ਗ਼ਜ਼ਲ
ਲੁਕਾ ਸਕਿਆ ਨਹੀਂ ਤਹਿਰੀਕ ਅਪਣੀ ਦਾ ਤੂੰ ਸ਼ਡਯੰਤਰ
ਤਿਰੀ ਭਟਕਣ ਦੀ ਆਖਰਤਾ ਏ ਪੂੰਜੀਵਾਦ ਦੇ ਅੰਦਰ
ਤੂੰ ਹਾਮੀ ਲੋਕ ਹਿੱਤਾਂ ਦਾ , ਤਿਰੀ ਅਜ਼ਮਤ ਗਰੀਬੀ ਏ
ਐਪਰ ਤੂੰ ਸਾਮਰਾਜੀ ਘਰ ਨੂੰ ਈ ਹੈ ਥਾਪਿਆ ਮੰਦਰ
ਸਮੇਂ ਦੇ ਨਾਲ ਹੁਣ ਚਲ ਕੇ ਜ਼ਰਾ ਵੇਖੋ ਨੁਹਾਰ ਇਸ ਦੀ
ਕਿਵੇਂ ਪੀਂਦਾ ਪਿਆਲਾ ਜ਼ਿਹਰ ਦਾ, ਵਿਸ਼ਵਾਸ ਦਾ ਸ਼ੰਕਰ
ਨਜ਼ਰ ਵਿਚ ਬੋਖਲਾਹਟ ਦਾ ਪਸਰ ਆਇਆ ਏ ਅੰਧਿਆਰਾ
ਅਜੇ ਤਾਂ ਦੌੜ ਦਾ ਆਰੰਭ ਈ ਹੋਇਆ ਏ ਐ ਦਿਨਕਰ
ਜਦੋਂ ਪੰਛੀ ਹਵਾ ਦੇ ਨਾਲ ਹਨ ਅਠਖੇਲੀਆਂ ਕਰਦੇ
ਮਿਰੇ ਭੀਤਰ‘ਚ ਜਾਂਦੈ ਜਾਗ ਇਕ ਲੁਕਿਆ ਹੋਇਆ ਬੰਦਰ
ਜਦੋਂ ਪਾਣੀ, ਹਵਾ , ਅਗਨੀ ਸਮਰਪਿਤ ਹੋਣ ਤੇ ਆਵਣ
ਅਜੇਹੀ ਧੁੰਨ ਚੋਂ ਆ ਉਗਮੇ ਭਰਿਸ਼ਟਾਚਾਰ ਦਾ ਮੰਤਰ
ਦਲੀਲਾਂ ਤੋਂ ਪਰੇ "ਸੀਰਤ" ਏ ਸ਼ਿਸ਼ਟਾਚਾਰ ਦਾ ਮੰਡਲ ਜੋ ਵੀ ਨਿਸ਼ਕਰਸ਼ ਹੈ ਇਸ ਦਾ,ਰਹੇ ਬਣ ਕੇ
ਸਦਾ ਕੇਂਦਰ।।।
ਗ਼ਜ਼ਲ
ਜੇ ਨਿਡਰ ਹੈਂ ਤਾਂ ਘਰੋਂ ਬਾਹਰ ਨਿਕਲਦਾ ਕਿਓਂ ਨਹੀਂ
ਫਿਰ ਤੂੰ ਕਾਤਲ ਦੀ ਆਹੂਤੀ ਤੇ ਉਤਰਦਾ ਕਿਓਂ ਨਹੀਂ
ਪੁਂਹਚ ਤੇਰੀ‘ਚ ਅਜੇ ਤੀਕ ਭਰਮ ਦ੍ਰਿਸ਼ ਤਣੇ
ਛੱਲ‘ਚ ਲਿਪਟੀ ਹੋਈ ਤਸਵੀਰ ਨੂੰ ਦਸਦਾ ਕਿਓਂ ਨਹੀਂ
ਹਾਂ ਬੜੀ ਦੂਰ, ਖ਼ਲਾਅ ਵਿੱਚ ਕਿਤੇ ਭਟਕ ਰਿਹਾ
ਹੁਣ ਜ਼ਮੀਂ ਵਾਲੀ ਕਿਸੇ ਸ਼ੈ ਨੂੰ ਤਰਸਦਾ ਕਿਓਂ ਨਹੀਂ
ਉੱਚੇ ਗੁੰਬਦਾਂ ‘ਚ ਕਿਸੇ ਹੂਕ ਦਾ ਪਰਤੋ ਸੁਣ ਕੇ
ਸ਼ੋਰ ਅੰਦਰ ਦਾ ਤੂੰ ਫਿਰ ਇਸ‘ਚ ਈ ਭਰਦਾ ਕਿਓਂ ਨਹੀਂ
ਉਜੜੀ ਬਸਤੀ‘ਚ ਕਿਸੇ ਸ਼ੈ ਦੀ ਰਿਹਾਇਸ਼ ਹੀ ਸਹੀ
