ਕੁਝ ਸਾਲ ਪਹਿਲਾਂ ਮੈਂ
ਇਕ ਪਾਸੜ ਲੇਖ, ‘ਇਉਂ ਹੋਇਆ ਸਵਾਗਤ ਮੇਰੀਆਂ ਲਿਖਤਾਂ ਦਾ‘ ਲਿਖਿਆ ਸੀ। ਇਹ ਲੇਖ ਕੁਝ
ਪਰਚਿਆਂ ਵਿਚ ਛਪਣ ਤੋਂ ਇਲਾਵਾ ਮੇਰੀ ਪੰਜਵੀਂ ਕਿਤਾਬ, ‘ਜੋ ਵੇਖਿਆ ਸੋ ਆਖਿਆ‘ ਦੀਆਂ
ਦੋਹਾਂ ਐਡੀਸ਼ਨਾਂ ਵਿਚ ਵੀ ਛਪ ਚੁਕਿਆ ਹੈ। ਉਹ ਲੇਖ ਲਿਖਣ ਸਮੇ ਮੈਂ ਪਾਠਕਾਂ ਨਾਲ਼ ਬਚਨ
ਕੀਤਾ ਸੀ ਕਿ ਸਮਾ ਮਿਲਣ ਤੇ ਮੈਂ ਦੂਜੇ ਪੱਖ ਨੂੰ ਦਰਸਾਉਂਦਾ ਲੇਖ ਵੀ ਕਦੀ ਲਿਖਾਂਗਾ। ਸੋ
ਉਹ ਲੇਖ ਵੀ ਹੁਣ ਪਾਠਕਾਂ ਦੀ ਮੇਹਰਬਾਨ ਨਜ਼ਰ ਦੇ ਹਵਾਲੇ ਹੈ ਜੀ।
ਸਕੂਲੋਂ, "ਘੱਘਾ ਰਾਰਾ ਘਰ" ਵਾਲ਼ੇ ਸਬਕ ਤੋਂ ਪਿਛੋਂ ਹਟ ਜਾਣ ਤੇ, ਵਿਧੀਵਤ ਵਿੱਦਿਆ ਤੋਂ
ਤਾਂ ਮੈਂ ਵਾਂਝਾ ਹੀ ਰਹਿ ਗਿਆ ਪਰ ਭਾਈਆ ਜੀ ਦੀ ਹਿੰਮਤ, ਧੀਰਜ, ਸਹਿਣਸ਼ੀਲਤਾ, ਉਦਮ ਅਤੇ
ਸੁਹਿਰਦ ਅਗਵਾਈ ਸਦਕਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸਿੱਖ ਲਿਆ ਜਾਂ
ਉਹਨਾਂ ਨੇ ਬਦੋ ਬਦੀ ਸਿਖਾ ਦਿਤਾ। ਕਿਸੇ ਵੀ ਕਿਸਮ ਦੀ ਕੋਈ ਕਿਤਾਬ ਪਰਚਾ ਮਿਲ ਜਾਵੇ ਤਾਂ
ਉਸ ਨੂੰ ਪੜ੍ਹਨ ਦੇ ਸ਼ੌਕ ਸਦਕਾ ਪੜ੍ਹ ਲੈਣਾ। ਇਕ ਜਨਵਰੀ 1958 ਨੂੰ, ਸ਼ਹੀਦ ਸਿੱਖ ਮਿਸ਼ਨਰੀ
ਕਾਲਜ ਦੀ ਸੰਗੀਤ ਕਲਾਸ ਵਿਚ ਦਾਖ਼ਲ ਹੋਣ ਕਰਕੇ ,ਓਥੇ ਆਉਂਦੀ ਅਖ਼ਬਾਰ ਪੜ੍ਹਨ ਲੱਗ ਪਿਆ ਤੇ
ਇਸ ਤਰ੍ਹਾਂ ਮੈਨੂੰ ਅਖ਼ਬਾਰਾਂ ਪੜ੍ਹਨ ਦਾ ਵੀ ਭੁੱਸ ਪੈ ਗਿਆ ਜੋ ਕਿ ਹੁਣ ਇਕ ਲਾਇਲਾਜ
ਬੀਮਾਰੀ ਬਣ ਚੁੱਕਿਆ ਹੈ। ਦਸੰਬਰ 1960 ਦੇ ਅਖੀਰ ਵਿਚ ਕੋਰਸ ਪੂਰਾ ਹੋਣ ਤੋਂ ਕੁਝ ਦਿਨ
ਪਹਿਲਾਂ ਹੀ, ਆਪਣਾ ਰਾਗੀ ਜਥਾ ਬਣਾ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ,
ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਅੰਮ੍ਰਿਤਸਰ ਵਿਖੇ, ਕੀਰਤਨ ਦੀ ਸੇਵਾ ਤੇ ਮੈਂ ਲੱਗ ਗਿਆ।
ਇਸ ਕਾਰਜ ਵਿਚ ਵੀ ਭਾਈਆ ਜੀ ਦਾ ਰਸੂਖ਼ ਹੀ ਕੰਮ ਆਇਆ। ਓਥੋਂ ਮੇਰੀ ਸੇਵਾ ਧਰਮ ਪ੍ਰਚਾਰ
ਕਮੇਟੀ ਵਿਚ ਰਾਗੀ ਦੇ ਰੂਪ ਵਿਚ ਲੱਗ ਗਈ ਪਰ ਧਰਮ ਪ੍ਰਚਾਰ ਕਮੇਟੀ ਦੀ ਸੇਵਾ ਦੌਰਾਨ ਕੀਰਤਨ
ਨਾਲ਼ੋਂ, ਮੇਰੇ ਪਾਸੋਂ ਕਲੱਰਕੀ ਦਾ ਕਾਰਜ ਵਧ ਲਿਆ ਜਾਣ ਲੱਗ ਪਿਆ। ਇਸ ਤੋਂ ਅੱਕ ਕੇ ਮੈਂ
ਆਪਣੀ ਬਦਲੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਕਰਵਾ ਲਈ। ਇਸ ਸਭ ਕੁਝ ਦੌਰਾਨ ਮੇਰੀ
ਅਖ਼ਬਾਰਾਂ ਪੜ੍ਹਨ ਦੀ ਆਦਤ ਜਾਰੀ ਰਹੀ।
ਆਰੰਭ ਹੋਣਾ ਮੇਰੇ ਦੁਆਰਾ ਝਰੀਟੇ ਜਾਣਾ ਅੱਖਰਾਂ ਦਾ
1964 ਵਿਚ ਜਦੋਂ ਮੈਂ ਹੋਰ ਅਖ਼ਬਾਰਾਂ ਦੇ ਨਾਲ਼ ਨਾਲ਼ ‘ਜਥੇਦਾਰ‘ ਨੂੰ ਜਰੂਰ ਪੜ੍ਹਦਾ ਹੁੰਦਾ
