ਡਾ. ਕੇਸਰ ਸਿੰਘ ਕੇਸਰ
ਨਾਲ ਮੇਰੀ ਪਹਿਲੀ ਮੁਲਾਕਾਤ 1980 ਵਿਚ ਹੋਈ ਸੀ। ਪੰਜਾਬੀ ਦੀ ਐਮ.ਏ. ਕਰਨ ਲਈ ਮੈਂ ਪੰਜਾਬ
ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿਚ ਦਾਖਲਾ ਲਿਆ ਸੀ। ਪਹਿਲ ਪਲੇਠੀ ਕਲਾਸ
ਵਿਚ ਜਾਣ ਤੋਂ ਪਹਿਲਾਂ ਹੀ ਇਕ ਮਿਕਨਾਤੀਸੀ ਖਿੱਚ ਵਾਲੇ ਅਧਿਆਪਕ ਡਾ. ਕੇਸਰ ਦੇ ਜਲੌਅ ਦੀ
ਕਨਸੋਅ ਵਿਦਿਆਰਥੀਆਂ ਦੇ ਕੰਨਾਂ ਤੱਕ ਪਹੁੰਚ ਗਈ ਸੀ। ਅਸੀਂ ਉਨ੍ਹਾਂ ਦੇ ਪੀਰੀਅਡ ਦੇ ਵਕਤ
ਨੂੰ ਤਰਲੋਮੱਛੀ ਹੋ ਕੇ ਉਡੀਕਣ ਲੱਗੇ। ਅੰਤ ਇੰਤਜ਼ਾਰ ਦੀ ਘੜੀ ਖਤਮ ਹੋਈ। ਕਲਾਸ ਰੂਮ ਚ
ਬੈਠਿਆਂ ਨੂੰ ਬਾਹਰ ਕਾਰੀਡੋਰ ਦੇ ਫਰਸ਼ ਉੱਤੇ ਫੌਹੜੀ ਦੀ ਠੱਕ-ਠੱਕ ਇਉਂ ਸੁਣੀ ਜਿਵੇਂ ਕੋਈ
ਬਾ-ਮੁਲਾਹਜ਼ਾ ਹੋਸ਼ਿਆਰ ਦੀ ਪੁਕਾਰ ਹੋਵੇ। ਬੂਹੇ ਵਿਚੋਂ ਇਕ ਮਾਣ-ਮੱਤਾ ਚਿਹਰਾ ਦਿੱਸਿਆ।
ਸਿਰ ਮਾਵੇ ਵਾਲੀ ਸਲੀਕੇਦਾਰ ਢੰਗ ਨਾਲ ਬੰਨ੍ਹੀ ਪੋਚਵੀਂ ਪੱਗ, ਗੁੱਟੀ ਵਾਲੀ ਕਰੜ-ਬਰੜੀ
ਦਾਹੜੀ, ਆਜ਼ਾਦ ਮੁਸਕਣੀ ਬਖੇਰਦੀਆਂ ਭਰਵੀਆਂ ਮੁੱਛਾਂ, ਚਾਰੇ ਪਾਸੇ ਘੂੰਮਰ ਪਾਉਂਦੀਆਂ
ਬਾਜ਼-ਅੱਖਾਂ ਅਤੇ ਜਚਦਾ ਸਫ਼ਾਰੀ-ਸੂਟ। ਉਨ੍ਹਾਂ ਦੀ ਤਿਆਰੀ-ਬਿਆਰੀ ਵੇਖ ਕੇ ਚੜ੍ਹੇ ਪੁੱਤ
ਸਰਦਾਰਾਂ ਦੇ ਛੈਲ ਬਾਂਕੇ ਵਰਗਾ ਅਹਿਸਾਸ ਮਨ-ਮਸਤਕ ਵਿਚੋਂ ਲੰਘਿਆ। ਸੱਚਮੁੱਚ ਜਿਵੇਂ
ਕਲਾਸ ਉਨ੍ਹਾਂ ਲਈ ਕੋਈ ਮੁਹਿੰਮ ਸੀ ਜਿਸ ਨੂੰ ਉਨ੍ਹਾਂ ਸਰ ਕਰਨਾ ਹੋਵੇ। ਸਾਨੂੰ ਬੈਠਣ ਦਾ
ਇਸ਼ਾਰਾ ਕਰਕੇ ਉਨ੍ਹਾਂ ਨੇ ਫੌਹੜੀ ਨੂੰ ਕੁਰਸੀ ਦੀ ਬਾਂਹ ਨਾਲ ਟਿਕਾਇਆ ਅਤੇ ਆਪ ਕੋਲ ਪਏ
ਲੈਕਚਰ ਸਟੈਂਡ ਪਿੱਛੇ ਜਾ ਖੜ੍ਹੇ। ਉਨ੍ਹਾਂ ਨੇ ਆਧੁਨਿਕ ਪੰਜਾਬੀ ਕਵਿਤਾ ਵਾਲਾ ਪੇਪਰ
ਪੜ੍ਹਾਉਣਾ ਸੀ। ਦੋ ਕੁ ਮਿੰਟ ਇਹ ਜੋਂਹਦੇ ਰਹੇ ਕਿ ਅਸੀਂ ਕਿੰਨੇ ਕੁ ਪਾਣੀ ਚ ਹਾਂ ਅਤੇ
ਫੇਰ ਮੁਸ਼ਕੜੀਏਂ ਹਸਦੇ ਬੋਲੇ, ਉਆਧੁਨਿਕ ਯਾਨੀ ਮਾਡਰਨ, ਭਲਾਂ ਮਾਡਰਨ ਕੌਣ ਹੁੰਦੈ ਬਈ ?
ਥੁਆਡੇ ਚੋਂ ਕਿਹੜੇ ਕਿਹੜੇ ਮਾਡਰਨ ਸਮਝਦੇ ਐ ਆਪਣੇ ਆਪ ਨੂੰ ? ਕਹਿੰਦਿਆਂ ਉਨ੍ਹਾਂ
ਬੁੱਲ੍ਹਾਂ ਨੂੰ ਭੀਚ ਕੇ ਹਾਸੇ ਨੂੰ ਗੱਲ੍ਹਾਂ ਚ ਭਰਿਆ ਅਤੇ ਉਨ੍ਹਾਂ ਦੀਆਂ ਸ਼ਰਾਰਤੀ
ਜਾਪਦੀਆਂ ਨਜ਼ਰਾਂ ਸਾਡੇ ਸਿਰਾਂ ਤੇ ਨੱਚੀਆਂ। ਅਸੀਂ ਅੱਗੋਂ ਕੀ ਦਸਦੇ ? ਪਹਿਲੀ ਕਲਾਸ ਵਿਚ
ਹੀ ਸਾਡੇ ਵੱਡੇ ਪੜ੍ਹਾਕੂਆਂ ਦੀ ਸੋਲਾਂ ਦੂਣੀ ਅੱਠ ਹੋ ਗਈ। ਸਭ ਦੀ ਨੀਵੀਂ ਪੈ ਗਈ। ਉਹ
ਆਵਾਜ਼ ਵਿਚ ਪੂਰੀ ਮਮਤਾ ਭਰ ਕੇ ਬੋਲੇ, ਉਲੈ ਐਵੇਂ ਡਰ-ਗੇ, ਏਹ ਕੀ ਔਖੈ ਬਈ। ਫੇਰ ਬੜੇ
ਸਹਿਜ ਨਾਲ ਆਧੁਨਿਕ ਦਾ ਅਰਥ ਸਮਝਾ ਦਿੱਤਾ ਕਿ ਵਿਗਿਆਨਕ ਬੋਧ ਨਾਲ ਪੈਦਾ ਹੋਣ ਵਾਲੀ
ਤਾਰਕਿਕ ਸੂਝ ਨੂੰ ਹੀ ਆਧੁਨਿਕ ਚੇਤਨਾ ਕਹਿੰਦੇ ਹਨ। ਫਿਰ ਸਾਰਾ ਪੀਰੀਅਡ ਬੋਧ, ਵਿਗਿਆਨ,
ਤਰਕ, ਚੇਤਨਾ, ਕਵਿਤਾ ਵਰਗੇ ਸ਼ਬਦਾਂ ਦੀ ਵਿਆਖਿਆ ਕਰਦੇ ਰਹੇ। ਅਸੀਂ ਕਪਾਟ ਖੁੱਲ੍ਹਣ ਵਰਗਾ
ਅਹਿਸਾਸ ਲੈ ਕੇ ਕਲਾਸੋਂ ਨਿਕਲੇ
ਉਨ੍ਹਾਂ ਦੇ ਪੜ੍ਹਾਉਣ ਦੀ ਇਹੀ ਵਿਧੀ ਸੀ। ਪਹਿਲਾਂ ਪ੍ਰਸ਼ਨ ਉਠਾਉਣਾ, ਫਿਰ ਉੱਤਰ ਲੱਭਣ ਲਈ
ਕਲਾਸ ਨੂੰ ਚੁਕੰਨਾ ਕਰਨਾ ਅਤੇ ਅੰਤ ਜਵਾਬ ਦੱਸ ਦੇਣਾ। ਇਹ ਸਭ ਕੁਝ ਇੰਨਾ ਨਾਟਕੀ ਹੁੰਦਾ
ਸੀ ਕਿ ਪੀਰੀਅਡ ਲੰਘਦੇ ਦਾ ਪਤਾ ਹੀ ਨਾ ਲਗਦਾ। ਜਿਵੇਂ ਅਸੀਂ ਪੜ੍ਹਨ ਦੀ ਥਾਂ ਇਕ-ਪਾਤਰੀ
ਨਾਟਕ ਵੇਖ ਰਹੇ ਹੋਈਏ। ਨਾਟਕ ਦਾ ਹੀਰੋ ਘੰਟਾ-ਭਰ ਇਕ ਲੱਤ ਦੇ ਸਹਾਰੇ ਪੂਰੇ ਜੋਸ਼ ਵਿਚ ਏਧਰ
ਓਧਰ ਥਿਰਕਦਾ ਰਹਿੰਦਾ। ਮਹਿਸੂਸ ਹੁੰਦਾ ਕਿ ਇਹ ਤਾਂ ਕਿਸੇ ਪਹੁੰਚੇ ਹੋਏ ਸੰਤ-ਮਹਾਤਮਾ ਦੀ
ਇਕ ਟੰਗ ਦੇ ਭਾਰ ਕੀਤੀ ਤਪੱਸਿਆ ਵਰਗਾ ਕੁਝ ਸੀ ਜਿਸ ਦਾ ਫਲ ਨਿਸਚੇ ਹੀ ਮੇਰੇ ਵਰਗੇ
ਵਿਦਿਆਰਥੀਆਂ ਨੂੰ ਮਿਲਦਾ ਸੀ। ਪਹਿਲੇ ਦਿਨ ਹੀ ਅਧਿਆਪਕ ਡਾ. ਕੇਸਰ ਦੀ ਜੈ ਜੈ ਕਾਰ ਹੋ
ਜਾਂਦੀ ਸੀ। ਉਨ੍ਹਾਂ ਦੇ ਪੱਕੇ ਮੁਰੀਦ ਬਣ ਜਾਂਦੇ ਸਨ। ਮੇਰੇ ਨਾਲ ਵੀ ਇਉਂ ਹੀ ਹੋਈ।
ਪਹਿਲੀ ਨਜ਼ਰ ਦੇ ਪਿਆਰ ਵਾਂਗੂੰ ਮੈਂ ਅੰਦਰੋ-ਅੰਦਰੀ ਉਨ੍ਹਾਂ ਨੂੰ ਗੁਰੂ ਧਾਰ ਲਿਆ। ਆਪਣੀ
ਇਸ ਭਾਵਨਾ ਦਾ ਇਜ਼ਹਾਰ ਕਰਨ ਲਈ ਮਨ ਕਾਹਲਾ ਪੈਣ ਲੱਗਿਆ। ਪਰ ਤੁਸੀਂ ਉੱਚੇ ਅਸੀਂ ਨੀਵੇਂ
ਵਾਲੀ ਝਿਜਕ ਨੇ ਪੇਸ਼ ਨਾ ਜਾਣ ਦਿੱਤੀ। ਕਈ ਦਿਨ ਲੰਘ ਗਏ। ਉਨ੍ਹਾਂ ਦੇ ਕਮਰੇ ਅੱਗੋਂ
ਲੰਘਦਾ, ਤਿੰਨ-ਚਾਰ ਸੀਨੀਅਰ ਵਿਦਿਆਰਥੀ ਉਨ੍ਹਾਂ ਦੁਆਲੇ ਜੁੜੇ ਹੁੰਦੇ। ਐਨਿਆਂ ਸਾਹਮਣੇ
ਭਲਾਂ ਮਨ ਦੀ ਗੱਲ ਕਿਵੇਂ ਹੋ ਸਕਦੀ ਸੀ ? ਫਿਰ ਪਤਾ ਲੱਗਿਆ ਇਹ ਸਾਰੇ - ਰਮਨ, ਹਰਬੰਸ,
ਇੰਦਰਜੀਤ ਕੌਰ, ਬਲਜੀਤ ਅਤੇ ਕੁਝ ਹੋਰ - ਉਨ੍ਹਾਂ ਦੁਆਲਿਓਂ ਹਟਣ ਵਾਲੇ ਨਹੀਂ ਸਨ, ਇਹ ਤਾਂ
ਕਾਮਰੇਡ ਭਗਤ ਸਨ।
ਅੱਛਾ ਡਾ. ਕੇਸਰ ਵੀ ਕਾਮਰੇਡ ਐ ? ਇਹ ਵਿਚਾਰ ਪਤਾ ਨਹੀਂ ਕਿਉਂ ਮੇਰੇ ਉਨ੍ਹਾਂ ਦੇ ਕਮਰੇ
ਵੱਲ ਵਧਦੇ ਪੈਰਾਂ ਸਾਹਮਣੇ ਲਛਮਣ-ਰੇਖਾ ਬਣ ਗਿਆ। ਕੀ ਮੈਨੂੰ ਕਾਮਰੇਡਾਂ ਨਾਲ ਨਫ਼ਰਤ ਸੀ ?
