Welcome to Seerat.ca
Welcome to Seerat.ca

ਗੁਫ਼ਾ ਵਿਚਲੀ ਉਡਾਣ

 

- ਵਰਿਆਮ ਸਿੰਘ ਸੰਧੂ

ਕੀ ਸਿਸਕੀਆਂ ਕੀ ਚੀਕਾਂ

 

- ਜਗਜੀਤ

ਨ੍ਹਾਮਾ ਫਾਂਸੀਵਾਲ਼ਾ

 

- ਅਮਰਜੀਤ ਚੰਦਨ

ਮੇਰਾ ਚਹੇਤਾ ਅਧਿਆਪਕ - ਡਾ. ਕੇਸਰ ਸਿੰਘ ਕੇਸਰ

 

- ਬਲਦੇਵ ਸਿੰਘ ਧਾਲੀਵਾਲ

ਪੰਜਾਬੀ ਦੇ ਪੋਰਸ ਸੁਖਬੀਰ ਅਤੇ ਬੰਬਈ ਦੇ ਲੇਖਕਾਂ ਸੰਗ ਯਾਦਗਾਰੀ ਪਲ

 

- ਸੰਤੋਖ ਸਿੰਘ ਸੰਤੋਖ

ਸੁਰਿੰਦਰ ਨੀਰ ਦੇ ਮਹਾਂਕਾਵਿਕ ਨਾਵਲ ‘ਮਾਇਆ‘ ਨੂੰ ਪੜ੍ਹਦਿਆਂ, ਵਿਚਾਰਦਿਆਂਔਰਤ ਦੀ ਤਾਕਤ

 

- ਗੁਰਦਿਆਲ ਸਿੰਘ ਬੱਲ

ਟੇਢਾ ਰੰਗ / ਚੋਣ ਸਮੱਗਰੀ ਦੀ ਹੱਟੀ

 

- ਗੁਰਦੇਵ ਚੌਹਾਨ

ਗੈਬਰੌਨ ਦੀ ਯਾਤਰਾ

 

- ਗਿਆਨੀ ਸੰਤੋਖ ਸਿੰਘ

ਮਾਂ ਦਾ ਦੇਸ ਕਿ ਪ੍ਰਦੇਸ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਗਰੀਡੀ ਡੌਗ

 

- ਹਰਪ੍ਰੀਤ ਸੇਖਾ

ਬਾਬਾ ਬੂਝਾ ਸਿੰਘ

 

- ਅਜਮੇਰ ਸਿੱਧੂ

ਬਲੂ ਸਟਾਰ ਓਪ੍ਰੇਸ਼ਨ ਦੀ ਵਰ੍ਹੇ ਗੰਢ ਤੇ

 

- ਗੁਲਸ਼ਨ ਦਿਆਲ

ਸਾਹਿਤਕ ਸਵੈ-ਜੀਵਨੀ/ਪਹਿਲੀ ਸ਼ਾਬਾਸ਼

 

- ਵਰਿਆਮ ਸਿੰਘ ਸੰਧੂ

ਵਗਦੀ ਏ ਰਾਵੀ/ਸਾਂਝ ਤੇ ਵਿਰੋਧ ਦੀ ਦੋ-ਰੰਗੀ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਵਲੈਤ ਵਿੱਚ ਪੰਜਾਬ ਲਈ ਕੁਝ ਹੰਝੂ

 

- ਦਰਸ਼ਨ ਸਿੰਘ

ਅੱਤ ਖ਼ੁਦਾ ਦਾ ਵੈਰ

 

- ਸੁਖਦੇਵ ਸਿੱਧੂ

ਸਰਬਜੀਤ ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ..........!

 

- ਮਨਦੀਪ ਖੁਰਮੀ ਹਿੰਮਤਪੁਰਾ

ਮਿੰਨੀ ਕਹਾਣੀ/ ਦੂਹਰਾ ਝਾੜੂ....

 

- ਰਵੀ ਸੱਚਦੇਵਾ

ਕੀ ਸ਼ੇਰਾਂ ਨੂੰ ਵੀ ਏਡਜ਼ ਹੁੰਦੀ ਹੈ?

 

- ਬਰਜਿੰਦਰ ਗੁਲਾਟੀ

ਯਾਦਾਂ ਦੇ ਬਾਲ-ਝਰੋਖੇ ‘ਚੋਂ / ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨਦੀਪ ਸੰਧੂ

ਪਹਿਲੀ ਗੈਰ ਮਜ਼ਹਬੀ ਅਤੇ ਗੈਰ ਫ਼ਿਰਕੂ ਜਥੇਬੰਦ ਕੌਮੀ ਇਨਕਲਾਬੀ ਲਹਿਰ

 

- ਜਗਜੀਤ ਸਿੰਘ

ਪੁਸਤਿਕ ਰਵਿਊ / ਵਲੈਤ ਨੂੰ 82 ਚਿੱਠੀਆਂ ਅਤੇ ਕਾਵਿ ਸੰਗ੍ਰਹਿ ਦੂਜਾ ਜਨਮ

 

- ਦੇਵਿੰਦਰ ਨੌਰਾ

The Faith and Political Ideologies of Maulana Barkatullah Bhopali

 

- Mohammed Ayub Khan

ਨਿੱਕੀਆਂ ਵੱਡੀਆਂ ਧਰਤੀਆਂ

 

- ਇਕਬਾਲ ਰਾਮੂਵਾਲੀਆ

 

Online Punjabi Magazine Seerat


ਅੱਤ ਖ਼ੁਦਾ ਦਾ ਵੈਰ
- ਸੁਖਦੇਵ ਸਿੱਧੂ

 