ਸੀ। ਉਸ ਦੇ ਅਖੀਰ ਦੇ ਪੰਨੇ ਉਪਰ ਪਾਠਕਾਂ ਵਲੋਂ ਆਪ ਬੀਤੀਆਂ ਛਾਪੀਆਂ ਜਾਂਦੀਆਂ ਸਨ।
ਉਹਨਾਂ ਲਿਖਤਾਂ ਤੋਂ ਪ੍ਰਭਾਵਤ ਹੋ ਕੇ ਮੈਂ ਵੀ ਇਕ ਆਪ ਬੀਤੀ ਲਿਖ ਭੇਜੀ। ਉਸ ਸਮੇ ਮੈਨੂੰ
ਸ਼ਬਦ ਜੋੜ, ਪੈਰਾ ਗਰਾਫ਼, ਵਿਆਕਰਣ ਆਦਿ ਕਿਸੇ ਗੱਲ ਦਾ ਵੀ ਪਤਾ ਨਹੀਂ ਸੀ ਹੁੰਦਾ। ਜਦੋਂ
ਮੈਂ ਸੰਪਾਦਕ ਵੱਲੋਂ ਹਰ ਪ੍ਰਕਾਰ ਸੋਧ ਕੇ ਛਾਪੀ ਹੋਈ ਇਹ ਲਿਖਤ ‘ਜਥੇਦਾਰ‘ ਵਿਚ ਪੜ੍ਹੀ
ਤਾਂ ਗ਼ਦ ਗ਼ਦ ਹੋ ਗਿਆ। ਹੋਰ ਕਿਸੇ ਨੂੰ ਚੰਗੀ ਲੱਗੀ ਹੋਵੇ ਜਾਂ ਨਾ; ਇਸ ਗੱਲ ਦਾ ਕੋਈ ਪਤਾ
ਨਾ ਲੱਗਿਆ।
ਭਾਈਆ ਜੀ ਦੀ ਭਰਪੂਰ ਪ੍ਰੇਰਨਾ ਦਾ ਸਦਕਾ ਗਿਆਨੀ ਦੀ ਪੜ੍ਹਾਈ ਕਰਨ ਵਾਸਤੇ, ਜੀਂਦ ਤੋਂ
ਪਟਿਆਲੇ ਦੀ ਬਦਲੀ ਭਾਈਆ ਜੀ ਨੇ ਕਰਵਾ ਦਿਤੀ। ਇਸ ਪਿੱਛੇ ਵੀ ਛੋਟਾ ਜਿਹਾ ਇਤਿਹਾਸ ਹੈ ਕਿ
ਹਰੇਕ ਸਮੇ ਕੀਰਤਨ ਵੱਲ ਹੀ ਪ੍ਰੇਰਨ ਸਦਕਾ, ਹਰ ਪ੍ਰਕਾਰ ਦੀ ਪੜ੍ਹਾਈ ਵੱਲੋਂ ਨਿਰਉਤਸ਼ਾਹਤ
ਕਰਨ ਵਾਲ਼ੇ ਭਾਈਆ ਜੀ ਨੇ ਮੈਨੂੰ ਇਸ ਪਾਸੇ ਕਿਉਂ ਪ੍ਰੇਰਿਆ; ਉਹ ਕਦੀ ਫੇਰ ਸਹੀ।
ਫਿਰ ਪਟਿਆਲੇ ਆ ਕੇ ਵਿਦਵਾਨ ਕਲਾਸ ਦੀ ਪੜ੍ਹਾਈ ਦੌਰਾਨ ਅਧਿਆਪਕਾਂ ਵੱਲੋਂ ਮੇਰੀ ਲਿਖਤ ਦੀ
ਪ੍ਰਸੰਸਾ ਹੋਣੀ ਤਾਂ ਇਹ ਗੱਲ ਮੰਨਣ ਜਿਹੇ ਵਿਚ ਨਾ ਆਉਣੀ ਕਿ ਮੇਰੀ ਲਿਖਤ ਵੀ ਵਰਨਣ ਯੋਗ
ਹੋ ਸਕਦੀ ਹੈ। 1965 ਵਿਚ ਫਿਰ ਗਿਆਨੀ ਦੀ ਪੜ੍ਹਾਈ ਦੌਰਾਨ ਤਾਂ ਇਉਂ ਵੀ ਹੋਇਆ ਕਿ ਕੱਚੇ
ਇਮਤਿਹਾਨ ਸਮੇ ਮੇਰੇ, ਪੰਜਾਬੀ ਲੋਕ ਗੀਤਾਂ ਉਪਰ ਲਿਖੇ ਗਏ ਲੇਖ ਵਾਲ਼ੀ ਕਾਪੀ ਹੀ ਅਧਿਆਪਕ
ਨੇ ਰੱਖ ਲਈ ਜੋ ਕਿ ਉਹ ਹਰੇਕ ਆਉਣ ਵਾਲ਼ੀ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹ ਕੇ ਸੁਣਾਇਆ
ਕਰਦਾ ਸੀ।
ਇਹਨੀਂ ਦਿਨੀਂ ਹੀ 1966 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਿੰਨ ਸੌ ਸਾਲਾ ਪ੍ਰਕਾਸ਼
ਦਿਵਸ ਆਇਆ ਜੋ ਸਾਰੇ ਭਾਰਤ ਵਿਚ ਉਚੇਚੇ ਉਤਸ਼ਾਹ ਨਾਲ਼ ਮਨਾਇਆ ਗਿਆ। ਮਹਾਂਰਾਜਾ ਪਟਿਆਲਾ
ਯਾਦਵਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਗੁਰੂ ਗੋਬਿੰਦ ਸਿੰਘ ਫ਼ਾਊਂਡੇਸ਼ਨ ਵੀ ਸਿਰਜੀ ਗਈ।
ਇਸ ਦੀ ਸਿਰਜਣਾ ਦਾ ਸਮਾਗਮ ਪਬਲਿਕ ਲਾਇਬ੍ਰੇਰੀ ਵਿਚ ਕੀਤਾ ਗਿਆ। ਅਜਿਹੇ ਉਤਸ਼ਾਹੀ ਮਾਹੌਲ
ਵਿਚ ਮੈਂ ਵੀ ਇਕ ਲੇਖ ਲਿਖ ਲਿਆ ਜੋ ਕਿ ਉਸ ਸਮੇ ਅਤੇ ਪਿੱਛੋਂ ਵੀ, ਇਕ ਤੋਂ ਵਧ ਪਰਚਿਆਂ
ਵਿਚ ਛੱਪ ਗਿਆ। ਹੁਣ ਇਹ ਮੇਰੀ ਪਹਿਲੀ ਕਿਤਾਬ ‘ਸਚੇ ਦਾ ਸਚਾ ਢੋਆ‘ ਵਿਚ ਵੀ ਅੰਕਤ ਹੈ।
ਫਿਰ ਸਮੇ ਸਮੇ ਖਾਸ ਸਮਾਗਮਾਂ ਸਮੇ ਮੇਰੇ ਲੇਖ, ਅਜੀਤ, ਕੌਮੀ ਦਰਦ, ਅਕਾਲੀ ਪੱਤ੍ਰਕਾ
