“ਮਰ ਗਿਆ
ਓਅਏਏਏਏਏੲ....ਰੱਬਾ.....ਈਈਈਈ.....ਮਾਂਅਅਅਅ.....ਛੱਡ ਦਿਓ ਮੈਨੂੰ....ਮੈਨੂੰ ਕੁਝ ਨੀਂ
ਪਤਾ.....ਹਾਏ ਓ ਜ਼ਾਲਮੋ...ਤੁਹਾਡਾ ਕੱਖ ਨਾ ਰਹੇ”
ਮੇਰੇ ਸੁਫਨੇ ‘ਚ ਚੀਕ ਵੱਜਦੀ ਤੇ ਮੈਂ ਤ੍ਰਭਕ ਕੇ ਇਕ ਦਮ ਉੱਠ ਖੜ੍ਹਦਾ। ਕਈ ਵਾਰ ਇਸ ਚੀਕ
ਨਾਲ ਜਾਗਦਿਆਂ ਮੇਰੀ ਆਪਣੀ ਚੀਕ ਦੀ ਅਵਾਜ਼ ਵੀ ਇਸ ਵਿਚ ਰਲ ਜਾਂਦੀ। ਮੇਰੀ ਬੀਵੀ ਘਬਰਾ ਕੇ
ਉੱਠ ਖੜ੍ਹਦੀ। ਮੈਂ ਸਾਹੋ ਸਾਹੀ ਹੋਇਆ ਬਾਥਰੂਮ ਵੱਲ ਭੱਜਦਾ। ਠੰਡੇ ਪਾਣੀ ਦੇ ਛਿੱਟੇ ਮੂੰਹ
ਤੇ ਮਾਰਦਾ। ਪਤਾ ਨਹੀਂ ਕਿਓਂ ਇਸ ਅਵਾਜ਼ ਨੇ ਕਈ ਸਾਲ ਮੇਰਾ ਪਿੱਛਾ ਕੀਤਾ। ਸਿਰਫ ਅਵਾਜ਼ ਹੀ ਤੇ
ਸੁਣੀ ਸੀ ਮੈਂ ਉਸਦੀ।
ਉਹ ਸਾਲ ਹੀ ਇਸ ਤਰ੍ਹਾਂ ਦੇ ਸਨ। ਪੰਜਾਬ ‘ਚ ਵਸਦੇ ਹਰ ਜੀਅ ਨੇ ਇਹਨਾਂ ਚੀਕਾਂ ਨੂੰ ਸੁਣਿਆ
ਹੋਏਗਾ। ਕਈਆਂ ਨੇ ਬਹੁਤ ਨੇੜਿਓਂ ਹੰਢਾਇਆ। ਅਜੇ ਮੈਨੂੰ ਪਿੰਡ ਛੱਡ ਕੇ ਕਾਲਜ ਦਾਖਿਲ ਹੋਇਆਂ
ਕੁਝ ਮਹੀਨੇ ਹੀ ਹੋਏ ਸਨ ਕੇ ਅੱਧੀ ਦਰਜ਼ਨ ਨਿਹੱਥੇ ਰਾਹੀਆਂ ਨੂੰ ਬੱਸ ‘ਚੋਂ ਕੱਢ੍ਹਕੇ ਕਤਲਾ
ਕਰ ਦਿੱਤਾ ਗਿਆ। ਇਸਨੇ ਕਈਆਂ ਮਹੀਨਿਆਂ ਦੀ ਸੁਲਘਦੀ ਅੱਗ ਦੇ ਭਾਂਬੜ੍ਹ ਮਚਾ ਦਿੱਤੇ ਸਨ। ਇਹ
ਦਹਿਸ਼ਤ ਕਈ ਸਾਲ ਪੰਜਾਬੀਆਂ ਨੂੰ ਹੰਢਾਉਣੀ ਪਈ। ਮੈਂ ਵੀ ਏਸੇ ਮਾਹੌਲ ‘ਚ ਵਿਚਰਦਾ ਰਿਹਾ।
ਕਈਆਂ ਨਿੱਕੀਆਂ ਮੋਟੀਆਂ ਵਾਰਦਾਤਾਂ ਨੇੜਿਓਂ ਵੇਖੀਆਂ ਪਰ ਇਹ ਮੁੰਡਾ ਜਿਸਦਾ ਚਿਹਰਾ ਮੈਂ
ਨਹੀਂ ਦੇਖਿਆ ਸੀ, ਪਤਾ ਨਹੀਂ ਪੰਜਾਬ ਛੱਡਣ ਤੋਂ ਬਾਅਦ ਵੀ ਮੇਰੀ ਰਾਤਾਂ ਦੀ ਨੀਂਦ ਭੰਗ ਕਰਦਾ
ਰਿਹਾ।
ਵਰ੍ਹਾ 1988-89 ਦਾ। ਗਰਮੀਆਂ ਦੀਆਂ ਛੁੱਟੀਆਂ ਹਨ ਤੇ ਮੈਂ ਅੰਮ੍ਰਿਤਸਰ ਘੁੰਮਦਾ ਹੋਇਆ ਸ਼ਾਮ
ਨੂੰ ਤਰਨਤਾਰਨ ਸੜਕ ਤੇ ਪੈਂਦੇ ਆਪਣੇ ਨਾਨਕੇ ਪਿੰਡ ਪਹੁੰਚ ਜਾਂਦਾ ਹਾਂ। ਪੰਜਾਬ ‘ਚ ਤਸ਼ੱਦਦ
ਦੀ ਅੱਗ ਵਰ੍ਹ ਰਹੀ ਹੈ। ਇਹਨੀਂ ਦਿਨੀਂ ਚਾਨਣ ਹੁੰਦੇ ਹੀ ਆਪਣੇ ਟਿਕਾਣੇ ਪਹੁੰਚਣ ਵਿਚ ਸਿਆਣਪ
ਹੈ। ਸਿਆਣਪ ਮੈਂ ਅਜਕਲ੍ਹ ਆਪਣੀ ਉਮਰ ਤੋਂ ਜ਼ਿਆਦੀ ਵਰਤ ਰਿਹਾ ਹਾਂ ਜਾਂ ਕਹਿ ਲਵੋ ਆਲ ਦੁਆਲੇ
ਜੋ ਦਹਿਸ਼ਤ ਤੇ ਸਹਿਮ ਹੈ ਮੈਂ ਉਸਤੋਂ ਆਪਣੇ ਆਪ ਨੂੰ ਅਭਿੱਜ ਹੀ ਰੱਖਣਾ ਚਾਹੁੰਦਾ ਹਾਂ।
ਤੁਸੀਂ ਜਿੰਨਾਂ ਮਰਜ਼ੀ ਬਚੋ, ਇਹ ਅਗਨ ਪੌਣ ਜੇ ਤੁਹਾਡੇ ਸਰੀਰ ਨੂੰ ਨਹੀਂ ਤਾਂ ਤੁਹਾਡੀ