ਏਸ ਮਕਤਲ‘ਚ ਸਰੇਆਮ ਤੂੰ ਵਸਦਾ ਕਿਓਂ ਨਹੀਂ
ਤਿਸ਼ਨਗੀ ਖ਼ਤਮ ਨ ਹੋਵੇ, ਨ ਕਿਸੇ ਆਬ ਬੁਝੇ
ਰੇਤ ਸਾਗਰ‘ਚ ਕੁਈ ਹੋਂਦ ਨੂੰ ਛਲਦਾ ਕਿਓਂ ਨਹੀਂ
ਮੈਂ ਨਹੀਂ ਉਲਝਿਆ ਅਪਣੀ ਹੀ ਕਿਸੇ ਭਟਕਣ ਵਿਚ
ਫਿਰ ਇਹ ਵਖਰਾਓ ਦਾ ਸੰਚਾਰ ਵਿਸਰਦਾ ਕਿਓਂ ਨਹੀਂ
ਤੂੰ ਤਾਂ ਲਛਮਣ ਏਂ, ਤਿਰਾ ਇਸ਼ਟ ਸਥਾਪਤ ਦਿਸਦੈ
ਭਰਤ ਭਗਤੀ ਦਾ ਕੁਈ ਦਰਸ ਉਪਜਦਾ ਕਿਓਂ ਨਹੀਂ
ਰਕਤ ਸੂਰਤ ਚੋਂ ਵਹੇ, ਰੂਹ ਚੋਂ , ਜਾਂ " ਸੀਰਤ " ਚੋਂ ਵਹੇ
ਮੂਰਸ਼ਿਤ ਸੱਚ ਦਾ ਸਰੋਕਾਰ ਉਕਰਦਾ ਕਿਓਂ ਨਹੀਂ
ਗ਼ਜ਼ਲ
ਸੁਲਗਦਾ ਸ਼ਹਿਰ ਹੈ, ਹਰ ਪਾਸੇ ਅੱਗ ਈ ਅਗ ਹੈ
ਸਕੂਨ ਭੰਗ ਹੈ, ਚੁੱਪ ਚੁੱਪ ਸਮੇਂ ਦੀ ਸ਼ਾਹ ਰਗ ਹੈ
ਵਧਾਏ ਗਾ ਨਿਰਾ ਆਤੰਕ ਬਹਿ ਕੇ ਕੁਰਸੀ ਤੇ
ਅਜੋਕੁ ਕਾਲ ਦਾ ਨੇਤਾ ‘ਕ ਪਾਲਤੂ ਸਗ ਹੈ
ਪੁਜਾਏ ਗਾ ਉਹ ਕਿਸ ਥਾਵੇਂ ,ਅਦਿੱਸ ਹਰ ਪੈਂਡਾ
ਸਮੇਂ ਦੇ ਮੀਲ ਦਾ ਪੱਥਰ, ਫ਼ਰੇਬ ਹੈ, ਠਗ ਹੈ।
ਕਰੇ ਗਾ ਤ੍ਰਿਪਤ ਜਾਂ, ਭਰ ਦੇ ਗਾ ਤਿਸ਼ਨਗੀ ਇਸ ਵਿਚ
ਅਜੋਕੇ ਪਾਣੀਆਂ ਦਾ ਆਪੋ ਆਪਣਾ ਵਗ ਹੈ।
ਉਦਾਸ ਸ਼ਹਿਰ ਵਿਚ ਕਿਸ ਨੇ ਮਿਰੇ ਜਨਮ ਦਿਨ ਤੇ
ਜਲਾ ਕੇ ਘਰ ਮਿਰਾ ਹਰ ਪਾਸੇ ਕੀਤੀ ਜਗਮਗ ਹੈ
ਕਈ ਸਵਾਲ ਹਨ, ਉੱਤਰ ਵੀ ਹਨ ਕਈ ਇਸ ਦੇ
ਇਹ ਕਿਸ ਨੂੰ ਨਿੰਦਦਾ ਕਿਸ ਨੂੰ ਉਭਾਰਦਾ ਜਗ ਹੈ
ਨਗਰ‘ਚ ਤੇਰੇ ਵੀ ਹਵਸੀ, ਬਲਾਤਕਾਰੀ ਹਨ
ਜ਼ਰਾ ਖ਼ਿਆਲ ਕਰ, ਸਿਰ ਤੇਰੇ ‘ਸੀਰਤੇ " ਪਗ ਹੈ।
ਗ਼ਜ਼ਲ
ਕਦੀ ਅਣਹੋਂਦ ਵਿਚ ਤੇਰੀ, ਕੁਈ ਦੂਜਾ ਨਹੀਂ ਦਿਸਦਾ
