Welcome to Seerat.ca
Welcome to Seerat.ca

ਗੁਫ਼ਾ ਵਿਚਲੀ ਉਡਾਣ

 

- ਵਰਿਆਮ ਸਿੰਘ ਸੰਧੂ

ਕੀ ਸਿਸਕੀਆਂ ਕੀ ਚੀਕਾਂ

 

- ਜਗਜੀਤ

ਨ੍ਹਾਮਾ ਫਾਂਸੀਵਾਲ਼ਾ

 

- ਅਮਰਜੀਤ ਚੰਦਨ

ਮੇਰਾ ਚਹੇਤਾ ਅਧਿਆਪਕ - ਡਾ. ਕੇਸਰ ਸਿੰਘ ਕੇਸਰ

 

- ਬਲਦੇਵ ਸਿੰਘ ਧਾਲੀਵਾਲ

ਪੰਜਾਬੀ ਦੇ ਪੋਰਸ ਸੁਖਬੀਰ ਅਤੇ ਬੰਬਈ ਦੇ ਲੇਖਕਾਂ ਸੰਗ ਯਾਦਗਾਰੀ ਪਲ

 

- ਸੰਤੋਖ ਸਿੰਘ ਸੰਤੋਖ

ਸੁਰਿੰਦਰ ਨੀਰ ਦੇ ਮਹਾਂਕਾਵਿਕ ਨਾਵਲ ‘ਮਾਇਆ‘ ਨੂੰ ਪੜ੍ਹਦਿਆਂ, ਵਿਚਾਰਦਿਆਂਔਰਤ ਦੀ ਤਾਕਤ

 

- ਗੁਰਦਿਆਲ ਸਿੰਘ ਬੱਲ

ਟੇਢਾ ਰੰਗ / ਚੋਣ ਸਮੱਗਰੀ ਦੀ ਹੱਟੀ

 

- ਗੁਰਦੇਵ ਚੌਹਾਨ

ਗੈਬਰੌਨ ਦੀ ਯਾਤਰਾ

 

- ਗਿਆਨੀ ਸੰਤੋਖ ਸਿੰਘ

ਮਾਂ ਦਾ ਦੇਸ ਕਿ ਪ੍ਰਦੇਸ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਗਰੀਡੀ ਡੌਗ

 

- ਹਰਪ੍ਰੀਤ ਸੇਖਾ

ਬਾਬਾ ਬੂਝਾ ਸਿੰਘ

 

- ਅਜਮੇਰ ਸਿੱਧੂ

ਬਲੂ ਸਟਾਰ ਓਪ੍ਰੇਸ਼ਨ ਦੀ ਵਰ੍ਹੇ ਗੰਢ ਤੇ

 

- ਗੁਲਸ਼ਨ ਦਿਆਲ

ਸਾਹਿਤਕ ਸਵੈ-ਜੀਵਨੀ/ਪਹਿਲੀ ਸ਼ਾਬਾਸ਼

 

- ਵਰਿਆਮ ਸਿੰਘ ਸੰਧੂ

ਵਗਦੀ ਏ ਰਾਵੀ/ਸਾਂਝ ਤੇ ਵਿਰੋਧ ਦੀ ਦੋ-ਰੰਗੀ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਵਲੈਤ ਵਿੱਚ ਪੰਜਾਬ ਲਈ ਕੁਝ ਹੰਝੂ

 

- ਦਰਸ਼ਨ ਸਿੰਘ

ਅੱਤ ਖ਼ੁਦਾ ਦਾ ਵੈਰ

 

- ਸੁਖਦੇਵ ਸਿੱਧੂ

ਸਰਬਜੀਤ ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ..........!

 

- ਮਨਦੀਪ ਖੁਰਮੀ ਹਿੰਮਤਪੁਰਾ

ਮਿੰਨੀ ਕਹਾਣੀ/ ਦੂਹਰਾ ਝਾੜੂ....

 

- ਰਵੀ ਸੱਚਦੇਵਾ

ਕੀ ਸ਼ੇਰਾਂ ਨੂੰ ਵੀ ਏਡਜ਼ ਹੁੰਦੀ ਹੈ?

 

- ਬਰਜਿੰਦਰ ਗੁਲਾਟੀ

ਯਾਦਾਂ ਦੇ ਬਾਲ-ਝਰੋਖੇ ‘ਚੋਂ / ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨਦੀਪ ਸੰਧੂ

ਪਹਿਲੀ ਗੈਰ ਮਜ਼ਹਬੀ ਅਤੇ ਗੈਰ ਫ਼ਿਰਕੂ ਜਥੇਬੰਦ ਕੌਮੀ ਇਨਕਲਾਬੀ ਲਹਿਰ

 

- ਜਗਜੀਤ ਸਿੰਘ

ਪੁਸਤਿਕ ਰਵਿਊ / ਵਲੈਤ ਨੂੰ 82 ਚਿੱਠੀਆਂ ਅਤੇ ਕਾਵਿ ਸੰਗ੍ਰਹਿ ਦੂਜਾ ਜਨਮ

 

- ਦੇਵਿੰਦਰ ਨੌਰਾ

The Faith and Political Ideologies of Maulana Barkatullah Bhopali

 

- Mohammed Ayub Khan

ਨਿੱਕੀਆਂ ਵੱਡੀਆਂ ਧਰਤੀਆਂ

 

- ਇਕਬਾਲ ਰਾਮੂਵਾਲੀਆ

 

Online Punjabi Magazine Seerat


ਕੀ ਸ਼ੇਰਾਂ ਨੂੰ ਵੀ ਏਡਜ਼ ਹੁੰਦੀ ਹੈ?
- ਬਰਜਿੰਦਰ ਗੁਲਾਟੀ
 

 