ਮਨḲਰੂਹ ਨੂੰ ਜ਼ਰੂਰ ਛੱਲਣੀ ਕਰ ਰਹੀ ਹੈ। ਹੁਣ ਇਹ ਨਵੀਂ ਗੱਲ ਵੀ ਨਹੀਂ ਹੈ। ਅਸੀਂ ਪਿਛਲੇ
6-7 ਸਾਲਾਂ ਵਿਚ ਇਸਦੇ ਆਦੀ ਹੋ ਗਏ ਹਾਂ। 84 ਵੇਲੇ ਮੈਂ ਅੰਮ੍ਰਿਤਸਰ ਹੀ ਕਾਲਜ ਦੇ ਹੋਸਟਲ
ਵਿਚ ਰਹਿੰਦਾ ਸੀ। ਡੀ.ਏ.ਵੀ ਕਾਲਜ ਦੇ ਇਸ ਜੇਲ੍ਹ ਨੁਮਾਂ ਹੋਸਟਲ ਵਿਚ ਬਹੁਤੇ ਮੁੰਡੇ ਪੰਜਾਬ
ਦੇ ਦੂਰ ਦੁਰਾਡੇ ਜਿਲ੍ਹਿਆਂ ਤੋਂ ਜਾਂ ਹਿਮਾਚਲ, ਜੰਮੂ ਦੇ ਇਲਾਕੇ ਤੋਂ ਆਉਂਦੇ ਹਨ। ਅਸੀਂ
ਥੋੜੇ ਮੁੰਡੇ ਹੀ ਅੰਮ੍ਰਿਤਸਰ ਜਿਲ੍ਹੇ ਦੇ ਸਾਂ। ਪੱਟੀ ਨਾਲ ਸਬੰਧਤ ਇਕ ਡਾਕਟਰ ਤੇ ਕਾਂਗਰਸੀ
ਨੇਤਾ ਦਾ ਪੁੱਤਰ ਮੇਰਾ ਰੂਮਏਟ ਸੀ। ਰਾਕੇਸ਼ ਤੇ ਹੋਰ ਦੋਸਤ ਕਈ ਵਾਰ ਵਰਤਮਾਨ ਸਿਆਸੀ ਮਾਹੌਲ
ਤੇ ਬਹਿਸ ਕਰਦੇ ਰਹਿੰਦੇ। ਟੀਨਏਜ਼ ਮੁੰਡਿਆ ਦੀ ਇਸ ਬਹਿਸ ‘ਚ ਜਜ਼ਬਾਤ ਹੀ ਹਾਵੀ ਹੁੰਦੇ। ਰਾਕੇਸ਼
ਕਦੇ ਬਹਿਸ ਗੁੱਸੇ ‘ਚ ਨਾ ਖਤਮ ਹੋਣ ਦਿੰਦਾ। ਜੇ ਹੋਰ ਨਹੀਂ ਤਾਂ ਉਸਨੇ ਹੱਸ ਕੇ ਕਹਿਣਾ –
ਭਾਵੇਂ ਅਜ ਬਣਜੇ ਖਾਲਿਸਤਾਨ, ਪੇਪਰ ਤੇ ਨਈਂ ਰੁੱਕਣ ਲੱਗੇ..ਉਹ ਤੇ ਮਾਰਚ ‘ਚ ਹੋ ਜਾਣੇ।
ਸਾਰੇ ਫਿਕਰਮੰਦ ਹੋ ਕੇ ਪੜ੍ਹਣ ਵਿਚ ਲੱਗ ਜਾਂਦੇ। ਫਿਰ ਇਕ ਦਿਨ ਬਹੁਤ ਬੁਰੀ ਖਬਰ ਆਈ। ਸੁਣਿਆ
ਭਿੰਡਰਾਂਵਾਲੇ ਦੇ ਬੰਦਿਆਂ ਨੇ ਰਾਕੇਸ਼ ਦੇ ਪਿਤਾ ਡਾ: ਤਰੇਹਨ ਦਾ ਦਿਨ ਦਿਹਾੜੇ ਕਲੀਨਕ ‘ਚ ਆ
ਕੇ ਕਤਲ ਕਰ ਦਿੱਤਾ। ਸਾਡੀਆਂ ਸਭ ਬਹਿਸਾਂ ਬੰਦ ਹੋ ਗਈਆਂ। ਅਸੀਂ ਰਾਕੇਸ਼ ਦੇ ਕੋਲ ਕੋਈ ਸਿਆਸੀ
ਗੱਲ ਨਾ ਕਰਦੇ। ਰਾਕੇਸ਼ ਬਹੁਤ ਹੌਂਸਲੇ ਵਾਲਾ ਨਿਕਲਿਆ। ਆਪਣਾ ਸਾਰਾ ਜ਼ੋਰ ਪੜ੍ਹਾਈ ਤੇ ਲਾ
ਦਿੱਤਾ। ਸਾਰੇ ਸਮਝਦੇ ਇਹ ਬਹੁਤ ਜਲਦੀ ਸਦਮੇ ‘ਚੋਂ ਨਿਕਲ ਆਇਆ ਹੈ। ਪਰ ਰਾਤ ਨੂੰ ਜਦ ਅਸੀਂ
ਬੱਤੀ ਬੁਝਾ ਕੇ ਸੌਂ ਜਾਂਦੇ, ਉਸਦੇ ਮੰਜੇ ਤੋਂ ਸਿਸਕੀਆਂ ਦੀ ਅਵਾਜ਼ ਆਉਂਦੀ। ਹੁਣ ਸੋਚਦਾਂ
ਉਸਦੀਆਂ ਸਿਸਕੀਆਂ ਵੀ ਉਸ ਮੁੰਡੇ ਦੀਆਂ ਚੀਕਾਂ ਵਰਗੀਆਂ ਸਨ। ਸਿਸਕੀਆਂ...ਚੀਕਾਂ..ਇਕੋ ਹੀ
ਜਗ੍ਹਾ ਤੋਂ ਉੱਠਦੀਆਂ ਨੇ। ਕੌਣ ਕਹਿ ਸਕਦਾ ਹੈ ਕਿਸ ਵਿਚ ਜ਼ਿਆਦਾ ਦਰਦ ਹੈ।
ਜਦ ਮੈਂ ਫਿਰਨੀ ਤੋਂ ਘਰ ਵੱਲ ਮੁੜਦਾ ਹਾਂ ਤਾਂ ਅੱਗੇ ਮਾਮੇ ਫਤਿਹ ਸਿੰਘ ਦੇ ਕੋਲ ਪਿੰਡ ਦੇ
ਦੋ ਤਿੰਨ ਮੁੰਡੇ ਖੜ੍ਹੇ ਗੱਲਾਂ ਕਰ ਰਹੇ ਹਨ। ਮੈਨੂੰ ਦੇਖ ਕੇ ਮਾਮਾ ਇਕ ਦਮ ਮੁੰਡਿਆਂ ਨੂੰ
