Welcome to Seerat.ca
Welcome to Seerat.ca

ਗੁਫ਼ਾ ਵਿਚਲੀ ਉਡਾਣ

 

- ਵਰਿਆਮ ਸਿੰਘ ਸੰਧੂ

ਕੀ ਸਿਸਕੀਆਂ ਕੀ ਚੀਕਾਂ

 

- ਜਗਜੀਤ

ਨ੍ਹਾਮਾ ਫਾਂਸੀਵਾਲ਼ਾ

 

- ਅਮਰਜੀਤ ਚੰਦਨ

ਮੇਰਾ ਚਹੇਤਾ ਅਧਿਆਪਕ - ਡਾ. ਕੇਸਰ ਸਿੰਘ ਕੇਸਰ

 

- ਬਲਦੇਵ ਸਿੰਘ ਧਾਲੀਵਾਲ

ਪੰਜਾਬੀ ਦੇ ਪੋਰਸ ਸੁਖਬੀਰ ਅਤੇ ਬੰਬਈ ਦੇ ਲੇਖਕਾਂ ਸੰਗ ਯਾਦਗਾਰੀ ਪਲ

 

- ਸੰਤੋਖ ਸਿੰਘ ਸੰਤੋਖ

ਸੁਰਿੰਦਰ ਨੀਰ ਦੇ ਮਹਾਂਕਾਵਿਕ ਨਾਵਲ ‘ਮਾਇਆ‘ ਨੂੰ ਪੜ੍ਹਦਿਆਂ, ਵਿਚਾਰਦਿਆਂਔਰਤ ਦੀ ਤਾਕਤ

 

- ਗੁਰਦਿਆਲ ਸਿੰਘ ਬੱਲ

ਟੇਢਾ ਰੰਗ / ਚੋਣ ਸਮੱਗਰੀ ਦੀ ਹੱਟੀ

 

- ਗੁਰਦੇਵ ਚੌਹਾਨ

ਗੈਬਰੌਨ ਦੀ ਯਾਤਰਾ

 

- ਗਿਆਨੀ ਸੰਤੋਖ ਸਿੰਘ

ਮਾਂ ਦਾ ਦੇਸ ਕਿ ਪ੍ਰਦੇਸ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਗਰੀਡੀ ਡੌਗ

 

- ਹਰਪ੍ਰੀਤ ਸੇਖਾ

ਬਾਬਾ ਬੂਝਾ ਸਿੰਘ

 

- ਅਜਮੇਰ ਸਿੱਧੂ

ਬਲੂ ਸਟਾਰ ਓਪ੍ਰੇਸ਼ਨ ਦੀ ਵਰ੍ਹੇ ਗੰਢ ਤੇ

 

- ਗੁਲਸ਼ਨ ਦਿਆਲ

ਸਾਹਿਤਕ ਸਵੈ-ਜੀਵਨੀ/ਪਹਿਲੀ ਸ਼ਾਬਾਸ਼

 

- ਵਰਿਆਮ ਸਿੰਘ ਸੰਧੂ

ਵਗਦੀ ਏ ਰਾਵੀ/ਸਾਂਝ ਤੇ ਵਿਰੋਧ ਦੀ ਦੋ-ਰੰਗੀ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਵਲੈਤ ਵਿੱਚ ਪੰਜਾਬ ਲਈ ਕੁਝ ਹੰਝੂ

 

- ਦਰਸ਼ਨ ਸਿੰਘ

ਅੱਤ ਖ਼ੁਦਾ ਦਾ ਵੈਰ

 

- ਸੁਖਦੇਵ ਸਿੱਧੂ

ਸਰਬਜੀਤ ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ..........!

 

- ਮਨਦੀਪ ਖੁਰਮੀ ਹਿੰਮਤਪੁਰਾ

ਮਿੰਨੀ ਕਹਾਣੀ/ ਦੂਹਰਾ ਝਾੜੂ....

 

- ਰਵੀ ਸੱਚਦੇਵਾ

ਕੀ ਸ਼ੇਰਾਂ ਨੂੰ ਵੀ ਏਡਜ਼ ਹੁੰਦੀ ਹੈ?

 

- ਬਰਜਿੰਦਰ ਗੁਲਾਟੀ

ਯਾਦਾਂ ਦੇ ਬਾਲ-ਝਰੋਖੇ ‘ਚੋਂ / ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨਦੀਪ ਸੰਧੂ

ਪਹਿਲੀ ਗੈਰ ਮਜ਼ਹਬੀ ਅਤੇ ਗੈਰ ਫ਼ਿਰਕੂ ਜਥੇਬੰਦ ਕੌਮੀ ਇਨਕਲਾਬੀ ਲਹਿਰ

 

- ਜਗਜੀਤ ਸਿੰਘ

ਪੁਸਤਿਕ ਰਵਿਊ / ਵਲੈਤ ਨੂੰ 82 ਚਿੱਠੀਆਂ ਅਤੇ ਕਾਵਿ ਸੰਗ੍ਰਹਿ ਦੂਜਾ ਜਨਮ

 

- ਦੇਵਿੰਦਰ ਨੌਰਾ

The Faith and Political Ideologies of Maulana Barkatullah Bhopali

 

- Mohammed Ayub Khan

ਨਿੱਕੀਆਂ ਵੱਡੀਆਂ ਧਰਤੀਆਂ

 

- ਇਕਬਾਲ ਰਾਮੂਵਾਲੀਆ

 

Online Punjabi Magazine Seerat


ਗੈਬਰੌਨ ਦੀ ਯਾਤਰਾ
- ਗਿਆਨੀ ਸੰਤੋਖ ਸਿੰਘ

 