ਟੋਰੌਂਟੋ ਦੇ ਇੱਕ ਕਮਿਊਨਿਟੀ ਸੈਂਟਰ ਦੇ ਸੀਨੀਅਰਜ਼ ਦੇ ਗਰੁੱਪ ਵਿੱਚ ਗੱਲ ਹੋ ਰਹੀ ਸੀ ਕਿ ਸਭ ਤੋਂ ਜਿ਼ਆਦਾ ਏਡਜ਼ ਸੀਨੀਅਰਜ਼ ਕੋਲ ਹੁੰਦੀ ਐ – ਨਜ਼ਰ ਕਮਜ਼ੋਰ ਹੋਈ ਤਾਂ ਐਨਕ ਲੱਗ ਗਈ – ਵਿਯਨ ਏਡ, ਘੱਟ ਸੁਣਨ ਲੱਗੇ ਤਾਂ ਹਿਅਰਿੰਗ ਏਡ; ਤੁਰਨਾ ਮੁਸ਼ਕਿਲ ਹੋਣ ਲੱਗਾ ਤਾਂ ਹੱਥ ਵਿੱਚ ਸੋਟੀ ਆ ਗਈ ਤੇ ਬਾਅਦ ’ਚ ਵਾਕਰ ਜਾਂ ਹਾਲਾਤ ਹੋਰ ਮਾੜੇ ਹੋਏ ਤਾਂ ਵ੍ਹੀਲ ਚੇਅਰ ਲੈਣੀ ਪੈ ਗਈ। ਏਹੀ ਨਹੀਂ, ਦੰਦ ਨਿਕਲਣ ਲੱਗੇ ਤਾਂ ਡੈਂਚਰ ਦੀ ਲੋੜ ਅਤੇ ਪੈਰ ਦੁਖਣ ਲੱਗੇ ਤਾਂ ਔਰਥੋਪੈਡਿਕ ਬੂਟ; ਖ਼ੈਰ, ਹੋਰ ਵੀ ਬਹੁਤ ਸਹੂਲਤਾਂ ਏਡਜ਼ ਦੇ ਰੂਪ ਵਿੱਚ ਹੁੰਦੀਆਂ ਹਨ - ਮੈਂ ਕਿਹਾ, “ਇਹਨਾਂ ਸਹੂਲਤਾਂ ਨੂੰ ਏਡਜ਼ ਕਹਿਣਾ ਐ ਤਾਂ ਕਹਿ ਲਓ, ਕੋਈ ਗੱਲ ਨਹੀਂ। ਪਰ, ਰੱਬ ਕਰੇ ਉਹ ਏਡਜ਼ ਤਾਂ ਕਿਸੇ ਨੂੰ ਵੀ ਨਾ ਹੋਵੇ, ਬੜੀ ਨਾਮੁਰਾਦ ਬੀਮਾਰੀ ਐ”।
ਸੰਨ 2010 ਵਿੱਚ ਇੰਡੀਆ ਦੀ ਲੋਕ ਸਭਾ ਵਿੱਚ ਯੂ.ਪੀ. ਦੀ ਸਮਾਜਵਾਦੀ ਪਾਰਟੀ ਦੇ ਐਮ.ਪੀ. ਤੂਫ਼ਾਨੀ ਸਰੋਜ ਨੇ ਸਵਾਲ ਉਠਾਇਆ ਸੀ ਕਿ ਕੀ ਚੀਤਿਆਂ ਅਤੇ ਸ਼ੇਰਾਂ ਨੂੰ ਵੀ ਏਡਜ਼ ਹੁੰਦੀ ਹੈ? ਵਾਤਾਵਰਣ ਲਈ ਜਿ਼ੰਮੇਵਾਰ ਮਨਿਸਟਰ ਜੈਰਾਮ ਰਮੇਸ਼ ਨੇ ਇਸ ਸਵਾਲ ਦੇ ਜਵਾਬ ਲਈ ਵਾਈਲਡ-ਲਾਈਫ਼ ਇੰਸਟੀਚਿਊਟ ਔਫ਼ ਇੰਡੀਆ ਨੂੰ ਪੁਖ਼ਤਾ ਸਬੂਤ ਇਕੱਠੇ ਕਰਨ ਲਈ ਕਿਹਾ। ਵਾਈਲਡ-ਲਾਈਫ਼ ਵਾਲਿਆਂ ਪੂਰੀ ਵਾਹ ਲਾ ਕੇ ਦੋ ਸਾਲ ਬਾਅਦ ਦੱਸਿਆ ਕਿ ਕੋਈ ਸਬੂਤ ਇਸ ਗੱਲ ਦੀ ਪੁਸ਼ਟੀ ਲਈ ਨਹੀਂ ਮਿਲਿਆ ਕਿ ਸ਼ੇਰ ਜਾਂ ਚੀਤੇ ਵੀ ਏਡਜ਼ ਦਾ ਸਿ਼ਕਾਰ ਹੁੰਦੇ ਨੇ। ਇਸ ਸਵਾਲ ਦੀ ਸੰਤੁਸ਼ਟੀ ਲਈ ਲੱਖਾਂ ਰੁਪਏ ਖਰਚ ਹੋ ਗਏ ਹੋਣਗੇ ਸਰਕਾਰ ਦੇ ਪਰ ਉਸ ਐਮ.ਪੀ. ਦੇ ਮਨ ਵਿੱਚ ਇਹ ਸਵਾਲ ਕਿਵੇਂ ਆਇਆ ਹੋਵੇਗਾ, ਪਤਾ ਨਹੀਂ। ਹਾਂ, ਅੱਜ ਦੇ ਪੰਜਾਬੀ ਸ਼ੇਰਾਂ ਵਿੱਚ ਇਸ ਨਾਮੁਰਾਦ ਬੀਮਾਰੀ ਦਾ ਕਿੰਨਾ ਵਾਧਾ ਹੋ ਰਿਹਾ ਹੈ, ਇਸ ਬਾਰੇ ਸੋਚਣ ਦੀ ਲੋੜ ਜ਼ਰੂਰ ਮਹਿਸੂਸ ਹੋਈ ਹੈ।
ਵਰਲਡ ਹੈਲਥ ਔਰਗੇਨਾਈਜ਼ੇਸ਼ਨ ਵੱਲੋਂ 1 ਦਿਸੰਬਰ, 1988 ਤੋਂ ਵਰਲਡ ਏਡਜ਼ ਡੇਅ ਮਨਾਉਣਾ ਸ਼ੁਰੂ ਹੋਇਆ। ਰੂਸ ਨੇ 1993 ਵਿੱਚ ਏਡਜ਼ ਬਾਰੇ ਜਾਗਰੂਕਤਾ ਫੈਲਾਉਣ ਲਈ ਡਾਕ ਟਿਕਟ ਜਾਰੀ ਕੀਤੀ ਸੀ। 2007 ਤੋਂ ਵ੍ਹਾਈਟ ਹਾਊਸ ਵਿੱਚ ਵੀ 28 ਫੁੱਟ ਉੱਚਾ ਏਡਜ਼ ਦਾ ਰਿੱਬਨ ਨੌਰਥ ਪੋਰਟਿਕੋ ਵਿੱਚ ਲਗਾਇਆ ਗਿਆ। ਟੋਰੌਂਟੋ ਵਿੱਚ 2012 ਦਾ ਟੀਚਾ ਮਿੱਥਿਆ ਗਿਆ - ਗੈਟਿੰਗ ਟੂ ਜ਼ੀਰੋ। ਦੁਨੀਆਂ ਵਿੱਚ ਸੰਨ 2001 ਦੇ ਮੁਕਾਬਲੇ 2011 ਵਿੱਚ 700,000 ਘੱਟ ਨਵੇਂ ਕੇਸ ਆਏ ਨੇ ਲੇਕਿਨ ਐਨੇ ਹੀ ਲੋਕ ਹਾਲੇ ਵੀ ਇਲਾਜ ਤੋਂ ਵਾਂਝੇ ਰਹਿ ਗਏ ਹਨ। ਹਾਂ, ਜਿਹੜੀਆਂ ਸੇਵਾਵਾਂ ਮਿਲਣ ਨੂੰ ਪਹਿਲਾਂ 10 ਸਾਲ ਲੱਗ ਜਾਂਦੇ ਸਨ, ਉਹ ਹੁਣ 2 ਸਾਲਾਂ ਵਿੱਚ ਮੁਹੱਈਆ ਹੋ ਜਾਂਦੀਆਂ ਹਨ। ਇੰਡੀਆ ਅਤੇ ਮਇਨਮਾਰ ਵਿੱਚ ਨਵੇਂ ਇਨਫੈਕਸ਼ਨ 50% ਘਟੇ ਨੇ ਪਰ ਬੰਗਲਾ ਦੇਸ਼, ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਸ੍ਰੀ ਲੰਕਾ ’ਚ ਵਾਧਾ ਹੋਇਆ ਹੈ।
ਸ਼ਾਇਦ ਤੁਸੀਂ ਸੋਚ ਰਹੇ ਹੋਵੋ ਕਿ ਏਡਜ਼ ਬਾਰੇ ਗੱਲ ਕਰਨ ਦੀ, ਕੁਝ ਹੋਰ ਜਾਣਨ ਦੀ ਸਾਨੂੰ ਲੋੜ ਨਹੀਂ, ਫਿਰ ਇਸ ਵਿਸ਼ੇ ਬਾਰੇ ਸਾਹਿਤਿਕ ਅਦਾਰੇ ਵਿੱਚ ਇਸ ਦਾ ਚਰਚਾ ਕਿਉਂ? ਮੇਰੇ ਵਿਚਾਰ ਵਿੱਚ ਹਰ ਉਹ ਬੀਮਾਰੀ ਜਿਸ ਨਾਲ ਇਨਸਾਨ ਪੀੜਿਤ ਹੋ ਸਕਦਾ ਹੈ ਚਾਹੇ ਉਸ ਦੇ ਸਰੀਰ, ਮਨ ਜਾਂ ਸੋਚ ਨੂੰ ਪ੍ਰਭਾਵਿਤ ਕਰ ਸਕਦੀ ਹੋਵੇ, ਸਾਹਿਤ ਵਿੱਚ ਉਸ ਦਾ ਜਿ਼ਕਰ ਅਤੇ ਫਿ਼ਕਰ ਕਰਨ ਦੀ ਲੋੜ ਹੈ ਕਿਉਂਕਿ ਸਾਹਿਤ ਲੋਕਾਂ ਦੇ ਹਿੱਤ ਲਈ ਹੁੰਦਾ ਹੈ। ਚੰਗੇ ਜਾਂ ਮਾੜੇ ਕਿਰਦਾਰ ਹੀ ਸਮਾਜ ਵਿਚਲੀ ਚੰਗਿਆਈ, ਬੁਰਿਆਈ ਨੂੰ ਉਘਾੜ ਕੇ ਲਿਆਉਂਦੇ ਨੇ।