ਦਰਸ਼ਨ ਸਿੰਘ ਤਾਤਲਾ ਜੀ ਦੀਆਂ ਪਰੂੰ 2 ਅਕਤੂਬਰ ਤੋਂ ਲੈ ਕੇ 6 ਅਕਤੂਬਰ ਤੀਕ ਮੈਨੂੰ ਤਾਬੜਤੋੜ ਈਮੇਲਾਂ ਆਈਆਂ ਪਰ ਕੰਮ ਦੇ ਗਾੜ੍ਹ ਚ ਮੈਥੋਂ ਜੁਆਬ ਮੁੜਦੀ ਡਾਕੇ ਨਾ ਦੇ ਹੋ ਸਕਿਆ। ਪਹਿਲੀ ਈਮੇਲ ਚ ਮਿਹਣੇ ਮਾਰੇ ਗਏ ਸੀ ਕਿ “ਤੈਂ ਇਹ ਲਿਖਕੇ ਚੰਗਾ ਨਹੀਂ ਕੀਤਾ; ਇਹ ਗੱਲ ਢਕੀ ਹੀ ਰਹਿੰਦੀ ਤਾਂ ਚੰਗਾ ਸੀ,…ਇਹਦੇ ਚ ਮੇਰਾ ਮਾਰਕਸੀ ਤਰਕ ਦਾ ਮਸਾਲਾ ਝੂਠਾ ਹੈ…ਤੇ ਇਨ੍ਹਾਂ ਦੀ ਯਾਦ ਮੇਰੇ ਨਾਲੋਂ ਫ਼ਰਕ ਵਾਲੀ ਹੈ… ਸਿੱਖ ਨੌਜਵਾਨਾਂ ਦੇ ਰੋਹ ਦੀ ਲਹਿਰ ਨੂੰ ਇਸ ਤਰ੍ਹਾਂ ਬਿਆਨ ਕਰਨਾ ਠੀਕ ਨਹੀਂ”…ਵਗ਼ੈਰਾ ਵਗ਼ੈਰਾ ਤੇ ਇਹ ਕਿ ਮੈਨੂੰ ਅਪਣੀ ਇਸ ਪਹੁੰਚ ’ਤੇ ਦੁਬਾਰਾ ਗ਼ੌਰ ਕਰਨੀ ਚਾਹੀਦੀ ਹੈ। ਦੂਜੀ ਈਮੇਲ ਚ ਇਨ੍ਹਾਂ ਨੇ ਅਪਣਾ ਲਿਖਿਆ ਜੁਆਬ (ਲੇਖ) ਮੈਨੂੰ ਘੱਲਿਆ ਸੀ; ਨਾਲੇ ਇਹਦੇ ਬਾਰੇ ਮੇਰੀ “ਬੇਲਾਗ ਤੇ ਸਾਫ਼-ਸਾਫ਼” ਰਾਏ ਵੀ ਪੁੱਛੀ ਸੀ। ਮੈਂ ਰਤਾ ਕੁ ਹੈਰਾਨ ਸਾਂ ਕਿ ਤਾਤਲੇ ਸਾਹਿਬ ਦਾ ਜੁਆਬ ਚ ਲਿਖਿਆ ਲੇਖ ਤਾਂ ਮੇਰੇ ਲੇਖ ਨਾਲੋਂ ਵੀ ਵੱਡਾ ਸੀ। ਮੈਂ ਦਿਆਨਤਦਾਰੀ ਨਾਲ ਦੱਸਿਆ ਕਿ ਮੈਨੂੰ ਇਨ੍ਹਾਂ ਦਾ ਜੁਆਬ ਖਿੱਝ ਤੇ ਕਾਹਲੀ ਚ ਲਿਖਿਆ ਹੋਇਆ ਲੱਗਿਆ। ਜੇ ਠਰੰ੍ਹਮੇ ਨਾਲ ਲਿਖਿਆ ਹੁੰਦਾ, ਤਾਂ ਗੱਲ ਸਾਰਥਿਕ ਵੀ ਹੋ ਸਕਦੀ ਸੀ। ਈਮੇਲਾਂ ਦੇ ਆਦਲੇ-ਤਬਾਦਲੇ ਦੇ ਅਖ਼ੀਰ ਚ ਤਾਤਲੇ ਸਾਹਿਬ ਨੇ ਕਿਹਾ: “ਤੇਰੀ ਗੱਲ ਠੀਕ ਹੈ; ਮੈਂ ਲੇਖ ਨੂੰ ਦੁਬਾਰਾ ਪੜ੍ਹਿਆ ਹੈ ਅਤੇ ਸੋਚਿਆ ਹੈ ਕਿ ਇਹ ਲੇਖ ਨਹੀਂ ਛਪਣਾ ਚਾਹੀਦਾ। ਮੈਂ ਤੇਰੇ ਨਾਲ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਤੇ ਬੇਸੁਆਦੀ ਨਹੀਂ ਚਾਹੁੰਦਾ ਅਤੇ ਮੈਂ ਇਹ ਲੇਖ ਨਹੀਂ ਛਪਵਾਵਾਂਗਾ; ਜਾਂ ਤਾਂ ਕੋਈ ਛੋਟਾ ਜਿਹਾ ਨੋਟ ਲਿਖ ਦੇਵਾਂਗਾ ਜਾਂ ਚੁੱਪ ਹੀ ਰਵ੍ਹਾਂਗਾ; ਇਹਨੂੰ ਹੋਈ ਬੀਤੀ ਜਾਣ ਕੇ ਭੁਲਾ ਦਿਆਂਗਾ ਤੇ ਤੂੰ ਵੀ ਭੁਲਾ ਦੇਹ। ਇਸ ਮਸਲੇ ਬਾਰੇ ਅਪਣੀ ਰਾਏ ਵੱਖਰੀ ਹੈ ਤੇ ਜਦ ਕਦੇ ਤੂੰ ਆਇਆ ਤਾਂ ਆਪਾਂ ਇਹਦੇ ਬਾਰੇ ਮਿਲ-ਬੈਠ ਕੇ ਗੱਲ ਕਰ ਸਕਦੇ ਹਾਂ। ਅਸਲ ਗੱਲ ਇਹ ਸੀ ਕਿ ਮੈਂ ਇਹ ਲੇਖ ਕਿਸੇ ਨੂੰ ਨਾਰਾਜ਼ ਕਰਨ ਲਈ ਨਹੀਂ ਸੀ ਲਿਖਿਆ; ਉਸ ਵੇਲੇ ਦੀਆਂ ਮੁਸ਼ਕਿਲਾਂ ਦੇ ਹਵਾਲੇ ਦੇ ਕੇ ਕਾਲੇ ਤੇ ਏਸ਼ੀਆਈ ਲੋਕਾਂ ਦੀ ਵਲੈਤ ਚ ਜੱਦੋਜਹਿਦ ਨੂੰ ਹੋਏ ਨੁਕਸਾਨ ਦੀ ਗੱਲ ਹੀ ਉਭਾਰੀ ਸੀ।
ਫਿਰ ਅਗਲੀ ਈਮੇਲ ਮੈਨੂੰ 23 ਮਾਰਚ 2013 ਨੂੰ ਮਿਲ਼ਦੀ ਹੈ, ਜਿਸ ਵਿਚ ਤਾਤਲਾ ਸਾਹਿਬ ਲਿਖਦੇ ਨੇ ਕਿ “ਮੇਰਾ ਜੁਆਬੀ-ਲੇਖ ਫ਼ਿਲਹਾਲ ਚ ਛਪ ਜਾਣਾ ਸੰਭਵ ਹੈ (ਅਸਲ ਚ ਇਹ ਉਦੋਂ ਛਪ ਵੀ ਚੁੱਕਾ ਸੀ ਤੇ ਇਹਦੇ ਛਪਣ ਦਾ ਮੈਨੂੰ ਪੰਜਾਬ ਚੋਂ ਪਹਿਲਾਂ ਹੀ ਪਤਾ ਵੀ ਲੱਗ ਗਿਆ ਸੀ) ਅਫ਼ਸੋਸ ਹੈ ਕਿ ਮੈਨੂੰ ਅਪਣਾ ਦਿੱਤਾ ਵਚਨ ਤੋੜਨਾ ਪਿਆ। ਮੈਨੂੰ ਇਸ ਦਾ ਅਫ਼ਸੋਸ ਹੈ। ਪਰ ਪਰ ਜਦ ਤੈਂ ਵੀ ਇਹ ਲੇਖ ਵਤਨ ਚ ਛਪਾ ਲਿਆ ਤੇ ਮੈਨੂੰ ਵੀ ਫਿਲਹਾਲ ਚ ਛਪਾਉਣ ਦੀ ਇਜਾਜ਼ਤ ਦੇਣੀ ਪਈ। ਸਾਡੇ ਪੰਜਾਬੀ ਵਿਚਾਰ-ਵਟਾਂਦਰੇ ਏਦਾਂ ਹੀ ਕਰਦੇ ਹੁੰਦੇ ਨੇ।” ਇਹ ਹੈ ਮੇਰੇ ਲੇਖ ਦੇ ਜੁਆਬ ਚ ਤਾਤਲੇ ਸਾਹਿਬ ਦੇ ਲੇਖ ਦਾ ਪਿਛੋਕੜ।
ਲੇਖ ਬਾਰੇ ਤਾਤਲੇ ਜੀ ਨੇ ਮੁੱਖ ਤੌਰ ਤੇ ਦੋ ਹੀ ਮੁੱਦੇ ਉਠਾਏ। ਪਰ ਪ੍ਰਧਾਨ ਸੁਰ ਜਜ਼ਬਾਤੀ ਹੀ ਰੱਖੀ ਹੈ; ਇਸੇ ਨੂੰ ਦੁਹਰਾ ਕੇ ਜਜ਼ਬਾਤੀ ਬਲੈਕਮੇਲ ਕਰਨ ਦੀ ਕੋਸ਼ਿਸ਼ ਜਾਂ ਤਾਹਨੇ-ਮਿਹਣੇ ਦੇਣ ਦੀ ਬਹੁਲਤਾ ਹੈ। ਇਕ–ਦੋ ਥਾਂਈ ਸੰਦਰਭ ਤੋਂ ਬਾਹਰ ਦੀਆਂ ਗੱਲਾਂ ਕੀਤੀਆਂ ਨੇ; ਕੁਝ ਗਲਤ ਬਿਆਨੀਆਂ ਵੀ। ਲੇਖ ਬਾਰੇ ਉਨ੍ਹਾਂ ਦੀ ਅਪਣੀ ਵਿਚਾਰਧਾਰਕ ਉਲਟ ਰਾਏ ਹੈ, ਜਿਸਦੇ ਉਹ ਪੂਰਨ ਤੌਰ ਤੇ ਹੱਕਦਾਰ ਨੇ। ਪਰ ਜੁਆਬੀ ਲੇਖ ਚ ਬਾਬੇ ਨਾਨਕ ਦੀ ਤੋਰੀ ਲੀਹ ਤੇ ਉਲਟ ਤਰਕ-ਦਲੀਲ ਦੇ ਚਮਕਾਰੇ ਗੁੰਮ-ਸੁੰਮ ਨੇ।
