ਸਾਡੇ ਪਿੰਡ ਦਾ ਹੀ ਇੱਕ
ਮਾਸਟਰ ਹੁੰਦਾ ਸੀ ਲਾਲ ਸਿੰਘ ਜੋਸ਼ੀ। ਪਹਿਲਾਂ ਉਹ ਸਾਨੂੰ ਤੀਸਰੀ ਜਮਾਤ ਵਿੱਚ ਪੜ੍ਹਾਉਂਦਾ
ਰਿਹਾ ਸੀ। ਫਿਰ ਉਸਦੀ ਕਿਸੇ ਹੋਰ ਪਿੰਡ ਬਦਲੀ ਹੋ ਗਈ। ਜਦੋਂ ਮੈਂ ਅਠਵੀਂ ਜਮਾਤ ਵਿੱਚ ਹੋਇਆ
ਤਾਂ ਉਹ ਬਦਲੀ ਕਰਵਾ ਕੇ ਪਿੰਡ ਵਿੱਚ ਹੀ ਆਣ ਲੱਗਾ। ਉਹ ਕੁੱਝ ਸਮਾਂ ਪਹਿਲਾਂ ਗੌਰਮਿੰਟ
ਟੀਚਰਜ਼ ਯੂਨੀਅਨ ਪੰਜਾਬ ਦਾ ਪ੍ਰਧਾਨ ਰਹਿ ਚੁੱਕਾ ਸੀ। ਗੁਣੀ ਬੰਦਾ ਸੀ। ਉਸਨੇ ਰਹਿ ਚੁੱਕੇ
ਮੁੱਖ ਮੰਤਰੀ ਗੋਪੀ ਚੰਦ ਭਾਰਗੋ ਦੀ, ਉਸਨੂੰ ਬਤੌਰ ਟੀਚਰਜ਼ ਯੂਨੀਅਨ ਦੇ ਪ੍ਰਧਾਨ, ਲਿਖੀ
ਚਿੱਠੀ ਸਾਨੂੰ ਵਿਖਾ ਕੇ ਆਪਣੇ ਮਹੱਤਵਪੂਰਨ ਬੰਦੇ ਹੋਣ ਦਾ ਅਹਿਸਾਸ ਕਰਵਾਇਆ। ਕਥਾ-ਵਾਚਕ ਵੀ
ਉਹ ਬਹੁਤ ਚੰਗਾ ਸੀ ਅਤੇ ਮੁਕਤਸਰ ਦੀ ਜੰਗ ਵਿੱਚ ਜਾ ਕੇ ਸ਼ਹੀਦ ਹੋਣ ਵਾਲੇ ਤੇ ‘ਟੁੱਟੀ ਗੰਢਣ’
ਵਾਲੇ ਏਸੇ ਪਿੰਡ ਦੇ ਭਾਈ ਮਹਾਂ ਸਿੰਘ ਦੇ ਗੁਰਦੁਆਰੇ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ
ਉਸ ਕੋਲ ਸੀ। ਇਹ ਸਾਰੇ ਅਧਿਆਪਕ ਕੇਵਲ ਆਪਣੇ ਆਪ ਨੂੰ ਪਾਠ-ਪੁਸਤਕਾਂ ਦੀ ਪੜ੍ਹਾਈ ਕਰਵਾਉਣ
ਤੱਕ ਹੀ ਸੀਮਤ ਨਹੀਂ ਸਨ ਰੱਖਦੇ ਸਗੋਂ ਇਹਨਾਂ ਦਾ ਮਕਸਦ ਹੁੰਦਾ ਸੀ ਕਿ ਉਹ ਬੱਚਿਆਂ ਨੂੰ
ਜ਼ਿੰਦਗੀ ਦਾ, ਸਮਾਜ ਦਾ, ਇਤਿਹਾਸ ਦਾ, ਧਰਮ ਤੇ ਸਦਾਚਾਰ ਦਾ ਵੱਧ ਤੋਂ ਵੱਧ ਗਿਆਨ ਦੇਣ। ਉਹ
ਆਪਣੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਵਿੱਚ ਸੱਤ ਰੰਗ ਖਿੜੇ ਵੇਖਣਾ ਚਾਹੁੰਦੇ ਸਨ। ਲਾਲ ਸਿੰਘ ਦੀ
ਵੀ ਅਜਿਹੇ ਵਿਦਿਆਰਥੀ ਸਿਰਜ ਸਕਣ ਦੀ ਬੜੀ ਪ੍ਰਬਲ ਤਾਂਘ ਸੀ।
ਲਾਲ ਸਿੰਘ ਆਪ ਸਟੇਜ ਦਾ ਬਹੁਤ ਵਧੀਆ ਬੁਲਾਰਾ ਸੀ ਅਤੇ ਆਪਣੀਆਂ ਪ੍ਰਾਪਤੀਆਂ ਵਿੱਚ ਆਪਣੇ ਇਸ
ਕੌਸ਼ਲ ਦੀ ਦੇਣ ਨੂੰ ਭਲੀ-ਭਾਂਤ ਸਮਝਦਾ ਸੀ; ਇਸ ਲਈ ਉਹ ਚਾਹੁੰਦਾ ਸੀ ਹਰੇਕ ਵਿਦਿਆਰਥੀ ਨੂੰ
ਸਟੇਜ ਉੱਤੇ ਜਾ ਕੇ ਆਪਣੇ ਖ਼ਿਆਲਾਂ ਨੂੰ ਪ੍ਰਗਟਾ ਸਕਣ ਦਾ ਜੇਰਾ ਤੇ ਜਾਚ ਆਉਣੀ ਚਾਹੀਦੀ ਹੈ।