ਰੋਜ਼ਾਨਾ ਅਤੇ ਮਾਸਕ ਪੱਤਰਾਂ ਵਿਚ ਛਪਦੇ ਰਹੇ। ਜਦੋਂ ਗਿੱਲ ਨੇ ਅਕਾਲੀ ਦਲ ਤੋਂ ਬਾਗ਼ੀ ਹੋ
ਕੇ, ਕਾਂਗਰਸ ਦੀ ਸਹਾਇਤਾ ਨਾਲ਼, ਆਪਣੀ ਸਰਕਾਰ ਬਣਾ ਲਈ ਤਾਂ ਪੰਥਕ ਜੋਸ਼ ਵਿਚ ਮੈਂ ਵਧ ਲੇਖ
ਲਿਖਣੇ ਸ਼ੁਰੂ ਕਰ ਦਿਤੇ। ਇਹਨਾਂ ਲੇਖਾਂ ਲਈ ਮੈਨੂੰ ਸੰਤ ਚੰਨਣ ਸਿੰਘ ਜੀ, ਪ੍ਰਧਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਤਸ਼ਾਹਤ ਕੀਤਾ। ਉਹਨਾਂ ਦਲ ਦੀ ਅਖ਼ਬਾਰ ਦੇ ਮੁਖ
ਸੰਪਾਦਕ, ਮਾਸਟਰ ਅਜੀਤ ਸਿੰਘ ਅੰਬਾਲਵੀ ਜੀ ਨੂੰ ਹਿਦਾਇਤ ਕੀਤੀ ਕਿ ਮੇਰੇ ਵੱਲੋਂ ਕੋਈ ਵੀ
ਭੇਜਿਆ ਗਿਆ ਲੇਖ ਜਰੂਰ ਛਾਪਿਆ ਜਾਵੇ। ਕਦੀ ਉਹਨਾਂ ਨੇ ਮੇਰਾ ਲੇਖ ਮੁਖ ਪੰਨੇ ਤੇ ਛਾਪਣਾ
ਤੇ ਕਦੇ ਐਡੀਟੋਰੀਅਲ ਦੇ ਥਾਂ ਵੀ ਛਾਪ ਦੇਣਾ। ਕੁਝ ਪਾਠਕਾਂ ਵੱਲੋਂ ਪ੍ਰਸੰਸਾ ਵੀ ਪਰਾਪਤ
ਹੋਣੀ।
ਮਾਰਚ 1973 ਵਿਚ ਮੈਂ ਅਫ਼੍ਰੀਕਾ ਦੇ ਇਕ ਨਿੱਕੇ ਜਿਹੇ ਮੁਲਕ ਮਲਾਵੀ ਵਿਚ ਚਲਿਆ ਗਿਆ। ਏਥੇ
ਨਾ ਕੋਈ ਪੰਜਾਬੀ ਤੇ ਹਿੰਦੀ ਦਾ ਅਖ਼ਬਾਰ, ਨਾ ਕੋਈ ਹਿੰਦੁਸਤਾਨ ਤੋਂ ਖ਼ਬਰਾਂ ਦੇਣ ਵਾਲਾ
ਰੇਡੀਉ, ਟੀਵੀ ਤਾਂ ਉਹਨੀਂ ਦਿਨੀਂ ਕਿਤੇ ਬਹੁਤ ਵੱਡੀ ਫ਼ੈਲਸੂਫ਼ੀ ਮੰਨੀ ਜਾਂਦੀ ਸੀ ਅਤੇ
ਕਿਸੇ ਕਿਸੇ ਮੁਲਕ ਵਿਚ ਹੀ ਹੁੰਦਾ ਸੀ। ਅੰਮ੍ਰਿਤਸਰ ਰਹਿਣ ਸਮੇ ਜਦੋਂ ਕਦੀ ਕਦਾਈਂ ਰਾਤ
ਨੂੰ ਹਾਲ ਬਾਜ਼ਾਰ ਜਾਣ ਦਾ ਸਬੱਬ ਬਣਨਾ ਤਾਂ ਓਥੇ ਇਕ ਦੁਕਾਨ ਉਪਰ ਸਲਾਈਡਾਂ ਚੱਲਦੀਆਂ ਵੇਖ
ਕੇ ਮੈਂ ਉਸ ਨੂੰ ਹੀ ਟੀਵੀ ਸਮਝਣਾ। ਫਿਰ 1968 ਵਿਚ, ਸ. ਉਤਮ ਸਿੰਘ ਦੁੱਗਲ ਐਮ.ਪੀ. ਦੇ
ਘਰ, ਜਦੋਂ ਸੰਤ ਚੰਨਣ ਸਿੰਘ ਜੀ ਨਾਲ਼ ਮੈਂ ਵੀ ਠਹਿਰਿਆ ਹੋਇਆ ਸਾਂ ਤਾਂ ਓਥੇ ਇਕ ਸ਼ਾਮ ਨੂੰ
ਵੇਖਿਆ ਕਿ ਟੀਵੀ ਤੋਂ ਇਕ ਬੀਬੀ ਖ਼ਬਰਾਂ ਪੜ੍ਹ ਰਹੀ ਹੈ। ਉਸ ਨੇ ਹਰੇਕ ਖ਼ਬਰ ਇਕ ਗੱਤੇ ਉਪਰ
ਲਿਖੀ ਹੋਈ ਸੀ ਤੇ ਗੱਤਿਆਂ ਦੀ ਢੇਰੀ ਵਿਚੋਂ ਇਕ ਗੱਤਾ ਚੁੱਕਦੀ ਸੀ ਤੇ ਉਸ ਨੂੰ ਪੜ੍ਹ ਕੇ
ਦੂਜੀ ਢੇਰੀ ਉਪਰ ਰੱਖ ਦਿੰਦੀ ਸੀ ਤੇ ਫਿਰ ਪਹਿਲੀ ਢੇਰੀ ਵਿਚੋਂ ਇਕ ਹੋਰ ਗੱਤਾ ਚੁੱਕ ਕੇ,
ਅਗਲੀ ਖ਼ਬਰ ਪੜ੍ਹਦੀ ਸੀ। ਇਸ ਮੁਲਕ ਮਲਾਵੀ ਵਿਚ ਤਾਂ ਸ਼ਾਇਦ ਕਿਸੇ ਨੇ ਟੀਵੀ ਵੇਖਣਾ ਤਾਂ
ਕਿਧਰੇ ਰਿਹਾ ਸ਼ਾਇਦ ਸੁਣਿਆ ਵੀ ਨਹੀਂ ਹੋਣਾ! ਇਹ ਤਾਂ ਜੂਨ 1980 ਵਿਚ ਫ਼ਿਜੀ ਮੁਲਕ ਵਿਚ ਵੀ
ਨਹੀਂ ਸੀ। ਉਂਜ ਪੰਜਾਬੀਆਂ ਨੇ ਆਪਣੇ ਘਰਾਂ ਵਿਚ ਵੀ.ਸੀ.ਆਰ. ਰੱਖੇ ਹੋਏ ਸਨ। ਆਪਣਾ
ਅਖ਼ਬਾਰੀ ਝੱਸ, ਜੋ ਕਿ 1958 ਤੋਂ ਬੜੀ ਬੁਰੀ ਤਰ੍ਹਾਂ ਮੈਨੂੰ ਚੰਬੜ ਚੁੱਕਾ ਸੀ, ਪੂਰਾ ਕਰਨ
ਲਈ, ਮੈਂ ਆਪਣੇ ਛੋਟੇ ਟਾਊਨ ਲਿੰਬੀ ਤੋਂ ਬੱਸ ਵਿਚ ਬੈਠ ਕੇ, ਹਫ਼ਤੇ ਵਿਚ ਇਕ ਦਿਨ ਗਵਾਂਢੀ