ਮੈਂ ਆਪਣਾ ਆਪਾ ਹੰਘਾਲਿਆ। ਨਹੀਂ, ਅਜਿਹਾ ਤਾਂ ਕੁਝ ਨਹੀਂ ਸੀ। ਜਦੋਂ ਮੈਂ ਸਰਕਾਰੀ
ਕਾਲਜ, ਮੁਕਤਸਰ ਪੜ੍ਹਦਾ ਸਾਂ ਤਾਂ ਉਥੇ ਦੋ ਧੜੇ ਹੁੰਦੇ ਸਨ, ਸਰਦਾਰਾਂ ਦੇ ਕਾਕਿਆਂ ਦਾ
ਬਰਾੜ ਧੜਾ ਅਤੇ ਕਾਮਰੇਡਾਂ ਦਾ ਗੁੱਟ। ਮੈਂ ਦੋਨਾਂ ਤੋਂ ਹੀ ਪਰ੍ਹੇ ਵਿੱਥ ਤੇ ਖੜ੍ਹਾ ਰਿਹਾ
ਸਾਂ। ਮੇਰੇ ਸੁਭਾਅ ਨੂੰ ਦੋਵੇਂ ਹੀ ਰਾਸ ਨਹੀਂ ਸੀ ਆਉਂਦੇ ਲਗਦੇ। ਸ਼ਾਇਦ ਕੋਈ ਮੇਰੇ ਮਨ ਦੀ
ਗੰਢ ਹੀ ਸੀ। ਬਸ ਕਾਮਰੇਡਾਂ ਤੋਂ ਏਨੀ ਕੁ ਦੂਰੀ ਸੀ, ਕੋਈ ਮੱਤਭੇਦ ਨਹੀਂ।
ਮੈਂ ਅਜੇ ਆਪਣੇ ਚਹੇਤੇ ਕਾਮਰੇਡ ਅਧਿਆਪਕ ਦੀ ਸ਼ਰਨ ਵਿਚ ਜਾਣ ਦੀ ਸ਼ਸ਼ੋਪੰਜ ਵਿਚ ਹੀ ਸਾਂ ਕਿ
ਹਾਲਾਤ ਨੇ ਮੈਨੂੰ ਉਨ੍ਹਾਂ ਦੇ ਵਿਰੋਧੀ ਧੜੇ ਵਿਚ ਲਿਆ ਖੜ੍ਹਾ ਕੀਤਾ। ਵਿਭਾਗ ਵਿਚ ਡੀ.ਆਰ.
(ਵਿਭਾਗੀ ਵਿਦਿਆਰਥੀ ਪ੍ਰਤੀਨਿਧ) ਦੀ ਚੋਣ ਆ ਗਈ। ਕਾਮਰੇਡ ਧੜੇ ਨੇ ਮੇਰੇ ਜਮਾਤੀ ਦਿਲਬਾਗ
ਨੂੰ ਉਮੀਦਵਾਰ ਬਣਾਉਣ ਦਾ ਐਲਾਨ ਕਰ ਦਿੱਤਾ। ਦੂਜੇ ਪਾਸੇ ਵਿਗੜੇ ਸਿੱਖ ਕਾਕਿਆਂ ਦੇ ਧੜੇ
ਨੂੰ ਕੋਈ ਉਮੀਦਵਾਰ ਨਾ ਲੱਭੇ। ਆਪ ਖੜ੍ਹੇ ਹੋ ਕੇ ਉਨ੍ਹਾਂ ਨੂੰ ਕੁੜੀਆਂ ਦੀਆਂ ਵੋਟਾਂ
ਮਿਲਨ ਦੀ ਆਸ ਨਹੀਂ ਸੀ। ਮੋਹਰਾ ਬਣਾਉਣ ਲਈ ਉਨ੍ਹਾਂ ਨੂੰ ਕਿਸੇ ਸਾਊ ਚਿਹਰੇ ਦੀ ਲੋੜ ਸੀ।
ਯੂਨੀਵਰਸਿਟੀ ਵਿਚ ਮੇਰਾ ਪਹਿਲਾ ਆਸਰਾ ਬਣਨ ਵਾਲਾ ਸ਼ਿੰਦਰਪਾਲ (ਮੁਕਤਸਰ) ਵੀ ਕਾਕਿਆਂ ਵੱਲ
ਸੀ। ਉਨ੍ਹਾਂ ਚੁੱਕ-ਚੁਕਾ ਕੇ ਮੈਨੂੰ ਖੜ੍ਹਾ ਕਰ ਦਿੱਤਾ। ਮੈਂ ਜਿੱਤ ਗਿਆ, ਪਰ ਜਿੱਤਿਆ
ਕਾਹਦਾ ਸ਼ਾਇਦ ਆਪਣੇ ਚਹੇਤੇ ਅਧਿਆਪਕ ਦੀਆਂ ਨਜ਼ਰਾਂ ਚੋ ਡਿੱਗਣ ਕਰਕੇ ਹਾਰਨ ਬਰਾਬਰ ਹੋ
ਗਿਆ। ਹੁਣ ਡਾ. ਕੇਸਰ ਦੇ ਸਾਹਮਣੇ ਜਾਂਦਿਆਂ ਹੀ ਘਬਰਾਹਟ ਜਿਹੀ ਹੁੰਦੀ। ਮੈਨੂੰ ਇਕ
ਹੀਣ-ਭਾਵ ਨੇ ਗ੍ਰੱਸ ਲਿਆ ਜਿਵੇਂ ਮੇਰੇ ਤੋਂ ਕੋਈ ਗੁਨਾਹ ਹੋ ਗਿਆ ਹੋਵੇ। ਮੈਂ ਇਕ ਵੇਰਾਂ
ਫੇਰ ਕਾਮਰੇਡਾਂ ਅਤੇ ਕਾਕਿਆਂ ਤੋਂ ਵਿੱਥ ਥਾਪ ਲਈ।
ਵਿਭਾਗ ਆਪਣੀ ਤੋਰੇ ਤੁਰ ਰਿਹਾ ਸੀ। ਅਧਿਆਪਕਾਂ ਵਿਚੋਂ ਡਾ. ਕੇਸਰ ਅਤੇ ਡਾ. ਅਤਰ ਸਿੰਘ ਦੀ
ਝੰਡੀ ਸੀ। ਡੀ.ਆਰ.ਹੋਣ ਕਰਕੇ ਉਂਜ ਮੇਰੀ ਪੁੱਛ ਵੀ ਚੰਗੀ ਸੀ। ਵਿਭਾਗ ਵਿਚ ਮੇਰੇ ਕਵੀ ਹੋਣ
ਦੀ ਵੀ ਕੁਝ ਕਦਰ ਪੈ ਜਾਂਦੀ। ਜਦੋਂ ਵੀ ਮੌਕਾ ਬਣਦਾ ਮੈਂ ਆਪਣੀ ਗ਼ਜ਼ਲ ਗਾ ਕੇ ਸੁਣਾਉਂਦਾ
ਜਾਂ ਕਵਿਤਾ ਪੜ੍ਹਦਾ। ਸਾਰਿਆਂ ਦੀ ਪ੍ਰਸੰਸਾ ਵੀ ਮਿਲਦੀ ਫਿਰ ਵੀ ਇਕ ਕਸਕ ਜਿਹੀ ਉਠਦੀ
ਰਹਿੰਦੀ, ਇਹ ਕਸਕ ਆਪਣੇ ਮਹਿਬੂਬ ਅਧਿਆਪਕ ਤੋਂ ਵਿੱਥ ਨਾਲ ਪੈਦਾ ਹੋਈ ਸੀ।
ਸ਼ਿੰਦਰਪਾਲ ਪੀ-ਐੱਚ.ਡੀ. ਲਈ ਡਾ. ਅਤਰ ਸਿੰਘ ਨਾਲ ਰਜਿਸਟਰਡ ਸੀ। ਉਸ ਕਰਕੇ ਮੇਰਾ ਝੁਕਾਅ
ਵੀ ਉਨ੍ਹਾਂ ਵੱਲ ਹੋਣ ਲੱਗ ਪਿਆ। ਮੈਂ ਕੋਈ ਨਵੀਂ ਰਚਨਾ ਰਚਦਾ ਤਾਂ ਡਾ. ਅਤਰ ਸਿੰਘ ਨੂੰ
ਸੁਣਾਉਣ ਦੀ ਕੁਤਕੁਤੀ ਲੱਗ ਜਾਂਦੀ। ਛੁੱਟੀ ਵਾਲੇ ਦਿਨ ਉਹ ਕੇਸੀ ਨਹਾ ਕੇ ਆਪਣੇ ਲਾਅਨ ਚ
ਬੈਠੇ ਹੁੰਦੇ ਤਾਂ ਮੈਂ ਉਨ੍ਹਾਂ ਦੇ ਚਰਨਾਂ ਚ ਜਾ ਬੈਠਦਾ। ਉਹ ਦਾਦ ਦੇ ਨਾਲ ਨਾਲ ਹੋਰ
ਚੰਗਾ ਲਿਖਣ ਲਈ ਪ੍ਰੇਰਣਾ ਵੀ ਦਿੰਦੇ। ਮੈਨੂੰ ਆਪਣਾ ਗਾਡਫਾਦਰ ਮਿਲ ਗਿਆ ਜਾਪਦਾ। ਪਰ ਅਚੇਤ
ਹੀ ਡਾ. ਕੇਸਰ ਪ੍ਰਤੀ ਤਾਂਘ ਫਿਰ ਵੀ ਉਵੇਂ ਦੀ ਜਿਵੇਂ ਬਣੀ ਰਹੀ।
ਉਹਾਂ ਬਈ ਕਵੀ-ਜਨ ਅੱਜ ਕੱਲ੍ਹ ਨਵਾਂ ਕੀ ਲਿਖਿਆ ਜਾ ਰਿਹੈ ? ਵਿਭਾਗ ਦੀ ਕਾਰੀਡੋਰ ਵਿਚ
ਸਾਹਮਣਿਉਂ ਆ ਮਿਲੇ ਡਾ. ਕੇਸਰ ਨੇ ਇਕ ਦਿਨ ਅਚਾਨਕ ਪੁੱਛਿਆ, ਉਕਦੇ ਸਾਨੂੰ ਵੀ
ਕਵਿਤਾ-ਕੁਵਤਾ ਸੁਣਾ ਜਿਆ ਕਰੋ ਡੀ.ਆਰ. ਸਾਹਿਬ। ਉਨ੍ਹਾਂ ਦੀਆਂ ਤਨਜ਼ੀ ਨਿਗਾਹਾਂ ਚਮਕੀਆਂ
ਅਤੇ ਖਿੜੀਆਂ ਬਰਾਛਾਂ ਨਾਲ ਮੁੱਛਾਂ ਵੀ ਹੱਸੀਆਂ। ਮੈਂ ਸਮਝਿਆ ਉਹ ਮੇਰੇ ਡਾ.ਅਤਰ ਸਿੰਘ ਦੇ
ਘਰੇ ਜਾਣ ਵੱਲ ਇਸ਼ਾਰਾ ਕਰ ਰਹੇ ਹਨ। ਮੈਨੂੰ ਕੋਈ ਜਵਾਬ ਨਾ ਸੁੱਝਿਆ ਅਤੇ ਮੈਂ ਅੱਗੋਂ
ਖਸਿਆਨੀ ਹਾਸੀ ਹੱਸਿਆ। ਪਰ ਨਹੀਂ ਉਹ ਤਾਂ ਸੁਹਿਰਦਤਾ ਨਾਲ ਕਹਿ ਰਹੇ ਸਨ। ਉਨ੍ਹਾਂ ਨੇ
ਵਿਭਾਗ ਚ ਸਾਹਿਤ ਸਭਾ ਨੂੰ ਕਾਰਜਸ਼ੀਲ ਕਰਨ ਲਈ ਵੀ ਕਿਹਾ ਅਤੇ ਕਦੇ ਕਦੇ ਮਿਲ ਬੈਠ ਕੇ
ਰਚਨਾਵਾਂ ਸਾਂਝੀਆਂ ਕਰਨ ਦੀ ਗੱਲ ਵੀ ਕੀਤੀ। ਮੈਨੂੰ ਮਹਿਸੂਸ ਹੋਇਆ ਉਨ੍ਹਾਂ ਦਾ ਗੱਲ ਕਰਨ
ਦਾ ਲਹਿਜਾ ਹੀ ਟਿੱਚਰੀ ਸੀ ਅਤੇ ਚਿਹਰੇ ਦੇ ਹਾਵ-ਭਾਵ ਵੀ ਤਨਜ਼ੀ ਸਨ ਪਰ ਮਨ ਮੈਲਾ ਨਹੀਂ
ਸੀ। ਖਾਸ ਕਰਕੇ ਵਿਦਿਆਰਥੀਆਂ ਪ੍ਰਤੀ ਕੋਈ ਭੇਦ-ਭਾਵ ਨਹੀਂ ਰੱਖਦੇ ਸਨ। ਉਨ੍ਹਾਂ ਦੇ
ਮੋਹ-ਭਰੇ ਸ਼ਬਦਾਂ ਤੋਂ ਲੱਗਿਆ ਕਿ ਇਹ ਗੱਲ ਉਨ੍ਹਾਂ ਲਈ ਕੋਈ ਮਾਅਨੇ ਨਹੀਂ ਰਖਦੀ ਸੀ ਕਿ
ਮੈਂ ਕਾਮਰੇਡ ਹਾਂ ਜਾਂ ਨਹੀਂ। ਉਨ੍ਹਾਂ ਦੇ ਭਰੱਪਣ ਭਰੇ ਵਿਹਾਰ ਨਾਲ ਮੇਰਾ ਤਣਾਅ ਕਾਫੀ ਘਟ
ਗਿਆ ਪਰ ਮੈਂ ਉਨ੍ਹਾਂ ਦੇ ਕਰੀਬੀ ਦਾਇਰੇ ਵਿਚ ਫਿਰ ਵੀ ਨਾ ਪਹੁੰਚ ਸਕਿਆ। ਹੁਣ ਝਿਜਕ ਡਾ.