ਵੈਸੇ ਤਾਂ ਅਫ੍ਰੀਕਨ ਮੁਲਕਾਂ ਦੀ ਇਸ ਯਾਤਰਾ ਸਬੰਧੀ ਓਦੋਂ ਇਕ ਲੇਖ ਲਿਖਿਆ ਸੀ ਅਤੇ ਉਹ ਮੇਰੀ ਕਿਤਾਬ ‘ਬਾਤਾਂ ਬੀਤੇ ਦੀਆਂ‘ ਵਿਚ ਛਪ ਵੀ ਚੁੱਕਾ ਹੈ ਪਰ ਇਸ ਲੇਖ ਵਿਚ ਇਕੋ ਮੁਲਕ ਵਿਚਲੇ ਗੁਰਦੁਆਰਾ ਸਾਹਿਬ ਵਿਖੇ ਹੋਏ ਦੀਵਾਨ ਸਮੇ ਦੀ ਬਾਤ ਹੀ ਪਾਉਣੀ ਹੈ। ਹੋ ਸਕਦਾ ਹੈ ਕਿ ਉਸ ਲੇਖ ਵਿਚ ਆਈਆਂ ਕੁਝ ਗੱਲਾਂ ਦਾ ਜ਼ਿਕਰ ਇਸ ਲੇਖ ਵਿਚ ਵੀ ਆ ਗਿਆ ਹੋਵੇ!
ਗੱਲ ਇਹ ਦਸੰਬਰ 1996 ਦੀ ਹੈ। ਜਾਪਾਨ, ਕੈਨੇਡਾ ਅਤੇ ਅਮ੍ਰੀਕਾ ਦੀ ਯਾਤਰਾ ਤੋਂ ਮੁੜਨ ‘ਤੇ, ਐਵੇਂ ਇਕ ਦਿਨ ਕੰਪਿਊਟਰ ਦੇ ਕੀ ਬੋਰਡ ਉਪਰ ਕੁਤਕਤਾਰੀਆਂ ਜਿਹੀਆਂ ਕਢਦਿਆਂ ਵਿਚਾਰ ਆ ਗਿਆ ਕਿ ਕਿਉਂ ਨਾ ਅਫ਼੍ਰੀਕਾ ਦੇ ਮੁਲਕ ਮਲਾਵੀ ਦਾ ਇਕ ਚੱਕਰ ਹੀ ਲਾ ਲਿਆ ਜਾਵੇ; ਜਿਥੋਂ ਵੀਹ ਸਾਲ ਪਹਿਲਾਂ, ਸਾਢੇ ਕੁ ਤਿੰਨ ਸਾਲ ਰਹਿ ਕੇ ਮੁੜਿਆ ਸਾਂ। ਓਥੇ ਰਹਿ ਗਏ ਇਕਾ ਦੁਕਾ ਪੁਰਾਣੇ ਕੁਝ ਸੱਜਣਾਂ ਨਾਲ਼ ਮੇਲ ਮਿਲਾਪ ਦੇ ਨਾਲ਼ ਨਾਲ਼, ਉਸ ਸਮੇ ਕੁਝ ਰਹਿ ਗਏ ਹੋਰ ਗਵਾਂਢੀ ਮੁਲਕਾਂ, ਜਿਨ੍ਹਾਂ ਦਾ ਉਸ ਸਮੇ ਚੱਕਰ ਨਹੀਂ ਸੀ ਲੱਗ ਸਕਿਆ, ਦੀ ਯਾਤਰਾ ਵੀ ਕਰ ਲਈ ਜਾਵੇ। ਕੰਪਿਊਟਰ ਦੇ ਸਕਰੀਨ ਤੋਂ ਮੂੰਹ ਭੁਆਂ ਕੇ ਮੈਂ ‘ਮਾਲਕਣ‘ ਨੂੰ ਇਉ ਸੰਬੋਧਿਆ, "ਕਿਉਂ ਨਾ ਮੈਂ ਭੱਜ ਕੇ ਮਲਾਵੀ ਦਾ ਹੀ ਇਕ ਚੱਕਰ ਲਾ ਆਵਾਂ!" "ਲਾ ਆਓ ਭੱਜ ਕੇ।" ਭੱਜ ਕੇ ਉਪਰ ਉਸ ਨੇ ਇਉਂ ਜੋਰ ਦਿਤਾ ਜਿਵੇਂ ਕਿ ਮੈਂ ਸਚੀਂ ਮੁਚੀਂ ਭੱਜ ਕੇ ਹੀ ਜਾਣਾ ਹੁੰਦਾ ਹੈ; ਕਿਸੇ ਸਵਾਰੀ ਉਪਰ ਸਵਾਰ ਹੋ ਕੇ ਨਹੀਂ। ਥੋਹੜੇ ਕੁ ਦਿਨਾਂ ਪਿੱਛੋਂ ਇਹ ਸਹਿਜ ਸੁਭਾ ਆਇਆ ਵਿਚਾਰ, ਠੋਸ ਰੂਪ ਧਾਰ ਕੇ ਸੋਚ ਉਪਰ ਹਾਵੀ ਹੋ ਗਿਆ ਤੇ ਮੈਂ ਸਿਡਨੀ ਤੋਂ ਪਰਥ, ਤੇ ਪਰਥ ਤੋਂ ਸਾਊਥ ਅਫ਼੍ਰੀਕਾ ਦੇ ਸ਼ਹਿਰ ਜੌਹਨਜ਼ਬਰਗ ਅਤੇ ਓਥੋਂ ਮੁੜਨ ਵਾਸਤੇ ਜ਼ਿੰਬਾਬਵੇ ਦੀ ਰਾਜਧਾਨੀ ਹਰਾਰੇ ਤੋਂ ਵਾਪਸੀ ਟਿਕਟ ਕਟਾ ਕੇ ਤੁਰ ਪਿਆ।
ਜੌਹਨਜ਼ਬਰਗ ਵਿਚ ਇਕ ਪਰਵਾਰ ਗੋਰੇ ਸਿੰਘਾਂ ਦਾ ਰਹਿੰਦਾ ਸੀ। ਅਗਲੇ ਹੀ ਦਿਨ ਉਸ ਬੀਬੀ ਨੇ ਮੈਨੂੰ ਖ਼ਤਰਨਾਕ ਸੜਕ ਤੇ ਤੁਰੇ ਫਿਰਦੇ ਨੂੰ ਵੇਖ ਕੇ, ਆਪਣੇ ਘਰ ਵਿਚ ਆਉਣ ਦਾ ਸੱਦਾ ਦਿਤਾ। ਅਗਲੇਰੇ ਦਿਨ ਉਸ ਦੇ ਆਖੇ ਤੇ, ਜਿਨ੍ਹਾਂ ਮੇਰੇ ਵੱਡੇ ਪੁੱਤਰ ਦੇ ਮਿੱਤਰ ਦੇ ਰਿਸ਼ਤੇਦਾਰ, ਗੁਜਰਾਤੀ ਨੌਜਵਾਨ ਜੋੜੇ ਦੇ ਘਰ ਮੈਂ ਰੁਕਿਆ ਹੋਇਆ ਸਾਂ, ਮੈਨੂੰ ਉਹਨਾਂ ਸਿੰਘਾਂ ਦੇ ਘਰ ਛੱਡ ਆਏ। ਉਸ ਘਰ ਵਿਚ ਦੋਵੇਂ ਜੀ ਉਹ ਜੋੜਾ, ਉਹਨਾਂ ਦਾ ਇਕ ਸੱਤ ਅੱਠ ਸਾਲਾਂ ਦਾ ਪੁੱਤਰ ਅਤੇ ਇਕ ਅਮ੍ਰੀਕਾ ਤੋਂ ਆਈ ਹੋਈ ਲੜਕੀ, ਕੁੱਲ ਚਾਰ ਜੀ ਰਹਿ ਰਹੇ ਸਨ।
ਉਹਨਾਂ ਦੇ ਘਰ ਰਹਿੰਦਿਆਂ ਇਕ ਦਿਨ ਮੈਂ ਆਪਣੀ ਆਦਤ ਅਨੁਸਾਰ, ਜੋ ਕਿ ਛੋਟੇ ਬੱਚਿਆਂ ਪ੍ਰਤੀ ਮੇਰੇ ਮੋਹ ਕਾਰਨ ਹੈ, ਉਸ ਬੱਚੇ ਦਾ, ਲਾਡ ਨਾਲ਼, ਪਹਿਲਾਂ ਆਪਣੇ ਸੱਜੇ ਹੱਥ ਨਾਲ਼ ਖੱਬਾ ਕੰਨ ਖਿੱਚਿਆ, ਫਿਰ ਵਾਰੀ ਵਾਰੀ ਉਸ ਦੀਆਂ ਗਲ੍ਹਾਂ ਉਪਰ, ਦੋਹੀਂ ਪਾਸੀਂ, ਨਰਮ ਨਰਮ ਚਪੇੜਾਂ ਮਾਰੀਆਂ ਤੇ ਫਿਰ ਉਸ ਦਾ ਨੱਕ ਫੜ ਕੇ ਏਧਰ ਓਧਰ ਘੁਮਾਇਆ। ਖਿੱਚਣਾ ਤਾਂ ਮੈਂ ਉਸ ਦਾ ਸੱਜਾ ਕੰਨ ਵੀ ਸੀ ਪਰ ਐਵੇਂ ਮੇਰੇ ਸੱਜੇ ਹੱਥ ਤੋਂ ਥੋਹੜਾ ਕੁ ਦੂਰ ਹੋਣ ਕਰਕੇ, ਮੈਂ ਖਿੱਚਣ ਤੋਂ ਘੌਲ਼ ਈ ਕਰ ਗਿਆ। "ਹਵਾਟ ਫਾਰ ਦਿਸ?" ਉਸ ਨੇ ਹੈਰਾਨੀ ਨਾਲ਼ ਸਵਾਲ ਕੀਤਾ ਕਿ ਇਹ ਕਾਹਦੇ ਲਈ? "ਦਿਸ ਇਜ਼ ਮਾਈ ਸਪੈਸ਼ਲ ਵੇ ਟੂ ਸ਼ੋ ਇਫੈਕਸ਼ਨ ਟੂ ਨਾਈਸ ਚਿਲਡਰਨ, ਲਾਈਕ ਯੂ।" ਇਹ ਸਪੈਸ਼ਲ ਤਰੀਕਾ ਹੈ ਸਨੇਹ ਵਿਖਾਉਣ ਦਾ ਮੇਰਾ ਤੇਰੇ ਵਰਗੇ ਚੰਗੇ ਬੱਚਿਆਂ ਲਈ। ਇਹ ਜਵਾਬ ਮੇਰਾ ਸੁਣਦਿਆਂ ਹੀ ਉਸ ਨੇ ਆਪਣੇ ਸੱਜੇ ਕੰਨ ਨੂੰ ਆਪਣੇ ਸੱਜੇ ਹੱਥ ਦੀਆਂ ਉਂਗਲ਼ਾਂ ਵਿਚ ਫੜ ਕੇ, ਬੜੀ ਚੁਸਤੀ ਅਤੇ ਫੁਰਤੀ ਨਾਲ਼ ਆਖਿਆ, "ਦੈਨ ਯੂ ਮਿਸਡ ਦਿਸ ਵੰਨ।" ਤਾਂ ਤੂੰ ਇਹ ਕੰਨ ਛੱਡ ਦਿਤਾ ਹੈ।