ਵੱਡੇ ਸ਼ਹਿਰ ਬਲੈਂਟਾਇਰ ਸਥਿਤ, ਇੰਡੀਅਨ ਹਾਈ ਕਮਿਸ਼ਨ ਵਿਚ ਜਾਇਆ ਕਰਦਾ ਸਾਂ। ਓਥੇ ਵੀ
ਹਿੰਦੀ ਪੰਜਾਬੀ ਦਾ ਕੋਈ ਅਖ਼ਬਾਰ ਨਹੀਂ ਸੀ ਹੁੰਦਾ। ਐਵੇਂ ਅੰਗ੍ਰੇਜ਼ੀ ਦੀਆਂ ਅਖ਼ਬਾਰਾਂ ਨੂੰ
ਮੂੰਹ ਜਿਹਾ ਮਾਰ ਕੇ ਤੇ ਕੁਝ ਸਟਾਫ਼ ਨਾਲ ਅਤੇ ਕੁਝ ਨਾਲ਼ ਲੱਗਵੇਂ ਮੰਦਰ ਦੇ ਪੁਜਾਰੀ ਨਾਲ਼
ਗੱਪ ਸ਼ੱਪ ਮਾਰ ਕੇ ਮੁੜ ਆਉਣਾ। ਅਜੀਤ ਪੜ੍ਹਨ ਲਈ ਏਥੇ ਸਿਡਨੀ ਵਿਚ ਵੀ ਮੈਂ ਹਰੇਕ
ਮੰਗਲਵਾਰ, ਇੰਡੀਅਨ ਕੌਂਸੂਲੇਟ ਵਿਚ ਜਾਇਆ ਕਰਦਾ ਸਾਂ। ਫਿਰ ਹੌਲ਼ੀ ਹੌਲ਼ੀ ਪਹਿਲਾਂ ਟਾਈਮਜ਼
ਆਫ਼ ਇੰਡੀਆ ਇੰਟਰਨੈਟ ਉਤੇ ਆਉਣ ਲੱਗ ਪਈ ਤੇ ਫਿਰ ਕੁਝ ਸਮੇ ਬਾਅਦ ਟ੍ਰੀਬਿਊਨ ਤੇ ਫਿਰ ਤਾਂ
ਪੰਜਾਬੀ ਹਿੰਦੀ, ਸਮੇਤ ਅਜੀਤ ਦੇ, ਬੇਅੰਤ ਪੱਤਰ ਆਉਣ ਲੱਗ ਪਏ। ਹੁਣ ਤਾਂ ਇਹ ਦੇਸ ਅਤੇ
ਪਰਦੇਸਾਂ ਵਿਚੋਂ ਏਨੀਆਂ ਆਉਂਦੀਆਂ ਨੇ ਕਿ ਪੜ੍ਹੀਆਂ ਵੀ ਨਹੀਂ ਜਾਂਦੀਆਂ।
ਫਿਰ ਮਲਾਵੀ ਤੇ ਚੱਲੀਏ: ਇਕ ਤਾਂ ਮੈਂ ਦੇਸੋਂ ਤੁਰਨ ਸਮੇ ਸਿਆਹੀ ਭਰਨ ਵਾਲਾ ਪੈਨ ਨਾ ਲੈ
ਕੇ ਗਿਆ ਤੇ ਓਥੇ ਬਾਲ ਪੁਆਇੰਟ ਪੈਨ ਹੀ ਮਿਲ਼ਦੇ ਸਨ ਜਿਨ੍ਹਾਂ ਨਾਲ਼ ਲਿਖਣ ਲੱਗਿਆਂ ਹੱਥ ਥੱਕ
ਜਾਣ ਦੇ ਨਾਲ਼ ਅੱਖਰ ਵੀ ਮੇਰੀ ਪਸੰਦ ਦੇ ਨਹੀਂ ਸੀ ਪੈਂਦੇ। ਫਿਰ ਜੇਕਰ ਔਖੇ ਸੌਖੇ ਹੋ ਕੇ
ਚਾਰ ਅੱਖਰ ਝਰੀਟ ਹੀ ਲਏ ਜਾਣ ਤਾਂ ਵਾਹਵਾ ਸਾਰਾ ਡਾਕ ਖ਼ਰਚ ਲਾ ਕੇ, ਦੇਸ ਕਿਸੇ ਪੱਤਰ ਨੂੰ
ਭੇਜੋ ਤਾਂ ਕੀ ਪਤਾ ਉਹ ਲੇਖ ਛਪਿਆ ਵੀ ਹੈ ਕਿ ਨਹੀਂ! ਇਸ ਲਈ ਇਹ ਸ਼ੌਕ ਬੰਦ ਹੀ ਪਿਆ ਰਿਹਾ।
ਮਲਾਵੀ ਤੋਂ ਨਿਕਲ਼ ਕੇ ਕੁਝ ਸਾਲ ਤਾਂ ਦੁਨੀਆ ਵਿਚ ਭੌਂਦਾ ਹੀ ਰਿਹਾ। ਆ ਤਾਂ ਮੈਂ ਪਹਿਲੀ
ਵਾਰ ਆਸਟ੍ਰੇਲੀਆ ਵਿਚ 25 ਅਕਤੂਬਰ 1979 ਨੂੰ ਹੀ ਗਿਆ ਸੀ ਪਰ ਪੀ.ਆਰ. ਦੇ ਚੱਕਰ ਵਿਚ ਇਕ
ਸਾਲ ਵੇਹਲੇ ਫਿਰਦੇ ਦਾ ਹੀ ਲੰਘ ਗਿਆ। ਇਸ ਦਾ ਜ਼ਿਕਰ ਮੈਂ ਇਕ ਹੋਰ ਲੇਖ ਵਿਚ ਕਰ ਚੁੱਕਾ
ਹਾਂ। ਏਥੇ ਉਸ ਦੇ ਵਿਸਥਾਰ ਦੀ ਲੋੜ ਨਹੀਂ। ਫਿਰ ਪਰਵਾਰ ਦੀ ਕੁੱਲੀ, ਗੁੱਲੀ ਤੇ ਜੁੱਲੀ ਦੇ
ਪ੍ਰਬੰਧ ਦੇ ਫਿਕਰ ਵਿਚ ਵਿਚਰਦਿਆਂ 1984 ਆ ਗਿਆ। ਇਸ ਸਮੇ ਸਾਰੇ ਪੰਜਾਬ ਦੇ ਗੁਰਦੁਆਰਿਆਂ
ਉਪਰ ਇੰਦਰਾ ਦੀ ਸਰਕਾਰ ਨੇ ਫੌਜੀ ਹਮਲਾ ਕੀਤਾ ਜੋ ਕਿ ਸਾਰੀ ਸਿੱਖ ਕੌਮ ਉਪਰ ਹੀ ਹਮਲਾ ਸੀ।
ਫਿਰ ਉਸ ਦੁਸ਼ਟਣੀ ਦੇ ਕਤਲ ਪਿਛੋਂ ਹਿੰਦੁਸਤਾਨ ਦੇ ਦੋ ਸੌ ਸ਼ਹਿਰਾਂ ਵਿਚ ਜੋ ਕੁਝ ਬੇਦੋਸ਼ੇ
ਸਿੱਖਾਂ ਨਾਲ ਹੋਇਆ, ਇਸ ਨੇ ਸਾਰੀ ਦੁਨੀਆ ਦੇ ਸਿੱਖਾਂ ਵਾਂਙ ਮੇਰੇ ਵੀ ਸਾਰੇ ਸਮੀਕਰਣ ਬਦਲ
ਦਿਤੇ। ਜੋ ਕੁਝ ਸੋਚ ਵਿਚ ਸੀ ਤੇ ਜਿਸ ਕਰਕੇ ਮੈਂ ਦੁਨੀਆਂ ਵਿਚ ਫੁੱਲਿਆ ਫੁੱਲਿਆ ਫਿਰਦਾ
ਸਾਂ, ਉਹ ਸਾਰਾ ਢਹਿ ਢੇਰੀ ਹੋ ਗਿਆ।
ਹਿੰਦ ਸਰਕਾਰ ਦੇ ਸਿੱਖਾਂ ਉਪਰ ਜ਼ੁਲਮਾਂ ਦੇ ਖ਼ਿਲਾਫ਼ ਆਪਣੇ ਰੋਸ ਦੇ ਪ੍ਰਗਟਾਵੇ ਵਾਸਤੇ, ਹੋਰ
ਕੋਈ ਰਾਹ ਤੇ ਵਾਹ ਨਾ ਹੋਣ ਕਰਕੇ, ਫਿਰ ਮੈਂ ਅਪ੍ਰੈਲ 1985 ਵਿਚ ਹਫ਼ਤਾਵਾਰੀ ਅਖ਼ਬਾਰ ‘ਸਿੱਖ
ਸਮਾਚਾਰ‘ ਦੇ ਨਾਂ ਹੇਠ ਸ਼ੁਰੂ ਕਰ ਲਿਆ। ਉਸ ਸਮੇ ਸਿਵਾਏ ਟਾਈਪ ਰਾਈਟਰ ਉਪਰ ਟਾਈਪ ਕਰਕੇ
ਛਾਪਣ ਤੋਂ ਇਲਾਵਾ ਹੋਰ ਕੋਈ ਵਸੀਲਾ, ਪੰਜਾਬੀ ਪੱਤਰ ਛਾਪਣ ਦਾ ਨਾ ਹੋਣ ਕਰਕੇ, ਬਹੁਤਾ ਕੰਮ
ਦੂਜੀਆਂ ਅਖ਼ਬਾਰਾਂ ਵਿਚੋਂ ਛਪੀ ਸਮਗਰੀ, ਕੈਂਚੀ ਨਾਲ਼ ਕੱਟ ਕੇ ਹੀ ਜ਼ਿਆਦਾ ਛਾਪੀ ਜਾਂਦੀ ਸੀ।
ਇਸ ਤਰ੍ਹਾਂ ਕਲਮ ਦੇ ਥਾਂ ਕੈਂਚੀ ਤੋਂ ਵਧੇਰੇ ਕਾਰਜ ਕਰਵਾਇਆ ਜਾਂਦਾ ਸੀ। ਇਸ ਪਰਚੇ ਕਰਕੇ
ਵੀ ਲੇਖ ਲਿਖਣ ਲਈ ਉਤਸ਼ਾਹ ਪ੍ਰਾਪਤ ਹੁੰਦਾ ਰਿਹਾ। ਵਲੈਤੋਂ ਛਪਣ ਵਾਲ਼ੇ ‘ਦੇਸ ਪਰਦੇਸ‘ ਪੱਤਰ
ਵਿਚ ਮੇਰੇ ਛਪੇ ਅਤੇ ਕੁਝ ਹੋਰ ਲੇਖਕਾਂ ਦੇ ਲੇਖ ਲੈ ਕੇ ਇਸ ਪੱਤਰ ਵਿਚ ਮੈਂ ਛਾਪਦਾ ਰਿਹਾ।
ਸਵਾ ਕੁ ਛੇ ਸਾਲ ਇਹ ਪੱਤਰ ਚੱਲ ਕੇ ਸੂਰਮਾ ਸਿੰਘ ਦੇ ਸੌਣ ਵਾਂਙ ਚੁੱਪ ਹੋ ਗਿਆ ਪਰ ਮੇਰੇ
ਅੰਦਰ ਸੁੱਤੀ ਅੱਖਰ ਝਰੀਟਣ ਦੀ ਆਦਤ ਨੂੰ ਮੁੜ ਸੁਰਜੀਤ ਕਰ ਗਿਆ।
ਫਿਰ ਬਹੁਤ ਸਾਰੇ ਦੇਸ਼ਾਂ ਵਿਚੋਂ ਪੰਜਾਬੀ ਵਿਚ ਪੱਤਰ ਛਪਣੇ ਸ਼ੁਰੂ ਹੋ ਗਏ। ਕੰਪਿਊਟਰ ਉਪਰ
ਪੰਜਾਬੀ ਫ਼ੌਂਟ ਵੀ ਪਰਗਟ ਹੋਣੇ ਸ਼ੁਰੂ ਹੋ ਗਏ ਤੇ ਮੈਨੂੰ ਇਸ ਉਪਰ ਪੰਜਾਬੀ ਲਿਖਣ ਦੀ ਜਾਚ
ਵੀ ਆ ਗਈ। ਮੈਂ ਸਮੇ ਸਮੇ ਲੇਖ ਲਿਖ ਕੇ ਵੱਖ ਵੱਖ ਪੱਤਰਾਂ ਨੂੰ ਭੇਜਣੇ ਸ਼ੁਰੂ ਕਰ ਦਿਤੇ।
ਤਕਰੀਬਨ ਹਰੇਕ ਪੱਤਰ ਦੇ ਐਡੀਟਰ ਨੇ ਮੇਰੇ ਲੇਖਾਂ ਪ੍ਰਤੀ ਪ੍ਰਸੰਸਕ ਰਵਈਆ ਵਿਖਾਇਆ ਜਿਸ
ਨਾਲ਼ ਮੈਨੂੰ ਹੋਰ ਉਤਸ਼ਾਹ ਪ੍ਰਾਪਤ ਹੋਇਆ।
ਆਪਣੀਆਂ ਲਿਖਤਾਂ ਨੂੰ ਕਿਤਾਬੀ ਰੂਪ ਦੇ ਸਕਣ ਬਾਰੇ ਕਦੇ ਵੀ ਮੇਰੇ ਮਨ ਵਿਚ ਵਿਚਾਰ ਨਹੀਂ
ਸੀ ਆਇਆ ਭਾਵੇਂ ਕਿ ਬਹੁਤ ਸਾਰੇ ਸੁਹਿਰਦ ਸੱਜਣਾਂ ਵੱਲੋਂ, ਸਮੇ ਸਮੇ ਇਸ ਪਾਸੇ ਵੱਲ
ਪ੍ਰੇਰਤ ਕੀਤਾ ਜਾਂਦਾ ਸੀ। ਇਕ ਸੱਜਣ ਨੇ ਤਾਂ ਏਥੋਂ ਤੱਕ ਵੀ ਆਖਿਆ ਕਿ ਜੇਹੜੀਆਂ ਕਿਤਾਬਾਂ
ਤੂੰ ਪੜ੍ਹਦਾ ਰਹਿੰਦਾ ਹੈਂ ਇਹੋ ਜਿਹੀਆਂ ਤੇ ਤੂੰ ਆਪ ਲਿਖ ਸਕਦਾ ਹੈਂ! ਇਉਂ ਕਿਉਂ ਨਹੀਂ
ਕਰਦਾ? ਅਜਿਹਾ ਨਾ ਕਰ ਸਕਣ ਦੇ ਕੁਝ ਕਾਰਨ ਸਨ ਜਿਨ੍ਹਾਂ ਵਿਚੋਂ ਇਕ ਤਾਂ ਮੁਖ ਕਾਰਨ ਇਹ ਸੀ
ਕਿ ਪੰਜਾਬੀਆਂ ਵਿਚ ਆਮ ਕਰਕੇ ਅਤੇ ਸਿੱਖਾਂ ਵਿਚ ਖਾਸ ਕਰਕੇ ‘ਕਿਤਾਬ ਕਲਚਰ‘ ਪੈਦਾ ਨਹੀਂ
ਹੋ ਸਕਿਆ। ਇਹ ਹੋਰ ਬਹੁਤ ਸਾਰੇ ਕਾਰਜਾਂ ਉਪਰ ਦਿਲ ਖੋਹਲ ਕੇ ਖ਼ਰਚ ਕਰ ਸਕਦੇ ਹਨ। ਧਾਰਮਿਕ
