Welcome to Seerat.ca
Welcome to Seerat.ca

ਗੁਫ਼ਾ ਵਿਚਲੀ ਉਡਾਣ

 

- ਵਰਿਆਮ ਸਿੰਘ ਸੰਧੂ

ਕੀ ਸਿਸਕੀਆਂ ਕੀ ਚੀਕਾਂ

 

- ਜਗਜੀਤ

ਨ੍ਹਾਮਾ ਫਾਂਸੀਵਾਲ਼ਾ

 

- ਅਮਰਜੀਤ ਚੰਦਨ

ਮੇਰਾ ਚਹੇਤਾ ਅਧਿਆਪਕ - ਡਾ. ਕੇਸਰ ਸਿੰਘ ਕੇਸਰ

 

- ਬਲਦੇਵ ਸਿੰਘ ਧਾਲੀਵਾਲ

ਪੰਜਾਬੀ ਦੇ ਪੋਰਸ ਸੁਖਬੀਰ ਅਤੇ ਬੰਬਈ ਦੇ ਲੇਖਕਾਂ ਸੰਗ ਯਾਦਗਾਰੀ ਪਲ

 

- ਸੰਤੋਖ ਸਿੰਘ ਸੰਤੋਖ

ਸੁਰਿੰਦਰ ਨੀਰ ਦੇ ਮਹਾਂਕਾਵਿਕ ਨਾਵਲ ‘ਮਾਇਆ‘ ਨੂੰ ਪੜ੍ਹਦਿਆਂ, ਵਿਚਾਰਦਿਆਂਔਰਤ ਦੀ ਤਾਕਤ

 

- ਗੁਰਦਿਆਲ ਸਿੰਘ ਬੱਲ

ਟੇਢਾ ਰੰਗ / ਚੋਣ ਸਮੱਗਰੀ ਦੀ ਹੱਟੀ

 

- ਗੁਰਦੇਵ ਚੌਹਾਨ

ਗੈਬਰੌਨ ਦੀ ਯਾਤਰਾ

 

- ਗਿਆਨੀ ਸੰਤੋਖ ਸਿੰਘ

ਮਾਂ ਦਾ ਦੇਸ ਕਿ ਪ੍ਰਦੇਸ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਗਰੀਡੀ ਡੌਗ

 

- ਹਰਪ੍ਰੀਤ ਸੇਖਾ

ਬਾਬਾ ਬੂਝਾ ਸਿੰਘ

 

- ਅਜਮੇਰ ਸਿੱਧੂ

ਬਲੂ ਸਟਾਰ ਓਪ੍ਰੇਸ਼ਨ ਦੀ ਵਰ੍ਹੇ ਗੰਢ ਤੇ

 

- ਗੁਲਸ਼ਨ ਦਿਆਲ

ਸਾਹਿਤਕ ਸਵੈ-ਜੀਵਨੀ/ਪਹਿਲੀ ਸ਼ਾਬਾਸ਼

 

- ਵਰਿਆਮ ਸਿੰਘ ਸੰਧੂ

ਵਗਦੀ ਏ ਰਾਵੀ/ਸਾਂਝ ਤੇ ਵਿਰੋਧ ਦੀ ਦੋ-ਰੰਗੀ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਵਲੈਤ ਵਿੱਚ ਪੰਜਾਬ ਲਈ ਕੁਝ ਹੰਝੂ

 

- ਦਰਸ਼ਨ ਸਿੰਘ

ਅੱਤ ਖ਼ੁਦਾ ਦਾ ਵੈਰ

 

- ਸੁਖਦੇਵ ਸਿੱਧੂ

ਸਰਬਜੀਤ ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ..........!

 

- ਮਨਦੀਪ ਖੁਰਮੀ ਹਿੰਮਤਪੁਰਾ

ਮਿੰਨੀ ਕਹਾਣੀ/ ਦੂਹਰਾ ਝਾੜੂ....

 

- ਰਵੀ ਸੱਚਦੇਵਾ

ਕੀ ਸ਼ੇਰਾਂ ਨੂੰ ਵੀ ਏਡਜ਼ ਹੁੰਦੀ ਹੈ?

 

- ਬਰਜਿੰਦਰ ਗੁਲਾਟੀ

ਯਾਦਾਂ ਦੇ ਬਾਲ-ਝਰੋਖੇ ‘ਚੋਂ / ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨਦੀਪ ਸੰਧੂ

ਪਹਿਲੀ ਗੈਰ ਮਜ਼ਹਬੀ ਅਤੇ ਗੈਰ ਫ਼ਿਰਕੂ ਜਥੇਬੰਦ ਕੌਮੀ ਇਨਕਲਾਬੀ ਲਹਿਰ

 

- ਜਗਜੀਤ ਸਿੰਘ

ਪੁਸਤਿਕ ਰਵਿਊ / ਵਲੈਤ ਨੂੰ 82 ਚਿੱਠੀਆਂ ਅਤੇ ਕਾਵਿ ਸੰਗ੍ਰਹਿ ਦੂਜਾ ਜਨਮ

 

- ਦੇਵਿੰਦਰ ਨੌਰਾ

The Faith and Political Ideologies of Maulana Barkatullah Bhopali

 

- Mohammed Ayub Khan

ਨਿੱਕੀਆਂ ਵੱਡੀਆਂ ਧਰਤੀਆਂ

 

- ਇਕਬਾਲ ਰਾਮੂਵਾਲੀਆ

 

 


ਵਲੈਤ ਵਿੱਚ ਪੰਜਾਬ ਲਈ ਕੁਝ ਹੰਝੂ
- ਦਰਸ਼ਨ ਸਿੰਘ
 

 

ਸੁਖਦੇਵ ਸਿੱਧੂ (ਫਿਲਹਾਲ 14) ਦਾ ਲੇਖ ‘ਵਲੈਤ 84 ਕਾਲ ਦਾ ਕਹਿਰ‘ ਪੜਿਆ। 1984 ਦੇ ਦੁਖਾਂਤ ਦੌਰਾਨ ਪਰਦੇਸੀ ਸਿੱਖਾਂ ਨੇ ਪੰਜਾਬ ਲਈ ਜੋ ਕੁਝਕ ਹੰਝੂ ਡੋਲੇ ਸਨ ਉਸਦੀ ਸਿਧੂ ਸਾਹਿਬ ਨੇ ਬੜੀ ਗਲਤ ਰੰਗਤ ਦਿਤੀ ਹੈ। ਇਸ ਲੇਖ ਦਾ ਆਸ਼ਾ ਫਿਲਹਾਲ ਦੇ ਪਾਠਕਾਂ ਨੂੰ ਦੂਸਰੇ ਪਾਸੇ ਦੀ ਤਸਵੀਰ ਵਿਖਾਉਣੀ ਹੈ ਤਾਂ ਕਿ ਕੁਝ ਸਮਤੋਲ ਸਥਾਪਤ ਹੋਵੇ।

ਸਿੱਧੂ ਕਿਸੇ ਨਰਾਜਗੀ ਵਾਲੇ ਲਹਿਜੇ ਚ ਲਿਖਦੇ ਹਨ ਕਿ ਪਰਦੇਸਾਂ ਵਿੱਚ ਵਸਦੇ ਪੰਜਾਬੀਆਂ ਨੇ ਪੰਜਾਬ ਨਾਲੋਂ ਨਾਤਾ ਨਹੀਂ ਤੋੜਿਆ ਇਸ ਮੋਹ ਦਾ ਤਸਵਰ ‘ਪਰਦੇਸੀ ਲੀਡਰਾਂ ਨਾਲ ਫੌਟੋ ਖਿਚਾ ਕੇ ਘਰਾਂ ਵਿੱਚ‘ ਰੱਖਣ ਦਾ ਜਿਕਰ ਤੇ ਹੋਰ ਵਾਕਫੀ ਦਿੰਦੇ ਹਨ। ਇਹ ਵਾਰਤਕ ਅੰਦਾਜ ਚ ਤਥ ਤਾਂ ਹਨ ਪਰ ਇਸਦਾ ਮਜਾਕੀਆ ਤੇ ਗਲਿਆਨੀ ਸ਼ਬਦ-ਅੰਬਾਰ ਕਿਸ ਕਾਰਜ ਲਈ। ਜੇ ਇਹ ਰਿਸ਼ਤਾ ਫੋਟੋਆਂ ਤਾਈਂ ਹੀ ਗੌਣ ਹੈ ਤਾਂ ਇਹ ਇਕਲੇ ਦੁਕਲੇ ਬੰਦੇ ਦੇ ਚਜ ਹਨ, ਸਮੂਹ ਭਾਈਚਾਰੇ ਦਾ ਵਤੀਰਾ ਨਹੀਂ। ਠੀਕ ਹੈ ਇਸ ਰਿਸ਼ਤੇ ਦੇ ਕਈ ਤੰਦ ਸਲਾਹੁਣ ਯੋਗ ਨਹੀਂ ਜਿਵੇਂ ਹੁਣ ਕਨੇਡੇ ਜਾਣ ਦੀ ਲਗੀ ਦੌੜ ਚ ਸਭ ਕੁਝ ਦਾਅ ਤੇ ਲਾਉਣ ਵਾਲਿਆ ਨੇ ਆਪਣੇ ਧਰਮ-ਕਰਮ ਨੂੰ ਖਿਦੇੜਿਆ ਹੈ ਤੇ ਸਿਟੇ ਵਜੋਂ ਪੰਜਾਬ ਦੀਆਂ ਸੈਂਕੜੇ ਧੀਆਂ ਉਹਨਾਂ ਕਨੇਡੀਅਨ ਪੰਜਾਬੀਆਂ ਨੂੰ ਰੋਜ ਰੋਂਦੀਆਂ ਹਨ ਜੋ ਧੋਖੇ-ਵਾਅਦੇ ਕਰ ਮੁੜ ਵਾਪਸ ਨਹੀਂ ਆਏ। ਪਰ ਵਲੈਤ ਜਾਂ ਹੋਰ ਮੁਲਕਾ ਵਿਚ ਪੰਜਾਬ ਦੀ ਤਰਜ ਤੇ ਅਕਾਲੀ ਦਲਾਂ, ਕਾਂਗਰਸ, ਬਹੁਜਨ ਸਮਾਜ ਪਾਰਟੀ, ਜਾਂ ਕਮਿਊਨਸਟ ਪਾਰਟੀ (ਜਿਹਨਾਂ ਚੋਂ ਭਾਰਤੀ ਮਜਦੂਰ ਸਭਾਵਾਂ) ਆਦਿ ਦਾ ਬਣਨਾ ਪੰਜਾਬੀਆਂ ਦਾ ਆਪਣੇ ਪਿਛਲੇ ਘਰ ਨਾਲ ਬਹੁਰੂਪੀ ਸਬੰਧਾਂ ਦਾ ਹੀ ਪ੍ਰਗਟਾਅ ਹੈ ਤੇ ਇਹਨਾਂ ਨੂੰ ‘ਬਿਨਾਂ ਕਿਸੇ ਤੁਕ ਦੇ‘ ਕਹਿਣਾ ਪੰਜਾਬੀ ਸਾਹਿਤਕ ਰਸ ਵਾਲਾ ਬਿਆਨ ਤਾਂ ਸ਼ਾਇਦ ਹੋਵੇ ਪਰ ਸਮਾਜੀ ਸਮਝ ਦਾ ਨਹੀਂ। ਇਹ ਚੇਤੇ ਕਰਾਉਣਾ ਵੀ ਜਰੂਰੀ ਨਹੀਂ ਜਾਪਦਾ ਕਿ ਦੁਨੀਆਂ ਵਿੱਚ ਜਿੱਥੇ ਜਿੱਥੇ ਵੀ ਪਰਦੇਸੀ ਲੋਕ ਵਸਦੇ ਹਨ ਉਹ ਆਪਣੇ ਵਤਨ, ਕਬੀਲੇ ਜਾਂ ਆਪਣੇ ਪਿੱਛਲੇ ਪਰਿਵਾਰਾਂ ਨਾਲ ਸੰਬੰਧ ਜੋੜੀ ਹੀ ਰੱਖਦੇ ਹਨ ਇਸਦੇ ਕਈ ਮੁਹਾਵਰੇ ਤੇ ਸਰੂਪ ਹਨ, ਇਹ ਮਹਿਜ ਇਨਸਾਨੀ ਫਿਤਰਤ ਹੈ। ਦੂਜਾ ਪਰਦੇਸੀਆਂ ਨੂੰ ਆਪਣਾ ਘਰ ਭੁਲਾਉਣਾ ਸੌਖਾ ਵੀ ਨਹੀਂ ਕਿਉਕਿ ਉਹਨਾਂ ਦੇ ਭਾਸ਼ਾਈ, ਸਭਿਆਚਾਰਕ, ਧਾਰਮਿਕ, ਸਮਾਜਿਕ ਤੇ ਕਿਸੇ ਹੱਦ ਤੱਕ ਆਰਥਿਕ ਸੰਬੰਧਾਂ ਦਾ ਤਾਣਾ ਉਹਨਾਂ ਦੇ ਪਿਛੋਕੜ ਨਾਲ ਜੁੜਿਆ ਹੁੰਦਾ ਹੈ ਐੁਹ ਨਾਲੇ ਉਹ ਲਖ ਯਤਨ ਕਰਨ ਤਾਂ ਵੀ ਪਰੂੰ ਦਾ ਸਮਾਜ ਉਹਨਾਂ ਨੂੰ ਅਪਣੀ ਗਲਵਕੜੀ ਚ ਉਹ ਤਿਹੁ ਨਹੀਂ ਦਿੰਦਾ ਜਿਸਦੇ ਉਹ ਹਕਦਾਰ ਹੁੰਦੇ ਹਨ ਜਾਂ ਸਮਝਦੇ ਹਨ। ਸੋ ਪਰਦੇਸੀ ਵਸਦੇ ਸਿਖਾਂ ਜਾਂ ਪੰਜਾਬੀਆਂ ਵਲੋਂ ਪੰਜਾਬ ਤੇ ਹਿੰਦੁਸਤਾਨ ਦੇ ਮਾਮਲਿਆ ਵਿਚ ਦਿਲਚਸਪੀ ਲੈਣੀ ਕੋਈ ਜਗੋਂ ਬਾਹਰੀ ਗਲ ਨਹੀਂ। ਪਰਦੇਸੀ ਪੰਜਾਬੀਆਂ ਦੇ ਆਪਣੇ ਪੁਰਾਣੇ ਘਰਾਂ ਤੇ ਵਤਨ ਨਾਲ ਸਬੰਧ ਦਾ ਇਤਿਹਾਸ ਕੰਨਿਆ ਮਹਾਵਿਦਿਆਲੇ ਨੂੰ ਮਲਾਇਆ ਤੋਂ ਪੈਸੇ ਭੇਜਣ ਤੋਂ ਲਾ ਅਮਰੀਕਾ ਵਸਦੇ ਅਵਾਸੀ ਸਿਖਾਂ ਵਲੋਂ ਗਦਰ ਲਹਿਰ ਚਲਾਉਣ, 1984 ਦੇ ਦੁਖਾਂਤ ਨੂੰ ਵੰਢਾਉਣ ਤੇ ਹੁਣ ਪੰਜਾਬ ਲਈ ਕਈ ਤਰਾਂ ਦੇ ਫਿਕਰਾ ਤਾਈਂ ਤਕ ਫੇਲਿਆ ਹੋਇਆ ਹੈ।