ਇਕ ਥਾਂ ਤੇ ਤਾਂ ਮੈਂ ਰੁਕਣਾ ਨਹੀ ਸੀ। ਵਧ ਤੋਂ ਵਧ ਦੇਸਾਂ ਤੇ ਸਥਾਨਾਂ ਦੀ ਯਾਤਰਾ ਕਰਨੀ ਹੀ ਮੇਰਾ ਉਦੇਸ਼ ਸੀ। ਦੋ ਕੁ ਦਿਨਾਂ ਬਾਅਦ ਮੈਂ ਉਹਨਾਂ ਨੂੰ ਆਖਿਆ ਕਿ ਉਹ ਮੈਨੂੰ ਗਵਾਂਢੀ ਦੇਸ ਬੋਟਸਵਾਨਾ ਦੀ ਰਾਜਧਾਨੀ, ਗੈਬਰੌਨ ਨੂੰ ਜਾਣ ਵਾਲ਼ੀ ਬੱਸ ਦੇ ਅੱਡੇ ਉਪਰ ਛੱਡ ਆਉਣ ਪਰ ਉਹ ਮੈਨੂੰ ਬੱਸ ਅੱਡੇ ਤੱਕ ਛੱਡਣ ਦੀ ਬਜਾਇ, ਚਾਰੇ ਜਣੇ ਕਾਰ ਉਪਰ, ਗੈਬਰੌਨ ਤੱਕ ਛਡਣ ਲਈ ਹੀ ਤਿਆਰ ਹੋ ਗਏ। ਯਾਦ ਰਹੇ ਕਿ ਸਾਊਥ ਅਫ਼੍ਰੀਕਾ, ਜ਼ਿੰਬਾਬਵੇ ਦੇ ਗਵਾਂਢੀ ਮੁਲਕ ਦਾ ਨਾਂ ਅੰਗ੍ਰੇਜ਼ਾਂ ਦੇ ਰਾਜ ਵੇਲ਼ੇ ‘ਬੁਚਵਾਨਾ ਲੈਂਡ‘ ਹੁੰਦਾ ਸੀ ਜੋ ਕਿ ਆਜ਼ਾਦ ਹੋ ਕੇ ‘ਬੋਟਸਵਾਨਾ‘ ਬਣ ਗਿਆ। ਓਥੇ ਉਹਨਾਂ ਦੇ ਇਕ ਪੰਜਾਬੀ ਪਰਵਾਰ ਨਾਲ ਸੱਜਣਤਾਈ ਵਾਲ਼ੇ ਸਬੰਧ ਹੋਣ ਕਰਕੇ, ਅਸੀਂ ਉਹਨਾਂ ਦੇ ਘਰ ਜਾ ਕੇ ਰੁਕੇ ਪਰ ਮੈਂ ਗੁਰਦੁਆਰਾ ਸਾਹਿਬ ਵਿਖੇ ਜਾਣ ਲਈ ਕਾਹਲ਼ਾ ਸਾਂ। ਅਗਲੇ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਮੇ ਅਸੀਂ ਗਏ ਤੇ ਸਕੱਤਰ ਸਾਹਿਬ ਨੂੰ ਮੈਂ ਆਪਣੇ ਬਾਰੇ ਜਾਣਕਾਰੀ ਦਿਤੀ। ਆਪਣੇ ਓਥੇ ਆਉਣ ਦਾ ਮਨੋਰਥ ਦੱਸਿਆ ਅਤੇ ਇਹ ਵੀ ਆਖਿਆ ਕਿ ਮੈਂ ਅਗਲੇ ਐਤਵਾਰ ਤੱਕ ਵੀ ਰਹਾਂਗਾ ਅਤੇ ਉਸ ਦਿਨ ਵੀ ਸੰਗਤਾਂ ਨੂੰ ਸੰਬੋਧਨ ਕਰਾਂਗਾ। ਸਕੱਤਰ ਜੀ ਨੇ ਮੇਰੇ ਬਾਰੇ ਅਨਾਊਂਸ ਵੀ ਕੀਤਾ ਅਤੇ ਮੈਨੂੰ ਸਮਾ ਵੀ ਬੋਲਣ ਵਾਸਤੇ ਦਿਤਾ। ਇਸ ਦੇ ਨਾਲ਼ ਉਹਨਾਂ ਨੇ ਇਹ ਵੀ ਸੂਚਨਾ ਦਿਤੀ ਕਿ ਅਗਲੇ ਐਤਵਾਰ ਪ੍ਰਧਾਨ ਜੀ ਵੀ ਭਾਸ਼ਨ ਕਰਨਗੇ ਤੇ ਉਹਨਾਂ ਦੇ ਭਾਸ਼ਨ ਦਾ ਵਿਸ਼ਾ ਹੋਵੇਗਾ ਦਸ ਗੁਰੂ ਸਾਹਿਬਾਨ ਦਾ ਆਪਸੀ ਪਰਵਾਰਕ ਰਿਸ਼ਤਾ। ਮੈਂ ਦਿਲ ਵਿਚ ਸੋਚਿਆ ਕਿ ਗ੍ਰੰਥੀ ਸਿੰਘ ਜੀ ਨੇ ਕੀਰਤਨ ਵੀ ਕਰਨਾ ਹੈ ਤੇ ਫਿਰ ਪ੍ਰਧਾਨ ਸਾਹਿਬ ਜੀ ਨੇ ਵੀ ਤਿਆਰ ਕੀਤਾ ਹੋਇਆ ਭਾਸ਼ਨ ਪੜ੍ਹਨਾ ਹੈ। ਮੇਰਾ ਭਾਸ਼ਨ ਸੁਣਨ ਵਾਸਤੇ ਸੰਗਤ ਏਨਾ ਚਿਰ ਬੈਠੀ ਰਹੇਗੀ! ਫਿਰ ਆਪੇ ਹੀ ਸੋਚਿਆ ਕਿ ਕਿਉਂਕਿ ਪ੍ਰਧਾਨ ਸਾਹਿਬ ਵਿਦਵਾਨ ਅਤੇ ਕੁਆਲੀਫਾਈਡ ਇੰਜੀਨੀਅਰ ਹਨ। ਉਹ ਖੁਦ ਹੀ ਵਿਚਾਰ ਕਰ ਲੈਣਗੇ ਤੇ ਅਗਲੇ ਐਤਵਾਰ ਦੀ ਬਜਾਇ ਆਪਣਾ ਭਾਸ਼ਨ ਅਗਲੇਰੇ ਐਤਵਾਰ ਲਈ ਅੱਗੇ ਪਾ ਲੈਣਗੇ।
ਦੀਵਾਨ ਦੀ ਸਮਾਪਤੀ ਉਪ੍ਰੰਤ ਸਕੱਤਰ ਜੀ ਨੇ ਮੈਨੂੰ ਆਖਿਆ ਕਿ ਉਹ ਮੇਰੇ ਰੁਕਣ ਵਾਸਤੇ ਕਮਰੇ ਦੀ ਸਫਾਈ ਕਰḲਕਰਵਾ ਦੇਣਗੇ। ਇਸ ਲਈ ਉਸ ਦਿਨ ਮੈਂ ਉਹਨਾਂ ਸੱਜਣਾਂ ਦੇ ਘਰ ਹੀ ਰੁਕਾਂ ਜਿਥੇ ਰੁਕਿਆ ਹੋਇਆ ਹਾਂ। ਅਗਲੇ ਦਿਨ ਸੋਮਵਾਰ ਨੂੰ ਏਥੇ ਕਮਰੇ ਵਿਚ ਆ ਜਾਵਾਂ।
ਅਗਲੇ ਦਿਨ ਮੈਂ ਗੁਰਦੁਆਰਾ ਸਾਹਿਬ ਗਿਆ ਤਾਂ ਗ੍ਰੰਥੀ ਸਿੰਘ ਜੀ ਵਾਹਵਾ ਹੀ ਰੁੱਖੇ ਜਿਹੇ ਢੰਗ ਨਾਲ਼ ਪੇਸ਼ ਆਏ। ਮੇਰੇ ਵਾਸਤੇ ਇਹ ਕੋਈ ਨਵੀਂ ਗੱਲ ਨਹੀਂ ਸੀ। ਇਹੋ ਜਿਹੀਆਂ ਮੈਂ ਬਥੇਰੀਆਂ ਖਾਧੀਆਂ ਪੀਤੀਆਂ ਹੋਈਆਂ ਹਨ। ਮੇਰੇ ਕਮਰੇ ਬਾਰੇ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਇਕੋ ਹੀ ਕਮਰਾ ਹੈ ਤੇ ਓਥੇ ਦੂਸਰੇ ਸ਼ਹਿਰ ਤੋਂ ਆ ਕੇ ਇਕ ਟੀਚਰ ਰੁਕਦਾ ਹੈ। ਮੇਰੇ ਇਹ ਪੁੱਛਣ ਤੇ ਕਿ ਉਹ ਕਦੋਂ ਆਉਦਾ ਹੈ ਤਾਂ ਉਹਨਾਂ ਨੇ ਕਿਹਾ ਛਨਿਛਰਵਾਰ ਨੂੰ। ਮੈਂ ਆਖਿਆ ਕਿ ਅੱਜ ਸੋਮਵਾਰ ਹੈ ਤੇ ਛਨਿਛਰਵਾਰ ਨੂੰ ਜਦੋਂ ਉਹ ਆਵੇਗਾ ਤਾਂ ਅਸੀਂ ਦੋਵੇਂ ਉਸ ਕਮਰੇ ਵਿਚ ਦੋ ਰਾਤਾਂ ਕੱਟ ਲਵਾਂਗੇ। ਸੋਮਵਾਰ ਨੂੰ ਤਾਂ ਮੈਂ ਅੱਗੇ ਨੂੰ ਤੁਰ ਜਾਣਾ ਹੈ। ਜੇਕਰ ਉਸ ਨੂੰ ਮੇਰੇ ਨਾਲ਼ ਇਕ ਕਮਰੇ ਵਿਚ ਇਕ ਰਾਤ ਕੱਟਣੀ ਪਸੰਦ ਨਾ ਹੋਈ ਤਾਂ ਮੈਂ ਬਾਹਰ ਸੌਂ ਜਾਵਾਂਗਾ। ਤੁਸੀਂ ਹੁਣ ਕਿਰਪਾ ਕਰਕੇ ਕਮਰਾ ਖੋਹਲ ਦਿਓ। ਅਣਮੰਨੇ ਜਿਹੇ ਮਨ ਨਾਲ਼ ਉਸ ਨੇ ਕਮਰਾ ਖੋਹਲ ਦਿਤਾ। ਕਮਰੇ ਦੇ ਅੰਦਰ ਜਾ ਕੇ ਜਦੋਂ ਵੇਖਿਆ ਤਾਂ ਉਸ ਨੂੰ ਵੇਖ ਕੇ ਇਉਂ ਲੱਗਾ ਕਿ ਜਿਵੇਂ ਦਹਾਕਿਆਂ ਤੋਂ ਉਹ ਕਮਰਾ ਖੋਹਲਿਆ ਨਾ ਗਿਆ ਹੋਵੇ। ਮੈਂ ਕਿਹਾ, "ਕੀ ਇਸ ਕਮਰੇ ਵਿਚ ਟੀਚਰ ਆ ਕੇ ਰਹਿੰਦਾ ਹੈ? ਇਸ ਹਾਲਤ ਵਿਚ ਉਹ ਏਥੇ ਕਿਵੇਂ ਸੌਂਦਾ ਹੋਵੇਗਾ? ਬਿੱਲੀ ਵੀ ਬਹਿਣ ਤੋਂ ਪਹਿਲਾਂ ਜ਼ਮੀਨ ਤੇ ਆਪਣੀ ਪੂਛ ਮਾਰ ਲੈਂਦੀ ਹੈ।" ਗ੍ਰੰਥੀ ਜੀ ਆਖਣ ਲੱਗੇ, "ਅਸੀਂ ਕੁੱਤਿਆਂ ਤੋਂ ਵੀ ਭੈੜੇ ਹਾਂ।" ਉਹਨਾਂ ਦੇ ਇਹ ਬਚਨ ਮੈਨੂੰ ਪ੍ਰਸੰਗੋਂ ਬਾਹਰੇ ਲੱਗੇ।