ਕੇਸਰ ਤੋਂ ਨਹੀਂ ਸਗੋਂ ਮਾਰਕਸਵਾਦ ਤੋਂ ਲਗਦੀ ਸੀ। ਡਾ. ਕੇਸਰ ਦੇ ਚੇਲੇ ਜਿਸ ਕਿਸਮ ਨਾਲ
ਸ਼੍ਰੇਣੀ-ਸੰਘਰਸ਼ ਦੀਆਂ ਤੱਤੀਆਂ-ਤਿੱਖੀਆਂ ਗੱਲਾਂ ਕਰਦੇ ਸਨ ਅਤੇ ਜਿਵੇਂ ਰਫ਼-ਟਫ਼ ਜਿਹੇ ਢੰਗ
ਨਾਲ ਵਿਚਰਦੇ ਸਨ, ਉਹ ਮੇਰੇ ਸੁਭਾਅ ਨੂੰ ਰਾਸ ਆਉਣ ਵਾਲਾ ਨਹੀਂ ਸੀ। ਮਾਰਕਸਵਾਦੀ ਸ਼ਬਦਾਵਲੀ
ਚ ਕਹਾਂ ਤਾਂ ਆਰਥਿਕ ਹਾਲਤ ਭਾਵੇਂ ਮੇਰੀ ਪ੍ਰੋਲਤਾਰੀਆਂ ਵਾਲੀ ਸੀ ਪਰ ਸੁਭਾਅ ਵਜੋਂ ਪੈਟੀ
ਬੁਰਜਵਾ ਸਾਂ। ਪਿੰਡ ਦੀ ਉਖੜੀ-ਉਜੜੀ ਜਿਹੀ ਜ਼ਿੰਦਗੀ ਦੇ ਬਜਾਏ ਮੈਨੂੰ ਚੰਡੀਗੜ੍ਹ ਦੀ
ਲਿਸ਼ਕ-ਪੁਸ਼ਕ ਟੁੰਬਦੀ ਸੀ। ਇਸ ਲਈ ਅਜੇ ਸਮਾਜ ਕੋ ਬਦਲ ਡਾਲੋ ਵਾਲੀਆਂ ਕ੍ਰਾਂਤੀਕਾਰੀ
ਗੱਲਾਂ ਮੇਰੇ ਮਨ-ਚਿੱਤ ਨਹੀਂ ਸਨ ਲਗਦੀਆਂ। ਸਮਾਜ ਦੀ ਥਾਂ ਮੈਂ ਆਪਣੇ ਆਪ ਨੂੰ ਬਦਲਣ ਦੇ
ਰਾਹੇ ਤੁਰ ਰਿਹਾ ਸਾਂ, ਫਿਰ ਮਾਰਕਸਵਾਦ ਨਾਲ ਗਲਵਕੜੀ ਕਿਵੇਂ ਪੈਂਦੀ ?
ਸ਼ਾਇਦ ਸਥਿਤੀ ਨੂੰ ਮੇਰਾ ਡਾ. ਕੇਸਰ ਤੋਂ ਦੂਰ ਜਾਣਾ ਗਵਾਰਾ ਨਹੀਂ ਸੀ। ਜ਼ਿੰਦਗੀ ਨੇ ਇਕ
ਵਾਰ ਫਿਰ ਮੈਨੂੰ ਉਨ੍ਹਾਂ ਦੀ ਝੋਲੀ ਵਿਚ ਵਗਾਹ ਮਾਰਿਆ। ਸਾਡੀ ਟੁੱਟੀ ਗੰਢੀ ਗਈ। ਗੱਲ ਇਉਂ
ਵਾਪਰੀ ਕਿ ਐਮ.ਫ਼ਿਲ ਦੇ ਥਿਊਰੀ ਵਾਲੇ ਸਮੈਸਟਰ ਤੋਂ ਬਾਅਦ ਖੋਜ-ਨਿਬੰਧ ਲਈ ਵਿਸ਼ਾ ਅਤੇ
ਨਿਗਰਾਨ ਚੁਣਨੇ ਸਨ। ਮੈਂ ਨਿਸਚਿੰਤ ਸਾਂ। ਵਿਸ਼ਾ ਮੈਂ ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ
ਦੇ ਅਧਿਐਨ ਦਾ ਚੁਣ ਚੁੱਕਾ ਸਾਂ ਅਤੇ ਨਿਗਰਾਨ ਲਈ ਅੱਖਾਂ ਮੀਚ ਕੇ ਡਾ. ਅਤਰ ਸਿੰਘ ਦਾ ਨਾਂ
ਭਰ ਦਿੱਤਾ ਸੀ। ਵਿਭਾਗੀ ਕਮੇਟੀ ਦੀ ਮੀਟਿੰਗ ਵਿਚ ਜਦੋਂ ਮੇਰਾ ਨਾਂ ਆਇਆ ਤਾਂ ਡਾ. ਕੇਸਰ
ਤੋਂ ਬੋਲੇ ਬਿਨਾ ਰਿਹਾ ਨਾ ਗਿਆ, ਉਲਓ ਬਈ ਆ ਗਿਆ ਡਾ. ਸਾਹਿਬ ਦਾ ਹੁਸ਼ਿਆਰ ਚੇਲਾ ? ਫਾਰਮ
ਉਤੇ ਅਤਰ ਸਿੰਘ ਨਾਂ ਪੜ੍ਹ ਕੇ ਡਾ. ਕੇਸਰ ਨੇ ਆਪਣੇ ਤਨਜ਼ੀ ਲਹਿਜ਼ੇ ਚ ਮਸ਼ਗੂਲਾ ਛੱਡਿਆ।
ਉਬਹੁਤੇ ਹੁਸ਼ਿਆਰ ਚੇਲੇ ਨੂੰ ਤੂੰ ਲੈ ਲਾ ਕੇਸਰ, ਮੈਂ ਤਾਂ ਵੈਸੇ ਏਹਨੂੰ ਲੈਣਾ ਵੀ
ਨ੍ਹੀਂ। ਡਾ. ਅਤਰ ਸਿੰਘ ਦੇ ਮੱਥੇ ਤੇ ਤਿਉੜੀ ਉੱਭਰ ਆਈ। ਉਹ ਪਿਛਲੇ ਕੁਝ ਦਿਨਾਂ ਤੋਂ
ਮੇਰੇ ਨਾਲ ਸਖ਼ਤ ਨਰਾਜ਼ ਸਨ, ਸਿਰਫ ਮੈਨੂੰ ਹੀ ਇਲਮ ਨਹੀਂ ਸੀ। ਉਨ੍ਹਾਂ ਨੂੰ ਸ਼ੱਕ ਸੀ ਕਿ
ਮੈਂ ਉਨ੍ਹਾਂ ਦਾ ਨਾਂ ਵਰਤ ਕੇ ਡਾ. ਤਰਲੋਕ ਸਿੰਘ ਕੰਵਰ ਕੋਲ ਐਮ.ਏ. ਭਾਗ ਦੂਜਾ ਦੇ ਇਕ
ਪੇਪਰ ਦੇ ਨੰਬਰ ਵਧਾਉਣ ਗਿਆ ਸਾਂ। ਕੰਨਾਂ ਦੇ ਕੱਚੇ ਹੋਣ ਕਰਕੇ ਉਨ੍ਹਾਂ ਬਿਨਾਂ ਪੁੱਛ-ਦੱਸ
ਤੋਂ ਹੀ ਯਕੀਨ ਕਰ ਲਿਆ ਸੀ ਅਤੇ ਅੰਦਰੋ-ਅੰਦਰੀ ਵਿੱਥ ਥਾਪ ਲਈ ਸੀ। ਮੇਰਾ ਹੁਸ਼ਿਆਰਪੁਣਾ
ਵਿਖਾਉਣ ਲਈ ਉਨ੍ਹਾਂ ਨੇ ਮੇਰਾ ਤੀਜੇ ਦਰਜੇ ਦੇ ਨੰਬਰਾਂ ਵਾਲਾ ਕਾਰਡ ਡਾ. ਕੇਸਰ ਵੱਲ
ਵਧਾਇਆ।
ਉਠੀਕ ਐ ਜੀ ਆਪਣੇ ਗੁਰੂ ਦਾ ਚੇਲਾ ਫਿਰ ਅਗਾਂਹ ਆਪਾਂ ਸਾਂਭ ਲੈਨੇ ਆਂ, ਕਿਧਰੇ ਨਾਂ ਈ
ਰੋਸ਼ਨ ਕਰੂ। ਕਹਿਕੇ ਡਾ. ਕੇਸਰ ਨੇ ਹੱਸਦਿਆਂ-ਹੱਸਦਿਆਂ ਮੈਨੂੰ ਆਪਣੇ ਖਾਤੇ ਪਾ ਲਿਆ।
ਲਿਸਟ ਲੱਗੀ ਤਾਂ ਮੈਨੂੰ ਤਕੜਾ ਝਟਕਾ ਲੱਗਿਆ। ਵਜ੍ਹਾ ਸ਼ਿੰਦਰ ਪਾਲ ਨੇ ਬਿਆਨ ਕਰ ਦਿੱਤੀ।
ਝੂਠਾ ਇਲਜ਼ਾਮ ਸਿਰ ਮੜ੍ਹੇ ਜਾਣ ਕਰਕੇ ਮੈਨੂੰ ਵੀ ਗੁੱਸਾ ਆ ਗਿਆ। ਮੈਂ ਡਾ. ਅਤਰ ਸਿੰਘ
ਅੱਗੇ ਸਫਾਈਆਂ ਦੇਣ ਦੀ ਥਾਂ ਸ਼ਾਮ ਨੂੰ ਡਾ. ਕੇਸਰ ਦੇ ਘਰ ਵੱਲ ਤੁਰ ਪਿਆ। ਨਿੰਮੋਝੂਣਾਂ
ਜਿਹਾ ਡਰਾਇੰਗ ਰੂਮ ਚ ਵੜਿਆ। ਉਨ੍ਹਾਂ ਅੱਗੇ ਹਾਰੇ ਸਿਪਾਹੀ ਵਾਂਗ ਸਿਰ ਝੁਕਾਈ ਖੜ੍ਹਾ
ਸਾਂ ਕਿ ਹੁਣ ਉਨ੍ਹਾਂ ਦੇ ਵਿਅੰਗ-ਬਾਣਾਂ ਦੀ ਬੁਛਾੜ ਹੋਵੇਗੀ। ਮੈਂ ਸੋਚਿਆ ਜ਼ਰੂਰ ਉਨ੍ਹਾਂ
ਦੀਆਂ ਮੁੱਛਾਂ ਹੱਸ ਰਹੀਆਂ ਹੋਣਗੀਆਂ।
ਉਬੈਠੋ। ਮੈਨੂੰ ਤਨਜ਼ ਦੀ ਥਾਂ ਗੰਭੀਰ ਆਵਾਜ਼ ਸੁਣੀ। ਮੈਂ ਜਿਗਰਾ ਕਰ ਕੇ ਉਨ੍ਹਾਂ ਦੇ
ਚਿਹਰੇ ਵੱਲ ਝਾਕਿਆ। ਚਿਹਰੇ ਉਤੇ ਹਮਦਰਦੀ ਅਤੇ ਚੁਣੌਤੀ ਦੇ ਭਾਵ ਤੈਰ ਰਹੇ ਸਨ। ਮੀਟਿੰਗ
ਵਿਚਲਾ ਹਾਲ-ਹਵਾਲ ਸੁਣਾਉਣ ਪਿਛੋਂ ਉਨ੍ਹਾਂ ਹਦਾਇਤ ਕਰਨ ਵਾਂਗ ਕਿਹਾ, ਉਕਿਸਾਨ-ਪੁੱਤ ਐਂ
ਤਕੜਾ ਹੋ, ਬਸ ਜੁਟ ਜਾ ਕੰਮ ਨੂੰ, ਆਪਾਂ ਡਾ. ਸਾਹਿਬ ਨੂੰ ਹੁਣ ਹੁਸ਼ਿਆਰ ਬਣ ਕੇ ਹੀ
ਟੱਕਰਾਂਗੇ। ਉਨ੍ਹਾਂ ਨੇ ਇਸ ਤਰ੍ਹਾਂ ਮੇਰੇ ਵੱਲ ਤੱਕਿਆ ਜਿਵੇਂ ਕੋਈ ਰਾਜਪੁਤਾਣੀ ਆਪਣੇ
ਪੁੱਤ ਨੂੰ ਮੁਹਿੰਮ ਲਈ ਵਿਦਾ ਕਰ ਰਹੀ ਹੋਵੇ। ਮੈਂ ਮਸਾਂ ਹੀ ਆਪਣੇ ਹੰਝੂ ਰੋਕੇ। ਸੜਕ ਤੇ
ਆ ਕੇ ਤਾਂ ਡੁੱਲ੍ਹ ਹੀ ਗਿਆ। ਪਤਾ ਨਹੀਂ ਇਹ ਅੱਥਰੂ ਡਾ. ਅਤਰ ਸਿੰਘ ਵੱਲੋਂ ਦੁਤਕਾਰੇ ਜਾਣ
ਦੇ ਦੁੱਖ ਲਈ ਸਨ ਜਾਂ ਡਾ. ਕੇਸਰ ਵੱਲੋਂ ਅਪਣਾਏ ਜਾਣ ਦੀ ਖੁਸ਼ੀ ਲਈ ਵਗੇ ਸਨ। ਉਸ ਦਿਨ ਮੈਂ
ਆਪਣੇ ਅਣਧਾਰੇ ਗੁਰੂ ਤੋਂ ਅਚੇਤ ਹੀ ਇਹ ਗੁਰਮੰਤਰ ਸਿੱਖ ਲਿਆ ਕਿ ਹਾਰ ਤੇ ਕੀਰਨੇ ਪਾਉਣ ਦੀ
ਥਾਂ ਅਗਲੀ ਜਿੱਤ ਦੀ ਤਿਆਰੀ ਚ ਜੁਟ ਜਾਓ।
ਡਾ. ਕੇਸਰ ਦੇ ਹੱਲਾਸ਼ੇਰੀ ਵਾਲੇ ਬੋਲ ਮੈਂ ਆਪਣਾ ਮਾਟੋ ਬਣਾ ਲਏ : ਪੜ੍ਹਨਾ, ਪੜ੍ਹਨਾ ਤੇ
ਹੋਰ ਪੜ੍ਹਨਾ। ਅਧਿਆਪਕ ਦਾ ਖੋਜੀ ਰੂਪ ਮੈਂ ਅਸਲ ਵਿਚ ਹੁਣ ਵੇਖ ਰਿਹਾ ਸਾਂ। ਉਹ ਮੇਰੀ
ਅਜਿਹੀ ਬੁਨਿਆਦ ਬਣਾ ਰਹੇ ਸਨ ਜਿਹੜੀ ਬਹੁ-ਮੰਜ਼ਲੀ ਇਮਾਰਤ ਦਾ ਭਾਰ ਝੱਲ ਸਕੇ। ਆਪ ਹੀ
ਕਿਤਾਬ ਦਿੰਦੇ ਤੇ ਫਿਰ ਨੋਟਿਸ ਲੈਣ ਦਾ ਤਰੀਕਾ ਦਸਦੇ। ਮੈਂ ਹੈਰਾਨ ਸਾਂ ਕਿ ਅੰਗਰੇਜ਼ੀ ਦੇ
ਨਾਂ ਤੋਂ ਤ੍ਰਬਕ ਜਾਣ ਵਾਲਾ ਇਕ ਪੇਂਡੂ ਮੁੰਡਾ ਸਾਲ ਕੁ ਵਿਚ ਹੀ ਟੀਊਡੋਰ ਸ਼ੈਨਿਨ, ਏ.ਆਰ.
