Welcome to Seerat.ca
Welcome to Seerat.ca

ਨਾਵਲ ਅੰਸ਼ / ਨਵੀਂ ਧਰਤੀ

 

- ਹਰਜੀਤ ਅਟਵਾਲ

ਲਾਲ

 

- ਅਮਰਜੀਤ ਚੰਦਨ

ਵਰਿਆਮ ਸਿੰਘ ਸੰਧੂ ਦੀ ਗੁਫ਼ਾ ਵਿਚਲੀ ਉਡਾਣ

 

- ਪ੍ਰਿੰ. ਸਰਵਣ ਸਿੰਘ

ਇਉਂ ਮੇਰੀਆਂ ਲਿਖਤਾਂ ਨੂੰ ਜੀ ਆਇਆਂ ਆਖਿਆ ਗਿਆ

 

- ਗਿਆਨੀ ਸੰਤੋਖ ਸਿੰਘ

ਬੋਲੀ ਹਰ ਪਲ ਜਨਮਦੀ ਹੈ

 

- ਗੁਲਸ਼ਨ ਦਿਆਲ

ਕਹਾਣੀ / ਸਮਝੌਤਾ

 

- ਗੁਰਦੀਸ਼ ਕੌਰ ਗਰੇਵਾਲ

ਪੰਜ ਗ਼ਜ਼ਲਾਂ

 

- ਸੁਰਿੰਦਰ ਸੀਰਤ

ਪ੍ਰਸਿਧ ਪਾਕਿਸਤਾਨੀ ਪੰਜਾਬੀ ਲਿਖਾਰੀ ਅਫ਼ਜ਼ਲ ਅਹਿਸਨ ਰੰਧਾਵਾ ਨਾਲ ਮੁਲਾਕਾਤ / ਇਕ ਪਿੰਡ ਦੋ ਪੱਤੀਆਂ

 

- ਸੰਤੋਖ ਸਿੰਘ ਸੰਤੋਖ

ਦੁਖੀ ਡਰਾਈਵਰ ਦਾ ਇਕਬਾਲੀਆ ਬਿਆਨ

 

- ਹਰਪ੍ਰੀਤ ਸੇਖਾ

ਕਨੇਡੀਅਨ ਭਾਰਤੀ ਪ੍ਰਵਾਸੀਆਂ ਵਿੱਚ, ਸੋਚ ਪ੍ਰਵਰਤਣ ਤੇ ਗ਼ਦਰ ਲਹਿਰ

 

- ਸੁਦਾਗਰ ਬਰਾੜ ਲੰਡੇ

ਸਾਵਣ ਦੀਆਂ ਯਾਦਾਂ

 

- ਬਰਜਿੰਦਰ ਗੁਲਾਟੀ

ਕਵਿਤਾ / ਕਲਪਨਾ

 

- ਹਰਭਜਨ ਕੌਰ ਗਿੱਲ

ਮਿੰਨੀ ਕਹਾਣੀ / ਸੋਚਾਂ ਦੇ ਖੰਭ

 

- ਰਵੀ ਸੱਚਦੇਵਾ

ਵਗਦੀ ਏ ਰਾਵੀ/ਅਣਪੀਤੇ ਪਾਣੀ ਦਾ ਸੁਆਦ

 

- ਵਰਿਆਮ ਸਿੰਘ ਸੰਧੂ

ਸਾਹਿਤਕ ਸਵੈਜੀਵਨੀ / ਪੂਰਨਿਆਂ ‘ਤੇ ਲਿਖਣ ਦਾ ਅਭਿਆਸ

 

- ਵਰਿਆਮ ਸਿੰਘ ਸੰਧੂ

ਗ਼ਦਰ ਸ਼ਤਾਬਦੀ ਸਮਾਗਮ / ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ ਬੇਹੱਦ ਸਫਲ ਰਹੇ!

 

- ਉਂਕਾਰਪ੍ਰੀਤ

Khalistani separatists' killings leave a legacy of sorrow in Canada and the U.S.

 

- Gurpreet Singh

ਗ਼ਦਰੀ ਕਵਿਤਾ ਦੀ ਭਾਸ਼ਾ ਅਤੇ ਇਸ ਦਾ ਮਹੱਤਵ

 

- ਕੁਲਵਿੰਦਰ ਖਹਿਰਾ

ਮਿੰਨੀ ਕਹਾਣੀ / ਨਿੱਕਾ

 

- ਬੇਅੰਤ ਗਿੱਲ

ਹੁੰਗਾਰੇ

 

Online Punjabi Magazine Seerat


ਸਾਵਣ ਦੀਆਂ ਯਾਦਾਂ 
- ਬਰਜਿੰਦਰ ਗੁਲਾਟੀ

 

