Welcome to Seerat.ca
Welcome to Seerat.ca

ਨਾਵਲ ਅੰਸ਼ / ਨਵੀਂ ਧਰਤੀ

 

- ਹਰਜੀਤ ਅਟਵਾਲ

ਲਾਲ

 

- ਅਮਰਜੀਤ ਚੰਦਨ

ਵਰਿਆਮ ਸਿੰਘ ਸੰਧੂ ਦੀ ਗੁਫ਼ਾ ਵਿਚਲੀ ਉਡਾਣ

 

- ਪ੍ਰਿੰ. ਸਰਵਣ ਸਿੰਘ

ਇਉਂ ਮੇਰੀਆਂ ਲਿਖਤਾਂ ਨੂੰ ਜੀ ਆਇਆਂ ਆਖਿਆ ਗਿਆ

 

- ਗਿਆਨੀ ਸੰਤੋਖ ਸਿੰਘ

ਬੋਲੀ ਹਰ ਪਲ ਜਨਮਦੀ ਹੈ

 

- ਗੁਲਸ਼ਨ ਦਿਆਲ

ਕਹਾਣੀ / ਸਮਝੌਤਾ

 

- ਗੁਰਦੀਸ਼ ਕੌਰ ਗਰੇਵਾਲ

ਪੰਜ ਗ਼ਜ਼ਲਾਂ

 

- ਸੁਰਿੰਦਰ ਸੀਰਤ

ਪ੍ਰਸਿਧ ਪਾਕਿਸਤਾਨੀ ਪੰਜਾਬੀ ਲਿਖਾਰੀ ਅਫ਼ਜ਼ਲ ਅਹਿਸਨ ਰੰਧਾਵਾ ਨਾਲ ਮੁਲਾਕਾਤ / ਇਕ ਪਿੰਡ ਦੋ ਪੱਤੀਆਂ

 

- ਸੰਤੋਖ ਸਿੰਘ ਸੰਤੋਖ

ਦੁਖੀ ਡਰਾਈਵਰ ਦਾ ਇਕਬਾਲੀਆ ਬਿਆਨ

 

- ਹਰਪ੍ਰੀਤ ਸੇਖਾ

ਕਨੇਡੀਅਨ ਭਾਰਤੀ ਪ੍ਰਵਾਸੀਆਂ ਵਿੱਚ, ਸੋਚ ਪ੍ਰਵਰਤਣ ਤੇ ਗ਼ਦਰ ਲਹਿਰ

 

- ਸੁਦਾਗਰ ਬਰਾੜ ਲੰਡੇ

ਸਾਵਣ ਦੀਆਂ ਯਾਦਾਂ

 

- ਬਰਜਿੰਦਰ ਗੁਲਾਟੀ

ਕਵਿਤਾ / ਕਲਪਨਾ

 

- ਹਰਭਜਨ ਕੌਰ ਗਿੱਲ

ਮਿੰਨੀ ਕਹਾਣੀ / ਸੋਚਾਂ ਦੇ ਖੰਭ

 

- ਰਵੀ ਸੱਚਦੇਵਾ

ਵਗਦੀ ਏ ਰਾਵੀ/ਅਣਪੀਤੇ ਪਾਣੀ ਦਾ ਸੁਆਦ

 

- ਵਰਿਆਮ ਸਿੰਘ ਸੰਧੂ

ਸਾਹਿਤਕ ਸਵੈਜੀਵਨੀ / ਪੂਰਨਿਆਂ ‘ਤੇ ਲਿਖਣ ਦਾ ਅਭਿਆਸ

 

- ਵਰਿਆਮ ਸਿੰਘ ਸੰਧੂ

ਗ਼ਦਰ ਸ਼ਤਾਬਦੀ ਸਮਾਗਮ / ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ ਬੇਹੱਦ ਸਫਲ ਰਹੇ!

 

- ਉਂਕਾਰਪ੍ਰੀਤ

Khalistani separatists' killings leave a legacy of sorrow in Canada and the U.S.

 

- Gurpreet Singh

ਗ਼ਦਰੀ ਕਵਿਤਾ ਦੀ ਭਾਸ਼ਾ ਅਤੇ ਇਸ ਦਾ ਮਹੱਤਵ

 

- ਕੁਲਵਿੰਦਰ ਖਹਿਰਾ

ਮਿੰਨੀ ਕਹਾਣੀ / ਨਿੱਕਾ

 

- ਬੇਅੰਤ ਗਿੱਲ

ਹੁੰਗਾਰੇ

 
Online Punjabi Magazine Seerat

ਕਹਾਣੀ
ਸਮਝੌਤਾ

- ਗੁਰਦੀਸ਼ ਕੌਰ ਗਰੇਵਾਲ

 

