Welcome to Seerat.ca
|
-
ਸਭ ਤੋਂ ਪਹਿਲਾਂ ਤੁਹਾਡੀ ਛਪ ਰਹੀ ਸਵੈ-ਜੀਵਨੀ ਦਾ ਅੰਸ਼ ‘ਹੱਸਣ ਦੀ ਜਾਚ‘ ਪੜਿਆ। ਭਾਵੇਂ ਇਹ
ਤੁਹਾਡੀ ਸਵੈ-ਜੀਵਨੀ ਦਾ ਹੀ ਹਿੱਸਾ ਸੀ, ਪਰ ਇਸਦਾ ਬਿਰਤਾਂਤ ਤੁਹਾਡੀਆਂ ਕਹਾਣੀਆਂ ਵਾਂਗ ਹੀ
ਬਹੁਤ ਰੌਚਕ ਤੇ ਅਰਥ ਭਰਪੂਰ ਸੀ। ਮੈਂ ਇਕ ਵਾਰ ਪੜ੍ਹਣ ਬੈਠਾ ਤਾਂ ਪੂਰਾ ਪੜ੍ਹੇ ਬਿਨਾਂ ਉੱਠ
ਨਾ ਸਕਿਆ। ਮੇਰੇ ਲਈ ਇਹ ਉਦੋਂ ਹੋਰ ਵੀ ਰੌਚਕ ਹੋ ਗਿਆ, ਜਦੋਂ ਇਸ ਵਿਚ ਚਵਿੰਡਾ, ਕੋਹਾਲੀ ਤੇ
ਚੈਨਪੁਰ ਪਿੰਡਾਂ ਦੇ ਨਾਮ ਆਏ, ਕਿਉਂਕਿ ਮੇਰਾ ਪਿੰਡ ‘ਭੀਲੋਵਾਲ ਕੱਕੇਜੇਈ‘ ਵੀ ਲੋਪੋਕੇ,
ਚੁਗਾਵਾਂ ਦੇ ਨੇੜੇ ਹੀ ਹੈ ਅਤੇ ਸਾਡਾ ਇਹਨਾਂ ਪਿੰਡਾਂ ਵਿਚ ਆਉਣ-ਜਾਣ ਆਮ ਹੈ। ਤੁਹਾਡੀ
ਸਵੈ-ਜੀਵਨੀ ਦਾ ਇਹ ਹਿੱਸਾ ਪੜ੍ਹ ਕੇ ਮੈਂ ਆਪਣੇ ਪਿਤਾ ਜੀ ਤੋਂ ਪੁਛਿਆ ਕਿ ‘ਕੀ ਉਹ ਚਵਿੰਡਾ
ਪਿੰਡ ਦੇ ਕਿਸੇ ਹਰਦੀਪ ਸਿੰਘ ਖ਼ਾਲਸਾ ਨੂੰ ਜਾਣਦੇ ਹਨ‘ ਤਾਂ ਉਹਨਾਂ ਝੱਟ ਦੱਸਿਆ ਕਿ ‘ਜਾਣਦਾ
ਹਾਂ‘। ਜ਼ਿਆਦਾ ਪੁੱਛਣ ‘ਤੇ ਉਹਨਾਂ ਇਹ ਵੀ ਦੱਸਿਆ ਕਿ ਖਾੜਕੂਵਾਦ ਵੇਲੇ ਉਹ ਕਾਫੀ ਸਰਗਰਮ ਸੀ
ਅਤੇ ਉਦੋਂ ਲੋਕ ਉਸਨੂੰ ‘ਮਾਨੋਚਾਹਲ‘ ਦੇ ਆਦਮੀ ਦੇ ਤੌਰ ‘ਤੇ ਜਾਣਦੇ ਸਨ। ਮੈਂ ਪੁਛਿਆ ਕਿ ਕੀ
ਉਹਨਾਂ ਦੇ ਭਰਾ ਦਾ ਨਾਮ ਗੁਰਦੀਪ ਸਿੰਘ ਹੈ ਤਾਂ ਪਿਤਾ ਜੀ ਨੇ ਦੱਸਿਆ ਕਿ ਉਹ ਉਸ ਦੇ ਭਰਾ ਦਾ