ਦੇਸਾਈ, ਡੀ.ਐਨ. ਧਨਾਗਰੇ, ਜਾਰਜ ਲੁਕਾਚ ਆਦਿ ਵਰਗੇ ਧਨੰਤਰ ਚਿੰਤਕਾਂ ਨੂੰ ਪੜ੍ਹ ਗਿਆ ਸੀ।
ਲਗਦਾ ਸੀ ਪੜ੍ਹ ਨਹੀਂ ਸਗੋਂ ਗੁੜ੍ਹ ਰਿਹਾ ਸਾਂ। ਫਿਰ ਪਤਾ ਹੀ ਨਾ ਲੱਗਾ ਕਦੋਂ ਐਮ.ਫ਼ਿਲ
ਮੁੱਕੀ ਤੇ ਪੀ-ਐੱਚ.ਡੀ ਦੀ ਮੈਰਾਥਨ ਸ਼ੁਰੂ ਹੋ ਗਈ। ਪੜ੍ਹੇ ਜਾਣ ਵਾਲਿਆਂ ਵਿਚ ਰਾਮ ਵਿਲਾਸ
ਸ਼ਰਮਾਂ, ਜੇ.ਡੀ. ਬਰਨਾਲ, ਜੋਗੇਂਦਰ ਸਿੰਘ, ਦੇਬੀ ਪ੍ਰਸਾਦ ਚਟੋਪਾਧਿਆਏ, ਡੀ.ਡੀ ਕੋਸਾਂਬੀ,
ਰੋਮੀਲਾ ਥਾਪਰ ਵਰਗੇ ਬੰਬ ਚਿੰਤਕ ਹੋਰ ਸ਼ਾਮਿਲ ਹੋ ਗਏ। ਮਾਰਕਸਵਾਦ ਬਾਰੇ ਉਹ ਕਦੇ ਵੀ
ਸਿੱਧੀ ਸਿੱਖ-ਮੱਤ ਨਾ ਦਿੰਦੇ। ਸਗੋਂ ਕੋਈ ਅਜਿਹੀ ਕਿਤਾਬ ਫੜਾ ਦਿੰਦੇ ਜਿਸ ਵਿਚ ਸਾਹਿਤ
ਜਾਂ ਜ਼ਿੰਦਗੀ ਨੂੰ ਮਾਰਕਸਵਾਦੀ ਨਜ਼ਰੀਏ ਨਾਲ ਸਮਝਿਆ/ਸਮਝਾਇਆ ਗਿਆ ਹੋਵੇ। ਮੈਨੂੰ ਮਾਰਕਸਵਾਦ
ਦਾ ਥੋੜ੍ਹਾ-ਥੋੜ੍ਹਾ ਰੰਗ ਚੜ੍ਹਨ ਲੱਗ ਪਿਆ। ਮਾਰਕਸਵਾਦ ਅਤੇ ਡਾ. ਕੇਸਰ ਮੈਨੂੰ ਆਪਸ ਵਿਚ
ਘੁਲੇ-ਮਿਲੇ ਹੀ ਜਾਪਦੇ। ਫਿਰ ਜੇ ਮਾਰਕਸਵਾਦ ਬੰਦੇ ਨੂੰ ਡਾ. ਕੇਸਰ ਬਣਾ ਦਿੰਦਾ ਹੈ ਤਾਂ
ਮੈਨੂੰ ਅਜਿਹਾ ਬਣਨ ਨਾਲੋਂ ਹੋਰ ਵੱਧ ਖੁਸ਼ੀ ਕੀ ਹੋਣੀ ਸੀ? ਕਾਮਰੇਡੀ ਦੇ ਸਖ਼ਤ ਛਿੱਲੜ
ਹੇਠੋਂ ਨਿਕਲਿਆ ਡਾ. ਕੇਸਰ ਦਾ ਇਹ ਕੋਮਲ ਜਿਹਾ ਗਿਰੀ ਰੂਪ ਮੇਰੀ ਸ਼ਖ਼ਸੀਅਤ ਦਾ ਅੰਗ ਬਣਨ
ਲੱਗ ਪਿਆ। ਕੇਸਰ ਦੀ ਰੰਗਤ, ਖੁਸ਼ਬੂ ਅਤੇ ਤਾਸੀਰ ਮੇਰੇ ਖ਼ੂਨ ਚ ਘੁਲਣ ਲੱਗ ਪਈ।
ਅੰਤ ਠੰਡੀ ਜੰਗ ਜਿੱਤੀ ਗਈ। ਮੇਰਾ ਪੀ-ਐੱਚ.ਡੀ. ਦਾ ਵਾਈਵਾ ਸੀ। ਡਾ. ਕੇਸਰ ਵਿਭਾਗ ਦੇ
ਮੁਖੀ ਸਨ। ਉਹ ਨਿਗਰਾਨ ਦੀ ਹੈਸੀਅਤ ਵਿਚ ਮੀਟਿੰਗ ਚ ਬੈਠੇ। ਮੁਖੀ ਦੇ ਨੌਮਿਨੀ
(ਪ੍ਰਤੀਨਿਧ) ਵਜੋਂ ਡਾ. ਅਤਰ ਸਿੰਘ ਬੈਠੇ। ਡਾ. ਮਹਿੰਦਰ ਪਾਲ ਕੋਹਲੀ ਨਿਰੀਖਕ ਵਜੋਂ ਆਏ
ਸਨ। ਪ੍ਰਥਾ ਅਨੁਸਾਰ ਮੈਂ ਵੀਹ ਕੁ ਮਿੰਟ ਆਪਣੇ ਵਿਸ਼ੇ ਬਾਰੇ ਬੋਲਿਆ। ਕੋਹਲੀ ਸਾਹਿਬ ਨੇ
ਸਰਸਰੀ ਦੋ-ਚਾਰ ਪ੍ਰਸ਼ਨ ਪੁੱਛੇ। ਗੱਲ ਨਿਬੜਨ ਲੱਗੀ ਤਾਂ ਡਾ. ਕੇਸਰ ਨੇ ਛਿੰਜੜੀ ਛੇੜਨ
ਵਾਲੇ ਲਹਿਜ਼ੇ ਚ ਡਾ. ਅਤਰ ਸਿੰਘ ਨੂੰ ਕਿਹਾ, ਉਡਾ. ਸਾਹਿਬ ਪੁੱਛੋ ਕੁਸ਼ ? ਪਤਾ ਨਹੀਂ ਉਹ
ਡਾ. ਅਤਰ ਸਿੰਘ ਨੂੰ ਜਿੱਚ ਕਰਨਾ ਚਾਹੁੰਦੇ ਸਨ, ਪਤਾ ਨਹੀਂ ਨਵੇਂ ਪੱਠੇ ਦੇ ਡੌਲਿਆਂ ਦਾ
ਜ਼ੋਰ ਪਰਖਣਾ ਚਾਹੁੰਦੇ ਸਨ।
ਉਬਸ ਬਹੁਤ ਹੋ ਗਿਆ, ਹੋਰ ਕੀ ਪੁੱਛਣੈਂ, ਕੋਹਲੀ ਸਾਹਿਬ ਬਲਦੇਵ ਸਾਡੇ ਬਹੁਤ ਹੁਸ਼ਿਆਰ
ਵਿਦਿਆਰਥੀਆਂ ਚੋਂ ਐਂ, ਤੁਸੀਂ ਵੇਖ ਈ ਲਿਐ।। ਡਾ. ਅਤਰ ਸਿੰਘ ਨੇ ਜਿਵੇਂ ਮੈਨੂੰ
ਸਰਟੀਫਿਕੇਟ ਦੇ ਦਿੱਤਾ। ਮੈਨੂੰ ਜਾਪਿਆ ਜਿਵੇਂ ਡਾ. ਕੇਸਰ ਦੀ ਮੱਦਦ ਨਾਲ ਮੈਂ ਮੂਧੇ ਮੂੰਹ
ਡਿੱਗਿਆ ਫੇਰ ਉੱਠ ਖੜ੍ਹਿਆ ਹੋਵਾਂ।
ਉਮੁਬਾਰਕ ਹੋਵੇ ਬਲਦੇਵ ਡਾ. ਬਣ ਗਿਆ ਤੂੰ, ਜਾਹ ਹੁਣ ਲੱਡੂ-ਲੁੱਡੂ ਖੁਆ। ਕਹਿਕੇ ਡਾ.
ਅਤਰ ਸਿੰਘ ਨੇ ਮੈਨੂੰ ਬਾਹਰ ਜਾਣ ਲਈ ਇਸ਼ਾਰਾ ਕੀਤਾ। ਮੈਂ ਵੇਖਿਆ ਡਾ. ਕੇਸਰ ਦੇ ਚਿਹਰੇ
ਉੱਤੇ ਕੋਈ ਜੇਤੂ ਜਲਾਲ ਭਖ ਰਿਹਾ ਸੀ।
ਅਗਲੇ ਦਿਨਾਂ ਚ ਡੀ.ਏ.ਵੀ. ਕਾਲਜ, ਜਲੰਧਰ ਵਿਖੇ ਮੈਨੂੰ ਡਾ. ਅਤਰ ਸਿੰਘ ਹੋਰਾਂ ਦੀ
ਚਿੱਠੀ ਮਿਲੀ। ਉਹ ਸ਼ੇਖ ਫ਼ਰੀਦ ਚੇਅਰ ਵੱਲੋਂ ਸੂਫ਼ੀਵਾਦ ਬਾਰੇ ਸੈਮੀਨਾਰ ਕਰਵਾ ਰਹੇ ਸਨ ਅਤੇ
ਉਨ੍ਹਾਂ ਮੈਨੂੰ ਪੇਪਰ ਲਿਖਣ ਲਈ ਸੱਦਾ ਦਿੱਤਾ ਸੀ। ਸ਼ਾਇਦ ਇਹ ਡਾ. ਕੇਸਰ ਦੇ ਸੁਝਾਅ ਦੀ
ਨਿਸਬਤ ਹੀ ਸੀ। ਮੈਂ ਆਪਣੀ ਖੁਸ਼ੀ ਡਾ. ਕੇਸਰ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਹਸਦੀਆਂ
ਮੁੱਛਾਂ ਨਾਲ ਕਿਹਾ, ਉਆਗੇ ਆਗੇ ਦੇਖੀਏ ਹੋਤਾ ਹੈ ਕਿਆ....। ਬੁੱਲਾਂ ਨੂੰ ਘੁੱਟਣ ਨਾਲ
ਉਨ੍ਹਾਂ ਦੀਆਂ ਹਾਸੇ ਨਾਲ ਭਰੀਆਂ ਗੱਲ੍ਹਾਂ ਹੋਰ ਉੱਭਰ ਆਈਆਂ ਅਤੇ ਅੱਖਾਂ ਦੇ ਡੇਲੇ ਲੁੱਡੀ
ਦੀ ਮੁਦਰਾ ਚ ਮਟਕਣ ਲੱਗੇ। ਨਾਲ ਹੀ ਉਨ੍ਹਾਂ ਰਹੱਸਮਈ ਲਹਿਜ਼ੇ ਚ ਸਿਰ ਹਿਲਾਇਆ, ਉਏਵੇਂ
ਬੁਲਾਉਣਾ ਪੈਂਦਾ ਹੁੰਦੈ ਕਦੇ ਕਦੇ।
ਆਪਣੇ ਖੋਜ-ਕਾਰਜ ਦੌਰਾਨ ਡਾ. ਕੇਸਰ ਨਾਲ ਵਧੀ ਨੇੜਤਾ ਦੇ ਬਾਵਜੂਦ ਇਕ ਮਾਨਸਿਕ ਗੁੱਥੀ ਨੇ
ਮੇਰਾ ਖਹਿੜਾ ਨਾ ਛੱਡਿਆ। ਮੈਂ ਸੋਚਦਾ ਰਹਿੰਦਾ ਕਿ ਮੈਂ ਉਨ੍ਹਾਂ ਦੀ ਅਣਚਾਹੀ ਚੋਣ ਸਾਂ ਜੋ
ਸ਼ਾਇਦ ਉਨ੍ਹਾਂ ਦੀ ਕਿਸੇ ਹਿੰਡ ਪੁਗਾਉਣ ਵਰਗੀ ਗੱਲ ਨਾਲ ਜੁੜੀ ਹੋਈ ਸੀ। ਡਾ. ਕੇਸਰ
ਪੜ੍ਹਾਈ ਤੋਂ ਇਲਾਵਾ ਕਿਸੇ ਹੋਰ ਗੱਲ ਨੂੰ ਨੇੜੇ ਨਾ ਫਟਕਣ ਦਿੰਦੇ। ਘਰੇਲੂ ਜੀਵਨ ਬਾਰੇ
ਧੂੰਅ ਨਾ ਕਢਦੇ। ਆਮ ਤੌਰ ਤੇ ਆਪਣੇ ਨਿਗਰਾਨ ਅਧਿਆਪਕਾਂ ਦੀ ਛੋਟੀ-ਮੋਟੀ ਵਗਾਰ ਕਰਦੇ
ਖੋਜਾਰਥੀ ਉਨ੍ਹਾਂ ਦੇ ਪਰਿਵਾਰਕ ਦੁੱਖਾਂ-ਸੁਖਾਂ ਵਿਚ ਸ਼ਾਮਿਲ ਹੋਣ ਲੱਗ ਜਾਂਦੇ ਹਨ। ਡਾ.