ਸਭ ਤੋਂ ਪਹਿਲਾ ਸਵਾਲ ਹੈ ਕਿ ਏਡਜ਼ ਯਾਨੀ ਐਕੁਆਇਰਡ ਇਮਿਊਨੋ-ਡੈਫ਼ੀਸਿ਼ਐਂਸੀ ਹੁੰਦੀ ਕੀ ਹੈ?
ਜਿਵੇਂ ਕੰਪਿਊਟਰ ਵਿੱਚ ਜੇ ਕੋਈ ਵਾਇਰਸ ਆ ਜਾਵੇ ਤਾਂ ਸਭ ਪ੍ਰੋਗ੍ਰਾਮਾਂ ਨੂੰ ਨਸ਼ਟ ਕਰ ਸਕਦਾ ਹੈ। ਇਸੇ ਤਰ੍ਹਾਂ ਸਾਡੇ ਸਰੀਰ ਦੇ ਇਮਿਊਨ ਸਿਸਟਮ ਵਿੱਚ ਕਮਜ਼ੋਰੀ ਆ ਜਾਵੇ ਤਾਂ ਸਰੀਰ ਦੀ ਬੀਮਾਰੀਆਂ ਨਾਲ ਲੜਣ ਦੀ ਤਾਕਤ ਖ਼ਤਮ ਹੋ ਜਾਂਦੀ ਹੈ। ਇਹ ਕੁਦਰਤੀ ਨਹੀਂ ਹੁੰਦਾ, ਸਗੋਂ ਗ੍ਰਹਿਣ ਕੀਤਾ ਜਾਂਦਾ ਹੈ, ਇਸ ਦੇ ਕਾਰਨ ਕਈ ਹੋ ਸਕਦੇ ਹਨ। ਪਹਿਲਾਂ ਸਿਰਫ਼ ਅਣਸੁਰੱਖਿਅਤ ਸੰਭੋਗ ਨੂੰ ਹੀ ਏਡਜ਼ ਦਾ ਕਾਰਨ ਸਮਝਦੇ ਰਹੇ ਹਾਂ। ਇਹ ਬਹੁਤ ਤੇਜ਼ੀ ਨਾਲ ਫ਼ੈਲ ਰਿਹਾ ਹੈ ਅਤੇ ਇਸ ਦੇ ਹੋਰ ਵੀ ਕਾਰਨ ਹਨ –
- ਨਸ਼ੇ ਲੈਣ ਲਈ ਜਾਂ ਟੈਟੂ ਬਣਾਉਣ ਲਈ ਸੂਈਆਂ ਦੀ ਸਾਂਝ
- ਅਣਸੁਰੱਖਿਅਤ ਖ਼ੂਨ-ਦਾਨ
- ਹਸਪਤਾਲ ਵਿੱਚ ਔਜ਼ਾਰਾਂ ਦਾ ਚੰਗੀ ਤਰ੍ਹਾਂ ਨਾਲ ਜਰਮ ਰਹਿਤ ਨਾ ਕੀਤੇ ਜਾਣਾ
- ਮਾਤਾ ਪਿਤਾ ਤੋਂ ਬੱਚੇ ਵਿੱਚ ਇਸ ਘਾਟ ਦਾ ਜਾਣਾ
ਸਵਾਲ ਹੈ ਕਿ ਪਤਾ ਕਿਵੇਂ ਲੱਗੇਗਾ ਕਿ ਏਡਜ਼ ਆਪਣੇ ਸਿ਼ਕਾਰ ਤੇ ਸਿ਼ਕੰਜਾ ਕੱਸ ਰਹੀ ਹੈ– ਸੱਚਾਈ ਇਹ ਹੈ ਕਿ ਬਹੁਤ ਵਾਰ ਤਾਂ ਸਾਲਾਂ ਤੱਕ ਇਸ ਦਾ ਪਤਾ ਹੀ ਨਹੀਂ ਲੱਗਦਾ। ਕਈ ਵਾਰ ਤਿੰਨ ਤੋਂ ਛੇ ਹਫ਼ਤਿਆਂ ਤੱਕ ਸਿਰਫ਼ ਵਾਇਰਸ ਦਾ ਇਨਫੈਕਸ਼ਨ ਹੁੰਦਾ ਹੈ ਜਿਵੇਂ ਕਿਸੇ ਆਮ ਫ਼ਲੂਅ ਵਕਤ ਹੁੰਦਾ ਹੈ। ਸ਼ੁਰੂ ਵਿੱਚ ਮੁੱਖ ਅਲਾਮਤਾਂ ਹੁੰਦੀਆਂ ਹਨ -
- ਸਰੀਰ ਦਾ ਨਿਢਾਲ ਜਿਹਾ ਰਹਿਣ ਲੱਗਣਾ
- ਸਰੀਰ ਦਾ ਭਾਰ ਬਹੁਤ ਥੋੜ੍ਹੀ ਦੇਰ ਵਿੱਚ ਹੀ 10% ਤੋਂ ਵੀ ਜਿ਼ਆਦਾ ਘਟ ਜਾਣਾ।
- ਮਹੀਨੇ ਤੋਂ ਵੀ ਵੱਧ ਸਮੇਂ ਤੱਕ ਬੁਖਾਰ ਹਰ ਰੋਜ਼ ਰਹਿਣ ਲੱਗੇ ਜਾਂ ਆਮ ਤੌਰ ਤੇ ਚੜ੍ਹਦਾ ਰਹੇ।
- ਮਹੀਨੇ ਤੋਂ ਵੀ ਵੱਧ ਸਮੇਂ ਲਈ ਦਸਤ ਜਾਂ ਮਰੋੜ ਲੱਗਦੇ ਰਹਿਣ
ਹੋਰ ਅਲਾਮਤਾਂ ਹੁੰਦੀਆਂ ਹਨ - ਮਹੀਨੇ ਤੋਂ ਵੀ ਉੱਪਰ ਹੋ ਜਾਵੇ ਪਰ ਲੱਗੀ ਖੰਘ ਠੀਕ ਹੀ ਨਾ ਹੋਵੇ। ਸਿਰ ਦਰਦ, ਸਰੀਰ ਦੀ ਬੇਹੱਦ ਥਕਾਵਟ ਜਿਵੇਂ ਹੱਡ ਪੈਰ ਟੁੱਟ ਰਹੇ ਹੋਣ, ਜੀਅ ਮਿਤਲਾਉਣਾ, ਗਰਦਨ/ਕੱਛਾਂ ਵਿੱਚ/ਜਾਂ ਚੱਡਿਆਂ (ਗ੍ਰੌਇਨਜ਼) ਦੀਆਂ ਗਿਲ੍ਹਟੀਆਂ ਦਾ ਜਿ਼ਆਦਾ ਵਧ ਜਾਣਾ। ਚਮੜੀ ਤੇ ਹਰ ਵਕਤ ਖਾਰਿਸ਼ ਹੁੰਦੀ ਰਵ੍ਹੇ ਜਾਂ ਸਿ਼ੰਗਲਜ਼ ਹੋ ਜਾਣ, ਉਹ ਵੀ ਬਾਰ ਬਾਰ।
ਸੱਤ ਦਿਨਾਂ ਤੋਂ ਮਹੀਨੇ ਕੁ ਤੱਕ ਤਾਂ ਹਰ ਕੋਈ ਇਸ ਨੂੰ ਆਮ ਜਿਹਾ ਵਾਇਰਲ ਇਨਫੈਕਸ਼ਨ ਸਮਝ ਲੈਂਦਾ ਹੈ। ਜਦ ਕਿ ਵਾਇਰਸ ਅੰਦਰੋਂ ਦੀ ਇਮਿਊਨ ਸਿਸਟਮ ਨੂੰ ਖੋਖਲਾ ਕਰੀ ਜਾਂਦਾ ਹੈ। ਏਡਜ਼ ਦਾ ਵਾਇਰਸ ਅੰਦਰ ਹੀ ਅੰਦਰ ਸਰੀਰ ਵਿੱਚ ਫੈਲਣ ਲੱਗਦਾ ਹੈ ਅਤੇ ਉਸ ਮਰੀਜ਼ ਤੋਂ ਕਿਸੇ ਹੋਰ ਮਰੀਜ਼ ਨੂੰ ਵੀ ਹੋ ਸਕਦਾ ਹੈ। ਕਈ ਵਾਰ ਸਾਲਾਂ ਤੱਕ ਕੋਈ ਹੋਰ ਲੱਛਣ ਨਜ਼ਰ ਹੀ ਨਹੀਂ ਆਉਂਦਾ। ਪਰ, ਬੱਚਿਆਂ ਨੂੰ ਜੇ ਇਹ ਇਨਫੈਕਸ਼ਨ ਹੋਵੇ ਤਾਂ ਜਨਮ ਤੋਂ ਦੋ ਸਾਲ ਦੇ ਅੰਦਰ ਹੀ ਨਜ਼ਰ ਆਉਣ ਲੱਗਦਾ ਹੈ।
ਸਰੀਰ ਅੰਦਰਲੇ ਵਾੲ੍ਹੀਟ ਸੈੱਲਾਂ ਨਾਲ ਯਾਨੀ ਸੀਡੀ4 ਜਾਂ ਜਿਨ੍ਹਾਂ ਨੂੰ ਟੀ4 ਵੀ ਕਹਿੰਦੇ ਨੇ (ਜਿਹੜੇ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਰੱਖਦੇ ਨੇ), ਉਨ੍ਹਾਂ ਸੈੱਲਾਂ ਨਾਲ ਐੱਚ ਆਈ ਵੀ ਜੁੜ ਜਾਂਦਾ ਹੈ। ਵਾਇਰਸ ਦਾ ਡੀ ਐੱਨ ਏ ਸੈੱਲ ਵਿੱਚ ਚਲਾ ਜਾਂਦਾ ਹੈ ਅਤੇ ਡੀਐੱਨਏ ਨਾਲ ਜੁੜਣ ਤੇ ਸੈੱਲ ਦਾ ਜਨੈਟਿਕ ਮਟੀਰੀਅਲ ਬਣ ਜਾਂਦਾ ਹੈ ਅਤੇ ਅੱਗੋਂ ਹੋਰ ਹਜ਼ਾਰਾਂ ਸੈੱਲ ਬਣਾ ਕੇ ਖ਼ੂਨ ਦੇ ਵਹਾਅ ਵਿੱਚ ਦਾਖ਼ਲ ਹੋ ਜਾਂਦਾ ਹੈ ਜਿਸ ਨਾਲ ਸੀਡੀ4 ਸੈੱਲ ਖ਼ਤਮ ਹੋਈ ਜਾਂਦੇ ਨੇ।