ਆਉ ਪਰਦੇਸ ਵਿਚ 1984 ਦੇ ਇਸ ਪ੍ਰਤੀਕਰਮ ਨੂੰ ਵੇਖੀਏ ਜਿਸਦਾ ਇਕ ਰੂਪ ਸਿਧੂ ਬਿਆਨਦਾ ਹੈ ਜੋ ਭਾਰਤੀ ਮਜਦੂਰ ਸਭਾਵਾਂ‘ ਤੇ ‘ਖਾਲਸਤਾਨੀਆਂ‘ ਵਿਚਾਲੇ ਹੋਈਆਂ ਲੜਾਈਆ ਹਨ। ਇਹਨਾਂ ਮੰਦਭਾਗੀ ਘਟਨਾਵਾਂ ਨੂੰ ਉਹ ਇਹਨਾਂ ਸਭਾਵਾਂ ਦੀ ‘ਪਰਖ ਦੀ ਘੜੀ‘ ਦਸਦਾ ਹੈ। ਇਹਨਾਂ ਲੜਾਈਆਂ ਦਾ ਕਾਰਨ ਦਸਦੇ ਲਿਖਦੇ ਹਨ ਕਿ ‘ਚਾਰ ਹਜ਼ਾਰ ਮੀਲੋਂ ਦੂਰ, ਦੇਸੀ ਦਹਿਸ਼ਤਗਰਦੀ ਧੱਕੇ ਨਾਲ ਵਲੈਤ ਵੀ ਆ ਵੜੀ‘; ਇਸ ਵਾਕ ਚ ਦਹਿਸ਼ਤਗਰਦੀ ਸ਼ਬਦ ਨਜਾਇਜ ਹੈ ਇਸ ਸਾਹਿਤਕੀ ਤੁਕ ਨੂੰ ਜੇ ਇਉਂ ਪੜ ਲਿਆ ਜਾਵੇ ਤਾਂ ਹੀ ਕੁਝ ਸਮਝ ਆਉਂਦੀ ਹੈ: ਕਿ ‘ਪੰਜਾਬ ਵਿਚ ਜੂਨ 1984 ਵਿਚ ਸਰਕਾਰ ਵਲੋਂ ਦਰਬਾਰ ਸਾਹਿਬ ਤੇ ਫੌਜੀ ਹਮਲੇ ਨਾਲ ਵਲੈਤ ਤੇ ਹੋਰ ਪਰਦੇਸੀਂ ਵਸਦੇ ਸਿਖ ਸਮੂਹ ਵਿਚ ਰੋਹ ਭਰਿਆ ਪ੍ਰਤੀਕਰਮ ਹੋਇਆ‘। ‘ਦੇਸੀ ਦਹਿਸ਼ਤਗਰਸਤੀ‘ ਦਾ ਸ਼ਬਦ ਸਿਵਾਏ ਸਿਖਾਂ ਵਲੋਂ ਕੀਤੇ ਪਰੋਟੈਸਟਾਂ ਨੂੰ ਨਿੰਦਣ ਦਾ ਪ੍ਰਯੋਯਨ ਹੈ ਤੇ ਉਹ ਵੀ ਸਰਕਾਰੀ ਸ਼ਬਦਾਵਲੀ ਰਾਹੀਂ ਜੋ ਇਹ ਕਿਸੇ ਮਾਣਯੋਗ ਕਾਮਰੇਡ ਦੀ ਵੀ ਉਨੀ ਹੀ ਤੌਹੀਨ ਹੈ ਜਿੰਨੀ ਸਿਖ ਸਮੂਹ ਦੇ ਪ੍ਰਤੀਕਰਮ ਦੀ। ਪਰ ਪੰਜਾਬੀ ਕਾਮਰੇਡਾਂ ਦੀ ਮਾਰਕਸ-ਪੜਤ ਕੁਝ ਨਿਰਾਲੀ ਹੈ।

ਇਹੋ ਪੜਤ ਦੇ ਆਸਰੇ 1984 ਚ ਜੋ ਪੰਜਾਬੀਆਂ ਵਿਚ ਫੁਟ ਪਈ ਸਿਧੂ ਦੋ ਮੋਟੇ ਹਿਸਿਆ ਚ ਵੰਡ ਲੈਂਦਾ ਹੈ, ਇਕ ਪਾਸੇ ਫਿਰਕੂ ਦੂਜੇ ਉਹ ਜੋ ਗ਼ੈਰ-ਫਿਰਕੂ। ਪਹਿਲੇ ‘ਦਹਿਸ਼ਤਗਰਸਤੀ‘ ਜਾਂ ਖਾਲਸਤਾਨੀ ਦੂਸਰੇ ਕਾਮਰੇਡ ਜਾਂ ਭਾਰਤੀ ਮਜਦੂਰ ਸਭਾਵਾਂ ਦੇ ਕਾਰਕੁਨ। ਉਸ ਅਨੁਸਾਰ ‘ਗੈਰ-ਫਿਰਕੂ ਸੋਚ ਵਾਲੇ ਅਖਬਾਰਾਂ ‘ਚ ਜਾਂ ਮਟਿੰਗਾਂ ਚ ਆਪਣੀ ਗੱਲ ਕਰਦੇ ਸੀ। ਤੇ ਦੂਜਿਆਂ ਕੋਲ ‘ਨਾ ਦਲ਼ੀਲ, ਨਾ ਗੱਲ ਚ ਉਹ ਯਕੀਨ ਰੱਖਦੇ ਸੀ, ਨਾ ਉਨ੍ਹਾਂ ਨੂੰ ਉਹ ਪਚਦੀ ਸੀ।‘ ਸੋ ਇਹ ਗੈਰ-ਫਿਰਕੂ ਕਾਮਰੇਡ ਫਿਰਕੂਆਂ ਜਾਂ ਖਾਲਸਤਾਨੀਆ ਨੂੰ ਕਿਵੇਂ ਸਮਝਾਉਣ ਜਿਹਨਾਂ ਨੇ ‘ਦਲੀਲ਼ਾਂ ਵਾਲੇ ਬੂਹੇ ਘੁੱਟ ਕੇ ਭੇੜ ਲਏ ਸੀ। ਲੀਕ ਖਿੱਚ ਦਿੱਤੀ ਸੀ…ਉਨ੍ਹਾਂ ਨੂੰ ਸਾਡੀ ਰਾਏ ਚੁੱਭਦੀ ਸੀ। ਸਾਨੂੰ ਉਨ੍ਹਾਂ ਦੀ ਨਹੀਂ ਸੀ ਪੁੱਗਦੀ। ਪਰ ਅਗਲੇ ਸਾਨੂੰ ਚੁੱਪ ਕਰਾਉਣ ‘ਤੇ ਤੁਲੇ ਹੋਏ ਸੀ …‘।

ਕੇਹੀ ਸਾਦਗੀ ਤੇ ਚਲਾਕੀ ਹੈ ਇਸ ਬਿਆਨ ਵਿਚ, ਤੇ ਨਾਲੇ ਬਹੁਗਿਣਤੀ ਸਿਖਾਂ ਦਾ ਅਕਸ ਵਿਗਾੜਕੇ ਪੇਸ਼ ਕਰਨ ਵਾਲੀ ਝੂਠੀ ਦਲੀਲ। ‘ਉਹ‘ ਕਾਮਰੇਡਾਂ ਨੂੰ ਚੁਪ ਕਰਾਉਣ ਨਹੀਂ ਤੁਲੇ ਹੋਏ ਸੀ ਬਲਕਿ ਆਪਣੇ ਸਾਂਝੇ ਦੁਖ ਨੂੰ ਪਿਟਦੇ ਫਰਿਆਦੀ ਸਿਖ ਸਨ। ਯਾਦ ਰਹੇ 1984 ਦੇ ਪ੍ਰਤੀਕਰਮ ਵਜੋਂ ਜੋ ਅਤੀ ਭਾਵਕਤਾ ਦਾ ਦੌਰ ਸੀ ਫਿਰ ਵੀ ਸਾਰੇ ਜਲੂਸ ਲਗਭਗ ਹਰ ਥਾਈਂ ਸ਼ਾਂਤੀਪੂਰਨ ਹੀ ਰਹੇ।ਪਰੋਟੈਸਟ ਵਜੋਂ ਸਿਖ ਲੰਦਨ ਦੇ ਹਾਈਡ ਪਾਰਕ ਚ ਹਰ ਸਾਲ ਜੂਨ ਨੂੰ ਜਲੂਸ ਕਢਦੇ ਰਹੇ, ਅਤੇ ਆਪਣੀ ਵਾਹ ਅਖਬਾਰਾਂ ਵਿਚ ਗੁਭ ਗੂਭਾਟ ਕਢਦੇ ਰਹੇ।ਇਸ ਦੁਖਾਂਤ ਕਾਰਨ ਹੀ ਮੈਂ ਪਹਿਲੀ ਵਾਰੀ ਵਲੈਤ ਵਸਦੇ ਕਾਮਰੇਡਾਂ ਦੇ ਲੇਖ ਪੜਨੇ ਸ਼ੁਰੂ ਕੀਤੇ, ਤੇ ਇਹਨਾਂ ਨੇ ਆਪਣੇ ਪਰਚੇ ਜੋ ਨਵੇਂ ਸ਼ੁਰੂ ਹੋਏੇ ‘ਲਲਕਾਰ, ਪੰਜਾਬੀ ਦਰਪਣ, ਤੇ ਚਰਚਾ, ਸੂਰਜ‘ ਆਦਿ ਪੜੇ। ਹੈਰਾਨੀ ਹੋਈ ਕਿ ਇਹ ਸਜਣ ਕਿਸ ਤਰਾਂ ਆਪਣੇ ਲੋਕਾਂ ਦੇ ਦੁਖ ਤੋਂ ਪਰੇ ਹੋ ਲਗਭਗ ਉਹੀ ਦਲੀਲ਼ਾਂ ਦੇ ਰਹੇ ਸਨ ਜੋ ਹਿੰਦੁਸਤਾਨ ਸਰਕਾਰ ਦੇ ਰਹੀ ਸੀ। ਇਹ ਕੇਹੇ ਮਾਰਕਸਵਾਦ ਦਾ ਪਰਚਾਰ ਕਰ ਰਹੇ ਸਨ? ਕੀ ਇਹਨਾਂ ਨੇ ਮਾਰਕਸੀ ਪਹਿਲੀ ਪੌੜੀ ਵੀ ਨਹੀਂ ਸੀ ਚੜੀ ਜਿਸ ਅਨੁਸਾਰ ਜਿਸਨੂੰ ਮਾਰ ਪਈ ਹੈ ਉਸ ਨਾਲ ਹਮਦਰਦੀ ਰਖੋ। ਇਨਸਾਫ ਦਾ ਸਧਾਰਨ ਤਕਾਜਾ ਵੀ ਇਹੋ ਸੀ ਕਿ ਸਿਖ ਸਮੂਹ ਨਾਲ ਸਰਕਾਰ ਨੇ ਜਿਆਦਤੀ ਕੀਤੀ ਹੈ ਅਤੇ ਪੰਜਾਬ ਦੀਆ ਵਾਜਬੀ ਮੰਗਾਂ ਦੇ ਸੰਘਰਸ਼ ਨੂੰ ਸਿਰਫ ‘ਖਾਲਸਤਾਨੀ‘ ਘੋਲ ਦਾ ਨਾਂ ਦੇ ਸਰਕਾਰੀ ਅਦਾਰੇ ਹੁਣ ਸ਼ੁਦਾ ਝੂਠਾ ਪਰਚਾਰ ਕਰ ਰਹੇ ਸਨ। ਉਹ ਭੁਲਾਉਂਦੇ ਸਨ ਕਿ ਧਰਮ ਯੁਧ ਮੋਰਚੇ ਦਾ ਮਨੋਰਥ ਪੰਜਾਬ ਦੇ ਭਾਸ਼ਾਈ, ਸਭਿਆਚਾਰਕ, ਆਰਥਕ ਮਾਮਲਿਆਂ ਦੀਆ ਮੰਗਾ ਸਨ, ਜਿਹੜੀਆਂ ਪਿਛੇ ਤਿੰਨ ਸਾਲਾਂ ਦੀਆਂ ਕਿੰਨੀਆਂ ਮੀਟਿੰਗਾ ਵਿਚ ਸਰਕਾਰ ਤੇ ਅਕਾਲੀ ਨੁਮਾਇੰਦਿਆ ਤੇ ਵਿਚੇ ਕਾਮਰੇਡ ਸੁਰਜੀਤ ਤੇ ਹੋਰ ਪਾਰਟੀਆਂ ਦੇ ਲੀਡਰਾਂ ਨੇ ਵਿਚਾਰੀਆਂ ਸਨ ਪਰ ਅੰਤ ਨੂੰ ਸਰਕਾਰ ਨੇ ਇਹ ਪੰਜਾਬੀਆਂ ਦੀਆਂ ਸਮੂਹਕ ਮੰਗਾਂ ਨੂੰ ਸਿਖ ਸਮੂਹ ਦੀ ਘਟ-ਗਿਣਤੀ ਦੇ ਵਜੂਦ ਨਾਲ ਸੌਖੇ ਹੀ ਜੋੜ ਦਿਤਾ ਕਿ ਇਹ ਤਾਂ ਦਰਅਸਲ ਖਾਲਸਤਾਨ ਮੰਗਦੇ ਹਨ, ਤੇ ਇਹ ਦੋਸ਼ ਆਪਣੀ ਸੌੜੀ ਰਾਜਨੀਤੀ ਲਈ ਵਰਤਿਆ। ਇਹ ਦੇਖਣਾ ਬਹੁਤੀ ਨੀਝ ਨਹੀਂ ਸੀ ਮੰਗਦਾ ਤੇ ਨਾਂ ਹੀ ਕਿਸੇ ਦੂਰਬੀਨੀ ਮਾਰਕਸੀ ਸੋਚ ਦੀ ਹੀ ਲੋੜ ਸੀ। ਪੰਜਾਬੀ ਕਾਮਰੇਡ ਇਸਤੋਂ ਪਰੇ ਹੋਰ ਕੀ ਗਲ ਕਰਦੇ ਸਨ?

