹਾਂ ਜਣਿਆਂ ਨੇ ਮੱਕੀ ਦੇ ਖੇਤ ਦੀ ਆੜ ਵਿਚ ਜਾ ਕੇ ਵਾਰੀ ਵਾਰੀ ਚੂਪੇ ਲੈ ਕੇ ਚੂਪਿਆ
ਸੀ...‘‘
ਫਿਰ ਉਸ ਨੇ ਡੂੰਘਾ ਹੌਕਾ ਲਿਆ ਤੇ ਆਸੇ ਪਾਸੇ ਆ ਜੁੜੀ ਭੀੜ ਵੱਲ ਵੇਖ ਕੇ ਕਿਹਾ, ‘‘ਵਾਹ!
ਸਰਦਾਰ ਜੀ ਕਿਆ ਦਿਨ ਸਨ!...‘‘
ਮੈਂ ਚੁੱਪ ਚਾਪ ਉਹਦੇ ਚਿਹਰੇ ਵੱਲ ਵੇਖਦਾ ਉਹਦੇ ਮਨ ਵਿਚ ਝਾਕਣ ਦੀ ਕੋਸਿ਼ਸ਼ ਕਰ ਰਿਹਾ ਹਾਂ।
ਪ੍ਰੇਮ ਸਿੰਘ ਭੀੜ ਸਮੇਤ ਅਗਲੀਂ ਗਲੀ ‘ਚੋਂ ਵਾਪਸ ਪਰਤ ਰਿਹਾ ਸੀ। ਉਹ ਦੁਖੀ ਸੀ ਕਿ ਉਸ ਨੂੰ
ਘਰ ਨਹੀਂ ਸੀ ਲੱਭਾ। ਪੰਜਾਂਹ ਸੱਠ ਬੰਦਿਆਂ ਦੀ ਭੀੜ ਉਸ ਲਈ ਏਨੇ ਚਿਰ ਤੋਂ ਖੱਜਲ ਹੋ ਰਹੀ ਸੀ
ਸ਼ਾਇਦ ਇਸ ਦੀ ਵੀ ਉਹਨੂੰ ਅੰਦਰੇ ਅੰਦਰ ਨਮੋਸ਼ੀ ਸੀ। ਇਲਾਕੇ ਦੇ ਕੌਸਲਰ ਨੇ ਸਾਡੇ ਕੋਲ ਪੁੱਜ
ਕੇ ਕਿਹਾ, ‘‘ਬੜਾ ਜ਼ੋਰ ਲਾਇਆ ਪਰ ਸਰਦਾਰ ਹੁਰੀਂ ਘਰ ਦਾ ਚੇਤਾ ਭੁਲਾ ਬੈਠੇ ਨੇ...‘‘
‘‘ਚੇਤਾ ਤਾਂ ਨਹੀਂ ਭੁੱਲਿਆ। ਉਹ ਤਾਂ ਐਥੇ। ਹੈ...‘‘ ਉਸਨੇ ਮੱਥੇ ਨੂੰ ਹੱਥ ਲਾਇਆ, ‘‘ਪਰ
ਸ਼ਹਿਰ ਬਹੁਤ ਬਦਲ ਗਿਆ। ਵੰਡ ਤੋਂ ਬਾਦ ਜਦੋਂ ਮੈਂ ਆਇਆ ਸਾਂ ਤਾਂ ਉਦੋਂ ਮੈਂ ਘਰ ਲਭ ਲਿਆ ਸੀ
ਪਰ ਅੱਜ...‘‘
ਨਿਰਾਸ਼ ਹੋ ਕੇ ਉਹ ਫਿਰ ਸੱਜੇ ਖੱਬੇ ਵੇਖਣ ਲੱਗਾ। ਸ਼ਾਇਦ ਸੋਚ ਰਿਹਾ ਸੀ ਇਕ ਵਾਰ ਫੇਰ ਚਾਰਾ
ਕਰ ਵੇਖੇ ਪਰ ਪਿਛਲੇ ਘੰਟੇ ਡੇਢ ਘੰਟੇ ਭਰ ਤੋਂ ਗਿਰਜਾ ਘਰ ਦੇ ਆਲੇ ਦੁਆਲੇ ਦਾ ਇਲਾਕਾ ਤਾਂ
ਉਹ ਕਈ ਵਾਰ ਘੁੰਮ ਚੁੱਕਾ ਸੀ। ਕਾਲੇ ਬੱਦਲਾਂ ਨੇ ਸ਼ੇਖ਼ੂਪੁਰੇ ਦੀ ਛੱਤ ਕੱਜ ਲਈ ਸੀ ਤੇ