ਇੱਕ ਵਾਰ ਤਾਂ ਸਰੀਰ ਦਾ ਇਮਿਊਨ ਸਿਸਟਮ ਸੀਡੀ4 ਸੈੱਲ ਵਧਾਉਣ ਦੀ ਕੋਸਿ਼ਸ਼ ਕਰਦਾ ਹੈ ਅਤੇ ਬਹੁਤ ਸਾਰਾ ਵਾਇਰਸ ਖ਼ੂਨ ’ਚੋਂ ਬਾਹਰ ਨਿਕਲ ਵੀ ਜਾਂਦਾ ਹੈ। ਕਈ ਵਾਰ ਤਾਂ ਵਾਇਰਸ ਨਾਲ ਲੜਣ ਲਈ ਕਈ ਬਿਲੀਅਨ ਸੈੱਲ ਹਰ ਰੋਜ਼ ਬਣਦੇ ਨੇ ਪਰ ਵਾਇਰਸ ਦੇ ਜ਼ੋਰ ਅੱਗੇ ਇਮਿਊਨ ਸਿਸਟਮ ਹਾਰ ਜਾਂਦਾ ਹੈ ਜਦ ਕਿ ਮਰੀਜ਼ ਨੂੰ ਕੋਈ ਖ਼ਾਸ ਲੱਛਣ ਨਜ਼ਰ ਵੀ ਨਹੀਂ ਆਉਂਦੇ। ਕੁਝ ਸਾਲਾਂ ਬਾਅਦ, ਕਈ ਵਾਰ 10 ਕੁ ਸਾਲਾਂ ਬਾਅਦ, ਵਾਇਰਸ ਪੂਰਾ ਜ਼ੋਰ ਪਕੜ ਲੈਂਦਾ ਹੈ।
ਜਦੋਂ ਸਰੀਰ ’ਚੋਂ ਇਮਿਊਨਿਟੀ ਖ਼ਤਮ ਹੋ ਜਾਵੇ ਉਸ ਵਕਤ, ਜਿਹੜੇ ਸੀਡੀ4 ਸੈੱਲ ਆਮ ਸਿਹਤਮੰਦ ਆਦਮੀ ਵਿੱਚ 500 ਤੋਂ 1500 ਤੱਕ ਹੁੰਦੇ ਹਨ, ਮਰੀਜ਼ ਵਿੱਚ ਘਟ ਕੇ 200 ਦੀ ਗਿਣਤੀ ਤੱਕ ਹੀ ਰਹਿ ਜਾਂਦੇ ਹਨ। ਫਿਰ ਤਾਂ ਕਈ ਤਰ੍ਹਾਂ ਦੇ ਬੈਕਟੀਰੀਆ, ਵਾਇਰਸ ਜਾਂ ਉੱਲੀ (ਫੰਗਸ) ਵਗੈਰਾ ਇਨਸਾਨ ਨੂੰ ਆ ਘੇਰਦੇ ਹਨ, ਜਿਵੇਂ – ਟੀ.ਬੀ। (ਟਿਊਬਰਕੁਲੋਸਿੱਸ), ਮੈਕ (ਮਾਇਕੋਬੈਕਟੀਰੀਅਮ ਏਵੀਅਮ ਕੌਂਪਲੈਕਸ), ਸਲਮਾਨੈਲੋਸਿੱਸ, ਵਾਇਰਲ ਹੈਪੇਟਾਈਟਸ, ਹਰਪੀਜ, ਐੱਚ.ਪੀ.ਵੀ. (ਹਿਊਮਨ ਪੈਪੀਲੋਵਾ ਵਾਇਰਸ), ਨਿਓਮੋਸਿਸਟਿਕਸ, ਪੀ.ਸੀ.ਪੀ. (ਕੈਰਿਨੀ ਨਿਓਮੋਨੀਆ) ਜਾਂ ਫਿਰ ਕਪੋਸੀ ਸਰਕੋਮਾ ਅਤੇ ਲਿਮਫੋਮਾ।
ਉਦੋਂ ਪਤਾ ਲੱਗਦਾ ਹੈ ਕਿ ਇਹ ਏਡਜ਼ ਦਾ ਮਰੀਜ਼ ਹੈ। ਕਈ ਲੋਕ ਏਡਜ਼ ਦੀ ਸਟੇਜ ਤੱਕ ਪੰਜ ਸਾਲਾਂ ’ਚ ਹੀ ਪਹੁੰਚ ਜਾਂਦੇ ਹਨ ਅਤੇ ਕਈ 10-12 ਸਾਲਾਂ ਵਿੱਚ।
ਉਦੋਂ ਤੱਕ ਬਾਕੀ ਦੀਆਂ ਅਲਾਮਤਾਂ ਦੇ ਨਾਲ ਹੀ ਹੱਥ, ਪੈਰ ਜਾਂ ਤਾਂ ਸੁੰਨ ਹੋਣ ਲੱਗਦੇ ਹਨ ਜਾਂ ਫਿਰ ਦਰਦ ਬਹੁਤ ਰਹਿੰਦੀ ਹੈ ਅਤੇ ਸੋਝੀ ਵਿੱਚ ਨਿਘਾਰ ਆਉਣ ਲੱਗਦਾ ਹੈ। ਮਰੀਜ਼ ਦੀ ਨਜ਼ਰ ਅਤੇ ਯਾਦ ਸ਼ਕਤੀ ਘਟ ਜਾਂਦੀ ਹੈ ਅਤੇ ਉਹ ਆਮ ਤੌਰ ਤੇ ਬੌਂਦਲਿਆ ਰਹਿਣ ਲੱਗਦਾ ਹੈ। ਉਸ ਦੀ ਮਾਨਸਿਕ ਸੋਝੀ ਘਟਣ ਕਾਰਨ ਉਸ ਦੇ ਵਤੀਰੇ ਵਿੱਚ ਅਤੇ ਉਸ ਦੀ ਸ਼ਖਸੀਅਤ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜੇ ਬੱਚੇ ਬੀਮਾਰੀ ਨਾਲ ਜਕੜੇ ਗਏ ਹੋਣ ਤਾਂ ਉਨ੍ਹਾਂ ਦਾ ਸਰੀਰਕ ਵਾਧਾ ਬਹੁਤ ਹੀ ਥੋੜ੍ਹਾ ਹੁੰਦਾ ਹੈ ਜਾਂ ਆਮ ਤੌਰ ਤੇ ਹੀ ਬੀਮਾਰ ਰਹਿਣ ਲੱਗਦੇ ਹਨ।
ਮਾਂ ਤੋਂ ਨਵ-ਜੰਮੇ ਬੱਚਿਆਂ ਵਿੱਚ ਏਡਜ਼ ਜਾਣ ਦਾ ਖ਼ਤਰਾ ਬਹੁਤ ਹੁੰਦਾ ਹੈ। ਵ੍ਹਾਈਟ ਬਲੱਡ ਸੈੱਲ ਬਾਰੇ ਜਾਣਨ ਲਈ ਸੀਡੀ4 ਦੀ ਗਿਣਤੀ ਤੋਂ ਸਰੀਰ ਦੀ ਇਮਿਊਨਿਟੀ ਦਾ ਪਤਾ ਚੱਲਦਾ ਹੈ। ਜੇ ਮਾਂ ਨੂੰ ਗਰਭ ਅਵੱਸਥਾ ਵਿੱਚ ਹੀ, ਜਨਮ ਦੇਣ ਦੀਆਂ ਦਰਦਾਂ ਸਮੇਂ ਅਤੇ ਨਵ-ਜੰਮੇ ਬੱਚੇ ਨੂੰ ਇੱਕ ਚਮਚ ਐਂਟੀ-ਰੈਟ੍ਰੋਵਾਇਰਲ ਦਵਾਈ ਦਾ ਮਿਲ ਜਾਵੇ ਤਾਂ ਬਚਾਅ ਹੋ ਸਕਦਾ ਹੈ। ਪਹਿਲਾਂ 14-21 ਦਿਨਾਂ ਦੇ ਬੱਚੇ ਦਾ, ਫਿਰ 1-2 ਮਹੀਨੇ ਦਾ ਹੋਣ ਤੇ ਅਤੇ 4-6 ਮਹੀਨੇ ਦਾ ਹੋਣ ਤੇ ਵਾਇਰੌਲੌਜਿਕ ਐੱਚਆਈਵੀ ਟੈਸਟ ਕੀਤਾ ਜਾਂਦਾ ਹੈ। ਜੇ ਦੋ ਵਾਰ ਟੈਸਟ ਨੈਗੇਟਿਵ ਆ ਜਾਵੇ ਤਾਂ ਮਤਲਬ ਹੈ ਕਿ ਬੱਚੇ ਨੂੰ ਇਨਫੈਕਸ਼ਨ ਨਹੀਂ ਹੈ। ਬੱਚੇ ਨੂੰ ਉਸ ਦੀ ਮਾਂ ਆਪਣਾ ਦੁੱਧ ਨਾ ਪਿਲਾਵੇ ਤਾਂ ਵੀ ਬਚਾਅ ਰਹਿੰਦਾ ਹੈ।
ਇੰਡੀਆ ਵਿੱਚ ਪਹਿਲਾ ਐੱਚਆਈਵੀ ਕੇਸ 1986 ਵਿੱਚ ਰਿਪੋਰਟ ਹੋਇਆ ਸੀ ਜਦ ਕਿ ਅੱਜ 57 ਲੱਖ ਲੋਕ ਐੱਚਆਈਵੀ/ਏਡਜ਼ ਨਾਲ ਪੀੜਿਤ ਹਨ ਜਿਨ੍ਹਾਂ ਵਿਚੋਂ 38% ਔਰਤਾਂ ਹਨ। ਡਰ ਹੈ ਕਿ ਭਵਿੱਖ ਵਿੱਚ ਇਨ੍ਹਾਂ ਔਰਤਾਂ ਰਾਹੀਂ ਇਸ ਨਾ-ਮੁਰਾਦ ਬੀਮਾਰੀ ਦੇ ਫੈਲਾਅ ਵਿੱਚ ਬਹੁਤ ਵਾਧਾ ਹੋ ਸਕਦਾ ਹੈ। 2,20,000 ਬੱਚੇ ਹੁਣ ਵੀ ਐੱਚਆਈਵੀ ਪੀੜਿਤ ਹਨ ਅਤੇ ਹਰ ਸਾਲ 55,000-60,000 ਬੱਚੇ ਐੱਚਆਈਵੀ ਪੌਜਿ਼ਟਿਵ ਮਾਵਾਂ ਤੋਂ ਪੈਦਾ ਹੋ ਰਹੇ ਹਨ।