ਖੈਰ, ਮੈਂ ਬਾਲਟੀ ਫੜ ਕੇ ਚੰਗਾ ਸਮਾ ਤੇ ਦਿਲ ਲਾ ਕੇ ਕਮਰੇ ਦੀਆਂ ਕੰਧਾਂ ਸਮੇਤ ਫਰਸ਼ ਧੋ ਲਿਆ। ਸਮਾ ਗਰਮੀਆਂ ਦਾ ਹੋਣ ਕਰਕੇ, ਅਜਿਹਾ ਕਰਦਿਆਂ ਮੈਨੂੰ ਕਿਸੇ ਕਿਸਮ ਦੀ ਤਕਲੀਫ ਦੀ ਥਾਂ ਸਗੋਂ ਅਨੰਦ ਅਨੁਭਵ ਹੋ ਰਿਹਾ ਸੀ। ਪੱਖਾ ਕਮਰੇ ਵਿਚ ਲੱਗਾ ਹੋਇਆ ਸੀ। ਮੈਂ ਫਰਸ਼ ਧੋਣ ਪਿਛੋਂ ਪੱਖਾ ਪੂਰੀ ਰਫ਼ਤਾਰ ਤੇ ਛੱਡ ਦਿਤਾ ਅਤੇ ਆਪਣਾ ਟਿੰਡ ਫਹੁੜੀ ਕਮਰੇ ਵਿਚ ਟਿਕਾ ਲਿਆ। ਫਿਰ ਗ੍ਰੰਥੀ ਜੀ ਵੀ ਹੌਲ਼ੀ ਹੌਲ਼ੀ ਆਣ ਕੇ ਮੇਰੇ ਸਾਹਮਣੇ ਜਿਹੇ ਬੈਠ ਗਏ। ਧੀਰੇ ਧੀਰੇ ਉਹਨਾਂ ਨੇ ਮੇਰੇ ਨਾਲ ਵਾਕਫ਼ੀ ਕੱਢੀ। ਪਿਛੋਂ ਉਹ ਪਟਿਆਲੇ ਦੇ ਰਹਿਣ ਵਾਲ਼ੇ ਸਨ। ਫਿਰ ਮੈਨੂੰ ਚੇਤਾ ਆਇਆ ਕਿ ਜਦੋਂ ਮੈਂ 1964Ḳ65Ḳ66 ਵਿਚ ਪਟਿਆਲੇ ਸਾਂ ਤਾਂ ਉਹਨਾਂ ਨੂੰ ਦਿਨ ਵੇਲ਼ੇ ਕਦੀ ਕਦੀ ਮਾਲ ਰੋਡ ਉਪਰ ਸਾਈਕਲ ਤੇ ਜਾਂਦਿਆਂ ਵੇਖਿਆ ਕਰਦਾ ਸਾਂ ਪਰ ਸਾਡੀ ਗੁਫ਼ਤਗੂ ਕਦੀ ਨਹੀਂ ਸੀ ਹੋਈ। ਓਦੋਂ ਉਹਨਾਂ ਦੀ ਦਾਹੜੀ ਕਾਲ਼ੀ ਹੁੰਦੀ ਸੀ ਤੇ ਇਸ ਸਮੇ ਮੁਕੰਮਲ ਤੌਰ ਤੇ ਚਿੱਟੀ ਹੋਣ ਕਰਕੇ ਮੈਂ ਉਹਨਾਂ ਨੂੰ ਪਛਾਣ ਨਾ ਸਕਿਆ; ਉਹਨਾਂ ਤਾਂ ਮੈਨੂੰ ਕੀ ਪਛਾਨਣਾ ਸੀ! ਆਪਣੇ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਉਹ ਭਾਈ ਵਰਿਆਮ ਸਿੰਘ ਟੌਹੜਾ ਦੇ ਰਾਗੀ ਜਥੇ ਵਿਚ ਜੋੜੀ ਵਜਾਉਣ ਦੀ ਸੇਵਾ ਕਰਿਆ ਕਰਦੇ ਸਨ ਜਦੋਂ ਕਿ ਸ. ਗੁਰਚਰਨ ਸਿੰਘ ਟੌਹੜਾ ਉਹਨਾਂ ਦੇ ਸਹਾਇਕ ਵਜੋਂ ਰਾਗੀ ਜਥੇ ਵਿਚ ਸ਼ਾਮਲ ਸਨ। ਉਹਨਾਂ ਨੇ ਦੱਸਿਆ ਕਿ ਇਕ ਵਾਰੀਂ ਕਲਕੱਤੇ ਵਿਚ ਕਿਸੇ ਗੁਰਪੁਰਬ ਸਮੇ, ਓਥੋਂ ਦੀ ਕਮੇਟੀ ਦੇ ਸੱਦੇ ਉਪਰ, ਉਹਨਾਂ ਦਾ ਜਥਾ ਕੀਰਤਨ ਕਰਨ ਗਿਆ ਸੀ ਤੇ ਓਥੇ ਕੀਰਤਨ ਦੀ ਚੌਕੀ ਤੋਂ ਇਲਾਵਾ, ਸ. ਗੁਰਚਰਨ ਸਿੰਘ ਟੌਹੜਾ ਨੇ ਖਲੋ ਕੇ ਇਕ ਕਵਿਤਾ ਪੜ੍ਹੀ। ਉਹਨਾਂ ਦੇ ਕਵਿਤਾ ਪੜ੍ਹਨ ਦੇ ਅੰਦਾਜ਼ ਤੋਂ ਪ੍ਰਭਾਵਤ ਹੋ ਕੇ, ਭਾਈ ਵਰਿਆਮ ਸਿੰਘ ਟੌਹੜਾ ਨੇ ਆਖਿਆ, "ਗੁਰਚਰਨ ਸਿੰਘ, ਤੇਰੇ ਵਿਚ ਤਾਂ ਲੀਡਰ ਬਣਨ ਦੇ ਗੁਣ ਹਨ। ਇਕ ਦਿਨ ਤੂੰ ਬਹੁਤ ਸਫ਼ਲ ਲੀਡਰ ਬਣ ਸਕਦਾ ਹੈਂ। ਸਮਾ ਪਾ ਕੇ ਇਹ ਬਚਨ ਸੱਚੇ ਸਾਬਤ ਹੋਏ। ਸ. ਗੁਰਚਰਨ ਸਿੰਘ ਟੌਹੜਾ ਆਪਣੇ ਸਮੇ ਦੇ ਬਹੁਤ ਕਾਮਯਾਬ ਸਿੱਖ ਲੀਡਰ ਹੋਏ ਹਨ। ਜਿੰਨਾ ਸਮਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਨਾਲ਼ ਨਾਲ਼ ਹੀ ਐਮ.ਪੀ. ਰਹੇ; ਇਸ ਰੀਕਾਰਡ ਨੂੰ ਅੱਜ ਤੱਕ ਹੋਰ ਕੋਈ ਸਿੱਖ ਲੀਡਰ ਨਹੀਂ ਪਹੁੰਚ ਸਕਿਆ।
ਹੌਲ਼ੀ ਹੌਲ਼ੀ ਗੱਲ ਖੁਲ੍ਹਣ ਤੇ ਗ੍ਰੰਥੀ ਜੀ ਤੋਂ ਪਤਾ ਲੱਗਾ ਕਿ ਮੇਰੇ ਨਾਲ ਉਹਨਾਂ ਵੱਲੋਂ ਕੀਤੇ ਗਏ ਰੁੱਖੇ ਵਰਤਾ ਦਾ ਕਾਰਨ ਇਹ ਸੀ ਕਿ ਉਹਨਾਂ ਨੂੰ ਇਹ ਭੁਲੇਖਾ ਲੱਗ ਗਿਆ ਸੀ ਕਿ ਮੈਨੂੰ ਸ਼ਾਇਦ ਓਥੇ ਰਹਿਣ ਵਾਲ਼ੇ, ਸ. ਗੁਰਚਰਨ ਸਿੰਘ ਸੱਗੂ, ਜੋ ਕਿ ਟੈਕਨੀਕਲ ਡਰਾਇੰਗ ਦੇ ਟੀਚਰ ਸਨ ਅਤੇ ਬੜਾ ਸੁੰਦਰ ਕੀਤਰਨ ਕਰਦੇ ਸਨ, ਨੇ ਸੱਦਿਆ ਹੈ ਅਤੇ ਮੈਨੂੰ ਉਹਨਾਂ ਦੀ ਥਾਂ ਗ੍ਰੰਥੀ ਲਵਾਉਣ ਅਤੇ ਉਹਨਾਂ ਨੂੰ ਓਥੋਂ ਭਜਾਉਣ ਦਾ ਪ੍ਰੋਗਰਾਮ ਹੈ; ਪਰ ਜਦੋਂ ਮੇਰੇ ਇਸ ਤਰ੍ਹਾਂ ਸੰਸਾਰ ਵਿਚ ਭੌਂਦੇ ਫਿਰਨ ਦੇ ਮਨੋਰਥ ਦਾ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਤਸੱਲੀ ਹੋਈ ਕਿ ਮੇਰੇ ਤੋਂ ਉਹਨਾਂ ਦੀ ਗੱਦੀ ਨੂੰ ਕੋਈ ਖ਼ਤਰਾ ਨਹੀਂ ਤਾਂ ਮੇਰੇ ਨਾਲ਼ ਉਹਨਾਂ ਦਾ ਰਵਈਆ ਨਿਘਾ ਹੋ ਗਿਆ। ਫਿਰ ਉਹਨਾਂ ਨੇ ਆਪਣੀਆਂ ਨਿਜੀ ਯਾਦਾਂ ਵੀ ਮੇਰੇ ਨਾਲ਼ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ। ਪਟਿਆਲਵੀ ਰਾਜ ਘਰਾਣੇ ਦੇ ਰੰਗੀਨ ਪ੍ਰਸੰਗ ਵੀ ਚੰਗੀ ਰੁਚੀ ਨਾਲ਼ ਮੈਨੂੰ ਸੁਣਾਉਣੇ। ਇਸ ਸਮੇ ਇਉਂ ਲੱਗਣਾ ਜਿਵੇ ਕੋਈ ਪ੍ਰਤੱਖ ਦਰਸ਼ੀ ਘਟਨਾ ਦਾ ਵਰਨਣ ਕਰ ਰਿਹਾ ਹੈ। ਕਦੀ ਕਦੀ ਕਵਿਤਾ ਦੇ ਟੋਟਕੇ ਵੀ ਸੁਣਾਉਣੇ, ਜਿਨ੍ਹਾਂ ਵਿਚੋਂ ਇਕ ਮੈਨੂੰ ਹੁਣ ਵੀ ਯਾਦ ਹੈ:
ਦਈਏ ਮੱਤ ਜੇ ਮੂਰਖਾਂ ਮਿੱਤਰਾਂ ਨੂੰ
ਅੱਗੋਂ ਛੇੜ ਬਹਿੰਦੇ ਉਲ਼ਟੇ ਰੱਟਿਆਂ ਨੂੰ।
ਨਾ ਤਾਂ ਕਿਸੇ ਉਸਤਾਦ ਦੀ ਮਾਰ ਖਾਧੀ
ਅਕਲ ਦਏ ਕੀ ਦੁੰਨ ਵੱਟਿਆਂ ਨੂੰ?
ਕਰਮਕਾਂਡ ਦੇ ਵਿਚ ਜੋ ਉਲ਼ਝ ਰਹੇ
ਮਰ ਜਾਣਗੇ ਪੂਜਦੇ ਵੱਟਿਆਂ ਨੂੰ
ਕਵੀ ਸਿੰਘਾ ਨਾ ਕਿਸੇ ਨੇ ਦੁਧ ਚੋਇਆ
ਘਰ ਪਾਲ਼ ਕੇ ਕੱਲੇ ਹੀ ਕੱਟਿਆਂ ਨੂੰ।
ਉਹਨਾਂ ਪਾਸੋਂ, ਕਈ ਵਾਰ ਕੀਰਤਨ ਦੀ ਸਮਾਪਤੀ ਸਮੇ ਪੜ੍ਹਿਆ ਜਾਣ ਵਾਲ਼ਾ ਸਲੋਕ "ਪਵਣੁ ਗੁਰੂ ਪਾਣੀ ਪਿਤਾ ....." ਵੀ ਮੈ ਵਾਜੇ ਨਾਲ਼, ਸੁਰ ਤਾਲ ਵਿਚ ਗਾਉਣਾ ਸਿਖਿਆ ਜੋ ਕਿ ਹੁਣ ਭੁੱਲ ਗਿਆ ਹੈ। ਫਿਰ ਇਕ ਦਿਨ ਮਿੱਤਰਤਾ ਲੱਗਣ ਸਮੇ ਅਤੇ ਟੁੱਟਣ ਸਮੇ ਦੇ ਫਰਕ ਬਾਰੇ ਵੀ ਉਹਨਾਂ ਨੇ ਇਕ ਕਾਵਿਕ ਟੋਟਕਾ ਇਉਂ ਸੁਣਾਇਆ:
ਲੱਗਣ ਲੱਗੀ ਯਾਰੀ, ਅੰਦਰੇ ਘੋੜਾ ਬੰਨ੍ਹ, ਮੇਰਾ ਜੀਉ ਕਹਿੰਦੈ।
ਟੁੱਟਣ ਲੱਗੀ ਯਾਰੀ, ਕੰਧੇ ਸੂਈ ਨਾ ਟੰਗ, ਜਾਣੀ ਲਿਉ ਲਹਿੰਦੈ।
ਗੁਰਦੁਆਰਾ ਸਾਹਿਬ ਦੇ ਵੇਹੜੇ ਵਿਚ ਇਕ ਅੰਬ ਦਾ ਦਰੱਖ਼ਤ ਸੀ ਤੇ ਉਸ ਦੇ ਅੰਬ ਵੀ ਸਪੈਸ਼ਲ ਕਿਸਮ ਦੇ ਅਤੇ ਅਤੀ ਮਿੱਠੇ ਸਨ; ਉਹ ਵੀ ਉਹਨਾਂ ਨੇ ਤੋੜ ਕੇ ਮੇਰੇ ਲਈ ਸਾਂਭ ਛੱਡਣੇ। ਇਕ ਹਫ਼ਤਾ ਅਸੀਂ ਬੜੇ ਖ਼ੁਸ਼ਗਵਾਰ ਮਾਹੌਲ ਵਿਚ ਗੁਜ਼ਾਰਿਆ। ਗੱਲ ਕੀ, ਅਸੀਂ ਯਾਰ ਬਣ ਗਏ ਕਿ! ਗੁਰਦੁਆਰੇ ਦੇ ਪਿਛਵਾੜੇ ਬੁੱਚੜਖਾਨਾ ਵੀ ਸੀ ਜਿਥੋਂ ਕਦੀ ਕਦਾਈਂ ਕੋਈ ਹੱਡੀ ਵਗੈਰਾ ਵੀ ਗੁਰਦੁਆਰੇ ਵਿਚ ਪੰਛੀਆਂ ਦੀ ‘ਕਿਰਪਾ‘ ਨਾਲ਼ ਆ ਡਿੱਗਦੀ ਸੀ; ਬਾਸ਼ਨਾ ਤਾਂ ਹਰ ਸਮੇ ਹਵਾ ਹੀ ਲੈ ਆਉਂਦੀ ਸੀ।
ਸਾਰਾ ਹਫ਼ਤਾ ਮੈਂ ਏਧਰ ਓਧਰ ਦੀ ‘ਗਰਦੌਰੀ‘ ਕਰਦਾ ਰਿਹਾ ਤੇ ਅਖੀਰ ਐਤਵਾਰ ਆ ਗਿਆ ਪਰ ਕਮਰੇ ਵਿਚ ਰਹਿਣ ਵਾਲ਼ੇ ਟੀਚਰ ਜੀ ਨਾ ਆਏ। । ਐਤਵਾਰ ਦਾ ਦੀਵਾਨ ਸਜ ਗਿਆ। ਮੈਂ, ਗ੍ਰੰਥੀ ਜੀ ਦੁਆਰਾ ਕੀਤੇ ਗਏ ਸੁਰੀਲੇ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਪਿੱਛੋਂ ਉਠ ਕੇ ਕਮਰੇ ਵਿਚ ਆਇਆ ਤਾਂ ਮੇਰੇ ਮੰਜੇ ਉਪਰ ਸ. ਗੁਰਚਰਨ ਸਿੰਘ ਸੱਗੂ ਜੀ ਲੇਟੇ ਹੋਏ ਸਨ। ਮੈਂ ਪੁੱਛਿਆ ਕਿ ਉਹ ਦੀਵਾਨ ਵਿਚ ਕਿਉਂ ਨਹੀਂ ਆਏ ਤਾਂ ਉਹਨਾਂ ਨੇ ਮਾਯੂਸੀ ਭਰੀ ਸੁਰ ਵਿਚ ਜਵਾਬ ਦਿਤਾ ਕਿ ਉਹਨਾਂ ਨੂੰ ਪ੍ਰਬੰਧਕਾਂ ਨੇ ਆਖ ਦਿਤਾ ਹੈ ਕਿ ਉਹਨਾਂ ਨੂੰ ਅੱਜ ਕੀਰਤਨ ਕਰਨ ਲਈ ਸਮਾ ਨਹੀਂ ਮਿਲ਼ੇਗਾ ਕਿਉਂਕਿ ਪ੍ਰਧਾਨ ਜੀ ਦੇ ਭਾਸ਼ਨ ਤੋਂ ਬਾਅਦ ਆਸਟ੍ਰੇਲੀਆ ਵਾਲ਼ੇ ਗਿਆਨੀ ਜੀ ਨੇ ਪੰਦਰਾਂ ਮਿੰਟ ਬੋਲਣਾ ਹੈ। ਮੈਂ ਉਹਨਾਂ ਨੂੰ ਆਖਿਆ ਕਿ ਉਹ ਦੀਵਾਨ ਵਿਚ ਆ ਕੇ ਬੈਠਣ; ਮੇਰੇ ਵਾਲ਼ੇ ਪੰਦਰਾਂ ਮਿੰਟ ਉਹ ਕੀਰਤਨ ਕਰਨ ਤੇ ਮੈਂ ਜੇਹੜਾ ਸੰਦੇਸ਼ ਦੇਣਾ ਹੈ ਉਹ ਕੜਾਹ ਪ੍ਰਸ਼ਾਦ ਵਰਤਦੇ ਸਮੇ ਸੰਗਤ ਨੂੰ ਸੁਣਾ ਦੇਵਾਂਗਾ। ਮੇਰੀ ਗੱਲ ਸੁਣ ਕੇ ਉਹ ਕੁਝ ਖ਼ੁਸ਼ ਤਾਂ ਹੋਏ ਪਰ ਲਗਦਾ ਸੀ ਕਿ ਅਜੇ ਉਹਨਾਂ ਨੂੰ ਇਸ ਗੱਲ ਦਾ ਯਕੀਨ ਜਿਹਾ ਨਹੀਂ ਸੀ ਆ ਰਿਹਾ ਕਿ ਇਉਂ ਹੋ ਜਾਵੇਗਾ; ਅਰਥਾਤ ਪ੍ਰਬੰਧਕ ਉਹਨਾਂ ਨੂੰ ਕੀਰਤਨ ਕਰਨ ਲਈ ਸਮਾ ਸੱਚੀਂ ਹੀ ਦੇ ਦੇਣਗੇ। ਉਹ ਦੀਵਾਨ ਵਿਚ ਆ ਗਏ। ਮੇਰੇ ਪ੍ਰਬੰਧਕਾਂ ਨੂੰ ਬੇਨਤੀ ਕਰਨ ਤੇ ਉਹਨਾਂ ਨੇ ਇਉਂ ਕਰਨਾ ਮੰਨ ਲਿਆ। ਗ੍ਰੰਥੀ ਜੀ ਦੇ ਕੀਰਤਨ ਉਪ੍ਰੰਤ ਪ੍ਰਧਾਨ ਜੀ ਨੇ ਆਪਣਾ ਤਿਆਰ ਕੀਤਾ ਲੰਮਾ ਭਾਸ਼ਨ ਪੜ੍ਹਿਆ। ਸੱਗੂ ਜੀ ਨੇ ਕੀਰਤਨ ਕੀਤਾ ਅਤੇ ਅਰਦਾਸ ਹੋ ਕੇ ਮੁੱਖ ਵਾਕ ਲੈ ਲਿਆ ਗਿਆ। ਪ੍ਰਸ਼ਾਦ ਵਰਤਣਾ ਸ਼ੁਰੂ ਹੋ ਗਿਆ ਤਾਂ ਮੈਂ ਉਠ ਕੇ ਸੰਗਤਾਂ ਨੂੰ ਸਿਡਨੀ ਵਿਚ ਗੁਰਦੁਆਰਾ ਸਾਹਿਬ ਦੀ ਬਣ ਰਹੀ ਨਵੀਂ ਅਤੇ ਵਿਸ਼ਾਲ ਬਿਲਡਿੰਗ ਬਾਰੇ ਜਾਣਕਾਰੀ ਦੇਣ ਦੇ ਨਾਲ਼ ਨਾਲ਼, ਸਤੰਬਰ 2000 ਵਿਚ ਹੋ ਰਹੀਆਂ ਓਲੰਪਕ ਖੇਡਾਂ ਸਮੇ, ਸਿਡਨੀ ਆਉਣ ਦਾ ਸੱਦਾ ਦਿਤਾ ਅਤੇ ਦੱਸਿਆ ਕਿ ਆਈਆਂ ਸੰਗਤਾਂ ਵਾਸਤੇ, ਗੁਰਦੁਆਰਾ ਸਾਹਿਬ ਵਿਖੇ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਕੁਝ ਹੋਰ ਸਹੂਲਤਾਂ ਦਾ ਵੀ ਜ਼ਿਕਰ ਕੀਤਾ। ਨਾਲ਼ੇ ਇਹ ਵੀ ਆਖਿਆ ਕਿ ਜੇ ਕੋਈ ਸੱਜਣ ਇਸ ਸੇਵਾ ਵਿਚ ਹਿੱਸਾ ਪਾਉਣਾ ਚਾਹੇ ਤਾਂ ਪਾ ਸਕਦਾ ਹੈ।