ਕਹਿੰਦਾ ਹੈ – ਲਓ ਬਈ ਤੁਹਾਡਾ ਕੰਮ ਬਣ ਗਿਆ। ਇਹ ਆਪਣੇ ਬਹੁਤ ਕੰਮ ਆਊ ਭਲ੍ਹਕੇ। ਮਾਮਾ ਫਤਿਹ
ਸਿੰਘ ਆਈ ਟੀ ਆਈ ਪੱਟੀ ਵਿਚ ਪੜਾਉਂਦਾ ਹੈ। ਲੱਖ ਲੁੱਟ ਕਿਸਮ ਦਾ ਬੰਦਾ ਹੈ। ਜਵਾਨੀ ਵਿਚ
ਕਬੱਡੀ ਦਾ ਬਹੁਤ ਚੰਗਾ ਖਿਡਾਰੀ ਸੀ ਪਰ ਨੌਕਰੀ ਮਿਲਣ ਅਤੇ ਵਿਆਹ ਤੋਂ ਬਾਅਦ ਇਸਨੇ ਸਰੀਰ ਅਤੇ
ਦਿਮਾਗ ਨੂੰ ਬਿਲਕੁਲ ਅਰਾਮ ਤੇ ਛੱਡ ਦਿੱਤਾ ਹੈ। ਸਰਕਾਰੀ ਨੌਕਰੀ ਹੈ। ਜੀ ਕੀਤਾ ਚਲੇ ਗਏ। ਜੀ
ਕੀਤਾ ਨਾ ਗਏ। 10 ਵਜ੍ਹੇ ਚਲੇ ਗਏ। 12 ਵਜ੍ਹੇ ਚਲੇ ਗਏ। ਪੜ੍ਹਾ ਲਿਆ ਤਾਂ ਵੀ ਠੀਕ। ਨਾ
ਪੜ੍ਹਾਇਆ ਤਾਂ ਵੀ ਪੌਂ ਬਾਰਾਂ। ਉਂਜ ਮੈਨੂੰ ਹਮੇਸ਼ਾਂ ਇਹ ਚਿਤਵਣ ਵਿਚ ਦਿੱਕਤ ਹੋਈ ਹੈ ਕਿ
ਮਾਮਾ ਫਤਿਹ ਸਿੰਘ ਕਲਾਸ ਵਿੱਚ ਪੜ੍ਹਾ ਰਿਹਾ ਹੈ। ਬਹੁਤ ਹੀ ਬੇਪ੍ਰਵਾਹ ਕਿਸਮ ਦਾ ਇਨਸਾਨ ਸੀ
ਮਾਮਾ। ਜੇ ਗੱਲ ਮਨ ‘ਚ ਆ ਜਾਵੇ ਤਾਂ ਅਗਲੇ ਦੇ ਮੂੰਹ ਤੇ ਕਹਿ ਦਿੰਦਾ ਸੀ। ਕੋਈ ਵਲ ਵਿੰਗ
ਨਹੀਂ ਸੀ ਰੱਖਦਾ। ਬੇਫਿਕਰੀ ਏਨੀ ਕਿ ਕਦੇ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਹਾਲ ਵੀ ਨਾ
ਪੁੱਛਣਾ। ਕੋਈ ਚੰਗੀ ਖਬਰ ਘੱਟ ਹੀ ਉਸਨੂੰ ਖੁਸ਼ ਕਰਦੀ, ਕਿਓਂਕਿ ਉਹ ਪਹਿਲਾਂ ਹੀ ਖੁਸ਼ ਹੁੰਦਾ।
ਨਾ ਹੀ ਕਿਸੇ ਦੀ ਬੁਰੀ ਖਬਰ ਉਸਨੂੰ ਤੰਗ ਕਰਦੀ। ਇਕ ਤਰ੍ਹਾਂ ਬੇਲਾਗ ਜਿਹਾ ਸੀ ਮਾਮਾ ਫਤਿਹ
ਸਿੰਘ। ਉਂਜ ਉਸਦੇ ਮਨ ‘ਚ ਕਿਸੇ ਖਿਲਾਫ ਈਰਖਾ ਜਾਂ ਨਫਰਤ ਦੀ ਭਾਵਨਾ ਘੱਟ ਹੀ ਹੁੰਦੀ ਬਸ
ਉਸਦੀ ਅਣਗਹਿਲੀ ਅਤੇ ਲਾਪਰਵਾਹੀ ਦੀ ਆਦਤ ਨੇੜਲਿਆਂ ਨੂੰ ਰੜਕਦੀ। ਕੋਈ ਬੁਰੀ ਆਦਤ ਨਹੀਂ ਸੀ
ਸਿਵਾਏ ਸ਼ਰਾਬ ਦੇ। ਸ਼ਰਾਬ ਮਾਮਾ ਉਹਨੀਂ ਦਿਨੀਂ ਹਰ ਰੋਜ਼ ਪੀਂਦਾ ਸੀ। ਜੇ ਘਰ ਹੋਏ ਘਰੇ ਪੀ ਲਈ।
ਜੇ ਬਾਹਰ ਹੋਏ ਬਾਹਰ ਪੀ ਲਈ। ਇਸ ਵਿਚ ਨਾਗੇ ਦਾ ਸਵਾਲ ਹੀ ਪੈਂਦਾ ਨਹੀਂ ਸੀ ਹੁੰਦਾ।
ਇਹ ਮੁੰਡੇ ਮਾਮੇ ਨੇ ਪੱਟੀ ਆਈ ਟੀ ਆਈ ‘ਚ ਭਰਤੀ ਕਰਵਾਏ ਹਨ। ਚਲੋ ਜੇ ਹੱਥ ਗਿੱਦੜ ਪਰਵਾਨਾ
ਲੱਗ ਜਾਏ ਤਾਂ ਰੋਜ਼ੀ ਰੋਟੀ ਦੇ ਸਿਰ ਤੇ ਹੋ ਜਾਣਗੇ। ਮੁੰਡਿਆਂ ਨੇ ਦਸਿਆ ਕਿ ਕਲ੍ਹ ਉਹਨਾਂ ਦਾ
ਮੋਟਰ ਮਕੈਨਕੀ ਦਾ ਪੇਪਰ ਹੈ। ਸਾਰਾ ਸਾਲ ਚੱਜ ਨਾਲ ਕਲਾਸ ਨਹੀਂ ਲੱਗੀ। ਆਏ ਦਿਨ ਹੜ੍ਹਤਾਲ
ਹੁੰਦੀ ਹੈ। ਹੁਣ ਨਕਲ ਦੀ ਤੇ ਕੋਈ ਪ੍ਰੋਬਲਮ ਨਹੀਂ, ਸਭ ਨੂੰ ਖੁਲ੍ਹੀ ਛੁੱਟੀ ਹੈ - ਪਰ