ਸਥਾਨਾਂ ਦੀ ਉਸਾਰੀ, ਖਾਣ ਪੀਣ ਪਹਿਨਣ, ਲੋੜਵੰਦ ਦੀ ਸਹਾਇਤਾ, ਪ੍ਰਾਹੁਣਾਚਾਰੀ, ਮਰਨੇ
ਪਰਨੇ ਦੀਆਂ ਰਸਮਾਂ ਉਪਰ ਬਿਨਾ ਕਿਸੇ ਸੰਕੋਚ ਦੇ ਖੁਲ੍ਹਾ ਖ਼ਰਚ ਕਰਦੇ ਹਨ ਪਰ ਜਦੋਂ ਕਿਤਾਬ
ਦੀ ਗੱਲ ਆਵੇ ਤਾਂ, "ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਪੜ੍ਹਨ ਦਾ ਸਮਾ ਨਹੀਂ, ਪੜ੍ਹਨ ਵਿਚ
ਦਿਲਚਸਪੀ ਨਹੀਂ" ਵਰਗੇ ਪਾਣੀ ਮਾਰਵੇਂ ਜਿਹੇ ਬਹਾਨੇ ਘੜੀ ਜਾਣਗੇ।
ਸਿੱਖਾਂ ਦੀ ਕਿਤਾਬਾਂ ਬਾਰੇ ਅਜਿਹੀ ਰੁਚੀ ਵੇਖ ਕੇ, ਬਾਵਜੂਦ ਸੁਹਿਰਦ ਸੱਜਣਾਂ ਵੱਲੋਂ ਬਾਰ
ਬਾਰ ਪ੍ਰੇਰਨਾ ਕਰਨ ਤੇ ਵੀ, ਇਸ ਪਾਸੇ ਉਦਮ ਕਰਨ ਦਾ ਹੌਸਲਾ ਨਹੀਂ ਸੀ ਪੈਂਦਾ। ਪਹਿਲਾਂ
ਤਾਂ ਆਪਣੇ ਤੋਂ ਮਾਇਆ ਹਮੇਸ਼ਾਂ ਘੁੰਡ ਕੱਢੀ ਰੱਖਦੀ ਹੋਣ ਕਰਕੇ ਵੀ ਨਹੀਂ ਸੀ ਵਿਚਾਰ ਬਣਦਾ।
ਜੇਕਰ ਫਿਰ ਵੀ ਏਧਰੋਂ ਓਧਰੋਂ ਕਰ ਕਰਾ ਕੇ ਮਾਇਅਕ ਪ੍ਰਬੰਧ ਹੋ ਵੀ ਜਾਵੇ ਜੋ ਕਿ ਲੱਖਾਂ
ਵਿਚ ਹੁੰਦਾ ਹੈ, ਫਿਰ ਉਸ ਕਿਤਾਬ ਨੂੰ ਪਾਠਕਾਂ ਦੇ ਹੱਥਾਂ ਤੱਕ ਅੱਪੜਦਾ ਕਰਨਾ ਹੋਰ ਵੀ
ਵਡੇਰਾ ਮਸਲਾ ਹੈ। ਇਹ ਵੀ ਸੋਚਦਾ ਸਾਂ ਕਿ ਅੰਮ੍ਰਿਤਸਰੋਂ ਖ਼ੁਦ ਜਾ ਕੇ ਕਿਤਾਬ ਛਪਵਾ ਕੇ
ਫਿਰ ਛਪਾਈ ਨਾਲ਼ੋਂ ਦੂਣਾ ਉਸ ਉਪਰ ਕਰਾਇਆ ਖ਼ਰਚ ਕੇ, ਸਿਡਨੀ ਵਿਚ ਮੰਗਵਾ ਕੇ ਫਿਰ ਸਿੱਖਾਂ
ਦੇ ਘਰੋ ਘਰੀ ਜਾ ਕੇ ਉਹਨਾਂ ਨੂੰ ਪੜ੍ਹਨ ਵਾਸਤੇ ਦਿਆਂਗਾ, ਓਵੇਂ ਹੀ ਜਿਵੇਂ ਕੁਝ ਸਾਲ
ਪਹਿਲਾਂ, ਆਪਣੇ ਘਰ ਦੇ ਪਿਛਵਾੜੇ ਵਿਚ ਉਗਾਈ ਸਬਜ਼ੀ ਵੰਡਣ ਜਾਇਆ ਕਰਦਾ ਸਾਂ।
ਅਜਿਹੀ ਉਧੇੜ ਬੁਣ ਵਾਲ਼ੀ ਬਿਰਤੀ ਦੇ ਚੱਲਦਿਆਂ ਹੀ ਫਿਰ ਆਪਣੇ ਪਰਵਾਰ ਦੀ ਦੂਜੀ ਪੀਹੜੀ
ਵੱਲੋਂ ਵੀ ਇਸ ਪਾਸੇ ਉਤਸ਼ਾਹਤ ਕੀਤਾ ਜਾਣ ਲੱਗਾ। ਖਾਸ ਕਰਕੇ ਮੇਰੀ ਪੰਜਾਬੀ ਦੀ ਐਮ.ਏ. ਵਿਚ
ਪੜ੍ਹਦੀ ਭਣੇਵੀ ਨੇ ਵਾਰ ਵਾਰ ਇਹ ਕਾਰਜ ਕਰਨ ਲਈ, ਕਿਸੇ ਖਾਸ ਉਦੇਸ਼ ਕਾਰਨ ਜੋਰ ਦਿਤਾ। ਆਖਰ
ਨਵੰਬਰ 2005 ਵਿਚ ਇਹ ਕਾਰਜ ਕਰ ਹੀ ਲਿਆ। ਆਪਣੀ ਪਹਿਲੀ ਕਿਤਾਬ, ਜਿਸ ਦੀ ਹੁਣ ਪੰਜਵੀਂ
ਐਡੀਸ਼ਨ ਵੀ ਛਪ ਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚ ਰਹੀ ਹੈ, ਛਪਵਾ ਹੀ ਲਈ ਗਈ। ਇਸ ਕਿਤਾਬ
ਦੀ ਇਕ ਕਾਪੀ ਆਪਣੀ ਭਣੇਵੀ ਨੂੰ ਦੇ ਕੇ ਆਖਿਆ, "ਲੈ ਪੁੱਤਰ ਬੱਬੂ, ਸੂਰਮਾ ਸਿੰਘ ਦੇ ਸੌਣ
ਵਾਂਙ ਅੱਧਾ ਕੰਮ ਤਾਂ ਹੋ ਗਿਆ ਈ! ਤੇ ਅੱਧਾ ਕੰਮ ਮੈਂ ਅੰਮ੍ਰਿਤਸਰ ਦੀ ਅਗਲੀ ਫੇਰੀ ਸਮੇ
ਕਰ ਜਾਊਂਗਾ।" ਅਰਥਾਤ ਬੱਚੀ ਦੀ ਮੰਗ ਮੁਤਾਬਿਕ, ਪਹਿਲੀ ਕਿਤਾਬ ਤਾਂ ਛਪ ਗਈ ਆ ਤੇ ਦੂਜੀ
ਕਿਤਾਬ ਅਗਲੇ ਚੱਕਰ ਵਿਚ ਛਪਵਾ ਕੇ ਕਾਰਜ ਪੂਰਾ ਕਰ ਲਿਆ ਜਾਵੇਗਾ। ਸੂਰਮਾ ਸਿੰਘ ਦਾ ਜ਼ਿਕਰ