ਨਾਮ ਤਾਂ ਨਹੀਂ ਜਾਣਦੇ, ਪਰ ਉਸਦੇ ਇਕ ਭਤੀਜੇ ਦਾ ਨਾਮ ਸ਼ਾਇਦ ਤੀਰਥ ਹੈ। ਖ਼ੈਰ, ਮੈਨੂੰ
ਤੁਹਾਡੀ ਸਵੈ-ਜੀਵਨੀ ਦਾ ਇਹ ਹਿੱਸਾ ਪੜ੍ਹ ਕੇ ਬਹੁਤ ਚੰਗਾ ਲੱਗਾ ਹੈ ਅਤੇ ਹੁਣ ਤੁਹਾਡੀ ਪੂਰੀ
ਸਵੈ-ਜੀਵਨੀ ਦੀ ਉਡੀਕ ਹੋਰ ਵੀ ਤੀਬਰਤਾ ਨਾਲ ਰਹੇਗੀ। ਇਕ ਗੱਲ ਹੋਰ, ‘ਤੁਹਾਡੀ ਮਲੋਟ ਨੇੜਲੀ
ਜ਼ਮੀਨ ਦਾ ਕੀ ਬਣਿਆ ਸੀ?‘ ਇਹ ਸਵਾਲ ਵੀ ਜ਼ਿਹਨ ਵਿਚ ਅਟਕਿਆ ਹੋਇਆ ਹੈ। ਸੋ ਕਿਤੇ ਹੋਰ ਇਸਦਾ
ਵੀ ਖ਼ੁਲਾਸਾ ਕਰ ਦਿਓ। ਮੇਰੀ ਇਹ ਚਿੱਠੀ ਪੜ੍ਹਣ ਲਈ ਬਹੁਤ-ਬਹੁਤ ਧੰਨਵਾਦ।
18 ਜੂਨ 2013 ਜਗਦੇਵ ਸਿੰਘ ਔਲਖ
ਖੋਜ-ਵਿਦਿਆਰਥੀ,
ਪੰਜਾਬੀ ਅਧਿਐਨ ਸਕੂਲ,
ਗੁਰੁ ਨਾਨਕ ਦੇਵ ਯੂਨੀਵਰਸਿਟੀ,
ਅਮ੍ਰਿਤਸਰ।
-
ਗਿਆਨੀ ਸੰਤੋਖ ਸਿੰਘ ਦੇ ਹੁੰਗਾਰੇ ਭੇਜਣ ਦਾ ਸੁਨੇਹਾ ਪੜ੍ਹ ਕੇ ਕੁਝ ਲਿਖਣ ਨੂੰ ਮਨ ਕਰ ਆਇਆ।
ਸੀਰਤ ਔਨਲਾਈਨ ਪਰਚਿਆਂ ਵਿਚੋਂ ਸਭ ਤੋਂ ਅਮੀਰ ਸਾਹਿਤ ਪੇਸ਼ ਕਰ ਰਿਹਾ ਹੈ। ਹਰ ਵਾਰ ਕੁਝ
ਲਿਖਤਾਂ ਅਜਿਹੀਆਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ ਜੋ ਬੜਾ ਪ੍ਰਭਾਵ ਛੱਡਣ ਵਾਲੀਆਂ ਹੁੰਦੀਆਂ
ਹਨ। ਅਮਰਜੀਤ ਚੰਦਨ ਦਾ ‘ਨਾਮ੍ਹਾ ਫ਼ਾਂਸੀ ਵਾਲਾ’ ਹਰਨਾਮ ਸਿੰਘ ਨੂੰ ਮਿਸਾਲ ਬਣਾ ਕੇ ਗ਼ਦਰੀ