ਕੁਲਬੀਰ ਇਕ ਸਰਦੇ ਪੁੱਜਦੇ ਜੱਟ ਦਾ ਪੁੱਤਰ ਅਤੇ ਮਾਪਿਆਂ ਦੀ ਪਹਿਲੀ ਔਲਾਦ ਸੀ। ਬਾਪ ਪਿੰਡ ਦਾ ਤਕੜਾ ਜ਼ਿਮੀਦਾਰ ਅਤੇ ਪਿੰਡ ਦਾ ਸਰਪੰਚ। ਆਲੀਸ਼ਾਨ ਘਰ ਵਿੱਚ ਟ੍ਰੈਕਟਰ ਤੋਂ ਇਲਾਵਾ, ਮੋਟਰ ਸਾਈਕਲ ਤੇ ਜੀਪ ਵੀ ਖੜ੍ਹੇ ਸਨ। ਕੰਮ ਲਈ ਨੌਕਰ ਚਾਕਰ, ਖਾਣ ਪੀਣ ਲਈ ਖੁਲ੍ਹਾ ਦੁੱਧ ਘਿਉ, ਖਰਚਣ ਲਈ ਖੁਲ੍ਹਾ ਖਰਚ, ਗੱਲ ਕੀ- ਕਿਸੇ ਚੀਜ਼ ਦੀ ਕਮੀ ਨਹੀਂ ਸੀ ਘਰ ਵਿੱਚ।
ਜਿਉਂ ਹੀ ਉਸ ਨੇ ਬੀ. ਏ. ਪਾਸ ਕੀਤੀ, ਉਸ ਤੇ ਕਨੇਡਾ ਦਾ ਭੂਤ ਸਵਾਰ ਹੋ ਗਿਆ। ਜਿਸ ਦਾ ਕਾਰਨ ਉਸ ਦੇ ਬਾਹਰ ਗਏ ਕੁੱਝ ਦੋਸਤ ਸਨ, ਜੋ ਝੂਠੀਆਂ ਸੱਚੀਆਂ ਦੱਸ ਕੇ ਉਸ ਨੂੰ ਉਕਸਾਉਂਦੇ ਰਹਿੰਦੇ। ਸੋ ਉਸ ਨੇ ਕਨੇਡਾ ਜਾਣ ਦੀ ਰਟ ਲਾ ਲਈ।ਦੋਹਾਂ ਮੁੰਡਿਆਂ ਵਿੱਚੋਂ ਵੱਡਾ ਹੋਣ ਕਾਰਨ ਪਿਉ ਨੂੰ ਉਸ ਦਾ ਕਾਫੀ ਸਹਾਰਾ ਹੋ ਗਿਆ ਸੀ। ਸ਼ਹਿਰ ਦੇ ਸਾਰੇ ਕੰਮ ਕੁਲਬੀਰ ਕਰ ਆਉਂਦਾ। ਉਸ ਦੀ ਜ਼ਿਦ ਕਾਰਨ ਬਾਪ ਨੇ ਕਿਸੇ ਏਜੰਟ ਨਾਲ ਗੱਲ ਕੀਤੀ, ਜੋ ਲੈ ਦੇ ਕੇ ਸਿਰੇ ਚੜ੍ਹ ਗਈ।
ਹਵਾ ਵਿੱਚ ਤਾਰੀਆਂ ਲਾਉਂਦਾ ਕੁਲਬੀਰ, ਪਰੀਆਂ ਦੇ ਦੇਸ਼ ਪਹੁੰਚ ਗਿਆ। ਕਨੇਡਾ ਦੀ ਸਫਾਈ ਤੇ ਸੁੰਦਰਤਾ ਦੇਖ ਕੇ ਇਕ ਵਾਰ ਤਾਂ ਉਹ ਚਕਾਚੌਧ ਹੋ ਗਿਆ। ਦੋ ਚਾਰ ਦਿਨ ਦੋਸਤਾਂ ਨੇ ਆਉ-ਭਗਤ ਕੀਤੀ ਪਰ ਆਉਂਦੇ ਹੀ ਵੀਕਐਂਡ, ਇਕ ਬੇਸਮੈਂਟ ਕਿਰਾਏ ਤੇ ਲੈ ਦਿੱਤੀ। ਜਿੰਨੇ ਕੁ ਪੈਸੇ ਘਰੋਂ ਲਿਆਇਆ ਸੀ, ਉਸ ਨਾਲ ਰੋਟੀ ਟੁੱਕ ਦਾ ਸਮਾਨ ਖਰੀਦਿਆ ਤੇ ਲੱਗਾ ਹੱਥ ਸਾੜਨ। ਕੰਮ ਦੀ ਭਾਲ ਦਾ ਫਿਕਰ ਵੀ ਉਸ ਨੂੰ ਵੱਢ ਵੱਢ ਖਾਣ ਲੱਗਾ। ਇੰਡੀਆ ਦੀ ਬੀ. ਏ ਨੂੰ ਭਲਾ ਕਨੇਡਾ ਵਿੱਚ ਕੌਣ ਪੁੱਛਦਾ ਸੀ? ਏਥੇ ਤਾਂ ਲੇਬਰ ਦੀ ਕਦਰ ਸੀ ਤੇ ਉਸ ਲਾਡਲੇ ਪੁੱਤਰ ਨੇ ਤਾਂ ਕਦੇ ਪਾਣੀ ਦਾ ਗਲਾਸ ਵੀ ਆਪ ਭਰ ਕੇ ਨਹੀਂ ਸੀ ਪੀਤਾ। ਪਰ ਉਸ ਨੂੰ ਏਥੇ ਤਾਂ ਲੇਬਰ ਹੀ ਕਰਨੀ ਪੈਣੀ ਸੀ। ਇਕ ਵਾਰ ਤਾਂ ਉਸ ਦਾ ਦਿੱਲ ਕੀਤਾ ਕਿ ਵਾਪਿਸ ਮੁੜ ਜਾਵੇ- ਸਰਦਾਰੀ ਕਰਦਾ ਕਰਦਾ ਉਹ ਕਿੱਥੇ ਆ ਫਸਿਆ?
"ਨਹੀਂ- ਨਹੀਂ, ਵਾਪਿਸ ਜਾ ਕੇ ਬੜੀ ਨਮੋਸ਼ੀ ਹੋਏਗੀ" ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗਾ।
"ਏਥੇ ਮੈਥੋਂ ਕਿਤੇ ਵੱਧ ਪੜ੍ਹੇ ਲਿਖੇ ਮੁੰਡੇ ਕੁੜੀਆਂ ਵੀ ਤਾਂ ਲੇਬਰ ਹੀ ਕਰ ਰਹੇ ਹਨ- ਸੋ ਜਿਵੇਂ ਕਿਵੇਂ ਵੀ ਹੋਵੇ, ਸੈੱਟ ਤਾਂ ਹੁਣ ਏਥੇ ਹੀ ਹੋਣਾ ਹੈ। ਕਿਸੇ ਨੂੰ ਕੀ ਪਤਾ ਕਿ ਮੈਂ ਇਥੇ ਕੀ ਕਰਦਾਂ ਹਾਂ- ਸੋ ਮੈਂ ਵਾਪਿਸ ਜਾ ਕੇ ਦੋਸਤਾਂ ਰਿਸ਼ਤੇਦਾਰਾਂ ਵਿੱਚ ਮਜ਼ਾਕ ਦਾ ਪਾਤਰ ਨਹੀਂ ਬਨਣਾ ਚਾਹੁੰਦਾ" ਉਸ ਆਪਣੇ ਆਪ ਨਾਲ ਪਹਿਲਾ ਸਮਝੌਤਾ ਕੀਤਾ।
ਹੁਣ ਉਸ ਨੇ ਇਕ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਛੇ ਕੁ ਮਹੀਨੇ ਵਿੱਚ ਉਸ ਨੂੰ ਕਾਫੀ ਵਾਕਫੀਅਤ ਹੋ ਗਈ। ਉਸ ਦੇਖਿਆ ਕਿ ਕਈ ਡਾਕਟਰ ਇੰਜਨੀਅਰ ਮੁੰਡੇ ਟੈਕਸੀ ਚਲਾ ਕੇ, ਉਸ ਤੋਂ ਕਿਤੇ ਵੱਧ ਕਮਾ ਰਹੇ ਹਨ -ਕਿਉਂਕਿ ਉਸ ਨੂੰ ਤਾਂ ਤਨਖਾਹ ਦਾ ਚੈੱਕ ਟੈਕਸ ਕੱਟ ਕੇ ਮਿਲਦਾ ਸੀ ਪਰ ਟੈਕਸੀ ਵਾਲਿਆਂ ਦੀ ਅਮਦਨ ਕੈਸ਼ ਹੁੰਦੀ ਸੀ। ਨਾਲੇ ਡਰਾਈਵਿੰਗ ਦੀ ਉਸ ਨੂੰ ਇੰਡੀਆ ਕਾਫੀ ਮੁਹਾਰਤ ਹਾਸਲ ਸੀ। ਸੋ ਉਸ ਨੇ ਛੇਤੀ ਹੀ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਕੇ ਕੁਝ ਡਾਲਰ ਜੋੜ ਕੇ ਇਕ ਟੈਕਸੀ ਲੈ ਲਈ।