ਮੇਰੇ ਕਮਰੇ ਵਿਚ ਆ ਕੇ ਬਹੁਤ ਸਾਰੇ ਪ੍ਰੇਮੀਆਂ ਨੇ ਇੱਛਾ ਅਨੁਸਾਰ ਮਾਇਆ ਦਿਤੀ ਜਿਨ੍ਹਾਂ ਦੀ ਮੈਂ ਨਾਲ਼ੋ ਨਾਲ਼ ਰਸੀਦ ਕੱਟ ਕੇ ਉਹਨਾਂ ਨੂੰ ਦਈ ਗਿਆ। ਇਹ ਰਸੀਦ ਬੁੱਕ ਮੈਨੂੰ ਗੁਰਦੁਆਰਾ ਕਮੇਟੀ ਨੇ ਸਿਡਨੀ ਤੋਂ ਤੁਰਨ ਸਮੇ ਦੇ ਦਿਤੀ ਸੀ। ਓਥੋਂ ਅਤੇ ਹੋਰ ਮੁਲਕਾਂ ਵਿਚੋਂ ਇਕੱਠੀ ਕੀਤੀ ਸਾਰੀ ਮਾਇਆ ਲਿਆ ਕੇ ਮੈਂ ਗੁਰਦੁਆਰਾ ਸਾਹਿਬ ਦੇ ਖ਼ਜ਼ਾਨੇ ਵਿਚ ਜਮ੍ਹਾ ਕਰਵਾ ਦਿਤੀ।
ਵਿਚਾਰ ਆਇਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਏਨੇ ਸਿਆਣੇ ਤੇ ਪੜ੍ਹੇ ਲਿਖੇ ਸੱਜਣ ਸਨ। ਇਕ ਬੰਦਾ ਸਮੁੰਦਰ ਪਾਰ ਤੋਂ ਉਚੇਚਾ ਸੰਗਤਾਂ ਨਾਲ਼ ਬਚਨ ਕਰਨ ਵਾਸਤੇ ਆਇਆ ਹੈ। ਪ੍ਰਧਾਨ ਜੀ ਨੇ ਤਾਂ ਓਥੇ ਹੀ ਰਹਿਣਾ ਸੀ ਤੇ ਨਾਲ਼ੇ ਸੰਸਥਾ ਦਾ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦੀ ਪੁਜ਼ੀਸ਼ਨ ਘਰ ਦੇ ਮੁਖੀ ਵਾਂਙ ਸੀ, ਤੇ ਮੇਰੀ ਬਾਹਰੋਂ ਆਉਣ ਕਰਕੇ, ਘਰ ਆਏ ਪਰਦੇਸੀ ਸਮਾਨ ਸੀ। ਉਹ ਸਮਝਦਾਰੀ ਕਰਦੇ ਤਾਂ ਆਪਣਾ ਭਾਸ਼ਨ ਅਗਲੇ ਐਤਵਾਰ ਤੱਕ ਰੋਕ ਸਕਦੇ ਸੀ ਤੇ ਮੇਰੇ ਵਾਸਤੇ ਏਨਾ ਸਮਾ ਛੱਡ ਦਿੰਦੇ ਕਿ ਮੈਂ ਪੂਰੀ ਤਰ੍ਹਾਂ ਸੰਗਤਾਂ ਤੱਕ ਆਪਣਾ ਸੰਦੇਸ਼ ਪੁੱਜਦਾ ਕਰ ਸਕਦਾ। ਪ੍ਰਧਾਨ ਜੀ ਦੇ ਸੰਗਤ ਨੂੰ ਇਹ ਸ਼ਬਦ ਆਖਣ ਨਾਲ਼ ਕਿ ਗਿਆਨੀ ਜੀ ਦੂਰੋਂ ਆਏ ਹਨ ਤੇ ਅੱਜ ਅਸੀਂ ਇਹਨਾਂ ਦੇ ਵਿਚਾਰ ਸੁਣ ਲਈਏ ਤੇ ਮੈਂ ਅਗਲੇ ਐਤਵਾਰ ਆਪਣਾ ਭਾਸ਼ਨ ਕਰ ਲਵਾਂਗਾ। ਇਉਂ ਸਗੋਂ ਉਹਨਾਂ ਦੇ ਸਤਿਕਾਰ ਵਿਚ ਵਾਧਾ ਹੀ ਹੋਣਾ ਸੀ। ਪ੍ਰਧਾਨ ਜੀ ਦੇ ਅਜਿਹੇ ਵਰਤਾ ਤੋਂ ਮੈਨੂੰ ਯੂਨੀਵਰਸਿਟੀ ਦੇ ਇਕ ਸਾਬਕਾ ਪ੍ਰੋਫ਼ੈਸਰ ਜੀ ਦੇ ਬਚਨ ਯਾਦ ਆ ਗਏ। ਉਹ ਪ੍ਰੋਫ਼ੈਸਰ ਸਾਹਿਬ ਕਦੀ ਕਦੀ ਗੁਰਦੁਆਰੇ ਦੇ ਪ੍ਰਬੰਧਕਾਂ ਪਾਸੋਂ ਲੈਕਚਰ ਕਰਨ ਵਾਸਤੇ ਸਮਾ ਲੈ ਕੇ, ਹਫ਼ਤਿਆਂ ਤੱਕ ਬਹੁਤ ਖੋਜ ਅਤੇ ਪੁੱਛ ਪੜਤਾਲ ਕਰਕੇ, ਵਿਦਵਤਾ ਭਰਪੂਰ ਅੱਧੇ ਘੰਟੇ ਦਾ ਲੈਕਚਰ ਤਿਆਰ ਕਰਕੇ, ਦੀਵਾਨ ਵਿਚ ਆਉਂਦੇ ਸਨ ਤਾਂ ਕੀਰਤਨ ਦੀ ਸਮਾਪਤੀ ਉਪ੍ਰੰਤ ਸਟੇਜ ਸਕੱਤਰ ਨੇ, "ਹੁਣ ਦਸ ਮਿੰਟ ਵਾਸਤੇ ਡਾਕਟਰ ਸਾਹਿਬ ਆਪਣੇ ਵਿਚਾਰ ਦੱਸਣਗੇ।" ਆਖ ਦੇਣਾ। ਪ੍ਰੋਫ਼ੈਸਰ ਸਾਹਿਬ ਨੂੰ ਪਤਾ ਨਾ ਲੱਗਣਾ ਕਿ ਉਹ ਆਪਣੇ ਲਿਖਤੀ ਭਾਸ਼ਨ ਵਿਚੋਂ ਕੀ ਛੱਡਣ ਤੇ ਕੀ ਰੱਖਣ ਜਿਸ ਨਾਲ਼ ਉਹਨਾਂ ਦੀ ਮੇਹਨਤ ਨਾਲ਼ ਕੀਤੀ ਗਈ ਖੋਜ ਸੰਗਤਾਂ ਨਾਲ਼ ਸਾਂਝੀ ਕੀਤੀ ਜਾ ਸਕੇ। ਇਸ ਹਫ਼ੜਾ ਦਫ਼ੜੀ ਵਿਚ ਉਹਨਾਂ ਦਾ ਭਾਸ਼ਨ ਪ੍ਰਭਾਵਸ਼ਾਲੀ ਨਾ ਹੋ ਸਕਣਾ।
ਖ਼ੁਦ ਨੂੰ ਬਹੁਤ ਸਿਆਣਾ ਸਮਝਣ ਦੀ ਗ਼ਲਤੀ ਕਰਦਿਆਂ ਹੋਇਆਂ ਮੈਂ ਆਪਣੇ ਵੱਲੋਂ, ਬਿਨਾ ਉਹਨਾਂ ਦੇ ਪੁੱਛਿਆਂ ਹੀ, ਇਕ ਦਿਨ ਉਹਨਾਂ ਨੂੰ ਇਸ ਸੰਕਟ ਦਾ ਸਮਾਧਾਨ ਦੱਸਣ ਲੱਗ ਪਿਆ। ਮੈਂ ਬੜੇ ਪ੍ਰੇਮ ਨਾਲ਼ ਇਕਾਂਤ ਸਮੇ ਉਹਨਾਂ ਨੂੰ ਆਖਿਆ, "ਡਾਕਟਰ ਸਾਹਿਬ ਜੀ, ਤੁਹਾਡਾ ਭਾਸ਼ਨ ਬਹੁਤ ਮੇਹਨਤ ਕਰਕੇ ਤਿਆਰ ਕੀਤਾ ਹੁੰਦਾ ਹੈ ਤੇ ਹੁੰਦਾ ਵੀ ਵਿਦਵਤਾ ਭਰਰਪੂਰ ਹੈ। ਸਕੱਤਰ ਸਾਹਿਬ ਤੁਹਾਡੀ ਇਸ ਮੇਹਨਤ ਤੋਂ ਅਣਜਾਣ ਹਨ। ਜਦੋਂ ਉਹ ਤੁਹਾਡਾ ਸਮਾ ਦਸ ਮਿੰਟ ਅਨਾਊਂਸ ਕਰਦੇ ਹੁੰਦੇ ਹਨ ਤਾਂ ਤੁਸੀਂ ਉਸ ਦਿਨ ਆਪਣਾ ਲੈਕਚਰ ਨਾ ਦਿਆ ਕਰੋ। ਇਹ ਆਖੋ ਕਿ ਮੇਰਾ ਲੈਕਚਰ ਤੀਹ ਮਿੰਟ ਦਾ ਹੈ ਤੇ ਮੈਂ ਇਸ ਨੂੰ ਦਸ ਮਿੰਟਾਂ ਵਿਚ ਨਹੀਂ ਪੂਰਾ ਪੜ੍ਹ ਸਕਦਾ। ਇਸ ਲਈ ਜੇ ਅੱਜ ਤੀਹ ਮਿੰਟ ਦਾ ਸਮਾ ਨਹੀਂ ਤਾਂ ਮੈਂ ਉਸ ਦਿਨ ਪੜ੍ਹ ਲਵਾਂਗਾ ਜਿਸ ਦਿਨ ਤੀਹ ਮਿੰਟ ਦਾ ਸਮਾ ਹੋਵੇਗਾ। ਬੇਨਤੀ ਹੈ ਕਿ ਅਗਲੇ ਦੀਵਾਨ ਵਿਚ ਮੇਰੇ ਵਾਸਤੇ ਤੀਹ ਮਿੰਟ ਦਾ ਸਮਾ ਰੱਖਿਆ ਜਾਵੇ। ਉਸ ਦਿਨ ਮੈਂ ਆਪਣਾ ਲੈਕਚਰ ਸੁਣਾ ਦਿਆਂਗਾ।" ਮੇਰਾ ਇਹ ਸੁਝਾ ਸੁਣ ਕੇ ਉਹ ਇਕ ਦਮ ਬੋਲੇ, "ਫਿਰ ਮੇਰਾ ਤਿਆਰ ਕੀਤਾ ਲੈਕਚਰ ਮੇਰਾ ਤਾਲ਼ੂ ਪਾੜ ਕੇ ਨਾ ਨਿਕਲ਼ ਜਾਊ?"