ਪਿਛਲੇ ਹਫ਼ਤੇ, ਜਿਸ ਦਿਨ ਟੋਰੌਂਟੋ ਵਿੱਚ ਖ਼ੂਬ ਤੇਜ਼ ਬਰਸਾਤ ਹੋਈ ਤਾਂ ਬਚਪਨ ਵਿੱਚ ਪੜ੍ਹਿਆ, ਬੋਲਿਆ ਸ਼ਬਦ ‘ਮੂਸਲਾਧਾਰ ਵਰਖਾ‘ ਯਾਦ ਆ ਗਿਆ, ਜਿਸ ਨੂੰ ਬਾਰ ਬਾਰ ਬੋਲਣ ਨੂੰ ਜੀਅ ਕਰਦਾ ਸੀ। ਅੱਜ ਵੀ ਯਾਦ ਆਉਂਦਾ ਹੈ ਕਿ ਕਿਵੇਂ ਅਸੀਂ ਛੋਟੇ ਛੋਟੇ ਬੱਚੇ ਇੱਕ ਅਲੱਗ ਹੀ ਅੰਦਾਜ਼ ‘ਚ ਲਮਕਾ ਲਮਕਾ ਕੇ ਇਹ ਸ਼ਬਦ ਬੋਲਦੇ ਹੁੰਦੇ ਸੀ।ਉਸ ਅੰਦਾਜ਼ ਨੂੰ ਯਾਦ ਕਰ ਆਪ ਮੁਹਾਰੇ ਹੀ ਹਾਸਾ ਨਿਕਲ ਗਿਆ, ਸਾਵਣ ਮਹੀਨੇ ਦੀਆਂ ਯਾਦਾਂ ਤਾਜ਼ਾ ਹੋ ਗਈਆਂ।

ਸਾਵਣ ਦਾ ਮਹੀਨਾ ਜਦੋਂ ਆਉਂਦਾ ਹੈ ਤਾਂ ਕੋਈ ਵੀ ਸਾਵਣ ਬਾਰੇ ਜਾਣਨ ਵਾਲਾ ਮੀਂਹ ‘ਚ ਭਿੱਜੇ ਯਾ ਨਾ, ਅੰਦਰੋਂ ਉਸਦਾ ਮਨ ਇਸ ਮਹੀਨੇ ਨਾਲ ਜੁੜੇ ਹੋਏ ਭਾਵਾਂ ਤੋਂ ਅਣਭਿੱਜ ਨਹੀਂ ਰਹਿ ਸਕਦਾ। ਸਾਵਣ ਪ੍ਰਤੀਕ ਹੈ ਮਿਲਾਪ ਦਾ ਅਤੇ ਬਿਰਹਾ ਦਾ ਵੀ, ਅਤੀਤ ਦੀਆਂ ਯਾਦਾਂ ਦਾ ਅਤੇ ਮਿਲਣ ਦੇ ਚਾਅ ਲਈ ਤੜਪ ਦਾ ਵੀ।

ਗੁਰਬਾਣੀ ਵਿੱਚ ਵੀ ਸਾਵਣ ਦੇ ਮਹੀਨੇ ਦੇ ਭਾਵਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ ਹੈ। ਪਤਨੀ ਰੂਪ ਵਿੱਚ ਆਤਮਾ ਦੀ ਪਤੀ ਰੂਪ ਪ੍ਰਮਾਤਮਾ ਨੂੰ ਮਿਲਣ ਦੀ ਤਾਂਘ ਬਾਰੇ ਬਾਰਹਾ ਮਾਹ ‘ਚ ਫਰਮਾਉਂਦੇ ਹਨ –

ਹਰਿ ਮਿਲਣੈ ਨੂੰ ਮਨੁ ਲੋਚਦਾ ਕਰਮਿ ਮਿਲਾਵਣਹਾਰੁ॥
ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ॥
ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ॥
ਸਾਵਣੁ ਤਿਨਾ ਸੁਹਾਗਣੀ ਜਿਨ ਰਾਮਨਾਮੁ ਉਰਿ ਹਾਰ॥

ਸਾਡੇ ਵਤਨ, ਇੰਡੀਆ ਵਿੱਚ ਮੌਨਸੂਨ ਦੀਆਂ ਹਵਾਵਾਂ ਪੂਰੇ ਜ਼ੋਰ ਤੇ ਹੁੰਦੀਆਂ ਹਨ ਅਤੇ ਬੱਦਲ, ਬਾਰਿਸ਼ ਅਤੇ ਹਰਿਆਲੀ ਕੁਦਰਤ ਦੀਆਂ ਕਈ ਕਰਾਮਾਤਾਂ ਹੁੰਦੀਆਂ ਹਨ। ਜੇਠ ਹਾੜ ਯਾ ਕਹਿ ਲਓ ਮਈ-ਜੂਨ ਦੀ ਕੜਾਕੇ ਦੀ ਗਰਮੀ ਨਾਲ ਝੁਲਸੀ ਜ਼ਮੀਨ ਦੇ ਜਿਸਮ ‘ਤੇ ਇੱਕ ਮਨੋਹਰ ਰੰਗਤ ਬਿਖੇਰਦਾ ਹੈ ਇਹ ਮਹੀਨਾ ਸਾਵਣ ਦਾ। ਇਨਸਾਨ ਤਾਂ ਕੀ, ਜ਼ਮੀਨ ‘ਤੇ ਰਹਿੰਦੇ ਸਭ ਪੰਛੀ, ਜਾਨਵਰ, ਕੀਟ-ਪਤੰਗੇ ਵੀ ਚਹਿਕ ਉੱਠਦੇ ਹਨ। ਮੋਰ ਖ਼ੂਬ ਪੈਲਾਂ ਪਾਉਂਦਾ ਹੈ ਅਤੇ ਉਸਦੇ ਰੰਗੀਨ ਖੰਭ ਨਾਚ ਵੇਲੇ ਹਰਿਆਈ ਧਰਤੀ ਉੱਪਰ ਆਪਣੇ ਸੁਹਣੇ ਰੰਗਾਂ ਦਾ ਜਾਦੂ ਕਰ ਦਿੰਦੇ ਹਨ। ਕੋਇਲ ਦੀ ਕੂ-ਕੂ ਪਹਿਲਾਂ ਹੀ ਕੰਨਾਂ ਵਿੱਚ ਹਲਕਾ ਜਿਹਾ ਮਿੱਠਾ ਸੁਰ ਛੇੜ ਰਹੀ ਹੁੰਦੀ ਹੈ।