ਇਮਤਿਹਾਨ ‘ਚ ਆਏ ਸਵਾਲਾਂ ਦੇ ਸਹੀ ਜਵਾਬ ਕਿਤਾਬ ਚੋਂ ਲੱਭਣ ਲਈ ਵੀ ਕੋਈ ਚਾਹੀਦਾ ਹੈ। ਮਾਮੇ
ਨੇ ਮੁੰਡਿਆਂ ਨੂੰ ਹੌਂਸਲਾ ਦਿੰਦੇ ਦਸਿਆ ਕਿ ਕੋਈ ਗੱਲ ਨਹੀਂ ਜੇ ਕੋਈ ਸਵਾਲ ਬਾਹਰੋਂ ਵੀ ਆ
ਗਿਆ ਤਾਂ ਇਹ ਹੱਲ ਕਰਦੂਗਾ। ਉਹਨਾਂ ਤਰਲਾ ਲਿਆ – ਵੀਰ ਜੀ, ਕਲ੍ਹ ਸਾਡੇ ਨਾਲ ਪੱਟੀ ਚੱਲੋ।
ਨਕਲ ਤੋਂ ਕਚਿਆਣ ਜਿਹੀ ਆਉਂਦੀ ਸੀ ਪਰ ਪੱਟੀ ਜਾਣ ਦਾ ਬਹਾਨਾ ਚੰਗਾ ਸੀ। ਮੈਂ ਅਜੇ ਤੱਕ ਪੱਟੀ
ਨਹੀਂ ਗਿਆ ਸੀ। ਪੱਟੀ ਸਾਡੇ ਪਿੰਡਾਂ ਤੋਂ ਜ਼ਿਆਦਾ ਦੂਰ ਤੇ ਨਹੀਂ ਪਰ ਇਕ ਪਾਸੇ ਜਿਹੇ ਪੈਂਦਾ
ਹੋਣ ਕਰਕੇ ਕਿਸੇ ਖਾਸ ਮਕਸਦ ਲਈ ਹੀ ਜਾਇਆ ਜਾ ਸਕਦਾ ਹੈ ਜਿਵੇਂ ਅਜ ਜਾਣ ਹੋਇਆ ਸੀ। ਅਸੀਂ
ਬਾਰਾਂ ਵਜ੍ਹੇ ਤੋਂ ਪਹਿਲਾਂ ਹੀ ਪੱਟੀ ਪਹੁੰਚ ਗਏ। ਸ਼ਹਿਰ ਤੋਂ ਥੋੜ੍ਹਾ ਬਾਹਰਵਰ ਕਰਕੇ ਆਈ ਟੀ
ਆਈ ਦਾ ਕੈਂਪਸ ਹੈ। ਰੁੱਖ ਬੂਟਿਆਂ ਦੀ ਝੱਲ੍ਹ ਜਿਹੀ ਆਲ ਦੁਆਲੇ। ਪੇਂਡੂ ਅਤੇ ਦੂਜਾ ਸਰਹੱਦੀ
ਇਲਾਕੇ ‘ਚ ਇਸ ਸੰਸਥਾ ਦੀ ਇਮਾਰਤ ਆਸ ਤੋਂ ਜ਼ਿਆਦਾ ਠੀਕ ਸੀ। ਮਾਮੇ ਫਤਿਹ ਸਿੰਘ ਨੇ ਜਾਂਦਿਆ
ਹੀ ਹਾਜ਼ਰ ਸਟਾਫ ਨਾਲ ਮਿਲਵਾਇਆ ਅਤੇ ਕਾਲਜ ਦਾ ਛੋਟਾ ਜਿਹਾ ਟੂਰ ਵੀ ਲਵਾਇਆ। ਕਲਾਸ ਰੂਮ, ਵੱਖ
ਵੱਖ ਕਿੱਤਿਆਂ ਨਾਲ ਸਬੰਧਤ ਵਰਕਸ਼ਾਪਾਂ ਅਤੇ ਸਟਾਫ ਦੇ ਰਹਿਣ ਲਈ ਕੁਝ ਰਹਾਇਸ਼ੀ ਜਗ੍ਹਾ ਵੀ ਸੀ।
ਵਿਦਿਆਰਥੀਆਂ ਲਈ ਦੋ ਜਾਂ ਤਿੰਨ ਮੰਜ਼ਲਾ ਹੋਸਟਲ ਵੀ ਸੀ ਪਰ ਹੋਸਟਲ ਦੇ ਬਾਹਰ ਫੌਜ ਦੀ ਕਿਸੇ
ਬਟਾਲੀਅਨ ਦਾ ਬੋਰਡ ਲੱਗਾ ਸੀ। ਸ਼ਾਇਦ ਇਹ ਪੁਲਸ ਕਮਾਂਡੋਜ਼ ਦਾ ਸੈਂਟਰ ਸੀ। ਕਾਲਜ ਤੇ ਹੋਸਟਲ
ਦੇ ਵਿਚਾਲੇ ਤਾਰ ਲਾ ਕੇ ਵੱਲਗਣ ਹੋਰ ਸੁੱਰਖਿਅਤ ਕੀਤੀ ਹੋਈ ਸੀ। ਫੌਜੀ ਪਹਿਰੇਦਾਰ ਰਾਖੀ
ਕਰਦੇ ਦਿਸ ਰਹੇ ਸੀ। ਸਕੂਲਾਂ ਕਾਲਜਾਂ ਦੀਆਂ ਇਮਾਰਤਾਂ ‘ਚ ਇਹ ਸੀਨ ਉਹਨੀਂ ਦਿਨੀਂ ਆਮ ਸੀ।
ਪੇਪਰ ਸ਼ਾਇਦ ਦੁਪਿਹਰ ਬਾਅਦ ਦੋ ਵਜ੍ਹੇ ਸ਼ੁਰੂ ਹੋਣਾ ਸੀ। ਜਿਉਂ ਹੀ ਟਾਈਮ ਹੋਣਾ ਸ਼ੁਰੂ ਹੋਇਆ,
ਵਿਦਿਆਰਥੀਆਂ ਦੀ ਮਦਦ ਲਈ ਲੋਕ ਕਾਲਜ ਦੀ ਇਮਾਰਤ ਤੋਂ ਥੋੜ੍ਹੀ ਦੂਰ ਲਗਦੀ ਪਾਣੀ ਦੀ ਟੈਂਕੀ
ਪੰਪ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਮੈਂ ਵੀ ਇਕ ਮਦਦਗਾਰ ਨਾਲ ਓਥੇ ਜਾ ਰਲਿਆ। ਨਕਲ ਮਰਵਾਉਣ
ਆਏ ਲੋਕਾਂ ਦਾ ਇਕ ਮੇਲਾ ਜਿਹਾ ਲੱਗ ਗਿਆ ਸੀ। ਇਕ ਪਾਸੇ ਕਾਲਜ ਦੀ ਇਮਾਰਤ ਸੀ ਜਿੱਥੇ