ਤਾਤਲਾ ਸਾਹਿਬ ਦੋ ਸ਼ਬਦਾਂ - ਦਹਿਸ਼ਤਗਰਦੀ ਅਤੇ ਖ਼ਾਲਿਸਤਾਨੀ - ’ਤੇ ਬਹੁਤੇ ਨਾਖ਼ੁਸ਼ ਨੇ, ਕਿ ਇਹ ਠੀਕ ਨਹੀਂ ਤੇ ਮੈਨੂੰ ਇਹਦੇ ’ਤੇ ਦੁਬਾਰਾ ਗ਼ੌਰ ਕਰਨ ਦੀ ਲੋੜ ਹੈ। ਪਰ ਇਹ ਚਾਨਣਾ ਨਹੀਂ ਪਾਉਂਦੇ ਕਿ ਠੀਕ ਕਿਓਂ ਨਹੀਂ। ਇਹ ਮਦਦਗ਼ਾਰ ਹੋ ਜਾਣਾ ਸੀ ਜੇ ਇਹਦੇ ਮਤਲਬ ਸਮਝਾ ਕੇ ਗੱਲ ਕਰ ਲੈਂਦੇ ਤੇ ਨਾਲ ਹੀ ਸਮਝਾਉਂਦੇ ਕਿ ਉਹ ਮਤਲਬ ਲਾਗੂ ਕਿਉਂ ਨਹੀਂ ਸੀ ਹੁੰਦਾ। ਪਰ ਜੁਆਬੀ ਬਿਆਨ ਚ ਇਹ ਜ਼ਰੂਰ ਦਸਦੇ ਨੇ ਕਿ ਇਨ੍ਹਾਂ ਨੂੰ ਕਾਮਰੇਡ ਗੁਰਦੁਆਰੇ ਦੇ ਲਾਗੇ ਪੇਪਰ ਵੰਡਦੇ ਬੁਰੇ ਲੱਗੇ ਸੀ ਤੇ ਉਨ੍ਹਾਂ ਨੂੰ ਰੋਕਿਆ ਸੀ ਤੇ ਫਿਰ ਹੋਰਨਾਂ ਨੂੰ ਇਕੱਠਿਆਂ ਕਰਕੇ ਨਾਲ਼ ਤੋਰ ਲਿਆ ਤੇ ਕਾਮਰੇਡਾਂ ਨੂੰ ਧੱਕ ਕੇ ਪਰ੍ਹੇ ਲੈ ਗਏ ਸੀ (ਅਸਲ ਚ ਇਨ੍ਹਾਂ ਨੇ ਕਿਸੇ ਦੇ ਸੱਟਾਂ ਵੀ ਮਾਰੀਆਂ ਸੀ ਤੇ ਉਂਝ ਵੀ ਇਨ੍ਹਾਂ ਦੇ ਨਾਲ਼ਦੇ ਉਨ੍ਹਾਂ ਦਿਨਾਂ ਚ ਕੱਲੇ ਕਹਿਰੇ ਨੂੰ ਵੀ ਪੈਂਦੇ ਸੀ, ਘਰਾਂ ਚ ਖ਼ੂਨ ਦੀਆਂ ਬੋਤਲਾਂ ਵੀ ਸੁੱਟਦੇ ਸੀ। ਟੈਲੀਫ਼ੋਨਾਂ ’ਤੇ ਵੀ ਡਰਾਉਂਦੇ ਧਮਕਾਉਂਦੇ ਸੀ)। ਫਿਰ ਅੱਗੇ ਜਾ ਕੇ ਦਸਦੇ ਨੇ ਕਿ ਹੋਰਾਂ ਨਾਲ ਇਹ ਆਪ ਵੀ ਕਾਮਰੇਡਾਂ ਦੇ ਸਮਰਫ਼ੀਲਡ ਸਕੂਲ ਵਾਲੇ ਜਲਸੇ ਚ ਗਏ ਸੀ ਤੇ ਓਥੇ ਬੋਲਦੇ ਲੀਡਰਾਂ ਨੂੰ ਸੁਆਲ ਪੁੱਛੇ ਸੀ (ਪਰ ਇਹ ਵੀ ਨਹੀਂ ਦੱਸਦੇ ਕਿ ਭਾਸ਼ਨਾਂ ਦੌਰਾਨ ਇਨ੍ਹਾਂ ਦੇ ਨਾਲ-ਦਿਆਂ ਨੇ ਮਾਈਕ ਖੋਹਣ ਤੀਕ ਦੀ ਕੋਸਿਸ਼ ਕੀਤੀ ਸੀ ਤੇ ਕੁਰਸੀਆਂ ਚੱਕ-ਚੱਕ ਸੁੱਟਣੀਆਂ ਸ਼ੁਰੂ ਕੀਤੀਆਂ ਸੀ) ਤੇ ਮਗਰੋਂ ਜੋ ਕੁਝ ਹੋਇਆ ਇਸੇ ਦਾ ਨਤੀਜਾ ਸੀ। ਹੁਣ ਤੁਸੀਂ ਦੇਖੋ, ਗੁਰਦੁਆਰੇ ਦੇ ਲਾਗੇ ਇਨ੍ਹਾਂ ਨੂੰ ਲਲਕਾਰ ਜਾਂ ਪੈਂਫਲੈਟ ਵੰਡਣ ਤੇ ਇਤਰਾਜ਼ ਸੀ ਅਤੇ ਇਹ ਰੋਕਦੇ ਸੀ। ਪਰ ਕਿਸੇ ਹੋਰ ਦੀ, ਕਾਮਰੇਡ ਚੰਨਣ ਸਿੰਘ ਧੂਤ (ਜਿਸਨੂੰ ਖ਼ਾਲਿਸਤਾਨੀ ਦਹਿਸ਼ਤਗਰਦਾਂ ਨੇ ਕਤਲ ਕੀਤਾ ਸੀ) ਨੂੰ ਸ਼ਰਧਾਂਜਲੀ ਦੇ ਇਕੱਠ ਨੂੰ ਭੰਗ ਕਰਨਾ ਵੀ ਅਪਣਾ ਜਨਮ-ਸਿੱਧ ਅਧਿਕਾਰ ਸਮਝਦੇ ਸੀ – ਦੂਸਰੇ ਦੇ ਘਰ ਜਾ ਕੇ। ਇਹ ਦੋਵੇਂ ਗੱਲਾਂ (ਰੰਜ ਵੀ ਤੇ ਹਿੱਕ ਧੱਕਾ ਵੀ) ਇਕੋ ਵੇਲੇ, ਕਿਹੜੇ ਹਿਸਾਬ ਨਾਲ਼ ਠੀਕ ਹੋ ਗਈਆਂ। ਇਕ ਤਾਂ ਨਿਹੱਕ ਬੰਦਾ ਮਾਰਿਆ ਤੇ ਉੱਤੋਂ "ਧੂਤ ਬਣਾਇਆ ਭੂਤ" ਵਗੈਰਾ ਹੋਰ ਨਾਹਰੇ ਮਾਰਕੇ ਹੇਠੀ ਕੀਤੀ ਤੇ ਕਤਲ ਦਾ ਜਸ਼ਨ ਮਨਾਇਆ ਤੇ ਉਹਦਾ ਸ਼ੋਕ ਵੀ ਨਹੀਂ ਕਰਨ ਦੇਣਾ ਚਾਹੁੰਦੇ; ਭਲਾ ਇਹ ਕਰਮ ਕਰਕੇ ਕਿਹੜੀ ਸਿੱਖ ਵਿਚਾਰਧਾਰਾ ਦੀ ਉਮਦਗੀ ਵਧਾ ਰਹੇ ਸੀ। ਫਿਰ ਇਨ੍ਹਾਂ ਨੇ ਹਾਲ ਦੇ ਬਾਹਰ ਤੇ ਮਗਰੋਂ ਅੰਦਰ ਆ ਕੇ ਵੀ ਏਹੋ ਨਾਹਰੇ ਮਾਰੇ ਸੀ। ਜਿਨ੍ਹਾਂ ਨੂੰ ਤਾਤਲਾ ਸਾਹਿਬ ਚਟਕਾਰੇ ਲੈ-ਲੈ ਕੇ ਲਿਖੀਆਂ ਗੱਲਾਂ ਦਸਦੇ ਨੇ, ਉਹ ਅਸਲੀ ਨੇ ਤੇ ਇਹ ਸਮੁੱਚੇ ਪੰਜਾਬੀ ਭਾਈਚਾਰੇ ਲਈ ਕੋਈ ਮਾਣ ਵਾਲੀਆਂ ਵੀ ਨਹੀਂ – ਨਾ ਉਦੋਂ ਨਾ ਹੁਣ ਤੇ ਨਾ ‘ਗਾਂਹ ਨੂੰ ਹੋਣਗੀਆਂ। ਤੇ ਫਿਰ ਇਸ ਸੱਭ ਕੁਝ ਦੇ ਬਾਵਜੂਦ ਵੀ ਤਾਤਲਾ ਸਾਹਿਬ ਮਿਹਣਾ ਮਾਰ ਦਿੰਦੇ ਨੇ ਕਿ ਇਨ੍ਹਾਂ ਨੇ ਹੀ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ…ਅਜੇਹਾ ਤਰਕ ਵਿਗਿਆਨ ਮੇਰੀ ਸਮਝੋਂ ਵੱਡਾ ਹੈ। ਪਰ ਮੇਰਾ ਪਾਇਆ ਵੱਡਾ ਸੁਆਲ ਤਾਂ ਅਜੇ ਵੀ ਉਵੇਂ ਖੜਾ ਹੈ; ਐਨਾ ਘਾਣ ਕਰਵਾ ਕੇ ਖੱਟਿਆ ਕੀ?
ਪ੍ਰੀਤ-ਮਿਲਣੀਆਂ ਦਾ ਸੁਭਾਅ ਤਾਂ ਚਾਅ-ਮਲਾਰ੍ਹ, ਖੁਸ਼ੀ, ਪਿਆਰ-ਲਗਾਅ ਤੇ ਉਮਾਹ ਵਾਲ਼ਾ ਹੁੰਦਾ ਹੈ। ਫਰਿਆਦ ਦਾ ਵੀ ਹਲੀਮੀ ਨਾਲ਼ ਅਰਜ ਬੇਨਤੀ ਕਰਨਾ ਹੋਵੇਗਾ, ਤਾਂ ਮੀਟਿੰਗ ਚ ਜਾ ਕੇ ਜੋ ਇਨ੍ਹਾਂ ਕੀਤਾ, ਉਹਨੂੰ ਹਿੱਕ-ਧੱਕਾ ਜਾਂ ਦਹਿਸ਼ਤਗਰਦੀ ਨਾ ਕਹੀਏ? ਅਸਲ ਚ ਤਾਂ ਇਹ ਦਾਬਾ ਪਾਉਣਾ ਚਾਹੁੰਦੇ ਸੀ; ਡਰਾਉਣਾ ਚਾਹੁੰਦੇ ਸੀ – ਦਲੀਲ ਪੇਸ਼ ਕਰਨ ਤੋਂ ਰੋਕਦੇ ਸੀ। ਭਲਾ ਹੋਰ ਦਹਿਸ਼ਤ ਕੀ ਹੁੰਦੀ ਹੈ? ਤੇ ਐਸਾ ਕਰਨ ਵਾਲੇ ਨੂੰ ਕੀ ਕਹਿਣਾ ਦਰਕਾਰ ਹੈ। ਸਣੇ ਤਾਤਲਾ ਸਾਹਿਬ ਦੇ ਸੱਭ ਪੂਰੀ ਤਰ੍ਹਾਂ ਜਾਣਦੇ ਨੇ ਕਿ ਵਲੈਤ ਚ ਕਤਲ ਹੋਏ ਸੀ ਤੇ ਮਾਰ-ਕੁੱਟ ਤੇ ਹਮਲੇ ਵੀ ਹੋਏ ਸੀ। ਇਸ ਸੱਭ ਕੁਝ ਨੂੰ ਇਨ੍ਹਾਂ ਦੀ ਜ਼ੁਬਾਨੀ - ਵਲੈਤ ਵਿਚ ਪੰਜਾਬ ਲਈ ਵਹਾਏ ਹੰਝੂ ਕਹੀਏ? ਇਹ ਕੈਸੀ ਫਰਿਆਦ ਕਰਨ ਗਏ ਸੀ।