ਹੁਣ ਉਸ ਦਾ ਹੱਥ ਕਾਫੀ ਖੁੱਲ੍ਹਾ ਹੋ ਗਿਆ ਅਤੇ ਉਸ ਨੇ ਕਿਰਾਏ ਦੀ ਬੇਸਮੈਂਟ ਛੱਡ ਕੇ ਇਕ ਛੋਟਾ ਜਿਹਾ ਘਰ ਵੀ ਲੈ ਲਿਆ। ਇਸ ਸਾਰੀ ਜੱਦੋ ਜਹਿਦ ਵਿੱਚ ਉਸ ਨੂੰ ਪੰਜ ਸਾਲ ਦਾ ਸਮਾਂ ਲੱਗ ਗਿਆ ਤੇ ਉਹ ਹੁਣ ਪੰਝੀਆ ਤੋਂ ਤੀਹਾਂ ਨੂੰ ਢੁੱਕ ਗਿਆ।
ਕੁਲਬੀਰ ਨੂੰ ਹੁਣ ਕਨੇਡਾ ਦਾ ਪੀ. ਆਰ. ਕਾਰਡ ਵੀ ਮਿਲ ਚੁੱਕਾ ਸੀ। ਉਸ ਦੇ ਘਰਦੇ ਵਿਆਹ ਲਈ ਕਾਹਲੇ ਸਨ। ਕਨੇਡਾ ਰਹਿੰਦੇ ਰਿਸ਼ਤੇਦਾਰਾਂ ਨੇ ਵੀ ਰਿਸ਼ਤਿਆਂ ਲਈ ਜ਼ੋਰ ਪਾਇਆ। ਭਾਵੇਂ ਉਸ ਨੂੰ ਕਨੇਡਾ ਰਹਿੰਦੀਆਂ ਇਕ ਦੋ ਲੜਕੀਆਂ ਚੰਗੀਆਂ ਤੇ ਸਮਝਦਾਰ ਲਗਦੀਆਂ ਸਨ ਪਰ ਉਸ ਦੇ ਮਨ ਵਿੱਚ ਇਹ ਬੈਠਾ ਹੋਇਆ ਸੀ ਕਿ ਇੰਡੀਆ ਦੀਆਂ ਕੁੜੀਆਂ ਵੱਧ ਵਫਾਦਾਰ ਸਿੱਧ ਹੁੰਦੀਆਂ ਹਨ। ਦੂਸਰਾ- ਉਹਨਾਂ ਤੇ ਸਾਰੀ ਉਮਰ ਮਰਦਾਂ ਵਾਲੀ ਧੌਂਸ ਵੀ ਜਮਾਈ ਜਾ ਸਕਦੀ ਹੈ। ਸੋ ਉਸ ਹੁਣ ਇੰਡੀਆ ਜਾ ਕੇ ਹੀ ਵਿਆਹ ਕਰਵਾਉਣ ਦਾ, ਮਨ ਨਾਲ ਸਮਝੌਤਾ ਕਰ ਲਿਆ।
ਇੰਡੀਆ ਜਾ ਕੇ ਕੁੜੀਆਂ ਦੇਖਣ ਦਾ ਸਿਲਸਿਲਾ ਸ਼ੁਰੂ ਹੋਇਆ। ਕੁੜੀਆਂ ਵਾਲੇ ਮਗਰ ਮਗਰ ਫਿਰਨ ਲੱਗੇ ਕਿਉਂਕਿ ਇੰਡੀਆ ਵਿੱਚ ਤਾਂ ਕਨੇਡਾ ਤੋਂ ਆਏ ਮੁੰਡੇ ਦੀ ਉਮਰ, ਪੜ੍ਹਾਈ ਜਾਂ ਕੰਮ ਨੂੰ ਕੌਣ ਪੁੱਛਦਾ- ਬੱਸ ਕਨੇਡਾ ਰੀਟਰਨਡ ਦੀ ਡਿਗਰੀ ਹੀ ਕਾਫੀ ਹੁੰਦੀ ਹੈ। ਸੋ ਮਸੀਂ ਕਿਤੇ ਜਾ ਕੇ ਉਸ ਨੇ, ਐਮ. ਏ. ਪਾਸ, 22 ਕੁ ਸਾਲ ਦੀ, ਪਰੀਆਂ ਵਰਗੀ, ਜਸਜੀਤ ਨੂੰ ਪਸੰਦ ਕੀਤਾ। ਧੂਮ- ਧਾਮ ਨਾਲ ਵਿਆਹ ਹੋਇਆ ਅਤੇ ਕੁਝ ਮਹੀਨਿਆਂ ਵਿੱਚ ਹੀ ਦੋਵੇਂ ਕਨੇਡਾ ਆ ਗਏ।