ਸ਼ਾਇਦ ਏਥੇ ਪ੍ਰਧਾਨ ਜੀ ਵੀ ਅਜਿਹਾ ਹੀ ਮਹਿਸੂਸ ਕਰਦੇ ਹੋਣ ਕਿ ਉਹ ਜੋ ਆਪਣਾ ਲੈਕਚਰ ਤਿਅਰ ਕਰਕੇ ਲਿਆਏ ਸਨ ਉਹ ਅਗਲੇ ਦੀਵਾਨ ਤੱਕ ਉਡੀਕ ਨਹੀਂ ਕਰ ਸਕਦਾ।
ਗੱਲ ਸ. ਗੁਰਚਰਨ ਸਿੰਘ ਸੱਗੂ ਜੀ ਬਾਰੇ ਵੀ ਥੋਹੜੀ ਜਿਹੀ ਕਰ ਲਈਏ। ਇਹਨਾਂ ਦੇ ਦਰਸ਼ਨ ਮੈਨੂੰ ਸੱਠਵਿਆਂ ਵਾਲ਼ੇ ਦਹਾਕੇ ਦੌਰਾਨ ਪਟਿਆਲੇ ਵਿਖੇ ਹੋਏ ਸਨ। ਉਹਨੀਂ ਦਿਨੀਂ ਇਹ ਜਲੰਧਰ ਰੇਡੀਉ ਤੋਂ, ਭਾਈ ਬਖ਼ਸ਼ੀਸ਼ ਸਿੰਘ ਜੀ ਨਾਲ਼ ਕੀਰਤਨ ਵਿਚ ਸਾਥ ਦਿਆ ਕਰਦੇ ਸਨ ਤੇ ਏਸੇ ਸਿਲਸਿਲੇ ਵਿਚ ਉਹਨਾਂ ਨੂੰ ਪਟਿਆਲੇ ਮਿਲਣ ਵਾਸਤੇ ਆਏ ਸਨ। ਮੈਂ ਉਹਨੀਂ ਦਿਨੀਂ ਕਿਸੇ ਗਿਣਤੀ ਵਿਚ ਨਾ ਹੋਣ ਕਰਕੇ, ਇਹਨਾਂ ਨਾਲ਼ ਸ਼ਬਦੀ ਸਾਂਝ ਤਾਂ ਨਾ ਪਾ ਸਕਿਆ ਪਰ ਭਾਈ ਬਖ਼ਸ਼ੀਸ਼ ਸਿੰਘ ਜੀ ਦੇ ਨਾਲ਼ ਇਹਨਾਂ ਦੇ ਦਰਸ਼ਨ ਜਰੂਰ ਕਰ ਲਏ। ਮੈਂ ਵੀ ਉਹਨੀਂ ਦਿਨੀਂ ਭਾਈ ਸਾਹਿਬ ਦੇ ਜਥੇ ਵਿਚ, ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਕੀਰਤਨ ਦੀ ਸੇਵਾ ਕਰਦਾ ਸਾਂ। ਫਿਰ ਆਪਣੇ ਮਲਾਵੀ ਕਿਆਮ ਦੌਰਾਨ ਮੈਂ ਜੂਨ 1974 ਵਿਚ, ਇਕ ਦਿਨ ਇਕ ਸੁਹਿਰਦ ਅਫ਼੍ਰੀਕਨ ਟਰੱਕ ਡਰਾਈਵਰ ਨਾਲ ਉਸ ਦੇ ਟਰੱਕ ਵਿਚ ਬੈਠ ਕੇ, ਗਵਾਂਢੀ ਮੁਲਕ ਜ਼ੈਂਬੀਆ ਦੀ ਰਾਜਧਾਨੀ ਲੁਸਾਕਾ ਚਲਿਆ ਗਿਆ। ਉਹਨੀਂ ਦਿਨੀਂ ਸੱਗੂ ਸਾਹਿਬ ਓਥੇ ਸਕੂਲ ਵਿਚ ਟੀਚਰ ਸਨ। ਮੇਰੇ ਨਾਲ਼ ਇਹਨਾਂ ਨੇ ਬਹੁਤ ਚੰਗਾ ਵਰਤਾ ਕੀਤਾ। ਇਕ ਰਾਤ ਆਪਣੇ ਘਰ ਰਾਤ ਦੇ ਪ੍ਰਸ਼ਾਦੇ ਉਪਰ ਵੀ ਸੱਦਿਆ ਜਿਥੇ ਹੋਰ ਵੀ ਮੁਖੀ ਪਰਵਾਰ ਸੱਦੇ ਹੋਏ ਸਨ। ਓਥੇ ਇਕ ਦਿਲਚਸਪ ਗੱਲ ਹੋਈ। ਇਹਨਾਂ ਦੀ ਪਤਨੀ ਨੇ ਮੈਨੂੰ ਪੁੱਛਿਆ, "ਭਰਾ ਜੀ, ਮਲਾਵੀ ਵਿਚ ਸੋਨਾ ਕੀ ਭਾ ਏ?" ਸੱਗੂ ਸਾਹਿਬ ਬੋਲੇ, "ਜੇ ਓਥੇ ਸੋਨਾ ਸਸਤਾ ਹੁੰਦਾ ਤਾਂ ਇਹਨਾਂ ਦੇ ਨਾ ਕੁਝ ਪਾਇਆ ਹੋਇਆ ਹੁੰਦਾ!" ਛੋਟਾ ਜਿਹਾ ਹਾਸੇ ਦਾ ਦੌਰ ਹੋਇਆ। ਇਸ ਜਵਾਬ ਤੋਂ ਬਾਅਦ ਮੇਰੇ ਬੋਲਣ ਦੀ ਗੁੰਜਾਇਸ਼ ਈ ਨਾ ਰਹੀ। ਮੇਰੇ ਗੁੱਟ ਵਿਚ ਸਿਵਾਏ ਇਕ ਲੋਹੇ ਦੇ ਕੜੇ ਤੋਂ ਹੋਰ ਕੁਝ ਨਹੀਂ ਹੁੰਦਾ। ਇਹ ਕੜਾ ਵੀ ਸ਼ਾਇਦ ਇਸ ਕਰਕੇ ਹੀ ਮੈਂ ਪਾਉਂਦਾ ਹਾਂ ਕਿ ਸਿੱਖ ਹੋਣ ਕਰਕੇ ਇਹ ਲਾਜ਼ਮੀ ਕਕਾਰ ਹੈ; ਨਹੀਂ ਤਾਂ ਸ਼ਾਇਦ ਇਹ ਵੀ ਨਾ ਪਾਉਂਦਾ!
ਮੇਰੀ ਇਸ ਜਨਵਰੀ 1997 ਵਾਲ਼ੀ ਯਾਤਰਾ ਸਮੇ, ਇਹ ਗੈਬਰੌਨ ਵਿਚਲੇ ਸਰਕਾਰੀ ਸਕੂਲ ਵਿਚ ਟੈਕਨੀਕਲ ਡਰਾਇੰਗ ਦੇ ਟੀਚਰ ਸਨ। ਕੀਰਤਨ ਏਨਾ ਸੁੰਦਰ ਕਰਦੇ ਸਨ ਕਿ ਸੁਣਨ ਦੇ ਲਾਇਕ ਹੁੰਦਾ ਸੀ। ਬਜ਼ੁਰਗ ਵੀ ਹੋ ਗਏ ਸਨ ਤੇ ਕੀਰਤਨ ਸੰਗਤ ਨੂੰ ਸੁਣਾਉਣ ਦੀ ਆਦਤ ਵੀ ਪੱਕ ਚੁੱਕੀ ਹੋਣ ਕਰਕੇ ਹਰੇਕ ਦੀਵਾਨ ਵਿਚ ਕੀਰਤਨ ਕਰਨਾ ਚਾਹੁੰਦੇ ਸਨ। ਇਹ ਮੁਖੀ ਕਾਰਨ ਸੀ ਕਿ ਪ੍ਰਬੰਧਕ ਅਤੇ ਗ੍ਰੰਥੀ ਸਿੰਘ ਇਹਨਾਂ ਨੂੰ, ਲੱਗਦੀ ਵਾਹ ਕਿਸੇ ਨਾ ਕਿਸੇ ਬਹਾਨੇ, ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਦੂਰ ਹੀ ਰੱਖਣਾ ਚਾਹੁੰਦੇ ਸਨ। ਅਜਿਹੇ ਪ੍ਰਚਾਰਕਾਂ, ਕਥਾਕਾਰਾਂ, ਕੀਰਤਨੀਆਂ ਆਦਿ ਦੇ ਸਬੰਧ ਗ੍ਰੰਥੀਆਂ ਤੇ ਪ੍ਰਬੰਧਕਾਂ ਨਾਲ਼ ਆਮ ਤੌਰ ਤੇ ਸੁਖਾਵੇਂ ਨਹੀਂ ਹੁੰਦੇ। ਇਸ ਦੇ ਕਈ ਕਾਰਨ ਹਨ ਜਿਨ੍ਹਾਂ ਬਾਰੇ ਏਥੇ ਚਰਚਾ ਕਰਨ ਨਾਲ਼ ਲੇਖ ਲੰਮਾ ਹੋ ਜਾਵੇਗਾ। -- ਲੇਖ ਬਧਨ ਤੇ ਅਧਿਕ ਡਰਾਊਂ॥