ਅਤਰ ਸਿੰਘ ਦੇ ਘਰ ਤਾਂ ਮੈਂ ਅਜਿਹਾ ਅਕਸਰ ਵੇਖਦਾ ਰਿਹਾ ਸਾਂ। ਪਰ ਡਾ. ਕੇਸਰ ਕਦੇ ਮਾਮੂਲੀ
ਨਿੱਜੀ ਕੰਮ ਲਈ ਵੀ ਨਾ ਆਖਦੇ। ਮੈਡਮ ਜਸਬੀਰ ਕੇਸਰ ਆਪਣੇ ਅੰਤਰਮੁਖੀ ਸੁਭਾਅ ਕਰਕੇ ਵੈਸੇ
ਹੀ ਘੱਟ ਬੋਲਦੇ। ਬਸ ਸਤਿ ਸ੍ਰੀ ਅਕਾਲ ਦੇ ਜਵਾਬ ਤੋਂ ਬਾਅਦ ਗੱਲ ਖਤਮ ਹੋ ਜਾਂਦੀ। ਬੱਚੇ
ਰਿਤੂ ਅਤੇ ਆਕੀ ਅਜੇ ਛੋਟੇ ਸਨ ਅਤੇ ਆਪਣੀ ਦੁਨੀਆਂ ਚ ਮਸਤ ਰਹਿੰਦੇ। ਪੜ੍ਹਾਈ ਵਾਲੀ ਗੱਲ
ਵਿਚ ਤਾਂ ਕੋਈ ਕਸਰ ਨਹੀਂ ਸੀ ਪਰ ਸਬੰਧਾਂ ਦੇ ਪੱਖੋਂ ਅਜੀਬ ਜਿਹਾ ਓਪਰੇਪਣ ਦਾ ਅਹਿਸਾਸ
ਹੁੰਦਾ ਰਹਿੰਦਾ। ਅਸੀਂ ਇਉਂ ਤੇਲ ਤੇ ਪਾਣੀ ਦੀ ਹੋਣੀ ਕਿਉਂ ਭੋਗ ਰਹੇ ਸਾਂ? ਮਨ ਚ
ਅਕਸਰ ਇਹ ਖ਼ਿਆਲ ਆਉਂਦਾ। ਕੀ ਮੇਰੇ ਡਾ. ਅਤਰ ਸਿੰਘ ਦੇ ਘੇਰੇ ਵਿਚੋਂ ਆਏ ਹੋਣ ਦੀ ਕੋਈ ਗੰਢ
ਸੀ ? ਜਾਂ ਮੈਨੂੰ ਆਪਣਿਆਂ ਨਾਲ ਰਿਸ਼ਤਾ ਗੰਢਣ ਦੀ ਜਾਚ ਹੀ ਨਹੀਂ ਸੀ ? ਜਾਂ ਮੈਂ ਅਜੇ
ਕਾਮਰੇਡੀ ਵਾਲੀ ਯੋਗਤਾ ਤੋਂ ਵਿਹੂਣਾ ਸਾਂ ? ਅਜਿਹੇ ਪ੍ਰਸ਼ਨ ਮੈਨੂੰ ਅੰਦਰੋਂ-ਅੰਦਰੀਂ
ਕੁਤਰਦੇ ਰਹਿੰਦੇ। ਅਸਲ ਵਿਚ ਮੇਰੀ ਇਹ ਚਿੰਤਾ ਉਨ੍ਹਾਂ ਦੇ ਪਰਿਵਾਰ ਦਾ ਅੰਗ ਬਣਨ ਦੀ ਅਚੇਤ
ਇੱਛਾ ਹੀ ਸੀ ਸ਼ਾਇਦ।
ਪੀ-ਐੱਚ.ਡੀ. ਦੇ ਵਾਈਵੇ ਵਾਲੇ ਦਿਨ ਮੈਂ ਕੁਝ ਸੰਕੋਚ ਜਿਹੇ ਨਾਲ ਉਨ੍ਹਾਂ ਤੋਂ ਸ਼ਾਮ ਦਾ
ਕੁਝ ਸਮਾਂ ਮੰਗਿਆ। ਮੈਂ ਘਰ ਜਾ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਣਾ ਚਾਹੁੰਦਾ ਸਾਂ।
ਉਅੱਜ ਕੱਲ੍ਹ ਨੀ ਕੋਈ ਖਾਂਦਾ ਮਿੱਠਾ-ਮੁੱਠਾ, ਜੇ ਨਈਂ ਰਹਿੰਦਾ ਤਾਂ ਦੋ-ਚਾਰ ਸੇਬ-ਸੂਬ ਲੈ
ਆਈਂ। ਉਨ੍ਹਾਂ ਇਉਂ ਬੇਝਿਜਕ ਹੋ ਕੇ ਕਿਹਾ ਕਿ ਮੈਨੂੰ ਰਮਜ਼ ਦੀ ਸਮਝ ਨਾ ਆ ਸਕੀ। ਇਹ
ਗ਼ੈਰ-ਰਸਮੀ ਵਤੀਰਾ ਅਪਣੱਤ ਕਰਕੇ ਸੀ ਜਾਂ ਵਿੱਥ ਦਾ ਕੋਈ ਹੋਰ ਸੰਕੇਤ ? ਮੈਂ ਦੁਬਿਧਾ ਜਿਹੀ
ਵਿਚ ਪੰਦਰਾਂ ਸੈਕਟਰ ਦੀ ਮਾਰਕੀਟ ਵਿਚ ਔਟਲਿਆ ਫਿਰਦਾ ਰਿਹਾ ਅਤੇ ਅੰਤ ਨਮਕੀਨ ਡਰਾਈ-ਫਰੂਟ
ਦਾ ਪੈਕਟ ਲੈ ਲਿਆ।
ਉਓਏ ਆ ਬਈ ਡਾ. ਸਾਹਿਬ, ਕਦੋਂ ਦਾ ਤੇਰਾ ਨਮਕੀਨ ਉਡੀਕੀ ਜਾਨੈਂ, ਆ ਬੈਠ ਤੈਨੂੰ ਸੋਮ ਰਸ
ਛਕਾਈਏ ਅੱਜ। ਮਸ਼ਕਰੀਆਂ ਕਰਦੇ ਡਾ. ਕੇਸਰ ਨੇ ਬੂਹਾ ਖੋਹਲ ਕੇ ਮੈਨੂੰ ਅੰਦਰ ਲੰਘਾ ਲਿਆ
ਅਤੇ ਸੱਚਮੁੱਚ ਹੀ ਪਊਏ-ਡੇੜ-ਪਊਏ ਦਾ ਵਾਰਾ ਪਈ ਸਕਾਚ ਦੀ ਬੋਤਲ ਮੇਜ਼ ਤੇ ਲਿਆ ਰੱਖੀ।
ਹੈਰਾਨੀ ਨਾਲ ਮੇਰੀਆਂ ਅੱਖਾਂ ਟੱਡੀਆਂ ਗਈਆਂ। ਮੈਂ ਅੱਜ ਤੱਕ ਕਦੇ ਉਨ੍ਹਾਂ ਨੂੰ ਪੀਂਦਿਆਂ
ਨਹੀਂ ਸੀ ਵੇਖਿਆ। ਭਾਵੇਂ ਪੀਣ ਤਾਂ ਮੈਂ ਚਿਰੋਕਾ ਲੱਗ ਗਿਆ ਸਾਂ ਪਰ ਉਨ੍ਹਾਂ ਨਾਲ ਬੈਠ ਕੇ
ਪੀਣ ਵਾਲੀ ਗੱਲ ਦੀ ਤਾਂ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ।
ਉਮੈਂ ਨਾਹਰ ਨੂੰ ਬੁਲਾਇਐ, ਤੇਰੀ ਕੰਪਨੀ ਕਰਲੂ, ਤੇਰੀ ਡਾਕਟਰੀ ਵੀ ਸੈਲੀਬਰੇਟ ਹੋ-ਜੂ,
ਕਦੇ ਦਾ ਸਾਂਭੀ ਬੈਠਾ ਸੀ ਬਈ ਕਿਤੇ ਖਾਸ ਖੁਸ਼ੀ ਚ ਖਾਸ ਬੰਦੇ ਨੂੰ ਪਿਲਾਵਾਂਗੇ। ਆਪਣੇ
ਰੰਗ ਵਿਚ ਉਹ ਆਪਮੁਹਾਰੇ ਬੋਲੀ ਜਾ ਰਹੇ ਸਨ। ਮੈਨੂੰ ਉਨ੍ਹਾਂ ਦਾ ਇਹ ਕੇਸਰੀ ਭਾਅ ਮਾਰਦਾ
ਸੁਰਮਈ ਰੰਗ ਚੜ੍ਹਦੇ ਸੂਰਜ ਦੀ ਮੁਢਲੀ ਲੋਅ ਵਰਗਾ ਜਾਪ ਰਿਹਾ ਸੀ। ਪਰ ਮੈਂ ਅਜੇ ਵੀ ਸਕਤੇ
ਵਿਚ ਸਾਂ, ਮੇਰੇ ਬੋਲ ਗੁਆਚ ਗਏ ਸਨ, ਮੇਰੇ ਨਿੱਕੇ ਨਿੱਕੇ ਹੱਥ ਇਸ ਦਾਤ ਨੂੰ ਸਾਂਭਦਿਆਂ
ਕੰਬ ਰਹੇ ਸਨ। ਡਾ. ਨਾਹਰ ਦੇ ਆਉਣ ਨਾਲ ਮਾਹੌਲ ਹੋਰ ਨਿੱਖਰ ਗਿਆ। ਸਾਡੇ ਦੋ ਪੈੱਗ ਭਰਵੇਂ
ਬਣਾ ਕੇ ਉਨ੍ਹਾਂ ਆਪਣਾ ਛਿੱਟ ਕੁ ਪਾ ਕੇ ਚੁੱਕ ਲਿਆ, ਉਲੈ ਬਈ ਬਲਦੇਵ ਇਕ ਵੇਰ ਫੇਰ ਵਧਾਈ,
ਚੁੱਕ ਹੁਣ ਸ਼ਰਮਾਅ ਨਾ, ਹੁਣ ਆਪਾਂ ਅਧਿਆਪਕ-ਵਿਦਿਆਰਥੀ ਨਹੀਂ, ਦੋਸਤ ਆਂ ਅੱਜ ਤੋਂ, ਕਮਾਲ
ਹੋ-ਗੀ ਅੱਜ ਤਾਂ, ਲਾਓ ਭੋਗ ਹੁਣ। ਚੀਅਰਜ਼ ਕਰਦਿਆਂ ਡਾ. ਕੇਸਰ ਨੇ ਸਿੱਪ ਕੀਤੀ। ਕੋਈ
ਸਮੁੰਦਰ ਵਰਗੀ ਵਿਸ਼ਾਲਤਾ ਉਨ੍ਹਾਂ ਦੇ ਚੌੜੇ ਮੱਥੇ ਉਤੇ ਤੈਰਨ ਲੱਗੀ। ਇਕ ਦਮ ਜਿਵੇਂ ਮੇਰਾ
ਤੀਜਾ ਨੇਤਰ ਖੁੱਲ੍ਹ ਗਿਆ ਹੋਵੇ, ਮੈਨੂੰ ਸਮਝ ਆਈ ਕਿ ਸਾਡੇ ਦਰਮਿਆਨ ਕੋਈ ਤੇਲ ਤੇ ਪਾਣੀ
ਵਾਲਾ ਰਿਸ਼ਤਾ ਨਹੀਂ ਸੀ ਬਲਕਿ ਅਧਿਆਪਕ ਅਤੇ ਵਿਦਿਆਰਥੀ ਵਾਲੀ ਕੋਈ ਪਵਿੱਤਰ ਵਿੱਥ ਸੀ। ਹੁਣ
ਉਸ ਦੀ ਲੋੜ ਨਹੀਂ ਸੀ ਰਹੀ ਤਾਂ ਡਾ. ਕੇਸਰ ਨੇ ਸਮੁੰਦਰ ਦੀ ਛੱਲ ਵਾਂਗ ਇਕੋ ਝਟਕੇ ਨਾਲ ਉਹ
ਵਿੱਥ ਦੀ ਖਾਈ ਪੂਰ ਦਿੱਤੀ ਸੀ। ਮੇਰੇ ਸਾਹਮਣੇ ਮੇਰੇ ਬਾਪ ਵਰਗਾ ਨਵਾਂ ਦੋਸਤ ਬੈਠਾ ਸੀ।
ਸਾਡਾ ਰਿਸ਼ਤਾ ਸਿਰਫ ਗੱਲੀਂ-ਬਾਤੀਂ ਹੀ ਨਹੀਂ ਬਦਲਿਆ ਸਗੋਂ ਹਕੀਕਤ ਵਿਚ ਬਦਲ ਗਿਆ ਸੀ।
ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਨਕਸ਼-ਨੁਹਾਰ ਚ ਇੰਟਰਵਿਊ ਦਿੰਦਿਆਂ ਉਨ੍ਹਾਂ ਨੇ ਮੇਰਾ
ਨਾਂ ਆਪਣੇ ਚਾਰ ਖਾਸ ਵਿਦਿਆਰਥੀਆਂ ਚ ਸ਼ਾਮਲ ਕੀਤਾ। ਮੈਂ ਜਲੰਧਰ ਬੈਠਾ ਵੀ ਨਿੱਕੀ-ਨਿੱਕੀ
ਗੱਲ ਉਨ੍ਹਾਂ ਨਾਲ ਚਿੱਠੀਆਂ ਰਾਹੀਂ ਸਾਂਝੀ ਕਰਦਾ। ਉਹ ਅਧਿਆਪਕ-ਦੋਸਤ ਵਾਂਗ ਨਿੱਗਰ ਸਲਾਹ
ਦਿੰਦੇ। ਅਸੀਂ ਰਲ ਕੇ ਕਿਤਾਬਾਂ ਛਪਾਉਣ ਬਾਰੇ ਸੋਚਦੇ, ਮੈਗਜ਼ੀਨ ਕੱਢਣ ਦੀਆਂ ਸਕੀਮਾਂ