ਨਿੱਕੀ ਨਿੱਕੀ ਭੂਰ ਤੇਜ਼ ਹੋ ਕੇ ਕੱਪੜੇ ਗਿੱਲੇ ਕਰਨ ਲੱਗੀ। ਇਸ ਮੌਕੇ ਦਾ ਲਾਭ ਲੈ ਕੇ ਅਸੀਂ
ਕਿਹਾ, ‘‘ਸਰਦਾਰ ਜੀ! ਚੱਲੀਏ! ਅੱਗੇ ਵੀ ਜਾਣੈ।...‘‘
‘‘ਚਲੋ ਭਰਾ!’’ ਕਹਿ ਕੇ ਮਣ ਮਣ ਦੇ ਭਾਰੇ ਕਦਮ ਰੱਖਦਾ, ਲੱਤਾਂ ਧੂੰਹਦਾ ਹੋਇਆ ਨਿਰਾਸ਼
ਪ੍ਰੇਮ ਸਿੰਘ ਕਾਰ ਵੱਲ ਵਧਣ ਲੱਗਾ।
ਅਸੀਂ ਆਪਣੇ ਦੁਆਲੇ ਜੁੜੀ ਭੀੜ ਨੂੰ ਧੰਨਵਾਦੀ ਹੱਥ ਜੋੜੇ ਤੇ ਕਾਰ ਵਿਚ ਬੈਠ ਗਏ। ਭੀੜ ਦੇ
ਚਿਹਰੇ ਉਤੇ ਵੀ ਪ੍ਰੇਮ ਸਿੰਘ ਵਾਲੀ ਨਿਰਾਸ਼ਾ ਬੋਲ ਰਹੀ ਸੀ।
ਕਾਰ ਵਿਚ ਇਕ ਦੁਖਾਂਤਕ ਖ਼ਾਮੋਸ਼ੀ ਪਸਰੀ ਹੋਈ ਸੀ। ਇਸ਼ ਖ਼ਾਮੋਸ਼ੀ ਨੂੰ ਪ੍ਰੇਮ ਸਿੰਘ ਨੇ ਆਪ
ਹੀ ਤੋੜਿਆ, ‘‘ਚੱਲੋ ਸਾਹ ਲੈ ਲਿਆ! ਆਪਣੀ ਧਰਤੀ ਨੂੰ ਯਾਦ ਕਰਕੇ ਨਮਸਕਾਰ ਕਰਕੇ...‘‘
ਫਿਰ ਉਸ ਨੇ ਸੰਤੁਲਿਤ ਹੋਣ ਦਾ ਯਤਨ ਕੀਤਾ। ‘‘ਜਦੋਂ ਪਿਛਲੀ ਵਾਰ ਆਇਆ ਤਾਂ ਘਰ ਲੱਭ ਲਿਆ ਸੀ।
ਅਸੀਂ ਦਰਵਾਜ਼ਾ ਖੜਕਾਇਆ ਤਾਂ ਘਰ ਦੀ ਸੁਆਣੀ ਬਾਹਰ ਆਈ। ਮੈਂ ਕਿਹਾ, ‘‘ਪਾਣੀ ਪੀਣਾ ਤੁਹਾਡੇ
ਨਲਕੇ ਦਾ...‘‘ ਕਹਿੰਦੀ ਸਾਡੇ ਨਲਕੇ ਦਾ ਹੀ ਕਿਉਂ? ਹੋਰ ਕਿਸੇ ਦਾ ਕਿਉਂ ਨਹੀਂ? ਦੱਸਿਆ ਤਾਂ
ਖ਼ੁਸ਼ੀ ਖ਼ੁਸ਼ੀ ਗਲਾਸ ਲੈ ਕੇ ਭਰਨ ਤੁਰ ਪਈ’’ ਉਹ ਚੁੱਪ ਕਰ ਗਿਆ ਤੇ ਦੂਰ ਖਿਲਾਅ ਵੱਲ ਵੱਖਣ
ਲੱਗਾ। ਅੱਜ ਅਣਪੀਤੇ ਪਾਣੀ ਦਾ ਸੁਆਦ ਉਹਦਾ ਜੀਭ ‘ਤੇ ਤੈਰ ਰਿਹਾ ਸੀ।
ਅਸੀਂ ਕਿੰਨਾ ਚਿਰ ਕੋਈ ਗੱਲ ਨਾ ਕੀਤੀ।
-0-
|