ਮੈਂ ਜਦ ਵੀ ਪੇਖਿਆ, ਇਕ ਦਰਦ ਜ਼ਖ਼ਮਾਂ ਚੋਂ ਰਿਹਾ ਰਿਸਦਾ
ਪਕੜ ਮੇਰੀ‘ਚ ਜਦ ਵੀ ਕੋਈ ਵੀ ਸਜਰੀ ਜ਼ਮੀਂ ਆਈ
ਉਸਰ ਜਾਂਦੀ ਏ ਰਾਹ ਆਪੇ , ਜਦੋਂ ਇਕ ਪੈੜ ਹਾਂ ਘਿਸਦਾ
ਕੁਝ ਐਸਾ ਸੋਚ ਕੇ ਜੰਗਲ ਚੋਂ ਬਾਹਰ ਆ ਗਿਆਂ ਹਾਂ ਮੈਂ
ਇਹ ਮੇਰੀ ਲਾਟ ਦਾ ਜੁਗਨੂੰ ਕਦੀ ਵੀ ਨਾ ਰਹੇ ਹਿਸਦਾ
ਮਿਰੇ ਅੰਤਸ‘ਚ ਗੂੰਜਾਂ ਗੂੰਜਦਾ ਫਿਰਦਾ ਏ ਸੰਨਾਟਾ
ਜਾਂ ਫਿਰ ਕੁਈ ਪੀੜ ਦਾ ਛਾਲਾ ਜਿਹਾ ਬਣ ਗੀਤ ਹੈ ਫਿਸਦਾ
ਅਰੂਪੇ ਸ਼ਬਦ ਕਿਝੰ ਦੱਸਣਗੇ ਅਪਣੇ ਅਕਸ ਦਾ ਚਿਹਰਾ
ਕੀ ਐਸਾ ਪ੍ਰਸ਼ਨ ਵੀ ਹੁੰਦੈ, ਕੁਈ ਉੱਤਰ ਨਹੀਂ ਜਿਸਦਾ
ਨਗਰ ਤੇਰੇ‘ਚ ਕਤਲੇਆਮ ਮੇਰੀ ਨਸਲ ਦਾ ਹੋਇਆ
ਨ ਤੂੰ ਕਾਤਿਲ, ਨ ਮੈਂ ਕਾਤਿਲ ਤਾਂ ਫਿਰ ਇਹ ਦੋਸ਼ ਹੈ ਕਿਸਦਾ ?
ਕਿਤੇ ਸੰਗਤ, ਕਿਤੇ ਪੰਗਤ, ਕਿਤੇ ਸੂਰਤ, ਕਿਤੇ ‘ਸੀਰਤ‘
ਸਮੇਂ ਦੀ ਆੜ ਵਿਚ ਸਕਤੇ ਤੋਂ ਹੁਣ ਕੀ ਕੀ ਨਹੀਂ ਪਿਸਦਾ
ਗ਼ਜ਼ਲ
ਅਕਸ ਅਪਣੇ ਤੋਂ ਡਰ ਜਿਹਾ ਲਗਦੈ
ਉਲਝਿਆ ਸ਼ਖ਼ਸ, ਓਪਰਾ ਲਗਦੈ
ਹੁਣ ਤਾਂ ਅਸਤਿੱਤਵ ਹਲਕਾ ਹਲਕਾ ਏ
ਭਰਮ ਦੀ ਕੈਦ ਚੋਂ ਰਿਹਾ ਲਗਦੈ
ਝੜ ਕੇ ਗਡਿਆ ਗਿਆ ਕਿਸੇ ਥਾਂਵੇਂ
ਮੀਲ ਪੱਥਰ ਉਹ ਬਣ ਗਿਆ ਲਗਦੈ
ਕੈਸਾ ! ਖੰਡਰ ਦੇ ਵਿਚ ਏ ਸੰਨਾਟਾ
ਚੁੱਪ ਰਹਿ ਕੇ ਵੀ ਕੁਝ ਕਿਹਾ ਲਗਦੈ !
ਆਪ ਅਪਣੇ ਤੋਂ ਉਹ ਖ਼ਫ਼ਾ ਹੋਇਆ
ਬਜ਼ਮ ਸਾਰੀ ਨੂੰ ਸਿਰਫਿਰਾ ਲਗਦੈ
ਪੁਹਂਚ ਵਿਚ ਨਾ ਕਿਸੇ ਦੀ ਆ ਸਕਦੈ
ਸਭ ਦੀ ਸੰਗਤ‘ਚ ਵੀ ਜੁਦਾ ਲਗਦੈ
ਰਖ ਮਖੋਟੇ ਉਤਾਰ ਕੇ "ਸੀਰਤ"
ਸ਼ਖ਼ਸ ਹਰ ਇਕ ਬਹਿਰੂਪੀਆ ਲਗਦੈ
-0-
|