ਇਸ ਲਈ ਆਇਆ ਹੈ ਕਿ ਕਿਸੇ ਸੱਜਣ ਨੇ ਕਿਹਾ, "ਸੂਰਮਾ ਸਿੰਘ ਜੀ ਸੌਂ ਜਾਓ।" ਅੱਗੋਂ ਸੂਰਮਾ
ਸਿੰਘ ਜੀ ਨੇ ਆਖਿਆ, "ਸਾਡਾ ਸੌਣਾ ਕੀ ਆ; ਚੁੱਪ ਹੀ ਕਰ ਜਾਣਾ। ਲਉ ਜੀ, ਅਸੀਂ ਚੁੱਪ ਹੋ
ਗਏ!" ਅਸੀਂ ਸੁੱਤਾ ਉਸ ਵਿਅਕਤੀ ਨੂੰ ਹੀ ਸਮਝਦੇ ਹਾਂ ਜਿਸ ਨੂੰ ਨਾ ਦਿਸੇ ਤੇ ਨਾ ਉਹ
ਬੋਲੇ। ਸੋ ਦਿਸਦਾ ਤਾਂ ਸੂਰਮਾ ਸਿੰਘ ਜੀ ਨੂੰ ਪਹਿਲਾਂ ਹੀ ਨਹੀਂ ਸੀ ਤੇ ਚੁੱਪ ਹੋ ਜਾਣ
ਨਾਲ਼ ਸੌਣ ਵਾਲ਼ਾ ਕਾਰਜ ਪੂਰਾ ਹੋ ਗਿਆ।
ਇਹ ਕਿਤਾਬ ਛਪਣ ਉਪ੍ਰੰਤ ,ਇਸ ਕਿਤਬ ਉਪਰ ਜਾਂ ਫਿਰ ਮੇਰੇ ਸਮੇ ਸਮੇ ਛਪਦੇ ਰਹੇ ਲੇਖਾਂ
ਉਪਰ, ਸ. ਮੋਤਾ ਸਿੰਘ ਸਰਾਇ ਦੀ ਸਵੱਲੀ ਨਿਗਾਹ ਕਿਤੇ ਪੈ ਗਈ। ਸ. ਮੋਤਾ ਸਿੰਘ ਬਰਮਿੰਘਮ
(ਯੂ ਕੇ) ਦੇ ਵਾਸੀ ਹਨ ਅਤੇ ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਵੀ ਹਨ। ਇਹਨਾਂ ਨੇ
ਕਿਤਿਉਂ ਮੇਰਾ ਫ਼ੋਨ ਨੰਬਰ ਲਭ ਕੇ, ਦੋ ਚਾਰ ਵਾਰ ਮੈਨੂੰ ਰਿੰਗਿਆ। ਬਾਤਾਂ ਚੀਤਾਂ ਹੁੰਦੀਆਂ
ਰਹੀਆਂ। ਮੇਰੀਆਂ ਲਿਖਤਾਂ ਦੀ ਪ੍ਰਸੰਸਾ ਕਰਦੇ ਰਹੇ। ਫਿਰ ਇਕ ਦਿਨ ਆਖਣ ਲੱਗੇ ਕਿ ਜੇਕਰ
ਮੈਂ ਪ੍ਰਵਾਨ ਕਰਾਂ ਤਾਂ ਉਹ ਮੈਨੂੰ ਪੰਜਾਬੀ ਸੱਥ ਵੱਲੋਂ 2008 ਦਾ ਸਾਹਿਤਕ ਸਨਮਾਨ
ਦਿਵਾਉਣਾ ਚਾਹੁਣਗੇ। ਮੇਰਾ ਜਵਾਬ ਸੀ, ‘ਬਾਬੇ ਦੀ ਦਾਲ਼ ਵਿਚ ਘਿਉ ਪੁੱਛ ਪੁੱਛ ਪਾਈਦਾ?"
ਧੰਨਭਾਗ ਮੇਰੇ! "ਨਹ ਬਿਲੰਬ ਧਰਮੰ॥ ਬਿਲੰਬ ਪਾਪੰ॥" (ਗੁਰਬਾਣੀ)
ਥੋਹੜੇ ਦਿਨਾਂ ਪਿੱਛੋਂ ਮੈਨੂੰ ਪੰਜਾਬੀ ਸੱਥ ਲਾਂਬੜਾ ਦੇ ਸੰਚਾਲਕ ਡਾ. ਨਿਰਮਲ ਸਿੰਘ
ਲਾਂਬੜਾ ਵੱਲੋਂ ਚਿੱਠੀ ਪ੍ਰਾਪਤ ਹੋ ਗਈ ਜਿਸ ਵਿਚ ਲਿਖਿਆ ਗਿਆ ਸੀ ਕਿ ਮੈਨੂੰ ਪ੍ਰਿੰਸੀਪਲ
ਤੇਜਾ ਸਿੰਘ ਸਾਹਿਤਕ ਸਨਮਾਨ ਦੇਣ ਦਾ ਪੰਜਾਬੀ ਸੱਥ ਵੱਲੋਂ ਫੈਸਲਾ ਕੀਤਾ ਗਿਆ ਹੈ। ਇਹ
ਸਨਮਾਨ ਸੱਥ ਦੇ ਨੁਮਾਇੰਦੇ, ਮੇਰੇ ਆਪਣੇ ਵੇਹੜੇ, ਸਿਡਨੀ ਵਿਖੇ ਆ ਕੇ ਹੀ ਦੇਣਗੇ। ਹੋਰ ਵੀ
ਇਸ ਚਿੱਠੀ ਵਿਚ, ਮੇਰੀ ਹੌਸਲਾ ਅਫ਼ਜ਼ਾਈ ਵਾਸਤੇ, ਬਹੁਤ ਸਾਰੇ ਪ੍ਰਸੰਸਕ ਸ਼ਬਦ ਵਰਤੇ ਗਏ। ਇਹ
ਵੀ ਲਿਖਿਆ ਗਿਆ ਕਿ ਕਦੀ ਮੇਰੀਆਂ ਲਿਖਤਾਂ ਵਿਚੋਂ ਰਸੂਲ ਹਮਜ਼ਾਤਵ ਝਾਕਦਾ ਹੈ ਤੇ ਕਦੇ
ਪ੍ਰਿੰਸੀਪਲ ਤੇਜਾ ਸਿੰਘ ਝਾਤੀਆਂ ਮਾਰਦਾ ਹੈ। ਓਦੋਂ ਮੈਂ ਹਮਜ਼ਾਤਵ ਅਤੇ ਉਸ ਦੇ
‘ਦਾਗ਼ਿਸਤਾਨ‘ ਦਾ ਨਾਂ ਤਾਂ ਸੁਣਿਆ ਹੋਇਆ ਸੀ ਪਰ ਉਸ ਦੀ ਕਿਸੇ ਲਿਖਤ ਦੇ ਦਰਸ਼ਨ ਨਹੀਂ ਸਨ
ਕੀਤੇ। ਇਸ ਚਿੱਠੀ ਤੋਂ ਪ੍ਰਭਾਵਤ ਹੋ ਕੇ ਫਿਰ ਮੈਂ ਉਸ ਦੇ ਦਾਗ਼ਿਸਤਾਨ ਵਿਚਦੀ ਲੰਘਿਆ।
ਪ੍ਰਿੰਸੀਪਲ ਤੇਜਾ ਸਿੰਘ ਦੀਆਂ ਲਿਖਤਾਂ ਤਾਂ ਕੁਝ ਬਹੁਤ ਸਮਾ ਪਹਿਲਾਂ ਪੜ੍ਹੀਆਂ ਸਨ ਤੇ ਉਸ