ਇਮਤਿਹਾਨ ਹੋਣਾ ਸੀ ਤੇ ਦੂਜੇ ਪਾਸੇ ਹੋਸਟਲ ਜਿੱਥੇ ਫੌਜੀ ਛਾਉਣੀ ਬੈਠੀ ਹੋਈ ਸੀ। ਵਿਚਕਾਰ ਇਹ
ਸਾਡਾ ਜਮਘਟਾ ਨੌਜਵਾਨਾਂ ਦੀ ਜ਼ਿੰਦਗੀ ਸੰਵਾਰਨ ਦੀ ਜੰਗ ਲੜ ਰਿਹਾ ਸੀ।
ਓਧਰ ਪੇਪਰ ਸ਼ੁਰੂ ਹੋਇਆ ਸੀ ਤੇ ਏਧਰ ਸਵਾਲਨਾਮਾ ਨਕਲ-ਨਵੀਸਾਂ ਕੋਲ ਪਹੁੰਚ ਵੀ ਗਿਆ। ਸਾਰੇ
ਪਰਚੀਆਂ ਬਨਾਉਣ ਵਿੱਚ ਰੁੱਝ ਗਏ। ਕੁਝ ਭਾਊ ਜਿਹੜੇ ਆਪਣੇ ਭਤੀਜਿਆਂ ਦੀ ਹੱਲਾਸ਼ੇਰੀ ਲਈ ਆਏ ਸੀ
ਬਦੋ ਬਦੀ ਸਾਡੇ ਹੱਥਾਂ ‘ਚ ਕਿਤਾਬਾਂ ਦੇ ਰਹੇ ਸੀ। ਆਹ ਸਾਨੂੰ ਵੀ ਲਭਦਿਓ – ਤੇ ਫਿਰ ਕਿਤਾਬ
ਵੱਲ ਇੰਜ ਦੇਖਦੇ ਜਿਵੇਂ ਬੱਚੇ ਸਪੇਰੇ ਦੀ ਪਟਾਰੀ ਵਿਚੋਂ ਸੱਪ ਨਿਕਲਣ ਵੇਲੇ ਦੇਖਦੇ ਹਨ। ਇਹ
ਬਹੁਤੇ ਹਮਾਇਤੀ ਅੰਦਰ ਵਾਲਿਆਂ ਨਾਲੋਂ ਵੀ ਰਹੇ ਸੀ, ਪਰ ਇਹਨਾਂ ਦੀ ਹਿੰਮਤ ਕਾਬਲੇ ਤਰੀਫ ਸੀ।
ਅਜੇ ਇਕ ਦੋ ਪਰਚੀਆਂ ਹੀ ਪੱਕੀਆਂ ਹੋਈਆਂ ਸੀ ਕਿ ਸਾਇਰਨ ਵਜਾਉਂਦੀਆਂ ਪੁਲਸ ਤੇ ਫੌਜੀ ਗੱਡੀਆਂ
ਕਾਲਜ ਵੱਲ ਆਉਂਦੀਆਂ ਦਿਸੀਆਂ। ਕਿਸੇ ਕਹਿ ਦਿੱਤਾ ਸਕਵੈਡ ਪੈ ਗਈ। ਅੱਧੇ ਕੁ ਜਣੇ ਭੱਜ ਤੁਰੇ
ਪਰ ਜਲਦੀ ਸਮਝ ਪੈ ਗਈ ਕਿ ਇਹ ਪੁਲਸ ਜਿਪਸੀਆਂ ਵਿੱਚ ਕਿਸੇ ਨੂੰ ਅੰਦਰ ਲੈ ਕੇ ਆਈ ਹੈ। ਸੁਖ
ਦਾ ਸਾਹ ਲਿਆ ਸਭ ਨੇ। ਗੇਟ ਤੋਂ ਅੰਦਰ ਵੜਦੀਆਂ ਜਿਪਸੀਆਂ ਦੀ ਮਾਮੂਲੀ ਜਿਹੀ ਝਲਕ ਪਈ ਤੇ ਫਿਰ
ਜਿਪਸੀਆਂ ਹੋਸਟਲ ਦੇ ਵਿਹੜੇ ‘ਚ ਜਾ ਖਲੋਤੀਆਂ। ਠੱਪ ਠੱਪ ਪੁਲਸੀਆਂ ਦੇ ਉਤਰਨ ਦੀਆਂ ਅਵਾਜ਼ਾਂ
ਆਈਆਂ। ਤਾਕੀਆਂ ਬੰਦ ਹੋਈਆਂ। ਅਸੀਂ ਫਿਰ ਪਰਚੀਆਂ ‘ਚ ਰੁਝਣ ਲਈ ਆਹੁੜੇ। ਅਜੇ ਬੈਠਣ ਲਈ ਆਸਰਾ
ਹੀ ਲੱਭ ਰਹੇ ਸੀ ਕਿ ਹੋਸਟਲ ਵਲੋਂ ਦਿਲ ਚੀਰਵੀਂ ਲੇਰ ਆਈ – ਮਾਂਅਅਅਅਅਅਅਅਅਅ.........
ਸਾਡੇ ਕੋਲ ਖਲੋਤਾ ਕੋਈ ਬੋਲਿਆ –“ਕੁੱਟਣਗੇ ਹੁਣ ਇਹਨੂੰ।“
“ਐਵੇਂ ਲੂਆਂ ਜਿਹਾ ਸੀ। ਮੁੱਛ ਵੀ ਨਹੀਂ ਚੰਗੀ ਤਰ੍ਹਾਂ ਫੁੱਟੀ ਹੋਣੀ”
“ਅਸੀਂ ਔਧਰ ਗੇਟ ਵਲੋਂ ਆਉਂਦੇ ਦੇਖੇ, ਵਾਲ ਖਿਲਰੇ ਹੋਏ ਸੀ, ਪਤਾ ਨਹੀਂ ਕਿਥੋਂ ਫੜ੍ਹ ਕਿ
ਲਿਆਏ ਨੇ”
ਹੋਸਟਲ ਵਲੋਂ ਹੋਰ ਉੱਚੀ ਅਵਾਜ਼ਾਂ ਆਉਣ ਲੱਗੀਆਂ। ਪੁਲਸੀਏ ਦੇ ਕੁਝ ਪੁੱਛਣ ਦੀ ਅਵਾਜ਼ ਸੁਣਾਈ
ਦਿੰਦੀ ਤੇ ਫਿਰ ਕੁਝ ਸਕਿੰਟ ਬਾਅਦ ਉਸਦੀ ਲੇਰ ਨਿਕਲ ਜਾਂਦੀ।
“ਹਾਏ ਓਏ...ਰਬ ਦੀ ਸਹੁੰ ਮੈਨੂੰ ਕੁਝ ਨੀਂ ਪਤਾ...ਹਈਈਈ.....ਈਈਈ...”