ਹੁਣ ਉਸ ਨੇ ਰਿਸ਼ਤੇਦਾਰਾਂ ਤੇ ਰੋਹਬ ਜਮਾਉਣ ਲਈ ਪਹਿਲਾਂ ਤੋਂ ਵੱਡਾ ਘਰ ਤੇ ਵੱਡੀ ਗੱਡੀ ਲੈ ਲਈ।ਹੁਣ ਘਰ ਤੇ ਗੱਡੀ ਦੀਆਂ ਕਿਸ਼ਤਾਂ ਵੀ ਡਬਲ ਹੋ ਗਈਆਂ। ਦੋਵੇਂ ਦਿਨ ਰਾਤ ਇਕ ਕਰਕੇ ਕਮਾਈ ਕਰਨ ਲੱਗੇ। ਸਮਾਂ ਪਾ ਕੇ ਉਹਨਾਂ ਦੇ ਘਰ ਦੋ ਲੜਕੇ ਤੇ ਇਕ ਲੜਕੀ ਪੈਦਾ ਹੋਏ। ਜਸਜੀਤ ਤਿੰਨਾਂ ਬੱਚਿਆਂ ਨੂੰ ਕਰੱੈਚ ਵਿੱਚ ਛੱਡ ਕੇ ਕੰਮ ਤੇ ਜਾਂਦੀ। ਕੁਲਬੀਰ ਨੇ ਟਰੱਕ ਲੈ ਲਿਆ ਤੇ ਕਈ ਕਈ ਰਾਤਾਂ ਬਾਅਦ ਘਰ ਆਉਂਦਾ। ਤਾਂ ਵੀ ਬੱਚਿਆਂ ਦੇ ਖਰਚੇ ਤੇ ਕਿਸ਼ਤਾਂ ਮਸੀਂ ਹੀ ਪੂਰੇ ਹੁੰਦੇ। ਮੀਆਂ ਬੀਵੀ ਬਹੁਤ ਵਾਰੀ ਹਫਤੇ ਬਾਅਦ ਹੀ ਮਿਲਦੇ ਅਤੇ ਬੱਚੇ ਵਿਚਾਰੇ ਵੀ ਵੀਕ ਐਂਡ ਤੇ ਹੀ ਮਾਂ-ਬਾਪ ਦੀ ਸ਼ਕਲ ਦੇਖਦੇ।
ਜਸਜੀਤ ਕਈ ਵਾਰੀ ਇਸ ਮਸ਼ੀਨੀ ਜਿੰਦਗੀ ਤੋਂ ਅੱਕ ਕੇ ਬਹੁਤ ਉਦਾਸ ਹੋ ਜਾਂਦੀ, ਪਰ ਇਸ ਮੁਲਕ ਵਿੱਚ ਉਸ ਦਾ ਹਾਲ ਪੁੱਛਣ ਵਾਲਾ ਕੋਈ ਵੀ ਉਸ ਦਾ ਆਪਣਾ ਨਹੀਂ ਸੀ- ਨਾ ਕੋਈ ਸਹੇਲੀ ਨਾ ਭੈਣ ਨਾ ਭਰਾ, ਜਿਸ ਨਾਲ ਦਿੱਲ ਦੀ ਗੱਲ ਕਰ ਸਕੇ- ਕਦੇ ਹਾਸਾ ਮਜ਼ਾਕ ਕਰ ਸਕੇ। ਕਦੇ ਮਾਪਿਆਂ ਨੂੰ ਫੋਨ ਕਰਦੀ, ਤਾਂ ਵੀ ਆਪਣੇ ਹੰਝੂ ਲੁਕਾ ਕੇ ਰੱਖਦੀ ਮਤੇ ਉਸ ਦੇ ਕੋਸੇ ਹੰਝੂਆਂ ਦਾ ਸੇਕ ਕਿਤੇ ਮਾਪਿਆਂ ਦਾ ਬੁਢਾਪਾ ਨਾ ਰੋਲ਼ ਦੇਵੇ। ਉਹ ਸਗੋਂ ਉਸ ਅੱਗੇ, ਆਪਣੇ ਰੋਣੇ ਰੋਣ ਬਹਿ ਜਾਂਦੇ, "ਅਸੀਂ ਤੈਂਨੂੰ ਕਨੇਡਾ ਇਸ ਲਈ ਵਿਆਹਿਆ ਸੀ ਕਿ ਤੂੰ ਛੋਟੀ ਨੂੰ ਵੀ ਲੈ ਜਾਏਂਗੀ, ਉਹ ਬੀ. ਏ. ਕਰ ਬੈਠੀ ਹੈ- ਭਰਾ ਤੇਰਾ ਅੱਡ ਹੋ ਗਿਆ ਹੈ- ਤੂੰ ਅਜੇ ਤੱਕ ਉਸ ਬਾਰੇ ਕੁੱਝ ਸੋਚਿਆ ਹੀ ਨਹੀਂ?" ਮਾਂ-ਬਾਪ ਜਵਾਨ ਹੋਈ ਲੜਕੀ, ਘਰ ਦੀਆਂ ਮਜਬੂਰੀਆਂ ਅਤੇ ਆਪਣੇ ਬੁਢਾਪੇ ਦਾ ਵਾਸਤਾ ਪਾਉਂਦੇ ਤਾਂ ਉਹ ਹੋਰ ਵੀ ਉਦਾਸ ਹੋ ਜਾਂਦੀ। ਉਸ ਨੂੰ ਸਮਝ ਨਾ ਅਉਂਦੀ ਕਿ ਆਪਣੇ ਭੋਲੇ ਭਾਲੇ ਮਾਪਿਆਂ ਨੂੰ ਕਿੰਝ ਸਮਝਾਵੇ ਕਿ ਇਹ ਕੰਮ ਇੰਨਾ ਸੌਖਾ ਨਹੀਂ। ਕਨੇਡਾ ਦੇ ਮੁੰਡਿਆਂ ਤੇ ਉਹਨਾਂ ਦੇ ਮਾਪਿਆਂ ਦੇ ਤਾਂ ਨਖਰੇ ਹੀ ਨਹੀਂ ਮਾਨ, ਤੇ ਬਹੁਤਿਆਂ ਨੇ ਤਾਂ ਪਹਿਲਾਂ ਹੀ ਵੱਟੇ ਸੱਟੇ ਸੋਚੇ ਹੋਏ ਹੁੰਦੇ ਹਨ। ਸੋ ਉਹ ਫੋਨ ਕਰਕੇ ਹੋਰ ਵੀ ਪਰੇਸ਼ਾਨ ਹੋ ਜਾਂਦੀ।
ਉਧਰ ਕੁਲਬੀਰ ਨੂੰ ਵੀ ਜਦੋਂ ਪਿੰਡ ਦੀ ਯਾਦ ਸਤਾਉਂਦੀ ਤਾਂ ਘਰ ਫੋਨ ਕਰਦਾ ਅਗੋਂ ਉਸ ਦੇ ਮਾਪੇ ਵੀ ਆਖਦੇ, "ਛੋਟਾ ਪੜ੍ਹਨੋਂ ਹਟ ਗਿਆ ਹੈ- ਦੋਸਤਾਂ ਨਾਲ ਘੁੰਮਦਾ ਰਹਿੰਦਾ ਹੈ- ਨਸ਼ੇ ਵੀ ਕਰਦਾ ਹੈ- ਅਸੀਂ ਬਹੁਤ ਪਰੇਸ਼ਾਨ ਹਾਂ। ਕਿਸੇ ਤਰੀਕੇ ਇਸ ਨੂੰ ਬਾਹਰ ਲੈ ਜਾ, ਕੋਈ ਕਨੇਡਾ ਦੀ ਕੁੜੀ ਲੱਭ ਦੇਹ- ਇਸ ਦੀ ਸੰਗਤ ਛੁੱਟ ਜਾਵੇ। ਤੂੰ ਤਾਂ ਜ਼ੋਰ ਨਾਲ ਚਲਾ ਗਿਆ ਸੀ ਪਰ ਇਸ ਨੂੰ ਤਾਂ ਅਸੀਂ ਆਪ ਇਥੋਂ ਕੱਢਣਾ ਚਾਹੁੰਦੇ ਹਾਂ। ਤੇਰੇ ਤੇ ਹੀ ਆਸ ਹੈ ਪੁੱਤਰਾ।" ਇਹ ਸੁਣ ਕੇ ਕੁਲਬੀਰ ਸੋਚੀਂ ਪੈ ਜਾਂਦਾ। ਉਹ ਤਾਂ ਜਾਣਦਾ ਸੀ ਕਿ ਕਨੇਡਾ ਰਹਿੰਦੀਆਂ ਕੁੜੀਆਂ ਕਿੰਨੀਆਂ ਤੇਜ਼- ਤਰਾਰ ਹਨ- ਤੇ ਉਹ ਤਾਂ ਚਾਰ ਦਿਨ ਵੀ ਨਹੀਂ ਕੱਟਣਗੀਆਂ ਉਸ ਦੇ ਭਰਾ ਨਾਲ। ਪਰ ਉਹ ਮਾਪਿਆਂ ਨੂੰ ਕਿੰਜ ਸਮਝਾਵੇ?
ਦੋਹਾਂ ਨੇ ਆਪੋ ਆਪਣੀ ਪਰੇਸ਼ਾਨੀ ਇਕ ਦੂਜੇ ਨਾਲ ਸਾਂਝੀ ਕੀਤੀ। ਮਨ ਦੇ ਘੋੜੇ ਕਈ ਪਾਸੇ ਦੁੜਾਏ। ਕਈ ਥਾਈਂ ਗੱਲ ਤੋਰੀ ਵੀ ਪਰ ਕਿਤੇ ਸਿਰੇ ਨਾ ਚੜ੍ਹ ਸਕੀ। ਉਧਰ ਦੋਹਾਂ ਦੇ ਮਾਪੇ ਤੋੜ ਤੋੜ ਖਾ ਰਹੇ ਸਨ।