ਉਸ ਨੇ ਆਉਂਦਿਆਂ ਹੀ ਮੁੱਖ-ਅਧਿਆਪਕ ਨੂੰ ਆਖ ਕੇ ਕੁੱਝ ਸਮਾਂ ਰੋਜ਼ ਹੀ ਬਾਲ-ਸਭਾ ਲਾਉਣ ਲਈ
ਰਾਖ਼ਵਾਂ ਰੱਖ ਲਿਆ। ਉਸਨੇ ਸਕੂਲ ਦੇ ਹਰੇਕ ਵਿਦਿਆਰਥੀ ਨੂੰ ਇਸ ਇਮਤਿਹਾਨ ਵਿੱਚ ਪਾਉਣ ਅਤੇ
ਪਾਸ ਕਰਨ ਦਾ ਇਰਾਦਾ ਕਰ ਲਿਆ। ਸਕੂਲ ਦੇ ਹਰੇਕ ਬੱਚੇ ਨੂੰ ਸਟੇਜ ਉੱਤੇ ਖਲੋ ਕੇ ਭਾਸ਼ਣ ਤੇ
ਕਵਿਤਾ ਸੁਨਾਉਣ ਜਾਂ ਆਪਣੀ ਗੱਲ ਕਹਿਣ ਦੀ ਔਖ-ਸੌਖ ਦਾ ਸਾਹਮਣਾ ਕਰਨਾ ਹੀ ਪੈਣਾ ਸੀ। ਉਸਨੇ
ਸ਼ੁਰੂਆਤ ਦਸਵੀਂ ਜਾਮਤ ਦੇ ਵਿਦਿਆਰਥੀਆਂ ਤੋਂ ਕੀਤੀ ਅਤੇ ਸਭ ਨੂੰ ਆਖਿਆ ਕਿ ਹਰੇਕ ਵਿਦਿਆਰਥੀ
ਨੂੰ ਆਪਣੇ ਰੋਲ ਨੰਬਰ ਅਨੁਸਾਰ ਆਉਂਦੀ ਵਾਰੀ ਤੇ ਕੁੱਝ ਨਾ ਕੁੱਝ ਜ਼ਰੂਰ ਸੁਨਾਉਣਾ ਪਵੇਗਾ।
ਉਹਨਾਂ ਦੀ ਹਰ ਤਰ੍ਹਾਂ ਅਗਵਾਈ ਕਰਨ ਲਈ ਉਹ ਤਿਆਰ ਸੀ। ਅੱਠ–ਦਸ ਵਿਦਿਆਰਥੀ ਰੋਜ਼ ਭੁਗਤ
ਜਾਂਦੇ। ਕਈ ਡਰਦੇ, ਕੰਬਦੀਆਂ ਲੱਤਾਂ ਨਾਲ ਸਟੇਜ ‘ਤੇ ਚੜ੍ਹਦੇ। ਕਈ ਥਥਲਾਉਂਦੇ, ਕਈ ਭੁੱਲ
ਜਾਂਦੇ, ਕਈ ਹਿੰਮਤ ਕਰਕੇ ਆਪਣੀ ਵਾਰੀ ਠੀਕ-ਠਾਕ ਭੁਗਤਾ ਜਾਂਦੇ। ਜਿਨ੍ਹਾਂ ਦੀ ਵਾਰੀ ਨਾ
ਹੁੰਦੀ ਉਹ ਇਸ ਸਭ ਕੁੱਝ ਦਾ ਆਨੰਦ ਮਾਣਦੇ। ਕਿਸੇ ਦੇ ਭੁੱਲਣ ਤੇ ਹੱਸਦੇ ਵੀ। ਪਰ ਜਿਨ੍ਹਾਂ
ਦੀ ਵਾਰੀ ਅਗਲੇ ਦਿਨਾਂ ਵਿੱਚ ਆਉਣ ਵਾਲੀ ਹੁੰਦੀ ਉਹਨਾਂ ਦੇ ਸਾਹ ਸੁੱਕੇ ਰਹਿੰਦੇ ਤੇ ਆਪਣੀ
ਵਾਰੀ ਭੁਗਤਾਉਣ ਦਾ ਫ਼ਿਕਰ ਲੱਗਾ ਰਹਿੰਦਾ।
ਜਦੋਂ ਅੱਠਵੀਂ ਜਮਾਤ ਦੀ ਵਾਰੀ ਸ਼ੁਰੂ ਹੋਈ ਤਾਂ ਮੈਨੂੰ ਵੀ ਚਿੰਤਾ ਨੇ ਆ ਘੇਰਿਆ। ਪ੍ਰਾਇਮਰੀ
ਦਾ ਵਿਦਿਆਰਥੀ ਹੋਣ ਸਮੇਂ ਮੈਂ ਰੋਜ਼ ਸਵੇਰੇ ਪ੍ਰਾਰਥਨਾ ਵਿੱਚ ਕੋਈ ਨਾ ਕੋਈ ਨਵਾਂ ਲੇਖ ਯਾਦ
ਕਰਕੇ ਸੁਣਾਉਂਦਾ ਸਾਂ। ਇਹ ਵੀ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਹੀ ਹੁੰਦਾ ਸੀ। ਇੱਕ ਤਾਂ ਮੈਂ
ਦਿੱਤੀ ਚੀਜ਼ ਯਾਦ ਛੇਤੀ ਕਰ ਲੈਂਦਾ ਸਾਂ ਦੂਜਾ ਮੈਨੂੰ ਜ਼ਰੂਰ ਭਰੋਸੇ ਨਾਲ ਬੋਲਣ ਦਾ ਅਭਿਆਸ
ਹੋਵੇਗਾ ਤਦੇ ਹੀ ਤਾਂ ਇੱਕ ਵਾਰ ਸਾਡੇ ਅਧਿਆਪਕ ਇੰਦਰ ਸਿੰਘ ਨੇ ਮੇਰੇ ਬੋਲਣ ਤੇ ਖ਼ੁਸ਼ ਹੋ ਕੇ