“ਪਤੰਦਰ ਵੇਲਣਾ ਚਾੜ੍ਹਣਗੇ ਇਹਦੇ”
“ਭਾਜੀ, ਜਲਦੀ ਆਹ ਸੱਤ ਨੰਬਰ ਵਾਲਾ ਸਵਾਲ ਲੱਭੋ। ਅੰਦਰ ਤੇ ਅਜੇ ਕੁਝ ਗਿਆ ਈ ਨਈਂ....ਮੁੰਡੇ
ਬਾਰੀਆਂ ਵੱਲ ਮੂੰਹ ਕਰਕੇ ਵੇਖਣ ਡਹੇ ਨੇ।“ ਕਿਸੇ ਨੇ ਮੇਰਾ ਧਿਆਨ ਅਸਲੀ ਕੰਮ ਵਲ ਕਰਨ ਦੀ
ਕੋਸ਼ਿਸ਼ ਕੀਤੀ ਪਰ ਮੁੰਡੇ ਦੀ ਲੇਰ ਕਲੇਜ਼ੇ ‘ਚ ਛੇਕ ਕਰਦੀ ਸੀ।ਅਵਾਜ਼ ਤੋਂ ਹੀ ਲਗਦਾ ਸੀ ਬਹੁਤੀ
ਉਮਰ ਨਹੀਂ ਹੋਣੀ। ਅਜੇ ਮੁੱਛ ਵੀ ਨਹੀਂ ਫੁੱਟੀ ਚੱਜ ਨਾਲ...ਪੰਦਰਾਂ ਸੋਲਾਂ ਦਾ ਮਸਾਂ
ਹੋਊ....ਸੋਚ ਕੇ ਮੇਰਾ ਦਿਲ ਪਸੀਜਿਆ ਗਿਆ।
“ਨਾ ਮਾਰੋ ਮੈਨੂੰ....ਮਾਂ ਦੀ ਸੌਂਹ..ਮੈਨੂੰ...ਹਈਈਈਈ.....” ਉਸਦੀ ਚੀਕ ਨਿਕਲਦੀ ਨਿਕਲਦੀ
ਰੁੱਕ ਗਈ...ਲਗਦਾ ਉਹ ਪੀੜ੍ਹ ਨਾਲ ਦੰਦ ਕਰ੍ਹੀਚ ਰਿਹਾ ਸੀ।
“ਨੌਂਹ ਖਿੱਚਦੇ ਲਗਦਾ” ਕਿਸੇ ਨੇ ਸਹਿਮੀ ਜਿਹੀ ਅਵਾਜ਼ ‘ਚ ਕਿਹਾ। ਪਰਚੀਆਂ ਬਨਾਉਣ ਵਾਲਿਆਂ ਦਾ
ਧਿਆਨ ਹੁਣ ਉੱਕ ਗਿਆ ਸੀ। ਮੈਂ ਹੱਥਲੀ ਕਾਪੀ ਪੈੱਨ ਛੱਡ ਕੇ ਪਾਸੇ ਜਾ ਖਲੋਤਾ। ਹੋਰ ਵੀ ਇਕ
ਦੋ ਜਣੇ ਅਣਮਨੇ ਜਿਹੇ ਪਰ੍ਹਾਂ ਨੂੰ ਹੋ ਗਏ। ਸਾਰੇ ਚੁੱਪ ਕਰ ਗਏ। ਕੁਝ ਇਕ ਪਰਚੀਆਂ ਬਣਾਉਂਦੇ
ਰਹੇ। ਕਦੇ ਕੋਈ ਇਮਤਿਹਾਨ ਹਾਲ ‘ਚੋਂ ਏਧਰ ਆਉਂਦਾ ਪਰ ਸਾਰੇ ਇਸ ਦਹਿਸ਼ਤਜ਼ਦਾ ਮਾਹੌਲ ‘ਚ ਖਾਮੋਸ਼
ਹੋ ਗਏ ਸਨ। ਉਸਦੀ ਆਵਾਜ਼ ਇਸ ਚੁੱਪ ਫਿਜਾ ‘ਚ ਜਦ ਰੁੱਖਾਂ ਦਿਆਂ ਪੱਤਿਆਂ ਵਿਚੋਂ ਦੀ ਸ਼ੂਕਦੀ
ਲੰਘਦੀ ਤਾਂ ਤੀਰ ਵਾਂਗ ਤਿੱਖੀ ਹੋ ਕੇ ਰੂਹ ‘ਚ ਖੁੱਭਦੀ।
ਹੋਸਟਲ ਚੋਂ ਉਸਦੀਆਂ ਚੀਕਾਂ ਅਗਲਾ ਇੱਕ ਘੰਟਾ ਸੁਣਦੀਆਂ ਰਹੀਆਂ। ਉਹ ਉੱਚੀ ਉੱਚੀ ਚੀਕਾਂ
ਮਾਰਦਾ ਤੇ ਬਖਸ਼ਣ ਲਈ ਤਰਲੇ ਕਰਦਾ। ਪੀੜ੍ਹ ਨਾਲ ਕਰ੍ਹੀਂਦਿਆਂ ਉਸਦੀ ਅਵਾਜ਼ ਲੰਮਕ ਜਾਂਦੀ
-“ਸਹੁੰ ਰਬ ਦੀ...ਮੈਨੂੰ ਜਾਣ ਦਿਓ......ਹਾਏ ਮਾਂ..ਮਰਗਿਆ ਓਏ....ਹਈਈਈਈਈ.....” ਉਸਦੀ
ਅਵਾਜ਼ ਦਾ ਇਹ ਅੰਤਲਾ ਹਿੱਸਾ ਏਨਾ ਡੂੰਘਾ ਨਿਕਲਦਾ ਕਿ ਸੁਣ ਕੇ ਏਥੋਂ ਭੱਜ ਜਾਣ ਨੂੰ ਦਿਲ
ਕਰਦਾ।
“ਨਾ ਮਾਰੋ.....ਮੈਨੂੰ ਜਾਣ ਦਿਓ.....”...ਪੀੜ੍ਹ ਜਦ ਹੱਦ ਟੱਪ ਜਾਂਦੀ ਉਸਦੀ ਲੇਰ ਬਦਲ
ਜਾਂਦੀ। “ਤੁਹਾਡਾ ਕੱਖ ਨਾ ਰਹੇ ਓਏ ਜ਼ਾਲਮੋਂ...ਮਰ ਗਿਆ ਓਏ......ਮਾਂ...ਹਾਏ ਓ
ਰੱਬਾ.....”
ਨਹੁੰਆਂ ‘ਚੋਂ ਸਿੰਮਦਾ ਲਹੂ ਤੇ ਉਪਰ ਧੂੜਿਆ ਲੂਣ ਜਿਵੇਂ ਹਵਾ ‘ਚ ਫੈਲ ਰਿਹਾ ਸੀ। ਜਾਂ ਪਤਾ
ਨਹੀਂ ਮੇਰੇ ਮਨ ‘ਚ ਇਸ ਅਣਡਿੱਠ ਦ੍ਰਿਸ਼ ਅਤੇ ਕੀਰਣੇ ਪਾਉਂਦੀ ਆਵਾਜ਼ ਨੇ ਇਹ ਬਦਬੂ ਆਪੇ ਖਿਲਾਰ
ਦਿੱਤੀ ਸੀ।
ਕੁੱਝ ਚਿਰ ਬਾਅਦ ਉਸਦੀ ਅਵਾਜ਼ ਹੰਬਣੀਂ ਸ਼ੁਰੂ ਹੋ ਗਈ।
“ਲਗਦਾ ਬਿਜਲੀ ਲਾ ਰਹੇ ਨੇ...”...ਲੋਕ ਆਪਸ ਵਿਚ ਹੌਲੀ ਹੌਲੀ ਗੱਲਾਂ ਕਰ ਰਹੇ ਸਨ।