ਭਾਵੇਂ ਪਿਛਲੇ ਦੋ ਸਾਲਾਂ ਵਿੱਚ ਐੱਚਆਈਵੀ ਦਾ ਇਲਾਜ ਦੁਨੀਆਂ ਵਿੱਚ 63% ਵਧਿਆ ਹੈ ਫਿਰ ਵੀ ਹਰ ਰੋਜ਼ 2,400 ਤੋਂ ਵੀ ਵੱਧ ਨੌਜਵਾਨ ਇਸ ਦਾ ਸਿ਼ਕਾਰ ਹੋ ਰਹੇ ਹਨ। ਅਸਲ ਵਿੱਚ, ਨੌਜਵਾਨ ਹੀ ਇਸ ਬੀਮਾਰੀ ਦਾ ਧੁਰਾ ਹਨ। 35% ਏਡਜ਼ ਦੇ ਮਰੀਜ਼ 25 ਸਾਲ ਤੋਂ ਘੱਟ ਉਮਰ ਦੇ ਹਨ। ਨਵੀਂ ਪੀੜ੍ਹੀ ਵਿੱਚ ਵਧ ਰਿਹਾ ਗੇਅ ਸੈਕਸ ਰੁਝਾਨ ਵੀ ਗਿਣਤੀ ’ਚ ਵਾਧਾ ਕਰ ਰਿਹਾ ਹੈ। ਨਸ਼ੇ ਕਰਨ ਵਾਲਿਆਂ ਵਿੱਚ ਆਮ ਲੋਕਾਂ ਨਾਲੋਂ ਏਡਜ਼ ਵਧਣ ਦਾ 22 ਗੁਣਾ ਖ਼ਤਰਾ ਹੈ।
ਸੰਨ 2009 ਵਿੱਚ ਐਕਸਪ੍ਰੈੱਸ ਟ੍ਰਿਬਿਊਨ ’ਚ ਖ਼ਬਰ ਸੀ ਪਾਕਿਸਤਾਨ ਦੀ ਸਬੀਨਾ ਬਾਰੇ ਜਿਸ ਨੂੰ ਚਾਅ ਚੜ੍ਹਿਆ ਹੋਇਆ ਸੀ ਕਿ ਉਸ ਦਾ ਪਤੀ ਇੰਗਲੈਂਡ ਵਿੱਚ ਸਤਾਰਾਂ ਸਾਲ ਮਜ਼ਦੂਰਾਂ ਵਾਂਗ ਕੰਮ ਕਰਨ ਤੋਂ ਬਾਅਦ ਸਦਾ ਲਈ ਵਾਪਸ ਪਾਕਿਸਤਾਨ ਆ ਰਿਹਾ ਹੈ। ਉਸ ਵਕਤ ਸਬੀਨਾ ਆਪਣੇ ਚੌਥੇ ਬੱਚੇ ਨੂੰ ਜਨਮ ਦੇਣ ਵਾਲੀ ਸੀ। ਉਸ ਦਾ ਪਤੀ ਘਰ ਪਹੁੰਚਿਆ ਤਾਂ ਬਹੁਤ ਥੱਕਿਆ ਟੁੱਟਿਆ ਅਤੇ ਬੀਮਾਰ ਦਿਸ ਰਿਹਾ ਸੀ। ਜਦੋਂ ਉਸ ਨੇ ਦੱਸਿਆ ਕਿ ਉਹ ਪਿਛਲੇ 29 ਮਹੀਨਿਆਂ ਤੋਂ ਏਡਜ਼ ਦਾ ਸਿ਼ਕਾਰ ਹੈ, ਸਬੀਨਾ ਦੱਸਦੀ ਹੈ, “ਮੈਨੂੰ ਇੰਜ ਲੱਗਾ ਜਿਵੇਂ ਮੇਰੇ ਸਰੀਰ ਦੇ ਹਜ਼ਾਰਾਂ ਟੁਕੜੇ ਹੋ ਗਏ ਹੋਣ। ਮੈਂ ਹੈਰਾਨ ਸਾਂ ਕਿ ਉਸ ਨੇ ਖੁਲ੍ਹੇ ਮੂੰਹ ਇਹ ਕਹਿ ਕਿਵੇਂ ਦਿੱਤਾ ਕਿ ਉਹ ਕੁਝ ਆਦਮੀਆਂ ਅਤੇ ਔਰਤਾਂ ਨਾਲ ਸੰਭੋਗ ਕਰਦਾ ਰਿਹਾ ਸੀ।”
ਸਬੀਨਾ ਬਹੁਤ ਡਰ ਗਈ ਕਿ ਉਸ ਦੇ ਅਜਨਮੇ ਬੱਚੇ ਨੂੰ ਵੀ ਏਡਜ਼ ਹੋ ਸਕਦੀ ਹੈ। ਪੂਰੀ ਗੱਲ ਦਾ ਪਤਾ ਲੱਗਣ ਤੇ ਉਸ ਦੀ ਸੱਸ ਨੇ ਆਪਣੇ ਪੁੱਤਰ ਨੂੰ ਤਾਂ ਕੁਝ ਵੀ ਨਾ ਕਿਹਾ ਪਰ ਸਬੀਨਾ ਨੂੰ ਘਰੋਂ ਨਿਕਲ ਜਾਣ ਦਾ ਹੁਕਮ ਸੁਣਾ ਦਿੱਤਾ ਇਸ ਡਰ ਤੋਂ ਕਿ ਰਸੋਈ ਦਾ ਕੰਮ ਕਰਦਿਆਂ ਖਾਣੇ ਰਾਹੀਂ ਉਹ ਬਾਕੀਆਂ ਨੂੰ ਬੀਮਾਰ ਨਾ ਕਰ ਦੇਵੇ। ਉਸ ਦੇ ਪਤੀ ਨੇ ਵੀ ਕੁਝ ਨਾ ਕਿਹਾ ਹਾਲਾਂਕਿ ਕਿ ਕਸੂਰਵਾਰ ਉਹ ਖ਼ੁਦ ਸੀ। ਸਬੀਨਾ ਨੇ ਖੁਦਕੁਸ਼ੀ ਦੀ ਕੋਸਿ਼ਸ਼ ਕੀਤੀ ਪਰ ਉਸ ਦੇ ਮਾਤਾ ਪਿਤਾ ਵੱਲੋਂ ਸਹਾਰਾ ਮਿਲਣ ਨਾਲ ਉਸ ਦਾ ਇਲਾਜ ਹੋ ਸਕਿਆ ਅਤੇ ਉਹ ਬਚ ਗਈ। ਪੜ੍ਹੀ ਲਿਖੀ ਹੋਣ ਦੇ ਬਾਵਜੂਦ ਉਹ ਕਪੜੇ ਸੀਅ ਕੇ ਘਰ ਦਾ ਗੁਜ਼ਾਰਾ ਕਰਾ ਰਹੀ ਹੈ।
ਪਿੱਛੇ ਜਿਹੇ ਪੰਜਾਬ ਵਿੱਚ ਇੱਕ ਡੌਕੂਮੈਂਟਰੀ ਬਣੀ ਸੀ – ਪੰਜਾਬ’ਜ਼ ਫੌਰਗੌਟੱਨ ਵੁਮੈੱਨ – ਜਿਸ ਵਿੱਚ ਦਰਸਾਇਆ ਗਿਆ ਕਿ ਆਦਮੀਆਂ ਦੀ ਏਡਜ਼ ਨਾਲ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਔਰਤਾਂ ਦਾ ਕੀ ਹਸ਼ਰ ਹੁੰਦਾ ਹੈ। ਪੂਜਾ, ਪਰਮਜੀਤ ਵਰਗੀਆਂ ਔਰਤਾਂ ਹਿੰਮਤ ਇਕੱਠੀ ਕਰ ਕੇ ਔਖੀ ਜਿ਼ੰਦਗੀ ਬਤੀਤ ਕਰ ਰਹੀਆਂ ਹਨ ਅਤੇ ਬੱਚੇ ਪਾਲ ਰਹੀਆਂ ਹਨ ਪਰ ਸ਼ਾਂਤੀ ਵਰਗੀਆਂ ਸ਼ਾਇਦ ਹੋਰ ਵੀ ਹੋਣ ਜਿਸ ਨੂੰ ਕੋਈ ਸਹਾਰਾ ਨਾ ਮਿਲਿਆ, ਕੋਈ ਕੰਮ ਨਾ ਮਿਲਿਆ ਜਿਸ ਨਾਲ ਉਹ ਬੱਚੇ ਪਾਲ ਸਕੇ, ਰੋਟੀ ਖੁਆ ਸਕੇ ਤੇ ਉਹ ਸੈਕਸ ਵਰਕਰ ਬਣ ਗਈ ਹਾਲਾਂਕਿ ਉਹ ਨਮੋਸ਼ੀ ’ਚ ਹੀ ਜੀ ਰਹੀ ਹੈ ਪਰ ਕਹਿੰਦੀ ਹੈ ਕਿ ਉਸ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ।
ਕਈ ਟਰੱਕ ਡਰਾਈਵਰ ਜਦੋਂ ਘਰੋਂ ਬਾਹਰ ਬਹੁਤ ਸਮੇਂ ਲਈ ਰਹਿੰਦੇ ਹਨ ਤਾਂ ਵੇਸ਼ਵਾਵਾਂ ਕੋਲ ਜਾਣ ਤੇ ਏਡਜ਼ ਦਾ ਸਿ਼ਕਾਰ ਹੋ ਜਾਂਦੇ ਹਨ। ਅਸਲ ਵਿੱਚ ਏਡਜ਼ ਬਾਰੇ ਸਿਰਫ਼ 25% ਟਰੱਕ ਡਰਾਈਵਰ ਹੀ ਜਾਣਦੇ ਹਨ। ਜਿੰਨੇ ਟਰੱਕ ਡਰਾਈਵਰ ਕਮਰਸ਼ੀਅਲ ਸੈਕਸ ਵਰਕਰਜ਼ ਕੋਲ ਜਾਂਦੇ ਹਨ ਉਨ੍ਹਾਂ ਵਿਚੋਂ ਸਿਰਫ਼ 10% ਹੀ ਸੁਰੱਖਿਅਤ ਸੈਕਸ ਬਾਰੇ ਗੰਭੀਰਤਾ ਨਾਲ ਸੋਚਦੇ ਹਨ।