ਮੇਰੇ ਵਾਲੇ ਲੇਖ ਦੇ ਸਿਰਲੇਖ ਦੇ ਮੁਕਾਬਲੇ ਇਨ੍ਹਾਂ ਨੇ ਅਪਣੇ ਜੁਆਬ ਦਾ ਨਾਂ ‘ਵਲੈਤ ਚ ਪੰਜਾਬ ਲਈ ਕੁਝ ਹੰਝੂ’ ਰੱਖਿਆ ਹੈ। ਇਹ ਹੰਝੂ ਕੈਸੇ ਹੰਝੂ ਹੈਨ, ਜੋ ਗੋਲ਼ੀਆਂ, ਕ੍ਰਿਪਾਨਾਂ, ਗਾਲ਼ੀ-ਗਲ਼ੋਚ, ਧਮਕੀਆਂ ਤੇ ਡਰ-ਦਹਿਸ਼ਤ ਪਾ ਲੈਣ ਦੇ ਮਨਸ਼ਿਆਂ ਨਾਲ਼ ਨਿਕਲਦੇ ਹੈਨ? ਭਲਾ ਇਹਨਾਂ ਹੰਝੂਆਂ ਨੂੰ ਦਰਸ਼ਨ ਸਿੰਘ ਕਨੇਡੀਅਨ ਜਿਹੇ ਯੁੱਗ ਕਾਮਰੇਡ ਦੇ ਕਤਲ ਤੇ ਅਨੇਕਾਂ ਹਮਾਤੜਾਂ ਦੇ ਸਾਹ ਸੀਤਣ ਵੇਲੇ ਵੀ ਸੋਕਾ ਕਿਓਂ ਪਿਆ ਰਿਹਾ? ਇਨ੍ਹਾਂ ਹੰਝੂਆਂ ਦੀ ਇਕ ਕਿਸਮ ਹੋਰ ਸੁਣੋ: ਵਲੈਤ ਦੇ ਕਿਸੇ ਲੋਕ-ਪੱਖੀ ਲਿਖਾਰੀ ਨੂੰ ਹੋਰਾਂ ਦੀ ਹਾਜ਼ਰੀ ਚ ਕੋਈ ਹੋਰ ਕਹਿੰਦਾ: ਤੂੰ ਦੇਖੀਂ, ਜਦੋਂ ਸਾਡਾ ਖਾਲਿਸਤਾਨ ਬਣ ਗਿਆ, ਤਾਂ ਮੈਂ ਤੇਰਾ ਸਿਰ ਅਪਣੇ ਪੱਟ ਤੇ ਧਰਕੇ ਵੱਡਣਾ ਹੈ! ਚੱਕ ਮੇਰੇ ਭਾਈ। ਕਰ ਲਓ ਗੱਲਾਂ! ਹਰ ਕਿਸੇ ਨੂੰ ਅਪਣੇ ਵਿਚਾਰ ਰੱਖਣ ਦੀ ਆਜ਼ਾਦੀ ਤਾਂ ਜ਼ਰੂਰ ਹੋਈ, ਪ੍ਰਗਟਾਅ ਕਰਨ ਦੀ ਵੀ ਹੋਈ ਪਰ ਵੱਖਰੇ ਜਾਂ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਧਮਕਾਉਣ ਤੇ ਕੁੱਟਣ-ਮਾਰਨ ਦੀ ਆਜ਼ਾਦੀ ਕਿੱਥੋਂ ਆਈ??? ਐਸੇ ਤਰਕ ਵਿਧਾਨ ਅਨੁਸਾਰ ਤਾਂ ਬਾਬਾ ਨਾਨਕ ਵੀ ਅਪਣੀ ਗੱਲ ਨਾ ਕਰ ਸਕਦੇ। ਹਿੰਸਾ ਨੂੰ ਤਾਂ ਹੁਣ ਪੁਰਾਣੇ ‘ਖਾੜਕੂ’ ਵੀ ਨਿੰਦਣ ਲੱਗ ਪਏ ਨੇ, ਕਿ ਇਸ ਨੇ ਕੁਝ ਨਹੀਂ ਸੁਆਰਿਆ, ਨਾ ਸੁਆਰਨਾ। ਇਤਿਹਾਸ ਗੁਆਹ ਹੈ ਕਿ ਐਸੇ ਵੇਲ਼ਿਆਂ ਚ ਵੱਡਾ ਕਹਿਰ ਔਰਤਾਂ ਤੇ ਬੱਚਿਆਂ ਤੇ ਵਰ੍ਹਦਾ ਹੈ – ਜ਼ਬਰ-ਜਿਨਾਹ, ਬੇਘਰੀ, ਡਰ, ਧੱਕੇ, ਖੱਜਲ਼ ਖੁਆਰੀ, ਮਰਿਆਂ ਦਾ ਦੁੱਖ ਤੇ ਸਾਰੀ ਜ਼ਿੰਦਗ਼ੀ ਦਾ ਦੁੱਖ ਤੇ ਰੋਣਾ। ਉੱਤੋਂ ਇਨ੍ਹਾਂ ਨੂੰ ਬੇਜ਼ੁਬਾਨ ਜਾਂ ਹੀਣੇ ਜਾਣਕੇ ਇਨ੍ਹਾਂ ਦੀ ਕੋਈ ਗੱਲ ਵੀ ਨਹੀਂ ਕਰਦਾ। ਨਾ ਹੀ ਇਹ ਹੰਝੂ ਦਹਿਸ਼ਤਗਰਦੀ ਦੇ ਸ਼ਿਕਾਰ ਹੋਏ ਹਮਾਤੜ ਤੇ ਬੇਕਸੂਰ ਹਿੰਦੂਆਂ ਲਈ ਵਗਦੇ ਨੇ। ਵਜ੍ਹਾ?
ਦੂਸਰਾ ਮੁੱਦਾ ਤਾਤਲੇ ਸਾਹਿਬ ਨੇ ਆਪੇ ਕਾਮਰੇਡਾਂ ਸਿਰ ਮੜ੍ਹ ਦਿੱਤਾ ਹੈ। ਇਨ੍ਹਾਂ ਭਾਣੇ ਹਰਿਮੰਦਰ ਸਾਹਿਬ ਤੇ ਹਮਲੇ ਦਾ ਦੁੱਖ ਸਿਰਫ਼ ਖਾਲਿਸਤਾਨੀਆਂ ਜਾਂ ਸਿੱਖਾਂ ਨੂੰ ਹੀ ਸੀ। ਅਸਲ ਚ ਗੱਲ ਇਹ ਸੀ ਕਿ ਜੋ ਇਨ੍ਹਾਂ ਵਰਗਿਆਂ ਦੀ ਤਰਜ਼ ’ਤੇ ਨਹੀਂ ਸੀ ਬੋਲਦਾ, ਉਹ ਗ਼ਲਤ ਹੈ: ਉਹਨੂੰ ਇਹ ਜਰਦੇ ਨਹੀਂ, ਮਿਹਣੇ ਵੀ ਦੇ ਦਿੰਦੇ ਤੇ ਧਮਕਾਉਂਦੇ ਵੀ ਨੇ; ਮਾਰ ਵੀ ਦਿੰਦੇ ਸੀ। ਪਹਿਲਾਂ ਜਦੋਂ ਸਿਆਣੇ ਬੰਦੇ ਕਹਿੰਦੇ ਸੀ ਕਿ ਦਰਬਾਰ ਸਾਹਿਬ ਚ ਹੁੰਦੀਆਂ ਸਰਗਰਮੀਆਂ ਨਾਲ ਇਹਦੀ ਪਵਿੱਤਰਤਾ ਨੂੰ ਵੀ ਖ਼ਤਰਾ ਹੋਈ ਜਾ ਰਿਹਾ ਹੈ ਤੇ ਪੰਜਾਬ ਦੀ ਸੁੱਖ ਸ਼ਾਂਤੀ ਨੂੰ ਵੀ। ਉਦੋਂ ਤਾਂ ਕਿਸੇ ਨੇ ਕੋਈ ਗੱਲ ਨਹੀਂ ਗੌਲ਼ੀ। ਸਾਰਾ ਜਹਾਨ ਜਾਣਦਾ ਹੈ ਕਿ ਦਰਬਾਰ ਸਾਹਿਬ ਚ ਨਤਮਸਤਕ ਹੋਣ ਗਇਆਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਦੀਆਂ ਸੀ। ਅੰਦਰੇ ਕਤਲ ਕਰਕੇ ਲਾਸ਼ਾਂ ਬਾਹਰ ਸੁੱਟ ਦਿੱਤੀਆਂ ਜਾਂਦੀਆਂ ਸੀ; ਹੋਰ ਵੀ ਕਈ ਕੁਝ ਹੁੰਦਾ ਸੀ। ਕਈ ਤਰ੍ਹਾਂ ਦੇ ਕੋਡ ਠੋਸੇ ਜਾ ਰਹੇ ਸੀ। ਨਾਈਆਂ ਦੀਆਂ ਦੁਕਾਨਾ ਬੰਦ, ਬਰਾਤਾਂ ਬੰਦ, ਲੋਕ ਖ਼ਾਸ ਤਰ੍ਹਾਂ ਦਾ ਪਹਿਰਾਵਾ ਹੀ ਪਾਉਣ। ਕੁੱਤੇ ਨਾ ਰੱਖਣ, ਕਮਾਦ ਬੀਜਣ। ਐਸੀਆਂ ਅਪਹੁਦਰੀਆਂ ਦਾ ਹੱਲ ਸੁਝਾ ਲੈਣ ਦੀ ਘਾਟ ਨੇ ਵੀ ਮਸਲੇ ਏਨੇ ਵਧਾਏ ਕਿ ਪੰਜਾਬ ਬਲ਼ਦੀ ਦੇ ਬੂਥੇ ਜਾ ਪਿਆ। ਹੁਣ ਤਾਂ ਦੱਸਣ ਜੋਗੇ ਹੋ ਗਏ ਹੋਵੋਗੇ ਕਿ ਦਰਬਾਰ ਸਾਹਿਬ ਚ ਸ਼ਰਧਾ ਹਿੱਤ ਗਏ ਬੰਦਿਆਂ ਦੀ ਹਿਫ਼ਾਜ਼ਤ ਕਿਹਦੇ ਹੱਥ ਹੋਣੀ ਚਾਹੀਦੀ ਸੀ ਤੇ ਇਹਦੇ ਅੰਦਰ ਮਨੁੱਖਾਂ ਨੂੰ ਕਤਲ ਕਰਨ ਵਾਲੇ ਕੌਣ ਸੀ: ਉਹ ਕਿਸ ਹਿਸਾਬੇ ਸਹੀ ਸੀ; ਉਨ੍ਹਾਂ ਦੀ ਦਰਬਾਰ ਸਾਹਿਬ ਤੇ ਹੋਏ ਹਮਲੇ ਚ ਕਿੰਨੀ ਜ਼ਿੰਮੇਵਾਰੀ ਬਣਦੀ ਹੈ? ਹਮਲਾ ਕਰਨ ਵਾਲਿਆਂ ਨਾਲੋਂ ਕਿੰਨੀ ਕੁ ਘੱਟ? ਜਾਂ ਕਿੰਨੀ ਕੁ ਵੱਧ?
ਇਨ੍ਹਾਂ ਮੁਸ਼ਕਿਲਾਂ ਤੋਂ ਚੌਕੰਨੇ ਕਰਨ ਵਾਲਿਆਂ ਨੂੰ ਜੁਆਬ ਚ ਖਾਲਿਸਤਾਨੀਆਂ ਨੇ ਬਿਨਾਂ ਵਜ੍ਹਾ ਮਾਰਨਾ ਸ਼ੁਰੂ ਕਰ ਦਿੱਤਾ – ਸਿੱਟਾ ਓਹੀ ਨਿਕਲਿਆ, ਜਿਸਦਾ ਡਰ ਸੀ। ਬੇਕਸੂਰ ਲੋਕਾਈ ਪੀੜੀ ਗਈ। ਹੁਣ ਕੁਝ ਠੰਡ ਹੈ, ਹੁਣ ਤਾਂ ਦੱਸਣ ਵਾਲਿਆਂ ਚ ਏਨਾ ਕੁ ਸੱਚ ਦੱਸਣ ਜੋਗਾ ਜੇਰਾ ਆ ਗਿਆ ਹੋਊ ਕਿ ਬੱਸਾਂ ਚੋਂ ਕੱਢ ਕੇ ਨਿਹੱਕੇ ਮਾਰੇ ਬੰਦਿਆਂ ਦਾ ਕੀ ਕਸੂਰ ਸੀ। ਭੱਠੇ ਤੇ ਇੱਟਾਂ ਪੱਥਦੇ ਮਜ਼ਦੂਰਾਂ ਤੇ ਗੋਲ਼ੀਆਂ ਦੀ ਵਾਛੜ ਕਰ ਦੇਣੀ, ਪੰਜ ਹਜ਼ਾਰ ਹਿੰਦੂਆਂ ਨੂੰ ਇੱਕੋ ਦਿਨ ਚ ਮਾਰਨ ਦੀ ਧਮਕੀ ਦੇਣਾ, ਕਿੰਨਾ ਕੁ ਸਹੀ ਸੀ; ਉਦੋਂ ਤਾਂ ਅਜੇ ਦਰਬਾਰ ਸਾਹਿਬ ’ਤੇ ਹਮਲਾ ਨਹੀਂ ਸੀ ਹੋਇਆ; ਜੇ ਹੋਇਆ ਵੀ ਹੁੰਦਾ ਤਾਂ ਧਰਤੀ ਦੇ ਇਨ੍ਹਾਂ ਨਿਮਨ, ਨਿਮਾਣੇ, ਨਿਤਾਣੇ ਤੇ ਨਿਆਸਰੇ ਧਰਤੀ ਦੇ ਜੀਆਂ ਦਾ ਕਸੂਰ ਕੀ ਸੀ। ਬਥੇਰੇ ਅਖੌਤੀ ਸਿੱਖ ਅਜੇਹੇ ਜੀਵਾਂ ਨੂੰ ਧਰਤੀ ਦਾ ਭਾਰ ਸਮਝਦੇ ਨੇ। ਪਰ ਕਈਆਂ ਦੀਆਂ ਸਿਆਸੀ ਰੋਟੀਆਂ ਏਦਾਂ ਹੀ ਸੇਕ ਹੋਣੀਆਂ ਸੀ। ਇਕ ਪ੍ਰਭਾਵ ਇਹ ਵੀ ਹੈ ਕਈਆਂ ਨੇ ਖ਼ਾਲਿਸਤਾਨ ਬਣਨ ਦੀ ਆਸ ਆਸ ਚ ਅਪਣੇ ਰੁਤਬਿਆਂ ਨੂੰ ਉੱਚੇ ਹੋਣ ਦੇ ਸੁਪਨੇ ਤੱਕਣੇ ਸ਼ੁਰੂ ਕਰ ਦਿੱਤੇ ਸੀ। ਇਹ ਰੇਤ ਦਾ ਮਹਿਲ ਨਾ ਉਸਰਿਆ ਤਾਂ ਹੁਣ ਕਦੇ ਕਦੇ ਓਸੇ ਝੋਰੇ ਦਾ ਗੁੱਭ-ਗਲ੍ਹਾਟ ਕੱਢ ਲੈਂਦੇ ਨੇ।