ਦੂਜੇ ਅਧਿਆਪਕ ਨੂੰ ਕਿਹਾ ਸੀ, “ਇਹ ਮੁੰਡਾ ਜਿਵੇਂ ਬੋਲਦਾ ਹੈ, ਕਿਤੇ ਵੱਡਾ ਹੋ ਕੇ ਲੀਡਰ ਨਾ
ਬਣ ਜਾਂਦਾ ਜਾਵੇ!” ਤੀਜੀ ਜਮਾਤ ਵਿੱਚ ਸਾਂ ਜਦੋਂ ਸਕੂਲ ਇੰਸਪੈਕਟਰ ਸਕੂਲ ਦਾ ਨਿਰੀਖਣ ਕਰਨ
ਆਇਆ ਸੀ ਤਾਂ ਉਸ ਸਾਹਮਣੇ ਆਪਣੀ ਬੋਲਣ-ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਸਕੂਲ ਦੇ ਚੰਦ ਕੁ
ਬੱਚਿਆਂ ਵਿਚੋਂ ਮੈਂ ਵੀ ਸਾਂ। ਪਰ ਹਾਈ ਸਕੂਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਮੇਰੀ ਇਸ ਲੁਕੀ
ਯੋਗਤਾ ਨੂੰ ਕਿਸੇ ਹੁਲਾਰਾ ਨਹੀਂ ਸੀ ਦਿੱਤਾ ਤੇ ਮੇਰੇ ਅੰਦਰਲਾ ਬੇਧੜਕ ਬੁਲਾਰਾ ਕਿਧਰੇ ਸੌਂ
ਗਿਆ ਸੀ। ਇਸ ਲਈ ਹੁਣ ਸਟੇਜ ਦਾ ਖ਼ੌਫ਼ ਜਾਗ ਪੈਣਾ ਬੜਾ ਸੁਭਾਵਕ ਸੀ।
ਮੇਰਾ ਜਮਾਤੀ ਅਤਰ ਸਿੰਘ ਮੇਰਾ ਨੇੜਲਾ ਮਿੱਤਰ ਵੀ ਸੀ। ਸਾਡੇ ਰੋਲ ਨੰਬਰ ਵੀ ਨੇੜੇ-ਨੇੜੇ ਸਨ।
ਉਸਨੇ ਸੁਝਾਓ ਦਿੱਤਾ ਕਿ ਆਪਾਂ ਆਪਣੀ ਵਾਰੀ ਉੱਤੇ ਆਪ ਕਵਿਤਾ ਜੋੜ ਕੇ ਸੁਣਾਈਏ। ਮੈਨੂੰ ਇਹ
ਗੱਲ ਅਜੀਬ ਅਤੇ ਅਲੋਕਾਰ ਲੱਗੀ। ਆਪ ਕਵਿਤਾ ਲਿਖਣ ਬਾਰੇ ਤਾਂ ਮੈਂ ਅੱਜ ਤੱਕ ਸੋਚਿਆ ਹੀ ਨਹੀਂ
ਸੀ। ਉਂਜ ਅਤਰ ਸਿੰਘ ਦਾ ਸੁਝਾਓ ਰੁਮਾਂਚਿਤ ਕਰਨ ਵਾਲਾ ਸੀ। ਪਹਿਲੀ ਕਵਿਤਾ ਲਿਖਣ ਵਾਲਾ ਵੱਡਾ
ਆਗੂ ਰੋਲ ਵੀ ਅਤਰ ਸਿੰਘ ਨੇ ਹੀ ਨਿਭਾਇਆ। ਉਹ ਸਾਡੇ ਕਵੀਸ਼ਰੀ ਜਥੇ ਦਾ ਲੈਕਚਰ ਦੇਣ ਵਾਲਾ
‘ਜਥੇਦਾਰ’ ਵੀ ਬਣਿਆ। ਮੇਰੀ ਅਤੇ ਮਹਿੰਦਰ ਦੀ ਆਵਾਜ਼ ਚੰਗੀ ਸੀ। ਵਾਰੀ ਆਉਣ ਉੱਤੇ ਅਸੀਂ
ਡਰੇ-ਸਹਿਮੇ ਤਿੰਨੇ ਜਣੇ ਸਟੇਜ ਉੱਤੇ ਜਾ ਚੜ੍ਹੇ। ਅਤਰ ਸਿੰਘ ਨੇ ਛੋਟਾ ਜਿਹਾ ਲੈਕਚਰ ਝਾੜਿਆ,
“ਅਧਿਆਪਕ ਸਾਹਿਬਾਨ ਅਤੇ ਭਰਾਵੋ, ਅਸੀਂ ਜਿਹੜੀ ਕਵਿਤਾ ਸੁਨਾਉਣ ਲੱਗੇ ਹਾਂ ਇਹ ਸਾਡੀ ਆਪਣੀ
ਲਿਖੀ ਹੋਈ ਹੈ।” ਉਹਦਾ ਐਲਾਨ ਸੁਣ ਕੇ ਕੋਲ ਖਲੋਤੇ ਅਧਿਆਪਕਾਂ ਨੇ ਦਿਲਚਸਪੀ ਨਾਲ ਮੁਸਕਰਾ ਕੇ
ਸਾਡੇ ਵੱਲ ਵੇਖਿਆ।
“ਕਵਿਤਾ ਹੈ ਵੀ ਆਪਣੇ ਸਕੂਲ ਬਾਰੇ ਅਤੇ ਇੱਥੋਂ ਦੇ ਮਾਹੌਲ ਬਾਰੇ। ਇਸ ਵਿੱਚ ਕੁੱਝ
ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਵੀ ਜ਼ਿਕਰ ਹੈ। ਜੇ ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੇ
ਤਾਂ ਅਸੀਂ ਪਹਿਲਾਂ ਹੀ ਮੁਆਫ਼ੀ ਮੰਗ ਲੈਂਦੇ ਹਾਂ……”
ਅਤਰ ਸਿੰਘ ਨੇ ਭੂਮਿਕਾ ਬੰਨ੍ਹ ਕੇ ਚੰਗੀ ਉਤਸੁਕਤਾ ਪੈਦਾ ਕਰ ਦਿੱਤੀ ਸੀ। ਉਸਨੂੰ ਹੌਸਲੇ ਨਾਲ
ਬੋਲਦਿਆਂ ਵੇਖ ਕੇ ਅਸੀਂ ਵੀ ਪੈਰ ਜਮਾ ਲਏ। ਸਾਹਮਣੇ ਕਤਾਰਾਂ ਵਿੱਚ ਬੈਠੇ ਮੁੰਡੇ ਧੌਣਾਂ
ਚੁੱਕ ਚੁੱਕ ਕੇ ਸਾਡੇ ਵੱਲ ਵੇਖ ਰਹੇ ਸਨ।
ਅਤਰ ਸਿੰਘ ਨੇ ਲੈਕਚਰ ਖ਼ਤਮ ਕੀਤਾ ਅਤੇ ਮੈਂ ਅੱਗੇ ਲੱਗ ਕੇ ਕਵੀਸ਼ਰੀ ਦੇ ਅੰਦਾਜ਼ ਵਿੱਚ ਕਵਿਤਾ
ਗਾਉਣੀ ਸ਼ੁਰੂ ਕੀਤੀ। ਮੁਖੜਾ ਮੈਂ ਬੋਲਦਾ ਅਤੇ ਮਗਰਲੀ ਟੇਕ ਮਹਿੰਦਰ ਦੁਹਰਾਉਂਦਾ। ਆਪਣੇ ਪਿੰਡ
ਦੇ ਮਹੱਤਵ, ਖ਼ਾਸ ਖ਼ਾਸ ਥਾਵਾਂ, ਸਕੂਲ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਜ਼ਿਕਰ ਕਵਿਤਾ
ਵਿੱਚ ਸੁਣ ਕੇ ਸਭ ਸਰੋਤੇ ਗਦਗਦ ਭਾਵਾਂ ਨਾਲ ਮੁਸਕਰਾ ਰਹੇ ਸਨ ਅਤੇ ਸਾਡੀ ਇਸ ਪੇਸ਼ਕਾਰੀ ਨੂੰ
ਅਸਲੋਂ ਹੀ ਵੱਖਰੀ ਤੇ ਨਿਆਰੀ ਸਮਝ ਕੇ ਮਾਣ ਰਹੇ ਸਨ। ਕਵਿਤਾ ਮੁਕਾ ਕੇ ਅਸੀਂ ‘ਫ਼ਤਹਿ’ ਬੁਲਾਈ
ਤਾਂ ਸਾਰਾ ਮੈਦਾਨ ਤਾੜੀਆਂ ਦੀ ਗੜਗੜਾਹਟ ਨਾਲ ਗੂੰਜਣ ਲੱਗਾ। ਸਟੇਜ ਤੋਂ ਹੇਠਾਂ ਉੱਤਰੇ ਤਾਂ
ਵਾਰੀ ਵਾਰੀ ਸਾਰੇ ਮਾਸਟਰਾਂ ਨੇ ਅੱਗੇ ਵਧ ਕੇ ਸਾਨੂੰ ਸ਼ਾਬਾਸ਼ ਦਿੱਤੀ।
ਸਟੇਜ ਉੱਤੇ ਚੜ੍ਹਨ ਤੋਂ ਪਹਿਲਾਂ ਅਸੀਂ ਸਕੂਲ ਦੇ ਆਮ ਵਿਦਿਆਰਥੀ ਸਾਂ ਪਰ ਆਪਣੀ ਲਿਖੀ ਕਵਿਤਾ
ਦੀ ਪੇਸ਼ਕਾਰੀ ਦੀ ਕਰਾਮਾਤ ਸੀ ਕਿ ਸਟੇਜ ਤੋਂ ਉੱਤਰਦਿਆਂ ਹੀ ਅਸੀਂ ‘ਖ਼ਾਸ’ ਵਿਦਿਆਰਥੀ ਬਣ ਗਏ
ਸਾਂ। ਸਾਨੂੰ ਇਹ ਖ਼ਾਸ ਬਣ ਜਾਣਾ ਬਹੁਤ ਚੰਗਾ ਲੱਗਾ।
ਸਾਡੇ ਪਿੱਛੋਂ ਮਾਸਟਰ ਲਾਲ ਸਿੰਘ ਨੇ ਸਾਡੀ ਭਰਵੀਂ ਤਾਰੀਫ਼ ਕੀਤੀ। ਸਾਡੇ ਅੰਦਰ ਲੁਕੇ ਹੋਏ
ਵੱਡੇ ਅਤੇ ਸੰਭਾਵਨਾ ਪੂਰਨ ਕਵੀ/ਲੇਖਕ ਨੂੰ ਪਛਾਣਦਿਆਂ ਇਸ ਨੂੰ ਲਗਾਤਾਰ ਜ਼ਬਾਨ ਦਿੰਦੇ ਰਹਿਣ
ਲਈ ਕਿਹਾ।