ਅਗਲੀ ਗਲ ਕਿਸੇ ਨੇ ਕਾਮਰੇਡਾਂ ਨੂੰ ‘ਲਾਲ ਕੁੱਤੇ‘ ਨਹੀਂ ਕਿਹਾ, ਇਹ ਸਬਦ ਦੀ ਕੋਈ ਲਲ ਨਹੀਂ ਪਈ। ਇਹ ਸਿਰਫ ਇਕੋ ਬਾਰ ‘ਦੇਸ ਪ੍ਰਦੇਸ‘ ਵਿਚ ਇਕ ਲੇਖ ਦਾ ਸ਼ੀਸ਼ਕ ਬਣਿਆ ਜੋ ਮੇਰਾ ਲਿਖਿਆ ਸੀ ਜਦ 1984 ਦੇ ਇਸ ਦੁਖਾਂਤ ਨਾਲ ਝੁਲਸਿਆ ਮੈਂ ਵੀ ਪਹਿਲੀ ਵਾਰੀ ਪੰਜਾਬੀ ਚ ਕੁਝ ਲਿਖਣ ਲਗਾ ਸਾਂ। ਇਹ ਸ਼ਾਇਦ ਮੇਰਾ ਤੀਜਾ ਲੇਖ ਸੀ ਜੋ ‘ਦੇਸ ਪ੍ਰਦੇਸ‘ ਅਖਬਾਰ ਵਿਚ ਛਪਿਆ ਜਿਸਦਾ ਸੀਸ਼ਕ ਸੰਪਾਦਕ ਨੇ ਬਦਲਕੇ ‘ਸਰਕਾਰੀ ਸ਼ਹਿ ਤੇ ਭੌਕਣ ਲਾਲ ਕੁਤੇ‘ ਕਰ ਦਿਤਾ ਸੀ। ਇਸ ਲੇਖ ਵਿਚ ਮੈਂ ਕਾਮਰੇਡ ਭਰਾਵਾਂ ਨੂੰ ਆਪਣੇ ਪੰਜਾਬ ਵਾਰੇ ਸਟੈਂਡ ਨੂੰ ਦੁਬਾਰਾ ਗੌਰ ਕਰਨ ਲਈ ਕਿਹਾ ਸੀ।

ਮੈਂ ਬਹੁਤ ਸਾਲਾਂ ਦਾ ਬਰਮਿੰਘਮ ਰਹਿ ਰਿਹਾ ਸਾਂ। ਦਰਬਾਰ ਸਾਹਿਬ ਦੇ ਹਮਲੇ ਪਿੱਛੋਂ ਸਿੱਧੂ ਦੇ ਕਹਿਣ ਅਨੁਸਾਰ ਠੀਕ ਹੀ ‘ਉਲਾਰ ਭਾਵਨਾਵਾਂ‘ ਵਿੱਚ ਰੁੜ ਗਿਆ ਸਾਂ। ਸਿੱਧੂ ਸਾਹਿਬ ਜੋ ਖੁਦ ਸਿੱਖ ਕਾਮਰੇਡ ਹੀ ਨੇ ਜਾਂ ਸਿਖ ਘਰ ਚ ਜੰਮੇ ਹਨ, ਉਹਨਾਂ ਨੂੰ ਇਸ ਘੋਰ ਸੰਕਟ ਨੇ ਕਖੋਂ ਹੌਲੇ ਨਹੀਂ ਕੀਤਾ ਸੀ ਇਹ ਮੇਰੇ ਲਈ ਅਚੰਭਾ ਹੈ ਸ਼ਾਇਦ ਕਾਮਰੇਡ ਸੋਚਣੀ ਨੇ ਉਸਨੂੰ ਅਜਿਹੀਆਂ ਭਾਵਨਾਵਾਂ ਤੋਂ ਹਥਦੇ ਬਚਾਅ ਲਿਆ ਸੀ। ਇਸ ਝਖੜ ਤੋਂ ਬਚਾਉਣ ਵਾਲੀ ਕੇਹੀ ਕਾਮਰੇਡੀ ਇਹਨਾਂ ਘਰੇ ਬੈਠੇ ਹੀ ਘੜ ਲਈ ਸੀ?
ਚਲੋ ਚੰਦ ਬੰਦੇ ਤਾ ਬਚ ਰਹੇ ਪਰ ਬਹੁਤਾ ਸਿੱਖ ਭਾਈਚਾਰੇ ਲਈ ਤਾਂ ਜੂਨ 1984 ਲਈ ਅਗਨੀ ਪ੍ਰੀਖਿਆ ਬਣ ਆਇਆ। ਬਲਕਿ ਇਹ ਕਹਿਣਾ ਔਖਾ ਨਹੀਂ ਸੀ ਕਿ ਸਿਖ ਸਮੂਹ ਤੇ ਅਜਿਹਾ ਸੰਕਟ ਕਦੇ ਨਹੀਂ ਸੀ ਆਇਆ ਤੇ ਇਸ ਬਦਰੌ ਨਾਲ ਕਿਵੇਂ ਨਜਿਠਿਆ ਜਾਵੇ ਕਿਸੇ ਨੁੰ ਕੁਝ ਸੁਝਦਾ ਨਹੀਂ ਸੀ। ਸਿਰਫ ਪੰਜਾਬੀ ਕਾਮਰੇਡ ਹੀ ਅਜਿਹੇ ਸਨ ਜਿਹਨਾਂ ਕੋਲ ਇਸ ਸੰਕਟ ਦੀ ਦਵਾ ਦਾਰੂ ਪਹਿਲਾਂ ਤੋਂ ਹੀ ਤਿਆਰ ਸੀ ਜੋ ਮਾਰਕਸਵਾਦੀ ਸੋਚ ਦਾ ਪੰਜਾਬੀਕਰਨ ਕਰਦੇ ਹੋਏ ਇਸ ਸਮੇਂ ਦੋਰਾਨ ਸਿਖਾਂ ਦੇ ਬੇਹਾਲੋਂ ਹਾਏ ਪਾਹਰੇ ਨੂੰ ਦਹਿਸ਼ਤ ਗ੍ਰਸਤੀ ਤੇ ਖਾਲਸਤਾਨ ਨਾਲ ਜੋੜ ਕੋਈ ਵਿਗਿਆਨਕ ਹਲ ਕਢੀ ਬੈਠੇ ਸਨ ਤੇ ਇਸਦਾ ਪਰਚਾਰ ਕਰਨਾ ਵੀ ਜਰੂਰੀ ਸਮਝਦੇ ਸਨ। ਜਾਣੀ ਇਹ ਦੁਆਈ ਸਾਰੇ ਸਿਖਾਂ ਨੂੰ ਦੇਣਾ ਵੀ ਉਹਨਾਂ ਦਾ ਫਰਜ ਸੀ।

ਤੇ ਇਹ ਦੁਆਈ ਦੇਣ ਦੀ ਪਹਿਲ ਕਾਮਰੇਡਾਂ ਨੇ ਕੀਤੀ ਨਾਂ ਕਿ ਸਿਖ ਨੌਜਵਾਨਾਂ ਨੇ। ਸਮਰਫੀਲਡ ਸਕੂਲ ਦੀ ਲੜਾਈ ਹੋਣ ਤਕ ਤਿੰਨ ਕੁ ਝਗੜੇ ਹੋ ਚੁਕੇ ਸਨ। ਸਮਰਫੀਲਡ ਮੀਟਿੰਗ ਦੇ ਵੇਰਵੇ ਵਿਚ ਸੁਧਾਰ ਕਰਨ ਤੋਂ ਗੁਰੇਜ ਹੀ ਕਰਾਗਾ ਭਾਵੇਂ ਲੜਾਈ ਦੇ ਸ਼ੁਰੂ ਹੋਣ ਤਕ ਮੈਂ ਵੀ ਉਥੇ ਹੀ ਸਾਂ ਤੇ ਇਹ ਸਵਾਲ ਕਿ ਦਹਿਸਤਗਰਦੀ ਕੌਣ ਹਨ? ਵੀ ਮੈਂ ਹੀ ਕੀਤਾ ਸੀ। ਸਿਧੂ ਹੋਰਾਂ ਨੂੰ ਪਤਾ ਹੀ ਹੋਵੇਗਾ ਕਿ ਸਭ ਤੋਂ ਪਹਿਲੀ ਲੜਾਈ ਬਰਮਿੰਘਮ ਦੇ ਗੁਰਦਵਾਰੇ ਮੋਹਰੇ ਹੋਈ। ਇਹ ਪਹਿਲਾ ਝਗੜਾ ਕਿਉਂ ਤੇ ਕਿਵੇਂ ਹੋਇਆ ਇਹ ਸਮਝਣ ਵਾਲੀ ਗਲ ਹੈ। ਇਸ ਨਾਲ ਸਮਰਫੀਲਡ ਵਿਚਲੇ ਹੋਏ ‘ਯੁਧ‘ ਜਿਸਦਾ ਸਿਧੂ ਨਾਟਕੀ ਤੇ ਸਾਹਿਤਕ ਚਟਕਾਰੇ ਨਾਲ ਬਿਆਨ ਕਰਦਾ ਹੈ ਉਸਦਾ ਅੰਦਰਲਾ ਪਾਠ ਖੁਲ ਜਾਏਗਾ ਤੇ ਅਗਲੀਆਂ ਜੋ ਲੜਾਈਆਂ ਹੋਈਆਂ ਉਹਨਾਂ ਦਾ ਵੀੇ। ਇਹ ਮੇਰੀਆ ਅਖਾਂ ਰਾਹੀਂ ਡਿਠਾ ਵਿਸਥਾਰ ਹੈ।