ਪਿਛਲੇ ਹੀ ਕਿਸੇ ਅੰਕਾਂ ਚ ਸਾਧੂ ਸਿੰਘ ਤੇ ਸੁਖਜੀਤ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚੋਂ ਬਾਹਰ ਜਾਣ ਲਈ ਕਿਵਂੇ ਮਜ਼ਬੂਰ ਕੀਤਾ ਗਿਆ ਸੀ ਦਾ ਜ਼ਿਕਰ ਹੈ- ਕਈਆਂ ਹੋਰਾਂ ਨਾਲ ਵੀ ਐਸਾ ਜਰੂਰ ਹੋਇਆ ਹੋਣਾ! ਜੋ ਇਨ੍ਹਾਂ ਹੰਢਾਇਆ ਐਸਾ ਹੀ ਚਲਨ ਵਲੈਤਾਂ, ਕਨੇਡਿਆਂ ਚ ਵੀ ਚਲ ਪਿਆ ਸੀ। ਵਲੈਤ ਦੇ ਗੁਜਰਾਤੀ ਹਿੰਦੂਆਂ (ਕੀਨੀਆ-ਯੂਗਾਂਡਾ ਤੋਂ ਬਚ ਕੇ ਆਏ ਇਸ ਵਪਾਰੀ ਭਾਈਚਾਰੇ ਦੀ ਠਾਠ ਸ਼ਾਂਤੀ ਵਾਲੇ ਹੋਣ ਦੀ ਹੈ) ਦੀਆਂ ਦੁਕਾਨਾਂ ਭੰਨਣ ਦਾ ਕਿਸੇ ਖ਼ਾਲਿਸਤਾਨ ਨਾਲ਼ ਕੀ ਮਤਲਬ ਹੋ ਸਕਦਾ ਸੀ? ਕਾਮਰੇਡਾਂ ਦੇ ਕੰਮਾਂ ਤੇ ਝੂਠੀਆਂ ਸ਼ਕਾਇਤਾਂ ਕੀਤੀਆਂ ਗਈਆਂ ਸੀ। ਤੇ ਹੋਰ ਕਈ ਕੁਝ – ਇਹ ਚਿੱਠਾ ਵੱਖਰਾ ਹੈ ਤੇ ਲੰਬਾ ਵਿਸਥਾਰ ਵਾਲ਼ਾ ਵੀ।
ਕੂੜ ਪਰਚਾਰ ਦੇ ਉਲਟ ਇਹ ਗੱਲ ਤਾਂ ਸਾਰਾ ਜੱਗ ਜਾਣਦਾ ਹੈ ਕਿ ਕਾਮਰੇਡ ਨਾ ਪਹਿਲਾਂ ਤੇ ਨਾ ਬਾਅਦ ਚ ਕਿਸੇ ਲੋਕ-ਵਿਰੋਧੀ ਸਰਕਾਰ ਦੇ ਹਿੱਤ ਚ ਰਹੇ ਸੀ; ਹਮੇਸ਼ਾਂ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਰਹੇ। ਕਈ ਭਾਤਾਂ ਦੀਆਂ ਸਰਕਾਰਾਂ ਨੇ ਬਥੇਰੀ ਵਾਰ ਇਹ ਜਿਹਲੀਂ ਵੀ ਡੱਕੇ। ਤਦ ਵੀ ਲੋਕ ਭਲੇ ਦੇ ਹਿੱਤ ਚ ਐਮਰਜੈਂਸੀ ਵੇਲੇ ਵੀ ‘ਕੱਠੇ ਸੀ ਤੇ ਕਪੂਰੀ ਦੇ ਮੋਰਚੇ ਵੇਲੇ ਸਾਂਝੇ ਭਲੇ ਦੇ ਹਿੱਤ ਕਰਕੇ ਨਾਲ ਸੀ। ਪਿੱਛੇ ਤਾਂ ਤਦ ਹਟੇ ਜਦ ਅਕਾਲੀ ਮੋਰਚੇ ਨੂੰ ਚੁੱਕ ਕੇ ਗੁਰਦੁਆਰੇ ਚ ਲੈ ਗਏ ਤੇ ਮਗਰੋਂ ਸਿੱਖਾਂ ਦੇ ਬੋਲ ਬਾਲੇ ਮੰਗਣ ਲੱਗ ਪਏ। ਤੁਸੀਂ ਦੱਸੋ ਕਿ ਹਿੰਦੋਸਤਾਨ ਦੇ ਬੋਲ ਬਾਲੇ ਤੋਂ ਨਿਜਾਤ ਮੰਗਣ ਵਾਲ਼ਿਆਂ ਦੀ ਆਪ ਦੂਜਿਆਂ ਤੇ ਗਲਬਾ ਪੱਕਾ ਕਰਨ ਦੀ ਮੰਗ ਕਿਵੇਂ ਜਾਇਜ਼ ਹੋ ਗਈ। ਭਲਾ ਕਾਂਗਰਸ ਤੇ ਅਕਾਲੀ, ਕਾਮਰੇਡਾਂ ਦੇ ਸਕੇ ਕਦੋਂ ਕੁ ਬਣੇ ਸੀ – ਕੋਈ ਹੁਣ ਸੱਚੇ ਮਨੋਂ ਦਿਲ ਤੇ ਹੱਥ ਧਰ ਕੇ ਦੱਸ ਲਵੇ ਕਿ ਨਿਹੱਥੇ ਗਹਿਲ ਸਿੰਘ ਛੱਜਲਵੱਡੀ ਨੂੰ ਕਿਸ ਨੇ, ਕਿਸ ਵਿਧ, ਕਿੱਥੇ ਤੇ ਕਿਓਂ ਕਤਲ ਕੀਤਾ ਸੀ?
ਅਕਸ ਬਣਨ-ਵਿਗੜਨ ਦੇ ਆਪਣੇ ਅਸੂਲ ਹੁੰਦੇ ਨੇ। ਸਿੱਖਾਂ ਦਾ ਅਕਸ ਵਿਗਾੜਣ ਦਾ ਕਿਸੇ ਨੂੰ ਕੀ ਲਾਭ ਹੋਣਾ ਹੋਇਆ? ਉਂਝ ਵੀ ਇਹ ਕੰਮ ਤਾਂ ਇਹ ਆਪ ਹੀ ਸੁਚੱਜ ਨਾਲ਼ ਲੈਂਦੇ ਨੇ। ਗੁਰੁ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ‘ਚ ਗੁੱਥਮ-ਗੁੱਥੀ ਤੇ ਗਾਲ਼ੋ-ਬਾਲ਼ੀ ਹੋ ਲੈਂਦੇ ਨੇ, ਗੋਲ੍ਹਕਾਂ ਚੋਂ/ਦੇ ਪੈਸੇ ਚੋਰੀ ਕਰ ਲੈਂਦੇ ਨੇ, ਧਰਮ ਨਾਲ ਜੋੜ ਕੇ ਨਸ਼ਾ ਸਮਗਲ ਕਰ ਸਕਦੇ ਨੇ, ਹੋਰ ਕਈ ਤਰਾਂ ਕੁਕਰਮ ਵੀ ਕਰ ਲੈਂਦੇ ਨੇ। ਇਲੈਕਟ੍ਰੋਨਿਕ ਮੀਡੀਏ ਦੀ ਤਰੱਕੀ ਨੇ ਤਾਂ ਹੁਣ ਸੱਚ ਲੋਕਾਂ ਸਾਹਮਣੇ ਪਰੋਸਣ ਦੀ ਸੌਖ ਹੀ ਕੀਤੀ ਹੈ। ਕਰਮ-ਕਮਾਈ ਤਾਂ ਕਰਤਿਆਂ ਦੀ ਹੈ। ਜੇ ਮਾੜਾ ਕੰਮ ਕਰਨ ਵਾਲੇ ਸਿੱਖੀ ਸਰੂਪ ਚ ਹੈਨ ਤਾਂ ਅਕਸ ਸੰਭਾਲ ਦੇ ਉਹ ਖ਼ੁਦ ਜ਼ਿੰਮੇਵਾਰ ਕਿਓਂ ਨਹੀਂ? ਅਸੀਂ ਸੱਭ ਜਾਣਦੇ ਹਾਂ ਕਿ ਕਈ ਗੱਲਾਂ ਅਕਸ ਵਿਗੜਨ ਦੇ ਡਰੋਂ ਭਾਈਚਾਰੇ ਚੋਂ ਬਾਹਰ ਨਹੀਂ ਵੀ ਨਿਕਲਦੀਆਂ; ਹੈਨ ਤਾਂ ਉਹ ਵੀ ਗ਼ਲਤ ਕਿ ਨਹੀਂ? ਇਹ ਵੀ ਸਾਰੇ ਜਾਣਦੇ ਹਾਂ ਕਿ ਸਿੱਖਾਂ ਦਾ ਇਕ ਹਿੱਸਾ ਬਾਕੀ ਸੱਭ ਸੀਖਨ ਕੋ ਦੁੱਕੀ ਤਿੱਕੀ ਕਰਕੇ ਜਾਣਦਾ ਹੈ ਤੇ ਅੱਤ ਦੀ ਹਿਕਾਰਤ ਦੀ ਨਜ਼ਰੇ ਦੇਖਦਾ ਹੈ; ਨਾਂ ਕੁਨਾਂ ਵੀ ਵਰਤਦਾ ਹੈ। ਇਹੋ ਪੰਜਾਬ ਅਤੇ ਸਿੱਖ ਚੌਧਰ ਤੇ ਬੋਲ ਬਾਲਾ ਕਰੀ ਬੈਠਾ ਹੈ। ਪੰਜਾਬ ਦੀ ਸਿਆਸਤ ਹੁਣ ਰਹਿ ਵੀ ਮੁੱਠੀ ਭਰ ਪਰਿਵਾਰਾਂ ਕੋਲ ਹੈ।