ਉਤਸ਼ਾਹ ਦੇ ਹੁਲਾਰੇ ਨਾਲ ਮਸਤ ਅਸੀਂ ਤਿੰਨੇ ਛੁੱਟੀ ਹੁੰਦਿਆਂ ਹੀ ਖੇਤਾਂ ਵੱਲ ਨਿਕਲ ਗਏ।
ਅਸੀਂ ਇੱਕ ਆਖ਼ਰੀ ਟੇਕ ਮਿਥ ਲਈ, ਜਿਸ ਉੱਤੇ ਕਵਿਤਾ ਉਸਾਰਨੀ ਸੀ, ਫ਼ਿਰ ਅਸੀਂ ਉਸਦੇ ਤੁਕਾਂਤ
ਨਾਲ ਜੁੜਦੀਆਂ ਸਤਰਾਂ ਸੋਚਣੀਆਂ ਸ਼ੁਰੂ ਕਰ ਦਿੱਤੀਆਂ। ਜਿਸਦੀ ਜਿਹੜੀ ਸਤਰ ਵਧੇਰੇ ਢੁੱਕਵੀਂ
ਹੁੰਦੀ, ਉਸਨੂੰ ਕਵਿਤਾ ਵਿੱਚ ਜੋੜ ਲਿਆ ਜਾਂਦਾ। ਜੇ ਕੋਈ ਮਾੜਾ ਮੋਟਾ ਕਾਵਿਕ-ਨੁਕਸ ਨਜ਼ਰ
ਆਉਂਦਾ ਤਾਂ ਸਾਂਝੀ ਰਾਇ ਨਾਲ ਠੀਕ ਕਰ ਲਿਆ ਜਾਂਦਾ। ਕਵਿਤਾ ਦਾ ਮੀਟਰ ਤਾਂ ਗਿਆਨੀ ਨਿਰੰਜਣ
ਸਿੰਘ ਦੁਆਰਾ ਯਾਦ ਕਰਵਾਈਆਂ ਕਵਿਤਾਵਾਂ ਸਦਕਾ ਸਾਡੇ ਧੁਰ ਅੰਦਰ ਕਿਧਰੇ ਵੱਸਿਆ ਹੋਇਆ ਸੀ।
ਪਿੰਡ ਦੇ ਮੇਲਿਆਂ ‘ਤੇ ਗਾਈ ਜਾਣ ਵਾਲੀ ਕਵੀਸ਼ਰੀ ਦੀ ਸੁਰ ਅਤੇ ਲੈਅ ਵੀ ਸਾਡੇ ਕੋਲ ਸੀ। ਅਸੀਂ
ਸਤਰ ਨੂੰ ਗੁਣਗਣਾ ਕੇ ਵੀ ਵੇਖ ਲੈਂਦੇ। ਸ਼ਾਮ ਤੱਕ ਨਵੀਂ ਸਮੂਹਿਕ ਕਵਿਤਾ ਤਿਆਰ ਕਰ ਲਈ। ਅਗਲੇ
ਦਿਨ ਅਸੀਂ ਆਪ ਮੰਗ ਕੇ ਸਮਾਂ ਲਿਆ। ਇੱਕ ਹੋਰ ਨਵੀਂ ਕਵਿਤਾ ਸੁਣ ਕੇ ਸਭ ਨੇ ਸਾਡਾ ਸਿੱਕਾ
ਮੰਨ ਲਿਆ।
ਹੁਣ ਅਸੀਂ ਸਕੂਲ ਦਾ ਬੜਾ ਮਹੱਤਵਪੂਰਨ ਕਵੀਸ਼ਰੀ-ਜਥਾ ਸਾਂ। ਰੋਜ਼ ਅਸੀਂ ਸਮੂਹਕ ਤੌਰ ‘ਤੇ ਨਵੀਂ
ਕਵਿਤਾ ਲਿਖ ਕੇ ਲਿਆਉਂਦੇ ਅਤੇ ਬਾਲ-ਸਭਾ ਵਿੱਚ ਪੜ੍ਹਦੇ। ਸਕੂਲ ਦੀ ਸਟੇਜ ਉੱਤੇ ਸਾਡੀ
ਸਰਦਾਰੀ ਨਿਰਵਿਵਾਦ ਰੂਪ ਵਿੱਚ ਸਥਾਪਤ ਹੋ ਗਈ। ਇੱਥੋਂ ਉਤਸ਼ਾਹ ਲੈ ਕੇ ਸਾਡੇ ਸਾਥੀਆਂ ਨੇ
ਪਿੰਡ ਦੇ ਮੇਲੇ ਉੱਤੇ ਨਿਕਲਦੇ ਜਲੂਸ ਵਿੱਚ ਵੀ ਸਾਨੂੰ ਕਵਿਤਾਵਾਂ ਪੜ੍ਹਨ ਲਈ ਪ੍ਰੇਰ ਲਿਆ।
ਸਮੂਹਿਕ ਕਵਿਤਾ ਰਚਨ ਦੇ ਅਨੁਭਵ ਵਿੱਚੋਂ ਹੀ ਮੈਨੂੰ ਲੱਗਿਆ ਕਿ ਆਪਣੇ ਦੂਜੇ ਦੋਵਾਂ ਸਾਥੀਆਂ
ਨਾਲੋਂ ਮੇਰੇ ਵਿੱਚ ਕਵਿਤਾ ਜੋੜਨ ਦੀ ਕਲਾ ਕੁੱਝ ਵਧੇਰੇ ਹੈ। ਜਦੋਂ ਅਸੀਂ ਕਿਸੇ ਟੇਕ ਨੂੰ
ਆਧਾਰ ਬਣਾ ਕੇ ਉਸ ਨਾਲ ਜੁੜਦੀਆਂ ਸਤਰਾਂ ਸੋਚ ਰਹੇ ਹੁੰਦੇ ਤਾਂ ਮੈਨੂੰ ਵੱਡੀ ਗਿਣਤੀ ਵਿੱਚ
ਚੰਗੀਆਂ ਕਾਵਿਕ-ਸਤਰਾਂ ਸੁੱਝਣ ਲੱਗੀਆਂ। ਹੌਲੀ ਹੌਲੀ ਮੇਰੇ ਸਾਥੀ ਇਸ ਖੇਤਰ ਵਿੱਚ ਮੇਰੀ