ਜੂਨ 1984 ਦੇ ਘੱਲੂਘਾਰੇ ਹੋਏ ਨੂੰ ਮਸਾਂ ਹਫਤਾ ਹੋਇਆ ਸੀ। ਅਜੇ ਦਰਬਾਰ ਸਾਹਿਬ ਚ ਹੋਏ ਨੁਕਸਾਨ ਦੇ ਵੇਰਵੇ ਦੀਆਂ ਖਬਰਾਂ ਵੀ ਮੁਕੀਆਂ ਨਹੀਂ ਸਨ। ਮੈਂ ਐਤਵਾਰ ਸਮੈਥਿਕ ਗੁਰਦੁਆਰੇ ਦੇ ਸਾਹਮਣੇ ਵੇਖਿਆ ਕਿ ਕੁਝ ਕਾਮਰੇਡ ‘ਲਲਕਾਰ‘ ਅਖਬਾਰ ਦੀਆਂ ਕਾਪੀਆਂ ਫੜੀ ਗੁਰਦੁਆਰੇ ਦੀ ਸੜਕ ਦੇ ਦੂਸਰੇ ਪਾਸੇ ਖੜੇ ਹਨ। ਇਹ ਸਵੇਰ ਦਾ ਕੋਈ ਗਿਆਰਾਂ ਕੁ ਵਜੇ ਦਾ ਸਮਾਂ ਸੀ ਗੁਰਦੁਆਰੇ ਨੂੰ ਲੋਕੀ ਧਾਅ ਕੇ ਆ ਰਹੇ ਸਨ ਸਭ ਨੂੰ ਪਤਾ ਸੀ ਅੰਦਰ ਰੋਣ-ਧੋਣ ਤੇ ਭਾਸਣ ਹੋਣ ਵਾਲੇ ਹਨ ਬਹੁਤੇ ਚਿਹਰੇ ਰੋਣ ਹਾਕੇ ਤੇ ਗੁੱਸੇ ਨਾਲ ਭਰੇ ਹੋਏ ਸਨ ਇਹੋ ਜਿਹੇ ਜਜਬਾਤ ਲੈ ਕੇ ਲੋਕੀ ਜਿਹਨਾਂ ਵਿੱਚ ਬੁੱਢੇ, ਇਸਤਰੀਆਂ ਤੇ ਬੱਚੇ ਵੀ ਸਨ ਤੇ ਵਲੈਤ ਜੰਮੇ ਬਚੇ ਜਿਹਨਾਂ ਨੂੰ ਆਪਣੇ ਮਾਂ-ਪਿਓ ਦੇ ਗੁਸੇ ਦੀ ਸਮਝ ਨਹੀਂ ਆ ਰਹੀ ਸੀ ਪਰ ਆਪਣੇ ਮਾਪਿਆਂ ਦੇ ਚਿਹਰੇ ਤੇ ਗੁੱਸਾ ਅਤੇ ਉਦਾਸੀ ਦੀ ਦੋਹਰੀ ਰੰਜਿਸ਼ ਨੂੰ ਪੜ ਜਰੂਰ ਰਹੇ ਸਨ। ਮੈਂ ਮੱਥਾ ਟੇਕਿਆ ਤੇ ਬਾਹਰ ਆਇਆ ਉਥੇ ਕੁਝ ਨੌਜਵਾਨ ਜੋ ਬਾਹਰ ਖੜੇ ਸਨ ਉਹਨਾਂ ਚੋਂ ਕੁਝਨਾਂ ਨੂੰ ਮੈਂ ਪਿਛਲੇ ਹਫਤੇ ਤੋਂ ਹੀ ਜਾਨਣ ਲੱਗਾ ਸਾਂ। ਪਰੇ ਖੜੇ ਕਾਮਰੇਡ ਲੋਕਾਂ ਨੂੰ ਪੈਫਲਟ ਵੰਡਦੇ ਸਨ ਤੇ ਆਉਣ ਜਾਣ ਵਾਲੀ ਸੰਗਤ ਨੂੰ ਇਹ ਪੈਫਲਟ ਮੱਲੋ ਜੋਰੀ ਵੀ ਫੜਾਉਣ ਲੱਗਦੇ ਕੁਝ ਨੇ ਤਾਂ ਫੜੇ ਕੁਝ ਦੂਜੇ ਪਾਸੇ ਮੂੰਹ ਕਰਕੇ ਗੁਰਦੁਆਰੇ ਅੰਦਰ ਵੜਨ ਲੱਗੇ। ਮੈਂ ਇਹਨਾਂ ਨੌਜਵਾਨਾਂ ਨਾਲ ਗੱਲਾਂ ਕਰਦਿਆਂ ਪੁੱਛਿਆ ਤੇ ਪਤਾ ਲੱਗਾ ਕਿ ਇਹ ਪੈਫਲਟ ਦਰਬਾਰ ਸਾਹਿਬ ਦੇ ਹਮਲੇ ਬਾਰੇ ਵੰਡ ਰਹੇ ਹਨ ਅਤੇ ਦੋ-ਤਿੰਨ ਨੌਜਵਾਨਾਂ ਨੇ ਇਹ ਵੀ ਕਿਹਾ ਇਹਨਾਂ ਨੂੰ ਇਹ ਪੈਫਲਟ ਵੰਡਣਾ ਨਹੀਂ ਚਾਹੀਦਾ। ਇੱਕ-ਦੋ ਨੇ ਪੈਫਲਟ ਫੜੇ ਤੇ ਪਾੜੇ ਤੇ ਸ਼ਾਇਦ ਉਹਨਾਂ ਨੂੰ ਕਿਹਾ ਵੀ ਤੁਸੀਂ ਗੁਰਦੁਆਰੇ ਦੀ ਇਸ ਕੰਧ ਨਾਲ ਨਾ ਖੜੋ ਉਹ ਹੁਣ ਗੁਰਦਵਾਰੇ ਵਾਲੇ ਪਾਸੇ ਆ ਖੜੇ ਸਨ। ਜਿਵੇਂ ਸੁਖਦੇਵ ਸਿੱਧੂ ਲਿਖਦਾ ਹੈ ਇਹ ਕਾਮਰੇਡ ਤਿਆਰੀ ਨਾਲ ਆਏ ਲੱਗਦੇ ਸਨ ਇਹ ਉਥੋ ਨਾ ਹਟੇ ਹੁਣ ਲੱਗਭਗ ਬਾਰਾਂ ਵਜ ਚੁੱਕੇ ਸਨ ਹੋਰ ਨੌਜਵਾਨ ਵੀ ਆ ਗਏ ਜਿਹਨਾਂ ਚ ਸਿੱਧੂ ਦੀ ਬੋਲੀ ਅਨੁਸਾਰ ਕੁਝ ਪਟਿਆਂ ਵਾਲੇ ਜਿਹਨਾਂ ਨੇ ਅਜੇ ਵਾਲ ਰੱਖੇ ਹੀ ਸਨ ਤੇ ਜਿਹਨਾਂ ਦੀਆਂ ਦਾੜੀਆਂ ਕਰੜ ਬਾਰੜ ਉਗੀਆਂ ਹੋਈਆਂ ਸਨ। ਉਹਨਾਂ ਚੋਂ ਕਿਸੇ ਕਿਹਾ ਇਹ ਧੱਕੇ ਨਾਲ ਪੈਫਲਟ ਵੰਡਦੇ ਹਨ ਇਹਨਾਂ ਨੂੰ ਰੋਕੋ। ਅਜਿਹੇ ਨੌਜਵਾਨ ਹੁਣ 15-20 ਦੀ ਗਿਣਤੀ ਚ ਹੋ ਗਏ ਸਨ ਤੇ ਕਾਮਰੇਡ ਵੀ 10-12 ਸਨ ਇੰਨੇ ਨੂੰ ਮੇਰਾ ਇੱਕ ਹੋਰ ਪਛਾਣੂ ਮਲਕੀਤ ਸਿੰਘ ਆ ਗਿਆ ਤੇ ਇੱਕ ਸੁਖਵਿੰਦਰ ਜਿਸ ਨੂੰ ਬਿੱਲਾ ਕਹਿ ਕੇ ਸੱਦਦੇ ਸਨ ਇਹਨਾਂ ਦੋਹਾਂ ਨੇ ਵੀ ਨਵੀਂ ਪੱਗ ਬੰਨੀ ਸੀ ਉਹ ਦੇਖਦੇ ਹੀ ਕਾਮਰੇਡਾਂ ਨੂੰ ਪਛਾਣ ਗਏ ਤੇ ਕਹਿਣ ਲੱਗੇ ਇਹ ਸਾਲੇ ਸਾਨੂੰ ਕੀ ਦਸਣ ਆਏ ਹਨ ਤੇ ਮੈਂ ਵੀ ਗੁਸੇ ਵਿਚ ਕਿਹਾ ਇਹਨਾਂ ਨੂੰ ਧੱਕ ਕੇ ਗੁਰਦੁਆਰੇ ਤੋਂ ਪਰੇ ਕਰੋ। ਬੱਸ ਦੋ ਕੁ ਮਿੰਟਾਂ ਵਿੱਚ ਹੀ ਸਾਰੇ ‘ਖਾਲਿਸਤਾਨੀ‘ ਜਿਹਨਾਂ ਚ ਮੈਂ ਵੀ ਸ਼ਾਮਲ ਸਾਂ ਕਾਮਰੇਡਾਂ ਦੇ ਨੇੜੇ ਹੋਏ ਅਤੇ ਤਿੰਨ ਚਾਰ ਤੋਂ ਪੈਫਲਟ ਖੋਹ ਧੱਕੇ ਮਾਰਨ ਲੱਗੇ। ਖੋਹੇ ਪੈਫਲਟ ਗੁਰਦੁਆਰੇ ਦੀ ਛੋਟੀ ਕੰਧ ਕੋਲ ਜੋ ਨਿਸ਼ਾਨ ਸਾਹਿਬ ਖੜਾ ਸੀ ਉਸ ਕੋਲ ਸੁੱਟੇ ਤੇ ਫਿਰ ਧੱਕਾ ਮੁੱਕੀ ਚੱਲਣ ਲੱਗੀ। ਕਾਮਰੇਡਾਂ ਨੇ ਆਪਣੇ ਲੱਕ ਦੁਆਲੇ ਛੋਟੇ ਛੋਟੇ ਸੰਗਲ ਵਾਲੇ ਡੰਡੇ ਕੱਢ ਲਏ ਤੇ ਮਾਰਨ ਲੱਗੇ ਕੁਝ ਨੌਜਵਾਨਾਂ ਦੇ ਇਹ ਵੱਜੇ ਤੇ ਗੁਰਦੁਆਰੇ ਦੇ ਸਾਹਮਣਿਉਂ ਹੋਰ ਨੌਜਵਾਨ ਭੱਜ ਕੇ ਇਹਨਾਂ ਨੂੰ ਧੱਕਦੇ ਹੋਏ ਪਰੇ ਲੈ ਗਏ ਗਾਲੀ ਗਲੋਚ ਵੀ ਹੋਈ ਇਹ ਖੂੰਜੇ ਤੱਕ ਧੱਕਾ ਮੁੱਕੀ ਕਰਦੇ ਟਰਿਨਟੀ ਸਟਰੀਟ ਦੇ ਡਾਕਖਾਨੇ ਤੱਕ ਛੱਡ ਆਏ। ਕਾਮਰੇਡਾਂ ਨੇ ਤਕੜਾ ਗੁੱਸਾ ਦਿਖਾਇਆ ਤੇ ਛੇਤੀ ਕੀਤੇ ਪੈਰ ਨਹੀਂ ਛੱਡੇ ਪਰ ਕਿਉਂਕਿ ‘ਖਾਲਿਸਤਾਨੀ‘ ਬਹੁਤੇ ਸਨ ਕਾਮਰੇਡਾਂ ਦੇ ਪੈਰ ਉਖੜ ਹੀ ਗਏ ਅਤੇ ਉਹ ਇਸ ਡਾਕਖਾਨੇ ਤੋਂ ਅੱਗੇ ਖੁਦ ਹੀ ਤੁਰ ਗਏ ਤੇ ਆਪੋ ਆਪਣੀਆਂ ਕਾਰਾਂ ਵਿੱਚ ਚੜ ਸ਼ਾਇਦ ਹਰਪਾਲ ਬਰਾੜ ਤੇ ਹੋਰ ਲੀਡਰਾਂ ਨੂੰ ਰਿਪੋਰਟ ਕਰਨ ਲੱਗੇ ਹੋਣ।

ਇਹ ਵਲੈਤੀ ਪੰਜਾਬੀਆਂ ਦੀ ਪਹਿਲੀ, ਬਲਕਿ ਹੋਰ ਸਹੀ ਗਲ, ਸਿੱਖਾਂ ਵਿੱਚ ਪਹਿਲੀ ਆਪਸੀ ਟਕਰ ਦੀ ਸੁਰੂਆਤ ਸੀ। ਹੁਣ ਜਦ ਮੈਂ ਇਸ ਛੋਟੇ ਜਿਹੇ ਧਕਮ ਧੱਕੇ ਬਾਰੇ ਸੋਚਦਾ ਹਾਂ ਤਾਂ ਗਲਿਆਨੀ ਆਉਂਦੀ ਹੈ ਤੇ ਕਾਮਰੇਡਾਂ ਦੀ ਸੂਝ ਦੇ ਦਵਾਲੇ ਦਾ ਸਬੂਤ ਜਿਹਨਾਂ ਇਸ ਮੌਕੇ ਤੇ ਜਦੋਂ ਸਚੋਂ ਹੀ ਅਲੇ ਜਖਮ ਸਨ ਆਪਣੀ ਸੋਚ ਨੂੰ ਧੌਂਸ ਨਾਲ ਸਿਖਾਂ ਦੇ ਗਲ ਮੜਨਾ ਚਾਹਿਆ। ਇਹ ਬੇਹਦ ਭਦੀ ਕਰਤੂਤ ਸੀ।