ਬਾਬਿਆਂ ਦੀਆਂ ਕੁਰਬਾਨੀਆਂ ਨੂੰ ਏਨੀ ਬਰੀਕੀ ਨਾਲ ਪੇਸ਼ ਕਰਦਾ ਹੈ ਕਿ ਕਮਾਲ ਈ ਹੋ ਗਈ। ਮਈ
ਦੇ ਸੀਰਤ ਵਿਚ ਇਕਬਾਲ ਰਾਮੂਵਾਲੀਆ ਦੀ ਕਹਾਣੀ ਵਿਸ਼ੇ ਤੇ ਨਿਭਾਅ ਦੇ ਪੱਖੋਂ ਕਮਾਲ ਦੀ ਹੈ।
ਪੰਜਾਬੀ ਕਹਾਣੀ ਦੇ ਖੇਤਰ ਵਿਚ ਨਵਾਂ ਤਜਰਬਾ ਹੈ। ਜਗਜੀਤ ਵੱਲੋਂ ਕਾਲੇ ਦੌਰ ਦੀਆਂ ਯਾਦਾਂ
ਨੂੰ ਵੀ ਬੜੀ ਕਲਾ ਨਾਲ ਪੇਸ਼ ਕੀਤਾ ਗਿਆ। ਉਸ ਮੁੰਡੇ ਦੀਆਂ ਚੀਕਾਂ ਰਚਨਾ ਪੜ੍ਹਨ ਬਾਅਦ ਵੀ
ਸੁਣਦੀਆਂ ਰਹਿੰਦੀਆਂ ਨੇ। ਸੰਧੂ ਸਾਹਿਬ ਦੀ ‘ਗੁਫ਼ਾ ਵਿਚਲੀ ਉਡਾਣ’ ਬਾਰੇ ਜਾਣਕਾਰੀ ਵੀ ਵਧੀਆ
ਹੈ। ਜ਼ਰੂਰ ਪੜ੍ਹਾਂਗੇ। ਬਰਜਿੰਦਰ ਗੁਲਾਟੀ ਦਾ ਲੇਖ ਵੀ ਨਵੇਂ ਵਿਸ਼ੇ ਦਾ ਗਿਆਨ ਦਿੰਦਾ ਹੈ।
ਅਰਜਨ ਸਿੰਘ, ਦਿੱਲੀ
-
ਨਾਮ੍ਹੇ ਫ਼ਾਂਸੀ ਵਾਲੇ ਲੇਖ ਨੂੰ ਪੜ੍ਹ ਕੇ ਮਨ ਭਰ ਆਇਆ । ਤੁਸੀਂ ਪਿਛਲੇ ਸਮੇਂ ਤੋਂ ਗ਼ਦਰ
ਲਹਿਰ ਬਾਰੇ ਮਸਾਲਾ ਛਾਪ ਕੇ ਬੜਾ ਚੰਗਾ ਕਰ ਰਹੇ ਹੋ। ਗੁਲਸ਼ਨ ਦਿਆਲ ਤੇ ਸੁਪਨ ਸੰਧੂ ਦੀਆਂ
ਲਿਖਤਾਂ ਬਲੂ ਸਟਾਰ ਦੇ ਦੁਖਦਾਈ ਦਿਨਾਂ ਨੂੰ ਯਾਦ ਕਰਾ ਦਿੰਦੀਆਂ ਹਨ। ਰਾਮੂਵਾਲੀਆ ਜੀ ਦੀ
ਕਹਾਣੀ ਵੀ ਜੰਗਬਾਜ਼ਾਂ ਦੇ ਖਿਲਾਫ਼ ਆਵਾਜ਼ ਉੱਚੀ ਕਰਦੀ ਹੈ।ਕੁੱਲ ਮਿਲਾ ਕੇ ਮੈਟਰ ਬੜਾ
ਪੜ੍ਹਨ ਵਾਲਾ ਹੈ। ਏਨਾ ਚੰਗਾ ਪਰਚਾ ਛਾਪਦੇ ਰਹਿਣ ਲਈ ਤੁਹਾਡਾ ਪ੍ਰਬੰਧਕਾਂ ਦਾ ਧੰਨਵਾਦ/
ਹਰਭਜਨ ਸਿੰਘ, ਇਟਲੀ
|