ਸਰਦਾਰੀ ਮੰਨਣ ਲੱਗੇ। ਹੁਣ ਮੇਰੇ ਮਨ ਵਿੱਚ ਇਹ ਵੀ ਵਿਚਾਰ ਆਉਣ ਲੱਗਾ ਕਿ ਮੈਂ ਆਪ ਇਕੱਲਾ ਵੀ
ਕੋਈ ਕਵਿਤਾ ਲਿਖ ਸਕਦਾ ਹਾਂ। ਇਹ 1958-59 ਦਾ ਸਾਲ ਸੀ। ਉਹਨੀਂ ਦਿਨੀਂ ਪੰਜਾਬੀ ਸੂਬੇ ਦੀ
ਲਹਿਰ ਬੜੇ ਜ਼ੋਰਾਂ ਸ਼ੋਰਾਂ ਉੱਤੇ ਸੀ। ਅਖ਼ਬਾਰਾਂ ਵਿੱਚ ਇੱਕ ਕਾਲਮ ‘ਕਾਵਿ–ਫ਼ੁਲਵਾੜੀ’ ਛਪਦਾ
ਹੁੰਦਾ, ਜਿਸ ਵਿੱਚ ਟੇਕ ਜਾਂ ਸਮੱਿਸਆ ਵੱਜੋਂ ਆਖ਼ਰੀ ਸਤਰ ਦਿੱਤੀ ਹੁੰਦੀ ਤੇ ਵੱਖ-ਵੱਖ ਕਵੀ
ਹਰ ਹਫ਼ਤੇ ਉਸ ‘ਸਮੱਸਿਆ’ ਦੇ ਤੁਕਾਂਤ ਅਨੁਸਾਰ ਅੱਠ-ਅੱਠ ਦਸ-ਦਸ ਸਤਰਾਂ ਦੀ ਬੈਂਤ-ਨੁਮਾ
ਕਵਿਤਾ ਲਿਖ ਕੇ ਭੇਜਦੇ। ਮੈਂ ਵੀ ਇਸ ਕਾਵਿ-ਫ਼ੁਲਵਾੜੀ ਲਈ ‘ਸਮੱਸਿਆ-ਆਧਾਰਿਤ’ ਕਵਿਤਾ ਲਿਖਣ
ਦਾ ਮਨ ਬਣਾ ਲਿਆ। ਟੇਕ ਸੀ:
ਸੂਬਾ ਲੈਣਾ ਹੈ ਅਸਾਂ ਪੰਜਾਬੀਆਂ ਦਾ!
ਮੈਂ ਕੁੱਝ ਸਤਰਾਂ ਲਿਖ ਕੇ ਲਿਫ਼ਾਫ਼ੇ ਵਿੱਚ ਬੰਦ ਕਰ ਕੇ ‘ਸੰਪਾਦਕ ਦੇ ਨਾਂ’ ਪਾ ਦਿੱਤੀਆਂ।
ਮੈਨੂੰ ਇਹ ਆਸ ਹਰਗ਼ਿਜ਼ ਨਹੀਂ ਸੀ ਕਿ ਵੱਡੇ ਵੱਡੇ ਕਵੀਆਂ ਵਿੱਚ ਅੱਠਵੀਂ ‘ਚ ਪੜ੍ਹਦੇ ਇਸ
ਵਿਦਿਆਰਥੀ ਦੀ ਕਵਿਤਾ ਵੀ ਛਪ ਜਾਵੇਗੀ। ਇਹ ਛਪ ਗਈ ਤੇ ਇਸਦਾ ਪਤਾ ਵੀ ਮੈਨੂੰ ਬੜੇ ਦਿਲਚਸਪ
ਅੰਦਾਜ਼ ਵਿੱਚ ਲੱਗਾ। ਸਾਡੇ ਘਰ ਦੇ ਸੱਜੇ ਹੱਥ ਪਿੱਛੇ ਬਾਜ਼ਾਰ ਵਿੱਚ ਭਾਈ ਰਾਮ ਸਿੰਘ ਅਤੇ
ਮਿਹਰ ਸਿੰਘ ਦੀ ਸਾਈਕਲ ਮੁਰੰਮਤ ਕਰਨ ਤੇ ਲੱਕੜ ਦੇ ਕੰਮ ਦੀ ਜਿਹੜੀ ਦੁਕਾਨ ਸੀ ਓਥੇ ਭਾਈ ਰਾਮ
ਸਿੰਘ ਕੋਲ ਵੀ ਪੰਜਾਬੀ ਦੀ ਅਖ਼ਬਾਰ ਆਉਂਦੀ ਸੀ। ਬੈਠੇ ਹੋਏ ਪੰਜ-ਸੱਤ ਬੰਦਿਆਂ ਵਿਚੋਂ ਇੱਕ
ਜਣਾ ਅਖ਼ਬਾਰ ਪੜ੍ਹਦਾ ਅਤੇ ਦੂਜੇ ਲੋਕ ਕੋਲ ਬੈਠ ਕੇ ਖ਼ਬਰਾਂ ਸੁਣਦੇ। ਅਖ਼ਬਾਰ ਦਾ ਵਰਕਾ
ਉਥੱਲਦਿਆਂ ਪੜ੍ਹਨ ਵਾਲੇ ਦੀ ਨਜ਼ਰ ਅਚਨਚੇਤ ਕਾਵਿ-ਫ਼ੁਲਵਾੜੀ ਦੇ ਕਾਲਮ ਉੱਤੇ ਜਾ ਪਈ। ਓਥੇ
ਕਵਿਤਾ ਹੇਠਾਂ ਮੇਰਾ ਨਾਮ ਛਪਿਆ ਹੋਇਆ ਸੀ:
ਵਰਿਆਮ ਸਿੰਘ ਸੰਧੂ-ਸੁਰ ਸਿੰਘ
ਪੜ੍ਹਨ ਵਾਲੇ ਨੇ ਆਪਣੇ ਪਿੰਡ ਦਾ ਨਾਂ ਛਪਿਆ ਵੇਖ ਕੇ ਪੁੱਛਿਆ, “ਬਈ ਆਹ ਕੌਣ ਹੋਇਆ ਆਪਣੇ
ਪਿੰਡ ਦਾ ਵਰਿਆਮ ਸਿੰਘ ਸੰਧੂ…ਕਵਿਤਾ ਲਿਖਣ ਵਾਲਾ?”