ਸਿੱਖਾਂ ਤੇ ਏਨੀ ਅੱਤ ਨਾਜੁਕ ਭੀੜ ਜਿਸ ਵਿੱਚ ਉਹਨਾਂ ਦਾ ਦਿਲੋ ਪਿਆਰਾ ਬੇਅੰਤ ਉਪਵਾਵਾਂ ਵਾਲਾ ਹਰਮਿੰਦਰ ਜਿਸ ਦੀ ਬੇਹੁਰਮਤੀ ਨੇ ਉਹਨਾਂ ਦਾ ਸਿਰ ਨੀਵਾਂ ਕਰ ਦਿੱਤਾ ਸੀ ਇਉਂ ਜਿਵੇਂ ਕੋਈ ਵੱਡਾ ਸਾਰਾ ਲੱਫੜ ਮਾਰ ਪਰਹੇ ਵਿੱਚ ਖੜੇ ਦੀ ਬੇਇਜ਼ਤੀ ਕਰ ਦੇਵੇ। ਤੇ ਉਸ ਮਨੁੱਖ ਨੂੰ ਸੁੱਝੇ ਨਾ ਕਿ ਹੁਣ ਕੀ ਕਰੀਏ। ਜੇ ਅਜਿਹੀ ਬੇਇੱਜਤੀ ਸਕਿਆਂ ਨੇ ਕੀਤੀ ਹੋਵੇ ਤਾਂ ਉਹ ਗੁੱਸੇ ਚ ਕਹੇ ਆਪਣੇ ਘਰ ਚ ਕੰਧ ਮਾਰ ਲਵੋ ਅੱਜ ਤੋੰ ਮੇਰੀ ਤੁਹਾਡੇ ਨਾਲ ਕਲਾਮ ਬੰਦ। ਜੇ ਉਸਦੀ ਬੇਇੱਜਤੀ ਸਰੀਕੇ ਵਾਲੇ ਨੇ ਕੀਤੀ ਹੋਵੇ ਤਾਂ ਉਹ ਆਪਣੇ ਪੁੱਤਰ, ਭਤੀਜਿਆਂ ਤੇ ਰਿਸ਼ਤੇਦਾਰਾਂ ਨੂੰ ਹਾਕਾਂ ਮਾਰੇ ਉਹ ਤੁਸੀ ਮਰ ਗਏ ਮੇਰੀ ਇਹਨਾਂ ਨੇ ਪੱਗ ਰੋਲ ਦਿੱਤੀ ਤੇ ਤੁਹਾਡੀਆਂ ਸੋਟੀਆਂ ਤੇ ਟੋਕੀਆਂ ਕਿੱਥੇ ਨੇ! ਤੇ ਜੇ ਇਹ ਬੇਇੱਜਤੀ ਦੂਸਰੇ ਪਿੰਡ ਦੇ ਬੰਦਿਆਂ ਨੇ ਕੀਤੀ ਹੋਵੇ ਤਾਂ ਉਹ ਆਪਣੇ ਸਾਰੇ ਪਿੰਡ ਨੂੰ ਕੋਸੇਗਾ ਝੂਠਾ ਕਰੇਗਾ। ਉਏ ਪਿੰਡਾ ਇਹ ਬਾਹਰੋਂ ਆ ਕੇ ਸਾਡੀ ਬੇਇੱਜ਼ਤੀ ਕਰ ਗਏ ਤੁਹਾਡੀ ਅਣਖ ਕਿੱਥੇ ਗਈ? ਤੇ ਜੇ ਇਹ ਕਿਸੇ ਦੂਸਰੇ ਕਬੀਲੇ ਨੇ ਆ ਕੇ ਅਜਿਹਾ ਹਮਲਾ ਕੀਤਾ ਹੋਵੇ ਤਾਂ ਉਹ ਪੁਰਾਣੇ ਬਜੁਰਗਾਂ ਦੀ ਕਥਾ ਸੁਣਾ ਕੇ ਦੱਸੇਗਾ ਪਹਿਲਾਂ ਵੀ ਇਵੇਂ ਹੋਇਆ ਸੀ ਤੇ ਅਸੀਂ ਬਦਲਾ ਲਿਆ ਸੀ।
ਹੁਣ ਜਦ ਸਿਖ ਭਾਈਚਾਰੇ ਦੇ ਇਸ ਮਹਾਨ ਤੀਰਥ ਅਤੇ ਇਤਿਹਾਸਕ ਸਥਾਨ ਤੇ ਹਿੰਦੁਸਤਾਨ ਸਰਕਾਰ ਨੇ ਐਸਾ ਬੇਵਾਜਬ ਹਮਲਾ ਕੀਤਾ ਤਾਂ ਕੁਦਰਤੀ ਸਿੱਖ ਪੈਰੋਕਾਰਾਂ ਨੂੰ ਆਪਣੇ ਮੌਖਿਕ ਇਤਿਹਾਸ ਦੀ ਯਾਦ ਆਉਣੀ ਕੁਦਰਤੀ ਸੀ। ਇਸ ਦਰਬਾਰ ਸਾਹਿਬ ਨੂੰ ਅਬਦਾਲੀ ਤੇ ਨਾਦਰਸ਼ਾਹ ਦੇ ਹਮਲਿਆਂ ਦੋਰਾਨ ਢਾਹਿਆ ਗਿਆ ਪਰ ਸਿੱਖ ਦਲਾਂ ਨੇ ਇਸ ਬੇਇੱਜਤੀ ਦਾ ਬਦਲਾ ਲਿਆ। ਸਿੱਟੇ ਵਜੋ ਸਿੱਖ ਰਾਜ ਕਾਇਮ ਕਰ ਲਿਆ ਤੇ ਸੁਤੇ ਹੀ ਪੜ੍ਹਦੇ ਇਸ ਦੋਹਰੇ ਨੂੰ ‘ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ‘ ਇਹਨਾਂ ਦੀ ਅਵਚੇਤਨਾ ਵਿੱਚ ਉਸ ਰਾਜ ਦੀ ਯਾਦ ਜੋ ਪਈ ਸੀ ਉਸ ਨੂੰ ਇਸ ਅੱਤ ਦੁਖ ਦੀ ਘੜੀ ਮਲਮ ਵਜੋਂ ‘ਖਾਲਿਸਾਤਨ ਜਿੰਦਾਬਾਦ‘ ਦੇ ਨਾਹਰਾ ਦੇ ਜਖਮਾਂ ਤੇ ਲਾਇਆ ਗਿਆ। ਇਹ ਸਾਂਝਾ ਆਵਾਜਾ ਇਸ ਅੱਤ ਦੁਖੀ ਭਾਵਨਾ ਚੋਂ ਨਿਕਲਿਆ ਜਦੋਂ ਆਦਮੀ ਥੱਲੇ ਡਿੱਗਿਆ ਬੇਸ਼ੁਮਾਰ ਪੀੜ ਨਾਲ ਪਰੁਨਿਆ ਤੇ ਉਸ ਦੀ ਪੀੜ ਹਰਨ ਦਾ ਦਾਅ ਕੋਈ ਨਾ ਹੋਵੇ ਤਾਂ ਅਤੀਤ ਦੀ ਹੂਕ ਚ ਇਹ ਨਾਅਰਾ ਸ਼ਬਦਾਂ ਦਾ ਸਥੂਲ ਰੂਪ ਬਣਿਆ। ਇਹ ਸ਼ਬਦ ਸ਼ਾਤੀ ਦੇ ਸਮੇਂ ਵਿੱਚ ਕ੍ਰੋਧੀ ਭਾਵਨਾ ਨਾਲ ਜਕੜੇ ਕਿਸੇ ਭਾਈਚਾਰੇ ਦਾ ਖਲਾਸਾ ਨਹੀਂ ਸੀ ਤੇ ਇਹ ਕਿਸੇ ਮੁਲਕ ਨੂੰ ਤੋੜਨ ਦੀ ਸ਼ਾਜਿਸ ਭਰੀ ਸਕੀਮ ਉਕਾ ਹੀ ਨਾ ਸੀ ਅਜਿਹੀ ਸ਼ਾਜਿਸ ਦੀ ਸੋਚ ਤਾਂ ਸਿੱਖਾਂ ਦੇ ਮਨ ਵਿੱਚ ਆਈ ਹੀ ਨਹੀਂ ਸੀ ਮਾੜੀ ਮੋਟੀ ਰੰਜ਼ਿਸ਼ ਸੀ ਜਿਸ ਮੁਲਕ ਵਿੱਚ ਉਹ ਹੁਣ ਪਿਛਲੇ ਪੰਜਾਹ ਸਾਲਾਂ ਤੋ ਰਹਿ ਰਹੇ ਸੀ ਉਹ ਮੁਲਕ ਜਿਸ ਵਿੱਚ ਉਹ ਆਪਣੇ ਵਤਨ ਨੂੰ ਹੀ ਦੋ ਹਿੱਸਿਆ ਵਿੱਚ ਕਰਵਾ ਛੋਟੇ ਇਲਾਕੇ ਵਿੱਚ ਕੱਠੇ ਹੋ ਗਏ ਸੀ ਤੇ ਮੁੜ ਆਪਣੀ ਕਿਸਮਤ ਅਜਮਾਉਣ ਲੱਗੇ ਸੀ। ਪੰਜਾਬ ਦੀ ਵੰਡ ਦਾ ਦੁਖ ਤੇ ਵਢ-ਵਢਾਂਗੇ ਦਾ ਦਰਦ ਉਹਨਾਂ ਲਈ ਕੋਈ ਮਿਥਿਹਾਸ ਨਹੀਂ ਸੀ ਬਲਕਿ ਕਠੋਰ ਯਾਦਾਂ ਸਨ ਜੋ ਬਹੁ-ਗਿਣਤੀ ਸਿੱਖਾਂ ਦੀ ਜੀਵਨੀ ਦਾ ਹਿੱਸਾ ਸੀ।
ਜੇ ਗੁਰਦੁਆਰੇ ਦੇ ਅੰਦਰ ਬਾਹਰ ਤੁਸੀ ਆਪਣਾ ਰੰਜਿਸ਼ ਅਤੇ ਹੰਝੂ ਵੀ ਨਾ ਵਗਾ ਸਕੋ ਤਾਂ ਅਜਿਹੀ ਜਗ੍ਹਾ ਕਿੱਥੇ ਸੀ ਜਿੱਥੇ ਉਹ ਗੁੱਸੇ ਦਾ ਇਜਹਾਰ ਕਰ ਸਕਣ। ਸਮੈਥਿਕ ਗੁਰਦੁਆਰੇ ਅੰਦਰ ਜੋ ਖੌਫਨਾਕ ਡਰਾਮਾ ਚੱਲ ਰਿਹਾ ਸੀ ਜਦੋਂ ਮੈਂ ਅਜਿਹੇ ਕਾਮਰੇਡਾਂ ਤੋ ਵਿਹਲਾ ਹੋ ਵਾਪਸ ਗੁਰਦੁਆਰੇ ਅੰਦਰ ਗਿਆ। ਸਟੇਜ ਤੇ ਗੁਰਮੇਜ ਸਿੰਘ ਗਿੱਲ ਕਿਰਪਾਨ ਮਿਆਨੋਂ ਕੱਢੀ ਖੜਾ ਸੀ। ਉਹ ਉਚੀ ਗੁਸੇ ਚ ਬੋਲ ਰਿਹਾ ਸੀ, ‘ਖਾਲਸਾ ਜੀ ਅਸੀਂ ਇਹ ਬਦਲਾ ਲੈਣਾ ਹੈ ਅਸੀਂ ਇਹ ਕਰ ਦਿਆਗੇ ਉਹ ਕਰ ਦਿਆਗੇ, ਮੈਂਨੂੰ ਇਉਂ ਕਹਿੰਦਾ ਕੁਰਲਾਉਂਦਾ ਜਾਪਦਾ ਸੀ ਬਿਲਕੁਲ ਉਸੇ ਤਰਾਂ ਦਾ ਚਿਹਰਾ ਜਿਸ ਤਰਾਂ ਤੁਸਾਂ ਫੋਟੋ ਚ ਲਾਇਆ ਹੈ।‘ ਇਸੇ ਤਰਾਂ ਦਾ ਇਕ ਹੋਰ ਬੱਬਰ ਸ਼ੇਰ ਕਿਸ ਤਰਾਂ ਫਿਰ ਪੰਜਾਬ ਜਾ ਕੇ ਮੁਆਫੀ ਮੰਗ ਕੇ ਵਲੈਤ ਵਿੱਚ ਲੁਕ ਕੇ ਕਈ ਸਾਲ ਗੁਜਾਰਦਾ ਰਿਹਾ ਇਹ ਵੀ ਸਿੱਖਾਂ ਦੇ ਹਾਰੇ ਹੋਏ ਹਾਲਾਤ ਦੇ ਬਿਰਤਾਂਤ ਵਿਚ ਸ਼ਾਮਲ ਹੋਵੇਗਾ। ਮੈਂ ਉਸ ਤੋਂ ਅਗਲੇ ਹਫਤੇ ਹਜ਼ਾਰਾਂ ਸਿੱਖਾਂ ਚ, ਪੱਗਾਂ ਵਾਲੇ ਤੇ ਪੱਗ ਰਹਿਤ, ਜੱਟ ਰਾਮਗੜੀਏ ਭਾਪੇ ਭਾਟੜੇ, ਦਲਿਤ ਸਿਖ, ਸੁਨਿਆਰੇ ਤੇ ਕਿੰਨੇ ਹੋਰ ਲੰਦਨ ਦੀ ਹਾਈਡ ਪਾਰਕ ਚ ਖੜੇ ਸਾਂ। ਸਾਰੇ ਹੀ ਉਦਾਸ ਤੇ ਰੰਜਿਸ਼ ਭਰੇ ਦਿਲਾਂ ਨਾਲ ਸਟੇਜ ਤੇ ਲੀਡਰਾਂ ਨੂੰ ਡਗਮੱਜੇ ਮਾਰਦੇ ਸੁਣ ਰਹੇ। ਜਰੂਰ ਇਹਨਾਂ ਵਿੱਚ ਦੋ ਚਾਰ ਸੇਖਚਿੱਲੀ ਤੇ ਤਮਾਸਗੀਰੀ ਵੀ ਹੋਣਗੇ ਪਰ ਹਜਾਰਾਂ ਲੋਕ ਕਿਸ ਨੂੰ ਫਰਿਆਦ ਕਰਨ ਆਏ ਸਨ? ਆਪਣੇ ਗੁੱਸੇ ਨੂੰ ਇਹ ਕਿਸ ਤਰਾਂ ਪ੍ਰਗਟ ਕਰਨ ਪਤਾ ਨਹੀ ਸੀ ਲਗਦਾ, ਬਸ ਹੂਕਾਂ ਮਾਰ, ਰੋ-ਧੋ, ਇੰਦਰਾ ਗਾਂਧੀ ਦਾ ਸਿਆਪਾ ਕਰ ਤੇ ‘ਖਾਲਿਸਤਨ ਜਿੰਦਾਬਾਦ‘ ਦੇ ਨਾਹਰੇ ਮਾਰ ਲੰਦਨ ਦੀਆਂ ਗਲੀਆਂ ਚ ਲੰਘ ਹਿੰਦੁਸਤਾਨ ਦੇ ਸਫਾਰਤਕਾਨੇ ਨੇੜੇ ਜਾ ਵਾਪਸ ਮੁੜ ਆਏ। ਮੈਂ ਇਹਨਾ ਚ ਸ਼ਾਮਲ ਸਾਂ ਅਤੇ ਸੋਗੀ ਤੇ ਨਿਰਾਸ਼ ਰੂਹ ਵਾਲਾ।

ਇਉਂ ਕਾਮਰੇਡਾਂ ਨੇ ਸਿਖਾਂ ਦੇ ਅਲੇ ਜਖਮਾਂ ਤੇ ਛਿੜਕਿਆ ਲੂਣ ਪਹਿਲੇ ਮਹੀਨੇ ਵਿਚ ਹੀ। ਹੁਣ ਆਉੇ ਸਿਧੂ ਦੇ ਸਮਰਫੀਲਡ ਸਕੂਲ ਦੇ ਬਿਰਤਾਂਤ ਨੂੰ ਪੜੀਏ। ਲਿਖਦੇ ਹਨ "ਤੇ ਠੱਲ੍ਹ ਪੈਣ ਵਾਲੀ ਝੜਪ ਬਰਮਿੰਘਮ ਹੋਈ …ਮਾਰਕਸੀ ਕਾਮਰੇਡਾਂ ਨੇ ਨਿਰਖੇ-ਪਰਖੇ ਕਾਮਰੇਡ ਚੰਨਣ ਸਿੰਘ ਧੂਤ ਦੇ ਮਾਣ ‘ਚ ਸ਼ਰਧਾਂਜਲੀ ਮੀਟਿੰਗ ਰੱਖੀ ਸੀ। ਫੁੱਲਾਂ ਵਾਲੀ ਪਾਰਕ ਦੇ ਨੇੜੇ, ਸਮਰਫੀਲਡ ਸਕੂਲ ਦਾ ਹਾਲ। ਨਕਸਲੀ ਕਾਮਰੇਡਾਂ ਨੂੰ ਸੂਹ ਸੀ ਕਿ ਹੁਣ ਝਗੜਾ ਹੋਣਾ ਹੀ ਹੋਣਾ ਹੈ। ਉਹ ਆਪਣਿਆਂ ਦੀ ਰੱਖਿਆ ਲਈ ਬਹੁੜੇ… ਪੂਰਾ ਜੱਥਾ ਤਿਆਰੀ ਨਾਲ ਉੱਥੇ ਪਹੁੰਚਾ। ਬਾਕੀ ਵੀ ਤਿਆਰ… ਜਦ ਦੇਖ ਲਿਆ ਕਿ ਖਾਲਿਸਤਾਨੀ ਮੀਟਿੰਗ ਚ ਆਉਣ ਲੱਗ ਪਏ ਨੇ ਤਾਂ ਇਹਨਾਂ ਨੇ ਫੁਰਤੀ ਨਾਲ ਸਮਾਨ ਲਾਗੇ ਕਰ ਲਿਆ। ਕੁਝ ਖਾਲਿਸਤਾਨੀ ਮੂਹਰੇ ਹੋ ਕੇ ਬਹਿ ਗਏ, ਕੁਝ ਵਿਚਾਲੇ। ਕਾਮਰੇਡ ਪ੍ਰੇਮ ਸਿੰਘ ਪ੍ਰੇਮ ਸਟੇਜ ਤੇ ਬੋਲਦਾ ਸੀ। ਆਏ ਖਰੂਦੀ ਵਿੱਚੋਂ ਉਠ ਕੇ ਬੋਲਣ ਲੱਗ ਪਏ। ਖਾਲਿਸਤਾਨੀਆਂ ਨੇ ਮੀਟਿੰਗ ਚ ਨਾਅਰੇ ਲਾਏ-ਧੂਤ ਬਣਾਇਆ ਭੂਤ। ਨਾਲੇ ਕੁਰਸੀਆਂ ਵਗਾਹ ਕੇ ਮਾਰੀਆਂ। ਫਿਰ ਕਹਿੰਦੇ: ਦਹਿਸ਼ਤਗਰਦ ਕੀ ਹੁੰਦਾ। ਐਹ ਕੀ ਹੁੰਦਾ, ਔਹ ਕੀ ਹੁੰਦਾ। … ਲੀਡਰਾਂ ਨੇ ਸਟੇਜ ਤੋਂ ਕਿਹਾ: ਸਾਥੀਓ ਇਹ ਜੋ ਖੱਪ ਪੈ ਰਹੀ ਹੈ, ਇਹਨੂੰ ਬੰਦ ਕੀਤਾ ਜਾਵੇ .. ਮਗਰ ਬੈਠਿਆਂ ਨੇ, ਪਿੱਛਿਓ ‘ਸਵੈ ਰੱਖਿਆ‘ ਸ਼ੁਰੂ ਕਰ ਦਿੱਤੀ। ਮੋਹਰਲਿਆਂ ਨੇ ਸਟੇਜ ਕੋਲ ਰੌਲ਼ਾ ਪਾਉਣ ਵਾਲੇ ਧਰ ਲਏ। ਸਾਰਾ ਸਮਾਨ ਆਪਣੇ ਬੰਦਿਆਂ ਚ ਫੁਰਤੀ ਨਾਲ ਵਰਤਾਅ ਦਿੱਤਾ ਸੀ। ਚੋਰ ਤੇ ਲਾਠੀ ਦੋ ਜਣੇ, ਮੈਂ ਤੇ ਬਾਪੂ ‘ਕੱਲੇ, ਵਾਲ਼ੀ ਗੱਲ ਹੋ ਗਈ। …ਪੈਣ ਦੇਹ, ਜਿੱਧਰ ਪੈਂਦੀ ਆ। ਠਾਹ, ਠਾਹ। ਅਗਲਿਆਂ ਨੂੰ ਭੱਜਦਿਆਂ ਰਾਹ ਨਾ ਲੱਭੇ, ਨਾ ਲੁਕਣ ਨੂੰ ਥਾਂ। … ਕੁਝ ਔਰਤਾਂ ਵਾਲੀਆਂ ਟੌਲਿਟਾਂ ਚ ਲੁਕੇ। ਕੁਝ ਮਰਦਾਂ ਵਾਲੀਆਂ ‘ਚ … ਬਾਰੀਆਂ ਥਾਣੀਂ ਨਿਕਲ ਕੇ ਭੱਜ ਗਏ। ਹੁਣ ਤਾਈਂ ਉਹ ਕਾਮਰੇਡਾਂ ਨੂੰ ਗੱਲੀਬਾਤੀ ਕੜਾਹ ਕਰਨ ਵਾਲ਼ੇ ਹੀ ਸਮਝਦੇ ਰਹੇ ਸੀ। ਐਂਤਕੀ ਸਮਾਨ ਪੂਰਾ ਪਾਇਆ ਤਾਂ ਪਤਾ ਲੱਗਾ। ਏਥੋਂ ਭੱਜ ਕੇ ਉਨ੍ਹਾਂ ਨੇ ਪੁਲਿਸ ਕੋਲ ਮੁਖਬਰੀ ਕਰ ਦਿੱਤੀ ਕਿ ਕਾਮਰੇਡਾਂ ਕੋਲ ਹਥਿਆਰ ਨੇ। ਜਦੋਂ ਪੁਲਸ ਆਈ, ਮੀਟਿੰਗ ਨਾਰਮਲ ਚੱਲ ਰਹੀ ਸੀ। ਕੁਰਸੀਆਂ ਠੀਕ ਥਾਂ ਸਿਰ ਰੱਖ ਲਈਆਂ ਸੀ। ਬੁਲਾਰੇ ਅਨੁਸ਼ਾਸਨ ਚ ਬੋਲ ਰਹੇ ਸੀ। … ਖਾਲਿਸਤਾਨੀ ਆਪ ਵੀਹ ਬਾਈ ਪੱਗਾਂ ਓਥੇ ਹੀ ਛੱਡ ਗਏ ਸੀ, ਜੋ ਬਾਅਦ ਚ ਪੁਲਸ ਦੇ ਹਵਾਲੇ ਕਰ ਦਿੱਤੀਆਂ ਗਈਆਂ। ਕੁਝ ਬੰਦੇ ਪੁਲਸ ਨੇ ਫੜ ਲਏ ਪਰ ਬਿਨਾਂ ਕਿਸੇ ਚਾਰਜ ਦੇ ਛੱਡ ਦਿੱਤੇ। ਇਸ ਲੜਾਈ ਦੀ ਚਰਚਾ ਦੂਰ ਦੂਰ ਤਾਈਂ ਹੋਈ। ਕੈਨੇਡਾ ਵੀ ਅਮਰੀਕਾ ਵੀ ਤੇ ਹੋਰ ਥਾਈਂ ਵੀ। ਪਾਸ਼ ਓਨ੍ਹੀਂ ਦਿਨੀਂ ਵਲੈਤ ਚ ਹੀ ਸੀ। ਉਹ ਚਟਕਾਰੇ ਲੈ ਲੈ ਦੱਸਿਆ ਕਰੇ"ੇ।

ਬਹੁਤ ਖੂਬ। ਕਿਆ ਮਾਅਰਕਾ ਮਾਰਿਆ ਕਾਮਰੇਡਾਂ ਨੇ! ਸਿੱਖਾਂ ਦੀਆਂ ਅੱਤ ਦੁੱਖ ਭਰੇ ਸਮੇਂ ਵਿੱਚ ਭਾਵਨਾਵਾਂ ਨੂੰ ਰੋਲਿਆ ਇਸ ਦੇ ਵਿਰੱਧ ਪ੍ਰਚਾਰ ਕੀਤਾ ਇਸ ਨੂੰ ਗਲਤ ਨਿਗ੍ਹਾ ਰਾਹੀ ਦੇਖਿਆ ਅਤੇ ਅਖੌਤੀ ਇਨਸਾਨਵਾਦੀ ਨੀਤੀ ਤੇ ਚੱਲ ਕੇ ਆਪਣੀ ਭਾਈਚਾਰੇ ਦੀ ਬਰਬਾਦੀ ਵਿੱਚ ਹਿੱਸਾ ਪਾਇਆ। ਅਜਿਹੀਆਂ ਥੋਥੀਆਂ ਸੋਚਾਂ ਅਤੇ ਸੂਝਾਂ ਨਾਲ ਪੰਜਾਬ ਦੇ ਮਸਲਿਆਂ ਨੂੰ ਨਿਗੂਣੇ ਬਣਾ ਕੇ ਪੇਸ਼ ਕਰਨ ਦੀਆਂ ਤਰਕੀਬਾਂ ਜਟਾਉਣ ਦਾ ਸਿਲਸਿਲਾ ਵੀ ਚਲਾ ਰੱਖਿਆ ਪਰ ਇਸਦੀ ਕਹਾਣੀ ਅਤੇ ਇਤਿਹਾਸ ਬਹੁਤ ਲੰਮਾ ਹੋ ਜਾਵੇਗਾ।