ਇਸ ਵਾਕਿਆ ਤੋਂ ਇਸ ਗੱਲ ਦੀ ਵੀ ਪੁਸ਼ਟੀ ਹੋਈ। ਰੱਬ ਵੱਲੋਂ ਬਖ਼ਸ਼ਿਆ ਪੋਤਰਾ ਨਿੱਕਾ ਹੁੰਦਾ ਕੀਰਤਨ ਸੁਣ ਕੇ ਬੜਾ ਪ੍ਰਸੰਨ ਹੁੰਦਾ ਸੀ। ਟੀਵੀ ਲੱਗਾ ਹੋਣਾ ਤਾਂ ਉਸ ਨੇ ਆਖਣਾ, "ਬਾਬਾ ਜੀ ਲਾਓ।" ਅਰਥਾਤ ਕੀਰਤਨ ਦੀ ਟੇਪ ਲਾਓ। ਉਸ ਨੇ ਉਠ ਕੇ ਟੀਵੀ ਬੰਦ ਕਰ ਦੇਣਾ। ਫਿਰ ਕਦੀ ਕਦੀ ਆਖਣਾ, "ਗੁਰਦੁਆਰੇ ਜਾਣਾ, ਪ੍ਰਸਾਦ ਖਾਣਾ।" ਆਦਿ ਧਾਰਮਿਕ ਪ੍ਰਵਿਰਤੀ ਵਾਲ਼ੀਆਂ ਗੱਲਾਂ ਕਰਨੀਆਂ। ਉਸ ਦੇ ਜਨਮ ਦੀ ਕਿਰਿਆ ਦੌਰਾਨ ਮੇਰੀ ਨੋਂਹ ਅਰਥਾਤ ਉਸ ਦੀ ਮਾਂ ਵੀ ਕੀਰਤਨ ਸੁਣਿਆ ਕਰਦੀ ਸੀ। ਫਿਰ ਉਹਨੀਂ ਦਿਨੀਂ ਉਸ ਨੇ ਵੀ ਕੜਾਹ ਅਤੇ ਦਹੀਂ ਖਾਣ ਦੀ ਰੁਚੀ ਪ੍ਰਗਟਾਉਣੀ। ਇਸ ਪ੍ਰਕਾਰ ਦੀਆਂ ਰੁਚੀਆਂ ਹੀ ਪੋਤਰੇ ਵਿਚ ਪਰਗਟ ਹੋ ਗਈਆਂ ਸਨ। ਇਸ ਤੋਂ ਮਹਾਂਭਾਰਤ ਦੇ ਅਭਿਮੰਨੂ ਵਾਲ਼ੀ ਕਥਾ ਮੈਨੂੰ ਵੀ ਸੱਚੀ ਹੀ ਲੱਗਣ ਲੱਗ ਪਈ। ਉਸ ਨੇ ਚੱਕਰਵਿਊ ਵਿਚ ਵੜਨਾ ਤਾਂ ਜਾਣ ਲਿਆ ਪਰ ਉਸ ਦੀ ਮਾਤਾ ਦ੍ਰੋਪਤੀ ਦੇ ਸੌਂ ਜਾਣ ਕਰਕੇ, ਉਸ ਵਿਚੋਂ ਨਿਕਲ਼ ਸਕਣ ਦੀ ਜਾਚ ਨਾ ਸਿੱਖ ਸਕਿਆ। ਹੋ ਸਕਦਾ ਹੈ ਪੇਟ ਵਿਚਲੇ ਬੱਚੇ ਅੰਦਰ ਉਸ ਦੀ ਮਾਤਾ ਵਾਲੀ ਰੁਚੀ ਅਤੇ ਗਿਆਨ ਪ੍ਰਵੇਸ਼ ਕਰ ਜਾਂਦਾ ਹੋਵੇ! ਇਹ ਕੁਝ ਵਾਪਰਦਾ ਮੈਂ ਆਪਣੇ ਪਰਵਾਰ ਵਿਚ ਵੇਖ ਲਿਆ।
ਪੋਤਰੇ ਦੀਆਂ ਅਜਿਹੀਆਂ ਰੁਚੀਆਂ ਵੇਖ ਕੇ ਮੈਂ ਕਦੀ ਕਦਾਈਂ ਪਰਵਾਰ ਵਿਚ ਆਖਣਾ ਕਿ ਜੋਸ਼ ਨੂੰ ਧਾਰਮਿਕ ਅਤੇ ਕੀਰਤਨ ਦੀ ਵਿੱਦਿਆ ਜਰੂਰ ਦਿਵਾਉਣੀ। ਮੇਰੀ ਇਸ ਗੱਲ ਦੀ ਨੋਂਹ ਵੱਲੋਂ ਤਾਂ ਹਾਮੀ ਭਰੀ ਜਾਣੀ ਪਰ ਬਾਕੀ ਜੀਆਂ ਨੇ ਮੇਰੇ ਇਸ ਉਪਦੇਸ਼ ਤੇ ਚੁੱਪ ਰਹਿਣਾ। ਫਿਰ ਨੋਂਹ ਪੁੱਤਰ ਆਪਣੇ ਘਰ ਵਿਚ ਚਲੇ ਗਏ। ਇਕ ਦਿਨ ਉਹਨਾਂ ਦੇ ਘਰ ਬੈਠਿਆਂ ਵੀ ਮੈਂ ਏਹੀ ਉਪਦੇਸ਼ ਦੇਣਾ ਸ਼ੁਰੂ ਕਰ ਲਿਆ। ਕਈ ਕਾਰਨਾਂ ਕਰਕੇ ਮੈਂ ਆਪਣੀਆਂ ਗੱਲਾਂ ਨੂੰ ਮੁੜ ਮੁੜ ਦੂਸਰਿਆਂ ਨੂੰ ਸੁਣਾਉਂਦਾ ਰਹਿੰਦਾ ਹਾਂ। ਇਸ ਦਾ ਵੱਡਾ ਕਾਰਨ ਤਾਂ ਇਹ ਹੈ ਕਿ ਵਡੇਰੀ ਉਮਰ ਕਾਰਨ ਮੈਨੂੰ ਭੁੱਲ ਜਾਂਦਾ ਹੈ ਕਿ ਇਹ ਗੱਲ ਮੈਂ ਪਹਿਲਾਂ ਵੀ ਆਖੀ ਹੋਈ ਹੈ। ਮੇਰੀ ਅਗਲੀ ਪੀਹੜੀ ਮੇਰੀ ਇਸ ਭੈੜੀ ਵਾਦੀ ਤੋਂ ਬਹੁਤ ਦੁਖੀ ਹੈ ਅਤੇ ਮੈਂ ਵੀ ਇਸ ਦੋਸ਼ ਦੀ ਬਹੁਤ ਭਾਰੀ ਸਜਾ ਭੁਗਤ ਚੁੱਕਾ ਹਾਂ ਅਤੇ ਅਜੇ ਵੀ ਇਸ ਸਜਾ ਤੋਂ ਪੂਰੀ ਤਰ੍ਹਾਂ ਉਬਰਿਆ ਨਹੀ; ਭਾਵੇਂ ਕਿ ਸਮਾ ਪਾ ਕੇ ਇਸ ਦੀ ਕਸਕ ਬਹੁਤ ਘੱਟ ਗਈ ਹੈ।
ਮੇਰੇ ਇਸ ਉਪਦੇਸ਼ ਸਮੇ ਨੋਂਹ ਤਾਂ ਅਜੇ ਚੁੱਪ ਹੀ ਸੀ ਪਰ ਪੋਤੇ ਦੀ ਦਾਦੀ ਇਕ ਦਮ ਬੋਲ ਪਈ, "ਅਸੀਂ ਨਹੀਂ ਇਸ ਨੂੰ ਇਹ ਕੁਝ ਸਿਖਾਉਣਾ।" ਮੈਂ ਵਾਹਵਾ ਠਰੰਮੇ ਜਿਹੇ ਨਾਲ਼ ਵਿਆਖਿਆ ਕਰਨੀ ਸ਼ੁਰੂ ਕੀਤੀ ਕਿ ਸਕੂਲ ਅਤੇ ਪ੍ਰੋਫ਼ੈਸਨਲ ਪੜ੍ਹਾਈ ਤਾਂ ਇਸ ਨੇ ਆਪਣੇ ਪਿਓ ਸੰਦੀਪ ਸਿੰਘ ਵਾਂਙ ਕਰਨੀ ਹੀ ਹੈ ਅਤੇ ਉਸ ਪੜ੍ਹਾਈḲਸਿਖਲਾਈ ਅਨੁਸਾਰ ਉਪਜੀਵਕਾ ਹਿਤ ਕੰਮ ਵੀ ਇਹ ਹੋਰ ਕਰੇਗਾ ਹੀ। ਇਹ ਧਾਰਮਿਕ ਵਿੱਦਿਆ ਤਾਂ ਰੁਚੀ ਅਤੇ ਸਿੱਖ ਹੋਣ ਕਰਕੇ ਗੁਰਬਾਣੀ ਦਾ ਗਿਆਨ, ਇਤਿਹਾਸ ਦੀ ਜਾਣਕਾਰੀ, ਕੀਰਤਨ ਦੀ ਵਿੱਦਿਆ, ਆਦਿ ਤਾਂ ਵੈਸੇ ਸ਼ੌਕ ਤੇ ਸੇਵਾ ਵਜੋਂ ਸਿੱਖਣੇ ਹਨ। ਮੇਰੇ ਲੰਮੇ ਭਾਸ਼ਨ ਤੋਂ ਪਿੱਛੋਂ ਉਸ ਦੀ ਦਾਦੀ ਨੇ ਆਖਿਆ ਕਿ ਜਿਸ ਨੂੰ ਕਥਾ, ਕੀਰਤਨ ਆਦਿ ਕਰਨਾ ਆ ਜਾਵੇ ਉਹ ਫਿਰ ਭਰਵੇਂ ਦੀਵਾਨ ਸਮੇ ਸੰਗਤ ਵਿਚ ਸੁਣਾਉਣਾ ਚਾਹੁੰਦਾ ਹੈ; ਇਸ ਨਾਲ਼ ਜੇਹੜੇ ਪ੍ਰੋਫ਼ੈਸ਼ਨਲ ਗ੍ਰੰਥੀ, ਰਾਗੀ ਸਿੰਘ ਇਸ ਸੇਵਾ ਲਈ ਪੂਰੇ ਸਮੇ ਵਾਸਤੇ ਨਿਯੁਕਤ ਹੁੰਦੇ ਹਨ, ਉਹ ਸਮਝਦੇ ਹਨ ਕਿ ਅਜਿਹੇ ਪ੍ਰੇਮੀ ਵਿਦਵਾਨਾਂ ਦੇ ਕਾਰਨ, ਉਹਨਾਂ ਦਾ ਹੱਕ ਮਾਰਿਆ ਜਾਂਦਾ ਹੈ। ਇਸ ਲਈ ਉਹ ਅਜਿਹੇ ‘ਵਿਦਵਾਨਾਂ‘ ਨਾਲ਼ ਨਫ਼ਰਤ ਕਰਨ ਲੱਗ ਪੈਂਦੇ ਹਨ। ਉਸ ਦੀ ਇਹ ਗੱਲ ਮੇਰੇ ਮੰਨਣ ਵਿਚ ਆ ਗਈ ਤੇ ਫਿਰ ਮੈਂ ਅਜਿਹਾ ‘ਉਪਦੇਸ਼‘ ਦੇਣਾ ਬੰਦ ਕਰ ਦਿਤਾ। ਏਥੇ ਗੈਬਰੌਨ ਵਿਚ ਇਹ ਕੁਝ ਅਮਲੀ ਤੌਰ ਤੇ ਵਾਪਰਦਾ ਮੈਂ ਪ੍ਰਤੱਖ ਵੇਖ ਲਿਆ। ਲੈਕਚਰ ਕਰਨ ਦੀ ਯੋਗਤਾ ਰੱਖਣ ਵਾਲ਼ੇ ਪ੍ਰਧਾਨ ਜੀ ਅਗਲੇ ਐਤਵਾਰ ਤੱਕ ਆਪਣਾ ਲੈਕਚਰ ਨਹੀਂ ਰੋਕ ਸਕੇ ਅਤੇ ਕੀਰਤਨ ਕਰਨ ਵਾਲ਼ੇ ਸੱਜਣ ਨੂੰ ਜਦੋਂ ਪਤਾ ਲੱਗਾ ਕਿ ਉਸ ਦਿਨ ਉਸ ਨੂੰ ਕੀਰਤਨ ਲਈ ਸਮਾ ਨਹੀਂ ਮਿਲਣਾ ਤਾਂ ਉਹ ਸੰਗਤ ਵਿਚ ਬੈਠਣ ਜੋਗੀ ਹਿੰਮਤ ਵੀ ਛੱਡ ਬੈਠਾ ਤੇ ਕਮਰੇ ਵਿਚ ਆ ਕੇ ਮੰਜੇ ਉਪਰ ਲੰਮਾ ਪੈ ਗਿਆ; ਹਾਲਾਂ ਕਿ ਇਹ ਕੁਝ ਕਰਨ ਨਾਲ਼ ਉਹਨਾਂ ਨੂੰ ਕਿਸੇ ਪ੍ਰਕਾਰ ਵੀ ਮਾਇਅਕ ਲਾਭ ਦੀ ਕੋਈ ਵੀ ਚਾਹਨਾ ਜਾਂ ਆਸ ਨਹੀਂ ਸੀ।

-0-