ਕਾਮਰੇਡਾਂ ਨੇ ਅਗਵਾਈ ਜਿੱਥੋਂ ਲੈਣੀ ਹੁੰਦੀ ਹੈ, ਉਹ ਜ਼ਰੂਰ ਜਾਣਦੇ ਹੋਣਗੇ। ਸ਼ਰਤੀਆਂ ਤੌਰ ’ਤੇ ਖ਼ਾਲਿਸਤਾਨੀਆਂ ਤੋਂ ਤਾਂ ਲੈਣੋਂ ਰਹੇ। ਇਕ ਪਾਸੇ ਤਾਂ ਖ਼ਾਲਿਸਤਾਨੀ, ਕਾਮਰੇਡਾਂ ਨੂੰ ਗੋਲ਼ੀਆਂ ਮਾਰਦੇ ਸੀ, ਸਿੱਧੜ ਦਲੀਲ ਅਨੁਸਾਰ ਵੀ ਜਿਹਨੂੰ ਤੁਸੀਂ ਗੋਲ਼ੀਆਂ ਮਾਰੋਗੇ, ਨਾਟਕ ਦੇਖਦੇ ਲੋਕਾਂ ਤੇ ਗੋਲ਼ੀਆਂ ਵਰਸਾ ਦਿਓਗੇ, ਕਲਾਕਾਰਾਂ ਤੱਕ ਨੂੰ ਫਾਹੇ ਦੇ ਕੇ ਲਾਸ਼ਾਂ ਨੂੰ ਸ਼ਰੇਆਮ ਨੰਗੇ ਕਰਕੇ ਲਟਕਾ (ਮੈਨੂੰ ਤਾਂ ਗਿਆਨ ਨਹੀਂ ਕਿ ਗੁਰੂਆਂ ਨੇ ਕਦੋਂ ਅਜੇਹਾ ਕਰਨ ਨੂੰ ਕਿਹਾ ਸੀ) ਕੇ ਬੇਇੱਜ਼ਤ ਕਰੋਗੇ, ਗਾਲ਼ੀ-ਗਲੋਚ ਕਰੋਗੇ, ਉਹ ਭਲਾ ਤੁਹਾਡੇ ਹੱਕ ਚ ਗੱਲ ਕਿੱਦਾਂ ਕਰਨਗੇ। ਐਸੇ ਸੰਦਰਭ ਚ ਕਾਮਰੇਡਾਂ ਨੇ ਹੀ ਸਿੱਖਾਂ ਦੀ ਗੱਲ ਕਰਨੀ ਸੀ, ਇਹੀ ਸਿੱਖਾਂ ਦਾ ਦਿਮਾਗ਼ ਸੀ; ਤੇ ਇਨ੍ਹਾਂ ਨੇ ਗੱਲ ਨਹੀਂ ਕੀਤੀ, ਦੇ ਹਿਰਖੀ ਮਿਹਣੇ ਦੇ ਭਲਾ ਕੀ ਅਰਥ ਰਹਿ ਸਕਣੇ ਨੇ। ਉਨ੍ਹਾਂ ਸਮਿਆਂ ਦਾ ਮਹੌਲ ਐਸਾ ਬਣ ਗਿਆ ਸੀ ਕਿ ਅਗਲੇ ਤਾਂ ਅਪਣੇ ਸਕਿਆਂ ਨਾਲ਼ ਵੀ ਸਾਰੇ ਰਿਸ਼ਤੇ-ਨਾਤੇ ਮਰੋੜ ਕੇ ਸਾਹ ਬੰਦ ਕਰਨ ਨੂੰ ਆਏ ਹੋਏ ਸੀ। ਬਾਕੀ ਦੇ ਭਲਾ ਉਨ੍ਹਾਂ ਦੇ ਕੀ ਲਗਦੇ ਸੀ।
ਲਹਿਰਾਂ/ਵਰਤਾਰੇ ਮੁਲਾਂਕਣ ਤੋਂ ਮੁਕਤ ਨਹੀਂ ਹੁੰਦੀਆਂ; ਸਵੈ ਮੁਲਾਂਕਣ ਵੀ ਕਰ ਸਕਦੀਆਂ ਨੇ। ਅਸਲ ਚ ਕਿਸੇ ਵੀ ਮੁਸ਼ਕਿਲ ਦਾ ਹੱਲ ਇਹਨੂੰ ਸਹੀ ਸਿਰ ਰੱਖ ਕੇ ਹੀ ਲੱਭਿਆ ਜਾਣਾ ਹੁੰਦਾ ਹੈ। ਭਾਵੁਕਤਾ ਹਿੱਤ ਕੀਤੀਆਂ ਗੱਲਾਂ ਦਾ ਅਸਰ ਥੋੜੇ ਚਿਰ ਲਈ ਤਾਂ ਹੋ ਸਕਦਾ ਹੈ; ਸਿਆਸਤੀ ਭੱਦਰ ਪੁਰਸ਼ ਆਪਣੇ ਮਤਲਬ ਹਿਤ ਭਾਵਨਾਵਾਂ ਭੜਕਾਉਣ ਲਈ ਵੀ ਵਰਤ ਸਕਦਾ ਹੈਨ। ਕਿਸੇ ਗ਼ਲਤ ਗੱਲ ਨੂੰ ਜੋਰ ਨਾਲ਼ ਮੁੜ ਮੁੜਕੇ ਪਰਚਾਰੀ/ਦੁਹਰਾਈ ਜਾਣ ਨਾਲ਼ ਸੱਚ ਨਹੀਂ ਬਣ ਜਾਣਾ ਹੁੰਦਾ। ਵਾਧੇ-ਘਾਟੇ ਨਾਲ਼ ਕੀਤੀਆਂ ਗੱਲਾਂ ਦਾ ਦੇਰ ਸਵੇਰ ਪਾਜ ਖੁੱਲ੍ਹ ਹੀ ਜਾਣਾ ਹੁੰਦਾ ਹੈ। ਜੇ ਇਕਸਾਰ ਦੇਖਣ ਦੀ ਚਾਹਨਾ ਹੈ, ਤਾਂ ਅੱਖਾਂ ਖੋਲ੍ਹ ਕੇ ਹੀ ਆਲੇ-ਦੁਆਲੇ ਦੇਖਣਾ ਪਵੇਗਾ। ਲੰਮੇ ਸਮੇਂ ਦੇ ਭਲੇ ਲਈ ਇਹੀ ਦਰਕਾਰ ਗਿਣਿਆ ਜਾਂਦਾ ਹੈ। ਨਹੀਂ ਤਾਂ ਸਭ ਕੁਝ ਨਜ਼ਰ ਨਹੀਂ ਆਉਣਾ ਹੁੰਦਾ- ਕਾਣ ਰਹਿਣੀ ਲਾਜ਼ਮੀ ਹੈ।
ਤਾਤਲੇ ਸਾਹਿਬ ਨੇ ‘ਲਾਲ ਕੁੱਤਿਆਂ’ ਦੀ ਲੱਲ ਨਾ ਪੈਣ ਦੀ ਸਫ਼ਾਈ ਦਿੱਤੀ ਹੈ ਪਰ ਮੇਰਾ ਅਪਣਾ ਤਜ਼ੁਰਬਾ ਇਹਦੇ ਉਲ਼ਟ ਹੈ। ਸਾਨੂੰ ਲੋਕ ਕੰਮ ’ਤੇ ਪਿੱਠ ਪਿੱਛੇ ਤਾਂ ਆਮ ਕਰਕੇ, ਪਰ ਕਦੇ-ਕਦੇ ਹਾਸੇ ਮਜ਼ਾਕ ਚ ਸਾਹਮਣੇ ਵੀ ਇਹ ਸੁਣਾ ਕੇ ਉਕਸਾਇਆ ਕਰਦੇ ਸੀ। ਮੈਂ ਉਦੋਂ ਲੇਖ ਲਿਖਿਆ ਸੀ; ਜਿਸਦਾ ਸਾਰ ਤੱਤ ਇਹ ਸੀ ਕਿ ਪੰਜਾਬ ਚ ਕਾਲੇ ਦਿਨਾਂ ਤੋਂ ਪਹਿਲਾਂ ਸਿੱਖ/ਪੰਜਾਬੀ ਦਾਨਿਸ਼ਵਰਾਂ ਦਾ ਜ਼ੋਰ ਇਸ ਗੱਲ ’ਤੇ ਵੀ ਲੱਗਾ ਹੋਇਆ ਸੀ ਕਿ ਤੁਸੀਂ ਜਿਹੜੇ ਕਾਰਲ ਮਾਰਕਸ ਨੂੰ ਚੁੱਕੀ ਜਾਨੇ ਓਂ, ਇਹ ਤਾਂ ਅਜੇ ਕੱਲ੍ਹ ਹੋਇਆ; ਮਾਰਕਸਿਜ਼ਮ ਦਾ ਅਸਲ ਮੁੱਢ ਤਾਂ ਬਾਬੇ ਨਾਨਕ ਨੇ ਬੱਧਾ ਸੀ। ਇਹ ਧਾਰਨਾ ਉਭਾਰ ਕੇ ਕਾਮਰੇਡਾਂ ਨੂੰ ਗੁਰੂ ਨਾਨਕ ਜੀ ਦੇ ਪੈਰੋਕਾਰ ਬਣਾ ਲੈਂਦੇ ਤੇ ਮਗਰੋਂ ਓਸੇ ਬਾਬੇ ਨਾਨਕ ਦੇ ਪੈਰੋਕਾਰਾਂ ਨੂੰ ਲਾਲ ਕੁੱਤੇ ਸੱਦਣ ਚ ਕਿੱਡੀ ਕੁ ਸਮਝਦਾਰੀ ਹੋਈ ਭਲਾ? ਤਦ ਵੀ, ਇਨ੍ਹਾਂ ਦੇ ਅਪਣੇ ਏਸੇ ਹਿਸਾਬ ਨਾਲ ਵੀ, ਬਾਬੇ ਨਾਨਕ ਦੇ ਪੈਰੋਕਾਰਾਂ ਨੂੰ ਦਿੱਤੀ ਗਾਲ੍ਹ ਅੱਗੋਂ ਭਲਾ ਕਿਹਨੂੰ ਪਹੁੰਚਣੀ ਸੀ। ਅਭੱਦਰ ਭਾਸ਼ਾ ਕਦੇ ਸ਼ੋਭਾ ਨਹੀਂ ਦਿੰਦੀ ਹੁੰਦੀ। ਪਰ ਅਗਲੇ ਤਾਂ ਗੱਲ ਨੂੰ ਗਾਲ਼ੀ-ਗਲ਼ੋਚ ਤੋਂ ਕਿਤੇ ‘ਗਾਂਹ ਲੈ ਗਏ ਸੀ।
ਹੌਲ਼ੀ ਹੌਲ਼ੀ ਹਰਿਮੰਦਰ ਸਾਹਿਬ ਨੂੰ ਹੁਣ ਪੰਜਾਬੀ ਰਹਿਤਲ ਦਾ ਚਿੰਨ੍ਹ ਵੀ ਨਹੀ ਰਹਿਣ ਦਿੱਤਾ। ਜਿਨ੍ਹਾਂ ਦੀ ਇਸ ਅਸਥਾਨ ਤੇ ਸਿੱਖੀ ਚ ਸ਼ਰਧਾ-ਮਾਣ ਤਾਂ ਹੈ ਪਰ ਉਹ “ਸਿੱਖ” ਨਹੀਂ, ਉਨ੍ਹਾਂ ਦਾ ਕੀ ਹਾਲ ਹੋਵੇ? ਇਹ ਹੁਣ ਕਿਹਦੀ ਚਿੰਤਾ ਦਾ ਵਿਸ਼ਾ ਹੈ? ਮੇਰੇ ਧਿਆਨ ਚ ਤਾਂ ਕੋਈ ਪੰਜਾਬੀ ਕਮਿਉਨਿਸਟ ਦੇਖਣ-ਸੁਣਨ ਨਹੀਂ ਚ ਨਹੀਂ ਆਉਂਦਾ, ਜਿਹਨੇ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੀਆਂ ਖ਼ੁਸ਼ੀਆਂ ਮਨਾ ਕੇ ਭੰਗੜੇ ਪਾਏ ਹੋਣ ਜਾਂ ਲੱਡੂ ਵੰਡੇ ਹੋਣ। ਹਰਿਮੰਦਰ ਸਾਹਿਬ ਕੋਈ ਹਮਲਾ ਕਰਨ ਵਾਲੀ ਥਾਂ ਸੀ? ਇਹਦੇ ’ਤੇ ਹਮਲਾ ਵੀ ਠੀਕ ਨਾ ਸੀ ਤੇ ਜੋ ਕੁਝ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ ਹੋ ਰਿਹਾ ਸੀ, ਜਿਹੜੇ ਇਹਦੇ ਬਾਰੇ ਜ਼ੁਬਾਨ ਘੁੱਟੀ-ਵੱਟੀ ਰੱਖਦੇ ਨੇ, ਉਹ ਭਾਵੁਕਤਾ ਤੋਂ ਬੇਲਾਗ ਹੋ ਕੇ ਅਪਣੀ ਜ਼ਮੀਰ ਨਾਲ ਸੰਵਾਦ ਰਚਾ ਕੇ ਦੇਖ ਲੈਣਗੇ ਤਾਂ ਭਲੀ ਭਾਂਤ ਜਾਣ ਲੈਣਗੇ ਕਿ ਸਹੀ ਕੀ ਹੈ। ਸੁਆਲਾਂ ਦਾ ਸੁਆਲ ਇਹ ਵੀ ਹੈ ਕਿ ਦਹਿਸ਼ਤਗਰਦਾਂ ਹੱਥੋਂ ਡਰਾਏ ਧਮਕਾਏ ਤੇ ਮਾਰੇ ਗਏ ਗ਼ੈਰਸਿਆਸੀ ਬੇਕਸੂਰੇ ਆਮ ਪੰਜਾਬੀ ਲੋਕਾਂ ਦੇ ਦਰਦ ਦੀ ਗੱਲ ਕਿਸ ਨੇ ਕਰਨੀ ਹੈ। ਤਾਤਲੇ ਸਾਹਿਬ ਦੇ ਜੁਆਬ ‘ਚ ਕਿਸੇ ਹਮਾਤੜ/ਹਿੰਦੂ/ਗ਼ੈਰ ਸਿੱਖ ਦੇ ਦਰਦ ਦੀ ਰਤੀ ਭੋਰਾ ਵੀ ਭਿਣਕ ਨਹੀਂ ਪੈਂਦੀ।