ਸਾਵਣ ਰੁੱਤੇ ਤੀਆਂ ਨੂੰ ਕੌਣ ਭੁੱਲ ਸਕਦਾ ਹੈ? ਕੁੜੀਆਂ ਆਪਣੀਆਂ ਰੰਗ ਬਿਰੰਗੀਆਂ ਚੁੰਨੀਆਂ ਲੈ ਪੀਂਘਾਂ ਝੂਟਣ ਲਈ ਪੂਰੀ ਤਿਆਰੀ ‘ਚ ਹੁੰਦੀਆਂ ਹਨ ਅਤੇ ਵਿਆਹੀਆਂ ਹੋਈਆਂ ਖ਼ਾਸ ਤੌਰ ਤੇ ਨਵ-ਵਿਆਹੀਆਂ ਨੂੰ ਪੇਕੇ ਆ ਕੇ ਆਪਣੀਆਂ ਬਚਪਨ ਅਤੇ ਜਵਾਨੀ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ ਮੌਕਾ ਮਿਲਦਾ ਹੈ। ਓਦੋਂ ਜੀਅ ਕਰਦਾ ਹੈ ਕਿ ਰਾਤ ਆਵੇ ਹੀ ਨਾ, ਅਤੇ ਦਿਨ, ਰਾਤ ਨੂੰ ਇਹ ਕਹਿ ਕੇ ਮਨਾ ਲਵੇ ਕਿ ਹਾਲੇ ਤਾਂ ਮੇਰੀਆਂ ਲਾਡਲੀਆਂ ਨੇ ਗਿੱਧੇ ਪਾਉਣੇ ਨੇ ਅਤੇ ਅੱਜ ਦੀ ਯਾਦ ਨੂੰ ਆਉਣ ਵਾਲੇ ਸਮੇਂ ਲਈ ਪੱਕਿਆਂ ਕਰਨਾ ਏ।

ਉਮੜ ਉਮੜ ਕੇ ਬੱਦਲ ਆਇਆ, ਕਣੀ ਕਣੀ ਵੱਸ ਜਾਣਾ
ਭਰਿਆ ਤ੍ਰਿੰਞਣ ਡਾਰ ਕੂੰਜਾਂ ਦੀ, ਸਭਨਾਂ ਨੇ ਉੱਡ ਜਾਣਾ

ਅੰਮ੍ਰਿਤਾ ਪ੍ਰੀਤਮ ਦੀਆਂ ਇਹਨਾਂ ਸਤਰਾਂ ਵਾਂਗ ਤੀਆਂ ਵੇਲੇ ਇਕੱਠੀਆਂ ਹੋਈ ਕੁੜੀਆਂ ਬਾਅਦ ਵਿੱਚ ਕੀ ਪਤਾ ਕਦੋਂ ਮਿਲਣ।

ਪੰਜਾਬ, ਹਰਿਆਣਾ ਦਾ ਤਾਂ ਮੈਨੂੰ ਪਤਾ ਹੈ ਕਿ ਸਰਕਾਰੀ ਤੌਰ ਤੇ ਵੀ ਤੀਆਂ ਮਨਾਈਆਂ ਜਾਂਦੀਆਂ ਹਨ ਅਤੇ ਚੰਡੀਗੜ੍ਹ ਦੇ ਰੌਕ ਗਾਰਡਨ ਵਿੱਚ ਮੇਲੇ ਦਾ ਸੁਹਣਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਮੇਲਿਆਂ ਵਿੱਚ ਖਾਣ ਪੀਣ ਦੇ ਨਾਲ ਹੀ ਕਈ ਤਰ੍ਹਾਂ ਦੇ ਹੋਣ ਵਾਲੇ ਮੁਕਾਬਲ਼ਿਆਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਤਾਂ ਆਨੰਦ ਆਉਂਦਾ ਈ ਹੈ, ਦੇਖਣ ਵਾਲੇ ਵੀ ਖ਼ੁਸ਼ੀ ‘ਚ ਖੀਵੇ ਹੋਈ ਫਿਰਦੇ ਹਨ। ਪੁਰਾਣੇ ਵਕਤ ਦੇ ਮੇਲੇ ਯਾਦ ਆ ਜਾਂਦੇ ਹਨ।