ਪੇਪਰ ਨੂੰ ਸ਼ੁਰੂ ਹੋਏ ਦੋ ਘੰਟੇ ਤੋਂ ਉੱਤੇ ਹੋ ਗਏ ਸੀ। ਪਰਚੀਆਂ ਬਨਾਉਣ ਵਾਲੇ ਵੀ ਜ਼ਿਆਦਾ
ਖਿੱਲਰ ਪੁਲਰ ਗਏ ਸੀ। ਉਸਦੀਆਂ ਚੀਕਾਂ ਵੀ ਬੰਦ ਹੋ ਗਈਆਂ ਸੀ। ਜਿਪਸੀਆਂ ਸਟਾਰਟ ਹੋ ਗਈਆਂ
ਸੀ। ਦਰਵਾਜ਼ੇ ਖੁਲ੍ਹਣ ਤੇ ਬੰਦ ਹੋਣ ਦੀਆਂ ਆਵਾਜ਼ਾਂ ਆਈਆਂ।
ਅੱਗੜ੍ਹ ਪਿੱਛ੍ਹੜ ਦੋ ਤਿੰਨ ਗੱਡੀਆਂ ਹੋਸਟਲ ਦੇ ਗੇਟੋਂ ਬਾਹਰ ਹੋ ਗਈਆਂ।
ਮੈਂ ਕਾਲਜ ਦੇ ਪਿਛਲੇ ਪਾਸੇ ਖੜਾ ਪੇਪਰ ਖਤਮ ਹੋਣ ਅਤੇ ਮਾਮੇ ਦੇ ਬਾਹਰ ਆਉਣ ਦੀ ਉਡੀਕ ਵਿਚ
ਸੀ। ਮੇਰੇ ਸਿਰ ‘ਚ ਉਸ ਮੁੰਡੇ ਦੀਆਂ ਚੀਕਾਂ ਗੂੰਜ ਰਹੀਆਂ ਸਨ। ਦਿਲ ਨੂੰ ਕਾਹਲ ਪੈ ਰਹੀ ਸੀ।
ਤਦੇ ਪੇਪਰ ਖਤਮ ਹੋਇਆ ਤਾਂ ਸਭ ਵਿਦਿਆਰਥੀ ਬਾਹਰ ਆਉਣੇ ਸ਼ੁਰੂ ਹੋ ਗਏ। ਪੇਪਰ ਸ਼ਾਇਦ ਸਹੀ ਸਹੀ
ਹੋ ਗਿਆ ਸੀ ਸਭ ਖੁਸ਼ ਸਨ। ਬਾਹਰ ਵਾਲੇ ਵੀ ਤੇ ਅੰਦਰ ਵਾਲੇ ਵੀ। ਉੱਚੀ ਉੱਚੀ ਹਾਸੇ ਦੀਅਂ
ਆਵਾਜ਼ਾਂ ਆ ਰਹੀਆਂ ਸਨ। ਮਾਮਾ ਤੇ ਕੁਝ ਹੋਰ ਸਟਾਫ ਮੈਂਬਰਾਂ ਦੇ ਮਗਰ ਮਗਰ ਮੈਂ ਵੀ ਤੁਰ ਪਿਆ।
ਅਸੀਂ ਬਸ ਅੱਡੇ ਵੱਲ ਜਾ ਰਹੇ ਸਾਂ। ਸ਼ਾਮ ਦੇ 6 ਵੱਜਣ ਵਾਲੇ ਸਨ, ਜਲਦੀ ਬਸ ਲੈ ਕੇ ਘਰ ਨੂੰ
ਜਾਇਆ ਜਾਵੇ। ਪਰ ਇਹਨਾਂ ਦਾ ਹੋਰ ਇਰਾਦਾ ਸੀ। ਅੱਠ ਦਸ ਸਟਾਫ ਮੈਂਬਰਾਂ ਦਾ ਟੋਲਾ ਬਸ ਅੱਡੇ
ਦੇ ਸਾਹਮਣੇ ਇਕ ਹੋਟਲ ਵਿਚ ਜਾ ਵੜਿਆ। ਬੀਅਰ ਤੇ ਸ਼ਰਾਬ ਆਉਣੀ ਸ਼ੁਰੂ ਹੋ ਗਈ। ਏਨੇ ਨੂੰ
ਇੰਚਾਰਜ ਕਲਰਕ ਜਿਸਦਾ ਨਾਮ ਸ਼ਾਇਦ ਸ਼ਸ਼ੀ ਸੀ ਉਹ ਵੀ ਆ ਗਿਆ। ਗੱਲਾਂ ਬਾਤਾਂ ਤੋਂ ਪਤਾ ਲੱਗਾ ਕਿ
ਸ਼ਸ਼ੀ ਨਕਲ ਲਈ ਵਿਦਿਆਰਥੀਆਂ ਤੋਂ ਲਏ ਫੰਡ ਦਾ ਇੰਚਾਰਜ ਸੀ ਤੇ ਅਜ ਸ਼ਾਮ ਦੀ ਸੇਵਾ ਦਾ ਪ੍ਰਬੰਧਕ
ਵੀ। ਮੈਂ ਕਦੇ ਹੋਟਲ ‘ਚੋਂ ਬਾਹਰ ਨਿਕਲ ਕੇ ਖੜ੍ਹ ਜਾਂਦਾ, ਪੱਖੇ ਅੱਗੇ ਹੋਣ ਲਈ ਫਿਰ ਉਹਨਾਂ
ਕੋਲ ਆ ਬੈਠਦਾ। ਇਹ ਬੰਦੇ ਮੁਰਗੇ ਮੰਗਾਈ ਜਾਂਦੇ। ਸ਼ਰਾਬ ਪੀਵੀ ਜਾਂਦੇ। ਕਿਸੇ ਨੂੰ ਕਿਧਰੇ
ਜਾਣ ਦੀ ਕਾਹਿਲ ਨਹੀਂ ਸੀ ਸਿਵਾਏ ਮੇਰੇ। ਪਰ ਮਾਮੇ ਨੂੰ ਇਕੱਲਾ ਛੱਡਕੇ ਮੈਂ ਵੀ ਨਹੀਂ ਜਾ
ਸਕਦਾ ਸੀ। ਇਹਨਾਂ ਦੀਆਂ ਗੱਲਾਂ ‘ਚ ਅਜ ਦੀ ਘਟਨਾ ਦਾ ਕੋਈ ਜ਼ਿਕਰ ਨਹੀਂ ਸੀ। ਕਾਲਜ ਸਟਾਫ ਦੀ
ਸਿਆਸਤ, ਪ੍ਰਿੰਸੀਪਲ ਨੂੰ ਉਪਸ਼ਬਦ ਤੇ ਇਸ ਵਾਰੀ ਨਕਲ ਦੀ ਪੂਰੀ ਖੁਲ੍ਹ ਬਾਰੇ ਹੀ ਗੱਲ ਚਲਦੀ
ਰਹੀ। ਹੁਣ ਹਨੇਰਾ ਹੋ ਚੁੱਕਾ ਸੀ। ਪਰ ਇਹ ਮਹਿਫਲ ਉੱਠਦੀ ਨਾ ਦਿਸੀ। ਮੈਂ ਕਈ ਵਾਰ ਮਾਮੇ ਨੂੰ
ਜਾਣ ਲਈ ਕਿਹਾ ਵੀ।
ਜਦ ਨੂੰ ਅਸੀਂ ਬਾਹਰ ਨਿਕਲੇ ਪੂਰੀ ਰਾਤ ਪੈ ਚੁੱਕੀ ਸੀ। ਅੱਡੇ ਤੇ ਸੁੰਨਸਾਨ ਸੀ। ਕੋਈ ਬਸ