ਅਖੀਰ ਉਹਨਾਂ ਆਪਸ ਵਿੱਚ ਇਕ ਸਮਝੌਤਾ ਕੀਤਾ। ਸਮਝੌਤਾ ਇਹ ਸੀ ਕਿ ਦੋਵੇਂ ਆਪਸ ਵਿੱਚ ਤਲਾਕ ਲੈ ਲੈਣ (ਕਾਗਜ਼ਾਂ ਵਿੱਚ), ਤੇ ਕੁਲਬੀਰ ਆਪਣੀ ਸਾਲੀ ਨੂੰ ਵਿਆਹ ਲਈ ਸੱਦ ਲਵੇ, ਤੇ ਉਹ ਜਦ ਪੱਕੀ ਹੋ ਜਾਵੇ ਤਾਂ ਕੁਲਬੀਰ ਨੂੰ ਤਲਾਕ ਦੇ ਕੇ ਉਸ ਦੇ ਭਰਾ ਨੂੰ ਵਿਆਹ ਲਈ ਸੱਦ ਲਵੇ। ਭਾਵੇਂ ਇਸ ਲਈ ਉਹਨਾਂ ਨੂੰ ਆਪਣੀ ਜ਼ਮੀਰ ਨੂੰ ਤਾਂ ਮਾਰਨਾ ਪੈਣਾ ਸੀ ਪਰ ਉਹਨਾਂ ਆਪੋ ਆਪਣੇ ਮਨ ਨਾਲ ਸਮਝੌਤਾ ਕੀਤਾ ਕਿ ਇਹ ਸਭ ਕੁੱਝ ਕਾਗਜ਼ਾਂ ਵਿੱਚ ਹੀ ਹੋਣਾ ਹੈ- ਵੈਸੇ ਤਾਂ ਉਹ ਮੀਆਂ ਬੀਵੀ ਹੀ ਰਹਿਣਗੇ। ਇਸ ਸਮਝੌਤੇ ਨੂੰ ਅੰਜਾਮ ਦੇਣ ਲਈ ਇਕ ਭਾਰਤੀ ਮੂਲ ਦੇ ਮਾਹਿਰ ਵਕੀਲ ਦੀ ਸਲਾਹ ਲਈ ਗਈ।
ਹੁਣ ਸਮਝੌਤੇ ਦੀ ਪਹਿਲੀ ਸ਼ਰਤ ਤੇ ਅਮਲ ਕਰਦਿਆਂ ਹੋਇਆਂ, ਕੁਲਬੀਰ ਨੇ ਬੀਵੀ ਨੂੰ ਤਲਾਕ ਦੇ ਕੇ, ਸਾਲੀ ਨੂੰ ਵਿਆਹ ਲਈ ਸੱਦ ਲਿਆ ਤੇ ਝੂਠ ਨੂੰ ਸੱਚ ਸਾਬਤ ਕਰਨ ਲਈ ਬੀਵੀ ਤੇ ਬੱਚਿਆਂ ਨੂੰ ਹੋਰ ਘਰ ਲੈ ਕੇ ਦਿੱਤਾ ਗਿਆ। ਹੁਣ ਉਸ ਲੜਕੀ ਨੇ ਸਮਾਂ ਪਾ ਕੇ ਸਮਝੌਤੇ ਮੁਤਾਬਕ ਕੁਲਬੀਰ ਨੂੰ ਤਲਾਕ ਤਾਂ ਦੇ ਦਿੱਤਾ, ਪਰ ਵਿਆਹ ਲਈ- ਆਪਣੀ ਮਨ ਪਸੰਦ ਦਾ ਇਕ ਪੜ੍ਹਿਆ ਲਿਖਿਆ ਮੁੰਡਾ ਇੰਡੀਆ ਤੋਂ ਮੰਗਵਾ ਲਿਆ। ਕੁਲਬੀਰ ਬੁਰੀ ਤਰ੍ਹਾਂ ਛਟਪਟਾਇਆ। ਉਸ ਨੇ ਤਾਂ ਆਪਣੇ ਭਰਾ ਨੂੰ ਮੰਗਵਾਉਣ ਲਈ, ਆਪਣੀ ਫੈਮਿਲੀ ਲਾਈਫ ਦੀ ਕੁਰਬਾਨੀ ਦੇ ਕੇ, ਇਹ ਸਮਝੌਤਾ ਕੀਤਾ ਸੀ।
ਉਹ ਬੌਂਦਲਿਆ ਹੋਇਆ ਬੀਵੀ ਦੇ ਗਲ ਪੈ ਗਿਆ, "ਮੈਂ ਤਾਂ ਤੇਰੀ ਭੈਣ ਮੰਗਵਾ ਲਈ ਪਰ ਮੇਰੇ ਭਰਾ ਨੂੰ ਹੁਣ ਕੌਣ ਮੰਗਵਾਏਗਾ?"
"ਉਸ ਦੀ ਮਰਜ਼ੀ, ਮੈਂ ਕੀ ਕਰ ਸਕਦੀ ਹਾਂ?" ਉਹ ਕੇਵਲ ਇੰਨਾ ਹੀ ਕਹਿ ਸਕੀ, ਭਾਵੇਂ ਉਹ ਦਿਲੋਂ ਖੁਸ਼ ਸੀ ਕਿ ਉਸ ਦੀ ਭੈਣ ਨਸ਼ਈ ਦੇ ਲੜ ਲੱਗਣੋਂ ਬਚ ਗਈ। ਉਹ ਸੋਚ ਰਹੀ ਸੀ ਕਿ- ਕਦੋਂ ਸਾਡਾ ਸਮਾਜ ਔਰਤ ਨੂੰ ਆਪਣਾ ਵਰ ਖੁਦ ਚੁਨਣ ਦੀ ਇਜਾਜ਼ਤ ਦੇਵੇਗਾ?