ਸਾਵਣ ਦੀ ਇੱਕ ਹੋਰ ਯਾਦ ਹੈ ਤਕਰੀਬਨ ਹਰ ਇੱਕ ਦੇ ਬਚਪਨ ਦੀ, ਕਾਗਜ਼ ਦੀਆਂ ਛੋਟੀਆਂ ਛੋਟੀਆਂ ਕਿਸ਼ਤੀਆਂ ਬਣਾ ਕੇ ਪਾਣੀ ਵਿੱਚ ਚਲਾ ਕੇ ਬੱਚੇ ਬਹੁਤ ਹੀ ਖ਼ੁਸ਼ ਹੁੰਦੇ ਹਨ। ਇਸੇ ਭਾਵ ਨੂੰ ਤਾਂ ਜਗਜੀਤ ਸਿੰਘ ਦੀ ਗਾਈ ਗ਼ਜ਼ਲ ਵਿੱਚ ਸੁਣਦੇ ਹਾਂ –

…ਮਗ਼ਰ ਮੁਝ ਕੋ ਲੌਟਾ ਦੋ, ਬਚਪਨ ਕਾ ਸਾਵਨ
..ਵੋਹ ਕਾਗ਼ਜ਼ ਕੀ ਕਸ਼ਤੀ, ਵੋਹ ਬਾਰਿਸ਼ ਕਾ ਪਾਨੀ

ਜਿਸ ਵੇਲੇ ਸੁੱਕੀ ਧਰਤੀ ਤੇ ਪਾਣੀ ਦੇ ਛਿੱਟੇ ਪੈਂਦੇ ਹਨ, ਮਿੱਟੀ ਦੀ ਉਹ ‘ਸੌਂਧੀ ਖ਼ੁਸ਼ਬੂ‘ ਸ਼ਾਇਦ ਉਹੀ ਸਮਝ ਸਕਦਾ ਹੈ ਜਿਸ ਨੇ ਉਹ ਤਪਦੀ ਗਰਮੀ ਸਹਿਣ ਕੀਤੀ ਹੈ, ਅਤੇ ਕਾਲੇ ਬੱਦਲ ਦੇਖ ਖ਼ੁਸ਼ ਹੋਇਆ ਹੈ। ਖ਼ੀਰ ਪੂੜਿਆਂ ਦੀ ਖ਼ੁਸ਼ਬੂ ਉਸ ਵੇਲੇ ਬੱਚਿਆਂ ਨੂੰ ਬਦੋ ਬਦੀ ਘਰ ਅੰਦਰ ਬੁਲਾਉਂਦੀ ਹੈ - ਸਾਡੇ ਇੰਡੀਆ ਦੇ ਪੈਨਕੇਕਸ - ਹੁਣ ਵੀ ਜਿਵੇਂ ਮੂੰਹ ‘ਚ ਸੁਆਦ ਆ ਗਿਆ ਹੋਵੇ। ਸਾਂਝੇ ਪੰਜਾਬ ਵਿੱਚ ਇੱਕ ਕਥਨ ਪ੍ਰਚੱਲਿਤ ਸੀ –

ਸਾਵਣ ਖੀਰ ਨਾ ਖਾਧੀਆ, ਕਿਉਂ ਜੰਮਿਉਂ ਅਪਰਾਧੀਆ?

ਕਿੰਨੀ ਮਹੱਤਤਾ ਦਿੱਤੀ ਹੈ ਇਸ ਸੁਆਦੀ ਖਾਣੇ ਨੂੰ। ਪੂੜੇ ਗੁੜ ਦੇ ਹੋਣ ਯਾ ਖੰਡ ਦੇ, ਤਵੇ ‘ਤੇ ਫੈਲਾਉਣ ਲਈ ਪਹਿਲਾਂ ਪਲਾਸਟਿਕ ਯਾ ਲੱਕੜ ਦੇ ਪਲਟਿਆਂ ਦੀ ਥਾਂ ਪਿੱਪਲ ਦੇ ਪੱਤੇ ਵਰਤੇ ਜਾਂਦੇ ਸਨ। ਇਸ ਰਿਵਾਜ ਨੂੰ ਕਾਇਮ ਰੱਖਦਿਆਂ ਸਾਨੂੰ ਛੋਟੇ ਛੋਟੇ ਬੱਚਿਆਂ ਨੂੰ ਭੇਜਿਆ ਜਾਂਦਾ ਸੀ ਪਿੱਪਲ ਦੇ ਕੂਲੇ ਕੂਲੇ ਪੱਤੇ ਲਿਆਉਣ ਵਾਸਤੇ, ਅਤੇ ਅਸੀਂ ਬੱਦਲਾਂ ਨੂੰ ਵੇਖ ਗਾਉਂਦੇ ਜਾਂਦੇ ਸਾਂ –

ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਵਰ੍ਹਾ ਦੇ ਜ਼ੋਰੋ ਜ਼ੋਰ

ਇੰਨੇ ਜ਼ੋਰ ਦੀ ਬੋਲਦੇ ਹੁੰਦੇ ਸਾਂ ਕਿ ਜਦੋਂ ਸੱਚੀਓਂ ਹੀ ਜ਼ੋਰ ਦੀ ਬੱਦਲ ਗੱਜਦਾ ਤਾਂ ਸਾਡੇ ਵਿਚੋਂ ਹੀ ਕੋਈ ਨਾ ਕੋਈ ਕਹਿ ਉੱਠਦਾ – ਦੇਖਿਆ! ਇੰਨੀ ਉੱਚੀ ਬੋਲਦੇ ਓ ਨਾ, ਤਾਂਹੀਓਂ ਬੱਦਲ ਗੁੱਸੇ ਹੋਣ ਲੱਗ ਪਿਆ - ਬਈ, ਰੱਬ ਨੂੰ ਆਰਾਮ ਨਹੀਂ ਕਰਨ ਦੇਣਾ?

ਗਰਮੀਆਂ ਦੀਆਂ ਛੁੱਟੀਆਂ ਮਨਾਉਣ, ਅਸੀਂ ਆਪਣੇ ਪਿੰਡ ਜਾਂਦੇ ਹੁੰਦੇ ਸਾਂ।ਕਈ ਵਾਰ, ਅਸੀਂ ਪਿੰਡ ਨਾਲ ਵਗਦੀ ਨਦੀ ਨੂੰ ਵੇਖਣ ਜਾਂਦੇ ਸਾਂ। ਨਦੀ ਕਿਨਾਰੇ ਦੀ ਗਿੱਲੀ ਰੇਤ ਦੇ ਲੱਡੂ ਬਣਾ ਵੱਡੇ ਬੱਚੇ ਛੋਟੇ ਬੱਚਿਆਂ ਨੂੰ ਫੜਾਉਂਦੇ।ਕੁਝ ਛੋਟੇ ਬੱਚੇ ਉਹ ਲੱਡੂ ਮੂੰਹ ‘ਚ ਪਾ, ਬਾਅਦ ਵਿੱਚ ਥੂ ਥੂ ਕਰਦੇ ਰਹਿੰਦੇ। ਪੀਂਘਾਂ ਪਾਈਆਂ ਹੁੰਦੀਆਂ ਅਤੇ ਇਹੀ ਹੋੜ ਲੱਗੀ ਰਹਿੰਦੀ ਕਿ ਕੌਣ ਦੂਜਿਆਂ ਤੋਂ ਉੱਚੀ ਪੀਂਘ ਚੜ੍ਹਾਉਂਦਾ ਹੈ। ਜਿਹੜੇ ਚਿੱਕੜ ਨਾਲ ਲਿੱਬੜੇ ਹੋਏ ਬੂਟ ਲੈ ਅੰਦਰ ਆਉਂਦੇ ਉਨ੍ਹਾਂ ਦੀੇ ਚੰਗੀ ਝਾੜ–ਝੰਬ ਹੁੰਦੀ, ਕਿਸੇ ਦੀ ਚੱਪਲ ਚਿੱਕੜ ਵਿੱਚ ਹੀ ਰਹਿ ਜਾਂਦੀ ਤਾਂ ਸਭ ਡਰੇ ਹੋਏ ਘਰਾਂ ‘ਚ ਵੜਦੇ।

ਬਰਸਾਤ ਵੇਲੇ ਠੰਢੀ ਠੰਢੀ ਹਵਾ ਦਾ ਨਸ਼ਾ ਘੱਟ ਤਾਂ ਨਹੀਂ ਹੁੰਦਾ ਪਰ ਸ਼ਰਾਬ ਪੀਣ ਵਾਲਿਆਂ ਲਈ ਸ਼ਰਾਬ ਦੇ ਨਾਂ ਦੇ ਨਸ਼ੇ ਦਾ ਕੋਈ ਮੁਕਾਬਲ਼ਾ ਈ ਨਹੀਂ। ਮਿਰਜ਼ਾ ਗ਼ਾਲ਼ਿਬ ਇਸ ਮੌਸਮ ਬਾਰੇ ਲਿਖਦੇ ਹਨ –

ਯੇ ਬਰਸਾਤ ਵੋ ਮੌਸਮ, ਕਿ ਅਜਬ ਕਿਆ ਹੈ?
ਅਗ਼ਰ ਮੌਜੇ ਹਸਤੀ ਕੋ ਕਰੇ ਫ਼ੈਜ਼ੇ ਹਵਾ, ਮੌਜੇ ਸ਼ਰਾਬ

ਯਾਨੀ ਬਰਸਾਤ ਦਾ ਮੌਸਮ ਹੀ ਐਸਾ ਹੁੰਦਾ ਹੈ ਕਿ ਜੇ ਇਹ ਹਵਾ ਐਸੀ ਤਾਜ਼ਗੀ ਅਤੇ ਨਵੀਨਤਾ ਬਖ਼ਸ਼ ਜੀਵਨ ਦੀਆਂ ਲਹਿਰਾਂ ਨੂੰ ਸ਼ਰਾਬ ਦੇ ਅਸਰ ਵਰਗਾ ਬਣਾ ਦੇਵੇ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ। ਜੋਸ਼ ਮਲੀਹਾਬਾਦੀ ਦਾ ਆਪਣਾ ਹੀ ਅੰਦਾਜ਼ ਹੈ ਇਸ ਮੌਸਮ ਦੇ ਬਿਆਨ ਦਾ, ਕਹਿੰਦੇ ਹਨ –