ਪਹਿਲਾਂ ਹਰਮਿੰਦਰ ਸਾਹਿਬ ’ਤੇ ਹੋਏ ਹਮਲੇ ਚ ਮਾਰੇ ਗਇਆਂ ਤੇ ਕੁਝ ਜਨੂੰਨੀ ਜਾਂ ਅੱਕੇ ਹੋਏ ਜਾਂ ਡਰ ਕੇ ਹਿਜ਼ਰਤਾਂ ਕਰ ਗਏ ਹਿੰਦੂਆਂ ਨੇ ਖ਼ੁਸ਼ੀ ਮਨਾ ਲਈ ਤੇ ਜੁਅਬ ਚ ਇੰਦਰਾ ਗਾਂਧੀ ਦੇ ਕਤਲ ’ਤੇ ਕੁਝ ਅੰਬੇ ਹੋਏ ਤੇ ਤੁਅੱਸਬੀ ਸਿੱਖਾਂ ਨੇ ਵੀ ਲੱਡੂ ਵੰਡ ਕੇ ਚਾਅ ਪੂਰੇ ਕਰ ਲਏ। ਫ਼ਰਕ ਕੀ ਪਇਆ? ਸਾਨੂੰ ਤਾਂ ਹਮਲੇ ਤੋਂ ਪਹਿਲਾਂ ਵੀ, ਹਮਲੇ ਚ ਵੀ ਤੇ ਬਾਅਦ ਵੀ ਅਜਾਈਂ ਗਈਆਂ ਜਾਨਾਂ ਦਾ ਦੁੱਖ ਸੀ ਤੇ ਹੈ। ਸਰਕਾਰੀ ਦਹਿਸ਼ਤਗ਼ਰਦੀ ਦੀ ਵੀ ਘੋਰ ਨਿੰਦਾ ਹੈ- ਹੁਣ ਵੀ, ਪਹਿਲਾਂ ਵੀ ਤੇ ਅਗਾਂਹ ਨੂੰ ਵੀ। ਪਰ ਅੱਗ ਜਦੋਂ ਅਪਣੇ ਘਰ ਲੱਗੇ ਜਾਵੇ ਤਦ ਬੈਸੰਤਰ ਦੇਵਤਾ ਨਹੀਂ ਰਹਿੰਦੀ। ਜਿਨ੍ਹਾਂ ਦੇ ਪੁੱਤ, ਸਿਰ ਦੇ ਸਾਈਂ, ਬਾਪ, ਭਰਾ, ਭਤੀਜੇ ਸਰਕਾਰੀ ਜਾਂ ਗ਼ੈਰਸਰਕਾਰੀ ਦਹਿਸ਼ਤਗਰਦੀ ਨੇ ਖਪਾ ਲਏ, ਉਨ੍ਹਾਂ ਨੂੰ ਕੋਈ ਜੁਆਬ ਦੇਣ ਜੋਗਾ ਹੈ? ਕਾਮਰੇਡਾਂ ਨੂੰ ਤਾਂ ਦੂਹਰੀ ਮਾਰ ਪੈਂਦੀ ਰਹੀ ਸੀ। ਪਹਿਲੀਆਂ ਚ ਵੀ ਬਾਦਲ ਸਾਹਿਬ ਦੀ ਸਰਕਾਰ ਤੇ ਫਿਰ ਕਾਂਗਰਸ ਦੀ ਨੇ ਪੰਜਾਬ ਚ ਕਈ ਬੰਦੇ ਮਾਰੇ – ਨਿਹੱਕੇ ਵੀ ਬਥੇਰੇ। ਹਰੇਕ ਜਾਨ ਦਾ ਨੁਕਸਾਨ ਹੋਇਆ ਮਾੜਾ ਹੀ ਹੁੰਦਾ ਹੈ। ਨਿਹੱਕੇ ਦਾ ਹੋਰ ਵੀ ਬਹੁਤਾ। ਵੱਡਾ ਰੌਲ਼ਾ ਤਾਂ ਇਹ ਸੀ ਪਰ ਕਈ ਭੱਦਰ ਪੁਰਸ਼ ਤਾਂ ਅਜੇ ਵੀ 9/11 ਦੇ ਅਮਰੀਕਾ ਤੇ ਹੋਏ ਬਿਨ-ਲਾਦਿਨੀ ਹਮਲੇ ਮਗਰੋਂ ਬੌਂਦਲ਼ੇ ਜੌਰਜ ਬੁਸ਼ ਦੀ ਭਾਂਤੀ ਕਹਿੰਦੇ ਜਾਪਦੇ ਨੇ ਕਿ ਜਾਂ ਤਾਂ ਸਾਡੇ ਨਾਲ਼ ਰਲ਼ੋ, ਨਹੀਂ ਤਾਂ ਤੁਸੀ ਵੀ ਸਾਡੇ ਦੁਸ਼ਮਣ।
ਧਰਮਸ਼ਾਸਤਰੀ ਹਰਪਾਲ ਸਿੰਘ ਪੰਨੂੰ ਜੀ ਕਹਿੰਦੇ ਨੇ: “ਵਾਸਿ਼ੰਗਟਨ ਵਿਚ ਇਕ ਬਜ਼ੁਰਗ ਨੇ ਮੇਰੇ ਸਾਹਮਣੇ ਖ਼ਾਲਿਸਤਾਨ ਦਾ ਨਕਸ਼ਾ ਵਿਛਾ ਕੇ ਪੁੱਛਿਆ - ਦੇਖਿਓ, ਇਸ ਵਿਚ ਕਿਤੇ ਨੁਕਸ ਤਾਂ ਨਹੀਂ ਕੋਈ? ਦੇਖ ਕੇ ਮੈਂ ਕਿਹਾ-ਨੁਕਸ ਕਿਉਂ ਨਹੀਂ? ਅਧੂਰਾ ਹੈ, ਇਸ ਵਿਚ ਜਮਨਾ ਤੋਂ ਲੈ ਕੇ ਅਟਾਰੀ ਤਕ ਦਾ ਇਲਾਕਾ ਦਿਖਾਇਆ ਹੈ, ਚਾਹੀਦਾ ਤਾਂ ਪੰਜਾ ਸਾਹਿਬ ਤਕ ਸੀ। ਪਰ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰ ਤਾਂ ਅਰਦਾਸ ਦਾ ਅੰਗ ਹਨ, ਇਹ ਬਾਹਰ ਕਿਉਂ ਰੱਖਿਐ? ਉਹ ਹੱਸ ਪਿਆ - ਅਸੀਂ ਤਾਂ ਹਿੰਦੂਆਂ ਤੋਂ ਧਰਤੀ ਖੋਹਣੀ ਹੈ। ਮੈਂ ਕਿਹਾ, ਚਲੋ ਫੇਰ ਮੇਰੇ ਨਾਲ ਇੰਡੀਆ। ਬੋਲਿਆ - ਮੈਂ ਤਾਂ ਹੁਣ ਰਿਟਾਇਰ ਹੋ ਗਿਆ ਹਾਂ। ਬੁੱਢਾ ਹਾਂ, ਮੈਂ ਕੀ ਕਰ ਸਕਦਾ ਹਾਂ? ਮੈਂ ਕਿਹਾ - ਬਾਬਾ ਦੀਪ ਸਿੰਘ ਜੀ ਨਾਲੋਂ ਅਜੇ ਉਮਰ ਬਹੁਤ ਘੱਟ ਹੈ। ਚਲੋ ਚੱਲੀਏ।” ਵਲੈਤਾਂ ਦੇ ਸੁੱਖ ਆਰਾਮ ਚ ਬੈਠ ਕੇ ਏਦਾਂ ਦੇ ਕਈਆਂ ਨੇ ਅਪਣੇ ਸਕੇ ਸੰਬੰਧੀਆਂ ਨੂੰ ਉਕਸਾਇਆ ਅਖੇ, ਕੁਝ ਕਰੋ ਵੀ। ਬਾਹਰੋਂ ਤਾਂ ਪੰਜਾਬ ਜਾ ਕੇ ਕੌਣ ਲੜਿਆ ਹੋਊ। ਹਾਂ ਏਸ ਬਹਾਨੇ ਪੰਜਾਬ ਚੋ ਬਥੇਰੇ “ਫੌਜੀ” ਬਾਹਰ ਆ ਗਏ। ਲੋਕਾਂ ਦਾ ਘਾਣ ਕਰਵਾਕੇ ਤਮਾਸ਼ਾ ਦੇਖਣ ਵਾਲੇ ਐਸੇ ਬਥੇਰੇ ਹੋਣੇ ਨੇ, ਥੋੜ੍ਹੇ-ਬਹੁਤ ਤਾਂ ਕਿਸੇ ਨਾ ਕਿਸੇ ਦੀ ਸਿਅ੍ਹਾਣ-ਪਛਾਣ ਚ ਵੀ ਜ਼ਰੂਰ ਹੋਣਗੇ।
‘ਸਿੱਖਾਂ ਦਾ ਇਕ ਵਰਗ ਅਜਿਹਾ ਹੈ ਜਿਹੜਾ ਸਮਝਦਾ ਹੈ ਕਿ ਦਰਬਾਰ ਸਾਹਿਬ ਅੰਦਰ ਮੋਰਚਾਬੰਦੀ ਨਾ ਹੁੰਦੀ ਤਾਂ ਚੰਗਾ ਸੀ। ਇਹ ਗੱਲ ਕਰਨੀ ਅਪਰਾਧ ਨਹੀਂ ਹੈ’ ਹੁਣ ਤਾਂ ਪੰਦਰਾਂ ਸਾਲਾਂ ਚ ਹੀ ਖ਼ਾਲਿਸਤਾਨ ਦੇ ਪਹਿਲਾਂ ਰਹੇ ਹਮੈਤੀ ਕਹਿਣ ਲਗ ਪਏ ਹਨ ਕਿ ਦਰਬਾਰ ਸਾਹਿਬ ਦੀ ਤਬਾਹੀ ਦੀ ਕਸੂਰਵਾਰ ਇੰਦਰਾ ਵੀ ਸੀ, ਤੇ ਭਿੰਡਰਾਂਵਾਲ਼ੇ ਵੀ (ਹਵਾਲਾ:ਅਮਰੀਕਾ ਵਿਚ ਛਪਦਾ ਪਰਚਾ ਪੰਜਾਬ ਟਾਈਮਜ਼)।