ਸਾਡੇ ਟੋਰੌਂਟੋ ਦੇ ਲੇਖਕ ਪ੍ਰਿਤਪਾਲ ਸਿੰਘ ਬਿੰਦਰਾ ਨੇ ਇੰਗਲਿਸ਼ ਵਿੱਚ ਇੱਕ ਕਹਾਣੀ ਲਿਖੀ ਸੀ – ਔਫੈਂਸਿਵ – ਜਿਸ ਦਾ ਮੈਂ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ ਅਤੇ ਨਾਂ ਦਿੱਤਾ ਸੀ – ਬਦਲੇ ਦੀ ਅੱਗ – ਉਸ ਕਹਾਣੀ ਦੀ ਪਾਤਰ ਹੈ ਪ੍ਰੀਤਮ ਕੌਰ। ਸੰਨ 1984 ਦੇ ਦੰਗਿਆਂ ਸਮੇਂ ਉਸ ਦਾ ਪਤੀ ਅਤੇ ਪੁੱਤਰ ਉਸ ਦੀਆਂ ਅੱਖਾਂ ਸਾਹਮਣੇ ਗਲੇ ’ਚ ਟਾਇਰ ਪਾ ਕੇ ਸਾੜ ਦਿੱਤੇ ਗਏ ਅਤੇ ਉਸ ਦੀ ਇੱਜ਼ਤ ਉਨ੍ਹਾਂ ਹੀ ਗੁੰਡਿਆਂ ਨੇ ਲੁੱਟ ਲਈ। ਆਪਣਾ ਨਾਂ ਸਤਿਆਵਤੀ ਰੱਖ ਕੇ ਉਹ ਦੰਗਿਆਂ ਲਈ ਜਿ਼ੰਮੇਵਾਰ ਲੋਕਾਂ ਵਿੱਚ ਏਡਜ਼ ਫੈਲਾ ਕੇ ਵਧੀਕੀਆਂ ਦਾ ਬਦਲਾ ਲੈਣ ਦਾ ਮਿਸ਼ਨ ਬਣਾ ਕੇ ਆਪਣੀ ਜਿ਼ੰਦਗੀ ਏਸੇ ਲੇਖੇ ਲਾਉਂਦੀ ਹੈ।
ਇੰਡੀਆ ਦੁਨੀਆਂ ਵਿੱਚ ਤੀਸਰੇ ਨੰਬਰ ਦਾ ਦੇਸ਼ ਹੈ ਜਿੱਥੇ ਏਡਜ਼ ਵਧ ਰਹੀ ਹੈ - 85% ਸੈਕਸ ਰਾਹੀਂ ਅਤੇ 5% ਮਾਤਾ ਪਿਤਾ ਤੋਂ ਅਤੇ ਬਾਕੀ ਦੇ ਨਸਿ਼ਆਂ ਲਈ ਸਰਿੰਜਾਂ ਰਾਹੀਂ ਜਾਂ ਖ਼ੂਨ-ਦਾਨ ਸਮੇਂ। ਇੰਡੀਆ ਦਾ ਪਹਿਲਾ ਏਡਜ਼ ਕੇਸ ਮਦਰਾਸ ਮੈਡੀਕਲ ਕਾਲਜ ਵਿੱਚ ਡਾਕਟਰ ਸੁਨੀਤੀ ਸੋਲੋਮਨ ਕੋਲ ਤਾਮਿਲ ਦੀ ਸੈਕਸ-ਵਰਕਰ ਦਾ ਆਇਆ ਸੀ ਅਤੇ ਪੰਜਾਬ ਵਿੱਚ ਮਈ 1987 ਵਿੱਚ ਪਹਿਲਾ ਕੇਸ ਰਿਕਾਰਡ ਹੋਇਆ।
ਆਪਣੇ ਪੰਜਾਬ ਦੀ ਗੱਲ ਕਰੀਏ ਤਾਂ 2011-12 ਵਿੱਚ 1243 ਲੋਕ ਐੱਚਆਈਵੀ ਪੌਜਿ਼ਟਿਵ ਆਏ ਜਿਨ੍ਹਾਂ ਵਿਚੋਂ 749 ਆਦਮੀ, 425 ਔਰਤਾਂ ਅਤੇ 69 ਬੱਚੇ ਸਨ। ਪੂਰੇ ਹਿੰਦੁਸਤਾਨ ਵਿੱਚ ਨਸਿ਼ਆਂ ਦੀ ਸਰਿੰਜ ਰਾਹੀਂ ਜੇ ਏਡਜ਼ 9.19% ਨੌਜਵਾਨਾਂ ਨੂੰ ਹੈ ਤਾਂ ਪੰਜਾਬ ਵਿੱਚ 26.1% ਨੂੰ ਹੈ। ਜਲੰਧਰ ਦੇ ਸਿਵਲ ਸਰਜਨ ਡਾਕਟਰ ਗੁਪਤਾ ਅਨੁਸਾਰ 13807 ਐੱਚਆਈਵੀ ਮਰੀਜ਼ ਤਾਂ ਗੁੰਮ ਹੀ ਹੋ ਗਏ। ਉਹ ਹੋਰ ਕਿੰਨੇ ਜਣਿਆਂ ’ਚ ਇਹ ਫੈਲਾ ਸਕਦੇ ਹਨ, ਅਸੀਂ ਸੋਚ ਵੀ ਨਹੀਂ ਸਕਦੇ।
ਖ਼ੂਨ ਦੇਣ ਤੋਂ ਪਹਿਲਾਂ ਜੇ ਐੱਚਆਈਵੀ ਦਾ ਪਤਾ ਨਾ ਲੱਗ ਸਕੇ ਤਾਂ ਖ਼ੂਨ ਰਾਹੀਂ ਕਿਸੇ ਅਣਜਾਣ ਨੂੰ ਵੀ ਇਸ ਨਾਮੁਰਾਦ ਬੀਮਾਰੀ ਦਾ ਸਿ਼ਕਾਰ ਹੋਣਾ ਪੈ ਸਕਦਾ ਹੈ। ਮੈਨੂੰ ਪੜ੍ਹ ਕੇ ਬਹੁਤ ਹੈਰਾਨੀ ਹੋਈ ਕਿ ਪੰਜਾਬ ਦੇ 67% ਪੇਂਡੂ ਘਰਾਂ ਵਿੱਚ ਇੱਕ ਨਸ਼ੱਈ ਜ਼ਰੂਰ ਲੱਭ ਪਏਗਾ। ਇੰਟਰਨੈੱਟ ਤੋਂ ਹੀ ਪਤਾ ਲੱਗਾ ਕਿ ਅੰਮ੍ਰਿਤਸਰ ਦਾ ਮਕਬੂਲਪੁਰਾ, ਅੱਜ ‘ਵਿਧਵਾਵਾਂ ਦਾ ਪਿੰਡ’ ਕਹਾਉਂਦਾ ਹੈ। ਤਕਰੀਬਨ ਹਰ ਘਰ ਵਿਚੋਂ ਆਦਮੀ ਖ਼ਤਮ ਹੋ ਗਏ ਅਤੇ ਹੋ ਰਹੇ ਹਨ।
ਪਾਕਿਸਤਾਨ ਦਾ ਬਾਰਡਰ ਨੇੜੇ ਹੋਣ ਕਾਰਨ ਨਸ਼ੇ ਛੇਤੀ ਮੁਹੱਈਆ ਹੋ ਰਹੇ ਹਨ। ਤਰਨਤਾਰਨ ਦੇ ਪਿੰਡ ਨਾਰਲੀ ਦੇ 29-ਸਾਲਾ ਸੁਖਵਿੰਦਰ ਸਿੰਘ ਨੂੰ ਜਦੋਂ ਪ੍ਰੈੱਸ ਵਾਲਿਆਂ ਦੇਖਿਆ - ਉਸ ਦਾ ਨੱਕ ਵਗ ਰਿਹਾ ਸੀ, ਅੱਖਾਂ ਦੀ ਚਮਕ ਫਿੱਕੀ ਪਈ ਹੋਈ ਸੀ। ਉਹ ਨਸਿ਼ਆਂ ਦੀ ਕੌਕਟੇਲ ਬਣਾ ਕੇ ਪੀਂਦਾ ਰਿਹਾ ਹੈ। ਉਸ ਦੀ ਪਤਨੀ ਅਤੇ ਬੇਟੀ ਮਰ ਚੁੱਕੀਆਂ ਹਨ। ਉਸ ਦਾ ਪਹਿਲਾ ਪੁੱਤਰ ਦੋ ਸਾਲ ਪਹਿਲਾਂ ਮਰ ਗਿਆ। ਉਸ ਦੇ ਛੇ ਦੋਸਤ ਮਰ ਚੁੱਕੇ ਨੇ ਜਿਨ੍ਹਾਂ ਨਾਲ ਮਿਲ ਕੇ ਉਹ ਰੰਗਰਲੀਆਂ ਮਨਾਉਂਦਾ ਸੀ। ਟ੍ਰੈਕਟਰ ਤੇ ਵਧੀਆ ਪੱਗ ਬੰਨ੍ਹੀ ਬੈਠੇ ਨੌਜਵਾਨ ਦੀ ਤਸਵੀਰ ਤਾਂ ਕਿਤੇ ਗੁਆਚ ਹੀ ਗਈ ਲੱਗਦੀ ਹੈ। ਉਹ ਕਹਿੰਦਾ ਹੈ, “ਹੁਣ ਮੈਂ ਆਪਣੀ ਵਾਰੀ ਦੀ ਉਡੀਕ ’ਚ ਬੈਠਾ ਵਾਂ”।