ਦੀ ‘ਆਰਸੀ‘ ਦੁਬਾਰਾ, ਆਪਣੀ ਭਣੇਵੀਂ ਦੇ ਮੁੜ ਮੁੜ ਜੋਰ ਦੇਣ ਤੇ ਫਿਰ ਪੜ੍ਹੀ। ਬਹੁਤ ਸਾਰੇ
ਲੇਖਕਾਂ ਵਾਂਙ ਪ੍ਰਿੰਸੀਪਲ ਸਾਹਿਬ ਦੀਆਂ ਲਿਖਤਾਂ ਦਾ ਮੈਂ ਪ੍ਰਸੰਸਕ ਹਾਂ, ਸਗੋਂ ਕੁਝ
ਵਧੇਰੇ ਹੀ।
ਏਸੇ ਦੌਰਾਨ, ਯੂਰਪ ਦੇ ਕੁਝ ਮੁਲਕਾਂ ਦੀ ਯਾਤਰਾ ਸਮੇ, ਮੈਨੂੰ ਸੱਥ ਦੇ ਸੱਦੇ ਉਪਰ
ਬਰਮਿੰਘਮ ਸੱਦਿਆ ਗਿਆ। ਓਥੇ ਸਾਹਿਤਕਾਰਾਂ ਦੇ ਇਕੱਠ ਵਿਚ ਮੇਰਾ ਸਨਮਾਨ ਕੀਤਾ ਗਿਆ ਤੇ ਸੱਥ
ਦੀ ਯੂਰਪੀ ਇਕਾਈ ਵੱਲੋਂ, ਪ੍ਰੋ. ਪੂਰਨ ਸਿੰਘ ਐਵਾਰਡ ਨਾਲ ਨਿਵਾਜਿਆ ਗਿਆ। ਪ੍ਰਿੰਸੀਪਲ
ਤੇਜਾ ਸਿੰਘ ਜੀ ਨਾਲ਼ ਆਪਣਾ ਨਾਂ ਜੁੜਦਾ ਜਾਣ ਕੇ ਤਾਂ ਮੈਨੂੰ ਕੁਤਕੁਤਕਾਰੀ ਜਿਹੀ ਵਰਗੀ
ਖ਼ੁਸ਼ੀ ਮਹਿਸੂਸ ਹੋਵੇ ਪਰ ਕਿਥੇ ਪ੍ਰੋ. ਪੂਰਨ ਸਿੰਘ ਵਰਗਾ ਅਲਬੇਲਾ ਕਵੀ; ਕਵਿਤਾ ਦਾ ਵਗਦਾ
ਦਰਿਆ ਤੇ ਕਿਥੇ ਵਿਚਾਰਾ ਸੰਤੋਖ ਸਿੰਘ; ਜਿਸ ਉਪਰ ਕਵਿਤਾ ਨਾਂ ਦੀ ਸ਼ੈ ਬਾਰੇ, "ਕਾਲ਼ਾ ਅੱਖਰ
ਭੈਂਸ ਬਰਾਬਰ।" ਵਾਲੀ ਅਖੌਤ ਢੁਕੇ! ਪਰ ‘ਕੁਝ ਮਿਲ਼ਦਾ‘ ਵੇਖ ਕੇ ਮੈਂ ਚੁੱਪ ਹੀ ਰਿਹਾ।
ਵੈਸੇ ਵੀ ‘ਚੁੱਪ‘ ਨੂੰ ਮੂਰਖਾਂ ਦਾ ਗਹਿਣਾ ਆਖ ਕੇ, ਸਿਆਣਿਆਂ ਵੱਲੋਂ ਵਡਿਆਇਆ ਗਿਆ ਹੈ।
ਫਿਰ ਉਹ ਸਮਾ ਵੀ ਆ ਗਿਆ ਜਦੋਂ ਸ. ਮੋਤਾ ਸਿੰਘ ਸਰਾਇ, ਆਪਣੇ ਸਾਥੀ ਜੁਝਾਰੂ ਕਵੀ, ਸ.
ਹਰਜਿੰਦਰ ਸਿੰਘ ਸੰਧੂ ਨਾਲ ਸਿਡਨੀ ਵਿਚ ਆਏ ਤੇ ਇਕ ਵਿਸ਼ਾਲ ਸਮਾਰੋਹ ਵਿਚ ਮੈਨੂੰ ਗੋਲਡ
ਮੈਡਲ, ਸ਼ਾਲ, ਸਿਰੋਪਾ ਅਤੇ ਪੰਜਾਬੀ ਸੱਥ ਦੀ ‘ਆਸਟ੍ਰੇਲੇਸ਼ੀਅਨ ਇਕਾਈ‘ ਦੀ ਸਰਪ੍ਰਸਤੀ ਵਾਲ਼ਾ
ਪੱਤਰ ਪ੍ਰਦਾਨ ਕਰਕੇ ਗਏ।
ਇਸ ਸਮੇ ਮੇਰੀਆਂ ਆਪਣੀਆਂ ਪੰਜ ਕਿਤਾਬਾਂ ਛਪ ਚੁੱਕੀਆਂ ਹਨ। ਇਕ ਹਰਿਭਜਨ ਸਿੰਘ ਵਕਤਾ
ਵੱਲੋਂ ਮੇਰੇ ਪਾਠਕਾਂ ਦੇ ਵਿਚਾਰ ਵੀ ਇਕਤੱਤਰ ਕਰਕੇ ਕਿਤਾਬੀ ਰੂਪ ਵਿਚ ਛਾਪੇ ਜਾ ਚੁੱਕੇ
ਹਨ। ਪਹਿਲੀ ਕਿਤਾਬ ਦੀ ਪੰਜਵੀਂ ਐਡੀਸ਼ਨ ਵੀ ਪਾਠਕਾਂ ਤੱਕ ਪਹੁੰਚ ਰਹੀ ਹੈ ਤੇ ‘ਜੋ ਵੇਖਿਆ
ਸੋ ਆਖਿਆ‘ ਦੀ ਦੁਜੀ ਐਡੀਸ਼ਨ ਵੀ ਸਮਾਪਤ ਹੋ ਗਈ ਹੈ। ਇਸ ਤੋਂ ਇਲਾਵਾ ਕਈ ਸੰਪਾਦਕ ਮੇਰੇ
ਲੇਖ ਮੰਗ ਕੇ ਆਪਣੇ ਪਰਚਿਆਂ ਵਿਚ ਛਾਪਦੇ ਹਨ ਤੇ ਕਈ ਇਕ ਪਰਚੇ ਤੋਂ ਸਿਧੇ ਹੀ ਲੈ ਕੇ ਆਪੋ
ਆਪਣੇ ਪਰਚੇ ਵਿਚ ਛਾਪ ਕੇ, ਮੇਰੇ ਮਾਣ ਵਿਚ ਵਾਧਾ ਕਰਦੇ ਹੋਏ ਮੈਨੂੰ ਧੰਨਵਾਦੀ ਬਣਾਉਂਦੇ
ਹਨ।
ਇਸ ਤੋਂ ਇਲਾਵਾ ਬਹੁਤ ਸਾਰੇ ਵਿਦਵਾਨਾਂ ਨੇ ਸਮੇ ਸਮੇ ਮੇਰੀਆਂ ਲਿਖਤਾਂ ਬਾਰੇ ਚੰਗਾ
ਪ੍ਰਭਾਵ ਪਾਉਂਦੇ ਸੋਹਣੇ ਪ੍ਰਸੰਸਕ ਸ਼ਬਦਾਂ ਭਰਪੂਰ ਲੇਖ ਵੀ ਲਿਖੇ ਹਨ। ਸੰਸਾਰ ਭਰ ਵਿਚ
ਪਸਰੇ ਪੰਜਾਬੀ ਭਾਈਚਾਰੇ ਦੇ ਪਾਠਕ ਮੇਰੇ ਲੇਖਾਂ ਨੂੰ ਉਤਸ਼ਾਹ ਸਹਿਤ ਪੜ੍ਹਦੇ ਹਨ।
-0- |