ਬੇਲੋਂ ਪੇ ਝਲਕ ਰਹੀਂ ਹੈਂ ਬੂੰਦੇਂ, ਸਾਕੀ
ਖ਼ੋਸ਼ੋਂ ਸੇ ਟਪਕ ਰਹੀਂ ਹੈਂ ਬੂੰਦੇਂ, ਸਾਕੀ
ਦੇ ਜਾਮ ਕਿ ਬਰਗ਼ਨਾਏ ਸਬਜ਼ੋ ਤਰ ਪਰ
ਰਹਿ ਰਹਿ ਕੇ ਖ਼ਨਕ ਰਹੀ ਹੈਂ ਬੂੰਦੇਂ, ਸਾਕੀ

ਪਰ ਇਸ ਬਰਸਾਤ ਦੇ ਮੌਸਮ ਨਾਲ ਪਰੇਸ਼ਨੀਆਂ ਵੀ ਤਾਂ ਜੁੜੀਆਂ ਹੋਈਆਂ ਹਨ। ਗਰਮੀ ਬਹੁਤ ਹੋਣ ਕਾਰਨ ਲੋਕ ਕੋਠਿਆਂ ਤੇ ਮੰਜੇ ਚੜ੍ਹਾ ਲੈਂਦੇ ਸਨ ਸੌਣ ਲਈ, ਪਰ ਜਦੋਂ ਬਰਸਾਤ ਸ਼ੁਰੂ ਹੁੰਦੀ ਤਾਂ ਦੌੜ-ਭੱਜ ਪੈ ਜਾਂਦੀ। ਮੰਜੇ ਹੇਠਾਂ ਉਤਾਰੋ, ਸੁੱਤੇ ਪਏ ਬੱਚਿਆਂ ਨੂੰ ਉਠਾਓ ਤਾਂ ਰੋਂਦਿਆਂ ਬੱਚਿਆਂ ਦੀ ਪਰੇਸ਼ਾਨੀ; ਹੇਠਾਂ ਕਮਰਿਆਂ ‘ਚ ਖ਼ੂਬ ਗਰਮੀ; ਕੋਈ ਬਿਜਲੀ ਨਹੀਂ, ਕੋਈ ਪੱਖਾ ਨਹੀਂ ਅਤੇ ਉਪਰੋਂ ਮੱਛਰਾਂ ਦੀ ਭਰਮਾਰ। ਤੌਬਾ! ਕਈ ਵਾਰ ਤਾਂ ਸਾਰੀ ਰਾਤ ਹਨੇਰਾ ਢੋਣ ਵਾਲੀ ਗੱਲ ਹੋ ਜਾਂਦੀ। ਇਸ ਦਾ ਬੜਾ ਠੀਕ ਅਤੇ ਸੁਹਣਾ ਜ਼ਿਕਰ ਮਿਲਦਾ ਹੈ ਸੰਤੋਖ ਸਿੰਘ ਧੀਰ ਦੀ ਕਹਾਣੀ ‘ਸਵੇਰ ਹੋਣ ਤੱਕ‘ ਵਿੱਚ।