ਲੜਾਉਂਦੇ, ਸੈਮੀਨਾਰ ਕਰਾਉਣ ਦੀਆਂ ਵਿਉਂਤਾਂ ਵਿਉਂਤਦੇ। ਜਦੋਂ ਜਲੰਧਰ ਆਉਂਦੇ ਤਾਂ ਕੰਪਨੀ
ਕਰਨ ਵਜੋਂ ਡੱਟਾ ਕੁ ਪੀ ਵੀ ਲੈਂਦੇ। ਮੇਰੀ ਜੀਵਨ ਸਾਥਣ ਸੁਖਵਿੰਦਰ ਪਾਲ ਖੁਦ ਵੀ ਉਨ੍ਹਾਂ
ਦੀ ਵਿਦਿਆਰਥਣ ਸੀ, ਇਸ ਲਈ ਨਿਰਸੰਕੋਚ ਆਪਣੇ ਘਰ ਵਾਂਗ ਵਿਚਰਦੇ। ਪਾਣੀ-ਤੇਲ ਦੀ ਥਾਂ ਹੁਣ
ਖੰਡ-ਖੀਰ ਵਰਗਾ ਅਹਿਸਾਸ ਹੁੰਦਾ। ਮੈਡਮ ਅਤੇ ਬੱਚਿਆਂ ਨਾਲ ਨਿੱਘ ਦਾ ਰਿਸ਼ਤਾ ਬਣ ਗਿਆ।
ਮੈਨੂੰ ਵੀ ਹੁਣ ਉਨ੍ਹਾਂ ਦੇ ਘਰ ਰਾਤ ਰਹਿਣਾ ਓਪਰਾ ਨਾ ਲਗਦਾ। ਉਨ੍ਹਾਂ ਦੀ ਗਰੀਨ ਲੈਵਲ
ਪੱਤੀ ਵਾਲੀ ਖੁਸ਼ਬੋਆਂ ਛੱਡਦੀ ਚਾਹ ਅਤੇ ਮਿਰਚ-ਰਹਿਤ ਸਬਜ਼ੀ ਦਾ ਸੁਆਦ ਮੇਰੇ ਅੰਦਰ ਪੱਕੇ
ਤੌਰ ਤੇ ਵਸ ਗਿਆ। ਹੁਣ ਉਹ ਆਪਣੀਆਂ ਘਰੇਲੂ ਸਮੱਸਿਆਵਾਂ ਵੀ ਮੇਰੇ ਨਾਲ ਇਉਂ ਸਾਂਝੀਆਂ ਕਰ
ਲੈਂਦੇ ਜਿਵੇਂ ਮੈਂ ਉਨ੍ਹਾਂ ਦੇ ਪਰਿਵਾਰ ਦਾ ਹੀ ਕੋਈ ਜੀਅ ਹੋਵਾਂ। ਅਸੀਂ ਮੁਟਿਆਰ ਹੋ ਗਈ
ਬੇਟੀ ਰਿਤੂ ਲਈ ਚੰਗਾ ਵਰ-ਘਰ ਲੱਭਣ ਲਈ ਸਲਾਹਾਂ ਕਰਦੇ। ਆਕੀ ਦੇ ਕੈਰੀਅਰ ਬਾਰੇ ਸੋਚਦੇ।
ਮੈਨੂੰ ਕਾਲਜੋਂ ਖੁੰਘ ਕੇ ਕਿਸੇ ਯੂਨੀਵਰਸਿਟੀ ਵਿਚ ਲਿਆਉਣ ਲਈ ਉਹ ਅਕਸਰ ਚਿੰਤਾ ਕਰਦੇ। ਸਭ
ਤੋਂ ਵੱਡੀ ਗੱਲ ਕਿ ਮੇਰੀਆਂ ਸਾਹਿਤਕ ਸਰਗਰਮੀਆਂ ਨੂੰ ਆਪਣੀਆਂ ਪ੍ਰਾਪਤੀਆਂ ਗਿਣਦੇ। ਇਸ ਲਈ
ਜਦੋਂ 1997 ਵਿਚ ਮੈਂ ਅਮਰੀਕਾ ਵਿਚ ਵਿਸ਼ਵ ਪੰਜਾਬੀ ਕਾਨਫਰੰਸ ਤੇ ਜਾਣ ਦੀ ਗੱਲ ਸਾਂਝੀ
ਕੀਤੀ ਤਾਂ ਕਹਿਣ ਲੱਗੇ, ਉਹਾਂ ਠੀਕ ਐ ਜ਼ਰੂਰ ਜਾਣਾ ਚਾਹੀਦੈ, ਮੇਰਾ ਤਾਂ ਤੈਨੂੰ ਪਤਾ ਈ ਐ
ਜਾਣਾ ਔਖੈ, ਤੂੰ ਆਪਣੀ ਹਾਜ਼ਰੀ ਲੁਆ ਕੇ ਆ ਜਾ ਕੇ। ਆਪਣੇ ਸ਼ਬਦ ਵਿਚ ਜਿਵੇਂ ਉਨ੍ਹਾਂ ਨੇ
ਸਾਡੀ ਦੋਵਾਂ ਦੀ ਹੋਂਦ ਇੱਕਮਿਕ ਕਰ ਦਿੱਤੀ ਸੀ, ਉਸ ਗੱਲ ਦੇ ਅਹਿਸਾਸ ਨਾਲ ਹੀ ਰੂਹ ਨਸ਼ਿਆ
ਜਾਂਦੀ ਹੈ।
1998 ਵਿਚ ਮੈਂ ਕਨੇਡਾ ਜਾਣ ਲੱਗਿਆ ਤਾਂ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਮਿਲਨ ਗਿਆ।
ਗੱਲਾਂ ਗੱਲਾਂ ਵਿਚ ਮੇਰੇ ਮੂੰਹੋਂ ਇਹ ਸੱਚ ਨਿਕਲ ਗਿਆ ਕਿ ਮੈਂ ਗ਼ਲਤ ਫੈਸਲਾ ਲੈ ਬੈਠਾ
ਹਾਂ। ਪੈਸੇ-ਧੇਲੇ ਦੀ ਤੰਗੀ ਦਾ ਵੇਰਵਾ ਵੀ ਦਿੱਤਾ ਗਿਆ।
ਉਬਲਦੇਵ ਤੈਨੂੰ ਦੁਨੀਆਂ ਗਾਹੁੰਦਾ ਫਿਰਦਾ ਵੇਖ ਕੇ ਮੈਨੂੰ ਲਗਦੈ ਜਿਵੇਂ ਤੂੰ ਮੇਰੇ ਘਰੋਂ
ਨਾ ਨਿਕਲ ਸਕਣ ਦੀ ਕਸਰ ਪੂਰੀ ਕਰਤੀ, ਕੁਸ਼ ਨੀ ਹੁੰਦਾ, ਕੱਢਿਆ ਗੇੜਾ। ਕਹਿ ਕੇ ਉਹ ਉੱਠੇ
ਅਤੇ ਅਗਲੇ ਪਲ ਨੋਟਾਂ ਦੀ ਇਕ ਦੱਥੀ ਮੇਰੀ ਝੋਲੀ ਚ ਲਿਆ ਸਿੱਟੀ। ਮੇਰੇ ਕੁਝ ਬੋਲਣ ਤੋਂ
ਪਹਿਲਾਂ ਹੀ ਕਿਹਾ, ਉਆ ਕੇ ਮੋੜਦੀਂ ਅਰਾਮ ਨਾਲ, ਜੇ ਨਾ ਖਰਚੇ ਗਏ ਤਾਂ ਚੱਲ ਆਪਣੀ ਗੁੱਟੀ
ਹੀ ਕਨੇਡਾ ਵੇਖ ਆਊ। ਉਨ੍ਹਾਂ ਦਾ ਨਿਰਛਲ ਹਾਸਾ ਕਾਂਸੀ ਦੇ ਕਟੋਰਿਆਂ ਵਾਂਗ ਟੁਣਕਿਆ।
ਉਨ੍ਹਾਂ ਦੀ ਏਨੀ ਅਪਣੱਤ ਮੂਹਰੇ ਕੁਝ ਕਹਿਣਾ ਵਾਜਬ ਨਹੀਂ ਸੀ। ਕਮਾਲ ਦੀ ਗੱਲ ਕਿ ਮੇਰੀ
ਯਾਤਰਾ ਵਿਚ ਵਿਘਨ ਪੈਣ ਦੇ ਡਰੋਂ ਉਨ੍ਹਾਂ ਆਪਣੀ ਗੁਰਦਿਆਂ ਦੀ ਮਰਜ਼ ਮੇਰੇ ਤੋਂ ਲੁਕਾ ਲਈ
ਸੀ।
ਮੇਰੇ ਕਨੇਡਾ ਤੋਂ ਮੁੜਨ ਤੱਕ ਉਨ੍ਹਾਂ ਨੂੰ ਗੁਰਦਿਆਂ ਦੀ ਨਾਮੁਰਾਦ ਬਿਮਾਰੀ ਨੇ ਬੁਰੀ
ਤਰ੍ਹਾਂ ਆਪਣੀ ਜਕੜ ਵਿਚ ਲੈ ਲਿਆ ਸੀ। ਮੈਂ ਮਿਲਣ ਗਿਆ ਤਾਂ ਕੈਨੇਡਾ ਤੋਂ ਤੋਹਫ਼ੇ ਵਜੋਂ
ਲਿਆਂਦਾ ਪਾਰਕਰ ਦਾ ਪੈੱਨ ਨਾਲ ਲੈ ਗਿਆ ਉਨ੍ਹਾਂ ਦੀ ਨੋਟਾਂ ਦੀ ਦੱਥੀ ਵੀ ਸਾਵੀਂ ਦੀ
ਸਾਵੀਂ ਨਾਲ ਲੈ ਲਈ ਕਿਉਂ ਉਹ ਵਰਤਨ ਦੀ ਲੋੜ ਹੀ ਨਹੀ ਪਈ ਸੀ। ਉਲੈ ਬਈ ਆਹ ਤਾਂ ਲਗਦੈ ਮੂਲ
ਨਾਲ ਵਿਆਜ ਵੀ ਆ ਗਿਆ, ਪੈੱਨ ਦੀ ਖੂਬਸੂਰਤ ਡੱਬੀ ਨੂੰ ਬੱਚਿਆਂ ਵਾਲੇ ਚਾਅ ਨਾਲ
ਨਿਹਾਰਦਿਆਂ ਉਨ੍ਹਾਂ ਆਪਣੇ ਮਸ਼ਕਰੀ ਵਾਲੇ ਅੰਦਾਜ਼ ਚ ਕਿਹਾ।
ਉਏਹ ਤੁਹਾਨੂੰ ਸਵੈਜੀਵਨੀ ਲਿਖਣ ਲਈ ਯਾਦ-ਪੱਤਰ ਐ ਜੀ ਮੈਂ ਮੌਕਾ ਬਣਿਆ ਵੇਖ ਕੇ ਆਪਣੀ
ਪੁਰਾਣੀ ਮੰਗ ਫੇਰ ਦੁਹਰਾਈ। ਉਹ ਕਿੰਨੇ ਵਾਰੀ ਆਪਣੀ ਸਵੈਜੀਵਨੀ ਲਿਖਣ ਦਾ ਵਾਅਦਾ ਕਰ
ਚੁੱਕੇ ਸਨ ਪਰ ਫੇਰ ਕਦੇ ਕੋਈ ਕਦੇ ਕੋਈ ਮਜਬੂਰੀ ਜਾਂ ਅੜਿੱਕਾ ਦੱਸ ਕੇ ਲਿਖਣੋਂ ਰਹਿ
ਜਾਂਦੇ ਸਨ। ਉਹਾਂ, ਇਹ ਠੀਕ ਐ, ਲੈ ਐਂਤਕੀ ਏ ਵੀ ਕੰਡਾ ਕੱਢ ਈ ਦਿੰਨੇ ਐਂ ਫੇਰ। ਉਤਸ਼ਾਹ
ਚ ਉਨ੍ਹਾਂ ਦੀਆਂ ਅੱਖਾਂ ਚਮਕੀਆਂ ਅਤੇ ਚਿਹਰੇ ਉਤੇ ਪਲ ਦੀ ਪਲ ਰੌਣਕ ਖੇਡਦੀ ਨਜ਼ਰ ਆਈ। ਪਰ
ਅਗਲੇ ਛਿਣ ਹੀ ਮੈਨੂੰ ਉਸ ਚਮਕ ਥੱਲੇ ਉਦਾਸੀ ਦੇ ਬੱਦਲ ਤੈਰਦੇ ਦਿਸੇ ਅਤੇ ਚਿਹਰੇ ਉਤੇ
ਕਲੱਤਣ ਦੀ ਧੂੜ ਜੰਮੀ ਦਿਸੀ। ਉਨ੍ਹਾਂ ਮੇਰੇ ਤੋਂ ਨਜ਼ਰਾਂ ਹਟਾ ਕੇ ਡਰਾਇੰਗ-ਰੂਮ ਦੀ ਖਿੜਕੀ
ਵਿਚੋਂ ਬਾਹਰ ਅਸਮਾਨੀ ਦਿਸਹੱਦੇ ਵੱਲ ਵੇਖਦਿਆਂ ਬੁੱਲ੍ਹ ਇਉਂ ਭੀਚੇ ਜਿਵੇਂ ਕਿਸੇ ਗੁੱਝੀ
ਪੀੜ ਨੂੰ ਅੰਦਰ ਹੀ ਅੰਦਰ ਘੁੱਟਿਆ ਹੋਵੇ। ਉਨ੍ਹਾਂ ਦੀ ਆਪਣੀ ਬੇਬਸੀ ਨਾਲ ਏਹ ਕਸ਼ਕਮਕਸ਼ ਵੇਖ
ਕੇ ਮੈਨੂੰ ਚੀਰਵਾਂ ਅਹਿਸਾਸ ਹੋਇਆ, ਬਿਮਾਰੀ ਨਾਲ ਕਿਵੇਂ ਉਹ ਕਿਰਨੇ ਸ਼ੁਰੂ ਹੋ ਗਏ ਸਨ। ਪਰ
ਮੈਨੂੰ ਹੈਰਾਨੀ ਹੋਈ ਕਿ ਅਗਲੇ ਕੁਝ ਪਲਾਂ ਵਿਚ ਹੀ ਉਹ ਪੀੜ ਨੂੰ ਵਿਸਾਰ ਕੇ ਭਵਿੱਖ ਦੀਆਂ
ਯੋਜਨਾਵਾਂ ਉਲੀਕਣ ਲੱਗੇ ਹੋਏ ਸਨ। ਨਵੇਂ ਘਰ ਵਿਚ ਆਲੀਸ਼ਾਨ ਸਟੱਡੀ-ਰੂਮ ਤਿਆਰ ਕਰਾਉਣ,