ਜਿਨ੍ਹਾਂ ਨੇ 1947 ਦਾ ਸੇਕ ਝੱਲਿਆ ਹੈ ਉਨ੍ਹਾਂ ਨੂੰ ਪੁੱਛ ਕੇ ਦੇਖੋ: ਮੈਂ ਆਪ ਬੰਦੇ ਡਾਡਾਂ ਮਾਰਦੇ ਤੱਕੇ ਹੋਏ ਨੇ, ਧਾਹੀਂ ਰੋਂਦੇ ਦੇਖੇ ਹੋਏ – ਵੰਡ ਦੇ ਕਸੂਰਵਾਰਾਂ ਨੂੰ ਕੋਸਦੇ, ਦੁਰ ਦੁਰ ਕਰਦੇ, ਧ੍ਰਿਕਾਰਦੇ। ਉਦੋਂ ਕੀ ਲੱਭਿਆ? ਤੇ ਹੁਣ ਸਤਨਾਮੀ ਸਿੱਖਾਂ, ਵਣਜਾਰੇ ਸਿੱਖਾਂ ਜਾਂ ਪੰਜਾਬ ਵਿਚਲੇ ਮਜ਼ਹਬੀ-ਰਵਿਦਾਸੀਏ ਸਿੱਖਾਂ ਦੀ ਤਾਂ ਛੱਡੋ ਗੱਲ, ਇਨ੍ਹਾਂ ਦਾ ਸਿੱਖ ਸਮਾਜ ਚ ਸਥਾਨ (ਅਜੇ ਤਾਂ ਪਿਛਲੇ ਦਿਨੀਂ ਹੀ ਦਲਿਤ ਸਿੱਖਾਂ ਨੂੰ ਗੁਰਦੁਆਰੇ ਜਾਣੋਂ ਰੋਕਿਆ ਤੇ ਕਿਸੇ ਦਲਿਤ ਧੀ ਦੇ ਅਨੰਦ ਕਾਰਜ ਕਰਨ ਤੋਂ ਸਿੱਖਾਂ ਨੇ ਨਾਂਹ ਕੀਤੀ ਹੈ), ਜੱਗ ਜ਼ਾਹਿਰ ਹੈ। ਵਿਚਾਰਿਆ ਨੂੰ ਕੋਈ ਟਕੇ ਦੇ ਭਾਅ ਨਹੀਂ ਪੁੱਛਦਾ; ਨਾ ਹੀ ਇਨ੍ਹਾਂ ਦੀ ਕੋਈ ਗੱਲ ਕਰਨ ਦੀ ਸੋਚਦਾ ਹੈ; ਪਰ ਬੰਗਾਲ, ਮਹਾਂਰਾਸ਼ਟਰ, ਯੂ ਪੀ, ਮੱਧ ਪਰਦੇਸ, ਰਾਜਸਥਾਨ, ਜੰਮੂ ਕਸ਼ਮੀਰ, ਤਾਮਿਲਨਾਡ ਤੇ ਗੁਜਰਾਤ ਵਗੈਰਾ ਰਾਜਾਂ ਚ (ਸਿੱਖਾਂ ਦੀ ਆਬਾਦੀ ਦਾ ਤਕਰੀਬਨ ਤੀਜਾ ਹਿੱਸਾ) ਰੰਗੀਂ ਵਸਦੇ-ਰਸਦੇ ਸਿੱਖਾਂ ਨੂੰ ਤਬਾਹੀ ਦੇ ਮੂੰਹ ਚ ਧੱਕਣ ਦਾ ਖ਼ਾਲਿਸਤਾਨੀ ਪ੍ਰੋਗਰਾਮ ਕਿਸ ਭਲੇ ਪੁਰਸ਼ ਨੂੰ ਭਾਅ ਸਕਦਾ ਹੈ।
ਹੁਣ ਤਾਂ ਇਹ ਵੀ ਜੱਗ ਜ਼ਾਹਿਰ ਹੋ ਗਿਆ ਹੈ ਕਿ ਬਿਨ ਮੰਗੀਆਂ ਮੱਤਾਂ ਦੇ ਖੁੱਲ੍ਹੇ ਗੱਫੇ ਵੰਡਣ ਵਾਲ਼ੇ ਬਜ਼ੁਰਗ਼ ਲੇਖਕ ਜਸਵੰਤ ਸਿੰਘ ਕੰਵਲ ਸਾਹਿਬ ਨੂੰ ਇਹੀ ਖ਼ਾਲਿਸਤਾਨੀ ਬੰਦੂਕਾਂ ਕਿਰਪਾਨਾਂ ਨਾਲ ਲੈਸ ਹੋ ਕੇ ਮਾਰਨ ਆ ਪਏ ਸੀ (ਇਸ ਲਹਿਰ ਦਾ ਸੁਭਾਅ ਤੇ ਖਾਸਾ ਹੀ ਅਜੇਹਾ ਸੀ)। ਕਹਿੰਦੇ, ਜਾਂ ਬੰਦੂਕ ਫੜ ਕੇ ਨਾਲ ਤੁਰ, ਨਹੀਂ ਤਾਂ ਕੱਚੀਆਂ ਸਲਾਹਾਂ ਅਪਣੇ ਕੋਲ਼ੇ ਰੱਖ। ਮਤੇ ਜਾਂਦਾ ਰਹੇਂਗਾ। ਪਰ ਕਿਸੇ ਹੋਰ ਥਾਂ ਵਾਰਦਾਤ ਕਰਨ ਦੀ ਕਾਹਲ਼ੀ ‘ਚ ਖ਼ਬਰਦਾਰ ਕਰਕੇ ਹੀ ਛੱਡ ਗਏ। ਕੰਵਲ ਸਾਹਿਬ ਨੇ ਤਾਂ ਇਹ ਵੀ ਕਿਹਾ ਹੈ ਕਿ ਇਹ ਹਮਲਾ ਹੋਣ ਤੋਂ ਚਾਰ ਕੁ ਦਿਨ ਪਹਿਲਾਂ ਭਿੰਡਰਾਂਵਾਲੇ ਨੂੰ ਸਮਝਾਉਣ ਵੀ ਗਿਆ ਸੀ, ਕਿ ਹਮਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ; ਉਹ ਬਚਾ ਲਵੇ। ਪਰ ਇਹਦੇ ਕਹੇ ਮੂਜਬ ਉਹ ਮੰਨਿਆ ਨਹੀਂ, ਕਿੳਂੁਕਿ ਉਹ ਸਮਝਦਾ ਸੀ ਕਿ ਕੰਵਲ ਤਾਂ ਉਹਨੂੰ ਸ਼ਹੀਦ ਹੋਣ ਤੋਂ ਥਿੜਕਾਉਣ ਗਿਆ ਸੀ।
ਪਹਿਲਾਂ ਤਾਂ ਸਾਨੂੰ ਇਸ ਗੱਲ ਦਾ ਨਿਖੇੜਾ ਕਰ ਲੈਣ ਦੀ ਲੋੜ ਹੈ ਕਿ ਆਪਾਂ ਪੰਜਾਬ ਨੂੰ ਮੁੜ ਗੁਰੂਆਂ ਵਾਲ਼ਾ ਤੇ ਪੂਰਨ ਸਿੰਘ ਵਾਲ਼ਾ ਪੰਜਾਬ ਦੇਖਣਾ ਚਾਹੁੰਦੇ ਹਾਂ, ਜਾਂ ਅਜੇ ਇਹਦੀਆਂ ਹੋਰ ਖੱਖੜੀਆਂ ਕਰਵਾਉਣੀਆਂ ਨੇ।
ਕੈਂਬ੍ਰਿਜ ਯੂਨੀਵਰਸਿਟੀ ਦੇ ਇਕੋਨੋਮਿਕ ਦੇ ਪੋਸਟ ਗਰੇਜੂਏਟ ਤੇ ਸਿੱਖ ਸਿਆਸਤ ਦੇ ਵਿਦਵਾਨ ਗਿਆਨੀ ਨੂੰ ਵੀ ਭਲਾ ਹੰਝੂਆਂ ਦੀਆਂ ਗੱਲਾਂ ਛੱਡੀਏ ਕਹਿਣ ਦੀ ਲੋੜ ਹੈ? ਬੇਲਾਗ ਹੋ ਕੇ ਪਹਿਲੇ ਠੋਸ ਸਵਾਲਾਂ ਦੇ ਸਿੱਧੇ ਜਵਾਬ ਲੱਭਣ/ਦੇਣ ਨਾਲ ਹੀ ਗੱਲ ਸਾਰਥਿਕ ਹੋ ਸਕਣੀ ਹੈ। ਸਾਫ਼ ਮਨ ਨਾਲ਼ ਐਹਨਾਂ ਸੁਆਲਾਂ ਦੇ ਜੁਆਬ ਦੱਸੋ ਤਾਂ ਗੱਲ ਨਿੱਤਰ ਕੇ ਆਪੇ ਸਾਹਮਣੇ ਆ ਜਾਣੀ ਹੈ: (1) ਐਸੇ ਖ਼ਿਆਲੀ ਖ਼ਾਲਿਸਤਾਨ ਦਾ ਨਕਸ਼ਾ ਕੀ ਹੋਵੇਗਾ; ਤਾਂ ਕਿ ਪਤਾ ਲਗ ਜਾਏ ਕਿ ਇਹ ਨਕਸ਼ਾ “ਸਿਰਦਾਰ” ਕਪੂਰ ਸਿੰਘ ਦੇ ਤੇ ਸੰਤ ਸਿੰਘ ਸੇਖੋਂ ਦੇ ਬਣਾਏ ਨਕਸ਼ਿਆਂ ਨਾਲ਼ੋਂ ਕਿੰਨਾ ਤੇ ਕਿਸ ਹਿਸਾਬੇ ਵੱਖਰਾ ਹੈ। (2) ਖ਼ਾਲਿਸਤਾਨ ਦਾ ਆਰਥਿਕ ਯਾਨੀ ਕਲਾਸ ਸਿਸਟਮ ਕੀ ਹੋਵੇਗਾ? ਉਸ ਵਿਚ ਸਿੱਖ ਸਰਮਾਏਦਾਰ ਸਿੱਖ ਮਜ਼ਦੂਰ ਨਾਲ਼ ਕਿਵੇਂ ਵਰਤੂਗਾ? (3) ਕੀ ਖ਼ਾਲਿਸਤਾਨ ਦਾ ਮਤਲਬ ਜੱਟਸਤਾਨ ਨਹੀਂ ਹੈ? (4) ਕਿਸੇ ਖ਼ਿਆਲੀ ਖ਼ਾਲਿਸਤਾਨ ਚ ਜਾਤਪਾਤ ਹੁਣ ਨਾਲ਼ੋਂ ਕਿੰਨੀ ਘੱਟ ਜਾਂ ਵੱਧ ਹੋਵੇਗੀ? (5) ਪੰਜਾਬ ਤੋਂ ਬਾਹਰ ਵਸਦੇ-ਰਸਦੇ ਸਿੱਖਾਂ ਵੱਲ ਇਨ੍ਹਾਂ ਦਾ ਕੋਈ ਮਾੜਾ-ਮੋਟਾ ਧਿਆਨ ਜਾਂਦਾ ਹੈ? (6) ਭਿੰਡਰਾਂਵਾਲ਼ੇ ਦੇ ਬਹੁਤ ਸਾਰੇ ਭਾਸ਼ਣ ਰਕਾਟ ਕੀਤੇ ਹੋਏ ਮਿਲ਼ ਜਾਂਦੇ ਹੈਨ। ਵਿਦਵਾਨ ਤਾਤਲਾ ਜੀ ਉਨ੍ਹਾਂ ਦਾ ਰਾਜਨੀਤਕ, ਆਰਥਿਕ, ਸਮਾਜਕ ਵਿਗਿਅਨਕ, ਮਨੋਵਿਗਿਆਨਕ, ਦਾਰਸ਼ਨਿਕ, ਧਰਮ ਸ਼ਾਸਤਰੀ (ਥੀਓਲੋਜੀਕਲ) ਵਿਸ਼ਲੇਸ਼ਣ ਕਰਕੇ ਤੱਤ ਕੱਢ ਕੇ ਦੱਸ ਲੈਣ ਕਿ ‘ਸੰਤਾਂ’ ਨੇ, ਕਦੇ ਦਾਨਿਸ਼ਵਰਾਂ ਵਾਲ਼ੀ ਕਿਹੜੀ ਐਸੀ ਗੱਲ ਕੀਤੀ ਸੀ? ਜਿਹਦਾ ਹੋਰ ਪੰਜਾਬੀਆਂ ਤੇ “ਲੱਲੀਆਂ-ਛੱਲੀਆਂ” ਨੂੰ ਤਾਂ ਛੱਡੋ, ਸਿੱਖਾਂ ਨੂੰ ਹੀ ਫ਼ਾਇਦਾ ਹੋ ਸਕਣਾ ਸੀ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346