ਹੈਰਾਨੀ ਇਹ ਕਿ ਲੇਖਕ ਸਿਧੂ ਨੂੰ ਇਹ ਗਲ ਨਹੀਂ ਦਿਸਦੀ ਕਿ ਸਰਕਾਰ ਨੇ ਕਿਸਤਰਾਂ ਇਸ ਦੁਖਾਂਤ ਨਾਲ ਪੰਜਾਬ ਲਈ ਵਧੇਰੇ ਅਧਿਕਾਰਾਂ ਦੇ ਸੰਘਰਸ਼ ਨੂੰ ਸਿਖਾਂ ਦੀ ਘਰੋਗੀ ਲੜਾਈ ਬਣਾ ਦਿਤਾ ਸੀ ਅਤੇ ਇਸ ਪਾਲਸੀ ਨੂੰ ਕਾਮਯਾਬ ਕਰਨ ਲਈ ਕਾਮਰੇਡਾਂ ਕੇਹਾ ਰੋਲ ਅਦਾ ਕੀਤਾ। ਇਕਲੇ ਦੁਕਲੇ ਗੁਰਦਵਾਰੇ ਦੀ ਗਲ ਨਹੀਂ ਸਾਰੇ ਵਲੈਤ ਦੇ ਕੋਈ 70-75 ਗੁਰਦਵਾਰਿਆ ਵਿਚ ਇਹੋ ਕਾਮਰੇਡ ਵੀ ਕਮੇਟੀਆਂ ਦੇ ਮੈਂਬਰ ਹੁੰਦੇ ਸਨ ਜਾ ਇਹਨਾਂ ਦੇ ਹਮੈਤੀ। ਵਲੈਤ ਵਿਚ ਭਾਰਤੀ ਮਜਦੂਰ ਸਭਾਵਾਂ ਦੇ ਇਤਿਹਾਸ ਨੂੰ ਜਾਨਣ ਵਾਲੇ ਤਸਦੀਕ ਕਰਨਗੇ ਕਿ ਜੋ ਜਲੂਸ ਲੰਦਨ ਵਿਚ ਨਸਲਵਾਦੀਆ ਵਿਰੁਧ ਨਿਕਲਦੇ ਰਹੇ ਜਾਂ ਐਮਰਜੰਸੀ ਉਲਟ, ਉਹਨਾ ਵਿਚ ਇਹਨਾਂ ਗੁਰਦਵਾਰਿਆ ਚੋਂ ਹੀ ਕੋਚਾਂ ਤੁਰਦੀਆਂ ਰਹੀਆ, ਕਾਮਰੇਡਾਂ ਪਾਸ ਆਪਣੇ ਵਸੀਲੇ ਨਾ ਸਨ ਬਲਕਿ ਇਹਨਾਂ ਦਾ ਤੇ ਸਿਖ ਸੰਗਤਾਂ ਦਾ ਕੋਈ ਤਕਰਾਰ ਹੀ ਨਾਂ ਸੀ। ਸੋ ਜਦ ਇਹ ਕਾਮਰੇਡ ਹੁਣ ਸਿਖਾਂ ਉਲਟ ਸਿਧੇ ਹੋਕੇ ਸਰਕਾਰੀ ਪਰਾਪੇਗੰਡਾ ਕਰਨ ਤੁਰ ਪਏ ਸਨ ਤਾਂ ਇਹਨਾਂ ਨੂੰ ਤੇ ਇਹਨਾਂ ਦੇ ਹਮਾਇਤੀਆ ਨੂੰ ਗੁਰਦਵਾਰਿਆ ਚੋਂ ਕਢਣਾ ਕਿਸ ਤਰਾਂ ਨਾਵਾਜਬ ਸੀ? ਬਹੁਤੇ ਗੁਰਦਵਾਰੀਂ ਇਹ ਕੰਮ ਨਵੀਂ ਬਣੀ ਇੰਟਰਨੈਸ਼ਨਲ ਸਿਖ ਯੂਥ ਫੈਡਰੇਸ਼ਨ ਨੇ ਚੁਕਿਆ।
ਕਾਮਰੇਡ ਅਖਬਾਰਾਂ ਚ ਪਰਾਪੇਗੰਡਾ ਕਰਦੇ, ਤੇ ਆਪਣੀਆ ਮੀਟਿੰਗਾਂ ਕਰਦੇ ਕਿਸੇ ਕੁਝ ਨਹੀਂ ਸੀ ਕਹਿਣਾ। ਕਿਉਂਕਿ ਸਿਖ ਜਥੇਬੰਦੀਆਂ ਜੋ ਨਵੀਆਂ ਹੀ ਬਣੀਆਂ ਸਨ ਉਹ ਝਟ ਹੀ ਆਪਸ ਵਿਚ ਖਹਿਣ ਲਗ ਪਈਆਂ ਸਨ ਉਹਨਾਂ ਕੋਲੇ ਕਾਮਰੇਡਾਂ ਦੇ ਸਿਧਾਂਤਕ ਦਲੀਲਾਂ ਨੂੰ ਸਮਝਣ ਦੀ ਵਿਹਲ ਕਿਥੇ ਸੀ, ਤੇ ਨਾਂ ਹੀ ਉਹਨਾਂ ਦੀਆਂ ਮੀਟਿੰਗਾਂ ਨੂੰ ਤੋੜਨ ਦੀ ਲੋੜ ਜਿਸ ਵਿਚ ਹੁਣ ਢਾਈ ਟੋਟਰੂ ਰਹਿ ਗਏ ਸਨ (ਕੁਲ ਰਲਾਕੇ ਕਾਮਰੇਡਾਂ ਦੀ ਗਿਣਤੀ ਇਕ ਸੌ ਤੋਂ ਵਧ ਨਹੀਂ ਹੋਵੇਗੀ –ਪਰ ਇਹ ਵਲੈਤੀ ਸਿਖ ਭਾਈਚਾਰੇ ਦਾ ਦਿਮਾਗ ਸਨ, ਇਹਨਾਂ ਚੋਂ ਕਈ ਲੇਖਕ ਸਨ ਤੇ ਪਿਛਲੇ ਸਮੇਂ ਵਿਚ ਸਮਾਜ ਸੇਵਕ ਵਜੋਂ ਚੰਗਾ ਰੋਲ ਕਰਨ ਵਾਲੇ ਸਨ) ਕਿਉਂਕਿ ਬਹੁਤੇ ਸਿਖ ਇਹਨਾਂ ਤੋਂ ਨਿਰਾਸ਼ ਹੋ ਪਰੇ ਹੋ ਗਏ ਸਨ। ਇਹ ਨਵੇਂ ਬਣੇ ਸਿਖ ‘ਖਾਲਸਤਾਨੀ‘ ਇਹਨਾਂ ਕਾਮਰੇਡਾ ਦੇ ਹੀ ਭਾਈ ਭਤੀਜੇ ਸਨ ਤੇ ਇਹੀ ਨਸਲਵਾਦੀ ਵਿਰੋਧੀ ਜਲਸਿਆ ਚ ਹਾਜਰੀ ਭਰਦੇ ਸਨ, ਹੁਣ ਇਹ ਦਰਬਾਰ ਸਾਹਿਬ ਤੇ ਹਮਲੇ ਨੂੰ ਸੁਣ ਪਬਾਂ ਚੋਂ ਆਪਣੇ ਬੀਅਰਾਂ ਦੇ ਗਲਾਸ ਛਡ ਗੁਰਦਵਾਰੇ ਪਹੁੰਚੇ ਸਨ। ਇਹਨਾਂ ਦਾ ਪਹਿਲਾ ਨਿਸ਼ਾਨਾ ਕਾਮਰੇਡ ਤੇ ਨਾਲ ਹੀ ਪੁਰਾਣੇ ਅਕਾਲੀ ਸਨ ਜੋ ‘ਇੰਨਾ ਚਿਰਦੇ ਰੌਲਾ ਪਾ ਸਿਰ ਸੁਆਹ ਪੁਆਕੇ‘ ਅਜੇ ਵੀ ਮੜੈਲੀ ਰਹਿਣਾ ਚਾਹੁੰਦੇ ਸਨ। ਇਹੋ ਦੋ ਜਾਂ ਤਿੰਨ ਥਾਈਂ ਕਾਮਰੇਡਾਂ ਦੀਆਂ ਮੀਟਿੰਗਾਂ ਨੂੰ ਬੰਦ ਕਰਾਉਣ ਮਲੋਜੋਰੀ ਵੈਨਾਂ ਭਰ ਲਿਗਏ ਸਨ ਇਸ ਕਰਕੇ ਕਿ ਇਹ ਕਾਮਰੇਡ ਬਰਮਿੰਘਮ, ਲੈਸਟਰ, ਡਰਬੀ, ਨਟਿੰਗਮ ਆਦਿ ਦੇ ਗੁਰਦਵਾਆਿਂ ਵਿਚ ਆਪਣੇ ਪੈਰ ਪਹਿਲਾਂ ਵਾਂਗੂੰ ਜਮਾਂ ਰਖਣਾ ਚਾਹੁੰਦੇ ਸਨ। ਪਰ ਪਹਿਲ ਕਾਮਰੇਡਾਂ ਵਲੋਂ ਹੋਈ ਜੋ ਆਪਣੇ ਪੰਜਾਬੀ ਤਰਜ ਦੇ ਅਖੌਤੀ ਮਾਰਕਸੀ ਵਿਗਿਆਨਕ ਹਲਾਂ ਨੂੰ ਮਲੋ ਜੋਰੀ ਸਿਖ ਸੰਗਤਾਂ ਦੇ ਗਲ ਪਾਉਣਾ ਚਾਹੁੰਦੇ ਸਨ।

ਸਿਧੂ ਸਾਹਿਬ ਅਨੁਸਾਰ ਕਾਮਰੇਡਾਂ ਦੀਆਂ ਲਿਖਤਾਂ ਬਹੁਤ ਪੜੀਆਂ ਜਾਂਦੀਆਂ ਅਤੇ ‘ਵਿਸ਼ਨੂੰ ਦੱਤ ਦੀ ਦਲੀਲ ਤੇ ਅਮਰਜੀਤ ਚੰਦਨ ਦਾ ਵਿਅੰਗ-ਬਾਣ ਇਹਨਾਂ ਦੇ ਗਿੱਟੀਂ ਡੈਹੇ ਵਾਂਗ ਵਜਦਾ ਸੀ‘। ਦਸਦੇ ਹਨ ਕਿ ‘ਮੋੜਵਾਂ ਜਵਾਬ ਇਹ ਨਾ ਦੇ ਸਕਦੇ। ਚੰਦਨ ਦੀ ‘ਪੰਜਾਬ ਦੇ ਕਾਤਲਾਂ ਨੂੰ‘ ਕਵਿਤਾ ਨੇ ਬੜੀ ਤਰਥੱਲੀ ਮਚਾਈ ਸੀ ਅਤੇ ਲੇਖਕਾਂ ਚ ਧੜੇ ਵੰਡ ਹੋ ਗਈ ਸੀ‘ ਹਰਪਾਲ ਬਰਾੜ ਦਾ ‘ਕੀ ਸਿੱਖ ਕੌਮ ਹਨ‘ ਬੱਕਲੈੱਟ ਬਹੁਤ ਚੁੱਭਿਆ ਸੀ, ਅਜਮੇਰ ਕਵੈਂਟਰੀ, ਹਰੀਸ਼ ਮਲਹੋਤਰਾ ਤੇ ਮੱਖਣ ਜੌਹਲ ਦੇ ਲੇਖਾਂ ਦਾ ਜਿਕਰ ਕਰਦੇ ਹਨ। ਮੁੜ ਦਸਦੇ ਹਨ ਕਿ ‘ਬਹੁਤੀਆਂ ਦਲੀਲਾਂ ਦੀਆਂ ਗੱਲਾਂ ਅਗਲਿਆਂ ਦੇ ਸਿਰ ਤੋਂ ਦੀ ਨਿਕਲ ਜਾਂਦੀਆਂ ਸੀ। ਉਹਨਾਂ ਦਾ ਹਿਰਖ ਘਟਣ ਚ ਨਹੀਂ ਸੀ ਆਉਂਦਾ‘। ਚੰਗਾ ਹੁੰਦਾ ਇਹ ਇਹਨਾਂ ਲੇਖਕਾਂ ਦੇ ਨਾਂ ਨਾ ਹੀ ਲਿਖਦੇ। ਹਰਪਾਲ ਬਰਾੜ ਦੇ ਪਹਿਲਾਂ ਲਿਖੇ ਲੇਖ ‘ਕੀ ਸਿਖ ਕੌੰਮ ਹਨ?‘ ਕਾਮਰੇਡ ਸੁਰਜੀਤ ਦੇ ਲੇਖ ਤੇ ਹੋਰ ਲੇਖਕਾਂ ਨੇ ਜੋ ਗਲਤ ਦਲੀਲਾਂ ਦਿਤੀਆਂ ਉਸਦਾ ਉਤਰ ਕਿਸੇ ਨਹੀਂ ਦਿਤਾ, ਠੀਕ ਹੈ ਕਿਉਂਕਿ ਸਿਖਾਂ ਦੇ ਬਹੁਤੇ ਲੇਖਕ ਕਾਮਰੇਡ ਹੀ ਸਨ ਜੋ ‘ਪੰਜਾਬੀ ਮਾਰਕਸੀ‘ ਦੀ ਅਣੋਖੀ ਸਮਝ ਪੜਤ ਅਨੁਸਾਰ ਪਾਸਾ ਵਟ ਚੁਕੇ ਸਨ।