ਪੰਜਾਬੀ ਕਵਿਤਾ ਦਾ ਕਾਵਿ-ਸ਼ਾਸਤਰ ਲਿਖਣ ਅਤੇ ਪਹਿਲ ਦੇ ਆਧਾਰ ਤੇ ਸਵੈਜੀਵਨੀ ਪੂਰੀ ਕਰਨ
ਦੀਆਂ ਸਕੀਮਾਂ ਉਹ ਮੇਰੇ ਨਾਲ ਹੁਣ ਇਉੁਂ ਬਣਾ ਰਹੇ ਸਨ ਜਿਵੇਂ ਉਹ ਸਭ ਕੁਝ ਰਾਤੋ-ਰਾਤ ਹੀ
ਕਰ ਦੇਣਾ ਹੋਵੇ। ਅਜਿਹੇ ਕਾਹਲੇਪਣ ਸਮੇਂ ਉਨ੍ਹਾਂ ਦੀ ਲੱਤ ਬੇਮੁਹਾਰੀ ਹਿੱਲਣ ਲਗਦੀ।
ਉਨ੍ਹਾਂ ਦਾ ਇਹ ਜੰਗੀ-ਤਿਆਰੀ ਵਾਲਾ ਰੂਪ ਵੇਖ ਕੇ ਮੈਂ ਵੀ ਬਿਮਾਰੀ ਭੁੱਲ ਕੇ ਚੜ੍ਹਦੀ ਕਲਾ
ਵਿਚ ਹੋ ਗਿਆ।
ਅਗਲੇ ਸਾਲਾਂ ਵਿਚ ਸਾਡਾ ਇਹ ਅਪਣੱਤ ਦਾ ਰਿਸ਼ਤਾ ਹੋਰ ਵੀ ਘਣਾ ਹੋ ਗਿਆ। ਜਦੋਂ ਵੀ ਉਨ੍ਹਾਂ
ਦਾ ਹਾਲ-ਚਾਲ ਪੁੱਛਣ ਲਈ ਫੋਨ ਕਰਨਾ ਜਾਂ ਮਿਲਣਾ ਤਾਂ ਅੱਗੋਂ ਹਮੇਸ਼ਾਂ ਕੋਈ ਅਜਿਹਾ ਵਾਕ
ਸੁਣਨ ਨੂੰ ਮਿਲਨਾ, ਉ ਬਈ ਵਾਹ, ਕਮਾਲ ਐ, ਆਹ ਤਾਂ ਟੈਲੀਪੈਥੀ ਵਾਲੀ ਗੱਲ ਹੋਗੀ ਬੜੀ ਲੰਮੀ
ਉਮਰ ਐ ਤੇਰੀ, ਬਸ ਹੁਣੇ ਤੈਨੂੰ ਯਾਦ ਕਰਕੇ ਹਟਿਐਂ। ਫਿਰ ਪਿਛਲੇ ਦਿਨਾਂ ਵਿਚ ਸਿਹਤ ਚ
ਆਏ ਉਤਰਾਅ-ਝੜਾਅ ਦੀ ਨਿੱਕੀ ਨਿੱਕੀ ਤਫ਼ਸੀਲ ਬਿਆਨ ਕਰਦੇ, ਮੇਰੀ ਕਿਸੇ ਸਾਹਿਤਕ ਸਰਗਰਮੀ ਦੀ
ਕਿਧਰੇ ਪੜ੍ਹੀ ਰਿਪੋਰਟ ਦਾ ਜ਼ਿਕਰ ਛੇੜਦੇ ਅਤੇ ਪ੍ਰਸੰਸਾ ਕਰਦੇ। ਮੈਨੂੰ ਸੱਚ-ਮੁੱਚ ਹੀ ਇਹ
ਅਹਿਸਾਸ ਹੋ ਜਾਂਦਾ ਕਿ ਜਿਵੇਂ ਉਹ ਮੈਨੂੰ ਹਰ ਵਕਤ ਹੀ ਯਾਦ ਕਰਦੇ ਰਹੇ ਹੋਣ। ਉਨ੍ਹਾਂ ਦੇ
ਮਿਲਣ ਦਾ ਅੰਦਾਜ਼ ਹੀ ਐਸਾ ਸੀ ਕਿ ਸ਼ਾਇਦ ਇਹ ਗੱਲ ਉਨ੍ਹਾਂ ਦੇ ਸਭ ਆਪਣਿਆਂ ਨੂੰ ਹੀ ਲਗਦੀ
ਹੋਵੇਗੀ।
ਉਨ੍ਹਾਂ ਦੀ ਬਿਮਾਰੀ ਨੇ ਸਾਡੇ ਰਿਸ਼ਤੇ ਵਿਚ ਇਕ ਹੋਰ ਨਵੀਂ ਕੜੀ ਜੋੜ ਦਿੱਤੀ ਸੀ। ਉਨ੍ਹਾਂ
ਦਾ ਇਲਾਜ ਕਰ ਰਿਹਾ ਡਾ. ਬਲਦੇਵ ਸਿੰਘ ਔਲਖ ਵੀ ਮੇਰੇ ਤੋਂ ਕੁਝ ਸਾਲ ਪਿਛੋਂ ਮੇਰੇ ਵਾਲੇ
ਹੀ ਸਰਕਾਰੀ ਹਾਈ ਸਕੂਲ ਝੋਰੜ (ਮੁਕਤਸਰ) ਵਿਚ ਪੜ੍ਹਿਆ ਸੀ। ਇਸ ਲਈ ਮੈਨੂੰ ਇਹ ਹੌਸਲਾ
ਜਿਹਾ ਰਹਿੰਦਾ ਕਿ ਉਨ੍ਹਾਂ ਦਾ ਇਲਾਜ ਇਕ ਕਾਬਲ, ਸੁਹਿਰਦ ਅਤੇ ਉਤਸ਼ਾਹੀ ਡਾਕਟਰ ਦੇ ਰਾਹੀਂ
ਹੋ ਰਿਹਾ ਸੀ। ਉਨ੍ਹਾਂ ਦੀ ਕਿਡਨੀ ਟ੍ਰਾਂਸਪਲਾਂਟ ਤੋਂ ਕੁਝ ਸਮਾਂ ਬਾਅਦ ਤਾਂ ਉਹ ਇਨੇ
ਤੰਦਰੁਸਤ ਹੋ ਗਏ ਸਨ ਕਿ ਹੁਣ ਸੱਚਮੁੱਚ ਕੋਈ ਖ਼ਤਰੇ ਵਾਲੀ ਗੱਲ ਦਾ ਖ਼ਿਆਲ ਵੀ ਨਹੀਂ ਆਉਂਦਾ
ਸੀ। ਡਾ. ਔਲਖ ਨੇ ਮੇਰੇ ਜਮਾਤੀ ਸਤਿੰਦਰ ਕਾਹਲੋਂ ਨੂੰ ਕਿਡਨੀ ਟ੍ਰਾਂਸਪਲਾਂਟ ਨਾਲ ਬਿਲਕੁਲ
ਨੌਂ-ਬਰ-ਨੌਂ ਕਰ ਦਿੱਤਾ ਸੀ। ਉਸ ਨੂੰ ਆਮ ਬੰਦੇ ਵਾਂਗ ਵਿਚਰਦੇ, ਲਤੀਫ਼ੇ ਛਡਦੇ ਨੂੰ ਮੈਂ
ਨਿੱਤ ਪਟਿਆਲੇ ਵੇਖਦਾ ਸਾਂ। ਮੈਨੂੰ ਹੋਰ ਤਸੱਲੀ ਮਿਲ ਜਾਂਦੀ। ਹੁਣ ਡਾ. ਕੇਸਰ ਬਾਹਰ ਅੰਦਰ
ਅਕਸਰ ਆਉਣ-ਜਾਣ ਲੱਗ ਪਏ ਸਨ। ਖਾਸ ਕਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਚੋਂ ਜਦ ਵੀ ਕੋਈ
ਸੱਦਾ ਮਿਲਦਾ ਤਾ ਪੈਰ ਜੁੱਤੀ ਨਾ ਪਾਉਂਦੇ।
ਉਮੈਂ ਸੋਚਿਆ ਚਲ ਬਹਾਨੇ ਸਿਰ ਆਪਣੇ ਸਾਰਿਆਂ ਨੂੰ ਮਿਲ ਆਵਾਂਗੇ। ਉਹ ਸੱਦਾ ਮਿਲਨ ਸਾਰ
ਹੁਲਾਸ ਨਾਲ ਫੋਨ ਤੇ ਦਸਦੇ। ਉਨ੍ਹਾਂ ਦੇ ਦੋਸਤ ਅਤੇ ਅਸੀਂ ਵਿਦਿਆਰਥੀ ਕਿਸੇ ਇਕ ਥਾਂ
ਇਕੱਠੇ ਹੋ ਜਾਂਦੇ। ਸਾਨੂੰ ਸਾਰਿਆਂ ਨੂੰ ਵੇਖ ਕੇ ਉਹ ਇਉਂ ਮਾਣ ਨਾਲ ਭਰ ਜਾਂਦੇ ਜਿਵੇਂ
ਕੋਈ ਖਜ਼ਾਨਾ ਹੱਥ ਲੱਗ ਗਿਆ ਹੋਵੇ। ਉਹ ਅਕਸਰ ਆਖਦੇ ਸਨ ਕਿ ਉਨ੍ਹਾਂ ਦਾ ਸਰਮਾਇਆ ਤਾਂ
ਵਿਦਿਆਰਥੀ ਹੀ ਸਨ।
ਜਦੋਂ ਆਖਰੀ ਵਾਰ ਪਟਿਆਲਾ ਆਏ ਤਾਂ ਮੈਨੂੰ ਆਉਣ ਦੀ ਖ਼ਬਰ ਨਾ ਦੇ ਸਕੇ। ਅਸਲ ਵਿਚ ਉਨ੍ਹਾਂ
ਦਿਨਾਂ ਵਿਚ ਹੀ ਮੈਂ ਕੈਂਪਸ ਵਿਚ ਘਰ ਬਦਲਿਆ ਸੀ। ਭੱਜ-ਦੌੜ ਵਿਚ ਮੈਂ ਉਨ੍ਹਾਂ ਨੂੰ ਕੁਝ
ਦਿਨ ਇਹ ਦੱਸ ਨਾ ਸਕਿਆ। ਫੋਨ ਵੀ ਅਜੇ ਸ਼ਿਫਟ ਨਹੀਂ ਸੀ ਹੋਇਆ। ਵਾਈਵੇ ਤੋਂ ਬਾਅਦ ਮੈਨੂੰ
ਮਿਲਨ ਲਈ ਉਨ੍ਹਾਂ ਨੇ ਤਰੱਦਦ ਕਰਕੇ ਜਿਵੇਂ ਪਤਾ-ਟਿਕਾਣਾ ਲੱਭਿਆ, ਉਹ ਮੈਨੂੰ ਦ੍ਰਵਤ ਕਰ
ਦੇਣ ਵਾਲਾ ਸੀ। ਉਹ ਭੱਜ-ਨੱਠ ਨਾਲ ਹਾਲੋਂ ਬੇਹਾਲ ਹੋਏ ਪਏ ਸਨ। ਵਿਦਿਆਰਥੀ, ਦੋਸਤ ਤੋਂ
ਬਾਅਦ ਅੱਜ ਉਨ੍ਹਾਂ ਮੈਨੂੰ ਯਾਰ ਵਿਸ਼ੇਸ਼ਣ ਦਾ ਤੋਹਫ਼ਾ ਵੀ ਦਿੱਤਾ। ਉਬਲਦੇਵ ਬਸ ਪੰਜ ਮਿੰਟ ਈ
ਬੈਠਣੈ, ਖਾਣਾ-ਪੀਣਾ ਕੁਸ਼ ਨ੍ਹੀ, ਮੈਨੂੰ ਸੀ ਬਈ ਮਿਲਨਾ ਹਰ ਹਾਲਤ ਚ ਐ, ਤੂੰ ਯਾਰ
ਪਤਾ-ਟਿਕਾਣਾ ਸਭ ਕੁਸ਼ ਬਦਲੀ ਬੈਠਾਂ, ਮੈਂ ਆਖਿਆ ਪਤਾ ਨੀਂ ਕੀ ਗੱਲ ਐ, ਫੋਨ ਕਿਉਂ ਨੀ
ਮਿਲਦਾ। ਲੈ ਹੁਣ ਅਗਲੇ ਦਿਨੀਂ ਪੰਜਾਬੀ ਕਾਨਫਰੰਸ ਤੇ ਆਵਾਂਗੇ, ਤਕੜੇ ਹੋ-ਜੋ, ਦੋ ਰਾਤਾਂ
ਰਹਾਂਗੇ ਸੋਡੇ ਘਰੇ, ਸੁਖਵਿੰਦਰ ਦੀਆਂ ਪੱਕੀਆਂ ਖਾਵਾਂਗੇ, ਨਾਲ ਮੈਡਮ ਵੀ ਆਊਗੀ,
ਫੇਰ.....। ਉਹ ਖੜ੍ਹੇ-ਖੜੋਤੇ ਇਕੋ ਸਾਹੇ ਬੋਲ ਰਹੇ ਸਨ। ਮੈਂ ਬੈਠਣ ਲਈ ਜ਼ਿਦ ਕੀਤੀ ਤਾਂ
ਕਾਹਲੀ ਕਾਰਨ ਸੋਫ਼ੇ ਦੀ ਕੰਨੀ ਜਿਹੀ ਉਤੇ ਵੀ ਭੱਜਣ ਵਾਲਿਆਂ ਵਾਂਗ ਹੀ ਬੈਠੇ। ਫਿਰ
ਪਾਣੀ-ਧਾਣੀ ਪੀਂਦਿਆਂ ਆਪੇ ਹੀ ਠੀਕ ਹੁੰਦਿਆਂ ਜਚ ਕੇ ਬੈਠ ਗਏ ਜਿਵੇਂ ਕਾਹਲੀ ਵਾਲੀ ਗੱਲ
ਵਿਸਰ ਗਏ ਹੋਣ। ਹਾਲ-ਚਾਲ ਪੁਛਦਿਆਂ ਤੱਕ ਸੁਖਵਿੰਦਰ ਕਾਹਲੀ ਨਾਲ ਸੇਬ ਚੀਰ ਲਿਆਈ। ਫਿਰ
ਅਜਿਹੇ ਗੱਲੀਂ ਰੁੱਝੇ ਕਿ ਇਹ ਵੀ ਭੁਲ ਗਏ ਬਈ ਨਾਲ ਬੈਠੇ ਡਾ. ਮਨਮੋਹਨ ਦਾਉਂ ਅਤੇ ਡਾ.