ਰੋਪੜ ਜਿ਼ਲੇ ਦਾ 75 ਸਾਲਾ ਦੀਦਾਰ ਸਿੰਘ ਆਪਣੇ ਪਰਿਵਾਰ ਵਿੱਚ ਸਿਰਫ਼ ਇਕੱਲਾ ਆਦਮੀ ਰਹਿ ਗਿਆ ਹੈ। ਉਸ ਦਾ ਪੁੱਤਰ ਤੇ ਜੁਆਈ ਆਪਣੀ ਜਾਨ ਏਡਜ਼ ਰਾਹੀਂ ਗੁਆ ਚੁੱਕੇ ਨੇ। ਘਰ ਦੀਆਂ ਔਰਤਾਂ ਔਖੇ ਸੌਖੇ ਘਰ ਚਲਾ ਰਹੀਆਂ ਹਨ।
ਰੋਜ਼ ਦੇ ਨਸ਼ੇ ਲਈ ਲੋਕ ਆਪਣਾ ਖ਼ੂਨ ਵੇਚ ਰਹੇ ਹਨ ਅਤੇ ਕਈ ਨਸਿ਼ਆਂ ਲਈ ਗਲੀਆਂ ਵਿੱਚ ਮੰਗਣ ਵੀ ਲੱਗ ਪਏ ਹਨ। ਨਾਰਲੀ ਦੇ ਉਸੇ ਨਸ਼ੱਈ ਨੂੰ ਬਲੱਡ-ਬੈਂਕ ਦੇ ਇਨਚਾਰਜ ਨੇ ਖ਼ੂਨ-ਦਾਨ ਕਰਨ ਬਹਾਨੇ ਆਏ ਨੂੰ ਦੇਖ ਲਿਆ ਜਦ ਕਿ ਉਹ ਆਪਣਾ ਖ਼ੂਨ ਵੇਚਣ ਗਿਆ ਸੀ। ਹੱਡੀਆਂ ਦੀ ਮੁੱਠ, ਪਿਲੱਤਣ ਭਰੇ ਚਿਹਰੇ ਵਾਲਾ, ਅੱਖਾਂ ਅੰਦਰ ਨੂੰ ਧਸੀਆਂ ਹੋਈਆਂ, ਬਾਹਵਾਂ ਤੇ ਇੰਜੈਕਸ਼ਨ ਦੇ ਨਿਸ਼ਾਨ ਉਸ ਦੀ ਅਸਲੀਅਤ ਦੱਸ ਰਹੇ ਸਨ। ਸਾਰੇ ਪੰਜਾਬ ਤੇ ਜਿਵੇਂ ਮੌਤ ਦੇ ਸਿ਼ਕੰਜੇ ਦੀ ਕੱਸ ਹੋਰ ਪੀਡੀ ਹੋਈ ਜਾ ਰਹੀ ਹੈ।
ਹੋਰ ਵੀ ਬਹੁਤ ਨਸ਼ੇ ਕਰ ਰਹੇ ਨੇ ਸਾਡੇ ਨੌਜਵਾਨ - ਖੰਘ ਦੇ ਸਿਰੱਪ ਫੈਂਸੀਡਰਿੱਲ, ਕੋਰੈਕਸ, ਪ੍ਰੌਕਸੀਵੌਨ, ਡੌਰਮੈਂਟ 10 ਵਰਗੇ ਕੈਪਸੂਲ ਅਤੇ ਗੋਲੀਆਂ। ਜੇ ਇਹ ਨਹੀਂ ਤਾਂ ਅਫ਼ੀਮ, ਚਰਸ, ਗਾਂਜਾ, ਮੈਂਡ੍ਰੈਕਸ, ਸਮੈਕ, ਹੈਰੋਇਨ, ਕੋਹੜਕਿਰਲੀ ਦੀ ਪੂਛ। ਕਈ ਬੂਟ ਪਾਲਿਸ਼, ਪੈਟ੍ਰੋਲ ਨੂੰ ਸੁੰਘਦੇ ਹਨ ਅਤੇ ਆਇਓਡੈਕਸ ਨੂੰ ਬ੍ਰੈੱਡ ਤੇ ਲਗਾ ਕੇ ਖਾਂਦੇ ਹਨ। ਸਕੂਲਾਂ ਦੇ ਮੁੰਡੇ ਵੀ, ਨਾਲ ਵਾਲੇ ਮੁੰਡਿਆਂ ਦੀ ਸੁਹਬਤ ਦੇ ਅਸਰ ਹੇਠ ਥਰਿੱਲ ਲੱਭਦੇ ਅਤੇ ਨਸਿ਼ਆਂ ਦਾ ਸੁਆਦ ਲੈਂਦੇ ਆਦਤ ਬਣਾ ਲੈਂਦੇ ਨੇ। ਆਪਣੀ ਜ਼ਮੀਨ ਅਤੇ ਘਰ ਦੇ ਗਹਿਣੇ ਵੇਚ ਕੇ ਨਸ਼ੇ ਖਰੀਦਦੇ ਪਏ ਨੇ।
ਜਦੋਂ ਦਾ ਇੰਡੀਆ-ਪਾਕ ਵਿਚਕਾਰ ਆਉਣ-ਜਾਣ ਵਧਿਆ ਹੈ, ਪਿਛਲੇ ਕੁਝ ਸਾਲਾਂ ਤੋਂ ਨਸ਼ੇ ਦਾ ਵਪਾਰ ਹੋਰ ਵਧ ਰਿਹਾ ਹੈ। ਕਹਿੰਦੇ ਨੇ ਕਿ ਬਾਰਡਰ ਪਾਰ ਤੋਂ ਨਸਿ਼ਆਂ ਦੇ ਬੰਡਲ ਲੋਕ ਇਸ ਪਾਰ ਸੁੱਟ ਦਿੰਦੇ ਹਨ, ਕੌਣ ਰੋਕੇਗਾ ਇਹ ਸਭ ਨੂੰ ਜਦੋਂ ਪੁਲੀਸ ਵਿਚੋਂ ਹੀ ਇਸ ਚਿੱਕੜ ਵਿੱਚ ਲਿੱਬੜ ਰਹੇ ਹਨ। ਜਿੰਨੇ ਨਸ਼ੇ ਪੁਲੀਸ ਫੜਦੀ ਹੈ, ਉਸ ’ਚੋਂ ਪ੍ਰੈੱਸ ਨੂੰ ਦਿਖਾਉਣ ਤੋਂ ਪਹਿਲਾਂ ਹੀ ਕੁਝ ਗ਼ਾਇਬ ਹੋ ਚੁੱਕੇ ਹੁੰਦੇ ਹਨ। ਬੜੀ ਸ਼ਰਮ ਆਈ ਇਹ ਪੜ੍ਹ ਕੇ ਕਿ ਇੱਕ ਪਬਲਿਸ਼ਰ ਧਾਰਮਿਕ ਪੁਸਤਕਾਂ ਵਿੱਚ ਛੁਪਾ ਕੇ ਨਸ਼ੇ ਸ਼ਾਇਦ ਦੇਸ਼ ਤੋਂ ਬਾਹਰ ਭੇਜ ਰਿਹਾ ਸੀ। ਇੱਕ ਸਿਆਸੀ ਨੇਤਾ ਕੋਲੋਂ ਰਾਜਾ-ਸਾਂਸੀ ਏਅਰਪੋਰਟ ਤੇ ਨਸ਼ੇ ਫੜੇ ਗਏ ਜੋ ਉਹ ਕੈਨੇਡਾ ਲਿਆ ਰਿਹਾ ਸੀ। ਫਗਵਾੜੇ ਵਿੱਚ 250 ਕਰੋੜ ਦੀ ਹੈਰੋਇਨ ਫੜੀ ਗਈ, ਇੱਕ ਭੈਣ-ਭਰਾ ਦੀ ਟੀਮ ਇਸ ਨੂੰ ਚਲਾਉਣ ਵਿੱਚ ਮੁੱਖੀ ਸੀ। ਪਹਿਲਾਂ ਤਾਂ ਅਫ਼ਗਾਨਿਸਤਾਨ ਤੋਂ ਨਸ਼ੇ ਆ ਰਹੇ ਸਨ ਪਰ ਹੁਣ ਤਾਂ ਅਫ਼ੀਮ ਰਾਜਸਥਾਨ ਅਤੇ ਮੱਧ ਪ੍ਰਦੇਸ਼ ਰਾਹੀਂ ਵੀ ਬਹੁਤ ਆ ਰਹੀ ਹੈ। ਨਸ਼ੇ ਦਾ ਲੋਰ ਇੱਕ ਚੇਨ-ਰਿਐਕਸ਼ਨ ਹੈ ਅਤੇ ਹੋਰ ਕਈਆਂ ਨੂੰ ਵੀ ਇਸ ਚਿੱਕੜ ਵਿੱਚ ਲਬੇੜ ਲੈਂਦਾ ਹੈ।
ਗ਼ੈਰ-ਕਾਨੂੰਨੀ ਕੈਮਿਸਟ ਦੁਕਾਨਾਂ ਖੋਲ੍ਹੀ ਬੈਠੇ ਹਨ ਅਤੇ ਕਈ ਬਿਨਾਂ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੇ ਕੇ ਨਸ਼ੇ ’ਚ ਧੁੱਤ ਲੋਕਾਂ ਸਿਰ ਕਮਾਈ ਕਰੀ ਜਾਂਦੇ ਹਨ। ਕਾਲਜਾਂ ਦੀਆਂ ਕੁੜੀਆਂ ਵੀ ਇਮਤਿਹਾਨ ਦੇ ਡਰ ਤੋਂ ਸਿਗਰਟ ਅਤੇ ਹੋਰ ਬਹੁਤ ਕੁਝ ਲੈ ਲੈਂਦੀਆਂ ਹਨ। ਕੁਝ ਹੋਰ ਸਟੈਮਿਨਾ ਚਾਹੀਦਾ ਹੋਵੇ ਤਾਂ ਗੋਲੀਆਂ ਵੀ ਖਾਂਦੀਆਂ ਹਨ। ਆਪਣੇ ਬੁਆਏ ਫ੍ਰੈਂਡਜ਼ ਤੋਂ ਜਾਂ ਹੋਰ ਮੁੰਡਿਆਂ ਤੋਂ ਕੱਫ਼-ਸਿਰੱਪ ਦਾ ‘ਕੋਟਾ’ ਵੀ ਮੰਗਵਾਉਂਦੀਆਂ ਹਨ। ਇਵੇਂ ਹੀ ਚੱਲਦਾ ਰਿਹਾ ਤਾਂ ਭਵਿੱਖ ’ਚ ਕੀ ਹਸ਼ਰ ਹੋਵੇਗਾ ਸਾਡੇ ਪੰਜਾਬ ਦਾ?