ਕੁਲਬੀਰ ਹੋਰ ਵੀ ਘਰੋਂ ਬਾਹਰ ਰਹਿਣ ਲੱਗ ਪਿਆ। ਜੇ ਆਉਂਦਾ ਵੀ ਤਾਂ ਤਾਹਨੇ ਮਿਹਣੇ ਸ਼ੁਰੂ ਹੋ ਜਾਂਦੇ। ਬੱਚੇ ਵੀ ਇਸ ਤਨਾਅ ਪੂਰਨ ਮਹੌਲ ਵਿੱਚ ਹੁਣ ਜਵਾਨ ਹੋ ਚੁੱਕੇ ਸਨ ਤੇ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ। ਵੈਸੇ ਉਹਨਾਂ ਨੂੰ ਸ਼ੁਰੂ ਤੋਂ ਹੀ ਮਾਂ ਬਾਪ ਦਾ ਪਿਆਰ ਤਾਂ ਮਿਲਿਆ ਹੀ ਨਹੀਂ ਸੀ- ਬੱਸ ਖਰਚਾ ਜ਼ਰੂਰ ਮਿਲਦਾ ਰਿਹਾ ਸੀ। ਸੋ ਵੱਡੇ ਮੁੰਡੇ ਨੇ ਇਕ ਗੋਰੀ ਲੱਭ ਲਈ ਤੇ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਹੀ ਵਿਆਹ ਵੀ ਕਰ ਲਿਆ। ਛੋਟਾ ਵੀ ਇਕ ਦੋਸਤ ਲੜਕੀ ਨਾਲ ਵਿਆਹ ਤੋਂ ਬਿਨਾਂ ਹੀ ਰਹਿਣ ਲੱਗ ਪਿਆ। ਕੁੜੀ ਵੀ ਲਵ- ਮੈਰਿਜ ਕਰਵਾ ਕੇ ਆਪਣੇ ਘਰ ਚਲੀ ਗਈ। ਜਸਜੀਤ ਵੀ ਰੋਜ਼ ਦੀ ਲੜਾਈ ਤੋਂ ਤੰਗ ਆ ਕੇ ਆਪਣੀ ਧੀ ਕੋਲ ਹੀ ਰਹਿਣ ਲੱਗ ਪਈ। ਵੈਸੇ ਵੀ ਉਹ ਕਾਗਜ਼ਾਂ ਵਿੱਚ ਤਾਂ ਕੁਲਬੀਰ ਨੂੰ ਤਲਾਕ ਦੇ ਹੀ ਚੁੱਕੀ ਸੀ- ਉਸ ਨੂੰ ਲੋੜ ਵੀ ਕੀ ਸੀ ਹੁਣ ਉਸ ਦਾ ਰੋਹਬ ਸਹਿਣ ਦੀ?
ਕੁਲਬੀਰ ਹੁਣ ਬਿਲਕੁੱਲ ਇਕੱਲਾ ਰਹਿ ਗਿਆ। ਭਾਵੇਂ ਉਹ ਸੱਠਵਿਆਂ ਵਿੱਚ ਪਹੁੰਚ ਚੁੱਕਾ ਸੀ- "ਪਰ ਸ਼ੇਵ ਕਰਕੇ ਤੇ ਵਾਲ ਡਾਈ ਕਰਕੇ ਕਿਹੜਾ ਇੱਧਰ ਉਮਰ ਦਾ ਪਤਾ ਲਗਦਾ ਹੈ?" ਉਹ ਸ਼ੀਸ਼ੇ ਅੱਗੇ ਖੜ੍ਹ ਕੇ ਸੋਚਣ ਲੱਗਾ। ਝੱਟ ਹੀ ਉਸ ਨੇ ਆਪਣੇ ਮਨ ਨਾਲ ਇਕ ਹੋਰ ਸਮਝੌਤਾ ਕੀਤਾ, "ਕਿਉਂ ਨਾ ਇੰਡੀਆ ਜਾ ਕੇ ਕਿਸੇ ਲੋੜਵੰਦ ਜੀਵਨ ਸਾਥਣ ਦੀ ਭਾਲ ਕੀਤੀ ਜਾਵੇ?"

905-454-1657, 604-496-4967

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346