ਤੇ ਸਵਾਲ ਪੈਦਾ ਹੁੰਦਾ ਹੈ ਇਹ ਕਾਮਰੇਡ ਕਿਥੋਂ ਜੰਮੇ ਸਨ ਜਿਹਨਾਂ ਨੂੰ ਇਹ ਦਰਦ ਮਲੂਮ ਨਾ ਹੋਇਆ। ਇਹ ਗਲ ਤਾਂ ਸਮਝ ਆਉਂਦੀ ਹੈ ਕਿ ਜੋ ਹਿੰਦੂ ਕਾਮਰੇਡ ਸਨ ਉਹ ਤਾਂ ਹੁਣ ਹਿੰਦੁਸਤਾਨ ਦੀ ਸਰਕਾਰ ਨਾਲ ਖੜਨਾ ਫਰਜ ਹੀ ਸਮਝਦੇ ਸਨ, ਪਰ ਜੋ ਸਿਖ ਪਰਵਾਰਾਂ ਚ ਜੰਮੇ ਕਾਮਰੇਡ ਸਨ ਉਹਨਾਂ ਨੂੰ ਇਸ ਅਤੀ ਦੁਖ ਵਾਲੀ ਘੜੀ ਨੇ ਨਿਰਾਸ਼ ਨਾ ਕੀਤਾ? ਉਹਨਾਂ ਪੇਤਲੀ ਨਿਗਾਹ ਵਾਲੇ ਕਾਮਰੇਡਾਂ ਨੂੰ ਤਾਂ ਮੁਆਫ ਕਰਨਾ ਔਖਾ ਨਹੀਂ ਜੋ ਇਸ ਦੁਖਾਂਤ ਦੀ ਡੂਘਾਣ ਦੀ ਥਾਹ ਪਾਉਣੋਂ ਬੌਧਿਕ ਤੌਰ ਤੇ ਅਸਮਰਥ ਸਨ ਤੇ ਹਨ। ਪਰ ਉਹਨਾਂ ਸੰਜੀਦੇ ਕਾਮਰੇਡ ਜਿਹਨਾਂ ਚ ਪਾਸ਼, ਅਮਰਜੀਤ ਚੰਦਨ ਵਰਗੇ ਨਾਂ ਹਨ ਉਹਨਾਂ ਦੇ ਕਥਨਾਂ ਨੂੰ ਹੁਣ ‘ਪੰਜਾਬੀ ਮਾਰਕਸੀ ਸੋਚ‘ ਦੀ ਬੇਸਮਝੀ ਕਹੀਏ? ਪਾਸ਼ ਦੀ ਪੰਜਾਬ ਵਾਰੇ ਸਮਝ ਵਾਰੇ ਕਦੇ ਫੇਰ ਸਹੀ, ਚੰਦਨ ਨੇ ਇਹਨਾਂ ਸਾਲਾਂ ਵਿਚ ਜੋ ਲਿਖਿਆ ਤੇ ਖਾਸ ਕਰਕੇ ‘ਚਰਚਾ‘ ਰਸਾਲੇ ਵਿਚ ਕੀ ਉਹ ਉਸਨੂੰ ਅਪਣਾਏਗਾ, ਇਹ ਉਹ ਜਾਣੇ, ਇਸੇ ਤਰਾਂ ‘ਪੰਜਾਬ ਦੇ ਕਾਤਲਾਂ ਨੂੰ‘ ਕਵਿਤਾ ਕਿਥੋਂ ਤਕ ਉਸਦੀ ਤਰਜਮਾਨੀ ਹੈ ਮੈਨੂੰ ਗਿਆਨ ਨਹੀਂ। ਬਾਕੀ ਵਲੈਤ ਦੇ ਪੰਜਾਬੀ ਕਾਮਰੇਡਾਂ ਦੇ ਬੌਧਕ ਪਧਰ ਵਾਰੇ ਮੈਂ ਇਥੇ ਸੰਕੋਚ ਕਰਾਂਗਾ, ਇਹ ਸਾਰੇ ਭਲੇ ਲੋਕ ਨੇ ਇਹਨਾਂ ਚੋਂ ਕਈਆਂ ਨਾਲ ਮੇਰੇ ਨੇੜੇ ਦੇ ਸਬੰਧ ਰਹੇ ਹਨ ਤੇ ਸੁਖਦੇਵ ਸਿੱਧੂ ਮੇਰਾ ਵਾਕਫ ਹੈ, ਉਸਦੀ ਲਿਖੀ ਪਰਵਾਰਕ ਜੀਵਨੀ ਦਾ ਪ੍ਰਸੰਸਕ ਹਾਂ ਪਰ ਇਸ ਲੇਖ ਦਾ ਅੰਦਾਜ਼ ਅਤੇ ਤੱਥ ਹਨ ਉਹ ਸੰਜੀਦਾ ਨਹੀਂ।ਇਹ ਕਹਿਣਾ ਕਿਥੋਂ ਤਾਈਂ ਸਹੀ ਹੈ ਕਿ ਬਰਤਾਨਵੀ ਪੁਲਸ ਸ਼ਾਇਦ ਇਹਨਾਂ ਨੂੰ ਸ਼ਹਿ ਦੇ ਰਹੀ ਸੀ? ਕੀ ਸਿਧੂ ਕਹਿ ਰਿਹਾ ਹੈ ਕਿ ਬਰਤਾਨਵੀ ਸਰਕਾਰ ਸਿਖਾਂ ਨਾਲ ਹਮਦਰਦੀ ਕਰਦੀ ਸੀ? ਕੀ ਇਹ ਇਸ ਦਲੀਲ ਦਾ ਹੀ ਹਿਸਾ ਹੈ ਜੋ ਕਾਮਰੇਡ ਲਿਖਦੇ ਰਹੇ ਹਨ ਕਿ ਪੰਜਾਬ ਦਾ ਮਸਲਾ ਤਾਂ ਅਮਰੀਕਾ ਦੀ ਚਾਲ ਹੈ ਜਾਂ ਫਿਰ ਦਬੇ ਮੂੰਹ ਪਾਕਿਸਤਾਨ ਦਾ ਵੀ ਨਾਂ ਲਿਆ ਜਾਂਦਾ? ਇਹ ਗਲ ਨਿਰਾ ਝੂਠ ਉਦੋਂ ਸਾਬਤ ਹੁੰਦੀ ਹੈ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਇੰਗਲੈਂਡ ਆਇਆ ਤਾਂ ਪੁਲਸ ਨੇ ਲੈਸਟਰ ਤੋਂ ਤਿੰਨ ਸਿਖ ਬਿਨਾਂ ਸਬੂਤ ਅੰਦਰ ਕਰ ਦਿਤੇ, ਕਿਉਂ? ਕਿਉਂਕਿ ਹਿੰਦੁਸਤਾਨ ਸਰਕਾਰ ਬਰਤਾਨਵੀ ਸਰਕਾਰ ਤੋਂ ਸਿਖਾਂ ਨਾਲ ਸਖਤੀ ਦਾ ਸਬੂਤ ਮੰਗਦੀ ਸੀ। ਉਹਨਾਂ ਉਤੇ ਪ੍ਰਧਾਨ ਮੰਤਰੀ ਦੀ ਹਤਿਆ ਕਰਨ ਲਈ ਮੜੀ ਸਕੀਮ ਦਾ ਦੋਸ ਲਾ ਉਮਰ ਕੈਦ ਚ ਬੰਨ ਦਿਤੇ ਜੋ ਕਈ ਸਾਲਾਂ ਬਾਅਦ ਬਰੀ ਹੋਏ। ਇਹਨਾਂ ਚੋਂ ਦੋ ਪਹਿਲਾਂ ਭਾਰਤੀ ਮਜਦੂਰ ਸਭਾ ਲੈਸਟਰ ਦੇ ਤਕੜੇ ਕਾਰਕੁੰਨ ਸਨ ਤੇ ਇਕ ਨੇ ਸਭਾ ਦੀ ਮੀਟਿੰਗ ਵਿਚ ਪਰੋਟੈਸਟ ਵਜੋਂ ਆਪਣਾ ਮੈਂਬਰੀ ਕਾਰਡ ਪਾੜਿਆ ਸੀ। ਸ਼ਾਇਦ ਇਹਨਾ ਚੋਂ ਕੋਈ ਆਪਣੀ ਕਹਾਣੀ ਲਿਖ ਜਾਵੇ।
ਸਵਾਲ ਉਠਦਾ ਹੈ ਕੀ ਇਹ ਨੌਜਵਾਨ ਸਿਖ ਤੇ ਖੁਦ ਮੈਂ ਉਦੋਂ ਅਚਾਨਕ ਖਾਲਸਤਾਨੀ ਬਣ ਗਏ ਸਾਂ? ਨਹੀਂ, ਸਾਨੂੰ ਪੰਜਾਬ ਦਾ ਦੁਖ ਸੀ ਤੇ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦਾ। ‘ਕਾਮਰੇਡਾਂ‘ ਵਲੋਂ 1984 ਦੇ ਦੁਖਾਂਤ ਤੇ ਪੰਜਾਬੀ ਸਮਾਜਕ ਤੇ ਰਾਜਨੀਤਕ ਮਾਮਲਿਆਂ ਨੂੰ ਗੁਣਨ ਚਿਤਰਨ ਦਾ ਵਿਵਾਦ ਪੰਜਾਬ ਵਿਚ ਵੀ ਚਲ ਰਿਹਾ ਜੋ ਇਹਨਾਂ ਲੀਹਾਂ ਤੋਂ ਬਹੁਤਾ ਬਾਹਰ ਨਹੀਂ। ਅਜ ਨਹੀਂ, ਸਦੀਆਂ ਤਕ ਪੰਜਾਬ ਦੇ ਖਬੇ ਪਖੀ ਲੇਖਕਾਂ ਵਲੋਂ ਇਸ ਦੁਖਾਂਤ ਨੂੰ ਪਕੜਨ ਦੀ ਅਸਮਰਥਾ ਪੰਜਾਬੀ ਬੁਧੀਮਾਨੀ ਦੀ ਗੁਰਬਤਾ ਤੇ ਤਬਸਰਾ ਬਣਿਆ ਰਹੇਗਾ। 1984 ਤੋ ਉਲਝੇ ਤਾਣੇ ਅਤੇ ਪੰਜਾਬ ਦੇ ਦੁਖਾਤ ਵਿਚ ਕਾਮਰੇਡਾਂ ਨੇ ਪੰਜਾਬੀਆ ਨਾਲ ਜਿਸ ਤਰਾਂ ਦਾ ਰੋਲ ਅਦਾ ਕੀਤਾ ਉਸਦੀ ਭਰਪੂਰ ਕਹਾਣੀ ਲਿਖਣ ਵਾਲੀ ਹੈ ਸ਼ਾਇਦ ਕੋਈ ਦਾਨਸ਼ਮੰਦ ਲਿਖੇ। ਹਾਂ, ਸਿਧੂ ਦਾ ਆਖਰੀ ਸਵਾਲ ‘ਵਲੈਤ ਚ ਏਦਾਂ ਦਾ ਖੜਦੁੰਬ ਮਚਾਉਣ ਨਾਲ ਖੱਟੀ ਕਿਹਨੂੰ ਹੋਈ?‘ ਖੜਦੁੰਬ ਨਹੀਂ, ਪੰਜਾਬ ਲਈ ਇਸਦੇ ਪਰਦੇਸੀ ਪੁਤਰਾਂ ਧੀਆਂ ਵਲੋਂ ਚਾਰ ਹੰਝੂ ਕਹੋ ਜਨਾਬ! ਤੇ ਜਬਾਬ ਹੈ: ਝੂਠੀ ਤਸਲੀ ਤਾਂ ਹੋਈ ਕਾਮਰੇਡਾਂ ਨੂੰ ਜੋ ਸਰਕਾਰੀ ਤਸ਼ਦਦ ਦੀ ਦਲੀਲ ਬਣੇ, ਪੰਜਾਬ ਲਈ ਹੰਝੂ ਡੋਲਦੇ ਸੋਚਵਾਨ ਪਰਦੇਸੀ ਸਿਖ ਬਣੇ ਬੇਮੁਲਖੀਏ, ਅਤੇ ਅਸਲ ਨੁਕਸਾਨ ਹੋਇਆ ਪੰਜਾਬ ਦੇ ਭਵਿਖ ਦਾ।
--------------------------------------------------------------
ਲੇਖ: ਫਿਲਹਾਲ Ḳ ਤਰੀਖ: 2012, ਸਤੰਬਰ 2, ਸ਼ਬਦ = 4,200

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346