ਕਈ ਨਸ਼ਾ-ਛੁੜਾਊ ਕੇਂਦਰ ਵੀ ਨਸ਼ੇ ਦੇ ਕੇਂਦਰ ਬਣੇ ਪਏ ਨੇ। ਕਈ ਸੈਂਟਰਾਂ ਵਿੱਚ ਡਸਿਪਲਿਨ ਦੇ ਨਾਂ ਤੇ ਮਰੀਜ਼ਾਂ ਨੂੰ ਚੇਨਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ। ਮੁਹਾਲੀ ਵਿੱਚ ਨਸ਼ੱਈ ਦੀ ਹਾਲਤ ਵਿਗੜਣ ਤੇ ਡੀ-ਅਡਿਕਸ਼ਨ ਵਰਕਰ ਉਸ ਨੂੰ ਉਸ ਦੇ ਘਰ ਅੱਗੇ ਸੁੱਟ ਆਏ ਸਨ। ਇੱਕ ਏਡਜ਼ ਦੇ ਮਰੀਜ਼ ਨੂੰ ਛੋਟੇ ਜਿਹੇ ਕਮਰੇ ਵਿੱਚ ਬੰਦ ਕੀਤਾ ਪਿਆ ਸੀ ਅਤੇ ਦਰਵਾਜ਼ੇ ਹੇਠ ਬਣਾਈ ਛੋਟੀ ਜਿਹੀ ਮੋਰੀ ਵਿਚੋਂ ਖਾਣਾ ਅੰਦਰ ਧੱਕ ਦਿੰਦੇ ਸਨ। ਇੱਕ ਸਾਲ ਤੋਂ ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਬਾਪ ਦੇ ਮਰ ਜਾਣ ਤੇ ਘਰੋਂ ਬਾਹਰ ਸੁੱਟਣ ਦੀਆਂ ਗੱਲਾਂ ਵੀ ਸੁਣਨ ਵਿੱਚ ਆਈਆਂ ਹਨ।
ਏਡਜ਼ ਬਾਰੇ ਜਾਣਕਾਰੀ ਦੇਣ ਦੀ ਬਹੁਤ ਲੋੜ ਹੈ। ਇੱਕ ਲੜਕੀ ਸਿ਼ਬਾ ਆਪਣੇ ਦੋਸਤਾਂ ਨਾਲ ਨਸ਼ੇ ਦੀਆਂ ਸੂਈਆਂ ਸਾਂਝੀਆਂ ਵਰਤਦੀ ਰਹੀ, ਐੱਚਆਈਵੀ ਪੌਜਿ਼ਟਿਵ ਹੋ ਗਈ। ਪਹਿਲਾਂ ਤਾਂ ਡਾਕਟਰ ਵੀ ਕਹਿ ਦਿੰਦੇ ਸਨ ਕਿ ਇਹ ਮਰੀਜ਼ ਹੋਰ 5-10 ਸਾਲ ਤੋਂ ਵੱਧ ਨਹੀਂ ਜੀ ਸਕਦਾ ਪਰ ਅੱਜ ਜੇ ਇਲਾਜ ਕੀਤਾ ਜਾਵੇ, ਘਰੋਂ ਸਹਾਰਾ ਮਿਲੇ ਤਾਂ ਮਰੀਜ਼ ਠੀਕ ਹੋ ਸਕਦੇ ਨੇ ਅਤੇ ਸਿ਼ਬਾ ਵੀ ਠੀਕ ਹੋਈ। ਅੱਜ ਉਸ ਦਾ 2 ਸਾਲਾਂ ਦਾ ਸਿਹਤਮੰਦ ਬੱਚਾ ਵੀ ਹੈ ਅਤੇ ਸਿ਼ਬਾ ਹੋਰਾਂ ਦੀ ਮਦਦ ਕਰਨ ’ਚ ਜੁਟ ਗਈ ਹੈ।
ਕਿਸੇ ਐੱਚ ਆਈ ਵੀ ਪੌਜਿ਼ਟਿਵ ਮਰੀਜ਼ ਨੂੰ ਛੂਹ ਲੈਣ, ਹੱਥ ਮਿਲਾ ਲੈਣ, ਜੱਫੀ ਪਾਉਣ ਜਾਂ ਚੁੰਮ ਲੈਣ ਨਾਲ ਐੱਚ ਆਈ ਵੀ ਦੂਸਰੇ ਵਿੱਚ ਨਹੀਂ ਜਾਂਦੀ; ਨਾ ਹੀ ਖੰਘ ਅਤੇ ਨਿੱਛਾਂ ਮਾਰਨ ਨਾਲ ਹੋ ਸਕਦੀ ਹੈ; ਸਵਿੰਮਿੰਗ ਪੂਲ ਵਿੱਚ ਨਹਾਉਣ ਜਾਂ ਟੌਇਲਿੱਟ ਸੀਟਾਂ ਤੇ ਬੈਠਣ ਨਾਲ ਵੀ ਕੋਈ ਫ਼ਰਕ ਨਹੀਂ ਪੈਂਦਾ; ਨਾ ਹੀ ਬਿਸਤਰੇ ਦੀਆਂ ਚਾਦਰਾਂ ਅਤੇ ਬਰਤਨਾਂ ਦੀ ਸਾਂਝ ਦਾ ਹੀ ਨੁਕਸਾਨ ਹੁੰਦਾ ਹੈ। ਇਹ ਬੀਮਾਰੀ ਕਿਸੇ ਜਾਨਵਰ, ਮੱਛਰ ਅਤੇ ਹੋਰ ਕਿਸੇ ਕੀੜੇ ਰਾਹੀਂ ਵੀ ਨਹੀਂ ਫੈਲਦੀ। ਸਰੀਰ ਦੀ ਇਮਿਊਨਿਟੀ ਲਈ ਸ਼ਾਇਦ ਆਯੁਰਵੈਦਿਕ, ਯੂਨਾਨੀ ਦਵਾਈਆਂ ਅਤੇ ਹੋਮਿਓਪੈਥੀ ਜਾਂ ਬਾਇਓਕੈਮਿਕ ਟਿਸ਼ੂ ਸਾਲਟ ਵੀ ਸਹੀ ਸਾਬਿਤ ਹੋ ਸਕਦੇ ਹੋਣ।
ਜੇ ਕਿਤੇ ਘਰ ਦਿਆਂ ਵੱਲੋਂ ਪੂਰੀ ਤਰ੍ਹਾਂ ਸਹਾਰਾ ਮਿਲੇ ਅਤੇ ਆਰਥਿਕ ਮਦਦ ਵੀ ਹੋ ਸਕੇ ਤਾਂ ਸ਼ਾਇਦ ਕਈ ਮਰੀਜ਼ ਠੀਕ ਹੋ ਸਕਣ ਅਤੇ ਹੋਰ ਸਿ਼ਕਾਰ ਨਾ ਹੋਣ। ਅੱਜ ਲੋੜ ਹੈ ਸਾਡੇ ਪੰਜਾਬ ਦੇ ਸ਼ੇਰਾਂ ਨੂੰ ਬਚਾਉਣ ਦੀ। ਜੇ ਅਸੀਂ ਕਹੀਏ ਕਿ ਸਾਡੇ ਆਪਣੇ ਬੱਚੇ ਇਸ ਮਿੱਟੀ ਨਾਲ ਨਹੀਂ ਲਿਬੜੇ, ਸਾਨੂੰ ਇਸ ਬਾਰੇ ਸੋਚਣ ਦੀ ਲੋੜ ਨਹੀਂ ਪਰ ਜਿਹੜੇ ਬੱਚੇ ਵੀ ਇਸ ਮਾਰ ਹੇਠ ਆਏ ਹਨ, ਆਪਣੇ ਹੀ ਹਨ। ਜੇ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਨੂੰ ਅਸੀਂ ਆਪਣੇ ਨਾਲੋਂ ਨਿਖੇੜ ਨਹੀਂ ਸਕਦੇ, ਇਨ੍ਹਾਂ ਨੂੰ ਕਿਵੇਂ ਅਲੱਗ ਸਮਝ ਸਕਦੇ ਹਾਂ? ਜਦ ਕਦੀ ਅਸੀਂ ਪੰਜਾਬ ਜਾਂਦੇ ਹਾਂ, ਸਾਨੂੰ ਕਿਸੇ ਐਕਸੀਡੈਂਟ ਕਾਰਨ ਜਾਂ ਕਿਸੇ ਓਪਰੇਸ਼ਨ ਵਕਤ ਖ਼ੂਨ ਦੀ ਲੋੜ ਪੈ ਸਕਦੀ ਹੈ। ਓਥੋਂ ਦੇ ਛੋਟੇ ਛੋਟੇ ਨਰਸਿੰਗ ਹੋਮਜ਼ ਵਿੱਚ ਖ਼ੂਨ ਪਤਾ ਨਹੀਂ ਕਿਸ ਤਰ੍ਹਾਂ ਦਾ ਸਾਨੂੰ ਨਸੀਬ ਹੋਵੇ ਜੋ ਸਾਨੂੰ ਵੀ ਇਸ ਬੀਮਾਰੀ ਦਾ ਸਿ਼ਕਾਰ ਬਣਾ ਦੇਵੇ। ਸਾਨੂੰ ਸਮਾਜ ਨੂੰ ਐੱਚਆਈਵੀ ਅਤੇ ਏਡਜ਼ ਬਾਰੇ ਸੁਚੇਤ ਕਰਨ ਦੀ ਲੋੜ ਹੈ। ਜਿਨ੍ਹਾਂ ਪੰਜਾਬ ਦੇ ਸ਼ੇਰਾਂ ਤੇ ਸਾਨੂੰ ਮਾਣ ਰਿਹਾ ਹੈ, ਜੋ ਦੂਸਰਿਆਂ ਦਾ ਸਹਾਰਾ ਬਣਦੇ ਰਹੇ ਹਨ, ਅੱਜ ਉਨ੍ਹਾਂ ਪੰਜਾਬੀਆਂ ਦੀ ਗਿਣਤੀ ’ਚ ਵਾਧਾ ਕਰਨ ਦੀ ਲੋੜ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346