ਜੇ ਬਠਿੰਡੇ ਦੀਆਂ ਸੜਕਾਂ ਤੇ ਖੜ੍ਹਾ ਪਾਣੀ ਛੋਟੀਆਂ ਛੋਟੀਆਂ ਨਦੀਆਂ ਵਾਂਗ ਵਹਿੰਦਾ ਹੈ ਤਾਂ ਜਲੰਧਰ ਦੇ ਦੋ-ਮੋਰੀਆ ਪੁਲ ਦੀ ਯਾਦ ਵੀ ਆ ਜਾਂਦੀ ਹੈ, ਜਿੱਥੇ ਰੇਲਵੇ ਲਾਈਨ ਦੇ ਹੇਠਾਂ ਪੂਰਾ ਪਾਣੀ ਭਰਿਆ ਹੁੰਦਾ ਅਤੇ ਕਈ ਵੱਡੇ ਛੋਟੇ ਬੱਚੇ ਪਾਣੀ ‘ਚ ਤਾਰੀਆਂ ਲਾਉਂਦੇ, ਟੁੱਭੀਆਂ ਮਾਰਦੇ ਦਿਸਦੇ ਹੁੰਦੇ ਸਨ। ਅੰਮ੍ਰਿਤਸਰ ਦੀ ਵੇਰਕੇ ਵਾਲੀ ਨਦੀ ਹੋਵੇ ਯਾ ਸੁਲਤਾਨਪੁਰ-ਕਪੂਰਥਲੇ ਵਾਲੀ ਕਾਲੀ ਵੇਂਈ; ਤੇ ਭਾਵੇਂ ਮਾਰਕੰਡਾ ਨਦੀ ਹੋਵੇ, ਅਤੇ ਭਾਵੇਂ ਉਹ ਬਿਆਸ ਹੋਵੇ ਯਾ ਘੱਗਰ ਦਰਿਆ - ਸਭ ਇੱਕ ਵਾਰ ਤਾਂ ਹੜ੍ਹ ਦਾ ਡਰ ਪਾ ਹੀ ਦਿੰਦੇ ਹਨ। ਸੁਣਦੇ ਰਹੇ ਹਾਂ ਕਿ ਪਟਿਆਲੇ ਵਿੱਚ ਪਟਿਆਲੀ ਰਾਓ ਨਦੀ ਨੂੰ ਪੂਜਣ ਲਈ ਮਹਾਰਾਜਾ ਪਟਿਆਲਾ ਵੀ ਜਾਂਦਾ ਸੀ ਤਾਂ ਜੋ ਨਦੀ ਪਟਿਆਲੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਨਾ ਲਵੇ। ਹੁਸ਼ਿਆਰਪੁਰ ਅਤੇ ਰੋਪੜ ਦੇ ਚੋਅ ਯਾਨੀ ਮੌਸਮੀ ਨਦੀਆਂ ਬਰਸਾਤ ਵਿੱਚ ਆਪਣੀ ਮਰਜ਼ੀ ਨਾਲ ਲੋਕਾਂ ਨੂੰ ਇੱਧਰ ਉੱਧਰ ਜਾਣ ਦਿੰਦੇ ਰਹੇ ਨੇ। ਕਈ ਵਾਰ ਤਾਂ ਇੰਜ ਵੀ ਹੁੰਦਾ ਸੀ ਕਿ ਜਿਹੜੇ ਪੈਦਲ ਹੀ ਨਦੀ ‘ਚੋਂ ਲੰਘਣ ਦੀ ਹਿੰਮਤ ਕਰ ਲੈਂਦੇ, ਬੱਸਾਂ ਇੱਕ ਪਾਸੇ ਹੀ ਉਨ੍ਹਾਂ ਮੁਸਾਫਿਰਾਂ ਨੂੰ ਉਤਾਰ ਦਿੰਦੀਆਂ ਅਤੇ ਬਾਕੀ ਉਸੇ ਬੱਸ ਵਿੱਚ ਵਾਪਸ ਮੁੜ ਪੈਂਦੇ। ਪਹਾੜਾਂ ਵਿੱਚ ਕਈ ਵਾਰ ਚਟਾਨਾਂ ਸੜਕਾਂ ਤੇ ਡਿੱਗ ਕੇ ਰਸਤੇ ਰੋਕ ਦਿੰਦੀਆਂ ਹਨ।ਕੁਝ ਦਿਨ ਪਹਿਲਾਂ ਉੱਤਰਾਂਚਲ ਵਿੱਚ ਬਰਸਾਤ ਨਾਲ ਆਏ ਹੜ੍ਹ ਨਾਲ ਕਿੰਨੀ ਤਬਾਹੀ ਹੋਈ ਹੈ। ਹਾਲੇ ਤੱਕ ਵੀ ਬਹੁਤ ਲੋਕਾਂ ਨੂੰ ਪਤਾ ਨਹੀਂ ਕਿ ਉਨ੍ਹਾਂ ਦੇ ਆਪਣੇ ਜ਼ਿੰਦਾ ਹਨ ਵੀ ਜਾਂ ਨਹੀਂ।ਹਿਮਾਲਾ ਦੇ ਪਹਾੜਾਂ ਦੀ ਮਿੱਟੀ ਹੀ ਝੱਟ ਖੁਰਨ ਵਾਲੀ ਹੈ। ਫ਼ੋਟੋਆਂ ਦੇਖ ਕੇ ਹੀ ਡਰ ਲੱਗ ਰਿਹਾ ਸੀ ਕਿ ਜ਼ਮੀਨ ਤੇ ਅੱਧੇ ਖੜੇ ਮਕਾਨ ਕਿੰਨੀ ਕੁ ਦੇਰ ਹੋਰ ਟਿਕੇ ਰਹਿ ਸਕਦੇ ਹਨ।

ਇਸੇ ਤਰ੍ਹਾਂ ਦਾ ਹਾਲ ਹੋਇਆ ਇਸੇ ਜੂਨ, ਕੈਲਗਰੀ ਵਿੱਚ, ਜਿੱਥੇ ਇਲਾਕਾ ਪੱਧਰਾ ਮੈਦਾਨੀ ਹੈ ਪਰ ਵਗਦੀ ‘ਬੋਅ‘ ਨਦੀ ਵਿੱਚ ਜਦੋਂ ਹੜ੍ਹ ਆਇਆ ਹੈ ਤਾਂ ਭਿਆਨਕ ਤਬਾਹੀ ਹੋਈ ਹੈ। ਪੂਰਾ ਇਲਾਕਾ ਨਦੀ ਦੀ ਚਪੇਟ ‘ਚ ਆ ਗਿਆ ਹੈ।ਨਦੀ ਪੱਧਰ ਤੋਂ ਦੋ ਫੁੱਟ ਉੱਪਰ ਵਗਣ ਕਾਰਨ ਰੇਲਵੇ ਟਰੈਕ ਡੁੱਬਣ ਨਾਲ ਟ੍ਰੇਨ ਹੀ ਪਟੜੀ ਤੋਂ ਉੱਤਰ ਗਈ।ਐਰੀਜ਼ੋਨਾ (ਯੂ.ਐਸ.ਏ.) ਵਿੱਚ ਮੱਧ-ਜੂਨ ਤੋਂ ਮੱਧ-ਸਿਤੰਬਰ ਤੱਕ, ਫੀਨਿਕਸ ਵਰਗੇ ਏਰੀਏ ਵਿੱਚ ਵੀ ਹੜ੍ਹ ਆ ਜਾਂਦੇ ਹਨ।

