ਮਾਂ
ਅਸੀਂ ਪ੍ਰਦੇਸ ਤੋਂ ਆਪਣੇ ਘਰ ਆਏ ਸਾਂ
ਬੰਦ-ਦਰਵਾਜ਼ੇ ਅਤੇ ਸੁੰਨ-ਸਰਦਲ ਕੋਲੋਂ
ਤੇਰਾ ਸੁੱਖ ਸੁਨੇਹਾ ਪੁੱਛਿਆ
ਪਰ ਉਹਨਾਂ ਦੀ ਸੰਘਣੀ ਚੁੱਪ
‘ਤੁੱਰ ਗਏ ਕਦੇ ਪਰਤ ਕੇ ਨਹੀਂ ਆਉਂਦੇ‘ ਦਾ ਸੁਨੇਹਾ
ਮਨ-ਮਸਤਕ ‘ਤੇ ਧਰ ਗਈ
ਮਾਂ
ਤੂੰ ਤਾਂ ਆਪਣੀਆਂ ਪੋਤੀਆਂ ਦਾ ਬੜਾ ਫਿਕਰ ਕਰਦੀ ਸੈਂ
ਅਤੇ ਕਦੇ ਕਦਾਈਂ ਝੂਰਦੀ ਵੀ ਸੈਂ
ਪਰ
ਜਦ ਤੇਰੀਆਂ ਡਾਕਟਰ ਪੋਤੀਆਂ
ਝੁਰੜੀਆਂ ਭਰੇ ਹੱਥਾਂ ਦੀ ਅਸੀਸ ਲੈਣ ਆਈਆਂ
ਤਾਂ ਤੇਰਾ ਬਰਾਂਡੇ ‘ਚ ਡੱਠਾ ਖਾਲੀ ਮੰਜਾ
ਘਰ ‘ਚ ਸੱਖਣਤਾ ਭਰ ਰਿਹਾ ਸੀ
ਤੇਰੀ ਡੰਗੋਰੀ ਦਾ ਚੁੱਪ-ਚਾਪ ਕਮਰੇ ਦੀ ਨੁੱਕਰੇ ਛੁੱਪ ਜਾਣਾ
ਪਸਰੀ ਵੇਦਨਾ ਨੂੰ ਬੋਲ ਦੇਣ ਤੋਂ ਅਸਮਰਥ ਸੀ
ਪਿੱਤਲ ਦੇ ਕੋਕਿਆਂ ਵਾਲਾ ਤੇਰਾ ਸੰਦੂਕ
ਬਜੁਰਗੀ ਹੱਥਾਂ ਦੀ ਛੋਹ ਨੂੰ ਤਰਸ ਰਿਹਾ ਸੀ
ਅਤੇ ਇਸ ਵਿਚ ਸੰਭਾਲੇ ਦਰੀਆਂ ‘ਤੇ ਖੇਸਾਂ ਦੇ
ਘੁੱਗੀਆਂ ਅਤੇ ਮੋਰਾਂ ਦੀ ਗੁਟਕਣੀ ਖ਼ਾਮੋਸ਼ ਸੀ
ਸੰਦੂਕ ‘ਤੇ ਪਏ ਕਾਲੇ ਟਾਹਲੀ ਦੇ ਚਰਖੇ ਦੀ
ਟੁੱਟੀ ਮਾਲ੍ਹ, ਹਿੱਲਦੀ ਗੁੱਝ ਅਤੇ ਵਿੰਗਾ ਤੱਕਲਾ
ਤੇਰੀ ਅਣਹੋਂਦੀ ਗਵਾਹੀ ਭਰਦੇ ਰਹੇ ਸਨ
ਮਾਂ
ਤੇਰੀਆਂ ਪੋਤੀਆਂ ਨੇ
ਚਾਵਾਂ ਨਾਲ ਬੁਣੀਆਂ ਫੁਲਕਾਰੀਆਂ, ਦਰੀਆਂ ਤੇ ਖੇਸ
ਪੱਖੀਆਂ ‘ਤੇ ਪਾਈਆਂ ਚਿੜੀਆਂ
ਅਤੇ ਉਨ ਦੀ ਕਢਾਈ ਵਾਲੇ ਰੁਮਾਲਾਂ ਨੂੰ
ਪ੍ਰਦੇਸ ਲਿਜਾਣ ਲਈ ਅਟੈਚੀ ‘ਚ ਪਾ ਲਿਆ ਏ
ਤਾਂ ਕਿ ਦਾਦੀ ਦੀਆਂ ਯਾਦਾਂ ਦੀ ਨਿੱਘੀ ਅਸੀਸ
ਉਹਨਾਂ ਦੇ ਸਿਰਾਂ ‘ਤੇ ਸੁੱਖਨ ਦੀ ਵਰਖਾ ਕਰਦੀ ਰਹੇ
ਮਾਂ
ਆਪਣੇ ਘਰ ਆਈਆਂ ਤੇਰੀਆਂ ਲਾਡਲੀਆਂ ਪੋਤੀਆਂ
ਕਦੇ ਤੇਰਾ ਚੇਤਾ ਕਰਕੇ ਬਹੁਤ ਉਦਾਸ ਹੋ ਜਾਂਦੀਆਂ ਨੇ
ਅਤੇ ਕਦੇ ਤੇਰੀਆਂ ਗੱਲਾਂ ਯਾਦ ਕਰਕੇ
ਬੀਤੇ ਪਲਾਂ ਨੂੰ ਮੋੜ ਲਿਆਉਂਦੀਆਂ ਨੇ
ਮਾਂ
ਤੇਰੇ ਦੁਆਵਾਂ ਦੇ ਦੁਆਰ
ਤੇਰੇ ਮੰਨਤਾਂ ਦੇ ਵਿਹੜੇ
ਅਤੇ ਤੇਰੀ ਅਸੀਸਾਂ ਦੀ ਨਗਰੀ
ਸਾਹਵੇਂ ਨੱਤਮਸਤਕ ਹੁੰਦਿਆਂ
ਅਰਦਾਸ ਕਰਦਾ ਹਾਂ
ਕਿ ਪ੍ਰਦੇਸ ਵੱਸਦਿਆਂ ਨੂੰ ਸਦਾ ਸੁੱਖਨ ਬਖ਼ਸਦੀ ਰਹੀਂ
ਅੱਛਾ!
ਮਾਂ
ਅਸੀਂ ਹੁਣ ਫਿਰ ਬੇਵਤਨੇ ਹੋ ਚੱਲੇ ਹਾਂ
ਵਕਤ ਮਿਲਿਆ ਤਾਂ
ਤੇਰੀ ਜੂਹ ਦੀ ਧੂੜ
ਮੱਥੇ ਨੂੰ ਛੁਹਾਉਣ ਲਈ
ਜਰੂਰ ਵਾਪਸ ਪਰਤਾਂਗੇ
ਜਰੂਰ ਵਾਪਸ ਪਰਤਾਂਗੇ?????????????
-0-
|