ਭੀਮ ਇੰਦਰ ਵਾਰੀ ਵਾਰੀ ਚੱਲਣ ਲਈ ਜ਼ੋਰ ਪਾ ਰਹੇ ਸਨ। ਘੰਟਾ ਭਰ ਲਗਾਤਾਰ ਬੋਲਦੇ ਰਹੇ।
ਖਾਤਰਦਾਰੀ ਵਜੋਂ ਮੈਂ ਪਲੇਟ ਅੱਗੇ ਕਰਦਾ ਤਾਂ ਅਚੇਤ ਹੀ ਹਰ ਵਾਰ ਸੇਬ ਦੀ ਫਾੜੀ ਵੀ ਚੁੱਕ
ਕੇ ਖਾ ਲੈਂਦੇ। ਉਨ੍ਹਾਂ ਦੀ ਅਜਿਹੀ ਸ਼ਿੱਦਤ ਮੈਨੂੰ ਚੰਗੀ ਲੱਗੀ ਪਰ ਨਾਲ ਹੀ ਉਨ੍ਹਾਂ ਦੀ
ਬਿਮਾਰੀ ਬਾਰੇ ਸੋਚ ਕੇ ਡਰ ਗਿਆ ਕਿ ਕਿਤੇ ਵੱਧ ਬੋਲਣ ਅਤੇ ਮਿੱਠਾ ਖਾਣ ਨਾਲ ਕੋਈ ਅਹੁਰ ਨਾ
ਹੋ ਜਾਵੇ। ਪਰ ਮਾਹੌਲ ਹੀ ਅਜਿਹਾ ਪੁਰਖਲੂਸ ਸੀ ਕਿ ਉਨ੍ਹਾਂ ਨੂੰ ਟੋਕਣ ਦੀ ਹਿੰਮਤ ਨਾ ਕਰ
ਸਕਿਆ।
ਉਬਈ ਸੁਆਦ ਆ ਗਿਆ ਅੱਜ ਤਾਂ, ਬੜੇ ਚਿਰ ਪਿੱਛੋਂ ਭਖਵੀਂ ਗੱਲ-ਬਾਤ ਹੋਈ ਐ, ਸੁਖਵਿੰਦਰ
ਕਿੱਥੇ ਐ? ਉਨ੍ਹਾਂ ਨੂੰ ਅਚਾਨਕ ਜਿਵੇਂ ਜਾਣ ਦੀ ਗੱਲ ਯਾਦ ਆਈ। ਅਜੇ ਉਨ੍ਹਾਂ ਨੇ ਮੈਡਮ
ਦਿਲੀਪ ਕੌਰ ਟਿਵਾਣਾ ਹੋਰਾਂ ਵੱਲ ਵੀ ਹਾਜ਼ਰੀ ਲਾਉਣੀ ਸੀ। ਉਹ ਸੁਖਵਿੰਦਰ ਅਤੇ ਬੱਚਿਆਂ ਨੂੰ
ਮਿਲੇ। ਚਿਹਰੇ ਉਤੇ ਥਕਾਣ ਦੀ ਥਾਂ ਖੁਸ਼ੀ ਚਾਂਭੜਾਂ ਪਾ ਰਹੀ ਸੀ। ਇਹ ਉਨ੍ਹਾਂ ਦੀ ਆਖਰੀ
ਨੂਰਾਨੀ ਝਲਕ ਸੀ। ਉਂਜ ਭਾਵੇਂ ਮੈਂ ਆਖਰੀ ਵਾਰ ਉਨ੍ਹਾਂ ਨਾਲ 31 ਅਕਤੂਬਰ, 2004 ਨੂੰ
ਗੱਲਾਂ ਕੀਤੀਆਂ। ਮੈਂ ਪੰਜਾਬੀ ਨਾਵਲ ਬਾਰੇ ਇਕ ਸੈਮੀਨਾਰ ਲਈ ਚੰਡੀਗੜ੍ਹ ਗਿਆ ਸਾਂ।ਉਸ ਵਿਚ
ਡਾ. ਕੇਸਰ ਹੋਰਾਂ ਵੀ ਆਉਣਾ ਸੀ ਪਰ ਉਹ ਨਾ ਆਏ। ਫੋਨ ਕਰਕੇ ਪੁੱਛਿਆ ਤਾਂ ਪਤਾ ਲੱਗਿਆ ਕਿ
ਉਨ੍ਹਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਸੀ। ਬੇਚੈਨੀ ਵਿਚ ਹੀ ਮੈਂ ਪੇਪਰ ਪੜ੍ਹਿਆ।
ਸੈਮੀਨਾਰ ਦੇ ਭੁਗਤਦਿਆਂ ਹੀ ਕਾਹਲੀ ਨਾਲ ਉਨ੍ਹਾਂ ਦੇ ਘਰ ਪਹੁੰਚਿਆ। ਇੰਦਰ ਸਿੰਘ ਖਾਮੋਸ਼
ਅਤੇ ਬਲਜਿੰਦਰ ਨਸਰਾਲੀ ਵੀ ਮੇਰੇ ਨਾਲ ਸਨ। ਡਾ. ਸਾਹਿਬ ਡਰਾਇੰਗ-ਰੂਮ ਵਿਚ ਨਾ ਆ ਸਕੇ
ਕਿਉਂਕਿ ਦਰਦ ਬਹੁਤ ਹੋ ਰਿਹਾ ਸੀ। ਅਸੀਂ ਉਨ੍ਹਾਂ ਦੇ ਕਮਰੇ ਚ ਗਏ। ਦਰਦ ਨੂੰ
ਅੰਦਰੇ-ਅੰਦਰ ਝਲਦਿਆਂ ਵੀ ਉਹ ਕੁਝ ਚਿਰ ਉਲਟਾ ਸਾਨੂੰ ਹੌਸਲਾ ਦਿੰਦੇ ਰਹੇ। ਉਨ੍ਹਾਂ ਦੀ
ਜ਼ਬਰਦਸਤ ਇੱਛਾ ਸ਼ਕਤੀ (ਮਜ;;-ਬਰਮਕਗ) ਵੇਖ ਕੇ ਮੈਨੂੰ ਅਚੰਭਾ ਹੋਇਆ। ਉਨ੍ਹਾਂ ਦਾ ਹੌਸਲਾ
ਵੇਖ ਕੇ ਇਕ ਵਾਰ ਵੀ ਮਨ ਚ ਨਹੀਂ ਆਈ ਕਿ ਇਹ ਆਖਰੀ ਗੱਲਾਂ ਹਨ। ਉਚੰਗਾ ਬਈ, ਸਾਨੂੰ
ਵਿਦਾ ਕਰਦੇ ਹੋਏ ਹੱਥ ਮਿਲਾਉਂਦਿਆਂ ਉਨ੍ਹਾਂ ਇਉਂ ਮੇਰਾ ਹੱਥ ਘੁੱਟਿਆ ਕਿ ਮੁਹੱਬਤ ਦਾ
ਸਮੁੰਦਰ ਇਕੋ ਵਾਰੀ ਮੇਰੇ ਬੁੱਕ ਚ ਉਲਟਾ ਦਿੱਤਾ। ਅਗਲੇ ਦਿਨੀਂ ਮੈਂ ਅਤੇ ਨਰਿੰਦਰ ਭੁੱਲਰ
ਪੀ.ਜੀ.ਆਈ. ਪਤਾ ਲੈਣ ਗਏ ਤਾਂ ਮੈਡਮ ਜਸਬੀਰ ਕੇਸਰ ਹੋਰਾਂ ਦੱਸਿਆ ਕਿ ਬੇਹੋਸ਼ੀ ਚ ਹਨ।
ਉਨ੍ਹਾਂ ਦੇ ਕਮਰੇ ਚ ਜਾਣ ਦੀ ਵੀ ਮਨਾਹੀ ਸੀ। ਸਭ ਕੁਝ ਖਤਮ ਵਰਗਾ ਹੀ ਸੀ। ਆਖਰੀ ਝਲਕ
ਫਿਰ ਸੰਸਕਾਰ ਸਮੇਂ ਹੀ ਵੇਖੀ।
ਜਦੋਂ ਡਾ. ਕੇਸਰ ਨਾਲ ਮੇਰਾ ਰਿਸ਼ਤਾ ਇਸ ਮੁਕਾਮ ਉੱਤੇ ਪਹੁੰਚਿਆ ਸੀ ਕਿ ਮੈਂ-ਤੂੰ ਦੀਆਂ ਸਭ
ਵਿੱਥਾਂ ਹੀ ਬੇਅਰਥ ਜਾਪਣ ਲੱਗ ਪਈਆਂ ਸਨ ਤਾਂ ਕੁਦਰਤ ਨੇ ਸਾਡੇ ਦਰਮਿਆਨ ਇਕ ਅਜਿਹੀ ਖਾਈ
ਖੋਦ ਦਿੱਤੀ ਕਿ ਉਸ ਨੂੰ ਪੂਰਨ ਲਈ ਲੱਖਾਂ-ਕਰੋੜਾਂ ਸਮੁੰਦਰ ਵੀ ਕਾਫੀ ਨਾ ਰਹੇ। ਕਹਿੰਦੇ
ਹਨ ਕਿ ਜਦੋਂ ਕੋਈ ਮਰਦਾ ਹੈ ਤਾਂ ਉਸ ਦੇ ਨਾਲ ਹੀ ਉਸ ਦੇ ਆਪਣਿਆਂ ਦਾ ਵੀ ਇਕ ਇਕ ਹਿੱਸਾ
ਮਰ ਜਾਂਦਾ ਹੈ। ਇਉਂ ਡਾ. ਕੇਸਰ ਦੀ ਮੌਤ ਨਾਲ ਮੈਨੂੰ ਵੀ ਆਪਣੇ ਅੰਦਰਲਾ ਕਿੰਨਾ ਕੁਝ ਮਰ
ਗਿਆ ਲਗਦਾ ਹੈ। ਪਰ ਮੇਰਾ ਜਿਹੜਾ ਹਿੱਸਾ ਜਿਉਂਦਾ ਹੈ ਉਸ ਵਿਚ ਡਾ. ਕੇਸਰ ਦੀ ਸ਼ਖ਼ਸੀਅਤ ਦਾ
ਵੀ ਕਿੰਨਾ ਕੁਝ ਜਿਉਂਦਾ ਹੈ। ਕਈ ਵਾਰ ਸਟੇਜ ਉੱਤੇ ਜਾਂ ਕਲਾਸ ਵਿਚ ਬੋਲਦਿਆਂ ਮਹਿਸੂਸ
ਹੁੰਦਾ ਹੈ ਕਿ ਸ਼ਬਦ ਹੀ ਮੇਰੇ ਹਨ ਉਨ੍ਹਾਂ ਦੀ ਰੂਹ ਤਾਂ ਡਾ. ਕੇਸਰ ਦੀ ਹੈ। ਪੜ੍ਹਦਿਆਂ,
ਲਿਖਦਿਆਂ, ਜਿਉਂਦਿਆਂ ਡਾ. ਕੇਸਰ ਨੂੰ ਇਉਂ ਹੀ ਅਪਣੇ ਸਾਹੀਂ ਘੁਲਿਆ ਮਹਿਸੂਸ ਕਰਦਾ ਹਾਂ।
-0- |