ਸਾਰੇ ਸੋਚਣ ਲੱਗੇ। ਸਾਡੇ ਪਿੰਡ ਵਿੱਚ ਜਿੰਨੇ ਵਰਿਆਮ ਸਿੰਘ ਸਨ, ਉਹਨਾਂ ਬਾਰੇ ਜ਼ਿਕਰ ਛਿੜਿਆ।
‘ਮਾਣਾਂ ਦੀ ਪੱਤੀ’ ਵਾਲਾ ਵਰਿਆਮ ਕਬੱਡੀ ਦਾ ਖਿਡਾਰੀ ਸੀ, ਉਂਜ ਵੀ ਅਨਪੜ੍ਹ ਸੀ। ਉਸ ਤੋਂ
ਕਵਿਤਾ ਲਿਖਣ ਦੀ ਆਸ ਹੀ ਨਹੀਂ ਸੀ ਕੀਤੀ ਜਾ ਸਕਦੀ। ਜਾਤ ਦਾ ਵੀ ਢਿੱਲੋਂ ਸੀ। ਪੜ੍ਹਿਆ
ਲਿਖਿਆ ਸੀ ਵਰਿਆਮ ਸਿੰਘ ਥਾਣੇਦਾਰ- ਪਰ ਉਹਦਾ ਗੋਤ ਛੀਨਾ ਸੀ। ਪਿੰਡ ਵਿਚਲੇ ਸੰਧੂਆਂ ਦੇ
ਘਰਾਂ ਵੱਲ ਸਭ ਦੀ ਨਜ਼ਰ ਗਈ। ਕੋਈ ‘ਵਰਿਆਮ ਸਿੰਘ’ ਹੈ ਹੀ ਨਹੀਂ ਸੀ। ਇਹ ‘ਵਰਿਆਮ ਸਿੰਘ
ਸੰਧੂ’ ਸਭ ਲਈ ਬੁਝਾਰਤ ਬਣਿਆ ਹੋਇਆ ਸੀ!
ਇਸੇ ਸਮੇਂ ਮੈਂ ਸਕੂਲੋਂ ਪੜ੍ਹ ਕੇ ਘਰ ਪਰਤ ਰਿਹਾ ਸਾਂ। ਮੈਂ ਲਾਭ ਚੰਦ ਦੀ ਦੁਕਾਨ ਵਾਲੇ
ਆਪਣੇ ਘਰ ਨੂੰ ਮੁੜਦੇ ਮੋੜ ਤੋਂ ਮੁੜ ਰਿਹਾ ਸਾਂ ਕਿ ਭਾਈ ਰਾਮ ਸਿੰਘ ਦੀ ਨਜ਼ਰ ਮੇਰੇ ਉੱਤੇ ਪਈ
ਅਤੇ ਉਸਨੂੰ ਫ਼ੁਰਨਾ ਫ਼ੁਰਿਆ, “ਕਿਤੇ ਇਹ ਆਪਣੇ ਦੀਦਾਰ ਸੂੰਹ ਦਾ ਮੁੰਡਾ ਵਰਿਆਮ ਤਾਂ ਨਹੀਂ……”
“ਲੈ, ਰਹਿਣ ਦੇ ਰਾਮ ਸਿੰਅ੍ਹਾਂ……ਕਿਹੋ ਜਿਹੀਆਂ ਭੋਲੀਆਂ ਗੱਲਾਂ ਕਰਦੈਂ। ਕਿੱਥੇ ਕੱਲ੍ਹ ਦਾ
ਛੋਕਰਾ ਤੇ ਕਿੱਥੇ ਅਖ਼ਬਾਰ ਵਿੱਚ ਕਵਿਤਾ! ਉਹਨੂੰ ਨਿਆਣੇ ਨੂੰ ਕੀ ਪਤਾ…ਇਹੋ ਜਿਹੀਆਂ ਗੱਲਾਂ
ਦਾ!” ਅਖ਼ਬਾਰ ਪੜ੍ਹਨ ਵਾਲੇ ਬਜ਼ੁਰਗ ਨੇ ਉਹਦੀ ਗੱਲ ਨੂੰ ਮਖ਼ੌਲ ਵਿੱਚ ਉਡਾ ਦਿੱਤਾ। ਪਰ ਭਾਈ
ਰਾਮ ਸਿੰਘ ਨੇ ਸਕੂਲੋਂ ਘਰ ਨੂੰ ਤੁਰੇ ਜਾਂਦੇ ਮੇਰੇ ਇੱਕ ਜਮਾਤੀ ਨੂੰ ਮੇਰੇ ਪਿੱਛੇ ਦੌੜਾ
ਦਿੱਤਾ। ਉਸਨੇ ਮੈਨੂੰ ਘਰ ਦੇ ਬਾਹਰਲੇ ਦਰਵਾਜ਼ੇ ‘ਚ ਹੀ ਆ ਘੇਰਿਆ।
“ਤੈਨੂੰ ਬੰਦੇ ਸੱਦਦੇ ਨੇ……”
ਮੈਂ ਉਹਦੇ ਨਾਲ ਦੁਕਾਨ ਤੇ ਪੁੱਜਾ। ਭਾਈ ਰਾਮ ਸਿੰਘ ਨੇ ਅਖ਼ਬਾਰ ਉੱਤੇ ਮੇਰੇ ਨਾਂ ਵਾਲੇ ਥਾਂ
ਉੱਤੇ ਉਂਗਲ ਰੱਖੀ ਅਤੇ ਪੁੱਛਿਆ ਕਿ ਕੀ ਉਹ ਕਵਿਤਾ ਲਿਖਣ ਵਾਲਾ ਮੈਂ ਹੀ ਹਾਂ। ਆਪਣਾ ਨਾਮ