ਬੰਬਈ ਦੀ ਬਰਸਾਤ ਤਾਂ ਆਮ ਜਿਹੀ ਗੱਲ ਹੈ ਅਤੇ ਬਹੁਤ ਫਿਲਮਾਂ ਵਿੱਚ ਇਸ ਦੇ ਨਜ਼ਾਰੇ ਵੀ ਦੇਖਣ ਨੂੰ ਮਿਲਦੇ ਹਨ। ਬਰਸਾਤ ਦੇ ਸੀਨ ਤੋਂ ਬਿਨਾਂ ਜਿਵੇਂ ਫਿਲਮ ਪੂਰੀ ਹੀ ਨਹੀਂ ਹੋ ਸਕਦੀ।

ਹਮ ਸੇ ਮਿਲੇ ਤੁਮ ਸਜਨ, ਤੁਮ ਸੇ ਮਿਲੇ ਹਮ, ਬਰਸਾਤ ਮੇਂ

ਪਰ ਜਿੰਨਾ ਮਰਜ਼ੀ ਤੰਗ ਹੋ ਜਾਈਏ ਬਰਸਾਤ ਤੋਂ, ਗਰਮੀ ਤੋਂ ਤੰਗ ਆਇਆ ਇਨਸਾਨ ਆਪਣੇ ਲਈ ਅਤੇ ਆਪਣੀ ਫ਼ਸਲ ਲਈ ਹਰ ਵੇਲੇ ਸਾਵਣ ਦੀ ਉਡੀਕ ਵਿੱਚ ਰਹਿੰਦਾ ਹੈ। ਅੰਬਾਂ ਦੇ ਮੌਸਮ ਵਕਤ ਪਿਕਨਿਕ ਦੇ ਪ੍ਰੋਗ੍ਰਾਮ ਵੀ ਨਦੀਆਂ ਦੇ ਕੰਢਿਆਂ ਤੇ ਬਣਦੇ ਰਹਿੰਦੇ ਹਨ। ਗੱਲ ਕੀ, ਹਰ ਕੋਈ ਖ਼ੂਬ ਆਨੰਦ ਮਾਣਦਾ ਹੈ ਇਸ ਮੌਸਮ ਦਾ। ਇਹਨਾਂ ਹੀ ਕਾਲੇ ਬੱਦਲਾਂ ਵਿੱਚੋਂ ਬੱਚੇ ਛੱਡ ਵੱਡੇ ਵੀ ਕਈ ਤਰ੍ਹਾਂ ਦੀਆਂ ਸ਼ਕਲਾਂ ਲੱਭਣ ਲੱਗ ਪੈਂਦੇ ਹਨ ਅਤੇ ਇਹੋ ਹੀ ਬੱਦਲ ਸਨ ਜਿਨ੍ਹਾਂ ਰਾਹੀਂ ਕਵੀ ਕਾਲੀਦਾਸ ਉਦਾਸ ਬੈਠੇ ਆਪਣੀ ਪ੍ਰੇਮਿਕਾ ਲਈ ਸੁਨੇਹੇ ਭੇਜਦੇ ਸਨ, ਅਤੇ ਰਾਗ ਮੇਘ–ਮਲਹਾਰ ਹੋਂਦ ਵਿੱਚ ਆਇਆ ਸੀ। ਬਹੁਤ ਸਮੇਂ ਤੋਂ ਨਹਿਰੂ ਸੈਂਟਰ ਦਿੱਲੀ ਵਿਖੇ ਮੇਘ-ਮਲਹਾਰ ਦਾ ਮੇਲਾ ਲੱਗਦਾ ਹੈ ਅਤੇ ਭਾਰਤ ਦੇ ਉੱਘੇ ਅਤੇ ਉਭਰਦੇ ਕਲਾਕਾਰ ਸਭ ਮੇਲੇ ਦੀ ਰੌਣਕ ਵਿੱਚ ਵਾਧਾ ਕਰਦੇ ਹਨ।

ਸਾਵਣ ਦੀ ਯਾਦ ਦਾ ਅਹਿਸਾਸ ਕੁਝ ਇਸ ਤਰ੍ਹਾਂ ਦੇ ਭਾਵ ਦਰਸਾਉਂਦਾ ਹੈ ਕਿ ਹਰ ਮੌਸਮ ਵਿੱਚ ਜਦ ਮਨ ਖ਼ੁਸ਼ ਹੋਵੇ ਤਾਂ – ਸਾਵਨ ਆਏ ਯਾ ਨਾ ਆਏ , ਜੀਆ ਜਬ ਝੂਮੇ ਸਾਵਨ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346