ਨਜ਼ਰ ਨਹੀਂ ਸੀ ਆ ਰਹੀ। ਟੈਕਸੀ ਸਟੈਂਡ ਵਾਲੇ ਵੀ ਇਸ ਵਕਤ ਨਾਲ ਜਾਣ ਲਈ ਰਾਜ਼ੀ ਨਹੀਂ ਸਨ।
ਅਖੀਰ ਹੋਟਲ ਅਤੇ ਪ੍ਰਿੰਸੀਪਲ ਦੀ ਸ਼ਾਹਦੀ ਤੇ ਅੱਡੇ ਤੇ ਤਾਇਨਾਤ ਪੁਲਸੀਆਂ ਨੇ ਸਾਡੇ ਲਈ ਕਾਰ
ਦਾ ਪ੍ਰਬੰਧ ਕਰ ਦਿੱਤਾ। ਸੁੰਨਸਾਨ ਸੜਕ ਤੇ ਲੱਗੇ ਨਾਕਿਆ ਤੇ ਪੁਲਸ ਰੋਕਦੀ ਤਾਂ ਟੈਕਸੀ
ਡਰਾਈਵਰ ਕੋਈ ਸਪੈਸ਼ਲ ਕਾਰਡ ਦਿਖਾ ਦਿੰਦਾ ਜੋ ਸ਼ਾਇਦ ਅੱਡੇ ਵਿਚਲੇ ਪੁਲਸੀਆਂ ਵਲੋਂ ਹਿੱਸੇ ਦੇ
ਆਧਾਰ ਤੇ ਦਿੱਤਾ ਗਿਆ ਸੀ। ਅਸੀਂ ਗਈ ਰਾਤ ਘਰ ਪਹੁੰਚੇ ਤੇ ਸੌਂ ਗਏ।
ਸਾਰੇ ਰਾਹ ਅਤੇ ਸਾਰੀ ਰਾਤ ਮੇਰੇ ਮਨ ‘ਚ ਉਸ ਮੁੰਡੇ ਦੀਆਂ ਚੀਕਾਂ ਤੇ ਮਾਮੇ ਵਲੋਂ ਦਿਖਾਈ ਗਈ
ਲਾਪਰਵਾਹੀ ਦੀ ਇੰਤਹਾ ਨੇ ਬੇਚੈਨੀ ਮਚਾਈ ਹੋਈ ਸੀ। ਮੈਂ ਸਵੇਰੇ ਉੱਠਕੇ ਫਟਾਫਟ ਤਿਆਰ ਹੋ ਕੇ
ਨਿਕਲਣਾ ਚਾਹੁੰਦਾ ਸੀ ਪਰ ਮਾਮਾ ਮੇਰੇ ਤੋਂ ਵੀ ਪਹਿਲਾਂ ਉੱਠ ਕੇ ਖੇਤਾਂ ਨੂੰ ਚਲਾ ਗਿਆ ਸੀ।
ਜਦ ਮੈਂ ਤਿਆਰ ਹੋ ਕੇ ਜਾਣ ਹੀ ਵਾਲਾ ਸੀ ਉਹ ਵੀ ਦਾਤਣ ਕਰਦਾ ਘਰ ‘ਚ ਆਣ ਵੜਿਆ। ਮੇਰੇ ਵੱਲ
ਸਰਸਰੀ ਦੇਖਿਆ ਤੇ ਮੈਨੂੰ ਨਲਕਾ ਗੇੜ੍ਹਣ ਲਈ ਕਿਹਾ। ਆਪ ਮੂੰਹ ਸਾਫ ਕਰਦਾ ਰਿਹਾ। ਉਸਦੀ ਆਦਤ
ਸੀ ਕਈ ਵਾਰ ਲੋਰ ‘ਚ ਆ ਬੇਧਿਆਨੀ ਵਿਚ ਉਹੀ ਕੰਮ ਬਾਰ ਬਾਰ ਕਰੀ ਜਾਂਦਾ। ਉਸਨੇ ਪੂਰੇ 5 ਮਿੰਟ
ਮੂੰਹ ‘ਚੋਂ ਦਾਤਣ ਸਾਫ ਕੀਤੀ। ਫਿਰ ਮੇਰੇ ਵੱਲ ਆਹੁਲਿਆ ਜਿਵੇਂ ਕੁਝ ਕਹਿਣਾ ਚਾਹੁੰਦਾ ਸੀ ਪਰ
ਰੁੱਕ ਗਿਆ। ਜਦੋਂ ਮੈਂ ਸਭ ਨੂੰ ਸਾਸਰੀਕਾਲ ਬੁਲਾ ਕੇ ਬੂਹਿਓਂ ਬਾਹਰ ਹੋਇਆ ਤਾਂ ਮਾਮਾ ਵੀ
ਮੇਰੇ ਮਗਰੇ ਬਾਹਰ ਨਿਕਲ ਆਇਆ। ਮੈਨੂੰ ਮਗਰੋਂ ਉਸਦੀ ਆਵਾਜ਼ ਸੁਣੀ – “ਸਾਲੇ ਮਾਦਰਚੋ...ਜਲਾਦ
ਕਿਸੇ ਥਾਂ ਦੇ...ਸਕੂਲ ਜਾਂਦਾ ਮੁੰਡਾ ਕੋਹ ਛੱਡਿਆ ਦੱਲਿਆਂ ਨੇ....” ਮੈਂ ਪੈਰ ਦੱਬਕੇ ਉਸ
ਕੋਲ ਖਲੋ ਗਿਆ। ਉਹਨੇ ਮੇਰੇ ਮੋਢੇ ਤੇ ਹੱਥ ਰੱਖਦਿਆਂ ਪੁੱਛਿਆ –“ਕਿੱਥੇ ਚਲਿਆਂ, ਪਿੰਡ ਕਿ
ਲੁਧਿਆਣੇ?” ਫਿਰ ਮੇਰੇ ਜਵਾਬ ਤੋਂ ਪਹਿਲਾਂ ਹੀ ਕਹਿਣ ਲੱਗਾ – “ ਸਿੱਧਾ ਪਿੰਡ ਜਾ...ਘਰਦੇ
ਉਡੀਕਦੇ ਹੋਣਗੇ” ਮੈਂ ਜ਼ਿੰਦਗੀ ‘ਚ ਪਹਿਲੀ ਵਾਰ ਉਸਦੇ ਚਿਹਰੇ ਤੇ ਫਿਕਰ ਦੇਖਿਆ ਸੀ।
ਪਰ ਉਸ ਅਜਨਬੀ ਮੁੰਡੇ ਦੀਆਂ ਚੀਕਾਂ ਕਈ ਵਰ੍ਹੇ ਮੈਨੂੰ ਡਰਾਉਂਦੀਆਂ ਰਹੀਆਂ। ਹਮੇਸ਼ਾਂ ਉਸਦੀ
ਹੀ ਆਵਾਜ਼ ਸੁਣਦੀ ਪਰ ਉਸਦੇ ਨਕਸ਼ਹੀਣ ਚਿਹਰੇ ‘ਚ ਕਈ ਹੋਰ ਚਿਹਰੇ ਘੁਲ ਮਿਲ ਕੇ ਮੇਰੇ ਮਨ ‘ਚ
ਰੁਦਣ ਕਰਦੇ ਰਹਿੰਦੇ। ਕਈ ਵਾਰ ਮੈਨੂੰ ਲਗਦਾ ਉਨ੍ਹਾਂ ਕਰੁਣਾਮਈ ਸਾਲਾਂ ‘ਚ ਨਿਕਲੀਆਂ ਉਹ
ਮੇਰੀਆਂ ਆਪਣੀਆਂ ਹੀ ਸਿਸਕੀਆਂ ਤੇ ਚੀਕਾਂ ਸਨ ਜਿੰਨਾਂ ਨੂੰ ਮੈਂ ਉਸ ਵਕਤ ਕਿਧਰੇ ਡੂੰਘਾ
ਦਬਾਅ ਆਇਆ ਸਾਂ।
-0-
|