ਛਪਿਆ ਵੇਖ ਕੇ ਮੇਰੀਆਂ ਅੱਖਾਂ ਵਿੱਚ ਚਮਕ ਆ ਗਈ। ਮੈਂ ਮਾਣ ਵਿੱਚ ਭਰਕੇ ‘ਹਾਂ’ ਵਿੱਚ ਸਿਰ
ਹਿਲਾਇਆ ਤੇ ਸਭ ਦੇ ਚਿਹਰਿਆਂ ਵੱਲ ਵੇਖਿਆ। ਸਾਰਿਆਂ ਦੇ ਚਿਹਰਿਆਂ ਉੱਤੇ ਖ਼ੁਸ਼ੀ ਭਰੀ ਹੈਰਾਨੀ
ਦੀ ਲਿਸ਼ਕ ਸੀ।
“ਮੈਂ ਤੁਹਾਨੂੰ ਆਖ਼ਦਾ ਨਹੀਂ ਸਾਂ……” ਭਾਈ ਰਾਮ ਸਿੰਘ ਦੇ ਬੋਲਾਂ ‘ਚੋਂ ਅਮਰੀਕਾ ਲੱਭਣ ਵਰਗੀ
ਖ਼ੁਸ਼ੀ ਬੋਲ ਰਹੀ ਸੀ।
“ਬੱਲੇ ਓਏ ਜਵਾਨਾਂ! ਨਹੀਂ ਓਏ ਰੀਸਾਂ ਤੇਰੀਆਂ” ਜਿਹੜੇ ਬਜ਼ੁਰਗ ਦੇ ਪਹਿਲਾਂ ਮੰਨਣ ਵਿੱਚ
ਨਹੀਂ ਸੀ ਆ ਰਿਹਾ, ਉਸ ਨੇ ਸਟੂਲ ਤੋਂ ਉੱਠ ਕੇ ਮੈਨੂੰ ਆਪਣੇ ਗਲ ਨਾਲ ਲਾ ਲਿਆ ਅਤੇ ਫਿਰ
ਜੱਫੀ ਵਿੱਚ ਲੈ ਕੇ ਜ਼ਮੀਨ ਤੋਂ ਉੱਚਾ ਚੁੱਕ ਦਿੱਤਾ। ਮਾਣ ਵਿੱਚ ਚੌੜੇ ਹੁੰਦਿਆਂ ਉਸਨੇ ਆਖਿਆ,
“ਪੁੱਤਰਾ! ਨਾਂ ਕੱਢ ਦੇ ਆਪਣੇ ਪਿੰਡ ਦਾ ਤਕੜਾ ਹੋ ਕੇ……”
ਮੈਂ ਜਦੋਂ ਉਹਨਾਂ ਬਜ਼ੁਰਗਾਂ ਦੀ ਟੋਲੀ ਵਿੱਚੋਂ ਵਾਪਸ ਪਰਤ ਰਿਹਾ ਸਾਂ ਤਾਂ ਮੇਰੇ ਪੈਰ ਧਰਤੀ
ਉੱਤੇ ਨਹੀਂ ਸਨ ਲੱਗਦੇ। ਕੀ ਮੈਂ ਸੱਚ-ਮੁੱਚ ਕੁੱਝ ਅਜਿਹਾ ‘ਵਿਸ਼ੇਸ਼’ ਕੰਮ ਕਰ ਕੇ ਵਿਖਾ
ਦਿੱਤਾ ਸੀ ਕਿ ਗੁਰਦੁਆਰੇ ਦਾ ਮੰਨਿਆ ਕਥਾਕਾਰ ਰਾਮ ਸਿੰਘ ਜਿਸਨੂੰ ਹਮੇਸ਼ਾਂ ਹੀ ਮੈਂ ਬਹੁਤ
ਆਦਰ ਅਤੇ ਸ਼ਰਧਾ ਵਾਲੇ ਉੱਚੇ ਥਾਂ ‘ਤੇ ਰੱਖਿਆ ਸੀ, ਮੇਰੇ ਇਸ ਕਾਰਜ ਨੂੰ ਫ਼ਖ਼ਰਯੋਗ ਸਮਝ ਰਿਹਾ
ਸੀ। ਕੀ ਮੈਂ ਕਵਿਤਾ ਲਿਖ ਕੇ ਸੱਚਮੁੱਚ ਅਜਿਹਾ ਬੰਦਾ ਬਣਨ ਵੱਲ ਵਧ ਰਿਹਾ ਸਾਂ ਜਿਸ ਕੋਲੋਂ
ਪਿੰਡ ਦੇ ਬਜ਼ੁਰਗਾਂ ਨੂੰ, ਜਿਨ੍ਹਾਂ ਵਿਚੋਂ ਕਈ ਮੇਰੇ ਪਿਤਾ ਦੀ ਉਮਰ ਤੋਂ ਵੀ ਵੱਡੇ ਸਨ;
ਪਿੰਡ ਦਾ ਨਾਂ ਉੱਚਾ ਚੁੱਕ ਸਕਣ ਦੀ ਸਮਰੱਥਾ ਅਤੇ ਸੰਭਾਵਨਾ ਨਜ਼ਰ ਆ ਗਈ ਸੀ।
ਕੁਝ ਵੀ ਹੋਵੇ ਮੈਨੂੰ ਇਹ ਅਹਿਸਾਸ ਜ਼ਰੂਰ ਹੋ ਗਿਆ ਕਿ ਲੇਖਕ ਹੋਣਾ ਆਮ ਬੰਦਿਆਂ ਤੋਂ ਵੱਖਰੇ,
ਵਿਸ਼ੇਸ਼ ਅਤੇ ‘ਵੱਡੇ’ ਹੋਣਾ ਹੁੰਦਾ ਹੈ। ਵੱਖਰਾ ਅਤੇ ਵਿਸ਼ੇਸ਼ ਬਣਨ ਦੀ ਰੀਝ ਕਿਧਰੇ ਮੇਰੇ ਅਚੇਤ
ਵਿੱਚ ਵੱਸ ਗਈ।
-0-
|